Skip to content

Skip to table of contents

ਯਹੋਵਾਹ ਨੇ ਤੁਹਾਡੇ ਛੁਟਕਾਰੇ ਲਈ ਜੋ ਕੀਤਾ ਹੈ, ਕੀ ਤੁਸੀਂ ਉਸ ਲਈ ਅਹਿਸਾਨਮੰਦ ਹੋ?

ਯਹੋਵਾਹ ਨੇ ਤੁਹਾਡੇ ਛੁਟਕਾਰੇ ਲਈ ਜੋ ਕੀਤਾ ਹੈ, ਕੀ ਤੁਸੀਂ ਉਸ ਲਈ ਅਹਿਸਾਨਮੰਦ ਹੋ?

ਯਹੋਵਾਹ ਨੇ ਤੁਹਾਡੇ ਛੁਟਕਾਰੇ ਲਈ ਜੋ ਕੀਤਾ ਹੈ, ਕੀ ਤੁਸੀਂ ਉਸ ਲਈ ਅਹਿਸਾਨਮੰਦ ਹੋ?

“ਮੁਬਾਰਕ ਹੈ [ਯਹੋਵਾਹ] ਇਸਰਾਏਲ ਦਾ ਪਰਮੇਸ਼ੁਰ, ਕਿਉਂ ਜੋ ਉਸ ਨੇ ਆਪਣੀ ਪਰਜਾ ਉੱਤੇ ਨਿਗਾਹ ਕੀਤੀ, ਅਤੇ ਉਨ੍ਹਾਂ ਨੂੰ ਨਿਸਤਾਰਾ ਦਿੱਤਾ ਹੈ।”—ਲੂਕਾ 1:68.

1, 2. ਮਿਸਾਲ ਦੇ ਕੇ ਸਮਝਾਓ ਕਿ ਸਾਡੀ ਮੌਜੂਦਾ ਹਾਲਤ ਕਿੰਨੀ ਕੁ ਗੰਭੀਰ ਹੈ ਅਤੇ ਅਸੀਂ ਕਿਹੜੇ ਸਵਾਲਾਂ ’ਤੇ ਗੌਰ ਕਰਾਂਗੇ?

ਕਲਪਨਾ ਕਰੋ ਕਿ ਤੁਸੀਂ ਹਸਪਤਾਲ ਵਿਚ ਪਏ ਹੋ। ਜਿਸ ਵਾਰਡ ਵਿਚ ਤੁਸੀਂ ਹੋ, ਉੱਥੇ ਹਰ ਮਰੀਜ਼ ਇੱਕੋ ਜਾਨਲੇਵਾ ਬੀਮਾਰੀ ਤੋਂ ਪੀੜਿਤ ਹੈ ਜਿਸ ਦਾ ਕੋਈ ਇਲਾਜ ਨਹੀਂ ਹੈ। ਜਦੋਂ ਤੁਹਾਨੂੰ ਪਤਾ ਲੱਗਦਾ ਹੈ ਕਿ ਇਕ ਡਾਕਟਰ ਇਲਾਜ ਲੱਭਣ ਦੀ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ, ਤਾਂ ਤੁਹਾਨੂੰ ਉਮੀਦ ਦੀ ਕਿਰਨ ਮਿਲਦੀ ਹੈ। ਰੋਜ਼ ਤੁਸੀਂ ਬੇਸਬਰੀ ਨਾਲ ਇਹ ਸੁਣਨ ਦੀ ਉਡੀਕ ਕਰਦੇ ਹੋ ਕਿ ਡਾਕਟਰ ਇਲਾਜ ਲੱਭਣ ਵਿਚ ਕਿੰਨਾ ਕੁ ਸਫ਼ਲ ਹੋਇਆ ਹੈ। ਇਕ ਦਿਨ ਤੁਹਾਨੂੰ ਪਤਾ ਲੱਗਦਾ ਹੈ ਕਿ ਡਾਕਟਰ ਨੇ ਇਲਾਜ ਲੱਭ ਲਿਆ ਹੈ! ਪਰ ਇਹ ਇਲਾਜ ਲੱਭਣ ਲਈ ਡਾਕਟਰ ਨੇ ਕਿੰਨੀਆਂ ਹੀ ਕੁਰਬਾਨੀਆਂ ਕੀਤੀਆਂ ਹਨ। ਇਹ ਸੁਣ ਕੇ ਤੁਸੀਂ ਕਿਵੇਂ ਮਹਿਸੂਸ ਕਰੋਗੇ? ਬੇਸ਼ੱਕ, ਤੁਹਾਡੇ ਦਿਲ ਉਸ ਆਦਮੀ ਲਈ ਆਦਰ ਤੇ ਕਦਰਦਾਨੀ ਨਾਲ ਭਰ ਜਾਣਗੇ ਜਿਸ ਨੇ ਤੁਹਾਨੂੰ ਅਤੇ ਹੋਰਨਾਂ ਨੂੰ ਮੌਤ ਦੇ ਮੂੰਹ ਵਿੱਚੋਂ ਬਚਾਉਣ ਦਾ ਉਪਾਅ ਕੱਢਿਆ।

2 ਤੁਹਾਨੂੰ ਇਹ ਸ਼ਾਇਦ ਕੋਈ ਨਾਟਕ ਜਾਪੇ, ਪਰ ਅਸੀਂ ਵੀ ਇਸੇ ਤਰ੍ਹਾਂ ਦੀ ਹਾਲਤ ਵਿਚ ਹਾਂ। ਦਰਅਸਲ, ਸਾਡੀ ਹਾਲਤ ਤਾਂ ਉੱਪਰ ਦੱਸੀ ਹਾਲਤ ਤੋਂ ਵੀ ਖ਼ਸਤਾ ਹੈ। ਸਾਨੂੰ ਕਿਸੇ ਅਜਿਹੇ ਸ਼ਖ਼ਸ ਦੀ ਲੋੜ ਹੈ ਜੋ ਸਾਨੂੰ ਇਸ ਖ਼ਸਤਾ ਹਾਲਤ ਵਿੱਚੋਂ ਬਾਹਰ ਕੱਢ ਸਕੇ। (ਰੋਮੀਆਂ 7:24 ਪੜ੍ਹੋ।) ਸਾਨੂੰ ਇਸ ਹਾਲਤ ਵਿੱਚੋਂ ਕੱਢਣ ਲਈ ਯਹੋਵਾਹ ਨੂੰ ਵੱਡੀ ਕੀਮਤ ਚੁਕਾਉਣੀ ਪਈ। ਉਸ ਦੇ ਪੁੱਤਰ ਨੂੰ ਵੀ ਕੀਮਤ ਚੁਕਾਉਣੀ ਪਈ। ਆਓ ਆਪਾਂ ਹੁਣ ਚਾਰ ਸਵਾਲਾਂ ’ਤੇ ਗੌਰ ਕਰੀਏ: ਸਾਨੂੰ ਛੁਟਕਾਰੇ ਦੀ ਕਿਉਂ ਲੋੜ ਹੈ? ਯਿਸੂ ਨੂੰ ਸਾਡੇ ਛੁਟਕਾਰੇ ਵਾਸਤੇ ਕਿਹੜੀ ਕੀਮਤ ਚੁਕਾਉਣੀ ਪਈ? ਯਹੋਵਾਹ ਨੂੰ ਕੀ ਕੀਮਤ ਚੁਕਾਉਣੀ ਪਈ? ਅਤੇ ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਛੁਟਕਾਰੇ ਲਈ ਕੀਤੇ ਉਸ ਦੇ ਇੰਤਜ਼ਾਮ ਦੀ ਕਦਰ ਕਰਦੇ ਹਾਂ?

ਸਾਨੂੰ ਛੁਟਕਾਰੇ ਦੀ ਕਿਉਂ ਲੋੜ ਹੈ

3. ਮਹਾਂਮਾਰੀ ਦੀ ਤੁਲਨਾ ਵਿਚ ਪਾਪ ਬਾਰੇ ਅਸੀਂ ਕੀ ਕਹਿ ਸਕਦੇ ਹਾਂ?

3 ਹਾਲ ਹੀ ਦੇ ਸਰਵੇ ਅਨੁਸਾਰ 1918 ਵਿਚ ਫੈਲਿਆ ਸਪੈਨਿਸ਼ ਇਨਫਲੂਐਂਜ਼ਾ ਮਨੁੱਖੀ ਇਤਿਹਾਸ ਵਿਚ ਸਭ ਤੋਂ ਘਾਤਕ ਮਹਾਂਮਾਰੀ ਸੀ ਜਿਸ ਨੇ ਲੱਖਾਂ ਹੀ ਲੋਕਾਂ ਦੀਆਂ ਜਾਨਾਂ ਲਈਆਂ। ਕੁਝ ਬੀਮਾਰੀਆਂ ਤਾਂ ਇਸ ਤੋਂ ਵੀ ਮਾਰੂ ਹਨ। ਭਾਵੇਂ ਇਹ ਬੀਮਾਰੀਆਂ ਘੱਟ ਲੋਕਾਂ ਨੂੰ ਲੱਗਦੀਆਂ ਹਨ, ਪਰ ਜਿਨ੍ਹਾਂ ਨੂੰ ਇਹ ਬੀਮਾਰੀਆਂ ਲੱਗਦੀਆਂ ਹਨ, ਉਨ੍ਹਾਂ ਵਿੱਚੋਂ ਬਹੁਤ ਹੀ ਘੱਟ ਲੋਕ ਬਚਦੇ ਹਨ। * ਪਰ ਮਹਾਂਮਾਰੀ ਦੀ ਤੁਲਨਾ ਵਿਚ ਪਾਪ ਬਾਰੇ ਅਸੀਂ ਕੀ ਕਹਿ ਸਕਦੇ ਹਾਂ? ਰੋਮੀਆਂ 5:12 ਦੇ ਸ਼ਬਦ ਯਾਦ ਕਰੋ: “ਜਿਵੇਂ ਇੱਕ ਮਨੁੱਖ ਤੋਂ ਪਾਪ ਸੰਸਾਰ ਵਿੱਚ ਆਇਆ ਅਤੇ ਪਾਪ ਤੋਂ ਮੌਤ ਆਈ ਅਤੇ ਇਸੇ ਤਰਾਂ ਮੌਤ ਸਭਨਾਂ ਮਨੁੱਖਾਂ ਵਿੱਚ ਫੈਲਰ ਗਈ ਏਸ ਲਈ ਜੋ ਸਭਨਾਂ ਨੇ ਪਾਪ ਕੀਤਾ।” ਇਸ ਤੋਂ ਜ਼ਾਹਰ ਹੈ ਕਿ ਪਾਪ ਦਾ ਰੋਗ 100 ਪ੍ਰਤਿਸ਼ਤ ਇਨਸਾਨਾਂ ਨੂੰ ਲੱਗਾ ਹੋਇਆ ਹੈ ਕਿਉਂਕਿ ਸਾਰੇ ਇਨਸਾਨ ਗ਼ਲਤੀਆਂ ਕਰਦੇ ਹਨ। (ਰੋਮੀਆਂ 3:23 ਪੜ੍ਹੋ।) ਅਤੇ ਮੌਤ ਦੀ ਦਰ ਕਿੰਨੀ ਹੈ? ਪੌਲੁਸ ਨੇ ਲਿਖਿਆ ਕਿ ਪਾਪ ਦੇ ਕਾਰਨ “ਸਭਨਾਂ” ਉੱਤੇ ਮੌਤ ਆਉਂਦੀ ਹੈ।

4. ਸਾਡੀ ਜ਼ਿੰਦਗੀ ਦੀ ਲੰਬਾਈ ਬਾਰੇ ਯਹੋਵਾਹ ਦਾ ਕੀ ਨਜ਼ਰੀਆ ਹੈ ਅਤੇ ਉਸ ਦਾ ਨਜ਼ਰੀਆ ਅੱਜ ਬਹੁਤਿਆਂ ਦੇ ਨਜ਼ਰੀਏ ਤੋਂ ਕਿਵੇਂ ਵੱਖਰਾ ਹੈ?

4 ਬਹੁਤੇ ਲੋਕ ਕਹਿੰਦੇ ਹਨ ਕਿ ਪਾਪ ਤੇ ਮੌਤ ਤਾਂ ਆਮ ਗੱਲ ਹੈ। ਉਨ੍ਹਾਂ ਨੂੰ ਬੱਸ ਇਹ ਚਿੰਤਾ ਹੁੰਦੀ ਹੈ ਕਿ ਉਨ੍ਹਾਂ ਦੀ ਮੌਤ ਸਮੇਂ ਤੋਂ ਪਹਿਲਾਂ ਨਾ ਹੋਵੇ। ਪਰ ਉਹ ਮੰਨਦੇ ਹਨ ਕਿ ਬੁੱਢੇ ਹੋ ਕੇ ਮਰਨਾ “ਕੁਦਰਤੀ” ਹੈ। ਇਹ ਨਜ਼ਰੀਆ ਪਰਮੇਸ਼ੁਰ ਦੇ ਨਜ਼ਰੀਏ ਤੋਂ ਕਿੰਨਾ ਉਲਟ ਹੈ! ਉਸ ਨੇ ਤਾਂ ਚਾਹਿਆ ਸੀ ਕਿ ਅਸੀਂ ਹਮੇਸ਼ਾ ਜ਼ਿੰਦਾ ਰਹੀਏ, ਪਰ ਸਾਡੀ ਜ਼ਿੰਦਗੀ ਅੱਜ ਕਿੰਨੀ ਛੋਟੀ ਹੈ! ਦਰਅਸਲ, ਯਹੋਵਾਹ ਦੇ ਨਜ਼ਰੀਏ ਤੋਂ ਕੋਈ ਵੀ ਇਨਸਾਨ ਅੱਜ ਤਕ “ਇੱਕ ਦਿਨ” ਲਈ ਵੀ ਜੀਉਂਦਾ ਨਹੀਂ ਰਿਹਾ। (2 ਪਤ. 3:8) ਪਰਮੇਸ਼ੁਰ ਦਾ ਬਚਨ ਕਹਿੰਦਾ ਹੈ ਕਿ ਜਿੱਦਾਂ ਘਾਹ ਉੱਗ ਕੇ ਮੁਰਝਾ ਜਾਂਦਾ ਹੈ ਜਾਂ ਜਿੰਨਾ ਸਮਾਂ ਸਾਨੂੰ ਇਕ ਵਾਰ ਸਾਹ ਲੈਣ ਵਿਚ ਲੱਗਦਾ ਹੈ, ਉੱਨੀ ਕੁ ਲੰਮੀ ਸਾਡੀ ਜ਼ਿੰਦਗੀ ਹੈ। (ਜ਼ਬੂ. 39:5; 1 ਪਤ. 1:24) ਸਾਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ। ਕਿਉਂ? ਕਿਉਂਕਿ ਜੇ ਅਸੀਂ ਜਾਣਾਂਗੇ ਕਿ ਸਾਨੂੰ ਲੱਗਿਆ “ਰੋਗ” ਕਿੰਨਾ ਕੁ ਭਿਆਨਕ ਹੈ, ਤਾਂ ਅਸੀਂ “ਇਲਾਜ” ਯਾਨੀ ਆਪਣੇ ਛੁਟਕਾਰੇ ਦੀ ਅਹਿਮੀਅਤ ਨੂੰ ਜ਼ਿਆਦਾ ਚੰਗੀ ਤਰ੍ਹਾਂ ਸਮਝਾਂਗੇ।

5. ਪਾਪ ਦੇ ਕਾਰਨ ਸਾਨੂੰ ਕੀ ਨੁਕਸਾਨ ਹੋਇਆ ਹੈ?

5 ਇਹ ਸਮਝਣ ਲਈ ਕਿ ਪਾਪ ਅਤੇ ਉਸ ਦੇ ਅਸਰ ਕਿੰਨੇ ਕੁ ਘਾਤਕ ਹਨ, ਸਾਨੂੰ ਦੇਖਣ ਦੀ ਲੋੜ ਹੈ ਕਿ ਸਾਨੂੰ ਕਿੰਨਾ ਨੁਕਸਾਨ ਹੋਇਆ ਹੈ। ਇਹ ਪਹਿਲਾਂ-ਪਹਿਲਾਂ ਸਮਝਣਾ ਸ਼ਾਇਦ ਔਖਾ ਹੋਵੇ ਕਿਉਂਕਿ ਪਾਪ ਦੇ ਕਾਰਨ ਆਦਮ ਤੇ ਹੱਵਾਹ ਨੇ ਜੋ ਕੁਝ ਗੁਆਇਆ ਹੈ, ਉਸ ਦਾ ਅਸੀਂ ਕਦੇ ਆਨੰਦ ਹੀ ਨਹੀਂ ਮਾਣਿਆ। ਉਹ ਦੁੱਖਾਂ-ਤਕਲੀਫ਼ਾਂ ਤੋਂ ਬਗੈਰ ਖ਼ੁਸ਼ੀਆਂ-ਭਰੀ ਜ਼ਿੰਦਗੀ ਜੀਉਂਦੇ ਸਨ। ਉਨ੍ਹਾਂ ਦਾ ਦਿਮਾਗ਼ ਤੇ ਸਰੀਰ ਇੰਨੀ ਚੰਗੀ ਤਰ੍ਹਾਂ ਕੰਮ ਕਰਦਾ ਸੀ ਕਿ ਉਹ ਆਪਣੇ ਖ਼ਿਆਲਾਂ, ਭਾਵਨਾਵਾਂ ਅਤੇ ਕੰਮਾਂ ’ਤੇ ਪੂਰੀ ਤਰ੍ਹਾਂ ਕੰਟ੍ਰੋਲ ਰੱਖ ਸਕਦੇ ਸਨ। ਇਸ ਲਈ ਉਹ ਯਹੋਵਾਹ ਦੇ ਭਗਤਾਂ ਵਜੋਂ ਆਪਣੇ ਵਿਚ ਉਸ ਦੇ ਗੁਣ ਪੈਦਾ ਕਰਦੇ ਰਹਿ ਸਕਦੇ ਸਨ। ਲੇਕਿਨ ਉਨ੍ਹਾਂ ਨੇ ਯਹੋਵਾਹ ਵੱਲੋਂ ਦਿੱਤੀ ਜ਼ਿੰਦਗੀ ਦੀ ਕਦਰ ਨਹੀਂ ਕੀਤੀ। ਯਹੋਵਾਹ ਦੇ ਖ਼ਿਲਾਫ਼ ਪਾਪ ਕਰ ਕੇ ਉਨ੍ਹਾਂ ਨੇ ਖ਼ੁਦ ਲਈ ਅਤੇ ਆਪਣੀ ਔਲਾਦ ਲਈ ਉਹ ਜ਼ਿੰਦਗੀ ਗੁਆ ਲਈ ਜੋ ਯਹੋਵਾਹ ਉਨ੍ਹਾਂ ਨੂੰ ਦੇਣੀ ਚਾਹੁੰਦਾ ਸੀ। (ਉਤ. 3:16-19) ਉਸ ਵੇਲੇ ਉਨ੍ਹਾਂ ਨੇ ਨਾ ਸਿਰਫ਼ ਆਪਣੇ ਆਪ ਨੂੰ, ਸਗੋਂ ਸਾਨੂੰ ਵੀ ਭਿਆਨਕ “ਰੋਗ” ਲਾ ਦਿੱਤਾ। ਯਹੋਵਾਹ ਨੇ ਉਨ੍ਹਾਂ ਨੂੰ ਸਜ਼ਾ ਦੇਣਾ ਜਾਇਜ਼ ਸਮਝਿਆ। ਪਰ ਸਾਡੇ ਲਈ ਉਸ ਨੇ ਮੁਕਤੀ ਦਾ ਪ੍ਰਬੰਧ ਕੀਤਾ ਹੈ।—ਜ਼ਬੂ. 103:10.

ਯਿਸੂ ਨੂੰ ਸਾਡੇ ਛੁਟਕਾਰੇ ਲਈ ਜੋ ਕੀਮਤ ਚੁਕਾਉਣੀ ਪਈ

6, 7. (ੳ) ਯਹੋਵਾਹ ਨੇ ਪਹਿਲਾਂ-ਪਹਿਲਾਂ ਕਿੱਦਾਂ ਦਿਖਾਇਆ ਕਿ ਸਾਡੇ ਛੁਟਕਾਰੇ ਵਾਸਤੇ ਉਸ ਨੂੰ ਭਾਰੀ ਕੀਮਤ ਚੁਕਾਉਣੀ ਪਵੇਗੀ? (ਅ) ਹਾਬਲ ਦੁਆਰਾ ਚੜ੍ਹਾਈਆਂ ਬਲੀਆਂ ਅਤੇ ਬਿਵਸਥਾ ਮਿਲਣ ਤੋਂ ਪਹਿਲਾਂ ਦੇ ਵਫ਼ਾਦਾਰ ਮਨੁੱਖਾਂ ਦੁਆਰਾ ਚੜ੍ਹਾਈਆਂ ਬਲੀਆਂ ਤੋਂ ਸਾਨੂੰ ਕੀ ਪਤਾ ਲੱਗਦਾ ਹੈ?

6 ਯਹੋਵਾਹ ਨੂੰ ਪਤਾ ਸੀ ਕਿ ਆਦਮ ਤੇ ਹੱਵਾਹ ਦੀ ਔਲਾਦ ਦੇ ਛੁਟਕਾਰੇ ਲਈ ਉਸ ਨੂੰ ਬਹੁਤ ਭਾਰੀ ਕੀਮਤ ਚੁਕਾਉਣੀ ਪਵੇਗੀ। ਸਾਨੂੰ ਉਤਪਤ 3:15 ਵਿਚ ਦਰਜ ਭਵਿੱਖਬਾਣੀ ਤੋਂ ਉਸ ਕੀਮਤ ਬਾਰੇ ਪਤਾ ਲੱਗਦਾ ਹੈ। ਯਹੋਵਾਹ ਨੇ ਇਕ “ਸੰਤਾਨ” ਯਾਨੀ ਮੁਕਤੀਦਾਤੇ ਨੂੰ ਭੇਜਣਾ ਸੀ ਜਿਸ ਨੇ ਇਕ ਦਿਨ ਸ਼ਤਾਨ ਨੂੰ ਮਸਲ ਕੇ ਉਸ ਦਾ ਖੁਰਾ-ਖੋਜ ਮਿਟਾਉਣਾ ਸੀ। ਪਰ ਮੁਕਤੀਦਾਤੇ ਨੇ ਖ਼ੁਦ ਵੀ ਦੁੱਖ ਸਹਿਣੇ ਸਨ ਅਤੇ ਉਸ ਦੀ ਅੱਡੀ ’ਤੇ ਇਕ ਤਰ੍ਹਾਂ ਦਾ ਜ਼ਖ਼ਮ ਹੋਣਾ ਸੀ। ਸਾਨੂੰ ਪਤਾ ਹੈ ਕਿ ਜੇ ਜ਼ਖ਼ਮ ਅੱਡੀ ’ਤੇ ਹੋਵੇ, ਤਾਂ ਕਿੰਨਾ ਦਰਦ ਹੁੰਦਾ ਹੈ ਅਤੇ ਤੁਰਨਾ ਬਹੁਤ ਔਖਾ ਹੋ ਜਾਂਦਾ ਹੈ। ਪਰ ਮੁਕਤੀਦਾਤੇ ਦੀ ਅੱਡੀ ਉੱਤੇ ਜ਼ਖ਼ਮ ਹੋਣ ਦਾ ਕੀ ਮਤਲਬ ਸੀ? ਯਹੋਵਾਹ ਦੇ ਚੁਣੇ ਹੋਏ ਇਸ ਮੁਕਤੀਦਾਤੇ ਨੂੰ ਕੀ-ਕੀ ਸਹਿਣਾ ਪੈਣਾ ਸੀ?

7 ਇਨਸਾਨਾਂ ਦੇ ਪਾਪਾਂ ਦੇ ਪ੍ਰਾਸਚਿਤ ਵਾਸਤੇ ਮੁਕਤੀਦਾਤੇ ਨੂੰ ਕੁਝ ਕਰਨ ਦੀ ਲੋੜ ਸੀ। ਜੋ ਕੁਝ ਉਸ ਨੇ ਕਰਨਾ ਸੀ, ਉਸ ਦੇ ਜ਼ਰੀਏ ਪਾਪਾਂ ਦੇ ਅਸਰ ਮਿਟਣੇ ਸਨ ਅਤੇ ਪਰਮੇਸ਼ੁਰ ਨਾਲ ਸੁਲ੍ਹਾ ਕਰਨ ਦਾ ਰਾਹ ਖੁੱਲ੍ਹ ਜਾਣਾ ਸੀ। ਉਸ ਨੇ ਕੀ ਕਰਨਾ ਸੀ? ਕੁਝ ਵਫ਼ਾਦਾਰ ਭਗਤਾਂ ਦੀਆਂ ਉਦਾਹਰਣਾਂ ਤੋਂ ਪਤਾ ਲੱਗਦਾ ਹੈ ਕਿ ਇਕ ਕੁਰਬਾਨੀ ਦੇਣ ਦੀ ਲੋੜ ਸੀ। ਪਹਿਲੇ ਵਫ਼ਾਦਾਰ ਇਨਸਾਨ ਹਾਬਲ ਨੇ ਜਦੋਂ ਯਹੋਵਾਹ ਨੂੰ ਜਾਨਵਰਾਂ ਦੀਆਂ ਬਲੀਆਂ ਚੜ੍ਹਾਈਆਂ, ਤਾਂ ਯਹੋਵਾਹ ਨੇ ਇਨ੍ਹਾਂ ਬਲੀਆਂ ਨੂੰ ਕਬੂਲ ਕੀਤਾ। ਬਾਅਦ ਵਿਚ ਨੂਹ, ਅਬਰਾਹਾਮ, ਯਾਕੂਬ ਅਤੇ ਅੱਯੂਬ ਵਰਗੇ ਪਰਮੇਸ਼ੁਰ ਦਾ ਭੈ ਰੱਖਣ ਵਾਲੇ ਮਨੁੱਖਾਂ ਨੇ ਜਾਨਵਰਾਂ ਦੀਆਂ ਬਲੀਆਂ ਚੜ੍ਹਾ ਕੇ ਪਰਮੇਸ਼ੁਰ ਨੂੰ ਖ਼ੁਸ਼ ਕੀਤਾ। (ਉਤ. 4:4; 8:20, 21; 22:13; 31:54; ਅੱਯੂ. 1:5) ਸਦੀਆਂ ਬਾਅਦ ਮੂਸਾ ਦੀ ਬਿਵਸਥਾ ਵਿਚ ਬਲੀਆਂ ਚੜ੍ਹਾਉਣ ਬਾਰੇ ਲੋਕਾਂ ਨੂੰ ਹੋਰ ਦੱਸਿਆ ਗਿਆ।

8. ਪ੍ਰਾਸਚਿਤ ਦੇ ਦਿਨ ਪ੍ਰਧਾਨ ਜਾਜਕ ਕੀ ਕਰਦਾ ਸੀ?

8 ਬਿਵਸਥਾ ਵਿਚ ਦੱਸੀ ਸਭ ਤੋਂ ਅਹਿਮ ਬਲੀ ਉਹ ਹੁੰਦੀ ਸੀ ਜੋ ਸਾਲ ਵਿਚ ਇਕ ਵਾਰ ਪ੍ਰਾਸਚਿਤ ਦੇ ਦਿਨ ਚੜ੍ਹਾਈ ਜਾਂਦੀ ਸੀ। ਉਸ ਦਿਨ ਪ੍ਰਧਾਨ ਜਾਜਕ ਕਈ ਕੰਮ ਕਰਦਾ ਸੀ ਜੋ ਭਵਿੱਖ ਵਿਚ ਹੋਣ ਵਾਲੀਆਂ ਗੱਲਾਂ ਨੂੰ ਦਰਸਾਉਂਦੇ ਸਨ। ਉਹ ਪਾਪਾਂ ਦੀ ਮਾਫ਼ੀ ਲਈ ਯਹੋਵਾਹ ਨੂੰ ਬਲੀਆਂ ਚੜ੍ਹਾਉਂਦਾ ਸੀ—ਪਹਿਲਾਂ ਜਾਜਕਾਂ ਲਈ ਤੇ ਫਿਰ ਬਾਕੀ ਇਸਰਾਏਲੀਆਂ ਲਈ। ਪ੍ਰਧਾਨ ਜਾਜਕ ਹੈਕਲ ਦੇ ਅੱਤ ਪਵਿੱਤਰ ਸਥਾਨ ਵਿਚ ਇਕੱਲਾ ਹੀ ਜਾਂਦਾ ਸੀ ਤੇ ਉਹ ਵੀ ਸਾਲ ਵਿਚ ਸਿਰਫ਼ ਇਕ ਦਿਨ। ਉੱਥੇ ਉਹ ਨੇਮ ਦੇ ਸੰਦੂਕ ਅੱਗੇ ਬਲੀਆਂ ਦਾ ਲਹੂ ਛਿੜਕਦਾ ਸੀ। ਉਸ ਪਵਿੱਤਰ ਸੰਦੂਕ ਉੱਤੇ ਕਦੇ-ਕਦੇ ਚਮਕੀਲਾ ਬੱਦਲ ਛਾ ਜਾਂਦਾ ਸੀ ਜੋ ਯਹੋਵਾਹ ਪਰਮੇਸ਼ੁਰ ਦੀ ਹਜ਼ੂਰੀ ਨੂੰ ਦਰਸਾਉਂਦਾ ਸੀ।—ਕੂਚ 25:22; ਲੇਵੀ. 16:1-30.

9. (ੳ) ਪ੍ਰਾਸਚਿਤ ਦੇ ਦਿਨ ਪ੍ਰਧਾਨ ਜਾਜਕ ਕਿਸ ਨੂੰ ਦਰਸਾਉਂਦਾ ਸੀ ਅਤੇ ਚੜ੍ਹਾਈਆਂ ਗਈਆਂ ਬਲੀਆਂ ਕਿਹੜੀ ਚੀਜ਼ ਨੂੰ ਦਰਸਾਉਂਦੀਆਂ ਸਨ? (ਅ) ਪ੍ਰਧਾਨ ਜਾਜਕ ਦਾ ਅੱਤ ਪਵਿੱਤਰ ਸਥਾਨ ਵਿਚ ਜਾਣਾ ਕਿਸ ਨੂੰ ਦਰਸਾਉਂਦਾ ਸੀ?

9 ਪੌਲੁਸ ਰਸੂਲ ਦੱਸਦਾ ਹੈ ਕਿ ਪ੍ਰਧਾਨ ਜਾਜਕ ਦੇ ਕੰਮਾਂ ਦਾ ਕੀ ਮਤਲਬ ਹੈ। ਉਸ ਨੇ ਦੱਸਿਆ ਕਿ ਪ੍ਰਧਾਨ ਜਾਜਕ ਮਸੀਹਾ ਯਾਨੀ ਯਿਸੂ ਮਸੀਹ ਨੂੰ ਦਰਸਾਉਂਦਾ ਹੈ ਜਦਕਿ ਬਲੀਆਂ ਯਿਸੂ ਮਸੀਹ ਦੀ ਕੁਰਬਾਨੀ ਨੂੰ ਦਰਸਾਉਂਦੀਆਂ ਹਨ। (ਇਬ. 9:11-14) ਯਿਸੂ ਦੀ ਮੁਕੰਮਲ ਕੁਰਬਾਨੀ ਦੋ ਤਰ੍ਹਾਂ ਦੇ ਲੋਕਾਂ ਲਈ ਅਸਲੀ ਪ੍ਰਾਸਚਿਤ ਸੀ—ਮਸੀਹ ਦੇ 1,44,000 ਮਸਹ ਕੀਤੇ ਹੋਏ ਭਰਾ ਜੋ ਜਾਜਕ ਹੋਣਗੇ ਤੇ ‘ਹੋਰ ਭੇਡਾਂ।’ (ਯੂਹੰ. 10:16) ਪ੍ਰਧਾਨ ਜਾਜਕ ਦਾ ਅੱਤ ਪਵਿੱਤਰ ਸਥਾਨ ਵਿਚ ਜਾਣਾ ਉਸ ਸਮੇਂ ਨੂੰ ਦਰਸਾਉਂਦਾ ਸੀ ਜਦੋਂ ਯਿਸੂ ਆਪਣੀ ਕੁਰਬਾਨੀ ਦੀ ਕੀਮਤ ਅਦਾ ਕਰਨ ਲਈ ਸਵਰਗ ਵਿਚ ਯਹੋਵਾਹ ਦੇ ਅੱਗੇ ਪੇਸ਼ ਹੋਇਆ।—ਇਬ. 9:24, 25.

10. ਭਵਿੱਖਬਾਣੀ ਅਨੁਸਾਰ ਮਸੀਹਾ ਨੇ ਕੀ-ਕੀ ਸਹਿਣਾ ਸੀ?

10 ਸਪੱਸ਼ਟ ਹੈ ਕਿ ਆਦਮ ਤੇ ਹੱਵਾਹ ਦੀ ਔਲਾਦ ਨੂੰ ਛੁਟਕਾਰਾ ਦਿਵਾਉਣ ਲਈ ਬਹੁਤ ਭਾਰੀ ਕੀਮਤ ਚੁਕਾਉਣ ਦੀ ਲੋੜ ਸੀ। ਮਸੀਹਾ ਨੂੰ ਆਪਣੀ ਜਾਨ ਦੀ ਕੁਰਬਾਨੀ ਦੇਣੀ ਪੈਣੀ ਸੀ! ਇਬਰਾਨੀ ਸ਼ਾਸਤਰ ਦੇ ਨਬੀਆਂ ਨੇ ਇਸ ਕੁਰਬਾਨੀ ਬਾਰੇ ਹੋਰ ਜਾਣਕਾਰੀ ਦਿੱਤੀ। ਮਿਸਾਲ ਲਈ, ਦਾਨੀਏਲ ਨਬੀ ਨੇ ਸਾਫ਼-ਸਾਫ਼ ਦੱਸਿਆ ਕਿ ‘ਮਸੀਹ ਰਾਜ ਪੁੱਤ੍ਰ ਵੱਢਿਆ ਜਾਏਗਾ’ ਯਾਨੀ ਉਸ ਨੂੰ ਮਾਰਿਆ ਜਾਵੇਗਾ ਤਾਂਕਿ ਉਹ “ਬੁਰਿਆਈ ਦਾ ਪਰਾਸਚਿਤ ਕਰੇ।” (ਦਾਨੀ. 9:24-26) ਯਸਾਯਾਹ ਨਬੀ ਨੇ ਭਵਿੱਖਬਾਣੀ ਕੀਤੀ ਕਿ ਮਸੀਹਾ ਨੂੰ ਠੁਕਰਾਇਆ ਜਾਵੇਗਾ, ਸਤਾਇਆ ਜਾਵੇਗਾ ਅਤੇ ਘਾਇਲ ਕੀਤਾ ਯਾਨੀ ਮਾਰਿਆ ਜਾਵੇਗਾ ਤਾਂਕਿ ਉਹ ਪਾਪੀ ਇਨਸਾਨਾਂ ਦੇ ਪਾਪਾਂ ਨੂੰ ਆਪਣੇ ਸਿਰ ਲੈ ਸਕੇ।—ਯਸਾ. 53:4, 5, 7.

11. ਯਹੋਵਾਹ ਦੇ ਪੁੱਤਰ ਨੇ ਕਿਨ੍ਹਾਂ ਤਰੀਕਿਆਂ ਨਾਲ ਦਿਖਾਇਆ ਕਿ ਉਹ ਸਾਡੇ ਛੁਟਕਾਰੇ ਵਾਸਤੇ ਕੁਰਬਾਨੀ ਦੇਣ ਲਈ ਤਿਆਰ ਸੀ?

11 ਧਰਤੀ ਉੱਤੇ ਆਉਣ ਤੋਂ ਪਹਿਲਾਂ ਪਰਮੇਸ਼ੁਰ ਦਾ ਇਕਲੌਤਾ ਪੁੱਤਰ ਜਾਣਦਾ ਸੀ ਕਿ ਸਾਡੇ ਛੁਟਕਾਰੇ ਲਈ ਉਸ ਨੂੰ ਕੀ ਕੀਮਤ ਚੁਕਾਉਣੀ ਪੈਣੀ ਸੀ। ਉਸ ਨੇ ਡਾਢੇ ਦੁੱਖ ਸਹਿਣੇ ਸਨ ਤੇ ਫਿਰ ਦਰਦਨਾਕ ਮੌਤ ਮਾਰਿਆ ਜਾਣਾ ਸੀ। ਜਦੋਂ ਉਸ ਦੇ ਪਿਤਾ ਨੇ ਉਸ ਨੂੰ ਇਹ ਸਭ ਕੁਝ ਦੱਸਿਆ, ਤਾਂ ਕੀ ਯਿਸੂ ਆਪਣੇ ਪਿਤਾ ਦੀ ਮਰਜ਼ੀ ਪੂਰੀ ਕਰਨ ਤੋਂ ਪਿੱਛੇ ਹਟ ਗਿਆ ਜਾਂ ਬਾਗ਼ੀ ਹੋ ਗਿਆ? ਨਹੀਂ। ਉਸ ਨੇ ਖ਼ੁਸ਼ੀ-ਖ਼ੁਸ਼ੀ ਪਰਮੇਸ਼ੁਰ ਦੀਆਂ ਹਿਦਾਇਤਾਂ ਮੰਨੀਆਂ। (ਯਸਾ. 50:4-6) ਧਰਤੀ ਉੱਤੇ ਹੁੰਦਿਆਂ ਵੀ ਉਸ ਨੇ ਵਫ਼ਾਦਾਰੀ ਨਾਲ ਆਪਣੇ ਪਿਤਾ ਦੀ ਇੱਛਾ ਪੂਰੀ ਕੀਤੀ। ਕਿਉਂ? ਯਿਸੂ ਨੇ ਇਨ੍ਹਾਂ ਸ਼ਬਦਾਂ ਵਿਚ ਜਵਾਬ ਦਿੱਤਾ: “ਮੈਂ ਪਿਤਾ ਨਾਲ ਪਿਆਰ ਕਰਦਾ ਹਾਂ।” ਉਸ ਨੇ ਇਹ ਵੀ ਕਿਹਾ ਸੀ: “ਏਦੋਂ ਵੱਧ ਪਿਆਰ ਕਿਸੇ ਦਾ ਨਹੀਂ ਹੁੰਦਾ ਜੋ ਆਪਣੀ ਜਾਨ ਆਪਣੇ ਮਿੱਤ੍ਰਾਂ ਦੇ ਬਦਲੇ ਦੇ ਦੇਵੇ।” (ਯੂਹੰ. 14:31; 15:13) ਅਸੀਂ ਕਹਿ ਸਕਦੇ ਹਾਂ ਕਿ ਯਹੋਵਾਹ ਦੇ ਪੁੱਤਰ ਦੇ ਪਿਆਰ ਕਾਰਨ ਹੀ ਸਾਡਾ ਛੁਟਕਾਰਾ ਸੰਭਵ ਹੋਇਆ ਹੈ। ਭਾਵੇਂ ਉਸ ਨੂੰ ਆਪਣਾ ਮੁਕੰਮਲ ਜੀਵਨ ਕੁਰਬਾਨ ਕਰਨਾ ਪਿਆ, ਪਰ ਉਸ ਨੇ ਖ਼ੁਸ਼ੀ-ਖ਼ੁਸ਼ੀ ਇਹ ਕੁਰਬਾਨੀ ਦਿੱਤੀ ਤਾਂਕਿ ਅਸੀਂ ਬਚਾਏ ਜਾਈਏ।

ਸਾਡੇ ਛੁਟਕਾਰੇ ਲਈ ਯਹੋਵਾਹ ਨੂੰ ਕੀ ਕੀਮਤ ਚੁਕਾਉਣੀ ਪਈ

12. ਕੁਰਬਾਨੀ ਦੇਣੀ ਕਿਸ ਦੀ ਮਰਜ਼ੀ ਸੀ ਅਤੇ ਉਸ ਨੇ ਇਹ ਪ੍ਰਬੰਧ ਕਿਉਂ ਕੀਤਾ?

12 ਕੁਰਬਾਨੀ ਦਾ ਪ੍ਰਬੰਧ ਯਿਸੂ ਨੇ ਨਹੀਂ ਸੀ ਕੀਤਾ, ਬਲਕਿ ਯਹੋਵਾਹ ਨੇ ਕੀਤਾ ਸੀ। ਇਹ ਯਹੋਵਾਹ ਦੀ ਇੱਛਾ ਸੀ ਕਿ ਸਾਨੂੰ ਛੁਡਾਉਣ ਲਈ ਕੁਰਬਾਨੀ ਦਿੱਤੀ ਜਾਵੇ। ਪੌਲੁਸ ਰਸੂਲ ਨੇ ਸੰਕੇਤ ਕੀਤਾ ਕਿ ਮੰਦਰ ਦੀ ਜਗਵੇਦੀ ਯਹੋਵਾਹ ਦੀ ਇੱਛਾ ਨੂੰ ਦਰਸਾਉਂਦੀ ਸੀ ਜਿਸ ਉੱਤੇ ਬਲੀਆਂ ਚੜ੍ਹਾਈਆਂ ਜਾਂਦੀਆਂ ਸਨ। (ਇਬ. 10:10) ਸੋ ਯਿਸੂ ਦੀ ਕੁਰਬਾਨੀ ਸਦਕਾ ਮਿਲੇ ਛੁਟਕਾਰੇ ਲਈ ਅਸੀਂ ਯਹੋਵਾਹ ਦੇ ਬਹੁਤ ਅਹਿਸਾਨਮੰਦ ਹਾਂ। (ਲੂਕਾ 1:68) ਇਹ ਕੁਰਬਾਨੀ ਦੇਣੀ ਯਹੋਵਾਹ ਦੀ ਮਰਜ਼ੀ ਸੀ ਅਤੇ ਇਨਸਾਨਾਂ ਲਈ ਉਸ ਦੇ ਗਹਿਰੇ ਪਿਆਰ ਦਾ ਸਬੂਤ ਸੀ।—ਯੂਹੰਨਾ 3:16 ਪੜ੍ਹੋ।

13, 14. ਯਹੋਵਾਹ ਨੇ ਸਾਡੇ ਲਈ ਜੋ ਕੀਤਾ, ਉਸ ਨੂੰ ਸਮਝਣ ਵਿਚ ਅਬਰਾਹਾਮ ਦੀ ਮਿਸਾਲ ਸਾਡੀ ਕਿਵੇਂ ਮਦਦ ਕਰਦੀ ਹੈ?

13 ਸਾਡੇ ਨਾਲ ਇਹੋ ਜਿਹਾ ਪਿਆਰ ਯਹੋਵਾਹ ਨੂੰ ਕਿੰਨਾ ਮਹਿੰਗਾ ਪਿਆ? ਇਹ ਗੱਲ ਅਸੀਂ ਪੂਰੀ ਤਰ੍ਹਾਂ ਨਹੀਂ ਸਮਝ ਸਕਦੇ। ਇਸ ਗੱਲ ਨੂੰ ਕੁਝ ਹੱਦ ਤਕ ਸਮਝਣ ਲਈ ਅਸੀਂ ਬਾਈਬਲ ਦੇ ਇਕ ਬਿਰਤਾਂਤ ’ਤੇ ਗੌਰ ਕਰ ਸਕਦੇ ਹਾਂ। ਯਹੋਵਾਹ ਨੇ ਵਫ਼ਾਦਾਰ ਆਦਮੀ ਅਬਰਾਹਾਮ ਨੂੰ ਕੁਝ ਅਜਿਹਾ ਕਰਨ ਲਈ ਕਿਹਾ ਜੋ ਉਸ ਲਈ ਬਹੁਤ ਮੁਸ਼ਕਲ ਸੀ—ਆਪਣੇ ਪੁੱਤਰ ਇਸਹਾਕ ਦੀ ਬਲੀ ਚੜ੍ਹਾਉਣੀ। ਅਬਰਾਹਾਮ ਇਸਹਾਕ ਨੂੰ ਬਹੁਤ ਪਿਆਰ ਕਰਦਾ ਸੀ। ਯਹੋਵਾਹ ਨੇ ਅਬਰਾਹਾਮ ਨੂੰ ਕਿਹਾ ਕਿ ਇਸਹਾਕ ਉਸ ਦਾ ‘ਇਕਲੌਤਾ ਸੀ ਜਿਸ ਨੂੰ ਉਹ ਪਿਆਰ ਕਰਦਾ ਸੀ।’ (ਉਤ. 22:2) ਇਸ ਦੇ ਬਾਵਜੂਦ, ਅਬਰਾਹਾਮ ਜਾਣਦਾ ਸੀ ਕਿ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਨੀ ਇਸਹਾਕ ਨਾਲ ਪਿਆਰ ਕਰਨ ਨਾਲੋਂ ਜ਼ਿਆਦਾ ਜ਼ਰੂਰੀ ਸੀ। ਅਬਰਾਹਾਮ ਨੇ ਯਹੋਵਾਹ ਦੇ ਕਹਿਣੇ ਅਨੁਸਾਰ ਕੀਤਾ। ਪਰ ਯਹੋਵਾਹ ਨੇ ਅਬਰਾਹਾਮ ਨੂੰ ਉਹ ਕੁਝ ਨਹੀਂ ਕਰਨ ਦਿੱਤਾ ਜੋ ਉਹ ਖ਼ੁਦ ਇਕ ਦਿਨ ਕਰਨ ਵਾਲਾ ਸੀ। ਅਬਰਾਹਾਮ ਆਪਣੇ ਮੁੰਡੇ ਦੀ ਬਲੀ ਚੜ੍ਹਾਉਣ ਹੀ ਲੱਗਾ ਸੀ ਕਿ ਪਰਮੇਸ਼ੁਰ ਨੇ ਆਪਣਾ ਦੂਤ ਘੱਲ ਕੇ ਉਸ ਨੂੰ ਰੋਕ ਦਿੱਤਾ। ਇਸ ਪਰੀਖਿਆ ਦੇ ਬਾਵਜੂਦ ਵੀ ਅਬਰਾਹਾਮ ਪਰਮੇਸ਼ੁਰ ਦਾ ਕਹਿਣਾ ਮੰਨਣ ਲਈ ਤਿਆਰ ਸੀ ਅਤੇ ਪੱਕਾ ਵਿਸ਼ਵਾਸ ਰੱਖਦਾ ਸੀ ਕਿ ਉਹ ਆਪਣੇ ਜਵਾਨ ਮੁੰਡੇ ਨੂੰ ਦੇਖੇਗਾ ਜਦੋਂ ਪਰਮੇਸ਼ੁਰ ਉਸ ਨੂੰ ਜੀ ਉਠਾਵੇਗਾ। ਦਰਅਸਲ, ਪੌਲੁਸ ਨੇ ਕਿਹਾ ਕਿ ਅਬਰਾਹਾਮ ਨੂੰ ਇਸਹਾਕ “ਮੌਤ ਦੇ ਮੂੰਹ ਵਿਚੋਂ ਹੀ ਮਿਲਿਆ ਸੀ।”—ਇਬ. 11:19, CL.

14 ਕੀ ਤੁਸੀਂ ਅਬਰਾਹਾਮ ਦੇ ਦੁੱਖ ਨੂੰ ਸਮਝ ਸਕਦੇ ਹੋ ਜਦੋਂ ਉਹ ਆਪਣੇ ਪੁੱਤਰ ਦੀ ਕੁਰਬਾਨੀ ਦੇਣ ਦੀ ਤਿਆਰੀ ਕਰ ਰਿਹਾ ਸੀ? ਅਬਰਾਹਾਮ ਦੇ ਇਸ ਅਨੁਭਵ ਤੋਂ ਅਸੀਂ ਦੇਖ ਸਕਦੇ ਹਾਂ ਕਿ ਯਹੋਵਾਹ ਨੂੰ ਕਿੰਨਾ ਦੁੱਖ ਹੋਇਆ ਹੋਣਾ ਜਦੋਂ ਉਸ ਨੇ ਉਸ ਪੁੱਤਰ ਦੀ ਕੁਰਬਾਨੀ ਦਿੱਤੀ ਜਿਸ ਨੂੰ ਉਸ ਨੇ “ਮੇਰਾ ਪਿਆਰਾ ਪੁੱਤ੍ਰ” ਆਖਿਆ ਸੀ। (ਮੱਤੀ 3:17) ਪਰ ਯਾਦ ਰੱਖੋ ਕਿ ਯਹੋਵਾਹ ਦਾ ਦਰਦ ਕਈ ਗੁਣਾ ਜ਼ਿਆਦਾ ਸੀ। ਉਸ ਨੇ ਆਪਣੇ ਪੁੱਤਰ ਨਾਲ ਅਣਗਿਣਤ ਕਰੋੜਾਂ ਸਾਲ, ਸ਼ਾਇਦ ਅਰਬਾਂ ਹੀ ਸਾਲ ਖ਼ੁਸ਼ੀ-ਖ਼ੁਸ਼ੀ ਗੁਜ਼ਾਰੇ ਹੋਣੇ! ਪੁੱਤਰ ਨੇ ਖ਼ੁਸ਼ੀ ਨਾਲ ਆਪਣੇ ਪਿਤਾ ਨਾਲ “ਰਾਜ ਮਿਸਤਰੀ” ਅਤੇ “ਸ਼ਬਦ” ਯਾਨੀ ਬੁਲਾਰੇ ਦੇ ਤੌਰ ਤੇ ਕੰਮ ਕੀਤਾ। (ਕਹਾ. 8:22, 30, 31; ਯੂਹੰ. 1:1) ਜਦੋਂ ਉਸ ਦੇ ਪੁੱਤਰ ਨੂੰ ਮਾਰਿਆ-ਕੁੱਟਿਆ ਗਿਆ, ਉਸ ਦੀ ਖਿੱਲੀ ਉਡਾਈ ਗਈ ਤੇ ਫਿਰ ਅਪਰਾਧੀ ਵਜੋਂ ਸਲੀਬ ਉੱਤੇ ਚਾੜ੍ਹ ਕੇ ਮਾਰਿਆ ਗਿਆ, ਤਾਂ ਇਹ ਦੇਖ ਕੇ ਯਹੋਵਾਹ ਕਿੰਨਾ ਦੁਖੀ ਹੋਇਆ ਹੋਣਾ, ਅਸੀਂ ਸੋਚ ਵੀ ਨਹੀਂ ਸਕਦੇ। ਦਰਅਸਲ, ਸਾਨੂੰ ਛੁਡਾਉਣ ਲਈ ਯਹੋਵਾਹ ਨੂੰ ਬਹੁਤ ਭਾਰੀ ਕੀਮਤ ਚੁਕਾਉਣੀ ਪਈ! ਸੋ ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਇਸ ਛੁਟਕਾਰੇ ਦੀ ਕਦਰ ਕਰਦੇ ਹਾਂ?

ਤੁਸੀਂ ਕਿਵੇਂ ਦਿਖਾ ਸਕਦੇ ਹੋ ਕਿ ਤੁਸੀਂ ਛੁਟਕਾਰੇ ਦੀ ਕਦਰ ਕਰਦੇ ਹੋ?

15. ਯਿਸੂ ਨੇ ਪ੍ਰਾਸਚਿਤ ਦਾ ਕੰਮ ਕਿਵੇਂ ਪੂਰਾ ਕੀਤਾ ਤੇ ਇਸ ਨਾਲ ਕੀ ਸੰਭਵ ਹੋਇਆ?

15 ਜੀ ਉੱਠਣ ਤੋਂ ਬਾਅਦ ਯਿਸੂ ਨੇ ਇਨਸਾਨਾਂ ਲਈ ਪ੍ਰਾਸਚਿਤ ਦਾ ਕੰਮ ਪੂਰਾ ਕਰ ਦਿੱਤਾ। ਸਵਰਗ ਜਾ ਕੇ ਉਸ ਨੇ ਆਪਣੇ ਪਿਆਰੇ ਪਿਤਾ ਅੱਗੇ ਆਪਣੀ ਕੁਰਬਾਨੀ ਦੀ ਕੀਮਤ ਪੇਸ਼ ਕੀਤੀ। ਉਸ ਤੋਂ ਬਾਅਦ ਇਨਸਾਨਾਂ ਨੂੰ ਬਰਕਤਾਂ ਮਿਲਣ ਲੱਗੀਆਂ। ਉਨ੍ਹਾਂ ਨੂੰ ਪਾਪਾਂ ਦੀ ਪੂਰੀ ਤਰ੍ਹਾਂ ਮਾਫ਼ੀ ਮਿਲਣ ਲੱਗੀ। ਪਹਿਲਾਂ ਮਸੀਹ ਦੇ ਮਸਹ ਕੀਤੇ ਹੋਏ ਭਰਾਵਾਂ ਦੇ ਪਾਪ ਮਾਫ਼ ਕੀਤੇ ਗਏ, ਫਿਰ “ਸਾਰੇ ਸੰਸਾਰ” ਦੇ ਪਾਪ ਮਾਫ਼ ਕੀਤੇ ਜਾਣ ਲੱਗੇ। ਯਿਸੂ ਦੀ ਕੁਰਬਾਨੀ ਸਦਕਾ ਅੱਜ ਜਿਹੜੇ ਲੋਕ ਦਿਲੋਂ ਆਪਣੇ ਪਾਪਾਂ ਦੀ ਤੋਬਾ ਕਰ ਕੇ ਮਸੀਹ ਦੇ ਸੱਚੇ ਚੇਲੇ ਬਣ ਜਾਂਦੇ ਹਨ, ਉਹ ਯਹੋਵਾਹ ਦੇ ਅੱਗੇ ਸ਼ੁੱਧ ਹਨ ਤੇ ਉਸ ਨਾਲ ਕਰੀਬੀ ਰਿਸ਼ਤਾ ਜੋੜ ਸਕਦੇ ਹਨ। (1 ਯੂਹੰ. 2:2) ਪਰ ਤੁਸੀਂ ਕਿਵੇਂ ਲਾਭ ਉਠਾ ਸਕਦੇ ਹੋ?

16. ਉਦਾਹਰਣ ਦੇ ਕੇ ਸਮਝਾਓ ਕਿ ਯਹੋਵਾਹ ਵੱਲੋਂ ਦਿਵਾਏ ਛੁਟਕਾਰੇ ਦੀ ਸਾਨੂੰ ਕਿਉਂ ਕਦਰ ਕਰਨੀ ਚਾਹੀਦੀ ਹੈ?

16 ਆਓ ਅਸੀਂ ਇਸ ਲੇਖ ਦੇ ਸ਼ੁਰੂ ਵਿਚ ਦਿੱਤੀ ਉਦਾਹਰਣ ’ਤੇ ਮੁੜ ਗੌਰ ਕਰੀਏ। ਫ਼ਰਜ਼ ਕਰੋ ਕਿ ਜਿਹੜੇ ਡਾਕਟਰ ਨੇ ਬੀਮਾਰੀ ਦਾ ਇਲਾਜ ਲੱਭਿਆ ਸੀ, ਉਹ ਤੁਹਾਡੇ ਵਾਰਡ ਦੇ ਮਰੀਜ਼ਾਂ ਕੋਲ ਆ ਕੇ ਕਹਿੰਦਾ ਹੈ: ਜਿਹੜਾ ਵੀ ਮਰੀਜ਼ ਇਲਾਜ ਕਰਾਉਣ ਲਈ ਤਿਆਰ ਹੈ ਤੇ ਡਾਕਟਰ ਦੀਆਂ ਹਿਦਾਇਤਾਂ ਅਨੁਸਾਰ ਵਕਤ ਸਿਰ ਦਵਾਈ ਲਵੇਗਾ, ਉਹ ਠੀਕ ਹੋ ਜਾਵੇਗਾ। ਪਰ ਉਦੋਂ ਕੀ ਜੇ ਤੁਹਾਡੇ ਨਾਲ ਦੇ ਜ਼ਿਆਦਾਤਰ ਮਰੀਜ਼ ਡਾਕਟਰ ਦੀਆਂ ਹਿਦਾਇਤਾਂ ’ਤੇ ਚੱਲਣ ਤੋਂ ਇਨਕਾਰ ਕਰਦੇ ਹਨ ਤੇ ਕਹਿੰਦੇ ਹਨ ਕਿ ਨੇਮ ਨਾਲ ਦਵਾਈ ਖਾਣੀ ਬਹੁਤ ਮੁਸ਼ਕਲ ਹੈ? ਕੀ ਤੁਸੀਂ ਉਨ੍ਹਾਂ ਦੀ ਸੁਣੋਗੇ ਭਾਵੇਂ ਕਿ ਤੁਹਾਡੇ ਕੋਲ ਠੋਸ ਸਬੂਤ ਹੈ ਕਿ ਇਲਾਜ ਕੰਮ ਕਰਦਾ ਹੈ? ਹਰਗਿਜ਼ ਨਹੀਂ! ਤੁਸੀਂ ਪਹਿਲਾਂ ਤਾਂ ਇਲਾਜ ਲੱਭਣ ਵਾਲੇ ਡਾਕਟਰ ਦਾ ਸ਼ੁਕਰੀਆ ਅਦਾ ਕਰੋਗੇ ਅਤੇ ਫਿਰ ਧਿਆਨ ਨਾਲ ਉਸ ਦੀਆਂ ਹਿਦਾਇਤਾਂ ਉੱਤੇ ਚੱਲੋਗੇ ਤੇ ਸ਼ਾਇਦ ਤੁਸੀਂ ਇਲਾਜ ਬਾਰੇ ਦੂਸਰਿਆਂ ਨੂੰ ਵੀ ਦੱਸੋਗੇ। ਇਸੇ ਤਰ੍ਹਾਂ ਸਾਨੂੰ ਵੀ ਯਹੋਵਾਹ ਦੇ ਕਿੰਨੇ ਅਹਿਸਾਨਮੰਦ ਹੋਣਾ ਚਾਹੀਦਾ ਹੈ ਕਿ ਉਸ ਨੇ ਸਾਡੇ ਵਾਸਤੇ ਆਪਣੇ ਪੁੱਤਰ ਦੀ ਕੁਰਬਾਨੀ ਦੇ ਕੇ ਸਾਨੂੰ ਛੁਟਕਾਰਾ ਦਿਵਾਇਆ ਹੈ।ਰੋਮੀਆਂ 6:17, 18 ਪੜ੍ਹੋ।

17. ਯਹੋਵਾਹ ਨੇ ਤੁਹਾਡੇ ਲਈ ਜੋ ਕੀਤਾ, ਉਸ ਲਈ ਤੁਸੀਂ ਕਿਨ੍ਹਾਂ ਤਰੀਕਿਆਂ ਨਾਲ ਕਦਰਦਾਨੀ ਜ਼ਾਹਰ ਕਰ ਸਕਦੇ ਹੋ?

17 ਜੇ ਅਸੀਂ ਕਦਰ ਕਰਦੇ ਹਾਂ ਕਿ ਯਹੋਵਾਹ ਤੇ ਉਸ ਦੇ ਪੁੱਤਰ ਨੇ ਸਾਨੂੰ ਪਾਪ ਤੇ ਮੌਤ ਤੋਂ ਛੁਟਕਾਰਾ ਦਿਵਾਉਣ ਲਈ ਬਹੁਤ ਕੁਝ ਕੀਤਾ, ਤਾਂ ਅਸੀਂ ਇਹ ਕਦਰ ਆਪਣੇ ਕੰਮਾਂ ਰਾਹੀਂ ਦਿਖਾਵਾਂਗੇ। (1 ਯੂਹੰ. 5:3) ਅਸੀਂ ਗ਼ਲਤ ਕੰਮ ਕਰਨ ਤੋਂ ਪਰਹੇਜ਼ ਕਰਾਂਗੇ। ਅਸੀਂ ਨਾ ਹੀ ਜਾਣ-ਬੁੱਝ ਕੇ ਪਾਪ ਕਰਦੇ ਰਹਾਂਗੇ ਤੇ ਨਾ ਹੀ ਦੂਹਰੀ ਜ਼ਿੰਦਗੀ ਜੀਵਾਂਗੇ। ਜੇ ਅਸੀਂ ਘਟੀਆ ਜ਼ਿੰਦਗੀ ਜੀਉਂਦੇ ਹਾਂ, ਤਾਂ ਅਸੀਂ ਮਾਨੋ ਕਹਿ ਰਹੇ ਹੋਵਾਂਗੇ ਕਿ ਸਾਨੂੰ ਯਿਸੂ ਦੀ ਕੁਰਬਾਨੀ ਦੀ ਕੋਈ ਕਦਰ ਨਹੀਂ। ਇਸ ਦੀ ਬਜਾਇ, ਅਸੀਂ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸ਼ੁੱਧ ਰਹਿਣ ਦਾ ਜਤਨ ਕਰ ਕੇ ਕਦਰਦਾਨੀ ਜ਼ਾਹਰ ਕਰਾਂਗੇ। (2 ਪਤ. 3:14) ਅਸੀਂ ਛੁਟਕਾਰੇ ਬਾਰੇ ਦੂਜਿਆਂ ਨੂੰ ਦੱਸਾਂਗੇ ਤਾਂਕਿ ਉਹ ਵੀ ਯਹੋਵਾਹ ਦੀਆਂ ਨਜ਼ਰਾਂ ਵਿਚ ਸ਼ੁੱਧ ਰਹਿ ਕੇ ਸਦਾ ਦੀ ਜ਼ਿੰਦਗੀ ਦੀ ਉਮੀਦ ਰੱਖ ਸਕਣ। (1 ਤਿਮੋ. 4:16) ਯਹੋਵਾਹ ਅਤੇ ਉਸ ਦੇ ਪੁੱਤਰ ਦਾ ਇਹ ਹੱਕ ਬਣਦਾ ਹੈ ਕਿ ਅਸੀਂ ਉਨ੍ਹਾਂ ਦੀ ਵਡਿਆਈ ਕਰਨ ਵਿਚ ਆਪਣਾ ਸਮਾਂ ਤੇ ਤਾਕਤ ਲਾਈਏ! (ਮਰ. 12:28-30) ਜ਼ਰਾ ਸੋਚੋ, ਆਉਣ ਵਾਲੇ ਸਮੇਂ ਵਿਚ ਅਸੀਂ ਪਾਪ ਦੇ ਰੋਗ ਤੋਂ ਮੁਕਤ ਹੋ ਜਾਵਾਂਗੇ! ਅਸੀਂ ਉਸ ਜ਼ਿੰਦਗੀ ਦਾ ਮਜ਼ਾ ਲਵਾਂਗੇ ਜੋ ਪਰਮੇਸ਼ੁਰ ਸਾਨੂੰ ਦੇਣੀ ਚਾਹੁੰਦਾ ਸੀ—ਦੁੱਖਾਂ ਤੋਂ ਬਿਨਾਂ ਖ਼ੁਸ਼ੀਆਂ ਭਰੀ ਸਦਾ ਦੀ ਜ਼ਿੰਦਗੀ। ਇਹ ਜ਼ਿੰਦਗੀ ਤਾਂ ਹੀ ਮਿਲਣੀ ਸੰਭਵ ਹੋਈ ਕਿਉਂਕਿ ਯਹੋਵਾਹ ਨੇ ਸਾਡੇ ਛੁਟਕਾਰੇ ਵਾਸਤੇ ਆਪਣਾ ਪੁੱਤਰ ਵਾਰ ਦਿੱਤਾ!—ਰੋਮੀ. 8:21.

[ਫੁਟਨੋਟ]

^ ਪੈਰਾ 3 ਕਿਹਾ ਜਾਂਦਾ ਹੈ ਕਿ ਸਪੈਨਿਸ਼ ਇਨਫਲੂਐਂਜ਼ਾ ਤੋਂ ਦੁਨੀਆਂ ਦੀ ਕੁੱਲ ਆਬਾਦੀ ਦੇ 20 ਤੋਂ 50 ਪ੍ਰਤਿਸ਼ਤ ਲੋਕ ਪੀੜਿਤ ਸਨ। ਇਨ੍ਹਾਂ ਵਿੱਚੋਂ 1 ਤੋਂ 10 ਪ੍ਰਤਿਸ਼ਤ ਲੋਕਾਂ ਨੂੰ ਇਸ ਬੀਮਾਰੀ ਦੇ ਵਾਇਰਸ ਨੇ ਮੌਤ ਦੇ ਘਾਟ ਉਤਾਰਿਆ। ਇਸ ਦੀ ਤੁਲਨਾ ਵਿਚ, ਈਬੋਲਾ ਵਾਇਰਸ ਤੋਂ ਇੰਨੇ ਜ਼ਿਆਦਾ ਲੋਕੀ ਪ੍ਰਭਾਵਿਤ ਨਹੀਂ ਹੁੰਦੇ, ਪਰ ਜਿਹੜੇ ਲੋਕ ਇਸ ਦੇ ਸ਼ਿਕਾਰ ਹੋਏ, ਉਨ੍ਹਾਂ ਵਿੱਚੋਂ 90 ਪ੍ਰਤਿਸ਼ਤ ਲੋਕ ਮਰ ਗਏ।

ਤੁਸੀਂ ਕਿਵੇਂ ਜਵਾਬ ਦਿਓਗੇ?

• ਤੁਹਾਨੂੰ ਛੁਟਕਾਰੇ ਦੀ ਇੰਨੀ ਲੋੜ ਕਿਉਂ ਹੈ?

• ਯਿਸੂ ਨੇ ਜੋ ਕੁਝ ਕੁਰਬਾਨ ਕੀਤਾ, ਉਸ ਦਾ ਤੁਹਾਡੇ ਉੱਤੇ ਕੀ ਅਸਰ ਪੈਂਦਾ ਹੈ?

• ਯਹੋਵਾਹ ਨੇ ਜੋ ਕੁਰਬਾਨੀ ਦਿੱਤੀ, ਉਸ ਬਾਰੇ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ?

• ਛੁਟਕਾਰੇ ਲਈ ਕੀਤੇ ਯਹੋਵਾਹ ਦੇ ਪ੍ਰਬੰਧਾਂ ਅਨੁਸਾਰ ਚੱਲਣ ਲਈ ਤੁਸੀਂ ਕੀ ਕਰਨ ਦੀ ਠਾਣੀ ਹੈ?

[ਸਵਾਲ]

[ਸਫ਼ਾ 27 ਉੱਤੇ ਤਸਵੀਰ]

ਪ੍ਰਾਸਚਿਤ ਦੇ ਦਿਨ ਇਸਰਾਏਲ ਦਾ ਪ੍ਰਧਾਨ ਜਾਜਕ ਮਸੀਹਾ ਨੂੰ ਦਰਸਾਉਂਦਾ ਸੀ

[ਸਫ਼ਾ 28 ਉੱਤੇ ਤਸਵੀਰ]

ਅਬਰਾਹਾਮ ਆਪਣਾ ਪੁੱਤਰ ਕੁਰਬਾਨ ਕਰਨ ਲਈ ਤਿਆਰ ਸੀ ਜਿਸ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਨੇ ਕਿੰਨੀ ਵੱਡੀ ਕੁਰਬਾਨੀ ਕੀਤੀ