ਪਰਮੇਸ਼ੁਰ ਵੱਲੋਂ ਮੁਕਤੀ ਦਾ ਜ਼ਰੀਆ—ਮਸੀਹਾ!
ਪਰਮੇਸ਼ੁਰ ਵੱਲੋਂ ਮੁਕਤੀ ਦਾ ਜ਼ਰੀਆ—ਮਸੀਹਾ!
“ਜਿਸ ਤਰਾਂ ਆਦਮ ਵਿੱਚ ਸੱਭੇ ਮਰਦੇ ਹਨ ਉਸੇ ਤਰਾਂ ਮਸੀਹ ਵਿੱਚ ਸੱਭੇ ਜੁਆਏ ਜਾਣਗੇ।”—1 ਕੁਰਿੰ. 15:22.
1, 2. (ੳ) ਯਿਸੂ ਨੂੰ ਮਿਲਣ ਤੇ ਅੰਦ੍ਰਿਯਾਸ ਅਤੇ ਫ਼ਿਲਿੱਪੁਸ ਨੇ ਕੀ ਕੀਤਾ? (ਅ) ਅਸੀਂ ਕਿਉਂ ਕਹਿ ਸਕਦੇ ਹਾਂ ਕਿ ਪਹਿਲੀ ਸਦੀ ਦੇ ਚੇਲਿਆਂ ਨਾਲੋਂ ਅੱਜ ਸਾਡੇ ਕੋਲ ਜ਼ਿਆਦਾ ਸਬੂਤ ਹਨ ਕਿ ਯਿਸੂ ਮਸੀਹਾ ਹੈ?
ਅੰਦ੍ਰਿਯਾਸ ਨੇ ਆਪਣੇ ਭਰਾ ਪਤਰਸ ਨੂੰ ਕਿਹਾ: ‘ਅਸਾਂ ਮਸੀਹ ਨੂੰ ਲੱਭ ਲਿਆ ਹੈ।’ ਅੰਦ੍ਰਿਯਾਸ ਨੂੰ ਪੂਰਾ ਯਕੀਨ ਸੀ ਕਿ ਪਰਮੇਸ਼ੁਰ ਨੇ ਨਾਸਰਤ ਦੇ ਯਿਸੂ ਨੂੰ ਮਸੀਹਾ ਵਜੋਂ ਚੁਣਿਆ ਸੀ। ਫ਼ਿਲਿੱਪੁਸ ਨੇ ਵੀ ਯਕੀਨ ਕੀਤਾ ਅਤੇ ਆਪਣੇ ਮਿੱਤਰ ਨਥਾਨਿਏਲ ਨੂੰ ਲੱਭ ਕੇ ਦੱਸਿਆ: “ਜਿਹ ਦੇ ਵਿਖੇ ਮੂਸਾ ਨੇ ਤੁਰੇਤ ਵਿੱਚ ਅਤੇ ਨਬੀਆਂ ਨੇ ਲਿਖਿਆ ਸੋ ਅਸਾਂ ਉਸ ਨੂੰ ਲੱਭ ਪਿਆ ਹੈ, ਉਹ ਯੂਸੁਫ਼ ਦਾ ਪੁੱਤ੍ਰ ਯਿਸੂ ਨਾਸਰਤ ਦਾ ਹੈ।”—ਯੂਹੰ. 1:40, 41, 45.
2 ਕੀ ਤੁਹਾਨੂੰ ਪੂਰਾ ਯਕੀਨ ਹੈ ਕਿ ਯਿਸੂ ਵਾਅਦਾ ਕੀਤਾ ਹੋਇਆ ਮਸੀਹਾ ਯਾਨੀ ‘ਮੁਕਤੀ ਦੇਣ ਵਾਲਾ ਆਗੂ’ ਹੈ ਜਿਸ ਨੂੰ ਯਹੋਵਾਹ ਨੇ ਚੁਣਿਆ ਹੈ? (ਇਬ. 2:10) ਯਿਸੂ ਨੂੰ ਮਸੀਹਾ ਮੰਨਣ ਦੇ ਅੱਜ ਸਾਡੇ ਕੋਲ ਪਹਿਲੀ ਸਦੀ ਦੇ ਚੇਲਿਆਂ ਨਾਲੋਂ ਜ਼ਿਆਦਾ ਸਬੂਤ ਹਨ। ਅੱਜ ਸਾਡੇ ਕੋਲ ਪਰਮੇਸ਼ੁਰ ਦਾ ਬਚਨ ਹੈ ਜਿਸ ਵਿਚ ਯਿਸੂ ਦੇ ਜਨਮ ਤੋਂ ਲੈ ਕੇ ਉਸ ਦੇ ਜੀ ਉੱਠਣ ਤਕ ਜਾਣਕਾਰੀ ਪਾਈ ਜਾਂਦੀ ਹੈ। ਇਹ ਜਾਣਕਾਰੀ ਠੋਸ ਸਬੂਤ ਹੈ ਕਿ ਉਹ ਮਸੀਹਾ ਸੀ। (ਯੂਹੰਨਾ 20:30, 31 ਪੜ੍ਹੋ।) ਬਾਈਬਲ ਇਹ ਵੀ ਦੱਸਦੀ ਹੈ ਕਿ ਯਿਸੂ ਸਵਰਗ ਤੋਂ ਮਸੀਹਾ ਵਜੋਂ ਆਪਣੀ ਭੂਮਿਕਾ ਨਿਭਾਉਂਦਾ ਰਹੇਗਾ। (ਯੂਹੰ. 6:40; 1 ਕੁਰਿੰਥੀਆਂ 15:22 ਪੜ੍ਹੋ।) ਅੱਜ ਬਾਈਬਲ ਤੋਂ ਸਿੱਖੀਆਂ ਗੱਲਾਂ ਕਰਕੇ ਤੁਸੀਂ ਵੀ ਕਹਿ ਸਕਦੇ ਹੋ ਕਿ ਤੁਸੀਂ ‘ਮਸੀਹ ਨੂੰ ਲੱਭ ਲਿਆ ਹੈ।’ ਪਰ ਪਹਿਲਾਂ ਆਓ ਦੇਖੀਏ ਕਿ ਮੁਢਲੇ ਚੇਲਿਆਂ ਨੇ ਕਿਵੇਂ ਸਹੀ ਸਿੱਟਾ ਕੱਢਿਆ ਸੀ ਕਿ ਉਨ੍ਹਾਂ ਨੇ ਮਸੀਹਾ ਲੱਭ ਲਿਆ ਸੀ।
ਮਸੀਹਾ ਦਾ “ਭੇਤ” ਹੌਲੀ-ਹੌਲੀ ਪ੍ਰਗਟ ਹੋਇਆ
3, 4. (ੳ) ਪਹਿਲੀ ਸਦੀ ਦੇ ਚੇਲਿਆਂ ਨੇ ਕਿਵੇਂ ‘ਮਸੀਹ ਨੂੰ ਲੱਭਿਆ’? (ਅ) ਤੁਸੀਂ ਕਿਉਂ ਕਹੋਗੇ ਕਿ ਸਿਰਫ਼ ਯਿਸੂ ਹੀ ਮਸੀਹਾ ਸੰਬੰਧੀ ਸਾਰੀਆਂ ਭਵਿੱਖਬਾਣੀਆਂ ਪੂਰੀਆਂ ਕਰ ਸਕਦਾ ਸੀ?
3 ਪਹਿਲੀ ਸਦੀ ਵਿਚ ਯਿਸੂ ਦੇ ਚੇਲੇ ਕਿਵੇਂ ਯਕੀਨ ਨਾਲ ਕਹਿ ਸਕੇ ਕਿ ਯਿਸੂ ਹੀ ਮਸੀਹਾ ਸੀ? ਨਬੀਆਂ ਦੇ ਰਾਹੀਂ ਯਹੋਵਾਹ ਨੇ ਹੌਲੀ-ਹੌਲੀ ਗੱਲਾਂ ਪ੍ਰਗਟ ਕੀਤੀਆਂ ਜਿਨ੍ਹਾਂ ਤੋਂ ਆਉਣ ਵਾਲੇ ਮਸੀਹਾ ਦੀ ਪਛਾਣ ਹੋਣੀ ਸੀ। ਇਹ ਗੱਲ ਸਮਝਾਉਣ ਲਈ ਬਾਈਬਲ ਦੇ ਇਕ ਵਿਦਵਾਨ ਨੇ ਬੁੱਤ ਦੀ ਮਿਸਾਲ ਦਿੱਤੀ ਜੋ ਸੰਗਮਰਮਰ ਦੇ ਵੱਖ-ਵੱਖ ਟੁਕੜਿਆਂ ਨੂੰ ਜੋੜ ਕੇ ਬਣਾਇਆ ਸੀ। ਜ਼ਰਾ ਕਲਪਨਾ ਕਰੋ ਕਿ ਕਈ ਆਦਮੀ ਇਕ ਕਮਰੇ ਵਿਚ ਇਕੱਠੇ ਹੁੰਦੇ ਹਨ ਜਿਨ੍ਹਾਂ ਨੇ ਪਹਿਲਾਂ ਕਦੇ ਇਕ-ਦੂਜੇ ਨਾਲ ਗੱਲ ਨਹੀਂ ਕੀਤੀ। ਉਹ ਸੰਗਮਰਮਰ ਦਾ ਇਕ-ਇਕ ਟੁਕੜਾ ਲੈ ਕੇ ਆਉਂਦੇ ਹਨ। ਜੇ ਇਨ੍ਹਾਂ ਟੁਕੜਿਆਂ ਨੂੰ ਜੋੜ ਕੇ ਇਕ ਪੂਰਾ ਬੁੱਤ ਬਣ ਜਾਵੇ, ਤਾਂ ਤੁਸੀਂ ਇਹੋ ਸਿੱਟਾ ਕੱਢੋਗੇ ਕਿ ਕਿਸੇ ਨੇ ਇਨ੍ਹਾਂ ਟੁਕੜਿਆਂ ਨੂੰ ਡੀਜ਼ਾਈਨ ਕੀਤਾ ਅਤੇ ਇਕ-ਇਕ ਟੁਕੜਾ ਇਨ੍ਹਾਂ ਸਾਰੇ ਆਦਮੀਆਂ ਨੂੰ ਭੇਜ ਦਿੱਤਾ। ਇਕ-ਇਕ ਟੁਕੜੇ ਦੀ ਤਰ੍ਹਾਂ, ਮਸੀਹਾ ਸੰਬੰਧੀ ਕੀਤੀ ਹਰ ਭਵਿੱਖਬਾਣੀ ਉਸ ਬਾਰੇ ਕੁਝ ਖ਼ਾਸ ਜਾਣਕਾਰੀ ਦਿੰਦੀ ਹੈ।
4 ਤਾਂ ਫਿਰ ਕੀ ਮੁਮਕਿਨ ਹੋ ਸਕਦਾ ਹੈ ਕਿ ਮਸੀਹਾ ਬਾਰੇ ਕੀਤੀਆਂ ਸਾਰੀਆਂ ਭਵਿੱਖਬਾਣੀਆਂ ਇਤਫ਼ਾਕ ਨਾਲ ਇੱਕੋ ਵਿਅਕਤੀ ’ਤੇ ਪੂਰੀਆਂ ਹੋ ਸਕਦੀਆਂ ਸਨ? ਧਿਆਨ ਦਿਓ ਕਿ ਇਕ ਹੋਰ ਖੋਜਕਾਰ ਨੇ ਕਿਹਾ ਕਿ ਇਹ ਬਿਲਕੁਲ ਨਾਮੁਮਕਿਨ ਹੈ ਕਿ ਕੋਈ ਇਕ ਜਣਾ ਇਤਫ਼ਾਕ ਨਾਲ ਮਸੀਹਾ ਬਾਰੇ ਸਾਰੀਆਂ ਭਵਿੱਖਬਾਣੀਆਂ ਪੂਰੀਆਂ ਕਰ ਸਕਦਾ ਸੀ! ਇੱਦਾਂ ਹੋ ਹੀ ਨਹੀਂ ਸਕਦਾ। “ਇਤਿਹਾਸ ਦੌਰਾਨ ਸਿਰਫ਼ ਯਿਸੂ ਹੀ ਇਨ੍ਹਾਂ ਭਵਿੱਖਬਾਣੀਆਂ ਨੂੰ ਪੂਰਾ ਕਰ ਸਕਿਆ।”
5, 6. (ੳ) ਸ਼ਤਾਨ ਨੂੰ ਸਜ਼ਾ ਕਿਵੇਂ ਦਿੱਤੀ ਜਾਵੇਗੀ? (ਅ) ਪਰਮੇਸ਼ੁਰ ਨੇ ਕਿਵੇਂ ਹੌਲੀ-ਹੌਲੀ ਜ਼ਾਹਰ ਕੀਤਾ ਕਿ ਵਾਅਦਾ ਕੀਤੀ ਹੋਈ “ਸੰਤਾਨ” ਕਿਸ ਖ਼ਾਨਦਾਨ ਵਿੱਚੋਂ ਆਵੇਗੀ?
5 ਮਸੀਹਾ ਬਾਰੇ ਭਵਿੱਖਬਾਣੀਆਂ ਨੇ ਇਕ “ਭੇਤ” ਵੱਲ ਧਿਆਨ ਖਿੱਚਿਆ ਜਿਸ ਵਿਚ ਸਾਰੇ ਵਿਸ਼ਵ ਨਾਲ ਸੰਬੰਧਿਤ ਜ਼ਰੂਰੀ ਗੱਲਾਂ ਸ਼ਾਮਲ ਹਨ। (ਕੁਲੁ. 1:26, 27; ਉਤ. 3:15) ਉਸ ਭੇਤ ਦੀ ਇਕ ਗੱਲ ਸੀ ਕਿ ‘ਪੁਰਾਣੇ ਸੱਪ’ ਸ਼ਤਾਨ ਨੂੰ ਸਜ਼ਾ ਦਿੱਤੀ ਜਾਵੇਗੀ ਜਿਸ ਨੇ ਸਾਰੀ ਮਨੁੱਖਜਾਤੀ ਨੂੰ ਪਾਪ ਤੇ ਮੌਤ ਦੀ ਗ਼ੁਲਾਮ ਬਣਾਇਆ ਹੈ। (ਪਰ. 12:9) ਪਰ ਉਸ ਨੂੰ ਸਜ਼ਾ ਕਿਵੇਂ ਦਿੱਤੀ ਜਾਵੇਗੀ? ਯਹੋਵਾਹ ਨੇ ਦੱਸਿਆ ਕਿ ਇਕ “ਤੀਵੀਂ” ਤੋਂ “ਸੰਤਾਨ” ਪੈਦਾ ਹੋਵੇਗੀ ਜੋ ਸ਼ਤਾਨ ਦੇ ਸਿਰ ਨੂੰ ਫੇਵੇਗੀ। ਇਹ “ਸੰਤਾਨ” ਸੱਪ ਦੇ ਸਿਰ ਨੂੰ ਮਸਲ ਕੇ ਬਗਾਵਤ, ਬੀਮਾਰੀ ਤੇ ਮੌਤ ਦੀ ਜੜ੍ਹ ਨੂੰ ਖ਼ਤਮ ਕਰ ਦੇਵੇਗੀ। ਲੇਕਿਨ ਯਹੋਵਾਹ ਦੀ ਇਜਾਜ਼ਤ ਨਾਲ ਸ਼ਤਾਨ ਪਹਿਲਾਂ ਤੀਵੀਂ ਦੀ “ਸੰਤਾਨ” ਦੀ ਅੱਡੀ ਨੂੰ ਡੰਗ ਮਾਰੇਗਾ।
6 ਯਹੋਵਾਹ ਨੇ ਹੌਲੀ-ਹੌਲੀ ਜ਼ਾਹਰ ਕੀਤਾ ਕਿ ਇਹ “ਸੰਤਾਨ” ਕੌਣ ਹੋਵੇਗੀ। ਪਰਮੇਸ਼ੁਰ ਨੇ ਅਬਰਾਹਾਮ ਅੱਗੇ ਇਹ ਸੌਂਹ ਖਾਧੀ: “ਤੇਰੀ ਅੰਸ ਵਿੱਚ ਧਰਤੀ ਦੀਆਂ ਸਾਰੀਆਂ ਕੌਮਾਂ ਬਰਕਤ ਪਾਉਣਗੀਆਂ।” (ਉਤ. 22:18) ਮੂਸਾ ਨੇ ਭਵਿੱਖਬਾਣੀ ਕੀਤੀ ਕਿ ਇਹ ਸੰਤਾਨ ਇਕ “ਨਬੀ” ਹੋਵੇਗਾ ਜੋ ਮੂਸਾ ਨਾਲੋਂ ਮਹਾਨ ਹੋਵੇਗਾ। (ਬਿਵ. 18:18, 19) ਪਰਮੇਸ਼ੁਰ ਨੇ ਦਾਊਦ ਨੂੰ ਭਰੋਸਾ ਦਿਵਾਇਆ ਕਿ ਮਸੀਹਾ ਉਸ ਦੇ ਘਰਾਣੇ ਵਿਚ ਪੈਦਾ ਹੋਵੇਗਾ ਅਤੇ ਉਸ ਦੇ ਸਿੰਘਾਸਣ ’ਤੇ ਬੈਠ ਕੇ ਸਦਾ ਲਈ ਰਾਜ ਕਰੇਗਾ। ਬਾਅਦ ਵਿਚ ਇਹ ਗੱਲ ਨਬੀਆਂ ਨੇ ਵੀ ਸਹੀ ਠਹਿਰਾਈ।—2 ਸਮੂ. 7:12, 16; ਯਿਰ. 23:5, 6.
ਯਿਸੂ ਦੇ ਮਸੀਹਾ ਹੋਣ ਦਾ ਸਬੂਤ
7. ਕਿਸ ਤਰੀਕੇ ਨਾਲ ਯਿਸੂ ਪਰਮੇਸ਼ੁਰ ਦੀ “ਤੀਵੀਂ” ਤੋਂ ਆਇਆ ਸੀ?
7 ਪਰਮੇਸ਼ੁਰ ਨੇ ਆਪਣੀ ਪਹਿਲੀ ਸ੍ਰਿਸ਼ਟੀ ਯਾਨੀ ਆਪਣੇ ਪੁੱਤਰ ਨੂੰ ਧਰਤੀ ਉੱਤੇ ਭੇਜਿਆ। ਉਹੀ ਵਾਅਦਾ ਕੀਤੀ ਹੋਈ “ਸੰਤਾਨ” ਸੀ ਜੋ ਯਹੋਵਾਹ ਦੇ ਸਵਰਗੀ ਸੰਗਠਨ ਵਿੱਚੋਂ ਆਇਆ ਸੀ। ਦੂਤਾਂ ਨਾਲ ਬਣਿਆ ਇਹ ਸੰਗਠਨ ਯਹੋਵਾਹ ਦੀ ਪਤਨੀ ਦੀ ਤਰ੍ਹਾਂ ਹੈ। “ਸੰਤਾਨ” ਵਜੋਂ ਪਰਮੇਸ਼ੁਰ ਦੇ ਇਕਲੌਤੇ ਪੁੱਤਰ ਨੂੰ ਸਵਰਗੀ ਜ਼ਿੰਦਗੀ ਤੋਂ “ਸੱਖਣਾ” ਹੋਣ ਅਤੇ ਮੁਕੰਮਲ ਮਨੁੱਖ ਦੇ ਰੂਪ ਵਿਚ ਜਨਮ ਲੈਣ ਦੀ ਲੋੜ ਸੀ। (ਫ਼ਿਲਿ. 2:5-7; ਯੂਹੰ. 1:14) ਮਰਿਯਮ ਉੱਤੇ ਪਵਿੱਤਰ ਸ਼ਕਤੀ ਦੀ “ਛਾਇਆ” ਇਸ ਗੱਲ ਦੀ ਗਾਰੰਟੀ ਸੀ ਕਿ ਜੋ ਪੁੱਤਰ ਉਸ ਦੇ ਹੋਵੇਗਾ, “ਉਹ ਪਵਿੱਤ੍ਰ ਅਤੇ ਪਰਮੇਸ਼ੁਰ ਦਾ ਪੁੱਤ੍ਰ ਕਹਾਵੇਗਾ।”—ਲੂਕਾ 1:35.
8. ਯਿਸੂ ਨੇ ਬਪਤਿਸਮਾ ਲੈਣ ਵੇਲੇ ਮਸੀਹਾ ਬਾਰੇ ਭਵਿੱਖਬਾਣੀ ਕਿਵੇਂ ਪੂਰੀ ਕੀਤੀ?
8 ਮਸੀਹਾ ਬਾਰੇ ਭਵਿੱਖਬਾਣੀਆਂ ਤੋਂ ਪਤਾ ਲੱਗਾ ਕਿ ਯਿਸੂ ਕਿੱਥੇ ਤੇ ਕਦੋਂ ਪ੍ਰਗਟ ਹੋਵੇਗਾ। ਪਹਿਲਾਂ ਹੀ ਦੱਸਿਆ ਗਿਆ ਸੀ ਕਿ ਯਿਸੂ ਨੇ ਬੈਤਲਹਮ ਵਿਚ ਜਨਮ ਲੈਣਾ ਸੀ। (ਮੀਕਾ. 5:2) ਪਹਿਲੀ ਸਦੀ ਵਿਚ ਯਹੂਦੀਆਂ ਨੇ ਮਸੀਹਾ ਦੇ ਪ੍ਰਗਟ ਹੋਣ ਬਾਰੇ ਬੜੀਆਂ ਉੱਚੀਆਂ-ਉੱਚੀਆਂ ਉਮੀਦਾਂ ਲਾ ਰੱਖੀਆਂ ਸਨ। ਇਸ ਲਈ ਕੁਝ ਯਹੂਦੀਆਂ ਨੇ ਯੂਹੰਨਾ ਬਪਤਿਸਮਾ ਦੇਣ ਵਾਲੇ ਬਾਰੇ ਪੁੱਛਿਆ: “ਭਈ ਕਿਤੇ ਇਹੋ ਮਸੀਹ ਨਾ ਹੋਵੇ?” ਪਰ ਯੂਹੰਨਾ ਨੇ ਜਵਾਬ ਦਿੱਤਾ: “ਇੱਕ ਮੈਥੋਂ ਬਲਵੰਤ ਆਉਂਦਾ ਹੈ।” (ਲੂਕਾ 3:15, 16) 29 ਈਸਵੀ ਦੀ ਪਤਝੜ ਵਿਚ 30 ਸਾਲਾਂ ਦੀ ਉਮਰ ਵਿਚ ਯਿਸੂ ਯੂਹੰਨਾ ਕੋਲ ਬਪਤਿਸਮਾ ਲੈਣ ਆਇਆ। ਇਸ ਤਰ੍ਹਾਂ ਉਹ ਮਸੀਹਾ ਵਜੋਂ ਐਨ ਸਹੀ ਵਕਤ ਤੇ ਪ੍ਰਗਟ ਹੋਇਆ। (ਦਾਨੀ. 9:25) ਫਿਰ ਉਸ ਨੇ ਵਧ-ਚੜ੍ਹ ਕੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਅਤੇ ਕਿਹਾ: “ਸਮਾ ਪੂਰਾ ਹੋਇਆ ਅਤੇ ਪਰਮੇਸ਼ੁਰ ਦਾ ਰਾਜ ਨੇੜੇ ਆ ਗਿਆ ਹੈ।”—ਮਰ. 1:14, 15.
9. ਭਾਵੇਂ ਯਿਸੂ ਦੇ ਚੇਲਿਆਂ ਨੂੰ ਪੂਰੀ ਜਾਣਕਾਰੀ ਨਹੀਂ ਸੀ, ਫਿਰ ਵੀ ਉਹ ਕਿਹੜਾ ਪੱਕਾ ਵਿਸ਼ਵਾਸ ਰੱਖਦੇ ਸੀ?
9 ਲੋਕਾਂ ਨੂੰ ਆਪਣੀਆਂ ਉਮੀਦਾਂ ਨੂੰ ਥੋੜ੍ਹਾ ਬਦਲਣ ਦੀ ਲੋੜ ਸੀ। ਇਹ ਤਾਂ ਠੀਕ ਹੈ ਕਿ ਲੋਕਾਂ ਨੇ ਯਿਸੂ ਨੂੰ ਰਾਜੇ ਵਜੋਂ ਵਡਿਆਇਆ ਸੀ, ਪਰ ਉਨ੍ਹਾਂ ਨੂੰ ਬਾਅਦ ਵਿਚ ਪਤਾ ਲੱਗਣਾ ਸੀ ਕਿ ਉਸ ਨੇ ਭਵਿੱਖ ਵਿਚ ਸਵਰਗੋਂ ਰਾਜ ਕਰਨਾ ਸੀ। (ਯੂਹੰ. 12:12-16; 16:12, 13; ਰਸੂ. 2:32-36) ਫਿਰ ਵੀ ਯਿਸੂ ਨੇ ਪੁੱਛਿਆ: “ਤੁਸੀਂ ਮੈਨੂੰ ਕੀ ਕਹਿੰਦੇ ਹੋ ਜੋ ਮੈਂ ਕੌਣ ਹਾਂ?” ਪਤਰਸ ਨੇ ਬੇਝਿਜਕ ਹੋ ਕੇ ਜਵਾਬ ਦਿੱਤਾ: “ਤੂੰ ਮਸੀਹ ਜੀਉਂਦੇ ਪਰਮੇਸ਼ੁਰ ਦਾ ਪੁੱਤ੍ਰ ਹੈਂ।” (ਮੱਤੀ 16:13-16) ਪਤਰਸ ਨੇ ਬਾਅਦ ਵਿਚ ਵੀ ਇਸੇ ਤਰ੍ਹਾਂ ਦਾ ਜਵਾਬ ਦਿੱਤਾ ਸੀ ਜਦੋਂ ਕਈ ਚੇਲੇ ਯਿਸੂ ਦੀ ਇਕ ਸਿੱਖਿਆ ਤੋਂ ਠੋਕਰ ਖਾ ਕੇ ਚਲੇ ਗਏ ਸਨ।—ਯੂਹੰਨਾ 6:68, 69 ਪੜ੍ਹੋ।
ਮਸੀਹਾ ਦੀ ਸੁਣੋ
10. ਯਹੋਵਾਹ ਨੇ ਕਿਉਂ ਇਸ ਲੋੜ ’ਤੇ ਜ਼ੋਰ ਦਿੱਤਾ ਕਿ ਅਸੀਂ ਉਸ ਦੇ ਪੁੱਤਰ ਦੀ ਸੁਣੀਏ?
10 ਪਰਮੇਸ਼ੁਰ ਦਾ ਇਕਲੌਤਾ ਪੁੱਤਰ ਸਵਰਗ ਵਿਚ ਇਕ ਸ਼ਕਤੀਸ਼ਾਲੀ ਦੂਤ ਹੁੰਦਾ ਸੀ। ਯਿਸੂ ਧਰਤੀ ’ਤੇ “ਪਿਤਾ ਦੀ ਵੱਲੋਂ ਆਇਆ” ਸੀ। (ਯੂਹੰ. 16:27, 28) ਉਸ ਨੇ ਕਿਹਾ: “ਮੇਰੀ ਸਿੱਖਿਆ ਮੇਰੀ ਆਪਣੀ ਨਹੀਂ ਸਗੋਂ ਉਹ ਦੀ ਹੈ ਜਿਨ੍ਹ ਮੈਨੂੰ ਘੱਲਿਆ।” (ਯੂਹੰ. 7:16) ਜਦੋਂ ਇਕ ਦਰਸ਼ਣ ਵਿਚ ਯਿਸੂ ਦਾ ਰੂਪ ਬਦਲ ਗਿਆ ਸੀ, ਤਾਂ ਉਸ ਵੇਲੇ ਯਹੋਵਾਹ ਨੇ ਉਸ ਦੇ ਮਸੀਹਾ ਹੋਣ ਦਾ ਸਬੂਤ ਦਿੰਦੇ ਹੋਏ ਹੁਕਮ ਦਿੱਤਾ: “ਇਹ ਦੀ ਸੁਣੋ।” (ਲੂਕਾ 9:35) ਜੀ ਹਾਂ, ਇਸ ਚੁਣੇ ਹੋਏ ਮਸੀਹਾ ਦੀ ਸੁਣੋ ਅਤੇ ਆਗਿਆ ਮੰਨੋ। ਇਸ ਤਰ੍ਹਾਂ ਕਰਨ ਲਈ ਸਾਨੂੰ ਨਿਹਚਾ ਅਤੇ ਚੰਗੇ ਕੰਮ ਕਰਨ ਦੀ ਲੋੜ ਹੈ ਜਿਨ੍ਹਾਂ ਤੋਂ ਪਰਮੇਸ਼ੁਰ ਖ਼ੁਸ਼ ਹੁੰਦਾ ਹੈ ਤੇ ਸਾਨੂੰ ਸਦਾ ਦੀ ਜ਼ਿੰਦਗੀ ਵੀ ਮਿਲ ਸਕਦੀ ਹੈ।—ਯੂਹੰ. 3:16, 35, 36.
11, 12. (ੳ) ਕਿਨ੍ਹਾਂ ਕਾਰਨਾਂ ਕਰਕੇ ਪਹਿਲੀ ਸਦੀ ਦੇ ਯਹੂਦੀਆਂ ਨੇ ਯਿਸੂ ਨੂੰ ਮਸੀਹਾ ਨਹੀਂ ਮੰਨਿਆ? (ਅ) ਕਿਨ੍ਹਾਂ ਨੇ ਯਿਸੂ ਉੱਤੇ ਨਿਹਚਾ ਕੀਤੀ?
11 ਭਾਵੇਂ ਕਿ ਯਿਸੂ ਨੇ ਮਸੀਹਾ ਹੋਣ ਦੇ ਕਈ ਸਬੂਤ ਦਿੱਤੇ ਸਨ, ਪਰ ਪਹਿਲੀ ਸਦੀ ਦੇ ਜ਼ਿਆਦਾਤਰ ਯਹੂਦੀਆਂ ਨੇ ਉਸ ਨੂੰ ਮਸੀਹਾ ਮੰਨਣ ਤੋਂ ਇਨਕਾਰ ਕਰ ਦਿੱਤਾ। ਕਿਉਂ? ਕਿਉਂਕਿ ਮਸੀਹਾ ਬਾਰੇ ਉਨ੍ਹਾਂ ਦੇ ਆਪਣੇ ਹੀ ਵਿਚਾਰ ਸਨ। ਉਹ ਮੰਨਦੇ ਸਨ ਕਿ ਮਸੀਹਾ ਕੋਈ ਨੇਤਾ ਹੋਵੇਗਾ ਜੋ ਉਨ੍ਹਾਂ ਨੂੰ ਅਤਿਆਚਾਰੀ ਰੋਮੀਆਂ ਦੇ ਹੱਥੋਂ ਛੁਡਾਵੇਗਾ। (ਯੂਹੰਨਾ 12:34 ਪੜ੍ਹੋ।) ਇਸ ਲਈ ਉਹ ਉਸ ਬੰਦੇ ਨੂੰ ਮਸੀਹਾ ਮੰਨ ਹੀ ਨਹੀਂ ਸੀ ਸਕਦੇ ਜਿਸ ਨੂੰ ਭਵਿੱਖਬਾਣੀਆਂ ਅਨੁਸਾਰ ਤੁੱਛ ਸਮਝਿਆ ਜਾਣਾ ਸੀ, ਮਨੁੱਖਾਂ ਵੱਲੋਂ ਤਿਆਗਿਆ ਜਾਣਾ ਸੀ, ਦੁੱਖ ਝੱਲਣੇ ਸਨ, ਸੋਗ ਜਾਂ ਰੋਗਾਂ ਤੋਂ ਜਾਣੂ ਹੋਣਾ ਸੀ ਅਤੇ ਅਖ਼ੀਰ ਵਿਚ ਮਾਰਿਆ ਜਾਣਾ ਸੀ। (ਯਸਾ. 53:3, 5) ਯਿਸੂ ਦੇ ਕੁਝ ਵਫ਼ਾਦਾਰ ਚੇਲੇ ਵੀ ਇਹ ਸੋਚ ਕੇ ਨਿਰਾਸ਼ ਹੋ ਗਏ ਸਨ ਕਿ ਉਸ ਨੇ ਲੋਕਾਂ ਨੂੰ ਰੋਮੀਆਂ ਤੋਂ ਛੁਡਾਇਆ ਨਹੀਂ। ਫਿਰ ਵੀ ਉਹ ਵਫ਼ਾਦਾਰ ਰਹੇ ਅਤੇ ਸਮੇਂ ਦੇ ਬੀਤਣ ਨਾਲ ਉਨ੍ਹਾਂ ਨੂੰ ਗੱਲਾਂ ਦੀ ਸਹੀ ਸਮਝ ਦਿੱਤੀ ਗਈ।—ਲੂਕਾ 24:21.
12 ਇਕ ਹੋਰ ਕਾਰਨ ਕਰਕੇ ਵੀ ਉਨ੍ਹਾਂ ਨੇ ਯਿਸੂ ਨੂੰ ਵਾਅਦਾ ਕੀਤਾ ਹੋਇਆ ਮਸੀਹਾ ਨਹੀਂ ਮੰਨਿਆ। ਉਹ ਸੀ ਉਸ ਦੀਆਂ ਸਿੱਖਿਆਵਾਂ ਜੋ ਬਹੁਤੇ ਲੋਕਾਂ ਨੂੰ ਕਬੂਲਣੀਆਂ ਔਖੀਆਂ ਲੱਗਦੀਆਂ ਸਨ। ਜੇ ਉਨ੍ਹਾਂ ਨੇ ਰਾਜ ਵਿਚ ਵੜਨਾ ਸੀ, ਤਾਂ ਉਨ੍ਹਾਂ ਨੂੰ ‘ਆਪਣੇ ਆਪ ਦਾ ਇਨਕਾਰ ਕਰਨ,’ ਯਿਸੂ ਦਾ ਮਾਸ ‘ਖਾਣ’ ਅਤੇ ਲਹੂ ‘ਪੀਣ,’ ‘ਨਵੇਂ ਸਿਰਿਓਂ ਜੰਮਣ’ ਅਤੇ ‘ਜਗਤ ਦੇ ਨਾ ਹੋਣ’ ਦੀ ਲੋੜ ਸੀ। (ਮਰ. 8:34; ਯੂਹੰ. 3:3; 6:53; 17:14, 16) ਘਮੰਡੀਆਂ, ਅਮੀਰਾਂ ਅਤੇ ਪਖੰਡੀਆਂ ਨੂੰ ਇਹ ਮੰਗਾਂ ਪੂਰੀਆਂ ਕਰਨੀਆਂ ਬਹੁਤ ਔਖੀਆਂ ਲੱਗਦੀਆਂ ਸਨ। ਪਰ ਨਿਮਰ ਯਹੂਦੀਆਂ ਨੇ ਯਿਸੂ ਨੂੰ ਮਸੀਹਾ ਮੰਨ ਲਿਆ ਸੀ। ਕੁਝ ਸਾਮਰੀ ਲੋਕਾਂ ਨੇ ਵੀ ਉਸ ਨੂੰ ਮਸੀਹਾ ਮੰਨਿਆ ਜਿਨ੍ਹਾਂ ਨੇ ਕਿਹਾ: “ਇਹ ਠੀਕ ਜਗਤ ਦਾ ਤਾਰਨਹਾਰਾ ਹੈ।”—ਯੂਹੰ. 4:25, 26, 41, 42; 7:31.
13. ਯਿਸੂ ਦੀ ਅੱਡੀ ਨੂੰ ਇਕ ਤਰ੍ਹਾਂ ਦਾ ਡੰਗ ਕਿਵੇਂ ਵੱਜਾ?
13 ਯਿਸੂ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਪ੍ਰਧਾਨ ਜਾਜਕ ਉਸ ਦੀ ਨਿੰਦਿਆ ਕਰਨਗੇ ਅਤੇ ਪਰਾਈਆਂ ਕੌਮਾਂ ਦੇ ਲੋਕ ਉਸ ਨੂੰ ਸਲੀਬ ਉੱਤੇ ਚਾੜ੍ਹਨਗੇ, ਪਰ ਤੀਜੇ ਦਿਨ ਉਹ ਜੀ ਉੱਠੇਗਾ। (ਮੱਤੀ 20:17-19) ਜਦ ਉਸ ਨੇ ਮਹਾਸਭਾ ਦੇ ਸਾਮ੍ਹਣੇ ਕਬੂਲਿਆ ਕਿ ਉਹ “ਮਸੀਹ ਪਰਮੇਸ਼ੁਰ ਦਾ ਪੁੱਤ੍ਰ” ਸੀ, ਤਾਂ ਉਸ ਉੱਤੇ ਕੁਫ਼ਰ ਬਕਣ ਦਾ ਦੋਸ਼ ਲਾਇਆ ਗਿਆ। (ਮੱਤੀ 26:63-66) ਪਿਲਾਤੁਸ ਨੂੰ ਯਿਸੂ ਵਿਚ “ਕਤਲ ਦੇ ਲਾਇਕ ਕੋਈ ਔਗੁਣ ਨਹੀਂ” ਲੱਭਾ। ਪਰ ਯਹੂਦੀਆਂ ਨੇ ਉਸ ਉੱਤੇ ਵਿਦਰੋਹ ਕਰਨ ਦਾ ਦੋਸ਼ ਲਾਇਆ ਸੀ ਜਿਸ ਕਰਕੇ ਪਿਲਾਤੁਸ ਨੇ ਯਿਸੂ ਨੂੰ ਉਨ੍ਹਾਂ ਦੀ ਮਰਜ਼ੀ ਅਨੁਸਾਰ ਉਨ੍ਹਾਂ ਦੇ ਹਵਾਲੇ ਕਰ ਦਿੱਤਾ। (ਲੂਕਾ 23:13-15, 25) ਇਸ ਤਰ੍ਹਾਂ ਉਨ੍ਹਾਂ ਨੇ ਉਸ ਦਾ “ਇਨਕਾਰ ਕੀਤਾ” ਅਤੇ “ਜੀਉਣ ਦੇ ਕਰਤਾ” ਨੂੰ ਮਾਰਨ ਦੀ ਸਕੀਮ ਘੜੀ, ਭਾਵੇਂ ਕਿ ਉਨ੍ਹਾਂ ਨੂੰ ਕਾਫ਼ੀ ਸਾਰਾ ਸਬੂਤ ਮਿਲ ਗਿਆ ਸੀ ਕਿ ਪਰਮੇਸ਼ੁਰ ਨੇ ਯਿਸੂ ਨੂੰ ਭੇਜਿਆ ਸੀ। (ਰਸੂ. 3:13-15) ਸੋ ਭਵਿੱਖਬਾਣੀ ਅਨੁਸਾਰ ਮਸੀਹਾ ਨੂੰ “ਵੱਢਿਆ” ਗਿਆ ਯਾਨੀ ਉਸ ਨੂੰ 33 ਈਸਵੀ ਨੂੰ ਪਸਾਹ ਦੇ ਦਿਨ ਸਲੀਬ ਉੱਤੇ ਚਾੜ੍ਹ ਦਿੱਤਾ ਗਿਆ। (ਦਾਨੀ. 9:26, 27; ਰਸੂ. 2:22, 23) ਉਸ ਨੂੰ ਬੇਰਹਿਮੀ ਨਾਲ ਮਾਰਿਆ ਗਿਆ। ਇਸ ਤਰ੍ਹਾਂ ਉਸ ਦੀ “ਅੱਡੀ” ਨੂੰ ਇਕ ਤਰ੍ਹਾਂ ਦਾ ਡੰਗ ਵੱਜਾ ਜਿਸ ਬਾਰੇ ਉਤਪਤ 3:15 ਵਿਚ ਦੱਸਿਆ ਗਿਆ ਸੀ।
ਮਸੀਹ ਨੂੰ ਕਿਉਂ ਮਰਨਾ ਪਿਆ
14, 15. (ੳ) ਯਹੋਵਾਹ ਨੇ ਕਿਨ੍ਹਾਂ ਦੋ ਕਾਰਨਾਂ ਕਰਕੇ ਯਿਸੂ ਨੂੰ ਮੌਤ ਗਲੇ ਲਗਾਉਣ ਦਿੱਤੀ? (ਅ) ਯਿਸੂ ਨੇ ਜ਼ਿੰਦਾ ਹੋਣ ਤੋਂ ਬਾਅਦ ਕੀ ਕੀਤਾ?
14 ਯਹੋਵਾਹ ਨੇ ਦੋ ਜ਼ਰੂਰੀ ਕਾਰਨਾਂ ਕਰਕੇ ਯਿਸੂ ਨੂੰ ਮੌਤ ਗਲੇ ਲਗਾਉਣ ਦਿੱਤੀ। ਪਹਿਲਾ, ਮੌਤ ਤਕ ਵਫ਼ਾਦਾਰ ਰਹਿ ਕੇ ਯਿਸੂ ਨੇ “ਭੇਤ” ਵਿਚਲੀ ਇਕ ਜ਼ਰੂਰੀ ਗੱਲ ਸਾਬਤ ਕੀਤੀ। ਉਸ ਨੇ ਪੂਰੀ ਤਰ੍ਹਾਂ ਸਾਬਤ ਕਰ ਦਿੱਤਾ ਕਿ ਮੁਕੰਮਲ ਇਨਸਾਨ ਪਰਮੇਸ਼ੁਰ ਦੀ “ਭਗਤੀ” ਕਰਦਾ ਰਹਿ ਸਕਦਾ ਹੈ ਅਤੇ ਉਸ ਦੀ ਹਕੂਮਤ ਦਾ ਪੱਖ ਲੈ ਸਕਦਾ ਹੈ, ਭਾਵੇਂ ਸ਼ਤਾਨ ਜਿੰਨੀਆਂ ਮਰਜ਼ੀ ਔਖੀਆਂ 1 ਤਿਮੋ. 3:16) ਦੂਜਾ, ਯਿਸੂ ਨੇ ਕਿਹਾ ਸੀ: “ਮਨੁੱਖ ਦਾ ਪੁੱਤ੍ਰ . . . ਬਹੁਤਿਆਂ ਦੇ ਥਾਂ ਨਿਸਤਾਰੇ ਦਾ ਮੁੱਲ ਭਰਨ ਨੂੰ ਆਪਣੀ ਜਾਨ ਦੇਣ ਆਇਆ।” (ਮੱਤੀ 20:28) ਇਹ ਕੁਰਬਾਨੀ ਦੇ ਕੇ ਉਸ ਨੇ ਆਦਮ ਤੋਂ ਮਿਲੇ ਪਾਪ ਤੋਂ ਛੁਟਕਾਰੇ ਦੀ ਕੀਮਤ ਚੁਕਾਈ। ਨਾਲੇ ਇਸ ਕੁਰਬਾਨੀ ਨਾਲ ਉਨ੍ਹਾਂ ਸਾਰਿਆਂ ਲਈ ਸਦਾ ਦੀ ਜ਼ਿੰਦਗੀ ਪਾਉਣ ਦਾ ਰਾਹ ਖੁੱਲ੍ਹ ਗਿਆ ਜਿਹੜੇ ਮੰਨਦੇ ਹਨ ਕਿ ਪਰਮੇਸ਼ੁਰ ਉਨ੍ਹਾਂ ਨੂੰ ਯਿਸੂ ਦੇ ਜ਼ਰੀਏ ਮੁਕਤੀ ਦੇਵੇਗਾ।—1 ਤਿਮੋ. 2:5, 6.
ਅਜ਼ਮਾਇਸ਼ਾਂ ਲੈ ਆਵੇ। (15 ਤਿੰਨ ਦਿਨ ਕਬਰ ਵਿਚ ਰਹਿਣ ਤੋਂ ਬਾਅਦ ਮਸੀਹ ਜ਼ਿੰਦਾ ਹੋ ਗਿਆ ਅਤੇ 40 ਦਿਨਾਂ ਤਾਈਂ ਆਪਣੇ ਚੇਲਿਆਂ ਨੂੰ ਦਰਸ਼ਣ ਦਿੰਦਾ ਰਿਹਾ। ਇਸ ਤਰ੍ਹਾਂ ਉਸ ਨੇ ਆਪਣੇ ਜ਼ਿੰਦਾ ਹੋਣ ਦਾ ਸਬੂਤ ਦਿੱਤਾ ਅਤੇ ਚੇਲਿਆਂ ਨੂੰ ਹੋਰ ਹਿਦਾਇਤਾਂ ਦਿੱਤੀਆਂ। (ਰਸੂ. 1:3-5) ਫਿਰ ਉਹ ਸਵਰਗ ਚਲਾ ਗਿਆ ਤਾਂਕਿ ਯਹੋਵਾਹ ਅੱਗੇ ਆਪਣੀ ਕੁਰਬਾਨੀ ਦੀ ਕੀਮਤ ਅਦਾ ਕਰ ਸਕੇ। ਨਾਲੇ ਉਹ ਉਸ ਸਮੇਂ ਦੀ ਉਡੀਕ ਕਰਨ ਲੱਗਾ ਜਦ ਉਸ ਨੇ ਮਸੀਹਾਈ ਰਾਜੇ ਵਜੋਂ ਰਾਜ ਕਰਨਾ ਸੀ। ਪਰ ਇਸ ਸਮੇਂ ਦੌਰਾਨ ਉਸ ਕੋਲ ਕਾਫ਼ੀ ਕੰਮ ਕਰਨ ਨੂੰ ਪਿਆ ਸੀ।
ਮਸੀਹਾ ਵਜੋਂ ਉਹ ਆਪਣਾ ਕੰਮ ਪੂਰਾ ਕਰ ਰਿਹਾ ਹੈ
16, 17. ਦੱਸੋ ਕਿ ਸਵਰਗ ਜਾਣ ਤੋਂ ਬਾਅਦ ਮਸੀਹਾ ਵਜੋਂ ਯਿਸੂ ਕੀ-ਕੀ ਕਰਦਾ ਆ ਰਿਹਾ ਹੈ।
16 ਜੀ ਉੱਠਣ ਤੋਂ ਬਾਅਦ ਯਿਸੂ ਮਸੀਹੀ ਕਲੀਸਿਯਾ ਦਾ ਰਾਜਾ ਹੋਣ ਦੇ ਨਾਤੇ ਸਦੀਆਂ ਤੋਂ ਕਲੀਸਿਯਾ ਦੇ ਕੰਮਾਂ ਦੀ ਵਫ਼ਾਦਾਰੀ ਨਾਲ ਦੇਖ-ਰੇਖ ਕਰਦਾ ਹੈ। (ਕੁਲੁ. 1:13) ਸਮਾਂ ਆਉਣ ਤੇ ਪਰਮੇਸ਼ੁਰ ਦੇ ਰਾਜ ਦੇ ਰਾਜੇ ਵਜੋਂ ਉਸ ਨੇ ਇਕ ਹੋਰ ਤਰੀਕੇ ਨਾਲ ਆਪਣੀ ਤਾਕਤ ਵਰਤਣੀ ਸੀ। ਬਾਈਬਲ ਦੀਆਂ ਭਵਿੱਖਬਾਣੀਆਂ ਅਤੇ ਦੁਨੀਆਂ ਵਿਚ ਹੋ ਰਹੀਆਂ ਘਟਨਾਵਾਂ ਤੋਂ ਸਾਫ਼ ਜ਼ਾਹਰ ਹੈ ਕਿ ਉਸ ਨੇ 1914 ਤੋਂ ਰਾਜ ਕਰਨਾ ਸ਼ੁਰੂ ਕੀਤਾ ਜਦੋਂ “ਜੁਗ ਦੇ ਅੰਤ” ਦਾ ਸਮਾਂ ਸ਼ੁਰੂ ਹੋਇਆ ਸੀ। (ਮੱਤੀ 24:3; ਪਰ. 11:15) ਉਸ ਤੋਂ ਥੋੜ੍ਹੀ ਹੀ ਦੇਰ ਬਾਅਦ ਉਸ ਨੇ ਪਵਿੱਤਰ ਦੂਤਾਂ ਦੇ ਨਾਲ ਮਿਲ ਕੇ ਸ਼ਤਾਨ ਅਤੇ ਉਸ ਨਾਲ ਰਲ਼ੇ ਬੁਰੇ ਦੂਤਾਂ ਨੂੰ ਸਵਰਗ ਤੋਂ ਬਾਹਰ ਕੱਢ ਦਿੱਤਾ।—ਪਰ. 12:7-10.
17 ਯਿਸੂ ਨੇ 29 ਈਸਵੀ ਵਿਚ ਪ੍ਰਚਾਰ ਅਤੇ ਸਿਖਾਉਣ ਦਾ ਜੋ ਕੰਮ ਸ਼ੁਰੂ ਕੀਤਾ ਸੀ, ਉਹ ਪੂਰਾ ਹੋਣ ਵਾਲਾ ਹੈ। ਜਲਦੀ ਹੀ ਉਹ ਸਾਰੇ ਲੋਕਾਂ ਦਾ ਨਿਆਂ ਕਰੇਗਾ। ਫਿਰ ਉਹ ਨੇਕਦਿਲ ਲੋਕਾਂ ਨੂੰ ਕਹੇਗਾ ਕਿ “ਜਿਹੜਾ ਰਾਜ ਸੰਸਾਰ ਦੇ ਮੁੱਢੋਂ ਤੁਹਾਡੇ ਲਈ ਤਿਆਰ ਕੀਤਾ ਹੋਇਆ ਹੈ ਉਹ ਦੇ ਵਾਰਸ ਹੋਵੋ।” ਇਹ ਲੋਕ ਮੰਨਦੇ ਹਨ ਕਿ ਯਹੋਵਾਹ ਉਨ੍ਹਾਂ ਨੂੰ ਯਿਸੂ ਰਾਹੀਂ ਮੁਕਤੀ ਦਿਲਾਵੇਗਾ। (ਮੱਤੀ 25:31-34, 41) ਜਿਹੜੇ ਲੋਕ ਯਿਸੂ ਨੂੰ ਰਾਜਾ ਨਹੀਂ ਮੰਨਦੇ, ਉਨ੍ਹਾਂ ਦਾ ਨਾਸ਼ ਕਰ ਦਿੱਤਾ ਜਾਵੇਗਾ ਜਦੋਂ ਯਿਸੂ ਸਵਰਗੀ ਫ਼ੌਜਾਂ ਨੂੰ ਨਾਲ ਲੈ ਕੇ ਸਾਰੀ ਬੁਰਾਈ ਖ਼ਤਮ ਕਰੇਗਾ। ਫਿਰ ਯਿਸੂ ਸ਼ਤਾਨ ਅਤੇ ਉਸ ਦੇ ਨਾਲ ਰਲ਼ੇ ਬੁਰੇ ਦੂਤਾਂ ਨੂੰ ਬੰਨ੍ਹ ਕੇ “ਅਥਾਹ ਕੁੰਡ” ਵਿਚ ਸੁੱਟ ਦੇਵੇਗਾ।—ਪਰ. 19:11-14; 20:1-3.
18, 19. ਮਸੀਹਾ ਵਜੋਂ ਯਿਸੂ ਕੀ ਕੁਝ ਕਰਦਾ ਹੈ ਅਤੇ ਆਗਿਆਕਾਰ ਮਨੁੱਖਜਾਤੀ ਨੂੰ ਕਿਹੜੀਆਂ ਬਰਕਤਾਂ ਮਿਲਣਗੀਆਂ?
18 ਆਪਣੇ ਹਜ਼ਾਰ ਸਾਲ ਦੇ ਰਾਜ ਦੌਰਾਨ ਯਿਸੂ ਆਪਣੇ ਇਨ੍ਹਾਂ ਖ਼ਿਤਾਬਾਂ ਉੱਤੇ ਖਰਾ ਉਤਰੇਗਾ ਜਿਵੇਂ “ਅਚਰਜ ਸਲਾਹੂ, ਸ਼ਕਤੀਮਾਨ ਪਰਮੇਸ਼ੁਰ, ਅਨਾਦੀ ਪਿਤਾ, ਸ਼ਾਂਤੀ ਦਾ ਰਾਜ ਕੁਮਾਰ।” (ਯਸਾ. 9:6, 7) ਉਸ ਦੇ ਰਾਜ ਵਿਚ ਸਾਰੇ ਮਨੁੱਖ ਮੁਕੰਮਲ ਹੋ ਜਾਣਗੇ, ਉਹ ਲੋਕ ਵੀ ਜਿਹੜੇ ਦੁਬਾਰਾ ਜ਼ਿੰਦਾ ਹੋਣਗੇ। (ਯੂਹੰ. 5:26-29) ਮਸੀਹਾ ਆਗਿਆਕਾਰ ਮਨੁੱਖਾਂ ਨੂੰ “ਅੰਮ੍ਰਿਤ ਜਲ ਦਿਆਂ ਸੋਤਿਆਂ” ਕੋਲ ਲੈ ਜਾਵੇਗਾ ਤਾਂਕਿ ਉਹ ਯਹੋਵਾਹ ਨਾਲ ਚੰਗੇ ਰਿਸ਼ਤੇ ਦਾ ਆਨੰਦ ਮਾਣ ਸਕਣ। (ਪਰਕਾਸ਼ ਦੀ ਪੋਥੀ 7:16, 17 ਪੜ੍ਹੋ।) ਆਖ਼ਰੀ ਪਰੀਖਿਆ ਤੋਂ ਬਾਅਦ ਸ਼ਤਾਨ ਅਤੇ ਬੁਰੇ ਦੂਤਾਂ ਸਮੇਤ ਸਾਰੇ ਬਾਗ਼ੀਆਂ ਨੂੰ ‘ਅੱਗ ਦੀ ਝੀਲ ਵਿੱਚ ਸੁੱਟਿਆ’ ਜਾਵੇਗਾ। ਇਸ ਤਰ੍ਹਾਂ “ਸੱਪ” ਦੇ ਸਿਰ ਨੂੰ ਫੇਹਿਆ ਜਾਵੇਗਾ।—ਪਰ. 20:10.
19 ਯਿਸੂ ਕਿੰਨੇ ਸੋਹਣੇ ਤਰੀਕੇ ਨਾਲ ਮਸੀਹਾ ਵਜੋਂ ਆਪਣਾ ਕੰਮ ਕਰਦਾ ਹੈ! ਨਾਸ਼ ਤੋਂ ਬਚੇ ਲੋਕ ਬਾਗ਼ ਵਰਗੀ ਸੁੰਦਰ ਧਰਤੀ ਉੱਤੇ ਹਮੇਸ਼ਾ ਲਈ ਤੰਦਰੁਸਤ ਸਿਹਤ ਦਾ ਮਜ਼ਾ ਲੈਣਗੇ ਅਤੇ ਖ਼ੁਸ਼ ਰਹਿਣਗੇ। ਯਹੋਵਾਹ ਦੇ ਪਵਿੱਤਰ ਨਾਂ ’ਤੇ ਲੱਗੇ ਹਰ ਕਲੰਕ ਨੂੰ ਮਿਟਾ ਦਿੱਤਾ ਜਾਵੇਗਾ ਅਤੇ ਹਰ ਪਾਸੇ ਮੰਨਿਆ ਜਾਵੇਗਾ ਕਿ ਯਹੋਵਾਹ ਹੀ ਸਾਰੇ ਜਹਾਨ ਉੱਤੇ ਰਾਜ ਕਰਨ ਦਾ ਹੱਕ ਰੱਖਦਾ ਹੈ। ਉਨ੍ਹਾਂ ਸਾਰਿਆਂ ਨੂੰ ਕਿੰਨੀ ਸ਼ਾਨਦਾਰ ਵਿਰਾਸਤ ਮਿਲਣ ਵਾਲੀ ਹੈ ਜਿਹੜੇ ਪਰਮੇਸ਼ੁਰ ਦੇ ਚੁਣੇ ਹੋਏ ਮਸੀਹਾ ਦੀ ਸੁਣਦੇ ਹਨ!
ਕੀ ਤੁਹਾਨੂੰ ਮਸੀਹਾ ਲੱਭ ਗਿਆ ਹੈ?
20, 21. ਤੁਸੀਂ ਕਿਨ੍ਹਾਂ ਕਾਰਨਾਂ ਕਰਕੇ ਦੂਜਿਆਂ ਨੂੰ ਮਸੀਹਾ ਬਾਰੇ ਦੱਸੋਗੇ?
20 ਅਸੀਂ 1914 ਤੋਂ ਉਸ ਸਮੇਂ ਵਿਚ ਰਹਿ ਰਹੇ ਹਾਂ ਜਦੋਂ ਤੋਂ ਯਿਸੂ ਆਪਣੀ ਰਾਜ-ਸੱਤਾ ਵਿਚ ਆਇਆ ਹੈ। ਭਾਵੇਂ ਕਿ ਅਸੀਂ ਉਸ ਨੂੰ ਰਾਜ ਕਰਦਿਆਂ ਦੇਖ ਨਹੀਂ ਸਕਦੇ, ਪਰ ਪੂਰੀਆਂ ਹੋ ਰਹੀਆਂ ਭਵਿੱਖਬਾਣੀਆਂ ਤੋਂ ਇਹ ਸਪੱਸ਼ਟ ਨਜ਼ਰ ਆ ਰਿਹਾ ਹੈ। (ਪਰ. 6:2-8) ਫਿਰ ਵੀ ਪਹਿਲੀ ਸਦੀ ਦੇ ਯਹੂਦੀਆਂ ਵਾਂਗ ਅੱਜ ਵੀ ਜ਼ਿਆਦਾਤਰ ਲੋਕ ਇਸ ਸਬੂਤ ਨੂੰ ਨਹੀਂ ਮੰਨਦੇ ਕਿ ਮਸੀਹਾ ਆ ਚੁੱਕਾ ਹੈ। ਉਹ ਵੀ ਕੋਈ ਰਾਜਨੀਤਿਕ ਮਸੀਹਾ ਜਾਂ ਕੋਈ ਅਜਿਹਾ ਸ਼ਖ਼ਸ ਚਾਹੁੰਦੇ ਹਨ ਜੋ ਸਿਆਸੀ ਹਾਕਮਾਂ ਦੇ ਜ਼ਰੀਏ ਕੰਮ ਕਰੇ। ਪਰ ਤੁਹਾਨੂੰ ਪਤਾ ਲੱਗ ਗਿਆ ਹੈ ਕਿ ਯਿਸੂ ਰਾਜੇ ਵਜੋਂ ਹਕੂਮਤ ਕਰ ਰਿਹਾ ਹੈ। ਕੀ ਇਹ ਪਤਾ ਲੱਗਣ ਤੇ ਤੁਸੀਂ ਖ਼ੁਸ਼ ਨਹੀਂ ਹੋਏ ਸੀ? ਪਹਿਲੀ ਸਦੀ ਦੇ ਚੇਲਿਆਂ ਵਾਂਗ ਤੁਸੀਂ ਵੀ ਖ਼ੁਸ਼ੀ ਨਾਲ ਕਿਹਾ ਹੋਵੇਗਾ: ‘ਅਸਾਂ ਮਸੀਹ ਨੂੰ ਲੱਭ ਲਿਆ ਹੈ।’
21 ਅੱਜ ਜਦ ਤੁਸੀਂ ਸੱਚਾਈ ਬਾਰੇ ਗੱਲ ਕਰਦੇ ਹੋ, ਤਾਂ ਕੀ ਤੁਸੀਂ ਦੱਸਦੇ ਹੋ ਕਿ ਮਸੀਹਾ ਵਜੋਂ ਯਿਸੂ ਕੀ ਕੁਝ ਕਰ ਰਿਹਾ ਹੈ? ਇਸ ਤਰ੍ਹਾਂ ਕਰਨ ਨਾਲ ਉਸ ਸਭ ਕਾਸੇ ਲਈ ਤੁਹਾਡੀ ਕਦਰ ਵਧੇਗੀ ਜੋ ਕੁਝ ਉਸ ਨੇ ਤੁਹਾਡੇ ਲਈ ਕੀਤਾ ਹੈ, ਹੁਣ ਕਰ ਰਿਹਾ ਹੈ ਅਤੇ ਭਵਿੱਖ ਵਿਚ ਕਰੇਗਾ। ਅੰਦ੍ਰਿਯਾਸ ਅਤੇ ਫ਼ਿਲਿੱਪੁਸ ਵਾਂਗ ਤੁਸੀਂ ਵੀ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਨਾਲ ਮਸੀਹਾ ਬਾਰੇ ਗੱਲ ਕੀਤੀ ਹੋਵੇਗੀ। ਕਿਉਂ ਨਾ ਫਿਰ ਤੋਂ ਜੋਸ਼ ਨਾਲ ਉਨ੍ਹਾਂ ਨਾਲ ਗੱਲ ਕਰੋ ਅਤੇ ਦੱਸੋ ਕਿ ਯਿਸੂ ਹੀ ਵਾਅਦਾ ਕੀਤਾ ਹੋਇਆ ਮਸੀਹਾ ਹੈ ਜਿਸ ਦੇ ਜ਼ਰੀਏ ਪਰਮੇਸ਼ੁਰ ਸਾਨੂੰ ਮੁਕਤੀ ਦਿਲਾਵੇਗਾ?
ਕੀ ਤੁਸੀਂ ਦੱਸ ਸਕਦੇ ਹੋ?
• ਪਹਿਲੀ ਸਦੀ ਦੇ ਚੇਲੇ ਮਸੀਹਾ ਨੂੰ ਕਿਵੇਂ ਲੱਭ ਸਕੇ?
• ਕਿਨ੍ਹਾਂ ਦੋ ਜ਼ਰੂਰੀ ਕਾਰਨਾਂ ਕਰਕੇ ਯਿਸੂ ਮਰਿਆ?
• ਮਸੀਹਾ ਵਜੋਂ ਯਿਸੂ ਭਵਿੱਖ ਵਿਚ ਕੀ ਕੁਝ ਕਰੇਗਾ?
[ਸਵਾਲ]
[ਸਫ਼ਾ 21 ਉੱਤੇ ਤਸਵੀਰਾਂ]
ਪਹਿਲੀ ਸਦੀ ਦੇ ਲੋਕ ਕਿਵੇਂ ਦੱਸ ਸਕੇ ਕਿ ਯਿਸੂ ਵਾਅਦਾ ਕੀਤਾ ਹੋਇਆ ਮਸੀਹਾ ਸੀ?
[ਸਫ਼ਾ 23 ਉੱਤੇ ਤਸਵੀਰ]
ਜਦ ਤੁਸੀਂ ਸੱਚਾਈ ਬਾਰੇ ਗੱਲ ਕਰਦੇ ਹੋ, ਤਾਂ ਕੀ ਤੁਸੀਂ ਦੱਸਦੇ ਹੋ ਕਿ ਮਸੀਹਾ ਵਜੋਂ ਯਿਸੂ ਕੀ ਕੁਝ ਕਰ ਰਿਹਾ ਹੈ?