Skip to content

Skip to table of contents

“ਤੁਸੀਂ ਮੇਰੇ ਮਿੱਤ੍ਰ ਹੋ”

“ਤੁਸੀਂ ਮੇਰੇ ਮਿੱਤ੍ਰ ਹੋ”

“ਤੁਸੀਂ ਮੇਰੇ ਮਿੱਤ੍ਰ ਹੋ”

“ਜੇ ਤੁਸੀਂ ਓਹ ਕੰਮ ਕਰੋ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਤਾਂ ਤੁਸੀਂ ਮੇਰੇ ਮਿੱਤ੍ਰ ਹੋ।”—ਯੂਹੰ. 15:14.

1, 2. (ੳ) ਯਿਸੂ ਦੇ ਦੋਸਤ ਕਿਹੜੇ ਵੱਖੋ-ਵੱਖਰੇ ਪਿਛੋਕੜਾਂ ਦੇ ਸਨ? (ਅ) ਇਹ ਕਿਉਂ ਜ਼ਰੂਰੀ ਹੈ ਕਿ ਅਸੀਂ ਯਿਸੂ ਦੇ ਦੋਸਤ ਬਣੀਏ?

ਯਿਸੂ ਨਾਲ ਚੁਬਾਰੇ ਵਿਚ ਬੈਠੇ ਆਦਮੀ ਵੱਖੋ-ਵੱਖਰੇ ਪਿਛੋਕੜਾਂ ਦੇ ਸਨ। ਅੰਦ੍ਰਿਯਾਸ ਅਤੇ ਪਤਰਸ ਦੋਵੇਂ ਭਰਾ ਮਛੇਰੇ ਸਨ। ਮੱਤੀ ਲੋਕਾਂ ਤੋਂ ਟੈਕਸ ਇਕੱਠਾ ਕਰਦਾ ਹੁੰਦਾ ਸੀ ਅਤੇ ਯਹੂਦੀ ਇਸ ਕੰਮ ਨੂੰ ਨੀਵਾਂ ਸਮਝਦੇ ਸਨ। ਕੁਝ ਲੋਕ ਜਿਵੇਂ ਯਾਕੂਬ ਅਤੇ ਯੂਹੰਨਾ ਯਿਸੂ ਨੂੰ ਬਚਪਨ ਤੋਂ ਹੀ ਜਾਣਦੇ ਸਨ। ਨਥਾਨਿਏਲ ਵਰਗੇ ਲੋਕ ਸ਼ਾਇਦ ਉਸ ਨੂੰ ਥੋੜ੍ਹੇ ਹੀ ਸਾਲਾਂ ਤੋਂ ਜਾਣਦੇ ਸਨ। (ਯੂਹੰ. 1:43-50) ਫਿਰ ਵੀ ਯਰੂਸ਼ਲਮ ਵਿਚ ਪਸਾਹ ਦੀ ਉਸ ਖ਼ਾਸ ਰਾਤ ਨੂੰ ਹਾਜ਼ਰ ਸਾਰੇ ਜਣਿਆਂ ਨੂੰ ਯਕੀਨ ਸੀ ਕਿ ਯਿਸੂ ਵਾਅਦਾ ਕੀਤਾ ਹੋਇਆ ਮਸੀਹਾ ਅਤੇ ਜੀਉਂਦੇ ਪਰਮੇਸ਼ੁਰ ਦਾ ਪੁੱਤਰ ਸੀ। (ਯੂਹੰ. 6:68, 69) ਯਿਸੂ ਦੀ ਇਹ ਗੱਲ ਸੁਣ ਕੇ ਉਨ੍ਹਾਂ ਨੂੰ ਯਕੀਨ ਹੋ ਗਿਆ ਸੀ ਕਿ ਉਹ ਉਨ੍ਹਾਂ ਨਾਲ ਪਿਆਰ ਕਰਦਾ ਸੀ: “ਮੈਂ ਤੁਹਾਨੂੰ ਮਿੱਤ੍ਰ ਕਰਕੇ ਆਖਿਆ ਹੈ ਕਿਉਂਕਿ ਮੈਂ ਜੋ ਕੁਝ ਆਪਣੇ ਪਿਤਾ ਕੋਲੋਂ ਸੁਣਿਆ ਸੋ ਸਭ ਤੁਹਾਨੂੰ ਦੱਸ ਦਿੱਤਾ।”—ਯੂਹੰ. 15:15.

2 ਵਫ਼ਾਦਾਰ ਰਸੂਲਾਂ ਨੂੰ ਕਹੇ ਯਿਸੂ ਦੇ ਇਹ ਸ਼ਬਦ ਅੱਜ ਸਾਰੇ ਮਸਹ ਕੀਤੇ ਹੋਏ ਮਸੀਹੀਆਂ ਅਤੇ ਅੱਗੋਂ ਉਨ੍ਹਾਂ ਦੇ ਸਾਥੀਆਂ ਯਾਨੀ ‘ਹੋਰ ਭੇਡਾਂ’ ਲਈ ਵੀ ਮਾਅਨੇ ਰੱਖਦੇ ਹਨ। (ਯੂਹੰ. 10:16) ਅਸੀਂ ਸਾਰੇ ਜਣੇ ਯਿਸੂ ਦੇ ਦੋਸਤ ਬਣ ਸਕਦੇ ਹਾਂ, ਚਾਹੇ ਜਿਹੜੇ ਮਰਜ਼ੀ ਪਿਛੋਕੜ ਦੇ ਹੋਈਏ। ਯਿਸੂ ਨਾਲ ਸਾਡੀ ਦੋਸਤੀ ਬਹੁਤ ਮਾਅਨੇ ਰੱਖਦੀ ਹੈ ਕਿਉਂਕਿ ਉਸ ਦੇ ਦੋਸਤ ਬਣਨ ਨਾਲ ਅਸੀਂ ਯਹੋਵਾਹ ਦੇ ਵੀ ਦੋਸਤ ਬਣਦੇ ਹਾਂ। ਦਰਅਸਲ ਜੇ ਅਸੀਂ ਮਸੀਹ ਦੇ ਨੇੜੇ ਨਹੀਂ ਜਾਂਦੇ, ਤਾਂ ਯਹੋਵਾਹ ਦੇ ਨੇੜੇ ਜਾਣਾ ਨਾਮੁਮਕਿਨ ਹੈ। (ਯੂਹੰਨਾ 14:6, 21 ਪੜ੍ਹੋ।) ਤਾਂ ਫਿਰ ਯਿਸੂ ਦੇ ਦੋਸਤ ਬਣਨ ਅਤੇ ਬਣੇ ਰਹਿਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ? ਇਸ ਜ਼ਰੂਰੀ ਵਿਸ਼ੇ ’ਤੇ ਚਰਚਾ ਕਰਨ ਤੋਂ ਪਹਿਲਾਂ ਆਓ ਆਪਾਂ ਦੇਖੀਏ ਕਿ ਯਿਸੂ ਚੰਗੀ ਦੋਸਤੀ ਦੀ ਮਿਸਾਲ ਕਿਵੇਂ ਸੀ। ਨਾਲੇ ਉਸ ਦੇ ਦੋਸਤ ਹੋਣ ਵਜੋਂ ਉਸ ਦੇ ਚੇਲਿਆਂ ਨੇ ਜੋ ਕੁਝ ਕਿਹਾ ਤੇ ਕੀਤਾ, ਅਸੀਂ ਉਸ ਤੋਂ ਕੀ ਸਿੱਖ ਸਕਦੇ ਹਾਂ।

ਚੰਗੇ ਦੋਸਤ ਵਜੋਂ ਯਿਸੂ ਦੀ ਮਿਸਾਲ

3. ਯਿਸੂ ਕਿਸ ਕਰਕੇ ਜਾਣਿਆ ਜਾਂਦਾ ਸੀ?

3 ਬੁੱਧੀਮਾਨ ਰਾਜਾ ਸੁਲੇਮਾਨ ਨੇ ਲਿਖਿਆ: “ਅਮੀਰ ਦੇ ਕਈ ਮਿੱਤਰ ਹੁੰਦੇ ਹਨ।” (ਕਹਾ. 14:20, CL) ਇਹ ਗੱਲ ਪਾਪੀ ਇਨਸਾਨਾਂ ਦੇ ਝੁਕਾਅ ਦਾ ਸਾਰ ਦਿੰਦੀ ਹੈ—ਉਨ੍ਹਾਂ ਨਾਲ ਦੋਸਤੀ ਕਰੋ ਜਿਨ੍ਹਾਂ ਤੋਂ ਕੁਝ ਮਿਲ ਸਕਦਾ ਹੈ ਨਾ ਕਿ ਉਨ੍ਹਾਂ ਨਾਲ ਜਿਨ੍ਹਾਂ ਨੂੰ ਕੁਝ ਦੇਣਾ ਪੈ ਸਕਦਾ ਹੈ। ਪਰ ਯਿਸੂ ਵਿਚ ਇਹ ਕਮਜ਼ੋਰੀ ਨਹੀਂ ਸੀ। ਉਹ ਲੋਕਾਂ ਦੇ ਧਨ-ਦੌਲਤ ਜਾਂ ਸਮਾਜ ਵਿਚ ਉਨ੍ਹਾਂ ਦੇ ਦਰਜੇ ਨੂੰ ਦੇਖ ਕੇ ਉਨ੍ਹਾਂ ਦਾ ਦੋਸਤ ਨਹੀਂ ਸੀ ਬਣਦਾ। ਇਹ ਸੱਚ ਹੈ ਕਿ ਯਿਸੂ ਨੇ ਇਕ ਅਮੀਰ ਨੌਜਵਾਨ ਹਾਕਮ ਲਈ ਪਿਆਰ ਜ਼ਾਹਰ ਕੀਤਾ ਸੀ ਜਦੋਂ ਉਸ ਨੇ ਉਸ ਨੂੰ ਆਪਣਾ ਚੇਲਾ ਬਣਨ ਦਾ ਸੱਦਾ ਦਿੱਤਾ ਸੀ। ਪਰ ਯਿਸੂ ਨੇ ਉਸ ਆਦਮੀ ਨੂੰ ਆਪਣਾ ਸਾਰਾ ਕੁਝ ਵੇਚਣ ਤੇ ਗ਼ਰੀਬਾਂ ਨੂੰ ਦੇਣ ਲਈ ਕਿਹਾ ਸੀ। (ਮਰ. 10:17-22; ਲੂਕਾ 18:18, 23) ਸੋ ਯਿਸੂ ਅਮੀਰਾਂ ਅਤੇ ਵੱਡੇ-ਵੱਡੇ ਲੋਕਾਂ ਦੇ ਦੋਸਤ ਵਜੋਂ ਨਹੀਂ, ਸਗੋਂ ਗ਼ਰੀਬਾਂ ਅਤੇ ਨੀਵੇਂ ਸਮਝੇ ਜਾਂਦੇ ਲੋਕਾਂ ਦੇ ਦੋਸਤ ਵਜੋਂ ਜਾਣਿਆ ਜਾਂਦਾ ਸੀ।—ਮੱਤੀ 11:19.

4. ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਯਿਸੂ ਦੇ ਦੋਸਤ ਗ਼ਲਤੀਆਂ ਕਰਦੇ ਸਨ?

4 ਯਿਸੂ ਦੇ ਦੋਸਤ ਗ਼ਲਤੀਆਂ ਕਰਦੇ ਸਨ। ਕਦੀ-ਕਦੀ ਪਤਰਸ ਗੱਲਾਂ ਨੂੰ ਪਰਮੇਸ਼ੁਰ ਦੀ ਨਜ਼ਰ ਤੋਂ ਨਹੀਂ ਦੇਖਦਾ ਸੀ। (ਮੱਤੀ 16:21-23) ਯਾਕੂਬ ਤੇ ਯੂਹੰਨਾ ਵੱਡੀਆਂ-ਵੱਡੀਆਂ ਖ਼ਾਹਸ਼ਾਂ ਰੱਖਦੇ ਸਨ ਜਦੋਂ ਉਨ੍ਹਾਂ ਨੇ ਯਿਸੂ ਤੋਂ ਪੁੱਛਿਆ ਕਿ ਉਹ ਉਨ੍ਹਾਂ ਨੂੰ ਆਪਣੇ ਰਾਜ ਵਿਚ ਉੱਚੀਆਂ ਪਦਵੀਆਂ ਦੇਵੇ। ਇਹ ਸੁਣ ਕੇ ਬਾਕੀ ਰਸੂਲਾਂ ਦਾ ਗੁੱਸਾ ਭੜਕ ਉੱਠਿਆ ਅਤੇ ਉਨ੍ਹਾਂ ਵਿਚ ਹਮੇਸ਼ਾ ਇਹ ਝਗੜਾ ਹੁੰਦਾ ਰਹਿੰਦਾ ਸੀ ਕਿ ਉਨ੍ਹਾਂ ਵਿੱਚੋਂ ਕੌਣ ਵੱਡਾ ਸੀ। ਪਰ ਯਿਸੂ ਨੇ ਧੀਰਜ ਨਾਲ ਆਪਣੇ ਦੋਸਤਾਂ ਦੀ ਸੋਚ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਨਾਲ ਜਲਦੀ ਗੁੱਸੇ ਨਹੀਂ ਹੁੰਦਾ ਸੀ।—ਮੱਤੀ 20:20-28.

5, 6. (ੳ) ਯਿਸੂ ਆਪਣੇ ਜ਼ਿਆਦਾਤਰ ਰਸੂਲਾਂ ਦਾ ਦੋਸਤ ਕਿਉਂ ਬਣਿਆ ਰਿਹਾ? (ਅ) ਯਿਸੂ ਨੇ ਯਹੂਦਾ ਨਾਲੋਂ ਦੋਸਤੀ ਕਿਉਂ ਤੋੜ ਲਈ?

5 ਯਿਸੂ ਇਸ ਲਈ ਉਨ੍ਹਾਂ ਨਾਮੁਕੰਮਲ ਆਦਮੀਆਂ ਦਾ ਦੋਸਤ ਨਹੀਂ ਬਣਿਆ ਰਿਹਾ ਕਿਉਂਕਿ ਉਹ ਲੋੜ ਤੋਂ ਜ਼ਿਆਦਾ ਦਿਆਲੂ ਸੀ ਜਾਂ ਉਸ ਨੂੰ ਉਨ੍ਹਾਂ ਦੀਆਂ ਕਮੀਆਂ-ਕਮਜ਼ੋਰੀਆਂ ਨਜ਼ਰ ਨਹੀਂ ਸੀ ਆਉਂਦੀਆਂ। ਇਸ ਦੀ ਬਜਾਇ, ਉਹ ਚੇਲਿਆਂ ਦੇ ਸਹੀ ਮਨੋਰਥਾਂ ਤੇ ਚੰਗੇ ਗੁਣਾਂ ਨੂੰ ਦੇਖਦਾ ਸੀ। ਮਿਸਾਲ ਲਈ, ਜਦੋਂ ਯਿਸੂ ਦੀ ਜ਼ਿੰਦਗੀ ਦੀ ਸਭ ਤੋਂ ਔਖੀ ਘੜੀ ਆਈ, ਤਾਂ ਉਸ ਦਾ ਸਾਥ ਦੇਣ ਦੀ ਬਜਾਇ ਪਤਰਸ, ਯਾਕੂਬ ਤੇ ਯੂਹੰਨਾ ਸੌਂ ਗਏ। ਯਿਸੂ ਉਨ੍ਹਾਂ ਤੋਂ ਨਿਰਾਸ਼ ਹੋ ਗਿਆ। ਫਿਰ ਵੀ ਯਿਸੂ ਨੇ ਉਨ੍ਹਾਂ ਦੇ ਚੰਗੇ ਮਨੋਰਥਾਂ ਨੂੰ ਦੇਖ ਕੇ ਕਿਹਾ: “ਆਤਮਾ ਤਾਂ ਤਿਆਰ ਹੈ ਪਰ ਸਰੀਰ ਕਮਜ਼ੋਰ ਹੈ।”—ਮੱਤੀ 26:41.

6 ਦੂਜੇ ਪਾਸੇ, ਯਿਸੂ ਨੇ ਯਹੂਦਾ ਇਸਕਰਿਯੋਤੀ ਨਾਲੋਂ ਦੋਸਤੀ ਤੋੜ ਲਈ। ਭਾਵੇਂ ਕਿ ਯਹੂਦਾ ਉੱਪਰੋਂ-ਉੱਪਰੋਂ ਦੋਸਤ ਹੋਣ ਦਾ ਢੌਂਗ ਕਰ ਰਿਹਾ ਸੀ, ਪਰ ਯਿਸੂ ਨੂੰ ਪਤਾ ਸੀ ਕਿ ਯਹੂਦਾ ਉਸ ਦਾ ਜਿਗਰੀ ਦੋਸਤ ਨਹੀਂ ਰਿਹਾ ਸੀ ਕਿਉਂਕਿ ਉਸ ਨੇ ਆਪਣੇ ਦਿਲ ਨੂੰ ਭ੍ਰਿਸ਼ਟ ਕਰ ਲਿਆ ਸੀ। ਯਹੂਦਾ ਨੇ ਦੁਨੀਆਂ ਦਾ ਦੋਸਤ ਬਣ ਕੇ ਆਪਣੇ ਆਪ ਨੂੰ ਪਰਮੇਸ਼ੁਰ ਦਾ ਵੈਰੀ ਬਣਾ ਲਿਆ ਸੀ। (ਯਾਕੂ. 4:4) ਇਸ ਲਈ ਯਿਸੂ ਨੇ ਯਹੂਦਾ ਨੂੰ ਚੁਬਾਰੇ ਵਿੱਚੋਂ ਬਾਹਰ ਭੇਜਣ ਤੋਂ ਬਾਅਦ ਬਾਕੀ 11 ਵਫ਼ਾਦਾਰ ਰਸੂਲਾਂ ਨੂੰ ਕਿਹਾ ਕਿ ਉਹ ਉਸ ਦੇ ਦੋਸਤ ਸਨ।—ਯੂਹੰ. 13:21-35.

7, 8. ਯਿਸੂ ਨੇ ਆਪਣੇ ਦੋਸਤਾਂ ਲਈ ਆਪਣਾ ਪਿਆਰ ਕਿਵੇਂ ਜ਼ਾਹਰ ਕੀਤਾ?

7 ਯਿਸੂ ਆਪਣੇ ਵਫ਼ਾਦਾਰ ਦੋਸਤਾਂ ਦੀਆਂ ਗ਼ਲਤੀਆਂ ਨੂੰ ਨਜ਼ਰਅੰਦਾਜ਼ ਕਰ ਦਿੰਦਾ ਸੀ ਅਤੇ ਉਨ੍ਹਾਂ ਦੇ ਭਲੇ ਲਈ ਕੁਝ-ਨ-ਕੁਝ ਕਰਦਾ ਸੀ। ਮਿਸਾਲ ਲਈ, ਉਸ ਨੇ ਆਪਣੇ ਪਿਤਾ ਨੂੰ ਪ੍ਰਾਰਥਨਾ ਕੀਤੀ ਕਿ ਉਹ ਅਜ਼ਮਾਇਸ਼ਾਂ ਦੌਰਾਨ ਉਨ੍ਹਾਂ ਦੀ ਰੱਖਿਆ ਕਰੇ। (ਯੂਹੰਨਾ 17:11 ਪੜ੍ਹੋ।) ਯਿਸੂ ਨੇ ਉਨ੍ਹਾਂ ਦੀਆਂ ਸੀਮਾਵਾਂ ਨੂੰ ਵੀ ਧਿਆਨ ਵਿਚ ਰੱਖਿਆ। (ਮਰ. 6:30-32) ਯਿਸੂ ਸਿਰਫ਼ ਉਨ੍ਹਾਂ ਨੂੰ ਦੱਸਦਾ ਹੀ ਨਹੀਂ ਸੀ ਕਿ ਉਸ ਦਾ ਕਿਸੇ ਗੱਲ ਬਾਰੇ ਕੀ ਖ਼ਿਆਲ ਸੀ, ਸਗੋਂ ਉਨ੍ਹਾਂ ਦੀ ਵੀ ਗੱਲ ਸੁਣਦਾ ਅਤੇ ਸਮਝਦਾ ਸੀ।—ਮੱਤੀ 16:13-16; 17:24-26.

8 ਯਿਸੂ ਆਪਣੇ ਦੋਸਤਾਂ ਲਈ ਜੀਵਿਆ ਤੇ ਮਰਿਆ। ਇਹ ਸੱਚ ਹੈ ਕਿ ਉਹ ਜਾਣਦਾ ਸੀ ਕਿ ਉਸ ਨੂੰ ਆਪਣੀ ਜਾਨ ਦੇਣ ਦੀ ਲੋੜ ਸੀ ਕਿਉਂਕਿ ਇਹ ਕਾਨੂੰਨੀ ਤੌਰ ਤੇ ਯਹੋਵਾਹ ਦੇ ਨਿਆਂ ਦੇ ਮਿਆਰ ਅਨੁਸਾਰ ਸੀ। (ਮੱਤੀ 26:27, 28; ਇਬ. 9:22, 28) ਪਰ ਯਿਸੂ ਨੇ ਪਿਆਰ ਦੀ ਖ਼ਾਤਰ ਆਪਣੀ ਜਾਨ ਦਿੱਤੀ। ਯਿਸੂ ਨੇ ਕਿਹਾ: “ਏਦੋਂ ਵੱਧ ਪਿਆਰ ਕਿਸੇ ਦਾ ਨਹੀਂ ਹੁੰਦਾ ਜੋ ਆਪਣੀ ਜਾਨ ਆਪਣੇ ਮਿੱਤ੍ਰਾਂ ਦੇ ਬਦਲੇ ਦੇ ਦੇਵੇ।”—ਯੂਹੰ. 15:13.

ਯਿਸੂ ਦੀ ਦੋਸਤੀ ਦੇ ਬਦਲੇ ਉਸ ਦੇ ਚੇਲਿਆਂ ਨੇ ਕੀ ਕੀਤਾ?

9, 10. ਯਿਸੂ ਦੀ ਖੁੱਲ੍ਹ-ਦਿਲੀ ਦੇਖ ਕੇ ਲੋਕਾਂ ਨੇ ਕੀ ਕੀਤਾ?

9 ਯਿਸੂ ਖੁੱਲ੍ਹ-ਦਿਲੀ ਨਾਲ ਆਪਣਾ ਸਮਾਂ, ਪਿਆਰ ਤੇ ਚੀਜ਼ਾਂ ਹੋਰਨਾਂ ਨੂੰ ਦਿੰਦਾ ਸੀ। ਨਤੀਜੇ ਵਜੋਂ, ਲੋਕ ਉਸ ਵੱਲ ਖਿੱਚੇ ਚਲੇ ਜਾਂਦੇ ਸਨ ਅਤੇ ਖ਼ੁਸ਼ ਹੋ ਕੇ ਉਸ ਨੂੰ ਕੁਝ ਨਾ ਕੁਝ ਦਿੰਦੇ ਸਨ। (ਲੂਕਾ 8:1-3) ਇਸ ਲਈ ਯਿਸੂ ਆਪਣੇ ਤਜਰਬੇ ਤੋਂ ਕਹਿ ਸਕਿਆ: “ਦਿਓ ਤਾਂ ਤੁਹਾਨੂੰ ਦਿੱਤਾ ਜਾਵੇਗਾ, ਪੂਰਾ ਮੇਪ ਦੱਬ ਦੱਬ ਕੇ ਹਿਲਾ ਹਿਲਾ ਕੇ ਅਤੇ ਡੁਲ੍ਹਦਾ ਹੋਇਆ ਤੁਹਾਡੇ ਪੱਲੇ ਪਾਉਣਗੇ ਕਿਉਂਕਿ ਜਿਸ ਮੇਪ ਨਾਲ ਤੁਸੀਂ ਮਿਣਦੇ ਹੋ ਉਸੇ ਨਾਲ ਤੁਹਾਡੇ ਲਈ ਮੁੜ ਮਿਣਿਆ ਜਾਵੇਗਾ।”—ਲੂਕਾ 6:38.

10 ਕੁਝ ਲੋਕ ਯਿਸੂ ਕੋਲ ਸਿਰਫ਼ ਇਸ ਲਈ ਆਉਂਦੇ ਸਨ ਕਿ ਉਨ੍ਹਾਂ ਨੂੰ ਉਸ ਤੋਂ ਕੁਝ ਮਿਲ ਸਕੇ। ਇਹ ਝੂਠੇ ਦੋਸਤ ਸਨ ਜੋ ਯਿਸੂ ਨੂੰ ਛੱਡ ਗਏ ਜਦੋਂ ਉਹ ਯਿਸੂ ਦੀ ਗੱਲ ਦਾ ਸਹੀ ਮਤਲਬ ਨਹੀਂ ਸਮਝੇ। ਉਨ੍ਹਾਂ ਨੇ ਯਿਸੂ ’ਤੇ ਭਰੋਸਾ ਰੱਖਣ ਦੀ ਬਜਾਇ ਉਸ ਦੀ ਗੱਲ ਦਾ ਗ਼ਲਤ ਮਤਲਬ ਕੱਢਿਆ ਅਤੇ ਚਲੇ ਗਏ। ਪਰ ਰਸੂਲ ਵਫ਼ਾਦਾਰ ਰਹੇ। ਯਿਸੂ ਨਾਲ ਉਨ੍ਹਾਂ ਦੀ ਦੋਸਤੀ ਦੀ ਅਕਸਰ ਪਰਖ ਹੁੰਦੀ ਸੀ, ਪਰ ਉਨ੍ਹਾਂ ਨੇ ਚੰਗੇ ਤੇ ਮਾੜੇ ਸਮਿਆਂ ਵਿਚ ਉਸ ਦਾ ਸਾਥ ਦੇਣ ਦੀ ਪੂਰੀ ਕੋਸ਼ਿਸ਼ ਕੀਤੀ। (ਯੂਹੰਨਾ 6:26, 56, 60, 66-68 ਪੜ੍ਹੋ।) ਧਰਤੀ ਉੱਤੇ ਆਪਣੀ ਆਖ਼ਰੀ ਰਾਤ ਨੂੰ ਆਪਣੇ ਦੋਸਤਾਂ ਅੱਗੇ ਕਦਰਦਾਨੀ ਜ਼ਾਹਰ ਕਰਦੇ ਹੋਏ ਯਿਸੂ ਨੇ ਕਿਹਾ: “ਤੁਸੀਂ ਉਹੋ ਹੀ ਹੋ ਜੋ ਮੇਰੇ ਪਰਤਾਵਿਆਂ ਵਿੱਚ ਸਦਾ ਮੇਰੇ ਨਾਲ ਰਹੇ।”—ਲੂਕਾ 22:28.

11, 12. ਯਿਸੂ ਨੇ ਚੇਲਿਆਂ ਨੂੰ ਕਿਵੇਂ ਯਕੀਨ ਦਿਵਾਇਆ ਤੇ ਉਨ੍ਹਾਂ ਨੇ ਕੀ ਕੀਤਾ?

11 ਯਿਸੂ ਨੇ ਜਿਨ੍ਹਾਂ ਚੇਲਿਆਂ ਦੀ ਵਫ਼ਾਦਾਰੀ ਦੀ ਤਾਰੀਫ਼ ਕੀਤੀ ਸੀ, ਉਹੀ ਚੇਲੇ ਥੋੜ੍ਹੀ ਦੇਰ ਬਾਅਦ ਉਸ ਨੂੰ ਛੱਡ ਕੇ ਚਲੇ ਗਏ। ਭਾਵੇਂ ਉਹ ਮਸੀਹ ਨੂੰ ਪਿਆਰ ਕਰਦੇ ਸਨ, ਪਰ ਕੁਝ ਚਿਰ ਲਈ ਉਨ੍ਹਾਂ ਉੱਤੇ ਇਨਸਾਨਾਂ ਦਾ ਡਰ ਹਾਵੀ ਹੋ ਗਿਆ ਸੀ। ਯਿਸੂ ਨੇ ਉਨ੍ਹਾਂ ਨੂੰ ਇਕ ਵਾਰ ਫਿਰ ਮਾਫ਼ ਕਰ ਦਿੱਤਾ। ਆਪਣੀ ਮੌਤ ਅਤੇ ਜੀ ਉੱਠਣ ਤੋਂ ਬਾਅਦ ਉਸ ਨੇ ਚੇਲਿਆਂ ਨੂੰ ਦਰਸ਼ਣ ਦਿੱਤੇ ਤੇ ਉਨ੍ਹਾਂ ਨੂੰ ਯਕੀਨ ਦਿਵਾਇਆ ਕਿ ਉਹ ਹਾਲੇ ਵੀ ਉਨ੍ਹਾਂ ਦਾ ਦੋਸਤ ਸੀ। ਇਸ ਤੋਂ ਇਲਾਵਾ, ਯਿਸੂ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਕਿ ਉਹ “ਸਾਰੀਆਂ ਕੌਮਾਂ” ਦੇ ਲੋਕਾਂ ਨੂੰ ਚੇਲੇ ਬਣਾਉਣ ਅਤੇ “ਧਰਤੀ ਦੇ ਬੰਨੇ ਤੀਕੁਰ” ਉਸ ਦੇ ਗਵਾਹ ਹੋਣ। (ਮੱਤੀ 28:19; ਰਸੂ. 1:8) ਚੇਲਿਆਂ ਨੇ ਕੀ ਕੀਤਾ?

12 ਚੇਲਿਆਂ ਨੇ ਦਿਲੋਂ-ਜਾਨ ਨਾਲ ਰਾਜ ਦਾ ਸੰਦੇਸ਼ ਫੈਲਾਇਆ। ਯਹੋਵਾਹ ਦੀ ਪਵਿੱਤਰ ਸ਼ਕਤੀ ਦੀ ਮਦਦ ਨਾਲ ਉਨ੍ਹਾਂ ਨੇ ਜਲਦੀ ਹੀ ਯਰੂਸ਼ਲਮ ਨੂੰ ਆਪਣੀ ਸਿੱਖਿਆ ਨਾਲ ਭਰ ਦਿੱਤਾ। (ਰਸੂ. 5:27-29) ਮੌਤ ਦੀ ਧਮਕੀ ਮਿਲਣ ਤੇ ਵੀ ਉਹ ਯਿਸੂ ਦੇ ਹੁਕਮ ਅਨੁਸਾਰ ਚੇਲੇ ਬਣਾਉਣ ਦਾ ਕੰਮ ਕਰਦੇ ਰਹੇ। ਯਿਸੂ ਦਾ ਹੁਕਮ ਮਿਲਣ ਤੋਂ ਕੁਝ ਦਹਾਕਿਆਂ ਬਾਅਦ ਹੀ ਪੌਲੁਸ ਰਸੂਲ ਲਿਖ ਸਕਿਆ ਕਿ ਖ਼ੁਸ਼ ਖ਼ਬਰੀ ਦਾ ਪ੍ਰਚਾਰ “ਅਕਾਸ਼ ਹੇਠਲੀ ਸਾਰੀ ਸਰਿਸ਼ਟ ਵਿੱਚ” ਕੀਤਾ ਜਾ ਚੁੱਕਾ ਸੀ। (ਕੁਲੁ. 1:23) ਬਿਨਾਂ ਸ਼ੱਕ, ਇਨ੍ਹਾਂ ਚੇਲਿਆਂ ਨੇ ਸਾਬਤ ਕਰ ਦਿੱਤਾ ਕਿ ਉਹ ਯਿਸੂ ਨਾਲ ਆਪਣੀ ਦੋਸਤੀ ਦੀ ਕਦਰ ਕਰਦੇ ਸਨ!

13. ਯਿਸੂ ਦੇ ਚੇਲਿਆਂ ਨੇ ਉਸ ਦੀਆਂ ਸਿੱਖਿਆਵਾਂ ਨੂੰ ਕਿਹੜੇ ਤਰੀਕਿਆਂ ਨਾਲ ਆਪਣੇ ਉੱਤੇ ਅਸਰ ਕਰਨ ਦਿੱਤਾ?

13 ਯਿਸੂ ਦੇ ਚੇਲੇ ਬਣਨ ਵਾਲੇ ਲੋਕ ਉਸ ਦੀਆਂ ਸਿੱਖਿਆਵਾਂ ਅਨੁਸਾਰ ਜੀਉਂਦੇ ਵੀ ਸਨ। ਇਸ ਕਰਕੇ ਕਈਆਂ ਨੇ ਆਪਣੇ ਚਾਲ-ਚਲਣ ਅਤੇ ਸੁਭਾਅ ਨੂੰ ਬਦਲਿਆ। ਉਸ ਵੇਲੇ ਕੁਝ ਨਵੇਂ ਬਣੇ ਚੇਲੇ ਪਹਿਲਾਂ ਸਮਲਿੰਗੀ ਕੰਮ ਕਰਦੇ ਸਨ, ਬਦਚਲਣ, ਸ਼ਰਾਬੀ ਜਾਂ ਚੋਰ ਸਨ। (1 ਕੁਰਿੰ. 6:9-11) ਕਈਆਂ ਨੂੰ ਦੂਸਰੀ ਨਸਲ ਦੇ ਲੋਕਾਂ ਪ੍ਰਤਿ ਆਪਣਾ ਰਵੱਈਆ ਬਦਲਣਾ ਪਿਆ। (ਰਸੂ. 10:25-28) ਫਿਰ ਵੀ ਉਨ੍ਹਾਂ ਨੇ ਯਿਸੂ ਦੀ ਆਗਿਆ ਮੰਨੀ। ਉਹ ਪੁਰਾਣੇ ਸੁਭਾਅ ਨੂੰ ਛੱਡ ਕੇ ਨਵੇਂ ਸੁਭਾਅ ਦੇ ਬਣ ਗਏ। (ਅਫ਼. 4:20-24) ਉਨ੍ਹਾਂ ਨੇ “ਮਸੀਹ ਦੀ ਬੁੱਧੀ” ਨੂੰ ਜਾਣਿਆ ਅਤੇ ਉਸ ਦੀ ਸੋਚ ਤੇ ਕੰਮ ਕਰਨ ਦੇ ਤਰੀਕੇ ਨੂੰ ਸਮਝਿਆ ਅਤੇ ਉਸ ਅਨੁਸਾਰ ਚੱਲਣ ਲੱਗੇ।—1 ਕੁਰਿੰ. 2:16.

ਮਸੀਹ ਨਾਲ ਅੱਜ ਸਾਡੀ ਦੋਸਤੀ

14. “ਜੁਗ ਦੇ ਅੰਤ” ਦੇ ਸਮੇਂ ਦੌਰਾਨ ਯਿਸੂ ਨੇ ਕੀ ਕਰਨ ਦਾ ਵਾਅਦਾ ਕੀਤਾ ਸੀ?

14 ਪਹਿਲੀ ਸਦੀ ਦੇ ਕਈ ਮਸੀਹੀ ਯਿਸੂ ਨੂੰ ਚੰਗੀ ਤਰ੍ਹਾਂ ਜਾਣਦੇ ਸਨ ਜਾਂ ਕਈਆਂ ਨੇ ਉਸ ਨੂੰ ਉਸ ਦੇ ਜੀ ਉੱਠਣ ਤੋਂ ਬਾਅਦ ਦੇਖਿਆ ਸੀ। ਪਰ ਸਾਨੂੰ ਇਨ੍ਹਾਂ ਵਿੱਚੋਂ ਕੋਈ ਸਨਮਾਨ ਨਹੀਂ ਮਿਲਿਆ। ਤਾਂ ਫਿਰ ਅਸੀਂ ਮਸੀਹ ਦੇ ਦੋਸਤ ਕਿਵੇਂ ਬਣ ਸਕਦੇ ਹਾਂ? ਇਕ ਤਰੀਕਾ ਹੈ ਕਿ ਅਸੀਂ ਮਾਤਬਰ ਅਤੇ ਬੁੱਧਵਾਨ ਨੌਕਰ (ਜੋ ਧਰਤੀ ਉੱਤੇ ਰਹਿੰਦੇ ਯਿਸੂ ਦੇ ਮਸਹ ਕੀਤੇ ਹੋਏ ਭਰਾਵਾਂ ਦਾ ਬਣਿਆ ਹੋਇਆ ਹੈ) ਦੀਆਂ ਹਿਦਾਇਤਾਂ ਨੂੰ ਮੰਨ ਕੇ ਉਸ ਦੇ ਦੋਸਤ ਬਣ ਸਕਦੇ ਹਾਂ। ਯਿਸੂ ਨੇ ਵਾਅਦਾ ਕੀਤਾ ਸੀ ਕਿ “ਜੁਗ ਦੇ ਅੰਤ” ਦੇ ਸਮੇਂ ਦੌਰਾਨ ਉਹ ਇਸ ਨੌਕਰ ਨੂੰ ਆਪਣੇ ‘ਸਾਰੇ ਮਾਲ ਮਤੇ ਉੱਤੇ’ ਨਿਯੁਕਤ ਕਰੇਗਾ। (ਮੱਤੀ 24:3, 45-47) ਅੱਜ ਬਹੁਤ ਸਾਰੇ ਲੋਕ ਮਸੀਹ ਦੇ ਦੋਸਤ ਬਣਨਾ ਚਾਹੁੰਦੇ ਹਨ ਜੋ ਇਸ ਨੌਕਰ ਦਾ ਹਿੱਸਾ ਨਹੀਂ ਹਨ। ਕੀ ਮਾਤਬਰ ਨੌਕਰ ਦੀਆਂ ਹਿਦਾਇਤਾਂ ਮੰਨਣ ਜਾਂ ਨਾ ਮੰਨਣ ਨਾਲ ਮਸੀਹ ਨਾਲ ਉਨ੍ਹਾਂ ਦੀ ਦੋਸਤੀ ਉੱਤੇ ਕੋਈ ਅਸਰ ਪੈਂਦਾ ਹੈ?

15. ਕਿਹੜੀ ਗੱਲ ਤੋਂ ਪਤਾ ਲੱਗੇਗਾ ਕਿ ਕੋਈ ਵਿਅਕਤੀ ਭੇਡ ਹੈ ਜਾਂ ਬੱਕਰੀ?

15ਮੱਤੀ 25:31-40 ਪੜ੍ਹੋ। ਯਿਸੂ ਨੇ ਮਾਤਬਰ ਨੌਕਰ ਦੇ ਮੈਂਬਰਾਂ ਨੂੰ ਆਪਣੇ ਭਰਾ ਕਿਹਾ ਸੀ। ਉਸ ਨੇ ਭੇਡਾਂ ਨੂੰ ਬੱਕਰੀਆਂ ਤੋਂ ਅਲੱਗ ਕਰਨ ਦੇ ਦ੍ਰਿਸ਼ਟਾਂਤ ਵਿਚ ਸਾਫ਼ ਦੱਸਿਆ ਸੀ ਕਿ ਅਸੀਂ ਉਸ ਦੇ ਭਰਾਵਾਂ ਨਾਲ ਜੋ ਸਲੂਕ ਕਰਦੇ ਹਾਂ ਮਾਨੋ ਅਸੀਂ ਉਹ ਸਲੂਕ ਯਿਸੂ ਨਾਲ ਕਰਦੇ ਹਾਂ। ਦਰਅਸਲ, ਉਸ ਨੇ ਕਿਹਾ ਸੀ ਕਿ ਬੱਕਰੀ ਤੇ ਭੇਡ ਦੀ ਪਛਾਣ ਇਸ ਗੱਲ ਤੋਂ ਹੋਵੇਗੀ ਕਿ ਉਹ “[ਉਸ ਦੇ] ਸਭਨਾਂ ਤੋਂ ਛੋਟੇ ਭਰਾਵਾਂ” ਨਾਲ ਕਿਹੋ ਜਿਹਾ ਵਰਤਾਓ ਕਰਦੇ ਹਨ। ਇਸ ਲਈ ਧਰਤੀ ਉੱਤੇ ਜੀਣ ਦੀ ਉਮੀਦ ਰੱਖਣ ਵਾਲੇ ਲੋਕ ਮਾਤਬਰ ਨੌਕਰ ਦਾ ਸਾਥ ਦੇ ਕੇ ਦਿਖਾਉਂਦੇ ਹਨ ਕਿ ਉਹ ਮਸੀਹ ਦੇ ਦੋਸਤ ਬਣਨਾ ਚਾਹੁੰਦੇ ਹਨ।

16, 17. ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਮਸੀਹ ਦੇ ਭਰਾਵਾਂ ਦੇ ਦੋਸਤ ਹਾਂ?

16 ਜੇ ਤੁਸੀਂ ਪਰਮੇਸ਼ੁਰ ਦੇ ਰਾਜ ਵਿਚ ਧਰਤੀ ਉੱਤੇ ਸਦਾ ਲਈ ਜੀਣ ਦੀ ਉਮੀਦ ਰੱਖਦੇ ਹੋ, ਤਾਂ ਤੁਸੀਂ ਕਿਵੇਂ ਦਿਖਾ ਸਕਦੇ ਹੋ ਕਿ ਤੁਸੀਂ ਮਸੀਹ ਦੇ ਭਰਾਵਾਂ ਦੇ ਦੋਸਤ ਹੋ? ਆਓ ਆਪਾਂ ਤਿੰਨ ਤਰੀਕਿਆਂ ’ਤੇ ਗੌਰ ਕਰੀਏ। ਪਹਿਲਾ ਤਰੀਕਾ ਹੈ ਦਿਲ ਲਾ ਕੇ ਪ੍ਰਚਾਰ ਕਰਨਾ। ਮਸੀਹ ਨੇ ਆਪਣੇ ਭਰਾਵਾਂ ਨੂੰ ਹੁਕਮ ਦਿੱਤਾ ਸੀ ਕਿ ਉਹ ਪੂਰੀ ਦੁਨੀਆਂ ਵਿਚ ਪ੍ਰਚਾਰ ਕਰਨ। (ਮੱਤੀ 24:14) ਪਰ ਧਰਤੀ ਉੱਤੇ ਰਹਿੰਦੇ ਮਸੀਹ ਦੇ ਭਰਾਵਾਂ ਲਈ ਹੋਰ ਭੇਡਾਂ ਦੀ ਮਦਦ ਤੋਂ ਬਿਨਾਂ ਇਹ ਜ਼ਿੰਮੇਵਾਰੀ ਨਿਭਾਉਣੀ ਔਖੀ ਹੈ। ਸੱਚ-ਮੁੱਚ, ਉਨ੍ਹਾਂ ਦੇ ਇਹ ਸਾਥੀ ਜਦੋਂ ਵੀ ਪ੍ਰਚਾਰ ਤੇ ਜਾਂਦੇ ਹਨ, ਤਾਂ ਉਹ ਮਸੀਹ ਦੇ ਭਰਾਵਾਂ ਨੂੰ ਦਿੱਤੇ ਹੁਕਮ ਨੂੰ ਪੂਰਾ ਕਰਨ ਵਿਚ ਉਨ੍ਹਾਂ ਦੀ ਮਦਦ ਕਰਦੇ ਹਨ। ਮਸੀਹ ਦੀ ਤਰ੍ਹਾਂ ਮਾਤਬਰ ਤੇ ਬੁੱਧਵਾਨ ਨੌਕਰ ਆਪਣੇ ਦੋਸਤਾਂ ਦੇ ਇਸ ਕੰਮ ਦੀ ਬਹੁਤ ਕਦਰ ਕਰਦੇ ਹਨ।

17 ਦੂਜਾ ਤਰੀਕਾ, ਹੋਰ ਭੇਡਾਂ ਪੈਸੇ ਪੱਖੋਂ ਪ੍ਰਚਾਰ ਦੇ ਕੰਮ ਦਾ ਸਮਰਥਨ ਕਰ ਕੇ ਮਸੀਹ ਦੇ ਭਰਾਵਾਂ ਦੀ ਮਦਦ ਕਰਦੀਆਂ ਹਨ। ਯਿਸੂ ਨੇ ਆਪਣੇ ਚੇਲਿਆਂ ਨੂੰ “ਕੁਧਰਮ ਦੀ ਮਾਯਾ” ਨਾਲ ਦੋਸਤ ਬਣਾਉਣ ਲਈ ਉਤਸ਼ਾਹਿਤ ਕੀਤਾ ਸੀ। (ਲੂਕਾ 16:9) ਪਰ ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਪੈਸੇ ਨਾਲ ਯਿਸੂ ਜਾਂ ਯਹੋਵਾਹ ਨਾਲ ਦੋਸਤੀ ਕਰ ਸਕਦੇ ਹਾਂ। ਇਸ ਦੀ ਬਜਾਇ, ਅਸੀਂ ਰਾਜ ਦੇ ਕੰਮਾਂ ਵਾਸਤੇ ਆਪਣਾ ਪੈਸਾ ਜਾਂ ਚੀਜ਼ਾਂ ਵਰਤ ਕੇ ਆਪਣੇ ਪਿਆਰ ਤੇ ਦੋਸਤੀ ਦਾ ਸਬੂਤ ਦਿੰਦੇ ਹਾਂ। ਇਹ ਸਬੂਤ ਅਸੀਂ ਸਿਰਫ਼ ਗੱਲਾਂ ਕਰ ਕੇ ਨਹੀਂ ਦਿੰਦੇ, ਸਗੋਂ “ਕਰਨੀ ਅਤੇ ਸਚਿਆਈ” ਤੋਂ ਦਿੰਦੇ ਹਾਂ। (1 ਯੂਹੰ. 3:16-18) ਅਸੀਂ ਪੈਸੇ ਪੱਖੋਂ ਸਮਰਥਨ ਉਦੋਂ ਦਿੰਦੇ ਹਾਂ ਜਦੋਂ ਅਸੀਂ ਪ੍ਰਚਾਰ ਤੇ ਜਾਂਦੇ ਹਾਂ, ਭਗਤੀ ਦੀਆਂ ਥਾਵਾਂ ਦੀ ਉਸਾਰੀ ਤੇ ਮੁਰੰਮਤ ਅਤੇ ਦੁਨੀਆਂ ਵਿਚ ਹੁੰਦੇ ਪ੍ਰਚਾਰ ਦੇ ਕੰਮ ਲਈ ਦਾਨ ਦਿੰਦੇ ਹਾਂ। ਸੋ ਚਾਹੇ ਅਸੀਂ ਥੋੜ੍ਹੇ ਜਿਹੇ ਪੈਸੇ ਦਾਨ ਕਰਦੇ ਹਾਂ ਜਾਂ ਜ਼ਿਆਦਾ, ਯਹੋਵਾਹ ਅਤੇ ਯਿਸੂ ਦੋਵੇਂ ਖ਼ੁਸ਼ੀ ਨਾਲ ਦਿੱਤੇ ਦਾਨ ਦੀ ਕਦਰ ਕਰਦੇ ਹਨ।—2 ਕੁਰਿੰ. 9:7.

18. ਬਾਈਬਲ ਵਿੱਚੋਂ ਕਲੀਸਿਯਾ ਦੇ ਬਜ਼ੁਰਗਾਂ ਵੱਲੋਂ ਦਿੱਤੀ ਸੇਧ ਅਨੁਸਾਰ ਸਾਨੂੰ ਕਿਉਂ ਚੱਲਣਾ ਚਾਹੀਦਾ ਹੈ?

18 ਤੀਜਾ ਤਰੀਕਾ, ਕਲੀਸਿਯਾ ਦੇ ਬਜ਼ੁਰਗਾਂ ਤੋਂ ਮਿਲਦੀ ਸੇਧ ਅਨੁਸਾਰ ਚੱਲ ਕੇ ਅਸੀਂ ਸਾਬਤ ਕਰਦੇ ਹਾਂ ਕਿ ਅਸੀਂ ਮਸੀਹ ਦੇ ਭਰਾਵਾਂ ਦੇ ਦੋਸਤ ਹਾਂ। ਇਹ ਆਦਮੀ ਮਸੀਹ ਦੀ ਸੇਧ ਅਧੀਨ ਪਵਿੱਤਰ ਸ਼ਕਤੀ ਨਾਲ ਨਿਯੁਕਤ ਕੀਤੇ ਜਾਂਦੇ ਹਨ। (ਅਫ਼. 5:23) ਪੌਲੁਸ ਰਸੂਲ ਨੇ ਲਿਖਿਆ: “ਤੁਸੀਂ ਆਪਣੇ ਆਗੂਆਂ ਦੀ ਆਗਿਆਕਾਰੀ ਕਰੋ ਅਤੇ ਓਹਨਾਂ ਦੇ ਅਧੀਨ ਰਹੋ।” (ਇਬ. 13:17) ਕਦੇ-ਕਦੇ ਸਾਨੂੰ ਸ਼ਾਇਦ ਬਾਈਬਲ ਵਿੱਚੋਂ ਦਿੱਤੀ ਬਜ਼ੁਰਗਾਂ ਦੀ ਸਲਾਹ ਮੰਨਣੀ ਔਖੀ ਲੱਗੇ। ਸਾਨੂੰ ਪਤਾ ਹੈ ਕਿ ਉਨ੍ਹਾਂ ਵਿਚ ਕਿਹੜੀਆਂ ਕਮੀਆਂ-ਕਮਜ਼ੋਰੀਆਂ ਹਨ, ਇਸ ਲਈ ਸ਼ਾਇਦ ਸਾਨੂੰ ਉਨ੍ਹਾਂ ਦੀ ਸਲਾਹ ਬੇਕਾਰ ਲੱਗੇ। ਫਿਰ ਵੀ ਕਲੀਸਿਯਾ ਦਾ ਸਿਰ ਮਸੀਹ ਇਨ੍ਹਾਂ ਨਾਮੁਕੰਮਲ ਆਦਮੀਆਂ ਨੂੰ ਖ਼ੁਸ਼ੀ ਨਾਲ ਇਸਤੇਮਾਲ ਕਰਦਾ ਹੈ। ਇਸ ਲਈ ਉਨ੍ਹਾਂ ਦੇ ਅਧਿਕਾਰ ਨੂੰ ਮੰਨਣ ਜਾਂ ਨਾ ਮੰਨਣ ਨਾਲ ਮਸੀਹ ਨਾਲ ਸਾਡੀ ਦੋਸਤੀ ਉੱਤੇ ਅਸਰ ਪੈਂਦਾ ਹੈ। ਜਦੋਂ ਅਸੀਂ ਬਜ਼ੁਰਗਾਂ ਦੀਆਂ ਕਮੀਆਂ-ਕਮਜ਼ੋਰੀਆਂ ਨੂੰ ਨਜ਼ਰਅੰਦਾਜ਼ ਕਰ ਕੇ ਖ਼ੁਸ਼ੀ-ਖ਼ੁਸ਼ੀ ਉਨ੍ਹਾਂ ਦੀ ਸੇਧ ਅਨੁਸਾਰ ਚੱਲਦੇ ਹਾਂ, ਤਾਂ ਅਸੀਂ ਮਸੀਹ ਲਈ ਆਪਣੇ ਪਿਆਰ ਦਾ ਸਬੂਤ ਦਿੰਦੇ ਹਾਂ।

ਸਾਨੂੰ ਦੋਸਤ ਕਿੱਥੇ ਮਿਲ ਸਕਦੇ ਹਨ

19, 20. ਸਾਨੂੰ ਕਲੀਸਿਯਾ ਵਿਚ ਕੌਣ-ਕੌਣ ਮਿਲ ਸਕਦਾ ਹੈ ਤੇ ਅਸੀਂ ਅਗਲੇ ਲੇਖ ਵਿਚ ਕੀ ਦੇਖਾਂਗੇ?

19 ਯਿਸੂ ਨਾ ਸਿਰਫ਼ ਪਿਆਰ ਕਰਨ ਵਾਲੇ ਚਰਵਾਹਿਆਂ ਦੀ ਨਿਗਰਾਨੀ ਜ਼ਰੀਏ ਸਾਡੀ ਦੇਖ-ਭਾਲ ਕਰਦਾ ਹੈ, ਸਗੋਂ ਸਾਨੂੰ ਕਲੀਸਿਯਾ ਵਿਚ ਮਾਵਾਂ ਤੇ ਭੈਣ-ਭਰਾ ਦੇਣ ਦੁਆਰਾ ਵੀ ਸਾਡੀ ਦੇਖ-ਭਾਲ ਕਰਦਾ ਹੈ। (ਮਰਕੁਸ 10:29, 30 ਪੜ੍ਹੋ।) ਜਦੋਂ ਤੁਸੀਂ ਪਹਿਲਾਂ-ਪਹਿਲ ਯਹੋਵਾਹ ਦੇ ਸੰਗਠਨ ਨਾਲ ਮਿਲਣਾ-ਜੁਲਣਾ ਸ਼ੁਰੂ ਕੀਤਾ ਸੀ, ਤਾਂ ਤੁਹਾਡੇ ਰਿਸ਼ਤੇਦਾਰਾਂ ਨੇ ਕੀ ਕੀਤਾ ਸੀ? ਉਮੀਦ ਹੈ ਕਿ ਉਨ੍ਹਾਂ ਨੇ ਪਰਮੇਸ਼ੁਰ ਅਤੇ ਮਸੀਹ ਦੇ ਨੇੜੇ ਜਾਣ ਵਿਚ ਤੁਹਾਡੀ ਮਦਦ ਕੀਤੀ ਹੋਵੇਗੀ। ਪਰ ਯਿਸੂ ਨੇ ਇਹ ਵੀ ਚੇਤਾਵਨੀ ਦਿੱਤੀ ਸੀ ਕਿ ਕੁਝ ‘ਮਨੁੱਖਾਂ ਦੇ ਵੈਰੀ ਉਹ ਦੇ ਘਰ ਦੇ ਹੀ ਹੋਣਗੇ।’ (ਮੱਤੀ 10:36) ਇਹ ਜਾਣ ਕੇ ਕਿੰਨਾ ਹੌਸਲਾ ਮਿਲਦਾ ਹੈ ਕਿ ਕਲੀਸਿਯਾ ਵਿਚ ਸਾਨੂੰ ਉਹ ਦੋਸਤ ਮਿਲਣਗੇ ਜੋ ਸਕੇ ਭਰਾ ਨਾਲੋਂ ਵੀ ਵੱਧ ਸਾਡੇ ਕੰਮ ਆਉਣਗੇ!—ਕਹਾ. 18:24.

20 ਰੋਮ ਦੀ ਕਲੀਸਿਯਾ ਨੂੰ ਲਿਖੀ ਆਪਣੀ ਚਿੱਠੀ ਦੇ ਅਖ਼ੀਰ ਵਿਚ ਪੌਲੁਸ ਨੇ ਭੈਣਾਂ-ਭਰਾਵਾਂ ਦੇ ਨਾਂ ਲੈ-ਲੈ ਕੇ ਉਨ੍ਹਾਂ ਨੂੰ ਆਪਣਾ ਪਿਆਰ ਭੇਜਿਆ। ਇਸ ਤੋਂ ਪਤਾ ਲੱਗਦਾ ਹੈ ਕਿ ਉਸ ਨੇ ਬਹੁਤ ਸਾਰੇ ਦੋਸਤ ਬਣਾਏ ਸਨ। (ਰੋਮੀ. 16:8-16) ਯੂਹੰਨਾ ਰਸੂਲ ਨੇ ਆਪਣੀ ਤੀਜੀ ਚਿੱਠੀ ਇਨ੍ਹਾਂ ਸ਼ਬਦਾਂ ਨਾਲ ਸਮਾਪਤ ਕੀਤੀ: “ਤੂੰ ਸਾਡੇ ਮਿੱਤ੍ਰਾਂ ਨੂੰ ਨਾਊਂ ਲੈ ਲੈ ਕੇ ਸੁਖ ਸਾਂਦ ਆਖੀਂ।” (3 ਯੂਹੰ. 14) ਉਸ ਨੇ ਵੀ ਕਈ ਪੱਕੇ ਦੋਸਤ ਬਣਾਏ ਸਨ। ਤਾਂ ਫਿਰ ਅਸੀਂ ਭੈਣਾਂ-ਭਰਾਵਾਂ ਦੇ ਪੱਕੇ ਦੋਸਤ ਬਣ ਕੇ ਅਤੇ ਬਣੇ ਰਹਿਣ ਨਾਲ ਕਿਵੇਂ ਯਿਸੂ ਅਤੇ ਪਹਿਲੀ ਸਦੀ ਦੇ ਚੇਲਿਆਂ ਦੀ ਰੀਸ ਕਰ ਸਕਦੇ ਹਾਂ? ਅਗਲੇ ਲੇਖ ਵਿਚ ਇਸ ਸਵਾਲ ਦਾ ਜਵਾਬ ਦਿੱਤਾ ਜਾਵੇਗਾ।

ਤੁਸੀਂ ਕਿਵੇਂ ਜਵਾਬ ਦਿਓਗੇ?

• ਚੰਗਾ ਦੋਸਤ ਬਣ ਕੇ ਯਿਸੂ ਨੇ ਕਿਹੋ ਜਿਹੀ ਮਿਸਾਲ ਕਾਇਮ ਕੀਤੀ?

• ਯਿਸੂ ਦੀ ਦੋਸਤੀ ਬਦਲੇ ਚੇਲਿਆਂ ਨੇ ਕੀ ਕੀਤਾ?

• ਅਸੀਂ ਆਪਣੇ ਆਪ ਨੂੰ ਮਸੀਹ ਦੇ ਦੋਸਤ ਕਿਵੇਂ ਸਾਬਤ ਕਰ ਸਕਦੇ ਹਾਂ?

[ਸਵਾਲ]

[ਸਫ਼ਾ 14 ਉੱਤੇ ਤਸਵੀਰ]

ਯਿਸੂ ਜਾਣਨਾ ਚਾਹੁੰਦਾ ਸੀ ਕਿ ਉਸ ਦੇ ਦੋਸਤ ਕੀ ਸੋਚਦੇ ਸਨ ਅਤੇ ਕਿਵੇਂ ਮਹਿਸੂਸ ਕਰਦੇ ਸਨ

[ਸਫ਼ਾ 16 ਉੱਤੇ ਤਸਵੀਰਾਂ]

ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਮਸੀਹ ਦੇ ਦੋਸਤ ਬਣਨਾ ਚਾਹੁੰਦੇ ਹਾਂ?