Skip to content

Skip to table of contents

ਯਹੋਵਾਹ ਦਾ ਮਕਸਦ ਪੂਰਾ ਕਰਨ ਵਿਚ ਪਵਿੱਤਰ ਸ਼ਕਤੀ ਦਾ ਰੋਲ

ਯਹੋਵਾਹ ਦਾ ਮਕਸਦ ਪੂਰਾ ਕਰਨ ਵਿਚ ਪਵਿੱਤਰ ਸ਼ਕਤੀ ਦਾ ਰੋਲ

ਯਹੋਵਾਹ ਦਾ ਮਕਸਦ ਪੂਰਾ ਕਰਨ ਵਿਚ ਪਵਿੱਤਰ ਸ਼ਕਤੀ ਦਾ ਰੋਲ

‘ਮੇਰਾ ਬਚਨ ਜੋ ਮੇਰੇ ਮੂੰਹੋਂ ਨਿੱਕਲਦਾ ਹੈ, ਜਿਸ ਲਈ ਮੈਂ ਘੱਲਿਆ, ਉਸ ਵਿੱਚ ਸਫ਼ਲ ਹੋਏਗਾ।’—ਯਸਾ. 55:11.

1. ਮਿਸਾਲ ਦੇ ਕੇ ਸਮਝਾਓ ਕਿ ਪਲੈਨ ਬਣਾਉਣ ਅਤੇ ਮਕਸਦ ਰੱਖਣ ਵਿਚ ਕੀ ਫ਼ਰਕ ਹੈ।

ਫ਼ਰਜ਼ ਕਰੋ ਕਿ ਦੋ ਬੰਦੇ ਗੱਡੀ ਵਿਚ ਸਫ਼ਰ ਕਰਨ ਦੀਆਂ ਤਿਆਰੀਆਂ ਕਰ ਰਹੇ ਹਨ। ਪਹਿਲਾ ਆਦਮੀ ਨਕਸ਼ਾ ਦੇਖ ਕੇ ਪਲੈਨ ਬਣਾ ਲੈਂਦਾ ਹੈ ਕਿ ਉਹ ਆਪਣੀ ਮੰਜ਼ਲ ਤਕ ਪਹੁੰਚਣ ਲਈ ਕਿਹੜਾ-ਕਿਹੜਾ ਰਾਹ ਲਵੇਗਾ। ਦੂਸਰੇ ਆਦਮੀ ਨੂੰ ਆਪਣੀ ਮੰਜ਼ਲ ਪਤਾ ਹੈ, ਪਰ ਉਹ ਉੱਥੇ ਪਹੁੰਚਣ ਲਈ ਵੱਖੋ-ਵੱਖਰੇ ਰਾਹ ਜਾਣਦਾ ਹੈ। ਭਾਵੇਂ ਰਾਹ ਵਿਚ ਕੋਈ ਵੀ ਮੁਸ਼ਕਲ ਜਾਂ ਔਕੜ ਆਵੇ, ਤਾਂ ਉਹ ਕੋਈ ਹੋਰ ਰਾਹ ਲੈ ਕੇ ਉਸ ਨੂੰ ਪਾਰ ਕਰ ਲੈਂਦਾ ਹੈ। ਇਸ ਮਿਸਾਲ ਤੋਂ ਅਸੀਂ ਦੇਖ ਸਕਦੇ ਹਾਂ ਕਿ ਪਲੈਨ ਬਣਾਉਣ ਅਤੇ ਮਕਸਦ ਰੱਖਣ ਵਿਚ ਫ਼ਰਕ ਹੈ। ਜਿਹੜਾ ਬੰਦਾ ਪਲੈਨ ਬਣਾਉਂਦਾ ਹੈ, ਉਹ ਸਭ ਕੁਝ ਤੈਅ ਕਰ ਲੈਂਦਾ ਹੈ ਕਿ ਉਸ ਨੇ ਕੀ ਕੁਝ ਕਰਨਾ ਹੈ। ਪਰ ਮਕਸਦ ਰੱਖਣ ਵਾਲੇ ਬੰਦੇ ਨੂੰ ਪਤਾ ਹੁੰਦਾ ਹੈ ਕਿ ਉਸ ਨੇ ਕਿਹੜੇ ਟੀਚੇ ਨੂੰ ਹਾਸਲ ਕਰਨਾ ਹੈ। ਪਰ ਜ਼ਰੂਰੀ ਨਹੀਂ ਕਿ ਇਸ ਟੀਚੇ ਨੂੰ ਹਾਸਲ ਕਰਨ ਦਾ ਇੱਕੋ ਤਰੀਕਾ ਹੋਵੇ, ਕਈ ਤਰੀਕੇ ਹੋ ਸਕਦੇ ਹਨ।

2, 3. (ੳ) ਯਹੋਵਾਹ ਦਾ ਕੀ ਮਕਸਦ ਸੀ ਅਤੇ ਉਸ ਨੇ ਕਿਹੜਾ ਬੰਦੋਬਸਤ ਕੀਤਾ ਜਦ ਆਦਮ ਅਤੇ ਹੱਵਾਹ ਨੇ ਪਾਪ ਕੀਤਾ? (ਅ) ਸਾਨੂੰ ਕਿਉਂ ਧਿਆਨ ਵਿਚ ਰੱਖਣਾ ਚਾਹੀਦਾ ਹੈ ਕਿ ਯਹੋਵਾਹ ਆਪਣਾ ਮਕਸਦ ਕਿਵੇਂ ਪੂਰਾ ਕਰ ਰਿਹਾ ਹੈ?

2 ਯਹੋਵਾਹ ਨੇ ਆਪਣੀ ਮਰਜ਼ੀ ਪੂਰੀ ਕਰਨ ਲਈ ਕੋਈ ਇੱਦਾਂ ਦਾ ਪਲੈਨ ਨਹੀਂ ਬਣਾਇਆ ਜਿਸ ਨੂੰ ਬਦਲਿਆ ਨਹੀਂ ਜਾ ਸਕਦਾ। ਪਰ ਉਸ ਨੇ ਇਕ ਮਕਸਦ ਜ਼ਰੂਰ ਰੱਖਿਆ ਹੈ ਜੋ ਹੌਲੀ-ਹੌਲੀ ਪੂਰਾ ਹੋ ਰਿਹਾ ਹੈ। (ਅਫ਼. 3:11) ਯਹੋਵਾਹ ਦਾ ਮਕਸਦ ਸੀ ਕਿ ਇਨਸਾਨ ਹਮੇਸ਼ਾ ਲਈ ਸੋਹਣੀ ਧਰਤੀ ਉੱਤੇ ਵੱਸਣ ਤੇ ਹਮੇਸ਼ਾ ਲਈ ਖ਼ੁਸ਼ਹਾਲ ਜ਼ਿੰਦਗੀ ਦਾ ਮਜ਼ਾ ਲੈਣ। (ਉਤ. 1:28) ਜਦ ਆਦਮ ਤੇ ਹੱਵਾਹ ਨੇ ਪਾਪ ਕੀਤਾ, ਤਾਂ ਯਹੋਵਾਹ ਨੇ ਤੁਰੰਤ ਬੰਦੋਬਸਤ ਕੀਤਾ ਤਾਂਕਿ ਉਸ ਦਾ ਮਕਸਦ ਜ਼ਰੂਰ ਪੂਰਾ ਹੋਵੇ। (ਉਤਪਤ 3:15 ਪੜ੍ਹੋ।) ਯਹੋਵਾਹ ਨੇ ਪੱਕਾ ਕੀਤਾ ਕਿ ਉਸ ਦੀ ਸਵਰਗੀ ਸੰਸਥਾ ਇਕ “ਸੰਤਾਨ” ਜਾਂ ਪੁੱਤਰ ਪੈਦਾ ਕਰੇਗੀ ਜੋ ਸ਼ਤਾਨ ਅਤੇ ਉਸ ਦੇ ਕਾਰਨ ਆਏ ਦੁੱਖਾਂ-ਤਕਲੀਫ਼ਾਂ ਨੂੰ ਖ਼ਤਮ ਕਰੇਗਾ।—ਇਬ. 2:14; 1 ਯੂਹੰ. 3:8.

3 ਸਵਰਗ ਜਾਂ ਧਰਤੀ ਦੀ ਕੋਈ ਵੀ ਤਾਕਤ ਇਸ ਮਕਸਦ ਨੂੰ ਪੂਰਾ ਹੋਣ ਤੋਂ ਨਹੀਂ ਰੋਕ ਸਕਦੀ। (ਯਸਾ. 46:9-11) ਇਹ ਅਸੀਂ ਕਿਉਂ ਕਹਿ ਸਕਦੇ ਹਾਂ? ਕਿਉਂਕਿ ਇਹ ਮਕਸਦ ਯਹੋਵਾਹ ਦੀ ਪਵਿੱਤਰ ਸ਼ਕਤੀ ਨਾਲ ਪੂਰਾ ਹੋ ਰਿਹਾ ਹੈ! ਇਸ ਸ਼ਕਤੀ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ ਜੋ ਇਸ ਗੱਲ ਦੀ ਗਾਰੰਟੀ ਹੈ ਕਿ ਪਰਮੇਸ਼ੁਰ ਦਾ ਮਕਸਦ ਜ਼ਰੂਰ “ਸਫ਼ਲ ਹੋਏਗਾ।” (ਯਸਾ. 55:10, 11) ਸਾਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ ਕਿ ਯਹੋਵਾਹ ਆਪਣਾ ਮਕਸਦ ਕਿਵੇਂ ਪੂਰਾ ਕਰ ਰਿਹਾ ਹੈ ਕਿਉਂਕਿ ਇਹ ਸਾਡੀ ਜ਼ਿੰਦਗੀ ਤੇ ਮੌਤ ਦਾ ਸਵਾਲ ਹੈ। ਇਸ ਲਈ ਆਓ ਆਪਾਂ ਦੇਖੀਏ ਕਿ ਪਵਿੱਤਰ ਸ਼ਕਤੀ ਨੇ ਪੁਰਾਣੇ ਜ਼ਮਾਨੇ ਵਿਚ ਯਹੋਵਾਹ ਦਾ ਮਕਸਦ ਪੂਰਾ ਕਰਨ ਵਿਚ ਕੀ ਰੋਲ ਨਿਭਾਇਆ, ਅੱਜ ਕੀ ਰੋਲ ਨਿਭਾ ਰਹੀ ਹੈ ਅਤੇ ਭਵਿੱਖ ਵਿਚ ਕੀ ਰੋਲ ਨਿਭਾਵੇਗੀ। ਇਨ੍ਹਾਂ ਗੱਲਾਂ ’ਤੇ ਗੌਰ ਕਰਨ ਨਾਲ ਯਹੋਵਾਹ ’ਤੇ ਸਾਡਾ ਵਿਸ਼ਵਾਸ ਪੱਕਾ ਹੁੰਦਾ ਹੈ।

ਪੁਰਾਣੇ ਜ਼ਮਾਨੇ ਵਿਚ ਪਵਿੱਤਰ ਸ਼ਕਤੀ ਦਾ ਰੋਲ

4. ਯਹੋਵਾਹ ਨੇ ਆਪਣਾ ਮਕਸਦ ਕਿਵੇਂ ਹੌਲੀ-ਹੌਲੀ ਪ੍ਰਗਟ ਕੀਤਾ?

4 ਪੁਰਾਣੇ ਜ਼ਮਾਨੇ ਵਿਚ ਯਹੋਵਾਹ ਨੇ ਹੌਲੀ-ਹੌਲੀ ਆਪਣਾ ਮਕਸਦ ਪ੍ਰਗਟ ਕੀਤਾ। ਪਹਿਲਾਂ-ਪਹਿਲਾਂ ਵਾਅਦਾ ਕੀਤੀ ਹੋਈ ਸੰਤਾਨ ਦੀ ਪਛਾਣ ਇਕ “ਭੇਤ” ਰਿਹਾ। (1 ਕੁਰਿੰ. 2:7) ਇਸ ਵਾਅਦੇ ਤੋਂ ਕੁਝ 2,000 ਸਾਲ ਬਾਅਦ ਹੀ ਯਹੋਵਾਹ ਨੇ ਇਸ ਸੰਤਾਨ ਦਾ ਫਿਰ ਜ਼ਿਕਰ ਕੀਤਾ। (ਉਤਪਤ 12:7; 22:15-18 ਪੜ੍ਹੋ।) ਯਹੋਵਾਹ ਨੇ ਅਬਰਾਹਾਮ ਨਾਲ ਕੀਤੇ ਆਪਣੇ ਵਾਅਦੇ ਵਿਚ ਇਸ ਸੰਤਾਨ ਬਾਰੇ ਹੋਰ ਜਾਣਕਾਰੀ ਦਿੱਤੀ। ਯਹੋਵਾਹ ਨੇ ਅਬਰਾਹਾਮ ਨੂੰ ਕਿਹਾ ਕਿ ‘ਤੇਰੀ ਅੰਸ ਵਿੱਚ ਕੌਮਾਂ ਬਰਕਤਾਂ ਪਾਉਣਗੀਆਂ।’ ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਸੰਤਾਨ ਨੇ ਇਨਸਾਨ ਦੇ ਰੂਪ ਵਿਚ ਅਬਰਾਹਾਮ ਦੇ ਘਰਾਣੇ ਵਿੱਚੋਂ ਆਉਣਾ ਸੀ। ਯਕੀਨਨ, ਜਦੋਂ ਇਹ ਗੱਲਾਂ ਪ੍ਰਗਟ ਹੋ ਰਹੀਆਂ ਸਨ, ਤਾਂ ਸ਼ਤਾਨ ਬੜੀ ਦਿਲਚਸਪੀ ਨਾਲ ਇਨ੍ਹਾਂ ਨੂੰ ਸੁਣ ਰਿਹਾ ਹੋਵੇਗਾ। ਇਹ ਦੁਸ਼ਮਣ ਅਬਰਾਹਾਮ ਦੇ ਵੰਸ ਨੂੰ ਭ੍ਰਿਸ਼ਟ ਜਾਂ ਨਾਸ਼ ਕਰਨਾ ਚਾਹੁੰਦਾ ਸੀ। ਇੱਦਾਂ ਕਰ ਕੇ ਉਹ ਯਹੋਵਾਹ ਦੇ ਮਕਸਦ ਨੂੰ ਪੂਰਾ ਹੋਣ ਤੋਂ ਰੋਕਣਾ ਚਾਹੁੰਦਾ ਸੀ। ਪਰ ਇਹ ਨਾਮੁਮਕਿਨ ਸੀ ਕਿਉਂਕਿ ਯਹੋਵਾਹ ਆਪਣਾ ਮਕਸਦ ਪੂਰਾ ਕਰਨ ਲਈ ਆਪਣੀ ਅਣਦੇਖੀ ਸ਼ਕਤੀ ਵਰਤ ਰਿਹਾ ਸੀ। ਕਿਨ੍ਹਾਂ-ਕਿਨ੍ਹਾਂ ਤਰੀਕਿਆਂ ਨਾਲ?

5, 6. ਯਹੋਵਾਹ ਨੇ ਆਪਣੀ ਸ਼ਕਤੀ ਦੇ ਜ਼ਰੀਏ ਉਸ ਵੰਸ ਦੀ ਕਿਵੇਂ ਰਾਖੀ ਕੀਤੀ ਜਿਸ ਵਿੱਚੋਂ ਸੰਤਾਨ ਨੇ ਆਉਣਾ ਸੀ?

5 ਯਹੋਵਾਹ ਨੇ ਆਪਣੀ ਸ਼ਕਤੀ ਦੇ ਜ਼ਰੀਏ ਉਸ ਵੰਸ ਦੀ ਰਾਖੀ ਕੀਤੀ ਜਿਸ ਵਿੱਚੋਂ ਸੰਤਾਨ ਨੇ ਆਉਣਾ ਸੀ। ਯਹੋਵਾਹ ਨੇ ਅਬਰਾਮ (ਅਬਰਾਹਾਮ) ਨੂੰ ਕਿਹਾ: “ਮੈਂ ਤੇਰੇ ਲਈ ਢਾਲ ਹਾਂ।” (ਉਤ. 15:1) ਇਹ ਫੋਕੀਆਂ ਗੱਲਾਂ ਨਹੀਂ ਸਨ। ਮਿਸਾਲ ਲਈ ਧਿਆਨ ਦਿਓ ਕਿ 1919 ਈਸਵੀ ਪੂਰਵ ਵਿਚ ਕੀ ਹੋਇਆ ਜਦੋਂ ਅਬਰਾਹਾਮ ਅਤੇ ਸਾਰਾਹ ਗਰਾਰ ਸ਼ਹਿਰ ਵਿਚ ਰਹਿ ਰਹੇ ਸਨ। ਗਰਾਰ ਸ਼ਹਿਰ ਦਾ ਰਾਜਾ ਅਬੀਮਲਕ ਸਾਰਾਹ ਨੂੰ ਆਪਣੀ ਪਤਨੀ ਬਣਾਉਣਾ ਚਾਹੁੰਦਾ ਸੀ, ਪਰ ਉਸ ਨੂੰ ਪਤਾ ਨਹੀਂ ਸੀ ਕਿ ਉਹ ਅਬਰਾਹਾਮ ਦੀ ਪਤਨੀ ਸੀ। ਕੀ ਇਹ ਸ਼ਤਾਨ ਦੀ ਚਾਲ ਸੀ ਤਾਂਕਿ ਸਾਰਾਹ ਅਬਰਾਹਾਮ ਦੀ ਔਲਾਦ ਨੂੰ ਪੈਦਾ ਨਾ ਕਰ ਸਕੇ? ਬਾਈਬਲ ਇਸ ਬਾਰੇ ਗੱਲ ਨਹੀਂ ਕਰਦੀ। ਪਰ ਬਾਈਬਲ ਸਾਨੂੰ ਇਹ ਦੱਸਦੀ ਹੈ ਕਿ ਯਹੋਵਾਹ ਨੇ ਅਬੀਮਲਕ ਨੂੰ ਸੁਪਨੇ ਵਿਚ ਚੇਤਾਵਨੀ ਦਿੱਤੀ ਕਿ ਉਹ ਸਾਰਾਹ ਨੂੰ ਹੱਥ ਨਾ ਲਾਵੇ।—ਉਤ. 20:1-18.

6 ਯਹੋਵਾਹ ਨੇ ਸਿਰਫ਼ ਇਸ ਵਾਰ ਹੀ ਨਹੀਂ, ਸਗੋਂ ਅਬਰਾਹਾਮ ਅਤੇ ਉਸ ਦੇ ਪਰਿਵਾਰ ਨੂੰ ਕਈ ਵਾਰ ਬਚਾਇਆ। (ਉਤ. 12:14-20; 14:13-20; 26:26-29) ਇਸ ਲਈ ਜ਼ਬੂਰਾਂ ਦਾ ਇਕ ਲਿਖਾਰੀ ਅਬਰਾਹਾਮ ਅਤੇ ਉਸ ਦੀ ਔਲਾਦ ਬਾਰੇ ਕਹਿ ਸਕਿਆ: “[ਯਹੋਵਾਹ] ਨੇ ਕਿਸੇ ਨੂੰ ਉਨ੍ਹਾਂ ਉੱਤੇ ਅਨ੍ਹੇਰ ਨਾ ਕਰਨ ਦਿੱਤਾ, ਅਤੇ ਉਨ੍ਹਾਂ ਦੇ ਕਾਰਨ ਰਾਜਿਆਂ ਨੂੰ ਝਿੜਕਿਆ,—ਭਈ ਮੇਰੇ ਮਸਹ ਕੀਤੇ ਹੋਇਆਂ ਨੂੰ ਨਾ ਛੂਹੋ, ਨਾ ਮੇਰੇ ਨਬੀਆਂ ਦੀ ਹਾਣ ਕਰੋ!”—ਜ਼ਬੂ. 105:14, 15.

7. ਯਹੋਵਾਹ ਨੇ ਕਿਨ੍ਹਾਂ ਤਰੀਕਿਆਂ ਨਾਲ ਇਸਰਾਏਲ ਕੌਮ ਦੀ ਰਾਖੀ ਕੀਤੀ?

7 ਆਪਣੀ ਸ਼ਕਤੀ ਦੇ ਜ਼ਰੀਏ ਯਹੋਵਾਹ ਨੇ ਇਸਰਾਏਲ ਕੌਮ ਦੀ ਰੱਖਿਆ ਕੀਤੀ ਜਿਸ ਵਿੱਚੋਂ ਵਾਅਦਾ ਕੀਤੀ ਹੋਈ ਸੰਤਾਨ ਨੇ ਪੈਦਾ ਹੋਣਾ ਸੀ। ਆਪਣੀ ਸ਼ਕਤੀ ਰਾਹੀਂ ਯਹੋਵਾਹ ਨੇ ਇਸਰਾਏਲੀਆਂ ਨੂੰ ਆਪਣੀ ਬਿਵਸਥਾ ਦਿੱਤੀ ਜਿਸ ਕਰਕੇ ਉਹ ਸੱਚੀ ਭਗਤੀ ਕਰ ਸਕਦੇ ਸਨ। ਉਨ੍ਹਾਂ ਦਾ ਨੈਤਿਕ ਅਤੇ ਸਰੀਰਕ ਤੌਰ ਤੇ ਬਚਾਅ ਹੋਇਆ ਅਤੇ ਉਹ ਯਹੋਵਾਹ ਨਾਲ ਆਪਣਾ ਰਿਸ਼ਤਾ ਮਜ਼ਬੂਤ ਰੱਖ ਸਕੇ। (ਕੂਚ 31:18; 2 ਕੁਰਿੰ. 3:3) ਨਿਆਈਆਂ ਦੇ ਜ਼ਮਾਨੇ ਵਿਚ ਯਹੋਵਾਹ ਨੇ ਕੁਝ ਬੰਦਿਆਂ ਨੂੰ ਆਪਣੀ ਸ਼ਕਤੀ ਦਿੱਤੀ ਤਾਂਕਿ ਉਹ ਇਸਰਾਏਲੀਆਂ ਨੂੰ ਆਪਣੇ ਵੈਰੀਆਂ ਤੋਂ ਬਚਾ ਸਕਣ। (ਨਿਆ. 3:9, 10) ਅਬਰਾਹਾਮ ਦੀ ਮੁੱਖ ਸੰਤਾਨ ਯਾਨੀ ਯਿਸੂ ਦੇ ਜਨਮ ਤੋਂ ਪਹਿਲਾਂ ਯਹੋਵਾਹ ਨੇ ਸਦੀਆਂ ਦੌਰਾਨ ਯਰੂਸ਼ਲਮ, ਬੈਤਲਹਮ ਅਤੇ ਹੈਕਲ ਦੀ ਰੱਖਿਆ ਕਰਨ ਲਈ ਆਪਣੀ ਸ਼ਕਤੀ ਵਰਤੀ ਹੋਵੇਗੀ ਕਿਉਂਕਿ ਯਿਸੂ ਬਾਰੇ ਕੀਤੀਆਂ ਕਈ ਭਵਿੱਖਬਾਣੀਆਂ ਇਨ੍ਹਾਂ ਥਾਵਾਂ ਤੇ ਪੂਰੀਆਂ ਹੋਣੀਆਂ ਸਨ।

8. ਕਿਨ੍ਹਾਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਯਿਸੂ ਦੀ ਜ਼ਿੰਦਗੀ ਅਤੇ ਪ੍ਰਚਾਰ ’ਤੇ ਪਵਿੱਤਰ ਸ਼ਕਤੀ ਦਾ ਅਸਰ ਪਿਆ?

8 ਪਵਿੱਤਰ ਸ਼ਕਤੀ ਨੇ ਯਿਸੂ ਦੀ ਜ਼ਿੰਦਗੀ ਅਤੇ ਪ੍ਰਚਾਰ ’ਤੇ ਬਹੁਤ ਅਸਰ ਪਾਇਆ। ਇਸ ਸ਼ਕਤੀ ਨੇ ਅਜਿਹਾ ਕੁਝ ਕੀਤਾ ਜੋ ਪਹਿਲਾਂ ਕਦੇ ਨਹੀਂ ਹੋਇਆ ਸੀ। ਪਵਿੱਤਰ ਸ਼ਕਤੀ ਦੇ ਜ਼ਰੀਏ ਇਕ ਕੁਆਰੀ ਤੀਵੀਂ ਨੇ ਇਕ ਪੁੱਤਰ ਨੂੰ ਜਨਮ ਦਿੱਤਾ। ਭਾਵੇਂ ਮਰਿਯਮ ਨਾਮੁਕੰਮਲ ਸੀ, ਪਰ ਉਸ ਦਾ ਪੁੱਤਰ ਮੁਕੰਮਲ ਸੀ ਅਤੇ ਉਸ ਉੱਤੇ ਪਾਪ ਦਾ ਕੋਈ ਦਾਗ਼ ਨਹੀਂ ਸੀ ਲੱਗਾ। (ਲੂਕਾ 1:26-31, 34, 35) ਯਿਸੂ ਦੇ ਛੋਟੇ ਹੁੰਦਿਆਂ ਇਸ ਸ਼ਕਤੀ ਨੇ ਉਸ ਦੀ ਜਾਨ ਵੀ ਬਚਾਈ ਸੀ। (ਮੱਤੀ 2:7, 8, 12, 13) ਜਦ ਯਿਸੂ 30 ਕੁ ਸਾਲਾਂ ਦਾ ਸੀ, ਤਾਂ ਯਹੋਵਾਹ ਨੇ ਉਸ ਨੂੰ ਆਪਣੀ ਸ਼ਕਤੀ ਨਾਲ ਮਸਹ ਕੀਤਾ, ਦਾਊਦ ਦੀ ਰਾਜ-ਗੱਦੀ ਦਾ ਵਾਰਸ ਬਣਾਇਆ ਅਤੇ ਉਸ ਨੂੰ ਪ੍ਰਚਾਰ ਕਰਨ ਦਾ ਕੰਮ ਸੌਂਪਿਆ। (ਲੂਕਾ 1:32, 33; 4:16-21) ਪਵਿੱਤਰ ਸ਼ਕਤੀ ਦੀ ਮਦਦ ਨਾਲ ਯਿਸੂ ਚਮਤਕਾਰ ਕਰ ਸਕਿਆ। ਉਸ ਨੇ ਬੀਮਾਰਾਂ ਨੂੰ ਠੀਕ ਕੀਤਾ, ਭੀੜਾਂ ਨੂੰ ਰੋਟੀ ਖੁਆਈ ਅਤੇ ਮੁਰਦਿਆਂ ਨੂੰ ਜ਼ਿੰਦਾ ਕੀਤਾ। ਇਨ੍ਹਾਂ ਸ਼ਕਤੀਸ਼ਾਲੀ ਕੰਮਾਂ ਰਾਹੀਂ ਯਿਸੂ ਨੇ ਦਿਖਾਇਆ ਸੀ ਕਿ ਉਹ ਆਪਣੇ ਰਾਜ ਵਿਚ ਕੀ ਕੁਝ ਕਰੇਗਾ।

9, 10. (ੳ) ਯਹੋਵਾਹ ਦੀ ਸ਼ਕਤੀ ਨੇ ਪਹਿਲੀ ਸਦੀ ਵਿਚ ਯਿਸੂ ਦੇ ਚੇਲਿਆਂ ਦੀ ਕਿਵੇਂ ਮਦਦ ਕੀਤੀ? (ਅ) ਪਹਿਲੀ ਸਦੀ ਵਿਚ ਯਹੋਵਾਹ ਦੇ ਮਕਸਦ ਦੇ ਸੰਬੰਧ ਵਿਚ ਕਿਹੜੀ ਤਬਦੀਲੀ ਆਈ?

9 ਪੰਤੇਕੁਸਤ 33 ਈਸਵੀ ਦੇ ਦਿਨ ਯਹੋਵਾਹ ਨੇ ਆਪਣੀ ਸ਼ਕਤੀ ਨਾਲ ਅਬਰਾਹਾਮ ਦੀ ਸੰਤਾਨ ਦੇ ਦੂਜੇ ਮੈਂਬਰਾਂ ਨੂੰ ਮਸਹ ਕਰਨਾ ਸ਼ੁਰੂ ਕੀਤਾ। ਇਨ੍ਹਾਂ ਵਿੱਚੋਂ ਬਹੁਤੇ ਅਬਰਾਹਾਮ ਦੇ ਘਰਾਣੇ ਵਿੱਚੋਂ ਨਹੀਂ ਸਨ। (ਰੋਮੀ. 8:15-17; ਗਲਾ. 3:29) ਪਹਿਲੀ ਸਦੀ ਵਿਚ ਯਹੋਵਾਹ ਦੀ ਸ਼ਕਤੀ ਯਿਸੂ ਦੇ ਚੇਲਿਆਂ ਉੱਤੇ ਆਈ ਜਿਸ ਕਰਕੇ ਉਹ ਜੋਸ਼ ਨਾਲ ਪ੍ਰਚਾਰ ਅਤੇ ਚਮਤਕਾਰ ਕਰ ਸਕੇ। (ਰਸੂ. 1:8; 2:1-4; 1 ਕੁਰਿੰ. 12:7-11) ਇਹ ਚਮਤਕਾਰੀ ਦਾਤ ਦੇ ਕੇ ਯਹੋਵਾਹ ਨੇ ਦਿਖਾਇਆ ਕਿ ਉਹ ਹੁਣ ਨਵੇਂ ਤਰੀਕੇ ਨਾਲ ਆਪਣਾ ਮਕਸਦ ਪੂਰਾ ਕਰੇਗਾ। ਉਹ ਨਹੀਂ ਸੀ ਚਾਹੁੰਦਾ ਕਿ ਉਸ ਦੀ ਸਦੀਆਂ ਤੋਂ ਕੀਤੀ ਜਾ ਰਹੀ ਭਗਤੀ ਯਰੂਸ਼ਲਮ ਦੇ ਮੰਦਰ ਵਿਚ ਹੋਵੇ। ਇਸ ਦੀ ਬਜਾਇ ਹੁਣ ਉਸ ਦੀ ਮਿਹਰ ਮਸੀਹੀ ਕਲੀਸਿਯਾ ਉੱਤੇ ਸੀ। ਉਸ ਸਮੇਂ ਤੋਂ ਹੀ ਯਹੋਵਾਹ ਆਪਣਾ ਮਕਸਦ ਪੂਰਾ ਕਰਨ ਲਈ ਇਸ ਮਸਹ ਕੀਤੀ ਹੋਈ ਕਲੀਸਿਯਾ ਨੂੰ ਵਰਤ ਰਿਹਾ ਹੈ।

10 ਯਹੋਵਾਹ ਨੇ ਪੁਰਾਣੇ ਜ਼ਮਾਨੇ ਵਿਚ ਆਪਣੀ ਪਵਿੱਤਰ ਸ਼ਕਤੀ ਵਰਤ ਕੇ ਆਪਣੇ ਲੋਕਾਂ ਦੀ ਰਾਖੀ ਕੀਤੀ, ਉਨ੍ਹਾਂ ਨੂੰ ਤਾਕਤ ਬਖ਼ਸ਼ੀ ਅਤੇ ਕਈਆਂ ਨੂੰ ਮਸਹ ਕੀਤਾ। ਉਸ ਨੇ ਇਹ ਸਾਰਾ ਕੁਝ ਇਸ ਲਈ ਕੀਤਾ ਤਾਂਕਿ ਉਸ ਦਾ ਮਕਸਦ ਪੂਰਾ ਹੋਵੇ। ਲੇਕਿਨ ਸਾਡੇ ਜ਼ਮਾਨੇ ਬਾਰੇ ਕੀ? ਅੱਜ ਯਹੋਵਾਹ ਆਪਣਾ ਮਕਸਦ ਪੂਰਾ ਕਰਨ ਲਈ ਆਪਣੀ ਸ਼ਕਤੀ ਕਿਵੇਂ ਵਰਤ ਰਿਹਾ ਹੈ? ਸਾਨੂੰ ਇਹ ਜਾਣਨ ਦੀ ਲੋੜ ਹੈ ਕਿਉਂਕਿ ਅਸੀਂ ਪਵਿੱਤਰ ਸ਼ਕਤੀ ਦੀ ਸੇਧ ਵਿਚ ਚੱਲਣਾ ਚਾਹੁੰਦੇ ਹਾਂ। ਤਾਂ ਫਿਰ ਆਓ ਆਪਾਂ ਚਾਰ ਤਰੀਕਿਆਂ ਵੱਲ ਧਿਆਨ ਦੇਈਏ ਜਿਨ੍ਹਾਂ ਨਾਲ ਅੱਜ ਯਹੋਵਾਹ ਆਪਣੀ ਸ਼ਕਤੀ ਵਰਤ ਰਿਹਾ ਹੈ।

ਸਾਡੇ ਜ਼ਮਾਨੇ ਵਿਚ ਪਵਿੱਤਰ ਸ਼ਕਤੀ ਦਾ ਰੋਲ

11. ਕਿਹੜੀ ਗੱਲ ਤੋਂ ਪਤਾ ਲੱਗਦਾ ਹੈ ਕਿ ਪਵਿੱਤਰ ਸ਼ਕਤੀ ਦੀ ਮਦਦ ਨਾਲ ਪਰਮੇਸ਼ੁਰ ਦੇ ਲੋਕ ਸ਼ੁੱਧ ਰਹਿ ਸਕਦੇ ਹਨ ਅਤੇ ਤੁਸੀਂ ਕਿਵੇਂ ਦਿਖਾ ਸਕਦੇ ਹੋ ਕਿ ਤੁਸੀਂ ਇਸ ਸ਼ਕਤੀ ਦੀ ਸੇਧ ਵਿਚ ਚੱਲ ਰਹੇ ਹੋ?

11 ਪਹਿਲਾ ਤਰੀਕਾ, ਪਵਿੱਤਰ ਸ਼ਕਤੀ ਯਹੋਵਾਹ ਦੇ ਲੋਕਾਂ ਨੂੰ ਸ਼ੁੱਧ ਰੱਖਦੀ ਹੈ। ਜਿਹੜੇ ਲੋਕ ਯਹੋਵਾਹ ਦੇ ਮਕਸਦ ਅਨੁਸਾਰ ਚੱਲਦੇ ਹਨ, ਉਨ੍ਹਾਂ ਨੂੰ ਨੈਤਿਕ ਤੌਰ ਤੇ ਸ਼ੁੱਧ ਰਹਿਣ ਦੀ ਲੋੜ ਹੈ। (1 ਕੁਰਿੰਥੀਆਂ 6:9-11 ਪੜ੍ਹੋ।) ਕੁਝ ਲੋਕ ਜੋ ਪਹਿਲਾਂ ਹਰਾਮਕਾਰੀ ਅਤੇ ਸਮਲਿੰਗੀ ਕੰਮ ਕਰਦੇ ਸਨ, ਉਹ ਅੱਜ ਮਸੀਹੀ ਹਨ। ਇੱਦਾਂ ਦੇ ਗੰਦੇ ਕੰਮ ਕਰਨ ਦੀ ਇੱਛਾ ਉੱਤੇ ਕਾਬੂ ਪਾਉਣਾ ਬਹੁਤ ਮੁਸ਼ਕਲ ਹੋ ਸਕਦਾ ਹੈ। (ਯਾਕੂ. 1:14, 15) ਪਰ ਅਜਿਹੇ ਇਨਸਾਨ “ਧੋਤੇ ਗਏ” ਹਨ ਜਿਸ ਦਾ ਮਤਲਬ ਹੈ ਕਿ ਉਨ੍ਹਾਂ ਨੇ ਪਰਮੇਸ਼ੁਰ ਨੂੰ ਖ਼ੁਸ਼ ਕਰਨ ਲਈ ਆਪਣੀ ਜ਼ਿੰਦਗੀ ਵਿਚ ਤਬਦੀਲੀਆਂ ਲਿਆਂਦੀਆਂ ਹਨ। ਪਰਮੇਸ਼ੁਰ ਨਾਲ ਪਿਆਰ ਰੱਖਣ ਵਾਲਾ ਇਨਸਾਨ ਆਪਣੀਆਂ ਗ਼ਲਤ ਇੱਛਾਵਾਂ ਉੱਤੇ ਕਾਬੂ ਪਾਉਣ ਵਿਚ ਕਿਵੇਂ ਸਫ਼ਲ ਹੁੰਦਾ ਹੈ? 1 ਕੁਰਿੰਥੀਆਂ 6:11 ਦੇ ਮੁਤਾਬਕ ‘ਪਰਮੇਸ਼ੁਰ ਦੀ ਸ਼ਕਤੀ’ ਉਸ ਦੀ ਮਦਦ ਕਰਦੀ ਹੈ। ਸੋ ਨੈਤਿਕ ਤੌਰ ਤੇ ਸ਼ੁੱਧ ਰਹਿ ਕੇ ਤੁਸੀਂ ਦਿਖਾ ਰਹੇ ਹੋ ਕਿ ਤੁਸੀਂ ਪਰਮੇਸ਼ੁਰ ਦੀ ਸ਼ਕਤੀ ਨੂੰ ਆਪਣੇ ’ਤੇ ਅਸਰ ਕਰਨ ਦਿੰਦੇ ਹੋ।

12. (ੳ) ਹਿਜ਼ਕੀਏਲ ਦੇ ਦਰਸ਼ਣ ਮੁਤਾਬਕ ਯਹੋਵਾਹ ਆਪਣਾ ਸੰਗਠਨ ਕਿਵੇਂ ਚਲਾ ਰਿਹਾ ਹੈ? (ਅ) ਤੁਸੀਂ ਕਿਵੇਂ ਦਿਖਾ ਸਕਦੇ ਹੋ ਕਿ ਤੁਸੀਂ ਪਵਿੱਤਰ ਸ਼ਕਤੀ ਅਨੁਸਾਰ ਕੰਮ ਕਰ ਰਹੇ ਹੋ?

12 ਦੂਜਾ ਤਰੀਕਾ, ਯਹੋਵਾਹ ਆਪਣੀ ਸ਼ਕਤੀ ਰਾਹੀਂ ਆਪਣੇ ਸੰਗਠਨ ਨੂੰ ਕਿਸੇ ਵੀ ਦਿਸ਼ਾ ਵੱਲ ਮੋੜ ਸਕਦਾ ਹੈ। ਹਿਜ਼ਕੀਏਲ ਨੂੰ ਦਿੱਤੇ ਦਰਸ਼ਣ ਵਿਚ ਯਹੋਵਾਹ ਦੇ ਸਵਰਗੀ ਸੰਗਠਨ ਦੀ ਤੁਲਨਾ ਇਕ ਰਥ ਨਾਲ ਕੀਤੀ ਗਈ ਹੈ ਜੋ ਉਸ ਦੇ ਮਕਸਦ ਨੂੰ ਪੂਰਾ ਕਰਨ ਲਈ ਅੱਗੇ ਵਧਦਾ ਜਾ ਰਿਹਾ ਹੈ। ਕਿਸ ਚੀਜ਼ ਨਾਲ ਇਹ ਸਵਰਗੀ ਰਥ ਕਿਸੇ ਦਿਸ਼ਾ ਵੱਲ ਮੁੜਦਾ ਹੈ? ਪਵਿੱਤਰ ਸ਼ਕਤੀ ਨਾਲ। (ਹਿਜ਼. 1:20, 21) ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਯਹੋਵਾਹ ਦੇ ਸੰਗਠਨ ਦੇ ਦੋ ਹਿੱਸੇ ਹਨ, ਇਕ ਹਿੱਸਾ ਧਰਤੀ ’ਤੇ ਹੈ ਅਤੇ ਦੂਜਾ ਸਵਰਗ ਵਿਚ। ਜੇ ਸਵਰਗੀ ਹਿੱਸਾ ਪਰਮੇਸ਼ੁਰ ਦੀ ਸ਼ਕਤੀ ਨਾਲ ਚੱਲਦਾ ਹੈ, ਤਾਂ ਇਹ ਜ਼ਮੀਨੀ ਹਿੱਸੇ ਬਾਰੇ ਵੀ ਸੱਚ ਹੋਵੇਗਾ। ਧਰਤੀ ਉੱਤੇ ਪਰਮੇਸ਼ੁਰ ਦੇ ਸੰਗਠਨ ਦੇ ਨਿਰਦੇਸ਼ਨ ਅਧੀਨ ਵਫ਼ਾਦਾਰੀ ਨਾਲ ਚੱਲ ਕੇ ਤੁਸੀਂ ਦਿਖਾਉਂਦੇ ਹੋ ਕਿ ਤੁਸੀਂ ਉਸ ਦੇ ਸਵਰਗੀ ਰਥ ਦੇ ਨਾਲ-ਨਾਲ ਚੱਲ ਰਹੇ ਹੋ ਅਤੇ ਪਵਿੱਤਰ ਸ਼ਕਤੀ ਦੀ ਸੇਧ ਅਨੁਸਾਰ ਕੰਮ ਰਹੇ ਹੋ।—ਇਬ. 13:17.

13, 14. (ੳ) ਯਿਸੂ ਵੱਲੋਂ ਜ਼ਿਕਰ ਕੀਤੀ ਗਈ ‘ਇਸ ਪੀਹੜੀ’ ਵਿਚ ਕੌਣ ਸ਼ਾਮਲ ਹਨ? (ਅ) ਉਦਾਹਰਣ ਦੇ ਕੇ ਸਮਝਾਓ ਕਿ ਪਵਿੱਤਰ ਸ਼ਕਤੀ ਕਿਵੇਂ ਬਾਈਬਲ ਦੀਆਂ ਨਵੀਆਂ ਸੱਚਾਈਆਂ ਜ਼ਾਹਰ ਕਰ ਰਹੀ ਹੈ। (“ਕੀ ਤੁਸੀਂ ਬਾਈਬਲ ਦੀਆਂ ਨਵੀਆਂ ਸੱਚਾਈਆਂ ਨੂੰ ਕਬੂਲ ਕਰ ਰਹੇ ਹੋ?” ਨਾਂ ਦੀ ਡੱਬੀ ਦੇਖੋ।)

13 ਤੀਜਾ ਤਰੀਕਾ, ਪਵਿੱਤਰ ਸ਼ਕਤੀ ਬਾਈਬਲ ਦੀਆਂ ਸੱਚਾਈਆਂ ਸਮਝਣ ਵਿਚ ਸਾਡੀ ਮਦਦ ਕਰਦੀ ਹੈ। (ਕਹਾ. 4:18) ਕਈ ਸਾਲਾਂ ਤੋਂ “ਮਾਤਬਰ ਅਤੇ ਬੁੱਧਵਾਨ ਨੌਕਰ” ਨੇ ਖ਼ਾਸ ਕਰਕੇ ਇਸ ਰਸਾਲੇ ਰਾਹੀਂ ਸੱਚਾਈ ਦੀ ਵਧਦੀ ਜਾ ਰਹੀ ਰੌਸ਼ਨੀ ਸਾਡੇ ਤਕ ਪਹੁੰਚਾਈ ਹੈ। (ਮੱਤੀ 24:45) ਮਿਸਾਲ ਲਈ, ਧਿਆਨ ਦਿਓ ਕਿ ਯਿਸੂ ਵੱਲੋਂ ਜ਼ਿਕਰ ਕੀਤੀ ‘ਇਸ ਪੀਹੜੀ’ ਬਾਰੇ ਅਸੀਂ ਕੀ ਜਾਣਦੇ ਹਾਂ। (ਮੱਤੀ 24:32-34 ਪੜ੍ਹੋ।) ਯਿਸੂ ਕਿਸ ਪੀੜ੍ਹੀ ਦਾ ਜ਼ਿਕਰ ਕਰ ਰਿਹਾ ਸੀ? “ਮਸੀਹ ਦਾ ਆਉਣਾ ਤੁਹਾਡੇ ਲਈ ਕੀ ਅਰਥ ਰੱਖਦਾ ਹੈ?” ਨਾਂ ਦੇ ਲੇਖ ਵਿਚ ਸਾਨੂੰ ਸਮਝਾਇਆ ਗਿਆ ਸੀ ਕਿ ਯਿਸੂ ਦੁਸ਼ਟ ਲੋਕਾਂ ਦੀ ਨਹੀਂ, ਬਲਕਿ ਆਪਣੇ ਚੇਲਿਆਂ ਦੀ ਗੱਲ ਕਰ ਰਿਹਾ ਸੀ ਜਿਨ੍ਹਾਂ ਨੂੰ ਥੋੜ੍ਹੇ ਚਿਰ ਬਾਅਦ ਪਵਿੱਤਰ ਸ਼ਕਤੀ ਨਾਲ ਮਸਹ ਕੀਤਾ ਜਾਣਾ ਸੀ। * ਪਹਿਲੀ ਸਦੀ ਵਿਚ ਅਤੇ ਸਾਡੇ ਜ਼ਮਾਨੇ ਵਿਚ ਰਹਿੰਦੇ ਯਿਸੂ ਦੇ ਮਸਹ ਕੀਤੇ ਹੋਏ ਚੇਲੇ ਨਾ ਸਿਰਫ਼ ਲੱਛਣ ਦੇਖਣਗੇ, ਸਗੋਂ ਲੱਛਣ ਦਾ ਮਤਲਬ ਵੀ ਸਮਝਣਗੇ ਕਿ ਯਿਸੂ “ਨੇੜੇ ਸਗੋਂ ਬੂਹੇ ਉੱਤੇ ਹੈ।”

14 ਇਹ ਗੱਲ ਸਾਡੇ ਲਈ ਕੀ ਮਾਅਨੇ ਰੱਖਦੀ ਹੈ? ਭਾਵੇਂ ਅਸੀਂ ਠੀਕ-ਠੀਕ ਨਹੀਂ ਜਾਣ ਸਕਦੇ ਕਿ “ਇਹ ਪੀਹੜੀ” ਕਿੰਨਾ ਚਿਰ ਚੱਲਦੀ ਰਹੇਗੀ, ਪਰ ਸਾਨੂੰ “ਪੀਹੜੀ” ਸ਼ਬਦ ਬਾਰੇ ਕੁਝ ਗੱਲਾਂ ਵੱਲ ਧਿਆਨ ਦੇਣ ਦੀ ਲੋੜ ਹੈ: ਇਕ ਪੀੜ੍ਹੀ ਵਿਚ ਵੱਖੋ-ਵੱਖਰੀ ਉਮਰ ਦੇ ਲੋਕ ਹੁੰਦੇ ਹਨ ਅਤੇ ਉਨ੍ਹਾਂ ਦੀ ਉਮਰ ਦੇ ਕੁਝ ਸਾਲ ਸਾਂਝੇ ਹੁੰਦੇ ਹਨ। ਮਿਸਾਲ ਲਈ ਪਿਤਾ-ਪੁੱਤਰ ਜਾਂ ਦਾਦੇ-ਪੋਤੇ ਦੀ ਜ਼ਿੰਦਗੀ ਦੇ ਕੁਝ ਸਾਲ ਸਾਂਝੇ ਹੁੰਦੇ ਹਨ। ਇਕ ਪੀੜ੍ਹੀ ਹੱਦ ਤੋਂ ਜ਼ਿਆਦਾ ਦੇਰ ਨਹੀਂ ਚੱਲਦੀ ਰਹਿੰਦੀ, ਇਹ ਖ਼ਤਮ ਹੋ ਜਾਂਦੀ ਹੈ। (ਕੂਚ 1:6) ਤਾਂ ਫਿਰ “ਇਹ ਪੀਹੜੀ” ਕਹਿਣ ਤੋਂ ਯਿਸੂ ਦਾ ਕੀ ਮਤਲਬ ਸੀ? ਉਸ ਦੇ ਕਹਿਣ ਦਾ ਮਤਲਬ ਸੀ ਕਿ ਜਿਹੜੇ ਮਸਹ ਕੀਤੇ ਹੋਏ ਮਸੀਹੀ 1914 ਵਿਚ ਆਖ਼ਰੀ ਦਿਨਾਂ ਦੀਆਂ ਨਿਸ਼ਾਨੀਆਂ ਸ਼ੁਰੂ ਹੋਣ ਵੇਲੇ ਜੀਉਂਦੇ ਸਨ, ਉਹ ਉਨ੍ਹਾਂ ਮਸਹ ਕੀਤੇ ਹੋਏ ਮਸੀਹੀਆਂ ਨਾਲ ਮਿਲ ਕੇ ਕੁਝ ਸਾਲ ਸੇਵਾ ਕਰਨਗੇ ਜਿਹੜੇ ਵੱਡੀ ਬਿਪਤਾ ਦੀ ਸ਼ੁਰੂਆਤ ਦੇਖਣਗੇ। ਇਸ ਪੀੜ੍ਹੀ ਦੀ ਸ਼ੁਰੂਆਤ ਹੋਈ ਸੀ ਅਤੇ ਇਸ ਦਾ ਅੰਤ ਵੀ ਹੋਵੇਗਾ। ਸੋ ਯਿਸੂ ਵੱਲੋਂ ਦੱਸੇ ਲੱਛਣ ਦੀ ਅੱਜ ਹੋ ਰਹੀ ਪੂਰਤੀ ਤੋਂ ਸਾਫ਼ ਪਤਾ ਲੱਗਦਾ ਹੈ ਕਿ ਵੱਡੀ ਬਿਪਤਾ ਬਹੁਤ ਨਜ਼ਦੀਕ ਹੈ। ਤੁਸੀਂ ਸਮੇਂ ਦੀ ਗੰਭੀਰਤਾ ਨੂੰ ਧਿਆਨ ਵਿਚ ਰੱਖਦੇ ਹੋ ਅਤੇ ਜਾਗਦੇ ਰਹਿੰਦੇ ਹੋ। ਇਸ ਤਰ੍ਹਾਂ ਤੁਸੀਂ ਦਿਖਾਉਂਦੇ ਹੋ ਕਿ ਤੁਸੀਂ ਬਾਈਬਲ ਦੀ ਨਵੀਂ ਸਮਝ ਨੂੰ ਕਬੂਲ ਕਰ ਰਹੇ ਹੋ ਅਤੇ ਪਵਿੱਤਰ ਸ਼ਕਤੀ ਦੀ ਸੇਧ ਵਿਚ ਚੱਲ ਰਹੇ ਹੋ।—ਮਰ. 13:37.

15. ਕਿਹੜੀ ਗੱਲ ਤੋਂ ਪਤਾ ਲੱਗਦਾ ਹੈ ਕਿ ਅਸੀਂ ਪਵਿੱਤਰ ਸ਼ਕਤੀ ਦੀ ਮਦਦ ਨਾਲ ਖ਼ੁਸ਼ ਖ਼ਬਰੀ ਸੁਣਾਉਂਦੇ ਹਾਂ?

15 ਚੌਥਾ ਤਰੀਕਾ, ਪਵਿੱਤਰ ਸ਼ਕਤੀ ਦੀ ਮਦਦ ਨਾਲ ਅਸੀਂ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਹਾਂ। (ਰਸੂ. 1:8) ਹੋਰ ਕਿਸ ਤਰੀਕੇ ਨਾਲ ਦੁਨੀਆਂ ਭਰ ਵਿਚ ਪ੍ਰਚਾਰ ਹੋ ਸਕਦਾ ਸੀ? ਜ਼ਰਾ ਇਸ ਬਾਰੇ ਸੋਚੋ। ਤੁਸੀਂ ਸ਼ਾਇਦ ਉਨ੍ਹਾਂ ਵਿੱਚੋਂ ਹੋ ਜੋ ਪ੍ਰਚਾਰ ’ਤੇ ਜਾਣ ਤੋਂ ਬਹੁਤ ਹੀ ਸ਼ਰਮਾਉਂਦੇ ਜਾਂ ਝਿਜਕਦੇ ਹੁੰਦੇ ਸੀ। ਸ਼ਾਇਦ ਤੁਸੀਂ ਇਸ ਤਰ੍ਹਾਂ ਸੋਚਿਆ ਹੋਵੇ: ‘ਮੈਥੋਂ ਦਰ-ਦਰ ਜਾ ਕੇ ਪ੍ਰਚਾਰ ਨਹੀਂ ਹੋਣਾ!’ ਪਰ ਹੁਣ ਤੁਸੀਂ ਇਸ ਕੰਮ ਵਿਚ ਜੋਸ਼ ਨਾਲ ਹਿੱਸਾ ਲੈਂਦੇ ਹੋ। * ਯਹੋਵਾਹ ਦੇ ਕਈ ਵਫ਼ਾਦਾਰ ਗਵਾਹ ਵਿਰੋਧ ਹੋਣ ਜਾਂ ਸਤਾਏ ਜਾਣ ਦੇ ਬਾਵਜੂਦ ਪ੍ਰਚਾਰ ਦੇ ਕੰਮ ਵਿਚ ਲੱਗੇ ਰਹੇ ਹਨ। ਸਿਰਫ਼ ਯਹੋਵਾਹ ਦੀ ਸ਼ਕਤੀ ਨਾਲ ਹੀ ਅਸੀਂ ਮੁਸ਼ਕਲਾਂ ਦਾ ਸਾਮ੍ਹਣਾ ਅਤੇ ਉਹ ਕੰਮ ਕਰ ਪਾਉਂਦੇ ਹਾਂ ਜੋ ਅਸੀਂ ਆਪਣੀ ਤਾਕਤ ਨਾਲ ਨਹੀਂ ਕਰ ਸਕਦੇ। (ਮੀਕਾ. 3:8; ਮੱਤੀ 17:20) ਵਧ-ਚੜ੍ਹ ਕੇ ਪ੍ਰਚਾਰ ਕਰਨ ਨਾਲ ਤੁਸੀਂ ਦਿਖਾ ਰਹੇ ਹੋ ਕਿ ਤੁਸੀਂ ਪਵਿੱਤਰ ਸ਼ਕਤੀ ਦੀ ਅਗਵਾਈ ਵਿਚ ਚੱਲ ਰਹੇ ਹੋ।

ਭਵਿੱਖ ਵਿਚ ਪਵਿੱਤਰ ਸ਼ਕਤੀ ਦਾ ਰੋਲ

16. ਅਸੀਂ ਕਿਉਂ ਯਕੀਨ ਕਰ ਸਕਦੇ ਹਾਂ ਕਿ ਵੱਡੀ ਬਿਪਤਾ ਦੌਰਾਨ ਯਹੋਵਾਹ ਆਪਣੇ ਲੋਕਾਂ ਦੀ ਰਾਖੀ ਕਰੇਗਾ?

16 ਭਵਿੱਖ ਵਿਚ ਯਹੋਵਾਹ ਵਧੀਆ ਤਰੀਕੇ ਨਾਲ ਆਪਣੀ ਸ਼ਕਤੀ ਵਰਤ ਕੇ ਆਪਣਾ ਮਕਸਦ ਪੂਰਾ ਕਰੇਗਾ। ਪਰ ਪਹਿਲਾਂ ਦੇਖੋ ਕਿ ਯਹੋਵਾਹ ਆਪਣੇ ਸੇਵਕਾਂ ਦੀ ਰਾਖੀ ਕਿਵੇਂ ਕਰਦਾ ਹੈ। ਅਸੀਂ ਦੇਖਿਆ ਹੈ ਕਿ ਯਹੋਵਾਹ ਨੇ ਪੁਰਾਣੇ ਜ਼ਮਾਨੇ ਵਿਚ ਆਪਣੇ ਇਕੱਲੇ-ਇਕੱਲੇ ਸੇਵਕ ਦੀ ਰਾਖੀ ਤਾਂ ਕੀਤੀ ਹੀ ਸੀ, ਸਗੋਂ ਇਸਰਾਏਲ ਦੀ ਪੂਰੀ ਕੌਮ ਦੀ ਵੀ ਰਾਖੀ ਕੀਤੀ ਸੀ। ਇਸ ਲਈ ਸਾਨੂੰ ਪੂਰਾ ਯਕੀਨ ਹੈ ਕਿ ਇਸ ਸ਼ਕਤੀ ਦੇ ਜ਼ਰੀਏ ਉਹ ਵੱਡੀ ਬਿਪਤਾ ਦੌਰਾਨ ਵੀ ਆਪਣੇ ਲੋਕਾਂ ਦੀ ਰਾਖੀ ਕਰੇਗਾ। ਤਾਂ ਫਿਰ ਸਾਨੂੰ ਅੰਦਾਜ਼ਾ ਲਾਉਣ ਦੀ ਕੋਈ ਲੋੜ ਨਹੀਂ ਕਿ ਉਸ ਵੇਲੇ ਯਹੋਵਾਹ ਕਿਵੇਂ ਸਾਡੀ ਰਾਖੀ ਕਰੇਗਾ। ਇਸ ਦੀ ਬਜਾਇ, ਇਹ ਜਾਣ ਕੇ ਸਾਡਾ ਭਰੋਸਾ ਪੱਕਾ ਹੋਣਾ ਚਾਹੀਦਾ ਹੈ ਕਿ ਯਹੋਵਾਹ ਦੇ ਸੇਵਕ ਉਸ ਦੀਆਂ ਅੱਖਾਂ ਦੇ ਸਾਮ੍ਹਣੇ ਹੋਣਗੇ ਅਤੇ ਉਹ ਹਰ ਹਾਲ ਵਿਚ ਆਪਣੀ ਸ਼ਕਤੀ ਨਾਲ ਉਨ੍ਹਾਂ ਦੀ ਮਦਦ ਕਰੇਗਾ।—2 ਇਤ. 16:9; ਜ਼ਬੂ. 139:7-12.

17. ਨਵੀਂ ਦੁਨੀਆਂ ਵਿਚ ਯਹੋਵਾਹ ਆਪਣੀ ਪਵਿੱਤਰ ਸ਼ਕਤੀ ਕਿਵੇਂ ਵਰਤੇਗਾ?

17 ਆਉਣ ਵਾਲੀ ਨਵੀਂ ਦੁਨੀਆਂ ਵਿਚ ਯਹੋਵਾਹ ਆਪਣੀ ਪਵਿੱਤਰ ਸ਼ਕਤੀ ਕਿਵੇਂ ਵਰਤੇਗਾ? ਉਸ ਸਮੇਂ ਪਵਿੱਤਰ ਸ਼ਕਤੀ ਦੇ ਜ਼ਰੀਏ ਨਵੀਆਂ ਪੋਥੀਆਂ ਖੁੱਲ੍ਹਣਗੀਆਂ। (ਪਰ. 20:12) ਇਨ੍ਹਾਂ ਵਿਚ ਕੀ ਲਿਖਿਆ ਹੋਵੇਗਾ? ਲੱਗਦਾ ਹੈ ਕਿ ਇਨ੍ਹਾਂ ਵਿਚ ਯਹੋਵਾਹ ਦੀਆਂ ਉਹ ਹਿਦਾਇਤਾਂ ਹੋਣਗੀਆਂ ਜਿਨ੍ਹਾਂ ਦੀ ਸਾਨੂੰ ਹਜ਼ਾਰ ਸਾਲਾਂ ਦੇ ਰਾਜ ਦੌਰਾਨ ਲੋੜ ਪਵੇਗੀ। ਕੀ ਤੁਸੀਂ ਉਨ੍ਹਾਂ ਪੋਥੀਆਂ ਨੂੰ ਪੜ੍ਹਨ ਲਈ ਉਤਸੁਕ ਹੋ? ਅਸੀਂ ਉਹ ਨਵੀਂ ਦੁਨੀਆਂ ਦੇਖਣ ਲਈ ਬਹੁਤ ਉਤਾਵਲੇ ਹਾਂ! ਅਸੀਂ ਕਲਪਨਾ ਵੀ ਨਹੀਂ ਕਰ ਸਕਦੇ ਕਿ ਉਸ ਸੁਨਹਿਰੇ ਸਮੇਂ ਵਿਚ ਜੀਣਾ ਕਿੰਨਾ ਸੁਖਦਾਈ ਹੋਵੇਗਾ ਜਦ ਯਹੋਵਾਹ ਆਪਣੀ ਸ਼ਕਤੀ ਨਾਲ ਧਰਤੀ ਅਤੇ ਇਨਸਾਨਾਂ ਲਈ ਰੱਖੇ ਆਪਣੇ ਮਕਸਦ ਨੂੰ ਪੂਰਾ ਕਰੇਗਾ।

18. ਸਾਨੂੰ ਕੀ ਕਰਨ ਦੀ ਠਾਣ ਲੈਣੀ ਚਾਹੀਦੀ ਹੈ?

18 ਸਾਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਯਹੋਵਾਹ ਦਾ ਮਕਸਦ ਪੂਰਾ ਹੋ ਕੇ ਰਹੇਗਾ ਕਿਉਂਕਿ ਉਹ ਆਪਣੀ ਪਵਿੱਤਰ ਸ਼ਕਤੀ ਵਰਤਦਾ ਹੈ ਜਿਸ ਦਾ ਦੁਨੀਆਂ ਦੀ ਕੋਈ ਵੀ ਤਾਕਤ ਸਾਮ੍ਹਣਾ ਨਹੀਂ ਕਰ ਸਕਦੀ। ਇਸ ਮਕਸਦ ਦਾ ਤਅੱਲਕ ਤੁਹਾਡੇ ਨਾਲ ਵੀ ਹੈ। ਇਸ ਲਈ ਠਾਣ ਲਓ ਕਿ ਤੁਸੀਂ ਯਹੋਵਾਹ ਦੀ ਪਵਿੱਤਰ ਸ਼ਕਤੀ ਲਈ ਬੇਨਤੀ ਕਰੋਗੇ ਅਤੇ ਉਸ ਦੀ ਸੇਧ ਵਿਚ ਚੱਲੋਗੇ। (ਲੂਕਾ 11:13) ਇਸ ਤਰ੍ਹਾਂ ਤੁਸੀਂ ਯਹੋਵਾਹ ਦੇ ਮਕਸਦ ਅਨੁਸਾਰ ਸੁੰਦਰ ਧਰਤੀ ਉੱਤੇ ਹਮੇਸ਼ਾ ਜੀਉਣ ਦੀ ਉਮੀਦ ਰੱਖ ਸਕਦੇ ਹੋ।

[ਫੁਟਨੋਟ]

^ ਪੈਰਾ 15 1 ਜੂਨ 2000 ਦੇ ਪਹਿਰਾਬੁਰਜ ਦੇ ਸਫ਼ੇ 20-25 ਉੱਤੇ ਇਕ ਭੈਣ ਬਾਰੇ ਪੜ੍ਹੋ ਜੋ ਸੰਗਣਾ ਛੱਡ ਕੇ ਜੋਸ਼ੀਲੀ ਪ੍ਰਚਾਰਕ ਬਣੀ।

ਕੀ ਤੁਹਾਨੂੰ ਯਾਦ ਹੈ?

• ਪੁਰਾਣੇ ਜ਼ਮਾਨੇ ਵਿਚ ਯਹੋਵਾਹ ਨੇ ਆਪਣਾ ਮਕਸਦ ਪੂਰਾ ਕਰਨ ਲਈ ਪਵਿੱਤਰ ਸ਼ਕਤੀ ਕਿਵੇਂ ਵਰਤੀ?

• ਯਹੋਵਾਹ ਅੱਜ ਆਪਣੀ ਪਵਿੱਤਰ ਸ਼ਕਤੀ ਕਿਵੇਂ ਵਰਤ ਰਿਹਾ ਹੈ?

• ਯਹੋਵਾਹ ਭਵਿੱਖ ਵਿਚ ਆਪਣਾ ਮਕਸਦ ਪੂਰਾ ਕਰਨ ਲਈ ਆਪਣੀ ਪਵਿੱਤਰ ਸ਼ਕਤੀ ਕਿਵੇਂ ਵਰਤੇਗਾ?

[ਸਵਾਲ]

[ਸਫ਼ਾ 10 ਉੱਤੇ ਡੱਬੀ]

ਕੀ ਤੁਸੀਂ ਬਾਈਬਲ ਦੀਆਂ ਨਵੀਆਂ ਸੱਚਾਈਆਂ ਨੂੰ ਕਬੂਲ ਕਰ ਰਹੇ ਹੋ?

ਯਹੋਵਾਹ ਆਪਣੇ ਲੋਕਾਂ ਲਈ ਬਾਈਬਲ ਦੀਆਂ ਸੱਚਾਈਆਂ ਉੱਤੇ ਚਾਨਣਾ ਪਾਉਂਦਾ ਹੈ। ਪਹਿਰਾਬੁਰਜ ਰਸਾਲੇ ਵਿਚ ਸਾਨੂੰ ਕਿਹੜੀਆਂ ਸਿੱਖਿਆਵਾਂ ਦੀ ਸਹੀ ਸਮਝ ਮਿਲੀ ਹੈ?

▪ ਖ਼ਮੀਰ ਬਾਰੇ ਯਿਸੂ ਦੇ ਦ੍ਰਿਸ਼ਟਾਂਤ ਵਿਚ ਕਿਹੜੇ ਚੰਗੇ ਵਾਧੇ ਬਾਰੇ ਦੱਸਿਆ ਗਿਆ ਹੈ? (ਮੱਤੀ 13:33)—15 ਜੁਲਾਈ 2008, ਸਫ਼ੇ 19-20.

▪ ਮਸੀਹੀਆਂ ਨੂੰ ਸਵਰਗ ਜਾਣ ਦਾ ਸੱਦਾ ਦਿੱਤਾ ਜਾਣਾ ਕਦੋਂ ਬੰਦ ਹੋਵੇਗਾ?—1 ਮਈ 2007, ਸਫ਼ੇ 30-31.

▪ ਪਵਿੱਤਰ ਸ਼ਕਤੀ ਨਾਲ ਯਹੋਵਾਹ ਦੀ ਭਗਤੀ ਕਰਨ ਦਾ ਕੀ ਮਤਲਬ ਹੈ? (ਯੂਹੰ. 4:24)—15 ਜੁਲਾਈ 2002, ਸਫ਼ਾ 15.

▪ ਵੱਡੀ ਭੀੜ ਕਿਹੜੇ ਵਿਹੜੇ ਵਿਚ ਸੇਵਾ ਕਰ ਰਹੀ ਹੈ? (ਪਰ. 7:15)—1 ਮਈ 2002, ਸਫ਼ੇ 30-31.

▪ ਭੇਡਾਂ ਅਤੇ ਬੱਕਰੀਆਂ ਨੂੰ ਵੱਖਰੇ ਕਰਨ ਦਾ ਕੰਮ ਕਦੋਂ ਹੋਵੇਗਾ? (ਮੱਤੀ 25:31-33)—1 ਅਕਤੂਬਰ 1995, ਸਫ਼ੇ 19-29.