Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਕਹਾਉਤਾਂ 24:27 ਤੋਂ ਅਸੀਂ ਕੀ ਸਿੱਖਦੇ ਹਾਂ?

ਨੌਜਵਾਨਾਂ ਵਾਸਤੇ ਸਲਾਹ ਦਿੰਦੇ ਹੋਏ ਕਹਾਉਤਾਂ ਦੇ ਲਿਖਾਰੀ ਨੇ ਕਿਹਾ: “ਪਹਿਲਾਂ ਬਾਹਰ ਆਪਣਾ ਕੰਮ ਤਿਆਰ ਕਰ ਅਤੇ ਖੇਤ ਨੂੰ ਸੁਆਰ, ਫੇਰ ਆਪਣਾ ਘਰ ਬਣਾ।” ਪਰਮੇਸ਼ੁਰ ਦੀ ਪ੍ਰੇਰਣਾ ਨਾਲ ਲਿਖੀ ਇਸ ਕਹਾਵਤ ਵਿਚ ਕਿਹੜੀ ਗੱਲ ਸਮਝਾਈ ਗਈ ਹੈ? ਇਹ ਕਿ ਵਿਆਹ ਕਰਾਉਣ ਅਤੇ ਬੱਚੇ ਪੈਦਾ ਕਰਨ ਤੋਂ ਪਹਿਲਾਂ ਇਕ ਆਦਮੀ ਨੂੰ ਚੰਗੀ ਤਰ੍ਹਾਂ ਤਿਆਰ ਹੋਣਾ ਚਾਹੀਦਾ ਹੈ। ਮਤਲਬ ਕਿ ਉਸ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਸ ਉੱਤੇ ਕਿਹੜੀਆਂ ਜ਼ਿੰਮੇਵਾਰੀਆਂ ਆਉਣਗੀਆਂ।

ਪਹਿਲਾਂ ਇਹ ਆਇਤ ਇਸ ਤਰ੍ਹਾਂ ਸਮਝਾਈ ਗਈ ਸੀ ਕਿ ਇਕ ਪਤੀ ਤੇ ਪਿਤਾ ਨੂੰ ਨਾ ਸਿਰਫ਼ ਕੰਮ ਕਰਨਾ ਚਾਹੀਦਾ ਹੈ, ਸਗੋਂ ਆਪਣੇ ਪਰਿਵਾਰ ਨੂੰ ਪਰਮੇਸ਼ੁਰ ਦੀ ਸਿੱਖਿਆ ਦੇ ਕੇ ਮਜ਼ਬੂਤ ਕਰਨਾ ਜਾਂ ਹੌਸਲਾ ਦੇਣਾ ਚਾਹੀਦਾ ਹੈ। ਇਹ ਗੱਲ ਸੱਚ ਹੈ ਤੇ ਬਾਈਬਲ ਦੇ ਮੁਤਾਬਕ ਹੈ। ਪਰ ਲੱਗਦਾ ਨਹੀਂ ਕਿ ਇਸ ਆਇਤ ਦਾ ਇਹ ਮਤਲਬ ਹੈ। ਕਿਉਂ ਨਹੀਂ? ਦੋ ਕਾਰਨਾਂ ਉੱਤੇ ਵਿਚਾਰ ਕਰੋ।

ਪਹਿਲਾ ਕਾਰਨ, ਇਹ ਆਇਤ ਉਸ ਪਰਿਵਾਰ ਨੂੰ ਮਜ਼ਬੂਤ ਕਰਨ ਦੀ ਗੱਲ ਨਹੀਂ ਕਰ ਰਹੀ ਜੋ ਪਹਿਲਾਂ ਹੀ ਬਣ ਚੁੱਕਾ ਹੈ। ਇਸ ਦੀ ਬਜਾਇ, ਇਸ ਆਇਤ ਵਿਚ ਸੱਚ-ਮੁੱਚ ਦੇ ਘਰ ਨੂੰ ਬਣਾਉਣ ਦੀ ਗੱਲ ਕੀਤੀ ਗਈ ਹੈ। ਪਰ ਅਨੁਵਾਦ ਕੀਤੇ ਗਏ ਸ਼ਬਦ “ਬਣਾ” ਦਾ ਇਕ ਹੋਰ ਵੀ ਮਤਲਬ ਹੋ ਸਕਦਾ ਹੈ ਜਿਵੇਂ ਪਰਿਵਾਰ ਬਣਾਉਣਾ ਯਾਨੀ ਵਿਆਹ ਕਰਨਾ ਤੇ ਬੱਚੇ ਪੈਦਾ ਕਰਨੇ।

ਦੂਜਾ ਕਾਰਨ, ਇਹ ਆਇਤ ਤਰਤੀਬ ਨਾਲ ਕੰਮ ਕਰਨ ਉੱਤੇ ਜ਼ੋਰ ਦਿੰਦੀ ਹੈ ਜਿਵੇਂ “ਪਹਿਲਾਂ ਇਹ ਕਰ, ਫਿਰ ਉਹ ਕਰ।” ਪਰ ਕੀ ਇਸ ਦਾ ਇਹ ਮਤਲਬ ਹੈ ਕਿ ਸਾਨੂੰ ਆਪਣੇ ਕੰਮ ਜਾਂ ਨੌਕਰੀ ਨੂੰ ਪਹਿਲ ਦੇਣੀ ਚਾਹੀਦੀ ਹੈ ਤੇ ਫਿਰ ਪਰਮੇਸ਼ੁਰ ਤੋਂ ਮਿਲੀਆਂ ਜ਼ਿੰਮੇਵਾਰੀਆਂ ਬਾਰੇ ਸੋਚਣਾ ਚਾਹੀਦਾ ਹੈ? ਬਿਲਕੁਲ ਨਹੀਂ!

ਪੁਰਾਣੇ ਜ਼ਮਾਨੇ ਵਿਚ ਜੇ ਆਦਮੀ ‘ਆਪਣਾ ਘਰ ਬਣਾਉਣਾ’ ਯਾਨੀ ਵਿਆਹ ਕਰਾ ਕੇ ਪਰਿਵਾਰ ਬਣਾਉਣਾ ਚਾਹੁੰਦਾ ਸੀ, ਤਾਂ ਉਸ ਨੂੰ ਆਪਣੇ ਤੋਂ ਪੁੱਛਣ ਦੀ ਲੋੜ ਸੀ, ‘ਕੀ ਮੈਂ ਆਪਣੀ ਪਤਨੀ ਅਤੇ ਬਾਅਦ ਵਿਚ ਹੋਣ ਵਾਲੇ ਬੱਚਿਆਂ ਦੀ ਦੇਖ-ਭਾਲ ਕਰ ਸਕਾਂਗਾ ਤੇ ਉਨ੍ਹਾਂ ਦਾ ਗੁਜ਼ਾਰਾ ਤੋਰ ਸਕਾਂਗਾ?’ ਪਰਿਵਾਰ ਬਣਾਉਣ ਤੋਂ ਪਹਿਲਾਂ ਉਹ ਜ਼ਰੂਰ ਕੰਮ ਕਰਦਾ ਸੀ ਯਾਨੀ ਉਹ ਆਪਣੇ ਖੇਤਾਂ ਜਾਂ ਫ਼ਸਲਾਂ ਦੀ ਦੇਖ-ਭਾਲ ਕਰਦਾ ਸੀ। ਇਸ ਲਈ ਟੂਡੇਜ਼ ਇੰਗਲਿਸ਼ ਵਰਯਨ ਵਿਚ ਇਸ ਆਇਤ ਨੂੰ ਇਸ ਤਰ੍ਹਾਂ ਸਮਝਾਇਆ ਹੈ: “ਤਦ ਤਕ ਆਪਣਾ ਘਰ ਤੇ ਪਰਿਵਾਰ ਨਾ ਬਣਾ ਜਦ ਤਕ ਤੇਰੇ ਖੇਤ ਤਿਆਰ ਨਹੀਂ ਹੁੰਦੇ ਅਤੇ ਤੈਨੂੰ ਪੱਕਾ ਪਤਾ ਨਹੀਂ ਕਿ ਤੂੰ ਕਮਾ ਸਕਦਾ ਹੈ।” ਕੀ ਇਹ ਸਿਧਾਂਤ ਅੱਜ ਵੀ ਲਾਗੂ ਹੁੰਦਾ ਹੈ?

ਜੀ ਹਾਂ। ਜੇ ਆਦਮੀ ਵਿਆਹ ਕਰਾਉਣਾ ਚਾਹੁੰਦਾ ਹੈ, ਤਾਂ ਉਸ ਨੂੰ ਇਹ ਜ਼ਿੰਮੇਵਾਰੀ ਨਿਭਾਉਣ ਲਈ ਚੰਗੀ ਤਰ੍ਹਾਂ ਤਿਆਰ ਹੋਣ ਦੀ ਲੋੜ ਹੈ। ਜੇ ਉਹ ਤੰਦਰੁਸਤ ਹੈ, ਤਾਂ ਉਸ ਨੂੰ ਕੰਮ ਕਰਨਾ ਹੀ ਪਵੇਗਾ। ਪਰ ਉਸ ਨੂੰ ਪਰਿਵਾਰ ਦਾ ਗੁਜ਼ਾਰਾ ਤੋਰਨ ਲਈ ਆਪਣਾ ਸਾਰਾ ਸਮਾਂ ਕੰਮ ਕਰਨ ਵਿਚ ਹੀ ਨਹੀਂ ਲਾ ਦੇਣਾ ਚਾਹੀਦਾ। ਪਰਮੇਸ਼ੁਰ ਦਾ ਬਚਨ ਸਮਝਾਉਂਦਾ ਹੈ ਕਿ ਜਿਹੜਾ ਆਦਮੀ ਆਪਣੇ ਪਰਿਵਾਰ ਦੀਆਂ ਭੌਤਿਕ ਅਤੇ ਜਜ਼ਬਾਤੀ ਲੋੜਾਂ ਪੂਰੀਆਂ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਪਰਮੇਸ਼ੁਰ ਦੀ ਸਿੱਖਿਆ ਨਹੀਂ ਦਿੰਦਾ, ਉਹ ਉਸ ਬੰਦੇ ਨਾਲੋਂ ਵੀ ਬਦਤਰ ਹੈ ਜੋ ਨਿਹਚਾ ਨਹੀਂ ਕਰਦਾ! (1 ਤਿਮੋ. 5:8) ਇਸ ਲਈ ਵਿਆਹ ਕਰਨ ਤੇ ਪਰਿਵਾਰ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਇਕ ਆਦਮੀ ਨੂੰ ਆਪਣੇ ਤੋਂ ਇਹੋ ਜਿਹੇ ਸਵਾਲ ਪੁੱਛਣੇ ਚਾਹੀਦੇ ਹਨ: ‘ਕੀ ਮੈਂ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰ ਸਕਦਾ ਹਾਂ? ਕੀ ਮੈਂ ਬਾਈਬਲ ਦੇ ਅਨੁਸਾਰ ਪਰਿਵਾਰ ਦੇ ਮੁਖੀ ਵਜੋਂ ਆਪਣੀ ਜ਼ਿੰਮੇਵਾਰੀ ਨਿਭਾ ਪਾਵਾਂਗਾ? ਕੀ ਮੈਂ ਆਪਣੀ ਪਤਨੀ ਤੇ ਬੱਚਿਆਂ ਨਾਲ ਬਾਕਾਇਦਾ ਪਰਿਵਾਰਕ ਬਾਈਬਲ ਸਟੱਡੀ ਕਰ ਪਾਵਾਂਗਾ?’ ਪਰਮੇਸ਼ੁਰ ਦਾ ਬਚਨ ਇਨ੍ਹਾਂ ਜ਼ਰੂਰੀ ਜ਼ਿੰਮੇਵਾਰੀਆਂ ਨੂੰ ਨਿਭਾਉਣ ਉੱਤੇ ਜ਼ੋਰ ਦਿੰਦਾ ਹੈ।—ਬਿਵ. 6:6-8; ਅਫ਼. 6:4.

ਜੇ ਮੁੰਡਾ ਵਿਆਹ ਕਰਾਉਣਾ ਚਾਹੁੰਦਾ ਹੈ, ਤਾਂ ਉਸ ਨੂੰ ਗੰਭੀਰਤਾ ਨਾਲ ਕਹਾਉਤਾਂ 24:27 ਦੇ ਸਿਧਾਂਤ ਬਾਰੇ ਸੋਚਣਾ ਚਾਹੀਦਾ ਹੈ। ਇਸੇ ਤਰ੍ਹਾਂ ਕੁੜੀ ਨੂੰ ਵੀ ਆਪਣੇ ਤੋਂ ਪੁੱਛਣਾ ਚਾਹੀਦਾ ਹੈ ਕਿ ਉਹ ਪਤਨੀ ਤੇ ਮਾਂ ਵਜੋਂ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਤਿਆਰ ਹੈ? ਪਤੀ-ਪਤਨੀ ਨੂੰ ਆਪਣੇ ਤੋਂ ਪੁੱਛਣਾ ਚਾਹੀਦਾ ਹੈ ਕਿ ਉਹ ਬੱਚੇ ਪੈਦਾ ਕਰਨੇ ਚਾਹੁੰਦੇ ਹਨ ਜਾਂ ਨਹੀਂ। (ਲੂਕਾ 14:28) ਪਰਮੇਸ਼ੁਰ ਵੱਲੋਂ ਮਿਲੀ ਸੇਧ ਅਨੁਸਾਰ ਚੱਲ ਕੇ ਪਰਮੇਸ਼ੁਰ ਦੇ ਲੋਕ ਕਈ ਦੁੱਖਾਂ ਤੋਂ ਬਚ ਸਕਦੇ ਹਨ ਤੇ ਖ਼ੁਸ਼ੀਆਂ ਭਰੀ ਪਰਿਵਾਰਕ ਜ਼ਿੰਦਗੀ ਦਾ ਆਨੰਦ ਮਾਣ ਸਕਦੇ ਹਨ।

[ਸਫ਼ਾ 12 ਉੱਤੇ ਸੁਰਖੀ]

ਵਿਆਹ ਬਾਰੇ ਮੁੰਡੇ ਨੂੰ ਆਪਣੇ ਤੋਂ ਕਿਹੋ ਜਿਹੇ ਸਵਾਲ ਪੁੱਛਣੇ ਚਾਹੀਦੇ ਹਨ?