Skip to content

Skip to table of contents

ਵਿਸ਼ਵ-ਵਿਆਪੀ ਕਲੀਸਿਯਾ ਵਿਚ ਆਪਣੀ ਭੂਮਿਕਾ ਨੂੰ ਅਹਿਮ ਸਮਝੋ

ਵਿਸ਼ਵ-ਵਿਆਪੀ ਕਲੀਸਿਯਾ ਵਿਚ ਆਪਣੀ ਭੂਮਿਕਾ ਨੂੰ ਅਹਿਮ ਸਮਝੋ

ਵਿਸ਼ਵ-ਵਿਆਪੀ ਕਲੀਸਿਯਾ ਵਿਚ ਆਪਣੀ ਭੂਮਿਕਾ ਨੂੰ ਅਹਿਮ ਸਮਝੋ

“ਪਰਮੇਸ਼ੁਰ ਨੇ ਜਿਸ ਪਰਕਾਰ ਉਹ ਨੂੰ ਭਾਉਂਦਾ ਸੀ ਅੰਗਾਂ ਨੂੰ ਇੱਕ ਇੱਕ ਕਰਕੇ ਸਰੀਰ ਵਿੱਚ ਰੱਖਿਆ ਹੈ।”—1 ਕੁਰਿੰ. 12:18.

1, 2. (ੳ) ਕਿਹੜੀ ਗੱਲ ਤੋਂ ਪਤਾ ਲੱਗਦਾ ਹੈ ਕਿ ਕਲੀਸਿਯਾ ਵਿਚ ਹਰ ਕੋਈ ਆਪਣੇ ਲਈ ਸਨਮਾਨਯੋਗ ਥਾਂ ਬਣਾ ਸਕਦਾ ਹੈ? (ਅ) ਇਸ ਲੇਖ ਵਿਚ ਕਿਹੜੇ ਸਵਾਲਾਂ ਉੱਤੇ ਗੌਰ ਕੀਤਾ ਜਾਵੇਗਾ?

ਪ੍ਰਾਚੀਨ ਇਸਰਾਏਲ ਦੇ ਜ਼ਮਾਨੇ ਤੋਂ ਹੀ ਯਹੋਵਾਹ ਨੇ ਕਲੀਸਿਯਾ ਦਾ ਇੰਤਜ਼ਾਮ ਕੀਤਾ ਹੈ ਜਿਸ ਦੇ ਰਾਹੀਂ ਉਹ ਆਪਣੇ ਲੋਕਾਂ ਦੀ ਦੇਖ-ਭਾਲ ਕਰਦਾ ਤੇ ਸੇਧ ਦਿੰਦਾ ਆਇਆ ਹੈ। ਮਿਸਾਲ ਲਈ, ਇਸਰਾਏਲੀਆਂ ਵੱਲੋਂ ਅਈ ਸ਼ਹਿਰ ਨੂੰ ਤਬਾਹ ਕਰਨ ਤੋਂ ਬਾਅਦ, ਯਹੋਸ਼ੁਆ ਨੇ ‘ਇਸਰਾਏਲੀਆਂ ਦੀ ਸਾਰੀ ਸਭਾ ਦੇ ਸਾਹਮਣੇ ਬਿਵਸਥਾ ਦੀਆਂ ਸਾਰੀਆਂ ਗੱਲਾਂ ਪੜ੍ਹ ਕੇ ਬਰਕਤਾਂ ਅਤੇ ਸਰਾਪ ਦੋਵੇਂ ਸੁਣਾਏ ਜਿਵੇਂ ਬਿਵਸਥਾ ਦੀ ਪੋਥੀ ਵਿੱਚ ਲਿਖੇ ਹੋਏ ਸਨ।’—ਯਹੋ. 8:34, 35.

2 ਪਹਿਲੀ ਸਦੀ ਈਸਵੀ ਵਿਚ ਪੌਲੁਸ ਰਸੂਲ ਨੇ ਮਸੀਹੀ ਬਜ਼ੁਰਗ ਤਿਮੋਥਿਉਸ ਨੂੰ ਕਿਹਾ ਕਿ ਮਸੀਹੀ ਕਲੀਸਿਯਾ ‘ਪਰਮੇਸ਼ੁਰ ਦਾ ਘਰ’ ਅਤੇ “ਸਚਿਆਈ ਦਾ ਥੰਮ੍ਹ ਅਤੇ ਨੀਂਹ ਹੈ।” (1 ਤਿਮੋ. 3:15) ‘ਪਰਮੇਸ਼ੁਰ ਦਾ ਘਰ’ ਅੱਜ ਸੱਚੇ ਮਸੀਹੀਆਂ ਦਾ ਵਿਸ਼ਵ-ਵਿਆਪੀ ਭਾਈਚਾਰਾ ਹੈ। ਕੁਰਿੰਥੀਆਂ ਨੂੰ ਲਿਖੀ ਆਪਣੀ ਪਹਿਲੀ ਚਿੱਠੀ ਦੇ 12ਵੇਂ ਅਧਿਆਇ ਵਿਚ ਪੌਲੁਸ ਨੇ ਕਲੀਸਿਯਾ ਦੀ ਤੁਲਨਾ ਮਨੁੱਖੀ ਸਰੀਰ ਨਾਲ ਕੀਤੀ। ਉਹ ਕਹਿੰਦਾ ਹੈ ਕਿ ਭਾਵੇਂ ਹਰ ਅੰਗ ਵੱਖੋ-ਵੱਖਰਾ ਕੰਮ ਕਰਦਾ ਹੈ, ਪਰ ਸਾਰੇ ਹੀ ਜ਼ਰੂਰੀ ਹਨ। ਪੌਲੁਸ ਲਿਖਦਾ ਹੈ: “ਪਰਮੇਸ਼ੁਰ ਨੇ ਜਿਸ ਪਰਕਾਰ ਉਹ ਨੂੰ ਭਾਉਂਦਾ ਸੀ ਅੰਗਾਂ ਨੂੰ ਇੱਕ ਇੱਕ ਕਰਕੇ ਸਰੀਰ ਵਿੱਚ ਰੱਖਿਆ ਹੈ।” ਉਹ ਇਹ ਵੀ ਕਹਿੰਦਾ ਹੈ ਕਿ “ਸਰੀਰ ਦਿਆਂ ਜਿਨ੍ਹਾਂ ਅੰਗਾਂ ਨੂੰ ਅਸੀਂ ਹੋਰਨਾਂ ਨਾਲੋਂ ਨਿਰਾਦਰੇ ਸਮਝਦੇ ਹਾਂ ਓਹਨਾਂ ਦਾ ਬਹੁਤ ਵਧਕੇ ਆਦਰ ਕਰਦੇ ਹਾਂ।” (1 ਕੁਰਿੰ. 12:18, 23) ਇਸ ਲਈ, ਪਰਮੇਸ਼ੁਰ ਦੇ ਘਰ ਵਿਚ ਕੋਈ ਨੇਕ ਮਸੀਹੀ ਜੋ ਵੀ ਕੰਮ ਕਰਦਾ ਹੈ, ਉਸ ਕੰਮ ਨੂੰ ਕਿਸੇ ਦੂਸਰੇ ਵਫ਼ਾਦਾਰ ਮਸੀਹੀ ਦੇ ਕੰਮ ਨਾਲੋਂ ਨਾ ਤਾਂ ਵਧੀਆ ਕਿਹਾ ਜਾ ਸਕਦਾ ਹੈ ਅਤੇ ਨਾ ਹੀ ਘਟੀਆ। ਫ਼ਰਕ ਸਿਰਫ਼ ਇੰਨਾ ਹੈ ਕਿ ਉਹ ਵੱਖੋ-ਵੱਖਰਾ ਕੰਮ ਕਰਦੇ ਹਨ। ਤਾਂ ਫਿਰ ਅਸੀਂ ਪਰਮੇਸ਼ੁਰ ਦੇ ਇੰਤਜ਼ਾਮ ਵਿਚ ਸਨਮਾਨਯੋਗ ਥਾਂ ਕਿਵੇਂ ਬਣਾ ਸਕਦੇ ਹਾਂ? ਕਲੀਸਿਯਾ ਵਿਚ ਸਾਡੀ ਜੋ ਥਾਂ ਹੈ, ਉਸ ਉੱਤੇ ਕਿਹੜੀਆਂ ਗੱਲਾਂ ਦਾ ਅਸਰ ਪੈ ਸਕਦਾ ਹੈ? ਅਤੇ ਅਸੀਂ ਕਿਵੇਂ ‘ਆਪਣੀ ਤਰੱਕੀ ਸਭਨਾਂ ਉੱਤੇ ਪਰਗਟ’ ਕਰ ਸਕਦੇ ਹਾਂ?—1 ਤਿਮੋ. 4:15.

ਆਪਣੇ ਸਨਮਾਨ ਦੀ ਕਿਵੇਂ ਕਦਰ ਕਰੀਏ?

3. ਅਸੀਂ ਕਿਹੜੇ ਇਕ ਤਰੀਕੇ ਨਾਲ ਕਲੀਸਿਯਾ ਵਿਚ ਆਪਣੀ ਥਾਂ ਬਣਾ ਸਕਦੇ ਹਾਂ ਅਤੇ ਦਿਖਾ ਸਕਦੇ ਹਾਂ ਕਿ ਇਸ ਦੀ ਕਦਰ ਕਰਦੇ ਹਾਂ?

3 ਕਲੀਸਿਯਾ ਵਿਚ ਆਪਣੀ ਥਾਂ ਬਣਾਉਣ ਤੇ ਉਸ ਨੂੰ ਸਨਮਾਨ ਸਮਝਣ ਦਾ ਇਕ ਤਰੀਕਾ ਹੈ ਕਿ ਅਸੀਂ “ਮਾਤਬਰ ਅਤੇ ਬੁੱਧਵਾਨ ਨੌਕਰ” ਅਤੇ ਉਸ ਦੀ ਪ੍ਰਬੰਧਕ ਸਭਾ ਦਾ ਪੂਰਾ-ਪੂਰਾ ਸਹਿਯੋਗ ਦੇਈਏ। (ਮੱਤੀ 24:45-47 ਪੜ੍ਹੋ।) ਸਾਨੂੰ ਦੇਖਣ ਦੀ ਲੋੜ ਹੈ ਕਿ ਅਸੀਂ ਮਾਤਬਰ ਨੌਕਰ ਤੋਂ ਮਿਲਦੀ ਸੇਧ ਅਨੁਸਾਰ ਚੱਲਦੇ ਹਾਂ ਜਾਂ ਨਹੀਂ। ਮਿਸਾਲ ਲਈ, ਸਾਲਾਂ ਦੌਰਾਨ ਸਾਨੂੰ ਪਹਿਰਾਵੇ, ਹਾਰ-ਸ਼ਿੰਗਾਰ, ਮਨੋਰੰਜਨ ਅਤੇ ਇੰਟਰਨੈੱਟ ਦੀ ਗ਼ਲਤ ਵਰਤੋਂ ਸੰਬੰਧੀ ਵਧੀਆ ਸਲਾਹ ਮਿਲੀ ਹੈ। ਕੀ ਅਸੀਂ ਇਸ ਚੰਗੀ ਸਲਾਹ ਉੱਤੇ ਚੱਲਦੇ ਹਾਂ ਤਾਂਕਿ ਸਾਡਾ ਰਿਸ਼ਤਾ ਯਹੋਵਾਹ ਨਾਲ ਬਣਿਆ ਰਹੇ? ਪਰਿਵਾਰਕ ਸਟੱਡੀ ਬਾਕਾਇਦਾ ਕਰਨ ਲਈ ਦਿੱਤੀ ਸਲਾਹ ਬਾਰੇ ਅਸੀਂ ਕਿਵੇਂ ਮਹਿਸੂਸ ਕਰਦੇ ਹਾਂ? ਕੀ ਅਸੀਂ ਇਸ ਸਲਾਹ ਨੂੰ ਮੰਨ ਕੇ ਤੈਅ ਕੀਤਾ ਹੈ ਕਿ ਅਸੀਂ ਕਿਸ ਸ਼ਾਮ ਨੂੰ ਸਟੱਡੀ ਕਰਾਂਗੇ? ਜੇ ਅਸੀਂ ਕੁਆਰੇ ਹਾਂ, ਤਾਂ ਕੀ ਬਾਈਬਲ ਦਾ ਅਧਿਐਨ ਕਰਨ ਲਈ ਸਮਾਂ ਤੈਅ ਕੀਤਾ ਹੈ? ਯਹੋਵਾਹ ਸਾਨੂੰ ਅਤੇ ਸਾਡੇ ਪਰਿਵਾਰਾਂ ਨੂੰ ਬਰਕਤਾਂ ਦੇਵੇਗਾ ਜੇ ਅਸੀਂ ਮਾਤਬਰ ਨੌਕਰ ਦੀ ਸਲਾਹ ਅਨੁਸਾਰ ਚੱਲਾਂਗੇ।

4. ਕਿਸੇ ਗੱਲ ਬਾਰੇ ਫ਼ੈਸਲਾ ਕਰਦਿਆਂ ਸਾਨੂੰ ਕੀ ਧਿਆਨ ਵਿਚ ਰੱਖਣਾ ਚਾਹੀਦਾ ਹੈ?

4 ਕੁਝ ਸ਼ਾਇਦ ਕਹਿਣ ਕਿ ਮਨੋਰੰਜਨ, ਪਹਿਰਾਵਾ ਤੇ ਹਾਰ-ਸ਼ਿੰਗਾਰ ਉਨ੍ਹਾਂ ਦਾ ਨਿੱਜੀ ਮਾਮਲਾ ਹੈ। ਪਰ ਕਲੀਸਿਯਾ ਵਿਚ ਆਪਣੀ ਭੂਮਿਕਾ ਨੂੰ ਅਹਿਮ ਸਮਝਣ ਵਾਲਾ ਮਸੀਹੀ ਫ਼ੈਸਲੇ ਕਰਦਿਆਂ ਇਹੀ ਨਹੀਂ ਦੇਖੇਗਾ ਕਿ ਉਸ ਦੇ ਹਿਸਾਬ ਨਾਲ ਕੀ ਸਹੀ ਹੈ। ਉਸ ਨੂੰ ਖ਼ਾਸਕਰ ਯਹੋਵਾਹ ਦਾ ਨਜ਼ਰੀਆ ਦੇਖਣਾ ਚਾਹੀਦਾ ਹੈ ਜਿਸ ਬਾਰੇ ਬਾਈਬਲ ਵਿਚ ਦੱਸਿਆ ਹੈ। ਬਾਈਬਲ ਦਾ ਸੰਦੇਸ਼ ‘ਸਾਡੇ ਪੈਰਾਂ ਲਈ ਦੀਪਕ, ਅਤੇ ਸਾਡੇ ਰਾਹ ਦਾ ਚਾਨਣ’ ਹੋਣਾ ਚਾਹੀਦਾ ਹੈ। (ਜ਼ਬੂ. 119:105) ਇਹ ਵੀ ਦੇਖਣਾ ਸਾਡੇ ਲਈ ਅਕਲਮੰਦੀ ਦੀ ਗੱਲ ਹੋਵੇਗੀ ਕਿ ਅਸੀਂ ਜੋ ਵੀ ਫ਼ੈਸਲੇ ਕਰਦੇ ਹਾਂ, ਉਨ੍ਹਾਂ ਦਾ ਅਸਰ ਸਾਡੀ ਸੇਵਕਾਈ ਅਤੇ ਕਲੀਸਿਯਾ ਦੇ ਭੈਣਾਂ-ਭਰਾਵਾਂ ਅਤੇ ਹੋਰਨਾਂ ਲੋਕਾਂ ਉੱਤੇ ਪੈਂਦਾ ਹੈ।—2 ਕੁਰਿੰਥੀਆਂ 6:3, 4 ਪੜ੍ਹੋ।

5. ਸਾਨੂੰ ਆਪਣੀ ਮਨ-ਮਰਜ਼ੀ ਕਰਨ ਤੋਂ ਕਿਉਂ ਬਚਣਾ ਚਾਹੀਦਾ ਹੈ?

5 ਜਿਹੜੀ ‘ਰੂਹ ਅਣਆਗਿਆਕਾਰੀ ਦੇ ਪੁੱਤ੍ਰਾਂ ਵਿੱਚ ਅਸਰ ਕਰਦੀ ਹੈ,’ ਉਹ ਹਵਾ ਦੀ ਤਰ੍ਹਾਂ ਹਰ ਪਾਸੇ ਫੈਲੀ ਹੋਈ ਹੈ ਜਿਸ ਵਿਚ ਅਸੀਂ ਸਾਹ ਲੈਂਦੇ ਹਾਂ। (ਅਫ਼. 2:2) ਜੇ ਅਸੀਂ ਇਸ “ਰੂਹ” ਯਾਨੀ ਮਾੜੇ ਰਵੱਈਏ ਦਾ ਆਪਣੇ ’ਤੇ ਅਸਰ ਪੈਣ ਦਿੰਦੇ ਹਾਂ, ਤਾਂ ਅਸੀਂ ਸ਼ਾਇਦ ਸੋਚੀਏ ਕਿ ਸਾਨੂੰ ਯਹੋਵਾਹ ਦੇ ਸੰਗਠਨ ਦੀ ਸੇਧ ਦੀ ਲੋੜ ਨਹੀਂ ਹੈ। ਅਸੀਂ ਦਿਯੁਤ੍ਰਿਫੇਸ ਵਰਗੇ ਨਹੀਂ ਬਣਨਾ ਚਾਹੁੰਦੇ ਜੋ ਆਦਰ ਨਾਲ ਯੂਹੰਨਾ ਰਸੂਲ ਦੀ ਸਲਾਹ ਨਹੀਂ ਮੰਨਦਾ ਸੀ। (3 ਯੂਹੰ. 9, 10) ਇਸ ਲਈ ਸਾਨੂੰ ਆਪਣੀ ਮਨ-ਮਰਜ਼ੀ ਨਹੀਂ ਕਰਨੀ ਚਾਹੀਦੀ। ਆਓ ਆਪਾਂ ਕਦੇ ਵੀ ਅਜਿਹਾ ਕੁਝ ਨਾ ਕਹੀਏ ਜਾਂ ਕਰੀਏ ਜਿਸ ਨਾਲ ਮਾਤਬਰ ਨੌਕਰ ਦਾ ਨਿਰਾਦਰ ਹੁੰਦਾ ਹੈ ਜਿਸ ਨੂੰ ਯਹੋਵਾਹ ਅੱਜ ਵਰਤ ਰਿਹਾ ਹੈ। (ਗਿਣ. 16:1-3) ਇਸ ਦੀ ਬਜਾਇ, ਸਾਨੂੰ ਮਾਤਬਰ ਨੌਕਰ ਨੂੰ ਸਹਿਯੋਗ ਦੇਣਾ ਚਾਹੀਦਾ ਹੈ ਜੋ ਕਿ ਸਾਡੇ ਲਈ ਸਨਮਾਨ ਦੀ ਗੱਲ ਹੈ। ਕੀ ਸਾਨੂੰ ਉਨ੍ਹਾਂ ਦੇ ਆਗਿਆਕਾਰ ਤੇ ਅਧੀਨ ਨਹੀਂ ਰਹਿਣਾ ਚਾਹੀਦਾ ਜੋ ਕਲੀਸਿਯਾ ਵਿਚ ਅਗਵਾਈ ਕਰਦੇ ਹਨ?—ਇਬਰਾਨੀਆਂ 13:7, 17 ਪੜ੍ਹੋ।

6. ਸਾਨੂੰ ਆਪਣੇ ਹਾਲਾਤਾਂ ਨੂੰ ਗਹੁ ਨਾਲ ਕਿਉਂ ਜਾਂਚਣਾ ਚਾਹੀਦਾ ਹੈ?

6 ਅਸੀਂ ਕਲੀਸਿਯਾ ਵਿਚ ਇਕ ਹੋਰ ਤਰੀਕੇ ਨਾਲ ਆਪਣੀ ਭੂਮਿਕਾ ਦੀ ਕਦਰ ਕਰ ਸਕਦੇ ਹਾਂ। ਸਾਨੂੰ ਆਪਣੇ ਹਾਲਾਤਾਂ ਨੂੰ ਗਹੁ ਨਾਲ ਜਾਂਚ ਕੇ ਦੇਖਣਾ ਚਾਹੀਦਾ ਹੈ ਕਿ ਅਸੀਂ ‘ਆਪਣੀ ਸੇਵਾ ਦੀ ਵਡਿਆਈ ਕਰਨ’ ਅਤੇ ਯਹੋਵਾਹ ਦੀ ਮਹਿਮਾ ਕਰਨ ਲਈ ਕਿੰਨਾ ਕੁ ਕਰ ਸਕਦੇ ਹਾਂ। (ਰੋਮੀ. 11:13) ਕੁਝ ਰੈਗੂਲਰ ਪਾਇਨੀਅਰਿੰਗ ਕਰ ਸਕਦੇ ਹਨ। ਕਈ ਮਿਸ਼ਨਰੀਆਂ, ਸਫ਼ਰੀ ਨਿਗਾਹਬਾਨਾਂ ਅਤੇ ਦੁਨੀਆਂ ਭਰ ਦੇ ਬੈਥਲ ਘਰਾਂ ਵਿਚ ਸੇਵਾ ਕਰਦੇ ਹਨ। ਕਈ ਭੈਣ-ਭਰਾ ਕਿੰਗਡਮ ਹਾਲ ਬਣਾਉਣ ਵਿਚ ਮਦਦ ਕਰਦੇ ਹਨ। ਯਹੋਵਾਹ ਦੇ ਜ਼ਿਆਦਾਤਰ ਲੋਕ ਆਪਣੀ ਪੂਰੀ ਵਾਹ ਲਾ ਕੇ ਯਹੋਵਾਹ ਦੀ ਸੇਵਾ ਕਰਨ ਵਿਚ ਆਪਣੇ ਪਰਿਵਾਰਾਂ ਦੀ ਮਦਦ ਕਰਦੇ ਹਨ ਅਤੇ ਹਰ ਹਫ਼ਤੇ ਪ੍ਰਚਾਰ ਵਿਚ ਵਧ-ਚੜ੍ਹ ਕੇ ਹਿੱਸਾ ਲੈਂਦੇ ਹਨ। (ਕੁਲੁੱਸੀਆਂ 3:23, 24 ਪੜ੍ਹੋ।) ਅਸੀਂ ਯਕੀਨ ਨਾਲ ਕਹਿ ਸਕਦੇ ਹਾਂ ਕਿ ਜਦ ਅਸੀਂ ਖ਼ੁਸ਼ੀ ਨਾਲ ਤਨ-ਮਨ ਲਾ ਕੇ ਯਹੋਵਾਹ ਦੀ ਸੇਵਾ ਕਰਦੇ ਹਾਂ, ਤਾਂ ਅਸੀਂ ਕਲੀਸਿਯਾ ਵਿਚ ਆਪਣੀ ਭੂਮਿਕਾ ਦੀ ਕਦਰ ਕਰਦੇ ਰਹਾਂਗੇ।

ਸਾਡੀ ਭੂਮਿਕਾ ’ਤੇ ਅਸਰ ਕਰਨ ਵਾਲੀਆਂ ਗੱਲਾਂ

7. ਸਮਝਾਓ ਕਿ ਅਸੀਂ ਕਲੀਸਿਯਾ ਵਿਚ ਜਿੰਨਾ ਕੁ ਕੁਝ ਕਰ ਸਕਦੇ ਹਾਂ, ਉਹ ਕਿਵੇਂ ਸਾਡੇ ਹਾਲਾਤਾਂ ਉੱਤੇ ਨਿਰਭਰ ਕਰਦਾ ਹੈ।

7 ਇਹ ਜ਼ਰੂਰੀ ਹੈ ਕਿ ਅਸੀਂ ਆਪਣੇ ਹਾਲਾਤਾਂ ਨੂੰ ਜਾਂਚੀਏ ਕਿਉਂਕਿ ਅਸੀਂ ਕਲੀਸਿਯਾ ਵਿਚ ਜੋ ਵੀ ਕਰ ਸਕਦੇ ਹਾਂ, ਉਹ ਕੁਝ ਹੱਦ ਤਕ ਸਾਡੇ ਹਾਲਾਤਾਂ ਉੱਤੇ ਹੀ ਨਿਰਭਰ ਕਰਦਾ ਹੈ। ਮਿਸਾਲ ਲਈ, ਕਲੀਸਿਯਾ ਵਿਚ ਜੋ ਕੁਝ ਭਰਾ ਕਰਦਾ ਹੈ, ਉਹ ਕੁਝ ਹੱਦ ਤਕ ਭੈਣਾਂ ਤੋਂ ਵੱਖਰਾ ਹੈ। ਸਾਡੀ ਉਮਰ, ਸਿਹਤ ਅਤੇ ਹੋਰ ਗੱਲਾਂ ਦਾ ਵੀ ਅਸਰ ਪੈਂਦਾ ਹੈ ਕਿ ਅਸੀਂ ਯਹੋਵਾਹ ਦੀ ਸੇਵਾ ਵਿਚ ਕਿੰਨਾ ਕੁ ਕੁਝ ਕਰ ਸਕਦੇ ਹਾਂ। ਕਹਾਉਤਾਂ 20:29 ਕਹਿੰਦਾ ਹੈ: “ਜੁਆਨਾਂ ਦੀ ਸੋਭਾ ਤਾਂ ਉਨ੍ਹਾਂ ਦਾ ਬਲ ਹੈ, ਅਤੇ ਬੁੱਢਿਆਂ ਦੀ ਸਜਾਵਟ ਉਨ੍ਹਾਂ ਦੇ ਧੌਲੇ ਵਾਲ ਹਨ।” ਕਲੀਸਿਯਾ ਦੇ ਨੌਜਵਾਨ ਸ਼ਾਇਦ ਕੁਝ ਜ਼ਿਆਦਾ ਕਰ ਸਕਣ ਕਿਉਂਕਿ ਉਨ੍ਹਾਂ ਵਿਚ ਤਾਕਤ ਹੁੰਦੀ ਹੈ ਜਦਕਿ ਬਿਰਧ ਭੈਣ-ਭਰਾਵਾਂ ਦੀ ਸਿਆਣਪ ਤੇ ਤਜਰਬੇ ਤੋਂ ਕਲੀਸਿਯਾ ਨੂੰ ਕਾਫ਼ੀ ਲਾਭ ਹੋ ਸਕਦਾ ਹੈ। ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਅਸੀਂ ਯਹੋਵਾਹ ਦੇ ਸੰਗਠਨ ਵਿਚ ਜੋ ਵੀ ਕਰ ਪਾਉਂਦੇ ਹਾਂ, ਉਹ ਯਹੋਵਾਹ ਦੀ ਮਿਹਰ ਸਦਕਾ ਹੀ ਕਰ ਪਾਉਂਦੇ ਹਾਂ।—ਰਸੂ. 14:26; ਰੋਮੀ. 12:6-8.

8. ਕਲੀਸਿਯਾ ਵਿਚ ਅਸੀਂ ਜੋ ਕਰਾਂਗੇ, ਉਸ ਦਾ ਸਾਡੀ ਇੱਛਾ ਨਾਲ ਕੀ ਸੰਬੰਧ ਹੈ?

8 ਅਸੀਂ ਦੋ ਸਕੀਆਂ ਭੈਣਾਂ ਦੀ ਮਿਸਾਲ ਲੈ ਸਕਦੇ ਹਾਂ ਜਿਸ ਉੱਤੇ ਗੌਰ ਕਰ ਕੇ ਸਾਨੂੰ ਪਤਾ ਲੱਗੇਗਾ ਕਿ ਅਸੀਂ ਕਲੀਸਿਯਾ ਵਿਚ ਕਿਹੜੀ ਭੂਮਿਕਾ ਅਦਾ ਕਰਨਾ ਚਾਹੁੰਦੇ ਹਾਂ। ਇਹ ਦੋਵੇਂ ਭੈਣਾਂ ਹਾਈ ਸਕੂਲ ਤੋਂ ਗ੍ਰੈਜੂਏਟ ਹੁੰਦੀਆਂ ਹਨ। ਉਨ੍ਹਾਂ ਦੇ ਹਾਲਾਤ ਇੱਕੋ ਜਿਹੇ ਹਨ। ਦੋਨਾਂ ਨੂੰ ਉਨ੍ਹਾਂ ਦੇ ਮਾਪਿਆਂ ਨੇ ਉਤਸ਼ਾਹਿਤ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਕਿ ਉਹ ਗ੍ਰੈਜੂਏਸ਼ਨ ਤੋਂ ਬਾਅਦ ਰੈਗੂਲਰ ਪਾਇਨੀਅਰਿੰਗ ਕਰਨ। ਗ੍ਰੈਜੂਏਸ਼ਨ ਤੋਂ ਬਾਅਦ ਇਕ ਜਣੀ ਪਾਇਨੀਅਰਿੰਗ ਕਰਨ ਲੱਗ ਪਈ ਜਦਕਿ ਦੂਸਰੀ ਨੌਕਰੀ ਕਰਨ ਲੱਗ ਪਈ। ਉਨ੍ਹਾਂ ਨੇ ਵੱਖੋ-ਵੱਖਰਾ ਰਾਹ ਕਿਉਂ ਅਪਣਾਇਆ? ਇਹ ਉਨ੍ਹਾਂ ਦੀ ਆਪਣੀ ਇੱਛਾ ਸੀ ਕਿ ਉਹ ਦੋਵੇਂ ਕੀ ਕਰਨਾ ਚਾਹੁੰਦੀਆਂ ਸੀ। ਕੀ ਇਹ ਸਾਡੇ ਬਾਰੇ ਵੀ ਕਿਹਾ ਜਾ ਸਕਦਾ ਹੈ? ਸਾਨੂੰ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ ਕਿ ਅਸੀਂ ਪਰਮੇਸ਼ੁਰ ਦੀ ਸੇਵਾ ਵਿਚ ਕੀ ਕਰਨਾ ਚਾਹੁੰਦੇ ਹਾਂ। ਕੀ ਅਸੀਂ ਹੋਰ ਵੀ ਵਧ-ਚੜ੍ਹ ਕੇ ਸੇਵਾ ਕਰ ਸਕਦੇ ਹਾਂ ਭਾਵੇਂ ਸਾਨੂੰ ਆਪਣੇ ਹਾਲਾਤਾਂ ਵਿਚ ਫੇਰ-ਬਦਲ ਕਿਉਂ ਨਾ ਕਰਨਾ ਪਵੇ?—2 ਕੁਰਿੰ. 9:7.

9, 10. ਜੇ ਸਾਡੇ ਵਿਚ ਯਹੋਵਾਹ ਦੀ ਸੇਵਾ ਵਿਚ ਜ਼ਿਆਦਾ ਕਰਨ ਦੀ ਇੱਛਾ ਨਹੀਂ ਹੈ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ?

9 ਪਰ ਜੇ ਸਾਡੇ ਵਿਚ ਯਹੋਵਾਹ ਦੀ ਸੇਵਾ ਵਿਚ ਜ਼ਿਆਦਾ ਕੁਝ ਕਰਨ ਦੀ ਇੱਛਾ ਨਹੀਂ ਹੈ, ਕਲੀਸਿਯਾ ਵਿਚ ਬਸ ਮਾੜਾ-ਮੋਟਾ ਕਰ ਕੇ ਹੀ ਕੰਮ ਸਾਰ ਲੈਂਦੇ ਹਾਂ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? ਫ਼ਿਲਿੱਪੀਆਂ ਨੂੰ ਲਿਖੀ ਆਪਣੀ ਚਿੱਠੀ ਵਿਚ ਪੌਲੁਸ ਕਹਿੰਦਾ ਹੈ: “ਪਰਮੇਸ਼ੁਰ ਹੀ ਹੈ ਜਿਹੜਾ ਤੁਹਾਡੇ ਵਿੱਚ ਮਨਸ਼ਾ ਤੇ ਅਮਲ ਦੋਹਾਂ ਨੂੰ ਆਪਣੇ ਨੇਕ ਇਰਾਦੇ ਨੂੰ ਪੂਰਾ ਕਰਨ ਲਈ ਪੈਦਾ ਕਰਦਾ ਹੈ।” ਜੀ ਹਾਂ, ਯਹੋਵਾਹ ਸਾਡੇ ਵਿਚ ਇੱਛਾ ਪੈਦਾ ਕਰ ਸਕਦਾ ਹੈ ਤਾਂਕਿ ਅਸੀਂ ਉਸ ਦੀ ਮਰਜ਼ੀ ਪੂਰੀ ਕਰੀਏ।—ਫ਼ਿਲਿ. 2:13; 4:13.

10 ਤਾਂ ਫਿਰ, ਕੀ ਸਾਨੂੰ ਯਹੋਵਾਹ ਨੂੰ ਪੁੱਛਣਾ ਨਹੀਂ ਚਾਹੀਦਾ ਕਿ ਉਹ ਆਪਣੀ ਮਰਜ਼ੀ ਪੂਰੀ ਕਰਨ ਲਈ ਸਾਡੇ ਵਿਚ ਇੱਛਾ ਪੈਦਾ ਕਰੇ? ਪ੍ਰਾਚੀਨ ਇਸਰਾਏਲ ਦੇ ਰਾਜਾ ਦਾਊਦ ਨੇ ਇੱਦਾਂ ਹੀ ਕੀਤਾ। ਉਸ ਨੇ ਪ੍ਰਾਰਥਨਾ ਕੀਤੀ: “ਹੇ ਯਹੋਵਾਹ, ਆਪਣੇ ਰਾਹ ਮੈਨੂੰ ਵਿਖਾਲ, ਅਤੇ ਆਪਣੇ ਮਾਰਗ ਮੈਨੂੰ ਸਿਖਾਲ। ਆਪਣੀ ਸਚਿਆਈ ਵਿੱਚ ਮੇਰੀ ਅਗਵਾਈ ਕਰ ਅਤੇ ਮੈਨੂੰ ਸਿਖਾਲ, ਕਿਉਂ ਜੋ ਤੂੰ ਮੇਰਾ ਮੁਕਤੀ ਦਾਤਾ ਪਰਮੇਸ਼ੁਰ ਹੈਂ, ਸਾਰਾ ਦਿਨ ਮੈਂ ਤੈਨੂੰ ਤੱਕਦਾ ਰਹਿੰਦਾ ਹਾਂ।” (ਜ਼ਬੂ. 25:4, 5) ਅਸੀਂ ਵੀ ਯਹੋਵਾਹ ਨੂੰ ਪ੍ਰਾਰਥਨਾ ਕਰ ਸਕਦੇ ਹਾਂ ਕਿ ਉਹ ਸਾਡੇ ਵਿਚ ਉਹ ਕੁਝ ਕਰਨ ਦੀ ਇੱਛਾ ਪੈਦਾ ਕਰੇ ਜਿਸ ਤੋਂ ਉਸ ਨੂੰ ਖ਼ੁਸ਼ੀ ਮਿਲਦੀ ਹੈ। ਜਦੋਂ ਅਸੀਂ ਸੋਚ-ਵਿਚਾਰ ਕਰਦੇ ਹਾਂ ਕਿ ਯਹੋਵਾਹ ਅਤੇ ਉਸ ਦਾ ਪੁੱਤਰ ਖ਼ੁਸ਼ ਹੁੰਦੇ ਹਨ ਜਦੋਂ ਅਸੀਂ ਉਨ੍ਹਾਂ ਦੀ ਇੱਛਾ ਅਨੁਸਾਰ ਕੰਮ ਕਰਦੇ ਹਾਂ, ਤਾਂ ਸਾਡੇ ਦਿਲ ਉਨ੍ਹਾਂ ਲਈ ਸ਼ੁਕਰਗੁਜ਼ਾਰੀ ਨਾਲ ਭਰ ਜਾਂਦੇ ਹਨ। (ਮੱਤੀ 26:6-10; ਲੂਕਾ 21:1-4) ਇਸ ਸ਼ੁਕਰਗੁਜ਼ਾਰੀ ਤੋਂ ਪ੍ਰੇਰਿਤ ਹੋ ਕੇ ਅਸੀਂ ਯਹੋਵਾਹ ਨੂੰ ਬੇਨਤੀ ਕਰ ਸਕਦੇ ਹਾਂ ਕਿ ਅਸੀਂ ਉਸ ਦੀ ਸੇਵਾ ਵਿਚ ਅੱਗੇ ਵਧਦੇ ਜਾਈਏ। ਯਸਾਯਾਹ ਨਬੀ ਨੇ ਸਾਡੇ ਵਾਸਤੇ ਵਧੀਆ ਮਿਸਾਲ ਕਾਇਮ ਕਰ ਕੇ ਦਿਖਾਇਆ ਕਿ ਸਾਡਾ ਰਵੱਈਆ ਕਿਹੋ ਜਿਹਾ ਹੋਣਾ ਚਾਹੀਦਾ ਹੈ। ਜਦ ਯਸਾਯਾਹ ਨੇ ਯਹੋਵਾਹ ਨੂੰ ਕਹਿੰਦੇ ਸੁਣਿਆ: “ਮੈਂ ਕਿਹ ਨੂੰ ਘੱਲਾਂ ਤੇ ਕੌਣ ਸਾਡੇ ਲਈ ਜਾਵੇਗਾ?,” ਤਾਂ ਯਸਾਯਾਹ ਨੇ ਆਖਿਆ: “ਮੈਂ ਹਾਜ਼ਰ ਹਾਂ, ਮੈਨੂੰ ਘੱਲੋ।”—ਯਸਾ. 6:8.

ਅੱਗੇ ਕਿਵੇਂ ਵਧਦੇ ਜਾਈਏ?

11. (ੳ) ਸੰਗਠਨ ਵਿਚ ਜ਼ਿੰਮੇਵਾਰ ਭਰਾਵਾਂ ਦੀ ਕਿਉਂ ਲੋੜ ਹੈ? (ਅ) ਕਲੀਸਿਯਾ ਵਿਚ ਜ਼ਿੰਮੇਵਾਰੀਆਂ ਲੈਣ ਲਈ ਇਕ ਭਰਾ ਨੂੰ ਕੀ ਕਰਨ ਦੀ ਲੋੜ ਹੈ?

11 ਸੇਵਾ ਸਾਲ 2008 ਦੌਰਾਨ ਦੁਨੀਆਂ ਭਰ ਵਿਚ 2,89,678 ਲੋਕਾਂ ਨੇ ਬਪਤਿਸਮਾ ਲਿਆ। ਇਸ ਤੋਂ ਸਪੱਸ਼ਟ ਹੈ ਕਿ ਅਗਵਾਈ ਕਰਨ ਵਾਲੇ ਭਰਾਵਾਂ ਦੀ ਸਖ਼ਤ ਲੋੜ ਹੈ। ਇਹ ਲੋੜ ਪੂਰੀ ਕਰਨ ਵਾਸਤੇ ਇਕ ਭਰਾ ਨੂੰ ਕੀ ਕਰਨਾ ਚਾਹੀਦਾ ਹੈ? ਸਿੱਧੀ ਜਿਹੀ ਗੱਲ ਹੈ ਕਿ ਉਸ ਨੂੰ ਬਾਈਬਲ ਵਿਚ ਸਹਾਇਕ ਸੇਵਕਾਂ ਅਤੇ ਬਜ਼ੁਰਗਾਂ ਲਈ ਦੱਸੀਆਂ ਮੰਗਾਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ। (1 ਤਿਮੋ. 3:1-10, 12, 13; ਤੀਤੁ. 1:5-9) ਭਰਾ ਇਨ੍ਹਾਂ ਮੰਗਾਂ ਨੂੰ ਕਿਵੇਂ ਪੂਰਾ ਕਰ ਸਕਦਾ ਹੈ? ਸੇਵਕਾਈ ਵਿਚ ਵਧ-ਚੜ੍ਹ ਕੇ ਹਿੱਸਾ ਲੈ ਕੇ, ਕਲੀਸਿਯਾ ਵਿਚ ਆਪਣੀਆਂ ਜ਼ਿੰਮੇਵਾਰੀਆਂ ਚੰਗੀ ਤਰ੍ਹਾਂ ਨਿਭਾ ਕੇ, ਮੀਟਿੰਗਾਂ ਵਿਚ ਵਧੀਆ ਟਿੱਪਣੀਆਂ ਕਰਨ ਦੀ ਕੋਸ਼ਿਸ਼ ਕਰ ਕੇ ਅਤੇ ਆਪਣੇ ਭੈਣਾਂ-ਭਰਾਵਾਂ ਵਿਚ ਗਹਿਰੀ ਦਿਲਚਸਪੀ ਲੈ ਕੇ। ਇਹ ਸਭ ਕਰ ਕੇ ਉਹ ਕਲੀਸਿਯਾ ਵਿਚ ਆਪਣੀ ਭੂਮਿਕਾ ਨੂੰ ਅਹਿਮ ਸਮਝਦਾ ਹੈ।

12. ਨੌਜਵਾਨ ਭਰਾ ਸੱਚਾਈ ਵਿਚ ਕਿਵੇਂ ਆਪਣਾ ਜੋਸ਼ ਦਿਖਾ ਸਕਦੇ ਹਨ?

12 ਨੌਜਵਾਨ ਭਰਾ, ਖ਼ਾਸਕਰ ਅੱਲ੍ਹੜ ਉਮਰ ਦੇ ਭਰਾ ਕਲੀਸਿਯਾ ਵਿਚ ਤਰੱਕੀ ਕਰਨ ਲਈ ਕੀ ਕਰ ਸਕਦੇ ਹਨ? ਉਹ ਬਾਈਬਲ ਦਾ ਗਿਆਨ ਲੈ ਕੇ ‘ਸਿਆਣਪ ਤੇ ਆਤਮਕ ਗੱਲਾਂ ਵਿਚ ਸਮਝ’ ਪਾਉਣ ਦਾ ਜਤਨ ਕਰ ਸਕਦੇ ਹਨ। (ਕੁਲੁ. 1:9, ERV) ਜੇ ਉਹ ਪਰਮੇਸ਼ੁਰ ਦੇ ਬਚਨ ਨੂੰ ਚੰਗੀ ਤਰ੍ਹਾਂ ਪੜ੍ਹਨ ਅਤੇ ਮੀਟਿੰਗਾਂ ਵਿਚ ਜ਼ੋਰ-ਸ਼ੋਰ ਨਾਲ ਹਿੱਸਾ ਲੈਣ, ਤਾਂ ਉਹ ਕਲੀਸਿਯਾ ਵਿਚ ਤਰੱਕੀ ਕਰ ਪਾਉਣਗੇ। ਅੱਲ੍ਹੜ ਉਮਰ ਦੇ ਭਰਾਵਾਂ ਤੋਂ ਇਲਾਵਾ ਬਾਕੀ ਭਰਾਵਾਂ ਲਈ ਵੀ ‘ਦਰਵੱਜਾ ਖੁਲ੍ਹਿਆ ਹੈ’ ਯਾਨੀ ਉਹ ਵੱਖ-ਵੱਖ ਤਰ੍ਹਾਂ ਦੀ ਫੁੱਲ-ਟਾਈਮ ਸੇਵਾ ਕਰ ਸਕਦੇ ਹਨ। (1 ਕੁਰਿੰ. 16:9) ਯਹੋਵਾਹ ਦੀ ਸੇਵਾ ਨੂੰ ਆਪਣੀ ਜ਼ਿੰਦਗੀ ਦਾ ਕੈਰੀਅਰ ਬਣਾਉਣਾ ਸਭ ਤੋਂ ਵਧੀਆ ਰਾਹ ਹੈ ਜਿਸ ਉੱਤੇ ਚੱਲ ਕੇ ਖ਼ੁਸ਼ੀ ਤੇ ਬਰਕਤਾਂ ਮਿਲਦੀਆਂ ਹਨ।—ਉਪਦੇਸ਼ਕ ਦੀ ਪੋਥੀ 12:1 ਪੜ੍ਹੋ।

13, 14. ਭੈਣਾਂ ਕਿਨ੍ਹਾਂ ਤਰੀਕਿਆਂ ਨਾਲ ਦਿਖਾਉਂਦੀਆਂ ਹਨ ਕਿ ਉਹ ਕਲੀਸਿਯਾ ਵਿਚ ਆਪਣੀ ਭੂਮਿਕਾ ਨੂੰ ਅਨਮੋਲ ਸਮਝਦੀਆਂ ਹਨ?

13 ਭੈਣਾਂ ਵੀ ਦਿਖਾ ਸਕਦੀਆਂ ਹਨ ਕਿ ਉਹ ਜ਼ਬੂਰ 68:11 ਦੀ ਪੂਰਤੀ ਵਿਚ ਹਿੱਸਾ ਪਾ ਕੇ ਆਪਣੇ ਸਨਮਾਨ ਦੀ ਕਦਰ ਕਰਦੀਆਂ ਹਨ। ਉੱਥੇ ਅਸੀਂ ਪੜ੍ਹਦੇ ਹਾਂ: ‘ਯਹੋਵਾਹ ਹੁਕਮ ਦਿੰਦਾ ਹੈ, ਖਬਰ ਦੇਣ ਵਾਲਿਆਂ ਦਾ ਵੱਡਾ ਦਲ ਹੈ’ ਜਿਸ ਵਿਚ ਭੈਣਾਂ ਵੀ ਸ਼ਾਮਲ ਹਨ। ਭੈਣਾਂ ਚੇਲੇ ਬਣਾਉਣ ਦਾ ਕੰਮ ਕਰ ਕੇ ਦਿਖਾ ਸਕਦੀਆਂ ਹਨ ਕਿ ਉਹ ਕਲੀਸਿਯਾ ਵਿਚ ਆਪਣੀ ਭੂਮਿਕਾ ਦੀ ਕਦਰ ਕਰਦੀਆਂ ਹਨ। (ਮੱਤੀ 28:19, 20) ਪ੍ਰਚਾਰ ਵਿਚ ਵਧ-ਚੜ੍ਹ ਕੇ ਹਿੱਸਾ ਲੈ ਕੇ ਤੇ ਇਸ ਕੰਮ ਵਾਸਤੇ ਖ਼ੁਸ਼ੀ ਨਾਲ ਕੁਰਬਾਨੀਆਂ ਕਰ ਕੇ ਭੈਣਾਂ ਸਾਬਤ ਕਰਦੀਆਂ ਹਨ ਕਿ ਉਹ ਕਲੀਸਿਯਾ ਵਿਚ ਆਪਣੀ ਭੂਮਿਕਾ ਨੂੰ ਅਹਿਮ ਸਮਝਦੀਆਂ ਹਨ।

14 ਤੀਤੁਸ ਨੂੰ ਲਿਖਦਿਆਂ ਪੌਲੁਸ ਨੇ ਕਿਹਾ: “ਬੁੱਢੀਆਂ ਇਸਤ੍ਰੀਆਂ ਦਾ ਚਾਲ ਚਲਣ ਅਦਬ ਵਾਲਾ ਹੋਵੇ, . . . ਸੋਹਣੀਆਂ ਗੱਲਾਂ ਸਿਖਾਉਣ ਵਾਲੀਆਂ ਹੋਣ। ਭਈ ਮੁਟਿਆਰਾਂ ਨੂੰ ਅਜਿਹੀ ਮੱਤ ਦੇਣ ਜੋ ਓਹ ਆਪਣੇ ਪਤੀਆਂ ਨਾਲ ਪ੍ਰੇਮ ਰੱਖਣ ਅਤੇ ਬਾਲ ਬੱਚਿਆਂ ਨਾਲ ਪਿਆਰ ਕਰਨ। ਸੁਰਤ ਵਾਲੀਆਂ, ਸਤਵੰਤੀਆਂ, ਸੁਘੜ ਬੀਬੀਆਂ, ਨੇਕ ਅਤੇ ਆਪਣੇ ਪਤੀਆਂ ਦੇ ਅਧੀਨ ਹੋਣ ਭਈ ਪਰਮੇਸ਼ੁਰ ਦੇ ਬਚਨ ਦੀ ਬਦਨਾਮੀ ਨਾ ਹੋਵੇ।” (ਤੀਤੁ. 2:3-5) ਵਾਕਈ, ਕਲੀਸਿਯਾ ਵਿਚ ਸਮਝਦਾਰ ਭੈਣਾਂ ਸਾਰਿਆਂ ਲਈ ਵੱਡੀ ਬਰਕਤ ਸਾਬਤ ਹੋ ਸਕਦੀਆਂ ਹਨ! ਅਗਵਾਈ ਲੈਣ ਵਾਲੇ ਭਰਾਵਾਂ ਦਾ ਆਦਰ ਕਰ ਕੇ ਅਤੇ ਪਹਿਰਾਵਾ, ਹਾਰ-ਸ਼ਿੰਗਾਰ ਤੇ ਮਨੋਰੰਜਨ ਦੇ ਮਾਮਲੇ ਵਿਚ ਸਹੀ ਫ਼ੈਸਲੇ ਕਰ ਕੇ ਉਹ ਹੋਰਨਾਂ ਲਈ ਉੱਤਮ ਮਿਸਾਲ ਬਣਦੀਆਂ ਹਨ। ਇਸ ਤਰ੍ਹਾਂ ਉਹ ਕਲੀਸਿਯਾ ਵਿਚ ਆਪਣੀ ਭੂਮਿਕਾ ਨੂੰ ਅਨਮੋਲ ਸਮਝਦੀਆਂ ਹਨ।

15. ਇਕੱਲੇਪਣ ਨਾਲ ਸਿੱਝਣ ਲਈ ਕੁਆਰੀਆਂ ਭੈਣਾਂ ਕੀ ਕਰ ਸਕਦੀਆਂ ਹਨ?

15 ਕਦੇ-ਕਦੇ ਕੁਆਰੀਆਂ ਭੈਣਾਂ ਲਈ ਜਾਣਨਾ ਮੁਸ਼ਕਲ ਹੁੰਦਾ ਹੈ ਕਿ ਕਲੀਸਿਯਾ ਵਿਚ ਉਨ੍ਹਾਂ ਦੀ ਕੀ ਭੂਮਿਕਾ ਹੈ। ਇਕ ਭੈਣ, ਜਿਸ ਨੂੰ ਇੱਦਾਂ ਲੱਗਾ ਸੀ, ਨੇ ਕਿਹਾ: “ਕੁਆਰੀ ਹੋਣ ਕਰਕੇ ਕਦੇ-ਕਦੇ ਮੈਨੂੰ ਇਕੱਲਾਪਣ ਮਹਿਸੂਸ ਹੁੰਦਾ ਹੈ।” ਜਦ ਉਸ ਨੂੰ ਪੁੱਛਿਆ ਗਿਆ ਕਿ ਉਹ ਇਕੱਲੇਪਣ ਨਾਲ ਕਿਵੇਂ ਸਿੱਝਦੀ ਹੈ, ਤਾਂ ਉਸ ਨੇ ਕਿਹਾ: “ਪ੍ਰਾਰਥਨਾ ਤੇ ਸਟੱਡੀ ਕਰਨ ਨਾਲ ਮੈਂ ਖ਼ੁਦ ਨੂੰ ਦੁਬਾਰਾ ਕਲੀਸਿਯਾ ਦਾ ਜ਼ਰੂਰੀ ਹਿੱਸਾ ਸਮਝਣ ਲੱਗ ਪੈਂਦੀ ਹਾਂ। ਫਿਰ ਮੈਂ ਕਲੀਸਿਯਾ ਵਿਚ ਦੂਸਰਿਆਂ ਦੀ ਮਦਦ ਕਰਦੀ ਹਾਂ। ਇੱਦਾਂ ਕਰ ਕੇ ਮੈਂ ਆਪਣੇ ਬਾਰੇ ਹੀ ਨਹੀਂ ਸੋਚਦੀ ਰਹਿੰਦੀ।” ਜ਼ਬੂਰ 32:8 ਦੇ ਅਨੁਸਾਰ ਯਹੋਵਾਹ ਨੇ ਦਾਊਦ ਨੂੰ ਕਿਹਾ: “ਮੈਂ . . . ਤੇਰੇ ਉੱਤੇ ਨਿਗਾਹ ਰੱਖ ਕੇ ਤੈਨੂੰ ਸਲਾਹ ਦਿਆਂਗਾ।” ਜੀ ਹਾਂ, ਯਹੋਵਾਹ ਕੁਆਰੀਆਂ ਭੈਣਾਂ ਸਮੇਤ ਆਪਣੇ ਸਾਰੇ ਭਗਤਾਂ ਵਿਚ ਦਿਲਚਸਪੀ ਲੈਂਦਾ ਹੈ। ਉਹ ਸਾਰਿਆਂ ਦੀ ਮਦਦ ਕਰੇਗਾ ਤਾਂਕਿ ਸਾਰੇ ਜਣੇ ਕਲੀਸਿਯਾ ਵਿਚ ਆਪਣੀ ਭੂਮਿਕਾ ਨੂੰ ਸਮਝ ਸਕਣ।

ਜੋ ਕਰ ਸਕਦੇ ਹੋ ਕਰਦੇ ਰਹੋ!

16, 17. (ੳ) ਯਹੋਵਾਹ ਦੇ ਸੰਗਠਨ ਦਾ ਹਿੱਸਾ ਬਣਨ ਦੇ ਸੱਦੇ ਨੂੰ ਕਬੂਲ ਕਰਨਾ ਕਿਉਂ ਸਭ ਤੋਂ ਵਧੀਆ ਫ਼ੈਸਲਾ ਹੈ? (ਅ) ਅਸੀਂ ਯਹੋਵਾਹ ਦੇ ਸੰਗਠਨ ਵਿਚ ਆਪਣੀ ਜਗ੍ਹਾ ਕਿਵੇਂ ਬਣਾਈ ਰੱਖ ਸਕਦੇ ਹਾਂ?

16 ਯਹੋਵਾਹ ਨੇ ਪਿਆਰ ਨਾਲ ਹਰ ਸੇਵਕ ਨੂੰ ਆਪਣੇ ਵੱਲ ਖਿੱਚਿਆ ਹੈ ਤਾਂਕਿ ਉਹ ਉਸ ਨਾਲ ਰਿਸ਼ਤਾ ਕਾਇਮ ਕਰ ਸਕੇ। ਯਿਸੂ ਨੇ ਕਿਹਾ: “ਕੋਈ ਮੇਰੇ ਕੋਲ ਆ ਨਹੀਂ ਸੱਕਦਾ ਜੇ ਪਿਤਾ ਜਿਹ ਨੇ ਮੈਨੂੰ ਘੱਲਿਆ ਉਹ ਨੂੰ ਨਾ ਖਿੱਚੇ।” (ਯੂਹੰ. 6:44) ਧਰਤੀ ’ਤੇ ਅਰਬਾਂ ਲੋਕਾਂ ਵਿੱਚੋਂ ਯਹੋਵਾਹ ਨੇ ਸਾਨੂੰ ਆਪਣੀ ਕਲੀਸਿਯਾ ਦਾ ਹਿੱਸਾ ਬਣਨ ਦਾ ਖ਼ਾਸ ਸੱਦਾ ਦਿੱਤਾ ਹੈ। ਇਹ ਸੱਦਾ ਕਬੂਲ ਕਰ ਕੇ ਅਸੀਂ ਸਭ ਤੋਂ ਵਧੀਆ ਫ਼ੈਸਲਾ ਕੀਤਾ ਹੈ। ਸਾਨੂੰ ਜੀਣ ਦਾ ਮਕਸਦ ਮਿਲਿਆ ਹੈ ਅਤੇ ਸਾਨੂੰ ਖ਼ੁਸ਼ੀ ਤੇ ਸੰਤੁਸ਼ਟੀ ਮਿਲਦੀ ਹੈ ਕਿ ਕਲੀਸਿਯਾ ਵਿਚ ਸਾਡੀ ਇਕ ਜਗ੍ਹਾ ਹੈ!

17 ਜ਼ਬੂਰ ਨੇ ਕਿਹਾ: ‘ਹੇ ਯਹੋਵਾਹ, ਮੈਂ ਤੇਰੇ ਭਵਨ ਦੇ ਵਸੇਬਿਆਂ ਨਾਲ ਪ੍ਰੇਮ ਰੱਖਦਾ ਹਾਂ।’ ਉਸ ਨੇ ਇਹ ਵੀ ਗਾਇਆ: “ਮੇਰਾ ਪੈਰ ਪੱਧਰੇ ਥਾਂ ਉੱਤੇ ਟਿਕਿਆ ਹੋਇਆ ਹੈ, ਮੈਂ ਸੰਗਤਾਂ ਵਿੱਚ ਯਹੋਵਾਹ ਨੂੰ ਧੰਨ ਆਖਾਂਗਾ।” (ਜ਼ਬੂ. 26:8, 12) ਸੱਚੇ ਪਰਮੇਸ਼ੁਰ ਦੇ ਸੰਗਠਨ ਵਿਚ ਹਰ ਕਿਸੇ ਲਈ ਜਗ੍ਹਾ ਹੈ। ਉਸ ਦੇ ਸੰਗਠਨ ਵੱਲੋਂ ਮਿਲਦੀ ਸੇਧ ਅਨੁਸਾਰ ਚੱਲ ਕੇ ਅਤੇ ਉਸ ਦੀ ਸੇਵਾ ਵਿਚ ਰੁੱਝੇ ਰਹਿ ਕੇ ਅਸੀਂ ਆਪਣੀ ਇਹ ਜਗ੍ਹਾ ਬਣਾਈ ਰੱਖ ਸਕਦੇ ਹਾਂ।

ਕੀ ਤੁਹਾਨੂੰ ਯਾਦ ਹੈ?

• ਇਹ ਕਹਿਣਾ ਕਿਉਂ ਸਹੀ ਹੈ ਕਿ ਸਾਰੇ ਮਸੀਹੀਆਂ ਦੀ ਕਲੀਸਿਯਾ ਵਿਚ ਆਪੋ-ਆਪਣੀ ਭੂਮਿਕਾ ਹੈ?

• ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਪਰਮੇਸ਼ੁਰ ਦੇ ਸੰਗਠਨ ਵਿਚ ਆਪਣੀ ਭੂਮਿਕਾ ਨੂੰ ਅਹਿਮ ਸਮਝਦੇ ਹਾਂ?

• ਕਲੀਸਿਯਾ ਵਿਚ ਅਸੀਂ ਜੋ ਕਰਦੇ ਹਾਂ, ਉਸ ’ਤੇ ਕਿਨ੍ਹਾਂ ਗੱਲਾਂ ਦਾ ਅਸਰ ਪੈ ਸਕਦਾ ਹੈ?

• ਅੱਲ੍ਹੜ ਉਮਰ ਦੇ ਅਤੇ ਬਾਕੀ ਮਸੀਹੀ ਕਿਵੇਂ ਦਿਖਾ ਸਕਦੇ ਹਨ ਕਿ ਉਹ ਪਰਮੇਸ਼ੁਰ ਦੇ ਇੰਤਜ਼ਾਮ ਵਿਚ ਆਪਣੀ ਭੂਮਿਕਾ ਦੀ ਕਦਰ ਕਰਦੇ ਹਨ?

[ਸਵਾਲ]

[ਸਫ਼ਾ 16 ਉੱਤੇ ਤਸਵੀਰਾਂ]

ਕਲੀਸਿਯਾ ਵਿਚ ਭਰਾ ਜ਼ਿੰਮੇਵਾਰੀਆਂ ਲੈਣ ਦੇ ਕਾਬਲ ਕਿਵੇਂ ਬਣ ਸਕਦੇ ਹਨ?

[ਸਫ਼ਾ 17 ਉੱਤੇ ਤਸਵੀਰ]

ਭੈਣਾਂ ਕਿਵੇਂ ਦਿਖਾ ਸਕਦੀਆਂ ਹਨ ਕਿ ਉਹ ਕਲੀਸਿਯਾ ਵਿਚ ਆਪਣੀ ਭੂਮਿਕਾ ਦੀ ਕਦਰ ਕਰਦੀਆਂ ਹਨ?