Skip to content

Skip to table of contents

ਕੀ ਤੁਸੀਂ ਯਹੋਵਾਹ ਨੂੰ ਆਪਣਾ ਪਿਤਾ ਸਮਝਦੇ ਹੋ?

ਕੀ ਤੁਸੀਂ ਯਹੋਵਾਹ ਨੂੰ ਆਪਣਾ ਪਿਤਾ ਸਮਝਦੇ ਹੋ?

ਕੀ ਤੁਸੀਂ ਯਹੋਵਾਹ ਨੂੰ ਆਪਣਾ ਪਿਤਾ ਸਮਝਦੇ ਹੋ?

“ਪ੍ਰਭੁ ਜੀ ਸਾਨੂੰ ਪ੍ਰਾਰਥਨਾ ਕਰਨੀ ਸਿਖਾਲ।” ਜਦ ਯਿਸੂ ਦੇ ਇਕ ਚੇਲੇ ਨੇ ਇਹ ਬੇਨਤੀ ਕੀਤੀ ਸੀ, ਤਾਂ ਯਿਸੂ ਨੇ ਜਵਾਬ ਵਿਚ ਕਿਹਾ: “ਜਾਂ ਤੁਸੀਂ ਪ੍ਰਾਰਥਨਾ ਕਰੋ ਤਾਂ ਕਹੋ, ਹੇ ਪਿਤਾ, ਤੇਰਾ ਨਾਮ ਪਾਕ ਮੰਨਿਆ ਜਾਵੇ।” (ਲੂਕਾ 11:1, 2) ਯਿਸੂ ਚਾਹੁੰਦਾ ਤਾਂ ਉਹ ਯਹੋਵਾਹ ਨੂੰ “ਸਰਬਸ਼ਕਤੀਮਾਨ,” “ਗੁਰੂ,” “ਕਰਤਾ,” “ਅੱਤ ਪਰਾਚੀਨ” ਅਤੇ ‘ਜੁੱਗਾਂ ਦਾ ਮਹਾਰਾਜ’ ਕਹਿ ਕੇ ਬੁਲਾ ਸਕਦਾ ਸੀ। (ਉਤ. 49:25; ਯਸਾ. 30:20; 40:28; ਦਾਨੀ. 7:9; 1 ਤਿਮੋ. 1:17) ਇਸ ਦੀ ਬਜਾਇ ਯਿਸੂ ਨੇ ਉਸ ਨੂੰ “ਪਿਤਾ” ਕਹਿ ਕੇ ਬੁਲਾਇਆ। ਕਿਉਂ? ਸ਼ਾਇਦ ਇਸ ਲਈ ਕਿਉਂਕਿ ਉਹ ਚਾਹੁੰਦਾ ਹੈ ਕਿ ਅਸੀਂ ਸਾਰੇ ਜਹਾਨ ਦੇ ਮਹਾਨ ਸ਼ਖ਼ਸ ਦੇ ਨੇੜੇ ਉਸੇ ਤਰ੍ਹਾਂ ਜਾਈਏ ਜਿਵੇਂ ਇਕ ਛੋਟਾ ਬੱਚਾ ਆਪਣੇ ਪਿਤਾ ਕੋਲ ਜਾਂਦਾ ਹੈ।

ਕੁਝ ਲੋਕਾਂ ਨੂੰ ਰੱਬ ਨੂੰ ਪਿਤਾ ਸਮਝਣਾ ਔਖਾ ਲੱਗਦਾ ਹੈ। ਅਤਸੂਕੋ * ਨਾਂ ਦੀ ਮਸੀਹੀ ਭੈਣ ਕਬੂਲ ਕਰਦੀ ਹੈ: “ਬਪਤਿਸਮਾ ਲੈਣ ਤੋਂ ਕਈ ਸਾਲਾਂ ਬਾਅਦ ਵੀ ਮੈਨੂੰ ਯਹੋਵਾਹ ਨੂੰ ਪਿਤਾ ਸਮਝ ਕੇ ਉਸ ਦੇ ਨੇੜੇ ਜਾਣਾ ਤੇ ਪ੍ਰਾਰਥਨਾ ਕਰਨੀ ਮੁਸ਼ਕਲ ਲੱਗਦੀ ਸੀ।” ਇਸ ਦਾ ਕਾਰਨ ਦੱਸਦੀ ਹੋਈ ਉਹ ਕਹਿੰਦੀ ਹੈ: “ਮੈਨੂੰ ਇੱਦਾਂ ਦੀ ਕੋਈ ਵੀ ਘੜੀ ਯਾਦ ਨਹੀਂ ਜਦ ਮੇਰੇ ਪਿਤਾ ਨੇ ਮੈਨੂੰ ਪਿਆਰ ਦਿਖਾਇਆ ਹੋਵੇ।”

ਇਨ੍ਹਾਂ ਮੁਸ਼ਕਲ ਸਮਿਆਂ ਵਿਚ ਪਿਤਾਵਾਂ ਨੂੰ ਜੋ ਪਿਆਰ ਦਿਖਾਉਣਾ ਚਾਹੀਦਾ ਹੈ, ਉਹ ਘੱਟਦਾ ਜਾ ਰਿਹਾ ਹੈ। (2 ਤਿਮੋ. 3:1, 3) ਇਸ ਲਈ ਕਈ ਲੋਕ ਅਤਸੂਕੋ ਵਾਂਗ ਸੋਚਦੇ ਹਨ। ਪਰ ਸਾਨੂੰ ਦਿਲ ਨਹੀਂ ਛੱਡਣਾ ਚਾਹੀਦਾ ਕਿਉਂਕਿ ਸਾਡੇ ਕੋਲ ਕਈ ਕਾਰਨ ਹਨ ਜਿਨ੍ਹਾਂ ਕਰਕੇ ਅਸੀਂ ਯਹੋਵਾਹ ਨੂੰ ਆਪਣਾ ਪਿਆਰਾ ਪਿਤਾ ਸਮਝ ਸਕਦੇ ਹਾਂ।

ਯਹੋਵਾਹ ਸਾਡੀਆਂ ਲੋੜਾਂ ਪੂਰੀਆਂ ਕਰਦਾ ਹੈ

ਜੇ ਅਸੀਂ ਯਹੋਵਾਹ ਨੂੰ ਪਿਤਾ ਮੰਨਣਾ ਹੈ, ਤਾਂ ਸਾਨੂੰ ਉਸ ਨੂੰ ਚੰਗੀ ਤਰ੍ਹਾਂ ਜਾਣਨ ਦੀ ਲੋੜ ਹੈ। ਯਿਸੂ ਨੇ ਕਿਹਾ ਸੀ ਕਿ “ਪੁੱਤ੍ਰ ਨੂੰ ਕੋਈ ਨਹੀਂ ਜਾਣਦਾ ਪਰ ਪਿਤਾ ਅਤੇ ਨਾ ਕੋਈ ਪਿਤਾ ਨੂੰ ਜਾਣਦਾ ਹੈ ਪਰ ਪੁੱਤ੍ਰ ਅਤੇ ਉਹ ਜਿਸ ਉੱਤੇ ਪੁੱਤ੍ਰ ਉਹ ਨੂੰ ਪਰਗਟ ਕਰਨਾ ਚਾਹੇ।” (ਮੱਤੀ 11:27) ਯਹੋਵਾਹ ਨੂੰ ਪਿਤਾ ਵਜੋਂ ਜਾਣਨ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਅਸੀਂ ਉਨ੍ਹਾਂ ਗੱਲਾਂ ’ਤੇ ਸੋਚ-ਵਿਚਾਰ ਕਰੀਏ ਜੋ ਯਿਸੂ ਨੇ ਸੱਚੇ ਪਰਮੇਸ਼ੁਰ ਬਾਰੇ ਦੱਸੀਆਂ ਸਨ। ਤਾਂ ਫਿਰ ਯਿਸੂ ਨੇ ਆਪਣੇ ਪਿਤਾ ਬਾਰੇ ਕਿਹੜੀਆਂ ਗੱਲਾਂ ਦੱਸੀਆਂ ਸਨ?

ਯਹੋਵਾਹ ਨੂੰ ਜੀਵਨ ਦਾ ਸੋਮਾ ਮੰਨਦੇ ਹੋਏ ਯਿਸੂ ਨੇ ਕਿਹਾ: “ਮੈਂ ਪਿਤਾ ਦੇ ਕਾਰਨ ਜੀਉਂਦਾ ਹਾਂ।” (ਯੂਹੰ. 6:57) ਅਸੀਂ ਵੀ ਪਿਤਾ ਕਰਕੇ ਜੀਉਂਦੇ ਹਾਂ। (ਜ਼ਬੂ. 36:9; ਰਸੂ. 17:28) ਯਹੋਵਾਹ ਨੂੰ ਕਿਹੜੀ ਗੱਲ ਨੇ ਜੀਵਨ ਦਾ ਤੋਹਫ਼ਾ ਦੇਣ ਲਈ ਪ੍ਰੇਰਿਆ? ਕੀ ਪਿਆਰ ਦੀ ਖ਼ਾਤਰ ਹੀ ਯਹੋਵਾਹ ਨੇ ਸਾਨੂੰ ਜੀਵਨ ਨਹੀਂ ਦਿੱਤਾ? ਇਸ ਤੋਹਫ਼ੇ ਬਦਲੇ ਸਾਨੂੰ ਆਪਣੇ ਸਵਰਗੀ ਪਿਤਾ ਨੂੰ ਪਿਆਰ ਕਰਨਾ ਚਾਹੀਦਾ ਹੈ।

ਪਰਮੇਸ਼ੁਰ ਦੇ ਪਿਆਰ ਦਾ ਸਭ ਤੋਂ ਵੱਡਾ ਸਬੂਤ ਇਹ ਹੈ ਕਿ ਉਸ ਨੇ ਸਾਡੇ ਲਈ ਆਪਣੇ ਪੁੱਤਰ ਯਿਸੂ ਦੀ ਕੁਰਬਾਨੀ ਦਿੱਤੀ। ਇਸ ਪਿਆਰ ਕਰਕੇ ਹੀ ਪਾਪੀ ਇਨਸਾਨ ਯਿਸੂ ਰਾਹੀਂ ਯਹੋਵਾਹ ਨਾਲ ਨਜ਼ਦੀਕੀ ਰਿਸ਼ਤਾ ਜੋੜ ਸਕਦੇ ਹਨ। (ਰੋਮੀ. 5:12; 1 ਯੂਹੰ. 4:9, 10) ਸਾਡਾ ਸਵਰਗੀ ਪਿਤਾ ਆਪਣੇ ਵਾਅਦਿਆਂ ਦਾ ਪੱਕਾ ਹੈ, ਇਸ ਲਈ ਅਸੀਂ ਯਕੀਨ ਨਾਲ ਕਹਿ ਸਕਦੇ ਹਾਂ ਕਿ ਉਸ ਨੂੰ ਪਿਆਰ ਕਰਨ ਵਾਲੇ ਤੇ ਉਸ ਦੀ ਆਗਿਆ ਮੰਨਣ ਵਾਲੇ “ਪਰਮੇਸ਼ੁਰ ਦੇ ਬਾਲਕਾਂ ਦੀ ਵਡਿਆਈ ਦੀ ਅਜ਼ਾਦੀ” ਪਾਉਣਗੇ।—ਰੋਮੀ. 8:21.

ਸਾਡਾ ਸਵਰਗੀ ਪਿਤਾ ਹਰ ਰੋਜ਼ ਸਾਡੇ ’ਤੇ ‘ਆਪਣਾ ਸੂਰਜ ਚਾੜ੍ਹਦਾ ਹੈ।’ (ਮੱਤੀ 5:45) ਅਸੀਂ ਸ਼ਾਇਦ ਸੂਰਜ ਦੇ ਚੜ੍ਹਨ ਲਈ ਪ੍ਰਾਰਥਨਾ ਕਰਨੀ ਜ਼ਰੂਰੀ ਨਾ ਸਮਝੀਏ। ਪਰ ਸਾਨੂੰ ਨਾ ਸਿਰਫ਼ ਸੂਰਜ ਦੀਆਂ ਨਿੱਘੀਆਂ ਕਿਰਨਾਂ ਦੀ ਲੋੜ ਹੈ, ਬਲਕਿ ਅਸੀਂ ਉਨ੍ਹਾਂ ਦਾ ਮਜ਼ਾ ਵੀ ਲੈਂਦੇ ਹਾਂ। ਇਸ ਤੋਂ ਇਲਾਵਾ ਸਾਡਾ ਪਿਤਾ ਬੇਮਿਸਾਲ ਦਾਤਾ ਹੈ ਜੋ ਸਾਡੇ ਮੰਗਣ ਤੋਂ ਪਹਿਲਾਂ ਹੀ ਜਾਣਦਾ ਹੈ ਕਿ ਸਾਨੂੰ ਕਿਨ੍ਹਾਂ ਚੀਜ਼ਾਂ ਦੀ ਲੋੜ ਹੈ। ਇਸ ਲਈ ਕੀ ਸਾਨੂੰ ਸਮਾਂ ਕੱਢ ਕੇ ਇਸ ਬਾਰੇ ਨਹੀਂ ਸੋਚਣਾ ਚਾਹੀਦਾ ਕਿ ਸਾਡਾ ਸਵਰਗੀ ਪਿਤਾ ਆਪਣੀ ਸ੍ਰਿਸ਼ਟੀ ਦੀ ਦੇਖ-ਭਾਲ ਕਿਵੇਂ ਕਰਦਾ ਹੈ?—ਮੱਤੀ 6:8, 26.

ਸਾਡਾ ਪਿਤਾ ਦਿਆਲੂ ਰਖਵਾਲਾ ਹੈ

ਪੁਰਾਣੇ ਜ਼ਮਾਨੇ ਵਿਚ ਯਸਾਯਾਹ ਦੀ ਭਵਿੱਖਬਾਣੀ ਨੇ ਪਰਮੇਸ਼ੁਰ ਦੇ ਲੋਕਾਂ ਨੂੰ ਇਹ ਭਰੋਸਾ ਦਿਵਾਇਆ ਸੀ: “ਭਾਵੇਂ ਪਹਾੜ ਜਾਂਦੇ ਰਹਿਣ ਤੇ ਟਿੱਲੇ ਹਿਲਾਏ ਜਾਣ, ਪਰ ਮੇਰੀ ਦਯਾ ਤੈਥੋਂ ਜਾਂਦੀ ਨਾ ਰਹੇਗੀ, ਨਾ ਮੇਰੀ ਸ਼ਾਂਤੀ ਦਾ ਨੇਮ ਹਿੱਲੇਗਾ, ਯਹੋਵਾਹ ਤੇਰਾ ਦਯਾਲੂ [ਰਖਵਾਲਾ] ਆਖਦਾ ਹੈ।” (ਯਸਾ. 54:10) ਇਸ ਗੱਲ ਉੱਤੇ ਜ਼ੋਰ ਦਿੰਦੇ ਹੋਏ ਯਿਸੂ ਨੇ ਆਪਣੀ ਜ਼ਿੰਦਗੀ ਦੀ ਆਖ਼ਰੀ ਰਾਤ ਨੂੰ ਪ੍ਰਾਰਥਨਾ ਵਿਚ ਕਿਹਾ ਸੀ ਕਿ ਯਹੋਵਾਹ ਇਕ ਦਿਆਲੂ ਰਖਵਾਲਾ ਹੈ। ਆਪਣੇ ਚੇਲਿਆਂ ਲਈ ਯਿਸੂ ਨੇ ਪ੍ਰਾਰਥਨਾ ਕੀਤੀ: “ਏਹ ਜਗਤ ਵਿੱਚ ਹਨ ਅਤੇ ਮੈਂ ਤੇਰੇ ਕੋਲ ਆਉਂਦਾ ਹਾਂ। ਹੇ ਪਵਿੱਤ੍ਰ ਪਿਤਾ ਆਪਣੇ ਹੀ ਉਸ ਨਾਮ ਨਾਲ . . . ਓਹਨਾਂ ਦੀ ਰੱਛਿਆ ਕਰ।” (ਯੂਹੰ. 17:11, 14) ਯਹੋਵਾਹ ਨੇ ਯਿਸੂ ਦੇ ਚੇਲਿਆਂ ’ਤੇ ਨਿਗਾਹ ਰੱਖ ਕੇ ਸੱਚ-ਮੁੱਚ ਉਨ੍ਹਾਂ ਦੀ ਰਖਵਾਲੀ ਕੀਤੀ।

ਅੱਜ ਯਹੋਵਾਹ “ਮਾਤਬਰ ਅਤੇ ਬੁੱਧਵਾਨ ਨੌਕਰ” ਰਾਹੀਂ ਸਮੇਂ ਸਿਰ ਆਪਣਾ ਗਿਆਨ ਦੇ ਕੇ ਸ਼ਤਾਨ ਦੀਆਂ ਚਾਲਾਂ ਤੋਂ ਸਾਡੀ ਰਾਖੀ ਕਰਦਾ ਹੈ। (ਮੱਤੀ 24:45) ਜੇ ਅਸੀਂ “ਪਰਮੇਸ਼ੁਰ ਦੇ ਸਾਰੇ ਸ਼ਸਤ੍ਰ ਬਸਤ੍ਰ” ਪਹਿਨਣੇ ਹਨ, ਤਾਂ ਜ਼ਰੂਰੀ ਹੈ ਕਿ ਅਸੀਂ ਇਹ ਗਿਆਨ ਲਈਏ ਤਾਂਕਿ ਅਸੀਂ ਮਜ਼ਬੂਤ ਰਹਿ ਸਕੀਏ। ਮਿਸਾਲ ਲਈ, “ਨਿਹਚਾ ਦੀ ਢਾਲ” ਨਾਲ ਅਸੀਂ “ਦੁਸ਼ਟ ਦੇ ਸਾਰੇ ਅਗਣ ਬਾਣਾਂ ਨੂੰ ਬੁਝਾ” ਸਕਦੇ ਹਾਂ। (ਅਫ਼. 6:11, 16) ਇਹ ਨਿਹਚਾ ਪਰਮੇਸ਼ੁਰ ਨਾਲ ਸਾਡੇ ਰਿਸ਼ਤੇ ਨੂੰ ਬਚਾਈ ਰੱਖਦੀ ਹੈ। ਨਿਹਚਾ ਕਰ ਕੇ ਅਸੀਂ ਇਹ ਵੀ ਦਿਖਾਉਂਦੇ ਹਾਂ ਕਿ ਸਾਡਾ ਪਿਤਾ ਸਾਡੀ ਰਾਖੀ ਕਰ ਸਕਦਾ ਹੈ।

ਅਸੀਂ ਆਪਣੇ ਸਵਰਗੀ ਪਿਤਾ ਦੇ ਪਿਆਰ ਬਾਰੇ ਹੋਰ ਵੀ ਜਾਣ ਸਕਦੇ ਹਾਂ ਜੇ ਅਸੀਂ ਧਿਆਨ ਨਾਲ ਗੌਰ ਕਰੀਏ ਕਿ ਧਰਤੀ ’ਤੇ ਹੁੰਦਿਆਂ ਉਸ ਦਾ ਪੁੱਤਰ ਕਿਵੇਂ ਪੇਸ਼ ਆਇਆ ਸੀ। ਧਿਆਨ ਦਿਓ ਕਿ ਮਰਕੁਸ 10:13-16 ਵਿਚ ਕੀ ਦੱਸਿਆ ਹੈ। ਇਸ ਵਿਚ ਯਿਸੂ ਆਪਣੇ ਚੇਲਿਆਂ ਨੂੰ ਕਹਿੰਦਾ ਹੈ: “ਛੋਟਿਆਂ ਬਾਲਕਾਂ ਨੂੰ ਮੇਰੇ ਕੋਲ ਆਉਣ ਦਿਓ।” ਜਿਉਂ ਹੀ ਛੋਟੇ ਬੱਚੇ ਯਿਸੂ ਦੇ ਆਲੇ-ਦੁਆਲੇ ਇਕੱਠੇ ਹੋਏ, ਤਾਂ ਉਸ ਨੇ ਉਨ੍ਹਾਂ ਨੂੰ ਪਿਆਰ ਨਾਲ ਕਲਾਵੇ ਵਿਚ ਲੈ ਕੇ ਉਨ੍ਹਾਂ ਨੂੰ ਅਸੀਸ ਦਿੱਤੀ। ਉਨ੍ਹਾਂ ਦੇ ਚਿਹਰੇ ਖ਼ੁਸ਼ੀ ਨਾਲ ਖਿੜ ਗਏ ਹੋਣੇ! ਯਿਸੂ ਨੇ ਕਿਹਾ ਸੀ ਕਿ “ਜਿਨ ਮੈਨੂੰ ਵੇਖਿਆ ਓਨ ਪਿਤਾ ਨੂੰ ਵੇਖਿਆ ਹੈ,” ਇਸ ਲਈ ਅਸੀਂ ਜਾਣਦੇ ਹਾਂ ਕਿ ਸੱਚਾ ਪਰਮੇਸ਼ੁਰ ਚਾਹੁੰਦਾ ਹੈ ਕਿ ਅਸੀਂ ਉਸ ਦੇ ਨਜ਼ਦੀਕ ਹੋਈਏ।—ਯੂਹੰ. 14:9.

ਯਹੋਵਾਹ ਪਰਮੇਸ਼ੁਰ ਅਸੀਮ ਪਿਆਰ ਦਾ ਸੋਮਾ ਹੈ। ਉਹ ਬੇਮਿਸਾਲ ਦਾਤਾ ਅਤੇ ਰਖਵਾਲਾ ਹੈ ਅਤੇ ਚਾਹੁੰਦਾ ਹੈ ਕਿ ਅਸੀਂ ਉਸ ਦੇ ਨੇੜੇ ਜਾਈਏ। (ਯਾਕੂ. 4:8) ਹਾਂ, ਯਹੋਵਾਹ ਵਾਕਈ ਸਭ ਤੋਂ ਚੰਗਾ ਪਿਤਾ ਹੈ!

ਸਾਨੂੰ ਫ਼ਾਇਦੇ ਹੁੰਦੇ ਹਨ

ਜਦ ਅਸੀਂ ਆਪਣੇ ਪਿਆਰੇ ਅਤੇ ਦਿਆਲੂ ਪਿਤਾ ’ਤੇ ਭਰੋਸਾ ਰੱਖਦੇ ਹਾਂ ਸਾਨੂੰ ਫ਼ਾਇਦਾ ਹੁੰਦਾ ਹੈ। (ਕਹਾ. 3:5, 6) ਯਿਸੂ ਨੂੰ ਵੀ ਆਪਣੇ ਪਿਤਾ ’ਤੇ ਪੱਕਾ ਭਰੋਸਾ ਰੱਖਣ ਦਾ ਫ਼ਾਇਦਾ ਹੋਇਆ। ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ: “ਮੈਂ ਇਕੱਲਾ ਨਹੀਂ ਹਾਂ, ਪਿਤਾ ਜਿਸ ਨੇ ਮੈਨੂੰ ਭੇਜਿਆ ਮੇਰੇ ਨਾਲ ਹੈ।” (ਯੂਹੰ. 8:16, ERV) ਯਿਸੂ ਜਾਣਦਾ ਸੀ ਕਿ ਯਹੋਵਾਹ ਹਮੇਸ਼ਾ ਉਸ ਦਾ ਸਾਥ ਦੇਵੇਗਾ। ਬਪਤਿਸਮਾ ਲੈਣ ਵੇਲੇ ਉਸ ਦੇ ਪਿਤਾ ਨੇ ਪਿਆਰ ਨਾਲ ਉਸ ਨੂੰ ਯਕੀਨ ਦਿਵਾਉਂਦੇ ਹੋਏ ਕਿਹਾ: “ਇਹ ਮੇਰਾ ਪਿਆਰਾ ਪੁੱਤ੍ਰ ਹੈ ਜਿਸ ਤੋਂ ਮੈਂ ਪਰਸਿੰਨ ਹਾਂ।” (ਮੱਤੀ 3:15-17) ਆਪਣੀ ਮੌਤ ਤੋਂ ਕੁਝ ਹੀ ਪਲ ਪਹਿਲਾਂ ਯਿਸੂ ਨੇ ਉੱਚੀ ਆਵਾਜ਼ ਵਿਚ ਕਿਹਾ: ‘ਹੇ ਪਿਤਾ ਮੈਂ ਆਪਣੀ ਜਾਨ ਤੇਰੇ ਹੱਥੀਂ ਸੌਂਪਦਾ ਹਾਂ।’ (ਲੂਕਾ 23:46) ਹਾਂ, ਇਸ ਵੇਲੇ ਵੀ ਯਿਸੂ ਦਾ ਭਰੋਸਾ ਆਪਣੇ ਪਿਤਾ ’ਤੇ ਪੱਕਾ ਸੀ।

ਅਸੀਂ ਵੀ ਇਸ ਤਰ੍ਹਾਂ ਕਰ ਸਕਦੇ ਹਾਂ। ਜੇ ਯਹੋਵਾਹ ਸਾਡੇ ਨਾਲ ਹੈ, ਤਾਂ ਸਾਨੂੰ ਡਰਨ ਦੀ ਕੀ ਲੋੜ ਹੈ? (ਜ਼ਬੂ. 118:6) ਸ਼ੁਰੂ ਵਿਚ ਜ਼ਿਕਰ ਕੀਤੀ ਗਈ ਅਤਸੂਕੋ ਮੁਸ਼ਕਲਾਂ ਆਉਣ ਤੇ ਆਪਣੀ ਤਾਕਤ ’ਤੇ ਹੀ ਭਰੋਸਾ ਰੱਖਦੀ ਸੀ। ਪਰ ਫਿਰ ਉਸ ਨੇ ਯਿਸੂ ਦੀ ਜ਼ਿੰਦਗੀ ਅਤੇ ਸੇਵਕਾਈ ਬਾਰੇ ਪੜ੍ਹਿਆ। ਪੜ੍ਹਦੇ ਵੇਲੇ ਉਹ ਇਸ ਗੱਲ ਉੱਤੇ ਧਿਆਨ ਦਿੰਦੀ ਸੀ ਕਿ ਯਿਸੂ ਦਾ ਆਪਣੇ ਸਵਰਗੀ ਪਿਤਾ ਨਾਲ ਕਿੰਨਾ ਗੂੜ੍ਹਾ ਰਿਸ਼ਤਾ ਸੀ। ਨਤੀਜਾ ਕੀ ਨਿਕਲਿਆ? ਅਤਸੂਕੋ ਦੱਸਦੀ ਹੈ: “ਮੈਂ ਸਿੱਖਿਆ ਕਿ ਅਸਲ ਵਿਚ ਪਿਤਾ ਕਿਹਨੂੰ ਕਹਿੰਦੇ ਹਨ ਅਤੇ ਉਸ ’ਤੇ ਭਰੋਸਾ ਕਿੱਦਾਂ ਕੀਤਾ ਜਾ ਸਕਦਾ ਹੈ। ਮੈਨੂੰ ਸੱਚੀ ਸ਼ਾਂਤੀ ਤੇ ਖ਼ੁਸ਼ੀ ਮਿਲੀ। ਦਰਅਸਲ ਸਾਨੂੰ ਕਿਸੇ ਵੀ ਚੀਜ਼ ਬਾਰੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ।”

ਯਹੋਵਾਹ ਨੂੰ ਆਪਣਾ ਪਿਤਾ ਸਮਝਣ ਨਾਲ ਸਾਨੂੰ ਹੋਰ ਕੀ ਫ਼ਾਇਦਾ ਹੋ ਸਕਦਾ ਹੈ? ਜ਼ਿਆਦਾਤਰ ਬੱਚੇ ਆਪਣੇ ਮਾਪਿਆਂ ਨਾਲ ਪਿਆਰ ਕਰਦੇ ਹਨ ਤੇ ਉਨ੍ਹਾਂ ਨੂੰ ਖ਼ੁਸ਼ ਕਰਨਾ ਚਾਹੁੰਦੇ ਹਨ। ਪਰਮੇਸ਼ੁਰ ਦਾ ਪੁੱਤਰ ਪਿਆਰ ਦੀ ਖ਼ਾਤਰ ‘ਸਦਾ ਓਹ ਕੰਮ ਕਰਦਾ ਸੀ ਜਿਹੜੇ ਪਿਤਾ ਨੂੰ ਭਾਉਂਦੇ ਸਨ।’ (ਯੂਹੰ. 8:29) ਇਸੇ ਤਰ੍ਹਾਂ ਜੇ ਅਸੀਂ ਆਪਣੇ ਸਵਰਗੀ ਪਿਤਾ ਨੂੰ ਪਿਆਰ ਕਰਦੇ ਹਾਂ, ਤਾਂ ਅਸੀਂ ਅਕਲਮੰਦੀ ਨਾਲ ਚੱਲਾਂਗੇ ਅਤੇ ਖੁੱਲ੍ਹੇ-ਆਮ ਉਸ ਦੀ “ਵਡਿਆਈ” ਕਰਾਂਗੇ।—ਮੱਤੀ 11:25; ਯੂਹੰ. 5:19.

ਸਾਡਾ ਪਿਤਾ ਸਾਡਾ ‘ਸੱਜਾ ਹੱਥ ਫੜਦਾ ਹੈ’

ਸਾਡੇ ਸਵਰਗੀ ਪਿਤਾ ਨੇ ਸਾਨੂੰ ਇਕ “ਸਹਾਇਕ” ਯਾਨੀ ਆਪਣੀ ਪਵਿੱਤਰ ਸ਼ਕਤੀ ਵੀ ਦਿੱਤੀ ਹੈ। ਯਿਸੂ ਨੇ ਕਿਹਾ ਸੀ ਕਿ ਇਹ “ਸਾਰੀ ਸਚਿਆਈ ਵਿੱਚ ਤੁਹਾਡੀ ਅਗਵਾਈ” ਕਰੇਗੀ। (ਯੂਹੰ. 14:15-17; 16:12, 13) ਪਵਿੱਤਰ ਸ਼ਕਤੀ ਦੀ ਮਦਦ ਨਾਲ ਅਸੀਂ ਆਪਣੇ ਪਿਤਾ ਨੂੰ ਹੋਰ ਚੰਗੀ ਤਰ੍ਹਾਂ ਸਮਝ ਸਕਦੇ ਹਾਂ। ਇਸ ਦੀ ਮਦਦ ਨਾਲ ਅਸੀਂ “ਕਿਲ੍ਹਿਆਂ” ਵਰਗੇ ਪੁਰਾਣੇ ਖ਼ਿਆਲਾਂ, ਗ਼ਲਤ ਵਿਚਾਰਾਂ ਜਾਂ ਗ਼ਲਤ ਨਜ਼ਰੀਏ ਨੂੰ ਉਖੇੜ ਸਕਦੇ ਹਾਂ। ਇਸ ਤਰ੍ਹਾਂ ਅਸੀਂ “ਹਰ ਇੱਕ ਖਿਆਲ ਨੂੰ ਬੰਧਨ ਵਿੱਚ ਲਿਆਉਂਦੇ ਹਾਂ ਭਈ ਉਹ ਮਸੀਹ ਦਾ ਆਗਿਆਕਾਰ ਹੋਵੇ।” (2 ਕੁਰਿੰ. 10:4, 5) ਇਸ ਲਈ ਆਓ ਆਪਾਂ “ਸਹਾਇਕ” ਲਈ ਇਸ ਭਰੋਸੇ ਨਾਲ ਪ੍ਰਾਰਥਨਾ ਕਰੀਏ ਕਿ ‘ਸੁਰਗੀ ਪਿਤਾ ਆਪਣੇ ਮੰਗਣ ਵਾਲਿਆਂ ਨੂੰ ਪਵਿੱਤ੍ਰ ਸ਼ਕਤੀ ਦੇਵੇਗਾ!’ (ਲੂਕਾ 11:13) ਸਾਨੂੰ ਇਹ ਵੀ ਪ੍ਰਾਰਥਨਾ ਕਰਨੀ ਚਾਹੀਦੀ ਹੈ ਕਿ ਪਵਿੱਤਰ ਸ਼ਕਤੀ ਯਹੋਵਾਹ ਦੇ ਹੋਰ ਨੇੜੇ ਆਉਣ ਵਿਚ ਸਾਡੀ ਮਦਦ ਕਰੇ।

ਇਕ ਛੋਟਾ ਬੱਚਾ ਆਪਣੇ ਪਿਤਾ ਦੇ ਨਾਲ-ਨਾਲ ਚੱਲਦੇ ਸਮੇਂ ਸੁਰੱਖਿਅਤ ਮਹਿਸੂਸ ਕਰਦਾ ਹੈ ਤੇ ਉਸ ਨੂੰ ਕਿਸੇ ਗੱਲ ਦਾ ਡਰ ਨਹੀਂ ਹੁੰਦਾ। ਜੇ ਤੁਸੀਂ ਸੱਚ-ਮੁੱਚ ਯਹੋਵਾਹ ਨੂੰ ਆਪਣਾ ਪਿਤਾ ਸਮਝਦੇ ਹੋ, ਤਾਂ ਤੁਸੀਂ ਇਨ੍ਹਾਂ ਸ਼ਬਦਾਂ ’ਤੇ ਯਕੀਨ ਕਰ ਸਕਦੇ ਹੋ: “ਮੈਂ ਯਹੋਵਾਹ ਤੇਰਾ ਪਰਮੇਸ਼ੁਰ ਤਾਂ ਤੇਰਾ ਸੱਜਾ ਹੱਥ ਫੜੀ ਬੈਠਾ ਹਾਂ, ਮੈਂ ਤੈਨੂੰ ਆਖਦਾ ਹਾਂ, ਨਾ ਡਰ, ਮੈਂ ਤੇਰੀ ਸਹਾਇਤਾ ਕਰਾਂਗਾ।” (ਯਸਾ. 41:13) ਤੁਸੀਂ ਹਮੇਸ਼ਾ ਲਈ ਪਰਮੇਸ਼ੁਰ ਨਾਲ ‘ਚੱਲਣ’ ਦਾ ਸਨਮਾਨ ਪਾ ਸਕਦੇ ਹੋ। (ਮੀਕਾ. 6:8) ਉਸ ਦੀ ਇੱਛਾ ਉੱਤੇ ਚੱਲਦੇ ਰਹੋ ਅਤੇ ਤੁਹਾਨੂੰ ਉਹ ਪਿਆਰ, ਖ਼ੁਸ਼ੀ ਤੇ ਸੁਰੱਖਿਆ ਮਿਲੇਗੀ ਜੋ ਯਹੋਵਾਹ ਨੂੰ ਆਪਣਾ ਪਿਤਾ ਸਮਝ ਕੇ ਹੀ ਮਿਲ ਸਕਦੀ ਹੈ।

[ਫੁਟਨੋਟ]

^ ਪੈਰਾ 3 ਨਾਂ ਬਦਲ ਦਿੱਤਾ ਗਿਆ ਹੈ।