Skip to content

Skip to table of contents

ਅਨੇਕ ਚੁਣੌਤੀਆਂ ਦਾ ਸਾਮ੍ਹਣਾ ਕਰਨ ਵਿਚ ਆਪਣੇ ਬੱਚਿਆਂ ਦੀ ਮਦਦ ਕਰੋ

ਅਨੇਕ ਚੁਣੌਤੀਆਂ ਦਾ ਸਾਮ੍ਹਣਾ ਕਰਨ ਵਿਚ ਆਪਣੇ ਬੱਚਿਆਂ ਦੀ ਮਦਦ ਕਰੋ

ਅਨੇਕ ਚੁਣੌਤੀਆਂ ਦਾ ਸਾਮ੍ਹਣਾ ਕਰਨ ਵਿਚ ਆਪਣੇ ਬੱਚਿਆਂ ਦੀ ਮਦਦ ਕਰੋ

ਅੱਜ ਬੱਚਿਆਂ ’ਤੇ ਜ਼ਬਰਦਸਤ ਦਬਾਅ ਆ ਰਹੇ ਹਨ। ਉਨ੍ਹਾਂ ਨੂੰ ਇਕ ਤਾਂ ਸ਼ਤਾਨ ਦੇ ਵੱਸ ਵਿਚ ਪਈ ਦੁਸ਼ਟ ਦੁਨੀਆਂ ਦੀ ਹਵਾ ਤੋਂ ਬਚਣਾ ਪੈਂਦਾ ਹੈ ਅਤੇ ਦੂਜਾ ਉਨ੍ਹਾਂ ਨੂੰ ਆਪਣੀ “ਜੁਆਨੀ ਦੀਆਂ ਕਾਮਨਾਂ” ਨਾਲ ਜੱਦੋ-ਜਹਿਦ ਕਰਨੀ ਪੈਂਦੀ ਹੈ। (2 ਤਿਮੋ. 2:22; 1 ਯੂਹੰ. 5:19) ਇੰਨਾ ਹੀ ਨਹੀਂ, ਉਨ੍ਹਾਂ ਨੂੰ ਹੋਰ ਬਹੁਤ ਕੁਝ ਸਹਿਣਾ ਪੈਂਦਾ ਹੈ। ਉਹ ‘ਆਪਣੇ ਕਰਤਾਰ ਨੂੰ ਚੇਤੇ ਰੱਖਣ’ ਦੀ ਕੋਸ਼ਿਸ਼ ਕਰਦੇ ਹਨ, ਇਸ ਕਰਕੇ ਉਨ੍ਹਾਂ ਦੇ ਵਿਸ਼ਵਾਸਾਂ ਦਾ ਵਿਰੋਧ ਕਰਨ ਵਾਲੇ ਉਨ੍ਹਾਂ ਨੂੰ ਟਿੱਚਰਾਂ ਕਰਦੇ ਹਨ ਅਤੇ ਉਨ੍ਹਾਂ ਨਾਲ ਮਾੜਾ ਸਲੂਕ ਕਰਦੇ ਹਨ। (ਉਪ. 12:1) ਵਿਨਸੰਟ ਨਾਂ ਦਾ ਇਕ ਭਰਾ ਆਪਣੇ ਬਚਪਨ ਨੂੰ ਚੇਤੇ ਕਰਦਾ ਹੋਇਆ ਕਹਿੰਦਾ ਹੈ: “ਗਵਾਹ ਹੋਣ ਕਰਕੇ ਮੈਨੂੰ ਹਮੇਸ਼ਾ ਕੋਈ-ਨਾ-ਕੋਈ ਡਰਾਉਂਦਾ-ਧਮਕਾਉਂਦਾ ਰਹਿੰਦਾ ਸੀ ਜਾਂ ਮੇਰੇ ਨਾਲ ਲੜਾਈ ਕਰਨ ਦੀ ਕੋਸ਼ਿਸ਼ ਕਰਦਾ ਸੀ। ਕਈ ਵਾਰ ਮੁੰਡੇ-ਕੁੜੀਆਂ ਮੈਨੂੰ ਇੰਨਾ ਜ਼ਿਆਦਾ ਸਤਾਉਂਦੇ ਸਨ ਕਿ ਸਕੂਲ ਜਾਣ ਨੂੰ ਮੇਰਾ ਦਿਲ ਨਹੀਂ ਸੀ ਕਰਦਾ।” *

ਦੁਨੀਆਂ ਦੇ ਦਬਾਵਾਂ ਤੋਂ ਇਲਾਵਾ, ਸਾਡੇ ਬੇਟੇ-ਬੇਟੀਆਂ ਇਸ ਕਸ਼ਮਕਸ਼ ਵਿਚ ਪੈ ਜਾਂਦੇ ਹਨ ਕਿ ਉਨ੍ਹਾਂ ਨੂੰ ਆਪਣੇ ਹਾਣੀਆਂ ਵਰਗੇ ਬਣਨਾ ਚਾਹੀਦਾ ਜਾਂ ਨਹੀਂ। ਕੈਥਲੀਨ ਨਾਂ ਦੀ ਇਕ 16 ਸਾਲਾਂ ਦੀ ਭੈਣ ਨੇ ਕਿਹਾ ਕਿ “ਮੈਨੂੰ ਦੂਸਰਿਆਂ ਨਾਲੋਂ ਵੱਖਰੇ ਨਜ਼ਰ ਆਉਣਾ ਔਖਾ ਲੱਗਦਾ ਹੈ।” ਐਲਨ ਨਾਂ ਦੇ 21 ਸਾਲਾਂ ਦੇ ਭਰਾ ਨੇ ਕਿਹਾ, “ਵੀਕ-ਐਂਡ ਤੇ ਮੇਰੇ ਸਕੂਲ ਦੇ ਮੁੰਡੇ-ਕੁੜੀਆਂ ਮੈਨੂੰ ਆਪਣੇ ਨਾਲ ਕਿਤੇ ਘੁੰਮਣ-ਫਿਰਨ ਜਾਣ ਲਈ ਕਹਿੰਦੇ ਸੀ ਤੇ ਮੈਂ ਉਨ੍ਹਾਂ ਨਾਲ ਜਾਣਾ ਵੀ ਚਾਹੁੰਦਾ ਸੀ।” ਇਸ ਤੋਂ ਇਲਾਵਾ, ਬੱਚੇ ਸਕੂਲ ਦੀਆਂ ਖੇਡਾਂ ਵਿਚ ਹਿੱਸਾ ਲੈਣ ਲਈ ਬੜੇ ਉਤਸੁਕ ਹੁੰਦੇ ਹਨ, ਪਰ ਇਸ ਨਾਲ ਉਹ ਬੁਰੀ ਸੰਗਤ ਵਿਚ ਪੈ ਸਕਦੇ ਹਨ। ਤਾਨੀਆ ਨਾਂ ਦੀ ਇਕ 19 ਸਾਲਾਂ ਦੀ ਭੈਣ ਨੇ ਕਿਹਾ ਕਿ “ਮੈਨੂੰ ਖੇਡਾਂ ਬਹੁਤ ਪਸੰਦ ਹਨ। ਸਕੂਲ ਦੇ ਕੋਚ ਮੈਨੂੰ ਹਮੇਸ਼ਾ ਟੀਮ ਨਾਲ ਖੇਡਣ ਲਈ ਮਜਬੂਰ ਕਰਦੇ ਸਨ। ਮੈਨੂੰ ਨਾਂਹ ਕਹਿਣਾ ਔਖਾ ਲੱਗਦਾ ਸੀ।”

ਤੁਸੀਂ ਅਨੇਕ ਚੁਣੌਤੀਆਂ ਦਾ ਸਾਮ੍ਹਣਾ ਕਰਨ ਵਿਚ ਆਪਣੇ ਬੱਚਿਆਂ ਦੀ ਕਿਵੇਂ ਮਦਦ ਕਰ ਸਕਦੇ ਹੋ? ਯਹੋਵਾਹ ਨੇ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਅਗਵਾਈ ਕਰਨ ਦਾ ਹੁਕਮ ਦਿੱਤਾ ਹੈ। (ਕਹਾ. 22:6; ਅਫ਼. 6:4) ਪਰਮੇਸ਼ੁਰ ਦਾ ਡਰ ਰੱਖਣ ਵਾਲੇ ਮਾਪੇ ਆਪਣੇ ਬੱਚਿਆਂ ਦੇ ਮਨਾਂ ਵਿਚ ਯਹੋਵਾਹ ਦੇ ਕਹਿਣੇ ਲੱਗਣ ਦੀ ਇੱਛਾ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਹਨ। (ਕਹਾ. 6:20-23) ਇਸ ਤਰ੍ਹਾਂ ਬੱਚੇ ਉਦੋਂ ਵੀ ਦੁਨੀਆਂ ਦੇ ਦਬਾਅ ਹੇਠ ਆਉਣ ਤੋਂ ਇਨਕਾਰ ਕਰਨਗੇ ਜਦੋਂ ਉਹ ਆਪਣੇ ਮਾਪਿਆਂ ਦੀਆਂ ਨਜ਼ਰਾਂ ਤੋਂ ਓਹਲੇ ਹੁੰਦੇ ਹਨ।

ਨਾਲੇ ਮਾਪਿਆਂ ਲਈ ਇੱਕੋ ਸਮੇਂ ਤੇ ਸਾਰਾ ਕੁਝ ਕਰਨਾ ਔਖਾ ਹੈ ਜਿਵੇਂ ਗੁਜ਼ਾਰਾ ਤੋਰਨਾ, ਪਰਿਵਾਰ ਦੀ ਪਰਵਰਿਸ਼ ਕਰਨੀ ਤੇ ਕਲੀਸਿਯਾ ਦੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ। ਕਈ ਪਰਿਵਾਰਾਂ ਵਿਚ ਤਾਂ ਇਹ ਸਭ ਕੁਝ ਇਕੱਲੀ ਮਾਂ ਜਾਂ ਪਿਓ ਨੂੰ ਕਰਨਾ ਪੈਂਦਾ ਹੈ ਜਾਂ ਕੁਝ ਪਰਿਵਾਰਾਂ ਵਿਚ ਦੋਹਾਂ ਵਿੱਚੋਂ ਇਕ ਜਣਾ ਸੱਚਾਈ ਵਿਚ ਨਹੀਂ ਹੁੰਦਾ। ਫਿਰ ਵੀ ਯਹੋਵਾਹ ਚਾਹੁੰਦਾ ਹੈ ਕਿ ਮਾਪੇ ਆਪਣੀ ਔਲਾਦ ਲਈ ਸਮਾਂ ਕੱਢ ਕੇ ਉਨ੍ਹਾਂ ਨੂੰ ਸਿੱਖਿਆ ਦੇਣ ਤੇ ਉਨ੍ਹਾਂ ਦੀ ਮਦਦ ਕਰਨ। ਤੁਸੀਂ ਆਪਣੇ ਬੱਚਿਆਂ ਦੀ ਕਿੱਦਾਂ ਮਦਦ ਕਰ ਸਕਦੇ ਹੋ ਤਾਂਕਿ ਉਹ ਹਰ ਰੋਜ਼ ਹਾਣੀਆਂ ਦੇ ਦਬਾਅ, ਪਰਤਾਵਿਆਂ ਤੇ ਟਿੱਚਰਾਂ ਦਾ ਸਾਮ੍ਹਣਾ ਕਰ ਸਕਣ?

ਯਹੋਵਾਹ ਨਾਲ ਖ਼ੁਦ ਰਿਸ਼ਤਾ ਜੋੜੋ

ਸਾਡੇ ਬੱਚਿਆਂ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਯਹੋਵਾਹ ਅਸਲ ਵਿਚ ਹੈ। ਉਨ੍ਹਾਂ ਨੂੰ ‘ਅਣਦੇਖੇ ਪਰਮੇਸ਼ੁਰ ਦਾ ਦਰਸ਼ਨ ਕਰਨ,’ ਯਾਨੀ ਉਸ ਨੂੰ ਨਿਹਚਾ ਦੀਆਂ ਅੱਖਾਂ ਨਾਲ ਦੇਖਣ ਦੀ ਲੋੜ ਹੈ। (ਇਬ. 11:27, CL) ਪਹਿਲਾਂ ਜ਼ਿਕਰ ਕੀਤਾ ਗਿਆ ਭਰਾ ਵਿਨਸੰਟ ਯਾਦ ਕਰਦਾ ਹੈ ਕਿ ਉਸ ਦੇ ਮਾਪਿਆਂ ਨੇ ਯਹੋਵਾਹ ਨਾਲ ਨਿੱਜੀ ਰਿਸ਼ਤਾ ਜੋੜਨ ਵਿਚ ਉਸ ਦੀ ਕਿਵੇਂ ਮਦਦ ਕੀਤੀ। ਉਸ ਨੇ ਕਿਹਾ: “ਉਨ੍ਹਾਂ ਨੇ ਮੈਨੂੰ ਸਿਖਾਇਆ ਕਿ ਪ੍ਰਾਰਥਨਾ ਕਰਨੀ ਕਿੰਨੀ ਜ਼ਰੂਰੀ ਹੈ। ਮੈਨੂੰ ਯਾਦ ਹੈ ਕਿ ਮੈਂ ਛੋਟੀ ਉਮਰ ਤੋਂ ਹੀ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਯਹੋਵਾਹ ਨੂੰ ਪ੍ਰਾਰਥਨਾ ਕਰਦਾ ਸੀ। ਯਹੋਵਾਹ ਮੇਰੇ ਲਈ ਅਸਲੀ ਸੀ।” ਕੀ ਤੁਸੀਂ ਆਪਣੇ ਬੱਚਿਆਂ ਨਾਲ ਪ੍ਰਾਰਥਨਾ ਕਰਦੇ ਹੋ? ਕਿਉਂ ਨਾ ਧਿਆਨ ਨਾਲ ਸੁਣੋ ਕਿ ਉਹ ਆਪਣੀਆਂ ਪ੍ਰਾਰਥਨਾਵਾਂ ਵਿਚ ਯਹੋਵਾਹ ਨੂੰ ਕੀ ਕਹਿੰਦੇ ਹਨ? ਕੀ ਉਹ ਇੱਕੋ ਗੱਲ ਵਾਰ-ਵਾਰ ਕਹਿੰਦੇ ਹਨ? ਜਾਂ ਕੀ ਉਹ ਕਹਿੰਦੇ ਹਨ ਕਿ ਉਹ ਯਹੋਵਾਹ ਬਾਰੇ ਕਿਵੇਂ ਸੋਚਦੇ ਹਨ? ਤੁਸੀਂ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਸੁਣ ਕੇ ਭਾਂਪ ਸਕੋਗੇ ਕਿ ਉਹ ਵਾਕਈ ਯਹੋਵਾਹ ਨਾਲ ਰਿਸ਼ਤਾ ਜੋੜ ਰਹੇ ਹਨ।

ਯਹੋਵਾਹ ਨਾਲ ਨਜ਼ਦੀਕੀ ਰਿਸ਼ਤਾ ਜੋੜਨ ਦਾ ਇਕ ਹੋਰ ਵਧੀਆ ਤਰੀਕਾ ਹੈ ਖ਼ੁਦ ਬਾਈਬਲ ਪੜ੍ਹਨੀ। ਪਹਿਲਾਂ ਜ਼ਿਕਰ ਕੀਤੀ ਗਈ ਕੈਥਲੀਨ ਨੇ ਕਿਹਾ: “ਛੋਟੀ ਉਮਰੇ ਬਾਈਬਲ ਨੂੰ ਸ਼ੁਰੂ ਤੋਂ ਲੈ ਕੇ ਅਖ਼ੀਰ ਤਕ ਪੜ੍ਹਨ ਨਾਲ ਮੈਨੂੰ ਬਹੁਤ ਮਦਦ ਮਿਲੀ। ਇਸ ਨਾਲ ਮੇਰਾ ਹੌਸਲਾ ਵਧਿਆ ਕਿ ਭਾਵੇਂ ਲੋਕ ਜੋ ਮਰਜ਼ੀ ਕਹਿਣ, ਯਹੋਵਾਹ ਮੇਰੇ ਨਾਲ ਹੈ।” ਕੀ ਤੁਹਾਡੇ ਬੱਚੇ ਖ਼ੁਦ ਬਾਈਬਲ ਪੜ੍ਹਦੇ ਹਨ?—ਜ਼ਬੂ. 1:1-3; 77:12.

ਇਹ ਗੱਲ ਸੋਲਾਂ ਆਨੇ ਸੱਚ ਹੈ ਕਿ ਸਾਰੇ ਬੱਚੇ ਇੱਕੋ ਜਿਹੇ ਨਹੀਂ ਹੁੰਦੇ, ਇਸ ਲਈ ਉਹ ਮਾਪਿਆਂ ਦੀ ਇੱਕੋ ਜਿਹੀ ਸੇਧ ਅਨੁਸਾਰ ਨਹੀਂ ਕਰਦੇ। ਨਾਲੇ ਉਹ ਆਪਣੀ ਉਮਰ ਦੇ ਹਿਸਾਬ ਨਾਲ ਸੱਚਾਈ ਵਿਚ ਤਰੱਕੀ ਕਰਦੇ ਹਨ। ਪਰ ਅਗਵਾਈ ਤੋਂ ਬਿਨਾਂ ਉਨ੍ਹਾਂ ਲਈ ਜਾਣਨਾ ਔਖਾ ਹੋਵੇਗਾ ਕਿ ਯਹੋਵਾਹ ਅਸਲ ਵਿਚ ਹੈ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਦੇ ਦਿਲਾਂ ਵਿਚ ਪਰਮੇਸ਼ੁਰ ਦੀਆਂ ਗੱਲਾਂ ਬਿਠਾਉਣ। ਫਿਰ ਭਾਵੇਂ ਬੱਚੇ ਜਿੱਥੇ ਮਰਜ਼ੀ ਕਿਉਂ ਨਾ ਹੋਣ, ਉਨ੍ਹਾਂ ਨੂੰ ਪਤਾ ਹੋਵੇਗਾ ਕਿ ਯਹੋਵਾਹ ਕਿਸੇ ਗੱਲ ਬਾਰੇ ਕਿਵੇਂ ਸੋਚਦਾ ਹੈ। (ਬਿਵ. 6:6-9) ਤੁਹਾਡੇ ਬੱਚਿਆਂ ਨੂੰ ਇਹ ਮੰਨਣ ਦੀ ਲੋੜ ਹੈ ਕਿ ਯਹੋਵਾਹ ਉਨ੍ਹਾਂ ਦੀ ਪਰਵਾਹ ਕਰਦਾ ਹੈ।

ਚੰਗੀ ਗੱਲਬਾਤ ਕਿਵੇਂ ਕਰੀਏ

ਬੱਚਿਆਂ ਨਾਲ ਗੱਲਬਾਤ ਕਰਨ ਨਾਲ ਵੀ ਉਨ੍ਹਾਂ ਦੀ ਮਦਦ ਹੋ ਸਕਦੀ ਹੈ। ਪਰ ਗੱਲਾਂ ਕਰਨੀਆਂ ਹੀ ਕਾਫ਼ੀ ਨਹੀਂ। ਉਨ੍ਹਾਂ ਨੂੰ ਸਵਾਲ ਵੀ ਪੁੱਛਣੇ ਚਾਹੀਦੇ ਹਨ ਤੇ ਫਿਰ ਧੀਰਜ ਨਾਲ ਉਨ੍ਹਾਂ ਦੇ ਜਵਾਬ ਸੁਣਨੇ ਚਾਹੀਦੇ ਹਨ, ਭਾਵੇਂ ਕਿ ਉਹ ਉੱਦਾਂ ਦੇ ਜਵਾਬ ਨਹੀਂ ਦਿੰਦੇ ਜਿੱਦਾਂ ਦੇ ਤੁਸੀਂ ਸੁਣਨਾ ਚਾਹੁੰਦੇ ਹੋ। ਦੋ ਮੁੰਡਿਆਂ ਦੀ ਮਾਂ ਐਨ ਨੇ ਕਿਹਾ: “ਮੈਂ ਮੁੰਡਿਆਂ ਨੂੰ ਉਦੋਂ ਤਕ ਸਵਾਲ ਪੁੱਛਦੀ ਹਾਂ ਜਦ ਤਕ ਮੈਨੂੰ ਤਸੱਲੀ ਨਹੀਂ ਹੋ ਜਾਂਦੀ ਕਿ ਉਹ ਕੀ ਸੋਚ ਰਹੇ ਹਨ ਅਤੇ ਜ਼ਿੰਦਗੀ ਵਿਚ ਉਹ ਕਿਨ੍ਹਾਂ ਸਮੱਸਿਆਵਾਂ ਨਾਲ ਸਿੱਝ ਰਹੇ ਹਨ।” ਕੀ ਤੁਹਾਡੇ ਬੱਚਿਆਂ ਨੂੰ ਲੱਗਦਾ ਹੈ ਕਿ ਤੁਸੀਂ ਉਨ੍ਹਾਂ ਦੀ ਸੁਣਦੇ ਹੋ? ਪਹਿਲਾਂ ਜ਼ਿਕਰ ਕੀਤੀ ਗਈ ਤਾਨੀਆ ਨੇ ਕਿਹਾ: “ਮੇਰੇ ਮਾਪੇ ਬੜੇ ਧਿਆਨ ਨਾਲ ਮੇਰੀ ਗੱਲ ਸੁਣਦੇ ਸੀ ਤੇ ਯਾਦ ਰੱਖਦੇ ਸਨ ਕਿ ਸਾਡੇ ਵਿਚ ਕੀ ਗੱਲਬਾਤ ਹੋਈ। ਉਹ ਸਕੂਲ ਵਿਚ ਮੇਰੀਆਂ ਸਹੇਲੀਆਂ ਦੇ ਨਾਂ ਵੀ ਜਾਣਦੇ ਸਨ। ਉਹ ਉਨ੍ਹਾਂ ਦਾ ਹਾਲ-ਚਾਲ ਪੁੱਛਣ ਦੇ ਨਾਲ-ਨਾਲ ਉਨ੍ਹਾਂ ਹਾਲਾਤਾਂ ਬਾਰੇ ਵੀ ਪੁੱਛਦੇ ਸਨ ਜਿਨ੍ਹਾਂ ਬਾਰੇ ਅਸੀਂ ਪਹਿਲਾਂ ਗੱਲਬਾਤ ਕੀਤੀ ਸੀ।” ਜੀ ਹਾਂ, ਚੰਗੀ ਤਰ੍ਹਾਂ ਗੱਲ ਸੁਣਨੀ ਤੇ ਯਾਦ ਰੱਖਣੀ ਬਹੁਤ ਜ਼ਰੂਰੀ ਹੈ।

ਕਈ ਪਰਿਵਾਰ ਰੋਟੀ ਖਾਣ ਵੇਲੇ ਇਕ-ਦੂਸਰੇ ਨਾਲ ਗੱਲਾਂ ਕਰਦੇ ਹਨ। ਵਿਨਸੰਟ ਨੇ ਕਿਹਾ: “ਸਾਡਾ ਪਰਿਵਾਰ ਇਕੱਠਾ ਬੈਠ ਕੇ ਰੋਟੀ ਖਾਣੀ ਪਸੰਦ ਕਰਦਾ ਸੀ। ਇਹ ਸਾਡੇ ਘਰ ਦਾ ਦਸਤੂਰ ਹੀ ਸੀ। ਰੋਟੀ ਖਾਂਦੇ ਸਮੇਂ ਨਾ ਤਾਂ ਅਸੀਂ ਟੈਲੀਵਿਯਨ ਦੇਖ ਸਕਦੇ ਸੀ, ਨਾ ਰੇਡੀਓ ਸੁਣ ਸਕਦੇ ਸੀ ਤੇ ਨਾ ਹੀ ਕੁਝ ਪੜ੍ਹ ਸਕਦੇ ਸੀ। ਹਾਲਾਂਕਿ ਅਸੀਂ ਸਾਧਾਰਣ ਗੱਲਾਂ ਕਰਦੇ ਸਾਂ, ਪਰ ਗੱਲਾਂ ਕਰ ਕੇ ਸਕੂਨ ਮਿਲਦਾ ਸੀ ਜਿਸ ਕਾਰਨ ਮੈਨੂੰ ਸਕੂਲ ਵਿਚ ਰੋਜ਼ ਦੇ ਰੌਲੇ-ਰੱਪੇ ਤੇ ਦਬਾਵਾਂ ਨਾਲ ਸਿੱਝਣ ਲਈ ਹਿੰਮਤ ਮਿਲਦੀ ਸੀ।” ਵਿਨਸੰਟ ਨੇ ਅੱਗੇ ਕਿਹਾ: “ਰੋਟੀ ਵੇਲੇ ਆਪਣੇ ਮਾਪਿਆਂ ਨਾਲ ਗੱਲਬਾਤ ਕਰਨ ਦਾ ਮੈਂ ਆਦੀ ਹੋ ਗਿਆ ਹਾਂ, ਇਸ ਲਈ ਮੈਂ ਉਦੋਂ ਵੀ ਉਨ੍ਹਾਂ ਨਾਲ ਗੱਲ ਕਰਦਾ ਹਾਂ ਜਦੋਂ ਮੈਨੂੰ ਕਿਸੇ ਗੰਭੀਰ ਮਾਮਲੇ ਵਿਚ ਉਨ੍ਹਾਂ ਦੀ ਮਦਦ ਦੀ ਲੋੜ ਹੁੰਦੀ ਹੈ।”

ਆਪਣੇ ਤੋਂ ਪੁੱਛੋ: ‘ਹਫ਼ਤੇ ਵਿਚ ਅਸੀਂ ਕਿੰਨੀ ਕੁ ਵਾਰੀ ਇਕੱਠੇ ਬੈਠ ਕੇ ਰੋਟੀ ਖਾਂਦੇ ਹਾਂ?’ ਕੀ ਤੁਹਾਨੂੰ ਇਸ ਮਾਮਲੇ ਵਿਚ ਸੁਧਾਰ ਕਰਨ ਦੀ ਲੋੜ ਹੈ ਤਾਂਕਿ ਤੁਸੀਂ ਆਪਣੇ ਬੱਚਿਆਂ ਨਾਲ ਚੰਗੀ ਤਰ੍ਹਾਂ ਗੱਲ ਕਰ ਸਕੋ?

ਪ੍ਰੈਕਟਿਸ ਸੈਸ਼ਨ ਇੰਨੇ ਲਾਭਦਾਇਕ ਕਿਉਂ ਹਨ

ਪਰਿਵਾਰਕ ਸਟੱਡੀ ਲਈ ਰੱਖਿਆ ਸਮਾਂ ਵੀ ਵਧੀਆ ਗੱਲਬਾਤ ਕਰਨ ਦਾ ਮੌਕਾ ਹੈ ਜਿਸ ਦੌਰਾਨ ਬੱਚੇ ਆਪਣੀਆਂ ਖ਼ਾਸ ਮੁਸ਼ਕਲਾਂ ਬਾਰੇ ਗੱਲ ਕਰ ਸਕਦੇ ਹਨ। ਪਹਿਲਾਂ ਜ਼ਿਕਰ ਕੀਤੇ ਗਏ ਐਲਨ ਨੇ ਕਿਹਾ: “ਮੇਰੇ ਮੰਮੀ-ਡੈਡੀ ਪਰਿਵਾਰਕ ਸਟੱਡੀ ਦੌਰਾਨ ਜਾਣਨ ਦੀ ਕੋਸ਼ਿਸ਼ ਕਰਦੇ ਸਨ ਕਿ ਸਾਡੇ ਦਿਲਾਂ ਵਿਚ ਕੀ ਸੀ। ਉਹ ਉਨ੍ਹਾਂ ਵਿਸ਼ਿਆਂ ’ਤੇ ਗੱਲ ਕਰਦੇ ਸਨ ਜੋ ਸਾਡੀਆਂ ਮੁਸ਼ਕਲਾਂ ਨਾਲ ਸੰਬੰਧ ਰੱਖਦੇ ਸਨ।” ਐਲਨ ਦੀ ਮਾਂ ਨੇ ਕਿਹਾ: “ਅਸੀਂ ਸਟੱਡੀ ਦਾ ਕੁਝ ਸਮਾਂ ਪ੍ਰੈਕਟਿਸ ਸੈਸ਼ਨਾਂ ਲਈ ਰੱਖਿਆ ਸੀ। ਇਨ੍ਹਾਂ ਸੈਸ਼ਨਾਂ ਦੀ ਮਦਦ ਨਾਲ ਬੱਚਿਆਂ ਨੇ ਸਿੱਖਿਆ ਕਿ ਉਹ ਆਪਣੇ ਵਿਸ਼ਵਾਸਾਂ ਬਾਰੇ ਲੋਕਾਂ ਨੂੰ ਕਿਵੇਂ ਜਵਾਬ ਦੇਣਗੇ ਤੇ ਸਾਬਤ ਕਰਨਗੇ ਕਿ ਉਹ ਜੋ ਵਿਸ਼ਵਾਸ ਕਰਦੇ ਹਨ ਉਹ ਸਹੀ ਹੈ। ਇਸ ਤਰ੍ਹਾਂ ਉਹ ਪੂਰੇ ਭਰੋਸੇ ਨਾਲ ਚੁਣੌਤੀਆਂ ਦਾ ਸਾਮ੍ਹਣਾ ਕਰਨ ਲਈ ਤਿਆਰ ਸਨ।”

ਵਾਕਈ, ਜਦੋਂ ਬੱਚਿਆਂ ਦੇ ਹਾਣੀ ਉਨ੍ਹਾਂ ਉੱਤੇ ਕੁਝ ਕਰਨ ਦਾ ਦਬਾਅ ਪਾਉਂਦੇ ਹਨ, ਤਾਂ ਬੱਚਿਆਂ ਲਈ ਸਿਰਫ਼ ਇੰਨਾ ਕਹਿ ਕੇ ਚਲੇ ਜਾਣਾ ਕਾਫ਼ੀ ਨਹੀਂ ਹੈ ਕਿ ਉਹ ਮਾੜਾ ਕੰਮ ਨਹੀਂ ਕਰਨਗੇ। ਉਨ੍ਹਾਂ ਨੂੰ ਅਜਿਹੇ ਸਵਾਲਾਂ ਦੇ ਜਵਾਬ ਵੀ ਦੇਣੇ ਚਾਹੀਦੇ ਹਨ ਕਿ ਉਹ ਕੋਈ ਕੰਮ ਕਿਉਂ ਕਰਦੇ ਤੇ ਕਿਉਂ ਨਹੀਂ ਕਰਦੇ। ਉਨ੍ਹਾਂ ਨੂੰ ਪੂਰਾ ਯਕੀਨ ਵੀ ਹੋਣਾ ਚਾਹੀਦਾ ਕਿ ਵਿਸ਼ਵਾਸਾਂ ਦੇ ਕਾਰਨ ਜਦ ਕੋਈ ਉਨ੍ਹਾਂ ਦਾ ਮਖੌਲ ਉਡਾਉਂਦਾ ਹੈ, ਤਾਂ ਉਹ ਕੀ ਕਰਨਗੇ। ਜੇ ਉਹ ਆਪਣੇ ਵਿਸ਼ਵਾਸਾਂ ਦੇ ਪੱਖ ਵਿਚ ਕੁਝ ਕਹਿ ਨਹੀਂ ਸਕਦੇ, ਤਾਂ ਉਨ੍ਹਾਂ ਲਈ ਸੱਚੀ ਭਗਤੀ ਦੇ ਪੱਖ ਵਿਚ ਡਟ ਕੇ ਖੜ੍ਹੇ ਰਹਿਣਾ ਮੁਸ਼ਕਲ ਹੋਵੇਗਾ। ਪ੍ਰੈਕਟਿਸ ਸੈਸ਼ਨਾਂ ਦੀ ਮਦਦ ਨਾਲ ਉਨ੍ਹਾਂ ਦਾ ਭਰੋਸਾ ਵਧ ਸਕਦਾ ਹੈ।

 ਸਫ਼ਾ 18 ’ਤੇ ਡੱਬੀ ਵਿਚ ਕੁਝ ਹਾਲਾਤਾਂ ਦੀ ਲਿਸਟ ਹੈ ਜਿਨ੍ਹਾਂ ਦੀ ਤੁਸੀਂ ਆਪਣੀ ਪਰਿਵਾਰਕ ਸਟੱਡੀ ਵਿਚ ਪ੍ਰੈਕਟਿਸ ਕਰ ਸਕਦੇ ਹੋ। ਇਨ੍ਹਾਂ ਸੈਸ਼ਨਾਂ ਵਿਚ ਬੱਚੇ ਜਦੋਂ ਕਿਸੇ ਗੱਲ ਦਾ ਜਵਾਬ ਦਿੰਦੇ ਹਨ, ਤਾਂ ਉਨ੍ਹਾਂ ਨੂੰ ਪੁੱਛੋ ਕਿ ਇਸ ਗੱਲ ਦਾ ਉਨ੍ਹਾਂ ਕੋਲ ਕੀ ਸਬੂਤ ਹੈ। ਇਨ੍ਹਾਂ ਸੈਸ਼ਨਾਂ ਦੇ ਨਾਲ-ਨਾਲ ਇਹ ਵੀ ਚਰਚਾ ਕਰੋ ਕਿ ਬਾਈਬਲ ਦੀਆਂ ਮਿਸਾਲਾਂ ਤੋਂ ਉਹ ਕੀ ਸਿੱਖ ਸਕਦੇ ਹਨ। ਬਿਨਾਂ ਸ਼ੱਕ, ਘਰ ਵਿਚ ਅਜਿਹੀ ਸਿਖਲਾਈ ਤੁਹਾਡੇ ਬੱਚਿਆਂ ਨੂੰ ਸਕੂਲ ਵਿਚ ਅਤੇ ਹੋਰਨਾਂ ਥਾਵਾਂ ਤੇ ਆਉਂਦੀਆਂ ਚੁਣੌਤੀਆਂ ਦਾ ਸਾਮ੍ਹਣਾ ਕਰਨ ਲਈ ਤਿਆਰ ਕਰੇਗੀ।

ਕੀ ਤੁਹਾਡੇ ਘਰ ਦਾ ਮਾਹੌਲ ਸੁਹਾਵਣਾ ਹੈ?

ਕੀ ਤੁਹਾਡਾ ਘਰ ਅਜਿਹੀ ਜਗ੍ਹਾ ਹੈ ਜਿੱਥੇ ਤੁਹਾਡੇ ਬੱਚੇ ਸਕੂਲੋਂ ਆਉਣ ਲਈ ਉਤਾਵਲੇ ਰਹਿੰਦੇ ਹਨ? ਜੇ ਤੁਹਾਡੇ ਘਰ ਦਾ ਮਾਹੌਲ ਸੁਹਾਵਣਾ ਹੈ, ਤਾਂ ਬੱਚੇ ਹਰ ਰੋਜ਼ ਆਉਂਦੀਆਂ ਚੁਣੌਤੀਆਂ ਦਾ ਸਾਮ੍ਹਣਾ ਕਰ ਸਕਣਗੇ। ਬੈਥਲ ਵਿਚ ਕੰਮ ਕਰਦੀ ਇਕ ਭੈਣ ਨੇ ਕਿਹਾ: “ਜਦ ਮੈਂ ਛੋਟੀ ਹੁੰਦੀ ਸੀ, ਉਦੋਂ ਮੈਨੂੰ ਆਪਣਾ ਘਰ ਬਹੁਤ ਚੰਗਾ ਲੱਗਦਾ ਸੀ ਕਿਉਂਕਿ ਮੈਨੂੰ ਸਕੂਨ ਮਿਲਦਾ ਸੀ। ਸਕੂਲੇ ਭਾਵੇਂ ਜਿੰਨਾ ਮਰਜ਼ੀ ਮੇਰਾ ਬੁਰਾ ਹਾਲ ਹੁੰਦਾ ਸੀ, ਪਰ ਮੈਂ ਜਾਣਦੀ ਸੀ ਕਿ ਘਰ ਜਾ ਕੇ ਸਾਰਾ ਕੁਝ ਠੀਕ ਹੋ ਜਾਣਾ।” ਤੁਹਾਡੇ ਘਰ ਦਾ ਮਾਹੌਲ ਕਿੱਦਾਂ ਦਾ ਹੈ? ਕੀ ਤੁਹਾਡੇ ਘਰ ‘ਕ੍ਰੋਧ, ਧੜੇਬਾਜ਼ੀਆਂ ਅਤੇ ਫੁੱਟ’ ਪਈ ਰਹਿੰਦੀ ਹੈ ਜਾਂ ਕੀ ‘ਪ੍ਰੇਮ, ਅਨੰਦ ਅਤੇ ਸ਼ਾਂਤੀ’ ਰਹਿੰਦੀ ਹੈ? (ਗਲਾ. 5:19-23) ਜੇ ਘਰ ਵਿਚ ਝਗੜਾ ਹੁੰਦਾ ਰਹਿੰਦਾ ਹੈ, ਤਾਂ ਕੀ ਤੁਸੀਂ ਬੱਚਿਆਂ ਦੀ ਖ਼ਾਤਰ ਆਪਣੇ ਘਰ ਦਾ ਮਾਹੌਲ ਸੁਹਾਵਣਾ ਬਣਾਉਣ ਦੀ ਪੂਰੀ ਕੋਸ਼ਿਸ਼ ਕਰਦੇ ਹੋ?

ਚੁਣੌਤੀਆਂ ਦਾ ਸਾਮ੍ਹਣਾ ਕਰਨ ਵਿਚ ਬੱਚਿਆਂ ਦੀ ਮਦਦ ਕਰਨ ਦਾ ਇਕ ਹੋਰ ਤਰੀਕਾ ਹੈ ਕਿ ਉਨ੍ਹਾਂ ਲਈ ਚੰਗੀ ਸੰਗਤ ਦਾ ਪ੍ਰਬੰਧ ਕਰੋ। ਮਿਸਾਲ ਲਈ, ਕੀ ਤੁਸੀਂ ਸੱਚਾਈ ਵਿਚ ਮਜ਼ਬੂਤ ਕਲੀਸਿਯਾ ਦੇ ਭੈਣਾਂ-ਭਰਾਵਾਂ ਨੂੰ ਆਪਣੇ ਪਰਿਵਾਰ ਨਾਲ ਮਨੋਰੰਜਨ ਕਰਨ ਲਈ ਸੱਦ ਸਕਦੇ ਹੋ? ਜਾਂ ਕੀ ਤੁਸੀਂ ਸਫ਼ਰੀ ਨਿਗਾਹਬਾਨ ਜਾਂ ਹੋਰ ਫੁੱਲ-ਟਾਈਮ ਸੇਵਾ ਕਰ ਰਹੇ ਭੈਣਾਂ-ਭਰਾਵਾਂ ਨੂੰ ਰੋਟੀ-ਪਾਣੀ ਲਈ ਘਰ ਬੁਲਾ ਸਕਦੇ ਹੋ? ਕੀ ਤੁਸੀਂ ਕਿਸੇ ਮਿਸ਼ਨਰੀ ਜਾਂ ਬੈਥਲ ਵਿਚ ਸੇਵਾ ਕਰ ਰਹੇ ਭੈਣ-ਭਰਾ ਨੂੰ ਜਾਣਦੇ ਹੋ ਜਿਨ੍ਹਾਂ ਨਾਲ ਤੁਹਾਡੇ ਬੱਚੇ ਦੋਸਤੀ ਕਰ ਸਕਦੇ ਹਨ, ਭਾਵੇਂ ਇਹ ਦੋਸਤੀ ਚਿੱਠੀਆਂ, ਈ-ਮੇਲ ਜਾਂ ਕਦੇ-ਕਦੇ ਟੈਲੀਫ਼ੋਨ ਕਰਨ ਦੁਆਰਾ ਹੀ ਕਿਉਂ ਨਾ ਹੋ ਸਕੇ? ਅਜਿਹੇ ਰਿਸ਼ਤੇ ਰੱਖਣ ਨਾਲ ਤੁਹਾਡੇ ਬੱਚਿਆਂ ਨੂੰ ਪਤਾ ਲੱਗੇਗਾ ਕਿ ਉਹ ਜ਼ਿੰਦਗੀ ਵਿਚ ਕੀ ਕਰਨਗੇ ਤੇ ਪਰਮੇਸ਼ੁਰ ਦੀ ਸੇਵਾ ਕਰਨ ਲਈ ਕਿਹੜੇ ਟੀਚੇ ਰੱਖਣਗੇ। ਜ਼ਰਾ ਸੋਚੋ ਕਿ ਨੌਜਵਾਨ ਤਿਮੋਥਿਉਸ ਉੱਤੇ ਪੌਲੁਸ ਰਸੂਲ ਦਾ ਕਿੰਨਾ ਚੰਗਾ ਅਸਰ ਪਿਆ ਸੀ! (2 ਤਿਮੋ. 1:13; 3:10) ਪੌਲੁਸ ਨਾਲ ਦੋਸਤੀ ਹੋਣ ਕਰਕੇ ਤਿਮੋਥਿਉਸ ਨੇ ਆਪਣਾ ਧਿਆਨ ਪਰਮੇਸ਼ੁਰ ਦੀ ਸੇਵਾ ਕਰਨ ਵਿਚ ਲਾਈ ਰੱਖਿਆ।—1 ਕੁਰਿੰ. 4:17.

ਬੱਚਿਆਂ ਦੀ ਤਾਰੀਫ਼ ਕਰੋ

ਯਹੋਵਾਹ ਖ਼ੁਸ਼ ਹੁੰਦਾ ਹੈ ਜਦੋਂ ਬੱਚੇ ਸ਼ਤਾਨ ਦੀ ਦੁਨੀਆਂ ਤੋਂ ਆਉਂਦੇ ਦਬਾਵਾਂ ਦੇ ਬਾਵਜੂਦ ਸੱਚਾਈ ਦਾ ਪੱਖ ਲੈਂਦੇ ਹਨ। (ਜ਼ਬੂ. 147:11; ਕਹਾ. 27:11) ਬਿਨਾਂ ਸ਼ੱਕ, ਤੁਸੀਂ ਵੀ ਬੱਚਿਆਂ ਨੂੰ ਸਹੀ ਰਾਹ ’ਤੇ ਚੱਲਦਿਆਂ ਦੇਖ ਕੇ ਖ਼ੁਸ਼ ਹੁੰਦੇ ਹੋਵੋਗੇ। (ਕਹਾ. 10:1) ਬੱਚਿਆਂ ਨੂੰ ਦੱਸੋ ਕਿ ਤੁਸੀਂ ਉਨ੍ਹਾਂ ਬਾਰੇ ਕੀ ਸੋਚਦੇ ਹੋ ਤੇ ਦਿਲੋਂ ਉਨ੍ਹਾਂ ਦੀ ਤਾਰੀਫ਼ ਕਰੋ। ਯਹੋਵਾਹ ਨੇ ਮਾਪਿਆਂ ਲਈ ਵਧੀਆ ਮਿਸਾਲ ਕਾਇਮ ਕੀਤੀ ਹੈ। ਯਿਸੂ ਦੇ ਬਪਤਿਸਮੇ ਵੇਲੇ ਯਹੋਵਾਹ ਨੇ ਕਿਹਾ: “ਤੂੰ ਮੇਰਾ ਪਿਆਰਾ ਪੁੱਤ੍ਰ ਹੈਂ, ਤੈਥੋਂ ਮੈਂ ਪਰਸਿੰਨ ਹਾਂ।” (ਮਰ. 1:11) ਆਪਣੇ ਪਿਤਾ ਤੋਂ ਇਹ ਹੌਸਲਾ ਮਿਲਣ ਤੇ ਯਿਸੂ ਨੂੰ ਅਨੇਕ ਮੁਸ਼ਕਲਾਂ ਨਾਲ ਸਿੱਝਣ ਦੀ ਕਿੰਨੀ ਤਾਕਤ ਮਿਲੀ ਹੋਵੇਗੀ! ਇਸ ਤਰ੍ਹਾਂ, ਤੁਸੀਂ ਵੀ ਆਪਣੇ ਬੱਚਿਆਂ ਨੂੰ ਦੱਸੋ ਕਿ ਤੁਸੀਂ ਉਨ੍ਹਾਂ ਨੂੰ ਪਿਆਰ ਕਰਦੇ ਹੋ ਤੇ ਉਨ੍ਹਾਂ ਦੀਆਂ ਕਾਮਯਾਬੀਆਂ ਤੋਂ ਖ਼ੁਸ਼ ਹੋ।

ਇਹ ਸੱਚ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਦਬਾਵਾਂ, ਮਾੜੇ ਸਲੂਕ ਜਾਂ ਟਿੱਚਰਾਂ ਤੋਂ ਨਹੀਂ ਬਚਾ ਸਕਦੇ। ਫਿਰ ਵੀ ਤੁਸੀਂ ਉਨ੍ਹਾਂ ਦੀ ਕਾਫ਼ੀ ਮਦਦ ਕਰ ਸਕਦੇ ਹੋ। ਕਿਸ ਤਰ੍ਹਾਂ? ਯਹੋਵਾਹ ਨਾਲ ਨਿੱਜੀ ਰਿਸ਼ਤਾ ਜੋੜਨ ਵਿਚ ਉਨ੍ਹਾਂ ਦੀ ਮਦਦ ਕਰੋ। ਅਜਿਹਾ ਮਾਹੌਲ ਪੈਦਾ ਕਰੋ ਜਿਸ ਵਿਚ ਉਹ ਚੰਗੀ ਗੱਲਬਾਤ ਕਰ ਸਕਣ। ਪਰਿਵਾਰਕ ਸਟੱਡੀ ਲਾਭਦਾਇਕ ਬਣਾਓ ਤੇ ਆਪਣੇ ਘਰ ਦਾ ਮਾਹੌਲ ਸੁਹਾਵਣਾ ਬਣਾਓ। ਇਸ ਤਰ੍ਹਾਂ ਤੁਹਾਡੇ ਬੱਚੇ ਤਰ੍ਹਾਂ-ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਮ੍ਹਣਾ ਕਰਨ ਲਈ ਤਿਆਰ ਹੋਣਗੇ।

[ਫੁਟਨੋਟ]

^ ਪੈਰਾ 1 ਇਸ ਲੇਖ ਵਿਚ ਕੁਝ ਨਾਂ ਬਦਲੇ ਗਏ ਹਨ।

[ਸਫ਼ਾ 18 ਉੱਤੇ ਡੱਬੀ/ਤਸਵੀਰ]

 ਪ੍ਰੈਕਟਿਸ ਸੈਸ਼ਨ ਲਾਭਦਾਇਕ ਹਨ

ਬੱਚੇ ਹੇਠਾਂ ਦੱਸੇ ਕੁਝ ਹਾਲਾਤਾਂ ਦਾ ਸਾਮ੍ਹਣਾ ਕਰਦੇ ਹਨ। ਕਿਉਂ ਨਾ ਪਰਿਵਾਰਕ ਸਟੱਡੀ ਦੌਰਾਨ ਪ੍ਰੈਕਟਿਸ ਕਰੋ ਕਿ ਤੁਸੀਂ ਇਨ੍ਹਾਂ ਹਾਲਾਤਾਂ ਨਾਲ ਕਿਵੇਂ ਸਿੱਝੋਗੇ?

▸ ਕੋਚ ਤੁਹਾਡੀ ਲੜਕੀ ਨੂੰ ਸਕੂਲ ਵਿਚ ਖੇਡਾਂ ਦੀ ਟੀਮ ਵਿਚ ਸ਼ਾਮਲ ਹੋਣ ਲਈ ਕਹਿੰਦਾ ਹੈ।

▸ ਤੁਹਾਡੇ ਲੜਕੇ ਨੂੰ ਸਕੂਲੋਂ ਘਰ ਜਾਂਦਿਆਂ ਕੋਈ ਜਣਾ ਸਿਗਰਟ ਪੀਣ ਲਈ ਕਹਿੰਦਾ ਹੈ।

▸ ਕੁਝ ਮੁੰਡੇ ਤੁਹਾਡੇ ਲੜਕੇ ਨੂੰ ਕੁੱਟਣ-ਮਾਰਨ ਦੀ ਧਮਕੀ ਦਿੰਦੇ ਹਨ ਜੇ ਉਨ੍ਹਾਂ ਨੇ ਫਿਰ ਕਦੇ ਉਸ ਨੂੰ ਪ੍ਰਚਾਰ ਕਰਦਾ ਦੇਖਿਆ।

▸ ਘਰ-ਘਰ ਪ੍ਰਚਾਰ ਕਰਦਿਆਂ ਤੁਹਾਡੀ ਕੁੜੀ ਨੂੰ ਸਕੂਲ ਦਾ ਕੋਈ ਵਿਦਿਆਰਥੀ ਮਿਲਦਾ ਹੈ।

▸ ਸਾਰੀ ਕਲਾਸ ਸਾਮ੍ਹਣੇ ਤੁਹਾਡੀ ਲੜਕੀ ਨੂੰ ਪੁੱਛਿਆ ਜਾਂਦਾ ਹੈ ਕਿ ਉਹ ਝੰਡੇ ਨੂੰ ਸਲਾਮੀ ਕਿਉਂ ਨਹੀਂ ਦਿੰਦੀ।

▸ ਇਕ ਮੁੰਡਾ ਹਮੇਸ਼ਾ ਤੁਹਾਡੇ ਲੜਕੇ ਦਾ ਮਜ਼ਾਕ ਉਡਾਉਂਦਾ ਹੈ ਕਿਉਂਕਿ ਉਹ ਗਵਾਹ ਹੈ।

[ਸਫ਼ਾ 17 ਉੱਤੇ ਤਸਵੀਰ]

ਕੀ ਤੁਹਾਡੇ ਬੱਚੇ ਖ਼ੁਦ ਬਾਈਬਲ ਪੜ੍ਹਦੇ ਹਨ?

[ਸਫ਼ਾ 19 ਉੱਤੇ ਤਸਵੀਰ]

ਕੀ ਤੁਸੀਂ ਸੱਚਾਈ ਵਿਚ ਮਜ਼ਬੂਤ ਭੈਣਾਂ-ਭਰਾਵਾਂ ਨੂੰ ਮਨੋਰੰਜਨ ਕਰਨ ਲਈ ਸੱਦਦੇ ਹੋ?