Skip to content

Skip to table of contents

ਸ਼ਤਾਨ ਦੀਆਂ ਝੂਠੀਆਂ ਗੱਲਾਂ ਤੋਂ ਬਚ ਕੇ ਰਹੋ

ਸ਼ਤਾਨ ਦੀਆਂ ਝੂਠੀਆਂ ਗੱਲਾਂ ਤੋਂ ਬਚ ਕੇ ਰਹੋ

ਸ਼ਤਾਨ ਦੀਆਂ ਝੂਠੀਆਂ ਗੱਲਾਂ ਤੋਂ ਬਚ ਕੇ ਰਹੋ

‘ਧੋਖਾ ਨਾ ਖਾਓ। ਤੁਹਾਡਾ ਪਰਮੇਸ਼ੁਰ ਤੁਹਾਡੀ ਮਦਦ ਨਹੀਂ ਕਰੇਗਾ। ਸੁਲ੍ਹਾ ਕਰੋ ਜਾਂ ਅੰਜਾਮ ਭੁਗਤੋ!’ ਇਹ ਉਸ ਸੰਦੇਸ਼ ਦਾ ਸਾਰ ਸੀ ਜੋ ਅੱਸ਼ੂਰ ਦੇ ਰਾਜੇ ਸਨਹੇਰੀਬ ਨੇ ਆਪਣੇ ਰਾਜਦੂਤ ਰਬਸ਼ਾਕੇਹ ਰਾਹੀਂ ਯਰੂਸ਼ਲਮ ਦੇ ਲੋਕਾਂ ਨੂੰ ਭੇਜਿਆ ਸੀ। ਰਾਜੇ ਦੀਆਂ ਫ਼ੌਜਾਂ ਯਹੂਦਾਹ ਦੇਸ਼ ’ਤੇ ਚੜ੍ਹ ਆਈਆਂ ਸਨ। ਰਬਸ਼ਾਕੇਹ ਨੇ ਇੱਦਾਂ ਕਹਿ ਕੇ ਯਰੂਸ਼ਲਮ ਦੇ ਲੋਕਾਂ ਦਾ ਹੌਸਲਾ ਢਾਹੁਣ ਦੀ ਕੋਸ਼ਿਸ਼ ਕੀਤੀ ਤਾਂਕਿ ਇਸਰਾਏਲੀ ਡਰਦੇ ਮਾਰੇ ਆਪਣੇ-ਆਪ ਨੂੰ ਉਨ੍ਹਾਂ ਦੇ ਹਵਾਲੇ ਕਰ ਦੇਣ।—2 ਰਾਜ. 18:28-35.

ਅੱਸ਼ੂਰੀ ਜ਼ਾਲਮਾਂ ਅਤੇ ਵਹਿਸ਼ੀਆਂ ਵਜੋਂ ਮਸ਼ਹੂਰ ਸਨ। ਉਹ ਆਪਣੇ ਦੁਸ਼ਮਣਾਂ ਦੇ ਦਿਲਾਂ ਵਿਚ ਡਰ ਪੈਦਾ ਕਰਨ ਲਈ ਉਨ੍ਹਾਂ ਨੂੰ ਦਿਖਾਉਂਦੇ ਸਨ ਕਿ ਉਹ ਆਪਣੇ ਗ਼ੁਲਾਮਾਂ ਦਾ ਕੀ ਹਸ਼ਰ ਕਰਦੇ ਸਨ। ਇਤਿਹਾਸਕਾਰ ਫਿਲਿਪ ਟੇਲਰ ਮੁਤਾਬਕ ਉਹ “ਦਹਿਸ਼ਤਗਰਦੀ ਦੇ ਨਾਲ-ਨਾਲ ਆਪਣੀ ਬੇਰਹਿਮੀ ਬਾਰੇ ਗੱਲਾਂ ਫੈਲਾਉਂਦੇ ਸਨ। ਇਸ ਤਰ੍ਹਾਂ ਉਹ ਨਾ ਸਿਰਫ਼ ਉਨ੍ਹਾਂ ਲੋਕਾਂ ਨੂੰ ਆਪਣੇ ਵੱਸ ਵਿਚ ਰੱਖ ਸਕੇ ਜਿਨ੍ਹਾਂ ਉੱਤੇ ਉਹ ਜਿੱਤ ਪਾ ਚੁੱਕੇ ਸਨ, ਪਰ ਆਪਣੀਆਂ ਵਹਿਸ਼ੀ ਕਾਰਵਾਈਆਂ ਦੀਆਂ ਰਿਪੋਰਟਾਂ ਫੈਲਾ ਕੇ ਉਹ ਦੂਸਰਿਆਂ ਲੋਕਾਂ ਦੇ ਮਨਾਂ ਵਿਚ ਵੀ ਖ਼ੌਫ਼ ਪੈਦਾ ਕਰਦੇ ਸਨ ਜੋ ਸ਼ਾਇਦ ਉਨ੍ਹਾਂ ਨਾਲ ਦੁਸ਼ਮਣੀ ਕਰਨ ਬਾਰੇ ਸੋਚਣ।” ਹਾਂ, ਪ੍ਰਾਪੇਗੰਡਾ ਇਕ ਅਸਰਦਾਰ ਹਥਿਆਰ ਹੈ। ਟੇਲਰ ਕਹਿੰਦਾ ਹੈ ਕਿ ਇਹ “ਮਨਾਂ ’ਤੇ ਸਿੱਧਾ ਵਾਰ ਕਰਦਾ ਹੈ।”

ਸੱਚੇ ਮਸੀਹੀਆਂ ਦੀ ‘ਲੜਾਈ ਲਹੂ ਅਤੇ ਮਾਸ ਨਾਲ ਨਹੀਂ ਸਗੋਂ ਦੁਸ਼ਟ ਦੂਤਾਂ ਨਾਲ ਹੁੰਦੀ ਹੈ’ ਜਿਨ੍ਹਾਂ ਨੇ ਪਰਮੇਸ਼ੁਰ ਖ਼ਿਲਾਫ਼ ਬਗਾਵਤ ਕੀਤੀ ਹੈ। (ਅਫ਼. 6:12) ਇਨ੍ਹਾਂ ਵਿੱਚੋਂ ਸਭ ਤੋਂ ਵੱਡਾ ਦੁਸ਼ਮਣ ਸ਼ਤਾਨ ਹੈ। ਉਹ ਵੀ ਦਹਿਸ਼ਤ ਪੈਦਾ ਕਰਨ ਦੇ ਨਾਲ-ਨਾਲ ਝੂਠੀਆਂ ਗੱਲਾਂ ਫੈਲਾਉਂਦਾ ਹੈ।

ਸ਼ਤਾਨ ਦਾ ਦਾਅਵਾ ਹੈ ਕਿ ਉਹ ਸਾਡੀ ਸਾਰਿਆਂ ਦੀ ਨਿਹਚਾ ਤੋੜ ਸਕਦਾ ਹੈ। ਅੱਯੂਬ ਦੇ ਜ਼ਮਾਨੇ ਵਿਚ ਉਸ ਨੇ ਯਹੋਵਾਹ ਪਰਮੇਸ਼ੁਰ ਨੂੰ ਕਿਹਾ ਸੀ: “ਮਨੁੱਖ ਆਪਣਾ ਸਭ ਕੁਝ ਆਪਣੇ ਪ੍ਰਾਣਾਂ ਲਈ ਦੇ ਦੇਵੇਗਾ।” ਉਸ ਦੇ ਕਹਿਣ ਦਾ ਭਾਵ ਸੀ ਕਿ ਜਦ ਇਨਸਾਨ ਉੱਤੇ ਜ਼ਿਆਦਾ ਦਬਾਅ ਪਾਇਆ ਜਾਵੇ, ਤਾਂ ਉਹ ਇਕ-ਨਾ-ਇਕ ਦਿਨ ਯਹੋਵਾਹ ਤੋਂ ਮੂੰਹ ਮੋੜ ਲਵੇਗਾ। (ਅੱਯੂ. 2:4) ਕੀ ਸ਼ਤਾਨ ਸਹੀ ਕਹਿ ਰਿਹਾ ਸੀ? ਕੀ ਇਹ ਸੱਚ ਹੈ ਕਿ ਅਸੀਂ ਜ਼ਿਆਦਾ ਦਬਾਅ ਨਹੀਂ ਸਹਿ ਸਕਦੇ ਅਤੇ ਆਪਣੀ ਜਾਨ ਬਚਾਉਣ ਲਈ ਆਪਣੇ ਅਸੂਲਾਂ ਨੂੰ ਤਿਆਗ ਦੇਵਾਂਗੇ? ਸ਼ਤਾਨ ਚਾਹੁੰਦਾ ਹੈ ਕਿ ਅਸੀਂ ਇਸੇ ਤਰ੍ਹਾਂ ਸੋਚੀਏ। ਇਸ ਲਈ ਉਹ ਇਹ ਗੱਲ ਸਾਡੇ ਮਨਾਂ ਵਿਚ ਬਿਠਾਉਣ ਲਈ ਨੁਕਸਾਨਦੇਹ ਪ੍ਰਾਪੇਗੰਡਾ ਵਰਤਦਾ ਹੈ। ਆਓ ਆਪਾਂ ਉਸ ਦੀਆਂ ਕੁਝ ਚਾਲਾਂ ਉੱਤੇ ਗੌਰ ਕਰੀਏ ਅਤੇ ਦੇਖੀਏ ਕਿ ਅਸੀਂ ਉਸ ਦਾ ਸਾਮ੍ਹਣਾ ਕਿਵੇਂ ਕਰ ਸਕਦੇ ਹਾਂ।

ਉਨ੍ਹਾਂ ਦੀਆਂ “ਨੀਂਹਾਂ ਖ਼ਾਕ ਵਿੱਚ ਹਨ”

ਸ਼ਤਾਨ ਨੇ ਅੱਯੂਬ ਦੇ ਤਿੰਨ ਦੋਸਤਾਂ ਵਿੱਚੋਂ ਇਕ ਦੋਸਤ ਅਲੀਫ਼ਜ਼ ਨੂੰ ਵਰਤ ਕੇ ਉਸ ਤੋਂ ਕਹਾਇਆ ਕਿ ਇਨਸਾਨ ਇੰਨੇ ਕਮਜ਼ੋਰ ਹਨ ਕਿ ਉਹ ਪਰਮੇਸ਼ੁਰ ਦੇ ਵਫ਼ਾਦਾਰ ਨਹੀਂ ਰਹਿ ਸਕਦੇ। ਉਸ ਨੇ ਇਨਸਾਨਾਂ ਬਾਰੇ ਅੱਯੂਬ ਨੂੰ ਕਿਹਾ ਕਿ ‘ਓਹ ਕੱਚੇ ਘਰਾਂ ਵਿੱਚ ਵੱਸਦੇ ਹਨ, ਜਿਨ੍ਹਾਂ ਦੀਆਂ ਨੀਂਹਾਂ ਖ਼ਾਕ ਵਿੱਚ ਹਨ, ਜਿਹੜੇ ਭਵੱਕੜ ਥੋਂ ਅੱਗੇਤਰੇ ਹੀ ਪੀਹੇ ਜਾਂਦੇ ਹਨ। ਸਵੇਰ ਥੋਂ ਸ਼ਾਮ ਤੀਕ ਓਹ ਟੋਟੇ ਟੋਟੇ ਹੋ ਜਾਂਦੇ ਹਨ, ਕਿਸੇ ਦੇ ਸੋਚੇ ਬਿਨਾ ਹੀ ਓਹ ਸਦਾ ਲਈ ਨਾਸ਼ ਹੋ ਜਾਂਦੇ ਹਨ।’—ਅੱਯੂ. 4:19, 20.

ਬਾਈਬਲ ਵਿਚ ਸਾਡੀ ਤੁਲਨਾ “ਮਿੱਟੀ ਦਿਆਂ ਭਾਂਡਿਆਂ” ਨਾਲ ਕੀਤੀ ਗਈ ਹੈ ਜੋ ਨਾਜ਼ੁਕ ਹੁੰਦੇ ਹਨ। (2 ਕੁਰਿੰ. 4:7) ਅਸੀਂ ਇਸ ਲਈ ਕਮਜ਼ੋਰ ਹਾਂ ਕਿਉਂਕਿ ਸਾਨੂੰ ਵਿਰਸੇ ਵਿਚ ਪਾਪ ਮਿਲਿਆ ਹੈ। (ਰੋਮੀ. 5:12) ਇਸ ਲਈ ਅਸੀਂ ਆਪਣੀ ਤਾਕਤ ਨਾਲ ਸ਼ਤਾਨ ਦੇ ਹਮਲਿਆਂ ਦਾ ਸਾਮ੍ਹਣਾ ਨਹੀਂ ਕਰ ਸਕਦੇ। ਪਰ ਮਸੀਹੀਆਂ ਵਜੋਂ ਅਸੀਂ ਇਕੱਲੇ ਨਹੀਂ ਹਾਂ। ਆਪਣੀਆਂ ਕਮੀਆਂ-ਕਮਜ਼ੋਰੀਆਂ ਦੇ ਬਾਵਜੂਦ ਅਸੀਂ ਯਹੋਵਾਹ ਦੀਆਂ ਨਜ਼ਰਾਂ ਵਿਚ ਕੀਮਤੀ ਹਾਂ। (ਯਸਾ. 43:4) ਇਸ ਤੋਂ ਇਲਾਵਾ, ਯਹੋਵਾਹ ਮੰਗਣ ਵਾਲਿਆਂ ਨੂੰ ਆਪਣੀ ਪਵਿੱਤਰ ਸ਼ਕਤੀ ਦਿੰਦਾ ਹੈ। (ਲੂਕਾ 11:13) ਉਸ ਦੀ ਸ਼ਕਤੀ ਤੋਂ ਸਾਨੂੰ ਤਾਕਤ ਮਿਲਦੀ ਹੈ ਜਿਸ ਦੀ ਮਦਦ ਨਾਲ ਅਸੀਂ ਸ਼ਤਾਨ ਵੱਲੋਂ ਆਉਂਦੀ ਕਿਸੇ ਵੀ ਮੁਸ਼ਕਲ ਦਾ ਸਾਮ੍ਹਣਾ ਕਰ ਸਕਦੇ ਹਾਂ। (2 ਕੁਰਿੰ. 4:7; ਫ਼ਿਲਿ. 4:13) ਜੇ ਅਸੀਂ “ਨਿਹਚਾ ਵਿੱਚ ਤਕੜੇ” ਹੋ ਕੇ ਸ਼ਤਾਨ ਦਾ ਸਾਮ੍ਹਣਾ ਕਰਦੇ ਹਾਂ, ਤਾਂ ਰੱਬ ਸਾਨੂੰ ਮਜ਼ਬੂਤ ਕਰੇਗਾ। (1 ਪਤ. 5:8-10) ਇਸ ਲਈ ਸਾਨੂੰ ਸ਼ਤਾਨ ਤੋਂ ਡਰਨ ਦੀ ਕੋਈ ਲੋੜ ਨਹੀਂ।

ਇਕ ਬੰਦਾ “ਬੁਰਿਆਈ ਪੀਂਦਾ ਹੈ”

ਅਲੀਫ਼ਜ਼ ਨੇ ਸਵਾਲ ਪੁੱਛਿਆ: “ਇਨਸਾਨ ਕੀ ਹੈ ਭਈ ਉਹ ਪਾਕ ਹੋਵੇ, ਅਤੇ ਉਹ ਜੋ ਤੀਵੀਂ ਤੋਂ ਜੰਮਿਆ ਕੀ, ਭਈ ਉਹ ਧਰਮੀ ਠਹਿਰੇ?” ਫਿਰ ਉਸ ਨੇ ਜਵਾਬ ਦਿੰਦੇ ਹੋਏ ਕਿਹਾ: “ਵੇਖੋ, [ਪਰਮੇਸ਼ੁਰ] ਆਪਣੇ ਪਵਿੱਤ੍ਰ ਜਨਾਂ ਉੱਤੇ ਬਿਸਵਾਸ ਨਹੀਂ ਰੱਖਦਾ, ਅਤੇ ਅਕਾਸ਼ ਵੀ ਉਹ ਦੀਆਂ ਅੱਖਾਂ ਵਿੱਚ ਪਾਕ ਨਹੀਂ, ਭਲਾ, ਉਹ ਕੀ ਜੋ ਘਿਣਾਉਣਾ ਤੇ ਮਲੀਨ ਹੈ, ਇੱਕ ਮਨੁੱਖ ਜੋ ਪਾਣੀ ਵਾਂਙੁ ਬੁਰਿਆਈ ਪੀਂਦਾ ਹੈ?” (ਅੱਯੂ. 15:14-16) ਅਲੀਫ਼ਜ਼ ਅੱਯੂਬ ਨੂੰ ਕਹਿ ਰਿਹਾ ਸੀ ਕਿ ਯਹੋਵਾਹ ਕਿਸੇ ਵੀ ਇਨਸਾਨ ਨੂੰ ਧਰਮੀ ਨਹੀਂ ਸਮਝਦਾ। ਸ਼ਤਾਨ ਵੀ ਨਿਰਾਸ਼ ਕਰਨ ਵਾਲੀਆਂ ਗੱਲਾਂ ਦਾ ਫ਼ਾਇਦਾ ਉਠਾਉਂਦਾ ਹੈ। ਉਹ ਚਾਹੁੰਦਾ ਹੈ ਕਿ ਅਸੀਂ ਆਪਣੀਆਂ ਪਿਛਲੀਆਂ ਗ਼ਲਤੀਆਂ ਬਾਰੇ ਸੋਚਦੇ ਰਹੀਏ, ਆਪਣੇ ਆਪ ਨੂੰ ਕੋਸਦੇ ਰਹੀਏ ਅਤੇ ਸੋਚੀਏ ਕਿ ਸਾਡੇ ਪਾਪ ਮਾਫ਼ ਨਹੀਂ ਹੋ ਸਕਦੇ। ਉਹ ਇਹ ਵੀ ਚਾਹੁੰਦਾ ਹੈ ਕਿ ਅਸੀਂ ਸੋਚੀਏ ਕਿ ਯਹੋਵਾਹ ਸਾਡੇ ਤੋਂ ਜ਼ਿਆਦਾ ਕਰਨ ਦੀ ਮੰਗ ਕਰਦਾ ਹੈ ਅਤੇ ਸਾਡੀਆਂ ਗ਼ਲਤੀਆਂ ਇੰਨੀਆਂ ਜ਼ਿਆਦਾ ਹਨ ਕਿ ਅਸੀਂ ਉਸ ਦੀ ਦਇਆ, ਮਾਫ਼ੀ ਅਤੇ ਮਦਦ ਦੇ ਲਾਇਕ ਨਹੀਂ ਹਾਂ।

ਅਸੀਂ ਸਾਰਿਆਂ ਨੇ “ਪਾਪ ਕੀਤਾ ਅਤੇ ਪਰਮੇਸ਼ੁਰ ਦੇ ਪਰਤਾਪ ਤੋਂ ਰਹਿ ਗਏ” ਹਾਂ। ਕੋਈ ਵੀ ਪਾਪੀ ਇਨਸਾਨ ਯਹੋਵਾਹ ਦੇ ਉੱਚੇ-ਸੁੱਚੇ ਮਿਆਰਾਂ ਉੱਤੇ ਪੂਰੀ ਤਰ੍ਹਾਂ ਨਹੀਂ ਚੱਲ ਸਕਦਾ। (ਰੋਮੀ. 3:23; 7:21-23) ਪਰ ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਉਸ ਦੇ ਭਾਣੇ ਕਿਸੇ ਕੰਮ ਦੇ ਨਹੀਂ ਹਾਂ। ਯਹੋਵਾਹ ਜਾਣਦਾ ਹੈ ਕਿ “ਉਹ ਪੁਰਾਣਾ ਸੱਪ ਜਿਹੜਾ ਇਬਲੀਸ ਅਤੇ ਸ਼ਤਾਨ ਕਰਕੇ ਸਦਾਉਂਦਾ ਹੈ,” ਸਾਡੇ ਪਾਪੀ ਸੁਭਾਅ ਦਾ ਫ਼ਾਇਦਾ ਉਠਾਉਂਦਾ ਹੈ। (ਪਰ. 12:9, 10) ਇਹ ਜਾਣਦੇ ਹੋਏ ਕਿ ਅਸੀਂ “ਮਿੱਟੀ ਹੀ ਹਾਂ,” ਪਰਮੇਸ਼ੁਰ ਹਮੇਸ਼ਾ ਸਾਡੇ ਵਿਚ ਨੁਕਸ ਨਹੀਂ ਕੱਢਦਾ ਰਹਿੰਦਾ।—ਜ਼ਬੂ. 103:8, 9, 14.

ਜੇ ਅਸੀਂ ਬੁਰੇ ਕੰਮਾਂ ਤੋਂ ਦਿਲੋਂ ਤੋਬਾ ਕਰ ਕੇ ਯਹੋਵਾਹ ਵੱਲ ਮੁੜਦੇ ਹਾਂ, ਤਾਂ ਉਹ ਸਾਨੂੰ ਮਾਫ਼ ਕਰ ਦੇਵੇਗਾ। (ਯਸਾ. 55:7; ਜ਼ਬੂ. 51:17) ਬਾਈਬਲ ਦੱਸਦੀ ਹੈ ਕਿ ਭਾਵੇਂ ਸਾਡੇ ਪਾਪ “ਕਿਰਮਚ ਜੇਹੇ ਹੋਣ, ਓਹ ਬਰਫ ਜੇਹੇ ਚਿੱਟੇ ਹੋ ਜਾਣਗੇ।” (ਯਸਾ. 1:18) ਇਸ ਲਈ ਆਓ ਆਪਾਂ ਪੂਰੀ ਵਾਹ ਲਾ ਕੇ ਪਰਮੇਸ਼ੁਰ ਦੀ ਇੱਛਾ ਪੂਰੀ ਕਰਨੀ ਨਾ ਛੱਡੀਏ।

ਪਾਪੀ ਹੋਣ ਕਰਕੇ ਅਸੀਂ ਆਪਣੇ ਬਲ ਤੇ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਧਰਮੀ ਨਹੀਂ ਠਹਿਰ ਸਕਦੇ। ਆਦਮ ਅਤੇ ਹੱਵਾਹ ਨਾ ਸਿਰਫ਼ ਆਪਣੀ ਮੁਕੰਮਲ ਜ਼ਿੰਦਗੀ ਅਤੇ ਹਮੇਸ਼ਾ ਲਈ ਜੀਣ ਦਾ ਮੌਕਾ ਹੱਥੋਂ ਗੁਆ ਬੈਠੇ, ਸਗੋਂ ਉਨ੍ਹਾਂ ਕਰਕੇ ਸਾਥੋਂ ਵੀ ਇਹ ਉਮੀਦ ਖੋਹੀ ਗਈ। (ਰੋਮੀ. 6:23) ਪਰ ਯਹੋਵਾਹ ਇਨਸਾਨਾਂ ਨਾਲ ਪਿਆਰ ਕਰਦਾ ਹੈ, ਇਸ ਲਈ ਉਸ ਨੇ ਆਪਣੇ ਪੁੱਤਰ ਯਿਸੂ ਮਸੀਹ ਦੀ ਕੁਰਬਾਨੀ ਦਿੱਤੀ ਜਿਸ ’ਤੇ ਵਿਸ਼ਵਾਸ ਕਰ ਕੇ ਸਾਨੂੰ ਪਾਪਾਂ ਦੀ ਮਾਫ਼ੀ ਮਿਲ ਸਕਦੀ ਹੈ। (ਮੱਤੀ 20:28; ਯੂਹੰ. 3:16) ਇਹ “ਪਰਮੇਸ਼ੁਰ ਦੀ ਕਿਰਪਾ” ਦਾ ਕਿੰਨਾ ਵੱਡਾ ਸਬੂਤ ਹੈ! (ਤੀਤੁ. 2:11) ਹਾਂ, ਸਾਡੇ ਪਾਪ ਮਾਫ਼ ਕੀਤੇ ਜਾ ਸਕਦੇ ਹਨ! ਤਾਂ ਫਿਰ ਅਸੀਂ ਕਿਉਂ ਸ਼ਤਾਨ ਦੇ ਦਾਅਵੇ ਮੁਤਾਬਕ ਸੋਚੀਏ ਕਿ ਸਾਡੇ ਪਾਪ ਮਾਫ਼ ਨਹੀਂ ਹੋਣੇ?

“ਉਸ ਦੀ ਹੱਡੀ ਅਤੇ ਉਸ ਦੇ ਮਾਸ ਨੂੰ ਛੋਹ”

ਸ਼ਤਾਨ ਨੇ ਦਾਅਵਾ ਕੀਤਾ ਕਿ ਜੇ ਅੱਯੂਬ ਦੀ ਸਿਹਤ ਵਿਗੜ ਗਈ, ਤਾਂ ਉਹ ਵਫ਼ਾਦਾਰ ਨਹੀਂ ਰਹੇਗਾ। ਯਹੋਵਾਹ ਨੂੰ ਲਲਕਾਰਦੇ ਹੋਏ ਸ਼ਤਾਨ ਨੇ ਕਿਹਾ: “ਉਸ ਦੀ ਹੱਡੀ ਅਤੇ ਉਸ ਦੇ ਮਾਸ ਨੂੰ ਛੋਹ ਦੇਹ ਤਾਂ ਉਹ ਤੇਰਾ ਮੂੰਹ ਫਿਟਕਾਰੂਗਾ।” (ਅੱਯੂ. 2:5) ਪਰਮੇਸ਼ੁਰ ਦਾ ਇਹ ਦੁਸ਼ਮਣ ਖ਼ੁਸ਼ ਹੋਵੇਗਾ ਜੇ ਅਸੀਂ ਮਾੜੀ ਸਿਹਤ ਹੋਣ ਕਰਕੇ ਸੋਚਣ ਲੱਗ ਪਈਏ ਕਿ ਅਸੀਂ ਕਿਸੇ ਕੰਮ ਦੇ ਨਹੀਂ ਹਾਂ।

ਪਰ ਯਹੋਵਾਹ ਸਾਨੂੰ ਤਿਆਗੇਗਾ ਨਹੀਂ ਜੇ ਅਸੀਂ ਉਸ ਦੀ ਪਹਿਲਾਂ ਜਿੰਨੀ ਸੇਵਾ ਨਹੀਂ ਕਰ ਪਾਉਂਦੇ। ਮਿਸਾਲ ਲਈ ਅਸੀਂ ਕੀ ਕਰਾਂਗੇ ਜੇ ਕੋਈ ਸਾਡੇ ਦੋਸਤ ਉੱਤੇ ਹਮਲਾ ਕਰ ਕੇ ਉਸ ਨੂੰ ਜ਼ਖ਼ਮੀ ਕਰ ਦਿੰਦਾ ਹੈ? ਕੀ ਸਾਡੀਆਂ ਨਜ਼ਰਾਂ ਵਿਚ ਉਸ ਦੀ ਅਹਿਮੀਅਤ ਘੱਟ ਜਾਵੇਗੀ ਕਿਉਂਕਿ ਉਹ ਹੁਣ ਸਾਡੇ ਲਈ ਪਹਿਲਾਂ ਜਿੰਨਾ ਨਹੀਂ ਕਰ ਪਾਉਂਦਾ? ਬਿਲਕੁਲ ਨਹੀਂ। ਅਸੀਂ ਹਾਲੇ ਵੀ ਉਸ ਨੂੰ ਪਿਆਰ ਕਰਾਂਗੇ ਤੇ ਉਸ ਦੀ ਪਰਵਾਹ ਕਰਾਂਗੇ, ਖ਼ਾਸਕਰ ਜੇ ਉਹ ਸਾਡੇ ਲਈ ਕੁਝ ਕਰਦਿਆਂ ਜ਼ਖ਼ਮੀ ਹੋਇਆ ਹੈ। ਤਾਂ ਫਿਰ ਕੀ ਸਾਨੂੰ ਯਹੋਵਾਹ ਤੋਂ ਇਹੀ ਉਮੀਦ ਨਹੀਂ ਰੱਖਣੀ ਚਾਹੀਦੀ? ਬਾਈਬਲ ਕਹਿੰਦੀ ਹੈ: “ਪਰਮੇਸ਼ੁਰ ਕੁਨਿਆਈ ਨਹੀਂ ਜੋ ਤੁਹਾਡੇ ਕੰਮ ਨੂੰ ਅਤੇ ਉਸ ਪ੍ਰੇਮ ਨੂੰ ਭੁੱਲ ਜਾਵੇ ਜਿਹੜਾ ਤੁਸਾਂ ਉਹ ਦੇ ਨਾਮ ਨਾਲ ਵਿਖਾਇਆ।”—ਇਬ. 6:10.

ਬਾਈਬਲ ਵਿਚ “ਇੱਕ ਕੰਗਾਲ ਵਿਧਵਾ” ਦਾ ਜ਼ਿਕਰ ਆਉਂਦਾ ਹੈ ਜਿਸ ਨੇ ਸ਼ਾਇਦ ਕਈ ਸਾਲ ਪਰਮੇਸ਼ੁਰ ਦੀ ਸੇਵਾ ਕੀਤੀ ਸੀ। ਜਦੋਂ ਯਿਸੂ ਨੇ ਉਸ ਨੂੰ “ਦੋ ਦਮੜੀਆਂ” ਹੈਕਲ ਦੀ ਦਾਨ-ਪੇਟੀ ਵਿਚ ਪਾਉਂਦੇ ਦੇਖਿਆ, ਤਾਂ ਕੀ ਉਸ ਨੇ ਇਸ ਦਾਨ ਨੂੰ ਬੇਕਾਰ ਸਮਝਿਆ? ਨਹੀਂ, ਸਗੋਂ ਉਸ ਨੇ ਵਿਧਵਾ ਦੀ ਤਾਰੀਫ਼ ਕੀਤੀ ਕਿਉਂਕਿ ਉਸ ਨੇ ਆਪਣੇ ਹਾਲਾਤਾਂ ਮੁਤਾਬਕ ਸੱਚੀ ਭਗਤੀ ਲਈ ਜਿੰਨਾ ਹੋ ਸਕਿਆ ਕੀਤਾ।—ਲੂਕਾ 21:1-4.

ਜੇ ਅਸੀਂ ਵਫ਼ਾਦਾਰ ਰਹਾਂਗੇ, ਤਾਂ ਯਕੀਨਨ ਯਹੋਵਾਹ ਨਾਲ ਸਾਡਾ ਰਿਸ਼ਤਾ ਬਣਿਆ ਰਹੇਗਾ ਭਾਵੇਂ ਅਸੀਂ ਵਧਦੀ ਉਮਰ ਜਾਂ ਬੀਮਾਰੀ ਦੇ ਕਾਰਨ ਕਿੰਨੇ ਹੀ ਕਮਜ਼ੋਰ ਕਿਉਂ ਨਾ ਹੋ ਜਾਈਏ। ਯਹੋਵਾਹ ਆਪਣੇ ਵਫ਼ਾਦਾਰ ਸੇਵਕਾਂ ਨੂੰ ਕਦੇ ਵੀ ਨਹੀਂ ਛੱਡੇਗਾ ਜੇ ਉਹ ਕਿਸੇ ਮੁਸ਼ਕਲ ਕਾਰਨ ਉਸ ਦੀ ਸੇਵਾ ਪਹਿਲਾਂ ਜਿੰਨੀ ਨਹੀਂ ਕਰ ਸਕਦੇ।—ਜ਼ਬੂ. 71:9, 17, 18.

“ਮੁਕਤੀ ਦਾ ਟੋਪ” ਕਬੂਲ ਕਰੋ

ਅਸੀਂ ਸ਼ਤਾਨ ਦੀਆਂ ਝੂਠੀਆਂ ਗੱਲਾਂ ਤੋਂ ਕਿਵੇਂ ਬਚ ਕੇ ਰਹਿ ਸਕਦੇ ਹਾਂ? ਪੌਲੁਸ ਰਸੂਲ ਨੇ ਲਿਖਿਆ: “ਪ੍ਰਭੁ ਵਿੱਚ ਅਤੇ ਉਹ ਦੀ ਸ਼ਕਤੀ ਦੇ ਪਰਾਕਰਮ ਵਿੱਚ ਤਕੜੇ ਹੋਵੋ! ਪਰਮੇਸ਼ੁਰ ਦੇ ਸਾਰੇ ਸ਼ਸਤ੍ਰ ਬਸਤ੍ਰ ਧਾਰੋ ਤਾਂ ਜੋ ਤੁਸੀਂ ਸ਼ਤਾਨ ਦੇ ਛਲ ਛਿੱਦ੍ਰਾਂ ਦੇ ਸਾਹਮਣੇ ਖਲੋ ਸੱਕੋ।” “ਸ਼ਸਤ੍ਰ ਬਸਤ੍ਰ” ਵਿਚ “ਮੁਕਤੀ ਦਾ ਟੋਪ” ਵੀ ਸ਼ਾਮਲ ਹੈ। (ਅਫ਼. 6:10, 11, 17) ਸ਼ਤਾਨ ਦੀਆਂ ਝੂਠੀਆਂ ਗੱਲਾਂ ਤੋਂ ਬਚਣ ਲਈ ਜ਼ਰੂਰੀ ਹੈ ਕਿ ਅਸੀਂ ਇਸ ਟੋਪ ਨੂੰ ਲੈ ਪਹਿਨੀ ਰੱਖੀਏ। ਇਕ ਸਿਪਾਹੀ ਦਾ ਟੋਪ ਉਸ ਦੇ ਸਿਰ ਦਾ ਬਚਾਅ ਕਰਦਾ ਹੈ। ਸਾਡੀ “ਮੁਕਤੀ ਦੀ ਆਸ” ਸਾਡਾ ਭਰੋਸਾ ਹੈ ਕਿ ਪਰਮੇਸ਼ੁਰ ਨਵੀਂ ਦੁਨੀਆਂ ਬਾਰੇ ਕੀਤੇ ਆਪਣੇ ਵਾਅਦਿਆਂ ਨੂੰ ਪੂਰਾ ਕਰੇਗਾ। ਇਹ ਆਸ ਸ਼ਤਾਨ ਦੇ ਝੂਠਾਂ ਤੋਂ ਸਾਡੇ ਮਨਾਂ ਦੀ ਰਾਖੀ ਕਰਦੀ ਹੈ। (1 ਥੱਸ. 5:8) ਸਾਨੂੰ ਲਗਨ ਨਾਲ ਬਾਈਬਲ ਦੀ ਸਟੱਡੀ ਕਰ ਕੇ ਆਪਣੀ ਇਹ ਆਸ ਜੀਉਂਦੀ-ਜਾਗਦੀ ਤੇ ਪੱਕੀ ਰੱਖਣੀ ਚਾਹੀਦੀ ਹੈ।

ਅੱਯੂਬ ਨੇ ਉਹ ਸਾਰੀ ਬੇਰਹਿਮੀ ਸਹਿ ਲਈ ਜੋ ਸ਼ਤਾਨ ਨੇ ਨਫ਼ਰਤ ਦੇ ਕਾਰਨ ਉਸ ਨਾਲ ਕੀਤੀ। ਅੱਯੂਬ ਨੂੰ ਪੱਕਾ ਵਿਸ਼ਵਾਸ ਸੀ ਕਿ ਯਹੋਵਾਹ ਮਰੇ ਲੋਕਾਂ ਨੂੰ ਦੁਬਾਰਾ ਜ਼ਿੰਦਾ ਕਰ ਸਕਦਾ ਹੈ, ਇਸ ਲਈ ਮੌਤ ਦਾ ਡਰ ਵੀ ਉਸ ਦਾ ਹੌਸਲਾ ਨਹੀਂ ਢਾਹ ਸਕਿਆ। ਇਸ ਦੀ ਬਜਾਇ ਉਸ ਨੇ ਯਹੋਵਾਹ ਨੂੰ ਕਿਹਾ: “ਤੂੰ ਪੁਕਾਰੇਂਗਾ ਅਤੇ ਮੈਂ ਤੈਨੂੰ ਉੱਤਰ ਦਿਆਂਗਾ, ਤੂੰ ਆਪਣੇ ਹੱਥਾਂ ਦੇ ਕੰਮ ਨੂੰ ਚਾਹਵੇਂਗਾ।” (ਅੱਯੂ. 14:15) ਅੱਯੂਬ ਨੂੰ ਭਰੋਸਾ ਸੀ ਕਿ ਜੇ ਆਪਣੀ ਵਫ਼ਾਦਾਰੀ ਦੇ ਕਾਰਨ ਉਹ ਮਰ ਵੀ ਜਾਂਦਾ, ਤਾਂ ਪਰਮੇਸ਼ੁਰ ਆਪਣੇ ਪਿਆਰ ਦੀ ਖ਼ਾਤਰ ਆਪਣੇ ਵਫ਼ਾਦਾਰ ਸੇਵਕਾਂ ਨੂੰ ਦੁਬਾਰਾ ਜ਼ਿੰਦਾ ਕਰੇਗਾ।

ਆਓ ਆਪਾਂ ਵੀ ਸੱਚੇ ਪਰਮੇਸ਼ੁਰ ’ਤੇ ਪੱਕਾ ਵਿਸ਼ਵਾਸ ਰੱਖੀਏ। ਯਹੋਵਾਹ ਸਭ ਕੁਝ ਠੀਕ ਕਰ ਸਕਦਾ ਹੈ ਭਾਵੇਂ ਸ਼ਤਾਨ ਅਤੇ ਉਸ ਦੇ ਮਗਰ ਲੱਗਣ ਵਾਲੇ ਸਾਡੇ ਨਾਲ ਜੋ ਮਰਜ਼ੀ ਕਰ ਲੈਣ। ਯਾਦ ਕਰੋ ਕਿ ਪੌਲੁਸ ਨੇ ਕੀ ਭਰੋਸਾ ਦਿਵਾਇਆ ਸੀ: “ਪਰਮੇਸ਼ੁਰ ਵਫ਼ਾਦਾਰ ਹੈ ਜੋ ਤੁਹਾਡੀ ਸ਼ਕਤੀਓਂ ਬਾਹਰ ਤੁਹਾਨੂੰ ਪਰਤਾਵੇ ਵਿੱਚ ਨਹੀਂ ਪੈਣ ਦੇਵੇਗਾ ਸਗੋਂ ਪਰਤਾਵੇ ਦੇ ਨਾਲ ਹੀ ਬਚ ਜਾਣ ਦਾ ਉਪਾਓ ਵੀ ਕੱਢ ਦੇਵੇਗਾ ਭਈ ਤੁਸੀਂ ਝੱਲ ਸੱਕੋ।”—1 ਕੁਰਿੰ. 10:13.

[ਸਫ਼ਾ 20 ਉੱਤੇ ਤਸਵੀਰ]

ਯਹੋਵਾਹ ਤੁਹਾਡੀ ਵਫ਼ਾਦਾਰੀ ਦੀ ਕਦਰ ਕਰਦਾ ਹੈ

[ਸਫ਼ਾ 21 ਉੱਤੇ ਤਸਵੀਰ]

ਮੁਕਤੀ ਦਾ ਟੋਪ ਲੈ ਕੇ ਇਸ ਨੂੰ ਪਹਿਨੀ ਰੱਖੋ