Skip to content

Skip to table of contents

ਨਿਹਚਾ ਵਿਚ ਮਜ਼ਬੂਤ ਰਹੋ ਜਦੋਂ ਤੁਸੀਂ ਬੀਮਾਰ ਰਿਸ਼ਤੇਦਾਰ ਦੀ ਦੇਖ-ਭਾਲ ਕਰਦੇ ਹੋ

ਨਿਹਚਾ ਵਿਚ ਮਜ਼ਬੂਤ ਰਹੋ ਜਦੋਂ ਤੁਸੀਂ ਬੀਮਾਰ ਰਿਸ਼ਤੇਦਾਰ ਦੀ ਦੇਖ-ਭਾਲ ਕਰਦੇ ਹੋ

ਨਿਹਚਾ ਵਿਚ ਮਜ਼ਬੂਤ ਰਹੋ ਜਦੋਂ ਤੁਸੀਂ ਬੀਮਾਰ ਰਿਸ਼ਤੇਦਾਰ ਦੀ ਦੇਖ-ਭਾਲ ਕਰਦੇ ਹੋ

ਕਿਮ ਅਤੇ ਉਸ ਦਾ ਪਤੀ ਸਟੀਵ ਯਹੋਵਾਹ ਦੇ ਗਵਾਹ ਹਨ। ਕਿਮ ਦੀ ਰੀੜ੍ਹ ਦੀ ਹੱਡੀ ਲਾਗੇ ਟਿਊਮਰ ਲੱਭੇ ਜਾਣ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਦੱਸਿਆ ਕਿ ਉਸ ਨੂੰ ਕੈਂਸਰ ਹੈ। * ਸਟੀਵ ਨੇ ਕਿਹਾ: “ਟਿਊਮਰ ਕੱਢੇ ਜਾਣ ਤੋਂ ਬਾਅਦ ਰੇਡੀਓ-ਥੈਰੇਪੀ ਤੇ ਕੀਮੋਥੈਰੇਪੀ ਰਾਹੀਂ ਕਿਮ ਦਾ ਇਲਾਜ ਕੀਤਾ ਗਿਆ। ਇਲਾਜ ਕਾਰਨ ਉਹ ਬਹੁਤ ਕਮਜ਼ੋਰ ਹੋ ਗਈ ਅਤੇ ਉਹ ਜ਼ਿਆਦਾ ਚੱਲ-ਫਿਰ ਨਹੀਂ ਸੀ ਸਕਦੀ।”

ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਸਟੀਵ ਉੱਤੇ ਕੀ ਬੀਤੀ ਹੋਵੇਗੀ ਜਦ ਉਸ ਨੇ ਆਪਣੀ ਬੀਮਾਰ ਪਤਨੀ ਨੂੰ ਤੜਫਦੇ ਦੇਖਿਆ? ਹੋ ਸਕਦਾ ਹੈ ਕਿ ਗੰਭੀਰ ਬੀਮਾਰੀ ਜਾਂ ਬੁਢੇਪੇ ਕਾਰਨ ਤੁਹਾਡੇ ਪਰਿਵਾਰ ਦਾ ਕੋਈ ਜੀਅ ਦੁੱਖ ਝੱਲ ਰਿਹਾ ਹੋਵੇ। (ਉਪ. 12:1-7) ਤੁਸੀਂ ਜਾਣਦੇ ਹੋ ਕਿ ਉਨ੍ਹਾਂ ਦੀ ਚੰਗੀ ਤਰ੍ਹਾਂ ਦੇਖ-ਭਾਲ ਕਰਨ ਲਈ ਤੁਹਾਨੂੰ ਆਪਣਾ ਵੀ ਖ਼ਿਆਲ ਰੱਖਣ ਦੀ ਲੋੜ ਹੈ। ਜੇ ਤੁਸੀਂ ਸੱਚਾਈ ਵਿਚ ਕਮਜ਼ੋਰ ਹੋ ਜਾਓ, ਤਾਂ ਤੁਹਾਡੀ ਸਿਹਤ ’ਤੇ ਮਾੜਾ ਅਸਰ ਪੈ ਸਕਦਾ ਹੈ ਅਤੇ ਤੁਸੀਂ ਕਿਸੇ ਹੋਰ ਦੀ ਦੇਖ-ਭਾਲ ਨਹੀਂ ਕਰ ਸਕੋਗੇ। ਕਿਸੇ ਬੀਮਾਰ ਜਾਂ ਬਿਰਧ ਰਿਸ਼ਤੇਦਾਰ ਦੀ ਦੇਖ-ਭਾਲ ਕਰਨ ਦੇ ਨਾਲ-ਨਾਲ ਤੁਸੀਂ ਆਪਣੀਆਂ ਮਸੀਹੀ ਜ਼ਿੰਮੇਵਾਰੀਆਂ ਕਿਵੇਂ ਨਿਭਾ ਸਕਦੇ ਹੋ? ਕੀ ਅਜਿਹੇ ਬੀਮਾਰਾਂ ਦੀ ਮਦਦ ਕਰਨ ਲਈ ਕਲੀਸਿਯਾ ਦੇ ਬਾਕੀ ਭੈਣ-ਭਰਾ ਵੀ ਕੁਝ ਕਰ ਸਕਦੇ ਹਨ?

ਸਮਝਦਾਰੀ ਤੋਂ ਕੰਮ ਲਓ

ਯਹੋਵਾਹ ਦੀ ਸੇਵਾ ਕਰਨ ਅਤੇ ਆਪਣੀ ਸਿਹਤ ਦਾ ਖ਼ਿਆਲ ਰੱਖਣ ਦੇ ਨਾਲ-ਨਾਲ ਕਿਸੇ ਬੀਮਾਰ ਰਿਸ਼ਤੇਦਾਰ ਦੀ ਦੇਖ-ਭਾਲ ਕਰਨ ਲਈ ਤੁਹਾਨੂੰ ਤਬਦੀਲੀਆਂ ਕਰਨ ਦੀ ਲੋੜ ਹੈ। ਇਸ ਬਾਰੇ ਵੀ ਸੋਚਣ ਦੀ ਲੋੜ ਹੈ ਕਿ ਤੁਸੀਂ ਆਪਣਾ ਸਮਾਂ ਅਤੇ ਤਾਕਤ ਕਿਨ੍ਹਾਂ ਕੰਮਾਂ ਵਿਚ ਲਾ ਰਹੇ ਹੋ। ਬਾਈਬਲ ਸਲਾਹ ਦਿੰਦੀ ਹੈ ਕਿ ਸਾਨੂੰ ਇਹ ਦੇਖਣਾ ਚਾਹੀਦਾ ਹੈ ਕਿ ਅਸੀਂ ਕਿੰਨਾ ਕੁ ਕੁਝ ਕਰ ਸਕਦੇ ਹਾਂ। ਇਹ ਦੇਖਣਾ ਜ਼ਰੂਰੀ ਹੈ ਕਿ ਤੁਹਾਡੇ ਕੋਲ ਕਿੰਨਾ ਸਮਾਂ ਹੈ ਅਤੇ ਕੀ-ਕੀ ਜ਼ਿੰਮੇਵਾਰੀਆਂ ਹਨ ਤਾਂਕਿ ਤੁਸੀਂ ਆਪਣੇ ’ਤੇ ਜ਼ਿਆਦਾ ਬੋਝ ਨਾ ਪਾਓ।

ਸਟੀਵ ਨੇ ਸਮਝਦਾਰੀ ਤੋਂ ਕੰਮ ਲੈ ਕੇ ਆਪਣੀਆਂ ਜ਼ਿੰਮੇਵਾਰੀਆਂ ਵੱਲ ਧਿਆਨ ਦਿੱਤਾ। ਉਹ ਨੌਕਰੀ ਕਰਨ ਤੋਂ ਇਲਾਵਾ ਯਹੋਵਾਹ ਦੇ ਗਵਾਹਾਂ ਦੀ ਕਲੀਸਿਯਾ ਵਿਚ ਬਜ਼ੁਰਗਾਂ ਦੇ ਸਮੂਹ ਦਾ ਸਹਾਇਕ ਅਤੇ ਸਰਵਿਸ ਓਵਰਸੀਅਰ ਸੀ। ਇਸ ਤੋਂ ਇਲਾਵਾ ਉਹ ਆਇਰਲੈਂਡ ਵਿਚ ਆਪਣੇ ਇਲਾਕੇ ਦੀ ਹਸਪਤਾਲ ਸੰਪਰਕ ਕਮੇਟੀ ਦਾ ਮੈਂਬਰ ਵੀ ਸੀ। ਸਟੀਵ ਦੱਸਦਾ ਹੈ: “ਕਿਮ ਨੇ ਕਦੇ ਸ਼ਿਕਾਇਤ ਨਹੀਂ ਕੀਤੀ ਕਿ ਮੈਂ ਉਸ ਦੀ ਬਜਾਇ ਇਨ੍ਹਾਂ ਜ਼ਿੰਮੇਵਾਰੀਆਂ ਵੱਲ ਜ਼ਿਆਦਾ ਧਿਆਨ ਦੇ ਰਿਹਾ ਸੀ। ਪਰ ਮੈਨੂੰ ਪਤਾ ਸੀ ਕਿ ਮੈਂ ਕੁਝ ਜ਼ਿਆਦਾ ਹੀ ਕਰ ਰਿਹਾ ਸੀ।” ਸਟੀਵ ਨੇ ਇਸ ਬਾਰੇ ਕੀ ਕੀਤਾ? ਉਹ ਦੱਸਦਾ ਹੈ: “ਪ੍ਰਾਰਥਨਾ ਕਰਨ ਤੋਂ ਬਾਅਦ ਮੈਂ ਫ਼ੈਸਲਾ ਕੀਤਾ ਕਿ ਮੈਂ ਸਹਾਇਕ ਬਜ਼ੁਰਗ ਵਜੋਂ ਸੇਵਾ ਨਹੀਂ ਕਰਾਂਗਾ। ਮੈਂ ਕਲੀਸਿਯਾ ਵਿਚ ਬਜ਼ੁਰਗ ਵਜੋਂ ਸੇਵਾ ਕਰਦਾ ਰਿਹਾ, ਪਰ ਮੈਂ ਆਪਣੀਆਂ ਕਈ ਜ਼ਿੰਮੇਵਾਰੀਆਂ ਦੂਸਰਿਆਂ ਨੂੰ ਦੇ ਦਿੱਤੀਆਂ। ਇਸ ਤਰ੍ਹਾਂ ਮੈਂ ਕਿਮ ਲਈ ਜ਼ਿਆਦਾ ਸਮਾਂ ਕੱਢ ਕੇ ਉਸ ਦੀ ਦੇਖ-ਭਾਲ ਕਰ ਸਕਿਆ।”

ਹੁਣ ਕਿਮ ਦੀ ਸਿਹਤ ਪਹਿਲਾਂ ਨਾਲੋਂ ਬਿਹਤਰ ਹੈ। ਇਸ ਕਰਕੇ ਹੁਣ ਸਟੀਵ ਆਪਣੀ ਪਤਨੀ ਦੀ ਸਹਾਇਤਾ ਨਾਲ ਕਲੀਸਿਯਾ ਵਿਚ ਆਪਣੀਆਂ ਪਹਿਲੀਆਂ ਜ਼ਿੰਮੇਵਾਰੀਆਂ ਸੰਭਾਲ ਸਕਦਾ ਹੈ। ਉਹ ਕਹਿੰਦਾ ਹੈ: “ਬੀਮਾਰੀ ਕਰਕੇ ਸਾਨੂੰ ਦੋਹਾਂ ਨੂੰ ਤਬਦੀਲੀਆਂ ਕਰਨੀਆਂ ਪਈਆਂ। ਮੈਂ ਯਹੋਵਾਹ ਦਾ ਬਹੁਤ ਸ਼ੁਕਰ ਕਰਦਾ ਹਾਂ ਕਿ ਉਸ ਨੇ ਸਾਡੀ ਮਦਦ ਕੀਤੀ ਅਤੇ ਮੈਂ ਖ਼ੁਸ਼ ਹਾਂ ਕਿ ਮਾੜੀ ਸਿਹਤ ਦੇ ਬਾਵਜੂਦ ਮੇਰੀ ਪਤਨੀ ਮੇਰਾ ਸਾਥ ਦੇ ਰਹੀ ਹੈ।”

ਜੈਰੀ ਅਤੇ ਮਰੀਆ ਦੀ ਮਿਸਾਲ ਉੱਤੇ ਵੀ ਗੌਰ ਕਰੋ। ਜੈਰੀ ਆਇਰਲੈਂਡ ਵਿਚ ਸਰਕਟ ਓਵਰਸੀਅਰ ਵਜੋਂ ਸੇਵਾ ਕਰ ਰਿਹਾ ਹੈ। ਉਨ੍ਹਾਂ ਦੋਹਾਂ ਨੂੰ ਆਪਣੇ ਟੀਚੇ ਬਦਲਣੇ ਪਏ ਤਾਂਕਿ ਉਹ ਆਪਣੇ ਬਿਰਧ ਮਾਪਿਆਂ ਦੀ ਦੇਖ-ਰੇਖ ਕਰ ਸਕਣ। ਮਰੀਆ ਕਹਿੰਦੀ ਹੈ: “ਅਸੀਂ ਮਿਸ਼ਨਰੀ ਬਣ ਕੇ ਵਿਦੇਸ਼ ਸੇਵਾ ਕਰਨੀ ਚਾਹੁੰਦੇ ਸੀ। ਪਰ ਜੈਰੀ ਦੇ ਭੈਣ-ਭਰਾ ਨਹੀਂ ਅਤੇ ਉਸ ਦੇ ਮਾਪਿਆਂ ਨੂੰ ਮਦਦ ਦੀ ਲੋੜ ਸੀ। ਇਸ ਕਰਕੇ ਅਸੀਂ ਆਇਰਲੈਂਡ ਵਿਚ ਰਹਿ ਕੇ ਉਨ੍ਹਾਂ ਦੀ ਦੇਖ-ਭਾਲ ਕਰਨ ਦਾ ਫ਼ੈਸਲਾ ਕੀਤਾ। ਜੈਰੀ ਦੇ ਪਿਤਾ ਗੁਜ਼ਰ ਜਾਣ ਤੋਂ ਪਹਿਲਾਂ ਕਾਫ਼ੀ ਬੀਮਾਰ ਸਨ ਜਿਸ ਕਰਕੇ ਉਨ੍ਹਾਂ ਨੂੰ ਹਸਪਤਾਲ ਰਹਿਣਾ ਪਿਆ। ਲਾਗੇ ਹੋਣ ਕਰਕੇ ਅਸੀਂ ਦਿਨ-ਰਾਤ ਉਨ੍ਹਾਂ ਦੀ ਮਦਦ ਕਰ ਸਕੇ। ਅਸੀਂ ਜੈਰੀ ਦੀ ਮੰਮੀ ਤੋਂ ਬਹੁਤਾ ਦੂਰ ਨਹੀਂ ਰਹਿੰਦੇ ਅਤੇ ਅਸੀਂ ਹਰ ਰੋਜ਼ ਉਨ੍ਹਾਂ ਦਾ ਪਤਾ ਲੈਂਦੇ ਹਾਂ। ਕਲੀਸਿਯਾ ਦੇ ਭੈਣ-ਭਰਾ ਵੀ ਉਨ੍ਹਾਂ ਦਾ ਬਹੁਤ ਖ਼ਿਆਲ ਰੱਖਦੇ ਹਨ ਜਿਸ ਕਰਕੇ ਅਸੀਂ ਸਰਕਟ ਕੰਮ ਵਿਚ ਲੱਗੇ ਰਹਿ ਸਕੇ ਹਾਂ।”

ਦੂਸਰੇ ਕਿਵੇਂ ਮਦਦ ਕਰ ਸਕਦੇ ਹਨ?

ਜਦ ਪੌਲੁਸ ਰਸੂਲ ਕਲੀਸਿਯਾ ਵਿਚ ਬਿਰਧ ਵਿਧਵਾਵਾਂ ਦੀਆਂ ਲੋੜਾਂ ਪੂਰੀਆਂ ਕਰਨ ਬਾਰੇ ਗੱਲ ਕਰ ਰਿਹਾ ਸੀ, ਤਾਂ ਉਸ ਨੇ ਲਿਖਿਆ: “ਜੇਕਰ ਕੋਈ ਮਨੁੱਖ ਆਪਣੇ ਸੰਬੰਧੀ ਦਾ ਧਿਆਨ ਨਹੀਂ ਰੱਖਦਾ, ਖ਼ਾਸ ਕਰਕੇ ਆਪਣੇ ਟੱਬਰ ਦੇ ਲੋਕਾਂ ਦਾ, ਤਾਂ ਸਮਝੋ ਉਹ ਆਪਣੇ ਵਿਸ਼ਵਾਸ ਤੋਂ ਡਿੱਗ ਚੁਕਾ ਹੈ ਅਤੇ ਉਹ ਅਵਿਸ਼ਵਾਸੀਆਂ ਤੋਂ ਵੀ ਭੈੜਾ ਹੈ।” ਪੌਲੁਸ ਨੇ ਮਸੀਹੀਆਂ ਨੂੰ ਯਾਦ ਕਰਾਇਆ ਕਿ ਉਹ ਉਦੋਂ ਹੀ ‘ਪਰਮੇਸ਼ੁਰ ਨੂੰ ਪਸੰਦ’ ਹੋਣਗੇ ਜੇ ਉਹ ਪੈਸੇ-ਧੇਲੇ ਪੱਖੋਂ ਆਪਣੇ ਬਿਰਧ ਮਾਪਿਆਂ, ਦਾਦਾ-ਦਾਦੀ ਜਾਂ ਨਾਨਾ-ਨਾਨੀ ਦੀ ਦੇਖ-ਭਾਲ ਕਰਨਗੇ। (1 ਤਿਮੋ. 5:4, 8, CL) ਪਰ ਫਿਰ ਵੀ ਕਲੀਸਿਯਾ ਦੇ ਭੈਣ-ਭਰਾ ਮਦਦ ਕਰ ਸਕਦੇ ਹਨ ਅਤੇ ਉਨ੍ਹਾਂ ਨੂੰ ਮਦਦ ਕਰਨੀ ਵੀ ਚਾਹੀਦੀ ਹੈ।

ਸਵੀਡਨ ਵਿਚ ਰਹਿਣ ਵਾਲੇ ਪਤੀ-ਪਤਨੀ ਹੋਕਨ ਅਤੇ ਇੰਗਾ ਦੀ ਮਿਸਾਲ ਲੈ ਲਓ ਜੋ ਕਾਫ਼ੀ ਸਿਆਣੇ ਹਨ। ਹੋਕਨ ਦੱਸਦਾ ਹੈ: “ਜਦ ਸਾਨੂੰ ਪਤਾ ਲੱਗਾ ਕਿ ਇੰਗਾ ਨੂੰ ਕੈਂਸਰ ਹੈ, ਤਾਂ ਸਾਡੀ ਦੁਨੀਆਂ ਹੀ ਉੱਜੜ ਗਈ। ਇੰਗਾ ਦੀ ਸਿਹਤ ਹਮੇਸ਼ਾ ਚੰਗੀ ਰਹਿੰਦੀ ਸੀ, ਪਰ ਹੁਣ ਉਸ ਦਾ ਇਲਾਜ ਕਰਾਉਣ ਲਈ ਸਾਨੂੰ ਹਰ ਰੋਜ਼ ਹਸਪਤਾਲ ਜਾਣਾ ਪੈਂਦਾ ਸੀ। ਇਲਾਜ ਦੇ ਕਾਰਨ ਇੰਗਾ ਬਹੁਤ ਕਮਜ਼ੋਰ ਹੋ ਗਈ ਅਤੇ ਉਸ ਨੂੰ ਘਰ ਅੰਦਰ ਰਹਿਣਾ ਪਿਆ ਅਤੇ ਮੈਨੂੰ ਵੀ ਉਸ ਨਾਲ ਰਹਿ ਕੇ ਉਸ ਦੀ ਦੇਖ-ਭਾਲ ਕਰਨ ਦੀ ਲੋੜ ਸੀ।” ਕਲੀਸਿਯਾ ਦੇ ਭੈਣਾਂ-ਭਰਾਵਾਂ ਨੇ ਹੋਕਨ ਅਤੇ ਇੰਗਾ ਦੀ ਮਦਦ ਕਿਵੇਂ ਕੀਤੀ?

ਕਲੀਸਿਯਾ ਦੇ ਬਜ਼ੁਰਗਾਂ ਨੇ ਉਨ੍ਹਾਂ ਲਈ ਟੈਲੀਫ਼ੋਨ ਰਾਹੀਂ ਮੀਟਿੰਗਾਂ ਸੁਣਨ ਦਾ ਇੰਤਜ਼ਾਮ ਕੀਤਾ। ਇਸ ਤੋਂ ਇਲਾਵਾ ਭੈਣ-ਭਰਾ ਉਨ੍ਹਾਂ ਨੂੰ ਮਿਲਣ ਆਉਂਦੇ ਸੀ ਤੇ ਉਨ੍ਹਾਂ ਨੂੰ ਫ਼ੋਨ ਕਰਦੇ ਸੀ। ਦੂਸਰਿਆਂ ਨੇ ਚਿੱਠੀਆਂ ਲਿਖੀਆਂ ਜਾਂ ਕਾਰਡ ਭੇਜੇ। ਹੋਕਨ ਦੱਸਦਾ ਹੈ: “ਯਹੋਵਾਹ ਤੋਂ ਇਲਾਵਾ ਭੈਣਾਂ-ਭਰਾਵਾਂ ਨੇ ਸਾਡੀ ਬਹੁਤ ਮਦਦ ਕੀਤੀ। ਸਾਡੀ ਨਿਹਚਾ ਮਜ਼ਬੂਤ ਰੱਖਣ ਲਈ ਇਹ ਜ਼ਰੂਰੀ ਸੀ। ਸ਼ੁਕਰ ਹੈ ਕਿ ਇੰਗਾ ਦੀ ਸਿਹਤ ਹੁਣ ਠੀਕ ਹੈ ਅਤੇ ਅਸੀਂ ਫਿਰ ਤੋਂ ਮੀਟਿੰਗਾਂ ਨੂੰ ਜਾ ਸਕਦੇ ਹਾਂ।” ਜਦ ਅਸੀਂ ਬੀਮਾਰ ਜਾਂ ਬਿਰਧ ਭੈਣਾਂ-ਭਰਾਵਾਂ ਦੀ ਮਦਦ ਕਰਦੇ ਹਾਂ, ਤਾਂ ਅਸੀਂ ਇਸ ਕਹਾਵਤ ਅਨੁਸਾਰ ਚੱਲਦੇ ਹਾਂ ਕਿ ‘ਮਿੱਤ੍ਰ ਹਰ ਵੇਲੇ ਪ੍ਰੇਮ ਕਰਦੇ ਹਨ, ਅਤੇ ਭਰਾ ਬਿਪਤਾ ਦੇ ਦਿਨ ਲਈ ਜੰਮੇ ਹਨ।’—ਕਹਾ. 17:17.

ਯਹੋਵਾਹ ਤੁਹਾਡੀ ਮਿਹਨਤ ਤੋਂ ਖ਼ੁਸ਼ ਹੁੰਦਾ ਹੈ

ਕਿਸੇ ਬੀਮਾਰ ਰਿਸ਼ਤੇਦਾਰ ਦੀ ਦੇਖ-ਭਾਲ ਕਰਨੀ ਕੋਈ ਸੌਖਾ ਕੰਮ ਨਹੀਂ। ਫਿਰ ਵੀ ਰਾਜਾ ਦਾਊਦ ਨੇ ਲਿਖਿਆ: “ਧੰਨ ਉਹ ਮਨੁੱਖ ਹੈ, ਜੋ ਗਰੀਬ [ਜਾਂ ਬੀਮਾਰ] ਦੀ ਦੇਖ ਭਾਲ ਕਰਦਾ ਹੈ।” ਜਦੋਂ ਅਸੀਂ ਤਕਲੀਫ਼ ਸਹਿ ਰਹੇ ਇਨਸਾਨ ਦੀ ਮਦਦ ਕਰਦੇ ਹਾਂ, ਤਾਂ ਸਾਨੂੰ ਖ਼ੁਸ਼ੀ ਮਿਲ ਸਕਦੀ ਹੈ।—ਭਜਨ 41:1, CL.

ਬੀਮਾਰ ਜਾਂ ਦੁਖੀ ਲੋਕਾਂ ਦੀ ਦੇਖ-ਭਾਲ ਕਰਨ ਵਾਲੇ ਖ਼ੁਸ਼ ਕਿਉਂ ਹੋ ਸਕਦੇ ਹਨ? ਕਿਉਂਕਿ ਕਹਾਉਤਾਂ 19:17 ਵਿਚ ਲਿਖਿਆ ਹੈ: “ਜਿਹੜਾ ਗਰੀਬਾਂ [ਜਾਂ ਬੀਮਾਰਾਂ] ਉੱਤੇ ਦਯਾ ਕਰਦਾ ਹੈ ਉਹ ਯਹੋਵਾਹ ਨੂੰ ਉਧਾਰ ਦਿੰਦਾ ਹੈ, ਅਤੇ ਉਹ ਉਸ ਨੂੰ ਉਸ ਦੀ ਕੀਤੀ ਦਾ ਫਲ ਦੇਵੇਗਾ।” ਯਹੋਵਾਹ ਆਪਣੇ ਬੀਮਾਰ ਸੇਵਕਾਂ ਵਿਚ ਖ਼ਾਸ ਦਿਲਚਸਪੀ ਲੈਂਦਾ ਹੈ। ਉਹ ਉਨ੍ਹਾਂ ਨੂੰ ਵੀ ਬਰਕਤਾਂ ਦਿੰਦਾ ਹੈ ਜੋ ਬੀਮਾਰਾਂ ਉੱਤੇ ਦਇਆ ਕਰਦੇ ਹਨ। ਜ਼ਬੂਰਾਂ ਦੇ ਲਿਖਾਰੀ ਦਾਊਦ ਨੇ ਬੀਮਾਰ ਇਨਸਾਨ ਬਾਰੇ ਇਕ ਭਜਨ ਵਿਚ ਕਿਹਾ: “ਯਹੋਵਾਹ ਉਹ ਦੀ ਮਾਂਦਗੀ ਦੇ ਮੰਜੇ ਉੱਤੇ ਉਹ ਨੂੰ ਸੰਭਾਲੇਗਾ। ਤੂੰ ਉਹ ਦੀ ਬਿਮਾਰੀ ਦੇ ਵੇਲੇ ਉਹ ਦਾ ਸਾਰਾ ਬਿਸਤਰਾ ਉਲਟਾ ਕੇ ਵਿਛਾਵੇਂਗਾ।” (ਜ਼ਬੂ. 41:3) ਅਸੀਂ ਯਕੀਨ ਰੱਖ ਸਕਦੇ ਹਾਂ ਕਿ ਜੇ ਦੇਖ-ਭਾਲ ਕਰਨ ਵਾਲੇ ਉੱਤੇ ਕੋਈ ਮੁਸੀਬਤ ਜਾਂ ਬਿਪਤਾ ਆਵੇ, ਤਾਂ ਯਹੋਵਾਹ ਉਸ ਦੀ ਜ਼ਰੂਰ ਮਦਦ ਕਰੇਗਾ।

ਇਹ ਜਾਣ ਕੇ ਸਾਨੂੰ ਕਿੰਨਾ ਹੌਸਲਾ ਮਿਲਦਾ ਹੈ ਕਿ ਯਹੋਵਾਹ ਇਹ ਦੇਖ ਕੇ ਖ਼ੁਸ਼ ਹੁੰਦਾ ਹੈ ਜਦ ਅਸੀਂ ਕਿਸੇ ਬੀਮਾਰ ਰਿਸ਼ਤੇਦਾਰ ਦੀ ਦੇਖ-ਭਾਲ ਕਰਦੇ ਹਾਂ। ਭਾਵੇਂ ਸਾਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ, ਪਰ ਬਾਈਬਲ ਤੋਂ ਸਾਨੂੰ ਭਰੋਸਾ ਮਿਲਦਾ ਹੈ ਕਿ “ਅਜੇਹਿਆਂ ਬਲੀਦਾਨਾਂ ਤੋਂ ਪਰਮੇਸ਼ੁਰ ਪਰਸੰਨ ਹੁੰਦਾ ਹੈ।”—ਇਬ. 13:16.

[ਫੁਟਨੋਟ]

^ ਪੈਰਾ 2 ਨਾਂ ਬਦਲੇ ਗਏ ਹਨ।

[ਸਫ਼ਾ 18 ਉੱਤੇ ਤਸਵੀਰਾਂ]

ਆਪਣੀਆਂ ਮਸੀਹੀ ਜ਼ਿੰਮੇਵਾਰੀਆਂ ਸੰਭਾਲੋ ਅਤੇ ਦੂਸਰਿਆਂ ਤੋਂ ਮਦਦ ਲਓ