ਪਾਠਕਾਂ ਵੱਲੋਂ ਸਵਾਲ
ਪਾਠਕਾਂ ਵੱਲੋਂ ਸਵਾਲ
ਕਿਨ੍ਹਾਂ ਹਾਲਾਤਾਂ ਵਿਚ ਕੋਈ ਦੁਬਾਰਾ ਬਪਤਿਸਮਾ ਲੈ ਸਕਦਾ ਹੈ?
ਕੁਝ ਹਾਲਾਤਾਂ ਵਿਚ ਇਕ ਭਰਾ (ਜਾਂ ਭੈਣ), ਜਿਸ ਨੇ ਬਪਤਿਸਮਾ ਲਿਆ ਹੈ, ਸ਼ਾਇਦ ਸੋਚੇ ਕਿ ‘ਪਤਾ ਨਹੀਂ ਮੇਰਾ ਬਪਤਿਸਮਾ ਜਾਇਜ਼ ਸੀ ਜਾਂ ਨਹੀਂ।’ ਜੇ ਉਸ ਨੂੰ ਲੱਗਦਾ ਹੈ ਕਿ ਉਸ ਦਾ ਬਪਤਿਸਮਾ ਜਾਇਜ਼ ਨਹੀਂ ਸੀ, ਤਾਂ ਉਹ ਸ਼ਾਇਦ ਦੁਬਾਰਾ ਬਪਤਿਸਮਾ ਲੈਣ ਦਾ ਫ਼ੈਸਲਾ ਕਰੇ। ਮਿਸਾਲ ਲਈ, ਉਹ ਸ਼ਾਇਦ ਆਪਣੇ ਬਪਤਿਸਮੇ ਦੇ ਸਮੇਂ ਕਿਸੇ ਨਾਲ ਨਾਜਾਇਜ਼ ਸੰਬੰਧ ਰੱਖਦਾ ਸੀ ਜਾਂ ਲੁਕ-ਛੁਪ ਕੇ ਕੋਈ ਅਜਿਹਾ ਕੰਮ ਕਰ ਰਿਹਾ ਸੀ ਜਿਸ ਕਰਕੇ ਕਿਸੇ ਬਪਤਿਸਮਾ-ਪ੍ਰਾਪਤ ਭੈਣ ਜਾਂ ਭਰਾ ਨੂੰ ਛੇਕਿਆ ਜਾ ਸਕਦਾ ਹੈ। ਕੀ ਉਹ ਇਨ੍ਹਾਂ ਹਲਾਤਾਂ ਵਿਚ ਪਰਮੇਸ਼ੁਰ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਸਕਦਾ ਸੀ? ਇਕ ਵਿਅਕਤੀ ਉਦੋਂ ਹੀ ਆਪਣੇ ਆਪ ਨੂੰ ਯਹੋਵਾਹ ਨੂੰ ਸਮਰਪਿਤ ਕਰ ਸਕਦਾ ਹੈ ਜਦੋਂ ਉਹ ਪਾਪ ਕਰਨਾ ਛੱਡ ਦਿੰਦਾ ਹੈ। ਜੇ ਕਿਸੇ ਭੈਣ-ਭਰਾ ਨੇ ਅਜਿਹਾ ਗੰਭੀਰ ਪਾਪ ਕਰਦਿਆਂ ਬਪਤਿਸਮਾ ਲਿਆ ਹੋਵੇ, ਤਾਂ ਉਹ ਦੁਬਾਰਾ ਬਪਤਿਸਮਾ ਲੈਣ ਬਾਰੇ ਸੋਚ ਸਕਦਾ ਹੈ।
ਪਰ ਉਸ ਭਰਾ ਬਾਰੇ ਕੀ ਜੋ ਬਪਤਿਸਮਾ ਲੈਣ ਸਮੇਂ ਪਾਪ ਨਹੀਂ ਕਰ ਰਿਹਾ ਸੀ, ਪਰ ਬਾਅਦ ਵਿਚ ਕਿਸੇ ਪਾਪ ਦੀ ਵਜ੍ਹਾ ਉਸ ਨੂੰ ਜੁਡੀਸ਼ਲ ਕਮੇਟੀ ਸਾਮ੍ਹਣੇ ਪੇਸ਼ ਹੋਣਾ ਪਿਆ? ਫ਼ਰਜ਼ ਕਰੋ ਕਿ ਉਹ ਦਾਅਵਾ ਕਰਦਾ ਹੈ ਕਿ ਬਪਤਿਸਮੇ ਸਮੇਂ ਉਹ ਚੰਗੀ ਤਰ੍ਹਾਂ ਸਮਝਿਆ ਨਹੀਂ ਕਿ ਬਪਤਿਸਮਾ ਲੈਣ ਦਾ ਕੀ ਮਤਲਬ ਸੀ ਅਤੇ ਸ਼ਾਇਦ ਕਹੇ ਕਿ ਉਸ ਦਾ ਬਪਤਿਸਮਾ ਜਾਇਜ਼ ਨਹੀਂ ਸੀ। ਉਸ ਭਰਾ ਨਾਲ ਮਿਲਦੇ ਸਮੇਂ, ਬਜ਼ੁਰਗਾਂ ਨੂੰ ਉਸ ਦੇ ਬਪਤਿਸਮੇ ਬਾਰੇ ਸਵਾਲ ਨਹੀਂ ਪੁੱਛਣੇ ਚਾਹੀਦੇ ਜਿਵੇਂ ਕਿ ਕੀ ਉਸ ਨੂੰ ਲੱਗਦਾ ਹੈ ਕਿ ਉਸ ਦਾ ਸਮਰਪਣ ਤੇ ਬਪਤਿਸਮਾ ਜਾਇਜ਼ ਹਨ। ਸੱਚ ਤਾਂ ਇਹ ਹੈ ਕਿ ਉਸ ਨੇ ਬਪਤਿਸਮੇ ਦੀ ਅਹਿਮੀਅਤ ਬਾਰੇ ਬਾਈਬਲ ’ਤੇ ਆਧਾਰਿਤ ਭਾਸ਼ਣ ਸੁਣਿਆ ਸੀ। ਉਸ ਨੇ ਸਮਰਪਣ ਤੇ ਬਪਤਿਸਮੇ ਸੰਬੰਧੀ ਸਵਾਲਾਂ ਦਾ ਜਵਾਬ “ਹਾਂ” ਵਿਚ ਦਿੱਤਾ ਸੀ। ਫਿਰ ਉਸ ਨੇ ਆਪਣੇ ਕੱਪੜੇ ਬਦਲ ਕੇ ਪਾਣੀ ਵਿਚ ਡੁਬਕੀ ਲਈ ਸੀ। ਇਸ ਲਈ ਇਹ ਕਿਹਾ ਜਾ ਸਕਦਾ ਹੈ ਕਿ ਉਹ ਚੰਗੀ ਤਰ੍ਹਾਂ ਸਮਝਦਾ ਸੀ ਕਿ ਉਹ ਕੀ ਕਰ ਰਿਹਾ ਸੀ। ਇਸ ਲਈ ਬਜ਼ੁਰਗ ਉਸ ਨੂੰ ਬਪਤਿਸਮਾ-ਪ੍ਰਾਪਤ ਭਰਾ ਸਮਝਣਗੇ।
ਜੇ ਉਹ ਭਰਾ ਆਪਣੇ ਬਪਤਿਸਮੇ ਬਾਰੇ ਸਵਾਲ ਖੜ੍ਹਾ ਕਰਦਾ ਹੈ, ਤਾਂ ਬਜ਼ੁਰਗਾਂ ਨੂੰ ਅੰਗ੍ਰੇਜ਼ੀ ਦੇ ਪਹਿਰਾਬੁਰਜ, 1 ਮਾਰਚ 1960, ਸਫ਼ੇ 159 ਤੇ 160 ਅਤੇ 15 ਫਰਵਰੀ 1964, ਸਫ਼ੇ 123 ਤੋਂ 126 ਵੱਲ ਉਸ ਦਾ ਧਿਆਨ ਖਿੱਚਣਾ ਚਾਹੀਦਾ ਹੈ ਜਿੱਥੇ ਦੁਬਾਰਾ ਬਪਤਿਸਮਾ ਲੈਣ ਬਾਰੇ ਹੋਰ ਜਾਣਕਾਰੀ ਦਿੱਤੀ ਗਈ ਹੈ। ਖ਼ਾਸ ਹਾਲਾਤਾਂ ਵਿਚ (ਜਿਵੇਂ ਕਿ ਬਪਤਿਸਮੇ ਦੇ ਸਮੇਂ ਬਾਈਬਲ ਦੀ ਚੰਗੀ ਤਰ੍ਹਾਂ ਸਮਝ ਨਾ ਹੋਣ ਕਰਕੇ) ਜੇ ਭੈਣ ਜਾਂ ਭਰਾ ਦੁਬਾਰਾ ਬਪਤਿਸਮਾ ਲੈਣਾ ਚਾਹੇ, ਤਾਂ ਇਹ ਉਸ ਦਾ ਆਪਣਾ ਫ਼ੈਸਲਾ ਹੋਵੇਗਾ।
ਹੋਰਨਾਂ ਨਾਲ ਇੱਕੋ ਥਾਂ ਰਹਿਣ ਸੰਬੰਧੀ ਮਸੀਹੀਆਂ ਨੂੰ ਕਿਹੜੀਆਂ ਗੱਲਾਂ ਧਿਆਨ ਵਿਚ ਰੱਖਣੀਆਂ ਚਾਹੀਦੀਆਂ ਹਨ?
ਹਰੇਕ ਨੂੰ ਸਿਰ ਤੇ ਛੱਤ ਦੀ ਲੋੜ ਹੈ। ਪਰ ਅੱਜ-ਕੱਲ੍ਹ ਕਈਆਂ ਕੋਲ ਆਪਣਾ ਘਰ ਨਹੀਂ ਹੈ। ਪੈਸਿਆਂ ਦੀ ਤੰਗੀ, ਮਾੜੀ ਸਿਹਤ ਜਾਂ ਹੋਰ ਕਈ ਕਾਰਨਾਂ ਕਰਕੇ ਕਈਆਂ ਨੂੰ ਰਿਸ਼ਤੇਦਾਰਾਂ ਨਾਲ ਰਹਿਣਾ ਪੈਂਦਾ ਹੈ। ਕਈਆਂ ਦੇਸ਼ਾਂ ਵਿਚ ਕਿਸੇ ਕੋਲ ਆਪੋ-ਆਪਣਾ ਕਮਰਾ ਨਹੀਂ ਹੁੰਦਾ, ਸਗੋਂ ਸਾਰੇ ਰਿਸ਼ਤੇਦਾਰ ਇੱਕੋ ਕਮਰੇ ਵਿਚ ਰਹਿੰਦੇ ਹਨ।
ਇਹ ਯਹੋਵਾਹ ਦੀ ਸੰਸਥਾ ਦੀ ਜ਼ਿੰਮੇਵਾਰੀ ਨਹੀਂ ਹੈ ਕਿ ਉਹ ਲੰਬੀ-ਚੌੜੀ ਲਿਸਟ ਬਣਾ ਕੇ ਦੁਨੀਆਂ ਭਰ ਵਿਚ ਰਹਿੰਦੇ ਭੈਣਾਂ-ਭਰਾਵਾਂ ਨੂੰ ਦੱਸਣ ਕਿ ਉਨ੍ਹਾਂ ਦਾ ਰਹਿਣ ਦਾ ਬੰਦੋਬਸਤ ਕਿਵੇਂ ਕੀਤਾ ਜਾਣਾ ਚਾਹੀਦਾ ਹੈ। ਮਸੀਹੀਆਂ ਨੂੰ ਬਾਈਬਲ ਦੇ ਅਸੂਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਉਹ ਕਿੱਥੇ ਅਤੇ ਕਿਨ੍ਹਾਂ ਨਾਲ ਰਹਿਣਗੇ ਤਾਂਕਿ ਉਹ ਪਰਮੇਸ਼ੁਰ ਨੂੰ ਖ਼ੁਸ਼ ਕਰ ਸਕਣ। ਇਸ ਸੰਬੰਧੀ ਸਾਨੂੰ ਕਿਨ੍ਹਾਂ ਅਸੂਲਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ?
ਸੋਚਣ ਵਾਲੀ ਪਹਿਲੀ ਗੱਲ ਇਹ ਹੈ ਕਿ ਜਿਨ੍ਹਾਂ ਨਾਲ ਅਸੀਂ 1 ਕੁਰਿੰ. 15:33.
ਰਹਿੰਦੇ ਹਾਂ, ਉਹ ਪਰਮੇਸ਼ੁਰ ਨਾਲ ਸਾਡੇ ਰਿਸ਼ਤੇ ਉੱਤੇ ਅਸਰ ਪਾਉਣਗੇ। ਆਪਣੇ ਆਪ ਤੋਂ ਪੁੱਛੋ: ਉਹ ਕਿਸ ਤਰ੍ਹਾਂ ਦੇ ਲੋਕ ਹਨ? ਕੀ ਉਹ ਯਹੋਵਾਹ ਦੀ ਸੇਵਾ ਕਰਦੇ ਹਨ? ਕੀ ਉਹ ਬਾਈਬਲ ਦੇ ਅਸੂਲਾਂ ਮੁਤਾਬਕ ਚੱਲਦੇ ਹਨ? ਪੌਲੁਸ ਰਸੂਲ ਨੇ ਕਿਹਾ: “ਧੋਖਾ ਨਾ ਖਾਓ, ਬੁਰੀਆਂ ਸੰਗਤਾਂ ਚੰਗਿਆਂ ਚਲਣਾਂ ਨੂੰ ਵਿਗਾੜ ਦਿੰਦੀਆਂ ਹਨ।”—ਬਾਈਬਲ ਕਹਿੰਦੀ ਹੈ ਕਿ ਯਹੋਵਾਹ ਹਰਾਮਕਾਰੀ ਅਤੇ ਵਿਭਚਾਰ ਨੂੰ ਪਾਪ ਸਮਝਦਾ ਹੈ। (ਇਬ. 13:4) ਇਸ ਕਰਕੇ ਅਜਿਹੇ ਰਹਿਣ ਦੇ ਪ੍ਰਬੰਧ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਗ਼ਲਤ ਹਨ ਜਿੱਥੇ ਕੁਆਰਾ ਮੁੰਡਾ-ਕੁੜੀ ਪਤੀ-ਪਤਨੀ ਦੀ ਤਰ੍ਹਾਂ ਰਹਿੰਦੇ ਹਨ। ਇਕ ਮਸੀਹੀ ਅਜਿਹੀ ਜਗ੍ਹਾ ਨਹੀਂ ਰਹਿਣਾ ਚਾਹੇਗਾ ਜਿੱਥੇ ਬਦਚਲਣੀ ਬਰਦਾਸ਼ਤ ਕੀਤੀ ਜਾਂਦੀ ਹੈ।
ਇਸ ਤੋਂ ਇਲਾਵਾ, ਬਾਈਬਲ ਪਰਮੇਸ਼ੁਰ ਦੇ ਸਾਰੇ ਸੇਵਕਾਂ ਨੂੰ ਤਾਕੀਦ ਕਰਦੀ ਹੈ: “ਹਰਾਮਕਾਰੀ ਤੋਂ ਭੱਜੋ।” (1 ਕੁਰਿੰ. 6:18) ਇਸ ਕਰਕੇ ਮਸੀਹੀਆਂ ਲਈ ਅਕਲਮੰਦੀ ਦੀ ਗੱਲ ਹੈ ਕਿ ਉਹ ਅਜਿਹੀ ਕਿਸੇ ਥਾਂ ਨਾ ਰਹਿਣ ਜਿੱਥੇ ਉਹ ਪਾਪ ਕਰਨ ਲਈ ਪਰਤਾਏ ਜਾ ਸਕਦੇ ਹਨ। ਮਿਸਾਲ ਲਈ, ਉਸ ਸਥਿਤੀ ਬਾਰੇ ਸੋਚੋ ਜਿਸ ਵਿਚ ਕਈ ਮਸੀਹੀ ਇੱਕੋ ਘਰ ਵਿਚ ਸੌਂਦੇ ਹਨ। ਕੀ ਉਹ ਇਨ੍ਹਾਂ ਹਾਲਾਤਾਂ ਵਿਚ ਕੋਈ ਪਾਪ ਤਾਂ ਨਹੀਂ ਕਰ ਬੈਠਣਗੇ? ਉਦੋਂ ਕੀ ਜਦੋਂ ਉਸ ਘਰ ਵਿਚ ਦੋ ਵਿਅਕਤੀ, ਜਿਨ੍ਹਾਂ ਦਾ ਵਿਆਹ ਨਹੀਂ ਹੋਇਆ, ਅਚਾਨਕ ਇਕੱਲੇ ਹੁੰਦੇ ਹਨ ਕਿਉਂਕਿ ਘਰ ਦੇ ਬਾਕੀ ਜੀਅ ਕੁਝ ਸਮੇਂ ਲਈ ਬਾਹਰ ਗਏ ਹੋਏ ਹੁੰਦੇ ਹਨ? ਇਸੇ ਤਰ੍ਹਾਂ ਉਨ੍ਹਾਂ ਕੁਆਰੇ ਵਿਅਕਤੀਆਂ ਲਈ ਵੀ ਇੱਕੋ ਘਰ ਵਿਚ ਰਹਿਣਾ ਖ਼ਤਰਨਾਕ ਹੈ ਜੋ ਇਕ-ਦੂਜੇ ਵਿਚ ਰੋਮਾਂਟਿਕ ਦਿਲਚਸਪੀ ਰੱਖਦੇ ਹਨ। ਇਸ ਤਰ੍ਹਾਂ ਦੇ ਖ਼ਤਰਿਆਂ ਤੋਂ ਬਚ ਕੇ ਰਹਿਣਾ ਅਕਲਮੰਦੀ ਦੀ ਗੱਲ ਹੈ।
ਉਨ੍ਹਾਂ ਲਈ ਵੀ ਇੱਕੋ ਘਰ ਵਿਚ ਰਹਿਣਾ ਠੀਕ ਨਹੀਂ ਹੈ ਜਿਨ੍ਹਾਂ ਨੇ ਇਕ-ਦੂਜੇ ਤੋਂ ਤਲਾਕ ਲਿਆ ਹੋਵੇ। ਉਨ੍ਹਾਂ ਵਿਚਕਾਰ ਪਹਿਲਾਂ ਜਿਨਸੀ ਸੰਬੰਧ ਰਹਿ ਚੁੱਕੇ ਹਨ ਅਤੇ ਇਸ ਲਈ ਉਹ ਸ਼ਾਇਦ ਗ਼ਲਤ ਕੰਮ ਕਰ ਬੈਠਣ।—ਕਹਾ. 22:3.
ਸੋਚਣ ਵਾਲੀ ਇਕ ਹੋਰ ਜ਼ਰੂਰੀ ਗੱਲ ਇਹ ਹੈ ਕਿ ਬਾਹਰਲੇ ਲੋਕ ਸਾਡੇ ਰਹਿਣ ਦੇ ਪ੍ਰਬੰਧ ਬਾਰੇ ਕੀ ਸੋਚਣਗੇ। ਇਕ ਮਸੀਹੀ ਭਾਵੇਂ ਸੋਚੇ ਕਿ ਉਸ ਦਾ ਪ੍ਰਬੰਧ ਠੀਕ ਹੈ, ਪਰ ਇਹ ਚੰਗਾ ਨਹੀਂ ਹੋਵੇਗਾ ਜੇ ਆਂਢ-ਗੁਆਂਢ ਵਿਚ ਗੱਲਾਂ ਹੋਣ ਲੱਗ ਪੈਣ। ਅਸੀਂ ਇਹ ਨਹੀਂ ਚਾਹੁੰਦੇ ਕਿ ਸਾਡੇ ਚਾਲ-ਚਲਣ ਕਰਕੇ ਯਹੋਵਾਹ ਦੇ ਨਾਂ ਦੀ ਬਦਨਾਮੀ ਹੋਵੇ। ਪੌਲੁਸ ਨੇ ਕਿਹਾ ਸੀ: “ਤੁਸੀਂ ਨਾ ਯਹੂਦੀਆਂ, ਨਾ ਯੂਨਾਨੀਆਂ, ਨਾ ਪਰਮੇਸ਼ੁਰ ਦੀ ਕਲੀਸਿਯਾ ਦੇ ਲਈ ਠੋਕਰ ਦੇ ਕਾਰਨ ਬਣੋ। ਜਿਵੇਂ ਮੈਂ ਸਭਨਾਂ ਗੱਲਾਂ ਵਿੱਚ ਸਭਨਾਂ ਨੂੰ ਪਰਸੰਨ ਰੱਖਦਾ ਹਾਂ ਅਤੇ ਆਪਣੇ ਹੀ ਨਹੀਂ ਸਗੋਂ ਬਾਹਲਿਆਂ ਦੇ ਭਲੇ ਲਈ ਜਤਨ ਕਰਦਾ ਹਾਂ ਜੋ ਓਹ ਬਚਾਏ ਜਾਣ।”—1 ਕੁਰਿੰ. 10:32, 33.
ਯਹੋਵਾਹ ਦੇ ਧਰਮੀ ਮਿਆਰਾਂ ’ਤੇ ਚੱਲਣ ਵਾਲੇ ਭੈਣਾਂ-ਭਰਾਵਾਂ ਲਈ ਰਹਿਣ ਵਾਸਤੇ ਸਹੀ ਥਾਂ ਲੱਭਣੀ ਸ਼ਾਇਦ ਔਖੀ ਹੋਵੇ। ਪਰ ਮਸੀਹੀਆਂ ਨੂੰ ਚਾਹੀਦਾ ਹੈ ਕਿ ਉਹ ‘ਪਰਤਾ ਕੇ ਵੇਖਣ ਕਿ ਪਰਮੇਸ਼ੁਰ ਨੂੰ ਕੀ ਭਾਉਂਦਾ ਹੈ।’ ਉਨ੍ਹਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਘਰਾਂ ਵਿਚ ਕੋਈ ਗ਼ਲਤ ਕੰਮ ਨਹੀਂ ਹੋ ਰਿਹਾ। (ਅਫ਼. 5:5, 10) ਇਸ ਤਰ੍ਹਾਂ ਕਰਨ ਲਈ ਮਸੀਹੀਆਂ ਨੂੰ ਪਰਮੇਸ਼ੁਰ ਦੀ ਸੇਧ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ। ਉਨ੍ਹਾਂ ਨੂੰ ਇਕ-ਦੂਜੇ ਦਾ ਖ਼ਿਆਲ ਰੱਖਣਾ ਚਾਹੀਦਾ ਹੈ ਅਤੇ ਧਿਆਨ ਰੱਖਣਾ ਚਾਹੀਦਾ ਹੈ ਕਿ ਯਹੋਵਾਹ ਦੇ ਨਾਂ ਦੀ ਬਦਨਾਮੀ ਨਾ ਹੋਵੇ।