ਤਿੰਨ ਸੰਮੇਲਨਾਂ ਨੇ ਮੇਰੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ
ਤਿੰਨ ਸੰਮੇਲਨਾਂ ਨੇ ਮੇਰੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ
ਜੌਰਜ ਵੌਰਨਚਕ ਦੀ ਜ਼ਬਾਨੀ
ਕੀ ਤੁਸੀਂ ਕਿਸੇ ਸੰਮੇਲਨ ਵਿਚ ਅਜਿਹੀ ਕੋਈ ਗੱਲ ਸੁਣੀ ਜੋ ਤੁਹਾਡੇ ਦਿਲ ਨੂੰ ਇੰਨੀ ਛੂਹ ਗਈ ਕਿ ਤੁਸੀਂ ਆਪਣੀ ਜ਼ਿੰਦਗੀ ਵਿਚ ਵੱਡੀਆਂ ਤਬਦੀਲੀਆਂ ਕਰਨ ਲਈ ਪ੍ਰੇਰਿਤ ਹੋਏ? ਮੇਰੇ ਨਾਲ ਇੱਦਾਂ ਹੀ ਹੋਇਆ। ਮੈਨੂੰ ਯਾਦ ਹੈ ਕਿ ਖ਼ਾਸ ਕਰਕੇ ਤਿੰਨ ਸੰਮੇਲਨਾਂ ਨੇ ਮੇਰੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ। ਪਹਿਲੇ ਸੰਮੇਲਨ ਨੇ ਦਲੇਰ ਬਣਨ ਵਿਚ ਮੇਰੀ ਮਦਦ ਕੀਤੀ, ਦੂਜੇ ਨੇ ਸੰਤੁਸ਼ਟ ਹੋਣ ਵਿਚ ਅਤੇ ਤੀਜੇ ਨੇ ਖੁੱਲ੍ਹ-ਦਿਲਾ ਬਣਨ ਵਿਚ ਮੇਰੀ ਸਹਾਇਤਾ ਕੀਤੀ। ਪਰ ਇਨ੍ਹਾਂ ਤਬਦੀਲੀਆਂ ਬਾਰੇ ਦੱਸਣ ਤੋਂ ਪਹਿਲਾਂ ਮੈਂ ਤੁਹਾਨੂੰ ਕੁਝ ਗੱਲਾਂ ਦੱਸਣੀਆਂ ਚਾਹੁੰਦਾ ਹਾਂ ਜੋ ਉਨ੍ਹਾਂ ਸੰਮੇਲਨਾਂ ਤੋਂ ਕਈ ਸਾਲ ਪਹਿਲਾਂ ਦੀਆਂ ਹਨ। ਇਹ ਗੱਲਾਂ ਮੇਰੇ ਬਚਪਨ ਨਾਲ ਜੁੜੀਆਂ ਹਨ।
ਮੇਰਾ ਜਨਮ 1928 ਵਿਚ ਹੋਇਆ ਸੀ ਤੇ ਮੈਂ ਤਿੰਨ ਬੱਚਿਆਂ ਵਿੱਚੋਂ ਸਭ ਤੋਂ ਛੋਟਾ ਹਾਂ। ਮੈਂ ਤੇ ਮੇਰੀਆਂ ਭੈਣਾਂ ਮਾਰਜੀ ਤੇ ਔਲਗਾ ਸਾਊਥ ਬਾਊਂਡ ਬਰੁੱਕ, ਨਿਊ ਜਰਜ਼ੀ, ਅਮਰੀਕਾ ਵਿਚ ਵੱਡੇ ਹੋਏ ਸਾਂ। ਉਦੋਂ ਉਸ ਕਸਬੇ ਵਿਚ ਸਿਰਫ਼ 2,000 ਲੋਕ ਰਹਿੰਦੇ ਸਨ। ਭਾਵੇਂ ਅਸੀਂ ਗ਼ਰੀਬ ਸਾਂ, ਪਰ ਮਾਤਾ ਜੀ ਖੁੱਲ੍ਹ-ਦਿਲੇ ਇਨਸਾਨ ਸਨ। ਜਦੋਂ ਵੀ ਉਨ੍ਹਾਂ ਕੋਲ ਥੋੜ੍ਹੇ ਜਿਹੇ ਜ਼ਿਆਦਾ ਪੈਸੇ ਹੁੰਦੇ ਸਨ, ਤਾਂ ਉਹ ਸਾਡੇ ਲਈ ਖ਼ਾਸ ਭੋਜਨ ਤਿਆਰ ਕਰਦੇ ਸਨ ਜੋ ਉਹ ਗੁਆਂਢੀਆਂ ਨਾਲ ਵੀ ਸਾਂਝਾ ਕਰਦੇ ਸਨ। ਜਦੋਂ ਮੈਂ ਨੌਂ ਸਾਲਾਂ ਦਾ ਸੀ, ਤਾਂ ਹੰਗਰੀ ਭਾਸ਼ਾ ਬੋਲਣ ਵਾਲੀ ਇਕ ਗਵਾਹ ਮਾਤਾ ਜੀ ਨੂੰ ਮਿਲਣ ਆਈ। ਮਾਤਾ ਜੀ ਵੀ ਇਹੋ ਭਾਸ਼ਾ ਬੋਲਦੇ ਸਨ ਜਿਸ ਕਰਕੇ ਉਨ੍ਹਾਂ ਨੇ ਬਾਈਬਲ ਦਾ ਸੰਦੇਸ਼ ਸੁਣਿਆ। ਬਾਅਦ ਵਿਚ ਬਰਥਾ ਨੇ ਮਾਤਾ ਜੀ ਨੂੰ ਬਾਈਬਲ ਦੀ ਸਟੱਡੀ ਕਰਾਈ ਅਤੇ ਯਹੋਵਾਹ ਦੇ ਭਗਤ ਬਣਨ ਵਿਚ ਉਨ੍ਹਾਂ ਦੀ ਮਦਦ ਕੀਤੀ। ਬਰਥਾ ਉਦੋਂ 20 ਕੁ ਸਾਲਾਂ ਦੀ ਸੀ।
ਮਾਤਾ ਜੀ ਦੇ ਸੁਭਾਅ ਦੇ ਉਲਟ, ਮੈਂ ਸ਼ਰਮਾਕਲ ਸੁਭਾਅ ਦਾ ਹੁੰਦਾ ਸੀ। ਕਦੇ-ਕਦੇ ਮਾਤਾ ਜੀ ਮੇਰਾ ਮਖੌਲ ਉਡਾਉਂਦੇ ਸਨ ਜਿਸ ਕਰਕੇ ਮੇਰਾ ਹੌਸਲਾ ਹੋਰ ਵੀ ਢਹਿ ਜਾਂਦਾ ਸੀ। ਇਕ ਵਾਰ ਜਦੋਂ ਮੈਂ ਰੋ-ਰੋ ਕੇ ਉਨ੍ਹਾਂ ਨੂੰ ਪੁੱਛਿਆ ਕਿ “ਤੁਸੀਂ ਕਿਉਂ ਮੇਰੇ ਵਿਚ ਨੁਕਸ ਕੱਢਦੇ ਰਹਿੰਦੇ ਹੋ?,” ਤਾਂ ਉਨ੍ਹਾਂ ਨੇ ਕਿਹਾ ਕਿ ਉਹ ਮੈਨੂੰ ਬਹੁਤ ਪਿਆਰ ਕਰਦੇ ਸਨ ਅਤੇ ਨਹੀਂ ਚਾਹੁੰਦੇ ਸਨ ਕਿ ਮੈਂ ਵਿਗੜ ਜਾਵਾਂ। ਮਾਤਾ ਜੀ ਦੇ ਮਨੋਰਥ ਤਾਂ ਚੰਗੇ ਸਨ, ਪਰ ਉਹ ਮੇਰੀ ਤਾਰੀਫ਼ ਨਹੀਂ ਸਨ ਕਰਦੇ ਜਿਸ ਕਰਕੇ ਮੈਂ ਆਪਣੇ ਆਪ ਨੂੰ ਘਟੀਆ ਸਮਝਦਾ ਸੀ।
ਸਾਡੀ ਇਕ ਗੁਆਂਢਣ ਅਕਸਰ ਪਿਆਰ ਨਾਲ ਮੇਰੇ ਨਾਲ ਗੱਲਬਾਤ ਕਰਦੀ ਹੁੰਦੀ ਸੀ। ਇਕ ਦਿਨ ਉਸ ਨੇ ਮੈਨੂੰ ਕਿਹਾ ਕਿ ਮੈਂ ਉਸ ਦੇ ਮੁੰਡਿਆਂ ਨਾਲ ਸੰਡੇ ਸਕੂਲ ਚਰਚ ਜਾਵਾਂ। ਮੈਨੂੰ ਪਤਾ ਸੀ ਕਿ ਜੇ ਮੈਂ ਗਿਆ, ਤਾਂ ਯਹੋਵਾਹ ਮੇਰੇ ਨਾਲ ਨਾਰਾਜ਼ ਹੋਵੇਗਾ, ਪਰ ਮੈਂ ਉਸ ਚੰਗੀ ਗੁਆਂਢਣ ਦਾ ਦਿਲ ਦੁਖਾਉਣ ਤੋਂ ਡਰਦਾ ਸੀ। ਸੋ ਕੁਝ ਮਹੀਨਿਆਂ ਲਈ ਮੈਂ ਉਨ੍ਹਾਂ ਦੇ ਚਰਚ ਜਾਂਦਾ ਰਿਹਾ, ਭਾਵੇਂ ਮੈਂ ਇਸ ਗੱਲ ਕਾਰਨ ਕਾਫ਼ੀ ਸ਼ਰਮਿੰਦਾ ਸੀ। ਇਸੇ ਤਰ੍ਹਾਂ ਸਕੂਲ ਵਿਚ ਵੀ ਇਨਸਾਨਾਂ ਦੇ ਡਰ ਕਰਕੇ ਮੈਂ ਉਹ ਕੰਮ ਕਰਨ ਲੱਗ ਪਿਆ ਜੋ ਮੇਰੀ ਜ਼ਮੀਰ ਦੇ ਖ਼ਿਲਾਫ਼ ਸਨ। ਸਾਡੇ ਸਕੂਲ ਦਾ ਪ੍ਰਿੰਸੀਪਲ ਬੜਾ ਸਖ਼ਤ ਆਦਮੀ ਸੀ। ਉਸ ਨੇ ਅਧਿਆਪਕਾਂ ਨੂੰ ਮਜਬੂਰ ਕੀਤਾ ਕਿ ਉਹ ਸਾਰੇ ਬੱਚਿਆਂ ਨੂੰ ਝੰਡੇ ਨੂੰ ਸਲਾਮੀ ਦੇਣ ਲਈ ਕਹਿਣ। ਮੈਂ ਵੀ ਝੰਡੇ ਨੂੰ ਸਲਾਮੀ ਦਿੱਤੀ। ਇੱਦਾਂ ਇਕ ਸਾਲ ਚੱਲਦਾ ਰਿਹਾ ਤੇ ਫਿਰ ਮੇਰੀ ਜ਼ਿੰਦਗੀ ਵਿਚ ਇਕ ਮੋੜ ਆਇਆ।
ਦਲੇਰ ਬਣਨਾ ਸਿੱਖਿਆ
1939 ਵਿਚ ਸਾਡੇ ਘਰ ਬੁੱਕ ਸਟੱਡੀ ਹੋਣ ਲੱਗ ਪਈ। ਜਵਾਨ ਪਾਇਨੀਅਰ ਭਰਾ ਬੈੱਨ ਮੀਜ਼ਕਾਲਸਕੀ ਇਹ ਗਰੁੱਪ ਲੈਂਦਾ ਹੁੰਦਾ ਸੀ। ਅਸੀਂ ਉਸ ਨੂੰ “ਬਿੱਗ ਬੈੱਨ” ਕਹਿ ਕੇ ਬੁਲਾਉਂਦੇ ਸੀ। ਕਿਉਂ? ਕਿਉਂਕਿ ਉਹ ਸਾਡੇ ਘਰ ਦੇ ਦਰਵਾਜ਼ੇ ਜਿੱਡਾ ਲੰਬਾ ਤੇ ਚੌੜਾ ਸੀ। ਫਿਰ ਵੀ ਲੰਬਾ-ਚੌੜਾ ਹੋਣ ਦੇ ਬਾਵਜੂਦ, ਉਹ ਬਹੁਤ ਨਰਮ-ਦਿਲ ਸੀ ਤੇ ਉਸ ਦੀ ਇਕ ਮੁਸਕਾਨ ਮੇਰੇ ਅੰਦਰਲਾ ਡਰ ਦੂਰ ਕਰ ਦਿੰਦੀ ਸੀ। ਸੋ ਜਦੋਂ ਬੈੱਨ ਨੇ ਮੈਨੂੰ ਆਪਣੇ ਨਾਲ ਪ੍ਰਚਾਰ ਤੇ ਜਾਣ
ਲਈ ਕਿਹਾ, ਤਾਂ ਮੈਂ ਖ਼ੁਸ਼ੀ-ਖ਼ੁਸ਼ੀ ਹਾਂ ਕਰ ਦਿੱਤੀ। ਅਸੀਂ ਜਲਦੀ ਹੀ ਚੰਗੇ ਦੋਸਤ ਬਣ ਗਏ। ਜਦੋਂ ਮੈਂ ਢਹਿੰਦੀਆਂ-ਕਲਾਂ ਵਿਚ ਹੁੰਦਾ ਸੀ, ਤਾਂ ਉਹ ਮੇਰਾ ਹੌਸਲਾ ਇਵੇਂ ਵਧਾਉਂਦਾ ਹੁੰਦਾ ਸੀ ਜਿਵੇਂ ਇਕ ਪਿਆਰ ਕਰਨ ਵਾਲਾ ਵੱਡਾ ਭਰਾ ਆਪਣੇ ਛੋਟੇ ਭਰਾ ਦੇ ਹੌਸਲੇ ਨੂੰ ਵਧਾਉਂਦਾ ਹੈ। ਉਸ ਦੀ ਇਹ ਗੱਲ ਮੈਨੂੰ ਬਹੁਤ ਚੰਗੀ ਲੱਗੀ ਜਿਸ ਕਰਕੇ ਮੈਂ ਉਸ ਨੂੰ ਭਰਾ ਵਾਂਗ ਪਿਆਰ ਕਰਨ ਲੱਗ ਪਿਆ।1941 ਵਿਚ ਬੈੱਨ ਨੇ ਸਾਡੇ ਪਰਿਵਾਰ ਨੂੰ ਉਸ ਨਾਲ ਉਸ ਦੀ ਗੱਡੀ ਵਿਚ ਸੇਂਟ ਲੁਅਸ, ਮਿਸੂਰੀ ਵਿਚ ਹੋਣ ਵਾਲੇ ਸੰਮੇਲਨ ਵਿਚ ਜਾਣ ਲਈ ਕਿਹਾ। ਮੇਰੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ! ਮੈਂ ਕਦੇ ਘਰ ਤੋਂ 80 ਕਿਲੋਮੀਟਰ ਤੋਂ ਜ਼ਿਆਦਾ ਦੂਰ ਨਹੀਂ ਗਿਆ ਤੇ ਹੁਣ ਮੈਂ 1,500 ਕਿਲੋਮੀਟਰ ਦੂਰ ਜਾ ਰਿਹਾ ਸੀ! ਪਰ ਸੇਂਟ ਲੁਅਸ ਵਿਚ ਕੁਝ ਸਮੱਸਿਆਵਾਂ ਆ ਰਹੀਆਂ ਸਨ। ਪਾਦਰੀਆਂ ਨੇ ਆਪਣੇ ਚਰਚ ਦੇ ਮੈਂਬਰਾਂ ਨੂੰ ਕਿਹਾ ਕਿ ਉਨ੍ਹਾਂ ਨੇ ਆਪਣੇ ਘਰਾਂ ਵਿਚ ਗਵਾਹਾਂ ਦੇ ਠਹਿਰਨ ਲਈ ਜਿਹੜੇ ਵੀ ਇੰਤਜ਼ਾਮ ਕੀਤੇ ਸਨ, ਉਨ੍ਹਾਂ ਨੂੰ ਕੈਂਸਲ ਕਰ ਦੇਣ। ਬਹੁਤਿਆਂ ਨੇ ਇੱਦਾਂ ਕੀਤਾ। ਜਿਨ੍ਹਾਂ ਦੇ ਘਰ ਅਸੀਂ ਰਹਿਣਾ ਸੀ, ਉਨ੍ਹਾਂ ਨੂੰ ਵੀ ਧਮਕੀਆਂ ਦਿੱਤੀਆਂ ਗਈਆਂ ਸਨ। ਫਿਰ ਵੀ ਉਨ੍ਹਾਂ ਨੇ ਸਾਡਾ ਸੁਆਗਤ ਕੀਤਾ। ਉਨ੍ਹਾਂ ਨੇ ਸਾਨੂੰ ਆਪਣੇ ਘਰ ਵਿਚ ਇਕ ਕਮਰਾ ਦੇਣ ਦਾ ਵਾਅਦਾ ਕੀਤਾ ਸੀ ਤੇ ਉਨ੍ਹਾਂ ਨੇ ਕਿਹਾ ਕਿ ਉਹ ਇਹ ਵਾਅਦਾ ਨਹੀਂ ਤੋੜਨਗੇ। ਉਨ੍ਹਾਂ ਦੀ ਦਲੇਰੀ ਦੇਖ ਕੇ ਮੈਂ ਕਾਫ਼ੀ ਪ੍ਰਭਾਵਿਤ ਹੋਇਆ।
ਮੇਰੀਆਂ ਭੈਣਾਂ ਨੇ ਉਸ ਸੰਮੇਲਨ ਵਿਚ ਬਪਤਿਸਮਾ ਲਿਆ ਸੀ। ਉਸੇ ਦਿਨ ਬਰੁਕਲਿਨ ਬੈਥਲ ਤੋਂ ਆਏ ਭਰਾ ਰਦਰਫ਼ਰਡ ਨੇ ਇਕ ਵਧੀਆ ਭਾਸ਼ਣ ਦਿੱਤਾ ਤੇ ਉਨ੍ਹਾਂ ਸਾਰੇ ਬੱਚਿਆਂ ਨੂੰ ਖੜ੍ਹੇ ਹੋਣ ਲਈ ਕਿਹਾ ਜੋ ਪਰਮੇਸ਼ੁਰ ਦੀ ਇੱਛਾ ਅਨੁਸਾਰ ਚੱਲਣਾ ਚਾਹੁੰਦੇ ਸਨ। ਕੁਝ 15,000 ਬੱਚੇ ਖੜ੍ਹੇ ਹੋਏ। ਮੈਂ ਵੀ ਖੜ੍ਹਾ ਹੋ ਗਿਆ। ਫਿਰ ਉਸ ਨੇ ਸਾਡੇ ਵਿੱਚੋਂ ਉਨ੍ਹਾਂ ਨੂੰ “ਹਾਂ” (Aye) ਬੋਲਣ ਲਈ ਕਿਹਾ ਜੋ ਵਧ-ਚੜ੍ਹ ਕੇ ਪ੍ਰਚਾਰ ਕਰਨਾ ਚਾਹੁੰਦੇ ਸਨ। ਹੋਰਨਾਂ ਬੱਚਿਆਂ ਦੇ ਨਾਲ ਮੈਂ ਵੀ ਉੱਚੀ ਆਵਾਜ਼ ਵਿਚ “ਹਾਂ” (Aye) ਕਿਹਾ। ਸਾਰਿਆਂ ਨੇ ਜ਼ੋਰਦਾਰ ਤਾੜੀਆਂ ਮਾਰੀਆਂ। ਮੇਰੇ ਵਿਚ ਨਵਾਂ ਜੋਸ਼ ਭਰ ਗਿਆ।
ਸੰਮੇਲਨ ਤੋਂ ਬਾਅਦ ਅਸੀਂ ਵੈਸਟ ਵਰਜੀਨੀਆ ਵਿਚ ਇਕ ਭਰਾ ਨੂੰ ਮਿਲੇ। ਉਸ ਨੇ ਦੱਸਿਆ ਕਿ ਜਦੋਂ ਉਹ ਪ੍ਰਚਾਰ ਕਰ ਰਿਹਾ ਸੀ, ਤਾਂ ਕੁਝ ਗੁੰਡਿਆਂ ਨੇ ਉਸ ਨੂੰ ਮਾਰਿਆ-ਕੁੱਟਿਆ ਤੇ ਉਸ ’ਤੇ ਲੁੱਕ ਪਾ ਕੇ ਖੰਭ ਚਮੇੜ ਦਿੱਤੇ। ਉਸ ਦੀ ਗੱਲ ਸੁਣ ਕੇ ਮੇਰਾ ਮੂੰਹ ਅੱਡਿਆ ਰਹਿ ਗਿਆ। ਪਰ ਭਰਾ ਨੇ ਕਿਹਾ: “ਮੈਂ ਤਾਂ ਪ੍ਰਚਾਰ ਕਰਦਾ ਰਹੂੰਗਾ।” ਉਸ ਭਰਾ ਨੂੰ ਮਿਲ ਕੇ ਵਾਪਸ ਆਉਂਦਿਆਂ ਮੈਂ ਦਾਊਦ ਵਾਂਗ ਬਹਾਦਰ ਮਹਿਸੂਸ ਕਰਨ ਲੱਗਾ। ਹੁਣ ਮੈਂ ਗੋਲਿਅਥ ਯਾਨੀ ਆਪਣੇ ਸਕੂਲ ਦੇ ਪ੍ਰਿੰਸੀਪਲ ਦਾ ਸਾਮ੍ਹਣਾ ਕਰਨ ਲਈ ਤਿਆਰ ਸੀ!
ਸਕੂਲ ਵਿਚ ਮੈਂ ਪ੍ਰਿੰਸੀਪਲ ਕੋਲ ਗਿਆ। ਉਸ ਨੇ ਮੈਨੂੰ ਘੂਰ ਕੇ ਵੇਖਿਆ। ਮੈਂ ਯਹੋਵਾਹ ਨੂੰ ਦਿਲ ਵਿਚ ਪ੍ਰਾਰਥਨਾ ਕੀਤੀ। ਫਿਰ ਮੈਂ ਬੋਲਿਆ: “ਮੈਂ ਯਹੋਵਾਹ ਦੇ ਗਵਾਹਾਂ ਦੇ ਸੰਮੇਲਨ ਵਿਚ ਗਿਆ ਸੀ। ਮੈਂ ਹੁਣ ਤੋਂ ਝੰਡੇ ਨੂੰ ਸਲਾਮੀ ਨਹੀਂ ਦੇਵਾਂਗਾ!” ਕਾਫ਼ੀ ਚਿਰ ਚੁੱਪ ਛਾਈ ਰਹੀ। ਪ੍ਰਿੰਸੀਪਲ ਆਪਣੀ ਕੁਰਸੀ ਤੋਂ ਉੱਠਿਆ ਅਤੇ ਮੇਰੇ ਕੋਲ ਆਇਆ। ਗੁੱਸੇ ਨਾਲ ਉਸ ਦਾ ਮੂੰਹ ਲਾਲ ਹੋ ਗਿਆ ਸੀ। ਉਹ ਚੀਕਿਆ: “ਝੰਡੇ ਨੂੰ ਸਲਾਮੀ ਦੇ, ਨਹੀਂ ਤਾਂ ਤੈਨੂੰ ਸਕੂਲੋਂ ਕੱਢ ਦਿੱਤਾ ਜਾਵੇਗਾ!” ਏਸ ਵਾਰੀ ਮੈਂ ਆਪਣੇ ਅਸੂਲਾਂ ਦਾ ਪੱਕਾ ਰਿਹਾ ਤੇ ਮੈਂ ਅੰਦਰੋਂ ਇੰਨਾ ਖ਼ੁਸ਼ ਸੀ ਜਿੰਨਾ ਮੈਂ ਪਹਿਲਾਂ ਕਦੇ ਨਹੀਂ ਹੋਇਆ।
ਮੈਂ ਬੈੱਨ ਨੂੰ ਇਹ ਸਾਰੀ ਵਾਰਤਾ ਦੱਸਣ ਲਈ ਬੇਤਾਬ ਸੀ। ਜਦੋਂ ਮੈਂ ਉਸ ਨੂੰ ਕਿੰਗਡਮ ਹਾਲ ਵਿਚ ਦੇਖਿਆ, ਤਾਂ ਮੈਂ ਉੱਚੀ ਆਵਾਜ਼ ਵਿਚ ਕਿਹਾ: “ਮੈਨੂੰ ਸਕੂਲੋਂ ਕੱਢ ਦਿੱਤਾ ਗਿਆ ਹੈ! ਮੈਂ ਝੰਡੇ ਨੂੰ ਸਲਾਮੀ ਨਹੀਂ ਦਿੱਤੀ!” ਬੈੱਨ ਨੇ ਮੈਨੂੰ ਜੱਫੀ ਪਾ ਲਈ ਅਤੇ ਮੁਸਕਰਾ ਕੇ ਬੋਲਿਆ: “ਮੈਨੂੰ ਪੂਰਾ ਯਕੀਨ ਹੈ ਕਿ ਯਹੋਵਾਹ ਤੈਨੂੰ ਪਿਆਰ ਕਰਦਾ ਹੈ।” (ਬਿਵ. 31:6) ਉਸ ਦੇ ਇਹ ਸ਼ਬਦ ਸੁਣ ਕੇ ਮੈਂ ਚੜ੍ਹਦੀਆਂ ਕਲਾਂ ਵਿਚ ਸੀ! 15 ਜੂਨ 1942 ਨੂੰ ਮੈਂ ਬਪਤਿਸਮਾ ਲੈ ਲਿਆ।
ਸੰਤੁਸ਼ਟ ਰਹਿਣ ਦਾ ਰਾਜ਼ ਸਿੱਖਣਾ
ਦੂਜੇ ਵਿਸ਼ਵ ਜੰਗ ਤੋਂ ਬਾਅਦ, ਕੌਮ ਦੀ ਆਰਥਿਕ ਸਥਿਤੀ ਬਹੁਤ ਸੁਧਰ ਗਈ ਤੇ ਪੂਰੇ ਦੇਸ਼ ਵਿਚ ਲੋਕ ਕਾਫ਼ੀ ਅਮੀਰ ਹੋ ਗਏ ਤੇ ਨਵੀਆਂ ਤੋਂ ਨਵੀਆਂ ਚੀਜ਼ਾਂ ਖ਼ਰੀਦ ਸਕਦੇ ਸਨ। ਚੰਗੀ ਨੌਕਰੀ ਹੋਣ ਕਰਕੇ ਮੈਂ ਚੰਗੇ-ਖਾਸੇ ਪੈਸੇ ਕਮਾਉਂਦਾ ਸੀ ਤੇ ਹੁਣ ਉਹ ਚੀਜ਼ਾਂ ਖ਼ਰੀਦ ਸਕਦਾ ਸੀ ਜਿਨ੍ਹਾਂ ਬਾਰੇ ਮੈਂ ਪਹਿਲਾਂ ਸੁਪਨੇ ਹੀ ਦੇਖਦਾ ਸਾਂ। ਮੇਰੇ ਕੁਝ ਦੋਸਤਾਂ ਨੇ ਮੋਟਰ ਸਾਈਕਲ ਖ਼ਰੀਦੇ, ਕੁਝ ਨੇ ਆਪਣੇ ਘਰਾਂ ਦੀ ਮੁਰੰਮਤ ਕੀਤੀ, ਪਰ ਮੈਂ ਨਵੇਂ ਮਾਡਲ ਦੀ ਗੱਡੀ ਖ਼ਰੀਦ ਲਈ। ਮੇਰੇ ਅੰਦਰ ਜ਼ਿਆਦਾ ਤੋਂ ਜ਼ਿਆਦਾ ਚੀਜ਼ਾਂ ਖ਼ਰੀਦਣ ਦੀ ਇੱਛਾ ਜਾਗ ਪਈ ਜਿਸ ਕਰਕੇ ਮੈਂ ਯਹੋਵਾਹ ਦੀ ਸੇਵਾ ਵਿਚ ਘੱਟ ਸਮਾਂ ਲਾਉਂਦਾ ਸੀ। ਮੈਨੂੰ ਪਤਾ ਸੀ ਕਿ ਇੱਦਾਂ ਕਰਨਾ ਠੀਕ ਨਹੀਂ ਸੀ। ਖ਼ੁਸ਼ੀ ਦੀ ਗੱਲ ਹੈ ਕਿ 1950 ਨੂੰ ਨਿਊ ਯਾਰਕ ਸਿਟੀ ਵਿਚ ਹੋਏ ਸੰਮੇਲਨ ਵਿਚ ਮਿਲੀ ਚੰਗੀ ਸਲਾਹ ਨੂੰ ਮੰਨ ਕੇ ਮੈਂ ਆਪਣਾ ਰਵੱਈਆ ਬਦਲ ਲਿਆ।
ਉਸ ਸੰਮੇਲਨ ਵਿਚ ਇਕ ਤੋਂ ਬਾਅਦ ਇਕ ਭਾਸ਼ਣਕਾਰ ਨੇ ਸੁਣਨ ਵਾਲਿਆਂ ਨੂੰ ਹੱਲਾਸ਼ੇਰੀ ਦਿੱਤੀ ਕਿ ਉਹ ਪ੍ਰਚਾਰ ਦੇ ਕੰਮ ਵਿਚ ਅੱਗੇ ਵਧਣ। ਇਕ ਭਾਸ਼ਣਕਾਰ ਨੇ ਸਾਨੂੰ ਕਿਹਾ: “ਸਾਧਾਰਣ ਜ਼ਿੰਦਗੀ ਜੀਓ ਤੇ ਉਹ ਦੌੜ ਦੌੜੋ ਜੋ ਸਾਡੇ ਸਾਮ੍ਹਣੇ ਪਈ ਹੈ।” ਮੈਨੂੰ ਲੱਗਦਾ ਸੀ ਕਿ ਉਹ ਭਾਸ਼ਣਕਾਰ ਮੇਰੇ ਨਾਲ ਹੀ ਗੱਲ ਕਰ ਰਿਹਾ ਸੀ। ਮੈਂ ਸੰਮੇਲਨ ਵੇਲੇ ਹੋਈ ਗਿਲਿਅਡ ਕਲਾਸ ਦੀ ਗ੍ਰੈਜੂਏਸ਼ਨ ਵੀ ਦੇਖੀ ਜਿਸ ਕਰਕੇ ਮੈਂ ਸੋਚਿਆ, ‘ਜੇ ਮੇਰੇ ਹਾਣ ਦੇ ਇਹ ਗਵਾਹ ਜ਼ਿੰਦਗੀ ਦੀਆਂ ਸੁੱਖ-ਸਹੂਲਤਾਂ ਤਿਆਗ ਕੇ ਹੋਰ ਦੇਸ਼ ਜਾਣ ਲਈ ਤਿਆਰ ਹਨ, ਤਾਂ ਮੈਨੂੰ ਵੀ ਇੱਥੇ ਰਹਿੰਦਿਆਂ ਇੱਦਾਂ ਕਰਨਾ ਚਾਹੀਦਾ ਹੈ।’ ਸੰਮੇਲਨ ਖ਼ਤਮ ਹੁੰਦਿਆਂ ਮੈਂ ਪਾਇਨੀਅਰਿੰਗ ਕਰਨ ਦਾ ਫ਼ੈਸਲਾ ਕਰ ਲਿਆ।
ਉਨ੍ਹੀਂ ਦਿਨੀਂ ਮੈਂ ਆਪਣੀ ਹੀ ਕਲੀਸਿਯਾ ਦੀ ਜੋਸ਼ੀਲੀ ਭੈਣ ਐਵਲਿਨ ਮੌਨਡੈਕ ਨਾਲ ਡੇਟਿੰਗ ਕਰਨ ਲੱਗ ਪਿਆ। ਐਵਲਿਨ ਦੀ ਮਾਤਾ ਜੀ ਨੇ ਛੇ ਬੱਚਿਆਂ ਦਾ ਪਾਲਣ-ਪੋਸਣ ਕੀਤਾ। ਉਹ ਕਿਸੇ ਕੋਲੋਂ ਡਰਦੀ ਨਹੀਂ ਸੀ। ਉਸ ਨੂੰ ਇਕ ਵੱਡੇ ਰੋਮਨ ਕੈਥੋਲਿਕ ਚਰਚ ਦੇ ਸਾਮ੍ਹਣੇ ਪ੍ਰਚਾਰ ਕਰਨਾ ਪਸੰਦ ਸੀ। ਪਾਦਰੀ ਗੁੱਸੇ ਹੋ ਕੇ ਉਸ ਨੂੰ ਅਕਸਰ ਉੱਥੋਂ ਖਿਸਕ ਜਾਣ ਲਈ ਕਹਿੰਦਾ ਸੀ, ਪਰ ਉਹ ਉੱਥੋਂ ਹਿਲਦੀ ਨਹੀਂ ਸੀ। ਆਪਣੀ ਮਾਤਾ ਵਾਂਗ ਐਵਲਿਨ ਵੀ ਇਨਸਾਨਾਂ ਤੋਂ ਡਰਦੀ ਨਹੀਂ ਸੀ।—ਕਹਾ. 29:25.
1951 ਵਿਚ ਮੈਂ ਤੇ ਐਵਲਿਨ ਨੇ ਵਿਆਹ ਕਰਾ ਲਿਆ ਤੇ ਆਪਣੀਆਂ ਨੌਕਰੀਆਂ ਛੱਡ ਕੇ ਪਾਇਨੀਅਰਿੰਗ ਕਰਨ ਲੱਗ ਪਏ। ਸਰਕਟ ਓਵਰਸੀਅਰ ਨੇ ਸਾਨੂੰ ਅਮੈਗਨਸੈੱਟ ਜਾਣ ਲਈ ਕਿਹਾ ਜੋ ਨਿਊ ਯਾਰਕ ਸਿਟੀ ਤੋਂ ਲਗਭਗ 160 ਕਿਲੋਮੀਟਰ ਦੂਰ ਅੰਧ ਮਹਾਂਸਾਗਰ ਦੇ ਕੰਢੇ ਉੱਤੇ ਸਥਿਤ ਇਕ ਪਿੰਡ ਹੈ। ਜਦੋਂ ਭੈਣਾਂ-ਭਰਾਵਾਂ ਨੇ ਦੱਸਿਆ ਕਿ ਉਨ੍ਹਾਂ ਦੇ ਘਰਾਂ ਵਿਚ ਸਾਡੇ ਰਹਿਣ ਵਾਸਤੇ ਜਗ੍ਹਾ ਨਹੀਂ ਸੀ, ਤਾਂ ਅਸੀਂ ਕੋਈ ਸਸਤਾ ਟ੍ਰੇਲਰ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਮਿਲਿਆ ਨਹੀਂ। ਫਿਰ ਅਸੀਂ ਇਕ ਟੁੱਟਾ-ਭੱਜਾ ਟ੍ਰੇਲਰ ਦੇਖਿਆ ਜੋ ਅਸੀਂ ਉਨ੍ਹਾਂ 900 ਡਾਲਰਾਂ ਦਾ ਖ਼ਰੀਦ ਲਿਆ ਜੋ ਸਾਨੂੰ ਤੋਹਫ਼ੇ ਵਜੋਂ ਵਿਆਹ ਵੇਲੇ ਮਿਲੇ ਸਨ। ਅਸੀਂ ਟ੍ਰੇਲਰ ਦੀ ਮੁਰੰਮਤ ਕਰ ਕੇ ਉਸ ਨੂੰ ਆਪਣੇ ਨਵੇਂ ਇਲਾਕੇ ਵਿਚ ਲੈ ਆਏ। ਜਦੋਂ ਅਸੀਂ ਉੱਥੇ ਗਏ, ਤਾਂ ਸਾਡੇ ਕੋਲ ਕੋਈ ਪੈਸਾ ਨਹੀਂ ਸੀ ਬਚਿਆ। ਇਸ ਲਈ ਅਸੀਂ ਸੋਚਦੇ ਸਾਂ ਕਿ ਪਾਇਨੀਅਰਿੰਗ ਕਰਦਿਆਂ ਸਾਡਾ ਗੁਜ਼ਾਰਾ ਕਿਵੇਂ ਤੁਰੇਗਾ।
ਐਵਲਿਨ ਘਰਾਂ ਵਿਚ ਜਾ ਕੇ ਸਾਫ਼-ਸਫ਼ਾਈ ਕਰਨ ਲੱਗ ਪਈ ਅਤੇ ਮੈਨੂੰ ਇਕ ਇਟਾਲੀਅਨ ਰੈਸਤੋਰਾਂ ਵਿਚ ਰਾਤ ਨੂੰ ਸਫ਼ਾਈ ਕਰਨ ਦੀ ਨੌਕਰੀ ਮਿਲ ਗਈ। ਮਾਲਕ ਨੇ ਮੈਨੂੰ ਕਿਹਾ, “ਜੇ ਕੋਈ ਖਾਣਾ ਬਚਦਾ ਹੈ, ਤਾਂ ਘਰ ਆਪਣੀ ਤੀਵੀਂ ਲਈ ਲੈ ਜਾਈਂ।” ਸੋ ਜਦੋਂ ਮੈਂ ਅੱਧੀ ਰਾਤ ਨੂੰ ਦੋ ਵਜੇ ਘਰ ਵਾਪਸ ਆਉਂਦਾ ਸੀ, ਤਾਂ ਸਾਡਾ ਟ੍ਰੇਲਰ ਪਿਜ਼ਾ ਤੇ ਪਾਸਤਾ ਦੀਆਂ ਖੁਸ਼ਬੂਆਂ ਨਾਲ ਭਰ ਜਾਂਦਾ ਸੀ। ਇਹ ਦੁਬਾਰਾ ਗਰਮ ਕੀਤਾ ਹੋਇਆ ਖਾਣਾ ਸਾਨੂੰ ਚੰਗਾ ਲੱਗਦਾ ਸੀ, ਖ਼ਾਸ ਕਰਕੇ ਜਦੋਂ ਸਰਦੀਆਂ ਵਿਚ ਅਸੀਂ ਟ੍ਰੇਲਰ ਵਿਚ ਠੰਢ ਨਾਲ ਕੰਬ ਰਹੇ ਹੁੰਦੇ ਸਾਂ। ਇਸ ਤੋਂ ਇਲਾਵਾ, ਕਦੇ-ਕਦੇ ਭਰਾ ਆ ਕੇ ਟ੍ਰੇਲਰ ਦੀਆਂ ਪੌੜੀਆਂ ’ਤੇ ਵੱਡੀ ਸਾਰੀ ਮੱਛੀ ਰੱਖ ਜਾਂਦੇ ਸਨ। ਉਨ੍ਹਾਂ ਸਾਲਾਂ ਦੌਰਾਨ ਅਮੈਗਨਸੈੱਟ ਦੇ ਪਿਆਰੇ ਭਰਾਵਾਂ ਨਾਲ ਸੇਵਾ ਕਰ ਕੇ ਅਸੀਂ ਸਿੱਖਿਆ ਕਿ ਥੋੜ੍ਹੇ ਵਿਚ ਹੀ ਗੁਜ਼ਾਰਾ ਚਲਾ ਕੇ ਅਸੀਂ ਸੰਤੁਸ਼ਟ ਹੋ ਸਕਦੇ ਹਾਂ। ਉਨ੍ਹਾਂ ਸਾਲਾਂ ਦੌਰਾਨ ਅਸੀਂ ਕਾਫ਼ੀ ਖ਼ੁਸ਼ ਸਾਂ।
ਜ਼ਿਆਦਾ ਤੋਂ ਜ਼ਿਆਦਾ ਕਰਨ ਲਈ ਪ੍ਰੇਰਿਤ ਹੋਏ
ਜੁਲਾਈ 1953 ਵਿਚ ਅਸੀਂ ਹੋਰਨਾਂ ਦੇਸ਼ਾਂ ਤੋਂ ਨਿਊਯਾਰਕ ਸਿਟੀ ਦੇ ਅੰਤਰ-ਰਾਸ਼ਟਰੀ ਸੰਮੇਲਨ ਲਈ ਆਏ ਸੈਂਕੜੇ ਮਿਸ਼ਨਰੀਆਂ ਦਾ ਸੁਆਗਤ ਕੀਤਾ। ਉਨ੍ਹਾਂ ਨੇ ਵਧੀਆ ਤਜਰਬੇ ਸੁਣਾਏ। ਉਨ੍ਹਾਂ ਦੇ ਜੋਸ਼ ਨੂੰ ਦੇਖ ਕੇ ਸਾਰਿਆਂ ਵਿਚ ਜੋਸ਼ ਭਰ ਗਿਆ। ਇਸ ਤੋਂ ਇਲਾਵਾ, ਜਦੋਂ ਇਕ ਭਾਸ਼ਣਕਾਰ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਕਈ ਦੇਸ਼ਾਂ ਵਿਚ ਅਜੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਨਹੀਂ ਹੋਇਆ, ਤਾਂ ਸਾਨੂੰ ਪਤਾ ਲੱਗ ਗਿਆ ਕਿ ਸਾਨੂੰ ਕੀ ਕਰਨ ਦੀ ਲੋੜ ਸੀ। ਸਾਨੂੰ ਹੋਰ ਵੀ ਜ਼ਿਆਦਾ ਵਧ-ਚੜ੍ਹ ਕੇ ਪ੍ਰਚਾਰ ਕਰਨ ਦੀ ਲੋੜ ਸੀ। ਸੰਮੇਲਨ ’ਤੇ ਹੁੰਦਿਆਂ ਹੀ ਅਸੀਂ ਮਿਸ਼ਨਰੀ ਟ੍ਰੇਨਿੰਗ ਲਈ ਅਰਜ਼ੀ ਭਰ ਦਿੱਤੀ। ਉਸੇ ਸਾਲ ਸਾਨੂੰ ਗਿਲਿਅਡ ਸਕੂਲ ਦੀ 23ਵੀਂ ਕਲਾਸ ਵਿਚ ਆਉਣ ਲਈ ਬੁਲਾਇਆ ਗਿਆ ਜੋ ਫਰਵਰੀ 1954 ਵਿਚ ਸ਼ੁਰੂ ਹੋਈ ਸੀ। ਇਹ ਸਾਡੇ ਵਾਸਤੇ ਕਿੰਨਾ ਵੱਡਾ ਸਨਮਾਨ ਸੀ!
ਅਸੀਂ ਬੜੇ ਖ਼ੁਸ਼ ਹੋਏ ਜਦੋਂ ਸਾਨੂੰ ਪਤਾ ਲੱਗਾ ਕਿ ਅਸੀਂ ਬ੍ਰਾਜ਼ੀਲ ਵਿਚ ਸੇਵਾ ਕਰਨ ਲਈ ਜਾ ਰਹੇ ਸਾਂ। ਉੱਥੇ ਪਹੁੰਚਣ ਲਈ ਸਮੁੰਦਰੀ ਜਹਾਜ਼ ਵਿਚ 14 ਦਿਨ ਲੱਗ ਜਾਣੇ ਸਨ। ਸਫ਼ਰ ਸ਼ੁਰੂ ਕਰਨ ਤੋਂ ਪਹਿਲਾਂ ਬੈਥਲ ਦੇ ਇਕ ਜ਼ਿੰਮੇਵਾਰ ਭਰਾ ਨੇ ਕਿਹਾ: “ਤੇਰੇ ਤੇ ਤੇਰੀ ਪਤਨੀ ਨਾਲ ਨੌਂ ਕੁਆਰੀਆਂ ਮਿਸ਼ਨਰੀ ਭੈਣਾਂ
ਬ੍ਰਾਜ਼ੀਲ ਨੂੰ ਜਾ ਰਹੀਆਂ ਹਨ। ਇਨ੍ਹਾਂ ਦਾ ਖ਼ਿਆਲ ਰੱਖੀਂ!” ਜਦੋਂ ਜਹਾਜ਼ੀਆਂ ਨੇ ਮੈਨੂੰ ਤੇ ਮੇਰੇ ਪਿੱਛੇ-ਪਿੱਛੇ ਆਉਂਦੀਆਂ ਦਸ ਔਰਤਾਂ ਨੂੰ ਦੇਖਿਆ, ਤਾਂ ਤੁਸੀਂ ਸੋਚ ਸਕਦੇ ਹੋ ਕਿ ਉਹ ਕਿੰਨੇ ਹੈਰਾਨ ਹੋਏ ਹੋਣੇ! ਪਰ ਭੈਣਾਂ ਨੂੰ ਕੋਈ ਵੱਡੀ ਮੁਸ਼ਕਲ ਨਹੀਂ ਆਈ। ਸੁੱਖ ਦਾ ਸਾਹ ਮੈਂ ਉਦੋਂ ਲਿਆ ਜਦੋਂ ਅਸੀਂ ਬ੍ਰਾਜ਼ੀਲ ਦੀ ਧਰਤੀ ’ਤੇ ਕਦਮ ਰੱਖਿਆ।ਪੁਰਤਗਾਲੀ ਸਿੱਖਣ ਤੋਂ ਬਾਅਦ ਮੈਨੂੰ ਦੱਖਣੀ ਬ੍ਰਾਜ਼ੀਲ ਦੇ ਸੂਬੇ ਰੀਓ ਗ੍ਰਾਂਡ ਡੇ ਸੁਲ ਵਿਚ ਸਰਕਟ ਕੰਮ ਕਰਨ ਲਈ ਭੇਜ ਦਿੱਤਾ ਗਿਆ। ਜਿਸ ਕੁਆਰੇ ਸਰਕਟ ਓਵਰਸੀਅਰ ਦੀ ਜਗ੍ਹਾ ਮੈਂ ਸੇਵਾ ਕਰ ਰਿਹਾ ਸੀ, ਉਸ ਨੇ ਮੈਨੂੰ ਤੇ ਮੇਰੀ ਪਤਨੀ ਨੂੰ ਕਿਹਾ: “ਮੈਂ ਹੈਰਾਨ ਹਾਂ ਕਿ ਇਕ ਸ਼ਾਦੀ-ਸ਼ੁਦਾ ਜੋੜੇ ਨੂੰ ਇੱਥੇ ਭੇਜਿਆ ਗਿਆ। ਇਹ ਤਾਂ ਪਹਾੜੀ ਇਲਾਕਾ ਹੈ।” ਇੱਥੇ ਕਲੀਸਿਯਾਵਾਂ ਪੇਂਡੂ ਇਲਾਕਿਆਂ ਵਿਚ ਸਨ ਤੇ ਇਕ-ਦੂਸਰੇ ਤੋਂ ਮੀਲਾਂ ਦੂਰ ਸਨ। ਕੁਝ ਕਲੀਸਿਯਾਵਾਂ ਤਕ ਪਹੁੰਚਣ ਲਈ ਤਾਂ ਟਰੱਕ ਵਿਚ ਜਾਣਾ ਪੈਂਦਾ ਸੀ। ਜੇ ਤੁਸੀਂ ਡ੍ਰਾਈਵਰ ਨੂੰ ਖਾਣਾ ਖ਼ਰੀਦ ਕੇ ਦਿਓ, ਤਾਂ ਹੀ ਉਹ ਤੁਹਾਨੂੰ ਆਪਣੇ ਟਰੱਕ ਵਿਚ ਲੈ ਕੇ ਜਾਂਦਾ ਸੀ। ਜਿਵੇਂ ਘੋੜਸਵਾਰ ਘੋੜੇ ’ਤੇ ਬੈਠਦਾ ਹੁੰਦਾ, ਉਵੇਂ ਅਸੀਂ ਟਰੱਕ ਵਿਚ ਲੱਦੇ ਸਮਾਨ ਦੇ ਦੋਹੀਂ ਪਾਸੀਂ ਆਪਣੀਆਂ ਲੱਤਾਂ ਕਰ ਕੇ ਬੈਠਦੇ ਹੁੰਦੇ ਸਾਂ ਅਤੇ ਦੋਵੇਂ ਹੱਥਾਂ ਨਾਲ ਰੱਸੀਆਂ ਨੂੰ ਘੁੱਟ ਕੇ ਫੜਦੇ ਸਾਂ। ਡ੍ਰਾਈਵਰ ਜਦੋਂ ਇਕਦਮ ਟਰੱਕ ਨੂੰ ਮੋੜਦਾ ਸੀ, ਤਾਂ ਸਾਮਾਨ ਇਕ ਪਾਸੇ ਨੂੰ ਹੋ ਜਾਂਦਾ ਸੀ ਤੇ ਅਸੀਂ ਥੱਲੇ ਡੂੰਘੀਆਂ ਘਾਟੀਆਂ ਨੂੰ ਦੇਖ ਕੇ ਡਰ ਜਾਂਦੇ ਸਾਂ ਅਤੇ ਰੱਸੀਆਂ ਨੂੰ ਹੋਰ ਵੀ ਘੁੱਟ ਕੇ ਫੜ ਲੈਂਦੇ ਸਾਂ।
ਅਸੀਂ ਭਰਾਵਾਂ ਦੇ ਘਰਾਂ ਵਿਚ ਰਹਿੰਦੇ ਸਾਂ। ਉਹ ਬਹੁਤ ਗ਼ਰੀਬ ਸਨ, ਪਰ ਖੁੱਲ੍ਹੇ ਦਿਲ ਵਾਲੇ ਸਨ। ਇਕ ਪੇਂਡੂ ਇਲਾਕੇ ਵਿਚ ਸਾਰੇ ਭਰਾ ਮੀਟ ਫੈਕਟਰੀ ਵਿਚ ਕੰਮ ਕਰਦੇ ਸਨ। ਉਨ੍ਹਾਂ ਦੀ ਤਨਖ਼ਾਹ ਬਹੁਤ ਥੋੜ੍ਹੀ ਸੀ ਜਿਸ ਕਰਕੇ ਉਨ੍ਹਾਂ ਨੂੰ ਸਿਰਫ਼ ਇਕ ਡੰਗ ਦੀ ਰੋਟੀ ਨਸੀਬ ਹੁੰਦੀ ਸੀ। ਜੇ ਉਹ ਇਕ ਦਿਹਾੜੀ ਕੰਮ ਨਹੀਂ ਕਰਦੇ ਸੀ, ਤਾਂ ਉਨ੍ਹਾਂ ਨੂੰ ਉਸ ਦਿਨ ਤਨਖ਼ਾਹ ਨਹੀਂ ਸੀ ਮਿਲਦੀ। ਫਿਰ ਵੀ ਜਦੋਂ ਅਸੀਂ ਉਨ੍ਹਾਂ ਨੂੰ ਮਿਲਣ ਜਾਂਦੇ ਸਾਂ, ਤਾਂ ਉਹ ਕੰਮ ਤੋਂ ਦੋ ਦਿਨ ਛੁੱਟੀ ਲੈ ਕੇ ਕਲੀਸਿਯਾਵਾਂ ਦੇ ਕੰਮਾਂ ਦਾ ਸਮਰਥਨ ਕਰਦੇ ਸਨ। ਉਨ੍ਹਾਂ ਨੇ ਯਹੋਵਾਹ ’ਤੇ ਭਰੋਸਾ ਰੱਖਿਆ। ਉਨ੍ਹਾਂ ਨਿਮਰ ਭਰਾਵਾਂ ਤੋਂ ਅਸੀਂ ਯਹੋਵਾਹ ਦੇ ਰਾਜ ਦੀ ਖ਼ਾਤਰ ਕੁਰਬਾਨੀਆਂ ਕਰਨੀਆਂ ਸਿੱਖੀਆਂ ਜੋ ਅਸੀਂ ਕਦੇ ਨਹੀਂ ਭੁੱਲਾਂਗੇ। ਉਨ੍ਹਾਂ ਨਾਲ ਰਹਿ ਕੇ ਸਾਨੂੰ ਉਹ ਸਿੱਖਿਆ ਮਿਲੀ ਜੋ ਕਿਸੇ ਵੀ ਸਕੂਲ ਵਿਚ ਨਹੀਂ ਦਿੱਤੀ ਜਾਂਦੀ। ਜਦੋਂ ਮੈਂ ਉਨ੍ਹਾਂ ਭਰਾਵਾਂ ਨੂੰ ਚੇਤੇ ਕਰਦਾ ਹਾਂ, ਤਾਂ ਮੇਰੀਆਂ ਅੱਖਾਂ ਵਿਚ ਖ਼ੁਸ਼ੀ ਦੇ ਹੰਝੂ ਵਹਿ ਤੁਰਦੇ ਹਨ।
1976 ਵਿਚ ਅਸੀਂ ਅਮਰੀਕਾ ਵਾਪਸ ਆ ਗਏ ਤਾਂਕਿ ਅਸੀਂ ਮੇਰੇ ਬੀਮਾਰ ਮਾਤਾ ਜੀ ਦੀ ਦੇਖ-ਭਾਲ ਕਰ ਸਕੀਏ। ਬ੍ਰਾਜ਼ੀਲ ਛੱਡ ਕੇ ਸਾਨੂੰ ਦੁੱਖ ਤਾਂ ਹੋਇਆ, ਪਰ ਅਸੀਂ ਖ਼ੁਸ਼ ਹਾਂ ਕਿ ਅਸੀਂ ਉੱਥੇ ਦੀਆਂ ਕਲੀਸਿਯਾਵਾਂ ਅਤੇ ਭੈਣਾਂ-ਭਰਾਵਾਂ ਵਿਚ ਹੋਏ ਵਾਧੇ ਨੂੰ ਦੇਖਿਆ। ਜਦੋਂ ਵੀ ਸਾਨੂੰ ਬ੍ਰਾਜ਼ੀਲ ਤੋਂ ਚਿੱਠੀਆਂ ਆਉਂਦੀਆਂ ਹਨ, ਤਾਂ ਸਾਨੂੰ ਉੱਥੇ ਬਿਤਾਏ ਮਿੱਠੇ ਪਲ ਯਾਦ ਆ ਜਾਂਦੇ ਹਨ।
ਪੁਰਾਣੇ ਦੋਸਤਾਂ ਨਾਲ ਦੁਬਾਰਾ ਮੁਲਾਕਾਤ
ਮਾਤਾ ਜੀ ਦੀ ਦੇਖ-ਭਾਲ ਕਰਨ ਦੇ ਨਾਲ-ਨਾਲ ਅਸੀਂ ਪਾਇਨੀਅਰਿੰਗ ਵੀ ਕੀਤੀ ਅਤੇ ਗੁਜ਼ਾਰਾ ਤੋਰਨ ਲਈ ਸਾਫ਼-ਸਫ਼ਾਈ ਦੇ ਕੰਮ ਵੀ ਕੀਤੇ। 1980 ਵਿਚ ਮਾਤਾ ਜੀ ਮੌਤ ਦੀ ਨੀਂਦ ਸੌਂ ਗਏ ਤੇ ਮਰਦੇ ਦਮ ਤਕ ਵਫ਼ਾਦਾਰ ਰਹੇ। ਉਸ ਤੋਂ ਬਾਅਦ ਮੈਨੂੰ ਅਮਰੀਕਾ ਵਿਚ ਸਰਕਟ ਕੰਮ ਕਰਨ ਲਈ ਭੇਜਿਆ ਗਿਆ। 1990 ਵਿਚ ਮੈਂ ਤੇ ਮੇਰੀ ਪਤਨੀ ਕਨੈਟੀਕਟ ਦੀ ਇਕ ਕਲੀਸਿਯਾ ਨੂੰ ਗਏ ਜਿੱਥੇ ਸਾਨੂੰ ਇਕ ਖ਼ਾਸ ਬੰਦਾ ਮਿਲਿਆ। ਉਸ ਕਲੀਸਿਯਾ ਦਾ ਇਕ ਬਜ਼ੁਰਗ ਸੀ ਬੈੱਨ। ਜੀ ਹਾਂ, ਉਹੀ ਬੈੱਨ ਜਿਸ ਨੇ 50 ਸਾਲ ਪਹਿਲਾਂ ਯਹੋਵਾਹ ਦਾ ਪੱਖ ਲੈਣ ਵਿਚ ਮੇਰੀ ਮਦਦ ਕੀਤੀ। ਕੀ ਤੁਸੀਂ ਸਾਡੀ ਖ਼ੁਸ਼ੀ ਦਾ ਅੰਦਾਜ਼ਾ ਲਗਾ ਸਕਦੇ ਹੋ ਜਦੋਂ ਅਸੀਂ ਗਲੇ ਮਿਲੇ?
1996 ਤੋਂ ਮੈਂ ਤੇ ਐਵਲਿਨ ਏਲੀਸਬਥ, ਨਿਊ ਜਰਜ਼ੀ ਦੀ ਪੁਰਤਗਾਲੀ ਕਲੀਸਿਯਾ ਵਿਚ ਸਪੈਸ਼ਲ ਪਾਇਨੀਅਰਾਂ ਵਜੋਂ ਸੇਵਾ ਕਰ ਰਹੇ ਹਾਂ ਭਾਵੇਂ ਸਿਹਤ ਠੀਕ ਨਾ ਹੋਣ ਕਰਕੇ ਅਸੀਂ ਪੂਰੇ ਘੰਟੇ ਨਹੀਂ ਕਰ ਪਾਉਂਦੇ। ਪਰ ਮੇਰੀ ਪਿਆਰੀ ਪਤਨੀ ਦੀ ਮਦਦ ਨਾਲ ਮੈਂ ਪ੍ਰਚਾਰ ਵਿਚ ਜਿੰਨਾ ਕਰ ਸਕਦਾ ਹਾਂ, ਉੱਨਾ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਇਸ ਤੋਂ ਇਲਾਵਾ, ਐਵਲਿਨ ਇਕ ਕਮਜ਼ੋਰ ਬਿਰਧ ਗੁਆਂਢਣ ਦੀ ਦੇਖ-ਭਾਲ ਕਰਦੀ ਹੈ। ਉਸ ਦਾ ਨਾਂ ਬਰਥਾ ਹੈ। ਜੀ ਹਾਂ, ਇਹ ਉਹੀ ਬਰਥਾ ਹੈ ਜਿਸ ਨੇ 70 ਸਾਲ ਪਹਿਲਾਂ ਮੇਰੇ ਮਾਤਾ ਜੀ ਦੀ ਯਹੋਵਾਹ ਦੀ ਭਗਤ ਬਣਨ ਵਿਚ ਮਦਦ ਕੀਤੀ ਸੀ! ਅਸੀਂ ਖ਼ੁਸ਼ ਹਾਂ ਕਿ ਸਾਨੂੰ ਉਸ ਨੂੰ ਆਪਣੀ ਸ਼ੁਕਰਗੁਜ਼ਾਰੀ ਦਿਖਾਉਣ ਦਾ ਮੌਕਾ ਮਿਲਿਆ ਕਿਉਂਕਿ ਉਸ ਨੇ ਸੱਚਾਈ ਸਿੱਖਣ ਵਿਚ ਮੇਰੇ ਪਰਿਵਾਰ ਦੀ ਬਹੁਤ ਮਦਦ ਕੀਤੀ।
ਮੈਂ ਸ਼ੁਕਰ ਕਰਦਾ ਹਾਂ ਕਿ ਉਨ੍ਹਾਂ ਤਿੰਨ ਸੰਮੇਲਨਾਂ ਕਰਕੇ ਮੈਂ ਯਹੋਵਾਹ ਦਾ ਪੱਖ ਲਿਆ, ਆਪਣੀ ਜ਼ਿੰਦਗੀ ਸਾਦੀ ਕੀਤੀ ਤੇ ਵਧ-ਚੜ੍ਹ ਕੇ ਪ੍ਰਚਾਰ ਕੀਤਾ। ਹਾਂ, ਉਨ੍ਹਾਂ ਸੰਮੇਲਨਾਂ ਨੇ ਮੇਰੀ ਜ਼ਿੰਦਗੀ ਹੀ ਬਦਲ ਦਿੱਤੀ।
[ਸਫ਼ਾ 23 ਉੱਤੇ ਤਸਵੀਰ]
ਐਵਲਿਨ ਦੇ ਮਾਤਾ ਜੀ (ਖੱਬੇ) ਅਤੇ ਮੇਰੇ ਮਾਤਾ ਜੀ
[ਸਫ਼ਾ 23 ਉੱਤੇ ਤਸਵੀਰ]
ਮੇਰਾ ਦੋਸਤ ਬੈੱਨ
[ਸਫ਼ਾ 24 ਉੱਤੇ ਤਸਵੀਰ]
ਬ੍ਰਾਜ਼ੀਲ ਵਿਚ
[ਸਫ਼ਾ 25 ਉੱਤੇ ਤਸਵੀਰ]
ਅੱਜ ਐਵਲਿਨ ਨਾਲ