Skip to content

Skip to table of contents

ਮੁਸ਼ਕਲ ਘੜੀਆਂ ਵਿਚ ਵੀ ਖ਼ੁਸ਼ ਰਹੋ

ਮੁਸ਼ਕਲ ਘੜੀਆਂ ਵਿਚ ਵੀ ਖ਼ੁਸ਼ ਰਹੋ

ਮੁਸ਼ਕਲ ਘੜੀਆਂ ਵਿਚ ਵੀ ਖ਼ੁਸ਼ ਰਹੋ

“ਸਭ ਜੋ [ਯਹੋਵਾਹ ਦੀ] ਸ਼ਰਨ ਆਏ ਹਨ ਅਨੰਦ ਹੋਣ, ਓਹ ਸਦਾ ਜੈ ਜੈ ਕਾਰ ਕਰਨ।”—ਜ਼ਬੂ. 5:11.

1, 2. (ੳ) ਕਿਹੜੀਆਂ ਕੁਝ ਗੱਲਾਂ ਕਰਕੇ ਅੱਜ ਲੋਕ ਬਹੁਤ ਦੁਖੀ ਹੁੰਦੇ ਹਨ? (ਅ) ਦੁੱਖਾਂ ਤੋਂ ਇਲਾਵਾ ਸੱਚੇ ਮਸੀਹੀਆਂ ਨੂੰ ਹੋਰ ਕੀ ਕੁਝ ਸਹਿਣਾ ਪੈਂਦਾ ਹੈ?

ਬਾਕੀ ਮਨੁੱਖਜਾਤੀ ਦੀ ਤਰ੍ਹਾਂ ਯਹੋਵਾਹ ਦੇ ਗਵਾਹਾਂ ਉੱਤੇ ਵੀ ਦੁੱਖ-ਤਕਲੀਫ਼ਾਂ ਆਉਂਦੀਆਂ ਹਨ। ਪਰਮੇਸ਼ੁਰ ਦੇ ਕਈ ਲੋਕ ਜ਼ੁਲਮ, ਯੁੱਧ ਅਤੇ ਹੋਰ ਬੇਇਨਸਾਫ਼ੀਆਂ ਦੇ ਸ਼ਿਕਾਰ ਹੋਏ ਹਨ। ਕੁਦਰਤੀ ਆਫ਼ਤਾਂ, ਗ਼ਰੀਬੀ, ਬੀਮਾਰੀ ਅਤੇ ਮੌਤ ਲੋਕਾਂ ਨੂੰ ਬਹੁਤ ਦੁਖੀ ਕਰਦੀਆਂ ਹਨ। ਪੌਲੁਸ ਰਸੂਲ ਨੇ ਠੀਕ ਹੀ ਲਿਖਿਆ ਸੀ: “ਸਾਰੀ ਸਰਿਸ਼ਟੀ ਰਲ ਕੇ ਹੁਣ ਤੀਕ ਹਾਹੁਕੇ ਭਰਦੀ ਹੈ ਅਤੇ ਉਹ ਨੂੰ ਪੀੜਾਂ ਲੱਗੀਆਂ ਹੋਈਆਂ ਹਨ।” (ਰੋਮੀ. 8:22) ਇਸ ਤੋਂ ਇਲਾਵਾ, ਨਾਮੁਕੰਮਲ ਹੋਣ ਕਰਕੇ ਸਾਡੇ ਤੋਂ ਗ਼ਲਤੀਆਂ ਹੋ ਜਾਂਦੀਆਂ ਹਨ ਜਿਸ ਦੇ ਨਤੀਜੇ ਭੁਗਤਣੇ ਪੈਂਦੇ ਹਨ। ਪੁਰਾਣੇ ਜ਼ਮਾਨੇ ਦੇ ਰਾਜਾ ਦਾਊਦ ਵਾਂਗ ਅਸੀਂ ਸ਼ਾਇਦ ਕਹੀਏ: “ਮੇਰੀਆਂ ਬੁਰਿਆਈਆਂ ਮੇਰੇ ਸਿਰ ਦੇ ਉੱਤੇਂ ਦੀ ਲੰਘ ਗਈਆਂ, ਅਤੇ ਭਾਰੀ ਪੰਡ ਵਾਂਙੁ ਓਹ ਮੈਥੋਂ ਚੁੱਕੀਆਂ ਨਹੀਂ ਜਾਂਦੀਆਂ।”—ਜ਼ਬੂ. 38:4.

2 ਇਹ ਸਭ ਕੁਝ ਸਹਿਣ ਤੋਂ ਇਲਾਵਾ ਸੱਚੇ ਮਸੀਹੀ ਇਕ ਤਰ੍ਹਾਂ ਦੀ ਸਲੀਬ ਵੀ ਚੁੱਕਦੇ ਹਨ। (ਲੂਕਾ 14:27) ਕਹਿਣ ਦਾ ਮਤਲਬ ਕਿ ਯਿਸੂ ਵਾਂਗ ਉਸ ਦੇ ਚੇਲਿਆਂ ਨਾਲ ਨਫ਼ਰਤ ਕੀਤੀ ਜਾਂਦੀ ਹੈ ਤੇ ਉਨ੍ਹਾਂ ਨੂੰ ਸਤਾਇਆ ਜਾਂਦਾ ਹੈ। (ਮੱਤੀ 10:22, 23; ਯੂਹੰ. 15:20; 16:2) ਇਸ ਲਈ, ਨਵੀਂ ਦੁਨੀਆਂ ਵਿਚ ਮਿਲਣ ਵਾਲੀਆਂ ਬਰਕਤਾਂ ਦੀ ਉਡੀਕ ਕਰਦਿਆਂ ਸਾਨੂੰ ਯਿਸੂ ਮਸੀਹ ਦੇ ਮਗਰ ਚੱਲਣ ਲਈ ਸਖ਼ਤ ਜਤਨ ਕਰਨ ਅਤੇ ਸਹਿਣਸ਼ੀਲ ਹੋਣ ਦੀ ਲੋੜ ਹੈ।—ਮੱਤੀ 7:13, 14; ਲੂਕਾ 13:24.

3. ਕੀ ਪਰਮੇਸ਼ੁਰ ਚਾਹੁੰਦਾ ਕਿ ਅਸੀਂ ਦੁੱਖਾਂ ਭਰੀ ਜ਼ਿੰਦਗੀ ਜੀਵੀਏ?

3 ਕੀ ਇਸ ਦਾ ਇਹ ਮਤਲਬ ਹੈ ਕਿ ਸੱਚੇ ਮਸੀਹੀ ਖ਼ੁਸ਼ੀਆਂ ਤੋਂ ਵਾਂਝੀ ਜ਼ਿੰਦਗੀ ਜੀਉਂਦੇ ਹਨ? ਕੀ ਅੰਤ ਆਉਣ ਤਕ ਸਾਨੂੰ ਉਦਾਸ ਤੇ ਦੁਖੀ ਹੋ ਕੇ ਰਹਿਣਾ ਚਾਹੀਦਾ? ਨਹੀਂ, ਕਿਉਂਕਿ ਯਹੋਵਾਹ ਚਾਹੁੰਦਾ ਹੈ ਕਿ ਅਸੀਂ ਉਸ ਦੇ ਵਾਅਦਿਆਂ ਦੇ ਪੂਰੇ ਹੋਣ ਦੀ ਉਡੀਕ ਕਰਦਿਆਂ ਖ਼ੁਸ਼ ਰਹੀਏ। ਬਾਈਬਲ ਵਾਰ-ਵਾਰ ਦੱਸਦੀ ਹੈ ਕਿ ਸੱਚੇ ਭਗਤ ਖ਼ੁਸ਼ ਰਹਿੰਦੇ ਹਨ। (ਯਸਾਯਾਹ 65:13, 14 ਪੜ੍ਹੋ।) ਜ਼ਬੂਰ 5:11 ਕਹਿੰਦਾ ਹੈ: “ਸਭ ਜੋ [ਯਹੋਵਾਹ ਦੀ] ਸ਼ਰਨ ਆਏ ਹਨ ਅਨੰਦ ਹੋਣ, ਓਹ ਸਦਾ ਜੈ ਜੈ ਕਾਰ ਕਰਨ।” ਜੀ ਹਾਂ, ਦੁੱਖਾਂ ਵਿਚ ਵੀ ਅਸੀਂ ਖ਼ੁਸ਼ੀ, ਮਨ ਦੀ ਸ਼ਾਂਤੀ ਅਤੇ ਸੰਤੁਸ਼ਟੀ ਪਾ ਸਕਦੇ ਹਾਂ। ਆਓ ਆਪਾਂ ਦੇਖੀਏ ਕਿ ਅਜ਼ਮਾਇਸ਼ਾਂ ਸਹਿਣ ਅਤੇ ਖ਼ੁਸ਼ ਰਹਿਣ ਵਿਚ ਬਾਈਬਲ ਸਾਡੀ ਕਿਵੇਂ ਮਦਦ ਕਰ ਸਕਦੀ ਹੈ।

ਯਹੋਵਾਹ ਪਰਮੇਸ਼ੁਰ ਖ਼ੁਸ਼ ਰਹਿੰਦਾ ਹੈ

4. ਪਰਮੇਸ਼ੁਰ ਕਿਵੇਂ ਮਹਿਸੂਸ ਕਰਦਾ ਹੈ ਜਦ ਕੋਈ ਉਸ ਦੇ ਖ਼ਿਲਾਫ਼ ਜਾਂਦਾ ਹੈ?

4 ਯਹੋਵਾਹ ਦੀ ਹੀ ਮਿਸਾਲ ਲੈ ਲਓ। ਸਰਬਸ਼ਕਤੀਮਾਨ ਪਰਮੇਸ਼ੁਰ ਹੋਣ ਕਰਕੇ ਸਾਰਾ ਬ੍ਰਹਿਮੰਡ ਉਸ ਦੇ ਹੱਥਾਂ ਵਿਚ ਹੈ। ਉਸ ਨੂੰ ਕਿਸੇ ਚੀਜ਼ ਜਾਂ ਸ਼ਖ਼ਸ ਦੀ ਲੋੜ ਨਹੀਂ ਹੈ। ਪਰ ਅਸੀਮ ਤਾਕਤ ਹੋਣ ਦੇ ਬਾਵਜੂਦ ਯਹੋਵਾਹ ਕੁਝ ਹੱਦ ਤਕ ਤਾਂ ਦੁਖੀ ਹੋਇਆ ਹੋਣਾ ਜਦੋਂ ਸਵਰਗ ਵਿਚ ਉਸ ਦਾ ਇਕ ਪੁੱਤਰ ਉਸ ਦੇ ਖ਼ਿਲਾਫ਼ ਜਾ ਕੇ ਸ਼ਤਾਨ ਬਣ ਗਿਆ। ਬਾਅਦ ਵਿਚ ਜਦੋਂ ਕੁਝ ਹੋਰ ਦੂਤ ਬਗਾਵਤ ਕਰਨ ਵਿਚ ਸ਼ਤਾਨ ਨਾਲ ਰਲ ਗਏ, ਤਾਂ ਪਰਮੇਸ਼ੁਰ ਜ਼ਰੂਰ ਨਿਰਾਸ਼ ਹੋਇਆ ਹੋਣਾ। ਅਸੀਂ ਸੋਚ ਨਹੀਂ ਸਕਦੇ ਕਿ ਪਰਮੇਸ਼ੁਰ ਨੂੰ ਕਿੰਨਾ ਦੁੱਖ ਹੋਇਆ ਹੋਣਾ ਜਦੋਂ ਧਰਤੀ ਉੱਤੇ ਉਸ ਦੀ ਸਰਬੋਤਮ ਸ੍ਰਿਸ਼ਟੀ ਆਦਮ ਤੇ ਹੱਵਾਹ ਨੇ ਉਸ ਤੋਂ ਮੂੰਹ ਮੋੜ ਲਿਆ ਸੀ। ਉਦੋਂ ਤੋਂ ਅਰਬਾਂ ਹੀ ਲੋਕਾਂ ਨੇ ਯਹੋਵਾਹ ਦੇ ਅਧਿਕਾਰ ਨੂੰ ਠੁਕਰਾਇਆ ਹੈ।—ਰੋਮੀ. 3:23.

5. ਖ਼ਾਸਕਰ ਕਿਹੜੀਆਂ ਗੱਲਾਂ ਨੇ ਯਹੋਵਾਹ ਨੂੰ ਦੁੱਖ ਪਹੁੰਚਾਇਆ ਹੈ?

5 ਸ਼ਤਾਨ ਦੀ ਬਗਾਵਤ ਅਜੇ ਵੀ ਜਾਰੀ ਹੈ। ਤਕਰੀਬਨ 6,000 ਸਾਲਾਂ ਤੋਂ ਯਹੋਵਾਹ ਨੇ ਮੂਰਤੀ-ਪੂਜਾ, ਹਿੰਸਾ, ਕਤਲ ਅਤੇ ਅਨੈਤਿਕ ਕੰਮ ਹੁੰਦੇ ਦੇਖੇ ਹਨ। (ਉਤ. 6:5, 6, 11, 12) ਇਸ ਤੋਂ ਇਲਾਵਾ, ਉਸ ਨੇ ਆਪਣੇ ਬਾਰੇ ਸਰਾਸਰ ਝੂਠੀਆਂ ਗੱਲਾਂ ਅਤੇ ਕੁਫ਼ਰ ਸੁਣਿਆ ਹੈ। ਕਦੇ-ਕਦੇ ਤਾਂ ਉਸ ਦੇ ਸੱਚੇ ਭਗਤਾਂ ਨੇ ਵੀ ਉਸ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਮਿਸਾਲ ਲਈ ਇਸਰਾਏਲੀਆਂ ਬਾਰੇ ਬਾਈਬਲ ਦੱਸਦੀ ਹੈ: “ਕਿੰਨੀ ਵਾਰ ਓਹ ਉਜਾੜ ਵਿੱਚ ਉਸ ਤੋਂ ਆਕੀ ਹੋਏ, ਅਤੇ ਉਸ ਨੂੰ ਥਲ ਵਿੱਚ ਉਦਾਸ ਕੀਤਾ! ਮੁੜ ਘਿੜ ਉਨ੍ਹਾਂ ਨੇ ਪਰਮੇਸ਼ੁਰ ਨੂੰ ਪਰਤਾਇਆ, ਅਤੇ ਇਸਰਾਏਲ ਦੇ ਪਵਿੱਤਰ ਪੁਰਖ ਨੂੰ ਅਕਾਇਆ।” (ਜ਼ਬੂ. 78:40, 41) ਸੱਚ, ਯਹੋਵਾਹ ਨੂੰ ਬਹੁਤ ਦੁੱਖ ਲੱਗਦਾ ਹੈ ਜਦ ਲੋਕ ਉਸ ਨੂੰ ਠੁਕਰਾ ਦਿੰਦੇ ਹਨ। (ਯਿਰ. 3:1-10) ਜੀ ਹਾਂ, ਬੁਰੀਆਂ ਗੱਲਾਂ ਤਾਂ ਹੁੰਦੀਆਂ ਹੀ ਹਨ, ਪਰ ਇਨ੍ਹਾਂ ਨੂੰ ਦੇਖ ਕੇ ਯਹੋਵਾਹ ਨੂੰ ਬਹੁਤ ਹੀ ਤਕਲੀਫ਼ ਹੁੰਦੀ ਹੈ।—ਯਸਾਯਾਹ 63:9, 10 ਪੜ੍ਹੋ।

6. ਯਹੋਵਾਹ ਦੁਖੀ ਕਰਨ ਵਾਲੀਆਂ ਸਥਿਤੀਆਂ ਦਾ ਸਾਮ੍ਹਣਾ ਕਿਵੇਂ ਕਰਦਾ ਹੈ?

6 ਪਰ ਠੇਸ ਲੱਗਣ ਅਤੇ ਦੁਖੀ ਹੋਣ ਦੇ ਬਾਵਜੂਦ ਯਹੋਵਾਹ ਕੋਈ ਕਦਮ ਉਠਾਉਣ ਤੋਂ ਪਿੱਛੇ ਨਹੀਂ ਹਟਦਾ। ਜਦੋਂ ਵੀ ਕੋਈ ਗੁੰਝਲਦਾਰ ਮਸਲਾ ਪੈਦਾ ਹੋਇਆ ਹੈ, ਉਸ ਨੇ ਤੁਰੰਤ ਕੁਝ-ਨਾ-ਕੁਝ ਕੀਤਾ ਹੈ ਤਾਂਕਿ ਹਾਲਾਤ ਹੋਰ ਖ਼ਰਾਬ ਨਾ ਹੋ ਜਾਣ। ਉਸ ਨੇ ਅਜਿਹੇ ਕਦਮ ਵੀ ਚੁੱਕੇ ਹਨ ਜਿਨ੍ਹਾਂ ਦੇ ਨਤੀਜੇ ਭਵਿੱਖ ਵਿਚ ਜਾ ਕੇ ਨਿਕਲਣਗੇ ਤਾਂਕਿ ਅਖ਼ੀਰ ਵਿਚ ਉਸ ਦਾ ਹੀ ਮਕਸਦ ਪੂਰਾ ਹੋਵੇ। ਇਹ ਕਦਮ ਉਠਾ ਕੇ ਯਹੋਵਾਹ ਖ਼ੁਸ਼ੀ ਨਾਲ ਉਸ ਸਮੇਂ ਦੀ ਉਡੀਕ ਕਰ ਰਿਹਾ ਹੈ ਜਦ ਹਰ ਕੋਈ ਉਸ ਦੀ ਸੱਤਾ ਨੂੰ ਕਬੂਲ ਕਰੇਗਾ ਜਿਸ ਦੇ ਨਤੀਜੇ ਵਜੋਂ ਉਸ ਦੇ ਵਫ਼ਾਦਾਰ ਭਗਤਾਂ ਨੂੰ ਢੇਰ ਸਾਰੀਆਂ ਬਰਕਤਾਂ ਮਿਲਣਗੀਆਂ। (ਜ਼ਬੂ. 104:31) ਸੋ ਭਾਵੇਂ ਉਸ ਦਾ ਨਾਂ ਬਦਨਾਮ ਹੋਇਆ ਹੈ, ਫਿਰ ਵੀ ਯਹੋਵਾਹ ਖ਼ੁਸ਼ ਰਹਿੰਦਾ ਹੈ।—ਜ਼ਬੂ. 16:11.

7, 8. ਸਮੱਸਿਆਵਾਂ ਆਉਣ ਤੇ ਅਸੀਂ ਕਿਵੇਂ ਯਹੋਵਾਹ ਦੀ ਰੀਸ ਕਰ ਸਕਦੇ ਹਾਂ?

7 ਜਦ ਸਮੱਸਿਆਵਾਂ ਸੁਲਝਾਉਣ ਦੀ ਗੱਲ ਆਉਂਦੀ ਹੈ, ਤਾਂ ਅਸੀਂ ਆਪਣੀ ਤੁਲਨਾ ਯਹੋਵਾਹ ਨਾਲ ਨਹੀਂ ਕਰ ਸਕਦੇ। ਫਿਰ ਵੀ ਅਸੀਂ ਮੁਸ਼ਕਲਾਂ ਵਿਚ ਹੁੰਦਿਆਂ ਯਹੋਵਾਹ ਦੀ ਰੀਸ ਕਰ ਸਕਦੇ ਹਾਂ। ਇਹ ਸੱਚ ਹੈ ਕਿ ਜਦੋਂ ਮੁਸ਼ਕਲਾਂ ਖੜ੍ਹੀਆਂ ਹੁੰਦੀਆਂ ਹਨ, ਤਾਂ ਨਿਰਾਸ਼ ਹੋਣਾ ਸੁਭਾਵਕ ਹੈ, ਪਰ ਸਾਨੂੰ ਜ਼ਿਆਦਾ ਚਿਰ ਨਿਰਾਸ਼ ਨਹੀਂ ਰਹਿਣਾ ਚਾਹੀਦਾ। ਕਿਉਂ ਨਹੀਂ? ਕਿਉਂਕਿ ਯਹੋਵਾਹ ਨੇ ਸਾਨੂੰ ਆਪਣੇ ਵਰਗੇ ਬਣਾਇਆ ਹੈ, ਇਸ ਲਈ ਸਾਡੇ ਕੋਲ ਸੋਚਣ-ਸਮਝਣ ਦੀ ਕਾਬਲੀਅਤ ਅਤੇ ਬੁੱਧ ਹੈ। ਇਸ ਕਰਕੇ ਅਸੀਂ ਦੇਖ ਸਕਦੇ ਹਾਂ ਕਿ ਸਾਡੀਆਂ ਸਮੱਸਿਆਵਾਂ ਕਿੰਨੀਆਂ ਕੁ ਗੰਭੀਰ ਹਨ ਅਤੇ ਜੇ ਹੋ ਸਕੇ, ਉਨ੍ਹਾਂ ਦੇ ਹੱਲ ਲਈ ਕੁਝ ਕਰ ਸਕਦੇ ਹਾਂ।

8 ਜ਼ਿੰਦਗੀ ਦੀਆਂ ਸਮੱਸਿਆਵਾਂ ਨਾਲ ਸਿੱਝਣ ਲਈ ਸਾਨੂੰ ਇਕ ਜ਼ਰੂਰੀ ਗੱਲ ਚੇਤੇ ਰੱਖਣ ਦੀ ਲੋੜ ਹੈ ਕਿ ਕੁਝ ਗੱਲਾਂ ਨੂੰ ਸੁਲਝਾਉਣਾ ਸਾਡੇ ਵੱਸ ਦੀ ਗੱਲ ਨਹੀਂ। ਜੇ ਅਸੀਂ ਇਨ੍ਹਾਂ ਗੱਲਾਂ ਬਾਰੇ ਸੋਚ-ਸੋਚ ਕੇ ਦੁਖੀ ਹੋਈ ਜਾਈਏ, ਤਾਂ ਅਸੀਂ ਬਹੁਤ ਸਾਰੀਆਂ ਖ਼ੁਸ਼ੀਆਂ ਤੋਂ ਵਾਂਝੇ ਹੋ ਜਾਵਾਂਗੇ ਜੋ ਸੱਚੀ ਭਗਤੀ ਕਰਨ ਨਾਲ ਮਿਲਦੀਆਂ ਹਨ। ਇਸ ਲਈ ਸਮੱਸਿਆ ਸੁਲਝਾਉਣ ਲਈ ਢੁਕਵੇਂ ਕਦਮ ਚੁੱਕਣ ਤੋਂ ਬਾਅਦ ਚੰਗਾ ਹੋਵੇਗਾ ਕਿ ਤੁਸੀਂ ਸਮੱਸਿਆ ਬਾਰੇ ਜ਼ਿਆਦਾ ਨਾ ਸੋਚੋ ਅਤੇ ਚੰਗੀਆਂ ਗੱਲਾਂ ਉੱਤੇ ਮਨ ਲਾਓ। ਇਹ ਗੱਲ ਸਮਝਣ ਲਈ ਆਓ ਆਪਾਂ ਬਾਈਬਲ ਵਿਚ ਦਿੱਤੇ ਬਿਰਤਾਂਤਾਂ ਉੱਤੇ ਗੌਰ ਕਰੀਏ।

ਆਪਣੇ ਤੋਂ ਜ਼ਿਆਦਾ ਉਮੀਦਾਂ ਨਾ ਰੱਖੋ

9. ਹੰਨਾਹ ਨੇ ਕਿਵੇਂ ਆਪਣੇ ਤੋਂ ਜ਼ਿਆਦਾ ਉਮੀਦਾਂ ਨਹੀਂ ਰੱਖੀਆਂ?

9 ਸਮੂਏਲ ਨਬੀ ਦੀ ਮਾਂ ਹੰਨਾਹ ਦੀ ਮਿਸਾਲ ਉੱਤੇ ਗੌਰ ਕਰੋ। ਮਾਂ ਬਣਨ ਤੋਂ ਪਹਿਲਾਂ ਉਹ ਉਦਾਸ ਰਹਿੰਦੀ ਸੀ ਕਿਉਂਕਿ ਉਸ ਦੇ ਬੱਚੇ ਨਹੀਂ ਸੀ ਹੁੰਦੇ। ਬਾਂਝ ਹੋਣ ਕਰਕੇ ਉਸ ਦਾ ਮਖੌਲ ਉਡਾਇਆ ਜਾਂਦਾ ਸੀ ਤੇ ਤਾਅਨੇ-ਮਿਹਣੇ ਦਿੱਤੇ ਜਾਂਦੇ ਸਨ। ਇਸ ਲਈ ਕਦੇ-ਕਦੇ ਉਹ ਇੰਨੀ ਉਦਾਸ ਹੋ ਜਾਂਦੀ ਸੀ ਕਿ ਉਹ ਰੋਣ ਲੱਗ ਪੈਂਦੀ ਸੀ ਤੇ ਕੁਝ ਖਾਂਦੀ ਨਹੀਂ ਸੀ। (1 ਸਮੂ. 1:2-7) ਇਕ ਵਾਰ ਹੰਨਾਹ ਜਦੋਂ ਯਹੋਵਾਹ ਦੇ ਮੰਦਰ ਵਿਚ ਗਈ, ਤਾਂ ਉਸ ਦਾ “ਮਨ ਬਹੁਤ ਉਦਾਸ ਹੋਇਆ ਸੋ ਉਹ ਨੇ ਯਹੋਵਾਹ ਦੇ ਅੱਗੇ ਬੇਨਤੀ ਕੀਤੀ ਅਤੇ ਭੁੱਬਾਂ ਮਾਰ ਮਾਰ ਰੋਈ।” (1 ਸਮੂ. 1:10) ਹੰਨਾਹ ਨੇ ਯਹੋਵਾਹ ਅੱਗੇ ਆਪਣਾ ਦਿਲ ਖੋਲ੍ਹ ਦਿੱਤਾ ਜਿਸ ਤੋਂ ਬਾਅਦ ਪ੍ਰਧਾਨ ਜਾਜਕ ਏਲੀ ਉਸ ਕੋਲ ਆਇਆ ਤੇ ਕਿਹਾ: “ਸੁਖ ਸਾਂਦ ਨਾਲ ਜਾਹ ਅਤੇ ਇਸਰਾਏਲ ਦਾ ਪਰਮੇਸ਼ੁਰ ਤੇਰੀ ਅਰਜੋਈ ਪੂਰੀ ਕਰੇ ਜੋ ਤੈਂ ਉਸ ਤੋਂ ਮੰਗੀ ਹੈ।” (1 ਸਮੂ. 1:17) ਇਸ ਵੇਲੇ ਹੰਨਾਹ ਨੂੰ ਅਹਿਸਾਸ ਹੋ ਗਿਆ ਸੀ ਕਿ ਉਸ ਤੋਂ ਜੋ ਹੋ ਸਕਿਆ, ਉਸ ਨੇ ਕੀਤਾ। ਉਸ ਨੇ ਆਪਣੇ ਤੋਂ ਜ਼ਿਆਦਾ ਉਮੀਦਾਂ ਨਹੀਂ ਰੱਖੀਆਂ ਕਿਉਂਕਿ ਉਹ ਆਪਣੇ ਬਾਂਝਪੁਣੇ ਬਾਰੇ ਕੁਝ ਨਹੀਂ ਕਰ ਸਕਦੀ ਸੀ। ਫਿਰ ਉਸ ਨੇ “ਜਾ ਕੇ ਰੋਟੀ ਖਾਧੀ ਅਤੇ ਫੇਰ ਉਹ ਦਾ ਮੂੰਹ ਉਦਾਸ ਨਾ ਰਿਹਾ।”—1 ਸਮੂ. 1:18.

10. ਪੌਲੁਸ ਨੇ ਕਿਹੋ ਜਿਹਾ ਨਜ਼ਰੀਆ ਦਿਖਾਇਆ ਜਦੋਂ ਸਮੱਸਿਆ ਤੋਂ ਛੁਟਕਾਰਾ ਪਾਉਣਾ ਉਸ ਦੇ ਵੱਸ ਦੀ ਗੱਲ ਨਹੀਂ ਸੀ?

10 ਪੌਲੁਸ ਰਸੂਲ ਨੇ ਵੀ ਹੰਨਾਹ ਵਰਗਾ ਨਜ਼ਰੀਆ ਦਿਖਾਇਆ ਜਦ ਉਸ ਨੂੰ ਇਕ ਸਮੱਸਿਆ ਨੇ ਕਾਫ਼ੀ ਤੰਗ ਕੀਤਾ। ਇਕ ਵਾਰ ਉਸ ਨੇ ਇਸ ਨੂੰ “ਸਰੀਰ ਵਿੱਚ ਇੱਕ ਕੰਡਾ” ਕਿਹਾ ਸੀ। (2 ਕੁਰਿੰ. 12:7) ਪੌਲੁਸ ਦੀ ਸਮੱਸਿਆ ਭਾਵੇਂ ਜੋ ਮਰਜ਼ੀ ਸੀ, ਉਸ ਨੇ ਇਸ ਨੂੰ ਦੂਰ ਕਰਨ ਲਈ ਆਪਣੇ ਵੱਲੋਂ ਜੋ ਹੋ ਸਕਿਆ ਕੀਤਾ। ਇਸ ਤੋਂ ਰਾਹਤ ਪਾਉਣ ਲਈ ਉਸ ਨੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ। ਪੌਲੁਸ ਨੇ ਕਿੰਨੀ ਕੁ ਵਾਰੀ ਇਸ ਬਾਰੇ ਯਹੋਵਾਹ ਨੂੰ ਬੇਨਤੀ ਕੀਤੀ ਸੀ? ਤਿੰਨ ਵਾਰ। ਤੀਸਰੀ ਵਾਰ ਪ੍ਰਾਰਥਨਾ ਕਰਨ ਤੇ ਯਹੋਵਾਹ ਨੇ ਉਸ ਨੂੰ ਕਿਹਾ ਕਿ ਉਸ ਦੇ ‘ਸਰੀਰ ਵਿਚਲਾ ਕੰਡਾ’ ਚਮਤਕਾਰੀ ਤਰੀਕੇ ਨਾਲ ਪਰੇ ਨਹੀਂ ਹਟਾਇਆ ਜਾਵੇਗਾ। ਯਹੋਵਾਹ ਦੀ ਇਹ ਗੱਲ ਮੰਨ ਕੇ ਪੌਲੁਸ ਪੂਰੀ ਤਰ੍ਹਾਂ ਉਸ ਦੀ ਸੇਵਾ ਕਰਨ ਵਿਚ ਰੁੱਝ ਗਿਆ।—2 ਕੁਰਿੰਥੀਆਂ 12:8-10 ਪੜ੍ਹੋ।

11. ਸਮੱਸਿਆਵਾਂ ਨਾਲ ਸਿੱਝਣ ਵਿਚ ਅਰਦਾਸਾਂ ਤੇ ਬੇਨਤੀਆਂ ਕੀ ਭੂਮਿਕਾ ਨਿਭਾਉਂਦੀਆਂ ਹਨ?

11 ਇਹ ਮਿਸਾਲਾਂ ਦੇਣ ਦਾ ਇਹ ਮਤਲਬ ਨਹੀਂ ਕਿ ਸਾਨੂੰ ਆਪਣੀਆਂ ਮੁਸ਼ਕਲਾਂ ਬਾਰੇ ਯਹੋਵਾਹ ਨੂੰ ਪ੍ਰਾਰਥਨਾ ਕਰਨੀ ਬੰਦ ਕਰ ਦੇਣੀ ਚਾਹੀਦੀ ਹੈ। (ਜ਼ਬੂ. 86:7) ਇਸ ਦੇ ਉਲਟ ਪਰਮੇਸ਼ੁਰ ਦਾ ਬਚਨ ਸਾਨੂੰ ਤਾਕੀਦ ਕਰਦਾ ਹੈ: “ਕਿਸੇ ਗੱਲ ਦੀ ਚਿੰਤਾ ਨਾ ਕਰੋ ਸਗੋਂ ਹਰ ਗੱਲ ਵਿੱਚ ਤੁਹਾਡੀਆਂ ਅਰਦਾਸਾਂ ਪ੍ਰਾਰਥਨਾ ਅਤੇ ਬੇਨਤੀ ਨਾਲ ਧੰਨਵਾਦ ਸਣੇ ਪਰਮੇਸ਼ੁਰ ਦੇ ਅੱਗੇ ਕੀਤੀਆਂ ਜਾਣ।” ਯਹੋਵਾਹ ਸਾਡੀਆਂ ਅਰਦਾਸਾਂ ਤੇ ਬੇਨਤੀਆਂ ਦਾ ਜਵਾਬ ਕਿਵੇਂ ਦੇਵੇਗਾ? ਬਾਈਬਲ ਕਹਿੰਦੀ ਹੈ: “ਪਰਮੇਸ਼ੁਰ ਦੀ ਸ਼ਾਂਤੀ ਜੋ ਸਾਰੀ ਸਮਝ ਤੋਂ ਪਰੇ ਹੈ ਮਸੀਹ ਯਿਸੂ ਵਿੱਚ ਤੁਹਾਡਿਆਂ ਮਨਾਂ ਅਤੇ ਸੋਚਾਂ ਦੀ ਰਾਖੀ ਕਰੇਗੀ।” (ਫ਼ਿਲਿ. 4:6, 7) ਜੀ ਹਾਂ, ਯਹੋਵਾਹ ਸ਼ਾਇਦ ਸਾਡੀ ਸਮੱਸਿਆ ਦੂਰ ਨਾ ਕਰੇ, ਪਰ ਉਹ ਸਾਡੀਆਂ ਸੋਚਾਂ ਦੀ ਰਾਖੀ ਕਰ ਕੇ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਦੇ ਸਕਦਾ ਹੈ। ਜਦ ਅਸੀਂ ਸਮੱਸਿਆ ਬਾਰੇ ਪ੍ਰਾਰਥਨਾ ਕਰਾਂਗੇ, ਤਾਂ ਸਾਨੂੰ ਮਨ ਦੀ ਸ਼ਾਂਤੀ ਮਿਲੇਗੀ ਅਤੇ ਅਸੀਂ ਦੇਖ ਪਾਵਾਂਗੇ ਕਿ ਚਿੰਤਾਵਾਂ ਵਿਚ ਡੁੱਬੇ ਰਹਿਣਾ ਖ਼ਤਰਨਾਕ ਹੈ।

ਪਰਮੇਸ਼ੁਰ ਦੀ ਇੱਛਾ ਪੂਰੀ ਕਰ ਕੇ ਖ਼ੁਸ਼ੀ ਪਾਓ

12. ਚਿਰਾਂ ਤਕ ਨਿਰਾਸ਼ ਰਹਿਣਾ ਕਿਉਂ ਨੁਕਸਾਨਦੇਹ ਹੋ ਸਕਦਾ ਹੈ?

12ਕਹਾਉਤਾਂ 24:10 ਕਹਿੰਦਾ ਹੈ: “ਜੇ ਤੂੰ ਬਿਪਤਾ ਦੇ ਦਿਨ ਢਿੱਲਾ ਪੈ ਜਾਵੇਂ, ਤਾਂ ਤੇਰਾ ਬਲ ਘੱਟ ਹੈ।” ਇਕ ਹੋਰ ਕਹਾਵਤ ਕਹਿੰਦੀ ਹੈ: “ਸੋਗੀ ਮਨ ਵਾਲੇ ਮਨੁੱਖ ਦਾ ਮੂੰਹ ਉਤਰਿਆ ਹੁੰਦਾ ਹੈ।” (ਕਹਾ. 15:13, CL) ਕੁਝ ਮਸੀਹੀ ਇੰਨੇ ਨਿਰਾਸ਼ ਹੋ ਗਏ ਕਿ ਉਨ੍ਹਾਂ ਨੇ ਬਾਈਬਲ ਦਾ ਅਧਿਐਨ ਕਰਨਾ ਅਤੇ ਇਸ ਉੱਤੇ ਮਨਨ ਕਰਨਾ ਹੀ ਛੱਡ ਦਿੱਤਾ ਹੈ। ਉਨ੍ਹਾਂ ਦੀਆਂ ਪ੍ਰਾਰਥਨਾਵਾਂ ਰੁਟੀਨ ਬਣ ਕੇ ਰਹਿ ਗਈਆਂ ਹਨ ਅਤੇ ਉਹ ਦੂਜੇ ਭੈਣਾਂ-ਭਰਾਵਾਂ ਤੋਂ ਦੂਰ-ਦੂਰ ਰਹਿੰਦੇ ਹਨ। ਇਸ ਤੋਂ ਸਪੱਸ਼ਟ ਹੈ ਕਿ ਚਿਰਾਂ ਤਕ ਨਿਰਾਸ਼ ਰਹਿਣਾ ਨੁਕਸਾਨਦੇਹ ਹੈ।—ਕਹਾ. 18:1, 14.

13. ਕਿਹੜੇ ਕੁਝ ਕੰਮ ਨਿਰਾਸ਼ਾ ਨੂੰ ਦੂਰ ਕਰਨ ਦੇ ਨਾਲ-ਨਾਲ ਸਾਨੂੰ ਖ਼ੁਸ਼ੀ ਦੇ ਸਕਦੇ ਹਨ?

13 ਦੂਸਰੇ ਪਾਸੇ, ਜੇ ਅਸੀਂ ਸਹੀ ਨਜ਼ਰੀਆ ਰੱਖਦੇ ਹਾਂ, ਤਾਂ ਅਸੀਂ ਜ਼ਿੰਦਗੀ ਦੇ ਉਨ੍ਹਾਂ ਪਹਿਲੂਆਂ ’ਤੇ ਜ਼ਿਆਦਾ ਧਿਆਨ ਦੇਵਾਂਗੇ ਜਿਨ੍ਹਾਂ ਤੋਂ ਸਾਨੂੰ ਖ਼ੁਸ਼ੀ ਮਿਲ ਸਕਦੀ ਹੈ। ਦਾਊਦ ਨੇ ਲਿਖਿਆ: “ਤੇਰੀ ਇੱਛਿਆ ਨੂੰ ਪੂਰਿਆਂ ਕਰਨ ਵਿੱਚ, ਹੇ ਮੇਰੇ ਪਰਮੇਸ਼ੁਰ, ਮੈਂ ਪਰਸੰਨ ਹਾਂ।” (ਜ਼ਬੂ. 40:8) ਜਦ ਜ਼ਿੰਦਗੀ ਵਿਚ ਮੁਸ਼ਕਲਾਂ ਆਉਂਦੀਆਂ ਹਨ, ਤਾਂ ਸਾਨੂੰ ਕਦੇ ਵੀ ਪਰਮੇਸ਼ੁਰ ਦੀ ਭਗਤੀ ਕਰਨੀ ਨਹੀਂ ਛੱਡਣੀ ਚਾਹੀਦੀ। ਦਰਅਸਲ, ਉਦਾਸੀ ਦੂਰ ਕਰਨ ਦਾ ਇਕ ਨੁਸਖਾ ਹੈ: ਉਨ੍ਹਾਂ ਕੰਮਾਂ ਵਿਚ ਰੁੱਝ ਜਾਓ ਜਿਨ੍ਹਾਂ ਤੋਂ ਖ਼ੁਸ਼ੀ ਮਿਲਦੀ ਹੈ। ਯਹੋਵਾਹ ਦੱਸਦਾ ਹੈ ਕਿ ਅਸੀਂ ਉਸ ਦੇ ਬਚਨ ਨੂੰ ਪੜ੍ਹ ਕੇ ਅਤੇ ਬਾਕਾਇਦਾ ਇਸ ਉੱਤੇ ਮਨਨ ਕਰ ਕੇ ਖ਼ੁਸ਼ ਰਹਿ ਸਕਦੇ ਹਾਂ। (ਜ਼ਬੂ. 1:1, 2; ਯਾਕੂ. 1:25) ਸਾਨੂੰ ਬਾਈਬਲ ਅਤੇ ਮਸੀਹੀ ਸਭਾਵਾਂ ਵਿਚ “ਸ਼ੁਭ ਬਚਨ” ਪੜ੍ਹਨ-ਸੁਣਨ ਨੂੰ ਮਿਲਦੇ ਹਨ ਜੋ ਸਾਨੂੰ ਨਿਰਾਸ਼ਾ ਵਿੱਚੋਂ ਬਾਹਰ ਕੱਢ ਸਕਦੇ ਹਨ ਅਤੇ ਦਿਲ ਖ਼ੁਸ਼ ਕਰ ਸਕਦੇ ਹਨ।—ਕਹਾ. 12:25; 16:24.

14. ਯਹੋਵਾਹ ਦੇ ਦਿੱਤੇ ਕਿਹੜੇ ਭਰੋਸੇ ਤੋਂ ਹੁਣ ਸਾਨੂੰ ਖ਼ੁਸ਼ੀ ਮਿਲਦੀ ਹੈ?

14 ਯਹੋਵਾਹ ਸਾਨੂੰ ਖ਼ੁਸ਼ ਰਹਿਣ ਦੇ ਕਈ ਕਾਰਨ ਦੱਸਦਾ ਹੈ। ਉਸ ਨੇ ਵਾਅਦਾ ਕੀਤਾ ਹੈ ਕਿ ਉਹ ਸਾਨੂੰ ਦੁੱਖਾਂ-ਤਕਲੀਫ਼ਾਂ ਤੋਂ ਮੁਕਤੀ ਦਿਲਾਏਗਾ ਜੋ ਕਿ ਖ਼ੁਸ਼ ਰਹਿਣ ਦਾ ਇਕ ਬਹੁਤ ਵੱਡਾ ਕਾਰਨ ਹੈ। (ਜ਼ਬੂ. 13:5) ਅੱਜ ਭਾਵੇਂ ਅਸੀਂ ਜੋ ਕੁਝ ਮਰਜ਼ੀ ਸਹਿ ਰਹੇ ਹਾਂ, ਫਿਰ ਵੀ ਅਸੀਂ ਜਾਣਦੇ ਹਾਂ ਕਿ ਪਰਮੇਸ਼ੁਰ ਉਨ੍ਹਾਂ ਨੂੰ ਬਰਕਤਾਂ ਦੇਵੇਗਾ ਜੋ ਪੂਰੇ ਦਿਲ ਨਾਲ ਉਸ ਨੂੰ ਭਾਲਦੇ ਹਨ। (ਉਪਦੇਸ਼ਕ ਦੀ ਪੋਥੀ 8:12 ਪੜ੍ਹੋ।) ਹਬੱਕੂਕ ਨਬੀ ਨੇ ਬਹੁਤ ਸੋਹਣੇ ਸ਼ਬਦਾਂ ਵਿਚ ਇਸ ਬਾਰੇ ਲਿਖਿਆ: “ਭਾਵੇਂ ਹਜੀਰ ਦਾ ਬਿਰਛ ਨਾ ਫਲੇ ਫੁੱਲੇ, ਨਾ ਅੰਗੂਰੀ ਵੇਲਾਂ ਉੱਤੇ ਫਲ ਹੋਵੇ, ਭਾਵੇਂ ਜ਼ੈਤੂਨ ਦੇ ਬਿਰਛ ਦਾ ਹਾਸਲ ਘਟੇ, ਅਤੇ ਖੇਤ ਅੰਨ ਨਾ ਦੇਣ, ਭਾਵੇਂ ਇੱਜੜ ਵਾੜੇ ਵਿੱਚੋਂ ਕੱਟੇ ਜਾਣ, ਅਤੇ ਵੱਗ ਕੁਰ੍ਹਾਂ ਵਿੱਚ ਨਾ ਹੋਣ, ਤਾਂ ਵੀ ਮੈਂ ਯਹੋਵਾਹ ਵਿੱਚ ਬਾਗ ਬਾਗ ਹੋਵਾਂਗਾ, ਮੈਂ ਆਪਣੇ ਮੁਕਤੀ ਦਾਤੇ ਪਰਮੇਸ਼ੁਰ ਵਿੱਚ ਖੁਸ਼ੀ ਮਨਾਵਾਂਗਾ।”—ਹਬ. 3:17, 18.

“ਧੰਨ ਓਹ ਲੋਕ ਹਨ ਜਿਨ੍ਹਾਂ ਦਾ ਪਰਮੇਸ਼ੁਰ ਯਹੋਵਾਹ ਹੈ!”

15, 16. ਭਵਿੱਖ ਵਿਚ ਮਿਲਣ ਵਾਲੀਆਂ ਬਰਕਤਾਂ ਦੀ ਉਡੀਕ ਕਰਦਿਆਂ ਅਸੀਂ ਪਰਮੇਸ਼ੁਰ ਤੋਂ ਮਿਲੀਆਂ ਕਿਹੜੀਆਂ ਕੁਝ ਦਾਤਾਂ ਦਾ ਆਨੰਦ ਮਾਣ ਸਕਦੇ ਹਾਂ?

15 ਯਹੋਵਾਹ ਚਾਹੁੰਦਾ ਹੈ ਕਿ ਅਸੀਂ ਸੁਨਹਿਰੇ ਭਵਿੱਖ ਦੀ ਉਡੀਕ ਕਰਦਿਆਂ ਉਸ ਦੀਆਂ ਦਿੱਤੀਆਂ ਚੰਗੀਆਂ ਚੀਜ਼ਾਂ ਦਾ ਆਨੰਦ ਮਾਣੀਏ। ਬਾਈਬਲ ਕਹਿੰਦੀ ਹੈ: “ਮੈਂ ਸੱਚ ਜਾਣਦਾ ਹਾਂ ਭਈ [ਮਨੁੱਖਜਾਤੀ] ਦੇ ਲਈ ਇਸ ਨਾਲੋਂ ਵਧੀਕ ਹੋਰ ਕੁਝ ਚੰਗਾ ਨਹੀਂ ਜੋ ਅਨੰਦ ਹੋਣ ਅਤੇ ਆਪਣੇ ਜੀਉਂਦੇ ਜੀ ਭਲਿਆਈ ਕਰ ਲੈਣ। ਇਹ ਵੀ ਜੋ ਹਰੇਕ ਆਦਮੀ ਖਾਵੇ ਪੀਵੇ ਅਤੇ ਆਪੋ ਆਪਣੇ ਧੰਦੇ ਦਾ ਲਾਭ ਭੋਗੇ, ਤਾਂ ਇਹ ਵੀ ਪਰਮੇਸ਼ੁਰ ਦੀ ਦਾਤ ਹੈ।” (ਉਪ. 3:12, 13) ‘ਭਲਿਆਈ ਕਰਨ’ ਵਿਚ ਦੂਜਿਆਂ ਲਈ ਚੰਗੇ ਕੰਮ ਕਰਨੇ ਸ਼ਾਮਲ ਹਨ। ਯਿਸੂ ਨੇ ਕਿਹਾ ਸੀ ਕਿ ਲੈਣ ਨਾਲੋਂ ਦੇਣ ਵਿਚ ਜ਼ਿਆਦਾ ਖ਼ੁਸ਼ੀ ਮਿਲਦੀ ਹੈ। ਇਸ ਲਈ ਆਪਣੇ ਜੀਵਨ-ਸਾਥੀ, ਬੱਚਿਆਂ, ਮਾਪਿਆਂ ਅਤੇ ਹੋਰਨਾਂ ਰਿਸ਼ਤੇਦਾਰਾਂ ਲਈ ਭਲੇ ਕੰਮ ਕਰਨ ਨਾਲ ਬਹੁਤ ਸੰਤੁਸ਼ਟੀ ਮਿਲਦੀ ਹੈ। (ਕਹਾ. 3:27) ਆਪਣੇ ਭੈਣਾਂ-ਭਰਾਵਾਂ ਪ੍ਰਤਿ ਰਹਿਮ-ਦਿਲ ਹੋਣ, ਉਨ੍ਹਾਂ ਦੀ ਪਰਾਹੁਣਚਾਰੀ ਕਰਨ ਤੇ ਉਨ੍ਹਾਂ ਨੂੰ ਮਾਫ਼ ਕਰਨ ਨਾਲ ਨਾ ਸਿਰਫ਼ ਸਾਨੂੰ ਖ਼ੁਸ਼ੀ ਮਿਲਦੀ ਹੈ, ਸਗੋਂ ਯਹੋਵਾਹ ਵੀ ਖ਼ੁਸ਼ ਹੁੰਦਾ ਹੈ। (ਗਲਾ. 6:10; ਕੁਲੁ. 3:12-14; 1 ਪਤ. 4:8, 9) ਜੀ-ਜਾਨ ਨਾਲ ਪ੍ਰਚਾਰ ਕਰ ਕੇ ਵੀ ਬਰਕਤਾਂ ਮਿਲਦੀਆਂ ਹਨ।

16 ਉੱਪਰਲੇ ਪੈਰੇ ਵਿਚ ਉਪਦੇਸ਼ਕ ਦੀ ਪੋਥੀ ਜ਼ਿੰਦਗੀ ਦੀਆਂ ਆਮ ਗੱਲਾਂ ਦਾ ਵੀ ਜ਼ਿਕਰ ਕਰਦੀ ਹੈ ਜਿਨ੍ਹਾਂ ਤੋਂ ਖ਼ੁਸ਼ੀ ਮਿਲਦੀ ਹੈ ਜਿਵੇਂ ਖਾਣਾ-ਪੀਣਾ। ਜੀ ਹਾਂ, ਅਜ਼ਮਾਇਸ਼ਾਂ ਸਹਿੰਦੇ ਹੋਏ ਵੀ ਅਸੀਂ ਯਹੋਵਾਹ ਤੋਂ ਮਿਲੀਆਂ ਦਾਤਾਂ ਦਾ ਆਨੰਦ ਮਾਣ ਸਕਦੇ ਹਾਂ। ਇਸ ਤੋਂ ਇਲਾਵਾ, ਡੁੱਬਦੇ ਸੂਰਜ ਦਾ ਸ਼ਾਨਦਾਰ ਨਜ਼ਾਰਾ, ਖੂਬਸੂਰਤ ਥਾਵਾਂ, ਿਨੱਕੇ-ਿਨੱਕੇ ਜਾਨਵਰਾਂ ਦੀਆਂ ਹਰਕਤਾਂ ਅਤੇ ਹੋਰ ਕੁਦਰਤੀ ਅਜੂਬਿਆਂ ਨੂੰ ਮੁਫ਼ਤ ਵਿਚ ਹੀ ਦੇਖ ਕੇ ਅਸੀਂ ਹੱਕੇ-ਬੱਕੇ ਰਹਿ ਜਾਂਦੇ ਹਾਂ ਤੇ ਦਿਲ ਖ਼ੁਸ਼ ਹੋ ਜਾਂਦਾ ਹੈ। ਇਨ੍ਹਾਂ ਚੀਜ਼ਾਂ ਬਾਰੇ ਸੋਚ ਕੇ ਅਸੀਂ ਯਹੋਵਾਹ ਨੂੰ ਹੋਰ ਪਿਆਰ ਕਰਨ ਲੱਗਦੇ ਹਾਂ ਕਿਉਂਕਿ ਸਾਰੀਆਂ ਚੀਜ਼ਾਂ ਦੇਣ ਵਾਲਾ ਉਹੀ ਹੈ।

17. ਕੀ ਕਰਨ ਨਾਲ ਸਾਨੂੰ ਸਮੱਸਿਆਵਾਂ ਤੋਂ ਪੂਰੀ ਤਰ੍ਹਾਂ ਰਾਹਤ ਮਿਲੇਗੀ ਤੇ ਉਹ ਸਮਾਂ ਆਉਣ ਤਕ ਅਸੀਂ ਕਿਹੜੀ ਗੱਲ ਤੋਂ ਦਿਲਾਸਾ ਪਾ ਸਕਦੇ ਹਾਂ?

17 ਯਹੋਵਾਹ ਨੂੰ ਪਿਆਰ ਕਰਨ, ਉਸ ਦੇ ਹੁਕਮਾਂ ਨੂੰ ਮੰਨਣ ਅਤੇ ਯਿਸੂ ਦੀ ਕੁਰਬਾਨੀ ਵਿਚ ਨਿਹਚਾ ਕਰਨ ਨਾਲ ਸਾਨੂੰ ਜ਼ਿੰਦਗੀ ਦੀਆਂ ਸਮੱਸਿਆਵਾਂ ਤੋਂ ਪੂਰੀ ਤਰ੍ਹਾਂ ਰਾਹਤ ਮਿਲੇਗੀ ਅਤੇ ਅਸੀਂ ਹਮੇਸ਼ਾ ਖ਼ੁਸ਼ ਰਹਾਂਗੇ। (1 ਯੂਹੰ. 5:3) ਉਹ ਸਮਾਂ ਆਉਣ ਤਕ ਸਾਨੂੰ ਇਸ ਗੱਲ ਤੋਂ ਦਿਲਾਸਾ ਮਿਲਦਾ ਹੈ ਕਿ ਯਹੋਵਾਹ ਚੰਗੀ ਤਰ੍ਹਾਂ ਜਾਣਦਾ ਹੈ ਕਿ ਕਿਹੜੀਆਂ ਗੱਲਾਂ ਸਾਨੂੰ ਦੁਖੀ ਕਰਦੀਆਂ ਹਨ। ਦਾਊਦ ਨੇ ਲਿਖਿਆ: “ਮੈਂ ਤੇਰੀ ਦਯਾ ਵਿੱਚ ਮਗਨ ਅਤੇ ਅਨੰਦ ਹੋਵਾਂਗਾ, ਕਿਉਂ ਜੋ ਤੈਂ ਮੇਰੇ ਦੁਖ ਨੂੰ ਵੇਖਿਆ ਹੈ, ਤੈਂ ਮੇਰੀ ਜਾਨ ਦੇ ਕਸ਼ਟਾਂ ਨੂੰ ਜਾਣ ਲਿਆ ਹੈ।” (ਜ਼ਬੂ. 31:7) ਯਹੋਵਾਹ ਸਾਡੇ ਨਾਲ ਪਿਆਰ ਕਰਦਾ ਹੈ, ਇਸ ਲਈ ਉਹ ਸਾਨੂੰ ਮੁਸੀਬਤਾਂ ਤੋਂ ਬਚਾਵੇਗਾ।—ਜ਼ਬੂ. 34:19.

18. ਪਰਮੇਸ਼ੁਰ ਦੇ ਲੋਕਾਂ ਨੂੰ ਕਿਉਂ ਖ਼ੁਸ਼ ਰਹਿਣਾ ਚਾਹੀਦਾ ਹੈ?

18 ਯਹੋਵਾਹ ਦੇ ਵਾਅਦਿਆਂ ਦੇ ਪੂਰਾ ਹੋਣ ਦੀ ਉਡੀਕ ਕਰਦਿਆਂ, ਆਓ ਆਪਾਂ ਖ਼ੁਸ਼ ਰਹਿਣ ਵਾਲੇ ਪਰਮੇਸ਼ੁਰ ਯਹੋਵਾਹ ਦੀ ਰੀਸ ਕਰੀਏ। ਆਓ ਆਪਾਂ ਨਿਰਾਸ਼ ਕਰ ਦੇਣ ਵਾਲੀਆਂ ਗੱਲਾਂ ਕਾਰਨ ਯਹੋਵਾਹ ਦੀ ਸੇਵਾ ਕਰਨੀ ਨਾ ਛੱਡੀਏ। ਆਓ ਆਪਾਂ ਸਮੱਸਿਆਵਾਂ ਆਉਣ ਤੇ ਬੁੱਧ ਤੋਂ ਕੰਮ ਲਈਏ ਅਤੇ ਸੋਚ-ਸਮਝ ਕੇ ਕਦਮ ਉਠਾਈਏ। ਯਹੋਵਾਹ ਸਾਡੀ ਮਦਦ ਕਰੇਗਾ ਤਾਂਕਿ ਅਸੀਂ ਆਪਣੀਆਂ ਭਾਵਨਾਵਾਂ ਉੱਤੇ ਕਾਬੂ ਰੱਖ ਸਕੀਏ। ਨਾਲੇ ਉਸ ਦੀ ਮਦਦ ਨਾਲ ਅਸੀਂ ਢੁਕਵੇਂ ਕਦਮ ਉਠਾ ਪਾਵਾਂਗੇ ਤਾਂਕਿ ਕਿਸੇ ਮੁਸ਼ਕਲ ਕਾਰਨ ਸਾਡੇ ਹਾਲਾਤ ਹੋਰ ਨਾ ਖ਼ਰਾਬ ਹੋਣ। ਆਓ ਆਪਾਂ ਉਸ ਤੋਂ ਮਿਲੀਆਂ ਚੰਗੀਆਂ ਚੀਜ਼ਾਂ ਅਤੇ ਉਸ ਦੇ ਕੰਮਾਂ ਤੋਂ ਮਿਲਦੀ ਖ਼ੁਸ਼ੀ ਮਾਣਦੇ ਰਹੀਏ। ਪਰਮੇਸ਼ੁਰ ਦੇ ਨੇੜੇ ਰਹਿ ਕੇ ਅਸੀਂ ਭਰਪੂਰ ਆਨੰਦ ਮਾਣਾਂਗੇ ਕਿਉਂਕਿ “ਧੰਨ ਓਹ ਲੋਕ ਹਨ ਜਿਨ੍ਹਾਂ ਦਾ ਪਰਮੇਸ਼ੁਰ ਯਹੋਵਾਹ ਹੈ!”—ਜ਼ਬੂ. 144:15.

ਤੁਸੀਂ ਕੀ ਸਿੱਖਿਆ ਹੈ?

• ਸਮੱਸਿਆਵਾਂ ਦਾ ਸਾਮ੍ਹਣਾ ਕਰਦਿਆਂ ਅਸੀਂ ਕਿਵੇਂ ਯਹੋਵਾਹ ਦੀ ਰੀਸ ਕਰ ਸਕਦੇ ਹਾਂ?

• ਸਮੱਸਿਆਵਾਂ ਨਾਲ ਸਿੱਝਣ ਵੇਲੇ ਸਾਨੂੰ ਆਪਣੇ ਤੋਂ ਜ਼ਿਆਦਾ ਉਮੀਦਾਂ ਕਿਉਂ ਨਹੀਂ ਰੱਖਣੀਆਂ ਚਾਹੀਦੀਆਂ?

• ਮੁਸ਼ਕਲ ਘੜੀਆਂ ਵਿਚ ਪਰਮੇਸ਼ੁਰ ਦੀ ਇੱਛਾ ਪੂਰੀ ਕਰ ਕੇ ਅਸੀਂ ਕਿਵੇਂ ਖ਼ੁਸ਼ ਰਹਿ ਸਕਦੇ ਹਾਂ?

[ਸਵਾਲ]

[ਸਫ਼ਾ 16 ਉੱਤੇ ਤਸਵੀਰਾਂ]

ਯਹੋਵਾਹ ਬੁਰੀਆਂ ਗੱਲਾਂ ਦੇਖ ਕੇ ਦੁਖੀ ਹੁੰਦਾ ਹੈ

[ਕ੍ਰੈਡਿਟ ਲਾਈਨ]

© G.M.B. Akash/Panos Pictures

[ਸਫ਼ਾ 18 ਉੱਤੇ ਤਸਵੀਰਾਂ]

ਯਹੋਵਾਹ ਨੇ ਸਾਨੂੰ ਖ਼ੁਸ਼ ਰਹਿਣ ਦੇ ਕਾਰਨ ਦਿੱਤੇ ਹਨ