Skip to content

Skip to table of contents

‘ਪਰਮੇਸ਼ੁਰ ਦਾ ਬਚਨ ਦਲੇਰੀ ਨਾਲ ਸੁਣਾਓ’

‘ਪਰਮੇਸ਼ੁਰ ਦਾ ਬਚਨ ਦਲੇਰੀ ਨਾਲ ਸੁਣਾਓ’

‘ਪਰਮੇਸ਼ੁਰ ਦਾ ਬਚਨ ਦਲੇਰੀ ਨਾਲ ਸੁਣਾਓ’

‘ਓਹ ਸੱਭੋ ਪਵਿੱਤ੍ਰ ਸ਼ਕਤੀ ਨਾਲ ਭਰਪੂਰ ਹੋ ਗਏ ਅਰ ਪਰਮੇਸ਼ੁਰ ਦਾ ਬਚਨ ਦਲੇਰੀ ਨਾਲ ਸੁਣਾਉਣ ਲੱਗੇ।’—ਰਸੂ. 4:31.

1, 2. ਸਾਨੂੰ ਪ੍ਰਚਾਰ ਕਰਨ ਵਿਚ ਅਸਰਕਾਰੀ ਬਣਨ ਦੀ ਕੋਸ਼ਿਸ਼ ਕਿਉਂ ਕਰਨੀ ਚਾਹੀਦੀ ਹੈ?

ਆਪਣੀ ਮੌਤ ਤੋਂ ਤਿੰਨ ਦਿਨ ਪਹਿਲਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ: “ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪਰਚਾਰ ਸਾਰੀ ਦੁਨੀਆ ਵਿੱਚ ਕੀਤਾ ਜਾਵੇਗਾ ਜੋ ਸਭ ਕੌਮਾਂ ਉੱਤੇ ਸਾਖੀ ਹੋਵੇ ਤਦ ਅੰਤ ਆਵੇਗਾ।” ਸਵਰਗ ਜਾਣ ਤੋਂ ਪਹਿਲਾਂ ਜੀ ਉੱਠੇ ਯਿਸੂ ਨੇ ਆਪਣੇ ਚੇਲਿਆਂ ਨੂੰ ਹੁਕਮ ਦਿੱਤਾ ਸੀ ਕਿ ਉਹ ‘ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਉਣ ਅਤੇ ਉਨ੍ਹਾਂ ਨੂੰ ਸਿਖਾਉਣ ਭਈ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਜਿਨ੍ਹਾਂ ਦਾ ਉਸ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਸੀ।’ ਉਸ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਕਿ ਉਹ “ਜੁਗ ਦੇ ਅੰਤ ਤੀਕਰ ਹਰ ਵੇਲੇ” ਉਨ੍ਹਾਂ ਦੇ ਨਾਲ ਹੋਵੇਗਾ।—ਮੱਤੀ 24:14; 26:1, 2; 28:19, 20.

2 ਯਹੋਵਾਹ ਦੇ ਗਵਾਹਾਂ ਵਜੋਂ ਅਸੀਂ ਵਧ-ਚੜ੍ਹ ਕੇ ਉਸ ਕੰਮ ਵਿਚ ਹਿੱਸਾ ਲੈ ਰਹੇ ਹਾਂ ਜੋ ਪਹਿਲੀ ਸਦੀ ਵਿਚ ਸ਼ੁਰੂ ਹੋਇਆ ਸੀ। ਹੋਰ ਕੋਈ ਕੰਮ ਇੰਨਾ ਜ਼ਰੂਰੀ ਨਹੀਂ ਜਿੰਨਾ ਰਾਜ ਦਾ ਪ੍ਰਚਾਰ ਕਰਨ ਅਤੇ ਚੇਲੇ ਬਣਾਉਣ ਦਾ ਕੰਮ ਹੈ। ਤਾਂ ਫਿਰ ਕਿੰਨਾ ਜ਼ਰੂਰੀ ਹੈ ਕਿ ਅਸੀਂ ਇਸ ਕੰਮ ਵਿਚ ਅਸਰਕਾਰੀ ਹੋਈਏ ਕਿਉਂਕਿ ਇਸ ਨਾਲ ਲੋਕਾਂ ਦੀਆਂ ਜਾਨਾਂ ਬਚ ਸਕਦੀਆਂ ਹਨ! ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਪਵਿੱਤਰ ਸ਼ਕਤੀ ਦੀ ਸੇਧ ਨਾਲ ਅਸੀਂ ਦਲੇਰੀ ਨਾਲ ਪ੍ਰਚਾਰ ਕਿੱਦਾਂ ਕਰ ਸਕਦੇ ਹਾਂ। ਅਗਲੇ ਦੋ ਲੇਖਾਂ ਵਿਚ ਦੱਸਿਆ ਜਾਵੇਗਾ ਕਿ ਯਹੋਵਾਹ ਦੀ ਸ਼ਕਤੀ ਦੀ ਸੇਧ ਨਾਲ ਅਸੀਂ ਕਿਵੇਂ ਕੁਸ਼ਲਤਾ ਨਾਲ ਸਿਖਾ ਸਕਦੇ ਹਾਂ ਅਤੇ ਪ੍ਰਚਾਰ ਕਰਨ ਵਿਚ ਲੱਗੇ ਰਹਿ ਸਕਦੇ ਹਾਂ।

ਦਲੇਰੀ ਦੀ ਲੋੜ

3. ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣ ਲਈ ਸਾਨੂੰ ਦਲੇਰੀ ਦੀ ਕਿਉਂ ਲੋੜ ਹੈ?

3 ਪਰਮੇਸ਼ੁਰ ਵੱਲੋਂ ਮਿਲਿਆ ਰਾਜ ਦੇ ਪ੍ਰਚਾਰ ਦਾ ਕੰਮ ਕਰਨਾ ਸਾਡੇ ਲਈ ਬਹੁਤ ਵੱਡਾ ਸਨਮਾਨ ਹੈ। ਪਰ ਇਹ ਕੰਮ ਕਰਦਿਆਂ ਮੁਸ਼ਕਲਾਂ ਵੀ ਆਉਂਦੀਆਂ ਹਨ। ਕੁਝ ਲੋਕ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਝੱਟ ਕਬੂਲ ਕਰ ਲੈਂਦੇ ਹਨ, ਪਰ ਕਈ ਨੂਹ ਦੇ ਦਿਨਾਂ ਵਰਗੇ ਸਾਬਤ ਹੁੰਦੇ ਹਨ। ਯਿਸੂ ਨੇ ਕਿਹਾ ਸੀ ਕਿ ਉਨ੍ਹਾਂ ਲੋਕਾਂ ਨੇ ਉਸ ਵੇਲੇ ਕੋਈ ਧਿਆਨ ਨਹੀਂ ਦਿੱਤਾ “ਜਦ ਤਾਈਂ ਪਰਲੋ ਨਾ ਆਈ ਅਤੇ ਸਭਨਾਂ ਨੂੰ ਰੁੜ੍ਹਾ ਕੇ ਲੈ ਨਾ ਗਈ।” (ਮੱਤੀ 24:38, 39) ਕੁਝ ਲੋਕ ਅਜਿਹੇ ਹਨ ਜੋ ਸਾਡਾ ਮਖੌਲ ਉਡਾਉਂਦੇ ਹਨ ਜਾਂ ਵਿਰੋਧ ਕਰਦੇ ਹਨ। (2 ਪਤ. 3:3) ਇਹ ਵਿਰੋਧ ਸ਼ਾਇਦ ਅਧਿਕਾਰੀਆਂ, ਸਕੂਲ ਦੇ ਵਿਦਿਆਰਥੀਆਂ ਜਾਂ ਸਾਡੇ ਨਾਲ ਕੰਮ ਕਰਨ ਵਾਲਿਆਂ ਜਾਂ ਨਜ਼ਦੀਕੀ ਰਿਸ਼ਤੇਦਾਰਾਂ ਵੱਲੋਂ ਆਵੇ। ਇਸ ਦੇ ਨਾਲ-ਨਾਲ ਸਾਡੀਆਂ ਆਪਣੀਆਂ ਵੀ ਕਮੀਆਂ-ਕਮਜ਼ੋਰੀਆਂ ਹਨ। ਸ਼ਾਇਦ ਸਾਡਾ ਸ਼ਰਮੀਲਾ ਸੁਭਾਅ ਹੋਵੇ ਜਾਂ ਅਸੀਂ ਡਰੀਏ ਕਿ ਲੋਕ ਸਾਡੀ ਗੱਲ ਨਹੀਂ ਸੁਣਨਗੇ। ਇੱਦਾਂ ਦੀਆਂ ਕਈ ਗੱਲਾਂ ਹਨ ਜਿਨ੍ਹਾਂ ਕਰਕੇ ਅਸੀਂ ਸ਼ਾਇਦ “ਦਿਲੇਰੀ ਨਾਲ” ਗੱਲ ਨਾ ਕਰ ਸਕੀਏ। (ਅਫ਼. 6:19, 20) ਇਸ ਲਈ ਪਰਮੇਸ਼ੁਰ ਦੇ ਬਚਨ ਨੂੰ ਸੁਣਾਉਣ ਵਿਚ ਡਟੇ ਰਹਿਣ ਲਈ ਸਾਨੂੰ ਦਲੇਰੀ ਦੀ ਲੋੜ ਹੈ। ਕਿਹੜੀ ਗੱਲ ਦਲੇਰ ਹੋਣ ਵਿਚ ਸਾਡੀ ਮਦਦ ਕਰ ਸਕਦੀ ਹੈ?

4. (ੳ) ਦਲੇਰੀ ਕੀ ਹੈ? (ਅ) ਪੌਲੁਸ ਰਸੂਲ ਨੂੰ ਥੱਸਲੁਨੀਕਾ ਦੇ ਲੋਕਾਂ ਨੂੰ ਪ੍ਰਚਾਰ ਕਰਨ ਲਈ ਹਿੰਮਤ ਕਿੱਥੋਂ ਮਿਲੀ?

4 “ਦਲੇਰੀ” ਅਨੁਵਾਦ ਕੀਤੇ ਗਏ ਯੂਨਾਨੀ ਸ਼ਬਦ ਦਾ ਮਤਲਬ ਹੈ “ਖੁੱਲ੍ਹ ਕੇ ਗੱਲ ਕਹਿਣੀ, ਸਾਫ਼-ਸਾਫ਼ ਜਾਂ ਸਿੱਧੀ ਗੱਲ ਕਹਿਣੀ। ਇਹ ਸ਼ਬਦ “ਹਿੰਮਤ, ਭਰੋਸੇ, . . . ਨਿਡਰਤਾ” ਦਾ ਭਾਵ ਰੱਖਦਾ ਹੈ। ਪਰ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਬਦਤਮੀਜ਼ੀ ਨਾਲ ਗੱਲ ਕਰੀਏ। (ਕੁਲੁ. 4:6) ਦਲੇਰ ਹੋਣ ਦੇ ਨਾਲ-ਨਾਲ ਅਸੀਂ ਸਾਰਿਆਂ ਨਾਲ ਸ਼ਾਂਤੀ ਵੀ ਬਣਾਈ ਰੱਖਣੀ ਚਾਹੁੰਦੇ ਹਾਂ। (ਰੋਮੀ. 12:18) ਇਸ ਤੋਂ ਇਲਾਵਾ, ਜਦੋਂ ਅਸੀਂ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਹਾਂ, ਤਾਂ ਸਾਨੂੰ ਦਲੇਰ ਹੋਣ ਦੇ ਨਾਲ-ਨਾਲ ਸਮਝਦਾਰੀ ਵੀ ਵਰਤਣ ਦੀ ਲੋੜ ਹੈ ਤਾਂਕਿ ਅਸੀਂ ਅਣਜਾਣੇ ਵਿਚ ਕਿਸੇ ਨੂੰ ਠੇਸ ਨਾ ਪਹੁੰਚਾਈਏ। ਹਾਂ, ਦਲੇਰ ਹੋਣ ਲਈ ਸਾਨੂੰ ਆਪਣੇ ਵਿਚ ਦੂਸਰੇ ਗੁਣ ਵੀ ਪੈਦਾ ਕਰਨ ਦੀ ਲੋੜ ਹੈ। ਪਰ ਅਸੀਂ ਆਪਣੀ ਤਾਕਤ ਨਾਲ ਦਲੇਰ ਨਹੀਂ ਹੋ ਸਕਦੇ। ਫ਼ਿਲਿੱਪੈ ਵਿਚ ਪੌਲੁਸ ਰਸੂਲ ਅਤੇ ਉਸ ਦੇ ਸਾਥੀਆਂ ਨਾਲ ਮਾੜਾ ਸਲੂਕ ਹੋਣ ਤੋਂ ਬਾਅਦ ਉਹ ਕਿਵੇਂ ਥੱਸਲੁਨੀਕਾ ਦੇ ਲੋਕਾਂ ਨੂੰ ਪ੍ਰਚਾਰ ਕਰਨ ਲਈ “ਦਿਲੇਰ ਹੋਏ”? ਪੌਲੁਸ ਨੇ ਲਿਖਿਆ ਕਿ ਉਹ “ਪਰਮੇਸ਼ੁਰ ਦੇ ਆਸਰੇ” ਦਲੇਰ ਹੋਏ। (1 ਥੱਸਲੁਨੀਕੀਆਂ 2:2 ਪੜ੍ਹੋ।) ਯਹੋਵਾਹ ਕਿਸੇ ਵੀ ਤਰ੍ਹਾਂ ਦਾ ਡਰ ਦੂਰ ਕਰ ਕੇ ਸਾਨੂੰ ਵੀ ਦਲੇਰ ਬਣਾ ਸਕਦਾ ਹੈ।

5. ਯਹੋਵਾਹ ਨੇ ਪਤਰਸ, ਯੂਹੰਨਾ ਅਤੇ ਹੋਰਨਾਂ ਚੇਲਿਆਂ ਨੂੰ ਦਲੇਰ ਕਿਵੇਂ ਬਣਾਇਆ?

5 ਜਦੋਂ ‘ਲੋਕਾਂ ਦੇ ਸਰਦਾਰਾਂ, ਬਜ਼ੁਰਗਾਂ ਅਤੇ ਗ੍ਰੰਥੀਆਂ’ ਨੇ ਪਤਰਸ ਅਤੇ ਯੂਹੰਨਾ ਰਸੂਲ ਨੂੰ ਪ੍ਰਚਾਰ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ, ਤਾਂ ਉਨ੍ਹਾਂ ਨੇ ਜਵਾਬ ਦਿੱਤਾ: “ਕੀ ਪਰਮੇਸ਼ੁਰ ਦੇ ਅੱਗੇ ਇਹ ਜੋਗ ਹੈ ਜੋ ਅਸੀਂ ਪਰਮੇਸ਼ੁਰ ਨਾਲੋਂ ਤੁਹਾਡੀ ਬਹੁਤੀ ਸੁਣੀਏ? ਤੁਸੀਂ ਆਪੇ ਫ਼ੈਸਲਾ ਕਰੋ। ਕਿਉਂਕਿ ਇਹ ਸਾਥੋਂ ਹੋ ਨਹੀਂ ਸੱਕਦਾ ਕਿ ਜਿਹੜੀਆਂ ਗੱਲਾਂ ਅਸਾਂ ਵੇਖੀਆਂ ਅਤੇ ਸੁਣੀਆਂ ਓਹ ਨਾ ਆਖੀਏ।” ਉਨ੍ਹਾਂ ਨੇ ਇਹ ਪ੍ਰਾਰਥਨਾ ਨਹੀਂ ਕੀਤੀ ਕਿ ਪਰਮੇਸ਼ੁਰ ਸਤਾਹਟਾਂ ਹਟਾਵੇ, ਸਗੋਂ ਉਨ੍ਹਾਂ ਨੇ ਤੇ ਹੋਰਨਾਂ ਭੈਣਾਂ-ਭਰਾਵਾਂ ਨੇ ਇਹ ਬੇਨਤੀ ਕੀਤੀ: “ਹੇ ਪ੍ਰਭੁ ਓਹਨਾਂ ਦੀਆਂ ਧਮਕੀਆਂ ਨੂੰ ਵੇਖ ਅਰ ਆਪਣੇ ਦਾਸਾਂ ਨੂੰ ਇਹ ਬਖ਼ਸ਼ ਕਿ ਅੱਤ ਦਲੇਰੀ ਨਾਲ ਤੇਰਾ ਬਚਨ ਸੁਣਾਉਣ।” (ਰਸੂ. 4:5, 19, 20, 29) ਯਹੋਵਾਹ ਨੇ ਉਨ੍ਹਾਂ ਦੀ ਬੇਨਤੀ ਦਾ ਕੀ ਜਵਾਬ ਦਿੱਤਾ? (ਰਸੂਲਾਂ ਦੇ ਕਰਤੱਬ 4:31 ਪੜ੍ਹੋ।) ਯਹੋਵਾਹ ਨੇ ਆਪਣੀ ਸ਼ਕਤੀ ਨਾਲ ਉਨ੍ਹਾਂ ਦੀ ਦਲੇਰ ਹੋਣ ਵਿਚ ਮਦਦ ਕੀਤੀ। ਪਰਮੇਸ਼ੁਰ ਦੀ ਸ਼ਕਤੀ ਸਾਨੂੰ ਵੀ ਦਲੇਰ ਬਣਾ ਸਕਦੀ ਹੈ। ਤਾਂ ਫਿਰ ਸਾਨੂੰ ਇਹ ਸ਼ਕਤੀ ਕਿਵੇਂ ਮਿਲ ਸਕਦੀ ਹੈ ਅਤੇ ਅਸੀਂ ਇਸ ਦੀ ਸੇਧ ਨਾਲ ਪ੍ਰਚਾਰ ਕਿਵੇਂ ਕਰ ਸਕਦੇ ਹਾਂ?

ਦਲੇਰ ਹੋਵੋ

6, 7. ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਪਾਉਣ ਦਾ ਸਭ ਤੋਂ ਆਸਾਨ ਤਰੀਕਾ ਕੀ ਹੈ? ਉਦਾਹਰਣਾਂ ਦਿਓ।

6 ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਪਾਉਣ ਦਾ ਸਭ ਤੋਂ ਆਸਾਨ ਤਰੀਕਾ ਹੈ ਕਿ ਅਸੀਂ ਪਰਮੇਸ਼ੁਰ ਤੋਂ ਇਸ ਦੀ ਮੰਗ ਕਰੀਏ। ਯਿਸੂ ਨੇ ਆਪਣੇ ਸਰੋਤਿਆਂ ਨੂੰ ਕਿਹਾ: “ਜੇ ਤੁਸੀਂ ਬੁਰੇ ਹੋ ਕੇ ਆਪਣਿਆਂ ਬਾਲਕਾਂ ਨੂੰ ਚੰਗੀਆਂ ਦਾਤਾਂ ਦੇਣੀਆਂ ਜਾਣਦੇ ਹੋ ਤਾਂ ਉਹ ਸੁਰਗੀ ਪਿਤਾ ਕਿੰਨਾ ਵਧੀਕ ਆਪਣੇ ਮੰਗਣ ਵਾਲਿਆਂ ਨੂੰ ਪਵਿੱਤ੍ਰ [ਸ਼ਕਤੀ] ਦੇਵੇਗਾ!” (ਲੂਕਾ 11:13) ਹਾਂ, ਸਾਨੂੰ ਪਰਮੇਸ਼ੁਰ ਦੀ ਸ਼ਕਤੀ ਲਈ ਵਾਰ-ਵਾਰ ਪ੍ਰਾਰਥਨਾ ਕਰਨੀ ਚਾਹੀਦੀ ਹੈ। ਜੇ ਅਸੀਂ ਸੜਕ ’ਤੇ, ਕਾਰੋਬਾਰੀ ਇਲਾਕੇ ਵਿਚ ਜਾਂ ਹੋਰ ਕੋਈ ਮੌਕਾ ਮਿਲਣ ਤੇ ਗਵਾਹੀ ਦੇਣ ਤੋਂ ਹਿਚਕਿਚਾਉਂਦੇ ਹਾਂ, ਤਾਂ ਅਸੀਂ ਸ਼ਕਤੀ ਲਈ ਯਹੋਵਾਹ ਨੂੰ ਪ੍ਰਾਰਥਨਾ ਕਰ ਸਕਦੇ ਹਾਂ ਕਿ ਉਹ ਸਾਨੂੰ ਹਿੰਮਤ ਦੇਵੇ।—1 ਥੱਸ. 5:17.

7 ਰੋਸਾ ਨਾਂ ਦੀ ਇਕ ਮਸੀਹੀ ਭੈਣ ਨੇ ਇਸੇ ਤਰ੍ਹਾਂ ਕੀਤਾ। * ਇਕ ਦਿਨ ਜਦ ਉਹ ਸਕੂਲ ਵਿਚ ਆਪਣਾ ਕੰਮ ਕਰ ਰਹੀ ਸੀ, ਤਾਂ ਉਸ ਦੇ ਨਾਲ ਦੀ ਟੀਚਰ ਕਿਸੇ ਦੂਸਰੇ ਸਕੂਲ ਦੀ ਰਿਪੋਰਟ ਪੜ੍ਹ ਰਹੀ ਸੀ ਜਿਸ ਵਿਚ ਬੱਚਿਆਂ ਨਾਲ ਕੀਤੇ ਮਾੜੇ ਸਲੂਕ ਬਾਰੇ ਦੱਸਿਆ ਸੀ। ਰਿਪੋਰਟ ਪੜ੍ਹ ਕੇ ਟੀਚਰ ਇੰਨੀ ਦੁਖੀ ਹੋਈ ਕਿ ਉਸ ਨੇ ਕਿਹਾ, “ਕੀ ਬਣੂੰ ਇਸ ਦੁਨੀਆਂ ਦਾ?” ਰੋਸਾ ਗਵਾਹੀ ਦੇਣ ਦਾ ਇਹ ਮੌਕਾ ਹੱਥੋਂ ਨਹੀਂ ਸੀ ਗੁਆਉਣਾ ਚਾਹੁੰਦੀ। ਉਸ ਨੂੰ ਗੱਲ ਕਰਨ ਦੀ ਹਿੰਮਤ ਕਿੱਥੋਂ ਮਿਲੀ? ਉਹ ਦੱਸਦੀ ਹੈ: “ਮੈਂ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਕਿ ਉਹ ਆਪਣੀ ਸ਼ਕਤੀ ਦੇ ਕੇ ਮੇਰੀ ਮਦਦ ਕਰੇ।” ਇਸ ਤਰ੍ਹਾਂ ਰੋਸਾ ਚੰਗੀ ਗਵਾਹੀ ਦੇ ਸਕੀ ਅਤੇ ਦੁਬਾਰਾ ਉਸ ਟੀਚਰ ਨਾਲ ਗੱਲ ਕਰਨ ਲਈ ਸਮਾਂ ਤੈਅ ਕੀਤਾ। ਜ਼ਰਾ ਪੰਜ ਸਾਲਾਂ ਦੀ ਮੀਲਾਨੀ ਦੀ ਮਿਸਾਲ ’ਤੇ ਵੀ ਗੌਰ ਕਰੋ ਜੋ ਨਿਊਯਾਰਕ ਸਿਟੀ ਵਿਚ ਰਹਿੰਦੀ ਹੈ। ਮੀਲਾਨੀ ਕਹਿੰਦੀ ਹੈ: “ਸਕੂਲ ਜਾਣ ਤੋਂ ਪਹਿਲਾਂ ਮੈਂ ਤੇ ਮੇਰੀ ਮੰਮੀ ਹਮੇਸ਼ਾ ਯਹੋਵਾਹ ਨੂੰ ਪ੍ਰਾਰਥਨਾ ਕਰਦੀਆਂ ਹਾਂ।” ਉਹ ਕਾਹਦੇ ਲਈ ਪ੍ਰਾਰਥਨਾ ਕਰਦੀਆਂ? ਇਹ ਕਿ ਯਹੋਵਾਹ ਮੀਲਾਨੀ ਨੂੰ ਹਿੰਮਤ ਦੇਵੇ ਕਿ ਉਹ ਯਹੋਵਾਹ ਦਾ ਪੱਖ ਲੈ ਕੇ ਉਸ ਬਾਰੇ ਗੱਲ ਕਰ ਸਕੇ! ਉਸ ਦੀ ਮਾਂ ਦੱਸਦੀ ਹੈ: “ਇਸ ਤਰ੍ਹਾਂ ਕਰਨ ਨਾਲ ਮੀਲਾਨੀ ਸਮਝਾ ਸਕੀ ਕਿ ਉਹ ਜਨਮ ਦਿਨ ਅਤੇ ਹੋਰ ਤਿਉਹਾਰ ਕਿਉਂ ਨਹੀਂ ਮਨਾਉਂਦੀ। ਨਾਲੇ ਉਸ ਨੂੰ ਇਨ੍ਹਾਂ ਵਿਚ ਹਿੱਸਾ ਲੈਣ ਤੋਂ ਦੂਰ ਰਹਿਣ ਦੀ ਮਦਦ ਮਿਲੀ ਹੈ।” ਕੀ ਇਨ੍ਹਾਂ ਉਦਾਹਰਣਾਂ ਤੋਂ ਅਸੀਂ ਇਹ ਨਹੀਂ ਸਿੱਖਦੇ ਕਿ ਪ੍ਰਾਰਥਨਾ ਕਰਨ ਨਾਲ ਹਿੰਮਤ ਮਿਲਦੀ ਹੈ?

8. ਯਿਰਮਿਯਾਹ ਨਬੀ ਦੀ ਮਿਸਾਲ ਤੋਂ ਅਸੀਂ ਦਲੇਰ ਬਣਨ ਬਾਰੇ ਕੀ ਸਿੱਖ ਸਕਦੇ ਹਾਂ?

8 ਯਿਰਮਿਯਾਹ ਨਬੀ ਦੀ ਮਿਸਾਲ ’ਤੇ ਵੀ ਗੌਰ ਕਰੋ ਕਿ ਉਸ ਦੀ ਕਿਹੜੀ ਗੱਲ ਨੇ ਦਲੇਰ ਬਣਨ ਵਿਚ ਮਦਦ ਕੀਤੀ। ਜਦੋਂ ਯਹੋਵਾਹ ਨੇ ਉਸ ਨੂੰ ਕੌਮਾਂ ਲਈ ਨਬੀ ਵਜੋਂ ਚੁਣਿਆ ਸੀ, ਤਾਂ ਯਿਰਮਿਯਾਹ ਨੇ ਕਿਹਾ: “ਮੈਂ ਗੱਲ ਕਰਨੀ ਨਹੀਂ ਜਾਣਦਾ, ਮੈਂ ਛੋਕਰਾ ਜੋ ਹਾਂ।” (ਯਿਰ. 1:4-6) ਪਰ ਬਾਅਦ ਵਿਚ ਉਹ ਇੰਨੇ ਜੋਸ਼ ਨਾਲ ਲੋਕਾਂ ਨੂੰ ਪ੍ਰਚਾਰ ਕਰਨ ਲੱਗਾ ਕਿ ਲੋਕਾਂ ਨੂੰ ਲੱਗਦਾ ਸੀ ਕਿ ਉਹ ਹਮੇਸ਼ਾ ਤਬਾਹੀ ਦੀਆਂ ਗੱਲਾਂ ਹੀ ਕਰਦਾ ਰਹਿੰਦਾ ਸੀ। (ਯਿਰ. 38:4) ਉਹ ਦਲੇਰੀ ਨਾਲ 65 ਤੋਂ ਵੀ ਜ਼ਿਆਦਾ ਸਾਲਾਂ ਤਕ ਯਹੋਵਾਹ ਦੇ ਨਿਆਂ ਸੁਣਾਉਂਦਾ ਰਿਹਾ। ਉਹ ਇਸਰਾਏਲ ਵਿਚ ਨਿਡਰਤਾ ਅਤੇ ਦਲੇਰੀ ਨਾਲ ਪ੍ਰਚਾਰ ਕਰਨ ਲਈ ਜਾਣਿਆ ਜਾਂਦਾ ਸੀ। ਇਸ ਲਈ ਤਕਰੀਬਨ 600 ਸਾਲਾਂ ਬਾਅਦ ਜਦ ਯਿਸੂ ਦਲੇਰੀ ਨਾਲ ਗੱਲਾਂ ਕਰਦਾ ਸੀ, ਤਾਂ ਕੁਝ ਲੋਕਾਂ ਨੇ ਸੋਚਿਆ ਕਿ ਯਿਰਮਿਯਾਹ ਦੁਬਾਰਾ ਜ਼ਿੰਦਾ ਹੋ ਗਿਆ ਸੀ। (ਮੱਤੀ 16:13, 14) ਭਾਵੇਂ ਯਿਰਮਿਯਾਹ ਪਹਿਲਾਂ-ਪਹਿਲਾਂ ਗੱਲ ਕਰਨ ਤੋਂ ਸ਼ਰਮਾਉਂਦਾ ਸੀ, ਪਰ ਫਿਰ ਉਹ ਹਿੰਮਤ ਨਾਲ ਗੱਲ ਕਿਵੇਂ ਕਰ ਸਕਿਆ? ਉਸ ਨੇ ਕਿਹਾ: ‘ਪਰਮੇਸ਼ੁਰ ਦਾ ਬਚਨ ਮੇਰੇ ਦਿਲ ਵਿੱਚ ਬਲਦੀ ਅੱਗ ਵਾਂਙੁ ਹੈ, ਜਿਹੜੀ ਮੇਰੀਆਂ ਹੱਡੀਆਂ ਵਿੱਚ ਲੁਕੀ ਹੋਈ ਹੈ, ਮੈਂ ਏਹ ਨੂੰ ਰੱਖਦਾ ਰੱਖਦਾ ਥੱਕ ਗਿਆ ਹਾਂ।’ (ਯਿਰ. 20:9) ਹਾਂ, ਯਹੋਵਾਹ ਦੇ ਬਚਨ ਤੋਂ ਯਿਰਮਿਯਾਹ ਨੂੰ ਤਾਕਤ ਮਿਲੀ ਜਿਸ ਕਰਕੇ ਉਹ ਬੋਲਣੋਂ ਰਹਿ ਨਾ ਸਕਿਆ।

9. ਪਰਮੇਸ਼ੁਰ ਦੇ ਬਚਨ ਦਾ ਸਾਡੇ ਉੱਤੇ ਯਿਰਮਿਯਾਹ ਜਿੰਨਾ ਅਸਰ ਕਿਉਂ ਪੈ ਸਕਦਾ ਹੈ?

9 ਇਬਰਾਨੀਆਂ ਨੂੰ ਲਿਖੀ ਚਿੱਠੀ ਵਿਚ ਪੌਲੁਸ ਰਸੂਲ ਨੇ ਲਿਖਿਆ: “ਪਰਮੇਸ਼ੁਰ ਦਾ ਬਚਨ ਜੀਉਂਦਾ ਅਤੇ ਗੁਣਕਾਰ ਅਤੇ ਹਰੇਕ ਦੋ ਧਾਰੀ ਤਲਵਾਰ ਨਾਲੋਂ ਤਿੱਖਾ ਹੈ ਅਤੇ ਜੀਵ ਅਤੇ ਆਤਮਾ ਨੂੰ ਅਰ ਬੰਦ ਬੰਦ ਅਤੇ ਗੁੱਦੇ ਨੂੰ ਅੱਡੋ ਅੱਡ ਕਰ ਕੇ ਵਿੰਨ੍ਹ ਸੁੱਟਦਾ ਹੈ ਅਤੇ ਮਨ ਦੀਆਂ ਵਿਚਾਰਾਂ ਅਤੇ ਧਾਰਨਾਂ ਨੂੰ ਜਾਚ ਲੈਂਦਾ ਹੈ।” (ਇਬ. 4:12) ਪਰਮੇਸ਼ੁਰ ਦਾ ਬਚਨ ਸਾਡੇ ’ਤੇ ਵੀ ਉੱਨਾ ਹੀ ਅਸਰ ਕਰ ਸਕਦਾ ਹੈ ਜਿੰਨਾ ਇਸ ਨੇ ਯਿਰਮਿਯਾਹ ’ਤੇ ਕੀਤਾ ਸੀ। ਪਰ ਯਾਦ ਰੱਖੋ ਕਿ ਭਾਵੇਂ ਬੰਦਿਆਂ ਨੇ ਬਾਈਬਲ ਲਿਖੀ ਹੈ, ਇਸ ਵਿਚ ਉਨ੍ਹਾਂ ਦੇ ਵਿਚਾਰ ਨਹੀਂ ਹਨ ਕਿਉਂਕਿ ਪਰਮੇਸ਼ੁਰ ਨੇ ਬਾਈਬਲ ਲਿਖਵਾਈ ਹੈ। ਦੂਜਾ ਪਤਰਸ 1:21 ਵਿਚ ਅਸੀਂ ਪੜ੍ਹਦੇ ਹਾਂ: “ਕੋਈ ਅਗੰਮ ਵਾਕ ਮਨੁੱਖ ਦੀ ਇੱਛਿਆ ਤੋਂ ਕਦੇ ਨਹੀਂ ਆਇਆ ਸਗੋਂ ਮਨੁੱਖ ਪਵਿੱਤਰ [ਸ਼ਕਤੀ] ਦੇ ਉਕਾਸਣ ਨਾਲ ਪਰਮੇਸ਼ੁਰ ਦੀ ਵੱਲੋਂ ਬੋਲਦੇ ਸਨ।” ਜਦੋਂ ਅਸੀਂ ਬਾਈਬਲ ਸਟੱਡੀ ਲਈ ਸਮਾਂ ਕੱਢਦੇ ਹਾਂ, ਤਾਂ ਅਸੀਂ ਆਪਣੇ ਦਿਲਾਂ-ਦਿਮਾਗ਼ਾਂ ਵਿਚ ਪਰਮੇਸ਼ੁਰ ਦੀਆਂ ਗੱਲਾਂ ਬਿਠਾਉਂਦੇ ਹਾਂ। (1 ਕੁਰਿੰਥੀਆਂ 2:10 ਪੜ੍ਹੋ।) ਇਹ ਗੱਲਾਂ ਸਾਡੇ ਦਿਲ ਵਿਚ “ਬਲਦੀ ਅੱਗ ਵਾਂਙੁ” ਹੋ ਸਕਦੀਆਂ ਹਨ ਜੋ ਅਸੀਂ ਦੂਸਰਿਆਂ ਨੂੰ ਦੱਸਣ ਤੋਂ ਰਹਿ ਨਹੀਂ ਸਕਾਂਗੇ।

10, 11. (ੳ) ਜੇ ਅਸੀਂ ਦਲੇਰੀ ਨਾਲ ਗੱਲ ਕਰਨੀ ਚਾਹੁੰਦੇ ਹਾਂ, ਤਾਂ ਸਾਨੂੰ ਕਿਵੇਂ ਬਾਈਬਲ ਦੀ ਸਟੱਡੀ ਕਰਨੀ ਚਾਹੀਦੀ ਹੈ? (ਅ) ਘੱਟੋ-ਘੱਟ ਇਕ ਗੱਲ ਦੱਸੋ ਜਿਸ ਦੀ ਮਦਦ ਨਾਲ ਤੁਸੀਂ ਹੋਰ ਵੀ ਚੰਗੀ ਤਰ੍ਹਾਂ ਸਟੱਡੀ ਕਰ ਸਕਦੇ ਹੋ।

10 ਜੇ ਅਸੀਂ ਚਾਹੁੰਦੇ ਹਾਂ ਕਿ ਬਾਈਬਲ ਸਟੱਡੀ ਦਾ ਸਾਡੇ ’ਤੇ ਵਧੀਆ ਅਸਰ ਪਵੇ, ਤਾਂ ਸਾਨੂੰ ਇਸ ਤਰੀਕੇ ਨਾਲ ਸਟੱਡੀ ਕਰਨੀ ਚਾਹੀਦੀ ਹੈ ਕਿ ਇਸ ਦੀਆਂ ਗੱਲਾਂ ਸਾਡੇ ਦਿਲ ਵਿਚ ਬੈਠ ਜਾਣ। ਮਿਸਾਲ ਲਈ, ਹਿਜ਼ਕੀਏਲ ਨਬੀ ਨੂੰ ਦਰਸ਼ਣ ਵਿਚ ਇਕ ਪੱਤਰੀ ਖਾਣ ਨੂੰ ਕਿਹਾ ਗਿਆ ਜਿਸ ਵਿਚ ਪੱਥਰ-ਦਿਲ ਲੋਕਾਂ ਲਈ ਇਕ ਜ਼ਬਰਦਸਤ ਸੰਦੇਸ਼ ਸੀ। ਹਿਜ਼ਕੀਏਲ ਨੇ ਇਸ ਸੰਦੇਸ਼ ਨੂੰ ਆਪਣੇ ਦਿਲੋ-ਦਿਮਾਗ਼ ਵਿਚ ਸਮਾ ਲੈਣਾ ਸੀ ਤੇ ਇਸ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲੈਣਾ ਸੀ। ਇੱਦਾਂ ਕਰਨ ਨਾਲ ਉਸ ਨੂੰ ਸੰਦੇਸ਼ ਸੁਣਾਉਣ ਵਿਚ ਮਜ਼ਾ ਆਉਣਾ ਸੀ ਜਿਵੇਂ ਉਹ ਸ਼ਹਿਦ ਖਾਣ ਦਾ ਮਜ਼ਾ ਲੈ ਰਿਹਾ ਹੋਵੇ।—ਹਿਜ਼ਕੀਏਲ 2:8–3:4, 7-9 ਪੜ੍ਹੋ।

11 ਸਾਡੀ ਹਾਲਤ ਵੀ ਹਿਜ਼ਕੀਏਲ ਵਰਗੀ ਹੈ। ਅੱਜ ਵੀ ਕਈ ਲੋਕ ਬਾਈਬਲ ਦਾ ਸੰਦੇਸ਼ ਸੁਣਨਾ ਨਹੀਂ ਚਾਹੁੰਦੇ। ਜੇ ਅਸੀਂ ਪਰਮੇਸ਼ੁਰ ਦੇ ਬਚਨ ਨੂੰ ਸੁਣਾਉਣ ਵਿਚ ਲੱਗੇ ਰਹਿਣਾ ਚਾਹੁੰਦੇ ਹਾਂ, ਤਾਂ ਬਹੁਤ ਜ਼ਰੂਰੀ ਹੈ ਕਿ ਅਸੀਂ ਚੰਗੀ ਤਰ੍ਹਾਂ ਬਾਈਬਲ ਦੀ ਸਟੱਡੀ ਕਰੀਏ ਤਾਂਕਿ ਅਸੀਂ ਇਸ ਦੀਆਂ ਗੱਲਾਂ ਪੂਰੀ ਤਰ੍ਹਾਂ ਸਮਝ ਸਕੀਏ। ਇੱਦਾਂ ਨਹੀਂ ਕਰਨਾ ਚਾਹੀਦਾ ਕਿ ਕਦੇ ਬਾਈਬਲ ਪੜ੍ਹ ਲਈ ਅਤੇ ਕਦੇ ਨਹੀਂ। ਸਾਨੂੰ ਹਰ ਰੋਜ਼ ਬਾਈਬਲ ਪੜ੍ਹਨੀ ਚਾਹੀਦੀ ਹੈ। ਸਾਨੂੰ ਜ਼ਬੂਰਾਂ ਦੇ ਲਿਖਾਰੀ ਵਾਂਗ ਸੋਚਣਾ ਚਾਹੀਦਾ ਹੈ: “ਹੇ ਯਹੋਵਾਹ, ਮੇਰੀ ਚਟਾਨ ਅਰ ਮੇਰੇ ਛੁਡਾਉਣ ਵਾਲੇ, ਮੇਰੇ ਮੂੰਹ ਦੀਆਂ ਗੱਲਾਂ ਅਤੇ ਮੇਰੇ ਮਨ ਦਾ ਵਿਚਾਰ, ਤੇਰੇ ਹਜ਼ੂਰ ਮੰਨਣ ਜੋਗ ਹੋਵੇ।” (ਜ਼ਬੂ. 19:14) ਇਸ ਲਈ ਕਿੰਨਾ ਜ਼ਰੂਰੀ ਹੈ ਕਿ ਪੜ੍ਹੀਆਂ ਗੱਲਾਂ ’ਤੇ ਮਨਨ ਕਰਨ ਲਈ ਅਸੀਂ ਸਮਾਂ ਕੱਢੀਏ ਤਾਂਕਿ ਇਹ ਗੱਲਾਂ ਸਾਡੇ ਦਿਲਾਂ-ਦਿਮਾਗ਼ਾਂ ਵਿਚ ਬੈਠ ਜਾਣ। *

12. ਮੀਟਿੰਗਾਂ ਦੀ ਮਦਦ ਨਾਲ ਅਸੀਂ ਕਿਉਂ ਪਵਿੱਤਰ ਸ਼ਕਤੀ ਦੀ ਸੇਧ ਅਨੁਸਾਰ ਚੱਲ ਸਕਦੇ ਹਾਂ?

12 ਯਹੋਵਾਹ ਦੀ ਸ਼ਕਤੀ ਤੋਂ ਲਾਭ ਉਠਾਉਣ ਦਾ ਇਕ ਹੋਰ ਤਰੀਕਾ ਹੈ ਕਿ “ਸ਼ੁਭ ਕਰਮਾਂ ਲਈ ਉਭਾਰਨ ਨੂੰ ਅਸੀਂ ਇੱਕ ਦੂਏ ਦਾ ਧਿਆਨ ਰੱਖੀਏ ਅਤੇ ਆਪਸ ਵਿੱਚੀਂ ਇਕੱਠੇ ਹੋਣ ਨੂੰ ਨਾ ਛੱਡੀਏ।” (ਇਬ. 10:24, 25) ਜੇ ਅਸੀਂ ਹਰ ਮੀਟਿੰਗ ਵਿਚ ਹਾਜ਼ਰ ਹੋਣ, ਧਿਆਨ ਨਾਲ ਸੁਣਨ ਅਤੇ ਸਿੱਖੀਆਂ ਗੱਲਾਂ ਨੂੰ ਲਾਗੂ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ, ਤਾਂ ਅਸੀਂ ਸ਼ਕਤੀ ਦੀ ਸੇਧ ਅਨੁਸਾਰ ਚੱਲਦੇ ਹੋਵਾਂਗੇ। ਹਾਂ, ਯਹੋਵਾਹ ਕਲੀਸਿਯਾ ਦੇ ਰਾਹੀਂ ਸਾਨੂੰ ਸੇਧ ਦਿੰਦਾ ਹੈ।ਪਰਕਾਸ਼ ਦੀ ਪੋਥੀ 3:6 ਪੜ੍ਹੋ।

ਦਲੇਰ ਹੋਣ ਦੇ ਫ਼ਾਇਦੇ

13. ਪਹਿਲੀ ਸਦੀ ਦੇ ਮਸੀਹੀਆਂ ਨੇ ਜਿਸ ਤਰ੍ਹਾਂ ਪ੍ਰਚਾਰ ਦਾ ਕੰਮ ਕੀਤਾ ਸੀ, ਉਸ ਤੋਂ ਅਸੀਂ ਕੀ ਸਿੱਖਦੇ ਹਾਂ?

13 ਪਵਿੱਤਰ ਸ਼ਕਤੀ ਦੁਨੀਆਂ ਦੀ ਹਰ ਤਾਕਤ ਤੋਂ ਕਿਤੇ ਜ਼ਿਆਦਾ ਅਸਰਦਾਰ ਹੈ ਅਤੇ ਇਸ ਦੀ ਮਦਦ ਨਾਲ ਇਨਸਾਨ ਯਹੋਵਾਹ ਦੀ ਇੱਛਾ ਪੂਰੀ ਕਰ ਸਕਦੇ ਹਨ। ਇਸ ਦੀ ਮਦਦ ਨਾਲ ਪਹਿਲੀ ਸਦੀ ਦੇ ਮਸੀਹੀਆਂ ਨੇ ਵਧ-ਚੜ੍ਹ ਕੇ ਪ੍ਰਚਾਰ ਦਾ ਕੰਮ ਕੀਤਾ। ਉਨ੍ਹਾਂ ਨੇ ਉਸ ਸਮੇਂ ਦੀ “ਅਕਾਸ਼ ਹੇਠਲੀ ਸਾਰੀ ਸਰਿਸ਼ਟ ਵਿੱਚ” ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ। (ਕੁਲੁ. 1:23) ਜਦ ਅਸੀਂ ਸੋਚਦੇ ਹਾਂ ਕਿ ਜ਼ਿਆਦਾਤਰ ਚੇਲੇ “ਆਮ ਵਿੱਚੋਂ” ਸਨ ਯਾਨੀ ਜ਼ਿਆਦਾ ਪੜ੍ਹੇ-ਲਿਖੇ ਨਹੀਂ ਸਨ, ਤਾਂ ਇਹ ਗੱਲ ਜ਼ਾਹਰ ਹੁੰਦੀ ਹੈ ਕਿ ਉਨ੍ਹਾਂ ਨੇ ਪਵਿੱਤਰ ਸ਼ਕਤੀ ਨਾਲ ਇਹ ਕੰਮ ਪੂਰਾ ਕੀਤਾ ਸੀ।—ਰਸੂ. 4:13.

14. ਕਿਹੜੀ ਗੱਲ ਦੀ ਮਦਦ ਨਾਲ ਅਸੀਂ ਪਵਿੱਤਰ ਸ਼ਕਤੀ ਨਾਲ “ਸਰਗਰਮ” ਹੋ ਸਕਦੇ ਹਾਂ?

14 ਜੇ ਅਸੀਂ ਪਵਿੱਤਰ ਸ਼ਕਤੀ ਦੀ ਸੇਧ ਅਨੁਸਾਰ ਆਪਣੀ ਜ਼ਿੰਦਗੀ ਜੀਉਂਦੇ ਹਾਂ, ਤਾਂ ਹੀ ਅਸੀਂ ਦਲੇਰੀ ਨਾਲ ਪ੍ਰਚਾਰ ਕਰ ਪਾਵਾਂਗੇ। ਪਵਿੱਤਰ ਸ਼ਕਤੀ ਲਈ ਲਗਾਤਾਰ ਪ੍ਰਾਰਥਨਾ ਕਰਨ, ਬਾਈਬਲ ਦੀ ਸਟੱਡੀ ਕਰਨ, ਪੜ੍ਹੀਆਂ ਗੱਲਾਂ ’ਤੇ ਮਨਨ ਕਰਨ ਅਤੇ ਮੀਟਿੰਗਾਂ ਵਿਚ ਜਾਣ ਨਾਲ ਸਾਨੂੰ ਇਸ ਸ਼ਕਤੀ ਦੀ ਸੇਧ ਵਿਚ ਚੱਲਣ ਅਤੇ ਆਪਣੀ ਸੇਵਾ ਵਿਚ ਸਰਗਰਮ ਹੋਣ ਵਿਚ ਮਦਦ ਮਿਲੇਗੀ। (ਰੋਮ. 12:11) ਬਾਈਬਲ ਕਹਿੰਦੀ ਹੈ ਕਿ ‘ਅਪੁੱਲੋਸ ਨਾਮੇ ਇੱਕ ਯਹੂਦੀ ਜਿਹ ਦੀ ਜੰਮਣ ਭੂਮੀ ਸਿਕੰਦਰਿਯਾ ਸੀ ਅਰ ਜੋ ਸੁਆਰਾ ਬੋਲਣ ਵਾਲਾ ਸੀ ਅਫ਼ਸੁਸ ਵਿੱਚ ਆਇਆ।’ ਉਹ “ਮਨ ਵਿੱਚ ਸਰਗਰਮ ਹੋ ਕੇ ਯਿਸੂ ਦੀਆਂ ਗੱਲਾਂ ਜਤਨ ਨਾਲ ਸੁਣਾਉਂਦਾ ਅਤੇ ਸਿਖਾਲਦਾ ਸੀ।” (ਰਸੂ. 18:24, 25) ਅਸੀਂ ਵੀ ਪਵਿੱਤਰ ਸ਼ਕਤੀ ਨਾਲ “ਸਰਗਰਮ” ਹੋ ਕੇ ਘਰ-ਘਰ ਅਤੇ ਕੋਈ ਵੀ ਮੌਕਾ ਮਿਲਣ ਤੇ ਦਲੇਰੀ ਨਾਲ ਗਵਾਹੀ ਦੇ ਸਕਾਂਗੇ।—ਰੋਮੀ. 12:11.

15. ਦਲੇਰ ਹੋ ਕੇ ਪ੍ਰਚਾਰ ਕਰਨ ਨਾਲ ਸਾਨੂੰ ਕੀ ਫ਼ਾਇਦਾ ਹੁੰਦਾ ਹੈ?

15 ਦਲੇਰ ਹੋ ਕੇ ਪ੍ਰਚਾਰ ਕਰਨ ਨਾਲ ਸਾਡੇ ਉੱਤੇ ਚੰਗਾ ਅਸਰ ਪੈਂਦਾ ਹੈ। ਸਾਡਾ ਰਵੱਈਆ ਸੁਧਰਦਾ ਹੈ ਕਿਉਂਕਿ ਸਾਨੂੰ ਪਤਾ ਹੈ ਕਿ ਸਾਡਾ ਕੰਮ ਕਿੰਨਾ ਅਹਿਮ ਅਤੇ ਫ਼ਾਇਦੇਮੰਦ ਹੈ। ਅਸਰਕਾਰੀ ਤਰੀਕੇ ਨਾਲ ਪ੍ਰਚਾਰ ਕਰ ਕੇ ਸਾਨੂੰ ਖ਼ੁਸ਼ੀ ਮਿਲਦੀ ਹੈ ਅਤੇ ਇਸ ਨਾਲ ਸਾਡਾ ਜੋਸ਼ ਵੀ ਵਧਦਾ ਹੈ। ਸਾਡਾ ਜੋਸ਼ ਉਦੋਂ ਵੀ ਵਧਦਾ ਹੈ ਜਦੋਂ ਅਸੀਂ ਇਹ ਗੱਲ ਧਿਆਨ ਵਿਚ ਰੱਖ ਕੇ ਪ੍ਰਚਾਰ ਕਰਦੇ ਹਾਂ ਕਿ ਅੰਤ ਆਉਣ ਵਿਚ ਥੋੜ੍ਹਾ ਹੀ ਸਮਾਂ ਰਹਿੰਦਾ ਹੈ।

16. ਜੇ ਪ੍ਰਚਾਰ ਵਿਚ ਸਾਡਾ ਜੋਸ਼ ਠੰਢਾ ਪੈ ਗਿਆ ਹੈ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ?

16 ਉਦੋਂ ਕੀ ਜੇ ਪ੍ਰਚਾਰ ਵਿਚ ਸਾਡਾ ਜੋਸ਼ ਠੰਢਾ ਪੈ ਗਿਆ ਹੈ? ਸਾਨੂੰ ਆਪਣੀ ਜਾਂਚ ਕਰਨ ਦੀ ਲੋੜ ਹੈ। ਪੌਲੁਸ ਰਸੂਲ ਨੇ ਲਿਖਿਆ: “ਆਪਣਾ ਪਰਤਾਵਾ ਕਰੋ ਕਿ ਤੁਸੀਂ ਨਿਹਚਾ ਵਿੱਚ ਹੋ ਯਾ ਨਹੀਂ।” (2 ਕੁਰਿੰ. 13:5) ਆਪਣੇ-ਆਪ ਨੂੰ ਪੁੱਛੋ: ‘ਕੀ ਮੈਂ ਪਵਿੱਤਰ ਸ਼ਕਤੀ ਨਾਲ ਸਰਗਰਮ ਹਾਂ? ਕੀ ਮੈਂ ਸ਼ਕਤੀ ਲਈ ਯਹੋਵਾਹ ਨੂੰ ਪ੍ਰਾਰਥਨਾ ਕਰਦਾ ਹਾਂ? ਕੀ ਮੇਰੀਆਂ ਪ੍ਰਾਰਥਨਾਵਾਂ ਤੋਂ ਪਤਾ ਲੱਗਦਾ ਹੈ ਕਿ ਉਸ ਦੀ ਮਰਜ਼ੀ ਪੂਰੀ ਕਰਨ ਲਈ ਮੈਂ ਉਸ ’ਤੇ ਭਰੋਸਾ ਰੱਖਦਾ ਹਾਂ? ਕੀ ਮੈਂ ਪ੍ਰਾਰਥਨਾ ਵਿਚ ਯਹੋਵਾਹ ਦਾ ਸ਼ੁਕਰ ਕਰਦਾ ਹਾਂ ਕਿ ਉਸ ਨੇ ਮੈਨੂੰ ਪ੍ਰਚਾਰ ਦਾ ਕੰਮ ਸੌਂਪਿਆ ਹੈ? ਕੀ ਮੈਂ ਚੰਗੀ ਤਰ੍ਹਾਂ ਬਾਈਬਲ ਦੀ ਸਟੱਡੀ ਕਰਨ ਦੀ ਆਦਤ ਪਾਈ ਹੈ? ਮੈਂ ਕਿੰਨਾ ਕੁ ਸਮਾਂ ਕੱਢ ਕੇ ਪੜ੍ਹੀਆਂ ਤੇ ਸੁਣੀਆਂ ਗੱਲਾਂ ’ਤੇ ਮਨਨ ਕਰਦਾ ਹਾਂ? ਮੈਂ ਮੀਟਿੰਗਾਂ ਵਿਚ ਕਿੰਨਾ ਕੁ ਹਿੱਸਾ ਲੈਂਦਾ ਹਾਂ?’ ਇਨ੍ਹਾਂ ਸਵਾਲਾਂ ਦੀ ਮਦਦ ਨਾਲ ਅਸੀਂ ਦੇਖ ਸਕਦੇ ਹਾਂ ਕਿ ਸਾਨੂੰ ਕਿਹੜੀ ਗੱਲ ਵਿਚ ਸੁਧਾਰ ਕਰਨ ਦੀ ਲੋੜ ਹੈ।

ਪਰਮੇਸ਼ੁਰ ਦੀ ਸ਼ਕਤੀ ਨਾਲ ਦਲੇਰ ਹੋਵੋ

17, 18. (ੳ) ਅੱਜ ਕਿਸ ਹੱਦ ਤਕ ਪ੍ਰਚਾਰ ਦਾ ਕੰਮ ਕੀਤਾ ਜਾ ਰਿਹਾ ਹੈ? (ਅ) ਅਸੀਂ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਂਦਿਆਂ “ਦਿਲੇਰੀ” ਨਾਲ ਕਿਵੇਂ ਗੱਲ ਕਰ ਸਕਦੇ ਹਾਂ?

17 ਜੀ ਉੱਠਣ ਤੋਂ ਬਾਅਦ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ: “ਤੁਸੀਂ ਸ਼ਕਤੀ ਪਾਓਗੇ ਅਤੇ ਯਰੂਸ਼ਲਮ ਅਰ ਸਾਰੇ ਯਹੂਦਿਯਾ ਅਤੇ ਸਾਮਰਿਯਾ ਵਿੱਚ ਸਗੋਂ ਧਰਤੀ ਦੇ ਬੰਨੇ ਤੀਕੁਰ ਮੇਰੇ ਗਵਾਹ ਹੋਵੋਗੇ।” (ਰਸੂ. 1:8) ਜੋ ਕੰਮ ਉਸ ਵੇਲੇ ਸ਼ੁਰੂ ਹੋਇਆ ਸੀ, ਉਹ ਅੱਜ ਵਧ-ਚੜ੍ਹ ਕੇ ਹੋ ਰਿਹਾ ਹੈ। ਯਹੋਵਾਹ ਦੇ ਤਕਰੀਬਨ 70 ਲੱਖ ਗਵਾਹ 230 ਤੋਂ ਉੱਪਰ ਦੇਸ਼ਾਂ ਵਿਚ ਰਾਜ ਦਾ ਪ੍ਰਚਾਰ ਕਰ ਰਹੇ ਹਨ ਅਤੇ ਹਰ ਸਾਲ ਇਸ ਕੰਮ ਵਿਚ ਲਗਭਗ 1.5 ਅਰਬ ਘੰਟੇ ਗੁਜ਼ਾਰਦੇ ਹਨ। ਜੋਸ਼ ਨਾਲ ਅੱਜ ਇਹ ਕੰਮ ਕਰਨਾ ਕਿੰਨੀ ਖ਼ੁਸ਼ੀ ਦੀ ਗੱਲ ਹੈ ਕਿਉਂਕਿ ਇਹ ਕੰਮ ਫਿਰ ਕਦੇ ਨਹੀਂ ਕੀਤਾ ਜਾਵੇਗਾ!

18 ਪਹਿਲੀ ਸਦੀ ਦੀ ਤਰ੍ਹਾਂ ਅੱਜ ਵੀ ਦੁਨੀਆਂ ਭਰ ਵਿਚ ਪ੍ਰਚਾਰ ਦਾ ਕੰਮ ਪਰਮੇਸ਼ੁਰ ਦੀ ਸ਼ਕਤੀ ਦੀ ਮਦਦ ਨਾਲ ਕੀਤਾ ਜਾ ਰਿਹਾ ਹੈ। ਜੇ ਅਸੀਂ ਇਸ ਸ਼ਕਤੀ ਦੀ ਸੇਧ ਵਿਚ ਚੱਲਾਂਗੇ, ਤਾਂ ਅਸੀਂ ਪ੍ਰਚਾਰ ਕਰਦਿਆਂ “ਦਿਲੇਰੀ” ਨਾਲ ਗੱਲ ਕਰ ਸਕਾਂਗੇ। (ਰਸੂ. 28:31) ਤਾਂ ਫਿਰ ਆਓ ਆਪਾਂ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਂਦਿਆਂ ਸ਼ਕਤੀ ਦੀ ਸੇਧ ਵਿਚ ਚੱਲਦੇ ਰਹੀਏ!

[ਫੁਟਨੋਟ]

^ ਪੈਰਾ 7 ਨਾਂ ਬਦਲੇ ਗਏ ਹਨ।

^ ਪੈਰਾ 11 ਆਪਣੀ ਬਾਈਬਲ ਪੜ੍ਹਾਈ ਅਤੇ ਸਟੱਡੀ ਤੋਂ ਹੋਰ ਵੀ ਫ਼ਾਇਦਾ ਉਠਾਉਣ ਲਈ ਪਰਮੇਸ਼ੁਰੀ ਸੇਵਾ ਸਕੂਲ ਤੋਂ ਫ਼ਾਇਦਾ ਉਠਾਓ (ਹਿੰਦੀ) ਕਿਤਾਬ ਦੇ ਸਫ਼ੇ 21-32 ਉੱਤੇ ਅਧਿਆਇ “ਪੜ੍ਹਨ ਵਿਚ ਧਿਆਨ ਲਗਾਈ ਰੱਖੋ” ਅਤੇ “ਅਧਿਐਨ ਕਰਨ ਨਾਲ ਢੇਰ ਸਾਰੀਆਂ ਅਸੀਸਾਂ ਮਿਲਦੀਆਂ ਹਨ” ਦੇਖੋ।

ਤੁਸੀਂ ਕੀ ਸਿੱਖਿਆ?

• ਸਾਨੂੰ ਦਲੇਰੀ ਨਾਲ ਪਰਮੇਸ਼ੁਰ ਦਾ ਬਚਨ ਸੁਣਾਉਣ ਦੀ ਕਿਉਂ ਲੋੜ ਹੈ?

• ਪਹਿਲੀ ਸਦੀ ਦੇ ਮਸੀਹੀਆਂ ਨੂੰ ਗੱਲ ਕਰਨ ਦੀ ਹਿੰਮਤ ਕਿੱਥੋਂ ਮਿਲੀ?

• ਅਸੀਂ ਦਲੇਰ ਕਿਵੇਂ ਬਣ ਸਕਦੇ ਹਾਂ?

• ਦਲੇਰ ਹੋਣ ਨਾਲ ਸਾਨੂੰ ਕਿਹੜੇ ਫ਼ਾਇਦੇ ਹੁੰਦੇ ਹਨ?

[ਸਵਾਲ]

[ਸਫ਼ਾ 7 ਉੱਤੇ ਤਸਵੀਰ]

ਦਲੇਰ ਹੋਣ ਵਿਚ ਮਾਪੇ ਆਪਣੇ ਬੱਚਿਆਂ ਦੀ ਕਿਵੇਂ ਮਦਦ ਕਰ ਸਕਦੇ ਹਨ?

[ਸਫ਼ਾ 8 ਉੱਤੇ ਤਸਵੀਰਾਂ]

ਛੋਟੀ ਜਿਹੀ ਪ੍ਰਾਰਥਨਾ ਕਰਨ ਨਾਲ ਤੁਹਾਨੂੰ ਦਲੇਰੀ ਨਾਲ ਗਵਾਹੀ ਦੇਣ ਲਈ ਮਦਦ ਮਿਲ ਸਕਦੀ ਹੈ