“ਰੱਬ ਦਾ ਗਿਆਨ ਲੈਣਾ ਬੱਚਿਆਂ ਦਾ ਹੱਕ”
“ਰੱਬ ਦਾ ਗਿਆਨ ਲੈਣਾ ਬੱਚਿਆਂ ਦਾ ਹੱਕ”
ਸਵੀਡਨ ਵਿਚ ਬੱਚਿਆਂ ਦੇ ਹੱਕ ਵਿਚ ਬੋਲਣ ਵਾਲੀ ਇਕ ਅਕੈਡਮੀ ਨੇ 9 ਦਸੰਬਰ 2008 ਨੂੰ ਇਕ ਸੈਮੀਨਾਰ ਕੀਤਾ ਜਿਸ ਦਾ ਵਿਸ਼ਾ ਸੀ “ਰੱਬ ਦਾ ਗਿਆਨ ਲੈਣਾ ਬੱਚਿਆਂ ਦਾ ਹੱਕ।” ਇਸ ਸੈਮੀਨਾਰ ਵਿਚ ਚਰਚ ਆਫ਼ ਸਵੀਡਨ, ਹੋਰ ਈਸਾਈ ਫ਼ਿਰਕਿਆਂ, ਇਸਲਾਮ ਅਤੇ ਮਾਨਵਵਾਦੀ ਗਰੁੱਪਾਂ ਦੇ ਲੀਡਰਾਂ ਨੇ ਆਪੋ-ਆਪਣੇ ਵਿਚਾਰ ਪੇਸ਼ ਕੀਤੇ।
ਸਪੀਕਰਾਂ ਵਿੱਚੋਂ ਇਕ ਪਾਦਰੀ ਨੇ ਕਿਹਾ: “ਅਸੀਂ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਪਰਮੇਸ਼ੁਰ ਬਾਰੇ ਜਾਣਨ ਵਿਚ ਬੱਚਿਆਂ ਲਈ ਬਾਈਬਲ ਦੀਆਂ ਕਹਾਣੀਆਂ ਕਿੰਨੀਆਂ ਅਹਿਮ ਹਨ।” ਰੱਬ ਬਾਰੇ ਜਾਣਨ ਵਿਚ ਬਾਈਬਲ ਬੱਚਿਆਂ ਦੀ ਕਿਵੇਂ ਮਦਦ ਕਰ ਸਕਦੀ ਹੈ?
ਉਸ ਪਾਦਰੀ ਨੇ ਕਿਹਾ ਕਿ “ਬੱਚੇ ਬਾਈਬਲ ਦੀਆਂ ਕਹਾਣੀਆਂ ਪੜ੍ਹ ਕੇ ਉਨ੍ਹਾਂ ਉੱਤੇ ਆਪ ਸੋਚ-ਵਿਚਾਰ ਕਰ ਸਕਦੇ ਹਨ।” ਉਸ ਨੇ ਕਈਆਂ ਕਹਾਣੀਆਂ ਦਾ ਜ਼ਿਕਰ ਕੀਤਾ ਜਿਵੇਂ ਕਿ “ਆਦਮ ਤੇ ਹੱਵਾਹ, ਹਾਬਲ ਤੇ ਕਇਨ, ਦਾਊਦ ਤੇ ਗੋਲਿਅਥ, ਯਿਸੂ ਦਾ ਜਨਮ, ਜ਼ੱਕੀ ਨਾਂ ਦਾ ਮਸੂਲੀਆ, ਉਜਾੜੂ ਪੁੱਤਰ ਅਤੇ ਦਿਆਲੂ ਸਾਮਰੀ ਦੇ ਦ੍ਰਿਸ਼ਟਾਂਤ।” ਫਿਰ ਉਸ ਨੇ ਕਿਹਾ ਕਿ “ਇਹ ਕੁਝ ਕਹਾਣੀਆਂ ਹਨ ਜੋ ਬੱਚਿਆਂ ਨੂੰ ਜ਼ਰੂਰੀ ਗੱਲਾਂ ਵਿਚ ਸੇਧ ਦਿੰਦੀਆਂ ਹਨ ਜਿਵੇਂ ਕਿ ਧੋਖੇਬਾਜ਼ੀ, ਮਾਫ਼ੀ, ਪ੍ਰਾਸਚਿਤ, ਨਫ਼ਰਤ, ਮਾੜੇ ਚਾਲ-ਚਲਣ, ਸੁਲ੍ਹਾ-ਸਫ਼ਾਈ ਅਤੇ ਆਪਸ ਵਿਚ ਨਿਰਸੁਆਰਥ ਪ੍ਰੇਮ।” ਉਸ ਨੇ ਅੱਗੇ ਕਿਹਾ: “ਇਨ੍ਹਾਂ ਕਹਾਣੀਆਂ ਵਿਚ ਮਿਲਦੇ ਸਬਕਾਂ ਤੋਂ ਕੁਝ ਸਿੱਖਿਆ ਜਾ ਸਕਦਾ ਹੈ, ਇਨ੍ਹਾਂ ਨੂੰ ਲਾਗੂ ਕੀਤਾ ਜਾ ਸਕਦਾ ਅਤੇ ਜ਼ਿੰਦਗੀ ਨੂੰ ਸੁਧਾਰਿਆ ਜਾ ਸਕਦਾ ਹੈ।”
ਬੱਚਿਆਂ ਨੂੰ ਬਾਈਬਲ ਰੀਡਿੰਗ ਕਰਨ ਦੀ ਹੱਲਾਸ਼ੇਰੀ ਦੇਣੀ ਬਹੁਤ ਚੰਗੀ ਗੱਲ ਹੈ। ਪਰ ਕੀ ਬੱਚੇ ਬਾਈਬਲ ਦੀਆਂ “ਕਹਾਣੀਆਂ ਪੜ੍ਹ ਕੇ ਉਨ੍ਹਾਂ ਉੱਤੇ ਆਪ ਸੋਚ-ਵਿਚਾਰ ਕਰ ਸਕਦੇ ਹਨ” ਅਤੇ ਇਨ੍ਹਾਂ ਦਾ ਨਿਚੋੜ ਕੱਢ ਸਕਦੇ ਹਨ?
ਬੱਚਿਆਂ ਨੂੰ ਛੱਡ, ਸਿਆਣਿਆਂ ਨੂੰ ਵੀ ਬਾਈਬਲ ਦੀਆਂ ਕਹਾਣੀਆਂ ਦੇ ਮਤਲਬ ਸਮਝਾਉਣ ਦੀ ਲੋੜ ਹੁੰਦੀ ਹੈ। ਮਿਸਾਲ ਲਈ, ਬਾਈਬਲ ਇਕ ਅਜਿਹੇ ਬੰਦੇ ਬਾਰੇ ਦੱਸਦੀ ਹੈ ਜੋ “ਆਪ ਸੋਚ-ਵਿਚਾਰ ਕਰ” ਕੇ ਪਰਮੇਸ਼ੁਰ ਦੀਆਂ ਸੱਚਾਈਆਂ ਨਹੀਂ ਸਮਝ ਸਕਿਆ। ਉਹ ਬੰਦਾ ਇਥੋਪੀਆ ਦਾ ਇਕ ਅਧਿਕਾਰੀ ਸੀ। ਉਹ ਯਸਾਯਾਹ ਦੀ ਭਵਿੱਖਬਾਣੀ ਪੜ੍ਹ ਰਿਹਾ ਸੀ, ਪਰ ਉਹ ਉਸ ਦਾ ਮਤਲਬ ਸਮਝ ਨਾ ਸਕਿਆ। ਉਹ ਨਬੀ ਦੇ ਸ਼ਬਦਾਂ ਦਾ ਅਰਥ ਜਾਣਨਾ ਚਾਹੁੰਦਾ ਸੀ, ਇਸ ਲਈ ਉਹ ਬੜਾ ਖ਼ੁਸ਼ ਹੋਇਆ ਜਦੋਂ ਫ਼ਿਲਿੱਪੁਸ ਨੇ ਉਸ ਨੂੰ ਇਹ ਭਵਿੱਖਬਾਣੀ ਸਮਝਾਈ। (ਰਸੂ. 8:26-40) ਉਸ ਅਧਿਕਾਰੀ ਵਾਂਗ ਸਾਨੂੰ ਸਾਰਿਆਂ ਨੂੰ ਖ਼ਾਸ ਕਰਕੇ ਬੱਚਿਆਂ ਨੂੰ ਬਾਈਬਲ ਦੀਆਂ ਗੱਲਾਂ ਸਮਝਣ ਦੀ ਲੋੜ ਹੈ।
ਬਾਈਬਲ ਸਾਨੂੰ ਚੇਤਾਵਨੀ ਦਿੰਦੀ ਹੈ: “ਬਾਲਕ ਦੇ ਮਨ ਵਿੱਚ ਮੂਰਖਤਾਈ ਬੱਧੀ ਹੋਈ ਹੁੰਦੀ ਹੈ।” (ਕਹਾ. 22:15) ਮਾਪਿਆਂ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਿਖਾਉਣ ਕਿ ਪਰਮੇਸ਼ੁਰ ਉਨ੍ਹਾਂ ਤੋਂ ਕੀ ਚਾਹੁੰਦਾ ਹੈ। ਅਜਿਹੀ ਸਿੱਖਿਆ ਬਾਈਬਲ ਤੋਂ ਅਤੇ ਮਸੀਹੀ ਸਭਾਵਾਂ ਤੋਂ ਮਿਲਦੀ ਹੈ। ਬੱਚੇ ਅਜਿਹੀ ਸਿਖਲਾਈ ਦੇ ਹੱਕਦਾਰ ਹਨ। ਛੋਟੀ ਉਮਰ ਤੋਂ ਹੀ ਬੱਚਿਆਂ ਨੂੰ ਬਾਈਬਲ ਦਾ ਗਿਆਨ ਲੈ ਕੇ ਅੱਗੋਂ ਤਰੱਕੀ ਕਰਨ ਦੀ ਲੋੜ ਹੈ ਤਾਂਕਿ ਉਹ ਅਜਿਹੇ ‘ਸਿਆਣੇ ਬਣਨ ਜਿਨ੍ਹਾਂ ਦੀਆਂ ਗਿਆਨ ਇੰਦਰੀਆਂ ਭਲੇ ਬੁਰੇ ਦੀ ਜਾਚ ਕਰਨ ਨੂੰ ਅਭਿਆਸ ਨਾਲ ਸਾਧੀਆਂ ਹੋਈਆਂ ਹਨ।’—ਇਬ. 5:14.