ਮੈਨੂੰ ਜੀਣ ਦਾ ਮਕਸਦ ਮਿਲ ਗਿਆ
ਮੈਨੂੰ ਜੀਣ ਦਾ ਮਕਸਦ ਮਿਲ ਗਿਆ
ਦੀ ਜ਼ਬਾਨੀ ਗਾਸਪਰ ਮਾਰਤੀਨੇਸ
ਮੇਰੀ ਪੇਂਡੂ ਮੁੰਡੇ ਦੀ ਕਹਾਣੀ ਤਾਂ ਬਹੁਤ ਆਸਾਨ ਹੈ ਜੋ ਸ਼ਹਿਰ ਜਾ ਕੇ ਧਨੀ ਹੋ ਗਿਆ। ਪਰ ਤੁਸੀਂ ਦੇਖੋਗੇ ਕਿ ਜਿਹੜਾ ਧਨ ਮੈਂ ਜੋੜਿਆ, ਉਹ ਉਹ ਧਨ ਨਹੀਂ ਸੀ ਜਿਸ ਦੀ ਮੈਂ ਉਮੀਦ ਕਰਦਾ ਸੀ।
ਮੈਂ 1930 ਦੇ ਦਹਾਕੇ ਵਿਚ ਉੱਤਰੀ ਸਪੇਨ ਵਿਚ ਰੀਓਹਾ ਦੇ ਬੰਜਰ ਪੇਂਡੂ ਇਲਾਕੇ ਵਿਚ ਜੰਮਿਆ-ਪਲਿਆ ਸੀ। ਦਸ ਸਾਲਾਂ ਦਾ ਹੋਣ ਤੇ ਮੈਂ ਸਕੂਲ ਛੱਡ ਦਿੱਤਾ, ਪਰ ਉਦੋਂ ਤਕ ਮੈਨੂੰ ਪੜ੍ਹਨਾ-ਲਿਖਣਾ ਆ ਗਿਆ ਸੀ। ਉਨ੍ਹਾਂ ਦਿਨਾਂ ਵਿਚ ਮੈਂ ਆਪਣੇ ਛੇ ਭੈਣਾਂ-ਭਰਾਵਾਂ ਦੇ ਨਾਲ ਖੇਤਾਂ ਵਿਚ ਭੇਡਾਂ ਨੂੰ ਚਰਾਉਂਦਾ ਸੀ ਤੇ ਅਸੀਂ ਥੋੜ੍ਹੀ ਜਿਹੀ ਜ਼ਮੀਨ ’ਤੇ ਕੁਝ-ਨ-ਕੁਝ ਬੀਜ ਲੈਂਦੇ ਸੀ।
ਗ਼ਰੀਬ ਹੋਣ ਕਰਕੇ ਅਸੀਂ ਪੈਸੇ ਅਤੇ ਚੀਜ਼ਾਂ ਬਾਰੇ ਕੁਝ ਜ਼ਿਆਦਾ ਹੀ ਸੋਚਦੇ ਸਾਂ। ਅਸੀਂ ਉਨ੍ਹਾਂ ਲੋਕਾਂ ਤੋਂ ਸੜਦੇ ਸਾਂ ਜਿਨ੍ਹਾਂ ਕੋਲ ਸਾਡੇ ਤੋਂ ਜ਼ਿਆਦਾ ਚੀਜ਼ਾਂ ਹੁੰਦੀਆਂ ਸਨ। ਫਿਰ ਵੀ ਚਰਚ ਦੇ ਬਿਸ਼ਪ ਨੇ ਇਕ ਵਾਰ ਕਿਹਾ ਕਿ “ਸਾਡੇ ਪਿੰਡ ਦੇ ਲੋਕ ਸਭ ਤੋਂ ਜ਼ਿਆਦਾ ਧਰਮੀ ਸਨ।” ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਸਮੇਂ ਦੇ ਬੀਤਣ ਨਾਲ ਕਈ ਲੋਕ ਕੈਥੋਲਿਕ ਧਰਮ ਨੂੰ ਤਿਆਗ ਦੇਣਗੇ।
ਕਿਸੇ ਬਿਹਤਰ ਚੀਜ਼ ਦੀ ਤਲਾਸ਼
ਮੇਰਾ ਵਿਆਹ ਆਪਣੇ ਹੀ ਪਿੰਡ ਦੀ ਕੁੜੀ ਮਰਸੀਡੀਜ਼ ਨਾਲ ਹੋ ਗਿਆ। ਜਲਦੀ ਹੀ ਸਾਡੇ ਇਕ ਪੁੱਤਰ ਹੋ ਗਿਆ। 1957 ਵਿਚ ਅਸੀਂ ਇਕ ਨੇੜਲੇ ਸ਼ਹਿਰ ਲਗ੍ਰੋਨਯੋ ਜਾ ਕੇ ਰਹਿਣ ਲੱਗ ਪਏ ਤੇ ਥੋੜ੍ਹੀ ਦੇਰ ਬਾਅਦ ਸਾਡਾ ਸਾਰਾ ਪਰਿਵਾਰ ਉੱਥੇ ਆ ਗਿਆ। ਜਲਦੀ ਹੀ ਮੈਨੂੰ ਅਹਿਸਾਸ ਹੋ ਗਿਆ ਕਿ ਮੇਰੇ ਕੋਲ ਕੋਈ ਹੁਨਰ ਨਾ ਹੋਣ ਕਰਕੇ ਮੈਂ ਜ਼ਿਆਦਾ ਪੈਸਾ ਨਹੀਂ ਕਮਾ ਸਕਦਾ ਸੀ। ਮੈਂ ਸੋਚਦਾ ਸੀ ਕਿ ਕਿੱਥੋਂ ਸੇਧ ਮਿਲ ਸਕਦੀ ਹੈ। ਮੈਂ ਲਾਇਬ੍ਰੇਰੀ ਵਿਚ ਜਾ ਕੇ ਖੋਜ ਕਰਨ ਲੱਗ ਪਿਆ, ਭਾਵੇਂ ਮੈਨੂੰ ਪਤਾ ਨਹੀਂ ਸੀ ਕਿ ਮੈਂ ਕੀ ਖੋਜ ਰਿਹਾ ਸੀ।
ਬਾਅਦ ਵਿਚ ਮੈਂ ਇਕ ਰੇਡੀਓ ਪ੍ਰੋਗ੍ਰਾਮ ਬਾਰੇ ਸੁਣਿਆ ਜੋ ਚਿੱਠੀ ਰਾਹੀਂ ਬਾਈਬਲ ਸਟੱਡੀ ਕੋਰਸ ਕਰਾਉਂਦਾ ਸੀ। ਕੋਰਸ ਖ਼ਤਮ ਕਰਨ ਤੋਂ ਜਲਦੀ ਬਾਅਦ ਇਵੈਂਜਲੀਕਲ ਪ੍ਰੋਟੈਸਟੈਂਟ ਪੰਥ ਦੇ ਕੁਝ ਲੋਕਾਂ ਨੇ ਮੇਰੇ ਨਾਲ ਸੰਪਰਕ ਕੀਤਾ। ਮੈਂ ਦੋ ਵਾਰ ਉਨ੍ਹਾਂ ਦੀ ਜਗ੍ਹਾ ’ਤੇ ਗਿਆ ਜਿੱਥੇ ਉਹ ਭਗਤੀ ਕਰਦੇ ਸਨ। ਮੈਂ ਦੇਖਿਆ ਕਿ ਇਸ ਪੰਥ ਦੇ ਉੱਘੇ ਮੈਂਬਰ ਵੀ ਇਕ-ਦੂਜੇ ਤੋਂ ਖਾਰ ਖਾਂਦੇ ਸਨ। ਮੈਂ ਉੱਥੇ ਵਾਪਸ ਨਹੀਂ ਗਿਆ ਕਿਉਂਕਿ ਮੈਂ ਸੋਚਿਆ ਕਿ ਸਾਰੇ ਧਰਮ ਇੱਦਾਂ ਦੇ ਹੀ ਹਨ।
ਮੇਰੀਆਂ ਅੱਖਾਂ ਖੁੱਲ੍ਹ ਗਈਆਂ
1964 ਵਿਚ ਇਕ ਔਹੀਨਿਓ ਨਾਂ ਦਾ ਨੌਜਵਾਨ ਸਾਡੇ ਘਰ ਆਇਆ। ਉਹ ਯਹੋਵਾਹ ਦਾ ਗਵਾਹ ਸੀ। ਇਸ ਧਰਮ ਬਾਰੇ ਮੈਂ ਪਹਿਲਾਂ ਕਦੇ ਨਹੀਂ ਸੁਣਿਆ ਸੀ। ਮੈਂ ਬਾਈਬਲ ਬਾਰੇ ਗੱਲ ਕਰਨ ਲਈ ਫੱਟ ਤਿਆਰ ਹੋ ਗਿਆ। ਮੈਂ ਸੋਚਿਆ ਕਿ ਮੈਨੂੰ ਬਾਈਬਲ ਦਾ ਬਹੁਤ ਗਿਆਨ ਸੀ। ਮੈਂ ਚਿੱਠੀ ਦੇ ਜ਼ਰੀਏ ਕੀਤੇ ਕੋਰਸ ਵਿਚ ਸਿੱਖੀਆਂ ਬਾਈਬਲ ਦੀਆਂ ਕੁਝ ਆਇਤਾਂ ਵਰਤ ਕੇ ਉਸ ਦੀਆਂ ਗੱਲਾਂ ਦਾ ਜਵਾਬ ਦਿੱਤਾ। ਭਾਵੇਂ ਮੈਂ ਪ੍ਰੋਟੈਸਟੈਂਟ ਧਰਮ ਦੀਆਂ ਸਿੱਖਿਆਵਾਂ ਨੂੰ ਸਹੀ ਠਹਿਰਾਉਣ ਦੀ ਕੋਸ਼ਿਸ਼ ਕੀਤੀ, ਪਰ ਮੈਂ ਦਿਲੋਂ ਉਨ੍ਹਾਂ ਸਿੱਖਿਆਵਾਂ ਨੂੰ ਨਹੀਂ ਮੰਨਦਾ ਸੀ।
ਦੋ ਵਾਰ ਲੰਬੀ ਗੱਲਬਾਤ ਹੋਣ ਤੋਂ ਬਾਅਦ ਮੈਨੂੰ ਮੰਨਣਾ ਪਿਆ ਕਿ ਔਹੀਨਿਓ ਬਾਈਬਲ ਵਰਤਣ ਵਿਚ ਮਾਹਰ ਸੀ। ਮੈਂ ਹੈਰਾਨ ਸੀ ਕਿ ਉਹ ਆਪਣੀ ਬਾਈਬਲ ਵਿਚ ਕਿਵੇਂ ਫਟਾਫਟ ਆਇਤਾਂ ਦੇਖ ਲੈਂਦਾ ਸੀ ਤੇ ਉਨ੍ਹਾਂ ਦਾ ਮਤਲਬ ਵੀ ਚੰਗੀ ਤਰ੍ਹਾਂ ਸਮਝਾਉਂਦਾ ਸੀ ਭਾਵੇਂ ਕਿ ਉਹ ਮੇਰੇ ਨਾਲੋਂ ਘੱਟ ਪੜ੍ਹਿਆ ਸੀ। ਔਹੀਨਿਓ ਜ਼ਬੂ. 37:11, 29; ਯਸਾ. 9:6, 7; ਮੱਤੀ 6:9, 10.
ਨੇ ਮੈਨੂੰ ਬਾਈਬਲ ਤੋਂ ਦਿਖਾਇਆ ਕਿ ਅਸੀਂ ਅੰਤ ਦੇ ਦਿਨਾਂ ਵਿਚ ਜੀ ਰਹੇ ਹਾਂ ਅਤੇ ਜਲਦੀ ਹੀ ਪਰਮੇਸ਼ੁਰ ਦਾ ਰਾਜ ਇਸ ਧਰਤੀ ਨੂੰ ਸੋਹਣੀ ਬਣਾ ਦੇਵੇਗਾ। ਮੈਂ ਹੋਰ ਜਾਣਨ ਲਈ ਉਤਸੁਕ ਹੋ ਗਿਆ।—ਮੈਂ ਖ਼ੁਸ਼ੀ-ਖ਼ੁਸ਼ੀ ਬਾਈਬਲ ਦੀ ਸਟੱਡੀ ਕਰਨ ਲੱਗ ਪਿਆ। ਮੇਰੇ ਲਈ ਹਰ ਗੱਲ ਨਵੀਂ ਸੀ ਤੇ ਇਹ ਗੱਲਾਂ ਮੇਰੇ ਦਿਲ ਨੂੰ ਟੁੰਬ ਗਈਆਂ। ਭਵਿੱਖ ਬਾਰੇ ਜਾਣ ਕੇ ਮੈਨੂੰ ਜੀਣ ਦਾ ਮਕਸਦ ਮਿਲ ਗਿਆ। ਮੇਰੀ ਤਲਾਸ਼ ਖ਼ਤਮ ਹੋ ਗਈ। ਸਮਾਜ ਵਿਚ ਕੁਝ ਬਣਨਾ ਹੁਣ ਮੇਰੇ ਲਈ ਕੋਈ ਮਾਅਨੇ ਨਹੀਂ ਰੱਖਦਾ ਸੀ ਤੇ ਮੈਂ ਉਨ੍ਹਾਂ ਸਮੱਸਿਆਵਾਂ ਬਾਰੇ ਜ਼ਿਆਦਾ ਸੋਚਣਾ ਬੰਦ ਕਰ ਦਿੱਤਾ ਜੋ ਚੰਗੇ ਕੰਮ ਦੀ ਤਲਾਸ਼ ਕਰਦਿਆਂ ਆ ਰਹੀਆਂ ਸਨ। ਨਵੀਂ ਦੁਨੀਆਂ ਵਿਚ ਇਨ੍ਹਾਂ ਸਮੱਸਿਆਵਾਂ ਦੇ ਨਾਲ-ਨਾਲ ਬੀਮਾਰੀ ਅਤੇ ਮੌਤ ਵੀ ਖ਼ਤਮ ਕਰ ਦਿੱਤੀ ਜਾਵੇਗੀ।—ਯਸਾ. 33:24; 35:5, 6; ਪਰ. 21:4.
ਮੈਂ ਇਹ ਸਾਰਾ ਕੁਝ ਆਪਣੇ ਸਾਕ-ਸੰਬੰਧੀਆਂ ਨੂੰ ਵੀ ਦੱਸਣ ਲੱਗ ਪਿਆ। ਮੈਂ ਉਨ੍ਹਾਂ ਨੂੰ ਪਰਮੇਸ਼ੁਰ ਦੇ ਵਾਅਦੇ ਬਾਰੇ ਜੋਸ਼ ਨਾਲ ਦੱਸਦਾ ਸੀ ਕਿ ਉਹ ਧਰਤੀ ਨੂੰ ਬਹੁਤ ਹੀ ਸੁੰਦਰ ਬਣਾ ਦੇਵੇਗਾ ਜਿੱਥੇ ਸਾਰੇ ਵਫ਼ਾਦਾਰ ਇਨਸਾਨ ਹਮੇਸ਼ਾ ਲਈ ਜੀਉਂਦੇ ਰਹਿਣਗੇ।
ਮੇਰੇ ਪਰਿਵਾਰ ਨੇ ਸੱਚਾਈ ਅਪਣਾਈ
ਥੋੜ੍ਹੀ ਦੇਰ ਬਾਅਦ ਅਸੀਂ ਬਾਰਾਂ ਕੁ ਜਣਿਆਂ ਨੇ ਚਾਚੇ ਦੇ ਘਰ ਹਰ ਐਤਵਾਰ ਦੁਪਹਿਰ ਨੂੰ ਬਾਈਬਲ ਵਿਚ ਦੱਸੇ ਵਾਅਦਿਆਂ ’ਤੇ ਚਰਚਾ ਕਰਨ ਦਾ ਫ਼ੈਸਲਾ ਕੀਤਾ। ਅਸੀਂ ਹਰ ਹਫ਼ਤੇ ਦੋ-ਤਿੰਨ ਘੰਟੇ ਇੱਦਾਂ ਕਰਦੇ ਹੁੰਦੇ ਸਾਂ। ਜਦੋਂ ਔਹੀਨਿਓ ਨੇ ਦੇਖਿਆ ਕਿ ਮੇਰੇ ਬਹੁਤ ਸਾਰੇ ਰਿਸ਼ਤੇਦਾਰ ਬਾਈਬਲ ਵਿਚ ਦਿਲਚਸਪੀ ਲੈ ਰਹੇ ਸਨ, ਤਾਂ ਉਸ ਨੇ ਹਰ ਪਰਿਵਾਰ ਨਾਲ ਬਾਈਬਲ ਸਟੱਡੀ ਕਰਨ ਦਾ ਇੰਤਜ਼ਾਮ ਕੀਤਾ।
120 ਕਿਲੋਮੀਟਰ ਦੂਰ ਇਕ ਛੋਟੇ ਜਿਹੇ ਪਿੰਡ ਦੁਰੈਨਗੋ ਵਿਚ ਮੇਰੇ ਹੋਰ ਵੀ ਰਿਸ਼ਤੇਦਾਰ ਸਨ ਜਿੱਥੇ ਕੋਈ ਗਵਾਹ ਨਹੀਂ ਸੀ ਰਹਿੰਦਾ। ਸੋ ਤਿੰਨ ਮਹੀਨਿਆਂ ਬਾਅਦ ਮੈਂ ਦੋ ਕੁ ਦਿਨਾਂ ਦੀ ਛੁੱਟੀ ਲੈ ਕੇ ਉਨ੍ਹਾਂ ਨੂੰ ਮਿਲਣ ਗਿਆ ਤਾਂਕਿ ਮੈਂ ਉਨ੍ਹਾਂ ਨੂੰ ਆਪਣੇ ਨਵੇਂ ਧਰਮ ਬਾਰੇ ਦੱਸ ਸਕਾਂ। ਉਸ ਮੌਕੇ ਤੇ ਅਸੀਂ ਦਸ ਕੁ ਜਣੇ ਹਰ ਸ਼ਾਮ ਇਕੱਠੇ ਹੁੰਦੇ ਸੀ ਅਤੇ ਮੈਂ ਉਨ੍ਹਾਂ ਨੂੰ ਪਹੁ ਫੁੱਟਣ ਤਕ ਬਾਈਬਲ ਬਾਰੇ ਦੱਸਦਾ ਰਹਿੰਦਾ ਸੀ। ਸਾਰੇ ਜਣੇ ਸੁਣ ਕੇ ਖ਼ੁਸ਼ ਹੋ ਜਾਂਦੇ ਸਨ। ਜਦੋਂ ਮੇਰਾ ਉੱਥੋਂ ਜਾਣ ਦਾ ਵਕਤ ਹੋ ਗਿਆ, ਤਾਂ ਮੈਂ ਉਨ੍ਹਾਂ ਨੂੰ ਕੁਝ ਬਾਈਬਲਾਂ ਤੇ ਬਾਈਬਲ-ਆਧਾਰਿਤ ਸਾਹਿੱਤ ਦੇ ਆਇਆ। ਉਸ ਤੋਂ ਬਾਅਦ ਅਸੀਂ ਇਕ-ਦੂਸਰੇ ਨਾਲ ਸੰਪਰਕ ਕਰਦੇ ਰਹੇ।
ਦੁਰੈਨਗੋ ਵਿਚ ਜਦੋਂ ਗਵਾਹ ਆਏ, ਤਾਂ ਉਨ੍ਹਾਂ ਨੂੰ 18 ਲੋਕ ਮਿਲੇ ਜੋ ਬਾਈਬਲ ਸਟੱਡੀ ਕਰਨ ਲਈ ਉਤਸੁਕ ਸਨ। ਦੁਰੈਨਗੋ ਵਿਚ ਅੱਗੇ ਪਹਿਲਾਂ ਕਦੇ ਕਿਸੇ ਨੇ ਪ੍ਰਚਾਰ ਨਹੀਂ ਸੀ ਕੀਤਾ। ਗਵਾਹਾਂ ਨੇ ਖ਼ੁਸ਼ੀ-ਖ਼ੁਸ਼ੀ ਹਰ ਪਰਿਵਾਰ ਨਾਲ ਬਾਈਬਲ ਸਟੱਡੀ ਕਰਨ ਦਾ ਇੰਤਜ਼ਾਮ ਕੀਤਾ।
ਉਦੋਂ ਤਕ ਅਜੇ ਮਰਸੀਡੀਜ਼ ਨੇ ਸੱਚਾਈ ਕਬੂਲ ਨਹੀਂ ਸੀ ਕੀਤੀ। ਇਸ ਕਰਕੇ ਨਹੀਂ ਕਿ ਉਹ ਬਾਈਬਲ ਦੀਆਂ ਸਿੱਖਿਆਵਾਂ ਸਿੱਖਣ ਤੋਂ ਹਿਚਕਿਚਾਉਂਦੀ ਸੀ, ਸਗੋਂ ਉਹ ਇਨਸਾਨਾਂ ਤੋਂ ਡਰਦੀ ਸੀ। ਉਸ ਵੇਲੇ ਸਪੇਨ ਵਿਚ ਯਹੋਵਾਹ ਦੇ ਗਵਾਹਾਂ ਦੇ ਕੰਮ ’ਤੇ ਪਾਬੰਦੀ ਲੱਗੀ ਹੋਈ ਸੀ, ਇਸ ਲਈ ਉਸ ਨੇ ਸੋਚਿਆ ਕਿ ਸਰਕਾਰ ਸਾਡੇ ਦੋ ਬੱਚਿਆਂ ਨੂੰ ਸਕੂਲੋਂ ਕੱਢ ਦੇਵੇਗੀ ਅਤੇ ਸਾਡੇ ਨਾਲ ਕੋਈ ਗੱਲ ਨਹੀਂ ਕਰੇਗਾ। ਪਰ ਜਦੋਂ ਉਸ ਨੇ ਦੇਖਿਆ ਕਿ ਸਾਡਾ ਸਾਰਾ ਪਰਿਵਾਰ ਸੱਚਾਈ ਕਬੂਲ ਕਰ ਰਿਹਾ ਸੀ, ਤਾਂ ਉਹ ਵੀ ਸਟੱਡੀ ਕਰਨ ਲੱਗ ਪਈ।
ਦੋ ਸਾਲਾਂ ਦੇ ਅੰਦਰ-ਅੰਦਰ ਮੇਰੇ ਪਰਿਵਾਰ ਦੇ 40 ਮੈਂਬਰ ਗਵਾਹ ਬਣ ਗਏ ਅਤੇ ਯਹੋਵਾਹ ਦੀ ਸੇਵਾ ਵਿਚ ਆਪਣੀਆਂ ਜ਼ਿੰਦਗੀਆਂ ਲਾਉਣ ਲਈ ਬਪਤਿਸਮਾ ਲੈ ਲਿਆ। ਮੇਰੇ ਪਰਿਵਾਰ ਦੇ ਮੈਂਬਰ ਵੀ ਜ਼ਿੰਦਗੀ ਵਿਚ ਉਹੀ ਕਰਨਾ ਚਾਹੁੰਦੇ ਸਨ ਜੋ ਮੈਂ ਕਰਨਾ ਚਾਹੁੰਦਾ ਸੀ। ਮੈਨੂੰ ਲੱਗਾ ਕਿ ਜ਼ਿੰਦਗੀ ਵਿਚ ਮੈਨੂੰ ਉਹ ਕੁਝ ਮਿਲ ਗਿਆ ਸੀ ਜੋ ਕਦੇ ਵਿਅਰਥ ਨਹੀਂ ਜਾਵੇਗਾ। ਯਹੋਵਾਹ ਨੇ ਸਾਨੂੰ ਸੱਚ-ਮੁੱਚ ਬਹੁਤ ਸਾਰੀਆਂ ਬਰਕਤਾਂ ਦਿੱਤੀਆਂ ਜਿਨ੍ਹਾਂ ਨਾਲ ਅਸੀਂ ਮਾਲਾ-ਮਾਲ ਹੋ ਗਏ!
ਉਮਰ ਬੀਤਣ ਦੇ ਨਾਲ-ਨਾਲ ਹੋਰ ਧਨੀ ਹੁੰਦਾ ਗਿਆ
ਅਗਲੇ 20 ਸਾਲਾਂ ਤਾਈਂ ਮੈਂ ਆਪਣੇ ਦੋ ਮੁੰਡਿਆਂ ਦੀ ਪਰਵਰਿਸ਼ ਕਰਦਾ ਰਿਹਾ ਅਤੇ ਕਲੀਸਿਯਾ ਦੀ ਮਦਦ ਵੀ ਕਰਦਾ ਸੀ। ਜਦੋਂ ਮੈਂ ਤੇ ਮਰਸੀਡੀਜ਼ 1,00,000 ਆਬਾਦੀ ਵਾਲੇ ਲਗ੍ਰੋਨਯੋ ਸ਼ਹਿਰ ਜਾ ਕੇ ਰਹਿਣ ਲੱਗ ਪਏ, ਤਾਂ ਉੱਥੇ ਸਿਰਫ਼ ਤਕਰੀਬਨ 20 ਗਵਾਹ ਸਨ। ਜਲਦੀ ਹੀ ਮੈਨੂੰ ਕਲੀਸਿਯਾ ਵਿਚ ਕਾਫ਼ੀ ਜ਼ਿੰਮੇਵਾਰੀਆਂ ਮਿਲ ਗਈਆਂ।
ਜਦੋਂ ਮੈਂ 56 ਸਾਲਾਂ ਦਾ ਸੀ, ਤਾਂ ਅਚਾਨਕ ਸਾਡੀ ਕੰਪਨੀ ਨੇ ਫੈਕਟਰੀ ਬੰਦ ਕਰ ਦਿੱਤੀ ਜਿੱਥੇ ਮੈਂ ਕੰਮ ਕਰਦਾ ਸੀ। ਇਸ ਕਰਕੇ ਮੈਂ ਬੇਰੋਜ਼ਗਾਰ ਹੋ ਗਿਆ। ਮੈਂ ਹਮੇਸ਼ਾ ਪਾਇਨੀਅਰਿੰਗ ਕਰਨਾ ਚਾਹੁੰਦਾ ਸੀ, ਇਸ ਲਈ ਕੰਮ ਨਾ ਹੋਣ ਕਰਕੇ ਮੈਂ ਪਾਇਨੀਅਰਿੰਗ ਕਰਨ ਲੱਗ ਪਿਆ। ਮੈਨੂੰ ਜੋ ਪੈਨਸ਼ਨ ਮਿਲਦੀ ਸੀ, ਉਹ ਬਹੁਤ ਥੋੜ੍ਹੀ ਸੀ ਅਤੇ ਗੁਜ਼ਾਰਾ ਤੋਰਨਾ ਮੁਸ਼ਕਲ ਸੀ। ਮਰਸੀਡੀਜ਼ ਨੇ ਵੀ ਸਾਫ਼-ਸਫ਼ਾਈ ਦਾ ਕੰਮ ਕਰ ਕੇ ਗੁਜ਼ਾਰਾ ਤੋਰਨ ਵਿਚ ਮਦਦ ਕੀਤੀ। ਘਰ ਵਿਚ ਸਾਨੂੰ ਜ਼ਰੂਰੀ ਚੀਜ਼ਾਂ ਦੀ ਘਾਟ ਕਦੇ ਮਹਿਸੂਸ ਨਹੀਂ ਹੋਈ। ਮੈਂ ਹਾਲੇ ਵੀ ਪਾਇਨੀਅਰਿੰਗ ਕਰਦਾ
ਹਾਂ ਤੇ ਮਰਸੀਡੀਜ਼ ਕਦੇ-ਕਦੇ ਔਗਜ਼ੀਲਰੀ ਪਾਇਨੀਅਰਿੰਗ ਕਰ ਕੇ ਪ੍ਰਚਾਰ ਦਾ ਬਹੁਤ ਆਨੰਦ ਲੈਂਦੀ ਹੈ।ਕੁਝ ਸਾਲ ਪਹਿਲਾਂ, ਮਰਸੀਡੀਜ਼ ਮਰਸ਼ੇ ਨਾਂ ਦੀ ਮੁਟਿਆਰ ਨੂੰ ਰਸਾਲੇ ਪੜ੍ਹਨ ਲਈ ਦਿੰਦੀ ਸੀ ਜਿਸ ਨੇ ਬਚਪਨ ਵਿਚ ਬਾਈਬਲ ਸਟੱਡੀ ਕੀਤੀ ਸੀ। ਮਰਸ਼ੇ ਸਾਡਾ ਸਾਹਿੱਤ ਸ਼ੌਕ ਨਾਲ ਪੜ੍ਹਦੀ ਸੀ ਅਤੇ ਮਰਸੀਡੀਜ਼ ਨੇ ਦੇਖਿਆ ਕਿ ਮਰਸ਼ੇ ਅਜੇ ਵੀ ਸੱਚਾਈ ਦੀ ਬਹੁਤ ਕਦਰ ਕਰਦੀ ਸੀ। ਅਖ਼ੀਰ ਮਰਸ਼ੇ ਬਾਈਬਲ ਸਟੱਡੀ ਕਰਨ ਲੱਗ ਪਈ ਅਤੇ ਉਸ ਨੇ ਚੰਗੀ ਤਰੱਕੀ ਕੀਤੀ। ਪਰ ਉਸ ਦਾ ਪਤੀ ਵੀਸੈਨਤੇ ਬਹੁਤ ਸ਼ਰਾਬ ਪੀਂਦਾ ਹੁੰਦਾ ਸੀ ਅਤੇ ਕਦੇ ਵੀ ਇਕ ਥਾਂ ਟਿਕ ਕੇ ਕੰਮ ਨਹੀਂ ਸੀ ਕਰਦਾ। ਨਤੀਜੇ ਵਜੋਂ ਉਹ ਆਪਣੀ ਪਤਨੀ ਨੂੰ ਖ਼ਰਚਾ ਨਹੀਂ ਸੀ ਦਿੰਦਾ ਅਤੇ ਸ਼ਰਾਬ ਕਰਕੇ ਉਸ ਦਾ ਵਿਆਹੁਤਾ-ਬੰਧਨ ਵੀ ਟੁੱਟਣ ਕਿਨਾਰੇ ਸੀ।
ਮੇਰੀ ਪਤਨੀ ਨੇ ਮਰਸ਼ੇ ਨੂੰ ਕਿਹਾ ਕਿ ਉਸ ਦਾ ਪਤੀ ਵੀਸੈਨਤੇ ਮੇਰੇ ਨਾਲ ਗੱਲ ਕਰੇ ਅਤੇ ਉਸ ਨੇ ਕੀਤੀ ਵੀ। ਉਸ ਨੂੰ ਕਈ ਵਾਰ ਮਿਲਣ ਤੋਂ ਬਾਅਦ ਉਹ ਬਾਈਬਲ ਸਟੱਡੀ ਕਰਨ ਲਈ ਤਿਆਰ ਹੋ ਗਿਆ। ਨਤੀਜੇ ਵਜੋਂ ਵੀਸੈਨਤੇ ਨੇ ਆਪਣੇ ਵਿਚ ਤਬਦੀਲੀਆਂ ਕਰਨੀਆਂ ਸ਼ੁਰੂ ਕੀਤੀਆਂ। ਉਹ ਕਈ-ਕਈ ਦਿਨ ਸ਼ਰਾਬ ਨਹੀਂ ਸੀ ਪੀਂਦਾ। ਕਦੇ-ਕਦੇ ਤਾਂ ਉਹ ਹਫ਼ਤੇ ਤੋਂ ਜ਼ਿਆਦਾ ਸਮਾਂ ਸ਼ਰਾਬ ਤੋਂ ਦੂਰ ਰਹਿੰਦਾ ਸੀ। ਅਖ਼ੀਰ ਉਸ ਨੇ ਸ਼ਰਾਬ ਪੀਣੀ ਛੱਡ ਹੀ ਦਿੱਤੀ। ਉਸ ਦੇ ਚਿਹਰੇ ’ਤੇ ਰੌਣਕ ਆ ਗਈ ਤੇ ਉਸ ਦਾ ਪਰਿਵਾਰ ਹੁਣ ਖ਼ੁਸ਼ੀ-ਖ਼ੁਸ਼ੀ ਮਿਲ ਕੇ ਰਹਿੰਦਾ ਹੈ। ਕਨੇਰੀ ਟਾਪੂ ’ਤੇ ਰਹਿੰਦਿਆਂ ਉਹ ਆਪਣੀ ਪਤਨੀ ਤੇ ਧੀ ਸਮੇਤ ਉੱਥੇ ਦੀ ਛੋਟੀ ਜਿਹੀ ਕਲੀਸਿਯਾ ਨੂੰ ਕਾਫ਼ੀ ਸਮਰਥਨ ਦਿੰਦੇ ਹਨ।
ਮਕਸਦ-ਭਰਪੂਰ ਜ਼ਿੰਦਗੀ ’ਤੇ ਮੁੜ ਝਾਤੀ
ਕਈ ਸਾਲ ਪਹਿਲਾਂ ਜਿਨ੍ਹਾਂ ਰਿਸ਼ਤੇਦਾਰਾਂ ਨੇ ਬਾਈਬਲ ਦੀ ਸਿੱਖਿਆ ਲਈ ਸੀ, ਉਹ ਹੁਣ ਮੌਤ ਦੀ ਨੀਂਦ ਸੌਂ ਗਏ ਹਨ। ਪਰ ਅੱਗੋਂ ਨਿਆਣਿਆਂ ਨੇ ਸੱਚਾਈ ਕਬੂਲ ਕੀਤੀ ਜਿਸ ਕਰਕੇ ਯਹੋਵਾਹ ਨੇ ਸਾਨੂੰ ਬਹੁਤ ਸਾਰੀਆਂ ਬਰਕਤਾਂ ਦਿੱਤੀਆਂ। (ਕਹਾ. 10:22) ਇਹ ਦੇਖ ਕੇ ਮੈਨੂੰ ਕਿੰਨੀ ਖ਼ੁਸ਼ੀ ਹੁੰਦੀ ਹੈ ਕਿ ਜਿਨ੍ਹਾਂ ਨੇ 40 ਸਾਲ ਪਹਿਲਾਂ ਬਾਈਬਲ ਦੀ ਸਟੱਡੀ ਕੀਤੀ ਸੀ, ਉਹ ਆਪਣੇ ਬੱਚਿਆਂ ਤੇ ਪੋਤੇ-ਪੋਤੀਆਂ ਨਾਲ ਮਿਲ ਕੇ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰ ਰਹੇ ਹਨ!
ਹੁਣ ਮੇਰੇ ਕਈ ਸਕੇ-ਸੰਬੰਧੀ ਗਵਾਹ ਬਣ ਚੁੱਕੇ ਹਨ ਤੇ ਉਨ੍ਹਾਂ ਵਿੱਚੋਂ ਕਈ ਬਜ਼ੁਰਗਾਂ, ਸਹਾਇਕ ਸੇਵਕਾਂ ਤੇ ਪਾਇਨੀਅਰਾਂ ਵਜੋਂ ਸੇਵਾ ਕਰ ਰਹੇ ਹਨ। ਮੇਰਾ ਸਭ ਤੋਂ ਵੱਡਾ ਪੁੱਤਰ ਅਤੇ ਉਸ ਦੀ ਪਤਨੀ ਸਪੇਨ ਦੇ ਮੈਡਰਿਡ ਸ਼ਹਿਰ ਵਿਚ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਵਿਚ ਸੇਵਾ ਕਰਦੇ ਹਨ। ਜਦੋਂ ਮੈਂ ਗਵਾਹ ਬਣਿਆ ਸੀ, ਤਾਂ ਸਪੇਨ ਵਿਚ ਤਕਰੀਬਨ 3,000 ਗਵਾਹ ਸਨ। ਹੁਣ ਇੱਥੇ 1,00,000 ਤੋਂ ਜ਼ਿਆਦਾ ਗਵਾਹ ਹਨ। ਮੈਂ ਪਾਇਨੀਅਰਿੰਗ ਦਾ ਬਹੁਤ ਆਨੰਦ ਲੈ ਰਿਹਾ ਹਾਂ ਤੇ ਮੈਂ ਪਰਮੇਸ਼ੁਰ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਸ ਨੇ ਮੈਨੂੰ ਆਪਣੀ ਸੇਵਾ ਕਰਨ ਦਾ ਮੌਕਾ ਦਿੱਤਾ। ਘੱਟ ਪੜ੍ਹਿਆ-ਲਿਖਿਆ ਹੋਣ ਦੇ ਬਾਵਜੂਦ, ਮੈਂ ਕਦੇ-ਕਦੇ ਸਰਕਟ ਨਿਗਾਹਬਾਨ ਵਜੋਂ ਸੇਵਾ ਕਰਦਾ ਹਾਂ।
ਕੁਝ ਸਾਲ ਪਹਿਲਾਂ ਮੈਨੂੰ ਪਤਾ ਲੱਗਾ ਕਿ ਜਿਸ ਪਿੰਡ ਵਿਚ ਮੈਂ ਜੰਮਿਆ-ਪਲਿਆ ਸੀ, ਉਹ ਸੱਖਣਾ ਹੋ ਚੁੱਕਾ ਹੈ। ਗ਼ਰੀਬੀ ਦੇ ਕਾਰਨ ਸਾਰੇ ਲੋਕ ਆਪਣੇ ਖੇਤਾਂ ਤੇ ਘਰਾਂ ਨੂੰ ਛੱਡ ਕੇ ਬਿਹਤਰ ਜ਼ਿੰਦਗੀ ਦੀ ਤਲਾਸ਼ ਵਿਚ ਨਿਕਲ ਤੁਰੇ। ਖ਼ੁਸ਼ੀ ਦੀ ਗੱਲ ਹੈ ਕਿ ਉਨ੍ਹਾਂ ਵਿੱਚੋਂ ਕਈਆਂ ਨੂੰ ਇਕ ਤਰ੍ਹਾਂ ਦਾ ਧਨ ਮਿਲਿਆ ਹੈ ਯਾਨੀ ਉਨ੍ਹਾਂ ਨੂੰ ਸੱਚਾਈ ਮਿਲੀ ਹੈ। ਅਸੀਂ ਸਿੱਖਿਆ ਹੈ ਕਿ ਜ਼ਿੰਦਗੀ ਦਾ ਮਕਸਦ ਯਹੋਵਾਹ ਦੀ ਸੇਵਾ ਕਰਨਾ ਹੈ ਜਿਸ ਸਦਕਾ ਸਾਨੂੰ ਉਹ ਬਰਕਤਾਂ ਮਿਲਦੀਆਂ ਹਨ ਜਿਨ੍ਹਾਂ ਬਾਰੇ ਅਸੀਂ ਸੋਚਿਆ ਵੀ ਨਹੀਂ।
[ਸਫ਼ਾ 32 ਉੱਤੇ ਤਸਵੀਰ]
ਭਰਾ ਮਾਰਤੀਨੇਸ ਦੇ ਪਰਿਵਾਰ ਦੇ ਲਗਭਗ ਸਾਰੇ ਮੈਂਬਰ ਸੱਚਾਈ ਵਿਚ ਹਨ