Skip to content

Skip to table of contents

ਪਰਮੇਸ਼ੁਰ ਦੇ ਸੇਵਕਾਂ ਵਜੋਂ ਸਲੀਕੇ ਨਾਲ ਪੇਸ਼ ਆਓ

ਪਰਮੇਸ਼ੁਰ ਦੇ ਸੇਵਕਾਂ ਵਜੋਂ ਸਲੀਕੇ ਨਾਲ ਪੇਸ਼ ਆਓ

ਪਰਮੇਸ਼ੁਰ ਦੇ ਸੇਵਕਾਂ ਵਜੋਂ ਸਲੀਕੇ ਨਾਲ ਪੇਸ਼ ਆਓ

“ਪਰਮੇਸ਼ੁਰ ਦੀ ਰੀਸ ਕਰੋ।”—ਅਫ਼. 5:1.

1, 2. (ੳ) ਸਲੀਕੇ ਨਾਲ ਪੇਸ਼ ਆਉਣਾ ਕਿਉਂ ਜ਼ਰੂਰੀ ਹੈ? (ਅ) ਇਸ ਲੇਖ ਵਿਚ ਅਸੀਂ ਕਿਹੜੀਆਂ ਗੱਲਾਂ ਉੱਤੇ ਚਰਚਾ ਕਰਾਂਗੇ?

ਸਲੀਕੇ ਨਾਲ ਪੇਸ਼ ਆਉਣ ਬਾਰੇ ਲਿਖਾਰੀ ਸੂ ਫੌਕਸ ਲਿਖਦੀ ਹੈ: “ਸਾਨੂੰ ਇੱਦਾਂ ਦੇ ਨਹੀਂ ਹੋਣਾ ਚਾਹੀਦਾ ਕਿ ਕਦੇ ਚੱਜ ਨਾਲ ਪੇਸ਼ ਆ ਗਏ ਤੇ ਕਦੇ ਨਹੀਂ। ਆਦਰ-ਸਤਿਕਾਰ ਤਾਂ ਹਰ ਜਗ੍ਹਾ ਦੇ ਲੋਕਾਂ ਨੂੰ ਹਮੇਸ਼ਾ ਚੰਗਾ ਲੱਗਦਾ ਹੈ।” ਜਦ ਲੋਕ ਆਦਤ ਅਨੁਸਾਰ ਸਲੀਕੇ ਨਾਲ ਪੇਸ਼ ਆਉਂਦੇ ਹਨ, ਤਾਂ ਉਨ੍ਹਾਂ ਦੀਆਂ ਸਮੱਸਿਆਵਾਂ ਘੱਟ ਜਾਂਦੀਆਂ ਹਨ ਜਾਂ ਅਕਸਰ ਖ਼ਤਮ ਹੋ ਜਾਂਦੀਆਂ ਹਨ। ਪਰ ਇਸ ਦਾ ਉਲਟ ਵੀ ਸਹੀ ਹੈ। ਜੇ ਅਸੀਂ ਹੋਰਨਾਂ ਨਾਲ ਸਲੀਕੇ ਨਾਲ ਪੇਸ਼ ਨਹੀਂ ਆਉਂਦੇ, ਤਾਂ ਲੜਾਈ-ਝਗੜੇ ਹੁੰਦੇ ਹਨ, ਅਸੀਂ ਉਨ੍ਹਾਂ ਦਾ ਗੁੱਸਾ ਭੜਕਾਉਂਦੇ ਹਾਂ ਤੇ ਉਨ੍ਹਾਂ ਨੂੰ ਦੁਖੀ ਕਰਦੇ ਹਾਂ।

2 ਮਸੀਹੀ ਕਲੀਸਿਯਾ ਵਿਚ ਆਮ ਤੌਰ ਤੇ ਸਾਰੇ ਜਣੇ ਇੱਜ਼ਤ ਨਾਲ ਪੇਸ਼ ਆਉਂਦੇ ਹਨ। ਫਿਰ ਵੀ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਦੁਨੀਆਂ ਦੀਆਂ ਬੁਰੀਆਂ ਆਦਤਾਂ ਨਾ ਅਪਣਾਈਏ। ਆਓ ਦੇਖੀਏ ਕਿ ਸਲੀਕੇ ਨਾਲ ਪੇਸ਼ ਆਉਣ ਸੰਬੰਧੀ ਬਾਈਬਲ ਦੇ ਅਸੂਲਾਂ ਨੂੰ ਲਾਗੂ ਕਰ ਕੇ ਅਸੀਂ ਬੁਰੀਆਂ ਆਦਤਾਂ ਅਪਣਾਉਣ ਤੋਂ ਕਿਵੇਂ ਬਚ ਸਕਦੇ ਹਾਂ ਅਤੇ ਲੋਕਾਂ ਨੂੰ ਸੱਚੀ ਭਗਤੀ ਵੱਲ ਖਿੱਚ ਸਕਦੇ ਹਾਂ। ਸਾਨੂੰ ਯਹੋਵਾਹ ਪਰਮੇਸ਼ੁਰ ਅਤੇ ਉਸ ਦੇ ਪੁੱਤਰ ਯਿਸੂ ਮਸੀਹ ਦੀ ਮਿਸਾਲ ਉੱਤੇ ਗੌਰ ਕਰਨ ਦੀ ਲੋੜ ਹੈ ਕਿ ਸਲੀਕੇ ਨਾਲ ਪੇਸ਼ ਆਉਣ ਵਿਚ ਕੀ ਕੁਝ ਸ਼ਾਮਲ ਹੈ।

ਸਲੀਕੇ ਨਾਲ ਪੇਸ਼ ਆਉਣ ਸੰਬੰਧੀ ਯਹੋਵਾਹ ਅਤੇ ਉਸ ਦੇ ਪੁੱਤਰ ਦੀ ਮਿਸਾਲ

3. ਯਹੋਵਾਹ ਪਰਮੇਸ਼ੁਰ ਨੇ ਸਲੀਕੇ ਨਾਲ ਪੇਸ਼ ਆ ਕੇ ਕਿਹੋ ਜਿਹੀ ਮਿਸਾਲ ਕਾਇਮ ਕੀਤੀ ਹੈ?

3 ਯਹੋਵਾਹ ਪਰਮੇਸ਼ੁਰ ਨੇ ਸਲੀਕੇ ਨਾਲ ਪੇਸ਼ ਆ ਕੇ ਸਭ ਤੋਂ ਵਧੀਆ ਮਿਸਾਲ ਕਾਇਮ ਕੀਤੀ ਹੈ। ਭਾਵੇਂ ਉਹ ਸਾਰੇ ਜਹਾਨ ਦਾ ਮਾਲਕ ਹੈ, ਉਹ ਫਿਰ ਵੀ ਇਨਸਾਨਾਂ ਨਾਲ ਦਿਆਲਤਾ ਤੇ ਆਦਰ ਨਾਲ ਪੇਸ਼ ਆਉਂਦਾ ਹੈ। ਮਿਸਾਲ ਲਈ, ਮੂਲ ਇਬਰਾਨੀ ਭਾਸ਼ਾ ਵਿਚ ਯਹੋਵਾਹ ਬੜੀ ਨਿਮਰਤਾ ਨਾਲ ਅਬਰਾਹਾਮ ਤੇ ਮੂਸਾ ਨਾਲ ਗੱਲ ਕਰਦਾ ਹੁੰਦਾ ਸੀ। (ਉਤ. 13:14; ਕੂਚ 4:6) ਨਾਲੇ ਜਦੋਂ ਉਸ ਦੇ ਸੇਵਕ ਗ਼ਲਤੀਆਂ ਕਰਦੇ ਹਨ, ਤਾਂ ਯਹੋਵਾਹ ਉਨ੍ਹਾਂ ਨੂੰ ਮਾਫ਼ ਕਰ ਦਿੰਦਾ ਹੈ ਕਿਉਂਕਿ ਉਹ ‘ਦਯਾਲੂ ਅਤੇ ਕਿਰਪਾਲੂ, ਗੁੱਸੇ ਵਿੱਚ ਧੀਰਜੀ ਅਤੇ ਦਯਾ ਤੇ ਵਫ਼ਾਦਾਰੀ ਨਾਲ ਭਰਪੂਰ’ ਹੈ। (ਜ਼ਬੂ. 86:15) ਉਹ ਉਨ੍ਹਾਂ ਕੁਝ ਇਨਸਾਨਾਂ ਤੋਂ ਬਹੁਤ ਹੀ ਅਲੱਗ ਹੈ ਜਿਨ੍ਹਾਂ ਦਾ ਗੁੱਸਾ ਉਨ੍ਹਾਂ ਲੋਕਾਂ ’ਤੇ ਭੜਕ ਉੱਠਦਾ ਹੈ ਜੋ ਉਨ੍ਹਾਂ ਦੀਆਂ ਉਮੀਦਾਂ ਉੱਤੇ ਖਰੇ ਨਹੀਂ ਉਤਰਦੇ।

4. ਜਦੋਂ ਦੂਜੇ ਸਾਡੇ ਨਾਲ ਗੱਲ ਕਰਦੇ ਹਨ, ਤਾਂ ਅਸੀਂ ਯਹੋਵਾਹ ਦੀ ਨਕਲ ਕਿਵੇਂ ਕਰ ਸਕਦੇ ਹਾਂ?

4 ਪਰਮੇਸ਼ੁਰ ਜਿਸ ਤਰੀਕੇ ਨਾਲ ਇਨਸਾਨਾਂ ਦੀ ਗੱਲ ਸੁਣਦਾ ਹੈ, ਉਸ ਤੋਂ ਵੀ ਉਸ ਦਾ ਸਲੀਕਾ ਦੇਖਿਆ ਜਾ ਸਕਦਾ ਹੈ। ਜਦੋਂ ਅਬਰਾਹਾਮ ਨੇ ਸਦੂਮ ਦੇ ਲੋਕਾਂ ਬਾਰੇ ਸਵਾਲ ਪੁੱਛੇ ਸਨ, ਤਾਂ ਯਹੋਵਾਹ ਨੇ ਧੀਰਜ ਨਾਲ ਹਰ ਸਵਾਲ ਦਾ ਜਵਾਬ ਦਿੱਤਾ। (ਉਤ. 18:23-32) ਉਸ ਨੇ ਇਹ ਨਹੀਂ ਸੋਚਿਆ ਕਿ ਅਬਰਾਹਾਮ ਸਵਾਲ ਪੁੱਛ-ਪੁੱਛ ਕੇ ਉਸ ਦਾ ਸਮਾਂ ਬਰਬਾਦ ਕਰ ਰਿਹਾ ਸੀ। ਯਹੋਵਾਹ ਆਪਣੇ ਭਗਤਾਂ ਦੀਆਂ ਪ੍ਰਾਰਥਨਾਵਾਂ ਅਤੇ ਤੋਬਾ ਕਰਨ ਵਾਲੇ ਪਾਪੀਆਂ ਦੀ ਦੁਹਾਈ ਸੁਣਦਾ ਹੈ। (ਜ਼ਬੂਰਾਂ ਦੀ ਪੋਥੀ 51:11, 17 ਪੜ੍ਹੋ।) ਇਸ ਲਈ ਜਦ ਦੂਜੇ ਸਾਡੇ ਨਾਲ ਗੱਲ ਕਰਦੇ ਹਨ, ਤਾਂ ਕੀ ਸਾਨੂੰ ਯਹੋਵਾਹ ਦੀ ਨਕਲ ਕਰਦਿਆਂ ਉਨ੍ਹਾਂ ਦੀ ਗੱਲ ਨਹੀਂ ਸੁਣਨੀ ਚਾਹੀਦੀ?

5. ਯਿਸੂ ਵਾਂਗ ਪੇਸ਼ ਆ ਕੇ ਦੂਜਿਆਂ ਨਾਲ ਸਾਡਾ ਰਿਸ਼ਤਾ ਕਿਵੇਂ ਸੁਧਰ ਸਕਦਾ ਹੈ?

5 ਯਿਸੂ ਮਸੀਹ ਨੇ ਆਪਣੇ ਪਿਤਾ ਤੋਂ ਬਹੁਤ ਸਾਰੀਆਂ ਗੱਲਾਂ ਸਿੱਖਣ ਦੇ ਨਾਲ-ਨਾਲ ਇਹ ਵੀ ਸਿੱਖਿਆ ਸੀ ਕਿ ਹੋਰਨਾਂ ਨਾਲ ਅਦਬ ਨਾਲ ਕਿਵੇਂ ਪੇਸ਼ ਆਉਣਾ ਹੈ। ਭਾਵੇਂ ਕਿ ਉਸ ਦਾ ਕਾਫ਼ੀ ਸਮਾਂ ਤੇ ਤਾਕਤ ਪ੍ਰਚਾਰ ਕਰਨ ਵਿਚ ਹੀ ਲੱਗ ਜਾਂਦੀ ਸੀ, ਫਿਰ ਵੀ ਉਹ ਹਮੇਸ਼ਾ ਧੀਰਜ ਤੇ ਪਿਆਰ ਨਾਲ ਪੇਸ਼ ਆਉਂਦਾ ਸੀ। ਕੋੜ੍ਹੀਆਂ, ਭੀਖ ਮੰਗਣ ਵਾਲੇ ਅੰਨ੍ਹਿਆਂ ਅਤੇ ਹੋਰ ਲੋੜਵੰਦ ਲੋਕਾਂ ਨੇ ਦੇਖਿਆ ਕਿ ਯਿਸੂ ਹਮੇਸ਼ਾ ਮਦਦ ਕਰਨ ਲਈ ਤਿਆਰ ਰਹਿੰਦਾ ਸੀ। ਉਸ ਨੇ ਕਦੇ ਵੀ ਲੋਕਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਭਾਵੇਂ ਉਹ ਬਿਨਾਂ ਦੱਸੇ ਉਸ ਦੇ ਕੋਲ ਆ ਜਾਂਦੇ ਸਨ। ਉਹ ਜੋ ਵੀ ਕਰ ਰਿਹਾ ਹੁੰਦਾ ਸੀ, ਉਸ ਨੂੰ ਛੱਡ ਕੇ ਦੁਖੀ ਲੋਕਾਂ ਦੀ ਮਦਦ ਕਰਦਾ ਸੀ। ਉਹ ਜ਼ਿਆਦਾ ਪਰਵਾਹ ਉਨ੍ਹਾਂ ਲੋਕਾਂ ਦੀ ਕਰਦਾ ਸੀ ਜੋ ਉਸ ਉੱਤੇ ਨਿਹਚਾ ਕਰਦੇ ਸਨ। (ਮਰ. 5:30-34; ਲੂਕਾ 18:35-41) ਮਸੀਹੀ ਹੋਣ ਦੇ ਨਾਤੇ ਅਸੀਂ ਯਿਸੂ ਦੀ ਰੀਸ ਕਰਦਿਆਂ ਹੋਰਨਾਂ ਨਾਲ ਪਿਆਰ ਕਰਦੇ ਹਾਂ ਅਤੇ ਉਨ੍ਹਾਂ ਦੀ ਮਦਦ ਕਰਦੇ ਹਾਂ। ਸਾਡੇ ਇਸ ਆਚਰਣ ਨੂੰ ਸਾਡੇ ਰਿਸ਼ਤੇਦਾਰ, ਗੁਆਂਢੀ ਤੇ ਹੋਰ ਲੋਕ ਦੇਖਦੇ ਹਨ। ਇਸ ਤੋਂ ਇਲਾਵਾ, ਇਸ ਤਰ੍ਹਾਂ ਦੇ ਆਚਰਣ ਨਾਲ ਯਹੋਵਾਹ ਦੀ ਵਡਿਆਈ ਹੁੰਦੀ ਹੈ ਅਤੇ ਸਾਨੂੰ ਵੀ ਖ਼ੁਸ਼ੀ ਮਿਲਦੀ ਹੈ।

6. ਯਿਸੂ ਨੇ ਪਿਆਰ ਤੇ ਦੋਸਤਾਨਾ ਢੰਗ ਨਾਲ ਪੇਸ਼ ਆ ਕੇ ਕਿਹੋ ਜਿਹੀ ਮਿਸਾਲ ਕਾਇਮ ਕੀਤੀ ਸੀ?

6 ਯਿਸੂ ਲੋਕਾਂ ਦਾ ਨਾਂ ਲੈ ਕੇ ਉਨ੍ਹਾਂ ਦਾ ਆਦਰ ਕਰਦਾ ਸੀ। ਕੀ ਯਹੂਦੀ ਧਾਰਮਿਕ ਆਗੂ ਇਸ ਤਰ੍ਹਾਂ ਲੋਕਾਂ ਦਾ ਆਦਰ ਕਰਦੇ ਸਨ? ਨਹੀਂ। ਉਹ ਉਨ੍ਹਾਂ ਲੋਕਾਂ ਤੇ ‘ਲਾਨਤਾਂ’ ਪਾਉਂਦੇ ਸਨ ਜਿਹੜੇ ਸ਼ਰ੍ਹਾ ਨੂੰ ਨਹੀਂ ਜਾਣਦੇ ਸਨ ਤੇ ਉਨ੍ਹਾਂ ਨੂੰ ਸਰਾਪੇ ਹੋਏ ਲੋਕ ਸਮਝਦੇ ਸਨ। (ਯੂਹੰ. 7:49) ਪਰਮੇਸ਼ੁਰ ਦੇ ਪੁੱਤਰ ਨੇ ਇੱਦਾਂ ਨਹੀਂ ਕੀਤਾ। ਉਸ ਨੇ ਮਾਰਥਾ, ਮਰਿਯਮ, ਜ਼ੱਕੀ ਅਤੇ ਹੋਰ ਕਈ ਜਣਿਆਂ ਦੇ ਨਾਂ ਲੈ ਕੇ ਉਨ੍ਹਾਂ ਨੂੰ ਬੁਲਾਇਆ। (ਲੂਕਾ 10:41, 42; 19:5) ਸ਼ਾਇਦ ਵੱਖੋ-ਵੱਖਰੇ ਸਭਿਆਚਾਰਾਂ ਅਤੇ ਹਾਲਾਤਾਂ ਤੇ ਨਿਰਭਰ ਕਰਦਾ ਹੈ ਕਿ ਸਾਨੂੰ ਕਿਸੇ ਦਾ ਨਾਂ ਲੈਣਾ ਚਾਹੀਦਾ ਹੈ ਜਾਂ ਨਹੀਂ, ਪਰ ਯਹੋਵਾਹ ਦੇ ਲੋਕ ਸਾਰਿਆਂ ਨਾਲ ਦੋਸਤਾਂ ਵਾਂਗ ਪੇਸ਼ ਆਉਣ ਦੀ ਕੋਸ਼ਿਸ਼ ਕਰਦੇ ਹਨ। * ਉਹ ਬਿਨਾਂ ਪੱਖਪਾਤ ਕੀਤਿਆਂ ਭੈਣਾਂ-ਭਰਾਵਾਂ ਅਤੇ ਹੋਰਨਾਂ ਲੋਕਾਂ ਦਾ ਆਦਰ ਕਰਦੇ ਹਨ।—ਯਾਕੂਬ 2:1-4 ਪੜ੍ਹੋ।

7. ਹਰ ਥਾਂ ਦੇ ਲੋਕਾਂ ਦਾ ਆਦਰ ਕਰਨ ਸੰਬੰਧੀ ਬਾਈਬਲ ਦੇ ਅਸੂਲ ਸਾਡੀ ਕਿਵੇਂ ਮਦਦ ਕਰਦੇ ਹਨ?

7 ਪਰਮੇਸ਼ੁਰ ਤੇ ਉਸ ਦਾ ਪੁੱਤਰ ਸਾਰੀਆਂ ਕੌਮਾਂ ਅਤੇ ਨਸਲਾਂ ਦੇ ਲੋਕਾਂ ਨਾਲ ਜਿਸ ਤਰ੍ਹਾਂ ਪੇਸ਼ ਆਉਂਦੇ ਹਨ, ਉਸ ਨਾਲ ਇਕ ਤਾਂ ਲੋਕਾਂ ਦਾ ਆਦਰ ਹੁੰਦਾ ਹੈ ਅਤੇ ਦੂਜਾ ਲੋਕ ਸੱਚਾਈ ਵੱਲ ਖਿੱਚੇ ਚਲੇ ਆਉਂਦੇ ਹਨ। ਦਰਅਸਲ, ਵੱਖ-ਵੱਖ ਥਾਵਾਂ ਦੇ ਲੋਕ ਆਪੋ-ਆਪਣੇ ਢੰਗ ਨਾਲ ਲੋਕਾਂ ਦਾ ਆਦਰ ਕਰਦੇ ਹਨ। ਇਸ ਲਈ ਅਸੀਂ ਆਪਣੇ ਅਸੂਲਾਂ ’ਤੇ ਨਹੀਂ ਅੜੇ ਰਹਿੰਦੇ ਕਿ ਸਾਨੂੰ ਕਿਵੇਂ ਪੇਸ਼ ਆਉਣਾ ਚਾਹੀਦਾ ਹੈ। ਇਸ ਦੀ ਬਜਾਇ, ਅਸੀਂ ਬਾਈਬਲ ਦੇ ਅਸੂਲਾਂ ਅਨੁਸਾਰ ਚੱਲ ਕੇ ਹਰ ਥਾਂ ਦੇ ਲੋਕਾਂ ਦੇ ਸਭਿਆਚਾਰ ਅਨੁਸਾਰ ਉਨ੍ਹਾਂ ਦਾ ਆਦਰ ਕਰਾਂਗੇ, ਪਰ ਧਿਆਨ ਰੱਖਾਂਗੇ ਕਿ ਬਾਈਬਲ ਦੇ ਅਸੂਲਾਂ ਦੀ ਉਲੰਘਣਾ ਨਾ ਹੋਵੇ। ਆਓ ਆਪਾਂ ਦੇਖੀਏ ਕਿ ਲੋਕਾਂ ਨਾਲ ਸਲੀਕੇ ਨਾਲ ਪੇਸ਼ ਆ ਕੇ ਅਸੀਂ ਹੋਰ ਵਧੀਆ ਤਰੀਕੇ ਨਾਲ ਕਿਵੇਂ ਪ੍ਰਚਾਰ ਕਰ ਸਕਦੇ ਹਾਂ।

ਨਮਸਤੇ ਕਹਿ ਕੇ ਲੋਕਾਂ ਨਾਲ ਗੱਲ ਕਰੋ

8, 9. (ੳ) ਕਿਹੜੀ ਆਦਤ ਬੇਅਦਬੀ ਸਮਝੀ ਜਾ ਸਕਦੀ ਹੈ? (ਅ) ਮੱਤੀ 5:47 ਵਿਚ ਦਰਜ ਯਿਸੂ ਦੇ ਸ਼ਬਦਾਂ ਨੂੰ ਕਿਉਂ ਧਿਆਨ ਵਿਚ ਰੱਖ ਕੇ ਸਾਨੂੰ ਲੋਕਾਂ ਨਾਲ ਪੇਸ਼ ਆਉਣਾ ਚਾਹੀਦਾ ਹੈ?

8 ਅੱਜ ਕਈ ਥਾਵਾਂ ਤੇ ਤੇਜ਼ ਰਫ਼ਤਾਰ ਜ਼ਿੰਦਗੀ ਹੋਣ ਕਰਕੇ ਲੋਕ ਅਕਸਰ “ਨਮਸਤੇ” ਨਹੀਂ ਕਹਿੰਦੇ ਜਾਂ ਪੁੱਛਦੇ ਨਹੀਂ ਕਿ “ਕਿੱਦਾਂ, ਕੀ ਹਾਲ ਹੈ?” ਬਸ ਚੁੱਪ ਕੀਤਿਆਂ ਕੋਲੋਂ ਦੀ ਲੰਘ ਜਾਂਦੇ ਹਨ। ਇਹ ਤਾਂ ਠੀਕ ਹੈ ਕਿ ਤੁਸੀਂ ਭੀੜ-ਭੜੱਕੇ ਵਾਲੇ ਰਾਹ ਤੇ ਜਾਂਦੇ ਹਰ ਜਣੇ-ਖਣੇ ਨੂੰ ਨਹੀਂ ਬੁਲਾਓਗੇ। ਪਰ ਹੋਰ ਕਈ ਹਾਲਾਤਾਂ ਵਿਚ ਕਿਸੇ ਨੂੰ “ਨਮਸਤੇ” ਕਹਿਣਾ ਚੰਗੀ ਗੱਲ ਹੈ। ਕੀ ਤੁਸੀਂ ਲੋਕਾਂ ਨੂੰ ਨਮਸਤੇ ਕਰਨ ਦੀ ਆਪਣੀ ਆਦਤ ਬਣਾਈ ਹੈ? ਜਾਂ ਫਿਰ ਕੀ ਤੁਸੀਂ ਬਿਨਾਂ ਮੁਸਕਰਾਏ ਜਾਂ ਕੁਝ ਕਹੇ ਬਿਨਾਂ ਲੋਕਾਂ ਦੇ ਕੋਲੋਂ ਦੀ ਲੰਘ ਜਾਂਦੇ ਹੋ? ਭਾਵੇਂ ਤੁਸੀਂ ਕਿਸੇ ਬਾਰੇ ਬੁਰਾ ਨਹੀਂ ਸੋਚਦੇ, ਪਰ ਫਿਰ ਵੀ ਅਣਜਾਣੇ ਵਿਚ ਇਹ ਤੁਹਾਡੀ ਆਦਤ ਬਣ ਸਕਦੀ ਹੈ ਜੋ ਕਿ ਬੇਅਦਬੀ ਦੀ ਗੱਲ ਹੈ।

9 ਯਿਸੂ ਨੇ ਸਾਨੂੰ ਚੇਤੇ ਕਰਾਇਆ: “ਜੇਕਰ ਤੁਸੀਂ ਨਿਰਾ ਆਪਣੇ ਭਾਈਆਂ ਨੂੰ ਪਰਨਾਮ ਕਰੋ ਤਾਂ ਤੁਸੀਂ ਕੀ ਵੱਧ ਕਰਦੇ ਹੋ? ਭਲਾ, ਪਰਾਈ ਕੌਮ ਦੇ ਲੋਕ ਭੀ ਇਹੋ ਨਹੀਂ ਕਰਦੇ?” (ਮੱਤੀ 5:47) ਇਸ ਸੰਬੰਧੀ ਸਲਾਹਕਾਰ ਡੋਨਲਡ ਵਿਸ ਨੇ ਲਿਖਿਆ: “ਲੋਕ ਬੁਰਾ ਮਨਾਉਂਦੇ ਹਨ ਜਦੋਂ ਕੋਈ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰ ਕੇ ਕੋਲੋਂ ਦੀ ਲੰਘ ਜਾਂਦਾ ਹੈ। ਤੁਸੀਂ ਉਨ੍ਹਾਂ ਨੂੰ ਮਨਾਉਣ ਲਈ ਕੋਈ ਬਹਾਨਾ ਨਹੀਂ ਬਣਾ ਸਕਦੇ ਕਿ ਤੁਸੀਂ ਕੁਝ ਕਹੇ ਬਿਨਾਂ ਇੱਦਾਂ ਕਿਉਂ ਕੀਤਾ। ਤੁਸੀਂ ਇਹ ਆਸਾਨ ਜਿਹੀ ਗੱਲ ਕਰ ਸਕਦੇ ਹੋ: ਲੋਕਾਂ ਨੂੰ ਨਮਸਤੇ ਕਹੋ। ਉਨ੍ਹਾਂ ਨਾਲ ਗੱਲ ਕਰੋ।” ਜੇ ਅਸੀਂ ਲੋਕਾਂ ਨਾਲ ਚੰਗਾ ਰਿਸ਼ਤਾ ਰੱਖਣਾ ਚਾਹੁੰਦੇ ਹਾਂ, ਤਾਂ ਅਸੀਂ ਉਨ੍ਹਾਂ ਤੋਂ ਪਰੇ-ਪਰੇ ਨਹੀਂ ਰਹਾਂਗੇ, ਸਗੋਂ ਦੋਸਤਾਨਾ ਢੰਗ ਨਾਲ ਪੇਸ਼ ਆਵਾਂਗੇ ਜਿਸ ਦੇ ਚੰਗੇ ਨਤੀਜੇ ਨਿਕਲਣਗੇ।

10. ਸਲੀਕੇ ਨਾਲ ਪੇਸ਼ ਆ ਕੇ ਅਸੀਂ ਕਿਵੇਂ ਅਸਰਕਾਰੀ ਢੰਗ ਨਾਲ ਪ੍ਰਚਾਰ ਕਰ ਸਕਦੇ ਹਾਂ? (“ਮੁਸਕਰਾ ਕੇ ਗੱਲਬਾਤ ਸ਼ੁਰੂ ਕਰੋ” ਨਾਮਕ ਡੱਬੀ ਦੇਖੋ।)

10 ਮਸੀਹੀ ਪਤੀ-ਪਤਨੀ ਟੌਮ ਤੇ ਕੈਰਲ ਦੀ ਮਿਸਾਲ ’ਤੇ ਗੌਰ ਕਰੋ ਜੋ ਉੱਤਰੀ ਅਮਰੀਕਾ ਦੇ ਇਕ ਵੱਡੇ ਸਾਰੇ ਸ਼ਹਿਰ ਵਿਚ ਰਹਿੰਦੇ ਹਨ। ਉਹ ਪ੍ਰਚਾਰ ਕਰਦਿਆਂ ਆਪਣੇ ਗੁਆਂਢੀਆਂ ਨਾਲ ਚੰਗੀ ਗੱਲਬਾਤ ਕਰਦੇ ਹਨ। ਉਹ ਚੰਗੀ ਗੱਲਬਾਤ ਕਿਵੇਂ ਕਰ ਪਾਉਂਦੇ ਹਨ? ਯਾਕੂਬ 3:18 ਦਾ ਹਵਾਲਾ ਦਿੰਦਿਆਂ ਟੌਮ ਕਹਿੰਦਾ ਹੈ: “ਅਸੀਂ ਲੋਕਾਂ ਨਾਲ ਦੋਸਤਾਂ ਵਾਂਗ ਸ਼ਾਂਤੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਘਰਾਂ ਦੇ ਬਾਹਰ ਖੜ੍ਹੇ ਲੋਕਾਂ ਅਤੇ ਉਸ ਇਲਾਕੇ ਵਿਚ ਕੰਮ ਕਰਦੇ ਲੋਕਾਂ ਨਾਲ ਗੱਲ ਕਰਦੇ ਹਾਂ। ਅਸੀਂ ਮੁਸਕਰਾ ਕੇ ਉਨ੍ਹਾਂ ਨੂੰ ਨਮਸਤੇ ਕਹਿੰਦੇ ਹਾਂ। ਅਸੀਂ ਉਨ੍ਹਾਂ ਦੇ ਮਨ-ਪਸੰਦ ਵਿਸ਼ਿਆਂ ਬਾਰੇ ਗੱਲ ਕਰਦੇ ਹਾਂ ਜਿਵੇਂ ਉਨ੍ਹਾਂ ਦੇ ਬੱਚੇ, ਕੁੱਤੇ, ਘਰ ਅਤੇ ਉਨ੍ਹਾਂ ਦੀਆਂ ਨੌਕਰੀਆਂ। ਸਮੇਂ ਦੇ ਬੀਤਣ ਨਾਲ ਉਹ ਸਾਨੂੰ ਆਪਣੇ ਦੋਸਤ ਸਮਝਣ ਲੱਗ ਪੈਂਦੇ ਹਨ।” ਕੈਰਲ ਕਹਿੰਦੀ ਹੈ: “ਬਾਅਦ ਵਿਚ ਮਿਲਣ ਲੱਗਿਆਂ ਅਸੀਂ ਉਨ੍ਹਾਂ ਨੂੰ ਆਪਣੇ ਨਾਂ ਦੱਸਦੇ ਹਾਂ ਤੇ ਫਿਰ ਉਨ੍ਹਾਂ ਦੇ ਨਾਂ ਪੁੱਛਦੇ ਹਾਂ। ਅਸੀਂ ਉਨ੍ਹਾਂ ਨੂੰ ਦੱਸਦੇ ਹਾਂ ਕਿ ਅਸੀਂ ਉਨ੍ਹਾਂ ਦੇ ਗੁਆਂਢ ਵਿਚ ਕੀ ਕਰ ਰਹੇ ਹਾਂ, ਪਰ ਥੋੜ੍ਹੀ ਜਿਹੀ ਗੱਲਬਾਤ ਕਰਦੇ ਹਾਂ ਤੇ ਫਿਰ ਅਸੀਂ ਉਨ੍ਹਾਂ ਨੂੰ ਗਵਾਹੀ ਦਿੰਦੇ ਹਾਂ।” ਟੌਮ ਤੇ ਕੈਰਲ ਨੇ ਆਪਣੇ ਕਈ ਗੁਆਂਢੀਆਂ ਦੇ ਭਰੋਸੇ ਨੂੰ ਜਿੱਤ ਲਿਆ ਹੈ। ਉਨ੍ਹਾਂ ਵਿੱਚੋਂ ਕਈਆਂ ਨੇ ਤਾਂ ਬਾਈਬਲ-ਆਧਾਰਿਤ ਪ੍ਰਕਾਸ਼ਨ ਲਏ ਹਨ ਤੇ ਕੁਝ ਨੇ ਤਾਂ ਸੱਚਾਈ ਸਿੱਖਣ ਵਿਚ ਕਾਫ਼ੀ ਦਿਲਚਸਪੀ ਦਿਖਾਈ ਹੈ।

ਮੁਸ਼ਕਲ ਹਾਲਾਤਾਂ ਵਿਚ ਸਲੀਕੇ ਨਾਲ ਪੇਸ਼ ਆਓ

11, 12. ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦਿਆਂ ਸਾਨੂੰ ਮਾੜੇ ਸਲੂਕ ਦੀ ਆਸ ਕਿਉਂ ਰੱਖਣੀ ਚਾਹੀਦੀ ਹੈ ਅਤੇ ਸਾਨੂੰ ਕਿਵੇਂ ਪੇਸ਼ ਆਉਣਾ ਚਾਹੀਦਾ ਹੈ?

11 ਜਦੋਂ ਅਸੀਂ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਹਾਂ, ਤਾਂ ਲੋਕ ਕਦੇ-ਕਦੇ ਸਾਡੇ ਨਾਲ ਮਾੜਾ ਸਲੂਕ ਕਰਦੇ ਹਨ। ਸਾਨੂੰ ਪਤਾ ਹੈ ਕਿ ਸਾਡੇ ਨਾਲ ਇੱਦਾਂ ਹੋਣਾ ਹੈ ਕਿਉਂਕਿ ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਪਹਿਲਾਂ ਤੋਂ ਹੀ ਕਹਿ ਦਿੱਤਾ ਸੀ: “ਜੇ ਉਨ੍ਹਾਂ ਮੈਨੂੰ ਸਤਾਇਆ ਤਾਂ ਓਹ ਤੁਹਾਨੂੰ ਵੀ ਸਤਾਉਣਗੇ।” (ਯੂਹੰ. 15:20) ਪਰ ਜੇ ਅਸੀਂ ਉਨ੍ਹਾਂ ਨਾਲ ਉਨ੍ਹਾਂ ਵਾਂਗ ਗੱਲ ਕਰਾਂਗੇ, ਤਾਂ ਚੰਗੇ ਨਤੀਜੇ ਨਹੀਂ ਨਿਕਲਣਗੇ। ਸਾਨੂੰ ਕੀ ਕਰਨਾ ਚਾਹੀਦਾ ਹੈ? ਪਤਰਸ ਰਸੂਲ ਨੇ ਲਿਖਿਆ: “ਮਸੀਹ ਨੂੰ ਪ੍ਰਭੁ ਕਰਕੇ ਆਪਣੇ ਹਿਰਦੇ ਵਿੱਚ ਪਵਿੱਤਰ ਮੰਨੋ ਅਤੇ ਜਿਹੜੀ ਤੁਹਾਨੂੰ ਆਸ ਹੈ ਤੁਸੀਂ ਹਰੇਕ ਨੂੰ ਜੋ ਤੁਹਾਡੇ ਕੋਲੋਂ ਉਹ ਦਾ ਕਾਰਨ ਪੁੱਛੇ ਉੱਤਰ ਦੇਣ ਨੂੰ ਸਦਾ ਤਿਆਰ ਰਹੋ ਪਰ ਨਰਮਾਈ ਅਤੇ ਭੈ ਨਾਲ।” (1 ਪਤ. 3:15) ਸੱਚ-ਮੁੱਚ, ਨਰਮਾਈ ਤੇ ਆਦਰ ਨਾਲ ਪੇਸ਼ ਆ ਕੇ ਅਸੀਂ ਬੇਇੱਜ਼ਤੀ ਕਰਨ ਵਾਲਿਆਂ ਦਾ ਰਵੱਈਆ ਬਦਲ ਸਕਦੇ ਹਾਂ।—ਤੀਤੁ. 2:7, 8.

12 ਕੀ ਅਸੀਂ ਬੁਰਾ-ਭਲਾ ਕਹਿਣ ਵਾਲਿਆਂ ਨੂੰ ਵਧੀਆ ਤਰੀਕੇ ਨਾਲ ਜਵਾਬ ਦੇ ਸਕਦੇ ਹਾਂ ਜਿਸ ਤੋਂ ਪਰਮੇਸ਼ੁਰ ਖ਼ੁਸ਼ ਹੁੰਦਾ ਹੈ? ਜੀ ਹਾਂ। ਪੌਲੁਸ ਨੇ ਸਲਾਹ ਦਿੱਤੀ: ‘ਤੁਹਾਡੀ ਗੱਲ ਬਾਤ ਸਦਾ ਕਿਰਪਾਮਈ ਅਤੇ ਸਲੂਣੀ ਹੋਵੇ ਤਾਂ ਜੋ ਤੁਸੀਂ ਜਾਣੋ ਭਈ ਹਰੇਕ ਨੂੰ ਕਿਵੇਂ ਉੱਤਰ ਦੇਣਾ ਚਾਹੀਦਾ ਹੈ।’ (ਕੁਲੁ. 4:6) ਜੇ ਅਸੀਂ ਪਰਿਵਾਰ ਦੇ ਮੈਂਬਰਾਂ, ਆਪਣੇ ਨਾਲ ਪੜ੍ਹਨ ਵਾਲਿਆਂ, ਨਾਲ ਦੇ ਕੰਮ ਕਰਨ ਵਾਲਿਆਂ, ਕਲੀਸਿਯਾ ਦੇ ਭੈਣਾਂ-ਭਰਾਵਾਂ ਅਤੇ ਆਂਢੀਆਂ-ਗੁਆਂਢੀਆਂ ਨਾਲ ਆਦਰ ਨਾਲ ਬੋਲਣ-ਚੱਲਣ ਦੀ ਆਦਤ ਬਣਾਈਏ, ਤਾਂ ਅਸੀਂ ਮਜ਼ਾਕ ਉਡਾਉਣ ਵਾਲੇ ਲੋਕਾਂ ਨੂੰ ਇਸ ਤਰੀਕੇ ਨਾਲ ਜਵਾਬ ਦੇ ਸਕਾਂਗੇ ਜੋ ਮਸੀਹੀਆਂ ਨੂੰ ਸ਼ੋਭਾ ਦਿੰਦਾ ਹੈ।—ਰੋਮੀਆਂ 12:17-21 ਪੜ੍ਹੋ।

13. ਇਕ ਉਦਾਹਰਣ ਦਿਓ ਕਿ ਸਲੀਕੇ ਨਾਲ ਪੇਸ਼ ਆ ਕੇ ਵਿਰੋਧੀਆਂ ਦੇ ਰਵੱਈਏ ਨੂੰ ਕਿਵੇਂ ਬਦਲਿਆ ਜਾ ਸਕਦਾ ਹੈ।

13 ਮੁਸ਼ਕਲ ਹਾਲਾਤਾਂ ਵਿਚ ਸਲੀਕੇ ਨਾਲ ਪੇਸ਼ ਆਉਣ ਦੇ ਚੰਗੇ ਨਤੀਜੇ ਨਿਕਲ ਸਕਦੇ ਹਨ। ਮਿਸਾਲ ਲਈ, ਜਪਾਨ ਵਿਚ ਇਕ ਘਰ-ਸੁਆਮੀ ਅਤੇ ਉਸ ਦੇ ਘਰ ਆਏ ਪਰਾਹੁਣੇ ਨੇ ਇਕ ਗਵਾਹ ਦਾ ਮਜ਼ਾਕ ਉਡਾਇਆ। ਇਹ ਭਰਾ ਨਿਮਰਤਾ ਨਾਲ ਉਸ ਘਰੋਂ ਚਲਾ ਗਿਆ। ਇਲਾਕੇ ਵਿਚ ਪ੍ਰਚਾਰ ਕਰਦਿਆਂ ਭਰਾ ਨੇ ਦੇਖਿਆ ਕਿ ਉਹ ਪਰਾਹੁਣਾ ਕੁਝ ਹੀ ਦੂਰੀ ਤੋਂ ਉਸ ਨੂੰ ਦੇਖ ਰਿਹਾ ਸੀ। ਜਦੋਂ ਭਰਾ ਉਸ ਕੋਲ ਗਿਆ, ਤਾਂ ਪਰਾਹੁਣੇ ਨੇ ਕਿਹਾ: “ਜੋ ਹੋਇਆ, ਉਸ ਦੇ ਲਈ ਮੈਂ ਸ਼ਰਮਿੰਦਾ ਹਾਂ। ਭਾਵੇਂ ਕਿ ਅਸੀਂ ਤੁਹਾਨੂੰ ਬੁਰਾ-ਭਲਾ ਕਿਹਾ, ਫਿਰ ਵੀ ਤੁਹਾਡੇ ਚਿਹਰੇ ’ਤੇ ਮੁਸਕਾਨ ਸੀ। ਮੈਨੂੰ ਕੀ ਕਰਨਾ ਚਾਹੀਦਾ ਹੈ ਤਾਂਕਿ ਮੇਰਾ ਰਵੱਈਆ ਵੀ ਤੁਹਾਡੇ ਵਰਗਾ ਹੋਵੇ?” ਉਸ ਆਦਮੀ ਦੀ ਨੌਕਰੀ ਛੁੱਟ ਗਈ ਸੀ ਤੇ ਕੁਝ ਚਿਰ ਪਹਿਲਾਂ ਉਸ ਦੀ ਮਾਂ ਦੀ ਮੌਤ ਹੋ ਗਈ ਸੀ, ਇਸ ਲਈ ਉਹ ਖ਼ੁਸ਼ ਨਹੀਂ ਸੀ। ਗਵਾਹ ਨੇ ਉਸ ਨੂੰ ਬਾਈਬਲ ਸਟੱਡੀ ਦੀ ਪੇਸ਼ਕਸ਼ ਕੀਤੀ ਤੇ ਉਹ ਸਟੱਡੀ ਕਰਨ ਲਈ ਮੰਨ ਗਿਆ। ਜਲਦੀ ਹੀ ਉਹ ਹਫ਼ਤੇ ਵਿਚ ਦੋ ਵਾਰ ਸਟੱਡੀ ਕਰਨ ਲੱਗ ਪਿਆ।

ਸਲੀਕਾ ਸਿੱਖਣ ਦਾ ਸਭ ਤੋਂ ਵਧੀਆ ਤਰੀਕਾ

14, 15. ਪੁਰਾਣੇ ਸਮਿਆਂ ਵਿਚ ਯਹੋਵਾਹ ਦੇ ਸੇਵਕ ਆਪਣੇ ਬੱਚਿਆਂ ਨੂੰ ਕਿਵੇਂ ਸਿੱਖਿਆ ਦਿੰਦੇ ਸਨ?

14 ਪੁਰਾਣੇ ਜ਼ਮਾਨੇ ਵਿਚ ਪਰਮੇਸ਼ੁਰ ਦਾ ਭੈ ਰੱਖਣ ਵਾਲੇ ਮਾਪੇ ਤੈਅ ਕਰਦੇ ਸਨ ਕਿ ਉਨ੍ਹਾਂ ਦੇ ਬੱਚੇ ਘਰ ਵਿਚ ਹੀ ਸਲੀਕਾ ਸਿੱਖਣ। ਧਿਆਨ ਦਿਓ ਕਿ ਅਬਰਾਹਾਮ ਅਤੇ ਉਸ ਦੇ ਪੁੱਤਰ ਇਸਹਾਕ ਨੇ ਉਤਪਤ 22:7 ਵਿਚ ਇਕ-ਦੂਜੇ ਨੂੰ ਕਿਵੇਂ ਸੰਬੋਧਿਤ ਕੀਤਾ। ਯੂਸੁਫ਼ ਦੀ ਮਿਸਾਲ ਤੋਂ ਵੀ ਦੇਖਿਆ ਜਾ ਸਕਦਾ ਹੈ ਕਿ ਉਸ ਦੇ ਮਾਪਿਆਂ ਨੇ ਉਸ ਨੂੰ ਚੰਗੀ ਸਿੱਖਿਆ ਦਿੱਤੀ ਸੀ। ਜਦ ਉਹ ਕੈਦ ਵਿਚ ਸੀ, ਤਾਂ ਉਹ ਆਪਣੇ ਨਾਲ ਦੇ ਕੈਦੀਆਂ ਨਾਲ ਵੀ ਆਦਰ ਨਾਲ ਪੇਸ਼ ਆਉਂਦਾ ਸੀ। (ਉਤ. 40:8, 14) ਫ਼ਿਰਊਨ ਨੂੰ ਕਹੇ ਯੂਸੁਫ਼ ਦੇ ਸ਼ਬਦਾਂ ਤੋਂ ਜ਼ਾਹਰ ਹੈ ਕਿ ਉਸ ਨੇ ਸਿੱਖਿਆ ਸੀ ਕਿ ਉੱਚਾ ਰੁਤਬਾ ਰੱਖਣ ਵਾਲੇ ਬੰਦੇ ਨਾਲ ਕਿਵੇਂ ਗੱਲ ਕਰਨੀ ਚਾਹੀਦੀ ਹੈ।—ਉਤ. 41:16, 33, 34.

15 ਇਸਰਾਏਲੀਆਂ ਨੂੰ ਦਿੱਤੇ ਦਸ ਹੁਕਮਾਂ ਵਿੱਚੋਂ ਇਕ ਹੁਕਮ ਇਹ ਸੀ: “ਤੂੰ ਆਪਣੇ ਪਿਤਾ ਅਰ ਆਪਣੀ ਮਾਤਾ ਦਾ ਆਦਰ ਕਰ ਤਾਂ ਜੋ ਤੇਰੇ ਦਿਨ ਉਸ ਭੂਮੀ ਉੱਤੇ ਜਿਹੜੀ ਯਹੋਵਾਹ ਤੇਰਾ ਪਰਮੇਸ਼ੁਰ ਤੈਨੂੰ ਦਿੰਦਾ ਹੈ ਲੰਮੇ ਹੋਣ।” (ਕੂਚ 20:12) ਬੱਚੇ ਘਰ ਵਿਚ ਸਲੀਕੇ ਨਾਲ ਪੇਸ਼ ਆ ਕੇ ਆਪਣੇ ਮਾਪਿਆਂ ਦਾ ਆਦਰ ਕਰ ਸਕਦੇ ਸਨ। ਯਿਫ਼ਤਾਹ ਦੀ ਧੀ ਨੇ ਬਹੁਤ ਹੀ ਔਖੀ ਘੜੀ ਵਿਚ ਆਪਣੇ ਪਿਤਾ ਦੀ ਸੁੱਖਣਾ ਪੂਰੀ ਕਰ ਕੇ ਆਦਰ ਦਿਖਾਇਆ ਸੀ।—ਨਿਆ. 11:35-40.

16–18. (ੳ) ਬੱਚਿਆਂ ਨੂੰ ਸਲੀਕਾ ਸਿਖਾਉਣ ਲਈ ਕੀ ਕੀਤਾ ਜਾ ਸਕਦਾ ਹੈ? (ਅ) ਬੱਚਿਆਂ ਨੂੰ ਸਲੀਕਾ ਸਿਖਾਉਣ ਦੇ ਕਿਹੜੇ ਕੁਝ ਫ਼ਾਇਦੇ ਹੁੰਦੇ ਹਨ?

16 ਬੱਚਿਆਂ ਨੂੰ ਸਲੀਕਾ ਸਿਖਾਉਣਾ ਬਹੁਤ ਜ਼ਰੂਰੀ ਹੈ। ਜੇ ਬੱਚਿਆਂ ਨੇ ਵੱਡੇ ਹੋ ਕੇ ਹੋਰਨਾਂ ਨਾਲ ਸਲੀਕੇ ਨਾਲ ਪੇਸ਼ ਆਉਣਾ ਹੈ, ਤਾਂ ਜ਼ਰੂਰੀ ਹੈ ਕਿ ਉਹ ਹੁਣ ਪਰਾਹੁਣਿਆਂ ਨਾਲ ਚੰਗੀ ਤਰ੍ਹਾਂ ਪੇਸ਼ ਆਉਣ, ਟੈਲੀਫ਼ੋਨ ’ਤੇ ਤਮੀਜ਼ ਨਾਲ ਗੱਲ ਕਰਨ ਤੇ ਦੂਜਿਆਂ ਨਾਲ ਢੰਗ ਨਾਲ ਬੈਠ ਕੇ ਰੋਟੀ ਖਾਣੀ ਸਿੱਖਣ। ਉਨ੍ਹਾਂ ਨੂੰ ਸਮਝਾਓ ਕਿ ਜਦੋਂ ਕੋਈ ਦਰਵਾਜ਼ੇ ਵਿੱਚੋਂ ਦੀ ਲੰਘਦਾ ਹੈ, ਤਾਂ ਉਨ੍ਹਾਂ ਨੂੰ ਕਿਉਂ ਦਰਵਾਜ਼ਾ ਫੜ ਕੇ ਰੱਖਣਾ ਚਾਹੀਦਾ ਹੈ, ਬਿਰਧ ਤੇ ਬੀਮਾਰ ਲੋਕਾਂ ਦੀ ਪਰਵਾਹ ਕਰਨੀ ਚਾਹੀਦੀ ਹੈ ਅਤੇ ਭਾਰਾ ਸਾਮਾਨ ਚੁੱਕਣ ਵਿਚ ਹੋਰਨਾਂ ਦੀ ਮਦਦ ਕਰਨੀ ਚਾਹੀਦੀ ਹੈ। ਉਨ੍ਹਾਂ ਨੂੰ ਇਨ੍ਹਾਂ ਸ਼ਬਦਾਂ ਦੀ ਅਹਿਮੀਅਤ ਸਮਝਾਓ ਜਿਵੇਂ “ਕਿਰਪਾ ਕਰ ਕੇ,” “ਸ਼ੁਕਰੀਆ,” “ਕੋਈ ਗੱਲ ਨਹੀਂ (ਯੂਅਰ ਵੈਲਕਮ),” “ਮੈਂ ਤੁਹਾਡੀ ਮਦਦ ਕਰਾਂ?” ਤੇ “ਮਾਫ਼ ਕਰਨਾ।”

17 ਜ਼ਰੂਰੀ ਨਹੀਂ ਕਿ ਬੱਚਿਆਂ ਨੂੰ ਸਲੀਕਾ ਸਿਖਾਉਣਾ ਔਖਾ ਕੰਮ ਹੈ। ਸਿਖਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਤੁਸੀਂ ਖ਼ੁਦ ਚੰਗੀ ਮਿਸਾਲ ਬਣੋ। 25 ਸਾਲਾਂ ਦਾ ਕਰਟ ਦੱਸਦਾ ਹੈ ਕਿ ਉਸ ਨੇ ਤੇ ਉਸ ਦੇ ਤਿੰਨ ਭਰਾਵਾਂ ਨੇ ਆਦਰ ਨਾਲ ਪੇਸ਼ ਆਉਣਾ ਕਿਵੇਂ ਸਿੱਖਿਆ: “ਅਸੀਂ ਦੇਖਦੇ ਤੇ ਸੁਣਦੇ ਸੀ ਕਿ ਮੰਮੀ ਤੇ ਡੈਡੀ ਇਕ-ਦੂਜੇ ਨਾਲ ਕਿਵੇਂ ਪਿਆਰ ਨਾਲ ਗੱਲ ਕਰਦੇ ਸਨ ਅਤੇ ਲੋਕਾਂ ਨਾਲ ਧੀਰਜ ਤੇ ਸਲੀਕੇ ਨਾਲ ਪੇਸ਼ ਆਉਂਦੇ ਸਨ। ਕਿੰਗਡਮ ਹਾਲ ਵਿਚ ਡੈਡੀ ਮੈਨੂੰ ਮੀਟਿੰਗਾਂ ਤੋਂ ਪਹਿਲਾਂ ਤੇ ਬਾਅਦ ਵਿਚ ਵੱਡੀ ਉਮਰ ਦੇ ਭੈਣਾਂ-ਭਰਾਵਾਂ ਨਾਲ ਗੱਲ ਕਰਨ ਲਈ ਲੈ ਜਾਂਦੇ ਸੀ। ਮੈਂ ਸੁਣਦਾ ਸੀ ਕਿ ਡੈਡੀ ਕਿਵੇਂ ਆਦਰ ਨਾਲ ਉਨ੍ਹਾਂ ਦਾ ਹਾਲ-ਚਾਲ ਪੁੱਛਦੇ ਸਨ।” ਕਰਟ ਅੱਗੋਂ ਕਹਿੰਦਾ ਹੈ: “ਸਮੇਂ ਦੇ ਬੀਤਣ ਨਾਲ ਮੈਂ ਵੀ ਉਨ੍ਹਾਂ ਵਾਂਗ ਪੇਸ਼ ਆਉਣ ਲੱਗ ਪਿਆ। ਲੋਕਾਂ ਨਾਲ ਸਲੀਕੇ ਨਾਲ ਮਿਲਣਾ-ਵਰਤਣਾ ਮੇਰੀ ਆਦਤ ਬਣ ਗਈ। ਇਸ ਤਰ੍ਹਾਂ ਕਰਨ ਲਈ ਤੁਹਾਨੂੰ ਕੋਈ ਮਜਬੂਰ ਨਹੀਂ ਕਰਦਾ, ਸਗੋਂ ਤੁਸੀਂ ਖ਼ੁਦ ਇੱਦਾਂ ਕਰਨਾ ਚਾਹੁੰਦੇ ਹੋ।”

18 ਨਤੀਜਾ ਕੀ ਨਿਕਲੇਗਾ ਜੇ ਮਾਪੇ ਆਪਣੇ ਬੱਚਿਆਂ ਨੂੰ ਸਲੀਕਾ ਸਿਖਾਉਂਦੇ ਹਨ? ਬੱਚੇ ਦੋਸਤ ਬਣਾ ਸਕਣਗੇ ਅਤੇ ਹੋਰਨਾਂ ਨਾਲ ਸ਼ਾਂਤੀ ਬਣਾਈ ਰੱਖਣਗੇ। ਉਹ ਵੱਡੇ ਹੋ ਕੇ ਆਪਣੇ ਮਾਲਕਾਂ ਅਤੇ ਹੋਰਨਾਂ ਲੋਕਾਂ ਨਾਲ ਚੰਗੀ ਤਰ੍ਹਾਂ ਕੰਮ ਕਰਨ ਲਈ ਤਿਆਰ ਹੋਣਗੇ। ਇਸ ਤੋਂ ਇਲਾਵਾ, ਸਲੀਕੇ ਨਾਲ ਪੇਸ਼ ਆਉਣ ਵਾਲੇ ਨੇਕ ਬੱਚੇ ਆਪਣੇ ਮਾਪਿਆਂ ਨੂੰ ਖ਼ੁਸ਼ ਕਰਨਗੇ।—ਕਹਾਉਤਾਂ 23:24, 25 ਪੜ੍ਹੋ।

ਸਲੀਕਾ ਸਿੱਖ ਕੇ ਬੱਚੇ ਸਮਝਦਾਰ ਬਣਦੇ ਹਨ

19, 20. ਸਾਨੂੰ ਆਪਣੇ ਦਿਆਲੂ ਪਰਮੇਸ਼ੁਰ ਅਤੇ ਉਸ ਦੇ ਪੁੱਤਰ ਦੀ ਮਿਸਾਲ ਉੱਤੇ ਚੱਲਣ ਦਾ ਪੱਕਾ ਇਰਾਦਾ ਕਿਉਂ ਕਰਨਾ ਚਾਹੀਦਾ ਹੈ?

19 ਪੌਲੁਸ ਨੇ ਲਿਖਿਆ: “ਤੁਸੀਂ ਪਿਆਰਿਆਂ ਪੁੱਤ੍ਰਾਂ ਵਾਂਙੁ ਪਰਮੇਸ਼ੁਰ ਦੀ ਰੀਸ ਕਰੋ।” (ਅਫ਼. 5:1) ਯਹੋਵਾਹ ਅਤੇ ਉਸ ਦੇ ਪੁੱਤਰ ਦੀ ਨਕਲ ਕਰਨ ਲਈ ਬਾਈਬਲ ਦੇ ਅਸੂਲਾਂ ਉੱਤੇ ਚੱਲਣਾ ਜ਼ਰੂਰੀ ਹੈ ਜਿਨ੍ਹਾਂ ਵਿੱਚੋਂ ਕੁਝ ਅਸੂਲ ਇਸ ਲੇਖ ਵਿਚ ਦੱਸੇ ਗਏ ਹਨ। ਜੇ ਅਸੀਂ ਅਸੂਲਾਂ ’ਤੇ ਚੱਲਦੇ ਹਾਂ, ਤਾਂ ਅਸੀਂ ਕਿਸੇ ਅਫ਼ਸਰ ਨੂੰ ਖ਼ੁਸ਼ ਕਰਨ ਜਾਂ ਕਿਸੇ ਤੋਂ ਫ਼ਾਇਦਾ ਉਠਾਉਣ ਲਈ ਦਿਖਾਵੇ-ਮਾਤਰ ਉਸ ਦਾ ਆਦਰ ਨਹੀਂ ਕਰਾਂਗੇ।—ਯਹੂ. 16.

20 ਸ਼ਤਾਨ ਨੇ ਆਪਣੀ ਬੁਰੀ ਹਕੂਮਤ ਦੇ ਆਖ਼ਰੀ ਦਿਨਾਂ ਵਿਚ ਉਨ੍ਹਾਂ ਅਸੂਲਾਂ ਨੂੰ ਮਿਟਾਉਣ ਦਾ ਲੱਕ ਬੱਧਾ ਹੋਇਆ ਹੈ ਜੋ ਯਹੋਵਾਹ ਨੇ ਚੰਗੇ ਆਚਰਣ ਸੰਬੰਧੀ ਬਣਾਏ ਹਨ। ਪਰ ਸ਼ਤਾਨ ਸੱਚੇ ਮਸੀਹੀਆਂ ਦੀਆਂ ਚੰਗੀਆਂ ਆਦਤਾਂ ਨੂੰ ਕਦੇ ਨਹੀਂ ਮਿਟਾ ਸਕੇਗਾ। ਆਓ ਆਪਾਂ ਸਾਰੇ ਜਣੇ ਆਪਣੇ ਦਿਆਲੂ ਪਰਮੇਸ਼ੁਰ ਅਤੇ ਉਸ ਦੇ ਪੁੱਤਰ ਦੀ ਮਿਸਾਲ ਉੱਤੇ ਚੱਲਣ ਦਾ ਪੱਕਾ ਇਰਾਦਾ ਕਰੀਏ। ਫਿਰ ਸਾਡੀ ਬੋਲੀ ਅਤੇ ਆਚਰਣ ਉਨ੍ਹਾਂ ਲੋਕਾਂ ਤੋਂ ਹਮੇਸ਼ਾ ਵੱਖਰਾ ਹੋਵੇਗਾ ਜੋ ਚੰਗੇ ਢੰਗ ਨਾਲ ਪੇਸ਼ ਨਹੀਂ ਆਉਂਦੇ। ਸੋ ਅਸੀਂ ਸਲੀਕੇ ਨਾਲ ਪੇਸ਼ ਆਉਣ ਵਾਲੇ ਆਪਣੇ ਪਰਮੇਸ਼ੁਰ ਯਹੋਵਾਹ ਦੇ ਨਾਂ ਨੂੰ ਵਡਿਆਵਾਂਗੇ ਅਤੇ ਨੇਕ ਲੋਕਾਂ ਨੂੰ ਉਸ ਦੀ ਸੱਚੀ ਭਗਤੀ ਵੱਲ ਖਿੱਚਾਂਗੇ।

[ਫੁਟਨੋਟ]

^ ਪੈਰਾ 6 ਕੁਝ ਸਭਿਆਚਾਰਾਂ ਵਿਚ ਆਪਣੇ ਤੋਂ ਵੱਡੇ ਦਾ ਪਹਿਲਾ ਨਾਂ ਲੈ ਕੇ ਬੁਲਾਉਣ ਨੂੰ ਬੁਰਾ ਸਮਝਿਆ ਜਾਂਦਾ ਹੈ। ਪਰ ਜੇ ਉਹ ਬੁਰਾ ਨਹੀਂ ਮਨਾਉਂਦਾ, ਤਾਂ ਨਾਂ ਲਿਆ ਜਾ ਸਕਦਾ ਹੈ। ਮਸੀਹੀ ਅਜਿਹੇ ਰਿਵਾਜਾਂ ਦਾ ਆਦਰ ਕਰਦੇ ਹਨ।

ਕੀ ਤੁਹਾਨੂੰ ਯਾਦ ਹੈ?

• ਸਲੀਕੇ ਨਾਲ ਪੇਸ਼ ਆਉਣ ਸੰਬੰਧੀ ਅਸੀਂ ਯਹੋਵਾਹ ਅਤੇ ਉਸ ਦੇ ਪੁੱਤਰ ਤੋਂ ਕੀ ਸਿੱਖਦੇ ਹਾਂ?

• ਪਿਆਰ ਨਾਲ ਲੋਕਾਂ ਦਾ ਹਾਲ-ਚਾਲ ਪੁੱਛਣਾ ਮਸੀਹੀਆਂ ਨੂੰ ਕਿਉਂ ਸ਼ੋਭਾ ਦਿੰਦਾ ਹੈ?

• ਸਲੀਕੇ ਨਾਲ ਪੇਸ਼ ਆ ਕੇ ਅਸੀਂ ਕਿਵੇਂ ਅਸਰਕਾਰੀ ਤਰੀਕੇ ਨਾਲ ਪ੍ਰਚਾਰ ਕਰ ਸਕਦੇ ਹਾਂ?

• ਮਾਪੇ ਆਪਣੇ ਬੱਚਿਆਂ ਨੂੰ ਕਿਵੇਂ ਸਲੀਕਾ ਸਿਖਾਉਂਦੇ ਹਨ?

[ਸਵਾਲ]

[ਸਫ਼ਾ 27 ਉੱਤੇ ਡੱਬੀ]

ਮੁਸਕਰਾ ਕੇ ਗੱਲਬਾਤ ਸ਼ੁਰੂ ਕਰੋ

ਕਈ ਲੋਕ ਉਨ੍ਹਾਂ ਲੋਕਾਂ ਨਾਲ ਗੱਲ ਕਰਨ ਤੋਂ ਹਿਚਕਿਚਾਉਂਦੇ ਹਨ ਜਿਨ੍ਹਾਂ ਨੂੰ ਉਹ ਨਹੀਂ ਜਾਣਦੇ। ਪਰ ਯਹੋਵਾਹ ਦੇ ਗਵਾਹ ਪਰਮੇਸ਼ੁਰ ਅਤੇ ਆਪਣੇ ਗੁਆਂਢੀ ਨਾਲ ਪਿਆਰ ਦੀ ਖ਼ਾਤਰ ਲੋਕਾਂ ਨਾਲ ਗੱਲ ਕਰਨੀ ਸਿੱਖਦੇ ਹਨ ਤਾਂਕਿ ਉਹ ਉਨ੍ਹਾਂ ਨਾਲ ਬਾਈਬਲ ਦੀਆਂ ਸੱਚਾਈਆਂ ਸਾਂਝੀਆਂ ਕਰ ਸਕਣ। ਸੋ ਚੰਗੀ ਤਰ੍ਹਾਂ ਗੱਲ ਕਰਨ ਲਈ ਮਦਦ ਕਿੱਥੋਂ ਮਿਲ ਸਕਦੀ ਹੈ?

ਫ਼ਿਲਿੱਪੀਆਂ 2:4 ਵਿਚ ਇਹ ਵਧੀਆ ਅਸੂਲ ਦਿੱਤਾ ਗਿਆ ਹੈ: “ਤੁਹਾਡੇ ਵਿੱਚੋਂ ਹਰੇਕ ਜਣਾ ਆਪਣੇ ਹੀ ਹਾਲ ਉੱਤੇ ਨਹੀਂ ਸਗੋਂ ਹਰੇਕ ਦੂਜਿਆਂ ਦੇ ਹਾਲ ਉੱਤੇ ਵੀ ਨਿਗਾਹ ਕਰੇ।” ਇਸ ਆਇਤ ਬਾਰੇ ਇਸ ਤਰ੍ਹਾਂ ਸੋਚੋ: “ਜੇ ਤੁਸੀਂ ਕਿਸੇ ਵਿਅਕਤੀ ਨੂੰ ਪਹਿਲਾਂ ਕਦੇ ਮਿਲੇ ਨਹੀਂ, ਤਾਂ ਤੁਸੀਂ ਉਸ ਲਈ ਅਜਨਬੀ ਹੋ। ਤੁਸੀਂ ਕੀ ਕਰ ਸਕਦੇ ਹੋ ਕਿ ਉਹ ਤੁਹਾਡੇ ਨਾਲ ਆਰਾਮ ਨਾਲ ਗੱਲ ਕਰ ਸਕੇ? ਤੁਸੀਂ ਮੁਸਕਰਾ ਕੇ ਉਸ ਨੂੰ ਨਮਸਤੇ ਕਹਿ ਸਕਦੇ ਹੋ। ਪਰ ਹੋਰ ਗੱਲਾਂ ਵੀ ਧਿਆਨ ਵਿਚ ਰੱਖੋ।

ਹੋ ਸਕਦਾ ਹੈ ਕਿ ਕਿਸੇ ਨਾਲ ਗੱਲਬਾਤ ਸ਼ੁਰੂ ਕਰਨ ਦੀ ਕੋਸ਼ਿਸ਼ ਵਿਚ ਤੁਸੀਂ ਸ਼ਾਇਦ ਉਸ ਦੀ ਸੋਚਾਂ ਦੀ ਲੜੀ ਤੋੜ ਦਿੱਤੀ ਹੋਵੇ। ਜੇ ਤੁਸੀਂ ਉਸ ਨਾਲ ਉਹ ਗੱਲ ਕਰਨੀ ਚਾਹੁੰਦੇ ਹੋ ਜੋ ਤੁਹਾਡੇ ਮਨ ਵਿਚ ਹੈ, ਪਰ ਉਸ ਦੇ ਮਨ ਵਿਚ ਨਹੀਂ, ਤਾਂ ਉਹ ਸ਼ਾਇਦ ਤੁਹਾਡੇ ਨਾਲ ਗੱਲ ਕਰਨੀ ਨਾ ਚਾਹੇ। ਜੇ ਤੁਸੀਂ ਭਾਂਪ ਲੈਂਦੇ ਹੋ ਕਿ ਉਹ ਕੀ ਸੋਚ ਰਿਹਾ ਹੈ, ਤਾਂ ਕਿਉਂ ਨਾ ਉਸ ਗੱਲ ਨੂੰ ਲੈ ਕੇ ਉਸ ਨਾਲ ਗੱਲਬਾਤ ਸ਼ੁਰੂ ਕਰੋ? ਯਿਸੂ ਨੇ ਇਸੇ ਤਰ੍ਹਾਂ ਹੀ ਕੀਤਾ ਸੀ ਜਦੋਂ ਉਹ ਸਾਮਰਿਯਾ ਵਿਚ ਖੂਹ ’ਤੇ ਇਕ ਔਰਤ ਨੂੰ ਮਿਲਿਆ ਸੀ। (ਯੂਹੰ. 4:7-26) ਉਹ ਪਾਣੀ ਲੈਣ ਬਾਰੇ ਸੋਚ ਰਹੀ ਸੀ। ਯਿਸੂ ਨੇ ਇਸੇ ਆਧਾਰ ਉੱਤੇ ਉਸ ਨਾਲ ਗੱਲਬਾਤ ਸ਼ੁਰੂ ਕਰ ਲਈ ਅਤੇ ਛੇਤੀ ਹੀ ਉਸ ਨੇ ਪਰਮੇਸ਼ੁਰ ਬਾਰੇ ਗੱਲਬਾਤ ਤੋਰ ਲਈ।

[ਸਫ਼ਾ 26 ਉੱਤੇ ਤਸਵੀਰਾਂ]

ਲੋਕਾਂ ਨਾਲ ਦੋਸਤਾਨਾ ਢੰਗ ਨਾਲ ਗੱਲ ਕਰ ਕੇ ਚੰਗੀ ਗਵਾਹੀ ਦਿੱਤੀ ਜਾ ਸਕਦੀ ਹੈ

[ਸਫ਼ਾ 28 ਉੱਤੇ ਤਸਵੀਰ]

ਸਲੀਕੇ ਨਾਲ ਪੇਸ਼ ਆਉਣਾ ਹਮੇਸ਼ਾ ਚੰਗੀ ਗੱਲ ਹੈ