Skip to content

Skip to table of contents

ਮੈਡਾਗਾਸਕਰ ਟਾਪੂ ਤਕ ਬਾਈਬਲ ਪਹੁੰਚਦੀ ਹੈ

ਮੈਡਾਗਾਸਕਰ ਟਾਪੂ ਤਕ ਬਾਈਬਲ ਪਹੁੰਚਦੀ ਹੈ

ਮੈਡਾਗਾਸਕਰ ਟਾਪੂ ਤਕ ਬਾਈਬਲ ਪਹੁੰਚਦੀ ਹੈ

ਅਫ਼ਰੀਕਾ ਦੇ ਦੱਖਣ-ਪੂਰਬੀ ਕਿਨਾਰੇ ਤੋਂ ਤਕਰੀਬਨ 400 ਕਿਲੋਮੀਟਰ ਦੂਰ ਦੁਨੀਆਂ ਦਾ ਚੌਥਾ ਵੱਡਾ ਟਾਪੂ ਮੈਡਾਗਾਸਕਰ ਹੈ। ਮੈਲਾਗਾਸੀ ਲੋਕ ਕਾਫ਼ੀ ਸਮੇਂ ਤੋਂ ਯਹੋਵਾਹ ਦਾ ਨਾਂ ਜਾਣਦੇ ਹਨ ਕਿਉਂਕਿ ਬਾਈਬਲ ਦੇ ਤਰਜਮਿਆਂ ਵਿਚ 170 ਸਾਲਾਂ ਤੋਂ ਪਰਮੇਸ਼ੁਰ ਦਾ ਨਾਂ ਯਹੋਵਾਹ ਵਰਤਿਆ ਗਿਆ ਹੈ। ਮੈਲਾਗਾਸੀ ਭਾਸ਼ਾ ਵਿਚ ਬਾਈਬਲ ਦਾ ਤਰਜਮਾ ਕਿਵੇਂ ਕੀਤਾ ਗਿਆ, ਇਹ ਕਹਾਣੀ ਧੀਰਜ ਤੇ ਲਗਨ ਦੀ ਹੈ।

ਮੈਲਾਗਾਸੀ ਵਿਚ ਬਾਈਬਲ ਦਾ ਤਰਜਮਾ ਕਰਨ ਦੇ ਜਤਨ ਮਾੱਰਿਸ਼ੱਸ ਨਾਂ ਦੇ ਨੇੜਲੇ ਟਾਪੂ ’ਤੇ ਸ਼ੁਰੂ ਹੋਏ। ਸਾਲ 1813 ਵਿਚ ਮਾੱਰਿਸ਼ੱਸ ਦੇ ਬਰਤਾਨਵੀ ਹਾਕਮ ਸਰ ਰੌਬਰਟ ਫਾਹਕੁਆ ਨੇ ਮੈਲਾਗਾਸੀ ਵਿਚ ਇੰਜੀਲਾਂ ਦਾ ਤਰਜਮਾ ਸ਼ੁਰੂ ਕਰਵਾਇਆ ਸੀ। ਬਾਅਦ ਵਿਚ ਉਸ ਨੇ ਮੈਡਾਗਾਸਕਰ ਦੇ ਰਾਜੇ ਰਾਦਾਮਾ ਪਹਿਲਾ ਨੂੰ ਰਾਇ ਦਿੱਤੀ ਕਿ ਉਹ ਪ੍ਰਚਾਰਕਾਂ ਨੂੰ ਲੰਡਨ ਮਿਸ਼ਨਰੀ ਸੋਸਾਇਟੀ ਤੋਂ ਮੈਡਾਗਾਸਕਰ ਸੱਦੇ।

18 ਅਗਸਤ 1818 ਵਿਚ ਵੇਲਜ਼ ਤੋਂ ਦੋ ਮਿਸ਼ਨਰੀ, ਡੇਵਿਡ ਜੋਨਜ਼ ਅਤੇ ਟੌਮਸ ਬੇਵਨ, ਮਾੱਰਿਸ਼ੱਸ ਤੋਂ ਟੋਵਾਮਸੀਨਾ ਨਾਂ ਦੀ ਬੰਦਰਗਾਹ ਆ ਪਹੁੰਚੇ। ਉੱਥੇ ਉਨ੍ਹਾਂ ਨੇ ਦੇਖਿਆ ਕਿ ਰੱਬ ਤੋਂ ਡਰਨਾ, ਜਠੇਰਿਆਂ ਦੀ ਪੂਜਾ ਕਰਨੀ ਅਤੇ ਆਪਣੇ ਰੀਤੀ-ਰਿਵਾਜਾਂ ਦੇ ਅਨੁਸਾਰ ਚੱਲਣਾ ਲੋਕਾਂ ਦੀ ਜ਼ਿੰਦਗੀ ਦਾ ਵੱਡਾ ਹਿੱਸਾ ਸੀ। ਮੈਲਾਗਾਸੀ ਲੋਕਾਂ ਦੀ ਦਿਲਚਸਪ ਭਾਸ਼ਾ ਮਲਾਇਆ-ਪੌਲੀਨੀਸ਼ੀਆਈ ਭਾਸ਼ਾਵਾਂ ਤੋਂ ਬਣੀ ਹੈ।

ਛੋਟਾ ਜਿਹਾ ਸਕੂਲ ਖੋਲ੍ਹਣ ਤੋਂ ਥੋੜ੍ਹੀ ਦੇਰ ਬਾਅਦ ਇਨ੍ਹਾਂ ਦੋ ਮਿਸ਼ਨਰੀਆਂ ਨੇ ਆਪਣੀਆਂ ਪਤਨੀਆਂ ਤੇ ਬੱਚਿਆਂ ਨੂੰ ਮਾੱਰਿਸ਼ੱਸ ਤੋਂ ਟੋਵਾਮਸੀਨਾ ਲਿਆਂਦਾ। ਪਰ ਦੁੱਖ ਦੀ ਗੱਲ ਹੈ ਕਿ ਸਾਰਿਆਂ ਨੂੰ ਮਲੇਰੀਆ ਹੋ ਗਿਆ ਤੇ ਜੋਨਜ਼ ਦੀ ਪਤਨੀ ਅਤੇ ਬੱਚਾ ਦਸੰਬਰ 1818 ਵਿਚ ਗੁਜ਼ਰ ਗਏ। ਇਸ ਤੋਂ ਦੋ ਮਹੀਨੇ ਬਾਅਦ ਬੇਵਨ ਅਤੇ ਉਸ ਦਾ ਪੂਰਾ ਪਰਿਵਾਰ ਵੀ ਇਸ ਬੀਮਾਰੀ ਦਾ ਸ਼ਿਕਾਰ ਹੋ ਕੇ ਮੌਤ ਦੀ ਨੀਂਦ ਸੌਂ ਗਏ। ਹੁਣ ਡੇਵਿਡ ਜੋਨਜ਼ ਇਕੱਲਾ ਰਹਿ ਗਿਆ ਸੀ।

ਦੁੱਖਾਂ ਦੀ ਇਸ ਘੜੀ ਦੇ ਬਾਵਜੂਦ ਜੋਨਜ਼ ਨੇ ਹਿੰਮਤ ਨਹੀਂ ਹਾਰੀ। ਉਸ ਨੇ ਠਾਣ ਲਿਆ ਕਿ ਉਹ ਮੈਡਾਗਾਸਕਰ ਦੇ ਲੋਕਾਂ ਲਈ ਬਾਈਬਲ ਦਾ ਤਰਜਮਾ ਕਰ ਕੇ ਹੀ ਰਹੇਗਾ। ਪਰ ਪਹਿਲਾਂ ਉਹ ਮਾੱਰਿਸ਼ੱਸ ਨੂੰ ਚਲਾ ਗਿਆ ਤਾਂਕਿ ਠੀਕ ਹੋ ਸਕੇ ਅਤੇ ਉੱਥੇ ਉਸ ਨੇ ਮੈਲਾਗਾਸੀ ਭਾਸ਼ਾ ਸਿੱਖਣ ਦਾ ਮੁਸ਼ਕਲ ਕੰਮ ਸ਼ੁਰੂ ਕੀਤਾ। ਇਸ ਤੋਂ ਬਾਅਦ ਉਸ ਨੇ ਯੂਹੰਨਾ ਦੀ ਇੰਜੀਲ ਦਾ ਤਰਜਮਾ ਕਰਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ।

ਅਕਤੂਬਰ 1820 ਵਿਚ ਜੋਨਜ਼ ਮੈਡਾਗਾਸਕਰ ਨੂੰ ਵਾਪਸ ਗਿਆ। ਉੱਥੇ ਪਹੁੰਚਣ ਤੋਂ ਥੋੜ੍ਹੀ ਹੀ ਦੇਰ ਬਾਅਦ ਉਸ ਨੇ ਰਾਜਧਾਨੀ ਅੰਤਾਨਾਨਾਰੀਵੋ ਵਿਚ ਇਕ ਨਵਾਂ ਮਿਸ਼ਨਰੀ ਸਕੂਲ ਖੋਲ੍ਹਿਆ। ਸਕੂਲ ਵਿਚ ਬਹੁਤਾ ਕੁਝ ਨਹੀਂ ਸੀ। ਉੱਥੇ ਨਾ ਤਾਂ ਕਿਤਾਬਾਂ, ਨਾ ਬਲੈਕ-ਬੋਰਡ ਤੇ ਨਾ ਹੀ ਡੈੱਸਕ ਸਨ। ਪਰ ਬੱਚਿਆਂ ਨੂੰ ਵਧੀਆ ਸਿੱਖਿਆ ਦਿੱਤੀ ਜਾ ਰਹੀ ਸੀ ਅਤੇ ਬੱਚੇ ਵੀ ਸਿੱਖਣ ਲਈ ਉਤਾਵਲੇ ਸਨ।

ਸੱਤ ਮਹੀਨੇ ਉਹ ਇਕੱਲਾ ਕੰਮ ਕਰਦਾ ਰਿਹਾ। ਫਿਰ ਉਸ ਨਾਲ ਕੰਮ ਕਰਨ ਲਈ ਇਕ ਹੋਰ ਮਿਸ਼ਨਰੀ ਡੇਵਿਡ ਗ੍ਰਿਫ਼ਿਥਸ ਆਇਆ। ਇਹ ਦੋਵੇਂ ਦਿਨ-ਰਾਤ ਇਕ ਕਰ ਕੇ ਮੈਲਾਗਾਸੀ ਵਿਚ ਬਾਈਬਲ ਦਾ ਤਰਜਮਾ ਕਰਨ ਲੱਗ ਪਏ।

ਬਾਈਬਲ ਦਾ ਤਰਜਮਾ ਸ਼ੁਰੂ ਹੁੰਦਾ ਹੈ

1820 ਦੇ ਦਹਾਕੇ ਵਿਚ ਮੈਲਾਗਾਸੀ ਭਾਸ਼ਾ ਅਰਬੀ ਅੱਖਰਾਂ ਵਿਚ ਲਿਖੀ ਜਾਂਦੀ ਸੀ ਜਿਸ ਨੂੰ ਸੂਰਾਬੇ ਕਿਹਾ ਜਾਂਦਾ ਸੀ। ਬਹੁਤ ਘੱਟ ਲੋਕ ਇਸ ਨੂੰ ਪੜ੍ਹ ਸਕਦੇ ਸਨ। ਇਹ ਮਿਸ਼ਨਰੀ ਰਾਜੇ ਰਾਦਾਮਾ ਪਹਿਲਾ ਨੂੰ ਮਿਲਣ ਗਏ ਅਤੇ ਉਸ ਤੋਂ ਸੂਰਾਬੇ ਦੀ ਥਾਂ ਅੰਗ੍ਰੇਜ਼ੀ ਲਿਪੀ ਵਰਤਣ ਦੀ ਇਜਾਜ਼ਤ ਮੰਗੀ ਤੇ ਰਾਜੇ ਨੇ ਉਨ੍ਹਾਂ ਦੀ ਗੱਲ ਮੰਨ ਲਈ।

10 ਸਤੰਬਰ 1823 ਨੂੰ ਤਰਜਮੇ ਦਾ ਕੰਮ ਸ਼ੁਰੂ ਹੋ ਗਿਆ। ਜੋਨਜ਼ ਨੇ ਉਤਪਤ ਅਤੇ ਮੱਤੀ ਦੀ ਇੰਜੀਲ ਦਾ ਤਰਜਮਾ ਕੀਤਾ ਅਤੇ ਗ੍ਰਿਫ਼ਿਥਸ ਨੇ ਕੂਚ ਅਤੇ ਲੂਕਾ ਦੀ ਇੰਜੀਲ ਦਾ। ਦੋਨਾਂ ਆਦਮੀਆਂ ਨੇ ਹੱਡ-ਤੋੜ ਮਿਹਨਤ ਕੀਤੀ। ਤਰਜਮੇ ਦਾ ਕੰਮ ਕਰਨ ਦੇ ਨਾਲ-ਨਾਲ ਉਹ ਸਵੇਰ ਨੂੰ ਅਤੇ ਦੁਪਹਿਰ ਨੂੰ ਸਕੂਲ ਵਿਚ ਪੜ੍ਹਾਉਂਦੇ ਵੀ ਸਨ। ਇਸ ਤੋਂ ਇਲਾਵਾ, ਉਹ ਤਿੰਨ ਬੋਲੀਆਂ ਵਿਚ ਚਰਚ ਵਿਚ ਉਪਦੇਸ਼ ਵੀ ਦਿੰਦੇ ਸਨ। ਪਰ ਉਨ੍ਹਾਂ ਨੇ ਤਰਜਮੇ ਦੇ ਕੰਮ ਨੂੰ ਪਹਿਲ ਦਿੱਤੀ।

12 ਸਟੂਡੈਂਟਾਂ ਦੀ ਮਦਦ ਨਾਲ ਇਨ੍ਹਾਂ ਦੋਹਾਂ ਨੇ 18 ਮਹੀਨਿਆਂ ਦੇ ਅੰਦਰ-ਅੰਦਰ ਬਾਈਬਲ ਦੇ ਯੂਨਾਨੀ ਹਿੱਸੇ ਤੇ ਇਬਰਾਨੀ ਹਿੱਸੇ ਦੀਆਂ ਕਈ ਪੋਥੀਆਂ ਦਾ ਵੀ ਤਰਜਮਾ ਕੀਤਾ। ਅਗਲੇ ਸਾਲ ਪੂਰੀ ਬਾਈਬਲ ਦਾ ਤਰਜਮਾ ਹੋ ਚੁੱਕਾ ਸੀ, ਪਰ ਇਸ ਵਿਚ ਅਜੇ ਸੁਧਾਰ ਕਰਨ ਦੀ ਲੋੜ ਸੀ। ਇਸ ਲਈ ਇੰਗਲੈਂਡ ਤੋਂ ਦੋ ਭਾਸ਼ਾ-ਵਿਗਿਆਨੀਆਂ ਡੇਵਿਡ ਜੌਨਜ਼ ਤੇ ਜੋਸਫ਼ ਫ੍ਰੀਮਨ ਨੂੰ ਮਦਦ ਕਰਨ ਲਈ ਭੇਜਿਆ ਗਿਆ।

ਹੋਰ ਮੁਸ਼ਕਲਾਂ

ਜਦ ਮੈਲਾਗਾਸੀ ਵਿਚ ਤਰਜਮਾ ਹੋ ਚੁੱਕਾ ਸੀ, ਤਾਂ ਲੰਡਨ ਮਿਸ਼ਨਰੀ ਸੋਸਾਇਟੀ ਨੇ ਚਾਰਲਜ਼ ਹੋਵਨਡੰਨ ਨੂੰ ਮੈਡਾਗਾਸਕਰ ਭੇਜਿਆ ਤਾਂਕਿ ਉਹ ਉੱਥੇ ਦੀ ਪਹਿਲੀ ਛਪਾਈ ਮਸ਼ੀਨ ਨੂੰ ਤਿਆਰ ਕਰੇ। ਹੋਵਨਡੰਨ 21 ਨਵੰਬਰ 1826 ਨੂੰ ਉੱਥੇ ਪਹੁੰਚਿਆ। ਪਰ ਉਸ ਨੂੰ ਵੀ ਮਲੇਰੀਆ ਹੋ ਗਿਆ ਅਤੇ ਉਹ ਇੱਕੋ ਮਹੀਨੇ ਦੇ ਵਿਚ-ਵਿਚ ਪੂਰਾ ਹੋ ਗਿਆ। ਹੁਣ ਮਸ਼ੀਨ ਚਲਾਉਣ ਵਾਲਾ ਕੋਈ ਨਹੀਂ ਸੀ। ਅਗਲੇ ਸਾਲ ਸਕਾਟਲੈਂਡ ਤੋਂ ਇਕ ਕਾਰੀਗਰ ਜੇਮਜ਼ ਕੇਮਰਨ ਆਇਆ ਜਿਸ ਨੇ ਮਸ਼ੀਨ ਦਾ ਮੈਨੂਅਲ ਪੜ੍ਹ ਕੇ ਉਸ ਨੂੰ ਚਾਲੂ ਕੀਤਾ। ਲੱਖ ਕੋਸ਼ਿਸ਼ਾਂ ਕਰਨ ਤੋਂ ਬਾਅਦ ਕੇਮਰਨ ਨੇ 4 ਦਸੰਬਰ 1827 ਵਿਚ ਉਤਪਤ ਦੇ ਪਹਿਲੇ ਅਧਿਆਇ ਦਾ ਥੋੜ੍ਹਾ ਜਿਹਾ ਹਿੱਸਾ ਛਾਪਿਆ। *

ਰਾਜਾ ਰਾਦਾਮਾ ਪਹਿਲੇ ਦੀ ਮੌਤ ਤੋਂ ਬਾਅਦ 27 ਜੁਲਾਈ 1828 ਨੂੰ ਇਕ ਹੋਰ ਮੁਸ਼ਕਲ ਖੜ੍ਹੀ ਹੋਈ। ਰਾਜਾ ਰਾਦਾਮਾ ਬਾਈਬਲ ਦੇ ਤਰਜਮੇ ਦੇ ਕੰਮ ਦੇ ਪੱਖ ਵਿਚ ਰਿਹਾ ਸੀ। ਡੇਵਿਡ ਜੌਨਜ਼ ਨੇ ਉਸ ਸਮੇਂ ਕਿਹਾ: “ਰਾਜਾ ਰਾਦਾਮਾ ਦਾ ਬਹੁਤ ਹੀ ਚੰਗਾ ਸੁਭਾਅ ਹੈ। ਉਹ ਕਹਿੰਦਾ ਹੈ ਕਿ ਲੋਕਾਂ ਲਈ ਪੜ੍ਹਨਾ-ਲਿਖਣਾ ਬਹੁਤ ਅਹਿਮ ਹੈ ਅਤੇ ਨਾਲੇ ਉਨ੍ਹਾਂ ਲਈ ਹੋਰਨਾਂ ਲੋਕਾਂ ਦੀ ਸਭਿਅਤਾ ਬਾਰੇ ਸਿੱਖਣਾ ਸੋਨੇ-ਚਾਂਦੀ ਨਾਲੋਂ ਵੀ ਕੀਮਤੀ ਹੈ।” ਪਰ ਰਾਜੇ ਦੀ ਮੌਤ ਤੋਂ ਬਾਅਦ ਉਸ ਦੀ ਪਤਨੀ ਰਾਣੀ ਰਾਨਾਵਲੋਨਾ ਪਹਿਲੀ ਨੇ ਰਾਜ ਕਰਨਾ ਸ਼ੁਰੂ ਕਰ ਦਿੱਤਾ। ਇਹ ਗੱਲ ਸਾਫ਼ ਸੀ ਕਿ ਉਹ ਆਪਣੇ ਪਤੀ ਵਾਂਗ ਤਰਜਮੇ ਦੇ ਕੰਮ ਦਾ ਸਮਰਥਨ ਨਹੀਂ ਕਰਨ ਵਾਲੀ ਸੀ।

ਉਸ ਦੇ ਰਾਣੀ ਬਣਨ ਤੋਂ ਥੋੜ੍ਹੀ ਦੇਰ ਬਾਅਦ ਇੰਗਲੈਂਡ ਤੋਂ ਕੋਈ ਤਰਜਮੇ ਦੇ ਕੰਮ ਬਾਰੇ ਉਸ ਨਾਲ ਗੱਲ ਕਰਨ ਆਇਆ। ਪਰ ਰਾਣੀ ਨੇ ਉਸ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ। ਇਕ ਹੋਰ ਮੌਕੇ ਤੇ ਜਦ ਮਿਸ਼ਨਰੀਆਂ ਨੇ ਰਾਣੀ ਨੂੰ ਦੱਸਿਆ ਕਿ ਉਨ੍ਹਾਂ ਨੇ ਇਬਰਾਨੀ ਅਤੇ ਯੂਨਾਨੀ ਸਮੇਤ ਅਜੇ ਲੋਕਾਂ ਨੂੰ ਬਹੁਤ ਕੁਝ ਸਿਖਾਉਣਾ ਸੀ, ਤਾਂ ਉਸ ਨੇ ਜਵਾਬ ਦਿੱਤਾ: “ਇਬਰਾਨੀ ਅਤੇ ਯੂਨਾਨੀ ਨਾਲ ਮੇਰਾ ਕੀ ਲੈਣਾ-ਦੇਣਾ? ਪਰ ਜੇ ਤੁਸੀਂ ਮੇਰੇ ਲੋਕਾਂ ਨੂੰ ਕੋਈ ਕੰਮ ਦੀ ਚੀਜ਼ ਸਿਖਾ ਸਕਦੇ ਹੋ ਜਿਵੇਂ ਕਿ ਸਾਬਣ ਕਿਵੇਂ ਬਣਦਾ ਹੈ, ਤਾਂ ਗੱਲ ਕਰੋ!” ਮਿਸ਼ਨਰੀਆਂ ਨੂੰ ਡਰ ਸੀ ਕਿ ਮੈਲਾਗਾਸੀ ਬਾਈਬਲ ਦਾ ਤਰਜਮਾ ਪੂਰਾ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਦੇਸ਼ ਵਿੱਚੋਂ ਕੱਢ ਦਿੱਤਾ ਜਾਵੇਗਾ। ਇਸ ਲਈ ਕੇਮਰਨ ਨੇ ਰਾਣੀ ਦੀ ਗੱਲ ਬਾਰੇ ਸੋਚਣ ਲਈ ਇਕ ਹਫ਼ਤਾ ਮੰਗਿਆ।

ਅਗਲੇ ਹਫ਼ਤੇ ਕੇਮਰਨ ਨੇ ਰਾਣੀ ਦੇ ਸੇਵਕਾਂ ਨੂੰ ਸਾਬਣ ਦੀਆਂ ਦੋ ਛੋਟੀਆਂ ਟਿਕੀਆਂ ਬਣਾ ਕੇ ਦਿੱਤੀਆਂ। ਰਾਣੀ ਇਸ ਕੰਮ ਦੇ ਨਾਲ-ਨਾਲ ਹੋਰਨਾਂ ਕੰਮਾਂ ਤੋਂ ਥੋੜ੍ਹੀ ਦੇਰ ਲਈ ਖ਼ੁਸ਼ ਹੋਈ ਜੋ ਮਿਸ਼ਨਰੀ ਲੋਕਾਂ ਲਈ ਕਰ ਰਹੇ ਸਨ। ਇਸ ਸਮੇਂ ਦੌਰਾਨ ਇਬਰਾਨੀ ਹਿੱਸੇ ਦੀਆਂ ਕੁਝ ਪੋਥੀਆਂ ਤੋਂ ਛੁੱਟ ਮਿਸ਼ਨਰੀਆਂ ਨੇ ਤਕਰੀਬਨ ਸਾਰੀ ਬਾਈਬਲ ਛਪਵਾ ਲਈ ਸੀ।

ਹੈਰਾਨਗੀ ਤੇ ਨਿਰਾਸ਼ਾ

ਭਾਵੇਂ ਰਾਣੀ ਨੇ ਪਹਿਲਾਂ ਮਿਸ਼ਨਰੀਆਂ ਦਾ ਵਿਰੋਧ ਕੀਤਾ ਸੀ, ਪਰ ਮਈ 1831 ਵਿਚ ਉਸ ਨੇ ਇਕ ਫ਼ਰਮਾਨ ਜਾਰੀ ਕੀਤਾ ਜਿਸ ਤੋਂ ਸਾਰੇ ਹੈਰਾਨ ਹੋਏ। ਉਸ ਨੇ ਆਪਣੇ ਲੋਕਾਂ ਨੂੰ ਮਸੀਹੀਆਂ ਵਜੋਂ ਬਪਤਿਸਮਾ ਲੈਣ ਦੀ ਆਗਿਆ ਦੇ ਦਿੱਤੀ! ਪਰ ਉਸ ਨੇ ਛੇਤੀ ਹੀ ਆਪਣਾ ਫ਼ੈਸਲਾ ਬਦਲ ਲਿਆ। ਮੈਡਾਗਾਸਕਰ ਦਾ ਇਤਿਹਾਸ (ਅੰਗ੍ਰੇਜ਼ੀ) ਨਾਮਕ ਕਿਤਾਬ ਕਹਿੰਦੀ ਹੈ: “ਬਹੁਤ ਸਾਰੇ ਲੋਕਾਂ ਨੂੰ ਬਪਤਿਸਮਾ ਲੈਂਦੇ ਦੇਖ ਕੇ ਸ਼ਾਹੀ ਦਰਬਾਰ ਦੇ ਪੁਰਾਣੇ ਖ਼ਿਆਲਾਂ ਵਾਲੇ ਲੋਕ ਡਰ ਗਏ। ਉਨ੍ਹਾਂ ਨੇ ਰਾਣੀ ਨੂੰ ਯਕੀਨ ਦਿਵਾਇਆ ਕਿ ਲੋਕਾਂ ਦਾ ਚਰਚ ਵਿਚ ਯਿਸੂ ਦੀ ਮੌਤ ਦੀ ਯਾਦਗਾਰ ਮਨਾਉਣਾ ਬਰਤਾਨਵੀ ਸਰਕਾਰ ਦੇ ਵਫ਼ਾਦਾਰ ਰਹਿਣ ਦੀ ਸਹੁੰ ਖਾਣ ਦੇ ਬਰਾਬਰ ਹੈ।” ਇਸ ਦਾ ਨਤੀਜਾ ਇਹ ਸੀ ਕਿ ਸਿਰਫ਼ ਛੇ ਮਹੀਨਿਆਂ ਬਾਅਦ ਹੀ 1831 ਦੇ ਅਖ਼ੀਰ ਵਿਚ ਰਾਣੀ ਨੇ ਆਪਣਾ ਫ਼ੈਸਲਾ ਬਦਲ ਕੇ ਲੋਕਾਂ ਨੂੰ ਬਪਤਿਸਮਾ ਲੈਣ ਤੋਂ ਮਨ੍ਹਾ ਕੀਤਾ।

ਇਕ ਤਾਂ ਰਾਣੀ ਦੇ ਫ਼ੈਸਲੇ ਬਦਲਦੇ ਰਹਿੰਦੇ ਸਨ ਤੇ ਦੂਜਾ ਉਸ ਉੱਤੇ ਕੱਟੜ ਖ਼ਿਆਲ ਰੱਖਣ ਵਾਲਿਆਂ ਦਾ ਕਾਫ਼ੀ ਪ੍ਰਭਾਵ ਪੈ ਰਿਹਾ ਸੀ। ਇਸ ਕਰਕੇ ਮਿਸ਼ਨਰੀਆਂ ਨੇ ਜਿੰਨੀ ਛੇਤੀ ਹੋ ਸਕੇ ਬਾਈਬਲ ਛਾਪਣ ਦੀ ਕੀਤੀ। ਬਾਈਬਲ ਦਾ ਯੂਨਾਨੀ ਹਿੱਸਾ ਪਹਿਲਾਂ ਹੀ ਛਪ ਚੁੱਕਾ ਸੀ ਤੇ ਹਜ਼ਾਰਾਂ ਕਾਪੀਆਂ ਵੰਡੀਆਂ ਜਾ ਚੁੱਕੀਆਂ ਸਨ। ਪਰ 1 ਮਾਰਚ 1835 ਵਿਚ ਇਕ ਹੋਰ ਮੁਸ਼ਕਲ ਖੜ੍ਹੀ ਹੋ ਗਈ ਜਦ ਰਾਣੀ ਰਾਨਾਵਲੋਨਾ ਪਹਿਲੀ ਨੇ ਮਸੀਹੀ ਧਰਮ ਨੂੰ ਗ਼ੈਰ-ਕਾਨੂੰਨੀ ਕਰਾਰ ਦੇ ਦਿੱਤਾ ਅਤੇ ਹੁਕਮ ਦਿੱਤਾ ਕਿ ਸਾਰੀਆਂ ਮਸੀਹੀ ਕਿਤਾਬਾਂ ਸਰਕਾਰ ਦੇ ਹਵਾਲੇ ਕੀਤੀਆਂ ਜਾਣ।

ਰਾਣੀ ਦੇ ਫ਼ਰਮਾਨ ਦਾ ਇਹ ਵੀ ਮਤਲਬ ਸੀ ਕਿ ਮੈਲਾਗਾਸੀ ਲੋਕ ਛਪਾਈ ਦੇ ਕੰਮ ਵਿਚ ਮਿਸ਼ਨਰੀਆਂ ਦੀ ਮਦਦ ਨਹੀਂ ਕਰ ਸਕਦੇ ਸਨ। ਇਹ ਕੰਮ ਕਰਨ ਲਈ ਥੋੜ੍ਹੇ ਹੀ ਮਿਸ਼ਨਰੀ ਰਹਿ ਗਏ ਸਨ। ਸੋ ਉਨ੍ਹਾਂ ਨੇ ਦਿਨ-ਰਾਤ ਮਿਹਨਤ ਕਰ ਕੇ ਜੂਨ 1835 ਵਿਚ ਪੂਰੀ ਬਾਈਬਲ ਰਿਲੀਜ਼ ਕਰ ਦਿੱਤੀ। ਇਸ ਤਰ੍ਹਾਂ ਮਿਸ਼ਨਰੀਆਂ ਨੂੰ ਆਪਣੀ ਮਿਹਨਤ ਦਾ ਮਿੱਠਾ ਫਲ ਮਿਲਿਆ!

ਮਸੀਹੀ ਕਿਤਾਬਾਂ ਉੱਤੇ ਪਾਬੰਦੀ ਲੱਗੀ ਹੋਣ ਕਰਕੇ ਬਾਈਬਲਾਂ ਛੇਤੀ ਵੰਡ ਦਿੱਤੀਆਂ ਗਈਆਂ ਅਤੇ 70 ਕਾਪੀਆਂ ਨੂੰ ਦੱਬ ਕੇ ਬਚਾ ਲਿਆ ਗਿਆ। ਇਹ ਕਦਮ ਸਹੀ ਸਮੇਂ ਤੇ ਚੁੱਕਿਆ ਗਿਆ ਕਿਉਂਕਿ ਇਕ ਸਾਲ ਦੇ ਵਿਚ-ਵਿਚ ਦੋ ਮਿਸ਼ਨਰੀਆਂ ਤੋਂ ਛੁੱਟ ਬਾਕੀ ਸਾਰਿਆਂ ਨੂੰ ਮੈਡਾਗਾਸਕਰ ਤੋਂ ਜਾਣ ਲਈ ਕਿਹਾ ਗਿਆ। ਫਿਰ ਵੀ ਪਰਮੇਸ਼ੁਰ ਦਾ ਸੰਦੇਸ਼ ਇਸ ਟਾਪੂ ਉੱਤੇ ਫੈਲ ਰਿਹਾ ਸੀ।

ਬਾਈਬਲ ਨਾਲ ਮੈਲਾਗਾਸੀ ਲੋਕਾਂ ਦੀ ਪ੍ਰੀਤ

ਕਿੰਨੀ ਖ਼ੁਸ਼ੀ ਦੀ ਗੱਲ ਹੈ ਕਿ ਮੈਡਾਗਾਸਕਰ ਦੇ ਲੋਕ ਹੁਣ ਆਪਣੀ ਮਾਂ-ਬੋਲੀ ਵਿਚ ਬਾਈਬਲ ਪੜ੍ਹ ਸਕਦੇ ਸਨ! ਭਾਵੇਂ ਇਸ ਤਰਜਮੇ ਵਿਚ ਕੁਝ ਗ਼ਲਤੀਆਂ ਹਨ ਅਤੇ ਇਸ ਦੀ ਭਾਸ਼ਾ ਕਾਫ਼ੀ ਪੁਰਾਣੀ ਹੋ ਚੁੱਕੀ ਹੈ, ਫਿਰ ਵੀ ਕੋਈ-ਕੋਈ ਘਰ ਹੋਵੇਗਾ ਜਿੱਥੇ ਇਹ ਬਾਈਬਲ ਨਹੀਂ ਮਿਲੇਗੀ। ਕਈ ਮੈਲਾਗਾਸੀ ਲੋਕ ਇਸ ਨੂੰ ਰੋਜ਼ ਪੜ੍ਹਦੇ ਹਨ। ਇਸ ਤਰਜਮੇ ਦੀ ਇਕ ਖ਼ਾਸੀਅਤ ਇਹ ਹੈ ਕਿ ਇਬਰਾਨੀ ਹਿੱਸੇ ਵਿਚ ਪਰਮੇਸ਼ੁਰ ਦਾ ਨਾਂ ਯਹੋਵਾਹ ਵਾਰ-ਵਾਰ ਵਰਤਿਆ ਗਿਆ ਹੈ। ਮੁਢਲੀਆਂ ਕਾਪੀਆਂ ਵਿਚ ਯਹੋਵਾਹ ਦਾ ਨਾਂ ਯੂਨਾਨੀ ਹਿੱਸੇ ਵਿਚ ਵੀ ਪਾਇਆ ਜਾਂਦਾ ਸੀ। ਇਸ ਲਈ ਜ਼ਿਆਦਾਤਰ ਮੈਲਾਗਾਸੀ ਲੋਕ ਯਹੋਵਾਹ ਦਾ ਨਾਂ ਜਾਣਦੇ ਹਨ।

ਜਦ ਬਾਈਬਲ ਦੇ ਯੂਨਾਨੀ ਹਿੱਸੇ ਦੀਆਂ ਪਹਿਲੀਆਂ ਕਾਪੀਆਂ ਛਾਪੀਆਂ ਗਈਆਂ ਸਨ, ਤਾਂ ਮਸ਼ੀਨ ਚਲਾਉਣ ਵਾਲੇ ਮਿਸਟਰ ਬੇਕਰ ਨੇ ਮੈਲਾਗਾਸੀ ਲੋਕਾਂ ਦੀ ਖ਼ੁਸ਼ੀ ਦੇਖ ਕੇ ਕਿਹਾ: “ਮੈਂ ਕੋਈ ਪੈਗੰਬਰ ਤਾਂ ਨਹੀਂ ਹਾਂ, ਪਰ ਮੇਰੇ ਖ਼ਿਆਲ ਨਾਲ ਉਹ ਦਿਨ ਨਹੀਂ ਆਵੇਗਾ ਜਦ ਇਸ ਟਾਪੂ ’ਤੇ ਪਰਮੇਸ਼ੁਰ ਦਾ ਬਚਨ ਨਹੀਂ ਹੋਵੇਗਾ!” ਉਸ ਦੀ ਗੱਲ ਸੋਲਾਂ ਆਨੇ ਸੱਚ ਨਿਕਲੀ ਹੈ। ਨਾ ਤਾਂ ਮਲੇਰੀਆ, ਨਾ ਔਖੀ ਭਾਸ਼ਾ ਸਿੱਖਣ ਦੀ ਮੁਸ਼ਕਲ ਤੇ ਨਾ ਹੀ ਕਿਸੇ ਰਾਣੀ ਦੀ ਵਿਰੋਧਤਾ ਬਾਈਬਲ ਨੂੰ ਲੋਕਾਂ ਦੇ ਹੱਥਾਂ ਵਿਚ ਜਾਣ ਤੋਂ ਰੋਕ ਸਕੀ।

ਹੁਣ ਮੈਡਾਗਾਸਕਰ ਵਿਚ ਹੋਰ ਵੀ ਤਰੱਕੀ ਹੋਈ ਹੈ। ਕਿਵੇਂ? 2008 ਵਿਚ ਨਿਊ ਵਰਲਡ ਟ੍ਰਾਂਸਲੇਸ਼ਨ ਆਫ਼ ਦ ਹੋਲੀ ਸਕ੍ਰਿਪਚਰਸ ਦਾ ਤਰਜਮਾ ਮੈਲਾਗਾਸੀ ਭਾਸ਼ਾ ਵਿਚ ਰਿਲੀਜ਼ ਕੀਤਾ ਗਿਆ। ਇਹ ਤਰਜਮਾ ਬਹੁਤ ਵਧੀਆ ਹੈ ਕਿਉਂਕਿ ਇਸ ਵਿਚ ਸੌਖੀ ਭਾਸ਼ਾ ਵਰਤੀ ਗਈ ਹੈ ਜਿਸ ਨੂੰ ਲੋਕ ਚੰਗੀ ਤਰ੍ਹਾਂ ਸਮਝ ਲੈਂਦੇ ਹਨ। ਸੋ ਸਾਨੂੰ ਪੂਰਾ ਯਕੀਨ ਹੈ ਕਿ ਪਰਮੇਸ਼ੁਰ ਦਾ ਬਚਨ ਇਸ ਟਾਪੂ ’ਤੇ ਹਮੇਸ਼ਾ ਲਈ ਰਹੇਗਾ!—ਯਸਾ. 40:8.

[ਫੁਟਨੋਟ]

^ ਪੈਰਾ 14 ਦਸ ਹੁਕਮ ਅਤੇ ਯਿਸੂ ਦੀ ਪ੍ਰਾਰਥਨਾ ਬਾਈਬਲ ਦੇ ਸਭ ਤੋਂ ਪਹਿਲੇ ਹਿੱਸੇ ਸਨ ਜੋ ਮੈਲਾਗਾਸੀ ਭਾਸ਼ਾ ਵਿਚ ਛਾਪੇ ਗਏ ਸਨ। ਇਹ ਮਾੱਰਿਸ਼ੱਸ ਵਿਚ ਅਪ੍ਰੈਲ/ਮਈ 1826 ਵਿਚ ਛਾਪਿਆ ਗਿਆ ਸੀ। ਪਰ ਇਸ ਦੀਆਂ ਕਾਪੀਆਂ ਸਿਰਫ਼ ਰਾਜਾ ਰਾਦਾਮਾ ਦੇ ਪਰਿਵਾਰ ਅਤੇ ਕੁਝ ਸਰਕਾਰੀ ਅਫ਼ਸਰਾਂ ਨੂੰ ਦਿੱਤੀਆਂ ਗਈਆਂ ਸਨ।

[ਸਫ਼ਾ 31 ਉੱਤੇ ਤਸਵੀਰ]

ਮੈਲਾਗਾਸੀ ਭਾਸ਼ਾ ਦੀ “ਨਿਊ ਵਰਲਡ ਟ੍ਰਾਂਸਲੇਸ਼ਨ” ਪਰਮੇਸ਼ੁਰ ਦਾ ਨਾਂ ਯਹੋਵਾਹ ਰੌਸ਼ਨ ਕਰਦੀ ਹੈ