Skip to content

Skip to table of contents

ਕੀ ਤੁਸੀਂ ਨੀਂਹ ਉੱਤੇ ‘ਗੱਡੇ ਅਤੇ ਠੁੱਕੇ’ ਹੋਏ ਹੋ?

ਕੀ ਤੁਸੀਂ ਨੀਂਹ ਉੱਤੇ ‘ਗੱਡੇ ਅਤੇ ਠੁੱਕੇ’ ਹੋਏ ਹੋ?

ਕੀ ਤੁਸੀਂ ਨੀਂਹ ਉੱਤੇ ‘ਗੱਡੇ ਅਤੇ ਠੁੱਕੇ’ ਹੋਏ ਹੋ?

ਕੀ ਤੁਸੀਂ ਇਕ ਵੱਡੇ ਸਾਰੇ ਦਰਖ਼ਤ ਨੂੰ ਤੇਜ਼ ਹਵਾਵਾਂ ਦੇ ਥਪੇੜਿਆਂ ਨੂੰ ਸਹਿੰਦੇ ਹੋਏ ਦੇਖਿਆ ਹੈ? ਦਰਖ਼ਤ ਤੇਜ਼ ਹਵਾਵਾਂ ਦੀ ਜ਼ੋਰਦਾਰ ਮਾਰ ਸਹਿੰਦਾ ਹੋਇਆ ਵੀ ਖੜ੍ਹਾ ਰਹਿੰਦਾ ਹੈ। ਕਿਉਂ? ਕਿਉਂਕਿ ਜ਼ਮੀਨ ਵਿਚ ਉਸ ਨੇ ਮਜ਼ਬੂਤੀ ਨਾਲ ਜੜ੍ਹਾਂ ਫੜੀਆਂ ਹੁੰਦੀਆਂ ਹਨ। ਅਸੀਂ ਵੀ ਉਸ ਦਰਖ਼ਤ ਵਾਂਗ ਹੋ ਸਕਦੇ ਹਾਂ। ਜਦੋਂ ਸਾਡੀ ਜ਼ਿੰਦਗੀ ਵਿਚ ਤੂਫ਼ਾਨ ਵਰਗੀਆਂ ਮੁਸ਼ਕਲਾਂ ਆਉਂਦੀਆਂ ਹਨ, ਤਾਂ ਅਸੀਂ ਵੀ ਇਨ੍ਹਾਂ ਦਾ ਸਾਮ੍ਹਣਾ ਕਰ ਸਕਦੇ ਹਾਂ ਜੇ ਅਸੀਂ ਨੀਂਹ ਉੱਤੇ ‘ਗੱਡੇ ਤੇ ਠੁੱਕੇ’ ਹੋਏ ਹਾਂ। (ਅਫ਼. 3:14-17) ਪਰ ਇਹ ਨੀਂਹ ਹੈ ਕੀ?

ਪਰਮੇਸ਼ੁਰ ਦਾ ਬਚਨ ਦੱਸਦਾ ਹੈ ਕਿ ਮਸੀਹੀ ਕਲੀਸਿਯਾ ਵਿਚ ਨੀਂਹ ਦੇ “ਖੂੰਜੇ ਦਾ ਪੱਥਰ ਆਪ ਮਸੀਹ ਯਿਸੂ ਹੈ।” (ਅਫ਼. 2:20; 1 ਕੁਰਿੰ. 3:11) ਮਸੀਹੀਆਂ ਨੂੰ ਹੱਲਾਸ਼ੇਰੀ ਦਿੱਤੀ ਗਈ ਹੈ ਕਿ ਉਹ ‘ਉਹ ਦੇ ਵਿੱਚ ਚੱਲਦੇ ਜਾਣ ਅਤੇ ਜੜ੍ਹ ਫੜ ਕੇ ਉਹ ਦੇ ਉੱਤੇ ਉਸਰਨ ਅਤੇ ਆਪਣੀ ਨਿਹਚਾ ਵਿੱਚ ਦ੍ਰਿੜ੍ਹ ਹੋਣ।’ ਜੇ ਅਸੀਂ ਇੱਦਾਂ ਕਰਦੇ ਹਾਂ, ਤਾਂ ਅਸੀਂ ਨਿਹਚਾ ਨੂੰ ਕਮਜ਼ੋਰ ਕਰਨ ਵਾਲੇ ਸਾਰਿਆਂ ਹਮਲਿਆਂ ਦਾ ਸਾਮ੍ਹਣਾ ਕਰ ਸਕਾਂਗੇ। ਇਨ੍ਹਾਂ ਵਿਚ ਉਹ ਹਮਲੇ ਵੀ ਹਨ ਜੋ ਮਨੁੱਖਾਂ ਦੀ “ਲਾਗ ਲਪੇਟ” ਉੱਤੇ ਆਧਾਰਿਤ “ਭੋਟਣੀਆਂ ਗੱਲਾਂ” ਦੇ ਰੂਪ ਵਿਚ ਸਾਡੇ ’ਤੇ ਕੀਤੇ ਜਾਂਦੇ ਹਨ।—ਕੁਲੁ. 2:4-8.

“ਚੁੜਾਈ, ਲੰਬਾਈ, ਉਚਾਈ ਅਤੇ ਡੁੰਘਾਈ”

ਪਰ ਅਸੀਂ ਕਿਵੇਂ ‘ਨਿਹਚਾ ਵਿੱਚ ਗੱਡੇ ਹੋਏ ਤੇ ਦ੍ਰਿੜ੍ਹ’ ਰਹਿ ਸਕਦੇ ਹਾਂ? ਸੱਚਾਈ ਵਿਚ ਜੜ੍ਹ ਫੜਨ ਦਾ ਇਕ ਤਰੀਕਾ ਹੈ ਲਗਨ ਨਾਲ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਨਾ। ਯਹੋਵਾਹ ਚਾਹੁੰਦਾ ਹੈ ਕਿ ਅਸੀਂ ‘ਸਾਰੇ ਸੰਤਾਂ ਸਣੇ ਇਸ ਗੱਲ ਨੂੰ ਚੰਗੀ ਤਰਾਂ ਸਮਝ ਸੱਕੀਏ ਭਈ ਸੱਚਾਈ ਦੀ ਚੁੜਾਈ, ਲੰਬਾਈ, ਉਚਾਈ ਅਤੇ ਡੁੰਘਾਈ ਕਿੰਨੀ ਹੈ।’ (ਅਫ਼. 3:18) ਕੋਈ ਵੀ ਮਸੀਹੀ ਇਹ ਨਹੀਂ ਚਾਹੇਗਾ ਕਿ ਉਸ ਨੂੰ ਪਰਮੇਸ਼ੁਰ ਦੇ ਬਚਨ ਦੀ ਸਿਰਫ਼ ਥੋੜ੍ਹੀ ਜਿਹੀ ਸਮਝ ਹੋਵੇ ਅਤੇ “ਮੂਲ” ਗੱਲਾਂ ਨੂੰ ਜਾਣ ਕੇ ਹੀ ਖ਼ੁਸ਼ ਹੋਵੇ। (ਇਬ. 5:12; 6:1) ਇਸ ਦੀ ਬਜਾਇ, ਸਾਨੂੰ ਸਾਰਿਆਂ ਨੂੰ ਬਾਈਬਲ ਦੀਆਂ ਸੱਚਾਈਆਂ ਦੀ ਆਪਣੀ ਸਮਝ ਨੂੰ ਹੋਰ ਵਧਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।—ਕਹਾ. 2:1-5.

ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਸੱਚਾਈ ਵਿਚ ‘ਗੱਡੇ ਅਤੇ ਠੁੱਕੇ’ ਹੋਏ ਹੋਣ ਲਈ ਸਾਡੇ ਕੋਲ ਗਿਆਨ ਦਾ ਭੰਡਾਰ ਹੋਣਾ ਚਾਹੀਦਾ ਹੈ। ਗਿਆਨ ਹੋਣਾ ਹੀ ਕਾਫ਼ੀ ਨਹੀਂ ਹੈ ਕਿਉਂਕਿ ਅਸੀਂ ਜਾਣਦੇ ਹਾਂ ਕਿ ਸ਼ਤਾਨ ਨੂੰ ਵੀ ਪਤਾ ਹੈ ਕਿ ਬਾਈਬਲ ਵਿਚ ਕੀ ਕੁਝ ਲਿਖਿਆ ਹੈ। ਸਾਨੂੰ ਕੁਝ ਹੋਰ ਵੀ ਕਰਨ ਦੀ ਲੋੜ ਹੈ। ਸਾਨੂੰ ‘ਮਸੀਹ ਦੇ ਪ੍ਰੇਮ ਨੂੰ ਜੋ ਗਿਆਨ ਤੋਂ ਪਰੇ ਹੈ ਚੰਗੀ ਤਰਾਂ ਜਾਣਨ’ ਦੀ ਲੋੜ ਹੈ। (ਅਫ਼. 3:19) ਜਦੋਂ ਅਸੀਂ ਯਹੋਵਾਹ ਅਤੇ ਸੱਚਾਈ ਨਾਲ ਪਿਆਰ ਦੀ ਖ਼ਾਤਰ ਅਧਿਐਨ ਕਰਦੇ ਹਾਂ, ਤਾਂ ਪਰਮੇਸ਼ੁਰ ਦੇ ਬਚਨ ਦਾ ਸਹੀ ਗਿਆਨ ਲੈ ਕੇ ਸਾਡੀ ਨਿਹਚਾ ਮਜ਼ਬੂਤ ਹੋਵੇਗੀ।—ਕੁਲੁ. 2:2.

ਆਪਣੀ ਸਮਝ ਪਰਖੋ

ਕਿਉਂ ਨਾ ਹੁਣੇ ਆਪਣੀ ਸਮਝ ਪਰਖੋ ਕਿ ਤੁਹਾਨੂੰ ਬਾਈਬਲ ਦੀਆਂ ਕੁਝ ਅਹਿਮ ਸੱਚਾਈਆਂ ਬਾਰੇ ਕਿੰਨਾ ਕੁ ਪਤਾ ਹੈ? ਇੱਦਾਂ ਕਰਨ ਨਾਲ ਤੁਸੀਂ ਸ਼ਾਇਦ ਹੋਰ ਵੀ ਮਿਹਨਤ ਨਾਲ ਨਿੱਜੀ ਬਾਈਬਲ ਅਧਿਐਨ ਕਰ ਸਕੋਗੇ। ਮਿਸਾਲ ਲਈ, ਅਫ਼ਸੀਆਂ ਨੂੰ ਲਿਖੀ ਪੌਲੁਸ ਰਸੂਲ ਦੀ ਚਿੱਠੀ ਦੇ ਸ਼ੁਰੂ ਵਿਚ ਦੱਸੀਆਂ ਆਇਤਾਂ ਨੂੰ ਪੜ੍ਹੋ। (“ਅਫ਼ਸੀਆਂ ਨੂੰ” ਨਾਮਕ ਡੱਬੀ ਦੇਖੋ।) ਆਇਤਾਂ ਨੂੰ ਪੜ੍ਹਨ ਤੋਂ ਬਾਅਦ ਆਪਣੇ ਤੋਂ ਪੁੱਛੋ, ‘ਕੀ ਮੈਂ ਉਨ੍ਹਾਂ ਲਫ਼ਜ਼ਾਂ ਦਾ ਮਤਲਬ ਸਮਝਦਾ ਹਾਂ ਜੋ ਡੱਬੀ ਵਿਚ ਟੇਢੇ ਦਿਖਾਏ ਗਏ ਹਨ?’ ਹੁਣ ਆਓ ਆਪਾਂ ਇਨ੍ਹਾਂ ਲਫ਼ਜ਼ਾਂ ’ਤੇ ਵਿਚਾਰ ਕਰੀਏ।

“ਜਗਤ ਦੀ ਨੀਂਹ ਧਰਨ ਤੋਂ ਅੱਗੋਂ ਹੀ” ਚੁਣੇ ਗਏ

ਪੌਲੁਸ ਨੇ ਮਸੀਹੀਆਂ ਨੂੰ ਲਿਖਿਆ: “[ਪਰਮੇਸ਼ੁਰ] ਨੇ ਯਿਸੂ ਮਸੀਹ ਦੇ ਰਾਹੀਂ ਆਪਣੇ ਲਈ ਸਾਨੂੰ ਲੇਪਾਲਕ ਪੁੱਤ੍ਰ ਹੋਣ ਨੂੰ ਅੱਗੋਂ ਹੀ ਠਹਿਰਾਇਆ।” ਦਰਅਸਲ, ਯਹੋਵਾਹ ਨੇ ਪਹਿਲਾਂ ਤੋਂ ਤੈਅ ਕਰ ਲਿਆ ਸੀ ਕਿ ਉਹ ਕੁਝ ਇਨਸਾਨਾਂ ਨੂੰ ਆਪਣੇ ਪੁੱਤਰਾਂ ਵਜੋਂ ਗੋਦ ਲਵੇਗਾ ਤਾਂਕਿ ਉਹ ਉਸ ਦੇ ਸਵਰਗੀ ਪਰਿਵਾਰ ਦੇ ਮੈਂਬਰ ਬਣ ਸਕਣ। ਪਰਮੇਸ਼ੁਰ ਦੇ ਇਹ ਪੁੱਤਰ ਮਸੀਹ ਨਾਲ ਰਾਜਿਆਂ ਤੇ ਜਾਜਕਾਂ ਵਜੋਂ ਰਾਜ ਕਰਨਗੇ। (ਰੋਮੀ. 8:19-23; ਪਰ. 5:9, 10) ਜਦੋਂ ਸ਼ਤਾਨ ਨੇ ਯਹੋਵਾਹ ਦੇ ਰਾਜ ਕਰਨ ਦੇ ਹੱਕ ਨੂੰ ਲਲਕਾਰਿਆ ਸੀ, ਤਾਂ ਉਸ ਦੇ ਕਹਿਣ ਦਾ ਮਤਲਬ ਸੀ ਕਿ ਪਰਮੇਸ਼ੁਰ ਨੇ ਇਨਸਾਨਾਂ ਨੂੰ ਚੰਗੀ ਤਰ੍ਹਾਂ ਨਹੀਂ ਬਣਾਇਆ। ਫਿਰ ਵੀ ਯਹੋਵਾਹ ਨੇ ਉਸੇ ਮਨੁੱਖਜਾਤੀ ਵਿੱਚੋਂ ਕੁਝ ਜਣਿਆਂ ਨੂੰ ਚੁਣਿਆ ਤਾਂਕਿ ਇਹ ਮਨੁੱਖ ਵਿਸ਼ਵ ਵਿਚ ਹੁੰਦੀ ਹਰ ਕਿਸਮ ਦੀ ਬੁਰਾਈ ਤੇ ਇਸ ਬੁਰਾਈ ਦੀ ਜੜ੍ਹ ਸ਼ਤਾਨ ਦਾ ਖੁਰਾ-ਖੋਜ ਮਿਟਾ ਸਕਣ! ਪਰ ਯਹੋਵਾਹ ਨੇ ਪਹਿਲਾਂ ਤੋਂ ਇਹ ਤੈਅ ਨਹੀਂ ਕੀਤਾ ਸੀ ਕਿ ਉਹ ਕਿਹੜੇ-ਕਿਹੜੇ ਇਨਸਾਨ ਨੂੰ ਆਪਣੇ ਪੁੱਤਰ ਵਜੋਂ ਗੋਦ ਲਵੇਗਾ। ਇਸ ਦੀ ਬਜਾਇ, ਯਹੋਵਾਹ ਨੇ ਪੱਕਾ ਕੀਤਾ ਕਿ ਇਨਸਾਨਾਂ ਦਾ ਇਕ ਸਮੂਹ ਸਵਰਗ ਵਿਚ ਮਸੀਹ ਨਾਲ ਰਾਜ ਕਰੇਗਾ।—ਪਰ. 14:3, 4.

ਜਦੋਂ ਪੌਲੁਸ ਨੇ ਆਪਣੇ ਜ਼ਮਾਨੇ ਦੇ ਮਸੀਹੀਆਂ ਨੂੰ ਲਿਖਿਆ ਸੀ ਕਿ ਉਨ੍ਹਾਂ ਨੂੰ ਸਮੂਹ ਵਜੋਂ “ਜਗਤ ਦੀ ਨੀਂਹ ਧਰਨ ਤੋਂ ਅੱਗੋਂ ਹੀ” ਚੁਣ ਲਿਆ ਗਿਆ ਸੀ, ਤਾਂ ਪੌਲੁਸ ਇੱਥੇ ਕਿਹੜੇ “ਜਗਤ” ਦੀ ਗੱਲ ਕਰ ਰਿਹਾ ਸੀ? ਉਹ ਉਸ ਸਮੇਂ ਦੀ ਗੱਲ ਨਹੀਂ ਕਰ ਰਿਹਾ ਸੀ ਜਦੋਂ ਪਰਮੇਸ਼ੁਰ ਨੇ ਅਜੇ ਧਰਤੀ ਜਾਂ ਇਨਸਾਨਾਂ ਨੂੰ ਬਣਾਇਆ ਨਹੀਂ ਸੀ। ਜੇ ਉਹ ਇਸ ਸਮੇਂ ਦੀ ਗੱਲ ਕਰ ਰਿਹਾ ਹੁੰਦਾ, ਤਾਂ ਇਹ ਇਨਸਾਫ਼ ਦੇ ਮਿਆਰ ਦੀ ਉਲੰਘਣਾ ਹੁੰਦੀ। ਕੀ ਆਦਮ ਤੇ ਹੱਵਾਹ ਨੂੰ ਉਨ੍ਹਾਂ ਦੇ ਕੰਮਾਂ ਲਈ ਦੋਸ਼ੀ ਠਹਿਰਾਉਣਾ ਜਾਇਜ਼ ਸੀ ਜੇ ਪਰਮੇਸ਼ੁਰ ਨੇ ਉਨ੍ਹਾਂ ਦੇ ਰਚਣ ਤੋਂ ਪਹਿਲਾਂ ਹੀ ਤੈਅ ਕਰ ਦਿੱਤਾ ਸੀ ਕਿ ਉਨ੍ਹਾਂ ਨੇ ਪਾਪ ਕਰਨਾ ਸੀ? ਤਾਂ ਫਿਰ, ਪਰਮੇਸ਼ੁਰ ਨੇ ਕਦੋਂ ਫ਼ੈਸਲਾ ਕੀਤਾ ਕਿ ਉਹ ਦੁਨੀਆਂ ਦੇ ਹਾਲਾਤਾਂ ਨੂੰ ਠੀਕ ਕਰੇਗਾ ਜੋ ਆਦਮ ਤੇ ਹੱਵਾਹ ਦੁਆਰਾ ਸ਼ਤਾਨ ਨਾਲ ਮਿਲ ਕੇ ਕੀਤੀ ਬਗਾਵਤ ਤੋਂ ਬਾਅਦ ਖ਼ਰਾਬ ਹੋ ਗਏ ਸਨ? ਯਹੋਵਾਹ ਨੇ ਇਹ ਫ਼ੈਸਲਾ ਆਦਮ ਤੇ ਹੱਵਾਹ ਦੇ ਬਗਾਵਤ ਕਰਨ ਤੋਂ ਬਾਅਦ ਕੀਤਾ, ਪਰ ਬਾਕੀ ਇਨਸਾਨਾਂ ਦੇ ਪੈਦਾ ਹੋਣ ਤੋਂ ਪਹਿਲਾਂ ਕੀਤਾ ਜੋ ਯਿਸੂ ਦੀ ਕੁਰਬਾਨੀ ’ਤੇ ਨਿਹਚਾ ਕਰ ਕੇ ਨਾਸ਼ ਹੋਣ ਤੋਂ ਬਚ ਸਕਦੇ ਹਨ।

“ਉਹ ਦੀ ਕਿਰਪਾ ਦੇ ਧਨ ਅਨੁਸਾਰ”

ਅਫ਼ਸੀਆਂ ਦੀ ਚਿੱਠੀ ਦੇ ਸ਼ੁਰੂ ਵਿਚ ਪੌਲੁਸ ਨੇ ਕੁਝ ਪ੍ਰਬੰਧਾਂ ਦਾ ਜ਼ਿਕਰ ਕੀਤਾ। ਪਰ ਉਸ ਨੇ ਕਿਉਂ ਕਿਹਾ ਕਿ ਇਹ ਪ੍ਰਬੰਧ ‘ਪਰਮੇਸ਼ੁਰ ਦੀ ਕਿਰਪਾ ਦੇ ਧਨ ਅਨੁਸਾਰ’ ਹਨ? ਕਿਉਂਕਿ ਉਹ ਇਸ ਗੱਲ ’ਤੇ ਜ਼ੋਰ ਦੇਣਾ ਚਾਹੁੰਦਾ ਸੀ ਕਿ ਨਾਮੁਕੰਮਲ ਇਨਸਾਨਾਂ ਨੂੰ ਪਾਪ ਤੇ ਮੌਤ ਤੋਂ ਬਚਾਉਣਾ ਯਹੋਵਾਹ ਲਈ ਜ਼ਰੂਰੀ ਨਹੀਂ ਸੀ।

ਅਸੀਂ ਪਾਪੀ ਹਾਂ, ਇਸ ਲਈ ਸਾਡੇ ਵਿਚ ਅਜਿਹਾ ਕੁਝ ਨਹੀਂ ਹੈ ਜਿਸ ਕਰਕੇ ਅਸੀਂ ਪਾਪ ਤੇ ਮੌਤ ਤੋਂ ਛੁਡਾਏ ਜਾਣ ਦੇ ਲਾਇਕ ਹੋਈਏ। ਪਰ ਮਨੁੱਖਜਾਤੀ ਲਈ ਗਹਿਰਾ ਪਿਆਰ ਹੋਣ ਕਰਕੇ ਯਹੋਵਾਹ ਨੇ ਸਾਨੂੰ ਛੁਡਾਉਣ ਲਈ ਖ਼ਾਸ ਪ੍ਰਬੰਧ ਕੀਤੇ। ਸੋ ਜੇ ਅਸੀਂ ਆਪਣੇ ਪਾਪਾਂ ਤੇ ਨਾਮੁਕੰਮਲਤਾ ਨੂੰ ਦੇਖੀਏ, ਤਾਂ ਸਾਡਾ ਇਹ ਛੁਟਕਾਰਾ ਪੌਲੁਸ ਦੇ ਕਹਿਣ ਮੁਤਾਬਕ ਪਰਮੇਸ਼ੁਰ ਦੀ ਕਿਰਪਾ ਦਾ ਧਨ ਸੀ ਜਿਸ ਦੇ ਅਸੀਂ ਲਾਇਕ ਨਹੀਂ।

ਪਰਮੇਸ਼ੁਰ ਦੇ ਮਕਸਦ ਦਾ ਭੇਤ

ਸ਼ੁਰੂ ਵਿਚ ਯਹੋਵਾਹ ਨੇ ਇਹ ਪ੍ਰਗਟ ਨਹੀਂ ਕੀਤਾ ਕਿ ਉਹ ਸ਼ਤਾਨ ਦੁਆਰਾ ਕੀਤੇ ਨੁਕਸਾਨ ਨੂੰ ਕਿਵੇਂ ਠੀਕ ਕਰੇਗਾ। ਇਹ “ਭੇਤ” ਰਿਹਾ। (ਅਫ਼. 3:4, 5) ਬਾਅਦ ਵਿਚ ਜਦੋਂ ਮਸੀਹੀ ਕਲੀਸਿਯਾ ਬਣੀ, ਤਾਂ ਯਹੋਵਾਹ ਨੇ ਦੱਸਿਆ ਕਿ ਉਹ ਧਰਤੀ ਅਤੇ ਇਨਸਾਨਾਂ ਲਈ ਆਪਣੇ ਮਕਸਦ ਨੂੰ ਕਿਵੇਂ ਪੂਰਾ ਕਰੇਗਾ। ਪੌਲੁਸ ਨੇ ਦੱਸਿਆ ਕਿ “ਸਮਿਆਂ ਦੀ ਪੂਰਨਤਾਈ” ਹੋਣ ਤੇ, ਯਹੋਵਾਹ ਨੇ “ਜੁਗਤ” ਯਾਨੀ ਇਕ ਪ੍ਰਬੰਧ ਕੀਤਾ ਜਿਸ ਦੇ ਜ਼ਰੀਏ ਉਹ ਉਨ੍ਹਾਂ ਸਭਨਾਂ ਨੂੰ ਇਕੱਠਾ ਕਰੇਗਾ ਜਿਹੜੇ ਸਵਰਗ ਵਿਚ ਅਤੇ ਧਰਤੀ ਉੱਤੇ ਹਨ।

ਇਹ ਕੰਮ ਪੰਤੇਕੁਸਤ 33 ਈ. ਵਿਚ ਸ਼ੁਰੂ ਹੋਇਆ ਜਦੋਂ ਯਹੋਵਾਹ ਨੇ ਉਨ੍ਹਾਂ ਮਸੀਹੀਆਂ ਨੂੰ ਇਕੱਠਾ ਕਰਨਾ ਸ਼ੁਰੂ ਕੀਤਾ ਜੋ ਮਸੀਹ ਨਾਲ ਸਵਰਗ ਵਿਚ ਰਾਜ ਕਰਨਗੇ। (ਰਸੂ. 1:13-15; 2:1-4) ਇਸ ਤੋਂ ਬਾਅਦ ਯਹੋਵਾਹ ਨੇ ਉਨ੍ਹਾਂ ਨੂੰ ਇਕੱਠਾ ਕਰਨਾ ਸ਼ੁਰੂ ਕੀਤਾ ਜੋ ਮਸੀਹ ਦੇ ਰਾਜ ਅਧੀਨ ਸੋਹਣੀ ਧਰਤੀ ’ਤੇ ਰਹਿਣਗੇ। (ਪਰ. 7:14-17; 21:1-5) ਪਰ ਪੌਲੁਸ ਨੇ ਜਿਸ “ਜੁਗਤ” ਦੀ ਗੱਲ ਕੀਤੀ ਸੀ, ਉਸ ਦਾ ਮਤਲਬ ਮਸੀਹ ਦਾ ਰਾਜ ਨਹੀਂ ਹੈ ਕਿਉਂਕਿ ਇਹ ਰਾਜ ਕਾਫ਼ੀ ਸਾਲਾਂ ਬਾਅਦ 1914 ਵਿਚ ਸਥਾਪਿਤ ਹੋਇਆ ਸੀ। ਇਸ ਦੀ ਬਜਾਇ, “ਜੁਗਤ” ਦਾ ਮਤਲਬ ਉਹ ਇੰਤਜ਼ਾਮ ਹਨ ਜਿਨ੍ਹਾਂ ਦੇ ਜ਼ਰੀਏ ਪਰਮੇਸ਼ੁਰ ਆਪਣੇ ਮਕਸਦ ਅਨੁਸਾਰ ਸਾਰੇ ਬ੍ਰਹਿਮੰਡ ਵਿਚਲੀਆਂ ਸਭ ਚੀਜ਼ਾਂ ਨੂੰ ਇਕ ਕਰੇਗਾ। ਪਰਮੇਸ਼ੁਰ ਖ਼ੁਦ ਇਨ੍ਹਾਂ ਇੰਤਜ਼ਾਮਾਂ ’ਤੇ ਨਿਗਰਾਨੀ ਰੱਖਦਾ ਹੈ।

“ਬੁੱਧ ਵਿੱਚ ਸਿਆਣੇ ਹੋਵੋ”

ਇਸ ਵਿਚ ਕੋਈ ਸ਼ੱਕ ਨਹੀਂ ਕਿ ਬਾਈਬਲ ਸਟੱਡੀ ਕਰਨ ਦੀ ਚੰਗੀ ਆਦਤ ਪਾਉਣ ਨਾਲ ਤੁਸੀਂ ਸਮਝ ਸਕੋਗੇ ਕਿ ਸੱਚਾਈ ਦੀ ‘ਚੁੜਾਈ, ਲੰਬਾਈ, ਉਚਾਈ ਅਤੇ ਡੁੰਘਾਈ ਕਿੰਨੀ ਹੈ।’ ਪਰ ਇਹ ਵੀ ਸੱਚ ਹੈ ਕਿ ਜੇ ਅਸੀਂ ਆਪਣੇ ਕੰਮਾਂ-ਕਾਰਾਂ ਜਾਂ ਹੋਰ ਗੱਲਾਂ ਵਿਚ ਰੁੱਝੇ ਰਹਾਂਗੇ, ਤਾਂ ਸ਼ਤਾਨ ਲਈ ਸਾਡੀ ਸਟੱਡੀ ਕਰਨ ਦੀ ਚੰਗੀ ਆਦਤ ਨੂੰ ਵਿਗਾੜਨਾ ਸੌਖਾ ਹੋ ਜਾਂਦਾ ਹੈ। ਉਸ ਨੂੰ ਇੱਦਾਂ ਨਾ ਕਰਨ ਦਿਓ। ਯਹੋਵਾਹ ਵੱਲੋਂ ਮਿਲੀ “ਬੁੱਧੀ” ਨੂੰ ਇਸਤੇਮਾਲ ਕਰੋ ਤਾਂਕਿ ਤੁਸੀਂ “ਬੁੱਧ ਵਿੱਚ ਸਿਆਣੇ ਹੋਵੋ।” (1 ਯੂਹੰ. 5:20; 1 ਕੁਰਿੰ. 14:20) ਤੁਸੀਂ ਖ਼ੁਦ ਦੇਖੋ ਕਿ ਤੁਸੀਂ ਸਿੱਖੀਆਂ ਗੱਲਾਂ ’ਤੇ ਕਿਉਂ ਵਿਸ਼ਵਾਸ ਕਰਦੇ ਹੋ ਅਤੇ ਉਨ੍ਹਾਂ ਦੀ ਸਹੀ-ਸਹੀ ਸਮਝ ਰੱਖਦੇ ਹੋ। ਇਸ ਤੋਂ ਇਲਾਵਾ, ਜੇ ਕੋਈ ਤੁਹਾਡੇ ਕੋਲੋਂ ਤੁਹਾਡੀ ਉਮੀਦ ਦਾ ਕਾਰਨ ਪੁੱਛੇ, ਤਾਂ “ਉੱਤਰ ਦੇਣ ਨੂੰ ਸਦਾ ਤਿਆਰ ਰਹੋ।”—1 ਪਤ. 3:15.

ਕਲਪਨਾ ਕਰੋ ਕਿ ਤੁਸੀਂ ਉਦੋਂ ਅਫ਼ਸੁਸ ਵਿਚ ਸੀ, ਜਦੋਂ ਪੌਲੁਸ ਦੀ ਚਿੱਠੀ ਪਹਿਲੀ ਵਾਰ ਪੜ੍ਹੀ ਗਈ ਸੀ। ਕੀ ਉਸ ਦੇ ਸ਼ਬਦ ਸੁਣ ਕੇ ਤੁਹਾਨੂੰ “ਪਰਮੇਸ਼ੁਰ ਦੇ ਪੁੱਤ੍ਰ” ਬਾਰੇ ਸਹੀ ਗਿਆਨ ਲੈਣ ਦੀ ਪ੍ਰੇਰਣਾ ਨਹੀਂ ਮਿਲਦੀ? (ਅਫ਼. 4:13, 14) ਜ਼ਰੂਰ ਮਿਲਦੀ! ਇਸ ਲਈ, ਅੱਜ ਵੀ ਆਪਣੇ ’ਤੇ ਪੌਲੁਸ ਦੇ ਲਫ਼ਜ਼ਾਂ ਦਾ ਅਸਰ ਪੈਣ ਦਿਓ। ਯਹੋਵਾਹ ਲਈ ਗਹਿਰਾ ਪਿਆਰ ਅਤੇ ਉਸ ਦੇ ਬਚਨ ਦਾ ਸਹੀ ਗਿਆਨ ਹੋਣ ਕਰਕੇ ਅਸੀਂ ਮਸੀਹ ’ਤੇ ਪੱਕੀ ਤਰ੍ਹਾਂ ‘ਗੱਡੇ ਅਤੇ ਠੁੱਕੇ’ ਹੋਏ ਰਹਾਂਗੇ। ਇਸ ਤਰ੍ਹਾਂ ਅਸੀਂ ਉਨ੍ਹਾਂ ਸਾਰੀਆਂ ਤੂਫ਼ਾਨ ਵਰਗੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਪਾਵਾਂਗੇ ਜੋ ਇਸ ਬੁਰੀ ਦੁਨੀਆਂ ਦੇ ਅੰਤ ਆਉਣ ਤੋਂ ਪਹਿਲਾਂ ਸ਼ਤਾਨ ਸਾਡੇ ਉੱਤੇ ਲਿਆਵੇਗਾ।—ਜ਼ਬੂ. 1:1-3; ਯਿਰ. 17:7, 8.

[ਸਫ਼ਾ 27 ਉੱਤੇ ਡੱਬੀ/ਤਸਵੀਰ]

“ਅਫ਼ਸੀਆਂ ਨੂੰ”

“ਮੁਬਾਰਕ ਹੋਵੇ ਸਾਡੇ ਪ੍ਰਭੁ ਯਿਸੂ ਮਸੀਹ ਦਾ ਪਰਮੇਸ਼ੁਰ ਅਤੇ ਪਿਤਾ ਜਿਹ ਨੇ ਮਸੀਹ ਵਿੱਚ ਸੁਰਗੀ ਥਾਵਾਂ ਵਿੱਚ ਸਭ ਪਰਕਾਰ ਦੀਆਂ ਆਤਮਕ ਬਰਕਤਾਂ ਨਾਲ ਸਾਨੂੰ ਬਰਕਤ ਦਿੱਤੀ। ਜਿਵੇਂ ਉਹ ਨੇ ਸਾਨੂੰ ਜਗਤ ਦੀ ਨੀਂਹ ਧਰਨ ਤੋਂ ਅੱਗੋਂ ਹੀ ਉਸ ਵਿੱਚ ਚੁਣ ਲਿਆ ਭਈ ਅਸੀਂ ਉਹ ਦੇ ਸਨਮੁਖ ਪ੍ਰੇਮ ਵਿੱਚ ਪਵਿੱਤਰ ਅਤੇ ਨਿਰਮਲ ਹੋਈਏ। ਉਹ ਨੇ ਜੋ ਆਪਣੀ ਮਰਜ਼ੀ ਦੇ ਨੇਕ ਇਰਾਦੇ ਦੇ ਅਨੁਸਾਰ ਯਿਸੂ ਮਸੀਹ ਦੇ ਰਾਹੀਂ ਆਪਣੇ ਲਈ ਸਾਨੂੰ ਲੇਪਾਲਕ ਪੁੱਤ੍ਰ ਹੋਣ ਨੂੰ ਅੱਗੋਂ ਹੀ ਠਹਿਰਾਇਆ। ਭਈ ਉਹ ਦੀ ਕਿਰਪਾ ਦੀ ਮਹਿਮਾ ਦੀ ਉਸਤਤ ਹੋਵੇ ਜਿਹੜੀ ਉਹ ਨੇ ਉਸ ਪਿਆਰੇ ਵਿੱਚ ਸਾਨੂੰ ਬਖ਼ਸ਼ ਦਿੱਤੀ। ਜਿਹ ਦੇ ਵਿੱਚ ਉਸ ਦੇ ਲਹੂ ਦੇ ਦੁਆਰਾ ਸਾਨੂੰ ਨਿਸਤਾਰਾ ਅਰਥਾਤ ਅਪਰਾਧਾਂ ਦੀ ਮਾਫ਼ੀ ਉਹ ਦੀ ਕਿਰਪਾ ਦੇ ਧਨ ਅਨੁਸਾਰ ਮਿਲਦੀ ਹੈ, ਜਿਸ ਕਿਰਪਾ ਨੂੰ ਉਹ ਨੇ ਸਾਰੇ ਗਿਆਨ ਅਤੇ ਬੁੱਧ ਨਾਲ ਸਾਨੂੰ ਚੋਖਾ ਦਿੱਤਾ। ਕਿਉਂ ਜੋ ਉਹ ਨੇ ਆਪਣੀ ਇੱਛਿਆ ਦੇ ਭੇਤ ਨੂੰ ਸਾਡੇ ਉੱਤੇ ਪਰਗਟ ਕੀਤਾ ਆਪਣੇ ਉਸ ਨੇਕ ਇਰਾਦੇ ਦੇ ਅਨੁਸਾਰ ਜਿਹੜਾ ਉਹ ਨੇ ਉਸ ਵਿੱਚ ਧਾਰਿਆ ਸੀ ਭਈ ਸਮਿਆਂ ਦੀ ਪੂਰਨਤਾਈ ਦੀ ਜੁਗਤ ਹੋਵੇ ਤਾਂ ਜੋ ਉਹ ਸਭਨਾਂ ਨੂੰ ਜੋ ਸੁਰਗ ਵਿੱਚ ਅਤੇ ਜੋ ਧਰਤੀ ਉੱਤੇ ਹਨ ਮਸੀਹ ਵਿੱਚ ਇਕੱਠਾ ਕਰੇ।”—ਅਫ਼. 1:3-10.