Skip to content

Skip to table of contents

ਭੈਣਾਂ-ਭਰਾਵਾਂ ਨੂੰ ਪਿਆਰ ਕਰਦੇ ਰਹੋ

ਭੈਣਾਂ-ਭਰਾਵਾਂ ਨੂੰ ਪਿਆਰ ਕਰਦੇ ਰਹੋ

ਭੈਣਾਂ-ਭਰਾਵਾਂ ਨੂੰ ਪਿਆਰ ਕਰਦੇ ਰਹੋ

“ਪ੍ਰੇਮ ਨਾਲ ਚੱਲੋ ਜਿਵੇਂ ਮਸੀਹ ਨੇ ਵੀ ਤੁਹਾਡੇ ਨਾਲ ਪ੍ਰੇਮ ਕੀਤਾ।”—ਅਫ਼. 5:2.

1. ਯਿਸੂ ਨੇ ਕਿਹੜੀ ਖ਼ਾਸ ਗੱਲ ਦੱਸੀ ਜਿਸ ਤੋਂ ਉਸ ਦੇ ਚੇਲੇ ਪਛਾਣੇ ਜਾ ਸਕਦੇ ਹਨ?

ਘਰ-ਘਰ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਯਹੋਵਾਹ ਦੇ ਗਵਾਹਾਂ ਦੀ ਪਛਾਣ ਹੈ। ਪਰ ਯਿਸੂ ਮਸੀਹ ਨੇ ਇਕ ਹੋਰ ਖ਼ਾਸ ਗੱਲ ਦੱਸੀ ਜਿਸ ਤੋਂ ਉਸ ਦੇ ਸੱਚੇ ਚੇਲੇ ਪਛਾਣੇ ਜਾ ਸਕਦੇ ਹਨ। ਉਸ ਨੇ ਕਿਹਾ: “ਮੈਂ ਤੁਹਾਨੂੰ ਨਵਾਂ ਹੁਕਮ ਦਿੰਦਾ ਹਾਂ ਕਿ ਇੱਕ ਦੂਏ ਨੂੰ ਪਿਆਰ ਕਰੋ ਅਰਥਾਤ ਜਿਵੇਂ ਮੈਂ ਤੁਹਾਨੂੰ ਪਿਆਰ ਕੀਤਾ ਤਿਵੇਂ ਤੁਸੀਂ ਇੱਕ ਦੂਏ ਨੂੰ ਪਿਆਰ ਕਰੋ। ਜੇ ਤੁਸੀਂ ਆਪੋ ਵਿੱਚ ਪ੍ਰੇਮ ਰੱਖੋ ਤਾਂ ਇਸੇ ਤੋਂ ਸਭ ਜਾਣਨਗੇ ਭਈ ਤੁਸੀਂ ਮੇਰੇ ਚੇਲੇ ਹੋ।”—ਯੂਹੰ. 13:34, 35.

2, 3. ਸਾਡੇ ਪਿਆਰ ਦਾ ਉਨ੍ਹਾਂ ਲੋਕਾਂ ’ਤੇ ਕੀ ਅਸਰ ਪੈਂਦਾ ਹੈ ਜੋ ਸਾਡੀਆਂ ਮਸੀਹੀ ਸਭਾਵਾਂ ਵਿਚ ਆਉਂਦੇ ਹਨ?

2 ਅੱਜ ਸਮਾਜ ਵਿਚ ਉਸ ਤਰ੍ਹਾਂ ਦਾ ਪਿਆਰ ਨਹੀਂ ਹੈ ਜਿਸ ਤਰ੍ਹਾਂ ਦਾ ਪਿਆਰ ਸੱਚੇ ਮਸੀਹੀ ਭਾਈਚਾਰੇ ਵਿਚ ਹੈ। ਜਿਸ ਤਰ੍ਹਾਂ ਚੁੰਬਕ ਲੋਹੇ ਨੂੰ ਆਪਣੇ ਵੱਲ ਖਿੱਚਦਾ ਹੈ, ਉਸੇ ਤਰ੍ਹਾਂ ਪਿਆਰ ਯਹੋਵਾਹ ਦੇ ਸੇਵਕਾਂ ਨੂੰ ਏਕਤਾ ਦੇ ਬੰਧਨ ਵਿਚ ਬੰਨ੍ਹਦਾ ਹੈ ਅਤੇ ਨੇਕਦਿਲ ਇਨਸਾਨਾਂ ਨੂੰ ਸੱਚੀ ਭਗਤੀ ਵੱਲ ਖਿੱਚਦਾ ਹੈ। ਕੈਮਰੂਨ ਦੇ ਇਕ ਬੰਦੇ ਮਾਰਸਲੀਨੋ ਦੀ ਹੀ ਮਿਸਾਲ ਲੈ ਲਓ ਜੋ ਕੰਮ ਕਰਦਿਆਂ ਆਪਣੀ ਨਿਗਾਹ ਗੁਆ ਬੈਠਾ। ਇਸ ਹਾਦਸੇ ਤੋਂ ਬਾਅਦ ਗੱਲ ਫੈਲ ਗਈ ਕਿ ਉਹ ਇਸ ਲਈ ਅੰਨ੍ਹਾ ਹੋਇਆ ਕਿਉਂਕਿ ਉਹ ਜਾਦੂ-ਟੂਣਾ ਕਰਦਾ ਸੀ। ਉਸ ਨੂੰ ਦਿਸਾਲਾ ਦੇਣ ਦੀ ਬਜਾਇ, ਚਰਚ ਦੇ ਪਾਦਰੀ ਤੇ ਬਾਕੀ ਮੈਂਬਰਾਂ ਨੇ ਉਸ ਨੂੰ ਚਰਚ ਵਿੱਚੋਂ ਕੱਢ ਦਿੱਤਾ। ਜਦੋਂ ਇਕ ਯਹੋਵਾਹ ਦੇ ਗਵਾਹ ਨੇ ਉਸ ਨੂੰ ਮੀਟਿੰਗ ਵਿਚ ਆਉਣ ਲਈ ਕਿਹਾ, ਤਾਂ ਮਾਰਸਲੀਨੋ ਜਾਣ ਤੋਂ ਹਿਚਕਿਚਾਇਆ। ਉਹ ਡਰਦਾ ਸੀ ਕਿ ਕਿਤੇ ਉੱਥੇ ਦੇ ਲੋਕ ਵੀ ਉਸ ਨੂੰ ਨਾ ਠੁਕਰਾ ਦੇਣ।

3 ਪਰ ਕਿੰਗਡਮ ਹਾਲ ਵਿਚ ਜੋ ਕੁਝ ਹੋਇਆ, ਉਸ ਤੋਂ ਮਾਰਸਲੀਨੋ ਹੈਰਾਨ ਹੋਇਆ। ਭੈਣਾਂ-ਭਰਾਵਾਂ ਨੇ ਉਸ ਦਾ ਨਿੱਘਾ ਸੁਆਗਤ ਕੀਤਾ ਅਤੇ ਉੱਥੇ ਬਾਈਬਲ ਦੀਆਂ ਜੋ ਗੱਲਾਂ ਉਸ ਨੇ ਸੁਣੀਆਂ, ਉਨ੍ਹਾਂ ਤੋਂ ਉਸ ਨੂੰ ਦਿਲਾਸਾ ਮਿਲਿਆ। ਉਹ ਸਾਰੀਆਂ ਮੀਟਿੰਗਾਂ ਵਿਚ ਆਉਣ ਲੱਗ ਪਿਆ, ਬਾਈਬਲ ਸਟੱਡੀ ਕਰ ਕੇ ਤੇਜ਼ੀ ਨਾਲ ਤਰੱਕੀ ਕੀਤੀ ਤੇ 2006 ਵਿਚ ਬਪਤਿਸਮਾ ਲੈ ਲਿਆ। ਹੁਣ ਉਹ ਆਪਣੇ ਪਰਿਵਾਰ ਤੇ ਗੁਆਂਢੀਆਂ ਨਾਲ ਸੱਚਾਈ ਸਾਂਝੀ ਕਰਦਾ ਹੈ ਤੇ ਕਈ ਲੋਕਾਂ ਨੂੰ ਬਾਈਬਲ ਸਟੱਡੀ ਵੀ ਕਰਾਉਂਦਾ ਹੈ। ਮਾਰਸਲੀਨੋ ਚਾਹੁੰਦਾ ਹੈ ਕਿ ਉਸ ਦੇ ਵਿਦਿਆਰਥੀਆਂ ਨੂੰ ਵੀ ਉਹੀ ਪਿਆਰ ਮਿਲੇ ਜੋ ਉਸ ਨੂੰ ਭੈਣਾਂ-ਭਰਾਵਾਂ ਤੋਂ ਮਿਲਿਆ ਹੈ।

4. ਸਾਨੂੰ ਕਿਉਂ ‘ਪ੍ਰੇਮ ਨਾਲ ਚੱਲਣ’ ਬਾਰੇ ਪੌਲੁਸ ਦੀ ਸਲਾਹ ਨੂੰ ਮੰਨਣਾ ਚਾਹੀਦਾ ਹੈ?

4 ਭੈਣਾਂ-ਭਰਾਵਾਂ ਲਈ ਆਪਣੇ ਪਿਆਰ ਨੂੰ ਐਵੇਂ ਨਹੀਂ ਸਮਝਣਾ ਚਾਹੀਦਾ, ਸਗੋਂ ਉਸ ਪਿਆਰ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਮਿਸਾਲ ਲਈ, ਸਰਦੀਆਂ ਵਿਚ ਰਾਤ ਨੂੰ ਲਾਈ ਧੂਣੀ ਬਾਰੇ ਸੋਚੋ ਜਿਸ ਦੀਆਂ ਲਪਟਾਂ ਦਾ ਨਿੱਘ ਮਾਣਨ ਲਈ ਲੋਕ ਖਿੱਚੇ ਚਲੇ ਆਉਂਦੇ ਹਨ। ਜੇ ਧੂਣੀ ਸੇਕ ਰਹੇ ਲੋਕ ਹੋਰ ਬਾਲਣ ਨਹੀਂ ਪਾਉਂਦੇ, ਤਾਂ ਅੱਗ ਬੁੱਝ ਜਾਵੇਗੀ। ਇਸੇ ਤਰ੍ਹਾਂ ਜੇ ਭੈਣ-ਭਰਾ ਕਲੀਸਿਯਾ ਵਿਚ ਪਿਆਰ ਦੇ ਬੰਧਨ ਨੂੰ ਮਜ਼ਬੂਤ ਕਰਨ ਲਈ ਕੁਝ ਕਰਦੇ ਨਹੀਂ, ਤਾਂ ਇਹ ਬੰਧਨ ਕਮਜ਼ੋਰ ਪੈ ਜਾਵੇਗਾ। ਅਸੀਂ ਇਸ ਬੰਧਨ ਨੂੰ ਕਿਵੇਂ ਮਜ਼ਬੂਤ ਕਰ ਸਕਦੇ ਹਾਂ? ਪੌਲੁਸ ਰਸੂਲ ਜਵਾਬ ਦਿੰਦਾ ਹੈ: “ਪ੍ਰੇਮ ਨਾਲ ਚੱਲੋ ਜਿਵੇਂ ਮਸੀਹ ਨੇ ਵੀ ਤੁਹਾਡੇ ਨਾਲ ਪ੍ਰੇਮ ਕੀਤਾ ਅਤੇ ਸਾਡੇ ਲਈ ਆਪਣੇ ਆਪ ਨੂੰ ਪਰਮੇਸ਼ੁਰ ਦੇ ਅੱਗੇ ਭੇਟ ਅਤੇ ਬਲੀਦਾਨ ਕਰ ਕੇ ਧੂਪ ਦੀ ਸੁਗੰਦ ਲਈ ਦੇ ਦਿੱਤਾ।” (ਅਫ਼. 5:2) ਪਰ ਸਵਾਲ ਇਹ ਉੱਠਦਾ ਹੈ ਕਿ ਅਸੀਂ ਕਿਨ੍ਹਾਂ ਤਰੀਕਿਆਂ ਨਾਲ ਪ੍ਰੇਮ ਨਾਲ ਚੱਲ ਸਕਦੇ ਹਾਂ?

“ਤੁਸੀਂ ਵੀ ਖੁਲ੍ਹੇ ਦਿਲ ਦੇ ਹੋਵੋ”

5, 6. ਪੌਲੁਸ ਨੇ ਕੁਰਿੰਥੁਸ ਦੇ ਮਸੀਹੀਆਂ ਨੂੰ ‘ਖੁਲ੍ਹੇ ਦਿਲ ਦੇ ਹੋਣ’ ਦੀ ਤਾਕੀਦ ਕਿਉਂ ਕੀਤੀ?

5 ਪ੍ਰਾਚੀਨ ਕੁਰਿੰਥੁਸ ਸ਼ਹਿਰ ਦੇ ਮਸੀਹੀਆਂ ਨੂੰ ਪੌਲੁਸ ਰਸੂਲ ਨੇ ਲਿਖਿਆ: “ਹੇ ਕੁਰਿੰਥੀਓ, ਸਾਡਾ ਮੂੰਹ ਤੁਹਾਡੀ ਵੱਲ ਖੁਲ੍ਹਾ ਹੈ, ਸਾਡਾ ਦਿਲ ਮੋਕਲਾ ਹੈ। ਸਾਡੇ ਵਿੱਚ ਤੁਹਾਡੇ ਲਈ ਕੋਈ ਰੋਕ ਨਹੀਂ ਪਰ ਤੁਹਾਡੇ ਹੀ ਹਿਰਦਿਆਂ ਵਿੱਚ ਰੋਕ ਹੈ। ਹੁਣ ਉਹ ਦੇ ਵੱਟੇ ਤੁਸੀਂ ਵੀ ਖੁਲ੍ਹੇ ਦਿਲ ਦੇ ਹੋਵੋ। ਮੈਂ ਤਾਂ ਤੁਹਾਨੂੰ ਬੱਚਿਆਂ ਵਾਂਙੁ ਆਖਦਾ ਹਾਂ।” (2 ਕੁਰਿੰ. 6:11-13) ਪੌਲੁਸ ਨੇ ਕੁਰਿੰਥੀਆਂ ਨੂੰ ਖੁੱਲ੍ਹੇ ਦਿਲ ਦੇ ਹੋ ਕੇ ਪਿਆਰ ਕਰਨ ਲਈ ਕਿਉਂ ਕਿਹਾ ਸੀ?

6 ਧਿਆਨ ਦਿਓ ਕਿ ਪ੍ਰਾਚੀਨ ਕੁਰਿੰਥੁਸ ਦੀ ਕਲੀਸਿਯਾ ਦੀ ਸ਼ੁਰੂਆਤ ਕਿਵੇਂ ਹੋਈ ਸੀ। ਪੌਲੁਸ 50 ਈਸਵੀ ਦੀ ਪਤਝੜ ਵਿਚ ਕੁਰਿੰਥੁਸ ਆਇਆ ਸੀ। ਭਾਵੇਂ ਕਿ ਉੱਥੇ ਪ੍ਰਚਾਰ ਕਰਨ ਲੱਗਿਆਂ ਸ਼ੁਰੂ-ਸ਼ੁਰੂ ਵਿਚ ਉਸ ਨੂੰ ਸਤਾਹਟਾਂ ਦਾ ਸਾਮ੍ਹਣਾ ਕਰਨਾ ਪਿਆ, ਪਰ ਉਸ ਨੇ ਹਾਰ ਨਹੀਂ ਮੰਨੀ। ਥੋੜ੍ਹੇ ਹੀ ਚਿਰ ਵਿਚ ਉਸ ਸ਼ਹਿਰ ਦੇ ਕਈ ਲੋਕਾਂ ਨੇ ਖ਼ੁਸ਼ ਖ਼ਬਰੀ ਸੁਣ ਕੇ ਨਿਹਚਾ ਕੀਤੀ। ਪੌਲੁਸ “ਡੂਢ ਬਰਸ” ਨਵੀਂ ਕਲੀਸਿਯਾ ਨੂੰ ਸਿਖਾਉਂਦਾ ਤੇ ਮਜ਼ਬੂਤ ਕਰਦਾ ਰਿਹਾ। ਸਪੱਸ਼ਟ ਹੈ ਕਿ ਉਹ ਕੁਰਿੰਥੁਸ ਦੇ ਮਸੀਹੀਆਂ ਨੂੰ ਬਹੁਤ ਪਿਆਰ ਕਰਦਾ ਸੀ। (ਰਸੂ. 18:5, 6, 9-11) ਬਦਲੇ ਵਿਚ ਉਨ੍ਹਾਂ ਨੂੰ ਵੀ ਚਾਹੀਦਾ ਸੀ ਕਿ ਉਹ ਵੀ ਪੌਲੁਸ ਨੂੰ ਪਿਆਰ ਕਰਨ ਤੇ ਉਸ ਦਾ ਆਦਰ-ਮਾਣ ਕਰਨ। ਪਰ ਕਲੀਸਿਯਾ ਦੇ ਕੁਝ ਭੈਣ-ਭਰਾ ਉਸ ਤੋਂ ਦੂਰ ਹੋ ਗਏ। ਸ਼ਾਇਦ ਕੁਝ ਜਣਿਆਂ ਨੂੰ ਉਸ ਦੀ ਸਿੱਧੀ-ਪੱਧਰੀ ਸਲਾਹ ਪਸੰਦ ਨਹੀਂ ਆਈ। (1 ਕੁਰਿੰ. 5:1-5; 6:1-10) ਹੋਰ ਮਸੀਹੀ ਉਨ੍ਹਾਂ ਦੀਆਂ ਗੱਲਾਂ ਵਿਚ ਆ ਗਏ ਜੋ ਆਪਣੇ ਆਪ ਨੂੰ ‘ਮਹਾਨ ਰਸੂਲ’ ਸਮਝਦੇ ਸਨ। (2 ਕੁਰਿੰ. 11:5, 6) ਪੌਲੁਸ ਚਾਹੁੰਦਾ ਸੀ ਕਿ ਸਾਰੇ ਭੈਣ-ਭਰਾ ਉਸ ਨੂੰ ਸੱਚਾ ਪਿਆਰ ਕਰਨ। ਉਸ ਨੇ ਉਨ੍ਹਾਂ ਨੂੰ ਤਾਕੀਦ ਕੀਤੀ ਕਿ ਉਹ “ਖੁਲ੍ਹੇ ਦਿਲ” ਦੇ ਹੋ ਕੇ ਉਸ ਦੇ ਅਤੇ ਬਾਕੀ ਭੈਣ-ਭਰਾਵਾਂ ਦੇ ਕਰੀਬ ਆਉਣ।

7. ਅਸੀਂ ਕਿਵੇਂ “ਖੁਲ੍ਹੇ ਦਿਲ” ਦੇ ਹੋ ਕੇ ਆਪਣੇ ਭੈਣਾਂ-ਭਰਾਵਾਂ ਨਾਲ ਪਿਆਰ ਕਰ ਸਕਦੇ ਹਾਂ?

7 ਸਾਡੇ ਬਾਰੇ ਕੀ? ਅਸੀਂ ਕਿਵੇਂ “ਖੁਲ੍ਹੇ ਦਿਲ” ਦੇ ਹੋ ਕੇ ਆਪਣੇ ਭੈਣਾਂ-ਭਰਾਵਾਂ ਨਾਲ ਪਿਆਰ ਕਰ ਸਕਦੇ ਹਾਂ? ਇੱਕੋ ਉਮਰ ਦੇ ਜਾਂ ਇੱਕੋ ਨਸਲ ਦੇ ਲੋਕ ਕੁਦਰਤੀ ਇਕ-ਦੂਸਰੇ ਵੱਲ ਖਿੱਚੇ ਜਾਂਦੇ ਹਨ। ਉਹ ਲੋਕ ਵੀ ਅਕਸਰ ਇਕੱਠੇ ਸਮਾਂ ਬਿਤਾਉਂਦੇ ਹਨ ਜਿਹੜੇ ਇੱਕੋ ਜਿਹਾ ਮਨੋਰੰਜਨ ਪਸੰਦ ਕਰਦੇ ਹਨ। ਪਰ ਜੇ ਕੁਝ ਮਸੀਹੀਆਂ ਨੂੰ ਛੱਡ ਕੇ ਬਾਕੀਆਂ ਨਾਲੋਂ ਸਾਡੀਆਂ ਰੁਚੀਆਂ ਵੱਖਰੀਆਂ ਹਨ, ਤਾਂ ਸਾਨੂੰ “ਖੁਲ੍ਹੇ ਦਿਲ” ਦੇ ਹੋਣ ਦੀ ਲੋੜ ਹੈ। ਅਕਲਮੰਦੀ ਦੀ ਗੱਲ ਹੋਵੇਗੀ ਜੇ ਅਸੀਂ ਆਪਣੇ ਆਪ ਨੂੰ ਪੁੱਛੀਏ: ‘ਕੀ ਮੈਂ ਕਦੇ-ਕਦੇ ਉਨ੍ਹਾਂ ਭੈਣ-ਭਰਾਵਾਂ ਨਾਲ ਪ੍ਰਚਾਰ ਤੇ ਜਾਂਦਾ ਹਾਂ ਜਾਂ ਉਨ੍ਹਾਂ ਨਾਲ ਸੰਗਤ ਕਰਦਾ ਹਾਂ ਜੋ ਮੇਰੇ ਕਰੀਬੀ ਦੋਸਤ-ਮਿੱਤਰ ਨਹੀਂ ਹਨ? ਕਿੰਗਡਮ ਹਾਲ ਵਿਚ ਕੀ ਮੈਂ ਨਵੇਂ-ਨਵੇਂ ਆਏ ਭੈਣ-ਭਰਾਵਾਂ ਨਾਲ ਘੱਟ ਗੱਲ ਕਰਦਾ ਹਾਂ ਕਿਉਂਕਿ ਉਨ੍ਹਾਂ ਨੂੰ ਮੇਰੇ ਦੋਸਤ ਬਣਨ ਵਿਚ ਹਾਲੇ ਸਮਾਂ ਲੱਗੇਗਾ? ਕੀ ਮੈਂ ਕਲੀਸਿਯਾ ਵਿਚ ਵੱਡੇ-ਛੋਟੇ ਸਾਰਿਆਂ ਨੂੰ ਬੁਲਾਉਂਦਾ ਹਾਂ?’

8, 9. ਰੋਮੀਆਂ 15:7 ਵਿਚ ਦਰਜ ਪੌਲੁਸ ਦੀ ਸਲਾਹ ਦੀ ਮਦਦ ਨਾਲ ਅਸੀਂ ਕਿਵੇਂ ਇਕ-ਦੂਜੇ ਦਾ ਹਾਲ-ਚਾਲ ਪੁੱਛ ਸਕਦੇ ਹਾਂ ਤਾਂਕਿ ਭੈਣਾਂ-ਭਰਾਵਾਂ ਲਈ ਸਾਡਾ ਪਿਆਰ ਵਧੇ?

8 ਇਕ-ਦੂਜੇ ਦਾ ਹਾਲ-ਚਾਲ ਪੁੱਛਣ ਦੇ ਮਾਮਲੇ ਵਿਚ ਜੇ ਅਸੀਂ ਰੋਮੀਆਂ ਨੂੰ ਲਿਖੇ ਪੌਲੁਸ ਦੇ ਸ਼ਬਦਾਂ ਨੂੰ ਧਿਆਨ ਵਿਚ ਰੱਖੀਏ, ਤਾਂ ਅਸੀਂ ਭੈਣਾਂ-ਭਰਾਵਾਂ ਪ੍ਰਤਿ ਸਹੀ ਨਜ਼ਰੀਆ ਰੱਖ ਸਕਦੇ ਹਾਂ। (ਰੋਮੀਆਂ 15:7 ਪੜ੍ਹੋ।) ਜਿਸ ਯੂਨਾਨੀ ਸ਼ਬਦ ਦਾ ਤਰਜਮਾ “ਕਬੂਲ” ਜਾਂ ਸੁਆਗਤ ਕਰਨਾ ਕੀਤਾ ਗਿਆ ਹੈ, ਉਸ ਦਾ ਮਤਲਬ ਹੈ “ਪਿਆਰ ਨਾਲ ਜੀ ਆਇਆਂ ਕਹਿਣਾ ਜਾਂ ਪਰਾਹੁਣਚਾਰੀ ਕਰਨੀ, ਕਿਸੇ ਦੇ ਦੋਸਤਾਂ ਤੇ ਦੋਸਤੀ ਨੂੰ ਸਵੀਕਾਰ ਕਰਨਾ।” ਪੁਰਾਣੇ ਜ਼ਮਾਨੇ ਵਿਚ ਮੇਜ਼ਬਾਨ ਆਪਣੇ ਘਰ ਆਏ ਦੋਸਤਾਂ ਨੂੰ ਦਿਖਾਉਂਦਾ ਸੀ ਕਿ ਉਹ ਉਨ੍ਹਾਂ ਨੂੰ ਦੇਖ ਕੇ ਕਿੰਨਾ ਖ਼ੁਸ਼ ਸੀ। ਮਸੀਹ ਨੇ ਵੀ ਇਕ ਤਰ੍ਹਾਂ ਨਾਲ ਸਾਨੂੰ ਸਵੀਕਾਰ ਕੀਤਾ ਹੈ। ਸਾਨੂੰ ਵੀ ਹੱਲਾਸ਼ੇਰੀ ਦਿੱਤੀ ਜਾਂਦੀ ਹੈ ਕਿ ਅਸੀਂ ਉਸ ਦੀ ਰੀਸ ਕਰ ਕੇ ਭੈਣਾਂ-ਭਰਾਵਾਂ ਨੂੰ ਕਬੂਲ ਕਰੀਏ।

9 ਜਦੋਂ ਅਸੀਂ ਕਿੰਗਡਮ ਹਾਲ ਜਾਂ ਹੋਰ ਥਾਵਾਂ ਤੇ ਭੈਣਾਂ-ਭਰਾਵਾਂ ਦਾ ਹਾਲ-ਚਾਲ ਪੁੱਛਦੇ ਹਾਂ, ਤਾਂ ਅਸੀਂ ਉਨ੍ਹਾਂ ਭੈਣਾਂ-ਭਰਾਵਾਂ ਵੱਲ ਧਿਆਨ ਦੇ ਸਕਦੇ ਹਾਂ ਜਿਨ੍ਹਾਂ ਨੂੰ ਅਸੀਂ ਕੁਝ ਸਮੇਂ ਤੋਂ ਦੇਖਿਆ ਨਹੀਂ ਜਾਂ ਜਿਨ੍ਹਾਂ ਨਾਲ ਗੱਲ ਨਹੀਂ ਹੋਈ। ਕਿਉਂ ਨਾ ਕੁਝ ਮਿੰਟ ਉਨ੍ਹਾਂ ਨਾਲ ਗੱਲ ਕਰੀਏ? ਅਗਲੀ ਮੀਟਿੰਗ ਵਿਚ ਅਸੀਂ ਹੋਰਨਾਂ ਨਾਲ ਗੱਲ ਕਰ ਸਕਦੇ ਹਾਂ। ਇਸ ਤਰ੍ਹਾਂ ਥੋੜ੍ਹੇ ਹੀ ਸਮੇਂ ਵਿਚ ਅਸੀਂ ਲਗਭਗ ਸਾਰੇ ਭੈਣਾਂ-ਭਰਾਵਾਂ ਨਾਲ ਵਧੀਆ ਗੱਲ ਕਰ ਲਵਾਂਗੇ। ਸਾਨੂੰ ਫ਼ਿਕਰ ਕਰਨ ਦੀ ਲੋੜ ਨਹੀਂ ਜੇ ਅਸੀਂ ਉਸ ਦਿਨ ਹਰ ਇਕ ਨਾਲ ਗੱਲ ਨਹੀਂ ਕਰ ਪਾਉਂਦੇ। ਸੋ ਕਿਸੇ ਨੂੰ ਵੀ ਬੁਰਾ ਨਹੀਂ ਮਨਾਉਣਾ ਚਾਹੀਦਾ ਜੇ ਹਰ ਮੀਟਿੰਗ ਵਿਚ ਸਾਡੀ ਉਨ੍ਹਾਂ ਨਾਲ ਗੱਲ ਨਹੀਂ ਹੁੰਦੀ।

10. ਕਲੀਸਿਯਾ ਵਿਚ ਸਾਰਿਆਂ ਕੋਲ ਕਿਹੜਾ ਵਧੀਆ ਮੌਕਾ ਹੈ ਅਤੇ ਅਸੀਂ ਇਸ ਦਾ ਪੂਰਾ ਲਾਭ ਕਿਵੇਂ ਉਠਾ ਸਕਦੇ ਹਾਂ?

10 ਹੋਰਨਾਂ ਨੂੰ ਕਬੂਲ ਕਰਨ ਦਾ ਪਹਿਲਾ ਕਦਮ ਹੈ ਉਨ੍ਹਾਂ ਨੂੰ ਬੁਲਾਉਣਾ। ਇਸ ਤਰ੍ਹਾਂ ਕਰਨ ਨਾਲ ਸਾਡੇ ਵਿਚ ਵਧੀਆ ਗੱਲ ਸ਼ੁਰੂ ਹੋ ਸਕਦੀ ਹੈ ਤੇ ਅਸੀਂ ਪੱਕੇ ਦੋਸਤ ਬਣ ਸਕਦੇ ਹਾਂ। ਮਿਸਾਲ ਲਈ, ਜਦੋਂ ਜ਼ਿਲ੍ਹਾ ਸੰਮੇਲਨਾਂ ਅਤੇ ਅਸੈਂਬਲੀਆਂ ਵਿਚ ਭੈਣ-ਭਰਾ ਹੋਰਨਾਂ ਨਾਲ ਆਪਣੀ ਜਾਣ-ਪਛਾਣ ਕਰਾਉਂਦੇ ਹਨ ਤੇ ਗੱਲ ਕਰਦੇ ਹਨ, ਤਾਂ ਉਹ ਇਕ-ਦੂਜੇ ਨੂੰ ਦੁਬਾਰਾ ਮਿਲਣ ਲਈ ਉਤਾਵਲੇ ਹੁੰਦੇ ਹਨ। ਕਿੰਗਡਮ ਹਾਲ ਉਸਾਰੀ ਵਲੰਟੀਅਰ ਅਤੇ ਰਾਹਤ ਕੰਮ ਕਰਨ ਵਾਲੇ ਭੈਣ-ਭਰਾ ਅਕਸਰ ਇਕ-ਦੂਜੇ ਦੇ ਦੋਸਤ ਬਣ ਜਾਂਦੇ ਹਨ ਕਿਉਂਕਿ ਤਜਰਬੇ ਸਾਂਝੇ ਕਰ ਕੇ ਉਨ੍ਹਾਂ ਨੂੰ ਇਕ-ਦੂਜੇ ਦੇ ਚੰਗੇ ਗੁਣਾਂ ਦਾ ਪਤਾ ਲੱਗਦਾ ਹੈ। ਯਹੋਵਾਹ ਦੇ ਸੰਗਠਨ ਵਿਚ ਪੱਕੇ ਦੋਸਤ ਬਣਾਉਣ ਦੇ ਕਈ ਮੌਕੇ ਮਿਲਦੇ ਹਨ। ਜੇ ਅਸੀਂ “ਖੁਲ੍ਹੇ ਦਿਲ” ਦੇ ਹਾਂ, ਤਾਂ ਸਾਡੇ ਬਹੁਤ ਸਾਰੇ ਦੋਸਤ ਬਣਨਗੇ ਅਤੇ ਸਾਡਾ ਪਿਆਰ ਵਧੇਗਾ। ਇਸ ਤਰ੍ਹਾਂ ਅਸੀਂ ਮਿਲ ਕੇ ਸੱਚੀ ਭਗਤੀ ਕਰਾਂਗੇ।

ਦੂਸਰਿਆਂ ਲਈ ਸਮਾਂ ਕੱਢੋ

11. ਮਰਕੁਸ 10:13-16 ਮੁਤਾਬਕ ਯਿਸੂ ਨੇ ਕਿਹੜੀ ਮਿਸਾਲ ਕਾਇਮ ਕੀਤੀ?

11 ਯਿਸੂ ਦੀ ਤਰ੍ਹਾਂ ਸਾਰੇ ਮਸੀਹੀ ਮਿਲਣਸਾਰ ਹੋਣ ਦੀ ਕੋਸ਼ਿਸ਼ ਕਰ ਸਕਦੇ ਹਨ। ਧਿਆਨ ਦਿਓ ਕਿ ਯਿਸੂ ਨੇ ਕੀ ਕੀਤਾ ਜਦੋਂ ਉਸ ਦੇ ਚੇਲਿਆਂ ਨੇ ਮਾਪਿਆਂ ਨੂੰ ਰੋਕਿਆ ਕਿ ਉਹ ਆਪਣੇ ਬੱਚੇ ਯਿਸੂ ਕੋਲ ਨਾ ਲਿਆਉਣ। ਉਸ ਨੇ ਕਿਹਾ: “ਛੋਟਿਆਂ ਬਾਲਕਾਂ ਨੂੰ ਮੇਰੇ ਕੋਲ ਆਉਣ ਦਿਓ। ਉਨ੍ਹਾਂ ਨੂੰ ਨਾ ਵਰਜੋ ਕਿਉਂ ਜੋ ਪਰਮੇਸ਼ੁਰ ਦਾ ਰਾਜ ਏਹੋ ਜਿਹਿਆਂ ਦਾ ਹੈ।” ਫਿਰ “ਉਸ ਨੇ ਉਨ੍ਹਾਂ ਨੂੰ ਕੁੱਛੜ ਚੁੱਕਿਆ ਅਰ ਉਨ੍ਹਾਂ ਉੱਤੇ ਹੱਥ ਰੱਖ ਕੇ ਉਨ੍ਹਾਂ ਨੂੰ ਅਸੀਸ ਦਿੱਤੀ।” (ਮਰ. 10:13-16) ਜ਼ਰਾ ਸੋਚੋ ਕਿ ਉਹ ਬੱਚੇ ਕਿੰਨੇ ਖ਼ੁਸ਼ ਹੋਏ ਹੋਣੇ ਕਿ ਮਹਾਨ ਗੁਰੂ ਨੇ ਉਨ੍ਹਾਂ ਨਾਲ ਕੀਮਤੀ ਵਕਤ ਗੁਜ਼ਾਰਿਆ!

12. ਕਿਹੜੀਆਂ ਚੀਜ਼ਾਂ ਦੂਜਿਆਂ ਨਾਲ ਗੱਲ ਕਰਨ ਵਿਚ ਅੜਿੱਕਾ ਬਣ ਸਕਦੀਆਂ ਹਨ?

12 ਹਰੇਕ ਮਸੀਹੀ ਨੂੰ ਆਪਣੇ ਤੋਂ ਪੁੱਛਣਾ ਚਾਹੀਦਾ ਹੈ: ‘ਕੀ ਮੈਂ ਦੂਸਰਿਆਂ ਨਾਲ ਗੱਲ ਕਰਨ ਲਈ ਤਿਆਰ ਰਹਿੰਦਾ ਹਾਂ ਜਾਂ ਕੀ ਉਨ੍ਹਾਂ ਨੂੰ ਲੱਗਦਾ ਹੈ ਕਿ ਮੈਂ ਅਕਸਰ ਬਿਜ਼ੀ ਰਹਿੰਦਾ ਹਾਂ?’ ਕੁਝ ਆਦਤਾਂ ਆਪਣੇ ਆਪ ਵਿਚ ਗ਼ਲਤ ਨਹੀਂ ਹਨ, ਪਰ ਕਦੀ-ਕਦੀ ਇਹ ਗੱਲਬਾਤ ਵਿਚ ਅੜਿੱਕਾ ਬਣ ਜਾਂਦੀਆਂ ਹਨ। ਮਿਸਾਲ ਲਈ, ਜੇ ਅਸੀਂ ਭੈਣਾਂ-ਭਰਾਵਾਂ ਦੀ ਮੌਜੂਦਗੀ ਵਿਚ ਅਕਸਰ ਸੈੱਲ ਫ਼ੋਨ ਤੇ ਲੱਗੇ ਰਹਿੰਦੇ ਹਾਂ ਜਾਂ ਈਅਰ-ਫ਼ੋਨ ਤੇ ਰਿਕਾਰਡ ਕੀਤੀਆਂ ਚੀਜ਼ਾਂ ਸੁਣਦੇ ਰਹਿੰਦੇ ਹਾਂ, ਤਾਂ ਅਸੀਂ ਦੂਜਿਆਂ ਨੂੰ ਕਹਿ ਰਹੇ ਹੋਵਾਂਗੇ ਕਿ ਅਸੀਂ ਉਨ੍ਹਾਂ ਦੀ ਸੰਗਤ ਨਹੀਂ ਚਾਹੁੰਦੇ। ਜੇ ਦੂਸਰੇ ਦੇਖਦੇ ਹਨ ਕਿ ਅਸੀਂ ਹੱਥ ਵਿਚ ਫੜੇ ਕੰਪਿਊਟਰ ਉੱਤੇ ਹੀ ਨਿਗਾਹ ਟਿਕਾਈ ਰੱਖਦੇ ਹਾਂ, ਤਾਂ ਉਹ ਸ਼ਾਇਦ ਸੋਚਣ ਕਿ ਅਸੀਂ ਉਨ੍ਹਾਂ ਨਾਲ ਗੱਲ ਨਹੀਂ ਕਰਨੀ ਚਾਹੁੰਦੇ। ਇਹ ਤਾਂ ਠੀਕ ਹੈ ਕਿ “ਇੱਕ ਚੁੱਪ ਕਰਨ ਦਾ ਵੇਲਾ ਹੈ।” ਪਰ ਜਦੋਂ ਸਾਡੇ ਕੋਲ ਲੋਕ ਮੌਜੂਦ ਹੁੰਦੇ ਹਨ, ਤਾਂ ਇਹ ਅਕਸਰ “ਬੋਲਣ ਦਾ ਵੇਲਾ” ਹੁੰਦਾ ਹੈ। (ਉਪ. 3:7) ਕੁਝ ਸ਼ਾਇਦ ਕਹਿਣ, “ਮੈਂ ਆਪਣੇ ਆਪ ਵਿਚ ਰਹਿਣਾ ਚਾਹੁੰਦਾ ਹਾਂ” ਜਾਂ “ਮੈਂ ਸਵੇਰੇ-ਸਵੇਰੇ ਗੱਲ ਨਹੀਂ ਕਰਨੀ ਚਾਹੁੰਦਾ।” ਫਿਰ ਵੀ, ਗੱਲ ਕਰਨ ਦਾ ਮੂਡ ਨਾ ਹੋਣ ਤੇ ਵੀ ਜੇ ਅਸੀਂ ਖ਼ੁਸ਼ ਹੋ ਕੇ ਗੱਲਬਾਤ ਕਰਦੇ ਹਾਂ, ਤਾਂ ਅਸੀਂ ਆਪਣੇ ਪਿਆਰ ਦਾ ਸਬੂਤ ਦਿੰਦੇ ਹਾਂ ਜੋ “ਆਪ ਸੁਆਰਥੀ ਨਹੀਂ।”—1 ਕੁਰਿੰ. 13:5.

13. ਪੌਲੁਸ ਨੇ ਤਿਮੋਥਿਉਸ ਨੂੰ ਮਸੀਹੀ ਭੈਣ-ਭਰਾਵਾਂ ਪ੍ਰਤਿ ਕਿਹੋ ਜਿਹਾ ਨਜ਼ਰੀਆ ਰੱਖਣ ਦਾ ਉਤਸ਼ਾਹ ਦਿੱਤਾ?

13 ਪੌਲੁਸ ਨੇ ਨੌਜਵਾਨ ਤਿਮੋਥਿਉਸ ਨੂੰ ਉਤਸ਼ਾਹ ਦਿੱਤਾ ਕਿ ਉਹ ਕਲੀਸਿਯਾ ਦੇ ਸਾਰੇ ਮੈਂਬਰਾਂ ਦਾ ਆਦਰ-ਮਾਣ ਕਰੇ। (1 ਤਿਮੋਥਿਉਸ 5:1, 2 ਪੜ੍ਹੋ।) ਸਾਨੂੰ ਵੀ ਬਿਰਧ ਮਸੀਹੀਆਂ ਨਾਲ ਇਵੇਂ ਪੇਸ਼ ਆਉਣਾ ਚਾਹੀਦਾ ਹੈ ਜਿਵੇਂ ਉਹ ਸਾਡੇ ਆਪਣੇ ਮਾਂ-ਬਾਪ ਹੋਣ ਅਤੇ ਆਪਣੇ ਤੋਂ ਛੋਟਿਆਂ ਨਾਲ ਆਪਣੇ ਸਕੇ ਭੈਣ-ਭਰਾਵਾਂ ਵਾਂਗ ਪੇਸ਼ ਆਉਣਾ ਚਾਹੀਦਾ ਹੈ। ਜਦੋਂ ਅਸੀਂ ਇਹ ਨਜ਼ਰੀਆ ਰੱਖਦੇ ਹਾਂ, ਤਾਂ ਸਾਡਾ ਕੋਈ ਵੀ ਪਿਆਰਾ ਭੈਣ-ਭਰਾ ਸਾਡੀ ਮੌਜੂਦਗੀ ਵਿਚ ਆਪਣੇ ਆਪ ਨੂੰ ਅਜਨਬੀ ਨਹੀਂ ਸਮਝੇਗਾ।

14. ਦੂਸਰਿਆਂ ਨਾਲ ਹੌਸਲੇ ਭਰੀਆਂ ਗੱਲਾਂ ਕਰ ਕੇ ਕਿਹੜੇ ਕੁਝ ਲਾਭ ਹੁੰਦੇ ਹਨ?

14 ਜਦੋਂ ਅਸੀਂ ਦੂਜਿਆਂ ਨਾਲ ਚੰਗੀ ਗੱਲਬਾਤ ਕਰਦੇ ਹਾਂ, ਤਾਂ ਦੂਸਰਿਆਂ ਦੀ ਨਿਹਚਾ ਤਕੜੀ ਹੁੰਦੀ ਹੈ ਤੇ ਉਨ੍ਹਾਂ ਦਾ ਹੌਸਲਾ ਵਧਦਾ ਹੈ। ਇਕ ਬ੍ਰਾਂਚ ਆਫ਼ਿਸ ਵਿਚ ਕੰਮ ਕਰਦਾ ਇਕ ਭਰਾ ਚੇਤੇ ਕਰਦਾ ਹੈ ਕਿ ਜਦੋਂ ਉਹ ਨਵਾਂ-ਨਵਾਂ ਬੈਥਲ ਵਿਚ ਆਇਆ ਸੀ, ਤਾਂ ਬੈਥਲ ਵਿਚ ਕਾਫ਼ੀ ਸਮੇਂ ਤੋਂ ਸੇਵਾ ਕਰ ਰਹੇ ਭੈਣ-ਭਰਾ ਬਾਕਾਇਦਾ ਉਸ ਨਾਲ ਗੱਲਬਾਤ ਕਰਦੇ ਸਨ। ਉਨ੍ਹਾਂ ਦੀਆਂ ਹੌਸਲੇ ਭਰੀਆਂ ਗੱਲਾਂ ਸੁਣ ਕੇ ਉਸ ਨੂੰ ਮਹਿਸੂਸ ਹੁੰਦਾ ਸੀ ਕਿ ਬੈਥਲ ਪਰਿਵਾਰ ਉਸ ਨੂੰ ਪਿਆਰ ਕਰਦਾ ਸੀ। ਹੁਣ ਇਹ ਭਰਾ ਉਨ੍ਹਾਂ ਦੀ ਨਕਲ ਕਰਦਿਆਂ ਬੈਥਲ ਦੇ ਦੂਸਰੇ ਭੈਣ-ਭਰਾਵਾਂ ਨਾਲ ਗੱਲਬਾਤ ਕਰਦਾ ਹੈ।

ਅਸੀਂ ਨਿਮਰ ਹੋ ਕੇ ਸ਼ਾਂਤੀ ਬਣਾਈ ਰੱਖ ਸਕਦੇ ਹਾਂ

15. ਕਿਹੜੀ ਗੱਲ ਤੋਂ ਪਤਾ ਲੱਗਦਾ ਹੈ ਕਿ ਸਾਡੇ ਵਿਚ ਮਤਭੇਦ ਪੈਦਾ ਹੋ ਸਕਦੇ ਹਨ?

15 ਪ੍ਰਾਚੀਨ ਫ਼ਿਲਿੱਪੈ ਦੀਆਂ ਦੋ ਮਸੀਹੀ ਭੈਣਾਂ ਯੂਓਦੀਆ ਅਤੇ ਸੰਤੁਖੇ ਨੂੰ ਆਪਸੀ ਮਤਭੇਦ ਸੁਲਝਾਉਣ ਵਿਚ ਕੁਝ ਮੁਸ਼ਕਲ ਆ ਰਹੀ ਸੀ। (ਫ਼ਿਲਿ. 4:2, 3) ਪੌਲੁਸ ਤੇ ਬਰਨਬਾਸ ਦੀ ਆਪਸ ਵਿਚ ਗਰਮਾ-ਗਰਮ ਬਹਿਸ ਹੋ ਗਈ ਜਿਸ ਬਾਰੇ ਸਾਰਿਆਂ ਨੂੰ ਪਤਾ ਲੱਗ ਗਿਆ ਤੇ ਦੋਵੇਂ ਥੋੜ੍ਹੇ ਚਿਰ ਲਈ ਇਕ-ਦੂਸਰੇ ਤੋਂ ਜੁਦਾ ਹੋ ਕੇ ਆਪੋ-ਆਪਣੇ ਰਾਹ ਚਲੇ ਗਏ। (ਰਸੂ. 15:37-39) ਇਨ੍ਹਾਂ ਬਿਰਤਾਂਤਾਂ ਤੋਂ ਪਤਾ ਲੱਗਦਾ ਹੈ ਕਿ ਸੱਚੇ ਭਗਤਾਂ ਵਿਚਕਾਰ ਕਦੇ-ਕਦੇ ਮਤਭੇਦ ਪੈਦਾ ਹੋ ਜਾਂਦੇ ਹਨ। ਯਹੋਵਾਹ ਮਤਭੇਦ ਸੁਲਝਾਉਣ ਅਤੇ ਫਿਰ ਤੋਂ ਦੋਸਤੀ ਕਰਨ ਵਿਚ ਸਾਡੀ ਮਦਦ ਕਰਦਾ ਹੈ। ਪਰ ਉਹ ਸਾਡੇ ਤੋਂ ਵੀ ਕੁਝ ਚਾਹੁੰਦਾ ਹੈ।

16, 17. (ੳ) ਮਤਭੇਦ ਸੁਲਝਾਉਣ ਲਈ ਨਿਮਰ ਹੋਣਾ ਕਿੰਨਾ ਕੁ ਜ਼ਰੂਰੀ ਹੈ? (ਅ) ਯਾਕੂਬ ਏਸਾਓ ਨਾਲ ਜਿਵੇਂ ਪੇਸ਼ ਆਇਆ, ਉਸ ਤੋਂ ਨਿਮਰਤਾ ਦੀ ਅਹਿਮੀਅਤ ਬਾਰੇ ਕੀ ਪਤਾ ਲੱਗਦਾ ਹੈ?

16 ਕਲਪਨਾ ਕਰੋ ਕਿ ਤੁਸੀਂ ਤੇ ਤੁਹਾਡਾ ਦੋਸਤ ਗੱਡੀ ਵਿਚ ਕਿਤੇ ਘੁੰਮਣ ਜਾ ਰਹੇ ਹੋ। ਸਫ਼ਰ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਇਗਨੀਸ਼ਨ ਵਿਚ ਚਾਬੀ ਪਾ ਕੇ ਗੱਡੀ ਦਾ ਇੰਜਣ ਸ਼ੁਰੂ ਕਰਦੇ ਹੋ। ਸੋ ਆਪਸੀ ਮਤਭੇਦ ਸੁਲਝਾਉਣ ਲਈ ਵੀ ਇਕ ਤਰ੍ਹਾਂ ਦੀ ਚਾਬੀ ਦੀ ਲੋੜ ਹੈ ਤੇ ਉਹ ਚਾਬੀ ਹੈ ਨਿਮਰਤਾ। (ਯਾਕੂਬ 4:10 ਪੜ੍ਹੋ।) ਅੱਗੇ ਦੱਸੀ ਮਿਸਾਲ ਤੋਂ ਪਤਾ ਲੱਗਦਾ ਹੈ ਕਿ ਜੇ ਅਸੀਂ ਨਿਮਰ ਹਾਂ, ਤਾਂ ਬਾਈਬਲ ਦੇ ਅਸੂਲਾਂ ਉੱਤੇ ਚੱਲਾਂਗੇ। ਇਸ ਤਰ੍ਹਾਂ ਅਸੀਂ ਆਪਸੀ ਮਤਭੇਦਾਂ ਨੂੰ ਸੁਲਝਾ ਸਕਾਂਗੇ।

17 ਆਪਣਾ ਪੈਦਾਇਸ਼ੀ ਹੱਕ ਗੁਆਉਣ ਕਰਕੇ ਏਸਾਓ ਵੀਹ ਸਾਲਾਂ ਤੋਂ ਆਪਣੇ ਜੁੜਵਾਂ ਭਰਾ ਯਾਕੂਬ ਨਾਲ ਗੁੱਸੇ ਸੀ ਅਤੇ ਉਸ ਨੂੰ ਮਾਰਨਾ ਚਾਹੁੰਦਾ ਸੀ। ਇਹ ਦੋਵੇਂ ਭਰਾ ਕਾਫ਼ੀ ਦੇਰ ਬਾਅਦ ਇਕ-ਦੂਜੇ ਨੂੰ ਮਿਲਣ ਜਾ ਰਹੇ ਸਨ। ਪਰ “ਯਾਕੂਬ ਅੱਤ ਭੈਮਾਨ ਹੋਇਆ ਅਤੇ ਘਾਬਰਿਆ।” ਉਸ ਨੂੰ ਯਕੀਨ ਸੀ ਕਿ ਏਸਾਓ ਉਸ ਨੂੰ ਮਾਰ ਦੇਵੇਗਾ। ਪਰ ਏਸਾਓ ਨੂੰ ਮਿਲਣ ਤੇ ਯਾਕੂਬ ਨੇ ਅਜਿਹਾ ਕੁਝ ਕੀਤਾ ਜਿਸ ਦੀ ਏਸਾਓ ਨੂੰ ਉਮੀਦ ਵੀ ਨਹੀਂ ਸੀ। ਜਦੋਂ ਯਾਕੂਬ ਆਪਣੇ ਭਰਾ ਕੋਲ ਪਹੁੰਚਿਆ, ਤਾਂ ਉਸ ਨੇ “ਧਰਤੀ ਉੱਤੇ ਆਪਣੇ ਆਪ ਨੂੰ ਝੁਕਾਇਆ।” ਫਿਰ ਕੀ ਹੋਇਆ? “ਏਸਾਓ ਉਸ ਦੇ ਮਿਲਣ ਨੂੰ ਨੱਠਾ ਅਰ ਉਸ ਨੂੰ ਜੱਫੀ ਪਾਈ ਅਰ ਉਸ ਦੇ ਗਲ ਵਿੱਚ ਬਾਹਾਂ ਪਾਕੇ ਉਸ ਨੂੰ ਚੁੰਮਿਆ ਅਰ ਓਹ ਰੋਏ।” ਲੜਾਈ-ਝਗੜਾ ਹੋਣ ਦਾ ਖ਼ਤਰਾ ਟਲ਼ ਗਿਆ ਸੀ। ਯਾਕੂਬ ਦੀ ਨਿਮਰਤਾ ਦੇਖ ਕੇ ਏਸਾਓ ਨੇ ਨਫ਼ਰਤ ਕਰਨੀ ਛੱਡ ਦਿੱਤੀ।—ਉਤ. 27:41; 32:3-8; 33:3, 4.

18, 19. (ੳ) ਆਪਸੀ ਮਤਭੇਦ ਹੋਣ ਤੇ ਸਾਨੂੰ ਕਿਉਂ ਬਾਈਬਲ ਦੀ ਸਲਾਹ ’ਤੇ ਚੱਲਣ ਵਿਚ ਪਹਿਲ ਕਰਨੀ ਚਾਹੀਦੀ ਹੈ? (ਅ) ਜੇ ਦੂਸਰਾ ਬੰਦਾ ਸ਼ੁਰੂ-ਸ਼ੁਰੂ ਵਿਚ ਸਹੀ ਰਵੱਈਆ ਨਹੀਂ ਦਿਖਾਉਂਦਾ, ਤਾਂ ਸਾਨੂੰ ਹਾਰ ਕਿਉਂ ਨਹੀਂ ਮੰਨਣੀ ਚਾਹੀਦੀ?

18 ਬਾਈਬਲ ਵਿਚ ਮਤਭੇਦਾਂ ਨੂੰ ਸੁਲਝਾਉਣ ਲਈ ਵਧੀਆ ਸਲਾਹ ਦਿੱਤੀ ਗਈ ਹੈ। (ਮੱਤੀ 5:23, 24; 18:15-17; ਅਫ਼. 4:26, 27) * ਅਸੀਂ ਸ਼ਾਂਤੀ ਨਹੀਂ ਬਣਾ ਸਕਦੇ ਜੇ ਅਸੀਂ ਨਿਮਰਤਾ ਨਾਲ ਉਸ ਸਲਾਹ ਨੂੰ ਨਹੀਂ ਮੰਨਦੇ। ਜੇ ਅਸੀਂ ਦੂਜੇ ਬੰਦੇ ਦੀ ਉਡੀਕ ਕਰੀਏ ਕਿ ਉਹ ਨਿਮਰਤਾ ਨਾਲ ਸਾਡੇ ਕੋਲ ਆਵੇ, ਤਾਂ ਸਮੱਸਿਆ ਦਾ ਹੱਲ ਨਹੀਂ ਹੋਵੇਗਾ। ਅਸੀਂ ਖ਼ੁਦ ਵੀ ਨਿਮਰਤਾ ਨਾਲ ਉਸ ਕੋਲ ਜਾ ਸਕਦੇ ਹਾਂ।

19 ਸ਼ੁਰੂ-ਸ਼ੁਰੂ ਵਿਚ ਜੇ ਅਸੀਂ ਕਿਸੇ ਕਾਰਨ ਕਰਕੇ ਸ਼ਾਂਤੀ ਬਣਾਉਣ ਵਿਚ ਨਾਕਾਮ ਹੋ ਜਾਂਦੇ ਹਾਂ, ਤਾਂ ਸਾਨੂੰ ਉਮੀਦ ਨਹੀਂ ਛੱਡਣੀ ਚਾਹੀਦੀ। ਦੂਸਰੇ ਬੰਦੇ ਨੂੰ ਸ਼ਾਇਦ ਨਾਰਾਜ਼ਗੀ ਛੱਡਣ ਵਿਚ ਥੋੜ੍ਹਾ ਸਮਾਂ ਲੱਗੇ। ਯੂਸੁਫ਼ ਦੇ ਭਰਾਵਾਂ ਨੇ ਉਸ ਨਾਲ ਦਗ਼ਾ ਕੀਤਾ ਸੀ। ਉਹ ਕਾਫ਼ੀ ਚਿਰ ਬਾਅਦ ਉਸ ਨੂੰ ਮਿਲੇ। ਉਦੋਂ ਤਕ ਉਹ ਮਿਸਰ ਦਾ ਮੁੱਖ-ਮੰਤਰੀ ਬਣ ਚੁੱਕਾ ਸੀ। ਉਸ ਵੇਲੇ ਤਕ ਉਹ ਸੁਧਰ ਗਏ ਸਨ ਅਤੇ ਉਨ੍ਹਾਂ ਨੇ ਯੂਸੁਫ਼ ਤੋਂ ਮਾਫ਼ੀ ਮੰਗੀ। ਯੂਸੁਫ਼ ਨੇ ਉਨ੍ਹਾਂ ਨੂੰ ਮਾਫ਼ ਕਰ ਦਿੱਤਾ। ਯਾਕੂਬ ਦੇ ਇਨ੍ਹਾਂ ਪੁੱਤਰਾਂ ਤੋਂ ਇਕ ਵੱਡੀ ਕੌਮ ਬਣੀ ਜਿਸ ਨੂੰ ਯਹੋਵਾਹ ਦੇ ਨਾਂ ਤੋਂ ਜਾਣੇ-ਜਾਣ ਦਾ ਸਨਮਾਨ ਮਿਲਿਆ। (ਉਤ. 50:15-21) ਆਪਣੇ ਭੈਣਾਂ-ਭਰਾਵਾਂ ਨਾਲ ਸ਼ਾਂਤੀ ਬਣਾਈ ਰੱਖਣ ਨਾਲ ਅਸੀਂ ਕਲੀਸਿਯਾ ਵਿਚ ਏਕਤਾ ਅਤੇ ਖ਼ੁਸ਼ੀ ਬਰਕਰਾਰ ਰੱਖ ਸਕਾਂਗੇ।—ਕੁਲੁੱਸੀਆਂ 3:12-14 ਪੜ੍ਹੋ।

ਆਓ “ਕਰਨੀ ਅਤੇ ਸਚਿਆਈ ਤੋਂ ਪ੍ਰੇਮ ਕਰੀਏ”

20, 21. ਯਿਸੂ ਨੇ ਆਪਣੇ ਰਸੂਲਾਂ ਦੇ ਪੈਰ ਧੋ ਕੇ ਜੋ ਮਿਸਾਲ ਕਾਇਮ ਕੀਤੀ, ਉਸ ਤੋਂ ਅਸੀਂ ਕੀ ਸਿੱਖਦੇ ਹਾਂ?

20 ਯਿਸੂ ਨੇ ਆਪਣੀ ਮੌਤ ਤੋਂ ਥੋੜ੍ਹਾ ਚਿਰ ਪਹਿਲਾਂ ਆਪਣੇ ਰਸੂਲਾਂ ਨੂੰ ਕਿਹਾ: “ਮੈਂ ਤੁਹਾਨੂੰ ਇੱਕ ਨਮੂਨਾ ਦੇ ਛੱਡਿਆ ਹੈ ਤਾਂ ਜੋ ਜਿਵੇਂ ਮੈਂ ਤੁਹਾਡੇ ਨਾਲ ਕੀਤਾ ਤੁਸੀਂ ਭੀ ਤਿਵੇਂ ਹੀ ਕਰੋ।” (ਯੂਹੰ. 13:15) ਉਸ ਨੇ ਬਾਰਾਂ ਰਸੂਲਾਂ ਦੇ ਹੁਣੇ-ਹੁਣੇ ਪੈਰ ਧੋਤੇ ਸਨ। ਇਹ ਕੰਮ ਯਿਸੂ ਨੇ ਨਾ ਤਾਂ ਕਿਸੇ ਰੀਤ ਕਰਕੇ ਕੀਤਾ ਸੀ ਤੇ ਨਾ ਹੀ ਸਿਰਫ਼ ਦਿਆਲਤਾ ਕਰਕੇ ਕੀਤਾ ਸੀ। ਪੈਰ ਧੋਣ ਦਾ ਬਿਰਤਾਂਤ ਦੱਸਣ ਤੋਂ ਪਹਿਲਾਂ ਯੂਹੰਨਾ ਨੇ ਲਿਖਿਆ ਕਿ ਯਿਸੂ ਨੇ “ਆਪਣੇ ਿਨੱਜ ਲੋਕਾਂ ਨਾਲ ਜਿਹੜੇ ਜਗਤ ਵਿੱਚ ਸਨ ਪਿਆਰ ਕਰ ਕੇ ਉਨ੍ਹਾਂ ਨੂੰ ਅੰਤ ਤੋੜੀ ਪਿਆਰ ਕਰਦਾ ਰਿਹਾ।” (ਯੂਹੰ. 13:1) ਯਿਸੂ ਨੇ ਆਪਣੇ ਚੇਲਿਆਂ ਨਾਲ ਪਿਆਰ ਹੋਣ ਕਰਕੇ ਇਹ ਕੰਮ ਕੀਤਾ ਜੋ ਆਮ ਤੌਰ ਤੇ ਨੌਕਰ ਕਰਦਾ ਹੁੰਦਾ ਸੀ। ਚੇਲਿਆਂ ਨੂੰ ਵੀ ਇਕ-ਦੂਸਰੇ ਲਈ ਪਿਆਰ ਦੀ ਖ਼ਾਤਰ ਨਿਮਰਤਾ ਨਾਲ ਕੰਮ ਕਰਨੇ ਚਾਹੀਦੇ ਸਨ। ਜੀ ਹਾਂ, ਭੈਣਾਂ-ਭਰਾਵਾਂ ਨਾਲ ਸੱਚਾ ਪਿਆਰ ਹੋਣ ਕਰਕੇ ਸਾਨੂੰ ਵੀ ਉਨ੍ਹਾਂ ਬਾਰੇ ਸੋਚਣਾ ਚਾਹੀਦਾ ਹੈ ਤੇ ਉਨ੍ਹਾਂ ਦੀ ਪਰਵਾਹ ਕਰਨੀ ਚਾਹੀਦੀ ਹੈ।

21 ਪਰਮੇਸ਼ੁਰ ਦੇ ਪੁੱਤਰ ਨੇ ਪਤਰਸ ਰਸੂਲ ਦੇ ਵੀ ਪੈਰ ਧੋਤੇ ਸਨ, ਇਸ ਲਈ ਉਹ ਸਮਝ ਗਿਆ ਸੀ ਕਿ ਯਿਸੂ ਨੇ ਕਿਉਂ ਇਸ ਤਰ੍ਹਾਂ ਕੀਤਾ ਸੀ। ਉਸ ਨੇ ਲਿਖਿਆ: “ਤੁਸਾਂ ਜੋ ਸਤ ਦੇ ਅਧੀਨ ਹੋ ਕੇ ਆਪਣੀਆਂ ਜਾਨਾਂ ਨੂੰ ਭਰੱਪਣ ਦੇ ਨਿਸ਼ਕਪਟ ਪ੍ਰੇਮ ਲਈ ਪਵਿੱਤਰ ਕੀਤਾ ਹੈ ਤਾਂ ਤਨੋਂ ਮਨੋਂ ਹੋ ਕੇ ਇੱਕ ਦੂਏ ਨਾਲ ਗੂੜ੍ਹਾ ਪ੍ਰੇਮ ਰੱਖੋ।” (1 ਪਤ. 1:22) ਪ੍ਰਭੂ ਯਿਸੂ ਨੇ ਯੂਹੰਨਾ ਰਸੂਲ ਦੇ ਵੀ ਪੈਰ ਧੋਤੇ ਸਨ ਜਿਸ ਨੇ ਲਿਖਿਆ: “ਹੇ ਬੱਚਿਓ, ਅਸੀਂ ਗੱਲੀਂ ਅਤੇ ਜਬਾਨੀ ਨਹੀਂ ਸਗੋਂ ਕਰਨੀ ਅਤੇ ਸਚਿਆਈ ਤੋਂ ਪ੍ਰੇਮ ਕਰੀਏ।” (1 ਯੂਹੰ. 3:18) ਆਓ ਆਪਾਂ ਪੂਰੇ ਦਿਲ ਨਾਲ ਆਪਣੇ ਭੈਣਾਂ-ਭਰਾਵਾਂ ਲਈ ਕੁਝ ਨਾ ਕੁਝ ਕਰ ਕੇ ਆਪਣੇ ਪਿਆਰ ਦਾ ਸਬੂਤ ਦੇਈਏ।

[ਫੁਟਨੋਟ]

^ ਪੈਰਾ 18 ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਲਈ ਸੰਗਠਿਤ (ਹਿੰਦੀ) ਕਿਤਾਬ ਦੇ ਸਫ਼ੇ 144-150 ਦੇਖੋ।

ਕੀ ਤੁਹਾਨੂੰ ਯਾਦ ਹੈ?

• ਅਸੀਂ ਕਿਨ੍ਹਾਂ ਤਰੀਕਿਆਂ ਨਾਲ “ਖੁਲ੍ਹੇ ਦਿਲ” ਦੇ ਹੋ ਕੇ ਇਕ-ਦੂਜੇ ਨੂੰ ਪਿਆਰ ਕਰ ਸਕਦੇ ਹਾਂ?

• ਦੂਜਿਆਂ ਨਾਲ ਗੱਲਬਾਤ ਕਰਨ ਲਈ ਸਮਾਂ ਕੱਢਣ ਵਿਚ ਕਿਹੜੀ ਗੱਲ ਸਾਡੀ ਮਦਦ ਕਰੇਗੀ?

• ਸ਼ਾਂਤੀ ਬਣਾ ਕੇ ਰੱਖਣ ਨਾਲ ਨਿਮਰਤਾ ਦਾ ਕੀ ਸੰਬੰਧ ਹੈ?

• ਕਿਹੜੀ ਚੀਜ਼ ਤੋਂ ਪ੍ਰੇਰਿਤ ਹੋ ਕੇ ਸਾਨੂੰ ਭੈਣਾਂ-ਭਰਾਵਾਂ ਦੀ ਪਰਵਾਹ ਕਰਨੀ ਚਾਹੀਦੀ ਹੈ?

[ਸਵਾਲ]

[ਸਫ਼ਾ 21 ਉੱਤੇ ਤਸਵੀਰ]

ਭੈਣਾਂ-ਭਰਾਵਾਂ ਦਾ ਨਿੱਘਾ ਸੁਆਗਤ ਕਰੋ

[ਸਫ਼ਾ 23 ਉੱਤੇ ਤਸਵੀਰ]

ਦੂਜਿਆਂ ਨਾਲ ਗੱਲ ਕਰਨ ਦੇ ਮੌਕੇ ਨਾ ਗੁਆਓ