Skip to content

Skip to table of contents

ਸਾਬਤ ਕਰੋ ਕਿ ਤੁਸੀਂ ਮਸੀਹ ਦੇ ਸੱਚੇ ਚੇਲੇ ਹੋ

ਸਾਬਤ ਕਰੋ ਕਿ ਤੁਸੀਂ ਮਸੀਹ ਦੇ ਸੱਚੇ ਚੇਲੇ ਹੋ

ਸਾਬਤ ਕਰੋ ਕਿ ਤੁਸੀਂ ਮਸੀਹ ਦੇ ਸੱਚੇ ਚੇਲੇ ਹੋ

“ਹਰੇਕ ਅੱਛਾ ਬਿਰਛ ਚੰਗਾ ਫਲ ਦਿੰਦਾ ਪਰ ਮਾੜਾ ਬਿਰਛ ਬੁਰਾ ਫਲ ਦਿੰਦਾ ਹੈ।”—ਮੱਤੀ 7:17.

1, 2. ਅੰਤ ਦੇ ਇਸ ਸਮੇਂ ਦੌਰਾਨ ਮਸੀਹ ਦੇ ਸੱਚੇ ਚੇਲੇ ਝੂਠੇ ਚੇਲਿਆਂ ਤੋਂ ਕਿਵੇਂ ਵੱਖਰੇ ਹਨ?

ਯਿਸੂ ਨੇ ਕਿਹਾ ਸੀ ਕਿ ਉਸ ਦੀ ਸੇਵਾ ਕਰਨ ਦਾ ਝੂਠਾ ਦਾਅਵਾ ਕਰਨ ਵਾਲਿਆਂ ਅਤੇ ਉਸ ਦੇ ਸੱਚੇ ਚੇਲਿਆਂ ਵਿਚ ਫ਼ਰਕ ਹੋਵੇਗਾ। ਤੁਸੀਂ ਉਨ੍ਹਾਂ ਨੂੰ ਉਨ੍ਹਾਂ ਦੇ ਫਲਾਂ ਯਾਨੀ ਸਿੱਖਿਆਵਾਂ ਅਤੇ ਚਾਲ-ਚਲਣ ਤੋਂ ਪਛਾਣੋਗੇ। (ਮੱਤੀ 7:15-17, 20) ਵਾਕਈ, ਲੋਕੀ ਜੋ ਕੁਝ ਆਪਣੇ ਦਿਲਾਂ-ਦਿਮਾਗਾਂ ਵਿਚ ਭਰਦੇ ਹਨ, ਉਸ ਦਾ ਉਨ੍ਹਾਂ ਉੱਤੇ ਅਸਰ ਪੈਂਦਾ ਹੈ। (ਮੱਤੀ 15:18, 19) ਜਿਨ੍ਹਾਂ ਨੂੰ ਝੂਠੀਆਂ ਗੱਲਾਂ ਸਿਖਾਈਆਂ ਜਾਂਦੀਆਂ ਹਨ, ਉਹ “ਬੁਰਾ ਫਲ” ਪੈਦਾ ਕਰਦੇ ਹਨ, ਪਰ ਜਿਨ੍ਹਾਂ ਨੂੰ ਸੱਚੀਆਂ ਗੱਲਾਂ ਸਿਖਾਈਆਂ ਜਾਂਦੀਆਂ ਹਨ, ਉਹ “ਚੰਗਾ ਫਲ” ਪੈਦਾ ਕਰਦੇ ਹਨ।

2 ਇਸ ਅੰਤ ਦੇ ਸਮੇਂ ਦੌਰਾਨ ਇਹ ਦੋ ਤਰ੍ਹਾਂ ਦੇ ਫਲ ਸਾਫ਼ ਨਜ਼ਰ ਆ ਰਹੇ ਹਨ। (ਦਾਨੀਏਲ 12:3, 10 ਪੜ੍ਹੋ।) ਝੂਠੇ ਮਸੀਹੀਆਂ ਦੇ ਪਰਮੇਸ਼ੁਰ ਬਾਰੇ ਗ਼ਲਤ ਵਿਚਾਰ ਹਨ ਅਤੇ ਉਨ੍ਹਾਂ ਦੀ ਭਗਤੀ ਅਕਸਰ ਦਿਖਾਵਾ ਹੁੰਦੀ ਹੈ। ਪਰ ਜਿਨ੍ਹਾਂ ਕੋਲ ਸੱਚਾ ਗਿਆਨ ਹੈ, ਉਹ ਪਰਮੇਸ਼ੁਰ ਦੀ ਮਰਜ਼ੀ ਅਨੁਸਾਰ ਉਸ ਦੀ ਸੱਚੀ ਭਗਤੀ ਕਰਦੇ ਹਨ। (ਯੂਹੰ. 4:24; 2 ਤਿਮੋ. 3:1-5) ਉਹ ਮਸੀਹ ਵਰਗੇ ਗੁਣ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ। ਪਰ ਸਾਡੇ ਆਪਣੇ ਬਾਰੇ ਕੀ? ਆਓ ਆਪਾਂ ਸੱਚੇ ਮਸੀਹੀਆਂ ਦੀ ਪਛਾਣ ਕਰਾਉਣ ਵਾਲੀਆਂ ਪੰਜ ਗੱਲਾਂ ’ਤੇ ਗੌਰ ਕਰਦਿਆਂ ਆਪਣੇ ਤੋਂ ਪੁੱਛੀਏ: ‘ਕੀ ਮੇਰਾ ਚਾਲ-ਚੱਲਣ ਅਤੇ ਸਿੱਖਿਆ ਪਰਮੇਸ਼ੁਰ ਦੇ ਬਚਨ ਅਨੁਸਾਰ ਹੈ? ਕੀ ਸੱਚਾਈ ਦੀ ਤਲਾਸ਼ ਕਰ ਰਹੇ ਲੋਕ ਮੈਨੂੰ ਦੇਖ ਕੇ ਸੱਚਾਈ ਵੱਲ ਖਿੱਚੇ ਜਾਣਗੇ?’

ਪਰਮੇਸ਼ੁਰ ਦੇ ਬਚਨ ਅਨੁਸਾਰ ਜੀਓ

3. ਯਹੋਵਾਹ ਕਿਨ੍ਹਾਂ ਤੋਂ ਖ਼ੁਸ਼ ਹੁੰਦਾ ਹੈ ਅਤੇ ਸੱਚੇ ਮਸੀਹੀਆਂ ਨੂੰ ਕੀ ਕਰਨ ਦੀ ਲੋੜ ਹੈ?

3 ਯਿਸੂ ਨੇ ਕਿਹਾ: “ਨਾ ਹਰੇਕ ਜਿਹੜਾ ਮੈਨੂੰ ਪ੍ਰਭੁ! ਪ੍ਰਭੁ! ਕਹਿੰਦਾ ਹੈ ਸੁਰਗ ਦੇ ਰਾਜ ਵਿੱਚ ਵੜੇਗਾ ਬਲਕਣ ਉਹੋ ਜੋ ਮੇਰੇ ਸੁਰਗੀ ਪਿਤਾ ਦੀ ਮਰਜੀ ਉੱਤੇ ਚੱਲਦਾ ਹੈ।” (ਮੱਤੀ 7:21) ਇਸ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਉਨ੍ਹਾਂ ਤੋਂ ਖ਼ੁਸ਼ ਨਹੀਂ ਹੁੰਦਾ ਜੋ ਸਿਰਫ਼ ਮਸੀਹੀ ਹੋਣ ਦਾ ਦਾਅਵਾ ਕਰਦੇ ਹਨ। ਉਹ ਮਸੀਹੀ ਸਿੱਖਿਆ ਅਨੁਸਾਰ ਚੱਲਣ ਵਾਲਿਆਂ ਤੋਂ ਖ਼ੁਸ਼ ਹੁੰਦਾ ਹੈ। ਮਸੀਹ ਦੇ ਸੱਚੇ ਚੇਲੇ ਇਨ੍ਹਾਂ ਗੱਲਾਂ ਸੰਬੰਧੀ ਮਸੀਹ ਵਰਗੀ ਸੋਚ ਰੱਖਦੇ ਹਨ ਜਿਵੇਂ ਪੈਸਾ, ਨੌਕਰੀ, ਮਨੋਰੰਜਨ, ਦੁਨੀਆਂ ਦੇ ਰੀਤੀ-ਰਿਵਾਜ, ਤਿਉਹਾਰ, ਵਿਆਹ ਅਤੇ ਹੋਰ ਰਿਸ਼ਤੇ-ਨਾਤੇ। ਪਰ ਝੂਠੇ ਮਸੀਹੀ ਦੁਨੀਆਂ ਦੀ ਸੋਚ ਅਤੇ ਤੌਰ-ਤਰੀਕਿਆਂ ਨੂੰ ਅਪਣਾਉਂਦੇ ਹਨ ਜੋ ਇਨ੍ਹਾਂ ਅੰਤ ਦਿਆਂ ਦਿਨਾਂ ਵਿਚ ਮਾੜੇ ਹੁੰਦੇ ਜਾ ਰਹੇ ਹਨ।—ਜ਼ਬੂ. 92:7.

4, 5. ਅਸੀਂ ਮਲਾਕੀ 3:18 ਵਿਚ ਯਹੋਵਾਹ ਦੇ ਸ਼ਬਦਾਂ ਨੂੰ ਆਪਣੀ ਜ਼ਿੰਦਗੀ ਵਿਚ ਕਿਵੇਂ ਲਾਗੂ ਕਰ ਸਕਦੇ ਹਾਂ?

4 ਮਲਾਕੀ ਨਬੀ ਨੇ ਲਿਖਿਆ: ਤੁਸੀਂ “ਧਰਮੀ ਅਰ ਦੁਸ਼ਟ ਵਿੱਚ ਅਤੇ ਪਰਮੇਸ਼ੁਰ ਦੀ ਸੇਵਾ ਕਰਨ ਵਾਲੇ ਵਿੱਚ ਅਤੇ ਜਿਹੜਾ ਸੇਵਾ ਨਹੀਂ ਕਰਦਾ ਉਹ ਦੇ ਵਿੱਚ ਪਰਖ ਕਰੋਗੇ।” (ਮਲਾ. 3:18) ਇਨ੍ਹਾਂ ਲਫ਼ਜ਼ਾਂ ’ਤੇ ਸੋਚ-ਵਿਚਾਰ ਕਰਦਿਆਂ ਆਪਣੇ ਤੋਂ ਪੁੱਛੋ: ‘ਕੀ ਮੈਂ ਦੁਨੀਆਂ ਦੇ ਲੋਕਾਂ ਵਰਗਾ ਨਜ਼ਰ ਆਉਂਦਾ ਹਾਂ ਜਾਂ ਉਨ੍ਹਾਂ ਤੋਂ ਵੱਖਰਾ? ਕੀ ਮੈਂ ਆਪਣੇ ਨਾਲ ਪੜ੍ਹਨ ਵਾਲਿਆਂ ਜਾਂ ਕੰਮ ਕਰਨ ਵਾਲਿਆਂ ਵਰਗਾ ਬਣਨ ਦੀ ਕੋਸ਼ਿਸ਼ ਕਰਦਾ ਹਾਂ ਜਾਂ ਕੀ ਮੈਂ ਬਾਈਬਲ ਦੇ ਅਸੂਲਾਂ ਦਾ ਪੱਕਾ ਰਹਿੰਦਾ ਹਾਂ ਅਤੇ ਲੋੜ ਪੈਣ ਤੇ ਆਪਣੇ ਵਿਸ਼ਵਾਸਾਂ ਬਾਰੇ ਵੀ ਦੱਸਦਾ ਹਾਂ?’ (1 ਪਤਰਸ 3:16 ਪੜ੍ਹੋ।) ਇਹ ਤਾਂ ਠੀਕ ਹੈ ਕਿ ਅਸੀਂ ਆਪਣੇ-ਆਪ ਨੂੰ ਜ਼ਿਆਦਾ ਧਰਮੀ ਨਹੀਂ ਦਿਖਾਉਣਾ ਚਾਹੁੰਦੇ। ਪਰ ਅਸੀਂ ਉਨ੍ਹਾਂ ਤੋਂ ਵੱਖਰੇ ਦਿੱਸਣਾ ਚਾਹੁੰਦੇ ਹਾਂ ਜੋ ਨਾ ਤਾਂ ਯਹੋਵਾਹ ਨੂੰ ਪਿਆਰ ਕਰਦੇ ਹਨ ਤੇ ਨਾ ਹੀ ਉਸ ਦੀ ਸੇਵਾ ਕਰਦੇ ਹਨ।

5 ਜੇ ਤੁਹਾਨੂੰ ਕਿਸੇ ਗੱਲ ਵਿਚ ਸੁਧਾਰ ਕਰਨ ਦੀ ਲੋੜ ਹੈ, ਤਾਂ ਕਿਉਂ ਨਾ ਇਸ ਬਾਰੇ ਪ੍ਰਾਰਥਨਾ ਕਰੋ ਅਤੇ ਮਦਦ ਲਈ ਬਾਕਾਇਦਾ ਬਾਈਬਲ ਪੜ੍ਹੋ ਅਤੇ ਮੀਟਿੰਗਾਂ ਤੇ ਜਾਓ? ਸੋ ਜਿੰਨਾ ਜ਼ਿਆਦਾ ਤੁਸੀਂ ਪਰਮੇਸ਼ੁਰ ਦੇ ਬਚਨ ਅਨੁਸਾਰ ਚੱਲੋਗੇ, ਉੱਨਾ ਜ਼ਿਆਦਾ ਤੁਸੀਂ “ਚੰਗਾ ਫਲ” ਪੈਦਾ ਕਰੋਗੇ। ਇਸ ਵਿਚ “ਉਨ੍ਹਾਂ ਬੁੱਲ੍ਹਾਂ ਦਾ ਫਲ ਜਿਹੜੇ [ਪਰਮੇਸ਼ੁਰ] ਦੇ ਨਾਮ ਨੂੰ ਮੰਨ ਲੈਂਦੇ ਹਨ” ਵੀ ਸ਼ਾਮਲ ਹੈ।—ਇਬ. 13:15.

ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰੋ

6, 7. ਰਾਜ ਦੇ ਪ੍ਰਚਾਰ ਸੰਬੰਧੀ ਅਸੀਂ ਸੱਚੇ ਅਤੇ ਝੂਠੇ ਮਸੀਹੀਆਂ ਵਿਚ ਕੀ ਫ਼ਰਕ ਦੇਖ ਸਕਦੇ ਹਾਂ?

6 ਯਿਸੂ ਨੇ ਕਿਹਾ: “ਮੈਨੂੰ ਚਾਹੀਦਾ ਹੈ ਜੋ ਹੋਰਨਾਂ ਨਗਰਾਂ ਵਿੱਚ ਵੀ ਪਰਮੇਸ਼ੁਰ ਦੇ ਰਾਜ ਦੀ ਖੁਸ਼ ਖਬਰੀ ਸੁਣਾਵਾਂ ਕਿਉਂਕਿ ਮੈਂ ਇਸੇ ਲਈ ਘੱਲਿਆ ਗਿਆ।” (ਲੂਕਾ 4:43) ਯਿਸੂ ਨੇ ਖ਼ਾਸਕਰ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਿਉਂ ਕੀਤਾ? ਕਿਉਂਕਿ ਉਹ ਜਾਣਦਾ ਸੀ ਕਿ ਉਹ ਉਸ ਰਾਜ ਦਾ ਰਾਜਾ ਹੈ ਅਤੇ ਆਪਣੇ ਜੀ ਉੱਠੇ ਮਸਹ ਕੀਤੇ ਹੋਏ ਭਰਾਵਾਂ ਨਾਲ ਮਿਲ ਕੇ ਲੋਕਾਂ ਦੇ ਦੁੱਖਾਂ ਦੀ ਜੜ੍ਹ ਪਾਪ ਤੇ ਸ਼ਤਾਨ ਦਾ ਨਾਮੋ-ਨਿਸ਼ਾਨ ਮਿਟਾ ਦੇਵੇਗਾ। (ਰੋਮੀ. 5:12; ਪਰ. 20:10) ਇਸ ਲਈ ਉਸ ਨੇ ਆਪਣੇ ਚੇਲਿਆਂ ਨੂੰ ਹੁਕਮ ਦਿੱਤਾ ਕਿ ਉਹ ਦੁਨੀਆਂ ਦਾ ਅੰਤ ਆਉਣ ਤਕ ਰਾਜ ਦਾ ਪ੍ਰਚਾਰ ਕਰਦੇ ਰਹਿਣ। (ਮੱਤੀ 24:14) ਪਰ ਮਸੀਹ ਦੇ ਚੇਲੇ ਹੋਣ ਦਾ ਦਾਅਵਾ ਕਰਨ ਵਾਲੇ ਲੋਕ ਇਹ ਕੰਮ ਨਹੀਂ ਕਰਦੇ। ਦਰਅਸਲ, ਉਹ ਕਰ ਹੀ ਨਹੀਂ ਸਕਦੇ। ਕਿਉਂ? ਇਸ ਦੇ ਘੱਟੋ-ਘੱਟ ਤਿੰਨ ਕਾਰਨ ਹਨ: ਪਹਿਲਾ, ਉਹ ਉਸ ਗੱਲ ਦਾ ਪ੍ਰਚਾਰ ਕਰ ਹੀ ਨਹੀਂ ਸਕਦੇ ਜੋ ਉਨ੍ਹਾਂ ਨੂੰ ਸਮਝ ਹੀ ਨਹੀਂ ਆਉਂਦੀ। ਦੂਜਾ, ਉਨ੍ਹਾਂ ਵਿਚ ਨਿਮਰਤਾ ਤੇ ਹਿੰਮਤ ਦੀ ਘਾਟ ਹੈ। ਇਨ੍ਹਾਂ ਗੁਣਾਂ ਤੋਂ ਬਿਨਾਂ ਉਹ ਰਾਜ ਦਾ ਪ੍ਰਚਾਰ ਕਰਦਿਆਂ ਲੋਕਾਂ ਦੇ ਮਖੌਲ ਤੇ ਵਿਰੋਧ ਨੂੰ ਨਹੀਂ ਸਹਿ ਸਕਦੇ। (ਮੱਤੀ 24:9; 1 ਪਤ. 2:23) ਤੀਜਾ, ਝੂਠੇ ਮਸੀਹੀਆਂ ਕੋਲ ਪਰਮੇਸ਼ੁਰ ਦੀ ਸ਼ਕਤੀ ਨਹੀਂ ਹੈ।—ਯੂਹੰ. 14:16, 17.

7 ਦੂਜੇ ਪਾਸੇ, ਮਸੀਹ ਦੇ ਸੱਚੇ ਚੇਲਿਆਂ ਨੂੰ ਪਤਾ ਹੈ ਕਿ ਪਰਮੇਸ਼ੁਰ ਦਾ ਰਾਜ ਕੀ ਹੈ ਅਤੇ ਇਹ ਕੀ ਕੁਝ ਕਰੇਗਾ। ਇਸ ਤੋਂ ਇਲਾਵਾ, ਉਹ ਆਪਣੀ ਜ਼ਿੰਦਗੀ ਵਿਚ ਰਾਜ ਦੇ ਕੰਮਾਂ ਨੂੰ ਪਹਿਲ ਦਿੰਦੇ ਹਨ ਅਤੇ ਯਹੋਵਾਹ ਦੀ ਸ਼ਕਤੀ ਦੀ ਮਦਦ ਨਾਲ ਪੂਰੀ ਦੁਨੀਆਂ ਵਿਚ ਪ੍ਰਚਾਰ ਕਰਦੇ ਹਨ। (ਜ਼ਕ. 4:6) ਕੀ ਤੁਸੀਂ ਇਸ ਕੰਮ ਵਿਚ ਬਾਕਾਇਦਾ ਵਧ-ਚੜ੍ਹ ਕੇ ਹਿੱਸਾ ਲੈ ਰਹੇ ਹੋ? ਕੀ ਤੁਸੀਂ ਪ੍ਰਚਾਰ ਵਿਚ ਜ਼ਿਆਦਾ ਸਮਾਂ ਲਾ ਕੇ ਜਾਂ ਪ੍ਰਚਾਰ ਕਰਨ ਦੀ ਕਲਾ ਸੁਧਾਰ ਕੇ ਵਧੀਆ ਪ੍ਰਚਾਰਕ ਬਣਨ ਦੀ ਕੋਸ਼ਿਸ਼ ਕਰਦੇ ਹੋ? ਕੁਝ ਭੈਣਾਂ-ਭਰਾਵਾਂ ਨੇ ਬਾਈਬਲ ਦਾ ਜ਼ਿਆਦਾ ਤੋਂ ਜ਼ਿਆਦਾ ਇਸਤੇਮਾਲ ਕਰ ਕੇ ਆਪਣੀ ਪ੍ਰਚਾਰ ਕਰਨ ਦੀ ਕਲਾ ਸੁਧਾਰੀ ਹੈ। ਪੌਲੁਸ ਦਾ ਦਸਤੂਰ ਸੀ ਕਿ ਉਹ ਸ਼ਾਸਤਰਾਂ ਵਿੱਚੋਂ ਗੱਲਾਂ ਦੱਸਦਾ ਸੀ। ਉਸ ਨੇ ਲਿਖਿਆ: “ਪਰਮੇਸ਼ੁਰ ਦਾ ਬਚਨ ਜੀਉਂਦਾ ਅਤੇ ਗੁਣਕਾਰ” ਹੈ।—ਇਬ. 4:12; ਰਸੂ. 17:2, 3.

8, 9. (ੳ) ਕਿਨ੍ਹਾਂ ਤਜਰਬਿਆਂ ਤੋਂ ਪ੍ਰਚਾਰ ਵਿਚ ਬਾਈਬਲ ਵਰਤਣ ਦੀ ਅਹਿਮੀਅਤ ਬਾਰੇ ਪਤਾ ਲੱਗਦਾ ਹੈ? (ਅ) ਤੁਸੀਂ ਪਰਮੇਸ਼ੁਰ ਦੇ ਬਚਨ ਨੂੰ ਵਰਤਣ ਵਿਚ ਮਾਹਰ ਕਿਵੇਂ ਹੋ ਸਕਦੇ ਹੋ?

8 ਇਕ ਭਰਾ ਨੇ ਘਰ-ਘਰ ਪ੍ਰਚਾਰ ਕਰਦਿਆਂ ਇਕ ਕੈਥੋਲਿਕ ਬੰਦੇ ਨੂੰ ਦਾਨੀਏਲ 2:44 ਪੜ੍ਹ ਕੇ ਸੁਣਾਇਆ ਅਤੇ ਸਮਝਾਇਆ ਕਿ ਪਰਮੇਸ਼ੁਰ ਦਾ ਰਾਜ ਕਿਵੇਂ ਅਮਨ-ਚੈਨ ਲਿਆਵੇਗਾ। ਬੰਦੇ ਨੇ ਕਿਹਾ: “ਮੈਨੂੰ ਬਹੁਤ ਚੰਗਾ ਲੱਗਾ ਕਿ ਤੁਸੀਂ ਮੈਨੂੰ ਆਪਣੇ ਵੱਲੋਂ ਗੱਲਾਂ ਨਹੀਂ ਦੱਸੀਆਂ, ਸਗੋਂ ਬਾਈਬਲ ਵਿੱਚੋਂ ਗੱਲਾਂ ਸਮਝਾਈਆਂ।” ਇਕ ਹੋਰ ਭਰਾ ਨੇ ਗ੍ਰੀਕ ਆਰਥੋਡਾਕਸ ਔਰਤ ਨੂੰ ਇਕ ਹਵਾਲਾ ਪੜ੍ਹ ਕੇ ਸੁਣਾਇਆ ਅਤੇ ਉਸ ਔਰਤ ਨੇ ਕਈ ਸਵਾਲ ਪੁੱਛੇ। ਇਸ ਵਾਰ ਵੀ ਇਸ ਭਰਾ ਅਤੇ ਉਸ ਦੀ ਪਤਨੀ ਨੇ ਬਾਈਬਲ ਵਿੱਚੋਂ ਜਵਾਬ ਦਿੱਤੇ। ਬਾਅਦ ਵਿਚ ਔਰਤ ਨੇ ਕਿਹਾ: “ਕੀ ਤੁਹਾਨੂੰ ਪਤਾ ਕਿ ਮੈਂ ਤੁਹਾਡੇ ਨਾਲ ਗੱਲ ਕਰਨ ਲਈ ਕਿਉਂ ਰਾਜ਼ੀ ਹੋਈ? ਤੁਸੀਂ ਮੇਰੇ ਦਰ ਤੇ ਆ ਕੇ ਬਾਈਬਲ ਵਿੱਚੋਂ ਗੱਲਾਂ ਦਿਖਾਈਆਂ।”

9 ਇਹ ਠੀਕ ਹੈ ਕਿ ਸਾਡਾ ਸਾਹਿੱਤ ਬਹੁਤ ਅਹਿਮ ਹੈ ਜੋ ਲੋਕਾਂ ਨੂੰ ਦੇਣਾ ਚਾਹੀਦਾ ਹੈ। ਪਰ ਸਾਨੂੰ ਜ਼ਿਆਦਾਤਰ ਬਾਈਬਲ ਵਰਤਣੀ ਚਾਹੀਦੀ ਹੈ। ਜੇ ਪ੍ਰਚਾਰ ਵਿਚ ਬਾਕਾਇਦਾ ਬਾਈਬਲ ਵਰਤਣ ਦੀ ਤੁਹਾਡੀ ਆਦਤ ਨਹੀਂ ਹੈ, ਤਾਂ ਕਿਉਂ ਨਾ ਇਹ ਆਪਣੀ ਆਦਤ ਬਣਾਓ? ਤੁਸੀਂ ਸ਼ਾਇਦ ਕੁਝ ਹਵਾਲੇ ਦੇਖ ਸਕਦੇ ਹੋ ਜਿਨ੍ਹਾਂ ਵਿਚ ਦੱਸਿਆ ਹੈ ਕਿ ਪਰਮੇਸ਼ੁਰ ਦਾ ਰਾਜ ਕੀ ਹੈ ਅਤੇ ਇਹ ਤੁਹਾਡੇ ਇਲਾਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਕਿਵੇਂ ਦੂਰ ਕਰੇਗਾ। ਫਿਰ ਘਰ-ਘਰ ਪ੍ਰਚਾਰ ਕਰਦਿਆਂ ਇਹ ਹਵਾਲੇ ਦਿਖਾਉਣ ਲਈ ਤਿਆਰ ਰਹੋ।

ਪਰਮੇਸ਼ੁਰ ਦੇ ਨਾਂ ਤੋਂ ਜਾਣੇ ਜਾਣਾ ਫ਼ਖ਼ਰ ਦੀ ਗੱਲ ਹੈ

10, 11. ਪਰਮੇਸ਼ੁਰ ਦਾ ਨਾਂ ਵਰਤਣ ਸੰਬੰਧੀ ਯਿਸੂ ਅਤੇ ਉਸ ਨੂੰ ਮੰਨਣ ਦਾ ਦਾਅਵਾ ਕਰਨ ਵਾਲਿਆਂ ਵਿਚ ਕੀ ਫ਼ਰਕ ਹੈ?

10 “ਤੁਸੀਂ ਮੇਰੇ ਗਵਾਹ ਹੋ, ਯਹੋਵਾਹ ਦਾ ਵਾਕ ਹੈ, ਅਤੇ ਮੈਂ ਹੀ ਪਰਮੇਸ਼ੁਰ ਹਾਂ।” (ਯਸਾ. 43:12) ਯਹੋਵਾਹ ਦਾ ਸਭ ਤੋਂ ਵਧੀਆ ਗਵਾਹ ਯਿਸੂ ਮਸੀਹ ਸੀ। ਉਹ ਇਸ ਗੱਲ ਨੂੰ ਸਨਮਾਨ ਸਮਝਦਾ ਸੀ ਕਿ ਉਹ ਪਰਮੇਸ਼ੁਰ ਦੇ ਨਾਂ ਤੋਂ ਜਾਣਿਆ ਜਾਂਦਾ ਸੀ ਅਤੇ ਇਸ ਬਾਰੇ ਦੂਜਿਆਂ ਨੂੰ ਦੱਸਦਾ ਸੀ। (ਕੂਚ 3:15; ਯੂਹੰਨਾ 17:6; ਇਬਰਾਨੀਆਂ 2:12 ਪੜ੍ਹੋ।) ਦਰਅਸਲ, ਪਰਮੇਸ਼ੁਰ ਦੇ ਨਾਂ ਦਾ ਐਲਾਨ ਕਰਨ ਕਰਕੇ ਹੀ ਉਸ ਨੂੰ “ਸੱਚਾ ਗਵਾਹ” ਕਿਹਾ ਜਾਂਦਾ ਸੀ।—ਪਰ. 1:5; ਮੱਤੀ 6:9.

11 ਇਸ ਦੇ ਉਲਟ, ਪਰਮੇਸ਼ੁਰ ਅਤੇ ਉਸ ਦੇ ਪੁੱਤਰ ਨੂੰ ਮੰਨਣ ਦਾ ਦਾਅਵਾ ਕਰਨ ਵਾਲੇ ਕਈ ਲੋਕਾਂ ਨੇ ਸ਼ਰਮਨਾਕ ਕੰਮ ਕੀਤਾ ਹੈ। ਉਨ੍ਹਾਂ ਨੇ ਆਪਣੀਆਂ ਬਾਈਬਲਾਂ ਵਿੱਚੋਂ ਪਰਮੇਸ਼ੁਰ ਦਾ ਨਾਂ ਕੱਢ ਦਿੱਤਾ ਹੈ। ਇਸੇ ਤਰ੍ਹਾਂ ਹਾਲ ਹੀ ਵਿਚ ਕੈਥੋਲਿਕ ਬਿਸ਼ਪਾਂ ਨੂੰ ਹਿਦਾਇਤਾਂ ਮਿਲੀਆਂ ਕਿ ਉਹ ਭਗਤੀ ਦੌਰਾਨ “ਚਾਰ ਅੱਖਰਾਂ ਵਿਚ (YHWH) ਪਰਮੇਸ਼ੁਰ ਦੇ ਨਾਂ ਨੂੰ ਨਾ ਵਰਤਣ ਜਾਂ ਉਚਾਰਣ।” * ਕਿੰਨਾ ਘਟੀਆ ਕੰਮ ਕੀਤਾ ਉਨ੍ਹਾਂ ਨੇ!

12. 1931 ਵਿਚ ਯਹੋਵਾਹ ਦੇ ਸੇਵਕ ਉਸ ਦੇ ਨਾਂ ਤੋਂ ਹੋਰ ਵੀ ਚੰਗੀ ਤਰ੍ਹਾਂ ਕਿਵੇਂ ਜਾਣੇ ਜਾਣ ਲੱਗੇ?

12 ਮਸੀਹ ਅਤੇ ਉਸ ਤੋਂ ਪਹਿਲਾਂ ਦੇ ‘ਗਵਾਹਾਂ ਦੇ ਵੱਡੇ ਬੱਦਲ’ ਦੀ ਰੀਸ ਕਰਦੇ ਹੋਏ, ਸੱਚੇ ਮਸੀਹੀ ਫ਼ਖ਼ਰ ਨਾਲ ਪਰਮੇਸ਼ੁਰ ਦਾ ਨਾਂ ਵਰਤਦੇ ਹਨ। (ਇਬ. 12:1) ਦਰਅਸਲ, 1931 ਵਿਚ ਜਦੋਂ ਪਰਮੇਸ਼ੁਰ ਦੇ ਸੇਵਕਾਂ ਨੇ ਯਹੋਵਾਹ ਦੇ ਗਵਾਹ ਨਾਂ ਅਪਣਾਇਆ ਸੀ, ਉਦੋਂ ਤੋਂ ਉਹ ਹੋਰ ਵੀ ਚੰਗੀ ਤਰ੍ਹਾਂ ਉਸ ਦੇ ਨਾਂ ਤੋਂ ਜਾਣੇ ਜਾਣ ਲੱਗੇ। (ਯਸਾਯਾਹ 43:10-12 ਪੜ੍ਹੋ।) ਇਸ ਤਰ੍ਹਾਂ ਮਸੀਹ ਦੇ ਸੱਚੇ ਚੇਲੇ ‘ਪਰਮੇਸ਼ੁਰ ਦੇ ਨਾਮ ਦੇ ਸਦਾਉਣ’ ਲੱਗੇ।—ਰਸੂ. 15:14, 17.

13. ਜੋ ਨਾਂ ਪਰਮੇਸ਼ੁਰ ਨੇ ਸਾਨੂੰ ਦਿੱਤਾ ਹੈ, ਅਸੀਂ ਉਸ ਮੁਤਾਬਕ ਕਿਵੇਂ ਖਰੇ ਉੱਤਰ ਸਕਦੇ ਹਾਂ?

13 ਅਸੀਂ ਆਪਣੇ ਇਸ ਨਾਂ ਮੁਤਾਬਕ ਕਿਵੇਂ ਖਰੇ ਉੱਤਰ ਸਕਦੇ ਹਾਂ? ਇਕ ਗੱਲ ਹੈ ਕਿ ਸਾਨੂੰ ਵਫ਼ਾਦਾਰੀ ਨਾਲ ਪਰਮੇਸ਼ੁਰ ਦੇ ਨਾਂ ਬਾਰੇ ਗਵਾਹੀ ਦੇਣੀ ਚਾਹੀਦੀ ਹੈ। ਪੌਲੁਸ ਨੇ ਲਿਖਿਆ: “ਹਰੇਕ ਜਿਹੜਾ ਪ੍ਰਭੁ [ਯਹੋਵਾਹ] ਦਾ ਨਾਮ ਲਵੇਗਾ ਉਹ ਬਚਾਇਆ ਜਾਵੇਗਾ। ਪਰ ਜਿਹ ਦੇ ਉੱਤੇ ਨਿਹਚਾ ਨਹੀਂ ਕੀਤੀ ਓਹ ਉਸ ਦਾ ਨਾਮ ਕਿੱਕੁਰ ਲੈਣ? ਅਤੇ ਜਿਹ ਦੀ ਖਬਰ ਸੁਣੀ ਹੀ ਨਹੀਂ ਉਸ ਉੱਤੇ ਨਿਹਚਾ ਕਿੱਕੁਰ ਕਰਨ? ਅਤੇ ਪਰਚਾਰਕ ਬਾਝੋਂ ਕਿੱਕੁਰ ਸੁਣਨ? ਅਤੇ ਜੇ ਘੱਲੇ ਨਾ ਜਾਣ ਤਾਂ ਕਿੱਕੁਰ ਪਰਚਾਰ ਕਰਨ?” (ਰੋਮੀ. 10:13-15) ਇਸ ਤੋਂ ਇਲਾਵਾ, ਸਾਨੂੰ ਸਮਝਦਾਰੀ ਨਾਲ ਝੂਠੀਆਂ ਧਾਰਮਿਕ ਸਿੱਖਿਆਵਾਂ ਦਾ ਪਰਦਾ-ਫ਼ਾਸ਼ ਕਰਨਾ ਚਾਹੀਦਾ ਹੈ ਜੋ ਸਾਡੇ ਸਿਰਜਣਹਾਰ ਨੂੰ ਬਦਨਾਮ ਕਰਦੀਆਂ ਹਨ ਜਿਵੇਂ ਨਰਕ ਦੀ ਸਿੱਖਿਆ। ਇਸ ਸਿੱਖਿਆ ਮੁਤਾਬਕ, ਪਿਆਰ ਦੀ ਮੂਰਤ ਪਰਮੇਸ਼ੁਰ ਨੂੰ ਸ਼ਤਾਨ ਦੀ ਤਰ੍ਹਾਂ ਜ਼ਾਲਮ ਕਿਹਾ ਜਾਂਦਾ ਹੈ।—ਯਿਰ. 7:31; 1 ਯੂਹੰ. 4:8; ਮਰਕੁਸ 9:17-27 ਦੇਖੋ।

14. ਪਰਮੇਸ਼ੁਰ ਦਾ ਨਾਂ ਪਤਾ ਲੱਗਣ ਤੇ ਕੁਝ ਲੋਕਾਂ ਉੱਤੇ ਕੀ ਅਸਰ ਪਿਆ?

14 ਕੀ ਤੁਹਾਨੂੰ ਮਾਣ ਹੈ ਕਿ ਤੁਸੀਂ ਆਪਣੇ ਸਵਰਗੀ ਪਿਤਾ ਦੇ ਨਾਂ ਤੋਂ ਜਾਣੇ ਜਾਂਦੇ ਹੋ? ਕੀ ਤੁਸੀਂ ਉਹ ਪਵਿੱਤਰ ਨਾਂ ਜਾਣਨ ਵਿਚ ਹੋਰਨਾਂ ਦੀ ਮਦਦ ਕਰਦੇ ਹੋ? ਫਰਾਂਸ, ਪੈਰਿਸ ਵਿਚ ਰਹਿੰਦੀ ਇਕ ਤੀਵੀਂ ਨੇ ਸੁਣਿਆ ਸੀ ਕਿ ਯਹੋਵਾਹ ਦੇ ਗਵਾਹਾਂ ਨੂੰ ਪਰਮੇਸ਼ੁਰ ਦਾ ਨਾਂ ਪਤਾ ਹੈ। ਇਸ ਲਈ ਜਦੋਂ ਉਹ ਅਗਲੀ ਵਾਰ ਇਕ ਗਵਾਹ ਨੂੰ ਮਿਲੀ, ਤਾਂ ਉਸ ਨੇ ਕਿਹਾ ਕਿ ਉਹ ਬਾਈਬਲ ਵਿੱਚੋਂ ਪਰਮੇਸ਼ੁਰ ਦਾ ਨਾਂ ਦਿਖਾਵੇ। ਜਦੋਂ ਉਸ ਨੇ ਬਾਈਬਲ ਵਿਚ ਜ਼ਬੂਰਾਂ ਦੀ ਪੋਥੀ 83:18 ਪੜ੍ਹਿਆ, ਤਾਂ ਉਸ ’ਤੇ ਗਹਿਰਾ ਅਸਰ ਪਿਆ। ਉਹ ਬਾਈਬਲ ਸਟੱਡੀ ਕਰਨ ਲੱਗ ਪਈ ਅਤੇ ਹੁਣ ਉਹ ਇਕ ਹੋਰ ਦੇਸ਼ ਵਿਚ ਵਫ਼ਾਦਾਰ ਭੈਣ ਵਜੋਂ ਸੇਵਾ ਕਰ ਰਹੀ ਹੈ। ਆਸਟ੍ਰੇਲੀਆ ਵਿਚ ਰਹਿੰਦੀ ਇਕ ਕੈਥੋਲਿਕ ਔਰਤ ਨੇ ਜਦੋਂ ਬਾਈਬਲ ਵਿਚ ਪਰਮੇਸ਼ੁਰ ਦਾ ਨਾਂ ਪਹਿਲੀ ਵਾਰ ਦੇਖਿਆ, ਤਾਂ ਖ਼ੁਸ਼ੀ ਦੇ ਮਾਰੇ ਉਸ ਦੀਆਂ ਅੱਖਾਂ ਵਿਚ ਹੰਝੂ ਆ ਗਏ। ਹੁਣ ਉਹ ਕਈ ਸਾਲਾਂ ਤੋਂ ਰੈਗੂਲਰ ਪਾਇਨੀਅਰਿੰਗ ਕਰ ਰਹੀ ਹੈ। ਹਾਲ ਹੀ ਵਿਚ ਜਦੋਂ ਜਮੈਕਾ ਵਿਚ ਇਕ ਤੀਵੀਂ ਨੂੰ ਆਪਣੀ ਬਾਈਬਲ ਵਿੱਚੋਂ ਪਰਮੇਸ਼ੁਰ ਦਾ ਨਾਂ ਦਿਖਾਇਆ ਗਿਆ, ਤਾਂ ਉਸ ਦੀਆਂ ਅੱਖਾਂ ਵਿਚ ਵੀ ਖ਼ੁਸ਼ੀ ਦੇ ਹੰਝੂ ਵਹਿ ਤੁਰੇ। ਸੋ ਇਸ ਗੱਲ ਨੂੰ ਸਨਮਾਨ ਸਮਝੋ ਕਿ ਤੁਸੀਂ ਪਰਮੇਸ਼ੁਰ ਦੇ ਨਾਂ ਤੋਂ ਜਾਣੇ ਜਾਂਦੇ ਹੋ ਅਤੇ ਯਿਸੂ ਵਾਂਗ ਸਾਰਿਆਂ ਨੂੰ ਇਸ ਅਨਮੋਲ ਨਾਂ ਬਾਰੇ ਦੱਸੋ।

“ਸੰਸਾਰ ਨਾਲ ਮੋਹ ਨਾ ਰੱਖੋ”

15, 16. ਸੱਚੇ ਮਸੀਹੀ ਦੁਨੀਆਂ ਬਾਰੇ ਕੀ ਨਜ਼ਰੀਆ ਰੱਖਦੇ ਹਨ ਅਤੇ ਸਾਨੂੰ ਆਪਣੇ ਤੋਂ ਕਿਹੜੇ ਸਵਾਲ ਪੁੱਛਣੇ ਚਾਹੀਦੇ ਹਨ?

15 “ਸੰਸਾਰ ਨਾਲ ਮੋਹ ਨਾ ਰੱਖੋ, ਨਾ ਉਨ੍ਹਾਂ ਵਸਤਾਂ ਨਾਲ ਜੋ ਸੰਸਾਰ ਵਿੱਚ ਹਨ। ਜੇ ਕੋਈ ਸੰਸਾਰ ਨਾਲ ਮੋਹ ਰੱਖਦਾ ਹੋਵੇ ਤਾਂ ਉਹ ਦੇ ਵਿੱਚ ਪਿਤਾ ਦਾ ਪ੍ਰੇਮ ਨਹੀਂ।” (1 ਯੂਹੰ. 2:15) ਦੁਨੀਆਂ ਅਤੇ ਉਸ ਦੀ ਸੋਚ ਯਹੋਵਾਹ ਅਤੇ ਉਸ ਦੀ ਪਵਿੱਤਰ ਸ਼ਕਤੀ ਦੇ ਉਲਟ ਕੰਮ ਕਰਦੀ ਹੈ। ਇਸ ਲਈ, ਮਸੀਹ ਦੇ ਸੱਚੇ ਚੇਲੇ ਸਿਰਫ਼ ਕਹਿੰਦੇ ਨਹੀਂ ਕਿ ਉਹ ਦੁਨੀਆਂ ਦਾ ਹਿੱਸਾ ਨਹੀਂ ਹਨ, ਸਗੋਂ ਦਿਲ ਵਿਚ ਵੀ ਦੁਨੀਆਂ ਨੂੰ ਪਿਆਰ ਕਰਨ ਦੀ ਇੱਛਾ ਨਹੀਂ ਰੱਖਦੇ। ਉਹ ਯਾਕੂਬ ਦੇ ਲਿਖੇ ਸ਼ਬਦ ਜਾਣਦੇ ਹਨ: “ਜੇ ਕੋਈ ਸੰਸਾਰ ਦਾ ਮਿੱਤਰ ਹੋਇਆ ਚਾਹੁੰਦਾ ਹੈ ਸੋ ਆਪਣੇ ਆਪ ਨੂੰ ਪਰਮੇਸ਼ੁਰ ਦਾ ਵੈਰੀ ਬਣਾਉਂਦਾ ਹੈ।”—ਯਾਕੂ. 4:4.

16 ਯਾਕੂਬ ਦੇ ਸ਼ਬਦਾਂ ਅਨੁਸਾਰ ਚੱਲਣਾ ਮੁਸ਼ਕਲ ਹੋ ਸਕਦਾ ਹੈ ਕਿਉਂਕਿ ਦੁਨੀਆਂ ਸਾਨੂੰ ਕਈ ਚੀਜ਼ਾਂ ਦਾ ਲਾਲਚ ਦਿੰਦੀ ਹੈ। (2 ਤਿਮੋ. 4:10) ਇਸ ਲਈ, ਯਿਸੂ ਨੇ ਆਪਣੇ ਚੇਲਿਆਂ ਲਈ ਪ੍ਰਾਰਥਨਾ ਕੀਤੀ: “ਮੈਂ ਇਹ ਬੇਨਤੀ ਨਹੀਂ ਕਰਦਾ ਜੋ ਤੂੰ ਓਹਨਾਂ ਨੂੰ ਜਗਤ ਵਿੱਚੋਂ ਚੁੱਕ ਲਵੇਂ ਪਰ ਇਹ ਜੋ ਤੂੰ ਦੁਸ਼ਟ ਤੋਂ ਓਹਨਾਂ ਦੀ ਰੱਛਿਆ ਕਰੇਂ। ਓਹ ਜਗਤ ਦੇ ਨਹੀਂ ਹਨ ਜਿਵੇਂ ਮੈਂ ਜਗਤ ਦਾ ਨਹੀਂ ਹਾਂ।” (ਯੂਹੰ. 17:15, 16) ਇਸ ਲਈ ਆਪਣੇ ਤੋਂ ਪੁੱਛੋ: ‘ਕੀ ਮੈਂ ਦੁਨੀਆਂ ਦਾ ਹਿੱਸਾ ਨਾ ਬਣਨ ਦੀ ਪੂਰੀ ਕੋਸ਼ਿਸ਼ ਕਰਦਾ ਹਾਂ? ਕੀ ਹੋਰਨਾਂ ਨੂੰ ਪਤਾ ਹੈ ਕਿ ਮੈਂ ਬਾਈਬਲ ਦੇ ਖ਼ਿਲਾਫ਼ ਤਿਉਹਾਰ ਤੇ ਰੀਤੀ-ਰਿਵਾਜ ਕਿਉਂ ਨਹੀਂ ਮਨਾਉਂਦਾ, ਉਹ ਵੀ ਜਿਨ੍ਹਾਂ ਦਾ ਧਰਮਾਂ ਨਾਲ ਕੋਈ ਨਾਤਾ ਨਹੀਂ ਹੈ ਪਰ ਉਨ੍ਹਾਂ ਤੋਂ ਦੁਨੀਆਂ ਦੀ ਸੋਚ ਝਲਕਦੀ ਹੈ?’—2 ਕੁਰਿੰ. 6:17; 1 ਪਤ. 4:3, 4.

17. ਕਿਹੜੀ ਗੱਲ ਦੇਖ ਕੇ ਨੇਕਦਿਲ ਲੋਕ ਸ਼ਾਇਦ ਯਹੋਵਾਹ ਦਾ ਪੱਖ ਲੈਣ?

17 ਇਹ ਤਾਂ ਸਾਨੂੰ ਪਤਾ ਹੈ ਕਿ ਬਾਈਬਲ ਦੇ ਅਸੂਲਾਂ ਮੁਤਾਬਕ ਚੱਲਣ ਕਰਕੇ ਦੁਨੀਆਂ ਸਾਨੂੰ ਪਸੰਦ ਨਹੀਂ ਕਰੇਗੀ। ਪਰ ਸਾਨੂੰ ਦੇਖ ਕੇ ਨੇਕਦਿਲ ਲੋਕਾਂ ਵਿਚ ਸ਼ਾਇਦ ਬਾਈਬਲ ਬਾਰੇ ਸਿੱਖਣ ਦੀ ਇੱਛਾ ਪੈਦਾ ਹੋਵੇ। ਜਦੋਂ ਇਹ ਲੋਕ ਦੇਖਦੇ ਹਨ ਕਿ ਅਸੀਂ ਬਾਈਬਲ ਮੁਤਾਬਕ ਚੱਲਦੇ ਅਤੇ ਨਿਹਚਾ ਕਰਦੇ ਹਾਂ, ਤਾਂ ਮਾਨੋ ਉਹ ਵੀ ਸ਼ਾਇਦ ਮਸਹ ਕੀਤੇ ਹੋਇਆਂ ਨੂੰ ਕਹਿਣ: “ਅਸੀਂ ਤੁਹਾਡੇ ਨਾਲ ਚੱਲਾਂਗੇ ਕਿਉਂ ਜੋ ਅਸਾਂ ਸੁਣਿਆ ਹੈ ਕਿ ਪਰਮੇਸ਼ੁਰ ਤੁਹਾਡੇ ਸੰਗ ਹੈ!”—ਜ਼ਕ. 8:23.

ਸੱਚਾ ਮਸੀਹੀ ਪਿਆਰ ਦਿਖਾਓ

18. ਯਹੋਵਾਹ ਅਤੇ ਗੁਆਂਢੀ ਲਈ ਪਿਆਰ ਦਿਖਾਉਣ ਵਿਚ ਕੀ ਕੁਝ ਸ਼ਾਮਲ ਹੈ?

18 ਯਿਸੂ ਨੇ ਕਿਹਾ: “ਤੂੰ ਪ੍ਰਭੁ [ਯਹੋਵਾਹ] ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਦਿਲ ਨਾਲ ਅਤੇ ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਬੁੱਧ ਨਾਲ ਪਿਆਰ ਕਰ।” ਅਤੇ “ਤੂੰ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰ।” (ਮੱਤੀ 22:37, 39) ਇਸ ਪਿਆਰ ਨੂੰ ਯੂਨਾਨੀ ਭਾਸ਼ਾ ਵਿਚ ਅਗਾਪੇ ਕਿਹਾ ਜਾਂਦਾ ਹੈ। ਜਿਹੜਾ ਇਨਸਾਨ ਅਗਾਪੇ ਪਿਆਰ ਕਰਦਾ ਹੈ, ਉਹ ਸਮਝਦਾ ਹੈ ਕਿ ਪਿਆਰ ਕਰਨਾ ਉਸ ਦਾ ਫ਼ਰਜ਼ ਹੈ, ਇਹ ਪਰਮੇਸ਼ੁਰ ਦੇ ਅਸੂਲਾਂ ਮੁਤਾਬਕ ਹੈ, ਸਹੀ ਹੈ ਅਤੇ ਇਹ ਪਿਆਰ ਦਿਲ ਦੀ ਗਹਿਰਾਈ ਤੋਂ ਕੀਤਾ ਜਾਂਦਾ ਹੈ। (1 ਪਤ. 1:22) ਅਜਿਹਾ ਪਿਆਰ ਕਰਨ ਵਾਲਾ ਇਨਸਾਨ ਆਪਣਾ ਸੁਆਰਥ ਨਹੀਂ ਦੇਖਦਾ। ਇਹ ਪਿਆਰ ਅਸੀਂ ਉਸ ਦੀਆਂ ਗੱਲਾਂ ਅਤੇ ਕੰਮਾਂ ਤੋਂ ਦੇਖ ਸਕਦੇ ਹਾਂ।—1 ਕੁਰਿੰਥੀਆਂ 13:4-7 ਪੜ੍ਹੋ।

19, 20. ਕੁਝ ਮਿਸਾਲਾਂ ਦੱਸੋ ਜਿਨ੍ਹਾਂ ਤੋਂ ਮਸੀਹੀ ਪਿਆਰ ਦੀ ਤਾਕਤ ਦਾ ਪਤਾ ਲੱਗਦਾ ਹੈ।

19 ਪਿਆਰ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੇ ਫਲ ਦਾ ਹਿੱਸਾ ਹੈ। ਇਸ ਪਿਆਰ ਕਾਰਨ ਸੱਚੇ ਮਸੀਹੀ ਉਹ ਕੁਝ ਕਰਦੇ ਹਨ ਜੋ ਦੂਜੇ ਲੋਕ ਨਹੀਂ ਕਰ ਸਕਦੇ। ਉਹ ਹਰ ਤਰ੍ਹਾਂ ਦੇ ਲੋਕਾਂ ਨੂੰ ਪਿਆਰ ਕਰਦੇ ਹਨ ਭਾਵੇਂ ਉਹ ਕਿਸੇ ਵੀ ਨਸਲ ਤੇ ਸਭਿਆਚਾਰ ਦੇ ਹੋਣ ਅਤੇ ਕਿਸੇ ਵੀ ਦੇਸ਼ ਵਿਚ ਰਹਿੰਦੇ ਹੋਣ। (ਯੂਹੰਨਾ 13:34, 35 ਪੜ੍ਹੋ; ਗਲਾ. 5:22) ਇਹ ਪਿਆਰ ਦੇਖ ਕੇ ਨੇਕਦਿਲ ਲੋਕਾਂ ਉੱਤੇ ਬਹੁਤ ਅਸਰ ਪੈਂਦਾ ਹੈ। ਮਿਸਾਲ ਲਈ, ਇਸਰਾਏਲ ਵਿਚ ਇਕ ਨੌਜਵਾਨ ਯਹੂਦੀ ਜਦੋਂ ਪਹਿਲੀ ਵਾਰ ਮੀਟਿੰਗ ਵਿਚ ਆਇਆ, ਤਾਂ ਉਹ ਯਹੂਦੀ ਅਤੇ ਅਰਬੀ ਭਰਾਵਾਂ ਨੂੰ ਮਿਲ ਕੇ ਯਹੋਵਾਹ ਦੀ ਸੇਵਾ ਕਰਦੇ ਦੇਖ ਕੇ ਦੰਗ ਰਹਿ ਗਿਆ! ਨਤੀਜੇ ਵਜੋਂ, ਉਹ ਬਾਕਾਇਦਾ ਮੀਟਿੰਗਾਂ ਜਾਣ ਲੱਗਾ ਅਤੇ ਬਾਈਬਲ ਸਟੱਡੀ ਕਰਨ ਲੱਗ ਪਿਆ। ਕੀ ਤੁਸੀਂ ਵੀ ਆਪਣੇ ਭੈਣਾਂ-ਭਰਾਵਾਂ ਨੂੰ ਅਜਿਹਾ ਪਿਆਰ ਕਰਦੇ ਹੋ? ਕੀ ਤੁਸੀਂ ਮੀਟਿੰਗਾਂ ਤੇ ਆਉਂਦੇ ਨਵੇਂ ਲੋਕਾਂ ਨਾਲ ਗੱਲ ਕਰਦੇ ਹੋ ਭਾਵੇਂ ਉਹ ਕਿਸੇ ਵੀ ਕੌਮ ਅਤੇ ਰੰਗ ਦੇ ਹੋਣ, ਅਮੀਰ ਜਾਂ ਗ਼ਰੀਬ ਹੋਣ?

20 ਸੱਚੇ ਮਸੀਹੀ ਸਾਰਿਆਂ ਨੂੰ ਪਿਆਰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ। ਮਿਸਾਲ ਲਈ, ਐੱਲ ਸੈਲਵੇਡਾਰ ਵਿਚ ਇਕ ਨੌਜਵਾਨ ਭੈਣ ਇਕ 87 ਸਾਲਾਂ ਦੀ ਬਿਰਧ ਕੈਥੋਲਿਕ ਤੀਵੀਂ ਨਾਲ ਬਾਈਬਲ ਸਟੱਡੀ ਕਰ ਰਹੀ ਸੀ। ਇਹ ਤੀਵੀਂ ਚਰਚ ਜਾਣਾ ਛੱਡਣਾ ਨਹੀਂ ਸੀ ਚਾਹੁੰਦੀ। ਇਕ ਦਿਨ ਉਹ ਤੀਵੀਂ ਇੰਨੀ ਬੀਮਾਰ ਹੋ ਗਈ ਕਿ ਉਸ ਨੂੰ ਹਸਪਤਾਲ ਦਾਖ਼ਲ ਹੋਣਾ ਪਿਆ। ਜਦ ਉਹ ਘਰ ਆਈ, ਤਾਂ ਭੈਣਾਂ ਉਸ ਨੂੰ ਮਿਲਣ ਗਈਆਂ ਤੇ ਉਸ ਨੂੰ ਖਾਣਾ ਦਿੱਤਾ। ਇਸ ਤਰ੍ਹਾਂ ਇਕ ਮਹੀਨੇ ਤਾਈਂ ਚੱਲਦਾ ਰਿਹਾ। ਉਸ ਤੀਵੀਂ ਦੇ ਚਰਚ ਤੋਂ ਕੋਈ ਵੀ ਉਸ ਨੂੰ ਮਿਲਣ ਨਹੀਂ ਆਇਆ। ਇਸ ਦਾ ਨਤੀਜਾ ਕੀ ਹੋਇਆ? ਉਸ ਨੇ ਮੂਰਤੀਆਂ ਘਰੋਂ ਸੁੱਟ ਦਿੱਤੀਆਂ, ਚਰਚ ਨੂੰ ਅਸਤੀਫ਼ਾ ਦੇ ਦਿੱਤਾ ਅਤੇ ਮੁੜ ਬਾਈਬਲ ਸਟੱਡੀ ਕਰਨ ਲੱਗ ਪਈ। ਵਾਕਈ, ਮਸੀਹੀ ਪਿਆਰ ਵਿਚ ਬਹੁਤ ਤਾਕਤ ਹੈ! ਲੋਕਾਂ ਦੇ ਦਿਲਾਂ ’ਤੇ ਜੋ ਅਸਰ ਪਿਆਰ ਕਰ ਸਕਦਾ ਹੈ, ਉਹ ਗੱਲਾਂ ਨਹੀਂ ਕਰ ਸਕਦੀਆਂ।

21. ਅਸੀਂ ਆਪਣਾ ਭਵਿੱਖ ਸੁਰੱਖਿਅਤ ਕਿਵੇਂ ਬਣਾ ਸਕਦੇ ਹਾਂ?

21 ਜਲਦੀ ਹੀ ਯਿਸੂ ਉਸ ਦੀ ਸੇਵਾ ਕਰਨ ਦਾ ਝੂਠਾ ਦਾਅਵਾ ਕਰਨ ਵਾਲਿਆਂ ਨੂੰ ਕਹੇਗਾ: “ਮੈਂ ਤੁਹਾਨੂੰ ਕਦੇ ਵੀ ਨਹੀਂ ਜਾਣਿਆ। ਹੇ ਬੁਰਿਆਰੋ, ਮੇਰੇ ਕੋਲੋਂ ਚੱਲੇ ਜਾਓ!” (ਮੱਤੀ 7:23) ਇਸ ਲਈ ਆਓ ਆਪਾਂ ਉਹ ਫਲ ਪੈਦਾ ਕਰੀਏ ਜਿਨ੍ਹਾਂ ਨਾਲ ਪਿਤਾ ਅਤੇ ਪੁੱਤਰ ਦੀ ਮਹਿਮਾ ਹੁੰਦੀ ਹੈ। ਯਿਸੂ ਨੇ ਕਿਹਾ: “ਹਰੇਕ ਜੋ ਮੇਰੇ ਏਹ ਬਚਨ ਸੁਣਦਾ ਅਤੇ ਉਨ੍ਹਾਂ ਉੱਤੇ ਚੱਲਦਾ ਹੈ ਉਹ ਉਸ ਬੁੱਧਵਾਨ ਵਰਗਾ ਜਾਣਿਆ ਜਾਵੇਗਾ ਜਿਹ ਨੇ ਪੱਥਰ ਉੱਤੇ ਆਪਣਾ ਘਰ ਬਣਾਇਆ।” (ਮੱਤੀ 7:24) ਹਾਂ, ਜੇ ਅਸੀਂ ਮਸੀਹ ਦੇ ਸੱਚੇ ਚੇਲੇ ਹਾਂ, ਤਾਂ ਸਾਡੇ ਉੱਤੇ ਪਰਮੇਸ਼ੁਰ ਦੀ ਮਿਹਰ ਹੋਵੇਗੀ ਅਤੇ ਸਾਡਾ ਭਵਿੱਖ ਸੁਰੱਖਿਅਤ ਹੋਵੇਗਾ ਜਿਵੇਂ ਕਿ ਇਹ ਪੱਥਰ ਉੱਤੇ ਬਣਿਆ ਹੋਵੇ!

[ਫੁਟਨੋਟ]

^ ਪੈਰਾ 11 ਅੰਗ੍ਰੇਜ਼ੀ ਦੇ ਕੁਝ ਨਵੇਂ ਕੈਥੋਲਿਕ ਪ੍ਰਕਾਸ਼ਨਾਂ ਜਿਵੇਂ ਦ ਜਰੂਸਲਮ ਬਾਈਬਲ ਵਿਚ ਪਰਮੇਸ਼ੁਰ ਦਾ ਨਾਂ “ਯਾਹਵੇਹ” ਪਾਇਆ ਜਾਂਦਾ ਹੈ।

ਕੀ ਤੁਹਾਨੂੰ ਯਾਦ ਹੈ?

• ਮਸੀਹ ਦੇ ਸੱਚੇ ਚੇਲੇ ਝੂਠੇ ਚੇਲਿਆਂ ਤੋਂ ਕਿਵੇਂ ਵੱਖਰੇ ਹਨ?

• ਸੱਚੇ ਮਸੀਹੀ ਕਿਨ੍ਹਾਂ ਕੁਝ ‘ਫਲਾਂ’ ਤੋਂ ਪਛਾਣੇ ਜਾਂਦੇ ਹਨ?

• ਮਸੀਹੀ ਫਲ ਪੈਦਾ ਕਰਨ ਲਈ ਤੁਸੀਂ ਕਿਹੜੇ ਟੀਚੇ ਰੱਖ ਸਕਦੇ ਹੋ?

[ਸਵਾਲ]

[ਸਫ਼ਾ 13 ਉੱਤੇ ਤਸਵੀਰ]

ਕੀ ਤੁਸੀਂ ਪ੍ਰਚਾਰ ਵਿਚ ਬਾਕਾਇਦਾ ਬਾਈਬਲ ਵਰਤਣ ਦੀ ਆਦਤ ਬਣਾਈ ਹੈ?

[ਸਫ਼ਾ 15 ਉੱਤੇ ਤਸਵੀਰ]

ਕੀ ਹੋਰਨਾਂ ਨੂੰ ਪਤਾ ਹੈ ਕਿ ਤੁਸੀਂ ਬਾਈਬਲ ਦੇ ਖ਼ਿਲਾਫ਼ ਤਿਉਹਾਰ ਕਿਉਂ ਨਹੀਂ ਮਨਾਉਂਦੇ?