ਭੈੜੇ ਸਮਿਆਂ ਵਿਚ “ਦਿਲ ਦੀ ਸਫ਼ਾਈ” ਰੱਖੀ ਰੱਖੋ
ਭੈੜੇ ਸਮਿਆਂ ਵਿਚ “ਦਿਲ ਦੀ ਸਫ਼ਾਈ” ਰੱਖੀ ਰੱਖੋ
“ਕੋਈ ਵੀ ਇਨਕਾਰ ਨਹੀਂ ਕਰ ਸਕਦਾ ਕਿ ਅੱਜ ਚਰਚ ਵਿਚ ਲੋਕਾਂ ਦਾ ਨੈਤਿਕ ਚਾਲ-ਚਲਣ ਇਕ ਸਮੱਸਿਆ ਹੈ।” ਇਹ ਗੱਲ ਕੈਥੋਲਿਕ ਪੱਤਰਕਾਰ ਵੀਟੋਰੀਓ ਮੈਸੋਰੀ ਨੇ ਇਟਲੀ ਦੇ ਚਰਚ ਵਿਚ ਹੋਏ ਸੈਕਸ ਸਕੈਂਡਲਾਂ ਬਾਰੇ ਕਹੀ। ਅੱਗੋਂ ਉਸ ਨੇ ਕਿਹਾ: “ਇਸ ਮਸਲੇ ਦਾ ਹੱਲ ਪਾਦਰੀ ਵਰਗ ਨੂੰ ਵਿਆਹ ਕਰਾਉਣ ਦੀ ਮਨਜ਼ੂਰੀ ਦੇ ਕੇ ਨਹੀਂ ਮਿਲੇਗਾ ਕਿਉਂਕਿ 80 ਫੀ ਸਦੀ ਸਕੈਂਡਲਾਂ ਵਿਚ ਤਾਂ ਪਾਦਰੀ ਸਮਲਿੰਗੀ ਹੁੰਦੇ ਹਨ ਜੋ ਆਦਮੀਆਂ ਅਤੇ ਮੁੰਡਿਆਂ ਨਾਲ ਬਦਚਲਣੀ ਕਰਦੇ ਹਨ।”—ਲਾ ਸਟਾਂਪਾ।
ਵਧਦੀ ਜਾ ਰਹੀ ਬੁਰਾਈ ਇਸ ਦੁਨੀਆਂ ਦੇ “ਅੰਤ ਦਿਆਂ ਦਿਨਾਂ” ਦੀ ਨਿਸ਼ਾਨੀ ਹੈ। (2 ਤਿਮੋ. 3:1-5) ਨਿਊਜ਼ ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਦਿਨ-ਬ-ਦਿਨ ਡਿੱਗਦੇ ਨੈਤਿਕ ਮਿਆਰਾਂ ਦਾ ਬੁਰਾ ਅਸਰ ਸਿਰਫ਼ ਆਮ ਲੋਕਾਂ ਉੱਤੇ ਹੀ ਨਹੀਂ, ਸਗੋਂ ਉਨ੍ਹਾਂ ਉੱਤੇ ਵੀ ਪੈਂਦਾ ਹੈ ਜਿਹੜੇ ਆਪਣੇ ਆਪ ਨੂੰ ਰੱਬ ਦੇ ਬੰਦੇ ਕਹਾਉਂਦੇ ਹਨ। ਉਹ ਆਪਣੇ ਭ੍ਰਿਸ਼ਟ ਅਤੇ ਅਸ਼ੁੱਧ ਦਿਲ ਕਰਕੇ ਘਿਣਾਉਣੇ ਕੰਮ ਕਰਦੇ ਹਨ। (ਅਫ਼. 2:2) ਇਸੇ ਕਰਕੇ ਯਿਸੂ ਨੇ ਚੇਤਾਵਨੀ ਦਿੱਤੀ ਸੀ ਕਿ “ਬੁਰੇ ਖ਼ਿਆਲ, ਖ਼ੂਨ, ਜਨਾਕਾਰੀਆਂ, ਹਰਾਮਕਾਰੀਆਂ, ਚੋਰੀਆਂ, ਝੂਠੀਆਂ ਉਗਾਹੀਆਂ, ਕੁਫ਼ਰ ਦਿਲ ਵਿੱਚੋਂ ਨਿੱਕਲਦੇ ਹਨ।” (ਮੱਤੀ 15:19) ਪਰ ਯਹੋਵਾਹ ਪਰਮੇਸ਼ੁਰ ਚਾਹੁੰਦਾ ਹੈ ਕਿ ਉਸ ਦੇ ਸੇਵਕ ਆਪਣੇ “ਦਿਲ ਦੀ ਸਫ਼ਾਈ” ਰੱਖਣ। (ਕਹਾ. 22:11) ਤਾਂ ਫਿਰ ਇਨ੍ਹਾਂ ਭੈੜੇ ਸਮਿਆਂ ਵਿਚ ਇਕ ਮਸੀਹੀ ਆਪਣੇ ਦਿਲ ਨੂੰ ਸਾਫ਼ ਕਿੱਦਾਂ ਰੱਖ ਸਕਦਾ ਹੈ?
“ਦਿਲ ਦੀ ਸਫ਼ਾਈ” ਰੱਖਣ ਦਾ ਕੀ ਮਤਲਬ ਹੈ?
ਬਾਈਬਲ ਵਿਚ “ਦਿਲ” ਸ਼ਬਦ ਕਈ ਅਰਥਾਂ ਵਿਚ ਵਰਤਿਆ ਜਾਂਦਾ ਹੈ। ਇਕ ਕਿਤਾਬ ਮੁਤਾਬਕ ਬਾਈਬਲ ਵਿਚ ਵਰਤਿਆ ਜਾਂਦਾ ਦਿਲ ਜਾਂ ਮਨ “ਅੰਦਰਲੇ ਇਨਸਾਨ” ਨੂੰ ਦਰਸਾਉਂਦਾ ਹੈ ਅਤੇ “ਪਰਮੇਸ਼ੁਰ ਇਨਸਾਨ ਦੇ ਦਿਲ ਨੂੰ ਦੇਖਦਾ ਹੈ ਕਿਉਂਕਿ ਦਿਲ ਵਿਚ ਹੀ ਪਰਮੇਸ਼ੁਰ ਨਾਲ ਰਿਸ਼ਤਾ ਜੋੜਿਆ ਜਾਂਦਾ ਹੈ; ਇਹ ਰਿਸ਼ਤਾ ਇਨਸਾਨ ਦੇ ਚਾਲ-ਚਲਣ ਉੱਤੇ ਅਸਰ ਪਾਉਂਦਾ ਹੈ।” ਦਿਲ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਅਸੀਂ ਅੰਦਰੋਂ ਸੱਚ-ਮੁੱਚ ਕਿਸ ਤਰ੍ਹਾਂ ਦੇ ਹਾਂ। ਜਿਵੇਂ ਇਹ ਕਿਤਾਬ ਦੱਸਦੀ ਹੈ, ਯਹੋਵਾਹ ਆਪਣੇ ਸੇਵਕਾਂ ਦੇ ਇਸੇ ਦਿਲ ਦੀ ਜਾਂਚ ਕਰਦਾ ਅਤੇ ਕਦਰ ਕਰਦਾ ਹੈ।—1 ਪਤ. 3:4.
ਬਾਈਬਲ ਵਿਚ “ਸ਼ੁੱਧ” ਅਤੇ “ਪਵਿੱਤਰ” ਦਾ ਮਤਲਬ ਸਰੀਰਕ ਤੌਰ ਤੇ ਸਾਫ਼ ਹੋਣਾ ਹੋ ਸਕਦਾ ਹੈ। ਪਰ ਇਨ੍ਹਾਂ ਸ਼ਬਦਾਂ ਦਾ ਮਤਲਬ ਨੈਤਿਕ ਅਤੇ ਧਾਰਮਿਕ ਤੌਰ ਤੇ ਸ਼ੁੱਧ, ਪਾਕ, ਬੇਦਾਗ਼ ਜਾਂ ਨਿਰਮਲ ਰਹਿਣਾ ਵੀ ਹੈ। ਪਹਾੜੀ ਉਪਦੇਸ਼ ਵਿਚ ਯਿਸੂ ਨੇ ਕਿਹਾ: “ਧੰਨ ਓਹ ਜਿਹੜੇ ਸ਼ੁੱਧਮਨ ਹਨ।” ਉਹ ਉਨ੍ਹਾਂ ਲੋਕਾਂ ਦੀ ਗੱਲ ਕਰ ਰਿਹਾ ਸੀ ਜੋ ਅੰਦਰੋਂ ਸਾਫ਼ ਹਨ। (ਮੱਤੀ 5:8) ਉਨ੍ਹਾਂ ਦਾ ਪਿਆਰ, ਇੱਛਾਵਾਂ ਅਤੇ ਮਨੋਰਥ ਸ਼ੁੱਧ ਹੁੰਦੇ ਹਨ। ਉਹ ਯਹੋਵਾਹ ਨੂੰ ਆਪਣੇ ਪੂਰੇ ਦਿਲ ਨਾਲ ਸੱਚਾ ਪਿਆਰ ਕਰਦੇ ਹਨ। ਉਹ ਢੌਂਗ ਨਹੀਂ ਕਰਦੇ, ਪਰ ਸ਼ੁਕਰਗੁਜ਼ਾਰੀ ਨਾਲ ਭਰੇ ਦਿਲਾਂ ਨਾਲ ਯਹੋਵਾਹ ਨੂੰ ਪਿਆਰ ਕਰਦੇ ਹਨ। (ਲੂਕਾ 10:27) ਕੀ ਤੁਸੀਂ ਇਸ ਅਰਥ ਵਿਚ ਸ਼ੁੱਧ ਨਹੀਂ ਰਹਿਣਾ ਚਾਹੁੰਦੇ?
“ਦਿਲ ਦੀ ਸਫ਼ਾਈ” ਰੱਖਣੀ ਇਕ ਚੁਣੌਤੀ
ਯਹੋਵਾਹ ਦੇ ਸੇਵਕਾਂ ਦੇ ਨਾ ਸਿਰਫ਼ “ਹੱਥ ਪਾਕ” ਹੋਣੇ ਚਾਹੀਦੇ ਹਨ, ਪਰ ਉਨ੍ਹਾਂ ਦੇ ਦਿਲ ਜਾਂ ‘ਮਨ ਵੀ ਪਵਿੱਤਰ’ ਹੋਣੇ ਚਾਹੀਦੇ ਹਨ। (ਜ਼ਬੂ. 24:3, 4) ਪਰ ਅੱਜ ਪਰਮੇਸ਼ੁਰ ਦੇ ਸੇਵਕਾਂ ਲਈ ਆਪਣਾ “ਮਨ ਪਵਿੱਤਰ” ਰੱਖਣਾ ਚੁਣੌਤੀ ਬਣਦੀ ਜਾ ਰਹੀ ਹੈ। ਸ਼ਤਾਨ, ਉਸ ਦੀ ਦੁਨੀਆਂ ਅਤੇ ਸਾਡੀਆਂ ਆਪਣੀਆਂ ਕਮੀਆਂ-ਕਮਜ਼ੋਰੀਆਂ ਕਾਰਨ ਸਾਡੇ ’ਤੇ ਯਹੋਵਾਹ ਤੋਂ ਦੂਰ ਹੋਣ ਦਾ ਦਬਾਅ ਪੈ ਰਿਹਾ ਹੈ। ਇਨ੍ਹਾਂ ਦਬਾਵਾਂ ਦਾ ਸਾਮ੍ਹਣਾ ਕਰਨ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ “ਦਿਲ ਦੀ ਸਫ਼ਾਈ” ਰੱਖਣ ਦਾ ਇਰਾਦਾ ਕਰੀਏ। ਇਸ ਤਰ੍ਹਾਂ ਸਾਡੀ ਰਾਖੀ ਹੋਵੇਗੀ ਅਤੇ ਅਸੀਂ ਪਰਮੇਸ਼ੁਰ ਦੇ ਦੋਸਤ ਬਣੇ ਰਹਾਂਗੇ। ਪਰ ਅਸੀਂ ਆਪਣੇ ਦਿਲ ਨੂੰ ਕਿਵੇਂ ਸਾਫ਼ ਰੱਖ ਸਕਦੇ ਹਾਂ?
ਇਬਰਾਨੀਆਂ 3:12 ਵਿਚ ਸਾਨੂੰ ਇਹ ਚੇਤਾਵਨੀ ਦਿੱਤੀ ਜਾਂਦੀ ਹੈ: “ਹੇ ਭਰਾਵੋ, ਵੇਖਣਾ ਭਈ ਜੀਉਂਦੇ ਪਰਮੇਸ਼ੁਰ ਤੋਂ ਬੇਮੁਖ ਹੋਣ ਕਰਕੇ ਕਿਤੇ ਤੁਹਾਡੇ ਵਿੱਚੋਂ ਕਿਸੇ ਦਾ ਬੇਪਰਤੀਤਾ ਬੁਰਾ ਦਿਲ ਨਾ ਹੋਵੇ।” ਜੇ ਅਸੀਂ ਆਪਣੇ ਦਿਲ ਨੂੰ “ਬੇਪਰਤੀਤਾ” ਬਣਨ ਦਿੰਦੇ ਹਾਂ, ਤਾਂ ਅਸੀਂ “ਦਿਲ ਦੀ ਸਫ਼ਾਈ” ਨਹੀਂ ਰੱਖ ਸਕਦੇ। ਪਰਮੇਸ਼ੁਰ ਵਿਚ ਸਾਡੀ ਨਿਹਚਾ ਕਮਜ਼ੋਰ ਕਰਨ ਲਈ ਸ਼ਤਾਨ ਨੇ ਕਿਹੜੇ ਖ਼ਿਆਲ ਫੈਲਾਏ ਹਨ? ਮਿਸਾਲ ਲਈ ਵਿਕਾਸਵਾਦ ਦੀ ਥਿਊਰੀ, ਲੋਕਾਂ ਦੇ ਆਪਣੇ ਨੈਤਿਕ ਅਤੇ ਧਾਰਮਿਕ ਮਿਆਰ ਕਿ ਉਨ੍ਹਾਂ ਨੂੰ ਕੀ ਕਰਨਾ ਤੇ ਕੀ ਨਹੀਂ ਕਰਨਾ ਚਾਹੀਦਾ ਅਤੇ ਇਹ ਸ਼ੱਕ ਕਿ ਪਰਮੇਸ਼ੁਰ ਨੇ ਬਾਈਬਲ ਨਹੀਂ ਲਿਖਵਾਈ। ਸਾਨੂੰ ਇਨ੍ਹਾਂ ਖ਼ਤਰਨਾਕ ਖ਼ਿਆਲਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ। (ਕੁਲੁ. 2:8) ਅਜਿਹੇ ਹਮਲਿਆਂ ਤੋਂ ਬਚਣ ਲਈ ਸਾਨੂੰ ਰੋਜ਼ ਬਾਈਬਲ ਪੜ੍ਹਨੀ ਅਤੇ ਇਸ ਉੱਤੇ ਚੰਗੀ ਤਰ੍ਹਾਂ ਮਨਨ ਕਰਨਾ ਚਾਹੀਦਾ ਹੈ। ਪਰਮੇਸ਼ੁਰ ਦੇ ਬਚਨ ਦਾ ਸਹੀ ਗਿਆਨ ਲੈਣ ਨਾਲ ਅਸੀਂ ਦੇਖ ਸਕਦੇ ਹਾਂ ਕਿ ਉਹ ਕਿਸ ਤਰ੍ਹਾਂ ਇਨਸਾਨਾਂ ਨਾਲ ਪੇਸ਼ ਆਉਂਦਾ ਹੈ। ਇਸ ਤਰ੍ਹਾਂ ਉਸ ਲਈ ਸਾਡਾ ਪਿਆਰ ਵਧੇਗਾ ਅਤੇ ਉਸ ਦੇ ਕੰਮਾਂ ਲਈ ਸਾਡੀ ਕਦਰ ਵਧੇਗੀ। ਜੇ ਅਸੀਂ ਗ਼ਲਤ ਖ਼ਿਆਲਾਂ ਤੋਂ ਬਚ ਕੇ ਰਹਿਣਾ ਹੈ ਅਤੇ ਯਹੋਵਾਹ ਵਿਚ ਆਪਣੀ ਨਿਹਚਾ ਪੱਕੀ ਰੱਖਣੀ ਹੈ, ਤਾਂ ਜ਼ਰੂਰੀ ਹੈ ਕਿ ਅਸੀਂ ਇਹ ਪਿਆਰ ਅਤੇ ਕਦਰ ਦਿਖਾਉਂਦੇ ਰਹੀਏ। ਇਸ ਤਰ੍ਹਾਂ ਕਰਨ ਨਾਲ ਅਸੀਂ ਆਪਣਾ ਦਿਲ ਸਾਫ਼ ਰੱਖ ਸਕਾਂਗੇ।—1 ਤਿਮੋ. 1:3-5.
ਗ਼ਲਤ ਇੱਛਾਵਾਂ ਪੈਦਾ ਹੋਣ ਤੇ
“ਦਿਲ ਦੀ ਸਫ਼ਾਈ” ਰੱਖਦਿਆਂ ਸਾਡੇ ਉੱਤੇ ਸ਼ਾਇਦ ਇਕ ਹੋਰ ਹਮਲਾ ਹੋ ਸਕਦਾ ਹੈ। ਉਹ ਹੈ ਗ਼ਲਤ ਇੱਛਾਵਾਂ ਅਤੇ ਅਮੀਰ ਹੋਣ ਦੀ ਚਾਹਤ। (1 ਯੂਹੰ. 2:15, 16) ਪੈਸਿਆਂ ਨਾਲ ਪਿਆਰ ਜਾਂ ਜ਼ਿਆਦਾ ਤੋਂ ਜ਼ਿਆਦਾ ਚੀਜ਼ਾਂ ਜਮ੍ਹਾ ਕਰਨ ਦੀ ਇੱਛਾ ਕਾਰਨ ਸਾਡਾ ਦਿਲ ਭ੍ਰਿਸ਼ਟ ਹੋ ਸਕਦਾ ਹੈ। ਇਸ ਕਾਰਨ ਇਕ ਮਸੀਹੀ ਉਹ ਕੰਮ ਕਰਨ ਲੱਗ ਪੈਂਦਾ ਹੈ ਜੋ ਪਰਮੇਸ਼ੁਰ ਦੀ ਮਰਜ਼ੀ ਦੇ ਖ਼ਿਲਾਫ਼ ਹਨ। ਕੁਝ ਮਸੀਹੀਆਂ ਨੇ ਕੰਮ ਦੀ ਥਾਂ ਤੇ ਬੇਈਮਾਨੀ ਕੀਤੀ ਹੈ, ਹੋਰਨਾਂ ਨੂੰ ਠੱਗ ਲਿਆ ਹੈ ਜਾਂ ਦੂਜਿਆਂ ਦੇ ਪੈਸੇ ਜਾਂ ਚੀਜ਼ਾਂ ਚੋਰੀ ਕੀਤੀਆਂ ਹਨ।—1 ਤਿਮੋ. 6:9, 10.
ਦੂਜੇ ਪਾਸੇ, ਜੇ ਅਸੀਂ ਪਰਮੇਸ਼ੁਰ ਨੂੰ ਨਾਰਾਜ਼ ਕਰਨ ਤੋਂ ਡਰੀਏ, ਇਨਸਾਫ਼ ਨਾਲ ਪ੍ਰੇਮ ਰੱਖੀਏ ਅਤੇ ਆਪਣੀ ਜ਼ਮੀਰ ਨੂੰ ਸਾਫ਼ ਰੱਖਣ ਦੀ ਠਾਣ ਲਈਏ, ਤਾਂ ਅਸੀਂ ਦਿਖਾਉਂਦੇ ਹਾਂ ਕਿ ਅਸੀਂ “ਦਿਲ ਦੀ ਸਫ਼ਾਈ” ਰੱਖਣੀ ਪਸੰਦ ਕਰਦੇ ਹਾਂ। ਇਸ ਤਰ੍ਹਾਂ ਕਰ ਕੇ ਅਸੀਂ “ਸਾਰੀਆਂ ਗੱਲਾਂ ਵਿੱਚ ਨੇਕੀ ਨਾਲ ਉਮਰ ਬਤੀਤ” ਕਰਦੇ ਹਾਂ। (ਇਬ. 13:18) ਜਦ ਅਸੀਂ ਈਮਾਨਦਾਰੀ ਨਾਲ ਚੱਲਦੇ ਹਾਂ, ਤਾਂ ਦੂਜਿਆਂ ਨੂੰ ਚੰਗੀ ਗਵਾਹੀ ਮਿਲਦੀ ਹੈ। ਐਮੀਲੀਓ ਨਾਂ ਦਾ ਇਤਾਲਵੀ ਗਵਾਹ ਪਬਲਿਕ ਟ੍ਰਾਂਸਪੋਰਟ ਕੰਪਨੀ ਲਈ ਡ੍ਰਾਈਵਿੰਗ ਕਰਦਾ ਹੈ। ਇਕ ਦਿਨ ਉਸ ਨੂੰ ਬਟੂਆ ਲੱਭਿਆ ਜਿਸ ਵਿਚ 470 ਯੂਰੋ (32,000 ਰੁਪਏ) ਸਨ। ਉਸ ਨਾਲ ਕੰਮ ਕਰਨ ਵਾਲੇ ਬੜੇ ਹੈਰਾਨ ਹੋਏ ਜਦ ਉਸ ਨੇ ਇਹ ਬਟੂਆ ਆਪਣੇ ਸੁਪਰਵਾਈਜ਼ਰ ਨੂੰ ਦਿੱਤਾ। ਸੁਪਰਵਾਈਜ਼ਰ ਨੇ ਬਟੂਏ ਦੇ ਮਾਲਕ ਨੂੰ ਬਟੂਆ ਮੋੜ ਦਿੱਤਾ। ਐਮੀਲੀਓ ਨਾਲ ਕੰਮ ਕਰਨ ਵਾਲਿਆਂ ਵਿੱਚੋਂ ਕੁਝ ਉਸ ਦੀ ਈਮਾਨਦਾਰੀ ਨੂੰ ਦੇਖ ਕੇ ਇੰਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਬਾਈਬਲ ਵਿਚ ਦਿਲਚਸਪੀ ਦਿਖਾਈ ਅਤੇ ਸਟੱਡੀ ਕਰਨ ਲੱਗ ਪਏ। ਨਤੀਜੇ ਵਜੋਂ ਦੋ ਪਰਿਵਾਰਾਂ ਵਿੱਚੋਂ ਸੱਤ ਲੋਕਾਂ ਨੇ ਸੱਚਾਈ ਅਪਣਾ ਲਈ। ਹਾਂ, ਜਦੋਂ ਅਸੀਂ ਸੱਚੇ ਦਿਲੋਂ ਈਮਾਨਦਾਰੀ ਦਿਖਾਉਂਦੇ ਹਾਂ, ਤਾਂ ਦੂਜੇ ਲੋਕ ਪਰਮੇਸ਼ੁਰ ਦੀ ਵਡਿਆਈ ਕਰਨ ਲਈ ਪ੍ਰੇਰਿਤ ਹੋ ਸਕਦੇ ਹਨ।—ਤੀਤੁ. 2:10.
ਇਕ ਮਸੀਹੀ ਦੇ ਸਾਫ਼ ਦਿਲ ਉੱਤੇ ਇਕ ਹੋਰ ਗੱਲ ਦਾ ਵੀ ਮਾੜਾ ਅਸਰ ਪੈ ਸਕਦਾ ਹੈ। ਉਹ ਹੈ ਸੈਕਸ ਬਾਰੇ ਗ਼ਲਤ ਨਜ਼ਰੀਆ। ਕਈ ਲੋਕ ਵਿਆਹ ਤੋਂ ਪਹਿਲਾਂ ਅਤੇ ਵਿਆਹ ਤੋਂ ਬਾਹਰੇ ਨਾਜਾਇਜ਼ ਜਿਨਸੀ ਸੰਬੰਧ ਰੱਖਣ ਜਾਂ ਸਮਲਿੰਗੀ ਸੰਬੰਧਾਂ ਨੂੰ ਆਮ ਸਮਝਦੇ ਹਨ, ਪਰ ਇਸ ਤਰ੍ਹਾਂ ਦੀ ਸੋਚ ਇਕ ਮਸੀਹੀ ਦੇ ਦਿਲ ਨੂੰ ਖ਼ਰਾਬ ਕਰ ਸਕਦੀ ਹੈ। ਜਿਹੜਾ ਇਨਸਾਨ ਇਹੋ ਜਿਹੇ ਅਨੈਤਿਕ ਕੰਮਾਂ ਅੱਗੇ ਝੁਕ ਜਾਂਦਾ ਹੈ, ਉਹ ਸ਼ਾਇਦ ਆਪਣੇ ਪਾਪ ਨੂੰ ਛੁਪਾਉਣ ਲਈ ਦੋਹਰੀ ਜ਼ਿੰਦਗੀ ਜੀਣ ਲੱਗ ਪਵੇ। ਅਜਿਹਾ ਬੰਦਾ ‘ਦਿਲ ਦਾ ਸਾਫ਼’ ਨਹੀਂ ਹੋਵੇਗਾ।
ਗੈਬਰੀਏਲੀ 15 ਸਾਲਾਂ ਦਾ ਸੀ ਜਦ ਉਸ ਨੇ ਬਪਤਿਸਮਾ ਲਿਆ ਅਤੇ ਜਲਦੀ ਹੀ ਪਾਇਨੀਅਰਿੰਗ ਕਰਨ ਲੱਗ ਪਿਆ। ਪਰ ਬਾਅਦ ਵਿਚ ਉਹ ਨਾਈਟ ਕਲੱਬਾਂ ਵਿਚ ਮਾੜੇ ਲੋਕਾਂ ਨਾਲ ਸਮਾਂ ਬਿਤਾਉਣ ਲੱਗ ਪਿਆ। (ਜ਼ਬੂ. 26:4) ਇੱਥੋਂ ਹੀ ਉਸ ਦੀ ਅਨੈਤਿਕ ਤੇ ਦੋਹਰੀ ਜ਼ਿੰਦਗੀ ਦੀ ਸ਼ੁਰੂਆਤ ਹੋਈ। ਇਸ ਕਾਰਨ ਉਸ ਨੂੰ ਮਸੀਹੀ ਕਲੀਸਿਯਾ ਵਿੱਚੋਂ ਛੇਕ ਦਿੱਤਾ ਗਿਆ। ਯਹੋਵਾਹ ਤੋਂ ਮਿਲੀ ਇਸ ਤਾੜਨਾ ਕਰਕੇ ਉਹ ਗੰਭੀਰਤਾ ਨਾਲ ਸੋਚਣ ਲੱਗ ਪਿਆ। ਗੈਬਰੀਏਲੀ ਚੇਤੇ ਕਰਦਾ ਹੈ: “ਮੈਂ ਉਨ੍ਹਾਂ ਗੱਲਾਂ ਨੂੰ ਗੰਭੀਰਤਾ ਨਾਲ ਲੈਣ ਲੱਗਾ ਜਿਹੜੀਆਂ ਮੈਂ ਪਹਿਲਾਂ ਕਦੇ ਨਹੀਂ ਲਈਆਂ। ਮੈਂ ਹਰ ਰੋਜ਼ ਬਾਈਬਲ ਪੜ੍ਹ ਕੇ ਇਹ ਸਮਝਣ ਦੀ ਕੋਸ਼ਿਸ਼ ਕਰਨ ਲੱਗ ਪਿਆ ਕਿ ਯਹੋਵਾਹ ਅਸਲ ਵਿਚ ਮੈਨੂੰ ਕੀ ਕਹਿ ਰਿਹਾ ਹੈ। ਮੈਂ ਧਿਆਨ ਨਾਲ ਦੂਸਰੇ ਪ੍ਰਕਾਸ਼ਨ ਵੀ ਪੜ੍ਹਨ ਲੱਗ ਪਿਆ। ਮੈਂ ਦੇਖਿਆ ਕਿ ਸਟੱਡੀ ਕਰਨ ਨਾਲ ਸਾਨੂੰ ਕਿੰਨਾ ਫ਼ਾਇਦਾ ਹੁੰਦਾ ਤੇ ਖ਼ੁਸ਼ੀ ਮਿਲਦੀ ਹੈ ਅਤੇ ਬਾਈਬਲ ਪੜ੍ਹਨ ਅਤੇ ਦਿਲੋਂ ਪ੍ਰਾਰਥਨਾ ਕਰਨ ਨਾਲ ਸਾਨੂੰ ਕਿੰਨੀ ਤਾਕਤ ਮਿਲ ਸਕਦੀ ਹੈ।” ਇਸ ਸਭ ਕਾਸੇ ਦੀ ਮਦਦ ਨਾਲ ਗੈਬਰੀਏਲੀ ਗੰਦੇ ਕੰਮਾਂ ਨੂੰ ਛੱਡ ਕੇ ਯਹੋਵਾਹ ਨਾਲ ਫਿਰ ਤੋਂ ਆਪਣਾ ਰਿਸ਼ਤਾ ਜੋੜ ਸਕਿਆ।
ਹੁਣ ਗੈਬਰੀਏਲੀ ਆਪਣੀ ਪਤਨੀ ਨਾਲ ਫਿਰ ਤੋਂ ਪਾਇਨੀਅਰਿੰਗ ਕਰ ਰਿਹਾ ਹੈ। ਉਸ ਵਿਚ ਆਇਆ ਸੁਧਾਰ ਇਸ ਗੱਲ ਦਾ ਸਬੂਤ ਹੈ ਕਿ ਬਾਈਬਲ ਅਤੇ “ਮਾਤਬਰ ਅਤੇ ਬੁੱਧਵਾਨ ਨੌਕਰ” ਤੋਂ ਮਿਲੇ ਪ੍ਰਕਾਸ਼ਨ ਪੜ੍ਹਨ ਨਾਲ ਦਿਲ ਨੂੰ ਸਾਫ਼ ਰੱਖਣ ਅਤੇ ਅਨੈਤਿਕ ਕੰਮ ਛੱਡਣ ਵਿਚ ਕਿੰਨੀ ਮਦਦ ਮਿਲ ਸਕਦੀ ਹੈ।—ਮੱਤੀ 24:45; ਜ਼ਬੂ. 143:10.
ਅਜ਼ਮਾਇਸ਼ਾਂ ਵਿਚ ਹੁੰਦਿਆਂ “ਦਿਲ ਦੀ ਸਫ਼ਾਈ”
ਵਿਰੋਧੀਆਂ ਦੇ ਦਬਾਅ, ਪੈਸੇ-ਧੇਲੇ ਦੀ ਤੰਗੀ ਅਤੇ ਗੰਭੀਰ ਬੀਮਾਰੀ ਕਾਰਨ ਪਰਮੇਸ਼ੁਰ ਦੇ ਕੁਝ ਸੇਵਕ ਨਿਰਾਸ਼ ਹੋਏ ਹਨ। ਰਾਜਾ ਦਾਊਦ ਨਾਲ ਵੀ ਇਸੇ ਤਰ੍ਹਾਂ ਹੋਇਆ ਸੀ: “ਮੇਰਾ [ਜੀ] ਮੇਰੇ ਅੰਦਰ ਨਢਾਲ ਹੈ, ਮੇਰਾ ਦਿਲ ਮੇਰੇ ਵਿਚਕਾਰ ਵਿਆਕੁਲ ਹੈ।” (ਜ਼ਬੂ. 143:4) ਉਹ ਇਸ ਤਰ੍ਹਾਂ ਦੇ ਪਲਾਂ ਉੱਤੇ ਕਿਵੇਂ ਕਾਬੂ ਪਾ ਸਕਿਆ? ਦਾਊਦ ਨੇ ਉਨ੍ਹਾਂ ਕੰਮਾਂ ਨੂੰ ਚੇਤੇ ਕੀਤਾ ਜੋ ਪਰਮੇਸ਼ੁਰ ਨੇ ਆਪਣੇ ਸੇਵਕਾਂ ਲਈ ਕੀਤੇ ਸਨ ਅਤੇ ਉਸ ਨੂੰ ਵੀ ਕਿਵੇਂ ਛੁਟਕਾਰਾ ਦਿਵਾਇਆ ਗਿਆ ਸੀ। ਉਸ ਨੇ ਸੋਚ-ਵਿਚਾਰ ਕੀਤਾ ਕਿ ਯਹੋਵਾਹ ਨੇ ਆਪਣੇ ਮਹਾਨ ਨਾਂ ਦੀ ਖ਼ਾਤਰ ਕੀ ਕੁਝ ਕੀਤਾ ਸੀ। ਹਾਂ, ਦਾਊਦ ਪਰਮੇਸ਼ੁਰ ਦੇ ਕੰਮਾਂ ਬਾਰੇ ਸੋਚਦਾ ਸੀ। (ਜ਼ਬੂ. 143:5) ਇਸੇ ਤਰ੍ਹਾਂ, ਅਜ਼ਮਾਇਸ਼ਾਂ ਵਿਚ ਹੁੰਦਿਆਂ ਸਾਨੂੰ ਵੀ ਮਦਦ ਮਿਲੇਗੀ ਜਦ ਅਸੀਂ ਸੋਚ-ਵਿਚਾਰ ਕਰਾਂਗੇ ਕਿ ਸਾਡੇ ਸਿਰਜਣਹਾਰ ਨੇ ਸਾਡੇ ਲਈ ਕੀ ਕੁਝ ਕੀਤਾ ਹੈ ਅਤੇ ਕਰ ਰਿਹਾ ਹੈ।
ਮਿਸਾਲ ਲਈ ਸ਼ਾਇਦ ਅਸੀਂ ਸੋਚੀਏ ਕਿ ਕਿਸੇ ਨੇ ਸਾਡੇ ਖ਼ਿਲਾਫ਼ ਕੁਝ ਗ਼ਲਤ ਕੀਤਾ ਹੈ। ਭਾਵੇਂ ਇਹ ਸੱਚ ਵੀ ਹੋਵੇ, ਪਰ ਕੀ ਅਸੀਂ ਕੁੜੱਤਣ ਨਾਲ ਭਰ ਜਾਵਾਂਗੇ? ਉਸ ਗੱਲ ਬਾਰੇ ਸੋਚ-ਸੋਚ ਕੇ ਅਸੀਂ ਸ਼ਾਇਦ ਆਪਣੇ ਭੈਣਾਂ-ਭਰਾਵਾਂ ਦੀ ਨੀਅਤ ਉੱਤੇ ਸ਼ੱਕ ਕਰਨ ਲੱਗੀਏ। ਅਸੀਂ ਸ਼ਾਇਦ ਉਨ੍ਹਾਂ ਤੋਂ ਦੂਰ-ਦੂਰ ਰਹੀਏ ਅਤੇ ਦੂਸਰਿਆਂ ਵਿਚ ਕੋਈ ਦਿਲਚਸਪੀ ਨਾ ਰੱਖੀਏ। ਪਰ ਕੀ ਇਹ ਰਵੱਈਆ “ਦਿਲ ਦੀ ਸਫ਼ਾਈ” ਰੱਖਣ ਦੀ ਸਾਡੀ ਇੱਛਾ ਨਾਲ ਮੇਲ ਖਾਂਦਾ ਹੈ? ਸਪੱਸ਼ਟ ਹੈ ਕਿ ਦਿਲ ਨੂੰ ਸਾਫ਼ ਰੱਖਣ ਦਾ ਸੰਬੰਧ ਇਸ ਨਾਲ ਹੈ ਕਿ ਅਸੀਂ ਆਪਣੇ ਭੈਣਾਂ-ਭਰਾਵਾਂ ਨਾਲ ਕਿੱਦਾਂ ਮਿਲਦੇ-ਵਰਤਦੇ ਹਾਂ ਅਤੇ ਅਣਬਣ ਹੋਣ ਤੇ ਅਸੀਂ ਉਨ੍ਹਾਂ ਨਾਲ ਕਿਵੇਂ ਪੇਸ਼ ਆਉਂਦੇ ਹਾਂ।
ਨੈਤਿਕ ਤੌਰ ਤੇ ਭ੍ਰਿਸ਼ਟ ਹੁੰਦੀ ਜਾ ਰਹੀ ਇਸ ਦੁਨੀਆਂ ਵਿਚ ਅਸੀਂ ਸੱਚੇ ਮਸੀਹੀਆਂ ਵਜੋਂ ਵੱਖਰੇ ਨਜ਼ਰ ਆਉਂਦੇ ਹਾਂ ਕਿਉਂਕਿ ਅਸੀਂ “ਦਿਲ ਦੀ ਸਫ਼ਾਈ” ਰੱਖਦੇ ਹਾਂ। ਸਾਡੀ ਜ਼ਿੰਦਗੀ ’ਤੇ ਚੰਗਾ ਅਸਰ ਪੈਂਦਾ ਹੈ ਜਦੋਂ ਸਾਨੂੰ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰ ਕੇ ਸੱਚੀ ਸ਼ਾਂਤੀ ਮਿਲਦੀ ਹੈ। ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਅਸੀਂ ਆਪਣੇ ਸਿਰਜਣਹਾਰ ਯਹੋਵਾਹ ਪਰਮੇਸ਼ੁਰ ਨਾਲ ਪੱਕੀ ਦੋਸਤੀ ਕਰ ਸਕਦੇ ਹਾਂ ਜੋ “ਖਾਲਸ ਦਿਲ ਵਾਲਿਆਂ” ਨੂੰ ਪਿਆਰ ਕਰਦਾ ਹੈ। (ਜ਼ਬੂ. 73:1) ਜੀ ਹਾਂ, ਯਿਸੂ ਦੇ ਵਾਅਦੇ ਮੁਤਾਬਕ ਅਸੀਂ ‘ਪਰਮੇਸ਼ੁਰ ਨੂੰ ਵੇਖ ਕੇ’ ਖ਼ੁਸ਼ ਹੋਵਾਂਗੇ ਕਿਉਂਕਿ ਉਹ “ਦਿਲ ਦੀ ਸਫ਼ਾਈ” ਰੱਖਣ ਵਾਲਿਆਂ ਦੀ ਰੱਖਿਆ ਕਰਦਾ ਹੈ।—ਮੱਤੀ 5:8.