Skip to content

Skip to table of contents

ਪਰਮੇਸ਼ੁਰ ਨੂੰ ਚੇਤੇ ਰੱਖੋ—ਨੌਜਵਾਨਾਂ ਦੀ ਮਦਦ ਕਰਨ ਲਈ ਵਧੀਆ ਕਿਤਾਬ

ਪਰਮੇਸ਼ੁਰ ਨੂੰ ਚੇਤੇ ਰੱਖੋ—ਨੌਜਵਾਨਾਂ ਦੀ ਮਦਦ ਕਰਨ ਲਈ ਵਧੀਆ ਕਿਤਾਬ

ਪਰਮੇਸ਼ੁਰ ਨੂੰ ਚੇਤੇ ਰੱਖੋ—ਨੌਜਵਾਨਾਂ ਦੀ ਮਦਦ ਕਰਨ ਲਈ ਵਧੀਆ ਕਿਤਾਬ

ਕੁਝ 3,000 ਸਾਲ ਪਹਿਲਾਂ ਬੁੱਧੀਮਾਨ ਸੁਲੇਮਾਨ ਨੇ ਲਿਖਿਆ: “ਆਪਣੀ ਜੁਆਨੀ ਦੇ ਦਿਨੀਂ ਆਪਣੇ ਕਰਤਾਰ ਨੂੰ ਚੇਤੇ ਰੱਖ।” (ਉਪ. 12:1) ਇਸ ਤਰ੍ਹਾਂ ਕਰਨ ਲਈ ਨੌਜਵਾਨਾਂ ਵਾਸਤੇ ਇਕ ਹੋਰ ਕਿਤਾਬ ਤਿਆਰ ਕੀਤੀ ਗਈ ਹੈ। ਇਹ ਕਿਤਾਬ ਹੈ ਨੌਜਵਾਨਾਂ ਦੇ ਸਵਾਲ—ਵਿਵਹਾਰਕ ਜਵਾਬ, ਭਾਗ 2 (ਅੰਗ੍ਰੇਜ਼ੀ) ਜੋ ਮਈ 2008 ਤੋਂ ਜਨਵਰੀ 2009 ਵਿਚ ਹੋਏ “ਪਰਮੇਸ਼ੁਰ ਦੀ ਸ਼ਕਤੀ ਦਾ ਸਹਾਰਾ ਲਓ” ਨਾਮਕ ਯਹੋਵਾਹ ਦੇ ਗਵਾਹਾਂ ਦੇ ਜ਼ਿਲ੍ਹਾ ਸੰਮੇਲਨਾਂ ਵਿਚ ਰਿਲੀਸ ਕੀਤੀ ਗਈ ਸੀ।

ਕਿਤਾਬ ਦੇ ਪਹਿਲੇ ਸਫ਼ੇ ’ਤੇ ਪ੍ਰਬੰਧਕ ਸਭਾ ਵੱਲੋਂ ਨੌਜਵਾਨਾਂ ਨੂੰ ਲਿਖੀ ਗਈ ਇਕ ਚਿੱਠੀ ਕਹਿੰਦੀ ਹੈ: “ਅਸੀਂ ਰੱਬ ਮੋਹਰੇ ਦਿਲੋਂ ਪ੍ਰਾਰਥਨਾ ਕਰਦੇ ਹਾਂ ਕਿ ਇਸ ਕਿਤਾਬ ਵਿਚ ਦਿੱਤੀ ਜਾਣਕਾਰੀ ਤੁਹਾਨੂੰ ਅੱਜ-ਕੱਲ੍ਹ ਦੇ ਦਬਾਵਾਂ ਤੇ ਪਰਤਾਵਿਆਂ ਨਾਲ ਸਿੱਝਣ ਵਿਚ ਮਦਦ ਦੇਵੇਗੀ। ਕਿਤਾਬ ਇਹ ਵੀ ਦਿਖਾਵੇਗੀ ਕਿ ਤੁਸੀਂ ਪਰਮੇਸ਼ੁਰ ਦੀ ਇੱਛਾ ਅਨੁਸਾਰ ਕਿੱਦਾਂ ਫ਼ੈਸਲੇ ਕਰ ਸਕਦੇ ਹੋ।”

ਮਾਪੇ ਸੱਚ-ਮੁੱਚ ਆਪਣੇ ਬੱਚਿਆਂ ਨੂੰ “ਪ੍ਰਭੁ ਦੀ ਸਿੱਖਿਆ ਅਰ ਮੱਤ ਦੇ ਕੇ” ਉਨ੍ਹਾਂ ਦੀ ਪਾਲਣਾ ਕਰਨੀ ਚਾਹੁੰਦੇ ਹਨ। (ਅਫ਼. 6:4) ਪਰ ਜਵਾਨੀ ਵਿਚ ਕਦਮ ਰੱਖਣ ਤੇ ਕਈ ਨੌਜਵਾਨਾਂ ਨੂੰ ਅਗਵਾਈ ਦੀ ਲੋੜ ਪੈਂਦੀ ਹੈ ਕਿਉਂਕਿ ਉਨ੍ਹਾਂ ਨੂੰ ਆਪਣੇ ਆਪ ’ਤੇ ਭਰੋਸਾ ਨਹੀਂ ਹੁੰਦਾ। ਜੇ ਤੁਸੀਂ ਮਾਪੇ ਹੋ, ਤਾਂ ਤੁਸੀਂ ਆਪਣੇ ਬੱਚੇ ਦੀ ਕਿੱਦਾਂ ਮਦਦ ਕਰ ਸਕਦੇ ਹੋ ਤਾਂਕਿ ਉਹ ਇਸ ਕਿਤਾਬ ਤੋਂ ਪੂਰਾ ਲਾਭ ਉਠਾ ਸਕੇ? ਹੇਠਾਂ ਕੁਝ ਸੁਝਾਅ ਦਿੱਤੇ ਗਏ ਹਨ।

ਇਸ ਕਿਤਾਬ ਦੀ ਆਪਣੀ ਕਾਪੀ ਲੈ ਕੇ ਇਸ ਨਾਲ ਚੰਗੀ ਤਰ੍ਹਾਂ ਵਾਕਫ਼ ਹੋਵੋ। ਇਸ ਤਰ੍ਹਾਂ ਕਰਨ ਦਾ ਇਹ ਮਤਲਬ ਨਹੀਂ ਕਿ ਤੁਸੀਂ ਇਸ ਨੂੰ ਸਿਰਫ਼ ਪੜ੍ਹੋ। ਗੌਰ ਕਰੋ ਕਿ ਇਹ ਕਿਸ ਅੰਦਾਜ਼ ਵਿਚ ਲਿਖੀ ਗਈ ਹੈ। ਇਹ ਕਿਤਾਬ ਨੌਜਵਾਨਾਂ ਨੂੰ ਸਹੀ ਤੇ ਗ਼ਲਤ ਵਿਚ ਫ਼ਰਕ ਦੱਸਣ ਦੇ ਨਾਲ-ਨਾਲ ਉਨ੍ਹਾਂ ਦੀਆਂ “ਗਿਆਨ ਇੰਦਰੀਆਂ” ਨੂੰ ਵੀ ਸਿਖਲਾਉਣ ਦੀ ਕੋਸ਼ਿਸ਼ ਕਰਦੀ ਹੈ। (ਇਬ. 5:14) ਇਹ ਉਨ੍ਹਾਂ ਨੂੰ ਵਧੀਆ ਸੁਝਾਅ ਦਿੰਦੀ ਹੈ ਕਿ ਉਹ ਕਿਵੇਂ ਉਹੀ ਕਰ ਸਕਦੇ ਹਨ ਜੋ ਸਹੀ ਹੈ। ਮਿਸਾਲ ਲਈ, ਅਧਿਆਇ 15 (“ਮੈਂ ਹਾਣੀਆਂ ਦੇ ਦਬਾਅ ਦਾ ਕਿਵੇਂ ਸਾਮ੍ਹਣਾ ਕਰਾਂ?”) ਨੌਜਵਾਨਾਂ ਨੂੰ ਸਿਰਫ਼ ਇਹ ਸਲਾਹ ਨਹੀਂ ਦਿੰਦਾ ਕਿ ਗ਼ਲਤ ਕੰਮ ਕਰਨ ਤੋਂ ਇਨਕਾਰ ਕਰੋ, ਸਗੋਂ ਇਹ ਬਾਈਬਲ ਵਿੱਚੋਂ ਵੱਖੋ-ਵੱਖਰੇ ਤਰੀਕੇ ਦੱਸਦਾ ਹੈ ਕਿ ਨੌਜਵਾਨ “ਹਰੇਕ ਨੂੰ ਕਿਵੇਂ ਉੱਤਰ” ਦੇ ਸਕਦੇ ਹਨ।—ਕੁਲੁ. 4:6.

ਆਪਣੀ ਰਾਇ ਪੇਸ਼ ਕਰਨ ਵਾਲੇ ਫੀਚਰਾਂ ਨੂੰ ਵਰਤੋ। ਭਾਵੇਂ ਕਿ ਇਹ ਫੀਚਰ ਨੌਜਵਾਨਾਂ ਲਈ ਹਨ, ਪਰ ਜੇ ਹੋ ਸਕੇ, ਤਾਂ ਕਿਉਂ ਨਾ ਤੁਸੀਂ ਵੀ ਇਨ੍ਹਾਂ ਨੂੰ ਵਰਤ ਕੇ ਆਪਣੀ ਕਿਤਾਬ ਵਿਚ ਆਪਣੇ ਜਵਾਬ ਲਿਖੋ? * ਮਿਸਾਲ ਲਈ, 16ਵੇਂ ਸਫ਼ੇ ’ਤੇ ਡੇਟਿੰਗ ਬਾਰੇ ਦੋ ਸਵਾਲਾਂ ਦੀ ਚਰਚਾ ਕਰਦਿਆਂ, ਯਾਦ ਕਰਨ ਦੀ ਕੋਸ਼ਿਸ਼ ਕਰੋ ਕਿ ਜਦ ਤੁਸੀਂ ਆਪਣੇ ਬੱਚੇ ਦੀ ਉਮਰ ਦੇ ਸੀ, ਤੁਸੀਂ ਕਿੱਦਾਂ ਮਹਿਸੂਸ ਕਰਦੇ ਸੀ। ਉਨ੍ਹਾਂ ਦੋਵਾਂ ਖਾਲੀ ਥਾਵਾਂ ’ਤੇ ਉਹ ਜਵਾਬ ਲਿਖੋ ਜੋ ਤੁਸੀਂ ਆਪਣੀ ਜਵਾਨੀ ਦੇ ਸਮੇਂ ਦਿੰਦੇ। ਫਿਰ ਆਪਣੇ ਆਪ ਨੂੰ ਪੁੱਛੋ: ‘ਸਮੇਂ ਦੇ ਬੀਤਣ ਨਾਲ ਇਸ ਵਿਸ਼ੇ ਬਾਰੇ ਮੇਰੇ ਜਜ਼ਬਾਤ ਕਿਵੇਂ ਬਦਲੇ ਹਨ? ਜਵਾਨੀ ਤੋਂ ਲੈ ਕੇ ਹੁਣ ਤਕ ਮੈਂ ਕੀ ਕੁਝ ਸਿੱਖਿਆ ਹੈ ਅਤੇ ਮੇਰੇ ਬੱਚਿਆਂ ਨੂੰ ਮੇਰੇ ਤਜਰਬੇ ਤੋਂ ਕਿਵੇਂ ਲਾਭ ਹੋ ਸਕਦਾ ਹੈ?’

ਆਪਣੇ ਬੱਚੇ ਦੀ ਪ੍ਰਾਈਵੇਸੀ ਦੀ ਕਦਰ ਕਰੋ। ਆਪਣੀ ਰਾਇ ਪੇਸ਼ ਕਰਨ ਵਾਲੇ ਹਿੱਸੇ ਬੱਚੇ ਦੇ ਦਿਲ ਦੀ ਗੱਲ ਜਾਣਨ ਲਈ ਡੀਜ਼ਾਈਨ ਕੀਤੇ ਗਏ ਹਨ। ਇਹ ਉਨ੍ਹਾਂ ਨੂੰ ਜਵਾਬ ਲਿਖਣ, ਜਾਂ ਸੋਚਣ ਲਈ ਪ੍ਰੇਰਦਾ ਹੈ। ਤੁਹਾਨੂੰ ਉਨ੍ਹਾਂ ਦੇ ਦਿਲ ਦੀ ਗੱਲ ਜਾਣਨ ਦੀ ਲੋੜ ਹੈ ਨਾ ਕਿ ਕਿਤਾਬ ਵਿਚ ਲਿਖੇ ਉਨ੍ਹਾਂ ਦੇ ਜਵਾਬ। ਇਸ ਕਿਤਾਬ ਦੇ ਸਫ਼ਾ 3 ’ਤੇ “ਮਾਪਿਆਂ ਲਈ ਨੋਟ” ਵਿਚ ਲਿਖਿਆ ਹੈ: “ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਬੇਝਿਜਕ ਹੋ ਕੇ ਕਿਤਾਬ ਵਿਚ ਆਪਣੇ ਵਿਚਾਰ ਲਿਖਣ, ਤਾਂ ਉਨ੍ਹਾਂ ਨੂੰ ਦੱਸੋ ਕਿ ਤੁਸੀਂ ਕਿਤਾਬ ਵਿਚ ਨਹੀਂ ਦੇਖੋਗੇ। ਬਾਅਦ ਵਿਚ ਸ਼ਾਇਦ ਉਹ ਤੁਹਾਡੇ ਨਾਲ ਉਨ੍ਹਾਂ ਵਿਚਾਰਾਂ ਬਾਰੇ ਖੁੱਲ੍ਹ ਕੇ ਗੱਲ ਕਰ ਸਕਣਗੇ ਜੋ ਉਨ੍ਹਾਂ ਨੇ ਕਿਤਾਬ ਵਿਚ ਲਿਖੇ ਹਨ।”

ਪਰਿਵਾਰਕ ਬਾਈਬਲ ਸਟੱਡੀ ਲਈ ਇਕ ਕਿਤਾਬ

ਨੌਜਵਾਨਾਂ ਦੇ ਸਵਾਲ, ਭਾਗ 2, ਕਿਤਾਬ ਪਰਿਵਾਰਕ ਸਟੱਡੀ ਵਿਚ ਵਰਤਣ ਲਈ ਬਹੁਤ ਵਧੀਆ ਹੈ। ਪਰ ਪੈਰਿਆਂ ਦੇ ਸਵਾਲ ਨਾ ਹੋਣ ਕਰਕੇ, ਤੁਸੀਂ ਇਸ ਨੂੰ ਸਟੱਡੀ ਕਰਨ ਲਈ ਕਿਵੇਂ ਵਰਤ ਸਕਦੇ ਹੋ? ਕਿਉਂ ਨਾ ਆਪਣੇ ਬੱਚਿਆਂ ਦੀ ਲੋੜ ਮੁਤਾਬਕ ਸਟੱਡੀ ਕਰਨ ਦਾ ਕੋਈ ਅਜਿਹਾ ਤਰੀਕਾ ਲੱਭੋ ਜੋ ਉਨ੍ਹਾਂ ਲਈ ਫ਼ਾਇਦੇਮੰਦ ਹੋਵੇਗਾ?

ਮਿਸਾਲ ਲਈ ਕੁਝ ਪਰਿਵਾਰ ਸਫ਼ੇ 132 ਅਤੇ 133 ’ਤੇ “ਹਾਣੀਆਂ ਦੇ ਦਬਾਅ ਦਾ ਸਾਮ੍ਹਣਾ ਕਰਨ ਲਈ ਸੁਝਾਅ” ਵਰਗੇ ਵਿਸ਼ਿਆਂ ਦੀ ਚਰਚਾ ਕਰਦਿਆਂ ਪ੍ਰੈਕਟਿਸ ਸੈਸ਼ਨ ਕਰਨੇ ਪਸੰਦ ਕਰਨਗੇ। ਪਹਿਲਾ ਸਵਾਲ ਪੁੱਛ ਕੇ ਤੁਸੀਂ ਪਤਾ ਕਰ ਸਕਦੇ ਹੋ ਕਿ ਕਿਹੜੀ ਗੱਲ ਤੁਹਾਡੇ ਬੱਚੇ ਨੂੰ ਪਰੇਸ਼ਾਨ ਕਰਦੀ ਹੈ। ਦੂਸਰਾ ਸਵਾਲ ਪੁੱਛ ਕੇ ਤੁਸੀਂ ਦੇਖ ਸਕਦੇ ਹੋ ਕਿ ਕਿਨ੍ਹਾਂ ਹਾਲਾਤਾਂ ਵਿਚ ਦਬਾਅ ਆ ਸਕਦਾ ਹੈ। ਫਿਰ ਹਾਣੀਆਂ ਦੇ ਦਬਾਅ ਹੇਠ ਆਉਣ ਜਾਂ ਫਿਰ ਦਬਾਅ ਦਾ ਸਾਮ੍ਹਣਾ ਕਰਨ ਦੇ ਨਤੀਜਿਆਂ ਬਾਰੇ ਗੱਲ ਕਰੋ। ਇਸ ਤੋਂ ਬਾਅਦ ਬੱਚੇ ਨੂੰ ਜਵਾਬ ਤਿਆਰ ਕਰਨ ਲਈ ਕਿਹਾ ਗਿਆ ਹੈ: ਉਹ ਦਬਾਅ ਨੂੰ ਕਿੱਦਾਂ ਸਹਿ ਸਕਦਾ? ਕਿੱਦਾਂ ਠੁਕਰਾ ਸਕਦਾ? ਕਿੱਦਾਂ ਉਲਟਾ ਸਕਦਾ? ਆਪਣੇ ਬੱਚੇ ਦੀ ਮਦਦ ਕਰੋ ਤਾਂਕਿ ਉਹ ਆਪ ਸੋਚ ਕੇ ਜਵਾਬ ਦੇ ਸਕੇ। ਇਸ ਤਰ੍ਹਾਂ ਉਸ ਨੂੰ ਤਸੱਲੀ ਹੋਵੇਗੀ ਅਤੇ ਉਹ ਪੂਰੇ ਭਰੋਸੇ ਨਾਲ ਜਵਾਬ ਦੇ ਸਕੇਗਾ।—ਜ਼ਬੂ. 119:46.

ਗੱਲਬਾਤ ਸ਼ੁਰੂ ਕਰਨ ਲਈ ਵਰਤੋ

ਇਹ ਕਿਤਾਬ ਨੌਜਵਾਨਾਂ ਨੂੰ ਆਪਣੇ ਮਾਪਿਆਂ ਨਾਲ ਗੱਲਾਂ ਕਰਨ ਦੀ ਹੱਲਾਸ਼ੇਰੀ ਦਿੰਦੀ ਹੈ। ਮਿਸਾਲ ਲਈ, ਡੱਬੀਆਂ “ਮੈਂ ਆਪਣੇ ਮੰਮੀ-ਡੈਡੀ ਨਾਲ ਸੈਕਸ ਦੇ ਵਿਸ਼ੇ ਬਾਰੇ ਗੱਲ ਕਿਵੇਂ ਕਰਾਂ?” (ਸਫ਼ੇ 63-64) ਅਤੇ “ਆਪਣੇ ਮਾਪਿਆਂ ਨਾਲ ਗੱਲਾਂ ਕਰੋ!” (ਸਫ਼ਾ 189) ਵਿਚ ਦਿੱਤੇ ਸੁਝਾਅ ਨਾਜ਼ੁਕ ਵਿਸ਼ਿਆਂ ਬਾਰੇ ਖੁੱਲ੍ਹ ਕੇ ਗੱਲ ਕਰਨ ਵਿਚ ਮਦਦ ਕਰ ਸਕਦੇ ਹਨ। ਇਕ 13 ਸਾਲਾਂ ਦੀ ਲੜਕੀ ਨੇ ਲਿਖਿਆ: “ਇਸ ਕਿਤਾਬ ਨੇ ਮੈਨੂੰ ਆਪਣੇ ਮਾਪਿਆਂ ਨਾਲ ਆਪਣੇ ਦਿਲ ਦੀਆਂ ਗੱਲਾਂ ਕਰਨ ਦਾ ਹੌਸਲਾ ਹੀ ਨਹੀਂ ਦਿੱਤਾ, ਸਗੋਂ ਮੈਂ ਉਨ੍ਹਾਂ ਨੂੰ ਇਹ ਵੀ ਦੱਸ ਸਕੀ ਕਿ ਮੈਂ ਕੀ ਗ਼ਲਤੀਆਂ ਕਰ ਚੁੱਕੀ ਹਾਂ।”

ਇਹ ਕਿਤਾਬ ਗੱਲਬਾਤ ਸ਼ੁਰੂ ਕਰਨ ਦੇ ਹੋਰ ਤਰੀਕੇ ਵੀ ਦੱਸਦੀ ਹੈ। ਹਰ ਅਧਿਆਇ ਦੇ ਅਖ਼ੀਰ ਵਿਚ “ਤੁਹਾਡਾ ਕੀ ਖ਼ਿਆਲ ਹੈ?” ਨਾਂ ਦੀ ਡੱਬੀ ਪਾਈ ਜਾਂਦੀ ਹੈ। ਇਹ ਡੱਬੀ ਸਿਰਫ਼ ਅਧਿਆਇ ਦੇ ਰਿਵਿਊ ਕਰਨ ਲਈ ਹੀ ਨਹੀਂ ਹੈ, ਸਗੋਂ ਇਸ ਡੱਬੀ ਵਿਚ ਦਿੱਤੇ ਸਵਾਲਾਂ ਦੀ ਮਦਦ ਨਾਲ ਸਾਰੇ ਪਰਿਵਾਰ ਨਾਲ ਚਰਚਾ ਕੀਤੀ ਜਾ ਸਕਦੀ ਹੈ। ਅਧਿਆਇ ਦੇ ਅਖ਼ੀਰ ਵਿਚ “ਤੁਸੀਂ ਕੀ ਕਰੋਗੇ?” ਨਾਂ ਦੀ ਡੱਬੀ ਵੀ ਪਾਈ ਜਾਂਦੀ ਹੈ। ਇਸ ਡੱਬੀ ਦੀ ਮਦਦ ਨਾਲ ਨੌਜਵਾਨ ਅਧਿਆਇ ਵਿੱਚੋਂ ਸਿੱਖੀਆਂ ਗੱਲਾਂ ਲਿਖ ਸਕਦੇ ਹਨ ਜੋ ਉਹ ਲਾਗੂ ਕਰਨੀਆਂ ਚਾਹੁੰਦੇ ਹਨ। “ਤੁਸੀਂ ਕੀ ਕਰੋਗੇ?” ਨਾਮਕ ਹਰ ਡੱਬੀ ਦੇ ਅਖ਼ੀਰ ਵਿਚ ਕਿਹਾ ਗਿਆ ਹੈ: “ਇਸ ਵਿਸ਼ੇ ਬਾਰੇ ਮੈਂ ਆਪਣੇ ਮਾਪਿਆਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ . . .” ਇਸ ਤਰ੍ਹਾਂ ਨੌਜਵਾਨਾਂ ਨੂੰ ਆਪਣੇ ਮਾਪਿਆਂ ਤੋਂ ਮਦਦ ਮਿਲ ਸਕਦੀ ਹੈ।

ਦਿਲ ਤਕ ਪਹੁੰਚੋ!

ਮਾਪਿਆਂ ਵਜੋਂ, ਤੁਹਾਡਾ ਇਹ ਟੀਚਾ ਹੋਣਾ ਚਾਹੀਦਾ ਹੈ ਕਿ ਤੁਸੀਂ ਆਪਣੇ ਬੱਚਿਆਂ ਦੇ ਦਿਲ ਦੀ ਗੱਲ ਜਾਣੋ। ਇਹ ਕਿਤਾਬ ਇਵੇਂ ਕਰਨ ਵਿਚ ਤੁਹਾਡੀ ਮਦਦ ਕਰ ਸਕਦੀ ਹੈ। ਧਿਆਨ ਦਿਓ ਕਿ ਇਕ ਪਿਤਾ ਇਹ ਕਿਤਾਬ ਵਰਤ ਕੇ ਆਪਣੀ ਧੀ ਦੇ ਦਿਲ ਦੀ ਗੱਲ ਜਾਣਨ ਵਿਚ ਕਿੰਨਾ ਕਾਮਯਾਬ ਹੋਇਆ।

“ਰਬੈਕਾ ਅਤੇ ਮੈਂ ਬਾਹਰ ਤੁਰਨ-ਫਿਰਨ, ਸਾਈਕਲ ਚਲਾਉਣ ਜਾਂ ਕਾਰ ਵਿਚ ਸੈਰ ਕਰਨ ਲਈ ਵਧੀਆ ਜਗ੍ਹਾ ਤੇ ਜਾਂਦੇ ਹਾਂ। ਬਾਹਰ ਜਾਣ ਨਾਲ ਉਹ ਮੇਰੇ ਨਾਲ ਦਿਲ ਖੋਲ੍ਹ ਕੇ ਗੱਲਾਂ ਕਰ ਸਕਦੀ ਹੈ।

“ਅਸੀਂ ਕਿਤਾਬ ਵਿੱਚੋਂ ਸਭ ਤੋਂ ਪਹਿਲਾਂ ਪ੍ਰਬੰਧਕ ਸਭਾ ਵੱਲੋਂ ਚਿੱਠੀ ਅਤੇ ‘ਮਾਪਿਆਂ ਲਈ ਨੋਟ’ ਉੱਤੇ ਚਰਚਾ ਕੀਤੀ। ਮੈਂ ਆਪਣੀ ਲੜਕੀ ਨੂੰ ਯਕੀਨ ਦਿਲਾਉਣਾ ਚਾਹੁੰਦਾ ਸੀ ਕਿ ਉਹ ਬਿਨਾਂ ਕਿਸੇ ਡਰ ਦੇ ਆਪਣੀ ਕਿਤਾਬ ਵਿਚ ਆਪਣੇ ਵਿਚਾਰ ਲਿਖ ਸਕਦੀ ਸੀ ਜਿਵੇਂ ਤੀਜੇ ਸਫ਼ੇ ’ਤੇ ਦੱਸਿਆ ਗਿਆ ਹੈ। ਮੈਂ ਉਸ ਦੇ ਲਿਖੇ ਜਵਾਬ ਪੜ੍ਹਨ ਦੀ ਕੋਸ਼ਿਸ਼ ਨਹੀਂ ਕਰਦਾ ਸੀ।

“ਮੈਂ ਰਬੈਕਾ ਨੂੰ ਇਹ ਫ਼ੈਸਲਾ ਕਰਨ ਦਿੱਤਾ ਕਿ ਉਹ ਕਿਹੜੇ ਅਧਿਆਇ ਪਹਿਲਾਂ ਪੜ੍ਹਨਾ ਚਾਹੁੰਦੀ ਸੀ। ਉਸ ਨੇ ਪਹਿਲਾਂ ਅਧਿਆਵਾਂ ਵਿੱਚੋਂ ‘ਕੀ ਮੈਨੂੰ ਇਲੈਕਟ੍ਰਾਨਿਕ ਗੇਮਾਂ ਖੇਡਣੀਆਂ ਚਾਹੀਦੀਆਂ ਹਨ?’ ਚੁਣਿਆ। ਮੈਂ ਇਹ ਦੇਖ ਕੇ ਕਿੰਨਾ ਹੈਰਾਨ ਹੋਇਆ! ਪਰ ਇਸ ਦਾ ਇਕ ਕਾਰਨ ਸੀ। ਉਸ ਦੀਆਂ ਕੁਝ ਸਹੇਲੀਆਂ ਇਕ ਬਹੁਤ ਘਟੀਆ ਗੇਮ ਖੇਡ ਰਹੀਆਂ ਸਨ। ਮੈਨੂੰ ਪਤਾ ਨਹੀਂ ਸੀ ਕਿ ਇਨ੍ਹਾਂ ਗੇਮਾਂ ਵਿਚ ਖ਼ੂਨ ਦੀ ਹੋਲੀ ਖੇਡੀ ਜਾਂਦੀ ਹੈ ਅਤੇ ਕਿੰਨੀ ਗੰਦੀ ਬੋਲੀ ਵਰਤੀ ਜਾਂਦੀ ਹੈ! ਪਰ ਇਹ ਸਭ ਕੁਝ ਮੈਨੂੰ ਉਦੋਂ ਪਤਾ ਲੱਗਿਆ ਜਦੋਂ ਅਸੀਂ ਸਫ਼ਾ 251 ’ਤੇ “ਤੁਸੀਂ ਕੀ ਕਰੋਗੇ?” ਡੱਬੀ ਦੀ ਚਰਚਾ ਕੀਤੀ। ਜੇ ਕਿਸੇ ਨੇ ਇਹ ਗੇਮ ਖੇਡਣ ਲਈ ਰਬੈਕਾ ’ਤੇ ਦਬਾਅ ਪਾਇਆ ਵੀ ਹੁੰਦਾ, ਤਾਂ ਇਸ ਡੱਬੀ ਕਰਕੇ ਉਹ ਜਵਾਬ ਦੇਣ ਲਈ ਤਿਆਰ ਸੀ।

“ਰਬੈਕਾ ਹੁਣ ਵੀ ਮੈਨੂੰ ਇਹ ਦੱਸਣ ਤੋਂ ਨਹੀਂ ਘਬਰਾਉਂਦੀ ਕਿ ਉਸ ਨੇ ਆਪਣੀ ਕਿਤਾਬ ਵਿਚ ਕੀ ਲਿਖਿਆ ਹੈ। ਅਸੀਂ ਸਟੱਡੀ ਦੌਰਾਨ ਲਗਾਤਾਰ ਗੱਲਾਂ-ਬਾਤਾਂ ਕਰਦੇ ਹਾਂ। ਅਸੀਂ ਵਾਰੀ-ਵਾਰੀ ਪੜ੍ਹਦੇ ਹਾਂ, ਫਿਰ ਉਹ ਹਰ ਵਿਸ਼ੇ ਬਾਰੇ ਗੱਲ ਕਰਨੀ ਚਾਹੁੰਦੀ ਹੈ। ਉਹ ਤਸਵੀਰਾਂ ਅਤੇ ਡੱਬੀਆਂ ਬਾਰੇ ਵੀ ਕੁਝ-ਨਾ-ਕੁਝ ਕਹਿੰਦੀ ਹੈ। ਮੈਨੂੰ ਉਸ ਨੂੰ ਸਮਝਾਉਣ ਦਾ ਮੌਕਾ ਮਿਲਦਾ ਹੈ ਕਿ ਉਸ ਉਮਰੇ ਮੇਰਾ ਆਪਣਾ ਕੀ ਤਜਰਬਾ ਸੀ, ਫਿਰ ਉਹ ਮੈਨੂੰ ਦੱਸਦੀ ਹੈ ਕਿ ਅੱਜ-ਕੱਲ੍ਹ ਦੇ ਹਾਲਾਤ ਕਿੱਦਾਂ ਦੇ ਹਨ। ਉਹ ਮੇਰੇ ਨਾਲ ਹਰ ਗੱਲ ਕਰ ਲੈਂਦੀ ਹੈ!”

ਜੇ ਤੁਸੀਂ ਮਾਪੇ ਹੋ, ਤਾਂ ਤੁਸੀਂ ਬਹੁਤ ਖ਼ੁਸ਼ ਹੋਏ ਹੋਣੇ ਜਦੋਂ ਇਹ ਕਿਤਾਬ ਰਿਲੀਸ ਹੋਈ ਸੀ। ਹੁਣ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਵਰਤ ਸਕਦੇ ਹੋ। ਪ੍ਰਬੰਧਕ ਸਭਾ ਦੀ ਉਮੀਦ ਹੈ ਕਿ ਨੌਜਵਾਨਾਂ ਦੇ ਸਵਾਲ—ਵਿਵਹਾਰਕ ਜਵਾਬ, ਭਾਗ 2 ਤੁਹਾਡੇ ਪਰਿਵਾਰ ਲਈ ਇਕ ਬਰਕਤ ਸਾਬਤ ਹੋਵੇਗੀ। ਸਾਨੂੰ ਉਮੀਦ ਹੈ ਕਿ ਇਹ ਕਿਤਾਬ ਸਾਡੇ ਨੌਜਵਾਨਾਂ ਦੀ ਮਦਦ ਕਰੇਗੀ ਤਾਂਕਿ ਉਹ ਪਵਿੱਤਰ ਸ਼ਕਤੀ ਦੀ ਸੇਧ ਵਿਚ ਚੱਲਦੇ ਰਹਿਣ।—ਗਲਾ. 5:16.

[ਫੁਟਨੋਟ]

^ ਪੈਰਾ 6 ਹਰ ਉਮਰ ਦੇ ਲੋਕ ਆਪਣੀ ਰਾਇ ਪੇਸ਼ ਕਰਨ ਵਾਲੇ ਫੀਚਰ ਵਰਤ ਸਕਦੇ ਹਨ। ਮਿਸਾਲ ਲਈ, “ਆਪਣੇ ਗੁੱਸੇ ਉੱਤੇ ਕਾਬੂ ਰੱਖੋ” ਨਾਮਕ ਡੱਬੀ (ਸਫ਼ਾ 221) ਤੁਹਾਡੇ ਬੱਚੇ ਦੀ ਹੀ ਨਹੀਂ ਸਗੋਂ ਤੁਹਾਡੀ ਵੀ ਮਦਦ ਕਰ ਸਕਦੀ ਹੈ। ਇਹੀ ਗੱਲ ਇਨ੍ਹਾਂ ਵਿਸ਼ਿਆਂ ਬਾਰੇ ਵੀ ਸੱਚ ਹੈ ਜਿਵੇਂ ਕਿ “ਹਾਣੀਆਂ ਦੇ ਦਬਾਅ ਨਾਲ ਕਿਵੇਂ ਨਜਿੱਠੀਏ?” (ਸਫ਼ੇ 132-133), “ਹਰ ਮਹੀਨੇ ਮੇਰਾ ਖ਼ਰਚਾ” (ਸਫ਼ਾ 163) ਅਤੇ “ਮੇਰੇ ਟੀਚੇ” (ਸਫ਼ਾ 314)।

[ਸਫ਼ਾ 30 ਉੱਤੇ ਡੱਬੀ]

ਕਿਤਾਬ ਬਾਰੇ ਕੁਝ ਨੌਜਵਾਨਾਂ ਦੇ ਵਿਚਾਰ

“ਇਸ ਕਿਤਾਬ ਨੂੰ ਪੈਂਸਿਲ ਲੈ ਕੇ ਧਿਆਨ ਨਾਲ ਪੜ੍ਹਨ ਦੀ ਲੋੜ ਹੈ ਤਾਂਕਿ ਤੁਸੀਂ ਨਾਲੋਂ-ਨਾਲ ਨੋਟ ਲਿਖ ਸਕੋ। ਇਹ ਇਕ ਡਾਇਰੀ ਦੀ ਤਰ੍ਹਾਂ ਬਣਾਈ ਗਈ ਹੈ। ਇਸ ਵਿਚ ਤੁਸੀਂ ਆਪਣੇ ਵਿਚਾਰ ਲਿਖ ਕੇ ਆਪਣੀ ਜ਼ਿੰਦਗੀ ਨੂੰ ਵਧੀਆ ਬਣਾਉਣ ਦਾ ਟੀਚਾ ਰੱਖ ਸਕਦੇ ਹੋ।”—ਨਿਕੋਲਾ।

“ਮੈਨੂੰ ਕਈਆਂ ਤੋਂ ਡੇਟਿੰਗ ਕਰਨ ਦਾ ਦਬਾਅ ਆਉਂਦਾ ਹੈ ਅਤੇ ਉਨ੍ਹਾਂ ਤੋਂ ਵੀ ਜੋ ਮੇਰਾ ਭਲਾ ਚਾਹੁੰਦੇ ਹਨ। ਇਸ ਕਿਤਾਬ ਦੇ ਪਹਿਲੇ ਹਿੱਸੇ ਨੇ ਮੈਨੂੰ ਯਕੀਨ ਦਿਲਾਇਆ ਕਿ ਲੋਕ ਜੋ ਮਰਜ਼ੀ ਕਹਿਣ, ਮੈਨੂੰ ਪਤਾ ਹੈ ਕਿ ਮੈਂ ਡੇਟਿੰਗ ਕਰਨ ਲਈ ਤਿਆਰ ਨਹੀਂ ਹਾਂ।”—ਕਟਰੀਨਾ।

“‘ਕੀ ਤੁਸੀਂ ਬਪਤਿਸਮਾ ਲੈਣ ਬਾਰੇ ਸੋਚ ਰਹੇ ਹੋ?’ ਨਾਂ ਦੀ ਡੱਬੀ ਦੀ ਮਦਦ ਨਾਲ ਮੈਂ ਆਪਣੇ ਬਪਤਿਸਮੇ ਬਾਰੇ ਗੰਭੀਰਤਾ ਨਾਲ ਸੋਚਣ ਲੱਗ ਪਈ। ਇਸ ਦੇ ਨਾਲ-ਨਾਲ ਮੈਂ ਸਟੱਡੀ ਤੇ ਪ੍ਰਾਰਥਨਾ ਕਰਨ ਦੀਆਂ ਆਦਤਾਂ ਵਿਚ ਸੁਧਾਰ ਕਰ ਸਕੀ।”—ਐਸ਼ਲੀ।

“ਭਾਵੇਂ ਕਿ ਮੇਰੇ ਮਾਪਿਆਂ ਨੇ ਮੈਨੂੰ ਛੋਟੀ ਉਮਰ ਤੋਂ ਸਿੱਖਿਆ ਦਿੱਤੀ ਹੈ, ਪਰ ਇਸ ਕਿਤਾਬ ਨੇ ਮੈਨੂੰ ਸੋਚਣ ਲਈ ਮਜਬੂਰ ਕੀਤਾ ਕਿ ਮੈਨੂੰ ਆਪਣੀ ਜ਼ਿੰਦਗੀ ਵਿਚ ਕਿਹੜੇ ਕਦਮ ਚੁੱਕਣ ਦੀ ਲੋੜ ਹੈ। ਇਸ ਨੇ ਮੈਨੂੰ ਆਪਣੇ ਮਾਪਿਆਂ ਨਾਲ ਆਪਣੇ ਦਿਲ ਦੀਆਂ ਗੱਲਾਂ ਕਰਨ ਵਿਚ ਮਦਦ ਕੀਤੀ।”—ਜ਼ਮੀਰਾ।

[ਸਫ਼ਾ 31 ਉੱਤੇ ਤਸਵੀਰ]

ਮਾਪਿਓ, ਇਸ ਕਿਤਾਬ ਨਾਲ ਚੰਗੀ ਤਰ੍ਹਾਂ ਵਾਕਫ਼ ਹੋਵੋ

[ਸਫ਼ਾ 32 ਉੱਤੇ ਤਸਵੀਰ]

ਆਪਣੇ ਬੱਚਿਆਂ ਦੇ ਦਿਲ ਦੀ ਗੱਲ ਜਾਣਨ ਦੀ ਕੋਸ਼ਿਸ਼ ਕਰੋ