Skip to content

Skip to table of contents

ਬੱਚਿਓ—ਯਹੋਵਾਹ ਦੀ ਸੇਵਾ ਕਰਨ ਦਾ ਆਪਣਾ ਇਰਾਦਾ ਪੱਕਾ ਕਰੋ

ਬੱਚਿਓ—ਯਹੋਵਾਹ ਦੀ ਸੇਵਾ ਕਰਨ ਦਾ ਆਪਣਾ ਇਰਾਦਾ ਪੱਕਾ ਕਰੋ

ਬੱਚਿਓ—ਯਹੋਵਾਹ ਦੀ ਸੇਵਾ ਕਰਨ ਦਾ ਆਪਣਾ ਇਰਾਦਾ ਪੱਕਾ ਕਰੋ

“ਆਪਣੀ ਜੁਆਨੀ ਦੇ ਦਿਨੀਂ ਆਪਣੇ ਕਰਤਾਰ ਨੂੰ ਚੇਤੇ ਰੱਖ।”—ਉਪ. 12:1.

1. ਇਸਰਾਏਲ ਵਿਚ ਬੱਚਿਆਂ ਨੂੰ ਕਿਹੜਾ ਸੱਦਾ ਮਿਲਿਆ?

ਤਕਰੀਬਨ 3,500 ਸਾਲ ਪਹਿਲਾਂ ਯਹੋਵਾਹ ਦੇ ਨਬੀ ਮੂਸਾ ਨੇ ਜਾਜਕਾਂ ਅਤੇ ਇਸਰਾਏਲ ਦੇ ਬਜ਼ੁਰਗਾਂ ਨੂੰ ਇਹ ਹੁਕਮ ਦਿੱਤਾ: “ਪਰਜਾ ਨੂੰ ਇਕੱਠਾ ਕਰੋ, ਮਨੁੱਖਾਂ, ਤੀਵੀਆਂ ਅਤੇ ਨਿਆਣਿਆਂ ਨੂੰ . . . ਜੋ ਓਹ ਸੁਣਨ ਅਤੇ ਸਿੱਖਣ ਅਤੇ ਯਹੋਵਾਹ ਤੁਹਾਡੇ ਪਰਮੇਸ਼ੁਰ ਤੋਂ ਡਰਨ ਅਤੇ ਏਸ ਬਿਵਸਥਾ ਦੀਆਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ।” (ਬਿਵ. 31:12) ਧਿਆਨ ਦਿਓ ਕਿ ਕਿਨ੍ਹਾਂ ਨੂੰ ਯਹੋਵਾਹ ਦੀ ਭਗਤੀ ਕਰਨ ਲਈ ਇਕੱਠੇ ਹੋਣ ਲਈ ਕਿਹਾ ਗਿਆ ਸੀ: ਆਦਮੀਆਂ, ਔਰਤਾਂ ਅਤੇ ਨਿਆਣਿਆਂ ਨੂੰ। ਹਾਂ, ਬੱਚਿਆਂ ਨੂੰ ਵੀ ਕਿਹਾ ਗਿਆ ਸੀ ਕਿ ਉਹ ਯਹੋਵਾਹ ਦੀ ਸਲਾਹ ਨੂੰ ਸੁਣਨ, ਸਿੱਖਣ ਅਤੇ ਇਸ ਉੱਤੇ ਚੱਲਣ।

2. ਮੁਢਲੀ ਮਸੀਹੀ ਕਲੀਸਿਯਾ ਵਿਚ ਯਹੋਵਾਹ ਨੇ ਬੱਚਿਆਂ ਲਈ ਆਪਣਾ ਪਿਆਰ ਕਿਵੇਂ ਜ਼ਾਹਰ ਕੀਤਾ?

2 ਪਹਿਲੀ ਸਦੀ ਵਿਚ ਵੀ ਯਹੋਵਾਹ ਨੇ ਬੱਚਿਆਂ ਲਈ ਆਪਣਾ ਪਿਆਰ ਜ਼ਾਹਰ ਕੀਤਾ। ਮਿਸਾਲ ਲਈ, ਪੌਲੁਸ ਰਸੂਲ ਦੀਆਂ ਕੁਝ ਚਿੱਠੀਆਂ ਵਿਚ ਯਹੋਵਾਹ ਨੇ ਖ਼ਾਸਕਰ ਬੱਚਿਆਂ ਲਈ ਹਿਦਾਇਤਾਂ ਲਿਖਵਾਈਆਂ। (ਅਫ਼ਸੀਆਂ 6:1; ਕੁਲੁੱਸੀਆਂ 3:20 ਪੜ੍ਹੋ।) ਜਿਨ੍ਹਾਂ ਬੱਚਿਆਂ ਨੇ ਇਹ ਸਲਾਹ ਲਾਗੂ ਕੀਤੀ, ਉਨ੍ਹਾਂ ਦੀ ਆਪਣੇ ਸਵਰਗੀ ਪਿਤਾ ਲਈ ਕਦਰ ਵਧਦੀ ਗਈ ਜਿਸ ਕਰਕੇ ਉਨ੍ਹਾਂ ਨੂੰ ਅਸੀਸ ਮਿਲੀ।

3. ਅੱਜ ਬੱਚੇ ਕਿਵੇਂ ਦਿਖਾਉਂਦੇ ਹਨ ਕਿ ਉਹ ਪਰਮੇਸ਼ੁਰ ਦੀ ਸੇਵਾ ਕਰਨੀ ਚਾਹੁੰਦੇ ਹਨ?

3 ਕੀ ਅੱਜ ਵੀ ਬੱਚਿਆਂ ਨੂੰ ਯਹੋਵਾਹ ਦੀ ਭਗਤੀ ਕਰਨ ਦਾ ਸੱਦਾ ਦਿੱਤਾ ਗਿਆ ਹੈ? ਜੀ ਹਾਂ! ਪਰਮੇਸ਼ੁਰ ਦੇ ਸਾਰੇ ਲੋਕਾਂ ਨੂੰ ਕਿੰਨੀ ਖ਼ੁਸ਼ੀ ਹੁੰਦੀ ਹੈ ਜਦੋਂ ਉਹ ਦੇਖਦੇ ਹਨ ਕਿ ਦੁਨੀਆਂ ਭਰ ਵਿਚ ਕਿੰਨੇ ਹੀ ਬੱਚੇ ਪੌਲੁਸ ਦੀ ਇਹ ਸਲਾਹ ਮੰਨ ਰਹੇ ਹਨ: “ਪ੍ਰੇਮ ਅਰ ਸ਼ੁਭ ਕਰਮਾਂ ਲਈ ਉਭਾਰਨ ਨੂੰ ਅਸੀਂ ਇੱਕ ਦੂਏ ਦਾ ਧਿਆਨ ਰੱਖੀਏ। ਅਤੇ ਆਪਸ ਵਿੱਚੀਂ ਇਕੱਠੇ ਹੋਣ ਨੂੰ ਨਾ ਛੱਡੀਏ ਜਿਵੇਂ ਕਈਆਂ ਦਾ ਦਸਤੂਰ ਹੈ ਸਗੋਂ ਇੱਕ ਦੂਏ ਨੂੰ ਉਪਦੇਸ਼ ਕਰੀਏ ਅਤੇ ਇਹ ਉੱਨਾ ਹੀ ਵਧੀਕ ਹੋਵੇ ਜਿੰਨਾ ਤੁਸੀਂ ਵੇਖਦੇ ਹੋ ਭਈ ਉਹ ਦਿਨ ਨੇੜੇ ਆਉਂਦਾ ਹੈ।” (ਇਬ. 10:24, 25) ਇਸ ਤੋਂ ਇਲਾਵਾ ਕਈ ਬੱਚੇ ਆਪਣੇ ਮਾਪਿਆਂ ਨਾਲ ਪ੍ਰਚਾਰ ਕਰਨ ਵੀ ਜਾਂਦੇ ਹਨ। (ਮੱਤੀ 24:14) ਹਰ ਸਾਲ ਹਜ਼ਾਰਾਂ ਹੀ ਬੱਚੇ ਬਪਤਿਸਮਾ ਲੈ ਕੇ ਯਹੋਵਾਹ ਲਈ ਆਪਣਾ ਪਿਆਰ ਜ਼ਾਹਰ ਕਰਦੇ ਹਨ। ਇਸ ਤਰ੍ਹਾਂ ਯਿਸੂ ਦੇ ਚੇਲੇ ਬਣ ਕੇ ਉਨ੍ਹਾਂ ਨੂੰ ਕਈ ਬਰਕਤਾਂ ਮਿਲਦੀਆਂ ਹਨ।—ਮੱਤੀ 16:24; ਮਰ. 10:29, 30.

ਹੁਣੇ ਸੱਦਾ ਸਵੀਕਾਰ ਕਰੋ

4. ਬੱਚੇ ਕਿਸ ਉਮਰ ਵਿਚ ਪਰਮੇਸ਼ੁਰ ਦੀ ਸੇਵਾ ਕਰਨ ਦਾ ਸੱਦਾ ਕਬੂਲ ਕਰ ਸਕਦੇ ਹਨ?

4ਉਪਦੇਸ਼ਕ ਦੀ ਪੋਥੀ 12:1 ਵਿਚ ਲਿਖਿਆ ਹੈ: “ਆਪਣੀ ਜੁਆਨੀ ਦੇ ਦਿਨੀਂ ਆਪਣੇ ਕਰਤਾਰ ਨੂੰ ਚੇਤੇ ਰੱਖ।” ਬੱਚਿਓ, ਯਹੋਵਾਹ ਦੀ ਸੇਵਾ ਕਰਨ ਦਾ ਸੱਦਾ ਕਬੂਲ ਕਰਨ ਲਈ ਤੁਹਾਡੀ ਕਿੰਨੀ ਕੁ ਉਮਰ ਹੋਣੀ ਚਾਹੀਦੀ ਹੈ? ਬਾਈਬਲ ਵਿਚ ਕੋਈ ਖ਼ਾਸ ਉਮਰ ਨਹੀਂ ਦੱਸੀ ਗਈ। ਇਸ ਲਈ ਇਹ ਨਾ ਸੋਚੋ ਕਿ ਤੁਸੀਂ ਯਹੋਵਾਹ ਦੀ ਗੱਲ ਸੁਣਨ ਅਤੇ ਉਸ ਦੀ ਸੇਵਾ ਕਰਨ ਲਈ ਅਜੇ ਬਹੁਤ ਛੋਟੇ ਹੋ। ਤੁਹਾਡੀ ਉਮਰ ਜੋ ਵੀ ਹੋਵੇ, ਬਿਨਾਂ ਦੇਰ ਕੀਤਿਆਂ ਇਸ ਸੱਦੇ ਨੂੰ ਕਬੂਲ ਕਰੋ।

5. ਸੱਚਾਈ ਵਿਚ ਤਰੱਕੀ ਕਰਨ ਲਈ ਮਾਪੇ ਆਪਣੇ ਬੱਚਿਆਂ ਦੀ ਕਿਸ ਤਰ੍ਹਾਂ ਮਦਦ ਕਰ ਸਕਦੇ ਹਨ?

5 ਤੁਹਾਡੇ ਵਿੱਚੋਂ ਕਈਆਂ ਨੇ ਆਪਣੇ ਮਾਪਿਆਂ ਦੀ ਮਦਦ ਨਾਲ ਸੱਚਾਈ ਵਿਚ ਤਰੱਕੀ ਕੀਤੀ ਹੈ। ਇਸ ਮਾਮਲੇ ਵਿਚ ਤੁਸੀਂ ਤਿਮੋਥਿਉਸ ਵਰਗੇ ਹੋ। ਜਦੋਂ ਉਹ ਅਜੇ ਬਹੁਤ ਛੋਟਾ ਹੁੰਦਾ ਸੀ, ਤਾਂ ਉਸ ਦੀ ਮਾਂ ਯੂਨੀਕਾ ਅਤੇ ਉਸ ਦੀ ਨਾਨੀ ਲੋਇਸ ਉਸ ਨੂੰ ਪਵਿੱਤਰ ਲਿਖਤਾਂ ਤੋਂ ਸਿਖਾਉਂਦੀਆਂ ਸਨ। (2 ਤਿਮੋ. 3:14, 15) ਤੁਹਾਡੇ ਮਾਪੇ ਵੀ ਸ਼ਾਇਦ ਇਸੇ ਤਰ੍ਹਾਂ ਤੁਹਾਨੂੰ ਸਿੱਖਿਆ ਦਿੰਦੇ ਹਨ। ਉਹ ਤੁਹਾਡੇ ਨਾਲ ਬਾਈਬਲ ਦੀ ਸਟੱਡੀ ਅਤੇ ਪ੍ਰਾਰਥਨਾ ਕਰਦੇ ਹਨ, ਤੁਹਾਨੂੰ ਮੀਟਿੰਗਾਂ, ਅਸੈਂਬਲੀਆਂ ਅਤੇ ਪ੍ਰਚਾਰ ਤੇ ਲੈ ਜਾਂਦੇ ਹਨ। ਸੱਚ-ਮੁੱਚ, ਯਹੋਵਾਹ ਨੇ ਤੁਹਾਡੇ ਮਾਪਿਆਂ ਨੂੰ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਕਿ ਉਹ ਉਸ ਦੇ ਰਾਹਾਂ ਬਾਰੇ ਤੁਹਾਨੂੰ ਸਿੱਖਿਆ ਦੇਣ। ਕੀ ਤੁਸੀਂ ਉਨ੍ਹਾਂ ਦੇ ਇਸ ਪਿਆਰ ਦੀ ਕਦਰ ਕਰਦੇ ਹੋ?—ਕਹਾ. 23:22.

6. (ੳ) ਜ਼ਬੂਰਾਂ ਦੀ ਪੋਥੀ 110:3 ਮੁਤਾਬਕ ਯਹੋਵਾਹ ਨੂੰ ਕਿਹੋ ਜਿਹੀ ਭਗਤੀ ਖ਼ੁਸ਼ ਕਰਦੀ ਹੈ? (ਅ) ਅਸੀਂ ਹੁਣ ਕਿਨ੍ਹਾਂ ਗੱਲਾਂ ਵੱਲ ਧਿਆਨ ਦੇਵਾਂਗੇ?

6 ਫਿਰ ਵੀ, ਜਿਉਂ-ਜਿਉਂ ਤੁਸੀਂ ਵੱਡੇ ਹੁੰਦੇ ਹੋ, ਯਹੋਵਾਹ ਚਾਹੁੰਦਾ ਹੈ ਕਿ ਤੁਸੀਂ ਤਿਮੋਥਿਉਸ ਵਾਂਗ ਖ਼ੁਦ “ਸਿਆਣ ਲਵੋ ਭਈ ਪਰਮੇਸ਼ੁਰ ਦੀ ਚੰਗੀ ਅਤੇ ਮਨ ਭਾਉਂਦੀ ਅਤੇ ਪੂਰੀ ਇੱਛਿਆ ਕੀ ਹੈ।” (ਰੋਮੀ. 12:2) ਇਸ ਤਰ੍ਹਾਂ ਤੁਸੀਂ ਆਪਣੇ ਮਾਪਿਆਂ ਨੂੰ ਖ਼ੁਸ਼ ਕਰਨ ਲਈ ਮੀਟਿੰਗਾਂ ਅਤੇ ਪ੍ਰਚਾਰ ਦੇ ਕੰਮ ਵਿਚ ਹਿੱਸਾ ਨਹੀਂ ਲਓਗੇ, ਸਗੋਂ ਇਸ ਲਈ ਲਓਗੇ ਕਿਉਂਕਿ ਤੁਸੀਂ ਯਹੋਵਾਹ ਦੀ ਇੱਛਾ ਪੂਰੀ ਕਰਨੀ ਚਾਹੁੰਦੇ ਹੋ। ਜੇ ਤੁਸੀਂ ਖ਼ੁਸ਼ੀ-ਖ਼ੁਸ਼ੀ ਯਹੋਵਾਹ ਦੀ ਸੇਵਾ ਕਰਦੇ ਹੋ, ਤਾਂ ਉਹ ਵੀ ਖ਼ੁਸ਼ ਹੋਵੇਗਾ। (ਜ਼ਬੂ. 110:3) ਤਾਂ ਫਿਰ ਤੁਸੀਂ ਕਿਵੇਂ ਦਿਖਾ ਸਕਦੇ ਹੋ ਕਿ ਤੁਸੀਂ ਯਹੋਵਾਹ ਦੀ ਗੱਲ ਸੁਣਨ ਅਤੇ ਉਸ ਦੀਆਂ ਹਿਦਾਇਤਾਂ ’ਤੇ ਚੱਲਣ ਦੀ ਠਾਣ ਲਈ ਹੈ? ਇਹ ਦੇਖਣ ਲਈ ਆਓ ਆਪਾਂ ਤਿੰਨ ਤਰੀਕਿਆਂ ਵੱਲ ਧਿਆਨ ਦੇਈਏ। ਇਹ ਹਨ ਸਟੱਡੀ, ਪ੍ਰਾਰਥਨਾ ਅਤੇ ਚਾਲ-ਚਲਣ। ਆਪਾਂ ਇਕ-ਇਕ ਕਰ ਕੇ ਇਨ੍ਹਾਂ ਵੱਲ ਧਿਆਨ ਦੇਵਾਂਗੇ।

ਯਹੋਵਾਹ ਨੂੰ ਜਾਣੋ

7. ਯਿਸੂ ਨੇ ਪਰਮੇਸ਼ੁਰ ਦੇ ਬਚਨ ਨੂੰ ਪੜ੍ਹਨ ਦੇ ਮਾਮਲੇ ਵਿਚ ਕਿਹੋ ਜਿਹੀ ਮਿਸਾਲ ਕਾਇਮ ਕੀਤੀ ਅਤੇ ਕਿਨ੍ਹਾਂ ਨੇ ਉਸ ਦੀ ਮਦਦ ਕੀਤੀ?

7 ਪਹਿਲਾ ਤਰੀਕਾ, ਜੇ ਤੁਸੀਂ ਯਹੋਵਾਹ ਦੀ ਦਿਲੋਂ ਸੇਵਾ ਕਰਨੀ ਚਾਹੁੰਦੇ ਹੋ, ਤਾਂ ਤੁਹਾਨੂੰ ਹਰ ਰੋਜ਼ ਬਾਈਬਲ ਪੜ੍ਹਨ ਦੀ ਲੋੜ ਹੈ। ਇਸ ਤਰ੍ਹਾਂ ਕਰ ਕੇ ਤੁਸੀਂ ਬਾਈਬਲ ਦਾ ਅਨਮੋਲ ਗਿਆਨ ਹਾਸਲ ਕਰ ਸਕਦੇ ਹੋ ਅਤੇ ਪਰਮੇਸ਼ੁਰ ਦੇ ਨੇੜੇ ਹੋ ਸਕਦੇ ਹੋ। (ਮੱਤੀ 5:3) ਯਿਸੂ ਇਸ ਗੱਲ ਦੀ ਵਧੀਆ ਮਿਸਾਲ ਸੀ। ਜਦੋਂ ਉਹ 12 ਸਾਲਾਂ ਦਾ ਸੀ, ਤਾਂ ਇਕ ਮੌਕੇ ਤੇ ਉਸ ਦੇ ਮਾਪਿਆਂ ਨੇ ਉਸ ਨੂੰ ਹੈਕਲ ਵਿਚ “ਗੁਰੂਆਂ ਦੇ ਵਿੱਚਕਾਰ ਬੈਠਿਆਂ ਉਨ੍ਹਾਂ ਦੀ ਸੁਣਦਿਆਂ ਅਤੇ ਉਨ੍ਹਾਂ ਤੋਂ ਪ੍ਰਸ਼ਨ ਕਰਦਿਆਂ ਲੱਭਾ।” (ਲੂਕਾ 2:44-46) ਭਾਵੇਂ ਯਿਸੂ ਅਜੇ ਬੱਚਾ ਹੀ ਸੀ, ਪਰ ਉਹ ਪਰਮੇਸ਼ੁਰ ਦੇ ਬਚਨ ਦਾ ਗਿਆਨ ਲੈਣ ਤੇ ਇਸ ਨੂੰ ਸਮਝਣ ਦੀ ਤਾਂਘ ਰੱਖਦਾ ਸੀ। ਇਹ ਤਾਂਘ ਉਸ ਵਿਚ ਕਿਵੇਂ ਪੈਦਾ ਹੋਈ ਸੀ? ਬਿਨਾਂ ਸ਼ੱਕ, ਉਸ ਦੇ ਮਾਪਿਆਂ ਮਰਿਯਮ ਅਤੇ ਯੂਸੁਫ਼ ਨੇ ਉਸ ਵਿਚ ਇਹ ਤਾਂਘ ਪੈਦਾ ਕੀਤੀ ਸੀ। ਉਹ ਪਰਮੇਸ਼ੁਰ ਦੇ ਸੇਵਕ ਸਨ ਅਤੇ ਉਨ੍ਹਾਂ ਨੇ ਬਚਪਨ ਤੋਂ ਯਿਸੂ ਨੂੰ ਯਹੋਵਾਹ ਬਾਰੇ ਸਿਖਾਇਆ ਸੀ।—ਮੱਤੀ 1:18-20; ਲੂਕਾ 2:41, 51.

8. (ੳ) ਮਾਪਿਆਂ ਨੂੰ ਕਦੋਂ ਆਪਣੇ ਬੱਚਿਆਂ ਵਿਚ ਪਰਮੇਸ਼ੁਰ ਦੇ ਬਚਨ ਲਈ ਪਿਆਰ ਪੈਦਾ ਕਰਨ ਦੀ ਲੋੜ ਹੈ? (ਅ) ਉਦਾਹਰਣ ਦੇ ਕੇ ਸਮਝਾਓ ਕਿ ਬੱਚਿਆਂ ਨੂੰ ਬਚਪਨ ਤੋਂ ਹੀ ਸਿੱਖਿਆ ਦੇਣੀ ਕਿਉਂ ਫ਼ਾਇਦੇਮੰਦ ਹੈ।

8 ਅੱਜ ਵੀ ਮਸੀਹੀ ਮਾਪੇ ਜਾਣਦੇ ਹਨ ਕਿ ਉਨ੍ਹਾਂ ਨੂੰ ਆਪਣੇ ਬੱਚਿਆਂ ਵਿਚ ਬਾਈਬਲ ਦਾ ਗਿਆਨ ਲੈਣ ਦੀ ਤਾਂਘ ਬਚਪਨ ਤੋਂ ਹੀ ਪੈਦਾ ਕਰਨ ਦੀ ਲੋੜ ਹੈ। (ਬਿਵ. 6:6-9) ਰੂਬੀ ਨਾਂ ਦੀ ਮਸੀਹੀ ਭੈਣ ਨੇ ਆਪਣੇ ਮੁੰਡੇ ਜੋਸਫ਼ ਦੇ ਜਨਮ ਤੋਂ ਬਾਅਦ ਇਸੇ ਤਰ੍ਹਾਂ ਕੀਤਾ ਸੀ। ਹਰ ਰੋਜ਼ ਉਹ ਬਾਈਬਲ ਕਹਾਣੀਆਂ ਦੀ ਕਿਤਾਬ ਵਿੱਚੋਂ ਉਸ ਨੂੰ ਪੜ੍ਹ ਕੇ ਸੁਣਾਉਂਦੀ ਸੀ। ਜਿੱਦਾਂ-ਜਿੱਦਾਂ ਉਹ ਵੱਡਾ ਹੁੰਦਾ ਗਿਆ, ਉਸ ਨੇ ਮੂੰਹ-ਜ਼ਬਾਨੀ ਹਵਾਲਿਆਂ ਨੂੰ ਯਾਦ ਕਰਨ ਵਿਚ ਜੋਸਫ਼ ਦੀ ਮਦਦ ਕੀਤੀ। ਕੀ ਜੋਸਫ਼ ਨੂੰ ਇਸ ਸਿੱਖਿਆ ਤੋਂ ਕੋਈ ਲਾਭ ਹੋਇਆ? ਹਾਂ, ਜਦੋਂ ਉਹ ਗੱਲਾਂ ਕਰਨ ਹੀ ਲੱਗਾ ਸੀ, ਤਾਂ ਉਹ ਆਪਣੇ ਹੀ ਲਫ਼ਜ਼ਾਂ ਵਿਚ ਬਾਈਬਲ ਦੀਆਂ ਕਈ ਕਹਾਣੀਆਂ ਦੱਸ ਸਕਦਾ ਸੀ। ਉਹ ਸਿਰਫ਼ ਪੰਜ ਸਾਲਾਂ ਦਾ ਸੀ ਜਦੋਂ ਉਸ ਨੇ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਵਿਚ ਆਪਣੀ ਪਹਿਲੀ ਟਾਕ ਦਿੱਤੀ।

9. ਬਾਈਬਲ ਪੜ੍ਹਨੀ ਅਤੇ ਇਸ ਉੱਤੇ ਮਨਨ ਕਰਨਾ ਕਿਉਂ ਜ਼ਰੂਰੀ ਹੈ?

9 ਸੱਚਾਈ ਵਿਚ ਹੋਰ ਤਰੱਕੀ ਕਰਨ ਲਈ ਤੁਹਾਨੂੰ ਹਰ ਰੋਜ਼ ਬਾਈਬਲ ਪੜ੍ਹਨੀ ਚਾਹੀਦੀ ਹੈ ਅਤੇ ਇਸ ਨੂੰ ਆਪਣੀ ਜਵਾਨੀ ਦੌਰਾਨ ਤੇ ਬਾਅਦ ਦੀ ਜ਼ਿੰਦਗੀ ਵਿਚ ਵੀ ਪੜ੍ਹਦੇ ਰਹੋ। (ਜ਼ਬੂ. 71:17) ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਬਾਈਬਲ ਪੜ੍ਹ ਕੇ ਤੁਸੀਂ ਤਰੱਕੀ ਕਰ ਪਾਓਗੇ? ਧਿਆਨ ਦਿਓ ਕਿ ਯਿਸੂ ਨੇ ਪ੍ਰਾਰਥਨਾ ਵਿਚ ਆਪਣੇ ਪਿਤਾ ਨੂੰ ਕੀ ਕਿਹਾ ਸੀ: “ਸਦੀਪਕ ਜੀਉਣ ਇਹ ਹੈ ਕਿ ਓਹ ਤੈਨੂੰ ਜੋ ਸੱਚਾ ਵਾਹਿਦ ਪਰਮੇਸ਼ੁਰ ਹੈ . . . ਜਾਣਨ।” (ਯੂਹੰ. 17:3) ਯਹੋਵਾਹ ਬਾਰੇ ਜਿੰਨਾ ਜ਼ਿਆਦਾ ਗਿਆਨ ਤੁਸੀਂ ਲਵੋਗੇ, ਉਹ ਤੁਹਾਡੇ ਲਈ ਉੱਨਾ ਹੀ ਅਸਲੀ ਬਣੇਗਾ ਅਤੇ ਉਸ ਲਈ ਤੁਹਾਡਾ ਪਿਆਰ ਵਧੇਗਾ। (ਇਬ. 11:27) ਜਦ ਵੀ ਤੁਸੀਂ ਬਾਈਬਲ ਪੜ੍ਹਦੇ ਹੋ, ਤਾਂ ਆਪਣੇ ਆਪ ਤੋਂ ਪੁੱਛੋ: ‘ਇਹ ਹਵਾਲੇ ਮੈਨੂੰ ਯਹੋਵਾਹ ਬਾਰੇ ਕੀ ਦੱਸਦੇ ਹਨ? ਇਨ੍ਹਾਂ ਹਵਾਲਿਆਂ ਤੋਂ ਮੈਨੂੰ ਕਿਵੇਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਮੇਰੇ ਨਾਲ ਪਿਆਰ ਕਰਦਾ ਹੈ ਤੇ ਉਸ ਨੂੰ ਮੇਰਾ ਫ਼ਿਕਰ ਹੈ?’ ਅਜਿਹੇ ਸਵਾਲਾਂ ਉੱਤੇ ਮਨਨ ਕਰਨ ਨਾਲ ਤੁਸੀਂ ਸਿੱਖੋਗੇ ਕਿ ਯਹੋਵਾਹ ਤੁਹਾਡੇ ਬਾਰੇ ਕੀ ਸੋਚਦਾ ਹੈ ਤੇ ਮਹਿਸੂਸ ਕਰਦਾ ਹੈ ਅਤੇ ਤੁਹਾਡੇ ਤੋਂ ਕੀ ਚਾਹੁੰਦਾ ਹੈ। (ਕਹਾਉਤਾਂ 2:1-5 ਪੜ੍ਹੋ।) ਨੌਜਵਾਨ ਤਿਮੋਥਿਉਸ ਵਾਂਗ ਤੁਸੀਂ ਬਾਈਬਲ ਤੋਂ ਸਿੱਖੀਆਂ ਗੱਲਾਂ ਨੂੰ ‘ਸਤ ਮੰਨੋਗੇ’ ਅਤੇ ਤੁਸੀਂ ਖ਼ੁਸ਼ੀ-ਖ਼ੁਸ਼ੀ ਯਹੋਵਾਹ ਦੀ ਭਗਤੀ ਕਰਨ ਲਈ ਪ੍ਰੇਰਿਤ ਹੋਵੋਗੇ।—2 ਤਿਮੋ. 3:14.

ਪ੍ਰਾਰਥਨਾ ਰਾਹੀਂ ਯਹੋਵਾਹ ਨਾਲ ਬੱਝੇ ਰਹੋ

10, 11. ਪ੍ਰਾਰਥਨਾ ਦੀ ਮਦਦ ਨਾਲ ਤੁਸੀਂ ਪਰਮੇਸ਼ੁਰ ਦੀ ਸੇਵਾ ਕਰਨ ਦਾ ਆਪਣਾ ਇਰਾਦਾ ਕਿਵੇਂ ਪੱਕਾ ਕਰ ਸਕਦੇ ਹੋ?

10 ਦੂਜਾ ਤਰੀਕਾ, ਪ੍ਰਾਰਥਨਾ ਰਾਹੀਂ ਵੀ ਤੁਸੀਂ ਯਹੋਵਾਹ ਦੇ ਹੋਰ ਨੇੜੇ ਹੋ ਸਕਦੇ ਹੋ ਅਤੇ ਉਸ ਦੀ ਸੇਵਾ ਕਰਨ ਦਾ ਇਰਾਦਾ ਪੱਕਾ ਕਰ ਸਕਦੇ ਹੋ। ਜ਼ਬੂਰਾਂ ਦੀ ਪੋਥੀ 65:2 ਵਿਚ ਲਿਖਿਆ ਹੈ: “ਹੇ ਪ੍ਰਾਰਥਨਾ ਦੇ ਸੁਣਨ ਵਾਲੇ, ਸਾਰੇ ਬਸ਼ਰ [ਯਾਨੀ ਲੋਕ] ਤੇਰੇ ਕੋਲ ਆਉਣਗੇ।” ਜਿਸ ਜ਼ਮਾਨੇ ਵਿਚ ਇਸਰਾਏਲੀ ਯਹੋਵਾਹ ਦੇ ਚੁਣੇ ਹੋਏ ਲੋਕ ਸਨ, ਉਦੋਂ ਵੀ ਵਿਦੇਸ਼ੀ ਯਹੋਵਾਹ ਦੇ ਭਵਨ ਵਿਚ ਆ ਕੇ ਉਸ ਨੂੰ ਪ੍ਰਾਰਥਨਾ ਕਰ ਸਕਦੇ ਸਨ। (1 ਰਾਜ. 8:41, 42) ਪਰਮੇਸ਼ੁਰ ਕਿਸੇ ਦਾ ਪੱਖ ਨਹੀਂ ਕਰਦਾ। ਜਿਹੜੇ ਵੀ ਉਸ ਦੇ ਹੁਕਮਾਂ ਨੂੰ ਮੰਨਦੇ ਹਨ, ਉਹ ਪੂਰਾ ਯਕੀਨ ਰੱਖ ਸਕਦੇ ਹਨ ਕਿ ਉਹ ਉਨ੍ਹਾਂ ਦੀ ਸੁਣੇਗਾ। (ਕਹਾ. 15:8) ਕੋਈ ਸ਼ੱਕ ਨਹੀਂ ਕਿ ਜਿਨ੍ਹਾਂ ‘ਬਸ਼ਰਾਂ’ ਦਾ ਜ਼ਿਕਰ ਕੀਤਾ ਗਿਆ ਸੀ, ਉਨ੍ਹਾਂ ਵਿਚ ਤੁਸੀਂ ਬੱਚੇ ਵੀ ਸ਼ਾਮਲ ਹੋ।

11 ਸੱਚੇ ਦੋਸਤ ਇਕ-ਦੂਜੇ ਨਾਲ ਸਾਰੀ ਗੱਲਬਾਤ ਕਰ ਲੈਂਦੇ ਹਨ। ਸ਼ਾਇਦ ਤੁਹਾਡਾ ਵੀ ਕੋਈ ਦੋਸਤ ਹੈ ਜਿਸ ਨਾਲ ਤੁਸੀਂ ਆਪਣੇ ਵਿਚਾਰ, ਆਪਣੀਆਂ ਚਿੰਤਾਵਾਂ ਅਤੇ ਜਜ਼ਬਾਤ ਸਾਂਝੇ ਕਰਦੇ ਹੋ। ਇਸੇ ਤਰ੍ਹਾਂ, ਤੁਸੀਂ ਦਿਲੋਂ ਪ੍ਰਾਰਥਨਾਵਾਂ ਦੇ ਜ਼ਰੀਏ ਆਪਣੇ ਮਹਾਨ ਸ੍ਰਿਸ਼ਟੀਕਰਤਾ ਨਾਲ ਗੱਲ ਕਰਦੇ ਹੋ। (ਫ਼ਿਲਿ. 4:6, 7) ਯਹੋਵਾਹ ਨਾਲ ਉਸੇ ਤਰ੍ਹਾਂ ਗੱਲ ਕਰੋ ਜਿਸ ਤਰ੍ਹਾਂ ਤੁਸੀਂ ਆਪਣੇ ਮਾਪਿਆਂ ਜਾਂ ਕਿਸੇ ਦੋਸਤ ਨਾਲ ਕਰਦੇ ਹੋ। ਅਸਲ ਵਿਚ ਤੁਹਾਡੀਆਂ ਪ੍ਰਾਰਥਨਾਵਾਂ ਤੋਂ ਪਤਾ ਲੱਗਦਾ ਹੈ ਕਿ ਤੁਸੀਂ ਯਹੋਵਾਹ ਬਾਰੇ ਕਿਵੇਂ ਮਹਿਸੂਸ ਕਰਦੇ ਹੋ। ਤੁਸੀਂ ਇਹ ਵੀ ਦੇਖੋਗੇ ਕਿ ਜਿੱਦਾਂ-ਜਿੱਦਾਂ ਯਹੋਵਾਹ ਨਾਲ ਤੁਹਾਡੀ ਦੋਸਤੀ ਗੂੜ੍ਹੀ ਹੁੰਦੀ ਜਾਂਦੀ ਹੈ, ਉੱਦਾਂ-ਉੱਦਾਂ ਤੁਹਾਡੀਆਂ ਪ੍ਰਾਰਥਨਾਵਾਂ ਵੀ ਬਿਹਤਰ ਹੁੰਦੀਆਂ ਜਾਣਗੀਆਂ।

12. (ੳ) ਪ੍ਰਾਰਥਨਾ ਕਰਦਿਆਂ ਸਾਨੂੰ ਸਿਰਫ਼ ਸ਼ਬਦਾਂ ਬਾਰੇ ਹੀ ਕਿਉਂ ਨਹੀਂ ਸੋਚਣਾ ਚਾਹੀਦਾ? (ਅ) ਤੁਸੀਂ ਕਿਵੇਂ ਜਾਣ ਪਾਓਗੇ ਕਿ ਯਹੋਵਾਹ ਤੁਹਾਡੇ ਨੇੜੇ ਹੈ?

12 ਇਹ ਗੱਲ ਯਾਦ ਰੱਖੋ ਕਿ ਪ੍ਰਾਰਥਨਾ ਕਰਦਿਆਂ ਸਿਰਫ਼ ਸ਼ਬਦਾਂ ਬਾਰੇ ਹੀ ਨਹੀਂ ਸੋਚਣਾ ਚਾਹੀਦਾ, ਸਗੋਂ ਇਹ ਵੀ ਜ਼ਰੂਰੀ ਹੈ ਕਿ ਅਸੀਂ ਆਪਣੇ ਜਜ਼ਬਾਤ ਪ੍ਰਗਟ ਕਰੀਏ। ਆਪਣੀਆਂ ਪ੍ਰਾਰਥਨਾਵਾਂ ਵਿਚ ਜ਼ਾਹਰ ਕਰੋ ਕਿ ਤੁਸੀਂ ਪਰਮੇਸ਼ੁਰ ਨਾਲ ਪਿਆਰ ਕਰਦੇ ਹੋ, ਉਸ ਦਾ ਆਦਰ ਕਰਦੇ ਹੋ ਅਤੇ ਉਸ ਉੱਤੇ ਭਰੋਸਾ ਰੱਖਦੇ ਹੋ। ਤੁਸੀਂ ਦੇਖੋਗੇ ਕਿ ਯਹੋਵਾਹ ਤੁਹਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਜ਼ਰੂਰ ਦਿੰਦਾ ਹੈ। ਇਸ ਤਰ੍ਹਾਂ ਤੁਸੀਂ ਹੋਰ ਵੀ ਚੰਗੀ ਤਰ੍ਹਾਂ ਜਾਣ ਪਾਓਗੇ ਕਿ “ਯਹੋਵਾਹ ਉਨ੍ਹਾਂ ਸਭਨਾਂ ਦੇ ਨੇੜੇ ਹੈ ਜਿਹੜੇ ਉਹ ਨੂੰ ਪੁਕਾਰਦੇ ਹਨ।” (ਜ਼ਬੂ. 145:18) ਹਾਂ, ਯਹੋਵਾਹ ਤੁਹਾਡੇ ਨਜ਼ਦੀਕ ਹੋਵੇਗਾ ਤਾਂਕਿ ਤੁਸੀਂ ਸ਼ਤਾਨ ਦਾ ਸਾਮ੍ਹਣਾ ਕਰ ਸਕੋ ਅਤੇ ਆਪਣੀ ਜ਼ਿੰਦਗੀ ਵਿਚ ਸਹੀ ਫ਼ੈਸਲੇ ਕਰ ਸਕੋ।—ਯਾਕੂਬ 4:7, 8 ਪੜ੍ਹੋ।

13. (ੳ) ਪਰਮੇਸ਼ੁਰ ਨਾਲ ਦੋਸਤੀ ਕਰ ਕੇ ਇਕ ਭੈਣ ਦੀ ਕਿਵੇਂ ਮਦਦ ਹੋਈ? (ਅ) ਪਰਮੇਸ਼ੁਰ ਨਾਲ ਦੋਸਤੀ ਹਾਣੀਆਂ ਦੇ ਦਬਾਅ ਦਾ ਸਾਮ੍ਹਣਾ ਕਰਨ ਵਿਚ ਤੁਹਾਡੀ ਕਿਵੇਂ ਮਦਦ ਕਰਦੀ ਹੈ?

13 ਸ਼ੈਰੀ ਦੀ ਮਿਸਾਲ ਲਓ ਜਿਸ ਨੇ ਯਹੋਵਾਹ ਨਾਲ ਗੂੜ੍ਹਾ ਰਿਸ਼ਤਾ ਬਣਾ ਕੇ ਤਾਕਤ ਪਾਈ। ਹਾਈ ਸਕੂਲ ਵਿਚ ਉਸ ਨੂੰ ਕਈ ਇਨਾਮ ਮਿਲੇ ਕਿਉਂਕਿ ਉਹ ਪੜ੍ਹਾਈ-ਲਿਖਾਈ ਅਤੇ ਖੇਡਾਂ ਵਿਚ ਪਹਿਲੇ ਨੰਬਰ ਤੇ ਆਉਂਦੀ ਸੀ। ਜਦੋਂ ਉਸ ਨੇ ਸਕੂਲ ਖ਼ਤਮ ਕੀਤਾ, ਤਾਂ ਉਸ ਨੂੰ ਸਕਾਲਰਸ਼ਿਪ ਦੀ ਆਫ਼ਰ ਮਿਲੀ ਜਿਸ ਨਾਲ ਉਹ ਉੱਚ-ਸਿੱਖਿਆ ਪ੍ਰਾਪਤ ਕਰ ਸਕਦੀ ਸੀ। ਸ਼ੈਰੀ ਨੇ ਕਿਹਾ: “ਇਹ ਆਫ਼ਰ ਬਹੁਤ ਵਧੀਆ ਲੱਗਦੀ ਸੀ ਅਤੇ ਮੇਰੇ ਅਧਿਆਪਕਾਂ ਅਤੇ ਬਾਕੀ ਵਿਦਿਆਰਥੀਆਂ ਨੇ ਮੇਰੇ ਉੱਤੇ ਦਬਾਅ ਪਾਇਆ ਕਿ ਮੈਂ ਇਹ ਮੌਕਾ ਹੱਥੋਂ ਨਾ ਗੁਆਵਾਂ।” ਸ਼ੈਰੀ ਨੂੰ ਪਤਾ ਸੀ ਕਿ ਉੱਚ-ਸਿੱਖਿਆ ਹਾਸਲ ਕਰਨ ਲਈ ਉਸ ਨੂੰ ਆਪਣਾ ਸਾਰਾ ਸਮਾਂ ਪੜ੍ਹਾਈ-ਲਿਖਾਈ ਅਤੇ ਖੇਡ-ਮੁਕਾਬਲਿਆਂ ਵਿਚ ਲਾਉਣਾ ਪਵੇਗਾ। ਉਹ ਜਾਣਦੀ ਸੀ ਕਿ ਯਹੋਵਾਹ ਦੀ ਸੇਵਾ ਕਰਨ ਲਈ ਉਸ ਕੋਲ ਥੋੜ੍ਹਾ ਹੀ ਸਮਾਂ ਬਚਣਾ ਸੀ। ਸ਼ੈਰੀ ਨੇ ਕੀ ਕੀਤਾ? ਉਹ ਕਹਿੰਦੀ ਹੈ: “ਯਹੋਵਾਹ ਨੂੰ ਪ੍ਰਾਰਥਨਾ ਕਰਨ ਤੋਂ ਬਾਅਦ ਮੈਂ ਸਕਾਲਰਸ਼ਿਪ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਮੈਂ ਰੈਗੂਲਰ ਪਾਇਨੀਅਰਿੰਗ ਕਰਨ ਲੱਗ ਪਈ।” ਹੁਣ ਉਸ ਨੂੰ ਪਾਇਨੀਅਰਿੰਗ ਕਰਦਿਆਂ ਪੰਜ ਸਾਲ ਹੋ ਗਏ ਹਨ। ਉਸ ਨੇ ਕਿਹਾ: “ਮੈਨੂੰ ਕੋਈ ਪਛਤਾਵਾ ਨਹੀਂ। ਮੈਨੂੰ ਇਸ ਗੱਲ ਦੀ ਖ਼ੁਸ਼ੀ ਹੈ ਕਿ ਮੈਂ ਇਹ ਫ਼ੈਸਲਾ ਕਰ ਕੇ ਯਹੋਵਾਹ ਨੂੰ ਖ਼ੁਸ਼ ਕੀਤਾ। ਮੈਨੂੰ ਯਕੀਨ ਹੈ ਕਿ ਜੇ ਤੁਸੀਂ ਪਰਮੇਸ਼ੁਰ ਨੂੰ ਪਹਿਲਾਂ ਰੱਖੋਗੇ, ਤਾਂ ਤੁਹਾਨੂੰ ਬਾਕੀ ਸਾਰੀਆਂ ਚੀਜ਼ਾਂ ਵੀ ਮਿਲਣਗੀਆਂ।”—ਮੱਤੀ 6:33.

ਚੰਗਾ ਚਾਲ-ਚਲਣ ਦਿਖਾਉਂਦਾ ਹੈ ਕਿ ਤੁਹਾਡਾ “ਮਨ ਪਵਿੱਤਰ” ਹੈ

14. ਯਹੋਵਾਹ ਦੀਆਂ ਨਜ਼ਰਾਂ ਵਿਚ ਤੁਹਾਡਾ ਨੇਕ ਚਾਲ-ਚਲਣ ਕਿਉਂ ਇੰਨੀ ਅਹਿਮੀਅਤ ਰੱਖਦਾ ਹੈ?

14 ਤੀਸਰਾ ਤਰੀਕਾ, ਤੁਸੀਂ ਆਪਣੇ ਚਾਲ-ਚਲਣ ਰਾਹੀਂ ਦਿਖਾ ਸਕਦੇ ਹੋ ਕਿ ਤੁਸੀਂ ਯਹੋਵਾਹ ਦੀ ਸੇਵਾ ਦਿਲੋਂ ਕਰਦੇ ਹੋ। ਯਹੋਵਾਹ ਉਨ੍ਹਾਂ ਬੱਚਿਆਂ ਨੂੰ ਬਰਕਤਾਂ ਦਿੰਦਾ ਹੈ ਜੋ ਆਪਣਾ ਚਾਲ-ਚਲਣ ਸ਼ੁੱਧ ਰੱਖਦੇ ਹਨ। (ਜ਼ਬੂਰਾਂ ਦੀ ਪੋਥੀ 24:3-5 ਪੜ੍ਹੋ।) ਸਮੂਏਲ ਨੇ ਪ੍ਰਧਾਨ ਜਾਜਕ ਏਲੀ ਦੇ ਪੁੱਤਰਾਂ ਦੇ ਗੰਦੇ ਚਾਲ-ਚਲਣ ਦੀ ਰੀਸ ਨਹੀਂ ਕੀਤੀ। ਸਾਰਿਆਂ ਨੂੰ ਪਤਾ ਸੀ ਕਿ ਉਸ ਦਾ ਚਾਲ-ਚਲਣ ਨੇਕ ਸੀ। ਬਾਈਬਲ ਕਹਿੰਦੀ ਹੈ: “ਉਹ ਮੁੰਡਾ ਸਮੂਏਲ ਵਧਦਾ ਗਿਆ ਅਤੇ ਯਹੋਵਾਹ ਅਰ ਮਨੁੱਖਾਂ ਦੇ ਅੱਗੇ ਮੰਨਿਆ ਪਰਮੰਨਿਆ ਸੀ।”—1 ਸਮੂ. 2:26.

15. ਤੁਸੀਂ ਕਿਹੜੇ ਕਾਰਨਾਂ ਕਰਕੇ ਚੰਗਾ ਚਾਲ-ਚਲਣ ਰੱਖਦੇ ਹੋ?

15 ਪੌਲੁਸ ਨੇ ਦੱਸਿਆ ਕਿ ਅੱਜ-ਕੱਲ੍ਹ ਦੁਨੀਆਂ ਵਿਚ ਲੋਕ ਆਪ ਸੁਆਰਥੀ, ਹੰਕਾਰੀ, ਮਾਪਿਆਂ ਦੇ ਅਣਆਗਿਆਕਾਰ, ਨਾਸ਼ੁਕਰੇ, ਕਰੜੇ, ਘਮੰਡੀ ਅਤੇ ਪਰਮੇਸ਼ੁਰ ਦੀ ਬਜਾਇ ਮੌਜ-ਮਸਤੀ ਦੇ ਪ੍ਰੇਮੀ ਹੋਣਗੇ। (2 ਤਿਮੋ. 3:1-5) ਅਜਿਹੇ ਬੁਰੇ ਮਾਹੌਲ ਵਿਚ ਤੁਹਾਡੇ ਲਈ ਚੰਗਾ ਚਾਲ-ਚਲਣ ਰੱਖਣਾ ਬਹੁਤ ਮੁਸ਼ਕਲ ਹੋ ਸਕਦਾ ਹੈ। ਪਰ ਜਦੋਂ ਤੁਸੀਂ ਕੋਈ ਗ਼ਲਤ ਕੰਮ ਕਰਨ ਦੀ ਬਜਾਇ ਸਹੀ ਕੰਮ ਕਰਦੇ ਹੋ, ਤਾਂ ਇਸ ਤੋਂ ਸਾਬਤ ਹੁੰਦਾ ਹੈ ਕਿ ਤੁਸੀਂ ਯਹੋਵਾਹ ਦਾ ਪੱਖ ਲੈ ਰਹੇ ਹੋ। (ਅੱਯੂ. 2:3, 4) ਨਾਲੇ ਤੁਹਾਨੂੰ ਇਸ ਗੱਲ ਦੀ ਖ਼ੁਸ਼ੀ ਹੈ ਕਿ ਤੁਸੀਂ ਯਹੋਵਾਹ ਦੀ ਇਹ ਗੁਜ਼ਾਰਸ਼ ਮੰਨੀ ਹੈ: “ਹੇ ਮੇਰੇ ਪੁੱਤ੍ਰ, ਬੁੱਧਵਾਨ ਹੋਵੀਂ ਅਤੇ ਮੇਰੇ ਜੀ ਨੂੰ ਅਨੰਦ ਕਰੀਂ, ਭਈ ਮੈਂ ਉਹ ਨੂੰ ਉੱਤਰ ਦੇ ਸੱਕਾਂ ਜਿਹੜਾ ਮੈਨੂੰ ਮੇਹਣਾ ਮਾਰਦਾ ਹੈ।” (ਕਹਾ. 27:11) ਇਸ ਤੋਂ ਇਲਾਵਾ, ਇਹ ਜਾਣਦੇ ਹੋਏ ਕਿ ਤੁਹਾਡੇ ’ਤੇ ਯਹੋਵਾਹ ਦੀ ਮਿਹਰ ਹੈ, ਉਸ ਦੀ ਸੇਵਾ ਕਰਨ ਦਾ ਤੁਹਾਡਾ ਇਰਾਦਾ ਹੋਰ ਵੀ ਪੱਕਾ ਹੋਵੇਗਾ।

16. ਇਕ ਭੈਣ ਨੇ ਯਹੋਵਾਹ ਦੇ ਜੀ ਨੂੰ ਕਿਵੇਂ ਖ਼ੁਸ਼ ਕੀਤਾ?

16 ਕੈਰਲ ਨਾਂ ਦੀ ਭੈਣ ਨੇ ਸਕੂਲੇ ਬਾਈਬਲ ਦੇ ਅਸੂਲਾਂ ਅਨੁਸਾਰ ਚੱਲਣ ਦੀ ਕੋਸ਼ਿਸ਼ ਕੀਤੀ ਅਤੇ ਦੂਜਿਆਂ ਉੱਤੇ ਉਸ ਦੇ ਚਾਲ-ਚਲਣ ਦਾ ਚੰਗਾ ਅਸਰ ਪਿਆ। ਉਸ ਨਾਲ ਕੀ ਹੋਇਆ ਸੀ? ਕੈਰਲ ਤਿਉਹਾਰਾਂ ਅਤੇ ਦੇਸ਼-ਭਗਤੀ ਨਾਲ ਸੰਬੰਧਿਤ ਰਸਮਾਂ ਵਿਚ ਹਿੱਸਾ ਨਹੀਂ ਲੈਂਦੀ ਸੀ ਜਿਸ ਕਰਕੇ ਦੂਸਰੇ ਵਿਦਿਆਰਥੀਆਂ ਨੇ ਉਸ ਦਾ ਮਖੌਲ ਉਡਾਇਆ। ਇਨ੍ਹਾਂ ਮੌਕਿਆਂ ਤੇ ਉਹ ਕਦੇ-ਕਦੇ ਹੋਰਨਾਂ ਨੂੰ ਆਪਣੇ ਵਿਸ਼ਵਾਸਾਂ ਬਾਰੇ ਸਮਝਾ ਸਕੀ। ਕਈ ਸਾਲ ਬਾਅਦ, ਕੈਰਲ ਨੂੰ ਇਕ ਔਰਤ ਤੋਂ ਚਿੱਠੀ ਮਿਲੀ ਜੋ ਉਸ ਨਾਲ ਸਕੂਲੇ ਪੜ੍ਹਦੀ ਹੁੰਦੀ ਸੀ। ਉਸ ਨੇ ਲਿਖਿਆ: “ਮੈਂ ਬਹੁਤ ਚਿਰ ਤੋਂ ਚਾਹੁੰਦੀ ਸੀ ਕਿ ਤੈਨੂੰ ਮਿਲਾਂ ਤੇ ਤੇਰਾ ਧੰਨਵਾਦ ਕਰਾਂ। ਮੈਂ ਦੇਖਿਆ ਕਿ ਤੂੰ ਮਸੀਹੀ ਨੌਜਵਾਨ ਹੋਣ ਦੇ ਨਾਤੇ ਆਪਣਾ ਚਾਲ-ਚਲਣ ਨੇਕ ਰੱਖਿਆ ਤੇ ਵਧੀਆ ਮਿਸਾਲ ਬਣੀ ਅਤੇ ਤਿਉਹਾਰਾਂ ਦੇ ਸਮੇਂ ਦਲੇਰ ਰਹੀ। ਮੈਨੂੰ ਯਹੋਵਾਹ ਦੇ ਗਵਾਹਾਂ ਬਾਰੇ ਪਹਿਲੀ ਵਾਰ ਤੇਰੇ ਕੋਲੋਂ ਹੀ ਪਤਾ ਲੱਗਾ।” ਕੈਰਲ ਦੀ ਮਿਸਾਲ ਨੇ ਇਸ ਔਰਤ ’ਤੇ ਇੰਨਾ ਅਸਰ ਪਾਇਆ ਕਿ ਉਹ ਬਾਅਦ ਵਿਚ ਬਾਈਬਲ ਸਟੱਡੀ ਕਰਨ ਲੱਗ ਪਈ। ਉਸ ਨੇ ਆਪਣੀ ਚਿੱਠੀ ਵਿਚ ਲਿਖਿਆ ਕਿ ਉਹ ਹੁਣ ਕੈਰਲ ਦੀ ਮਸੀਹੀ ਭੈਣ ਹੈ ਅਤੇ ਉਸ ਨੂੰ ਬਪਤਿਸਮਾ ਲਏ ਨੂੰ 40 ਤੋਂ ਜ਼ਿਆਦਾ ਸਾਲ ਹੋ ਚੁੱਕੇ ਸਨ! ਬੱਚਿਓ, ਜੇ ਤੁਸੀਂ ਕੈਰਲ ਵਾਂਗ ਦਲੇਰੀ ਨਾਲ ਬਾਈਬਲ ਦੇ ਅਸੂਲਾਂ ’ਤੇ ਚੱਲੋਗੇ, ਤਾਂ ਸ਼ਾਇਦ ਤੁਸੀਂ ਵੀ ਨੇਕਦਿਲ ਲੋਕਾਂ ਨੂੰ ਯਹੋਵਾਹ ਵੱਲ ਖਿੱਚ ਸਕੋਗੇ।

ਯਹੋਵਾਹ ਦੀ ਮਹਿਮਾ ਕਰਨ ਵਾਲੇ ਬੱਚੇ

17, 18. (ੳ) ਤੁਸੀਂ ਆਪਣੀ ਕਲੀਸਿਯਾ ਦੇ ਬੱਚਿਆਂ ਬਾਰੇ ਕਿਵੇਂ ਸੋਚਦੇ ਹੋ? (ਅ) ਪਰਮੇਸ਼ੁਰ ਦਾ ਭੈ ਰੱਖਣ ਵਾਲੇ ਬੱਚਿਆਂ ਨੂੰ ਭਵਿੱਖ ਵਿਚ ਕੀ ਮਿਲੇਗਾ?

17 ਯਹੋਵਾਹ ਦੇ ਸੰਗਠਨ ਵਿਚ ਆਪਾਂ ਸਾਰੇ ਉਨ੍ਹਾਂ ਹਜ਼ਾਰਾਂ ਬੱਚਿਆਂ ਨੂੰ ਦੇਖ ਕੇ ਕਿੰਨੇ ਖ਼ੁਸ਼ ਹੁੰਦੇ ਹਾਂ ਜੋ ਜੋਸ਼ ਨਾਲ ਸੱਚੀ ਭਗਤੀ ਕਰ ਰਹੇ ਹਨ! ਇਹ ਬੱਚੇ ਹਰ ਰੋਜ਼ ਬਾਈਬਲ ਪੜ੍ਹ ਕੇ, ਪ੍ਰਾਰਥਨਾ ਕਰ ਕੇ ਅਤੇ ਪਰਮੇਸ਼ੁਰ ਦੀ ਮਰਜ਼ੀ ਅਨੁਸਾਰ ਜੀ ਕੇ ਯਹੋਵਾਹ ਦੀ ਸੇਵਾ ਕਰਨ ਦਾ ਆਪਣਾ ਇਰਾਦਾ ਪੱਕਾ ਕਰਦੇ ਹਨ। ਇਹੋ ਜਿਹੇ ਬੱਚੇ ਆਪਣੇ ਮਾਪਿਆਂ ਅਤੇ ਯਹੋਵਾਹ ਦੇ ਸਾਰੇ ਲੋਕਾਂ ਲਈ ਬਰਕਤ ਹਨ।—ਕਹਾ. 23:24, 25.

18 ਭਵਿੱਖ ਵਿਚ ਸਾਰੇ ਵਫ਼ਾਦਾਰ ਬੱਚੇ ਉਨ੍ਹਾਂ ਵਿਚ ਗਿਣੇ ਜਾਣਗੇ ਜੋ ਨਾਸ਼ ਵਿੱਚੋਂ ਬਚ ਕੇ ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ ਜਾਣਗੇ। (ਪਰ. 7:9, 14) ਉਸ ਨਵੀਂ ਦੁਨੀਆਂ ਵਿਚ ਯਹੋਵਾਹ ਨਾਲ ਉਨ੍ਹਾਂ ਦਾ ਰਿਸ਼ਤਾ ਹੋਰ ਵੀ ਪੱਕਾ ਬਣੇਗਾ ਜਿਸ ਕਰਕੇ ਉਹ ਢੇਰ ਸਾਰੀਆਂ ਬਰਕਤਾਂ ਦਾ ਆਨੰਦ ਮਾਣਨਗੇ ਅਤੇ ਹਮੇਸ਼ਾ ਲਈ ਯਹੋਵਾਹ ਦੀ ਮਹਿਮਾ ਕਰਨਗੇ।—ਜ਼ਬੂ. 148:12, 13.

ਕੀ ਤੁਸੀਂ ਸਮਝਾ ਸਕਦੇ ਹੋ?

• ਬੱਚੇ ਅੱਜ ਸੱਚੀ ਭਗਤੀ ਵਿਚ ਕਿਵੇਂ ਹਿੱਸਾ ਲੈ ਸਕਦੇ ਹਨ?

• ਬਾਈਬਲ ਪੜ੍ਹਾਈ ਤੋਂ ਪੂਰਾ ਫ਼ਾਇਦਾ ਉਠਾਉਣ ਲਈ ਤੁਹਾਡੇ ਵਾਸਤੇ ਮਨਨ ਕਰਨਾ ਕਿਉਂ ਜ਼ਰੂਰੀ ਹੈ?

• ਯਹੋਵਾਹ ਦੇ ਨਜ਼ਦੀਕ ਹੋਣ ਵਿਚ ਪ੍ਰਾਰਥਨਾ ਤੁਹਾਡੀ ਕਿਵੇਂ ਮਦਦ ਕਰਦੀ ਹੈ?

• ਚੰਗਾ ਚਾਲ-ਚਲਣ ਰੱਖ ਕੇ ਇਕ ਮਸੀਹੀ ਕੀ ਸਾਬਤ ਕਰਦਾ ਹੈ ਤੇ ਇਸ ਦੇ ਕਿਹੜੇ ਨਤੀਜੇ ਨਿਕਲ ਸਕਦੇ ਹਨ?

[ਸਵਾਲ]

[ਸਫ਼ਾ 5 ਉੱਤੇ ਤਸਵੀਰ]

ਕੀ ਤੁਸੀਂ ਹਰ ਰੋਜ਼ ਬਾਈਬਲ ਪੜ੍ਹਨ ਦੀ ਆਦਤ ਪਾਈ ਹੈ?