Skip to content

Skip to table of contents

ਅਜ਼ਮਾਇਸ਼ਾਂ ਸਹਿੰਦਿਆਂ ਯਹੋਵਾਹ ਵਿਚ ਸਾਡੀ ਨਿਹਚਾ ਮਜ਼ਬੂਤ ਹੋਈ

ਅਜ਼ਮਾਇਸ਼ਾਂ ਸਹਿੰਦਿਆਂ ਯਹੋਵਾਹ ਵਿਚ ਸਾਡੀ ਨਿਹਚਾ ਮਜ਼ਬੂਤ ਹੋਈ

ਅਜ਼ਮਾਇਸ਼ਾਂ ਸਹਿੰਦਿਆਂ ਯਹੋਵਾਹ ਵਿਚ ਸਾਡੀ ਨਿਹਚਾ ਮਜ਼ਬੂਤ ਹੋਈ

ਏਡਾ ਡੈਲੋ ਸਟ੍ਰਿਟੋ ਦੀ ਜ਼ਬਾਨੀ

ਮੈਂ ਹੁਣੇ ਆਪਣੀ ਕਾਪੀ ਵਿਚ ਡੇਲੀ ਟੈਕਸਟ ਲਿਖ ਕੇ ਹਟਿਆ ਹਾਂ। ਮੈਂ 36 ਸਾਲਾਂ ਦਾ ਹਾਂ, ਪਰ ਇਨ੍ਹਾਂ ਕੁਝ ਲਫ਼ਜ਼ਾਂ ਨੂੰ ਲਿਖਣ ਲਈ ਮੈਨੂੰ ਦੋ ਘੰਟੇ ਲੱਗੇ। ਇੰਨਾ ਚਿਰ ਕਿਉਂ? ਮੇਰੇ ਮਾਤਾ ਜੀ ਸਮਝਾਉਣਗੇ।—ਜੋਅਲ

ਮੈਂ ਅਤੇ ਮੇਰੇ ਪਤੀ 1968 ਵਿਚ ਬਪਤਿਸਮਾ ਲੈ ਕੇ ਯਹੋਵਾਹ ਦੇ ਗਵਾਹ ਬਣੇ। ਸਾਡੇ ਤਿੰਨ ਲੜਕੇ ਹਨ, ਡੇਵਿਡ, ਮਾਰਕ ਅਤੇ ਜੋਅਲ। ਜੋਅਲ ਦਾ ਜਨਮ 1973 ਵਿਚ ਬੈਲਜੀਅਮ ਦੇ ਬੈਂਸ਼ ਨਗਰ ਵਿਚ ਹੋਇਆ ਜੋ ਲਗਭਗ 60 ਕਿਲੋਮੀਟਰ ਦੂਰ ਬ੍ਰਸਲਜ਼ ਦੇ ਦੱਖਣ ਵੱਲ ਹੈ। ਉਸ ਦਾ ਨੌਂ ਮਹੀਨੇ ਪੂਰੇ ਹੋਣ ਤੋਂ ਪਹਿਲਾਂ ਹੀ ਜਨਮ ਹੋ ਗਿਆ ਸੀ ਜਿਸ ਕਰਕੇ ਉਸ ਦਾ ਭਾਰ ਸਿਰਫ਼ 1.7 ਕਿਲੋ ਸੀ। ਮੈਂ ਹਸਪਤਾਲੋਂ ਘਰ ਆ ਗਈ, ਪਰ ਜੋਅਲ ਨੂੰ ਹਸਪਤਾਲ ਰਹਿਣਾ ਪਿਆ ਤਾਂਕਿ ਉਸ ਦਾ ਕੁਝ ਭਾਰ ਵਧੇ।

ਕਈ ਹਫ਼ਤੇ ਲੰਘ ਗਏ, ਪਰ ਸਾਡੇ ਪੁੱਤਰ ਦੀ ਸਿਹਤ ਵਿਚ ਕੋਈ ਸੁਧਾਰ ਨਹੀਂ ਆਇਆ। ਇਸ ਲਈ ਮੈਂ ਅਤੇ ਮੇਰੇ ਪਤੀ ਲੂਈਜੀ ਉਸ ਨੂੰ ਬੱਚਿਆਂ ਦੇ ਡਾਕਟਰ ਕੋਲ ਲੈ ਗਏ। ਜੋਅਲ ਦਾ ਮੁਆਇਨਾ ਕਰਨ ਤੋਂ ਬਾਅਦ ਡਾਕਟਰ ਨੇ ਕਿਹਾ: “ਸੌਰੀ। ਲੱਗਦਾ ਹੈ ਕਿ ਜੋਅਲ ਨੂੰ ਉਹ ਸਾਰੀਆਂ ਸਮੱਸਿਆਵਾਂ ਹਨ ਜੋ ਉਸ ਦੇ ਭਰਾਵਾਂ ਨੂੰ ਨਹੀਂ।” ਕੁਝ ਪਲਾਂ ਲਈ ਖਾਮੋਸ਼ੀ ਛਾ ਗਈ। ਉਸੇ ਵੇਲੇ ਮੈਨੂੰ ਅਹਿਸਾਸ ਹੋਇਆ ਕਿ ਸਾਡੇ ਮੁੰਡੇ ਨੂੰ ਕੋਈ ਗੰਭੀਰ ਬੀਮਾਰੀ ਸੀ। ਫਿਰ ਡਾਕਟਰ ਨੇ ਮੇਰੇ ਪਤੀ ਨੂੰ ਇਕ ਪਾਸੇ ਲੈ ਜਾ ਕੇ ਕਿਹਾ: “ਤੇਰੇ ਲੜਕੇ ਨੂੰ ਟ੍ਰਾਈਸੋਮੀ 21 ਨਾਂ ਦਾ ਰੋਗ ਹੈ” ਜਿਸ ਨੂੰ ਡਾਊਨ ਸਿੰਡਰੋਮ ਵੀ ਕਿਹਾ ਜਾਂਦਾ ਹੈ। *

ਡਾਕਟਰ ਦੀ ਰਿਪੋਰਟ ਸੁਣ ਕੇ ਸਾਨੂੰ ਬਹੁਤ ਦੁੱਖ ਲੱਗਾ ਅਤੇ ਅਸੀਂ ਇਕ ਹੋਰ ਡਾਕਟਰ ਦੀ ਰਾਇ ਲੈਣ ਦੀ ਸੋਚੀ। ਉਸ ਨੇ ਤਕਰੀਬਨ ਇਕ ਘੰਟੇ ਤਾਈਂ ਜੋਅਲ ਨੂੰ ਚੈੱਕ ਕੀਤਾ, ਪਰ ਉਹ ਕੁਝ ਬੋਲਿਆ ਨਹੀਂ। ਉਡੀਕ ਦੀ ਇਹ ਘੜੀ ਖ਼ਤਮ ਹੋਣ ਵਿਚ ਹੀ ਨਹੀਂ ਆਉਂਦੀ ਸੀ। ਅਖ਼ੀਰ ਡਾਕਟਰ ਨੇ ਸਾਡੇ ਵੱਲ ਦੇਖ ਕੇ ਕਿਹਾ: “ਤੁਹਾਡਾ ਮੁੰਡਾ ਤੁਹਾਡੇ ਸਹਾਰੇ ਹੀ ਵੱਡਾ ਹੋਵੇਗਾ।” ਫਿਰ ਬੜੀ ਹਮਦਰਦੀ ਨਾਲ ਉਸ ਨੇ ਕਿਹਾ: “ਮੈਨੂੰ ਯਕੀਨ ਹੈ ਕਿ ਜੋਅਲ ਖ਼ੁਸ਼ ਹੋਵੇਗਾ ਕਿਉਂਕਿ ਉਸ ਦੇ ਮਾਪੇ ਉਸ ਨਾਲ ਬਹੁਤ ਪਿਆਰ ਕਰਦੇ ਹਨ।” ਮੇਰਾ ਦਿਲ ਭਰ ਆਇਆ ਅਤੇ ਜੋਅਲ ਨੂੰ ਕਲਾਵੇ ਵਿਚ ਲਈ ਅਸੀਂ ਉਸ ਨੂੰ ਘਰ ਲੈ ਆਏ। ਉਸ ਸਮੇਂ ਉਹ ਅੱਠ ਹਫ਼ਤਿਆਂ ਦਾ ਸੀ।

ਮੀਟਿੰਗਾਂ ਅਤੇ ਪ੍ਰਚਾਰ ਨੇ ਸਾਨੂੰ ਤਕੜਿਆਂ ਕੀਤਾ

ਕਈ ਹੋਰ ਟੈੱਸਟ ਕਰਨ ਤੋਂ ਬਾਅਦ ਸਾਨੂੰ ਪਤਾ ਲੱਗਾ ਕਿ ਜੋਅਲ ਦੇ ਦਿਲ ਵਿਚ ਨੁਕਸ ਸੀ ਅਤੇ ਉਸ ਨੂੰ ਹੱਡੀਆਂ ਦੀ ਬੀਮਾਰੀ (ਸੋਕਾ) ਵੀ ਸੀ। ਉਸ ਦੇ ਦਿਲ ਦਾ ਆਕਾਰ ਵੀ ਵੱਡਾ ਸੀ ਜੋ ਉਸ ਦੇ ਫੇਫੜਿਆਂ ਉੱਤੇ ਪ੍ਰੈਸ਼ਰ ਪਾਉਂਦਾ ਸੀ ਜਿਸ ਕਰਕੇ ਉਹ ਨੂੰ ਝੱਟ ਇਨਫ਼ੈਕਸ਼ਨ ਹੋ ਜਾਂਦੀ ਸੀ। ਜਦੋਂ ਉਹ ਚਾਰ ਮਹੀਨਿਆਂ ਦਾ ਸੀ, ਤਾਂ ਉਸ ਦੀ ਸਾਹ-ਨਾਲੀ ਨੂੰ ਨਮੂਨੀਆ ਹੋ ਗਿਆ ਅਤੇ ਉਸ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਉੱਥੇ ਉਸ ਨੂੰ ਵੱਖ ਕਰ ਕੇ ਰੱਖਿਆ ਗਿਆ ਸੀ। ਉਹ ਦਾ ਦੁੱਖ ਦੇਖ ਕੇ ਅਸੀਂ ਬਹੁਤ ਤੜਫੇ। ਕਿੰਨੀ ਵਾਰ ਚਾਹਿਆ ਕਿ ਅਸੀਂ ਉਸ ਨੂੰ ਚੁੱਕ ਕੇ ਪਿਆਰ ਦੇਈਏ, ਪਰ ਸਾਨੂੰ ਦਸ ਹਫ਼ਤਿਆਂ ਤਕ ਉਸ ਨੂੰ ਛੋਹਣ ਤੋਂ ਮਨ੍ਹਾ ਕੀਤਾ ਗਿਆ ਸੀ। ਲੂਈਜੀ ਅਤੇ ਮੈਂ ਖੜ੍ਹੇ-ਖੜ੍ਹੇ ਉਸ ਨੂੰ ਦੇਖਦੇ ਰਹਿੰਦੇ, ਪਰ ਕੁਝ ਕਰ ਨਾ ਸਕੇ। ਅਸੀਂ ਸਿਰਫ਼ ਇਕ-ਦੂਜੇ ਨੂੰ ਫੜ ਕੇ ਪ੍ਰਾਰਥਨਾ ਹੀ ਕਰ ਸਕੇ।

ਇਸ ਔਖੀ ਘੜੀ ਦੌਰਾਨ ਅਸੀਂ ਡੇਵਿਡ ਅਤੇ ਮਾਰਕ ਨਾਲ ਮੀਟਿੰਗਾਂ ’ਤੇ ਜਾਂਦੇ ਰਹੇ। ਉਦੋਂ ਡੇਵਿਡ 6 ਸਾਲਾਂ ਦਾ ਸੀ ਅਤੇ ਮਾਰਕ 3 ਸਾਲਾਂ ਦਾ। ਕਿੰਗਡਮ ਹਾਲ ਵਿਚ ਹੋਣਾ ਇਸ ਤਰ੍ਹਾਂ ਸੀ ਜਿਵੇਂ ਅਸੀਂ ਯਹੋਵਾਹ ਦੇ ਹੱਥਾਂ ਵਿਚ ਹੋਈਏ। ਉਨ੍ਹਾਂ ਦੋ ਕੁ ਘੰਟਿਆਂ ਲਈ ਆਪਣੇ ਭੈਣਾਂ-ਭਰਾਵਾਂ ਨਾਲ ਹੁੰਦਿਆਂ ਸਾਨੂੰ ਲੱਗਦਾ ਸੀ ਕਿ ਅਸੀਂ ਆਪਣਾ ਬੋਝ ਯਹੋਵਾਹ ਉੱਤੇ ਸੁੱਟ ਸਕਦੇ ਸੀ। ਇਸ ਤਰ੍ਹਾਂ ਕਰਨ ਨਾਲ ਸਾਨੂੰ ਮਨ ਦੀ ਸ਼ਾਂਤੀ ਮਿਲਦੀ ਸੀ। (ਜ਼ਬੂ. 55:22) ਜਿਹੜੀਆਂ ਨਰਸਾਂ ਜੋਅਲ ਦੀ ਦੇਖ-ਭਾਲ ਕਰਦੀਆਂ ਸਨ, ਉਨ੍ਹਾਂ ਨੇ ਕਿਹਾ ਕਿ ਮੀਟਿੰਗਾਂ ’ਤੇ ਜਾਣ ਨਾਲ ਤੁਹਾਨੂੰ ਹੌਸਲਾ ਮਿਲਦਾ ਹੈ ਜਿਸ ਕਰਕੇ ਤੁਸੀਂ ਡਗਮਗਾਉਂਦੇ ਨਹੀਂ।

ਇਸ ਸਮੇਂ ਦੌਰਾਨ ਮੈਂ ਯਹੋਵਾਹ ਅੱਗੇ ਇਹ ਵੀ ਬੇਨਤੀ ਕੀਤੀ ਕਿ ਉਹ ਪ੍ਰਚਾਰ ’ਤੇ ਜਾਣ ਲਈ ਮੈਨੂੰ ਤਾਕਤ ਦੇਵੇ। ਘਰ ਬਹਿ ਕੇ ਰੋਂਦੀ ਰਹਿਣ ਦੀ ਬਜਾਇ ਮੈਂ ਬਾਹਰ ਜਾ ਕੇ ਦੂਸਰਿਆਂ ਨੂੰ ਦੱਸਣਾ ਚਾਹੁੰਦੀ ਸੀ ਕਿ ਮੈਨੂੰ ਕਿਉਂ ਪਰਮੇਸ਼ੁਰ ਦੇ ਵਾਅਦੇ ਉੱਤੇ ਪੂਰਾ ਭਰੋਸਾ ਹੈ ਕਿ ਉਹ ਇਕ ਦਿਨ ਹਰ ਤਰ੍ਹਾਂ ਦੀ ਬੀਮਾਰੀ ਨੂੰ ਦੂਰ ਕਰੇਗਾ। ਇਸ ਵਾਅਦੇ ਤੋਂ ਮੈਨੂੰ ਤਾਕਤ ਮਿਲਦੀ ਸੀ। ਜਦੋਂ ਵੀ ਮੈਂ ਪ੍ਰਚਾਰ ਕਰਨ ਜਾਂਦੀ ਸੀ, ਤਾਂ ਮੈਨੂੰ ਲੱਗਦਾ ਕਿ ਯਹੋਵਾਹ ਨੇ ਮੇਰੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੱਤਾ।

“ਇਹ ਵਾਕਈ ਚਮਤਕਾਰ ਹੋਇਆ!”

ਸਾਨੂੰ ਉਸ ਦਿਨ ਕਿੰਨੀ ਖ਼ੁਸ਼ੀ ਹੋਈ ਜਦੋਂ ਅਸੀਂ ਜੋਅਲ ਨੂੰ ਹਸਪਤਾਲੋਂ ਘਰ ਲੈ ਕੇ ਆਏ! ਪਰ ਅਗਲੇ ਦਿਨ ਖ਼ੁਸ਼ੀਆਂ ਹੰਝੂਆਂ ਵਿਚ ਬਦਲ ਗਈਆਂ। ਜੋਅਲ ਦੀ ਸਿਹਤ ਹੋਰ ਵੀ ਵਿਗੜ ਗਈ ਅਤੇ ਸਾਨੂੰ ਫ਼ੌਰਨ ਉਸ ਨੂੰ ਹਸਪਤਾਲ ਲੈ ਜਾਣਾ ਪਿਆ। ਉਸ ਨੂੰ ਦੇਖਣ ਤੋਂ ਬਾਅਦ ਡਾਕਟਰਾਂ ਨੇ ਕਿਹਾ: “ਜੋਅਲ ਸਿਰਫ਼ ਛੇ ਮਹੀਨੇ ਹੀ ਜ਼ਿੰਦਾ ਰਹੇਗਾ।” ਦੋ ਮਹੀਨਿਆਂ ਬਾਅਦ, ਜਦ ਜੋਅਲ ਅੱਠ ਮਹੀਨਿਆਂ ਦਾ ਸੀ, ਇੱਦਾਂ ਲੱਗਦਾ ਸੀ ਕਿ ਡਾਕਟਰਾਂ ਦੀ ਗੱਲ ਸਹੀ ਸੀ ਕਿਉਂਕਿ ਜੋਅਲ ਦੀ ਹਾਲਤ ਹੋਰ ਵੀ ਵਿਗੜ ਗਈ। ਇਕ ਡਾਕਟਰ ਨੇ ਸਾਨੂੰ ਬਿਠਾ ਕੇ ਕਿਹਾ: “ਮੈਨੂੰ ਅਫ਼ਸੋਸ ਹੈ ਕਿ ਅਸੀਂ ਉਹ ਦੇ ਲਈ ਹੋਰ ਕੁਝ ਨਹੀਂ ਕਰ ਸਕਦੇ।” ਫਿਰ ਉਸ ਨੇ ਕਿਹਾ: “ਹੁਣ ਸਿਰਫ਼ ਯਹੋਵਾਹ ਹੀ ਉਸ ਦੀ ਮਦਦ ਕਰ ਸਕਦਾ ਹੈ।”

ਮੈਂ ਹਸਪਤਾਲ ਵਿਚ ਜੋਅਲ ਦੇ ਕਮਰੇ ਵਿਚ ਗਈ। ਥੱਕੀ-ਟੁੱਟੀ ਹੋਣ ਦੇ ਬਾਵਜੂਦ ਮੈਂ ਜੋਅਲ ਦੇ ਕੋਲ ਰਹਿਣਾ ਚਾਹੁੰਦੀ ਸੀ। ਕਲੀਸਿਯਾ ਦੀਆਂ ਕਈ ਭੈਣਾਂ ਵਾਰੀ-ਵਾਰੀ ਮੇਰੇ ਨਾਲ ਰਹੀਆਂ ਅਤੇ ਲੂਈਜੀ ਸਾਡੇ ਦੂਸਰੇ ਵੱਡੇ ਮੁੰਡਿਆਂ ਦੀ ਦੇਖ-ਭਾਲ ਕਰਦੇ ਰਹੇ। ਇਕ ਹਫ਼ਤਾ ਲੰਘ ਗਿਆ। ਫਿਰ ਅਚਾਨਕ ਜੋਅਲ ਨੂੰ ਹਾਰਟ ਅਟੈਕ ਹੋ ਗਿਆ। ਨਰਸਾਂ ਭੱਜੀਆਂ ਆਈਆਂ, ਪਰ ਕੁਝ ਕਰ ਨਾ ਸਕੀਆਂ। ਕੁਝ ਮਿੰਟਾਂ ਬਾਅਦ ਇਕ ਨਰਸ ਹੌਲੀ ਜਿਹੀ ਬੋਲੀ, “ਚੱਲ, ਦੁੱਖਾਂ ਤੋਂ ਖਹਿੜਾ ਛੁੱਟਿਆ ਬੇਚਾਰੇ ਦਾ . . .।” ਮੈਂ ਹਾਲੋਂ-ਬੇਹਾਲ ਹੋਈ ਰੋਂਦੀ-ਰੋਂਦੀ ਕਮਰੇ ਵਿੱਚੋਂ ਬਾਹਰ ਆ ਗਈ। ਮੈਂ ਯਹੋਵਾਹ ਨੂੰ ਪ੍ਰਾਰਥਨਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਦੁੱਖ ਬਿਆਨ ਕਰਨ ਲਈ ਕੋਈ ਲਫ਼ਜ਼ ਨਹੀਂ ਸੁੱਝਿਆ। 15 ਕੁ ਮਿੰਟ ਬੀਤ ਗਏ ਅਤੇ ਉੱਧਰੋਂ ਇਕ ਨਰਸ ਨੇ ਮੈਨੂੰ ਆਵਾਜ਼ ਮਾਰੀ, “ਜੋਅਲ ਠੀਕ ਹੋ ਰਿਹਾ ਹੈ!” ਉਹ ਮੈਨੂੰ ਬਾਹੋਂ ਫੜ ਕੇ ਲੈ ਗਈ ਤੇ ਕਿਹਾ, “ਆ ਜਾਓ, ਤੁਸੀਂ ਉਹ ਨੂੰ ਹੁਣ ਦੇਖ ਸਕਦੇ ਹੋ।” ਜਦੋਂ ਮੈਂ ਜੋਅਲ ਕੋਲ ਗਈ, ਤਾਂ ਉਸ ਦਾ ਦਿਲ ਦੁਬਾਰਾ ਧੜਕ ਰਿਹਾ ਸੀ! ਬਹੁਤ ਜਲਦੀ ਇਹ ਖ਼ਬਰ ਫੈਲ ਗਈ। ਨਰਸਾਂ ਅਤੇ ਡਾਕਟਰ ਉਸ ਨੂੰ ਦੇਖਣ ਆਏ ਅਤੇ ਕਈਆਂ ਨੇ ਕਿਹਾ, “ਇਹ ਵਾਕਈ ਚਮਤਕਾਰ ਹੋਇਆ!”

ਚਾਰ ਸਾਲਾਂ ਦੀ ਉਮਰੇ ਤਰੱਕੀ ਕਰ ਕੇ ਕੀਤਾ ਹੈਰਾਨ

ਪਹਿਲੇ ਕੁਝ ਸਾਲਾਂ ਦੌਰਾਨ ਡਾਕਟਰ ਨੇ ਸਾਨੂੰ ਕਈ ਵਾਰ ਕਿਹਾ ਕਿ “ਜੋਅਲ ਨੂੰ ਬਹੁਤ ਪਿਆਰ ਦੀ ਲੋੜ ਹੈ।” ਜੋਅਲ ਦੇ ਜਨਮ ਤੋਂ ਬਾਅਦ ਮੈਨੂੰ ਅਤੇ ਲੂਈਜੀ ਨੂੰ ਯਹੋਵਾਹ ਦੇ ਪਿਆਰ ਦਾ ਬੜਾ ਅਹਿਸਾਸ ਹੋਇਆ ਅਤੇ ਇਸ ਕਰਕੇ ਅਸੀਂ ਵੀ ਚਾਹੁੰਦੇ ਸੀ ਕਿ ਅਸੀਂ ਜੋਅਲ ਨੂੰ ਪਿਆਰ ਹੀ ਦੇਈਏ। ਇੱਦਾਂ ਕਰਨ ਦੇ ਕਈ ਮੌਕੇ ਸਨ ਕਿਉਂਕਿ ਉਸ ਨੂੰ ਹਰ ਕੰਮ ਵਿਚ ਸਾਡੀ ਮਦਦ ਦੀ ਲੋੜ ਸੀ।

ਜੋਅਲ ਦੀ ਜ਼ਿੰਦਗੀ ਦੇ ਪਹਿਲੇ ਸੱਤ ਸਾਲਾਂ ਦੌਰਾਨ ਹਰੇਕ ਸਾਲ ਅਜਿਹਾ ਕੁਝ ਹੁੰਦਾ ਸੀ: ਅਕਤੂਬਰ ਤੋਂ ਮਾਰਚ ਦੌਰਾਨ ਉਸ ਨੂੰ ਇਕ ਤੋਂ ਬਾਅਦ ਇਕ ਸਿਹਤ ਸਮੱਸਿਆ ਹੁੰਦੀ ਸੀ ਜਿਸ ਕਰਕੇ ਸਾਨੂੰ ਲਗਾਤਾਰ ਹਸਪਤਾਲ ਜਾਣਾ ਪੈਂਦਾ ਸੀ। ਇਸ ਦੇ ਨਾਲ-ਨਾਲ ਮੈਂ ਡੇਵਿਡ ਅਤੇ ਮਾਰਕ ਨਾਲ ਵੀ ਸਮਾਂ ਗੁਜ਼ਾਰਨ ਦੀ ਪੂਰੀ ਕੋਸ਼ਿਸ਼ ਕਰਦੀ ਹੁੰਦੀ ਸੀ। ਇਸੇ ਕਰਕੇ ਉਨ੍ਹਾਂ ਦੋਹਾਂ ਨੇ ਜੋਅਲ ਦੀ ਦੇਖ-ਭਾਲ ਕਰਨ ਵਿਚ ਹੱਥ ਵਟਾਇਆ ਅਤੇ ਇਸ ਦੇ ਚੰਗੇ ਨਤੀਜੇ ਵੀ ਨਿਕਲੇ। ਮਿਸਾਲ ਲਈ, ਕਈ ਡਾਕਟਰ ਸਾਨੂੰ ਦੱਸ ਚੁੱਕੇ ਸਨ ਕਿ ਜੋਅਲ ਕਦੇ ਤੁਰ ਨਹੀਂ ਸਕੇਗਾ। ਪਰ ਇਕ ਦਿਨ ਜਦੋਂ ਜੋਅਲ ਚਾਰ ਸਾਲਾਂ ਦਾ ਸੀ, ਤਾਂ ਸਾਡੇ ਲੜਕੇ ਮਾਰਕ ਨੇ ਕਿਹਾ, “ਚੱਲ ਜੋਅਲ, ਮੰਮੀ ਨੂੰ ਤੁਰ ਕੇ ਦਿਖਾਲ!” ਜੋਅਲ ਨੇ ਪਹਿਲੀ ਵਾਰ ਆਪੇ ਹੀ ਕਦਮ ਪੁੱਟੇ! ਮੈਂ ਕਿੰਨੀ ਹੈਰਾਨ ਹੋਈ। ਸਾਡੀ ਖ਼ੁਸ਼ੀ ਦੀ ਹੱਦ ਨਾ ਰਹੀ ਅਤੇ ਅਸੀਂ ਸਾਰੇ ਪਰਿਵਾਰ ਨੇ ਯਹੋਵਾਹ ਦਾ ਦਿਲੋਂ ਸ਼ੁਕਰ ਕੀਤਾ। ਜਦੋਂ ਵੀ ਜੋਅਲ ਕਿਸੇ ਕੰਮ ਵਿਚ ਥੋੜ੍ਹੀ-ਬਹੁਤੀ ਤਰੱਕੀ ਕਰਦਾ ਸੀ, ਤਾਂ ਅਸੀਂ ਹਮੇਸ਼ਾ ਉਸ ਨੂੰ ਸ਼ਾਬਾਸ਼ ਦਿੰਦੇ ਸੀ।

ਛੋਟੀ ਉਮਰ ਤੋਂ ਪਰਮੇਸ਼ੁਰ ਬਾਰੇ ਸਿੱਖਿਆ ਦੇਣ ਦਾ ਫਲ

ਜਦੋਂ ਵੀ ਹੋ ਸਕੇ, ਅਸੀਂ ਜੋਅਲ ਨੂੰ ਕਿੰਗਡਮ ਹਾਲ ਵਿਚ ਮੀਟਿੰਗਾਂ ’ਤੇ ਲੈ ਜਾਂਦੇ ਸੀ। ਉਸ ਨੂੰ ਇਨਫ਼ੈਕਸ਼ਨਾਂ ਤੋਂ ਬਚਾਉਣ ਲਈ ਅਸੀਂ ਉਹ ਨੂੰ ਇਕ ਪਰੈਮ ਵਿਚ ਰੱਖਦੇ ਸੀ ਜਿਸ ਉੱਪਰ ਪਲਾਸਟਿਕ ਦਾ ਕਵਰ ਚੜ੍ਹਾਇਆ ਸੀ। ਭਾਵੇਂ ਉਹ ਕਵਰ ਪਿੱਛੇ ਬੈਠਾ ਹੁੰਦਾ ਸੀ, ਪਰ ਉਹ ਕਲੀਸਿਯਾ ਵਿਚ ਹੋਣਾ ਪਸੰਦ ਕਰਦਾ ਸੀ।

ਕਲੀਸਿਯਾ ਦੇ ਭੈਣਾਂ-ਭਰਾਵਾਂ ਨੇ ਪਿਆਰ ਦਿਖਾ ਕੇ ਅਤੇ ਲੋੜ ਪੈਣ ਤੇ ਛੋਟੇ-ਮੋਟੇ ਕੰਮ ਕਰ ਕੇ ਸਾਨੂੰ ਬਹੁਤ ਹੌਸਲਾ ਦਿੱਤਾ। ਇਕ ਭਰਾ ਅਕਸਰ ਸਾਨੂੰ ਯਸਾਯਾਹ 59:1 ਦੇ ਸ਼ਬਦ ਯਾਦ ਕਰਾਉਂਦਾ ਸੀ: “ਵੇਖ, ਯਹੋਵਾਹ ਦਾ ਹੱਥ ਛੋਟਾ ਨਹੀਂ ਭਈ ਉਹ ਬਚਾਵੇ ਨਾ, ਉਹ ਦੇ ਕੰਨ ਭਾਰੀ ਨਹੀਂ ਭਈ ਉਹ ਸੁਣੇ ਨਾ।” ਇਨ੍ਹਾਂ ਸ਼ਬਦਾਂ ਨੇ ਸਾਨੂੰ ਭਰੋਸਾ ਦਿੱਤਾ ਕਿ ਯਹੋਵਾਹ ਹੀ ਸਾਡਾ ਆਸਰਾ ਹੈ।

ਜਿੱਦਾਂ-ਜਿੱਦਾਂ ਜੋਅਲ ਵੱਡਾ ਹੁੰਦਾ ਗਿਆ, ਉੱਦਾਂ-ਉੱਦਾਂ ਅਸੀਂ ਯਹੋਵਾਹ ਦੀ ਸੇਵਾ ਨੂੰ ਉਸ ਦੀ ਜ਼ਿੰਦਗੀ ਦਾ ਹਿੱਸਾ ਬਣਾਉਣ ਦੀ ਕੋਸ਼ਿਸ਼ ਕੀਤੀ। ਹਰ ਮੌਕੇ ਤੇ ਅਸੀਂ ਯਹੋਵਾਹ ਬਾਰੇ ਗੱਲਾਂ ਕਰਦੇ ਸੀ ਤਾਂਕਿ ਜੋਅਲ ਆਪਣੇ ਸਵਰਗੀ ਪਿਤਾ ਨਾਲ ਰਿਸ਼ਤਾ ਜੋੜ ਸਕੇ। ਅਸੀਂ ਯਹੋਵਾਹ ਅੱਗੇ ਮਿੰਨਤਾਂ ਕੀਤੀਆਂ ਕਿ ਸਿੱਖਿਆ ਦੇਣ ਵਿਚ ਅਸੀਂ ਜੋ ਮਿਹਨਤ ਕਰਦੇ ਹਾਂ, ਉਸ ਦਾ ਫਲ ਮਿੱਠਾ ਹੋਵੇ।

ਜਦੋਂ ਉਹ ਤੇਰਾਂ-ਚੌਦਾਂ ਸਾਲਾਂ ਦਾ ਸੀ, ਤਾਂ ਸਾਨੂੰ ਇਹ ਦੇਖ ਕੇ ਬਹੁਤ ਖ਼ੁਸ਼ੀ ਹੋਈ ਕਿ ਜੋਅਲ ਹਰ ਮਿਲਣ ਵਾਲੇ ਬੰਦੇ ਨਾਲ ਬਾਈਬਲ ਬਾਰੇ ਗੱਲਾਂ ਕਰਨੀਆਂ ਪਸੰਦ ਕਰਦਾ ਸੀ। ਮੈਨੂੰ ਯਾਦ ਹੈ ਕਿ ਜਦੋਂ ਚੌਦਾਂ ਸਾਲਾਂ ਦੀ ਉਮਰ ਵਿਚ ਉਸ ਦਾ ਓਪਰੇਸ਼ਨ ਹੋਇਆ, ਤਾਂ ਉਸ ਨੇ ਮੈਨੂੰ ਕਿਹਾ, “ਮੰਮੀ, ਮੈਂ ਸਰਜਨ ਨੂੰ ਸਦਾ ਦੇ ਲਈ ਜੀਉਂਦੇ ਰਹਿਣਾ ਕਿਤਾਬ ਦੇ ਸਕਦਾਂ?” ਇਹ ਸੁਣ ਕੇ ਮੈਂ ਬਹੁਤ ਖ਼ੁਸ਼ ਹੋਈ। ਕੁਝ ਸਾਲ ਬਾਅਦ ਜੋਅਲ ਨੂੰ ਇਕ ਹੋਰ ਓਪਰੇਸ਼ਨ ਕਰਾਉਣ ਦੀ ਲੋੜ ਪਈ ਅਤੇ ਸਾਨੂੰ ਲੱਗਦਾ ਸੀ ਕਿ ਸ਼ਾਇਦ ਉਸ ਨੇ ਬਚਣਾ ਨਹੀਂ। ਸਰਜਰੀ ਤੋਂ ਪਹਿਲਾਂ ਜੋਅਲ ਨੇ ਡਾਕਟਰਾਂ ਨੂੰ ਇਕ ਚਿੱਠੀ ਦਿੱਤੀ ਜੋ ਉਸ ਨੇ ਸਾਡੀ ਮਦਦ ਨਾਲ ਤਿਆਰ ਕੀਤੀ ਸੀ। ਉਸ ਵਿਚ ਉਸ ਨੇ ਸਮਝਾਇਆ ਕਿ ਲਹੂ ਲੈਣ ਬਾਰੇ ਉਸ ਦਾ ਕੀ ਫ਼ੈਸਲਾ ਹੈ। ਸਰਜਨ ਨੇ ਜੋਅਲ ਨੂੰ ਪੁੱਛਿਆ, “ਕੀ ਇਹ ਤੇਰਾ ਫ਼ੈਸਲਾ ਹੈ?” ਜੋਅਲ ਨੇ ਪੱਕਾ ਜਵਾਬ ਦਿੱਤਾ, “ਹਾਂ, ਡਾਕਟਰ ਸਾਹਬ।” ਸਾਨੂੰ ਕਿੰਨਾ ਮਾਣ ਸੀ ਕਿ ਸਾਡਾ ਬੇਟਾ ਆਪਣੇ ਸਿਰਜਣਹਾਰ ’ਤੇ ਵਿਸ਼ਵਾਸ ਰੱਖਦਾ ਸੀ ਅਤੇ ਉਸ ਨੂੰ ਖ਼ੁਸ਼ ਕਰਨਾ ਚਾਹੁੰਦਾ ਸੀ। ਡਾਕਟਰ-ਨਰਸਾਂ ਨੇ ਸਾਡੀ ਬਹੁਤ ਮਦਦ ਕੀਤੀ ਅਤੇ ਅਸੀਂ ਉਨ੍ਹਾਂ ਦੇ ਬਹੁਤ ਸ਼ੁਕਰਗੁਜ਼ਾਰ ਹਾਂ।

ਸੱਚਾਈ ਵਿਚ ਜੋਅਲ ਨੇ ਤਰੱਕੀ ਕੀਤੀ

ਜੋਅਲ ਨੇ 17 ਸਾਲਾਂ ਦੀ ਉਮਰ ਵਿਚ ਬਪਤਿਸਮਾ ਲੈ ਲਿਆ। ਅਸੀਂ ਉਹ ਦਿਨ ਕਦੀ ਨਹੀਂ ਭੁੱਲਾਂਗੇ! ਸੱਚਾਈ ਵਿਚ ਉਸ ਦੀ ਤਰੱਕੀ ਦੇਖ ਕੇ ਸਾਡੇ ਦਿਲ ਖ਼ੁਸ਼ ਹੋ ਜਾਂਦੇ ਹਨ। ਉਸ ਸਮੇਂ ਤੋਂ ਯਹੋਵਾਹ ਲਈ ਉਸ ਦਾ ਪਿਆਰ ਅਤੇ ਸੱਚਾਈ ਵਿਚ ਉਸ ਦਾ ਜੋਸ਼ ਕਦੇ ਠੰਢੇ ਨਹੀਂ ਪਏ। ਦਰਅਸਲ, ਜੋਅਲ ਜਿਸ ਨੂੰ ਵੀ ਮਿਲਦਾ ਹੈ, ਉਸ ਨੂੰ ਕਹਿੰਦਾ ਹੈ ਕਿ “ਸੱਚਾਈ ਮੇਰੀ ਜ਼ਿੰਦਗੀ ਹੈ!”

ਜੋਅਲ ਨੇ ਅਠਾਰਾਂ-ਉੱਨੀਆਂ ਦਾ ਹੋਣ ਤੇ ਪੜ੍ਹਨਾ-ਲਿਖਣਾ ਸਿੱਖਿਆ। ਮਿਹਨਤ ਨਾਲ ਲਿਖਿਆ ਹਰੇਕ ਸ਼ਬਦ ਉਸ ਲਈ ਇਕ ਜਿੱਤ ਦੇ ਬਰਾਬਰ ਸੀ। ਉਸ ਸਮੇਂ ਤੋਂ ਉਹ ਰੋਜ਼ ਹਰ ਰੋਜ਼ ਬਾਈਬਲ ਦੀ ਜਾਂਚ ਕਰੋ ਪੁਸਤਿਕਾ ਵਿੱਚੋਂ ਪੜ੍ਹਦਾ ਆਇਆ ਹੈ। ਇਸ ਤੋਂ ਬਾਅਦ ਉਹ ਬੜੇ ਉੱਦਮ ਨਾਲ ਬਾਈਬਲ ਦਾ ਹਵਾਲਾ ਆਪਣੀ ਕਾਪੀ ਵਿਚ ਲਿਖਦਾ ਹੈ। ਉਸ ਨੇ ਇੱਦਾਂ ਦੀਆਂ ਕਈ ਕਾਪੀਆਂ ਭਰ ਕੇ ਰੱਖੀਆਂ ਹੋਈਆਂ ਹਨ!

ਮੀਟਿੰਗ ਵਾਲੇ ਦਿਨ ਜੋਅਲ ਚਾਹੁੰਦਾ ਹੈ ਕਿ ਅਸੀਂ ਕਿੰਗਡਮ ਹਾਲ ਵਿਚ ਪਹਿਲਾਂ ਪਹੁੰਚੀਏ ਤਾਂਕਿ ਉਹ ਬਾਕੀ ਭੈਣਾਂ-ਭਰਾਵਾਂ ਦਾ ਸੁਆਗਤ ਕਰ ਸਕੇ। ਮੀਟਿੰਗਾਂ ਦੌਰਾਨ ਉਹ ਜਵਾਬ ਦਿੰਦਾ ਹੈ ਅਤੇ ਪ੍ਰਦਰਸ਼ਨ ਵੀ ਕਰਦਾ ਹੈ। ਉਹ ਮਾਈਕ੍ਰੋਫ਼ੋਨ ਦੀ ਡਿਊਟੀ ਵੀ ਨਿਭਾਉਂਦਾ ਹੈ ਅਤੇ ਦੂਜੇ ਛੋਟੇ-ਮੋਟੇ ਕੰਮ ਕਰਦਾ ਹੈ। ਜੇ ਉਹ ਦੀ ਸਿਹਤ ਠੀਕ ਹੋਵੇ, ਤਾਂ ਉਹ ਹਰ ਹਫ਼ਤੇ ਸਾਡੇ ਨਾਲ ਪ੍ਰਚਾਰ ਕਰਨ ਜਾਂਦਾ ਹੈ। ਸਾਲ 2007 ਵਿਚ ਜੋਅਲ ਨੂੰ ਸਹਾਇਕ ਸੇਵਕ ਬਣਾਇਆ ਗਿਆ। ਇਸ ਕਾਰਨ ਸਾਡੀਆਂ ਅੱਖਾਂ ਵਿਚ ਖ਼ੁਸ਼ੀ ਦੇ ਹੰਝੂ ਵਹਿ ਤੁਰੇ। ਇਹ ਯਹੋਵਾਹ ਵੱਲੋਂ ਕਿੰਨੀ ਵਧੀਆ ਬਰਕਤ ਸੀ!

ਯਹੋਵਾਹ ਦੇ ਪਿਆਰ ਦਾ ਅਹਿਸਾਸ

ਸਾਲ 1999 ਵਿਚ ਸਾਡੇ ਪਰਿਵਾਰ ਉੱਤੇ ਇਕ ਹੋਰ ਅਜ਼ਮਾਇਸ਼ ਆਈ। ਕਿਸੇ ਲਾਪਰਵਾਹ ਡਰਾਈਵਰ ਨੇ ਸਾਡੀ ਕਾਰ ਵਿਚ ਆਪਣੀ ਕਾਰ ਮਾਰੀ ਜਿਸ ਕਰਕੇ ਲੂਈਜੀ ਦੇ ਬਹੁਤ ਸੱਟਾਂ ਲੱਗੀਆਂ। ਉਨ੍ਹਾਂ ਦੀ ਇਕ ਲੱਤ ਨੂੰ ਕੱਟਣਾ ਪਿਆ ਅਤੇ ਉਨ੍ਹਾਂ ਦੀ ਰੀੜ੍ਹ ਦੀ ਹੱਡੀ ਦੇ ਕਈ ਵੱਡੇ ਓਪਰੇਸ਼ਨ ਹੋਏ। ਇਸ ਹਾਲਤ ਵਿਚ ਵੀ ਅਸੀਂ ਯਹੋਵਾਹ ਉੱਤੇ ਭਰੋਸਾ ਰੱਖਿਆ ਅਤੇ ਦੇਖਿਆ ਕਿ ਉਹ ਆਪਣੇ ਲੋੜਵੰਦ ਸੇਵਕਾਂ ਨੂੰ ਹਮੇਸ਼ਾ ਤਾਕਤ ਦਿੰਦਾ ਹੈ। (ਫ਼ਿਲਿ. 4:13) ਭਾਵੇਂ ਲੂਈਜੀ ਹੁਣ ਅਪਾਹਜ ਹਨ, ਫਿਰ ਵੀ ਅਸੀਂ ਜ਼ਿੰਦਗੀ ਦੀਆਂ ਚੰਗੀਆਂ ਗੱਲਾਂ ਬਾਰੇ ਸੋਚਣ ਦੀ ਕੋਸ਼ਿਸ਼ ਕਰਦੇ ਹਾਂ। ਲੂਈਜੀ ਕੰਮ ਨਹੀਂ ਕਰ ਸਕਦੇ, ਇਸ ਲਈ ਉਨ੍ਹਾਂ ਕੋਲ ਜੋਅਲ ਦੀ ਦੇਖ-ਭਾਲ ਕਰਨ ਲਈ ਜ਼ਿਆਦਾ ਸਮਾਂ ਹੈ। ਇਸ ਕਰਕੇ ਮੈਂ ਪਰਮੇਸ਼ੁਰ ਦੀ ਸੇਵਾ ਸੰਬੰਧੀ ਕੰਮਾਂ ਲਈ ਹੋਰ ਸਮਾਂ ਕੱਢ ਸਕਦੀ ਹਾਂ। ਲੂਈਜੀ ਵੀ ਪਰਿਵਾਰ ਨੂੰ ਸੱਚਾਈ ਵਿਚ ਮਜ਼ਬੂਤ ਰੱਖਣ ਅਤੇ ਕਲੀਸਿਯਾ ਦੇ ਬਜ਼ੁਰਗਾਂ ਦੇ ਕੋਆਰਡੀਨੇਟਰ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਸੰਭਾਲਣ ਵੱਲ ਜ਼ਿਆਦਾ ਧਿਆਨ ਦੇ ਸਕਦੇ ਹਨ।

ਆਪਣੇ ਅਨੋਖੇ ਹਾਲਾਤਾਂ ਕਰਕੇ ਅਸੀਂ ਪਰਿਵਾਰ ਵਜੋਂ ਕਾਫ਼ੀ ਸਮਾਂ ਇਕੱਠੇ ਬਤੀਤ ਕਰਦੇ ਹਾਂ। ਸਮੇਂ ਦੇ ਬੀਤਣ ਨਾਲ ਅਸੀਂ ਸਿੱਖਿਆ ਹੈ ਕਿ ਅਸੀਂ ਆਪਣੇ ਤੋਂ ਬਾਹਲੀਆਂ ਉਮੀਦਾਂ ਨਹੀਂ ਰੱਖਾਂਗੇ ਅਤੇ ਉੱਨਾ ਹੀ ਕਰਾਂਗੇ ਜਿੰਨਾ ਕੁ ਸਾਡੇ ਤੋਂ ਹੋ ਸਕਦਾ ਹੈ। ਜਦ ਕਦੇ ਅਸੀਂ ਨਿਰਾਸ਼ ਹੁੰਦੇ ਹਾਂ, ਤਾਂ ਅਸੀਂ ਦਿਲ ਖੋਲ੍ਹ ਕੇ ਯਹੋਵਾਹ ਨੂੰ ਦੱਸਦੇ ਹਾਂ। ਅਫ਼ਸੋਸ ਦੀ ਗੱਲ ਹੈ ਕਿ ਸਾਡੇ ਮੁੰਡੇ ਡੇਵਿਡ ਅਤੇ ਮਾਰਕ ਵੱਡੇ ਹੋ ਕੇ ਜਦ ਘਰ ਛੱਡ ਕੇ ਚਲੇ ਗਏ, ਤਾਂ ਉਨ੍ਹਾਂ ਨੇ ਸਹਿਜੇ-ਸਹਿਜੇ ਯਹੋਵਾਹ ਦੀ ਸੇਵਾ ਕਰਨੀ ਛੱਡ ਦਿੱਤੀ। ਸਾਨੂੰ ਉਮੀਦ ਹੈ ਕਿ ਇਕ ਦਿਨ ਉਹ ਯਹੋਵਾਹ ਕੋਲ ਵਾਪਸ ਆ ਜਾਣਗੇ।—ਲੂਕਾ 15:17-24.

ਇਨ੍ਹਾਂ ਸਾਲਾਂ ਦੌਰਾਨ ਅਸੀਂ ਯਹੋਵਾਹ ਦਾ ਪਿਆਰ ਮਹਿਸੂਸ ਕੀਤਾ ਹੈ ਅਤੇ ਹਰ ਮੁਸ਼ਕਲ ਵਿਚ ਉਸ ਉੱਤੇ ਭਰੋਸਾ ਰੱਖਣਾ ਸਿੱਖਿਆ ਹੈ। ਸਾਨੂੰ ਖ਼ਾਸ ਕਰਕੇ ਯਸਾਯਾਹ 41:13 ਦੇ ਸ਼ਬਦ ਬਹੁਤ ਚੰਗੇ ਲੱਗਦੇ ਹਨ: “ਮੈਂ ਯਹੋਵਾਹ ਤੇਰਾ ਪਰਮੇਸ਼ੁਰ ਤਾਂ ਤੇਰਾ ਸੱਜਾ ਹੱਥ ਫੜੀ ਬੈਠਾ ਹਾਂ, ਮੈਂ ਤੈਨੂੰ ਆਖਦਾ ਹਾਂ, ਨਾ ਡਰ, ਮੈਂ ਤੇਰੀ ਸਹਾਇਤਾ ਕਰਾਂਗਾ।” ਇਸ ਗੱਲ ਤੋਂ ਸਾਨੂੰ ਬਹੁਤ ਤਸੱਲੀ ਮਿਲਦੀ ਹੈ ਕਿ ਯਹੋਵਾਹ ਨੇ ਸਾਡਾ ਹੱਥ ਫੜੀ ਰੱਖਿਆ ਹੈ। ਕੋਈ ਸ਼ੱਕ ਨਹੀਂ ਕਿ ਅਜ਼ਮਾਇਸ਼ਾਂ ਸਹਿੰਦਿਆਂ ਆਪਣੇ ਪਿਤਾ ਯਹੋਵਾਹ ਵਿਚ ਸਾਡੀ ਨਿਹਚਾ ਮਜ਼ਬੂਤ ਹੋਈ ਹੈ।

[ਫੁਟਨੋਟ]

^ ਪੈਰਾ 5 ਟ੍ਰਾਈਸੋਮੀ 21 ਇਕ ਪੈਦਾਇਸ਼ੀ ਰੋਗ ਹੈ ਜਿਸ ਕਰਕੇ ਬੱਚੇ ਦੇ ਦਿਮਾਗ਼ ਵਿਚ ਨੁਕਸ ਪੈ ਜਾਂਦਾ ਹੈ। ਆਮ ਕਰਕੇ ਜਨਮ ਵੇਲੇ ਇਨਸਾਨ ਵਿਚ ਕ੍ਰੋਮੋਸੋਮਾਂ ਦੇ 23 ਜੋੜੇ ਹੁੰਦੇ ਹਨ, ਪਰ ਜਿਨ੍ਹਾਂ ਬੱਚਿਆਂ ਨੂੰ ਟ੍ਰਾਈਸੋਮੀ ਰੋਗ ਹੁੰਦਾ ਹੈ, ਉਨ੍ਹਾਂ ਵਿਚ ਇਕ ਵਾਧੂ ਕ੍ਰੋਮੋਸੋਮ ਹੁੰਦਾ ਹੈ। ਟ੍ਰਾਈਸੋਮੀ 21 ਦਾ ਰੋਗ 21ਵੇਂ ਜੋੜੇ ’ਤੇ ਅਸਰ ਕਰਦਾ ਹੈ।

[ਸਫ਼ਾ 17 ਉੱਤੇ ਤਸਵੀਰਾਂ]

ਜੋਅਲ ਆਪਣੀ ਮਾਂ ਏਡਾ ਦੇ ਨਾਲ

[ਸਫ਼ਾ 18 ਉੱਤੇ ਤਸਵੀਰ]

ਏਡਾ, ਜੋਅਲ ਅਤੇ ਲੂਈਜੀ

[ਸਫ਼ਾ 19 ਉੱਤੇ ਤਸਵੀਰ]

ਜੋਅਲ ਕਿੰਗਡਮ ਹਾਲ ਨੂੰ ਆਉਂਦੇ ਭੈਣਾਂ-ਭਰਾਵਾਂ ਦਾ ਸੁਆਗਤ ਕਰਦਾ