Skip to content

Skip to table of contents

ਪਵਿੱਤਰ ਸ਼ਕਤੀ ਦੀ “ਤਲਵਾਰ” ਚੰਗੀ ਤਰ੍ਹਾਂ ਵਰਤੋ

ਪਵਿੱਤਰ ਸ਼ਕਤੀ ਦੀ “ਤਲਵਾਰ” ਚੰਗੀ ਤਰ੍ਹਾਂ ਵਰਤੋ

ਪਵਿੱਤਰ ਸ਼ਕਤੀ ਦੀ “ਤਲਵਾਰ” ਚੰਗੀ ਤਰ੍ਹਾਂ ਵਰਤੋ

‘ਪਵਿੱਤਰ ਸ਼ਕਤੀ ਦੀ ਤਲਵਾਰ ਜੋ ਪਰਮੇਸ਼ੁਰ ਦੀ ਬਾਣੀ ਹੈ ਲੈ ਲਵੋ।’—ਅਫ਼. 6:17.

1, 2. ਜੇ ਅਸੀਂ ਚਾਹੁੰਦੇ ਹਾਂ ਕਿ ਪ੍ਰਚਾਰਕਾਂ ਦੀ ਗਿਣਤੀ ਵਧੇ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ?

ਜਦ ਯਿਸੂ ਨੇ ਦੇਖਿਆ ਕਿ ਲੋਕਾਂ ਨੂੰ ਪਰਮੇਸ਼ੁਰ ਦੇ ਗਿਆਨ ਦੀ ਕਿੰਨੀ ਲੋੜ ਸੀ, ਤਾਂ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ: “ਖੇਤੀ ਪੱਕੀ ਹੋਈ ਤਾਂ ਬਹੁਤ ਹੈ ਪਰ ਵਾਢੇ ਥੋੜੇ ਹਨ। ਇਸ ਲਈ ਤੁਸੀਂ ਖੇਤੀ ਦੇ ਮਾਲਕ ਦੇ ਅੱਗੇ ਬੇਨਤੀ ਕਰੋ ਜੋ ਉਹ ਆਪਣੀ ਖੇਤੀ ਵੱਢਣ ਨੂੰ ਵਾਢੇ ਘੱਲ ਦੇਵੇ।” ਯਿਸੂ ਨੇ ਇੱਥੇ ਹੀ ਗੱਲ ਖ਼ਤਮ ਨਹੀਂ ਕਰ ਦਿੱਤੀ, ਸਗੋਂ ਅੱਗੋਂ ਵੀ ਕੁਝ ਕੀਤਾ। ਇਹ ਸ਼ਬਦ ਕਹਿਣ ਤੋਂ ਬਾਅਦ ਉਸ ਨੇ “ਆਪਣੇ ਬਾਰਾਂ ਚੇਲਿਆਂ ਨੂੰ ਕੋਲ ਸੱਦ ਕੇ” ਉਨ੍ਹਾਂ ਨੂੰ ਪ੍ਰਚਾਰ ਕਰਨ ਜਾਂ “ਖੇਤੀ ਵੱਢਣ” ਲਈ ਘੱਲਿਆ। (ਮੱਤੀ 9:35-38; 10:1, 5) ਇਸ ਤੋਂ ਬਾਅਦ ਯਿਸੂ ਨੇ “ਸੱਤਰ ਹੋਰ ਵੀ ਠਹਿਰਾਏ” ਤੇ ਇਨ੍ਹਾਂ ਨੂੰ ਪ੍ਰਚਾਰ ਕਰਨ ਵਾਸਤੇ ‘ਦੋ ਦੋ ਕਰਕੇ ਘੱਲਿਆ।’—ਲੂਕਾ 10:1, 2.

2 ਅੱਜ ਵੀ ਪ੍ਰਚਾਰਕਾਂ ਦੀ ਬਹੁਤ ਲੋੜ ਹੈ। 2009 ਦੇ ਸੇਵਾ ਸਾਲ ਵਿਚ ਯਿਸੂ ਦੀ ਮੌਤ ਦੀ ਯਾਦਗਾਰ ਮਨਾਉਣ ਲਈ ਦੁਨੀਆਂ ਭਰ ਵਿਚ 1,81,68,323 ਲੋਕ ਇਕੱਠੇ ਹੋਏ। ਇਹ ਗਿਣਤੀ ਯਹੋਵਾਹ ਦੇ ਗਵਾਹਾਂ ਦੀ ਕੁੱਲ ਗਿਣਤੀ ਨਾਲੋਂ ਇਕ ਕਰੋੜ ਜ਼ਿਆਦਾ ਸੀ। ਵਾਕਈ, ਖੇਤ ਵਾਢੀ ਲਈ ਤਿਆਰ ਹੈ। (ਯੂਹੰ. 4:34, 35) ਇਸ ਲਈ ਸਾਨੂੰ ਹੋਰ ਵਾਢਿਆਂ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ। ਪਰ ਅਸੀਂ ਆਪਣੀਆਂ ਪ੍ਰਾਰਥਨਾਵਾਂ ਦੇ ਅਨੁਸਾਰ ਕੀ ਕੁਝ ਕਰ ਸਕਦੇ ਹਾਂ? ਅਸੀਂ ਪ੍ਰਚਾਰ ਅਤੇ ਚੇਲੇ ਬਣਾਉਣ ਦਾ ਕੰਮ ਜੋਸ਼ ਨਾਲ ਕਰਦਿਆਂ ਹੋਰ ਅਸਰਕਾਰੀ ਬਣ ਸਕਦੇ ਹਾਂ।—ਮੱਤੀ 28:19, 20; ਮਰ. 13:10.

3. ਚੰਗੇ ਪ੍ਰਚਾਰਕ ਬਣਨ ਵਿਚ ਪਰਮੇਸ਼ੁਰ ਦੀ ਸ਼ਕਤੀ ਸਾਡੀ ਕਿਵੇਂ ਮਦਦ ਕਰਦੀ ਹੈ?

3 ਪਹਿਲੇ ਲੇਖ ਵਿਚ ਅਸੀਂ ਦੇਖਿਆ ਸੀ ਕਿ ਜੇ ਅਸੀਂ “ਪਰਮੇਸ਼ੁਰ ਦਾ ਬਚਨ ਦਲੇਰੀ ਨਾਲ ਸੁਣਾਉਣਾ” ਹੈ, ਤਾਂ ਸਾਨੂੰ ਪਰਮੇਸ਼ੁਰ ਦੀ ਸ਼ਕਤੀ ਦੀ ਸੇਧ ਦੀ ਲੋੜ ਹੈ। (ਰਸੂ. 4:31) ਇਸ ਸ਼ਕਤੀ ਦੀ ਮਦਦ ਨਾਲ ਅਸੀਂ ਚੰਗੇ ਪ੍ਰਚਾਰਕ ਬਣ ਸਕਦੇ ਹਾਂ। ਪ੍ਰਚਾਰ ਕਰਨ ਵਿਚ ਮਾਹਰ ਬਣਨ ਦਾ ਇਕ ਤਰੀਕਾ ਹੈ ਕਿ ਅਸੀਂ ਯਹੋਵਾਹ ਪਰਮੇਸ਼ੁਰ ਵੱਲੋਂ ਦਿੱਤਾ ਉਸ ਦਾ ਬਚਨ ਚੰਗੀ ਤਰ੍ਹਾਂ ਵਰਤੀਏ। ਬਾਈਬਲ ਪਵਿੱਤਰ ਸ਼ਕਤੀ ਦੇ ਜ਼ਰੀਏ ਰਚੀ ਗਈ ਸੀ। (2 ਤਿਮੋ. 3:16) ਇਸ ਵਿਚਲਾ ਸੰਦੇਸ਼ ਪਰਮੇਸ਼ੁਰ ਨੇ ਲਿਖਵਾਇਆ ਹੈ। ਸੋ ਜਦੋਂ ਅਸੀਂ ਪ੍ਰਚਾਰ ਕਰਦਿਆਂ ਬਾਈਬਲ ਵਿੱਚੋਂ ਗੱਲਾਂ ਨੂੰ ਚੰਗੀ ਤਰ੍ਹਾਂ ਸਮਝਾਉਂਦੇ ਹਾਂ, ਤਾਂ ਅਸੀਂ ਪਵਿੱਤਰ ਸ਼ਕਤੀ ਦੀ ਸੇਧ ਵਿਚ ਚੱਲ ਰਹੇ ਹੁੰਦੇ ਹਾਂ। ਇਸ ਬਾਰੇ ਗੱਲਬਾਤ ਕਰਨ ਤੋਂ ਪਹਿਲਾਂ ਆਓ ਆਪਾਂ ਦੇਖੀਏ ਕਿ ਬਾਈਬਲ ਵਿਚ ਕਿੰਨੀ ਕੁ ਤਾਕਤ ਹੈ।

‘ਪਰਮੇਸ਼ੁਰ ਦਾ ਬਚਨ ਗੁਣਕਾਰੀ ਹੈ’

4. ਬਾਈਬਲ ਵਿਚ ਪਾਇਆ ਜਾਂਦਾ ਪਰਮੇਸ਼ੁਰ ਦਾ ਸੰਦੇਸ਼ ਇਨਸਾਨ ਨੂੰ ਕਿਵੇਂ ਬਦਲ ਸਕਦਾ ਹੈ?

4 ਪਰਮੇਸ਼ੁਰ ਦੇ ਬਚਨ ਵਿਚ ਅਸੀਮ ਤਾਕਤ ਹੈ! (ਇਬ. 4:12) ਕਹਿਣ ਦਾ ਭਾਵ ਕਿ ਬਾਈਬਲ ਵਿਚਲਾ ਸੰਦੇਸ਼ ਇਨਸਾਨ ਦੀ ਬਣਾਈ ਕਿਸੇ ਵੀ ਤਲਵਾਰ ਨਾਲੋਂ ਤਿੱਖਾ ਹੈ। ਇਹ ਸੰਦੇਸ਼ ਤਲਵਾਰ ਵਾਂਗ ਅਸਰ ਕਰਦਾ ਹੈ ਕਿਉਂਕਿ ਇਹ ਹੱਡੀਆਂ ਅਤੇ ਗੁੱਦੇ ਨੂੰ ਅੱਡ-ਅੱਡ ਕਰ ਦਿੰਦਾ ਹੈ। ਬਾਈਬਲ ਦੀ ਸੱਚਾਈ ਇਨਸਾਨ ਦੇ ਧੁਰ ਅੰਦਰ ਤਕ ਪਹੁੰਚ ਕੇ ਉਸ ਦੇ ਖ਼ਿਆਲਾਂ ਅਤੇ ਭਾਵਨਾਵਾਂ ’ਤੇ ਅਸਰ ਕਰਦੀ ਹੈ। ਇਸ ਤਰ੍ਹਾਂ ਪਤਾ ਲੱਗਦਾ ਹੈ ਕਿ ਇਨਸਾਨ ਅੰਦਰੋਂ ਕਿਹੋ ਜਿਹਾ ਹੈ। ਇਸ ਸੱਚਾਈ ਵਿਚ ਇੰਨੀ ਤਾਕਤ ਹੈ ਕਿ ਇਹ ਇਨਸਾਨ ਨੂੰ ਬਦਲ ਕੇ ਰੱਖ ਦਿੰਦੀ ਹੈ। (ਕੁਲੁੱਸੀਆਂ 3:10 ਪੜ੍ਹੋ।) ਹਾਂ, ਪਰਮੇਸ਼ੁਰ ਦਾ ਬਚਨ ਜ਼ਿੰਦਗੀਆਂ ਬਦਲ ਸਕਦਾ ਹੈ!

5. ਕਿਨ੍ਹਾਂ ਤਰੀਕਿਆਂ ਨਾਲ ਬਾਈਬਲ ਸਾਡੀ ਮਦਦ ਕਰ ਸਕਦੀ ਹੈ ਅਤੇ ਨਤੀਜਾ ਕੀ ਨਿਕਲ ਸਕਦਾ ਹੈ?

5 ਬਾਈਬਲ ਵਿਚ ਅਜਿਹੀ ਬੁੱਧ ਪਾਈ ਜਾਂਦੀ ਹੈ ਜੋ ਹੋਰ ਕਿਤੇ ਦੇਖਣ ਨੂੰ ਨਹੀਂ ਮਿਲਦੀ। ਇਸ ਵਿਚ ਉਹ ਜਾਣਕਾਰੀ ਪਾਈ ਜਾਂਦੀ ਹੈ ਜਿਸ ਦੀ ਮਦਦ ਨਾਲ ਲੋਕ ਇਸ ਮੁਸ਼ਕਲਾਂ ਭਰੀ ਦੁਨੀਆਂ ਵਿਚ ਰਹਿਣਾ ਸਿੱਖਦੇ ਹਨ। ਪਰਮੇਸ਼ੁਰ ਦਾ ਬਚਨ ਨਾ ਸਿਰਫ਼ ਅੱਜ ਸਾਡੇ ਕਦਮਾਂ ਲਈ ਚਾਨਣ ਹੈ, ਸਗੋਂ ਭਵਿੱਖ ਵਿਚ ਵੀ ਸਾਡਾ ਰਾਹ ਚਾਨਣ ਕਰੇਗਾ। (ਜ਼ਬੂ. 119:105) ਇਹ ਉਦੋਂ ਸਾਡੀ ਬਹੁਤ ਮਦਦ ਕਰਦਾ ਹੈ ਜਦੋਂ ਅਸੀਂ ਮੁਸ਼ਕਲਾਂ ਵਿੱਚੋਂ ਗੁਜ਼ਰ ਰਹੇ ਹੁੰਦੇ ਹਾਂ ਅਤੇ ਜਦੋਂ ਸਾਨੂੰ ਦੋਸਤਾਂ, ਮਨੋਰੰਜਨ, ਕੰਮ-ਕਾਜ, ਪਹਿਰਾਵੇ ਵਗੈਰਾ ਬਾਰੇ ਫ਼ੈਸਲੇ ਕਰਨ ਦੀ ਲੋੜ ਹੈ। (ਜ਼ਬੂ. 37:25; ਕਹਾ. 13:20; ਯੂਹੰ. 15:14; 1 ਤਿਮੋ. 2:9) ਪਰਮੇਸ਼ੁਰ ਦੇ ਬਚਨ ਵਿਚ ਪਾਏ ਜਾਂਦੇ ਅਸੂਲਾਂ ਉੱਤੇ ਚੱਲਣ ਨਾਲ ਸਾਡੀ ਹੋਰਨਾਂ ਨਾਲ ਚੰਗੀ ਬਣਦੀ ਹੈ। (ਮੱਤੀ 7:12; ਫ਼ਿਲਿ. 2:3, 4) ਜੇ ਸਾਡਾ ਰਾਹ ਪਰਮੇਸ਼ੁਰ ਦੇ ਬਚਨ ਨਾਲ ਰੌਸ਼ਨ ਹੈ, ਤਾਂ ਅਸੀਂ ਦੇਖ ਪਾਵਾਂਗੇ ਕਿ ਸਾਡੇ ਫ਼ੈਸਲਿਆਂ ਦਾ ਸਾਡੇ ਭਵਿੱਖ ਉੱਤੇ ਕੀ ਅਸਰ ਪਵੇਗਾ। (1 ਤਿਮੋ. 6:9) ਬਾਈਬਲ ਇਹ ਵੀ ਦੱਸਦੀ ਹੈ ਕਿ ਭਵਿੱਖ ਬਾਰੇ ਪਰਮੇਸ਼ੁਰ ਦਾ ਕੀ ਮਕਸਦ ਹੈ। ਇਸ ਤੋਂ ਇਲਾਵਾ ਇਹ ਸਾਨੂੰ ਉਸ ਮਕਸਦ ਅਨੁਸਾਰ ਜੀਣਾ ਸਿਖਾਉਂਦੀ ਹੈ। (ਮੱਤੀ 6:33; 1 ਯੂਹੰ. 2:17, 18) ਪਰਮੇਸ਼ੁਰ ਦੇ ਅਸੂਲਾਂ ਉੱਤੇ ਚੱਲਣ ਵਾਲਾ ਇਨਸਾਨ ਸੱਚ-ਮੁੱਚ ਖ਼ੁਸ਼ੀਆਂ ਭਰੀ ਜ਼ਿੰਦਗੀ ਜੀਉਂਦਾ ਹੈ!

6. ਸ਼ਤਾਨ ਨਾਲ ਲੜਨ ਲਈ ਬਾਈਬਲ ਕਿੰਨਾ ਕੁ ਸ਼ਕਤੀਸ਼ਾਲੀ ਹਥਿਆਰ ਹੈ?

6 ਜ਼ਰਾ ਸੋਚੋ ਕਿ ਬਾਈਬਲ ਕਿੰਨਾ ਸ਼ਕਤੀਸ਼ਾਲੀ ਹਥਿਆਰ ਹੈ ਜੋ ਅਸੀਂ ਸ਼ਤਾਨ ਨਾਲ ਲੜਨ ਲਈ ਵਰਤ ਸਕਦੇ ਹਾਂ! ਪੌਲੁਸ ਨੇ ਪਰਮੇਸ਼ੁਰ ਦੇ ਬਚਨ ਨੂੰ ਪਵਿੱਤਰ ਸ਼ਕਤੀ ਦੀ “ਤਲਵਾਰ” ਕਿਹਾ। (ਅਫ਼ਸੀਆਂ 6:12, 17 ਪੜ੍ਹੋ।) ਜਦੋਂ ਅਸੀਂ ਬਾਈਬਲ ਦਾ ਸੰਦੇਸ਼ ਵਧੀਆ ਤਰੀਕੇ ਨਾਲ ਦਿੰਦੇ ਹਾਂ, ਤਾਂ ਇਹ ਲੋਕਾਂ ਨੂੰ ਸ਼ਤਾਨ ਦੇ ਸ਼ਿਕੰਜੇ ਵਿੱਚੋਂ ਛੁਡਾ ਸਕਦਾ ਹੈ। ਇਸ ਤਲਵਾਰ ਨਾਲ ਅਸੀਂ ਲੋਕਾਂ ਦੀਆਂ ਜਾਨਾਂ ਲੈਂਦੇ ਨਹੀਂ, ਸਗੋਂ ਬਚਾਉਂਦੇ ਹਾਂ। ਤਾਂ ਫਿਰ ਕੀ ਸਾਨੂੰ ਇਹ ਤਲਵਾਰ ਚੰਗੀ ਤਰ੍ਹਾਂ ਨਹੀਂ ਵਰਤਣੀ ਚਾਹੀਦੀ?

ਬਚਨ ਨੂੰ ਚੰਗੀ ਤਰ੍ਹਾਂ ਸਮਝਾਓ

7. ਪਵਿੱਤਰ ਸ਼ਕਤੀ ਦੀ “ਤਲਵਾਰ” ਵਰਤਣੀ ਸਿੱਖਣੀ ਕਿਉਂ ਜ਼ਰੂਰੀ ਹੈ?

7 ਇਕ ਸਿਪਾਹੀ ਤਾਂ ਹੀ ਹਥਿਆਰਾਂ ਨੂੰ ਲੜਾਈ ਵਿਚ ਚੰਗੀ ਤਰ੍ਹਾਂ ਵਰਤ ਸਕਦਾ ਹੈ ਜੇ ਉਸ ਨੇ ਪਹਿਲਾਂ ਸਿਖਲਾਈ ਲਈ ਹੈ ਅਤੇ ਇਨ੍ਹਾਂ ਨੂੰ ਵਰਤਣ ਦਾ ਅਭਿਆਸ ਕੀਤਾ ਹੈ। ਇਸੇ ਤਰ੍ਹਾਂ ਅਸੀਂ ਸ਼ਤਾਨ ਨਾਲ ਲੜਨ ਲਈ ਸ਼ਕਤੀ ਦੀ “ਤਲਵਾਰ” ਵਰਤਦੇ ਹਾਂ। ਪੌਲੁਸ ਨੇ ਲਿਖਿਆ: “ਆਪਣੇ ਆਪ ਨੂੰ ਪਰਮੇਸ਼ੁਰ ਦੇ ਅੱਗੇ ਪਰਵਾਨ ਅਤੇ ਅਜਿਹਾ ਕਾਰੀਗਰ ਠਹਿਰਾਉਣ ਦਾ ਜਤਨ ਕਰ ਜਿਹ ਨੂੰ ਲੱਜਿਆਵਾਨ ਨਾ ਹੋਣਾ ਪਵੇ ਅਤੇ ਜਿਹੜਾ ਸਚਿਆਈ ਦੇ ਬਚਨ ਦਾ ਜਥਾਰਥ ਵਖਿਆਣ ਕਰਨ ਵਾਲਾ ਹੋਵੇ।”—2 ਤਿਮੋ. 2:15.

8, 9. ਬਾਈਬਲ ਦੀਆਂ ਗੱਲਾਂ ਦਾ ਮਤਲਬ ਸਮਝਣ ਲਈ ਕਿਹੜੀ ਗੱਲ ਸਾਡੀ ਮਦਦ ਕਰੇਗੀ? ਉਦਾਹਰਣ ਦਿਓ।

8 ਕਿਹੜੀ ਗੱਲ ਦੀ ਮਦਦ ਨਾਲ ਅਸੀਂ ਪ੍ਰਚਾਰ ਵਿਚ “ਸਚਿਆਈ ਦੇ ਬਚਨ ਦਾ ਜਥਾਰਥ ਵਖਿਆਣ” ਕਰ ਸਕਦੇ ਹਾਂ ਯਾਨੀ ਸਹੀ-ਸਹੀ ਸਮਝਾ ਸਕਦੇ ਹਾਂ? ਦੂਜਿਆਂ ਨੂੰ ਬਾਈਬਲ ਦੀਆਂ ਗੱਲਾਂ ਸਮਝਾਉਣ ਤੋਂ ਪਹਿਲਾਂ ਸਾਨੂੰ ਉਨ੍ਹਾਂ ਦਾ ਮਤਲਬ ਪਤਾ ਹੋਣਾ ਚਾਹੀਦਾ ਹੈ। ਇਸ ਦੇ ਲਈ ਜ਼ਰੂਰੀ ਹੈ ਕਿ ਅਸੀਂ ਬਾਈਬਲ ਦੀ ਕਿਸੇ ਆਇਤ ਜਾਂ ਹਿੱਸੇ ਦੇ ਪ੍ਰਸੰਗ ਵੱਲ ਧਿਆਨ ਦੇਈਏ। ਇਕ ਪੰਜਾਬੀ ਕੋਸ਼ ਮੁਤਾਬਕ ਪ੍ਰਸੰਗ ਦਾ ਮਤਲਬ ਹੈ “ਕਿਸੇ ਪੈਰੇ ਵਿਚ ਚੱਲ ਰਹੀ ਗੱਲਬਾਤ ਦਾ ਅੱਗਾ ਪਿੱਛਾ ਜਿਸ ਨਾਲ ਉਸ ਦੇ ਠੀਕ ਭਾਵ ਪ੍ਰਗਟ ਹੁੰਦੇ ਹਨ।”

9 ਬਾਈਬਲ ਦੇ ਕਿਸੇ ਹਿੱਸੇ ਨੂੰ ਸਮਝਣ ਲਈ ਸਾਨੂੰ ਉਸ ਦੀਆਂ ਅਗਲੀਆਂ-ਪਿਛਲੀਆਂ ਆਇਤਾਂ ਦੇਖਣੀਆਂ ਚਾਹੀਦੀਆਂ ਹਨ। ਗਲਾਤੀਆਂ 5:13 ਵਿਚ ਪੌਲੁਸ ਰਸੂਲ ਦੇ ਸ਼ਬਦਾਂ ਤੋਂ ਇਹ ਗੱਲ ਪਤਾ ਲੱਗਦੀ ਹੈ। ਉਸ ਨੇ ਲਿਖਿਆ: “ਭਰਾਵੋ, ਤੁਸੀਂ ਆਜ਼ਾਦ ਹੋਣ ਦੇ ਲਈ ਸੱਦ ਗਏ ਹੋ, ਪਰ ਇਸ ਆਜ਼ਾਦੀ ਨੂੰ ਆਪਣੀਆਂ ਸਰੀਰਕ ਵਾਸ਼ਨਾਵਾਂ ਦੀ ਇਛਾ ਪੂਰਤੀ ਦਾ ਹਥਿਆਰ ਨਾ ਬਣਨ ਦਿਉ। ਸਗੋਂ ਪਿਆਰ ਭਾਵਨਾ ਨਾਲ ਇਕ ਦੂਜੇ ਦੀ ਸੇਵਾ ਕਰੋ।” (ERV) ਪੌਲੁਸ ਕਿਹੜੀ ਆਜ਼ਾਦੀ ਦੀ ਗੱਲ ਕਰ ਰਿਹਾ ਸੀ? ਕੀ ਉਹ ਪਾਪ ਤੇ ਮੌਤ ਅਤੇ ਝੂਠੀਆਂ ਸਿੱਖਿਆਵਾਂ ਦੀ ਗ਼ੁਲਾਮੀ ਤੋਂ ਆਜ਼ਾਦੀ ਦੀ ਗੱਲ ਕਰ ਰਿਹਾ ਸੀ ਜਾਂ ਕਿਸੇ ਹੋਰ ਚੀਜ਼ ਤੋਂ? ਅਗਲੀਆਂ-ਪਿਛਲੀਆਂ ਆਇਤਾਂ ਤੋਂ ਪਤਾ ਲੱਗਦਾ ਹੈ ਕਿ ਪੌਲੁਸ ਉਸ ਆਜ਼ਾਦੀ ਦੀ ਗੱਲ ਕਰ ਰਿਹਾ ਸੀ ਜੋ ‘ਸ਼ਰਾ ਦੇ ਸਰਾਪ ਤੋਂ ਛੁੱਟਣ’ ਨਾਲ ਮਿਲਦੀ ਹੈ। (ਗਲਾ. 3:13, 19-24; 4:1-5) ਮਤਲਬ ਕਿ ਉਹ ਆਜ਼ਾਦੀ ਜੋ ਮਸੀਹ ਦੀ ਰੀਸ ਕਰਨ ਨਾਲ ਮਿਲਦੀ ਹੈ। ਜਿਨ੍ਹਾਂ ਨੂੰ ਇਸ ਆਜ਼ਾਦੀ ਦੀ ਕਦਰ ਸੀ, ਉਹ ਪਿਆਰ ਨਾਲ ਇਕ-ਦੂਜੇ ਦੀ ਸੇਵਾ ਕਰਦੇ ਸਨ। ਜਿਨ੍ਹਾਂ ਵਿਚ ਪਿਆਰ ਨਹੀਂ ਸੀ ਉਹ ਚੁਗ਼ਲੀਆਂ ਤੇ ਲੜਾਈ-ਝਗੜੇ ਕਰਦੇ ਸਨ।—ਗਲਾ. 5:15.

10. ਆਇਤਾਂ ਦਾ ਮਤਲਬ ਸਹੀ-ਸਹੀ ਸਮਝਣ ਲਈ ਸਾਨੂੰ ਕਿਹੋ ਜਿਹੀ ਜਾਣਕਾਰੀ ਲੈਣ ਦੀ ਲੋੜ ਹੈ ਤੇ ਇਹ ਅਸੀਂ ਕਿਵੇਂ ਲੈ ਸਕਦੇ ਹਾਂ?

10 ਕਿਸੇ ਆਇਤ ਦਾ ਸਹੀ-ਸਹੀ ਮਤਲਬ ਸਮਝਣ ਲਈ ਸਾਨੂੰ ਹੋਰ ਵੀ ਜਾਣਕਾਰੀ ਲੈਣ ਦੀ ਲੋੜ ਹੈ ਜਿਵੇਂ ਕਿ ਬਾਈਬਲ ਦੀ ਕੋਈ ਕਿਤਾਬ ਕਿਸ ਨੇ ਲਿਖੀ, ਕਦੋਂ ਲਿਖੀ ਤੇ ਕਿਨ੍ਹਾਂ ਹਾਲਾਤਾਂ ਵਿਚ ਲਿਖੀ ਸੀ। ਇਹ ਵੀ ਜਾਣ ਕੇ ਸਾਡੀ ਮਦਦ ਹੋਵੇਗੀ ਕਿ ਕਿਤਾਬ ਕਿਸ ਮਕਸਦ ਲਈ ਲਿਖੀ ਗਈ ਸੀ। ਜੇ ਹੋ ਸਕੇ, ਤਾਂ ਇਹ ਵੀ ਜਾਣੋ ਕਿ ਉਸ ਸਮੇਂ ਦੇ ਲੋਕਾਂ ਦੇ ਰੀਤੀ-ਰਿਵਾਜ, ਚਾਲ-ਚਲਣ ਅਤੇ ਧਾਰਮਿਕ ਸਿੱਖਿਆਵਾਂ ਕਿਹੋ ਜਿਹੀਆਂ ਸਨ। *

11. ਆਇਤਾਂ ਨੂੰ ਸਮਝਾਉਂਦਿਆਂ ਸਾਨੂੰ ਕਿਹੜੀ ਗੱਲ ਧਿਆਨ ਵਿਚ ਰੱਖਣੀ ਚਾਹੀਦੀ ਹੈ?

11 “ਸਚਿਆਈ ਦੇ ਬਚਨ ਦਾ ਜਥਾਰਥ ਵਖਿਆਣ ਕਰਨ” ਲਈ ਬਾਈਬਲ ਦੀਆਂ ਸੱਚਾਈਆਂ ਨੂੰ ਸਹੀ-ਸਹੀ ਸਮਝਾਉਣਾ ਹੀ ਕਾਫ਼ੀ ਨਹੀਂ ਹੈ। ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਲੋਕਾਂ ਨੂੰ ਡਰਾਉਣ-ਧਮਕਾਉਣ ਲਈ ਬਾਈਬਲ ਨਾ ਵਰਤੀਏ। ਬਾਈਬਲ ਵਿੱਚੋਂ ਹਵਾਲੇ ਦੇ ਕੇ ਅਸੀਂ ਸੱਚਾਈ ਦੇ ਪੱਖ ਵਿਚ ਖੜ੍ਹੇ ਹੋ ਸਕਦੇ ਹਾਂ ਜਿਵੇਂ ਯਿਸੂ ਨੇ ਵੀ ਸ਼ਤਾਨ ਦਾ ਵਿਰੋਧ ਕਰ ਕੇ ਕੀਤਾ ਸੀ। ਪਰ ਬਾਈਬਲ ਦਾ ਇਸਤੇਮਾਲ ਕਰ ਕੇ ਸਾਨੂੰ ਦੂਜਿਆਂ ’ਤੇ ਧੌਂਸ ਨਹੀਂ ਜਮਾਉਣੀ ਚਾਹੀਦੀ। (ਬਿਵ. 6:16; 8:3; 10:20; ਮੱਤੀ 4:4, 7, 10) ਸਾਨੂੰ ਪਤਰਸ ਦੀ ਸਲਾਹ ਮੰਨਣੀ ਚਾਹੀਦੀ ਹੈ: “ਮਸੀਹ ਨੂੰ ਪ੍ਰਭੁ ਕਰਕੇ ਆਪਣੇ ਹਿਰਦੇ ਵਿੱਚ ਪਵਿੱਤਰ ਮੰਨੋ ਅਤੇ ਜਿਹੜੀ ਤੁਹਾਨੂੰ ਆਸ ਹੈ ਤੁਸੀਂ ਹਰੇਕ ਨੂੰ ਜੋ ਤੁਹਾਡੇ ਕੋਲੋਂ ਉਹ ਦਾ ਕਾਰਨ ਪੁੱਛੇ ਉੱਤਰ ਦੇਣ ਨੂੰ ਸਦਾ ਤਿਆਰ ਰਹੋ ਪਰ ਨਰਮਾਈ ਅਤੇ ਭੈ ਨਾਲ।”—1 ਪਤ. 3:15.

12, 13. ਪਰਮੇਸ਼ੁਰ ਦਾ ਬਚਨ “ਕਿਲ੍ਹਿਆਂ” ਵਰਗੀਆਂ ਕਿਹੜੀਆਂ ਸਿੱਖਿਆਵਾਂ ਨੂੰ ਉਖੇੜ ਸਕਦਾ ਹੈ? ਇਕ ਮਿਸਾਲ ਦਿਓ।

12 ਜਦ ਅਸੀਂ ਪਰਮੇਸ਼ੁਰ ਦੇ ਬਚਨ ਨੂੰ ਸਹੀ ਤਰੀਕੇ ਨਾਲ ਵਰਤਦੇ ਹਾਂ, ਤਾਂ ਇਸ ਦਾ ਕੀ ਅਸਰ ਪੈ ਸਕਦਾ ਹੈ? (2 ਕੁਰਿੰਥੀਆਂ 10:4, 5 ਪੜ੍ਹੋ।) ਬਾਈਬਲ ਦੀ ਸੱਚਾਈ ‘ਕਿਲ੍ਹਿਆਂ ਦੇ ਢਾਹ ਦੇਣ ਲਈ ਡਾਢੀ ਤਕੜੀ ਹੈ।’ ਕਹਿਣ ਦਾ ਮਤਲਬ ਕਿ ਇਹ ਕਿਲ੍ਹਿਆਂ ਵਰਗੀਆਂ ਝੂਠੀਆਂ ਸਿੱਖਿਆਵਾਂ, ਨੁਕਸਾਨ ਪਹੁੰਚਾਉਣ ਵਾਲੀਆਂ ਆਦਤਾਂ ਅਤੇ ਫ਼ਲਸਫ਼ਿਆਂ ਦਾ ਪਰਦਾ ਫਾਸ਼ ਕਰ ਸਕਦੀ ਹੈ ਜਿਨ੍ਹਾਂ ਤੋਂ ਮਨੁੱਖਾਂ ਦੀ ਬੁੱਧ ਨਜ਼ਰ ਆਉਂਦੀ ਹੈ। ਅਸੀਂ ਬਾਈਬਲ ਨੂੰ ਵਰਤ ਕੇ ਕਿਸੇ ਵੀ ਗ਼ਲਤ ਵਿਚਾਰ ਨੂੰ ਜੜ੍ਹੋਂ ਉਖਾੜ ਸਕਦੇ ਹਾਂ ਜੋ ‘ਪਰਮੇਸ਼ੁਰ ਦੇ ਗਿਆਨ ਦੇ ਵਿਰੁੱਧ ਸਿਰ ਚੁੱਕਦਾ ਹੈ।’ ਬਾਈਬਲ ਦੀਆਂ ਸਿੱਖਿਆਵਾਂ ਦੀ ਮਦਦ ਨਾਲ ਅਸੀਂ ਲੋਕਾਂ ਦੀ ਸੋਚ ਬਦਲ ਸਕਦੇ ਹਾਂ ਤਾਂਕਿ ਉਹ ਸੱਚਾਈ ਮੁਤਾਬਕ ਚੱਲਣ।

13 ਇਕ 93ਵੇਂ ਸਾਲਾਂ ਦੀ ਤੀਵੀਂ ਦੀ ਹੀ ਮਿਸਾਲ ਲੈ ਲਓ ਜੋ ਭਾਰਤ ਵਿਚ ਰਹਿੰਦੀ ਹੈ। ਬਚਪਨ ਤੋਂ ਹੀ ਉਸ ਨੂੰ ਸਿਖਾਇਆ ਗਿਆ ਸੀ ਕਿ ਇਨਸਾਨ ਵਾਰ-ਵਾਰ ਜਨਮ ਲੈਂਦਾ ਹੈ। ਉਸ ਦਾ ਮੁੰਡਾ ਵਿਦੇਸ਼ ਵਿਚ ਰਹਿੰਦਾ ਹੈ ਜੋ ਉਸ ਨੂੰ ਚਿੱਠੀਆਂ ਰਾਹੀਂ ਬਾਈਬਲ ਸਟੱਡੀ ਕਰਾਉਂਦਾ ਸੀ। ਉਸ ਤੀਵੀਂ ਨੇ ਉਹ ਸਾਰਾ ਕੁਝ ਮੰਨ ਲਿਆ ਜੋ ਉਹ ਯਹੋਵਾਹ ਅਤੇ ਉਸ ਦੇ ਵਾਅਦਿਆਂ ਬਾਰੇ ਸਿੱਖ ਰਹੀ ਸੀ। ਪਰ ਪੁਨਰ-ਜਨਮ ਦੀ ਸਿੱਖਿਆ ਉਸ ਦੇ ਦਿਲੋ-ਦਿਮਾਗ਼ ਵਿਚ ਜੜ੍ਹ ਫੜ ਚੁੱਕੀ ਸੀ। ਇਸ ਲਈ ਜਦ ਉਸ ਦੇ ਪੁੱਤਰ ਨੇ ਲਿਖ ਕੇ ਸਮਝਾਇਆ ਕਿ ਮਰੇ ਹੋਏ ਲੋਕ ਕਿਹੋ ਜਿਹੀ ਹਾਲਤ ਵਿਚ ਹਨ, ਤਾਂ ਉਸ ਨੂੰ ਇਹ ਗੱਲ ਮੰਨਣੀ ਬਹੁਤ ਔਖੀ ਲੱਗੀ। ਉਸ ਨੇ ਕਿਹਾ: “ਮੈਨੂੰ ਤੇਰੀ ਬਾਈਬਲ ਦੀ ਇਹ ਸਿੱਖਿਆ ਸਮਝ ਨਹੀਂ ਆਉਂਦੀ। ਸਾਰੇ ਧਰਮ ਸਿਖਾਉਂਦੇ ਹਨ ਕਿ ਸਾਡੇ ਅੰਦਰ ਅਮਰ ਆਤਮਾ ਹੈ। ਮੈਂ ਹਮੇਸ਼ਾ ਇਹੀ ਮੰਨਦੀ ਆਈ ਹਾਂ ਕਿ ਸਰੀਰ ਦੇ ਮਰਨ ਤੋਂ ਬਾਅਦ ਸਾਡੀ ਆਤਮਾ ਕਿਸੇ ਹੋਰ ਸਰੀਰ ਵਿਚ ਜਾ ਕੇ ਜਨਮ ਲੈ ਲੈਂਦੀ ਹੈ। ਇਸ ਤਰ੍ਹਾਂ ਇਨਸਾਨ 84,00,000 ਜੂਨਾਂ ਭੁਗਤਦਾ ਹੈ। ਇਹ ਕਿੱਦਾਂ ਗ਼ਲਤ ਹੋ ਸਕਦਾ ਹੈ? ਕੀ ਇਹ ਸਾਰੇ ਧਰਮ ਗ਼ਲਤ ਹਨ?” ਕੀ ਪਵਿੱਤਰ ਸ਼ਕਤੀ ਦੀ ਤਲਵਾਰ ਇਸ ਔਰਤ ਦੇ ਦਿਲ ਵਿੱਚੋਂ ਇਹ ਸਿੱਖਿਆ ਉਖਾੜ ਸਕੀ? ਇਸ ਬਾਰੇ ਹੋਰ ਚਰਚਾ ਕਰਨ ਤੋਂ ਕੁਝ ਹਫ਼ਤਿਆਂ ਬਾਅਦ ਉਸ ਤੀਵੀਂ ਨੇ ਲਿਖਿਆ: “ਮੌਤ ਬਾਰੇ ਸੱਚਾਈ ਮੈਂ ਆਖ਼ਰ ਸਮਝ ਹੀ ਗਈ। ਮੈਨੂੰ ਇਹ ਜਾਣ ਕੇ ਬਹੁਤ ਖ਼ੁਸ਼ੀ ਹੁੰਦੀ ਹੈ ਕਿ ਮੌਤ ਦੀ ਨੀਂਦ ਸੁੱਤੇ ਲੋਕਾਂ ਨੂੰ ਫਿਰ ਤੋਂ ਜਗਾਇਆ ਜਾਵੇਗਾ ਅਤੇ ਅਸੀਂ ਆਪਣੇ ਅਜ਼ੀਜ਼ਾਂ ਨੂੰ ਫਿਰ ਮਿਲ ਪਾਵਾਂਗੇ। ਮੈਨੂੰ ਆਸ ਹੈ ਕਿ ਪਰਮੇਸ਼ੁਰ ਦਾ ਰਾਜ ਜਲਦੀ ਆਵੇਗਾ।”

ਬਚਨ ਨਾਲ ਲੋਕਾਂ ਨੂੰ ਕਾਇਲ ਕਰੋ

14. ਆਪਣੇ ਸੁਣਨ ਵਾਲਿਆਂ ਨੂੰ ਕਾਇਲ ਕਰਨ ਦਾ ਕੀ ਮਤਲਬ ਹੈ?

14 ਪ੍ਰਚਾਰ ਵਿਚ ਬਾਈਬਲ ਨੂੰ ਚੰਗੀ ਤਰ੍ਹਾਂ ਵਰਤਣ ਦਾ ਇਹ ਮਤਲਬ ਨਹੀਂ ਕਿ ਅਸੀਂ ਲੋਕਾਂ ਨੂੰ ਸਿਰਫ਼ ਹਵਾਲੇ ਦਿਖਾਈਏ। ਪੌਲੁਸ ਗੱਲਾਂ ਸਮਝਾ ਕੇ ਲੋਕਾਂ ਨੂੰ ਕਾਇਲ ਕਰਨ ਦੀ ਕੋਸ਼ਿਸ਼ ਕਰਦਾ ਸੀ ਤੇ ਸਾਨੂੰ ਵੀ ਇਸੇ ਤਰ੍ਹਾਂ ਕਰਨਾ ਚਾਹੀਦਾ ਹੈ। (ਰਸੂਲਾਂ ਦੇ ਕਰਤੱਬ 19:8, 9; 28:23 ਪੜ੍ਹੋ।) “ਕਾਇਲ ਕਰਨ” ਦਾ ਮਤਲਬ ਹੈ ਕਿਸੇ ਦੇ ਦਿਲ ਨੂੰ “ਜਿੱਤ ਲੈਣਾ।” ਕਾਇਲ ਹੋਏ ਇਨਸਾਨ ਨੂੰ “ਇੰਨਾ ਯਕੀਨ ਹੋ ਜਾਂਦਾ ਹੈ ਕਿ ਉਹ ਗੱਲ ’ਤੇ ਇਤਬਾਰ ਕਰਨ ਲੱਗ ਪੈਂਦਾ ਹੈ।” ਜਦੋਂ ਅਸੀਂ ਕਿਸੇ ਇਨਸਾਨ ਨੂੰ ਬਾਈਬਲ ਦੀ ਕੋਈ ਸਿੱਖਿਆ ਮੰਨਣ ਲਈ ਕਾਇਲ ਕਰ ਲੈਂਦੇ ਹਾਂ, ਤਾਂ ਅਸੀਂ ਉਸ ਦੇ ਦਿਲ ਨੂੰ ਜਿੱਤ ਲੈਂਦੇ ਹਾਂ ਤਾਂਕਿ ਉਹ ਉਸ ਸਿੱਖਿਆ ਵਿਚ ਵਿਸ਼ਵਾਸ ਕਰੇ। ਇਸ ਤਰ੍ਹਾਂ ਕਰਨ ਲਈ ਜ਼ਰੂਰੀ ਹੈ ਕਿ ਅਸੀਂ ਸੁਣਨ ਵਾਲਿਆਂ ਨੂੰ ਭਰੋਸਾ ਦਿਵਾਈਏ ਕਿ ਅਸੀਂ ਜੋ ਕਹਿੰਦੇ ਹਾਂ, ਉਹ ਸੋਲਾਂ ਆਨੇ ਸੱਚ ਹੈ। ਅਸੀਂ ਅੱਗੇ ਦੱਸੇ ਸੁਝਾਅ ਲਾਗੂ ਕਰ ਕੇ ਇੱਦਾਂ ਕਰ ਸਕਦੇ ਹਾਂ।

15. ਤੁਸੀਂ ਲੋਕਾਂ ਦਾ ਧਿਆਨ ਬਾਈਬਲ ਵੱਲ ਕਿਵੇਂ ਖਿੱਚ ਸਕਦੇ ਹੋ ਤਾਂਕਿ ਬਾਈਬਲ ਲਈ ਉਨ੍ਹਾਂ ਦੀ ਕਦਰ ਵਧੇ?

15ਲੋਕਾਂ ਦਾ ਧਿਆਨ ਇਸ ਤਰ੍ਹਾਂ ਬਾਈਬਲ ਵੱਲ ਖਿੱਚੋ ਕਿ ਬਾਈਬਲ ਲਈ ਉਨ੍ਹਾਂ ਦੀ ਕਦਰ ਵਧੇ। ਜਦੋਂ ਤੁਸੀਂ ਬਾਈਬਲ ਵਿੱਚੋਂ ਕੋਈ ਹਵਾਲਾ ਦਿਖਾਉਂਦੇ ਹੋ, ਤਾਂ ਇਸ ਗੱਲ ਉੱਤੇ ਜ਼ੋਰ ਦਿਓ ਕਿ ਯਹੋਵਾਹ ਇਸ ਮਾਮਲੇ ਬਾਰੇ ਕੀ ਸੋਚਦਾ ਹੈ। ਸਵਾਲ ਪੁੱਛਣ ਅਤੇ ਵਿਅਕਤੀ ਦਾ ਜਵਾਬ ਸੁਣਨ ਤੋਂ ਬਾਅਦ ਤੁਸੀਂ ਸ਼ਾਇਦ ਕੁਝ ਇਸ ਤਰ੍ਹਾਂ ਕਹਿ ਸਕਦੇ ਹੋ, ‘ਆਓ ਆਪਾਂ ਦੇਖੀਏ ਕਿ ਰੱਬ ਇਸ ਗੱਲ ਬਾਰੇ ਕਿਵੇਂ ਸੋਚਦਾ ਹੈ।’ ਜਾਂ ਤੁਸੀਂ ਸ਼ਾਇਦ ਪੁੱਛੋ, ‘ਰੱਬ ਦਾ ਇਸ ਮਾਮਲੇ ਬਾਰੇ ਕੀ ਖ਼ਿਆਲ ਹੈ?’ ਹਵਾਲਾ ਪੜ੍ਹਨ ਤੋਂ ਪਹਿਲਾਂ ਇਸ ਤਰ੍ਹਾਂ ਕਰ ਕੇ ਅਸੀਂ ਲੋਕਾਂ ਨੂੰ ਦਿਖਾਉਂਦੇ ਹਾਂ ਕਿ ਬਾਈਬਲ ਰੱਬ ਵੱਲੋਂ ਹੈ। ਇਸ ਤਰ੍ਹਾਂ ਬਾਈਬਲ ਲਈ ਉਨ੍ਹਾਂ ਦੀ ਕਦਰ ਵਧਦੀ ਹੈ। ਇਸ ਤਰ੍ਹਾਂ ਕਰਨਾ ਖ਼ਾਸਕਰ ਉਦੋਂ ਜ਼ਰੂਰੀ ਹੁੰਦਾ ਹੈ ਜਦੋਂ ਅਸੀਂ ਉਸ ਵਿਅਕਤੀ ਨੂੰ ਗਵਾਹੀ ਦਿੰਦੇ ਹਾਂ ਜੋ ਰੱਬ ਵਿਚ ਤਾਂ ਵਿਸ਼ਵਾਸ ਕਰਦਾ ਹੈ, ਪਰ ਬਾਈਬਲ ਦੀ ਸਿੱਖਿਆ ਤੋਂ ਅਣਜਾਣ ਹੈ।—ਜ਼ਬੂ. 19:7-10.

16. ਕਿਹੜੀ ਗੱਲ ਦੀ ਮਦਦ ਨਾਲ ਤੁਸੀਂ ਆਇਤਾਂ ਸਹੀ ਤਰ੍ਹਾਂ ਸਮਝਾ ਸਕਦੇ ਹੋ?

16ਹਵਾਲੇ ਸਿਰਫ਼ ਪੜ੍ਹੋ ਨਾ ਬਲਕਿ ਇਨ੍ਹਾਂ ਨੂੰ ਖੋਲ੍ਹ ਕੇ ਸਮਝਾਓ। ਪੌਲੁਸ ਹਮੇਸ਼ਾ ਗੱਲਾਂ ਦਾ “ਅਰਥ ਖੋਲ੍ਹ ਕੇ” ਸਮਝਾਉਂਦਾ ਹੁੰਦਾ ਸੀ। (ਰਸੂ. 17:3) ਇਕ ਆਇਤ ਵਿਚ ਅਕਸਰ ਕਈ ਗੱਲਾਂ ਹੁੰਦੀਆਂ ਹਨ ਤੇ ਸਾਨੂੰ ਸ਼ਾਇਦ ਆਇਤ ਵਿੱਚੋਂ ਖ਼ਾਸ-ਖ਼ਾਸ ਸ਼ਬਦਾਂ ਨੂੰ ਚੁਣ ਕੇ ਗੱਲ ਸਮਝਾਉਣ ਦੀ ਲੋੜ ਪਵੇ। ਤੁਸੀਂ ਇਨ੍ਹਾਂ ਸ਼ਬਦਾਂ ਉੱਤੇ ਦੁਬਾਰਾ ਜ਼ੋਰ ਦੇ ਸਕਦੇ ਹੋ ਜਾਂ ਸਵਾਲ ਪੁੱਛ ਸਕਦੇ ਹੋ ਤਾਂਕਿ ਵਿਅਕਤੀ ਇਨ੍ਹਾਂ ਸ਼ਬਦਾਂ ਨੂੰ ਪਛਾਣ ਸਕੇ। ਫਿਰ ਆਇਤ ਦੇ ਉਸ ਹਿੱਸੇ ਦਾ ਮਤਲਬ ਸਮਝਾਓ। ਇਸ ਤਰ੍ਹਾਂ ਕਰਨ ਤੋਂ ਬਾਅਦ ਉਸ ਵਿਅਕਤੀ ਦੀ ਇਹ ਦੇਖਣ ਵਿਚ ਮਦਦ ਕਰੋ ਕਿ ਇਹ ਆਇਤ ਉਸ ਉੱਤੇ ਕਿਵੇਂ ਲਾਗੂ ਹੁੰਦੀ ਹੈ।

17. ਤੁਸੀਂ ਬਾਈਬਲ ਦੀ ਮਦਦ ਨਾਲ ਕਿਸੇ ਗੱਲ ਨੂੰ ਕਿਵੇਂ ਸਮਝਾ ਸਕਦੇ ਹੋ ਤਾਂਕਿ ਵਿਅਕਤੀ ਨੂੰ ਪੂਰਾ ਯਕੀਨ ਹੋ ਜਾਵੇ?

17ਬਾਈਬਲ ਨੂੰ ਇਸ ਤਰ੍ਹਾਂ ਸਮਝਾਓ ਕਿ ਲੋਕਾਂ ਨੂੰ ਪੂਰਾ ਯਕੀਨ ਹੋ ਜਾਵੇ। ਪੌਲੁਸ ਲੋਕਾਂ ਨੂੰ ਦਿਲੋਂ ਬੇਨਤੀ ਕਰਦਾ ਸੀ ਤੇ ਸਬੂਤ ਦੇ-ਦੇ ਕੇ ‘ਉਨ੍ਹਾਂ ਨਾਲ ਪੋਥੀਆਂ ਬਾਰੇ ਵਿਚਾਰ ਕਰਦਾ ਸੀ।’ (ਰਸੂ. 17:2, 4, ERV) ਉਸ ਵਾਂਗ ਤੁਸੀਂ ਵੀ ਲੋਕਾਂ ਦੇ ਦਿਲਾਂ ਨੂੰ ਛੋਹਣ ਦੀ ਕੋਸ਼ਿਸ਼ ਕਰੋ। ਉਨ੍ਹਾਂ ਦੇ ਦਿਲ ਦੀ ਗੱਲ ਜਾਣਨ ਲਈ ਅਜਿਹੇ ਸਵਾਲ ਪੁੱਛੋ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਤੁਸੀਂ ਉਨ੍ਹਾਂ ਵਿਚ ਦਿਲਚਸਪੀ ਲੈਂਦੇ ਹੋ। (ਕਹਾ. 20:5) ਉਨ੍ਹਾਂ ਨਾਲ ਰੁੱਖੇ ਹੋ ਕੇ ਗੱਲ ਨਾ ਕਰੋ। ਸਾਫ਼ ਤਰੀਕੇ ਨਾਲ ਦਲੀਲ ਪੇਸ਼ ਕਰੋ। ਇਨ੍ਹਾਂ ਗੱਲਾਂ ਦੇ ਨਾਲ-ਨਾਲ ਸਬੂਤ ਵੀ ਦਿਓ। ਜੋ ਵੀ ਤੁਸੀਂ ਕਹਿੰਦੇ ਹੋ, ਪਰਮੇਸ਼ੁਰ ਦੇ ਬਚਨ ’ਤੇ ਆਧਾਰਿਤ ਹੋਣਾ ਚਾਹੀਦਾ ਹੈ। ਨਾਲੇ ਦੋ-ਤਿੰਨ ਹਵਾਲਿਆਂ ਨੂੰ ਇੱਕੋ ਵਾਰੀ ਪੜ੍ਹਨ ਦੀ ਬਜਾਇ ਚੰਗਾ ਹੋਵੇਗਾ ਕਿ ਤੁਸੀਂ ਇਕ ਹਵਾਲਾ ਪੜ੍ਹ ਕੇ ਉਸ ਨੂੰ ਚੰਗੀ ਤਰ੍ਹਾਂ ਸਮਝਾਓ। ਵਾਧੂ ਸਬੂਤ ਦੇਣ ਨਾਲ ਵੀ ਤੁਹਾਡੇ “ਬੁੱਲ੍ਹਾਂ ਨੂੰ ਗਿਆਨ” ਮਿਲਦਾ ਹੈ। (ਕਹਾ. 16:23) ਕਦੇ-ਕਦੇ ਤੁਹਾਨੂੰ ਸ਼ਾਇਦ ਰਿਸਰਚ ਕਰਨੀ ਪਵੇ ਤੇ ਹੋਰ ਜਾਣਕਾਰੀ ਦੇਣੀ ਪਵੇ। 93ਵੇਂ ਸਾਲ ਦੀ ਤੀਵੀਂ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਨੂੰ ਜਾਣਨ ਦੀ ਲੋੜ ਸੀ ਕਿ ਅਮਰ ਆਤਮਾ ਦੀ ਸਿੱਖਿਆ ਵਿਚ ਕਿਉਂ ਇੰਨੇ ਸਾਰੇ ਲੋਕ ਵਿਸ਼ਵਾਸ ਕਰਦੇ ਹਨ। ਇਹ ਤੀਵੀਂ ਬਾਈਬਲ ਦੀ ਸਿੱਖਿਆ ਤੋਂ ਤਾਂ ਹੀ ਕਾਇਲ ਹੋਈ ਜਦ ਉਸ ਨੂੰ ਸਮਝਾਇਆ ਗਿਆ ਕਿ ਇਹ ਸਿੱਖਿਆ ਕਿੱਥੋਂ ਆਈ ਸੀ ਤੇ ਕਿਵੇਂ ਦੁਨੀਆਂ ਦੇ ਸਾਰੇ ਧਰਮਾਂ ਵਿਚ ਫੈਲ ਗਈ। *

ਪਰਮੇਸ਼ੁਰ ਦਾ ਬਚਨ ਚੰਗੀ ਤਰ੍ਹਾਂ ਵਰਤਦੇ ਰਹੋ

18, 19. ਸਾਨੂੰ ‘ਪਵਿੱਤਰ ਸ਼ਕਤੀ ਦੀ ਤਲਵਾਰ’ ਨੂੰ ਚੰਗੀ ਤਰ੍ਹਾਂ ਕਿਉਂ ਵਰਤਦੇ ਰਹਿਣਾ ਚਾਹੀਦਾ ਹੈ?

18 ਬਾਈਬਲ ਕਹਿੰਦੀ ਹੈ ਕਿ “ਇਸ ਸੰਸਾਰ ਦਾ ਰੰਗ ਢੰਗ ਬੀਤਦਾ ਜਾਂਦਾ ਹੈ।” ਬੁਰੇ ਲੋਕ ਹੋਰ ਵੀ ਬੁਰੇ ਹੋਈ ਜਾ ਰਹੇ ਹਨ। (1 ਕੁਰਿੰ. 7:31; 2 ਤਿਮੋ. 3:13) ਇਸ ਲਈ ਕਿੰਨਾ ਜ਼ਰੂਰੀ ਹੈ ਕਿ ਅਸੀਂ “ਕਿਲ੍ਹਿਆਂ” ਵਰਗੀਆਂ ਸਿੱਖਿਆਵਾਂ ਨੂੰ ਉਖੇੜਨ ਲਈ ‘ਪਵਿੱਤਰ ਸ਼ਕਤੀ ਦੀ ਤਲਵਾਰ ਜੋ ਪਰਮੇਸ਼ੁਰ ਦੀ ਬਾਣੀ ਹੈ’ ਨੂੰ ਚੰਗੀ ਤਰ੍ਹਾਂ ਵਰਤਦੇ ਰਹੀਏ।

19 ਕਿੰਨੀ ਖ਼ੁਸ਼ੀ ਦੀ ਗੱਲ ਹੈ ਕਿ ਸਾਡੇ ਕੋਲ ਪਰਮੇਸ਼ੁਰ ਦਾ ਬਚਨ ਬਾਈਬਲ ਹੈ! ਇਸ ਦਾ ਸੰਦੇਸ਼ ਇੰਨਾ ਜ਼ਬਰਦਸਤ ਹੈ ਕਿ ਇਹ ਨੇਕਦਿਲ ਲੋਕਾਂ ਦੇ ਦਿਲਾਂ ਤਕ ਪਹੁੰਚ ਕੇ ਝੂਠੀਆਂ ਸਿੱਖਿਆਵਾਂ ਨੂੰ ਉਖਾੜ ਸਕਦਾ ਹੈ! ਦੁਨੀਆਂ ਵਿਚ ਇਸ ਤਰ੍ਹਾਂ ਦੀ ਕੋਈ ਵੀ ਸਿੱਖਿਆ ਨਹੀਂ ਹੈ ਜੋ ਇਸ ਸੰਦੇਸ਼ ਨੂੰ ਦਬਾ ਸਕੇ। ਇਸ ਲਈ ਆਓ ਆਪਾਂ ਪੂਰੀ ਵਾਹ ਲਾ ਕੇ ਪਵਿੱਤਰ ਸ਼ਕਤੀ ਦੀ ਤਲਵਾਰ ਨੂੰ ਚੰਗੀ ਤਰ੍ਹਾਂ ਪ੍ਰਚਾਰ ਦੇ ਕੰਮ ਵਿਚ ਵਰਤੀਏ।

[ਫੁਟਨੋਟ]

^ ਪੈਰਾ 10 ਬਾਈਬਲ ਦੀਆਂ ਕਿਤਾਬਾਂ ਬਾਰੇ ਹੋਰ ਜਾਣਕਾਰੀ ਲੈਣ ਲਈ ਪਹਿਰਾਬੁਰਜ ਰਸਾਲੇ ਵਿਚ “ਯਹੋਵਾਹ ਦਾ ਬਚਨ ਜੀਉਂਦਾ ਹੈ” ਵਰਗੇ ਲੇਖ ਦੇਖੋ।

^ ਪੈਰਾ 17 1 ਅਪ੍ਰੈਲ 1999 ਦੇ ਪਹਿਰਾਬੁਰਜ ਦੇ ਸਫ਼ੇ 9-13 ਦੇਖੋ।

ਤੁਸੀਂ ਕੀ ਸਿੱਖਿਆ?

• ਪਰਮੇਸ਼ੁਰ ਦਾ ਬਚਨ ਕਿੰਨਾ ਕੁ ਸ਼ਕਤੀਸ਼ਾਲੀ ਹੈ?

• ਅਸੀਂ ਕਿਵੇਂ “ਸਚਿਆਈ ਦੇ ਬਚਨ” ਨੂੰ ਸਹੀ-ਸਹੀ ਸਮਝਾ ਸਕਦੇ ਹਾਂ?

• ਬਾਈਬਲ ਦਾ ਸੰਦੇਸ਼ “ਕਿਲ੍ਹਿਆਂ” ਵਰਗੀਆਂ ਸਿੱਖਿਆਵਾਂ ਨੂੰ ਕਿਵੇਂ ਉਖੇੜ ਸਕਦਾ ਹੈ?

• ਤੁਸੀਂ ਪ੍ਰਚਾਰ ਵਿਚ ਆਪਣੀ ਕਾਇਲ ਕਰਨ ਦੀ ਕਲਾ ਕਿਵੇਂ ਸੁਧਾਰ ਸਕਦੇ ਹੋ?

[ਸਵਾਲ]

[ਸਫ਼ਾ 12 ਉੱਤੇ ਡੱਬੀ/ਤਸਵੀਰ]

ਪਰਮੇਸ਼ੁਰ ਦੇ ਬਚਨ ਨਾਲ ਲੋਕਾਂ ਨੂੰ ਕਾਇਲ ਕਰਨ ਦੇ ਤਰੀਕੇ

▪ ਬਾਈਬਲ ਲਈ ਲੋਕਾਂ ਦੀ ਕਦਰ ਵਧਾਓ

▪ ਆਇਤਾਂ ਨੂੰ ਚੰਗੀ ਤਰ੍ਹਾਂ ਸਮਝਾਓ

▪ ਦਿਲ ਤਕ ਪਹੁੰਚਣ ਲਈ ਸਾਫ਼ ਤਰੀਕੇ ਨਾਲ ਦਲੀਲ ਪੇਸ਼ ਕਰੋ

[ਸਫ਼ਾ 11 ਉੱਤੇ ਤਸਵੀਰ]

‘ਪਵਿੱਤਰ ਸ਼ਕਤੀ ਦੀ ਤਲਵਾਰ’ ਨੂੰ ਚੰਗੀ ਤਰ੍ਹਾਂ ਵਰਤਣਾ ਸਿੱਖੋ