Skip to content

Skip to table of contents

ਜ਼ਿੰਦਗੀ ਦਾ ਹਰ ਦਿਨ ਪਰਮੇਸ਼ੁਰ ਦੀ ਵਡਿਆਈ ਕਰਦਿਆਂ ਗੁਜ਼ਾਰੋ

ਜ਼ਿੰਦਗੀ ਦਾ ਹਰ ਦਿਨ ਪਰਮੇਸ਼ੁਰ ਦੀ ਵਡਿਆਈ ਕਰਦਿਆਂ ਗੁਜ਼ਾਰੋ

ਜ਼ਿੰਦਗੀ ਦਾ ਹਰ ਦਿਨ ਪਰਮੇਸ਼ੁਰ ਦੀ ਵਡਿਆਈ ਕਰਦਿਆਂ ਗੁਜ਼ਾਰੋ

ਜ਼ਬੂਰਾਂ ਦੇ ਲਿਖਾਰੀ ਦਾਊਦ ਨੇ ਯਹੋਵਾਹ ਅੱਗੇ ਬੇਨਤੀ ਕੀਤੀ: ‘ਸਵੇਰ ਨੂੰ ਆਪਣੀ ਦਯਾ ਦੀ ਮੈਨੂੰ ਸੁਣਾਈ ਕਰ, ਮੇਰੇ ਤੁਰਨ ਦਾ ਰਾਹ ਮੈਨੂੰ ਦੱਸ।’ (ਜ਼ਬੂ. 143:8) ਜਦੋਂ ਤੁਸੀਂ ਸਵੇਰ ਨੂੰ ਉੱਠ ਕੇ ਜ਼ਿੰਦਗੀ ਦੇ ਨਵੇਂ ਦਿਨ ਲਈ ਯਹੋਵਾਹ ਦਾ ਧੰਨਵਾਦ ਕਰਦੇ ਹੋ, ਤਾਂ ਕੀ ਤੁਸੀਂ ਦਾਊਦ ਵਾਂਗ ਯਹੋਵਾਹ ਨੂੰ ਬੇਨਤੀ ਕਰਦੇ ਹੋ ਕਿ ਉਹ ਚੰਗੇ ਫ਼ੈਸਲੇ ਕਰਨ ਅਤੇ ਵਧੀਆ ਰਾਹ ’ਤੇ ਤੁਰਨ ਲਈ ਸੇਧ ਦੇਵੇ? ਤੁਸੀਂ ਜ਼ਰੂਰ ਇਵੇਂ ਕਰਦੇ ਹੋਵੋਗੇ।

ਯਹੋਵਾਹ ਦੇ ਸਮਰਪਿਤ ਸੇਵਕਾਂ ਵਜੋਂ, ਅਸੀਂ ‘ਸੱਭੋ ਕੁਝ ਪਰਮੇਸ਼ੁਰ ਦੀ ਵਡਿਆਈ ਲਈ ਕਰਨ’ ਦੀ ਕੋਸ਼ਿਸ਼ ਕਰਦੇ ਹਾਂ, ‘ਭਾਵੇਂ ਅਸੀਂ ਖਾਂਦੇ ਭਾਵੇਂ ਪੀਂਦੇ ਭਾਵੇਂ ਕੁਝ ਹੀ ਕਰਦੇ ਹਾਂ।’ (1 ਕੁਰਿੰ. 10:31) ਅਸੀਂ ਜਾਣਦੇ ਹਾਂ ਕਿ ਸਾਡੇ ਜੀਣ ਦੇ ਤੌਰ-ਤਰੀਕਿਆਂ ਨਾਲ ਜਾਂ ਤਾਂ ਯਹੋਵਾਹ ਦੀ ਵਡਿਆਈ ਹੋਵੇਗੀ ਜਾਂ ਬਦਨਾਮੀ। ਸਾਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਬਾਈਬਲ ਅਨੁਸਾਰ ਸ਼ਤਾਨ ਮਸੀਹ ਦੇ ਭਰਾਵਾਂ ਉੱਤੇ ਹੀ ਨਹੀਂ, ਸਗੋਂ ਧਰਤੀ ਉੱਤੇ ਪਰਮੇਸ਼ੁਰ ਦੇ ਸਾਰੇ ਸੇਵਕਾਂ ਉੱਤੇ “ਰਾਤ ਦਿਨ” ਦੋਸ਼ ਲਾਉਂਦਾ ਹੈ। (ਪਰ. 12:10) ਇਸ ਲਈ ਅਸੀਂ ਠਾਣੀ ਹੋਈ ਹੈ ਕਿ ਅਸੀਂ ਸ਼ਤਾਨ ਦੇ ਝੂਠੇ ਇਲਜ਼ਾਮਾਂ ਦਾ ਜਵਾਬ ਦੇਵਾਂਗੇ ਅਤੇ ਆਪਣੇ ਸਵਰਗੀ ਪਿਤਾ ਯਹੋਵਾਹ ਦੀ “ਰਾਤ ਦਿਨ” ਭਗਤੀ ਕਰ ਕੇ ਉਸ ਦਾ ਜੀਅ ਖ਼ੁਸ਼ ਕਰਾਂਗੇ।—ਪਰ. 7:15; ਕਹਾ. 27:11.

ਆਓ ਆਪਾਂ ਸੰਖੇਪ ਵਿਚ ਦੋ ਅਹਿਮ ਤਰੀਕਿਆਂ ਦੀ ਚਰਚਾ ਕਰੀਏ ਜਿਨ੍ਹਾਂ ਦੁਆਰਾ ਅਸੀਂ ਰੋਜ਼ਾਨਾ ਪਰਮੇਸ਼ੁਰ ਦੀ ਵਡਿਆਈ ਕਰ ਸਕਦੇ ਹਾਂ। ਪਹਿਲਾ ਤਰੀਕਾ ਹੈ ਜ਼ਰੂਰੀ ਚੀਜ਼ਾਂ ਨੂੰ ਪਹਿਲ ਦੇਣੀ ਤੇ ਦੂਸਰਾ ਹੈ ਹੋਰਨਾਂ ਦੀ ਪਰਵਾਹ ਕਰਨੀ।

ਆਪਣੇ ਸਮਰਪਣ ਦੇ ਵਾਅਦੇ ਨੂੰ ਪੂਰਾ ਕਰਨਾ

ਅਸੀਂ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਕੇ ਜ਼ਾਹਰ ਕੀਤਾ ਸੀ ਕਿ ਅਸੀਂ ਉਸ ਦੀ ਦਿਲੋਂ ਸੇਵਾ ਕਰਨੀ ਚਾਹੁੰਦੇ ਹਾਂ। ਅਸੀਂ ਯਹੋਵਾਹ ਨਾਲ ਇਹ ਵੀ ਵਾਅਦਾ ਕੀਤਾ ਸੀ ਕਿ ਅਸੀਂ “ਹਰ ਰੋਜ਼” ਯਾਨੀ ਹਮੇਸ਼ਾ ਲਈ ਉਸ ਦੇ ਰਾਹਾਂ ’ਤੇ ਚੱਲਾਂਗੇ। (ਭਜਨ 61:5, 8, CL) ਪਰ ਅਸੀਂ ਇਹ ਵਾਅਦਾ ਕਿੱਦਾਂ ਪੂਰਾ ਕਰਦੇ ਹਾਂ? ਅਸੀਂ ਹਰ ਰੋਜ਼ ਯਹੋਵਾਹ ਲਈ ਦਿਲੋਂ ਆਪਣਾ ਪਿਆਰ ਕਿੱਦਾਂ ਦਿਖਾ ਸਕਦੇ ਹਾਂ?

ਬਾਈਬਲ ਸਾਨੂੰ ਸਾਫ਼-ਸਾਫ਼ ਦੱਸਦੀ ਹੈ ਕਿ ਯਹੋਵਾਹ ਸਾਡੇ ਤੋਂ ਕਿਹੜੀਆਂ ਜ਼ਿੰਮੇਵਾਰੀਆਂ ਨਿਭਾਉਣ ਦੀ ਉਮੀਦ ਰੱਖਦਾ ਹੈ। (ਬਿਵ. 10:12, 13) 22ਵੇਂ ਸਫ਼ੇ ’ਤੇ ਕੁਝ ਜ਼ਿੰਮੇਵਾਰੀਆਂ ਡੱਬੀ ਵਿਚ ਦੱਸੀਆਂ ਹਨ ਜਿਸ ਦਾ ਸਿਰਲੇਖ ਹੈ  “ਪਰਮੇਸ਼ੁਰ ਤੋਂ ਮਿਲੀਆਂ ਜ਼ਿੰਮੇਵਾਰੀਆਂ।” ਇਹ ਬਹੁਤ ਜ਼ਰੂਰੀ ਹਨ ਕਿਉਂਕਿ ਇਹ ਪਰਮੇਸ਼ੁਰ ਨੇ ਸਾਨੂੰ ਦਿੱਤੀਆਂ ਹਨ। ਪਰ ਕਦੇ-ਕਦੇ ਇੱਦਾਂ ਹੁੰਦਾ ਕਿ ਦੋ-ਤਿੰਨ ਜ਼ਿੰਮੇਵਾਰੀਆਂ ਇਕੱਠੀਆਂ ਆ ਜਾਂਦੀਆਂ ਹਨ, ਉਸ ਵੇਲੇ ਅਸੀਂ ਕਿਹੜੀ ਜ਼ਿੰਮੇਵਾਰੀ ਨੂੰ ਪਹਿਲ ਦੇਵਾਂਗੇ?

ਅਸੀਂ ਪਰਮੇਸ਼ੁਰ ਦੀ ਭਗਤੀ ਨੂੰ ਪਹਿਲ ਦਿੰਦੇ ਹਾਂ ਜਿਸ ਵਿਚ ਬਾਈਬਲ ਸਟੱਡੀ, ਪ੍ਰਾਰਥਨਾ, ਮਸੀਹੀ ਸਭਾਵਾਂ ਅਤੇ ਪ੍ਰਚਾਰ ਦਾ ਕੰਮ ਸ਼ਾਮਲ ਹਨ। (ਮੱਤੀ 6:33; ਯੂਹੰ. 4:34; 1 ਪਤ. 2:9) ਪਰ ਅਸੀਂ ਸਾਰਾ ਦਿਨ ਇਹੀ ਕੰਮ ਨਹੀਂ ਕਰ ਸਕਦੇ। ਸਾਨੂੰ ਨੌਕਰੀ ਕਰਨ ਜਾਂ ਸਕੂਲ ਜਾਣ ਤੋਂ ਇਲਾਵਾ ਘਰ ਦੇ ਕੰਮ ਵੀ ਕਰਨੇ ਪੈਂਦੇ ਹਨ। ਫਿਰ ਵੀ ਅਸੀਂ ਆਪਣੀ ਨੌਕਰੀ ਅਤੇ ਹੋਰ ਕੰਮ ਅਜਿਹੇ ਤਰੀਕੇ ਨਾਲ ਪੂਰੇ ਕਰਦੇ ਹਾਂ ਕਿ ਉਹ ਸਾਡੀ ਭਗਤੀ ਵਿਚ ਰੁਕਾਵਟ ਨਾ ਬਣਨ ਜਿਵੇਂ ਕਿ ਸਭਾਵਾਂ ਵਿਚ ਜਾਣਾ। ਮਿਸਾਲ ਲਈ ਕਿਤੇ ਛੁੱਟੀਆਂ ਤੇ ਜਾਣ ਦਾ ਪ੍ਰੋਗ੍ਰਾਮ ਬਣਾਉਂਦਿਆਂ, ਅਸੀਂ ਧਿਆਨ ਰੱਖਾਂਗੇ ਕਿ ਅਸੀਂ ਆਪਣੇ ਸਰਕਟ ਓਵਰਸੀਅਰ ਦੇ ਦੌਰ, ਖ਼ਾਸ ਸੰਮੇਲਨ ਦਿਨ, ਸਰਕਟ ਸੰਮੇਲਨ ਜਾਂ ਜ਼ਿਲ੍ਹਾ ਸੰਮੇਲਨ ਤੋਂ ਨਹੀਂ ਖੁੰਝਾਂਗੇ। ਅਸੀਂ ਕਦੇ-ਕਦੇ ਸ਼ਾਇਦ ਕੁਝ ਜ਼ਿੰਮੇਵਾਰੀਆਂ ਇਕੱਠੀਆਂ ਨਿਭਾ ਸਕੀਏ। ਮਿਸਾਲ ਲਈ, ਸਾਰਾ ਪਰਿਵਾਰ ਇਕੱਠਾ ਰਲ ਕੇ ਕਿੰਗਡਮ ਹਾਲ ਦੀ ਸਫ਼ਾਈ ਕਰ ਸਕਦੇ ਹਾਂ ਜਾਂ ਅਸੀਂ ਦੁਪਹਿਰ ਦੀ ਰੋਟੀ ਖਾਣ ਵੇਲੇ ਆਪਣੇ ਨਾਲ ਕੰਮ ਕਰਨ ਵਾਲਿਆਂ ਜਾਂ ਸਕੂਲ ਵਿਚ ਆਪਣੇ ਨਾਲ ਪੜ੍ਹਨ ਵਾਲਿਆਂ ਨੂੰ ਗਵਾਹੀ ਦੇ ਸਕਦੇ ਹਾਂ। ਜਦੋਂ ਵੀ ਅਸੀਂ ਜ਼ਿੰਦਗੀ ਵਿਚ ਕੋਈ ਫ਼ੈਸਲਾ ਕਰਦੇ ਹਾਂ, ਤਾਂ ਅਸੀਂ ਯਹੋਵਾਹ ਦੀ ਭਗਤੀ ਨੂੰ ਧਿਆਨ ਵਿਚ ਰੱਖਾਂਗੇ। ਅਸੀਂ ਉਸ ਦੀ ਭਗਤੀ ਨੂੰ ਪਹਿਲ ਦੇਵਾਂਗੇ ਜਦ ਅਸੀਂ ਫ਼ੈਸਲਾ ਕਰਦੇ ਹਾਂ ਕਿ ਕਿਹੜੀ ਨੌਕਰੀ ਕਰਾਂਗੇ, ਕਿੰਨਾ ਪੜ੍ਹਾਂਗੇ ਜਾਂ ਕਿਹੜੇ ਦੋਸਤ ਚੁਣਾਂਗੇ।—ਉਪ. 12:13.

ਦੂਜਿਆਂ ਦੀ ਪਰਵਾਹ ਕਰੋ

ਯਹੋਵਾਹ ਚਾਹੁੰਦਾ ਹੈ ਕਿ ਅਸੀਂ ਦੂਸਰਿਆਂ ਦੀ ਪਰਵਾਹ ਕਰੀਏ ਤੇ ਉਨ੍ਹਾਂ ਦਾ ਭਲਾ ਕਰੀਏ। ਪਰ ਸ਼ਤਾਨ ਚਾਹੁੰਦਾ ਹੈ ਕਿ ਅਸੀਂ ਸੁਆਰਥੀ ਬਣੀਏ। ਉਸ ਦੀ ਦੁਨੀਆਂ ਅਜਿਹੇ ਲੋਕਾਂ ਨਾਲ ਭਰੀ ਪਈ ਹੈ ਜੋ ‘ਆਪ ਸੁਆਰਥੀ, ਭੋਗ ਬਿਲਾਸ ਦੇ ਪ੍ਰੇਮੀ’ ਹਨ ਤੇ ‘ਸਰੀਰ ਲਈ ਬੀਜਦੇ’ ਹਨ। (2 ਤਿਮੋ. 3:1-5; ਗਲਾ. 6:8) ਕਈਆਂ ਨੂੰ ਤਾਂ ਜ਼ਰਾ ਵੀ ਪਰਵਾਹ ਨਹੀਂ ਕਿ ਉਨ੍ਹਾਂ ਦੇ ਕੰਮਾਂ ਦਾ ਦੂਸਰਿਆਂ ’ਤੇ ਕੀ ਅਸਰ ਪੈ ਸਕਦਾ ਹੈ। ਸੋ ਅਸੀਂ “ਸਰੀਰ ਦੇ ਕੰਮ” ਹਰ ਥਾਂ ਹੁੰਦੇ ਦੇਖ ਸਕਦੇ ਹਾਂ।—ਗਲਾ. 5:19-21.

ਇਨ੍ਹਾਂ ਲੋਕਾਂ ਦਾ ਰਵੱਈਆ ਉਨ੍ਹਾਂ ਲੋਕਾਂ ਤੋਂ ਕਿੰਨਾ ਵੱਖਰਾ ਹੈ ਜੋ ਹੋਰਨਾਂ ਨਾਲ ਮਿਲਦੇ-ਵਰਤਦੇ ਸਮੇਂ ਯਹੋਵਾਹ ਦੀ ਸ਼ਕਤੀ ਦੀ ਪ੍ਰੇਰਣਾ ਨਾਲ ਪ੍ਰੇਮ, ਦਿਆਲਗੀ ਅਤੇ ਭਲਿਆਈ ਵਰਗੇ ਗੁਣ ਜ਼ਾਹਰ ਕਰਦੇ ਹਨ! (ਗਲਾ. 5:22) ਬਾਈਬਲ ਕਹਿੰਦੀ ਹੈ ਕਿ ਸਾਨੂੰ ਆਪਣੀਆਂ ਲੋੜਾਂ ਦੀ ਬਜਾਇ ਦੂਸਰਿਆਂ ਦੀਆਂ ਲੋੜਾਂ ਨੂੰ ਪਹਿਲ ਦੇਣੀ ਚਾਹੀਦੀ ਹੈ। ਇਸ ਲਈ ਅਸੀਂ ਉਨ੍ਹਾਂ ਲਈ ਕੁਝ-ਨਾ-ਕੁਝ ਕਰਦੇ ਹਾਂ ਜਿਸ ਤੋਂ ਜ਼ਾਹਰ ਹੈ ਕਿ ਅਸੀਂ ਉਨ੍ਹਾਂ ਵਿਚ ਦਿਲਚਸਪੀ ਲੈਂਦੇ ਹਾਂ, ਪਰ ਅਸੀਂ ਉਨ੍ਹਾਂ ਦੇ ਨਿੱਜੀ ਮਾਮਲੇ ਵਿਚ ਦਖ਼ਲ ਨਹੀਂ ਦਿੰਦੇ। (1 ਕੁਰਿੰ. 10:24, 33; ਫ਼ਿਲਿ. 2:3, 4; 1 ਪਤ. 4:15) ਅਸੀਂ ਖ਼ਾਸਕਰ ਆਪਣੇ ਭੈਣਾਂ-ਭਰਾਵਾਂ ਦੀ ਪਰਵਾਹ ਕਰਦੇ ਹਾਂ, ਪਰ ਇਸ ਦੇ ਨਾਲ-ਨਾਲ ਅਸੀਂ ਪਰਮੇਸ਼ੁਰ ਨੂੰ ਨਾ ਮੰਨਣ ਵਾਲਿਆਂ ਦੀ ਵੀ ਮਦਦ ਕਰਨ ਦੀ ਕੋਸ਼ਿਸ਼ ਕਰਦੇ ਹਾਂ। (ਗਲਾ. 6:10) ਕੀ ਤੁਸੀਂ ਅੱਜ ਕਿਸੇ ਦਾ ਭਲਾ ਕਰਨ ਦਾ ਮੌਕਾ ਭਾਲ ਸਕਦੇ ਹੋ?—23ਵੇਂ ਸਫ਼ੇ ’ਤੇ  “ਉਨ੍ਹਾਂ ਦੀ ਪਰਵਾਹ ਕਰੋ” ਡੱਬੀ ਦੇਖੋ।

ਸਾਨੂੰ ਇਹ ਨਹੀਂ ਦੇਖਣਾ ਚਾਹੀਦਾ ਕਿ ਅਸੀਂ ਕੋਈ ਖ਼ਾਸ ਸਮਾਂ ਆਉਣ ਤੇ ਜਾਂ ਹਾਲਾਤ ਪੈਦਾ ਹੋਣ ਤੇ ਕਿਸੇ ਦਾ ਭਲਾ ਕਰਾਂਗੇ। (ਗਲਾ. 6:2; ਅਫ਼. 5:2; 1 ਥੱਸ. 4:9, 10) ਸਾਨੂੰ ਹਰ ਰੋਜ਼ ਦੂਸਰਿਆਂ ਦੇ ਹਾਲਾਤਾਂ ਬਾਰੇ ਜਾਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤੇ ਉਨ੍ਹਾਂ ਦੀ ਮਦਦ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ, ਭਾਵੇਂ ਕਿ ਸਾਨੂੰ ਕਿੰਨੀ ਹੀ ਖੇਚਲ ਕਿਉਂ ਨਾ ਕਰਨੀ ਪਵੇ। ਮਦਦ ਕਰਨ ਲਈ ਅਸੀਂ ਉਨ੍ਹਾਂ ਨੂੰ ਉਹ ਕੁਝ ਦੇਣਾ ਚਾਹੁੰਦੇ ਹਾਂ ਜੋ ਕੁਝ ਸਾਡੇ ਕੋਲ ਹੈ ਜਿਵੇਂ ਆਪਣਾ ਸਮਾਂ, ਚੀਜ਼ਾਂ ਜਾਂ ਪੈਸਾ, ਸਾਲਾਂ ਦਾ ਤਜਰਬਾ ਜਾਂ ਬੁੱਧ। ਸਾਨੂੰ ਯਹੋਵਾਹ ਯਕੀਨ ਦਿਵਾਉਂਦਾ ਹੈ ਕਿ ਉਹ ਸਾਨੂੰ ਖੁੱਲ੍ਹੇ ਦਿਲ ਨਾਲ ਦੇਵੇਗਾ ਜੇ ਅਸੀਂ ਖੁੱਲ੍ਹੇ ਦਿਲ ਨਾਲ ਦੂਸਰਿਆਂ ਨੂੰ ਕੁਝ ਦਿੰਦੇ ਹਾਂ।—ਕਹਾ. 11:25; ਲੂਕਾ 6:38.

“ਰਾਤ ਦਿਨ” ਭਗਤੀ

ਕੀ ਯਹੋਵਾਹ ਦੀ ਭਗਤੀ “ਰਾਤ ਦਿਨ” ਕੀਤੀ ਜਾ ਸਕਦੀ ਹੈ? ਜੀ ਹਾਂ, ਭਗਤੀ ਨਾਲ ਸੰਬੰਧਿਤ ਵੱਖ-ਵੱਖ ਕੰਮਾਂ ਨੂੰ ਬਾਕਾਇਦਾ ਲਗਨ ਨਾਲ ਕਰ ਕੇ। (ਰਸੂ. 20:31) ਅਸੀਂ ਰੋਜ਼ ਬਾਈਬਲ ਪੜ੍ਹ ਕੇ, ਉਸ ਉੱਤੇ ਮਨਨ ਕਰ ਕੇ, ਪ੍ਰਾਰਥਨਾ ਕਰ ਕੇ, ਸਾਰੀਆਂ ਸਭਾਵਾਂ ਵਿਚ ਹਾਜ਼ਰ ਹੋ ਕੇ ਤੇ ਹਰ ਮੌਕੇ ਤੇ ਗਵਾਹੀ ਦੇ ਕੇ ਪਰਮੇਸ਼ੁਰ ਦੀ ਭਗਤੀ ਵਿਚ ਰੁੱਝੇ ਰਹਿ ਸਕਦੇ ਹਾਂ।—ਜ਼ਬੂ. 1:2; ਲੂਕਾ 2:37; ਰਸੂ. 4:20; 1 ਥੱਸ. 3:10; 5:17.

ਕੀ ਅਸੀਂ ਖ਼ੁਦ ਯਹੋਵਾਹ ਦੀ ਭਗਤੀ ਇਸ ਤਰ੍ਹਾਂ ਕਰ ਰਹੇ ਹਾਂ? ਜੇ ਹਾਂ, ਤਾਂ ਸਾਡੀ ਜ਼ਿੰਦਗੀ ਦੇ ਹਰ ਪਹਿਲੂ ਤੋਂ ਜ਼ਾਹਰ ਹੋਵੇਗਾ ਕਿ ਅਸੀਂ ਉਸ ਨੂੰ ਖ਼ੁਸ਼ ਕਰਨਾ ਤੇ ਸ਼ਤਾਨ ਦੇ ਤਾਅਨਿਆਂ ਦਾ ਜਵਾਬ ਦੇਣਾ ਚਾਹੁੰਦੇ ਹਾਂ। ਅਸੀਂ ਕੋਈ ਵੀ ਕੰਮ ਕਰਦਿਆਂ ਜਾਂ ਕਿਸੇ ਵੀ ਹਾਲ ਵਿਚ ਹੁੰਦਿਆਂ ਯਹੋਵਾਹ ਦੀ ਵਡਿਆਈ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਉਸ ਦੇ ਅਸੂਲਾਂ ਮੁਤਾਬਕ ਬੋਲਦੇ-ਚੱਲਦੇ ਅਤੇ ਫ਼ੈਸਲੇ ਕਰਦੇ ਹਾਂ। ਅਸੀਂ ਉਸ ’ਤੇ ਪੂਰਾ ਭਰੋਸਾ ਰੱਖਦੇ ਹਾਂ ਤੇ ਉਸ ਦੀ ਸੇਵਾ ਵਿਚ ਆਪਣੀ ਪੂਰੀ ਤਾਕਤ ਲਾਉਂਦੇ ਹਾਂ। ਇਸ ਤਰ੍ਹਾਂ ਅਸੀਂ ਉਸ ਦੇ ਪਿਆਰ ਅਤੇ ਮਦਦ ਲਈ ਕਦਰ ਦਿਖਾਉਂਦੇ ਹਾਂ। ਅਸੀਂ ਖਿੜੇ-ਮੱਥੇ ਉਸ ਦੀ ਸਲਾਹ ਅਤੇ ਤਾੜਨਾ ਕਬੂਲ ਕਰਦੇ ਹਾਂ ਜਦੋਂ ਸਾਡੇ ਤੋਂ ਗ਼ਲਤੀਆਂ ਹੋ ਜਾਂਦੀਆਂ ਹਨ।—ਜ਼ਬੂ. 32:5; 119:97; ਕਹਾ. 3:25, 26; ਕੁਲੁ. 3:17; ਇਬ. 6:11, 12.

ਆਓ ਆਪਾਂ ਆਪਣੀ ਜ਼ਿੰਦਗੀ ਦਾ ਹਰ ਦਿਨ ਪਰਮੇਸ਼ੁਰ ਦੀ ਵਡਿਆਈ ਕਰਨ ਲਈ ਵਰਤੀਏ। ਇਸ ਤਰ੍ਹਾਂ ਕਰ ਕੇ ਸਾਨੂੰ ਤਾਜ਼ਗੀ ਮਿਲੇਗੀ ਤੇ ਸਾਡਾ ਸਵਰਗੀ ਪਿਤਾ ਹਮੇਸ਼ਾ ਸਾਡੀ ਦੇਖ-ਰੇਖ ਕਰਦਾ ਰਹੇਗਾ।—ਮੱਤੀ 11:29; ਪਰ. 7:16, 17.

[ਸਫ਼ਾ 22 ਉੱਤੇ ਡੱਬੀ/ਤਸਵੀਰਾਂ]

 ਪਰਮੇਸ਼ੁਰ ਤੋਂ ਮਿਲੀਆਂ ਜ਼ਿੰਮੇਵਾਰੀਆਂ

• ਲਗਾਤਾਰ ਪ੍ਰਾਰਥਨਾ ਕਰੋ।—ਰੋਮੀ. 12:12.

• ਬਾਈਬਲ ਦਾ ਅਧਿਐਨ ਕਰੋ ਤੇ ਇਸ ਅਨੁਸਾਰ ਚੱਲੋ।—ਜ਼ਬੂ. 1:2; 1 ਤਿਮੋ. 4:15.

• ਕਲੀਸਿਯਾ ਨਾਲ ਯਹੋਵਾਹ ਦੀ ਭਗਤੀ ਕਰੋ।—ਜ਼ਬੂ. 35:18; ਇਬ. 10:24, 25.

• ਆਪਣੇ ਪਰਿਵਾਰ ਦੇ ਜੀਆਂ ਦੀਆਂ ਭੌਤਿਕ ਤੇ ਭਾਵਾਤਮਕ ਲੋੜਾਂ ਪੂਰੀਆਂ ਕਰੋ ਤੇ ਪਰਮੇਸ਼ੁਰ ਦੀ ਸਿੱਖਿਆ ਦਿਓ।—1 ਤਿਮੋ. 5:8.

• ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰੋ ਤੇ ਚੇਲੇ ਬਣਾਓ।—ਮੱਤੀ 24:14; 28:19, 20.

• ਆਪਣੀ ਸਰੀਰਕ ਤੇ ਭਾਵਾਤਮਕ ਸਿਹਤ ਦਾ ਖ਼ਿਆਲ ਰੱਖੋ ਅਤੇ ਨਿਹਚਾ ਤਕੜੀ ਰੱਖੋ। ਇਸ ਦੇ ਨਾਲ-ਨਾਲ ਚੰਗਾ ਮਨੋਰੰਜਨ ਵੀ ਕਰੋ।—ਮਰ. 6:31; 2 ਕੁਰਿੰ. 7:1; 1 ਤਿਮੋ. 4:8, 16.

• ਕਲੀਸਿਯਾ ਦੀਆਂ ਜ਼ਿੰਮੇਵਾਰੀਆਂ ਨਿਭਾਓ।—ਰਸੂ. 20:28; 1 ਤਿਮੋ. 3:1.

• ਆਪਣਾ ਘਰ ਤੇ ਕਿੰਗਡਮ ਹਾਲ ਸਾਫ਼-ਸੁਥਰਾ ਰੱਖੋ।—1 ਕੁਰਿੰ. 10:32.

[ਸਫ਼ਾ 23 ਉੱਤੇ ਡੱਬੀ/ਤਸਵੀਰ]

 ਉਨ੍ਹਾਂ ਦੀ ਪਰਵਾਹ ਕਰੋ

• ਕਿਸੇ ਬਜ਼ੁਰਗ ਭੈਣ ਜਾਂ ਭਰਾ ਦੀ।—ਲੇਵੀ. 19:32.

• ਸਰੀਰਕ ਜਾਂ ਭਾਵਾਤਮਕ ਤੌਰ ਤੇ ਦੁਖੀ ਭੈਣ-ਭਰਾ ਦੀ।—ਕਹਾ. 14:21.

• ਕਲੀਸਿਯਾ ਦੇ ਕਿਸੇ ਭੈਣ-ਭਰਾ ਦੀ ਜਿਸ ਨੂੰ ਕਿਸੇ ਚੀਜ਼ ਦੀ ਸਖ਼ਤ ਲੋੜ ਹੈ।—ਰੋਮੀ. 12:13.

• ਆਪਣੇ ਪਰਿਵਾਰ ਦੇ ਜੀਅ ਦੀ।—1 ਤਿਮੋ. 5:4, 8.

• ਕਿਸੇ ਭੈਣ-ਭਰਾ ਦੀ ਜਿਸ ਦੇ ਜੀਵਨ-ਸਾਥੀ ਦੀ ਮੌਤ ਹੋ ਗਈ।—1 ਤਿਮੋ. 5:9.

• ਆਪਣੀ ਕਲੀਸਿਯਾ ਦੇ ਮਿਹਨਤੀ ਬਜ਼ੁਰਗ ਦੀ।—1 ਥੱਸ. 5:12, 13; 1 ਤਿਮੋ. 5:17.