ਭਰਾਵੋ, ਕੀ ਤੁਸੀਂ ਮਸੀਹ ਨੂੰ ਆਪਣਾ ਸਿਰ ਮੰਨਦੇ ਹੋ?
ਭਰਾਵੋ, ਕੀ ਤੁਸੀਂ ਮਸੀਹ ਨੂੰ ਆਪਣਾ ਸਿਰ ਮੰਨਦੇ ਹੋ?
“ਹਰੇਕ ਪੁਰਖ ਦਾ ਸਿਰ ਮਸੀਹ ਹੈ।”—1 ਕੁਰਿੰ. 11:3.
1. ਕਿਹੜੀ ਗੱਲ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਘਮਸਾਣ ਦਾ ਪਰਮੇਸ਼ੁਰ ਨਹੀਂ ਹੈ?
ਪਰਕਾਸ਼ ਦੀ ਪੋਥੀ 4:11 ਵਿਚ ਲਿਖਿਆ ਹੈ: “ਹੇ ਸਾਡੇ ਪ੍ਰਭੁ ਅਤੇ ਸਾਡੇ ਪਰਮੇਸ਼ੁਰ, ਤੂੰ ਮਹਿਮਾ, ਮਾਣ, ਅਤੇ ਸਮਰੱਥਾ ਲੈਣ ਦੇ ਜੋਗ ਹੈਂ, ਤੈਂ ਜੋ ਸਾਰੀਆਂ ਵਸਤਾਂ ਰਚੀਆਂ, ਅਤੇ ਓਹ ਤੇਰੀ ਹੀ ਇੱਛਿਆ ਨਾਲ ਹੋਈਆਂ ਅਤੇ ਰਚੀਆਂ ਗਈਆਂ!” ਯਹੋਵਾਹ ਪਰਮੇਸ਼ੁਰ ਨੇ ਸਭ ਕੁਝ ਸਿਰਜਿਆ ਹੈ, ਇਸ ਲਈ ਉਹੀ ਬ੍ਰਹਿਮੰਡ ਦਾ ਮਾਲਕ ਹੈ ਤੇ ਹਰ ਚੀਜ਼ ਉੱਤੇ ਉਸ ਦਾ ਅਧਿਕਾਰ ਹੈ। ਯਹੋਵਾਹ “ਪਰਮੇਸ਼ੁਰ ਘਮਸਾਣ ਦਾ ਨਹੀਂ ਸਗੋਂ ਸ਼ਾਂਤੀ ਦਾ ਹੈ।” ਇਹ ਗੱਲ ਅਸੀਂ ਉਸ ਦੇ ਸਵਰਗੀ ਪਰਿਵਾਰ ਤੋਂ ਦੇਖ ਸਕਦੇ ਹਾਂ ਜਿਸ ਵਿਚ ਉਸ ਨੇ ਦੂਤਾਂ ਨੂੰ ਆਪਣੀ-ਆਪਣੀ ਜਗ੍ਹਾ ਦਿੱਤੀ ਹੈ।—1 ਕੁਰਿੰ. 14:33; ਯਸਾ. 6:1-3; ਇਬ. 12:22, 23.
2, 3. (ੳ) ਯਹੋਵਾਹ ਨੇ ਸਭ ਤੋਂ ਪਹਿਲਾਂ ਕਿਸ ਨੂੰ ਰਚਿਆ ਸੀ? (ਅ) ਪਿਤਾ ਦੇ ਮੁਕਾਬਲੇ ਪੁੱਤਰ ਦੀ ਕੀ ਪਦਵੀ ਹੈ?
2 ਕੋਈ ਵੀ ਚੀਜ਼ ਰਚੇ ਜਾਣ ਤੋਂ ਅਣਗਿਣਤ ਯੁਗਾਂ ਪਹਿਲਾਂ ਯਹੋਵਾਹ ਹੋਂਦ ਵਿਚ ਸੀ। ਉਸ ਨੇ ਸਭ ਤੋਂ ਪਹਿਲਾਂ ਇਕ ਦੂਤ ਨੂੰ ਬਣਾਇਆ ਜਿਸ ਨੂੰ “ਸ਼ਬਦ” ਕਿਹਾ ਜਾਂਦਾ ਸੀ। “ਸ਼ਬਦ” ਇਸ ਲਈ ਕਿਹਾ ਜਾਂਦਾ ਸੀ ਕਿਉਂਕਿ ਉਹ ਯਹੋਵਾਹ ਦੀ ਤਰਫ਼ੋਂ ਹੋਰਨਾਂ ਨਾਲ ਗੱਲਾਂ ਕਰਦਾ ਸੀ। “ਸ਼ਬਦ” ਉਹੀ ਸ਼ਖ਼ਸ ਹੈ ਜਿਸ ਦੇ ਜ਼ਰੀਏ ਬਾਕੀ ਸਾਰਾ ਕੁਝ ਸਿਰਜਿਆ ਗਿਆ। ਬਾਅਦ ਵਿਚ ਉਹ ਮੁਕੰਮਲ ਇਨਸਾਨ ਦੇ ਰੂਪ ਵਿਚ ਧਰਤੀ ਉੱਤੇ ਪੈਦਾ ਹੋਇਆ ਅਤੇ ਯਿਸੂ ਮਸੀਹ ਨਾਂ ਨਾਲ ਮਸ਼ਹੂਰ ਹੋ ਗਿਆ।—ਯੂਹੰਨਾ 1:1-3, 14 ਪੜ੍ਹੋ।
3 ਬਾਈਬਲ ਪਰਮੇਸ਼ੁਰ ਅਤੇ ਉਸ ਦੇ ਪੁੱਤਰ ਦੀਆਂ ਪਦਵੀਆਂ ਬਾਰੇ ਕੀ ਕਹਿੰਦੀ ਹੈ? ਪਵਿੱਤਰ ਸ਼ਕਤੀ ਦੀ ਸੇਧ ਨਾਲ ਪੌਲੁਸ ਰਸੂਲ ਸਾਨੂੰ ਦੱਸਦਾ ਹੈ: “ਮੈਂ ਚਾਹੁੰਦਾ ਹਾਂ ਜੋ ਤੁਸੀਂ ਇਹ ਜਾਣ ਲਵੋ ਭਈ ਹਰੇਕ ਪੁਰਖ ਦਾ ਸਿਰ ਮਸੀਹ ਹੈ ਅਤੇ ਇਸਤ੍ਰੀ ਦਾ ਸਿਰ ਪੁਰਖ ਹੈ ਅਤੇ ਮਸੀਹ ਦਾ ਸਿਰ ਪਰਮੇਸ਼ੁਰ ਹੈ।” (1 ਕੁਰਿੰ. 11:3) ਮਸੀਹ ਆਪਣੇ ਪਿਤਾ ਦੇ ਅਧੀਨ ਰਹਿੰਦਾ ਹੈ। ਜੇ ਇਨਸਾਨਾਂ ਅਤੇ ਦੂਤਾਂ ਨੇ ਸਾਰਾ ਕੁਝ ਸ਼ਾਂਤੀ ਅਤੇ ਕਾਇਦੇ ਨਾਲ ਕਰਨਾ ਹੈ, ਤਾਂ ਉਨ੍ਹਾਂ ਨੂੰ ਆਪਣੇ ਤੋਂ ਉੱਪਰ ਕਿਸੇ ਦੇ ਅਧੀਨ ਹੋਣਾ ਪਵੇਗਾ। ਹਾਂ, ਉਸ ਸ਼ਖ਼ਸ ਤੋਂ ਵੀ ਆਪਣੇ ਪਿਤਾ ਦੇ ਅਧੀਨ ਰਹਿਣ ਦੀ ਮੰਗ ਕੀਤੀ ਜਾਂਦੀ ਹੈ ਜਿਸ ਦੇ ਜ਼ਰੀਏ ‘ਸਾਰੀਆਂ ਵਸਤਾਂ ਉਤਪਤ ਹੋਈਆਂ।’—ਕੁਲੁ. 1:16.
4, 5. ਯਹੋਵਾਹ ਦੀ ਤੁਲਨਾ ਵਿਚ ਯਿਸੂ ਆਪਣੀ ਪਦਵੀ ਬਾਰੇ ਕਿਵੇਂ ਸੋਚਦਾ ਸੀ?
4 ਯਹੋਵਾਹ ਦੇ ਅਧੀਨ ਹੋਣ ਅਤੇ ਧਰਤੀ ਉੱਤੇ ਆਉਣ ਬਾਰੇ ਯਿਸੂ ਕਿਵੇਂ ਸੋਚਦਾ ਸੀ? ਬਾਈਬਲ ਦੱਸਦੀ ਹੈ: ‘ਮਸੀਹ ਯਿਸੂ ਨੇ ਪਰਮੇਸ਼ੁਰ ਦੇ ਸਰੂਪ ਵਿੱਚ ਹੋ ਕੇ ਪਰਮੇਸ਼ੁਰ ਦੇ ਤੁੱਲ ਹੋਣਾ ਕਬਜ਼ੇ ਰੱਖਣ ਦੀ ਚੀਜ਼ ਨਾ ਜਾਣਿਆ। ਸਗੋਂ ਉਸ ਨੇ ਆਪਣੇ ਆਪ ਨੂੰ ਸੱਖਣਾ ਕਰ ਕੇ ਦਾਸ ਦਾ ਰੂਪ ਧਾਰਿਆ ਅਤੇ ਮਨੁੱਖਾਂ ਦੀ ਸੂਰਤ ਵਿੱਚ ਜੰਮਿਆ। ਅਤੇ ਮਨੁੱਖ ਦੀ ਸ਼ਕਲ ਵਿੱਚ ਪਰਗਟ ਹੋ ਕੇ ਆਪਣੇ ਆਪ ਨੂੰ ਨੀਵਿਆਂ ਕੀਤਾ ਅਤੇ ਮੌਤ ਤਾਈਂ ਸਗੋਂ ਸਲੀਬ ਦੀ ਮੌਤ ਤਾਈਂ ਆਗਿਆਕਾਰ ਬਣਿਆ।’—ਫ਼ਿਲਿ. 2:5-8.
5 ਯਿਸੂ ਹਰ ਸਮੇਂ ਨਿਮਰਤਾ ਨਾਲ ਆਪਣੇ ਪਿਤਾ ਦੀ ਇੱਛਾ ਪੂਰੀ ਕਰਦਾ ਸੀ। ਉਸ ਨੇ ਕਿਹਾ: ‘ਮੈਂ ਆਪ ਕੁਝ ਨਹੀਂ ਕਰ ਸੱਕਦਾ। ਮੇਰਾ ਨਿਆਉਂ ਸੱਚਾ ਹੈ ਕਿਉਂ ਜੋ ਮੈਂ ਆਪਣੀ ਮਰਜ਼ੀ ਨਹੀਂ ਭਾਲਦਾ ਪਰ ਉਹ ਦੀ ਮਰਜ਼ੀ ਜਿਹ ਨੇ ਮੈਨੂੰ ਘੱਲਿਆ।’ (ਯੂਹੰ. 5:30) ਉਸ ਨੇ ਇਹ ਵੀ ਕਿਹਾ: “ਮੈਂ ਸਦਾ ਓਹ ਕੰਮ ਕਰਦਾ ਹਾਂ ਜਿਹੜੇ ਉਸ ਨੂੰ ਭਾਉਂਦੇ ਹਨ।” (ਯੂਹੰ. 8:29) ਆਪਣੀ ਮੌਤ ਤੋਂ ਪਹਿਲਾਂ ਯਿਸੂ ਨੇ ਆਪਣੇ ਪਿਤਾ ਨੂੰ ਪ੍ਰਾਰਥਨਾ ਕਰਦਿਆਂ ਕਿਹਾ: “ਜਿਹੜਾ ਕੰਮ ਤੈਂ ਮੈਨੂੰ ਕਰਨ ਲਈ ਦਿੱਤਾ ਸੀ ਉਹ ਪੂਰਾ ਕਰ ਕੇ ਮੈਂ ਧਰਤੀ ਉੱਤੇ ਤੇਰੀ ਵਡਿਆਈ ਕੀਤੀ।” (ਯੂਹੰ. 17:4) ਜ਼ਾਹਰ ਹੈ ਕਿ ਆਪਣੇ ਪਿਤਾ ਦੇ ਅਧਿਕਾਰ ਨੂੰ ਮੰਨਣ ਅਤੇ ਉਸ ਦੇ ਅਧੀਨ ਰਹਿਣ ਵਿਚ ਉਸ ਨੂੰ ਕੋਈ ਦਿੱਕਤ ਨਹੀਂ ਆਈ।
ਪਿਤਾ ਦੇ ਅਧੀਨ ਰਹਿ ਕੇ ਪੁੱਤਰ ਨੂੰ ਫ਼ਾਇਦਾ ਹੁੰਦਾ ਹੈ
6. ਯਿਸੂ ਨੇ ਕਿਹੜੇ ਵਧੀਆ ਗੁਣ ਦਿਖਾਏ?
6 ਧਰਤੀ ਉੱਤੇ ਹੁੰਦਿਆਂ ਯਿਸੂ ਨੇ ਕਈ ਵਧੀਆ ਗੁਣ ਦਿਖਾਏ। ਇਕ ਗੁਣ ਸੀ ਕਿ ਉਹ ਆਪਣੇ ਪਿਤਾ ਨੂੰ ਬਹੁਤ ਪਿਆਰ ਕਰਦਾ ਸੀ। ਤਾਹੀਓਂ ਉਸ ਨੇ ਕਿਹਾ ਸੀ ਕਿ “ਮੈਂ ਪਿਤਾ ਨਾਲ ਪਿਆਰ ਕਰਦਾ ਹਾਂ।” (ਯੂਹੰ. 14:31) ਉਹ ਲੋਕਾਂ ਨੂੰ ਵੀ ਬਹੁਤ ਪਿਆਰ ਕਰਦਾ ਸੀ। (ਮੱਤੀ 22:35-40 ਪੜ੍ਹੋ।) ਯਿਸੂ ਦਿਆਲੂ ਸੀ ਤੇ ਹੋਰਨਾਂ ਦਾ ਲਿਹਾਜ਼ ਕਰਦਾ ਸੀ। ਉਹ ਕਠੋਰ ਜਾਂ ਧੌਂਸ ਜਮਾਉਣ ਵਾਲਾ ਨਹੀਂ ਸੀ। ਉਸ ਨੇ ਕਿਹਾ: “ਹੇ ਸਾਰੇ ਥੱਕੇ ਹੋਇਓ ਅਤੇ ਭਾਰ ਹੇਠ ਦੱਬੇ ਹੋਇਓ, ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਅਰਾਮ ਦਿਆਂਗਾ। ਮੇਰਾ ਜੂਲਾ ਆਪਣੇ ਉੱਤੇ ਲੈ ਲਵੋ ਅਤੇ ਮੈਥੋਂ ਸਿੱਖੋ ਕਿਉਂ ਜੋ ਮੈਂ ਕੋਮਲ ਅਤੇ ਮਨ ਦਾ ਗ਼ਰੀਬ ਹਾਂ ਅਤੇ ਤੁਸੀਂ ਆਪਣਿਆਂ ਜੀਆਂ ਵਿੱਚ ਅਰਾਮ ਪਾਓਗੇ। ਕਿਉਂ ਜੋ ਮੇਰਾ ਜੂਲਾ ਹੌਲਾ ਅਤੇ ਮੇਰਾ ਭਾਰ ਹਲਕਾ ਹੈ।” (ਮੱਤੀ 11:28-30) ਯਿਸੂ ਦਾ ਸੁਭਾਅ ਅਤੇ ਉਸ ਦਾ ਸੰਦੇਸ਼ ਦਿਲਾਂ ਨੂੰ ਛੋਹ ਜਾਂਦਾ ਸੀ। ਇਸੇ ਕਰਕੇ ਹਰ ਉਮਰ ਦੇ ਨੇਕਦਿਲ ਲੋਕਾਂ, ਖ਼ਾਸਕਰ ਅਤਿਆਚਾਰ ਸਹਿ ਰਹੇ ਲੋਕਾਂ ਨੂੰ ਉਸ ਤੋਂ ਬਹੁਤ ਦਿਲਾਸਾ ਮਿਲਿਆ ਸੀ।
7, 8. ਬਿਵਸਥਾ ਮੁਤਾਬਕ ਲਹੂ ਦੀ ਬੀਮਾਰੀ ਤੋਂ ਪੀੜਿਤ ਔਰਤ ਨੂੰ ਲੋਕ ਕਿਵੇਂ ਸਮਝਦੇ ਸਨ, ਪਰ ਯਿਸੂ ਉਸ ਨਾਲ ਕਿਵੇਂ ਪੇਸ਼ ਆਇਆ?
7 ਧਿਆਨ ਦਿਓ ਕਿ ਯਿਸੂ ਔਰਤਾਂ ਨਾਲ ਕਿਵੇਂ ਪੇਸ਼ ਆਉਂਦਾ ਸੀ। ਇਤਿਹਾਸ ਗਵਾਹ ਹੈ ਕਿ ਬਹੁਤ ਸਾਰੇ ਆਦਮੀਆਂ ਨੇ ਔਰਤਾਂ ਨਾਲ ਬਹੁਤ ਮਾੜਾ ਸਲੂਕ ਕੀਤਾ ਹੈ। ਪੁਰਾਣੇ ਜ਼ਮਾਨੇ ਦੇ ਇਸਰਾਏਲ ਵਿਚ ਧਾਰਮਿਕ ਆਗੂ ਇੱਦਾਂ ਹੀ ਕਰਦੇ ਸਨ। ਪਰ ਯਿਸੂ ਔਰਤਾਂ ਦਾ ਆਦਰ ਕਰਦਾ ਸੀ। ਇਹ ਅਸੀਂ ਉਸ ਔਰਤ ਨਾਲ ਕੀਤੇ ਉਸ ਦੇ ਸਲੂਕ ਤੋਂ ਦੇਖ ਸਕਦੇ ਹਾਂ ਜਿਸ ਦੇ 12 ਸਾਲਾਂ ਤੋਂ ਲਹੂ ਵਹਿ ਰਿਹਾ ਸੀ। ਉਸ ਨੇ “ਹਕੀਮਾਂ ਦੇ ਹੱਥੋਂ ਵੱਡਾ ਦੁਖ ਪਾਇਆ” ਅਤੇ ਠੀਕ ਹੋਣ ਲਈ ਉਸ ਨੇ ਆਪਣਾ ਸਾਰਾ ਕੁਝ ਖ਼ਰਚ ਕਰ ਦਿੱਤਾ। ਇੰਨਾ ਸਭ ਕੁਝ ਕਰਨ ਦੇ ਬਾਵਜੂਦ, ਉਹ ਦਾ “ਹੋਰ ਵੀ ਮਾੜਾ ਹਾਲ ਹੋ ਗਿਆ ਸੀ।” ਬਿਵਸਥਾ ਦੇ ਮੁਤਾਬਕ ਉਸ ਨੂੰ ਅਸ਼ੁੱਧ ਸਮਝਿਆ ਜਾਂਦਾ ਸੀ। ਜੇ ਉਸ ਨੂੰ ਕੋਈ ਛੋਂਹਦਾ, ਤਾਂ ਉਸ ਨੇ ਵੀ ਅਸ਼ੁੱਧ ਹੋ ਜਾਣਾ ਸੀ।—ਲੇਵੀ. 15:19, 25.
8 ਇਸ ਔਰਤ ਨੇ ਜਦੋਂ ਸੁਣਿਆ ਕਿ ਯਿਸੂ ਬੀਮਾਰਾਂ ਨੂੰ ਠੀਕ ਕਰ ਰਿਹਾ ਸੀ, ਤਾਂ ਉਹ ਵੀ ਯਿਸੂ ਦੇ ਪਿੱਛੇ-ਪਿੱਛੇ ਜਾ ਰਹੀ ਭੀੜ ਵਿਚ ਰਲ਼ ਗਈ। ਉਹ ਕਹਿਣ ਲੱਗੀ: “ਜੇ ਮੈਂ ਨਿਰਾ ਉਹ ਦੇ ਕੱਪੜੇ ਨੂੰ ਹੀ ਛੋਹਾਂ ਤਾਂ ਚੰਗੀ ਹੋ ਜਾਵਾਂਗੀ।” ਉਸ ਨੇ ਯਿਸੂ ਨੂੰ ਛੋਹਿਆ ਤੇ ਉਹ ਤੁਰੰਤ ਠੀਕ ਹੋ ਗਈ। ਯਿਸੂ ਜਾਣਦਾ ਸੀ ਕਿ ਉਸ ਔਰਤ ਨੂੰ ਉਸ ਦਾ ਕੱਪੜਾ ਨਹੀਂ ਸੀ ਛੋਹਣਾ ਚਾਹੀਦਾ। ਫਿਰ ਵੀ ਯਿਸੂ ਨੇ ਔਰਤ ਨੂੰ ਝਿੜਕਿਆ ਨਹੀਂ। ਇਸ ਦੇ ਉਲਟ, ਉਹ ਬੜੇ ਪਿਆਰ ਨਾਲ ਪੇਸ਼ ਆਇਆ। ਉਸ ਨੂੰ ਪਤਾ ਸੀ ਕਿ ਉਹ ਸਾਲਾਂ ਤਾਈਂ ਬੀਮਾਰੀ ਕਾਰਨ ਕਿੰਨੀ ਦੁਖੀ ਹੋਈ ਹੋਣੀ। ਉਹ ਸਮਝ ਗਿਆ ਸੀ ਕਿ ਉਹ ਕਿਸੇ-ਨਾ-ਕਿਸੇ ਤਰ੍ਹਾਂ ਇਸ ਬੀਮਾਰੀ ਤੋਂ ਖਹਿੜਾ ਛੁਡਾਉਣਾ ਚਾਹੁੰਦੀ ਸੀ। ਯਿਸੂ ਨੇ ਹਮਦਰਦੀ ਜਤਾਉਂਦੇ ਹੋਏ ਉਸ ਨੂੰ ਕਿਹਾ: “ਹੇ ਬੇਟੀ ਤੇਰੀ ਨਿਹਚਾ ਨੇ ਤੈਨੂੰ ਚੰਗਾ ਕੀਤਾ ਹੈ, ਸਲਾਮਤ ਚਲੀ ਜਾਹ ਅਤੇ ਆਪਣੀ ਬਲਾ ਤੋਂ ਬਚੀ ਰਹੁ।”—ਮਰ. 5:25-34.
9. ਜਦੋਂ ਯਿਸੂ ਦੇ ਚੇਲਿਆਂ ਨੇ ਨਿਆਣਿਆਂ ਨੂੰ ਉਸ ਕੋਲ ਆਉਣ ਤੋਂ ਰੋਕਿਆ, ਤਾਂ ਯਿਸੂ ਨੇ ਕੀ ਕੀਤਾ?
9 ਨਿਆਣੇ ਵੀ ਯਿਸੂ ਕੋਲ ਜਾਣ ਤੋਂ ਨਹੀਂ ਸੀ ਡਰਦੇ। ਇਕ ਮੌਕੇ ਤੇ ਜਦੋਂ ਲੋਕ ਆਪਣੇ ਨਿਆਣਿਆਂ ਨੂੰ ਉਸ ਕੋਲ ਲੈ ਕੇ ਆਏ, ਤਾਂ ਉਸ ਦੇ ਚੇਲਿਆਂ ਨੇ ਉਨ੍ਹਾਂ ਨੂੰ ਰੋਕਿਆ। ਉਹ ਸੋਚਦੇ ਸਨ ਕਿ ਨਿਆਣਿਆਂ ਨਾਲ ਯਿਸੂ ਦਾ ਕੋਈ ਵਾਸਤਾ ਨਹੀਂ ਸੀ। ਪਰ ਯਿਸੂ ਨੇ ਇੱਦਾਂ ਨਹੀਂ ਸੀ ਸੋਚਿਆ। ਬਾਈਬਲ ਦਾ ਬਿਰਤਾਂਤ ਦੱਸਦਾ ਹੈ: “ਯਿਸੂ ਇਹ ਵੇਖ ਕੇ ਬਹੁਤ ਨਰਾਜ਼ ਹੋਇਆ ਅਤੇ [ਚੇਲਿਆਂ] ਨੂੰ ਆਖਿਆ, ਛੋਟਿਆਂ ਬਾਲਕਾਂ ਨੂੰ ਮੇਰੇ ਕੋਲ ਆਉਣ ਦਿਓ। ਉਨ੍ਹਾਂ ਨੂੰ ਨਾ ਵਰਜੋ ਕਿਉਂ ਜੋ ਪਰਮੇਸ਼ੁਰ ਦਾ ਰਾਜ ਏਹੋ ਜਿਹਿਆਂ ਦਾ ਹੈ।” ਇੰਨਾ ਹੀ ਨਹੀਂ, “ਉਸ ਨੇ ਉਨ੍ਹਾਂ ਨੂੰ ਕੁੱਛੜ ਚੁੱਕਿਆ ਅਰ ਉਨ੍ਹਾਂ ਉੱਤੇ ਹੱਥ ਰੱਖ ਕੇ ਉਨ੍ਹਾਂ ਨੂੰ ਅਸੀਸ ਦਿੱਤੀ।” ਯਿਸੂ ਨਿਆਣਿਆਂ ਤੋਂ ਤੰਗ ਨਹੀਂ ਆਇਆ, ਸਗੋਂ ਉਨ੍ਹਾਂ ਦਾ ਨਿੱਘਾ ਸੁਆਗਤ ਕੀਤਾ।—ਮਰ. 10:13-16.
10. ਯਿਸੂ ਵਿਚ ਉਹ ਗੁਣ ਕਿੱਥੋਂ ਆਏ ਜੋ ਉਸ ਨੇ ਦਿਖਾਏ ਸਨ?
10 ਯਿਸੂ ਵਿਚ ਇਹ ਗੁਣ ਕਿੱਥੋਂ ਆਏ ਸਨ ਜੋ ਉਸ ਨੇ ਧਰਤੀ ’ਤੇ ਆ ਕੇ ਦਿਖਾਏ? ਸਵਰਗ ਵਿਚ ਹੁੰਦਿਆਂ ਯਿਸੂ ਨੇ ਸਦੀਆਂ ਤਾਈਂ ਆਪਣੇ ਪਿਤਾ ਨੂੰ ਕੰਮ ਕਰਦਿਆਂ ਦੇਖਿਆ ਅਤੇ ਉਸ ਦੇ ਤੌਰ-ਤਰੀਕਿਆਂ ਨੂੰ ਅਪਣਾ ਲਿਆ। (ਕਹਾਉਤਾਂ 8:22, 23, 30 ਪੜ੍ਹੋ।) ਸਵਰਗ ਵਿਚ ਉਸ ਨੇ ਦੇਖਿਆ ਕਿ ਯਹੋਵਾਹ ਕਿੰਨੇ ਪਿਆਰ ਨਾਲ ਆਪਣੀ ਸ੍ਰਿਸ਼ਟੀ ਉੱਤੇ ਅਧਿਕਾਰ ਚਲਾਉਂਦਾ ਸੀ ਅਤੇ ਯਿਸੂ ਨੇ ਵੀ ਉਸੇ ਤਰ੍ਹਾਂ ਕੀਤਾ। ਜੇ ਯਿਸੂ ਆਪਣੇ ਪਿਤਾ ਦੇ ਅਧੀਨ ਨਾ ਹੁੰਦਾ, ਤਾਂ ਕੀ ਉਹ ਇੱਦਾਂ ਕਰ ਸਕਦਾ ਸੀ? ਉਸ ਲਈ ਆਪਣੇ ਪਿਤਾ ਦੇ ਅਧੀਨ ਰਹਿਣਾ ਖ਼ੁਸ਼ੀ ਦੀ ਗੱਲ ਸੀ। ਯਹੋਵਾਹ ਵੀ ਆਪਣੇ ਇਸ ਆਗਿਆਕਾਰ ਪੁੱਤਰ ਤੋਂ ਖ਼ੁਸ਼ ਸੀ। ਜਦੋਂ ਯਿਸੂ ਧਰਤੀ ’ਤੇ ਸੀ, ਤਾਂ ਉਸ ਨੇ ਹੂ-ਬਹੂ ਆਪਣੇ ਸਵਰਗੀ ਪਿਤਾ ਦੇ ਵਧੀਆ ਗੁਣ ਦਿਖਾਏ। ਸੋ ਮਸੀਹ ਦੇ ਅਧੀਨ ਹੋਣਾ ਕਿੰਨੀ ਮਾਣ ਦੀ ਗੱਲ ਹੈ ਜਿਸ ਨੂੰ ਪਰਮੇਸ਼ੁਰ ਨੇ ਸਵਰਗੀ ਰਾਜ ਦਾ ਰਾਜਾ ਚੁਣਿਆ ਹੈ!
ਮਸੀਹ ਦੇ ਗੁਣਾਂ ਨੂੰ ਅਪਣਾਓ
11. (ੳ) ਸਾਨੂੰ ਸਾਰਿਆਂ ਨੂੰ ਕਿਸ ਦੀ ਰੀਸ ਕਰਨ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ? (ਅ) ਖ਼ਾਸਕਰ ਕਲੀਸਿਯਾ ਦੇ ਆਦਮੀਆਂ ਨੂੰ ਯਿਸੂ ਦੀ ਰੀਸ ਕਿਉਂ ਕਰਨੀ ਚਾਹੀਦੀ ਹੈ?
11 ਕਲੀਸਿਯਾ ਦੇ ਸਾਰੇ ਮਸੀਹੀਆਂ, ਖ਼ਾਸ ਕਰਕੇ ਭਰਾਵਾਂ ਨੂੰ ਮਸੀਹ ਦੇ ਗੁਣਾਂ ਨੂੰ ਲਗਾਤਾਰ ਦਿਖਾਉਣ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਸੀਂ ਪਹਿਲਾਂ ਵੀ ਦੇਖਿਆ ਹੈ ਕਿ ਬਾਈਬਲੀ ਕਹਿੰਦੀ ਹੈ: “ਹਰੇਕ ਪੁਰਖ ਦਾ ਸਿਰ ਮਸੀਹ ਹੈ।” ਜਿਵੇਂ ਮਸੀਹ ਨੇ ਆਪਣੇ ਸਿਰ ਯਾਨੀ ਸੱਚੇ ਪਰਮੇਸ਼ੁਰ ਦੀ ਰੀਸ ਕੀਤੀ, ਉਸੇ ਤਰ੍ਹਾਂ ਮਸੀਹੀ ਆਦਮੀਆਂ ਨੂੰ ਵੀ ਆਪਣੇ ਸਿਰ ਮਸੀਹ ਦੀ ਰੀਸ ਕਰਨੀ ਚਾਹੀਦੀ ਹੈ। ਪੌਲੁਸ ਰਸੂਲ ਨੇ ਮਸੀਹੀ ਬਣ ਕੇ ਇਸੇ ਤਰ੍ਹਾਂ ਕੀਤਾ ਸੀ। ਉਸ ਨੇ ਭੈਣਾਂ-ਭਰਾਵਾਂ ਨੂੰ ਉਤਸ਼ਾਹ ਦਿੱਤਾ: “ਮੇਰੀ ਰੀਸ ਕਰੋ ਜਿਵੇਂ ਮੈਂ ਵੀ ਮਸੀਹ ਦੀ ਰੀਸ ਕਰਦਾ ਹਾਂ।” (1 ਕੁਰਿੰ. 10:33) ਪਤਰਸ ਰਸੂਲ ਨੇ ਕਿਹਾ: “ਤੁਸੀਂ ਇਸੇ ਕਾਰਨ ਸੱਦੇ ਗਏ ਇਸ ਲਈ ਜੋ ਮਸੀਹ ਵੀ ਤੁਹਾਡੇ ਨਮਿੱਤ ਦੁਖ ਝੱਲ ਕੇ ਇੱਕ ਨਮੂਨਾ ਤੁਹਾਡੇ ਲਈ ਛੱਡ ਗਿਆ ਭਈ ਤੁਸੀਂ ਉਹ ਦੀ ਪੈੜ ਉੱਤੇ ਤੁਰੋ।” (1 ਪਤ. 2:21) ਮਸੀਹੀ ਆਦਮੀਆਂ ਨੂੰ ਇਕ ਹੋਰ ਵਜ੍ਹਾ ਕਰਕੇ ਵੀ ਮਸੀਹ ਦੀ ਨਕਲ ਕਰਨੀ ਚਾਹੀਦੀ ਹੈ। ਕਿਉਂ? ਕਿਉਂਕਿ ਉਹੀ ਬਜ਼ੁਰਗ ਅਤੇ ਸਹਾਇਕ ਸੇਵਕ ਬਣਦੇ ਹਨ। ਜਿਵੇਂ ਯਿਸੂ ਨੂੰ ਯਹੋਵਾਹ ਦੀ ਰੀਸ ਕਰਦਿਆਂ ਖ਼ੁਸ਼ੀ ਮਿਲੀ, ਉਸੇ ਤਰ੍ਹਾਂ ਮਸੀਹੀ ਆਦਮੀਆਂ ਨੂੰ ਵੀ ਖ਼ੁਸ਼ੀ ਨਾਲ ਮਸੀਹ ਦੀ ਰੀਸ ਕਰਦਿਆਂ ਉਸ ਵਰਗੇ ਗੁਣ ਦਿਖਾਉਣੇ ਚਾਹੀਦੇ ਹਨ।
12, 13. ਬਜ਼ੁਰਗਾਂ ਨੂੰ ਆਪਣੇ ਅਧੀਨ ਭੈਣਾਂ-ਭਰਾਵਾਂ ਨਾਲ ਕਿਸ ਤਰ੍ਹਾਂ ਪੇਸ਼ ਆਉਣਾ ਚਾਹੀਦਾ ਹੈ?
12 ਮਸੀਹੀ ਕਲੀਸਿਯਾ ਦੇ ਬਜ਼ੁਰਗਾਂ ਦਾ ਫ਼ਰਜ਼ ਬਣਦਾ ਹੈ ਕਿ ਉਹ ਮਸੀਹ ਵਰਗੇ ਬਣਨਾ ਸਿੱਖਣ। ਪਤਰਸ ਨੇ ਬਜ਼ੁਰਗਾਂ ਨੂੰ ਇਹ ਤਾਕੀਦ ਕੀਤੀ: “ਪਰਮੇਸ਼ੁਰ ਦੇ ਉਸ ਇੱਜੜ ਦੀ ਜੋ ਤੁਹਾਡੇ ਵਿੱਚ ਹੈ ਚਰਵਾਹੀ ਕਰੋ ਪਰ ਲਚਾਰੀ ਨਾਲ ਨਹੀਂ ਸਗੋਂ ਖੁਸ਼ੀ ਨਾਲ ਪਰਮੇਸ਼ੁਰ ਦੀ ਇੱਛਿਆ ਅਨੁਸਾਰ ਅਤੇ ਨਾ ਝੂਠੇ ਨਫ਼ੇ ਦੇ ਕਾਰਨ ਸਗੋਂ ਮਨ ਦੀ ਚਾਹ ਨਾਲ। ਅਤੇ ਓਹਨਾਂ ਉੱਤੇ ਜਿਹੜੇ ਤੁਹਾਡੇ ਸਪੁਰਦ ਹਨ ਹੁਕਮ ਨਾ ਚਲਾਓ ਸਗੋਂ ਇੱਜੜ ਦੇ ਲਈ 1 ਪਤ. 5:1-3) ਮਸੀਹੀ ਬਜ਼ੁਰਗਾਂ ਨੂੰ ਤਾਨਾਸ਼ਾਹੀ, ਧੌਂਸ ਜਮਾਉਣ ਵਾਲੇ ਜਾਂ ਕਠੋਰ ਨਹੀਂ ਹੋਣਾ ਚਾਹੀਦਾ। ਪਰ ਮਸੀਹ ਦੀ ਨਕਲ ਕਰਦਿਆਂ ਉਹ ਆਪਣੇ ਅਧੀਨ ਭੈਣਾਂ-ਭਰਾਵਾਂ ਨਾਲ ਪਿਆਰ, ਨਿਮਰਤਾ ਅਤੇ ਕੋਮਲਤਾ ਨਾਲ ਪੇਸ਼ ਆਉਂਦੇ ਹਨ ਅਤੇ ਉਨ੍ਹਾਂ ਦਾ ਲਿਹਾਜ਼ ਕਰਦੇ ਹਨ।
ਨਮੂਨਾ ਬਣੋ।” (13 ਕਲੀਸਿਯਾ ਵਿਚ ਅਗਵਾਈ ਕਰਨ ਵਾਲੇ ਭਰਾ ਨਾਮੁਕੰਮਲ ਹਨ। ਇਸ ਕਰਕੇ ਉਨ੍ਹਾਂ ਨੂੰ ਚੇਤੇ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਵਿਚ ਕਮੀਆਂ-ਕਮਜ਼ੋਰੀਆਂ ਹਨ। (ਰੋਮੀ. 3:23) ਇਸ ਲਈ ਉਨ੍ਹਾਂ ਨੂੰ ਉਤਸੁਕਤਾ ਨਾਲ ਯਿਸੂ ਬਾਰੇ ਸਿੱਖਣਾ ਅਤੇ ਉਸ ਵਾਂਗ ਪਿਆਰ ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ ਡੂੰਘਾਈ ਨਾਲ ਸੋਚਣਾ ਚਾਹੀਦਾ ਹੈ ਕਿ ਪਰਮੇਸ਼ੁਰ ਅਤੇ ਮਸੀਹ ਲੋਕਾਂ ਨਾਲ ਕਿਵੇਂ ਪੇਸ਼ ਆਉਂਦੇ ਹਨ ਤੇ ਫਿਰ ਉਨ੍ਹਾਂ ਦੀ ਰੀਸ ਕਰਨੀ ਚਾਹੀਦੀ ਹੈ। ਪਤਰਸ ਸਾਨੂੰ ਸਲਾਹ ਦਿੰਦਾ ਹੈ: “ਤੁਸੀਂ ਸੱਭੇ ਇੱਕ ਦੂਏ ਦੀ ਟਹਿਲ ਕਰਨ ਲਈ ਮਨ ਦੀ ਹਲੀਮੀ ਨਾਲ ਲੱਕ ਬੰਨ੍ਹੋਂ, ਇਸ ਲਈ ਜੋ ਪਰਮੇਸ਼ੁਰ ਹੰਕਾਰੀਆਂ ਦਾ ਸਾਹਮਣਾ ਕਰਦਾ ਪਰ ਹਲੀਮਾਂ ਨੂੰ ਕਿਰਪਾ ਬਖ਼ਸ਼ਦਾ ਹੈ।”—1 ਪਤ. 5:5.
14. ਬਜ਼ੁਰਗਾਂ ਨੂੰ ਹੋਰਨਾਂ ਦਾ ਕਿੰਨਾ ਕੁ ਆਦਰ ਕਰਨਾ ਚਾਹੀਦਾ ਹੈ?
14 ਕਲੀਸਿਯਾ ਵਿਚ ਨਿਯੁਕਤ ਭਰਾਵਾਂ ਨੂੰ ਪਰਮੇਸ਼ੁਰ ਦੇ ਲੋਕਾਂ ਨਾਲ ਪੇਸ਼ ਆਉਂਦੇ ਵੇਲੇ ਚੰਗੇ ਗੁਣ ਦਿਖਾਉਣ ਦੀ ਲੋੜ ਹੈ। ਰੋਮੀਆਂ 12:10 ਦੱਸਦਾ ਹੈ: “ਭਰੱਪਣ ਦੇ ਪ੍ਰੇਮ ਵਿੱਚ ਇੱਕ ਦੂਏ ਨਾਲ ਗੂੜ੍ਹਾ ਹਿਤ ਰੱਖੋ, ਆਦਰ ਵਿੱਚ ਦੂਏ ਨੂੰ ਚੰਗਾ ਸਮਝੋ।” ਬਜ਼ੁਰਗ ਅਤੇ ਸਹਾਇਕ ਸੇਵਕ ਹੋਰਨਾਂ ਦਾ ਆਦਰ ਕਰਦੇ ਹਨ। ਬਾਕੀ ਮਸੀਹੀਆਂ ਵਾਂਗ ਇਹ ਭਰਾ ‘ਧੜੇ ਬਾਜ਼ੀਆਂ ਅਥਵਾ ਫੋਕੇ ਘੁਮੰਡ ਨਾਲ ਕੁਝ ਨਹੀਂ ਕਰਦੇ ਸਗੋਂ ਅਧੀਨਗੀ ਨਾਲ ਇੱਕ ਦੂਏ ਨੂੰ ਆਪਣੇ ਆਪ ਤੋਂ ਉੱਤਮ ਜਾਣਦੇ ਹਨ।’ (ਫ਼ਿਲਿ. 2:3) ਅਗਵਾਈ ਕਰਨ ਵਾਲੇ ਭਰਾਵਾਂ ਨੂੰ ਦੂਜਿਆਂ ਨੂੰ ਇਵੇਂ ਵਿਚਾਰਨਾ ਚਾਹੀਦਾ ਹੈ ਜਿਵੇਂ ਕਿ ਦੂਸਰੇ ਉਨ੍ਹਾਂ ਤੋਂ ਉੱਤਮ ਹੋਣ। ਇਸ ਤਰ੍ਹਾਂ ਕਰ ਕੇ ਇਹ ਭਰਾ ਪੌਲੁਸ ਦੀ ਸਲਾਹ ਉੱਤੇ ਚੱਲ ਰਹੇ ਹੋਣਗੇ: “ਸਾਨੂੰ ਜੋ ਤਕੜੇ ਹਾਂ ਚਾਹੀਦਾ ਹੈ ਭਈ ਬਲਹੀਣਾਂ ਦੀਆਂ ਨਿਰਬਲਤਾਈਆਂ ਨੂੰ ਸਹਾਰੀਏ ਅਤੇ ਆਪ ਨੂੰ ਨਾ ਰਿਝਾਈਏ। ਸਾਡੇ ਵਿੱਚੋਂ ਹਰੇਕ ਆਪਣੇ ਗੁਆਂਢੀ ਨੂੰ ਉਹ ਦੀ ਭਲਿਆਈ ਲਈ ਰਿਝਾਏ ਭਈ ਉਹ ਦੀ ਤਰੱਕੀ ਹੋਵੇ। ਕਿਉਂ ਜੋ ਮਸੀਹ ਨੇ ਵੀ ਆਪਣੇ ਆਪ ਨੂੰ ਨਹੀਂ ਰਿਝਾਇਆ।”—ਰੋਮੀ. 15:1-3.
‘ਪਤਨੀਆਂ ਦਾ ਆਦਰ ਕਰੋ’
15. ਪਤੀਆਂ ਨੂੰ ਆਪਣੀਆਂ ਪਤਨੀਆਂ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ?
15 ਹੁਣ ਪਤਰਸ ਦੀ ਸਲਾਹ ’ਤੇ ਧਿਆਨ ਦਿਓ ਜੋ ਉਸ ਨੇ ਵਿਆਹੇ ਆਦਮੀਆਂ ਨੂੰ ਦਿੱਤੀ ਸੀ: ‘ਹੇ ਪਤੀਓ, ਬੁੱਧ ਦੇ ਅਨੁਸਾਰ ਆਪਣੀਆਂ ਪਤਨੀਆਂ ਨਾਲ ਵੱਸੋ ਅਤੇ ਇਸਤ੍ਰੀ ਨੂੰ ਆਪਣੇ ਨਾਲੋਂ ਕੋਮਲ ਸਰੀਰ ਜਾਣ ਕੇ ਉਹ ਦਾ ਆਦਰ ਕਰੋ।’ (1 ਪਤ. 3:7) ਕਿਸੇ ਦਾ ਆਦਰ ਕਰਨ ਦਾ ਮਤਲਬ ਹੈ ਕਿ ਤੁਸੀਂ ਉਸ ਨੂੰ ਬਹੁਤ ਅਹਿਮ ਸਮਝਦੇ ਹੋ। ਤੁਸੀਂ ਉਸ ਦੀ ਰਾਇ, ਲੋੜਾਂ ਅਤੇ ਚਾਹਤਾਂ ਨੂੰ ਧਿਆਨ ਵਿਚ ਰੱਖੋਗੇ ਅਤੇ ਉਸ ਦੀ ਗੱਲ ਮੰਨੋਗੇ, ਬਸ਼ਰਤੇ ਇਹ ਅਸੂਲਾਂ ਦੇ ਖ਼ਿਲਾਫ਼ ਨਾ ਹੋਵੇ। ਪਤੀ ਨੂੰ ਇਸੇ ਤਰ੍ਹਾਂ ਆਪਣੀ ਪਤਨੀ ਨਾਲ ਪੇਸ਼ ਆਉਣਾ ਚਾਹੀਦਾ ਹੈ।
16. ਪਤਨੀਆਂ ਦਾ ਆਦਰ ਕਰਨ ਬਾਰੇ ਪਰਮੇਸ਼ੁਰ ਦਾ ਬਚਨ ਪਤੀਆਂ ਨੂੰ ਕੀ ਚੇਤਾਵਨੀ ਦਿੰਦਾ ਹੈ?
16 ਪਤਰਸ ਜਦੋਂ ਪਤੀਆਂ ਨੂੰ ਆਪਣੀਆਂ ਪਤਨੀਆਂ ਦਾ ਆਦਰ ਕਰਨ ਬਾਰੇ ਕਹਿ ਰਿਹਾ ਸੀ, ਤਾਂ ਉਸ ਨੇ ਇਹ ਚੇਤਾਵਨੀ ਵੀ ਦਿੱਤੀ ਸੀ: “ਤਾਂ ਜੋ ਤੁਹਾਡੀਆਂ ਪ੍ਰਾਰਥਨਾਂ ਰੁਕ ਨਾ ਜਾਣ।” (1 ਪਤ. 3:7) ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਯਹੋਵਾਹ ਇਸ ਗੱਲ ਨੂੰ ਕਿੰਨੀ ਗੰਭੀਰਤਾ ਨਾਲ ਲੈਂਦਾ ਹੈ ਕਿ ਪਤੀ ਆਪਣੀ ਪਤਨੀ ਨਾਲ ਕਿਹੋ ਜਿਹਾ ਸਲੂਕ ਕਰਦਾ ਹੈ। ਜੇ ਪਤੀ ਆਦਰ ਨਹੀਂ ਕਰਦਾ, ਤਾਂ ਪਰਮੇਸ਼ੁਰ ਉਸ ਦੀਆਂ ਪ੍ਰਾਰਥਨਾਵਾਂ ਨਹੀਂ ਸੁਣੇਗਾ। ਇਸ ਤੋਂ ਇਲਾਵਾ, ਕੀ ਇਹ ਸੱਚ ਨਹੀਂ ਕਿ ਆਦਰ ਕਰਨ ਵਾਲੇ ਪਤੀਆਂ ਦੀਆਂ ਪਤਨੀਆਂ ਵੀ ਉਨ੍ਹਾਂ ਦਾ ਆਦਰ ਕਰਦੀਆਂ ਹਨ?
17. ਪਤੀ ਨੂੰ ਕਿਸ ਹੱਦ ਤਕ ਆਪਣੀ ਪਤਨੀ ਨਾਲ ਪਿਆਰ ਕਰਨਾ ਚਾਹੀਦਾ ਹੈ?
17 ਪਤਨੀ ਨੂੰ ਪਿਆਰ ਕਰਨ ਦੇ ਸੰਬੰਧ ਵਿਚ ਪਰਮੇਸ਼ੁਰ ਦਾ ਬਚਨ ਸਲਾਹ ਦਿੰਦਾ ਹੈ: “ਪਤੀਆਂ ਨੂੰ ਚਾਹੀਦਾ ਹੈ ਜੋ ਆਪਣੀਆਂ ਪਤਨੀਆਂ ਨਾਲ ਅਜਿਹਾ ਪ੍ਰੇਮ ਕਰਨ ਜਿਵੇਂ ਆਪਣੇ ਸਰੀਰਾਂ ਨਾਲ ਕਰਦੇ ਹਨ। . . . ਕਿਉਂ ਜੋ ਕਿਸੇ ਨੇ ਆਪਣੇ ਸਰੀਰ ਨਾਲ ਕਦੇ ਵੈਰ ਨਹੀਂ ਕੀਤਾ ਸਗੋਂ ਉਹ ਉਸ ਨੂੰ ਪਾਲਦਾ ਪਲੋਸਦਾ ਹੈ ਜਿਵੇਂ ਮਸੀਹ ਵੀ ਕਲੀਸਿਯਾ ਨੂੰ। ਪਰ ਤੁਸਾਂ ਵਿੱਚੋਂ ਭੀ ਹਰੇਕ ਆਪੋ ਆਪਣੀ ਪਤਨੀ ਨਾਲ ਆਪਣੇ ਹੀ ਜਿਹਾ ਪ੍ਰੇਮ ਕਰੇ।” (ਅਫ਼. 5:28, 29, 33) ਪਤੀਆਂ ਨੂੰ ਆਪਣੀਆਂ ਪਤਨੀਆਂ ਨਾਲ ਕਿੰਨਾ ਕੁ ਪਿਆਰ ਕਰਨਾ ਚਾਹੀਦਾ ਹੈ? ਪੌਲੁਸ ਰਸੂਲ ਨੇ ਲਿਖਿਆ: “ਹੇ ਪਤੀਓ, ਆਪਣੀਆਂ ਪਤਨੀਆਂ ਨਾਲ ਪ੍ਰੇਮ ਰੱਖੋ ਜਿਵੇਂ ਮਸੀਹ ਨੇ ਵੀ ਕਲੀਸਿਯਾ ਨਾਲ ਪ੍ਰੇਮ ਕੀਤਾ ਅਤੇ ਆਪਣੇ ਆਪ ਨੂੰ ਉਸ ਦੇ ਲਈ ਦੇ ਦਿੱਤਾ।” (ਅਫ਼. 5:25) ਜੀ ਹਾਂ, ਪਤੀ ਨੂੰ ਆਪਣੀ ਪਤਨੀ ਲਈ ਜਾਨ ਵੀ ਕੁਰਬਾਨ ਕਰਨ ਲਈ ਤਿਆਰ ਹੋਣਾ ਚਾਹੀਦਾ ਹੈ ਜਿਵੇਂ ਮਸੀਹ ਨੇ ਹੋਰਨਾਂ ਲਈ ਆਪਣੀ ਜਾਨ ਦਿੱਤੀ। ਜਦ ਮਸੀਹੀ ਪਤੀ ਆਪਣੀ ਪਤਨੀ ਨਾਲ ਪਿਆਰ ਕਰਦਾ ਹੈ, ਉਸ ਦਾ ਧਿਆਨ ਰੱਖਦਾ ਹੈ ਤੇ ਆਪਣਾ ਸੁਆਰਥ ਨਹੀਂ ਦੇਖਦਾ, ਤਾਂ ਪਤਨੀ ਲਈ ਉਸ ਦੇ ਅਧੀਨ ਹੋਣਾ ਆਸਾਨ ਹੁੰਦਾ ਹੈ।
18. ਵਿਆਹੁਤਾ-ਜੀਵਨ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਵਾਸਤੇ ਆਦਮੀਆਂ ਨੂੰ ਕਿੱਥੋਂ ਮਦਦ ਮਿਲ ਸਕਦੀ ਹੈ?
18 ਕੀ ਪਤੀਆਂ ਤੋਂ ਬਹੁਤ ਵੱਡੀ ਮੰਗ ਕੀਤੀ ਜਾ ਰਹੀ ਹੈ ਕਿ ਉਹ ਆਪਣੀਆਂ ਪਤਨੀਆਂ ਨਾਲ ਇਸ ਹੱਦ ਤਕ ਪਿਆਰ ਕਰਨ? ਨਹੀਂ, ਕਿਉਂਕਿ ਯਹੋਵਾਹ ਕਦੇ ਵੀ ਉਨ੍ਹਾਂ ਨੂੰ ਉਹ ਕੰਮ ਕਰਨ ਲਈ ਨਹੀਂ ਕਹਿੰਦਾ ਜੋ ਉਹ ਨਹੀਂ ਕਰ ਸਕਦੇ। ਇਸ ਦੇ ਨਾਲ-ਨਾਲ, ਯਹੋਵਾਹ ਦੇ ਸੇਵਕ ਬ੍ਰਹਿਮੰਡ ਦੀ ਸਭ ਤੋਂ ਵੱਡੀ ਤਾਕਤ ਹਾਸਲ ਕਰ ਸਕਦੇ ਹਨ, ਉਹ ਹੈ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ। ਯਿਸੂ ਨੇ ਕਿਹਾ ਸੀ: “ਜੇ ਤੁਸੀਂ ਬੁਰੇ ਹੋ ਕੇ ਆਪਣਿਆਂ ਬਾਲਕਾਂ ਨੂੰ ਚੰਗੀਆਂ ਦਾਤਾਂ ਦੇਣੀਆਂ ਜਾਣਦੇ ਹੋ ਤਾਂ ਉਹ ਸੁਰਗੀ ਪਿਤਾ ਕਿੰਨਾ ਵਧੀਕ ਆਪਣੇ ਮੰਗਣ ਵਾਲਿਆਂ ਨੂੰ ਪਵਿੱਤ੍ਰ [ਸ਼ਕਤੀ] ਦੇਵੇਗਾ!” (ਲੂਕਾ 11:13) ਪਤੀ ਯਹੋਵਾਹ ਨੂੰ ਪ੍ਰਾਰਥਨਾ ਕਰ ਸਕਦੇ ਹਨ ਕਿ ਉਹ ਆਪਣੀ ਸ਼ਕਤੀ ਦੇ ਜ਼ਰੀਏ ਉਨ੍ਹਾਂ ਦੀ ਮਦਦ ਕਰੇ ਤਾਂਕਿ ਉਹ ਦੂਜਿਆਂ ਨਾਲ ਅਤੇ ਆਪਣੀਆਂ ਪਤਨੀਆਂ ਨਾਲ ਚੰਗੀ ਤਰ੍ਹਾਂ ਪੇਸ਼ ਆ ਸਕਣ।—ਰਸੂਲਾਂ ਦੇ ਕਰਤੱਬ 5:32 ਪੜ੍ਹੋ।
19. ਅਗਲੇ ਲੇਖ ਵਿਚ ਕੀ ਦੱਸਿਆ ਜਾਵੇਗਾ?
19 ਵਾਕਈ, ਭਰਾਵਾਂ ਉੱਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿ ਉਹ ਮਸੀਹ ਦੇ ਅਧੀਨ ਹੋਣਾ ਅਤੇ ਉਸ ਵਾਂਗ ਆਪਣਾ ਅਧਿਕਾਰ ਚਲਾਉਣਾ ਸਿੱਖਣ। ਪਰ ਔਰਤਾਂ, ਖ਼ਾਸਕਰ ਪਤਨੀਆਂ ਬਾਰੇ ਕੀ? ਅਗਲੇ ਲੇਖ ਵਿਚ ਦੱਸਿਆ ਜਾਵੇਗਾ ਕਿ ਯਹੋਵਾਹ ਦੇ ਇੰਤਜ਼ਾਮ ਵਿਚ ਉਨ੍ਹਾਂ ਨੂੰ ਆਪਣੀ ਭੂਮਿਕਾ ਬਾਰੇ ਕਿਵੇਂ ਸੋਚਣਾ ਚਾਹੀਦਾ ਹੈ।
ਕੀ ਤੁਹਾਨੂੰ ਯਾਦ ਹੈ?
• ਸਾਨੂੰ ਯਿਸੂ ਦੇ ਕਿਹੜੇ ਗੁਣ ਅਪਣਾਉਣੇ ਚਾਹੀਦੇ ਹਨ?
• ਬਜ਼ੁਰਗਾਂ ਨੂੰ ਭੈਣਾਂ-ਭਰਾਵਾਂ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ?
• ਪਤੀ ਨੂੰ ਆਪਣੀ ਪਤਨੀ ਨਾਲ ਕਿਹੋ ਜਿਹਾ ਸਲੂਕ ਕਰਨਾ ਚਾਹੀਦਾ ਹੈ?
[ਸਵਾਲ]
[ਸਫ਼ਾ 10 ਉੱਤੇ ਤਸਵੀਰਾਂ]
ਯਿਸੂ ਦੀ ਰੀਸ ਕਰ ਕੇ ਹੋਰਨਾਂ ਦਾ ਆਦਰ ਕਰੋ