Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਕੀ ਭੈਣ ਨੂੰ ਆਪਣਾ ਸਿਰ ਢਕਣਾ ਚਾਹੀਦਾ ਹੈ ਜਦੋਂ ਉਹ ਮਸੀਹੀ ਸਭਾਵਾਂ, ਅਸੈਂਬਲੀਆਂ ਜਾਂ ਜ਼ਿਲ੍ਹਾ ਸੰਮੇਲਨਾਂ ਵਿਚ ਦਿੱਤੇ ਜਾਂਦੇ ਭਾਸ਼ਣਾਂ ਦਾ ਸੈਨਤ ਭਾਸ਼ਾ ਵਿਚ ਤਰਜਮਾ ਕਰਦੀ ਹੈ?

ਇਕ ਮਸੀਹੀ ਭੈਣ ਨੂੰ ਉਦੋਂ ਸਿਰ ਢਕਣਾ ਚਾਹੀਦਾ ਹੈ ਜਦੋਂ ਉਹ ਕਲੀਸਿਯਾ ਦੇ ਉਹ ਕੰਮ ਕਰਦੀ ਹੈ ਜੋ ਆਮ ਤੌਰ ਤੇ ਉਸ ਦਾ ਪਤੀ ਜਾਂ ਫਿਰ ਕੋਈ ਹੋਰ ਭਰਾ ਕਰਦਾ ਹੈ। ਇਹ ਪੌਲੁਸ ਰਸੂਲ ਦੇ ਦੱਸੇ ਇਸ ਸਿਧਾਂਤ ਅਨੁਸਾਰ ਹੈ ਕਿ “ਹਰੇਕ ਇਸਤ੍ਰੀ ਜਿਹੜੀ ਅਣਕੱਜੇ ਸਿਰ ਪ੍ਰਾਰਥਨਾ ਅਥਵਾ ਅਗੰਮ ਵਾਕ ਕਰਦੀ ਹੈ ਉਹ ਆਪਣੇ ਸਿਰ ਨੂੰ ਬੇਪਤ ਕਰਦੀ ਹੈ” ਕਿਉਂਜੋ “ਇਸਤ੍ਰੀ ਦਾ ਸਿਰ ਪੁਰਖ ਹੈ।” (1 ਕੁਰਿੰ. 11:3-10) ਅਜਿਹੇ ਮੌਕਿਆਂ ਤੇ ਭੈਣ ਜਿਸ ਕਾਸੇ ਨਾਲ ਵੀ ਆਪਣਾ ਸਿਰ ਢਕਦੀ ਹੈ, ਉਹ ਢੁਕਵਾਂ ਹੋਣਾ ਚਾਹੀਦਾ ਹੈ। ਇਸ ਤੋਂ ਜ਼ਾਹਰ ਹੋਵੇਗਾ ਕਿ ਉਹ ਮਸੀਹੀ ਕਲੀਸਿਯਾ ਵਿਚ ਕੀਤੇ ਗਏ ਪ੍ਰਬੰਧਾਂ ਦਾ ਆਦਰ ਕਰਦੀ ਹੈ ਤੇ ਇਨ੍ਹਾਂ ਅਨੁਸਾਰ ਚੱਲਦੀ ਹੈ।—1 ਤਿਮੋ. 2:11, 12. *

ਪਰ ਉਦੋਂ ਕੀ ਕੀਤਾ ਜਾਣਾ ਚਾਹੀਦਾ ਹੈ ਜਦੋਂ ਭੈਣ ਸੈਨਤ ਭਾਸ਼ਾ ਵਿਚ ਭਰਾ ਦੇ ਭਾਸ਼ਣ ਦਾ ਤਰਜਮਾ ਕਰਦੀ ਹੈ? ਇਹ ਸੱਚ ਹੈ ਕਿ ਭੈਣ ਹਾਜ਼ਰੀਨਾਂ ਨੂੰ ਸਿਰਫ਼ ਸਮਝਾਉਂਦੀ ਹੈ। ਕਹਿਣ ਦਾ ਭਾਵ ਕਿ ਉਹ ਆਪਣੇ ਵੱਲੋਂ ਸਿੱਖਿਆ ਨਹੀਂ ਦਿੰਦੀ, ਸਗੋਂ ਉਹ ਭਰਾ ਵੱਲੋਂ ਦਿੱਤੀ ਜਾ ਰਹੀ ਸਿੱਖਿਆ ਦਾ ਤਰਜਮਾ ਕਰਦੀ ਹੈ। ਪਰ ਸੈਨਤ ਭਾਸ਼ਾ ਵਿਚ ਕੀਤਾ ਜਾਂਦਾ ਤਰਜਮਾ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਵਿਚ ਕੀਤੇ ਜਾਂਦੇ ਤਰਜਮੇ ਨਾਲੋਂ ਬਹੁਤ ਵੱਖਰਾ ਹੈ। ਜਦੋਂ ਭਾਸ਼ਣਕਾਰ ਆਮ ਬੋਲੀ ਵਿਚ ਭਾਸ਼ਣ ਦਿੰਦਾ ਹੈ, ਤਾਂ ਸੁਣਨ ਵਾਲੇ ਉਸ ਨੂੰ ਦੇਖ ਸਕਦੇ ਹਨ ਅਤੇ ਤਰਜਮਾ ਕਰਨ ਵਾਲੇ ’ਤੇ ਵੀ ਧਿਆਨ ਦੇ ਸਕਦੇ ਹਨ। ਜਿਹੜੀਆਂ ਭੈਣਾਂ ਨੂੰ ਬੋਲੀ ਜਾਣ ਵਾਲੀ ਭਾਸ਼ਾ ਵਿਚ ਤਰਜਮਾ ਕਰਨ ਲਈ ਵਰਤਿਆ ਜਾਂਦਾ ਹੈ, ਉਹ ਅਜਿਹੀ ਜਗ੍ਹਾ ਨਹੀਂ ਖੜ੍ਹਦੀਆਂ ਜਾਂ ਬੈਠਦੀਆਂ ਜਿੱਥੇ ਸਾਰਿਆਂ ਦਾ ਧਿਆਨ ਉਨ੍ਹਾਂ ਵੱਲ ਖਿੱਚਿਆ ਜਾਵੇ। ਕਦੇ-ਕਦੇ ਸ਼ਾਇਦ ਉਹ ਬੈਠ ਕੇ ਤਰਜਮਾ ਕਰਨ। ਪਰ ਜੇ ਉਹ ਖੜ੍ਹ ਕੇ ਤਰਜਮਾ ਕਰਦੀਆਂ ਹਨ, ਤਾਂ ਉਹ ਹਾਜ਼ਰੀਨ ਵੱਲ ਮੂੰਹ ਕਰਨ ਦੀ ਬਜਾਇ ਭਾਸ਼ਣਕਾਰ ਵੱਲ ਮੂੰਹ ਕਰ ਕੇ ਤਰਜਮਾ ਕਰਨਗੀਆਂ। ਬੋਲੀ ਜਾਣ ਵਾਲੀ ਭਾਸ਼ਾ ਵਿਚ ਤਰਜਮਾ ਕਰਨ ਵਾਲੀਆਂ ਭੈਣਾਂ ਨੂੰ ਸਿਰ ਢਕਣ ਦੀ ਲੋੜ ਨਹੀਂ।

ਇਸ ਤੋਂ ਇਲਾਵਾ, ਸੈਨਤ ਭਾਸ਼ਾ ਵਿਚ ਭਾਸ਼ਣਾਂ ਦਾ ਤਰਜਮਾ ਕਰਦੇ ਸਮੇਂ ਜੋ ਤਕਨਾਲੋਜੀ ਵਰਤੀ ਜਾਂਦੀ ਹੈ, ਉਸ ਵਿਚ ਤਬਦੀਲੀਆਂ ਆਉਣ ਕਰਕੇ ਜ਼ਿਆਦਾ ਧਿਆਨ ਅਕਸਰ ਤਰਜਮਾ ਕਰਨ ਵਾਲੇ ਵੱਲ ਖਿੱਚਿਆ ਜਾਂਦਾ ਹੈ। ਤਰਜਮਾ ਕਰਨ ਵਾਲੇ ਨੂੰ ਵੱਡੀ ਸਾਰੀ ਟੀ.ਵੀ. ਸਕ੍ਰੀਨ ਤੇ ਸੈਨਤ ਭਾਸ਼ਾ ਵਿਚ ਤਰਜਮਾ ਕਰਦਿਆਂ ਦਿਖਾਇਆ ਜਾਂਦਾ ਹੈ ਜਦਕਿ ਭਾਸ਼ਣਕਾਰ ਸ਼ਾਇਦ ਹਾਜ਼ਰੀਨਾਂ ਨੂੰ ਨਜ਼ਰ ਨਾ ਆਵੇ। ਇਹ ਗੱਲਾਂ ਧਿਆਨ ਵਿਚ ਰੱਖਦਿਆਂ ਚੰਗਾ ਹੋਵੇਗਾ ਕਿ ਸੈਨਤ ਭਾਸ਼ਾ ਵਿਚ ਤਰਜਮਾ ਕਰਨ ਵਾਲੀ ਭੈਣ ਆਪਣਾ ਸਿਰ ਢਕੇ ਕਿਉਂਕਿ ਭਾਸ਼ਣ ਉਹ ਨਹੀਂ ਦੇ ਰਹੀ, ਉਹ ਤਾਂ ਬਸ ਤਰਜਮਾ ਕਰ ਰਹੀ ਹੈ।

ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਵਿਚ ਦਿੱਤੇ ਜਾਂਦੇ ਭਾਗਾਂ, ਪ੍ਰਦਰਸ਼ਨਾਂ, ਕਲੀਸਿਯਾ ਦੀ ਬਾਈਬਲ ਸਟੱਡੀ, ਸੇਵਾ ਸਭਾ ਤੇ ਪਹਿਰਾਬੁਰਜ ਦੇ ਅਧਿਐਨ ਦੌਰਾਨ ਦਿੱਤੀਆਂ ਜਾਂਦੀਆਂ ਟਿੱਪਣੀਆਂ ਦਾ ਸੈਨਤ ਭਾਸ਼ਾ ਵਿਚ ਤਰਜਮਾ ਕਰਨ ਸਮੇਂ ਸਿਰ ਢਕਣ ਬਾਰੇ ਕੀ ਕਿਹਾ ਜਾ ਸਕਦਾ ਹੈ? ਕੀ ਇਨ੍ਹਾਂ ਦਾ ਤਰਜਮਾ ਕਰਨ ਵਾਲੀ ਭੈਣ ਨੂੰ ਸਿਰ ਢਕਣ ਦੀ ਲੋੜ ਹੈ? ਲੱਗਦਾ ਹੈ ਕਿ ਕੁਝ ਹਾਲਾਤਾਂ ਵਿਚ ਭੈਣਾਂ ਲਈ ਸਿਰ ਢਕਣਾ ਜ਼ਰੂਰੀ ਨਹੀਂ ਹੈ ਕਿਉਂਕਿ ਮੀਟਿੰਗ ਵਿਚ ਮੌਜੂਦ ਭੈਣਾਂ-ਭਰਾਵਾਂ ਨੂੰ ਪਤਾ ਹੁੰਦਾ ਹੈ ਕਿ ਤਰਜਮਾ ਕਰਨ ਵਾਲੀ ਭੈਣ ਸਭਾ ਨਹੀਂ ਚਲਾ ਰਹੀ। ਮਿਸਾਲ ਲਈ, ਇਹ ਗੱਲ ਉਦੋਂ ਸਪੱਸ਼ਟ ਹੁੰਦੀ ਹੈ ਜਦੋਂ ਭੈਣ ਹਾਜ਼ਰੀਨ ਵੱਲੋਂ ਦਿੱਤੀਆਂ ਟਿੱਪਣੀਆਂ, ਭੈਣਾਂ ਦੀਆਂ ਟਾਕਾਂ ਜਾਂ ਪ੍ਰਦਰਸ਼ਨਾਂ ਦਾ ਸੈਨਤ ਭਾਸ਼ਾ ਵਿਚ ਤਰਜਮਾ ਕਰਦੀ ਹੈ। ਪਰ ਜਦੋਂ ਉਹ ਮੀਟਿੰਗਾਂ ਵਿਚ ਭਰਾਵਾਂ ਦੇ ਭਾਸ਼ਣਾਂ ਜਾਂ ਪਹਿਰਾਬੁਰਜ ਸਟੱਡੀ ਚਲਾਉਣ ਵਾਲੇ ਭਰਾ ਦੀਆਂ ਗੱਲਾਂ ਦਾ ਤਰਜਮਾ ਕਰਦੀ ਹੈ, ਜਾਂ ਫਿਰ ਕਲੀਸਿਯਾ ਦੀ ਬਾਈਬਲ ਸਟੱਡੀ ਜਾਂ ਗਾਣੇ ਗਾਉਣ ਸਮੇਂ ਸੈਨਤ ਭਾਸ਼ਾ ਵਿਚ ਤਰਜਮਾ ਕਰਦੀ ਹੈ, ਤਾਂ ਉਸ ਨੂੰ ਆਪਣਾ ਸਿਰ ਢਕਣਾ ਚਾਹੀਦਾ ਹੈ। ਹੋ ਸਕਦਾ ਕਿ ਮੀਟਿੰਗ ਦੌਰਾਨ ਭੈਣ ਨੂੰ ਭਰਾਵਾਂ, ਭੈਣਾਂ, ਬੱਚਿਆਂ ਅਤੇ ਬਜ਼ੁਰਗਾਂ ਵੱਲੋਂ ਦਿੱਤੇ ਜਾਣ ਵਾਲੇ ਭਾਗਾਂ ਦਾ ਤਰਜਮਾ ਕਰਨਾ ਪਵੇ। ਇਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖਦਿਆਂ ਚੰਗਾ ਹੋਵੇਗਾ ਜੇ ਭੈਣ ਪੂਰੀ ਮੀਟਿੰਗ ਦੌਰਾਨ ਆਪਣਾ ਸਿਰ ਢਕਿਆ ਰੱਖੇ।

[ਫੁਟਨੋਟ]

^ ਪੈਰਾ 3 ਮਸੀਹੀ ਔਰਤਾਂ ਵੱਲੋਂ ਸਿਰ ਢਕਣ ਦੇ ਵਿਸ਼ੇ ਬਾਰੇ ਹੋਰ ਜਾਣਕਾਰੀ ਲਈ ਪਰਮੇਸ਼ੁਰ ਨਾਲ ਆਪਣਾ ਪਿਆਰ ਬਰਕਰਾਰ ਰੱਖੋ ਨਾਮਕ ਕਿਤਾਬ ਦੇ ਸਫ਼ੇ 209 ਤੋਂ 212 ਦੇਖੋ।