Skip to content

Skip to table of contents

ਆਪਣੇ ਬੋਲ਼ੇ ਭੈਣਾਂ-ਭਰਾਵਾਂ ਨੂੰ ਅਨਮੋਲ ਸਮਝੋ!

ਆਪਣੇ ਬੋਲ਼ੇ ਭੈਣਾਂ-ਭਰਾਵਾਂ ਨੂੰ ਅਨਮੋਲ ਸਮਝੋ!

ਆਪਣੇ ਬੋਲ਼ੇ ਭੈਣਾਂ-ਭਰਾਵਾਂ ਨੂੰ ਅਨਮੋਲ ਸਮਝੋ!

ਅੱਜ ਪਰਮੇਸ਼ੁਰ ਦੇ ਲੋਕ ਵੱਡੇ ਸਾਰੇ ਭਾਈਚਾਰੇ ਦਾ ਹਿੱਸਾ ਹਨ ਜੋ ਪੁਰਾਣੇ ਜ਼ਮਾਨੇ ਦੇ ਭਗਤਾਂ ਵਾਂਗ ਯਹੋਵਾਹ ਨੂੰ ਮੰਨਦੇ ਹਨ। ਇਨ੍ਹਾਂ ਭਗਤਾਂ ਵਿੱਚੋਂ ਕੁਝ ਹਨ ਸਮੂਏਲ, ਦਾਊਦ, ਸਮਸੂਨ, ਰਾਹਾਬ, ਮੂਸਾ, ਅਬਰਾਹਾਮ, ਸਾਰਾਹ, ਨੂਹ ਤੇ ਹਾਬਲ। ਯਹੋਵਾਹ ਦੇ ਵਫ਼ਾਦਾਰ ਭਗਤਾਂ ਵਿੱਚੋਂ ਅੱਜ ਕਈ ਬੋਲ਼ੇ ਹਨ। ਮਿਸਾਲ ਲਈ, ਮੰਗੋਲੀਆ ਵਿਚ ਯਹੋਵਾਹ ਦੇ ਗਵਾਹ ਬਣਨ ਵਾਲੇ ਪਹਿਲੇ ਦੋ ਵਿਅਕਤੀ ਬੋਲ਼ੇ ਪਤੀ-ਪਤਨੀ ਸੀ। ਰੂਸ ਵਿਚ ਬੋਲ਼ੇ ਭੈਣਾਂ-ਭਰਾਵਾਂ ਦੀ ਵਫ਼ਾਦਾਰੀ ਕਰਕੇ ਸਾਨੂੰ ਮਾਨਵੀ ਅਧਿਕਾਰਾਂ ਦੀ ਯੂਰਪੀ ਅਦਾਲਤ (European Court of Human Rights) ਵਿਚ ਜਿੱਤ ਮਿਲੀ ਹੈ।

ਸਾਡੇ ਜ਼ਮਾਨੇ ਵਿਚ “ਮਾਤਬਰ ਅਤੇ ਬੁੱਧਵਾਨ ਨੌਕਰ” ਨੇ ਬੋਲ਼ੇ ਲੋਕਾਂ ਨੂੰ ਸੈਨਤ ਭਾਸ਼ਾ ਵਿਚ ਪ੍ਰਕਾਸ਼ਨ ਮੁਹੱਈਆ ਕਰਵਾਏ ਹਨ ਅਤੇ ਉਨ੍ਹਾਂ ਲਈ ਮੀਟਿੰਗਾਂ, ਅਸੈਂਬਲੀਆਂ ਤੇ ਜ਼ਿਲ੍ਹਾ ਸੰਮੇਲਨ ਤਿਆਰ ਕੀਤੇ ਹਨ। (ਮੱਤੀ 24:45) ਬੋਲ਼ੇ ਲੋਕਾਂ ਨੂੰ ਇਨ੍ਹਾਂ ਤੋਂ ਬਹੁਤ ਫ਼ਾਇਦਾ ਹੋਇਆ ਹੈ। * ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਇਨ੍ਹਾਂ ਪ੍ਰਬੰਧਾਂ ਤੋਂ ਬਗੈਰ ਬੋਲ਼ੇ ਲੋਕਾਂ ਲਈ ਪਰਮੇਸ਼ੁਰ ਬਾਰੇ ਸਿੱਖਣਾ ਤੇ ਸੱਚਾਈ ਵਿਚ ਅੱਗੇ ਵਧਣਾ ਕਿੰਨਾ ਔਖਾ ਹੁੰਦਾ? ਕੀ ਤੁਸੀਂ ਇਸ ਬਾਰੇ ਸੋਚਿਆ ਹੈ ਕਿ ਤੁਸੀਂ ਕਿਵੇਂ ਉਨ੍ਹਾਂ ਬੋਲ਼ਿਆਂ ਦੀ ਮਦਦ ਕਰ ਸਕਦੇ ਹੋ ਜੋ ਤੁਹਾਡੇ ਸ਼ਹਿਰ ਜਾਂ ਪਿੰਡ ਵਿਚ ਰਹਿੰਦੇ ਹਨ?

ਅੱਜ ਦੇ ਪ੍ਰਬੰਧਾਂ ਤੋਂ ਪਹਿਲਾਂ

ਜੇ ਤੁਸੀਂ ਕਿਸੇ ਬਿਰਧ ਬੋਲ਼ੇ ਭਰਾ ਜਾਂ ਭੈਣ ਨੂੰ ਪੁੱਛੋ ਕਿ ਉਨ੍ਹਾਂ ਨੇ ਪਰਮੇਸ਼ੁਰ ਬਾਰੇ ਕਿਵੇਂ ਸਿੱਖਿਆ, ਤਾਂ ਉਹ ਕੀ ਜਵਾਬ ਦੇਣਗੇ? ਉਹ ਸ਼ਾਇਦ ਤੁਹਾਨੂੰ ਦੱਸਣ ਕਿ ਉਨ੍ਹਾਂ ਨੂੰ ਕਿਵੇਂ ਮਹਿਸੂਸ ਹੋਇਆ ਸੀ ਜਦੋਂ ਉਨ੍ਹਾਂ ਨੂੰ ਪਹਿਲੀ ਵਾਰ ਪਰਮੇਸ਼ੁਰ ਦਾ ਨਾਂ ਪਤਾ ਲੱਗਾ। ਉਹ ਇਹ ਵੀ ਦੱਸਣਗੇ ਕਿ ਇਸ ਸੱਚਾਈ ਨੇ ਉਨ੍ਹਾਂ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਅਤੇ ਸਾਲਾਂ ਤਾਈਂ ਉਨ੍ਹਾਂ ਨੂੰ ਸੰਭਾਲੀ ਰੱਖਿਆ। ਸੈਨਤ ਭਾਸ਼ਾ ਵਿਚ ਵਿਡਿਓ ਪ੍ਰੋਗ੍ਰਾਮ ਜਾਂ ਡੀ.ਵੀ.ਡੀਜ਼ ਤਾਂ ਬਾਅਦ ਵਿਚ ਆਈਆਂ ਜਿਨ੍ਹਾਂ ਦੀ ਮਦਦ ਨਾਲ ਬਾਈਬਲ ਦੀਆਂ ਡੂੰਘੀਆਂ ਸੱਚਾਈਆਂ ਸਿੱਖੀਆਂ ਜਾ ਸਕਦੀਆਂ ਹਨ। ਉਹ ਸ਼ਾਇਦ ਦੱਸਣ ਕਿ ਸੈਨਤ ਭਾਸ਼ਾ ਵਿਚ ਮੀਟਿੰਗਾਂ ਹੋਣ ਜਾਂ ਪ੍ਰੋਗ੍ਰਾਮ ਦੇ ਤਰਜਮੇ ਤੋਂ ਪਹਿਲਾਂ ਦਾ ਸਮਾਂ ਕਿਹੋ ਜਿਹਾ ਸੀ। ਉਦੋਂ ਉਨ੍ਹਾਂ ਨਾਲ ਕੋਈ ਬੈਠ ਜਾਂਦਾ ਸੀ ਅਤੇ ਕਾਗਜ਼ ਉੱਤੇ ਲਿਖ ਕੇ ਸਮਝਣ ਵਿਚ ਮਦਦ ਕਰਦਾ ਸੀ ਕਿ ਭਾਸ਼ਣਕਾਰ ਕੀ ਕਹਿ ਰਿਹਾ ਸੀ। ਇਕ ਬੋਲ਼ੇ ਭਰਾ ਨੇ ਸੱਤ ਸਾਲਾਂ ਤਾਈਂ ਇਸੇ ਤਰ੍ਹਾਂ ਬਾਈਬਲ ਦੀਆਂ ਸੱਚਾਈਆਂ ਸਿੱਖੀਆਂ। ਅਖ਼ੀਰ ਸੈਨਤ ਭਾਸ਼ਾ ਵਿਚ ਮੀਟਿੰਗਾਂ ਦਾ ਤਰਜਮਾ ਕਰਨ ਲਈ ਕੋਈ ਆ ਗਿਆ।

ਬਿਰਧ ਬੋਲ਼ੇ ਗਵਾਹ ਯਾਦ ਕਰਦੇ ਹਨ ਕਿ ਉਹ ਕਲੀਸਿਯਾ ਦੇ ਉਨ੍ਹਾਂ ਭੈਣਾਂ-ਭਰਾਵਾਂ ਨਾਲ ਕਿਵੇਂ ਪ੍ਰਚਾਰ ਕਰਦੇ ਸਨ ਜੋ ਸੁਣ ਸਕਦੇ ਹਨ। ਘਰ-ਘਰ ਪ੍ਰਚਾਰ ਕਰਦਿਆਂ ਬੋਲ਼ੇ ਭੈਣਾਂ-ਭਰਾਵਾਂ ਦੇ ਇਕ ਹੱਥ ਵਿਚ ਕਾਰਡ ਹੁੰਦਾ ਸੀ ਜਿਸ ਉੱਤੇ ਆਸਾਨ ਜਿਹੀ ਪੇਸ਼ਕਾਰੀ ਲਿਖੀ ਹੁੰਦੀ ਸੀ। ਦੂਜੇ ਹੱਥ ਵਿਚ ਨਵੇਂ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਹੁੰਦੇ ਸਨ। ਕਿਸੇ ਬੋਲ਼ੇ ਭਰਾ ਜਾਂ ਭੈਣ ਲਈ ਕਿਸੇ ਬੋਲ਼ੇ ਵਿਅਕਤੀ ਨੂੰ ਸਟੱਡੀ ਕਰਾਉਣੀ ਮੁਸ਼ਕਲ ਹੁੰਦੀ ਸੀ ਕਿਉਂਕਿ ਦੋਵੇਂ ਧਿਰਾਂ ਪ੍ਰਕਾਸ਼ਨਾਂ ਨੂੰ ਚੰਗੀ ਤਰ੍ਹਾਂ ਸਮਝ ਨਹੀਂ ਸਕਦੀਆਂ ਸਨ। ਬਿਰਧ ਬੋਲ਼ੇ ਭੈਣ-ਭਰਾ ਯਾਦ ਕਰਦੇ ਹਨ ਕਿ ਉਹ ਕਿੰਨੇ ਨਿਰਾਸ਼ ਹੋ ਜਾਂਦੇ ਸਨ ਜਦ ਲੋਕ ਉਨ੍ਹਾਂ ਦੀ ਗੱਲ ਨਹੀਂ ਸਮਝ ਪਾਉਂਦੇ ਸਨ। ਇਸ ਕਰਕੇ ਉਹ ਅੱਗੋਂ ਬਾਈਬਲ ਦੀਆਂ ਸੱਚਾਈਆਂ ਬਾਰੇ ਗੱਲਬਾਤ ਨਹੀਂ ਕਰ ਪਾਉਂਦੇ ਸਨ। ਉਨ੍ਹਾਂ ਨੂੰ ਇਹ ਵੀ ਪਤਾ ਹੈ ਕਿ ਉਸ ਵੇਲੇ ਕਿਵੇਂ ਮਹਿਸੂਸ ਹੁੰਦਾ ਹੈ ਜਦ ਤੁਹਾਡੇ ਦਿਲ ਵਿਚ ਯਹੋਵਾਹ ਲਈ ਪਿਆਰ ਤਾਂ ਬਹੁਤ ਹੈ, ਪਰ ਤੁਹਾਨੂੰ ਭਰੋਸਾ ਨਹੀਂ ਹੈ ਕਿ ਤੁਸੀਂ ਜੋ ਕਰ ਰਹੇ ਹੋ, ਉਹ ਸਹੀ ਹੈ ਜਾਂ ਨਹੀਂ। ਕਿਉਂ? ਕਿਉਂਕਿ ਉਨ੍ਹਾਂ ਨੂੰ ਪੱਕਾ ਪਤਾ ਨਹੀਂ ਹੁੰਦਾ ਸੀ ਕਿ ਕਿਸੇ ਵਿਸ਼ੇ ਬਾਰੇ ਉਨ੍ਹਾਂ ਦੀ ਸਮਝ ਸਹੀ ਹੁੰਦੀ ਸੀ ਜਾਂ ਨਹੀਂ।

ਇਨ੍ਹਾਂ ਔਖਿਆਈਆਂ ਦੇ ਬਾਵਜੂਦ ਸਾਡੇ ਬੋਲ਼ੇ ਭੈਣ-ਭਰਾ ਵਫ਼ਾਦਾਰ ਰਹੇ। (ਅੱਯੂ. 2:3) ਉਨ੍ਹਾਂ ਨੇ ਯਹੋਵਾਹ ਉੱਤੇ ਭਰੋਸਾ ਰੱਖਿਆ। (ਜ਼ਬੂ. 37:7) ਹੁਣ ਪਰਮੇਸ਼ੁਰ ਨੇ ਉਨ੍ਹਾਂ ਨੂੰ ਜਿੰਨੀਆਂ ਬਰਕਤਾਂ ਦਿੱਤੀਆਂ ਹਨ, ਉਨ੍ਹਾਂ ਬਾਰੇ ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ।

ਇਕ ਬੋਲ਼ੇ ਭਰਾ ਦੀਆਂ ਕੋਸ਼ਿਸ਼ਾਂ ਉੱਤੇ ਗੌਰ ਕਰੋ ਜੋ ਕਿ ਪਤੀ ਹੋਣ ਦੇ ਨਾਲ-ਨਾਲ ਇਕ ਪਿਤਾ ਵੀ ਹੈ। ਸੈਨਤ ਭਾਸ਼ਾ ਵਿਚ ਵਿਡਿਓ ਆਉਣ ਤੋਂ ਪਹਿਲਾਂ ਉਹ ਵਫ਼ਾਦਾਰੀ ਨਾਲ ਆਪਣੇ ਪਰਿਵਾਰ ਦੇ ਨਾਲ ਅਧਿਐਨ ਕਰਦਾ ਸੀ। ਉਸ ਦਾ ਪੁੱਤਰ ਯਾਦ ਕਰਦਾ ਹੈ: “ਪਰਿਵਾਰਕ ਸਟੱਡੀ ਕਰਾਉਣੀ ਮੇਰੇ ਪਿਤਾ ਜੀ ਲਈ ਬਹੁਤ ਔਖੀ ਸੀ ਕਿਉਂਕਿ ਉਹ ਸਾਨੂੰ ਉਸ ਵੇਲੇ ਉਪਲਬਧ ਪ੍ਰਕਾਸ਼ਨਾਂ ਤੋਂ ਹੀ ਸਿਖਾਉਂਦੇ ਸਨ। ਉਹ ਅਕਸਰ ਜਾਣਕਾਰੀ ਨੂੰ ਪੂਰੀ ਤਰ੍ਹਾਂ ਸਮਝ ਨਹੀਂ ਪਾਉਂਦੇ ਸਨ। ਅਸੀਂ ਛੋਟੇ ਹੋਣ ਕਰਕੇ ਉਨ੍ਹਾਂ ਦੀ ਸਮੱਸਿਆ ਹੋਰ ਵੀ ਵਧਾ ਦਿੰਦੇ ਸਾਂ। ਅਸੀਂ ਫਟਾਫਟ ਉਨ੍ਹਾਂ ਨੂੰ ਦੱਸ ਦਿੰਦੇ ਸਾਂ ਜਦ ਉਹ ਗੱਲਾਂ ਨੂੰ ਸਹੀ-ਸਹੀ ਨਹੀਂ ਸਮਝਾਉਂਦੇ ਸਨ। ਇਸ ਦੇ ਬਾਵਜੂਦ, ਉਹ ਹਮੇਸ਼ਾ ਪਰਿਵਾਰ ਦੇ ਨਾਲ ਅਧਿਐਨ ਕਰਦੇ ਸਨ। ਉਹ ਸੋਚਦੇ ਸਨ ਕਿ ਅੰਗ੍ਰੇਜ਼ੀ ਘੱਟ ਆਉਣ ਕਾਰਨ ਕਦੇ-ਕਦੇ ਹੁੰਦੀ ਸ਼ਰਮਿੰਦਗੀ ਨਾਲੋਂ ਜ਼ਿਆਦਾ ਜ਼ਰੂਰੀ ਸੀ ਯਹੋਵਾਹ ਬਾਰੇ ਕੁਝ ਸਿੱਖਣਾ।”

ਸੱਤਰ ਕੁ ਸਾਲਾਂ ਦੇ ਭਰਾ ਰਿਚਰਡ ਦੀ ਮਿਸਾਲ ’ਤੇ ਵੀ ਗੌਰ ਕਰੋ ਜੋ ਬੋਲ਼ਾ ਤੇ ਅੰਨ੍ਹਾ ਹੈ। ਉਹ ਬਰੁਕਲਿਨ, ਨਿਊਯਾਰਕ, ਅਮਰੀਕਾ ਵਿਚ ਰਹਿੰਦਾ ਹੈ। ਸਾਰੇ ਹੀ ਜਾਣਦੇ ਹਨ ਕਿ ਰਿਚਰਡ ਬਾਕਾਇਦਾ ਮੀਟਿੰਗਾਂ ਵਿਚ ਹਾਜ਼ਰ ਹੁੰਦਾ ਹੈ। ਉਹ ਇਕੱਲਾ ਹੀ ਟ੍ਰੇਨ ਵਿਚ ਜਾਂਦਾ ਹੈ ਤੇ ਰਾਹ ਵਿਚ ਆਉਂਦੇ ਸਾਰੇ ਸਟੇਸ਼ਨ ਗਿਣਦਾ ਹੈ ਤਾਂਕਿ ਉਸ ਨੂੰ ਪਤਾ ਰਹੇ ਕਿ ਕਿੱਥੇ ਉਤਰਨਾ ਹੈ। ਸਰਦੀਆਂ ਵਿਚ ਇਕ ਵਾਰ ਤੂਫ਼ਾਨੀ ਬਰਫ਼ ਪੈਣ ਲੱਗ ਪਈ ਜਿਸ ਕਰਕੇ ਮੀਟਿੰਗ ਕੈਂਸਲ ਹੋ ਗਈ। ਇਸ ਬਾਰੇ ਕਲੀਸਿਯਾ ਦੇ ਸਾਰੇ ਭੈਣਾਂ-ਭਰਾਵਾਂ ਨੂੰ ਦੱਸ ਦਿੱਤਾ ਗਿਆ ਸੀ, ਪਰ ਕਿਸੇ ਕਾਰਨ ਰਿਚਰਡ ਨੂੰ ਪਤਾ ਨਹੀਂ ਲੱਗਾ। ਜਦ ਇਸ ਬਾਰੇ ਭਰਾਵਾਂ ਨੂੰ ਪਤਾ ਲੱਗਾ, ਤਾਂ ਉਹ ਉਸ ਨੂੰ ਲੱਭਣ ਲੱਗੇ। ਉਨ੍ਹਾਂ ਨੇ ਦੇਖਿਆ ਕਿ ਰਿਚਰਡ ਕਿੰਗਡਮ ਹਾਲ ਦੇ ਬਾਹਰ ਖੜ੍ਹਾ ਧੀਰਜ ਨਾਲ ਦਰਵਾਜ਼ੇ ਖੁੱਲ੍ਹਣ ਦੀ ਇੰਤਜ਼ਾਰ ਕਰ ਰਿਹਾ ਸੀ। ਜਦ ਉਸ ਨੂੰ ਪੁੱਛਿਆ ਗਿਆ ਕਿ ਉਹ ਤੂਫ਼ਾਨ ਵਿਚ ਬਾਹਰ ਕਿਉਂ ਨਿਕਲਿਆ, ਤਾਂ ਉਸ ਨੇ ਕਿਹਾ, “ਮੈਂ ਯਹੋਵਾਹ ਨੂੰ ਪਿਆਰ ਕਰਦਾ ਹਾਂ।”

ਤੁਸੀਂ ਕੀ ਕਰ ਸਕਦੇ ਹੋ?

ਕੀ ਤੁਹਾਡੇ ਇਲਾਕੇ ਵਿਚ ਬੋਲ਼ੇ ਲੋਕ ਰਹਿੰਦੇ ਹਨ? ਕੀ ਤੁਸੀਂ ਥੋੜ੍ਹੀ ਬਹੁਤ ਸੈਨਤ ਭਾਸ਼ਾ ਸਿੱਖ ਸਕਦੇ ਹੋ ਤਾਂਕਿ ਤੁਸੀਂ ਉਨ੍ਹਾਂ ਨਾਲ ਗੱਲ ਕਰ ਸਕੋ? ਬੋਲ਼ੇ ਲੋਕ ਆਮ ਤੌਰ ਤੇ ਬਹੁਤ ਦਿਆਲੂ ਹੁੰਦੇ ਹਨ ਤੇ ਹੋਰਨਾਂ ਨੂੰ ਧੀਰਜ ਨਾਲ ਆਪਣੀ ਭਾਸ਼ਾ ਸਿਖਾਉਂਦੇ ਹਨ। ਤੁਹਾਨੂੰ ਸ਼ਾਇਦ ਪ੍ਰਚਾਰ ਕਰਦਿਆਂ ਜਾਂ ਕਿਤੇ ਹੋਰ ਕੋਈ ਬੋਲ਼ਾ ਵਿਅਕਤੀ ਮਿਲੇ। ਤੁਸੀਂ ਕੀ ਕਰ ਸਕਦੇ ਹੋ? ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰੋ। ਤੁਸੀਂ ਇਸ਼ਾਰਿਆਂ, ਕਾਗਜ਼ ’ਤੇ ਲਿਖ ਕੇ, ਡਰਾਇੰਗ ਕਰ ਕੇ, ਤਸਵੀਰਾਂ ਦਿਖਾ ਕੇ ਉਨ੍ਹਾਂ ਨਾਲ ਗੱਲ ਕਰ ਸਕਦੇ ਹੋ ਜਾਂ ਇਨ੍ਹਾਂ ਵਿੱਚੋਂ ਦੋ-ਤਿੰਨ ਤਰੀਕੇ ਇਸਤੇਮਾਲ ਕਰ ਸਕਦੇ ਹੋ। ਭਾਵੇਂ ਉਹ ਵਿਅਕਤੀ ਇਸ਼ਾਰਾ ਕਰਦਾ ਹੈ ਕਿ ਉਸ ਨੂੰ ਸੱਚਾਈ ਵਿਚ ਕੋਈ ਰੁਚੀ ਨਹੀਂ, ਫਿਰ ਵੀ ਉਸ ਵਿਅਕਤੀ ਬਾਰੇ ਕਿਸੇ ਬੋਲ਼ੇ ਗਵਾਹ ਜਾਂ ਸੈਨਤ ਭਾਸ਼ਾ ਜਾਣਨ ਵਾਲੇ ਭਰਾ ਜਾਂ ਭੈਣ ਨੂੰ ਦੱਸੋ। ਸ਼ਾਇਦ ਬੋਲ਼ੇ ਵਿਅਕਤੀ ਨੂੰ ਸੈਨਤ ਭਾਸ਼ਾ ਵਿਚ ਸੰਦੇਸ਼ ਹੋਰ ਵੀ ਚੰਗਾ ਲੱਗੇ।

ਤੁਸੀਂ ਸ਼ਾਇਦ ਸੈਨਤ ਭਾਸ਼ਾ ਸਿੱਖ ਰਹੇ ਹੋ ਤੇ ਸੈਨਤ ਭਾਸ਼ਾ ਦੀ ਕਲੀਸਿਯਾ ਵਿਚ ਵੀ ਜਾਂਦੇ ਹੋ। ਤੁਸੀਂ ਇਸ ਭਾਸ਼ਾ ਵਿਚ ਹਾਵ-ਭਾਵ ਪ੍ਰਗਟਾਉਣ ਤੇ ਇਸ ਨੂੰ ਸਮਝਣ ਵਿਚ ਹੋਰ ਮਾਹਰ ਕਿਵੇਂ ਬਣ ਸਕਦੇ ਹੋ? ਤੁਹਾਡੀ ਕਲੀਸਿਯਾ ਵਿਚ ਸ਼ਾਇਦ ਭੈਣ-ਭਰਾ ਹੋਣਗੇ ਜੋ ਸੁਣ ਸਕਦੇ ਹਨ, ਫਿਰ ਵੀ ਬੋਲਣ ਦੀ ਬਜਾਇ ਕਿਉਂ ਨਾ ਸੈਨਤ ਭਾਸ਼ਾ ਵਰਤੋ? ਇਸ ਤਰ੍ਹਾਂ ਕਰਨ ਨਾਲ ਤੁਸੀਂ ਸੈਨਤ ਭਾਸ਼ਾ ਵਿਚ ਸੋਚੋਗੇ। ਕਦੇ-ਕਦੇ ਤੁਹਾਡੇ ਤੋਂ ਸ਼ਾਇਦ ਬੋਲੇ ਬਿਨਾਂ ਰਿਹਾ ਨਾ ਜਾਵੇ ਕਿਉਂਕਿ ਇੱਦਾਂ ਕਰਨਾ ਆਸਾਨ ਹੈ। ਪਰ ਕੋਈ ਵੀ ਭਾਸ਼ਾ ਸਿੱਖਣ ਲਈ ਤੁਹਾਨੂੰ ਮੁਸ਼ਕਲਾਂ ਤਾਂ ਆਉਣਗੀਆਂ, ਇਸ ਲਈ ਹਾਰ ਨਾ ਮੰਨੋ। ਤੁਸੀਂ ਹੌਲੀ-ਹੌਲੀ ਸੈਨਤ ਭਾਸ਼ਾ ਵਿਚ ਮਾਹਰ ਹੋ ਜਾਓਗੇ।

ਜਦ ਅਸੀਂ ਸੈਨਤ ਭਾਸ਼ਾ ਵਿਚ ਗੱਲ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਾਂ, ਤਾਂ ਅਸੀਂ ਆਪਣੇ ਬੋਲ਼ੇ ਭੈਣਾਂ-ਭਰਾਵਾਂ ਨੂੰ ਪਿਆਰ ਦਿਖਾਉਂਦੇ ਹਾਂ ਤੇ ਉਨ੍ਹਾਂ ਦਾ ਆਦਰ ਕਰਦੇ ਹਾਂ। ਤੁਸੀਂ ਸੋਚ ਸਕਦੇ ਹੋ ਕਿ ਬੋਲ਼ੇ ਲੋਕਾਂ ਨੂੰ ਕਿੰਨੀ ਨਿਰਾਸ਼ਾ ਹੁੰਦੀ ਹੋਵੇਗੀ ਜਦ ਉਹ ਕੰਮ ਦੀ ਥਾਂ ਤੇ ਜਾਂ ਸਕੂਲ ਵਿਚ ਹੋਰਨਾਂ ਲੋਕਾਂ ਦੀ ਗੱਲ ਨਹੀਂ ਸਮਝ ਪਾਉਂਦੇ। ਇਕ ਬੋਲ਼ੇ ਭਰਾ ਨੇ ਕਿਹਾ: “ਮੇਰੇ ਆਲੇ-ਦੁਆਲੇ ਦੇ ਲੋਕ ਹਰ ਰੋਜ਼ ਬੋਲਦੇ ਹਨ। ਮੈਂ ਅਕਸਰ ਇਕੱਲਾ ਮਹਿਸੂਸ ਕਰਦਾ ਹਾਂ ਅਤੇ ਲੱਗਦਾ ਹੈ ਕਿ ਕਿਸੇ ਨੂੰ ਮੇਰੀ ਪਰਵਾਹ ਨਹੀਂ ਜਿਸ ਕਰਕੇ ਮੈਨੂੰ ਚਿੜ ਆਉਂਦੀ ਹੈ, ਕਦੇ-ਕਦੇ ਤਾਂ ਗੁੱਸਾ ਚੜ੍ਹ ਜਾਂਦਾ ਹੈ। ਮੈਂ ਦੱਸ ਨਹੀਂ ਸਕਦਾ ਕਿ ਕਦੇ-ਕਦੇ ਮੈਨੂੰ ਕਿਵੇਂ ਲੱਗਦਾ ਹੈ।” ਸਾਡੀਆਂ ਮੀਟਿੰਗਾਂ ਵਿਚ ਬੋਲ਼ੇ ਭੈਣਾਂ-ਭਰਾਵਾਂ ਨੂੰ ਖ਼ੁਸ਼ੀ ਮਿਲਣੀ ਚਾਹੀਦੀ ਹੈ ਜਿੱਥੇ ਉਹ ਪਰਮੇਸ਼ੁਰ ਦਾ ਗਿਆਨ ਲੈਂਦੇ ਹਨ ਤੇ ਪਿਆਰ ਨਾਲ ਗੱਲਬਾਤ ਕਰਦੇ ਹਨ ਤੇ ਇਕ-ਦੂਜੇ ਦੀ ਸੰਗਤ ਦਾ ਆਨੰਦ ਮਾਣਦੇ ਹਨ।—ਯੂਹੰ. 13:34, 35.

ਸਾਨੂੰ ਬੋਲ਼ੇ ਭੈਣਾਂ-ਭਰਾਵਾਂ ਦੇ ਛੋਟੇ-ਛੋਟੇ ਗਰੁੱਪਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਜੋ ਉਨ੍ਹਾਂ ਕਲੀਸਿਯਾਵਾਂ ਨਾਲ ਮਿਲਦੇ ਹਨ ਜਿਨ੍ਹਾਂ ਵਿਚ ਭੈਣ-ਭਰਾ ਸੁਣ ਸਕਦੇ ਹਨ। ਉਨ੍ਹਾਂ ਲਈ ਮੀਟਿੰਗਾਂ ਦਾ ਤਰਜਮਾ ਕੀਤਾ ਜਾਂਦਾ ਹੈ। ਦਿੱਤੀ ਜਾ ਰਹੀ ਜਾਣਕਾਰੀ ਨੂੰ ਪੂਰੀ ਤਰ੍ਹਾਂ ਸਮਝਣ ਲਈ ਕਲੀਸਿਯਾ ਦੇ ਬੋਲ਼ੇ ਭੈਣ-ਭਰਾ ਕਿੰਗਡਮ ਹਾਲ ਵਿਚ ਮੋਹਰੇ ਬੈਠਦੇ ਹਨ। ਇਸ ਤਰ੍ਹਾਂ ਬਿਨਾਂ ਕਿਸੇ ਰੁਕਾਵਟ ਦੇ ਉਹ ਭਾਸ਼ਣਕਾਰ ਅਤੇ ਤਰਜਮਾ ਕਰਨ ਵਾਲੇ ਨੂੰ ਦੇਖ ਸਕਦੇ ਹਨ। ਸਮੇਂ ਦੇ ਬੀਤਣ ਨਾਲ ਕਲੀਸਿਯਾ ਦੇ ਬਾਕੀ ਭੈਣ-ਭਰਾ ਵੀ ਇਸ ਇੰਤਜ਼ਾਮ ਦੇ ਆਦੀ ਹੋ ਜਾਂਦੇ ਹਨ ਤੇ ਉਨ੍ਹਾਂ ਦਾ ਧਿਆਨ ਨਹੀਂ ਭਟਕਦਾ। ਇਹ ਇੰਤਜ਼ਾਮ ਅਸੈਂਬਲੀਆਂ ਅਤੇ ਜ਼ਿਲ੍ਹਾ ਸੰਮੇਲਨਾਂ ਵਿਚ ਵੀ ਹੁੰਦੇ ਹਨ ਜਿੱਥੇ ਸੈਨਤ ਭਾਸ਼ਾ ਵਿਚ ਤਰਜਮਾ ਕੀਤਾ ਜਾਂਦਾ ਹੈ। ਸਾਨੂੰ ਉਨ੍ਹਾਂ ਮਿਹਨਤੀ ਭੈਣਾਂ-ਭਰਾਵਾਂ ਦੀ ਸ਼ਲਾਘਾ ਕਰਨੀ ਚਾਹੀਦੀ ਹੈ ਜੋ ਉਸ ਢੰਗ ਨਾਲ ਤਰਜਮਾ ਕਰਦੇ ਹਨ ਜਿਸ ਤਰ੍ਹਾਂ ਬੋਲ਼ਾ ਵਿਅਕਤੀ ਜਾਣਕਾਰੀ ਨੂੰ ਸਹੀ-ਸਹੀ ਤੇ ਸਾਫ਼ ਤਰੀਕੇ ਨਾਲ ਸਮਝਾਉਂਦਾ ਹੈ।

ਸ਼ਾਇਦ ਤੁਸੀਂ ਉਸ ਕਲੀਸਿਯਾ ਵਿਚ ਹੋ ਜਿੱਥੇ ਸੈਨਤ ਭਾਸ਼ਾ ਦਾ ਗਰੁੱਪ ਵੀ ਹੈ ਜਾਂ ਕੁਝ ਬੋਲ਼ੇ ਭੈਣ-ਭਰਾ ਹਨ ਜਿਨ੍ਹਾਂ ਵਾਸਤੇ ਮੀਟਿੰਗਾਂ ਦਾ ਤਰਜਮਾ ਕੀਤਾ ਜਾਂਦਾ ਹੈ। ਤੁਸੀਂ ਇਨ੍ਹਾਂ ਭੈਣਾਂ-ਭਰਾਵਾਂ ਵਾਸਤੇ ਕੀ ਕਰ ਸਕਦੇ ਹੋ? ਉਨ੍ਹਾਂ ਨੂੰ ਆਪਣੇ ਘਰ ਬੁਲਾਓ। ਜੇ ਹੋ ਸਕੇ, ਮਾੜੀ-ਮੋਟੀ ਸੈਨਤ ਭਾਸ਼ਾ ਸਿੱਖੋ। ਉਨ੍ਹਾਂ ਨਾਲ ਗੱਲ ਕਰਨ ਤੋਂ ਨਾ ਹਿਚਕਿਚਾਓ। ਤੁਸੀਂ ਜਾਣ ਜਾਓਗੇ ਕਿ ਗੱਲ ਕਿਵੇਂ ਕਰਨੀ ਹੈ। ਇਸ ਤਰ੍ਹਾਂ ਪਿਆਰ ਦਿਖਾਉਣ ਨਾਲ ਤੁਸੀਂ ਬਾਅਦ ਵਿਚ ਇਨ੍ਹਾਂ ਪਲਾਂ ਨੂੰ ਯਾਦ ਕਰੋਗੇ। (1 ਯੂਹੰ. 4:8) ਅਸੀਂ ਬੋਲ਼ੇ ਭੈਣਾਂ-ਭਰਾਵਾਂ ਤੋਂ ਕਾਫ਼ੀ ਕੁਝ ਸਿੱਖ ਸਕਦੇ ਹਾਂ। ਉਹ ਵਧੀਆ ਗੱਲਬਾਤ ਕਰਦੇ ਹਨ, ਤੁਹਾਡੀਆਂ ਭਾਵਨਾਵਾਂ ਨੂੰ ਚੰਗੀ ਤਰ੍ਹਾਂ ਸਮਝ ਲੈਂਦੇ ਹਨ ਅਤੇ ਹਾਸਾ-ਮਖੌਲ ਵੀ ਚੰਗਾ-ਖਾਸਾ ਕਰ ਲੈਂਦੇ ਹਨ। ਇਕ ਭਰਾ, ਜਿਸ ਦੇ ਮਾਪੇ ਬੋਲ਼ੇ ਹਨ, ਕਹਿੰਦਾ ਹੈ: “ਸਾਰੀ ਉਮਰ ਮੈਂ ਬੋਲ਼ੇ ਲੋਕਾਂ ਵਿਚ ਰਿਹਾ ਹਾਂ ਤੇ ਉਨ੍ਹਾਂ ਨੇ ਮੈਨੂੰ ਜੋ ਦਿੱਤਾ ਹੈ, ਉਹ ਮੈਂ ਕਦੇ ਮੋੜ ਨਹੀਂ ਸਕਦਾ। ਅਸੀਂ ਆਪਣੇ ਬੋਲ਼ੇ ਭੈਣਾਂ-ਭਰਾਵਾਂ ਤੋਂ ਕਾਫ਼ੀ ਕੁਝ ਸਿੱਖ ਸਕਦੇ ਹਾਂ।”

ਯਹੋਵਾਹ ਆਪਣੇ ਸਾਰੇ ਵਫ਼ਾਦਾਰ ਭਗਤਾਂ ਨੂੰ ਪਿਆਰ ਕਰਦਾ ਹੈ ਜਿਨ੍ਹਾਂ ਵਿਚ ਬੋਲ਼ੇ ਭੈਣ-ਭਰਾ ਵੀ ਹਨ। ਉਨ੍ਹਾਂ ਦੀ ਨਿਹਚਾ ਅਤੇ ਧੀਰਜ ਦੀ ਮਿਸਾਲ ਯਹੋਵਾਹ ਦੇ ਸੰਗਠਨ ਦੀ ਸ਼ਾਨ ਨੂੰ ਵਧਾਉਂਦੀ ਹੈ। ਇਸ ਲਈ ਆਓ ਆਪਾਂ ਆਪਣੇ ਬੋਲ਼ੇ ਭੈਣਾਂ-ਭਰਾਵਾਂ ਨੂੰ ਅਨਮੋਲ ਸਮਝੀਏ!

[ਫੁਟਨੋਟ]

^ ਪੈਰਾ 3 15 ਅਗਸਤ 2009 ਦੇ ਪਹਿਰਾਬੁਰਜ ਵਿਚ ‘ਯਹੋਵਾਹ ਨੇ ਆਪਣੇ ਮੁਖੜੇ ਨੂੰ ਉਨ੍ਹਾਂ ਉੱਤੇ ਚਮਕਾਇਆ’ ਨਾਮਕ ਲੇਖ ਦੇਖੋ।

[ਸਫ਼ਾ 31 ਉੱਤੇ ਤਸਵੀਰ]

ਸ਼ਾਇਦ ਬੋਲ਼ੇ ਵਿਅਕਤੀ ਨੂੰ ਸੈਨਤ ਭਾਸ਼ਾ ਵਿਚ ਰਾਜ ਦਾ ਸੰਦੇਸ਼ ਹੋਰ ਵੀ ਚੰਗਾ ਲੱਗੇ

[ਸਫ਼ਾ 32 ਉੱਤੇ ਤਸਵੀਰਾਂ]

ਸਾਡੀਆਂ ਮੀਟਿੰਗਾਂ ਵਿਚ ਬੋਲ਼ੇ ਭੈਣਾਂ-ਭਰਾਵਾਂ ਨੂੰ ਖ਼ੁਸ਼ੀ ਮਿਲਣੀ ਚਾਹੀਦੀ ਹੈ ਜਿੱਥੇ ਉਹ ਪਰਮੇਸ਼ੁਰ ਦਾ ਗਿਆਨ ਲੈਂਦੇ ਹਨ