Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਯਹੋਵਾਹ ਮੂਰਤੀ-ਪੂਜਾ ਕਰਨ ਤੋਂ ਮਨ੍ਹਾ ਕਰਦਾ ਹੈ, ਫਿਰ ਉਸ ਨੇ ਹਾਰੂਨ ਨੂੰ ਸੋਨੇ ਦਾ ਵੱਛਾ ਬਣਾਉਣ ਲਈ ਸਜ਼ਾ ਕਿਉਂ ਨਹੀਂ ਦਿੱਤੀ?

ਕੂਚ ਦੇ 32ਵੇਂ ਅਧਿਆਇ ਵਿਚ ਦੱਸਿਆ ਗਿਆ ਹੈ ਕਿ ਹਾਰੂਨ ਨੇ ਸੋਨੇ ਦਾ ਵੱਛਾ ਬਣਾਇਆ ਸੀ। ਇੱਦਾਂ ਕਰ ਕੇ ਉਸ ਨੇ ਮੂਰਤੀ-ਪੂਜਾ ਬਾਰੇ ਯਹੋਵਾਹ ਦਾ ਨਿਯਮ ਤੋੜਿਆ ਸੀ। (ਕੂਚ 20:3-5) ਨਤੀਜੇ ਵਜੋਂ, “ਯਹੋਵਾਹ ਹਾਰੂਨ ਉੱਤੇ ਬਹੁਤ ਗੁੱਸੇ ਹੋਇਆ ਭਈ ਉਹ ਨੂੰ ਨਾਸ ਕਰ ਦੇਵੇ ਤਾਂ [ਮੂਸਾ ਨੇ] ਉਸ ਵੇਲੇ ਹਾਰੂਨ ਲਈ ਵੀ ਬੇਨਤੀ ਕੀਤੀ।” (ਬਿਵ. 9:19, 20) ਕੀ ਹਾਰੂਨ ਦੇ ਲਈ ਕੀਤੀ ਧਰਮੀ ਪੁਰਖ ਮੂਸਾ ਦੀ ਬੇਨਤੀ ਦਾ ਵਾਕਈ “ਬਹੁਤ ਅਸਰ” ਹੋਇਆ ਸੀ? (ਯਾਕੂ. 5:16) ਹਾਂ, ਕਿਉਂਕਿ ਲੱਗਦਾ ਹੈ ਕਿ ਯਹੋਵਾਹ ਨੇ ਮੂਸਾ ਦੀ ਬੇਨਤੀ ਸੁਣੀ ਜਿਸ ਕਰਕੇ ਹਾਰੂਨ ਨੂੰ ਉਸ ਨੇ ਸਜ਼ਾ ਨਹੀਂ ਦਿੱਤੀ। ਪਰ ਇਸ ਦੇ ਦੋ ਹੋਰ ਕਾਰਨ ਵੀ ਹਨ।

ਇਕ ਕਾਰਨ ਇਹ ਸੀ ਕਿ ਹਾਰੂਨ ਬਹੁਤ ਚਿਰ ਤੋਂ ਵਫ਼ਾਦਾਰ ਰਿਹਾ ਸੀ। ਜਦੋਂ ਮੂਸਾ ਨੂੰ ਫਿਰਊਨ ਦੇ ਸਾਮ੍ਹਣੇ ਪੇਸ਼ ਹੋ ਕੇ ਇਸਰਾਏਲੀਆਂ ਨੂੰ ਮਿਸਰ ਤੋਂ ਬਾਹਰ ਕੱਢ ਕੇ ਲਿਆਉਣ ਲਈ ਕਿਹਾ ਗਿਆ ਸੀ, ਤਾਂ ਯਹੋਵਾਹ ਨੇ ਹਾਰੂਨ ਨੂੰ ਮੂਸਾ ਨਾਲ ਜਾ ਕੇ ਉਸ ਦੀ ਥਾਂ ਬੋਲਣ ਲਈ ਕਿਹਾ ਸੀ। (ਕੂਚ 4:10-16) ਯਹੋਵਾਹ ਦਾ ਕਹਿਣਾ ਮੰਨ ਕੇ ਇਹ ਦੋਵੇਂ ਮਨੁੱਖ ਮਿਸਰ ਦੇ ਰਾਜੇ ਅੱਗੇ ਵਾਰ-ਵਾਰ ਪੇਸ਼ ਹੋਏ ਤੇ ਉਸ ਰਾਜੇ ਦੀਆਂ ਕੌੜੀਆਂ ਗੱਲਾਂ ਬਰਦਾਸ਼ਤ ਕੀਤੀਆਂ। ਇਸ ਤੋਂ ਜ਼ਾਹਰ ਹੈ ਕਿ ਹਾਰੂਨ ਮਿਸਰ ਵਿਚ ਰਹਿੰਦਿਆਂ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰ ਰਿਹਾ ਸੀ।—ਕੂਚ 4:21.

ਇਸ ਗੱਲ ਉੱਤੇ ਵੀ ਧਿਆਨ ਦਿਓ ਕਿ ਹਾਰੂਨ ਦੁਆਰਾ ਸੋਨੇ ਦਾ ਵੱਛਾ ਬਣਾਏ ਜਾਣ ਤੋਂ ਪਹਿਲਾਂ ਕੀ ਹੋਇਆ ਸੀ। ਮੂਸਾ ਨੂੰ ਸੀਨਈ ਪਹਾੜ ਉੱਤੇ ਗਏ ਨੂੰ 40 ਦਿਨ ਹੋ ਗਏ ਸਨ। ਜਦੋਂ “ਲੋਕਾਂ ਨੇ ਵੇਖਿਆ ਭਈ ਮੂਸਾ ਨੇ ਪਹਾੜੋਂ ਲਹਿਣ ਵਿੱਚ ਚਿਰ ਲਾ ਦਿੱਤਾ ਹੈ,” ਤਾਂ ਉਨ੍ਹਾਂ ਨੇ ਹਾਰੂਨ ਨੂੰ ਇਕ ਬੁੱਤ ਬਣਾਉਣ ਲਈ ਮਜਬੂਰ ਕੀਤਾ। ਹਾਰੂਨ ਮੰਨ ਗਿਆ ਤੇ ਉਸ ਨੇ ਸੋਨੇ ਦਾ ਵੱਛਾ ਬਣਾਇਆ। (ਕੂਚ 32:1-6) ਪਰ ਹਾਰੂਨ ਦੇ ਬਾਅਦ ਦੇ ਕੰਮਾਂ ਤੋਂ ਪਤਾ ਚੱਲਦਾ ਹੈ ਕਿ ਉਸ ਨੂੰ ਇਸ ਮੂਰਤੀ-ਪੂਜਾ ਵਿਚ ਕੋਈ ਵੀ ਦਿਲਚਸਪੀ ਨਹੀਂ ਸੀ। ਲੱਗਦਾ ਹੈ ਕਿ ਉਹ ਲੋਕਾਂ ਦੇ ਦਬਾਅ ਹੇਠ ਆ ਗਿਆ ਸੀ। ਮਿਸਾਲ ਲਈ, ਜਦੋਂ ਮੂਸਾ ਨੇ ਮੂਰਤੀ-ਪੂਜਾ ਦਾ ਖੁਰਾ-ਖੋਜ ਮਿਟਾਉਣ ਦੀ ਗੱਲ ਕੀਤੀ ਸੀ, ਤਾਂ ਲੇਵੀ ਦੇ ਸਾਰੇ ਪੁੱਤਰਾਂ ਸਮੇਤ ਹਾਰੂਨ ਨੇ ਵੀ ਦ੍ਰਿੜ੍ਹਤਾ ਨਾਲ ਯਹੋਵਾਹ ਦਾ ਪਾਸਾ ਲਿਆ ਸੀ। ਪਰ ਉਨ੍ਹਾਂ ਤਿੰਨ ਹਜ਼ਾਰ ਮੂਰਤੀ-ਪੂਜਕਾਂ ਨੂੰ ਵੱਢਿਆ ਗਿਆ ਸੀ ਜਿਨ੍ਹਾਂ ਨੇ ਵੱਛਾ ਬਣਾਉਣ ਲਈ ਕਿਹਾ ਸੀ।—ਕੂਚ 32:25-29.

ਇਸ ਤੋਂ ਬਾਅਦ ਮੂਸਾ ਨੇ ਲੋਕਾਂ ਨੂੰ ਕਿਹਾ ਕਿ “ਤੁਸਾਂ ਵੱਡਾ ਪਾਪ ਕੀਤਾ” ਹੈ। (ਕੂਚ 32:30) ਸੋ ਹਾਰੂਨ ਇਕੱਲਾ ਹੀ ਗੁਨਾਹਗਾਰ ਨਹੀਂ ਸੀ। ਪਰ ਯਹੋਵਾਹ ਨੇ ਉਸ ਉੱਤੇ ਅਤੇ ਬਾਕੀ ਦੇ ਲੋਕਾਂ ਉੱਤੇ ਦਇਆ ਕੀਤੀ।

ਸੋਨੇ ਦੇ ਵੱਛੇ ਵਾਲੀ ਘਟਨਾ ਤੋਂ ਬਾਅਦ, ਯਹੋਵਾਹ ਨੇ ਹੁਕਮ ਦਿੱਤਾ ਕਿ ਹਾਰੂਨ ਨੂੰ ਪ੍ਰਧਾਨ ਜਾਜਕ ਥਾਪਿਆ ਜਾਵੇ। ਪਰਮੇਸ਼ੁਰ ਨੇ ਮੂਸਾ ਨੂੰ ਕਿਹਾ: “ਤੂੰ ਹਾਰੂਨ ਨੂੰ ਪਵਿੱਤ੍ਰ ਬਸਤ੍ਰ ਪੁਆਈਂ ਅਤੇ ਤੂੰ ਉਹ ਨੂੰ ਮਸਹ ਕਰ ਕੇ ਪਵਿੱਤ੍ਰ ਕਰੀਂ ਤਾਂ ਜੋ ਉਹ ਮੇਰੀ ਜਾਜਕਾਈ ਦੀ ਸੇਵਾ ਕਰੇ।” (ਕੂਚ 40:12, 13) ਜ਼ਾਹਰ ਹੈ ਕਿ ਯਹੋਵਾਹ ਨੇ ਹਾਰੂਨ ਨੂੰ ਉਸ ਦੀ ਗ਼ਲਤੀ ਮਾਫ਼ ਕਰ ਦਿੱਤੀ ਸੀ। ਹਾਰੂਨ ਦਿਲੋਂ ਸੱਚਾ ਭਗਤ ਸੀ ਨਾ ਕਿ ਮੂਰਤੀ-ਪੂਜਕ ਬਾਗ਼ੀ।