Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਹਿਜ਼ਕੀਏਲ 18:20 ਕਹਿੰਦਾ ਹੈ ਕਿ “ਪੁੱਤ੍ਰ ਪਿਉ ਦੀ ਬਦੀ ਨਾ ਚੁੱਕੇਗਾ।” ਪਰ ਕੂਚ 20:5 ਕਹਿੰਦਾ ਹੈ ਕਿ ਯਹੋਵਾਹ ‘ਪਿਉ ਦਾਦਿਆਂ ਦੀ ਬੁਰਿਆਈ ਨੂੰ ਬੱਚਿਆਂ ਉੱਤੇ ਲਿਆਉਂਦਾ ਹੈ।’ ਕੀ ਇਹ ਦੋਵੇਂ ਹਵਾਲੇ ਇਕ-ਦੂਜੇ ਦੇ ਉਲਟ ਹਨ?

ਬਿਲਕੁਲ ਨਹੀਂ। ਪਹਿਲਾ ਹਵਾਲਾ ਦੱਸਦਾ ਹੈ ਕਿ ਗ਼ਲਤੀ ਕਰਨ ਵਾਲਾ ਆਪਣੀ ਕੀਤੀ ਦਾ ਫਲ ਖ਼ੁਦ ਭੁਗਤੇਗਾ। ਦੂਜਾ ਹਵਾਲਾ ਇਹ ਸੱਚਾਈ ਦੱਸਦਾ ਹੈ ਕਿ ਕਿਸੇ ਬੰਦੇ ਦੇ ਪਾਪ ਦਾ ਉਸ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਉੱਤੇ ਅਸਰ ਪੈ ਸਕਦਾ ਹੈ।

ਹਿਜ਼ਕੀਏਲ ਦੇ 18ਵੇਂ ਅਧਿਆਇ ਤੋਂ ਪਤਾ ਲੱਗਦਾ ਹੈ ਕਿ ਇਨਸਾਨ ਆਪਣੀ ਕੀਤੀ ਦਾ ਲੇਖਾ ਆਪ ਦੇਵੇਗਾ। ਆਇਤ 4 ਵਿਚ ਦੱਸਿਆ ਹੈ: “ਜਿਹੜੀ ਜਾਨ ਪਾਪ ਕਰਦੀ ਹੈ ਉਹੀ ਮਰੇਗੀ।” ਉਸ ਇਨਸਾਨ ਬਾਰੇ ਕੀ ਜੋ “ਧਰਮੀ ਹੈ ਅਤੇ ਉਹ ਦੇ ਕੰਮ ਨਿਆਉਂ ਅਤੇ ਧਰਮ ਦੇ ਹਨ”? “ਉਹ ਨਿਸਚੇ ਜੀਉਂਦਾ ਰਹੇਗਾ।” (ਹਿਜ਼. 18:5, 9) ਇਸ ਤਰ੍ਹਾਂ ਜਦੋਂ ਕੋਈ ਇਨਸਾਨ ਉਸ ਉਮਰ ਦਾ ਹੋ ਜਾਂਦਾ ਹੈ ਜਦੋਂ ਉਸ ਨੂੰ ਆਪਣੇ ਕੰਮਾਂ ਲਈ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ, ਤਾਂ “ਉਸ ਦੇ ਮਾਰਗ ਦੇ ਅਨੁਸਾਰ” ਉਸ ਦਾ ਨਿਆਂ ਹੋਵੇਗਾ।—ਹਿਜ਼. 18:30.

ਇਹ ਗੱਲ ਕੋਰਹ ਨਾਂ ਦੇ ਲੇਵੀ ਦੀ ਮਿਸਾਲ ਤੋਂ ਅਸੀਂ ਦੇਖ ਸਕਦੇ ਹਾਂ। ਜਦੋਂ ਇਸਰਾਏਲੀ ਉਜਾੜ ਵਿਚ ਸਨ, ਉਦੋਂ ਕੋਰਹ ਦੀ ਯਹੋਵਾਹ ਵੱਲੋਂ ਮਿਲੀਆਂ ਜ਼ਿੰਮੇਵਾਰੀਆਂ ਲਈ ਕਦਰ ਘੱਟ ਗਈ। ਉਹ ਜਾਜਕ ਬਣਨਾ ਚਾਹੁੰਦਾ ਸੀ, ਇਸ ਲਈ ਕੋਰਹ ਅਤੇ ਕੁਝ ਹੋਰਨਾਂ ਨੇ ਯਹੋਵਾਹ ਦੇ ਚੁਣੇ ਹੋਏ ਬੰਦਿਆਂ ਯਾਨੀ ਮੂਸਾ ਅਤੇ ਹਾਰੂਨ ਖ਼ਿਲਾਫ਼ ਬਗਾਵਤ ਕੀਤੀ। ਉਨ੍ਹਾਂ ਨੇ ਉਹ ਜ਼ਿੰਮੇਵਾਰੀਆਂ ਲੋਚੀਆਂ ਜਿਨ੍ਹਾਂ ਨੂੰ ਲੈਣ ਦਾ ਉਹ ਹੱਕਦਾਰ ਨਹੀਂ ਸਨ। ਇਸ ਗੁਸਤਾਖ਼ੀ ਕਰਕੇ ਯਹੋਵਾਹ ਨੇ ਕੋਰਹ ਅਤੇ ਉਸ ਦੇ ਸਾਥੀਆਂ ਨੂੰ ਮੌਤ ਦੀ ਸਜ਼ਾ ਦਿੱਤੀ। (ਗਿਣ. 16:8-11, 31-33) ਪਰ ਕੋਰਹ ਦੇ ਪੁੱਤਰ ਇਸ ਬਗਾਵਤ ਵਿਚ ਸ਼ਾਮਲ ਨਹੀਂ ਹੋਏ। ਇਸ ਲਈ ਪਰਮੇਸ਼ੁਰ ਨੇ ਕੋਰਹ ਦੇ ਪੁੱਤਰਾਂ ਤੋਂ ਉਸ ਦੇ ਪਾਪ ਦਾ ਲੇਖਾ ਨਹੀਂ ਲਿਆ। ਯਹੋਵਾਹ ਦੇ ਵਫ਼ਾਦਾਰ ਰਹਿਣ ਦੇ ਨਤੀਜੇ ਵਜੋਂ ਉਨ੍ਹਾਂ ਦੀਆਂ ਜਾਨਾਂ ਬਚ ਗਈਆਂ।—ਗਿਣ. 26:10, 11.

ਪਰ ਕੂਚ 20:5 ਵਿਚ ਦਿੱਤੀ ਉਸ ਚੇਤਾਵਨੀ ਬਾਰੇ ਕੀ ਜੋ ਦਸ ਹੁਕਮਾਂ ਵਿਚ ਪਾਈ ਜਾਂਦੀ ਹੈ? ਧਿਆਨ ਦਿਓ ਕਿ 19ਵੇਂ ਅਧਿਆਇ ਵਿਚ ਕੀ ਦੱਸਿਆ ਗਿਆ ਹੈ। ਯਹੋਵਾਹ ਨੇ ਇਸਰਾਏਲ ਕੌਮ ਨਾਲ ਨੇਮ ਬੰਨ੍ਹਿਆ ਸੀ। ਇਸ ਨੇਮ ਦੀਆਂ ਸ਼ਰਤਾਂ ਸੁਣਨ ਤੋਂ ਬਾਅਦ ਇਸਰਾਏਲੀਆਂ ਨੇ ਸਾਰਿਆਂ ਦੇ ਸਾਮ੍ਹਣੇ ਕਿਹਾ: “ਸਭ ਕੁਝ ਜੋ ਯਹੋਵਾਹ ਬੋਲਿਆ ਹੈ ਅਸੀਂ ਕਰਾਂਗੇ।” (ਕੂਚ 19:5-8) ਇਸ ਤਰ੍ਹਾਂ ਪੂਰੀ ਕੌਮ ਯਹੋਵਾਹ ਨਾਲ ਇਕ ਖ਼ਾਸ ਰਿਸ਼ਤੇ ਵਿਚ ਬੱਝ ਗਈ। ਇਸ ਲਈ ਕੂਚ 20:5 ਵਿਚ ਪਾਏ ਜਾਂਦੇ ਸ਼ਬਦ ਮੁੱਖ ਤੌਰ ਤੇ ਸਾਰੀ ਕੌਮ ਉੱਤੇ ਲਾਗੂ ਹੋਏ।

ਜਦੋਂ ਇਸਰਾਏਲੀ ਯਹੋਵਾਹ ਦੇ ਕਹਿਣੇ ਵਿਚ ਰਹੇ, ਤਾਂ ਉਨ੍ਹਾਂ ਨੂੰ ਫ਼ਾਇਦਾ ਹੋਇਆ ਤੇ ਬਹੁਤ ਸਾਰੀਆਂ ਬਰਕਤਾਂ ਮਿਲੀਆਂ। (ਲੇਵੀ. 26:3-8) ਪਰ ਜਦੋਂ ਉਹ ਉਸ ਦੇ ਕਹਿਣੇ ਵਿਚ ਨਹੀਂ ਰਹੇ, ਤਾਂ ਉਨ੍ਹਾਂ ਨੂੰ ਬੁਰੇ ਨਤੀਜੇ ਭੁਗਤਣੇ ਪਏ। ਮਿਸਾਲ ਲਈ, ਜਦੋਂ ਉਹ ਯਹੋਵਾਹ ਤੋਂ ਮੂੰਹ ਮੋੜ ਕੇ ਝੂਠੇ ਦੇਵੀ-ਦੇਵਤਿਆਂ ਦੀ ਪੂਜਾ ਕਰਨ ਲੱਗ ਪਏ, ਤਾਂ ਯਹੋਵਾਹ ਨੇ ਉਨ੍ਹਾਂ ਨੂੰ ਬਰਕਤਾਂ ਦੇਣੀਆਂ ਅਤੇ ਉਨ੍ਹਾਂ ਦੀ ਰਾਖੀ ਕਰਨੀ ਛੱਡ ਦਿੱਤੀ। (ਨਿਆ. 2:11-18) ਭਾਵੇਂ ਕਿ ਜ਼ਿਆਦਾਤਰ ਇਸਰਾਏਲੀ ਝੂਠੇ ਦੇਵੀ-ਦੇਵਤਿਆਂ ਦੀ ਪੂਜਾ ਕਰ ਰਹੇ ਸਨ, ਪਰ ਫਿਰ ਵੀ ਕੁਝ ਇਸਰਾਏਲੀ ਯਹੋਵਾਹ ਪ੍ਰਤਿ ਵਫ਼ਾਦਾਰ ਰਹਿ ਕੇ ਉਸ ਦੇ ਹੁਕਮਾਂ ਦੀ ਪਾਲਣਾ ਕਰਦੇ ਰਹੇ। (1 ਰਾਜ. 19:14, 18) ਬਾਕੀ ਕੌਮ ਦੇ ਪਾਪਾਂ ਕਾਰਨ ਇਨ੍ਹਾਂ ਵਫ਼ਾਦਾਰ ਲੋਕਾਂ ਨੂੰ ਕੁਝ ਤਾਂ ਦੁੱਖ ਸਹਿਣੇ ਪਏ ਸਨ, ਪਰ ਫਿਰ ਵੀ ਯਹੋਵਾਹ ਨੇ ਉਨ੍ਹਾਂ ’ਤੇ ਦਇਆ ਕੀਤੀ।

ਜਦੋਂ ਇਸਰਾਏਲੀਆਂ ਨੇ ਯਹੋਵਾਹ ਦੇ ਅਸੂਲਾਂ ਨੂੰ ਤੋੜ ਕੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ, ਤਾਂ ਆਲੇ-ਦੁਆਲੇ ਦੀਆਂ ਕੌਮਾਂ ਵਿਚ ਯਹੋਵਾਹ ਦਾ ਨਾਂ ਬਦਨਾਮ ਹੋਇਆ। ਇਸ ਲਈ ਯਹੋਵਾਹ ਨੇ ਠਾਣ ਲਿਆ ਕਿ ਉਹ ਸਜ਼ਾ ਵਜੋਂ ਆਪਣੇ ਲੋਕਾਂ ਨੂੰ ਬਾਬਲ ਕੌਮ ਦੀ ਗ਼ੁਲਾਮੀ ਵਿਚ ਭੇਜ ਦੇਵੇਗਾ। ਇਸ ਤਰ੍ਹਾਂ ਜਿਨ੍ਹਾਂ ਨੇ ਗ਼ਲਤੀ ਕੀਤੀ ਸੀ, ਉਨ੍ਹਾਂ ਦੇ ਨਾਲ-ਨਾਲ ਬਾਕੀ ਸਾਰੀ ਕੌਮ ਨੂੰ ਵੀ ਸਜ਼ਾ ਭੁਗਤਣੀ ਪਈ। (ਯਿਰ. 52:3-11, 27) ਵਾਕਈ, ਬਾਈਬਲ ਦੱਸਦੀ ਹੈ ਕਿ ਇਸਰਾਏਲੀਆਂ ਦੇ ਪਿਉ-ਦਾਦਿਆਂ ਦੇ ਪਾਪ ਇੰਨੇ ਜ਼ਿਆਦਾ ਸਨ ਕਿ ਉਨ੍ਹਾਂ ਦੇ ਨਤੀਜੇ ਤੀਜੀ, ਚੌਥੀ ਜਾਂ ਉਸ ਤੋਂ ਵੀ ਜ਼ਿਆਦਾ ਪੀੜ੍ਹੀਆਂ ਨੂੰ ਭੁਗਤਣੇ ਪਏ, ਠੀਕ ਜਿਵੇਂ ਕੂਚ 20:5 ਵਿਚ ਦੱਸਿਆ ਗਿਆ ਹੈ।

ਪਰਮੇਸ਼ੁਰ ਦੇ ਬਚਨ ਵਿਚ ਕੁਝ ਬਿਰਤਾਂਤ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਮਾਤਾ-ਪਿਤਾ ਦੀਆਂ ਗ਼ਲਤੀਆਂ ਦਾ ਪੂਰੇ ਖ਼ਾਨਦਾਨ ਉੱਤੇ ਅਸਰ ਪਿਆ। ਮਿਸਾਲ ਲਈ, ਪ੍ਰਧਾਨ ਜਾਜਕ ਏਲੀ ਨੇ ਆਪਣੇ “ਸ਼ਤਾਨੀ” ਤੇ ਬਦਚਲਣ ਪੁੱਤਰਾਂ ਨੂੰ ਜਾਜਕਾਂ ਦੀ ਪਦਵੀ ਤੋਂ ਨਹੀਂ ਹਟਾਇਆ ਜਿਸ ਕਰਕੇ ਯਹੋਵਾਹ ਉਸ ਤੋਂ ਨਾਰਾਜ਼ ਹੋਇਆ। (1 ਸਮੂ. 2:12-16, 22-25) ਏਲੀ ਨੇ ਆਪਣੇ ਮੁੰਡਿਆਂ ਦਾ ਯਹੋਵਾਹ ਨਾਲੋਂ ਜ਼ਿਆਦਾ ਆਦਰ ਕੀਤਾ ਜਿਸ ਕਰਕੇ ਪਰਮੇਸ਼ੁਰ ਨੇ ਫ਼ੈਸਲਾ ਸੁਣਾਇਆ ਕਿ ਏਲੀ ਦੇ ਖ਼ਾਨਦਾਨ ਵਿੱਚੋਂ ਅੱਗੇ ਤੋਂ ਕੋਈ ਵੀ ਜਾਜਕ ਨਹੀਂ ਬਣੇਗਾ। ਇਹ ਉਦੋਂ ਹੋਣਾ ਸ਼ੁਰੂ ਹੋਇਆ ਜਦੋਂ ਏਲੀ ਦੇ ਪੜਪੋਤੇ ਦੇ ਪੁੱਤਰ ਅਬਯਾਥਾਰ ਨੂੰ ਜਾਜਕ ਦੀ ਪਦਵੀ ਤੋਂ ਹਟਾਇਆ ਗਿਆ ਸੀ। (1 ਸਮੂ. 2:29-36; 1 ਰਾਜ. 2:27) ਕੂਚ 20:5 ਦਾ ਸਿਧਾਂਤ ਗੇਹਾਜੀ ਦੇ ਮਾਮਲੇ ਵਿਚ ਵੀ ਸੱਚ ਸਾਬਤ ਹੋਇਆ ਸੀ। ਉਹ ਅਲੀਸ਼ਾ ਦਾ ਸੇਵਾਦਾਰ ਸੀ ਅਤੇ ਉਸ ਨੇ ਆਪਣੀ ਪਦਵੀ ਦਾ ਨਾਜਾਇਜ਼ ਫ਼ਾਇਦਾ ਉਠਾਇਆ। ਉਸ ਨੇ ਲਾਲਚ ਕਾਰਨ ਸੀਰੀਆ ਦੇ ਸੈਨਾਪਤੀ ਨਅਮਾਨ ਦੇ ਠੀਕ ਹੋਣ ਤੋਂ ਬਾਅਦ ਉਸ ਤੋਂ ਕੀਮਤੀ ਚੀਜ਼ਾਂ ਮੰਗੀਆਂ। ਯਹੋਵਾਹ ਨੇ ਅਲੀਸ਼ਾ ਦੇ ਜ਼ਰੀਏ ਉਸ ਨੂੰ ਸਜ਼ਾ ਸੁਣਾਉਂਦੇ ਹੋਏ ਕਿਹਾ: “ਨਅਮਾਨ ਦਾ ਕੋੜ੍ਹ ਤੈਨੂੰ ਤੇ ਤੇਰੀ ਅੰਸ ਨੂੰ ਸਦਾ ਤੀਕ ਲੱਗਾ ਰਹੇਗਾ।” (2 ਰਾਜ. 5:20-27) ਇਸ ਤਰ੍ਹਾਂ ਗੇਹਾਜੀ ਦੀ ਗ਼ਲਤੀ ਦੀ ਸਜ਼ਾ ਉਸ ਦੀ ਔਲਾਦ ਨੂੰ ਭੁਗਤਣੀ ਪਈ।

ਜੀਵਨ-ਦਾਤਾ ਹੋਣ ਕਰਕੇ ਯਹੋਵਾਹ ਨੂੰ ਇਹ ਫ਼ੈਸਲਾ ਕਰਨ ਦਾ ਹੱਕ ਹੈ ਕਿ ਕਿਹੋ ਜਿਹੀ ਸਜ਼ਾ ਦੇਣੀ ਜਾਇਜ਼ ਹੈ। ਇਨ੍ਹਾਂ ਮਿਸਾਲਾਂ ਤੋਂ ਪਤਾ ਲੱਗਦਾ ਹੈ ਕਿ ਬੱਚਿਆਂ ਜਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਦਾਦੇ-ਪੜਦਾਦਿਆਂ ਦੇ ਪਾਪ ਦੇ ਮਾੜੇ ਅੰਜਾਮ ਭੁਗਤਣੇ ਪੈ ਸਕਦੇ ਹਨ। ਪਰ ਯਹੋਵਾਹ “ਮਸਕੀਨਾਂ ਦੀ ਦੁਹਾਈ” ਸੁਣਦਾ ਹੈ ਅਤੇ ਉਨ੍ਹਾਂ ਲੋਕਾਂ ’ਤੇ ਮਿਹਰ ਕਰਦਾ ਹੈ ਜਿਹੜੇ ਸੱਚੇ ਦਿਲੋਂ ਉਸ ਵੱਲ ਮੁੜਦੇ ਹਨ ਅਤੇ ਉਨ੍ਹਾਂ ਨੂੰ ਦੁੱਖਾਂ ਤੋਂ ਕੁਝ ਹੱਦ ਤਕ ਰਾਹਤ ਵੀ ਦਿੰਦਾ ਹੈ।—ਅੱਯੂ. 34:28.

[ਸਫ਼ਾ 29 ਉੱਤੇ ਤਸਵੀਰ]

ਕੋਰਹ ਅਤੇ ਉਸ ਦੇ ਸਾਥੀਆਂ ਨੂੰ ਆਪਣੀ ਕਰਨੀ ਦਾ ਲੇਖਾ ਦੇਣਾ ਪਿਆ