Skip to content

Skip to table of contents

ਭਰਾਵੋ, ਪਵਿੱਤਰ ਸ਼ਕਤੀ ਲਈ ਬੀਜੋ ਤੇ ਅੱਗੇ ਵਧੋ!

ਭਰਾਵੋ, ਪਵਿੱਤਰ ਸ਼ਕਤੀ ਲਈ ਬੀਜੋ ਤੇ ਅੱਗੇ ਵਧੋ!

ਭਰਾਵੋ, ਪਵਿੱਤਰ ਸ਼ਕਤੀ ਲਈ ਬੀਜੋ ਤੇ ਅੱਗੇ ਵਧੋ!

‘ਜਿਹੜਾ ਪਵਿੱਤਰ ਸ਼ਕਤੀ ਲਈ ਬੀਜਦਾ ਹੈ ਉਹ ਪਵਿੱਤਰ ਸ਼ਕਤੀ ਤੋਂ ਸਦੀਪਕ ਜੀਵਨ ਨੂੰ ਵੱਢੇਗਾ।’—ਗਲਾ. 6:8.

1, 2. ਮੱਤੀ 9:37, 38 ਅੱਜ ਕਿਵੇਂ ਪੂਰਾ ਹੋ ਰਿਹਾ ਹੈ ਅਤੇ ਨਤੀਜੇ ਵਜੋਂ ਕਲੀਸਿਯਾਵਾਂ ਵਿਚ ਕਿਨ੍ਹਾਂ ਦੀ ਲੋੜ ਹੈ?

ਤੁਸੀਂ ਹੁਣ ਉਹ ਗੱਲਾਂ ਹੁੰਦੀਆਂ ਦੇਖ ਰਹੇ ਹੋ ਜੋ ਹਮੇਸ਼ਾ ਯਾਦ ਰਹਿਣਗੀਆਂ। ਯਿਸੂ ਮਸੀਹ ਨੇ ਇਕ ਕੰਮ ਬਾਰੇ ਗੱਲ ਕੀਤੀ ਸੀ ਜੋ ਇਸ ਵੇਲੇ ਪੂਰੇ ਜ਼ੋਰਾਂ-ਸ਼ੋਰਾਂ ਨਾਲ ਅੱਗੇ ਵਧ ਰਿਹਾ ਹੈ। ਯਿਸੂ ਨੇ ਕਿਹਾ ਸੀ: “ਖੇਤੀ ਪੱਕੀ ਹੋਈ ਤਾਂ ਬਹੁਤ ਹੈ ਪਰ ਵਾਢੇ ਥੋੜੇ ਹਨ। ਇਸ ਲਈ ਤੁਸੀਂ ਖੇਤੀ ਦੇ ਮਾਲਕ ਦੇ ਅੱਗੇ ਬੇਨਤੀ ਕਰੋ ਜੋ ਉਹ ਆਪਣੀ ਖੇਤੀ ਵੱਢਣ ਨੂੰ ਵਾਢੇ ਘੱਲ ਦੇਵੇ।” (ਮੱਤੀ 9:37, 38) ਇਹੋ ਜਿਹੀਆਂ ਬੇਨਤੀਆਂ ਦਾ ਜਵਾਬ ਯਹੋਵਾਹ ਜਿਸ ਤਰੀਕੇ ਨਾਲ ਦਿੰਦਾ ਹੈ, ਉਸ ਬਾਰੇ ਅਸੀਂ ਕਦੇ ਸੋਚਿਆ ਵੀ ਨਹੀਂ ਹੋਣਾ। ਸੇਵਾ ਸਾਲ 2009 ਦੌਰਾਨ ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹਾਂ ਦੀਆਂ 2,031 ਨਵੀਆਂ ਕਲੀਸਿਯਾਵਾਂ ਬਣੀਆਂ ਤੇ ਹੁਣ ਕੁੱਲ 1,05,298 ਕਲੀਸਿਯਾਵਾਂ ਹਨ। ਹਰ ਦਿਨ ਔਸਤਨ 757 ਲੋਕਾਂ ਨੇ ਬਪਤਿਸਮਾ ਲਿਆ!

2 ਇਸ ਵਾਧੇ ਕਾਰਨ ਕਾਬਲ ਭਰਾਵਾਂ ਦੀ ਲੋੜ ਹੈ ਜੋ ਕਲੀਸਿਯਾਵਾਂ ਵਿਚ ਸਿੱਖਿਆ ਦੇਣ ਦੇ ਨਾਲ-ਨਾਲ ਕਲੀਸਿਯਾ ਦੀ ਦੇਖ-ਰੇਖ ਕਰ ਸਕਣ। (ਅਫ਼. 4:11) ਦਹਾਕਿਆਂ ਤੋਂ ਯਹੋਵਾਹ ਨੇ ਆਪਣੇ ਲੋਕਾਂ ਦੀ ਦੇਖ-ਰੇਖ ਕਰਨ ਵਾਸਤੇ ਕਾਬਲ ਆਦਮੀਆਂ ਨੂੰ ਵਰਤਿਆ ਹੈ ਅਤੇ ਸਾਨੂੰ ਯਕੀਨ ਹੈ ਕਿ ਉਹ ਇੱਦਾਂ ਕਰਦਾ ਰਹੇਗਾ। ਮੀਕਾਹ 5:5 ਵਿਚ ਦੱਸੀ ਭਵਿੱਖਬਾਣੀ ਸਾਨੂੰ ਯਕੀਨ ਦਿਵਾਉਂਦੀ ਹੈ ਕਿ ਆਖ਼ਰੀ ਦਿਨਾਂ ਦੌਰਾਨ ਯਹੋਵਾਹ ਦੇ ਲੋਕਾਂ ਦੇ “ਸੱਤ ਅਯਾਲੀ” ਅਤੇ ‘ਅੱਠ ਰਾਜ-ਕੁਮਾਰ’ ਹੋਣਗੇ। ਇਸ ਦਾ ਮਤਲਬ ਹੈ ਕਿ ਅਗਵਾਈ ਕਰਨ ਵਾਲੇ ਬਹੁਤ ਸਾਰੇ ਕਾਬਲ ਬੰਦੇ ਹੋਣਗੇ।

3. ਸਮਝਾਓ ਕਿ ‘ਪਵਿੱਤਰ ਸ਼ਕਤੀ ਲਈ ਬੀਜਣ’ ਦਾ ਕੀ ਮਤਲਬ ਹੈ?

3 ਜੇ ਤੁਸੀਂ ਬਪਤਿਸਮਾ-ਪ੍ਰਾਪਤ ਭਰਾ ਹੋ, ਤਾਂ ਅੱਗੇ ਵਧਣ ਵਿਚ ਕਿਹੜੀ ਗੱਲ ਤੁਹਾਡੀ ਮਦਦ ਕਰ ਸਕਦੀ ਹੈ ਤਾਂਕਿ ਤੁਹਾਨੂੰ ਕਲੀਸਿਯਾ ਦੀਆਂ ਜ਼ਿੰਮੇਵਾਰੀਆਂ ਦਿੱਤੀਆਂ ਜਾ ਸਕਣ? ਸਭ ਤੋਂ ਜ਼ਰੂਰੀ ਗੱਲ ਹੈ ਕਿ ਤੁਸੀਂ ‘ਪਵਿੱਤਰ ਸ਼ਕਤੀ ਲਈ ਬੀਜੋ।’ (ਗਲਾ. 6:8) ਇਸ ਦਾ ਕੀ ਮਤਲਬ ਹੈ? ਇਸ ਦਾ ਮਤਲਬ ਹੈ ਇਸ ਢੰਗ ਨਾਲ ਜੀਣਾ ਕਿ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਤੁਹਾਡੀ ਜ਼ਿੰਦਗੀ ਉੱਤੇ ਅਸਰ ਕਰੇ। ਇਸ ਲਈ ਆਪਣਾ ਮਨ ਬਣਾ ਲਓ ਕਿ ਤੁਸੀਂ ‘ਆਪਣੇ ਸਰੀਰ ਲਈ ਨਹੀਂ ਬੀਜੋਗੇ।’ ਐਸ਼ੋ-ਆਰਾਮ ਅਤੇ ਮਨੋਰੰਜਨ ਵਰਗੀਆਂ ਚੀਜ਼ਾਂ ਨੂੰ ਪਰਮੇਸ਼ੁਰ ਦੀ ਸੇਵਾ ਕਰਨ ਵਿਚ ਰੁਕਾਵਟ ਨਾ ਬਣਨ ਦਿਓ। ਦਰਅਸਲ, ਸਾਰੇ ਮਸੀਹੀਆਂ ਨੂੰ ‘ਪਵਿੱਤਰ ਸ਼ਕਤੀ ਲਈ ਬੀਜਣਾ’ ਚਾਹੀਦਾ ਹੈ ਅਤੇ ਜਿਹੜੇ ਭਰਾ ਇਸ ਤਰ੍ਹਾਂ ਕਰਦੇ ਹਨ, ਉਨ੍ਹਾਂ ਨੂੰ ਸਮੇਂ ਦੇ ਬੀਤਣ ਨਾਲ ਕਲੀਸਿਯਾ ਵਿਚ ਜ਼ਿੰਮੇਵਾਰੀਆਂ ਮਿਲ ਸਕਦੀਆਂ ਹਨ। ਅੱਜ ਸਹਾਇਕ ਸੇਵਕਾਂ ਅਤੇ ਬਜ਼ੁਰਗਾਂ ਦੀ ਸਖ਼ਤ ਲੋੜ ਹੈ, ਇਸ ਕਰਕੇ ਇਹ ਲੇਖ ਖ਼ਾਸਕਰ ਭਰਾਵਾਂ ਲਈ ਹੈ। ਇਸ ਲਈ ਭਰਾਵੋ, ਅਸੀਂ ਤੁਹਾਨੂੰ ਤਾਕੀਦ ਕਰਦੇ ਹਾਂ ਕਿ ਇਸ ਲੇਖ ਬਾਰੇ ਗੰਭੀਰਤਾ ਨਾਲ ਸੋਚੋ।

ਚੰਗੇ ਕੰਮ ਲਈ ਅੱਗੇ ਵਧੋ

4, 5. (ੳ) ਬਪਤਿਸਮਾ-ਪ੍ਰਾਪਤ ਭਰਾਵਾਂ ਨੂੰ ਕਲੀਸਿਯਾ ਵਿਚ ਕਿਹੜੀਆਂ ਜ਼ਿੰਮੇਵਾਰੀਆਂ ਉਠਾਉਣ ਲਈ ਅੱਗੇ ਵਧਣਾ ਚਾਹੀਦਾ ਹੈ? (ਅ) ਭਰਾ ਇਹ ਜ਼ਿੰਮੇਵਾਰੀਆਂ ਉਠਾਉਣ ਲਈ ਅੱਗੇ ਕਿਵੇਂ ਵਧਦੇ ਹਨ?

4 ਇਕ ਮਸੀਹੀ ਆਦਮੀ ਆਪਣੇ ਆਪ ਹੀ ਬਜ਼ੁਰਗ ਨਹੀਂ ਬਣ ਜਾਂਦਾ। ਉਸ ਨੂੰ ਇਸ “ਚੰਗੇ ਕੰਮ” ਲਈ ਅੱਗੇ ਵਧਣ ਦੀ ਲੋੜ ਹੈ। (1 ਤਿਮੋ. 3:1) ਇਸ ਕੰਮ ਵਿਚ ਦਿਲੋਂ ਆਪਣੇ ਭੈਣਾਂ-ਭਰਾਵਾਂ ਦੀਆਂ ਲੋੜਾਂ ਦਾ ਧਿਆਨ ਰੱਖਣਾ ਸ਼ਾਮਲ ਹੈ। (ਯਸਾਯਾਹ 32:1, 2 ਪੜ੍ਹੋ।) ਜਿਹੜਾ ਭਰਾ ਚੰਗੇ ਇਰਾਦੇ ਨਾਲ ਅੱਗੇ ਵਧਦਾ ਹੈ, ਉਹ ਆਪਣਾ ਫ਼ਾਇਦਾ ਨਹੀਂ ਦੇਖਦਾ। ਇਸ ਦੀ ਬਜਾਇ, ਉਹ ਬਿਨਾਂ ਸੁਆਰਥ ਦੇ ਦੂਜਿਆਂ ਦਾ ਭਲਾ ਕਰਨਾ ਚਾਹੁੰਦਾ ਹੈ।

5 ਜਿਹੜਾ ਭਰਾ ਸਹਾਇਕ ਸੇਵਕ ਬਣਨ ਲਈ ਅੱਗੇ ਵਧਦਾ ਹੈ ਅਤੇ ਫਿਰ ਬਜ਼ੁਰਗ ਬਣਨਾ ਚਾਹੁੰਦਾ ਹੈ, ਉਸ ਨੂੰ ਬਾਈਬਲ ਵਿਚ ਦੱਸੀਆਂ ਮੰਗਾਂ ਪੂਰੀਆਂ ਕਰਨ ਦੀ ਲੋੜ ਹੈ। (1 ਤਿਮੋ. 3:1-10, 12, 13; ਤੀਤੁ. 1:5-9) ਜੇ ਤੁਸੀਂ ਬਪਤਿਸਮਾ ਲੈ ਚੁੱਕੇ ਹੋ, ਤਾਂ ਆਪਣੇ ਤੋਂ ਪੁੱਛੋ: ‘ਕੀ ਮੈਂ ਬਾਕਾਇਦਾ ਪ੍ਰਚਾਰ ਕਰਨ ਜਾਂਦਾ ਹਾਂ ਅਤੇ ਇਸ ਤਰ੍ਹਾਂ ਕਰਨ ਵਿਚ ਹੋਰਨਾਂ ਦੀ ਮਦਦ ਕਰਦਾ ਹਾਂ? ਕੀ ਮੈਂ ਭੈਣਾਂ-ਭਰਾਵਾਂ ਦਾ ਹੌਸਲਾ ਵਧਾਉਣ ਲਈ ਉਨ੍ਹਾਂ ਵਿਚ ਰੁਚੀ ਲੈਂਦਾ ਹਾਂ? ਕੀ ਮੈਂ ਪਰਮੇਸ਼ੁਰ ਦੇ ਬਚਨ ਨੂੰ ਚੰਗੀ ਤਰ੍ਹਾਂ ਪੜ੍ਹਨ ਵਾਲੇ ਵਜੋਂ ਜਾਣਿਆ ਜਾਂਦਾ ਹਾਂ? ਕੀ ਮੈਂ ਬਿਹਤਰ ਟਿੱਪਣੀਆਂ ਦੇਣ ਦੀ ਕੋਸ਼ਿਸ਼ ਕਰਦਾ ਹਾਂ? ਕੀ ਮੈਂ ਬਜ਼ੁਰਗਾਂ ਵੱਲੋਂ ਦਿੱਤੇ ਕੰਮ ਚੰਗੀ ਤਰ੍ਹਾਂ ਪੂਰੇ ਕਰਦਾ ਹਾਂ?’ (2 ਤਿਮੋ. 4:5) ਇਨ੍ਹਾਂ ਸਵਾਲਾਂ ਉੱਤੇ ਗੰਭੀਰਤਾ ਨਾਲ ਸੋਚ-ਵਿਚਾਰ ਕਰਨਾ ਚਾਹੀਦਾ ਹੈ।

6. ਕਲੀਸਿਯਾ ਦੀਆਂ ਜ਼ਿੰਮੇਵਾਰੀਆਂ ਉਠਾਉਣ ਦੇ ਕਾਬਲ ਹੋਣ ਲਈ ਕਿਹੜੀ ਗੱਲ ਜ਼ਰੂਰੀ ਹੈ?

6 ਕਲੀਸਿਯਾ ਦੀਆਂ ਜ਼ਿੰਮੇਵਾਰੀਆਂ ਉਠਾਉਣ ਦੇ ਕਾਬਲ ਹੋਣ ਦਾ ਇਕ ਹੋਰ ਤਰੀਕਾ ਹੈ ‘ਪਰਮੇਸ਼ੁਰ ਦੀ ਸ਼ਕਤੀ ਦੇ ਰਾਹੀਂ ਅੰਦਰਲੀ ਇਨਸਾਨੀਅਤ ਵਿੱਚ ਸਮਰੱਥਾ ਨਾਲ ਬਲਵੰਤ ਬਣਨਾ।’ (ਅਫ਼. 3:16) ਪਰ ਕਲੀਸਿਯਾ ਵਿਚ ਸਹਾਇਕ ਸੇਵਕ ਜਾਂ ਬਜ਼ੁਰਗ ਬਣਨ ਦਾ ਇਹ ਮਤਲਬ ਨਹੀਂ ਕਿ ਤੁਸੀਂ ਅਫ਼ਸਰ ਬਣ ਗਏ ਹੋ। ਇਹ ਸਨਮਾਨ ਤੁਹਾਨੂੰ ਤਾਂ ਹੀ ਮਿਲਦਾ ਹੈ ਜੇ ਤੁਸੀਂ ਪਰਮੇਸ਼ੁਰ ਨਾਲ ਆਪਣਾ ਰਿਸ਼ਤਾ ਪੱਕਾ ਕਰਦੇ ਜਾਂਦੇ ਹੋ। ਪਰਮੇਸ਼ੁਰ ਨਾਲ ਤੁਸੀਂ ਪੱਕਾ ਰਿਸ਼ਤਾ ਕਿਵੇਂ ਬਣਾ ਸਕਦੇ ਹੋ? ਇਕ ਤਰੀਕਾ ਹੈ ਕਿ ਤੁਸੀਂ ਉਸ ਦੀ ‘ਸ਼ਕਤੀ ਦੁਆਰਾ ਚੱਲਦੇ ਰਹੋ’ ਅਤੇ ਆਪਣੇ ਵਿਚ ਇਸ ਦਾ ਫਲ ਪੈਦਾ ਕਰੋ। (ਗਲਾ. 5:16, 22, 23) ਜਿਉਂ-ਜਿਉਂ ਤੁਸੀਂ ਪਰਮੇਸ਼ੁਰ ਦੇ ਗੁਣਾਂ ਨੂੰ ਦਿਖਾਉਂਦੇ ਹੋ ਅਤੇ ਸੁਧਾਰ ਕਰਨ ਲਈ ਦਿੱਤੀ ਸਲਾਹ ਨੂੰ ਮੰਨਦੇ ਹੋ, ‘ਤੁਹਾਡੀ ਤਰੱਕੀ ਸਭਨਾਂ ਉੱਤੇ ਪਰਗਟ ਹੋਵੇਗੀ’ ਅਤੇ ਤੁਹਾਨੂੰ ਹੋਰ ਜ਼ਿੰਮੇਵਾਰੀਆਂ ਦਿੱਤੀਆਂ ਜਾਣਗੀਆਂ।—1 ਤਿਮੋ. 4:15.

ਆਪਾ ਵਾਰਨ ਦੀ ਭਾਵਨਾ ਹੋਣੀ ਜ਼ਰੂਰੀ

7. ਦੂਸਰਿਆਂ ਦੀ ਸੇਵਾ ਕਰਨ ਵਿਚ ਕੀ ਸ਼ਾਮਲ ਹੈ?

7 ਦੂਸਰਿਆਂ ਦੀ ਸੇਵਾ ਕਰਨ ਵਾਸਤੇ ਸਖ਼ਤ ਮਿਹਨਤ ਕਰਨ ਦੀ ਲੋੜ ਤਾਂ ਹੈ, ਪਰ ਇਸ ਦੇ ਨਾਲ-ਨਾਲ ਆਪਾ ਵਾਰਨ ਦੀ ਭਾਵਨਾ ਹੋਣੀ ਵੀ ਜ਼ਰੂਰੀ ਹੈ। ਮਸੀਹੀ ਬਜ਼ੁਰਗ ਚਰਵਾਹਿਆਂ ਵਾਂਗ ਕੰਮ ਕਰਦੇ ਹਨ। ਇਸ ਲਈ ਉਹ ਇੱਜੜ ਦੀਆਂ ਸਮੱਸਿਆਵਾਂ ਬਾਰੇ ਫ਼ਿਕਰਮੰਦ ਰਹਿੰਦੇ ਹਨ। ਧਿਆਨ ਦਿਓ ਕਿ ਚਰਵਾਹੇ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਪੌਲੁਸ ਰਸੂਲ ਉੱਤੇ ਕੀ ਅਸਰ ਪਿਆ। ਉਸ ਨੇ ਕੁਰਿੰਥੁਸ ਦੇ ਭੈਣਾਂ-ਭਰਾਵਾਂ ਨੂੰ ਦੱਸਿਆ: “ਮੈਂ ਵੱਡੀ ਬਿਪਤਾ ਅਤੇ ਮਨ ਦੇ ਕਸ਼ਟ ਨਾਲ ਬਹੁਤ ਅੰਝੂ ਕੇਰ ਕੇਰ ਕੇ ਤੁਹਾਨੂੰ ਲਿਖਿਆ, ਸੋ ਇਸ ਲਈ ਨਹੀਂ ਜੋ ਤੁਸੀਂ ਦੁਖੀ ਹੋਵੋ ਸਗੋਂ ਇਸ ਲਈ ਜੋ ਤੁਸੀਂ ਉਸ ਪ੍ਰੇਮ ਨੂੰ ਜਾਣੋ ਜਿਹੜਾ ਮੈਂ ਤੁਹਾਡੇ ਨਾਲ ਵਧੀਕ ਕਰਦਾ ਹਾਂ।” (2 ਕੁਰਿੰ. 2:4) ਕੋਈ ਸ਼ੱਕ ਨਹੀਂ ਕਿ ਪੌਲੁਸ ਦਿਲ ਲਾ ਕੇ ਕੰਮ ਕਰਦਾ ਸੀ।

8, 9. ਬਾਈਬਲ ਵਿੱਚੋਂ ਮਿਸਾਲਾਂ ਦੇ ਕੇ ਸਮਝਾਓ ਕਿ ਆਦਮੀਆਂ ਨੇ ਕਿਵੇਂ ਦੂਜਿਆਂ ਦੀਆਂ ਲੋੜਾਂ ਦੀ ਪਰਵਾਹ ਕੀਤੀ।

8 ਆਪਾ ਵਾਰਨਾ ਉਨ੍ਹਾਂ ਆਦਮੀਆਂ ਦੀ ਖ਼ਾਸੀਅਤ ਰਹੀ ਹੈ ਜਿਨ੍ਹਾਂ ਨੇ ਯਹੋਵਾਹ ਦੇ ਸੇਵਕਾਂ ਲਈ ਮਿਹਨਤ ਕੀਤੀ ਹੈ। ਮਿਸਾਲ ਲਈ, ਅਸੀਂ ਕਲਪਨਾ ਵੀ ਨਹੀਂ ਕਰ ਸਕਦੇ ਕਿ ਨੂਹ ਨੇ ਆਪਣੇ ਘਰਦਿਆਂ ਨੂੰ ਕਿਹਾ ਹੋਵੇ: ‘ਜਦੋਂ ਕਿਸ਼ਤੀ ਬਣ ਗਈ ਮੈਨੂੰ ਦੱਸ ਦਿਓ ਤੇ ਮੈਂ ਆਜੂੰਗਾ।’ ਮੂਸਾ ਨੇ ਮਿਸਰ ਵਿਚ ਇਸਰਾਏਲੀਆਂ ਨੂੰ ਇਹ ਨਹੀਂ ਕਿਹਾ: ‘ਮੈਂ ਤੁਹਾਨੂੰ ਲਾਲ ਸਮੁੰਦਰ ’ਤੇ ਮਿਲੂੰਗਾ। ਜਿੱਦਾਂ ਕਿੱਦਾਂ ਹੋ ਸਕੇ, ਆਜਿਓ।’ ਯਹੋਸ਼ੁਆ ਨੇ ਕਦੀ ਨਹੀਂ ਕਿਹਾ: ‘ਮੈਨੂੰ ਦੱਸ ਦਿਓ ਜਦੋਂ ਯਰੀਹੋ ਦੀਆਂ ਕੰਧਾਂ ਡਿੱਗ ਪਈਆਂ।’ ਅਤੇ ਯਸਾਯਾਹ ਨੇ ਕਿਸੇ ਹੋਰ ਵੱਲ ਉਂਗਲ ਕਰ ਕੇ ਇਹ ਨਹੀਂ ਕਿਹਾ: ‘ਉਹ ਹਾਜ਼ਰ ਹੈ, ਉਹ ਨੂੰ ਘੱਲੋ।’—ਯਸਾ. 6:8.

9 ਸਭ ਤੋਂ ਉੱਤਮ ਮਿਸਾਲ ਯਿਸੂ ਮਸੀਹ ਦੀ ਹੈ ਜਿਸ ਨੇ ਪਰਮੇਸ਼ੁਰ ਦੀ ਸ਼ਕਤੀ ਨੂੰ ਆਪਣੇ ’ਤੇ ਅਸਰ ਕਰਨ ਦਿੱਤਾ। ਉਸ ਨੇ ਖ਼ੁਸ਼ੀ-ਖ਼ੁਸ਼ੀ ਮਨੁੱਖਜਾਤੀ ਦੇ ਮੁਕਤੀਦਾਤੇ ਵਜੋਂ ਜ਼ਿੰਮੇਵਾਰੀ ਸਵੀਕਾਰ ਕੀਤੀ ਸੀ। (ਯੂਹੰ. 3:16) ਜਿਵੇਂ ਯਿਸੂ ਨੇ ਪਿਆਰ ਦੀ ਖ਼ਾਤਰ ਆਪਣੇ ਆਪ ਨੂੰ ਸਾਡੇ ਲਈ ਵਾਰ ਦਿੱਤਾ, ਕੀ ਸਾਨੂੰ ਵੀ ਉਸ ਵਾਂਗ ਆਪਾ ਵਾਰਨ ਲਈ ਤਿਆਰ ਨਹੀਂ ਹੋਣਾ ਚਾਹੀਦਾ? ਇੱਜੜ ਬਾਰੇ ਆਪਣੀਆਂ ਭਾਵਨਾਵਾਂ ਦੱਸਦੇ ਹੋਏ ਇਕ ਲੰਬੇ ਸਮੇਂ ਤੋਂ ਸੇਵਾ ਕਰਦੇ ਆ ਰਹੇ ਬਜ਼ੁਰਗ ਨੇ ਕਿਹਾ: “ਪਤਰਸ ਨੂੰ ਕਹੇ ਯਿਸੂ ਦੇ ਸ਼ਬਦ ਕਿ ਮੇਰੀਆਂ ਭੇਡਾਂ ਦੀ ਰੱਛਿਆ ਕਰ, ਮੇਰੇ ਧੁਰ ਅੰਦਰ ਜਾ ਕੇ ਦਿਲ ਨੂੰ ਛੂਹ ਗਏ। ਕਈ ਸਾਲਾਂ ਤੋਂ ਮੈਂ ਦੇਖਿਆ ਹੈ ਕਿ ਕੁਝ ਪਿਆਰ ਭਰੇ ਸ਼ਬਦ ਕਹਿਣ ਜਾਂ ਕੋਈ ਛੋਟਾ ਜਿਹਾ ਭਲਾ ਕੰਮ ਕਰਨ ਨਾਲ ਦੂਸਰੇ ਦਾ ਹੌਸਲਾ ਵਧ ਸਕਦਾ ਹੈ। ਚਰਵਾਹੇ ਵਜੋਂ ਕੰਮ ਕਰ ਕੇ ਮੈਨੂੰ ਬਹੁਤ ਚੰਗਾ ਲੱਗਦਾ ਹੈ।”—ਯੂਹੰ. 21:16.

10. ਕਿਨ੍ਹਾਂ ਗੱਲਾਂ ਕਾਰਨ ਭਰਾ ਯਿਸੂ ਦੀ ਮਿਸਾਲ ’ਤੇ ਚੱਲ ਕੇ ਦੂਸਰਿਆਂ ਦੀ ਸੇਵਾ ਕਰ ਸਕਦੇ ਹਨ?

10 ਜਦੋਂ ਪਰਮੇਸ਼ੁਰ ਦੇ ਲੋਕਾਂ ਦੀ ਦੇਖ-ਰੇਖ ਕਰਨ ਦੀ ਗੱਲ ਆਉਂਦੀ ਹੈ, ਤਾਂ ਕਲੀਸਿਯਾ ਦੇ ਬਜ਼ੁਰਗ ਯਿਸੂ ਵਰਗਾ ਰਵੱਈਆ ਦਿਖਾਉਣਾ ਚਾਹੁੰਦੇ ਹਨ ਜਿਸ ਨੇ ਕਿਹਾ ਸੀ: “ਮੈਂ ਤੁਹਾਨੂੰ ਅਰਾਮ ਦਿਆਂਗਾ।” (ਮੱਤੀ 11:28) ਪਰਮੇਸ਼ੁਰ ਵਿਚ ਨਿਹਚਾ ਅਤੇ ਕਲੀਸਿਯਾ ਲਈ ਪਿਆਰ ਕਾਰਨ ਭਰਾ ਇਸ ਚੰਗੇ ਕੰਮ ਲਈ ਅੱਗੇ ਵਧਦੇ ਹਨ। ਉਹ ਇਹ ਨਹੀਂ ਸੋਚਦੇ ਕਿ ਇਹ ਕੰਮ ਉਨ੍ਹਾਂ ਲਈ ਬਹੁਤ ਮੁਸ਼ਕਲ ਹੈ ਜਾਂ ਬੋਝ ਹੈ। ਪਰ ਉਦੋਂ ਕੀ ਜੇ ਇਕ ਭਰਾ ਅੱਗੇ ਨਹੀਂ ਵਧਣਾ ਚਾਹੁੰਦਾ? ਕੀ ਇਹ ਭਰਾ ਆਪਣੇ ਵਿਚ ਕਲੀਸਿਯਾ ਦੀ ਸੇਵਾ ਕਰਨ ਦੀ ਇੱਛਾ ਪੈਦਾ ਕਰ ਸਕਦਾ ਹੈ?

ਸੇਵਾ ਕਰਨ ਦੀ ਇੱਛਾ ਪੈਦਾ ਕਰੋ

11. ਦੂਸਰਿਆਂ ਦੀ ਸੇਵਾ ਕਰਨ ਦੀ ਇੱਛਾ ਕਿਵੇਂ ਪੈਦਾ ਕੀਤੀ ਜਾ ਸਕਦੀ ਹੈ?

11 ਜੇ ਤੁਹਾਨੂੰ ਡਰ ਹੈ ਕਿ ਤੁਸੀਂ ਇਹ ਜ਼ਿੰਮੇਵਾਰੀਆਂ ਪੂਰੀਆਂ ਨਹੀਂ ਕਰ ਸਕਦੇ, ਤਾਂ ਚੰਗਾ ਹੋਵੇਗਾ ਕਿ ਤੁਸੀਂ ਪਵਿੱਤਰ ਸ਼ਕਤੀ ਲਈ ਪ੍ਰਾਰਥਨਾ ਕਰੋ। (ਲੂਕਾ 11:13) ਯਹੋਵਾਹ ਦੀ ਸ਼ਕਤੀ ਦੀ ਮਦਦ ਸਦਕਾ ਤੁਹਾਡਾ ਇਹ ਡਰ ਦੂਰ ਹੋ ਸਕਦਾ ਹੈ। ਦੂਜਿਆਂ ਦੀ ਸੇਵਾ ਕਰਨ ਦੀ ਇੱਛਾ ਯਹੋਵਾਹ ਵੱਲੋਂ ਹੈ ਕਿਉਂਕਿ ਉਸ ਦੀ ਪਵਿੱਤਰ ਸ਼ਕਤੀ ਭਰਾਵਾਂ ਨੂੰ ਜ਼ਿੰਮੇਵਾਰੀ ਚੁੱਕਣ ਲਈ ਪ੍ਰੇਰਦੀ ਹੈ ਅਤੇ ਸੇਵਾ ਕਰਨ ਦੀ ਤਾਕਤ ਦਿੰਦੀ ਹੈ। (ਫ਼ਿਲਿ. 2:13; 4:13) ਇਸ ਲਈ, ਚੰਗਾ ਹੋਵੇਗਾ ਜੇ ਤੁਸੀਂ ਯਹੋਵਾਹ ਤੋਂ ਮਦਦ ਮੰਗ ਕੇ ਜ਼ਿੰਮੇਵਾਰੀਆਂ ਚੁੱਕਣ ਦੀ ਇੱਛਾ ਪੈਦਾ ਕਰੋ।—ਜ਼ਬੂਰਾਂ ਦੀ ਪੋਥੀ 25:4, 5 ਪੜ੍ਹੋ।

12. ਭਰਾ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਬੁੱਧ ਕਿਵੇਂ ਹਾਸਲ ਕਰ ਸਕਦਾ ਹੈ?

12 ਜੇ ਭਰਾ ਨੂੰ ਲੱਗਦਾ ਹੈ ਕਿ ਇੱਜੜ ਦੀ ਦੇਖ-ਰੇਖ ਕਰਨ ਦਾ ਕੰਮ ਔਖਾ ਹੈ ਤੇ ਇਸ ਵਾਸਤੇ ਉਸ ਨੂੰ ਕਾਫ਼ੀ ਮਿਹਨਤ ਕਰਨੀ ਪਵੇਗੀ, ਤਾਂ ਉਹ ਸ਼ਾਇਦ ਇਹ ਜ਼ਿੰਮੇਵਾਰੀਆਂ ਨਾ ਲੈਣ ਦਾ ਫ਼ੈਸਲਾ ਕਰੇ। ਜਾਂ ਸ਼ਾਇਦ ਉਸ ਨੂੰ ਲੱਗੇ ਕਿ ਇਹ ਜ਼ਿੰਮੇਵਾਰੀਆਂ ਨਿਭਾਉਣ ਲਈ ਉਸ ਕੋਲ ਬੁੱਧ ਦੀ ਘਾਟ ਹੈ। ਜੇ ਇੱਦਾਂ ਹੈ, ਤਾਂ ਉਹ ਸ਼ਾਇਦ ਬਿਹਤਰ ਤਰੀਕੇ ਨਾਲ ਬਾਈਬਲ ਅਤੇ ਬਾਕੀ ਪ੍ਰਕਾਸ਼ਨ ਪੜ੍ਹ ਕੇ ਹੋਰ ਬੁੱਧ ਹਾਸਲ ਕਰ ਸਕਦਾ ਹੈ। ਉਹ ਆਪਣੇ ਤੋਂ ਪੁੱਛ ਸਕਦਾ ਹੈ: ‘ਕੀ ਮੈਂ ਪਰਮੇਸ਼ੁਰ ਦਾ ਬਚਨ ਪੜ੍ਹਨ ਲਈ ਸਮਾਂ ਕੱਢਦਾ ਹਾਂ ਤੇ ਬੁੱਧ ਲਈ ਪ੍ਰਾਰਥਨਾ ਕਰਦਾ ਹਾਂ?’ ਚੇਲੇ ਯਾਕੂਬ ਨੇ ਲਿਖਿਆ: “ਜੇ ਤੁਹਾਡੇ ਵਿੱਚੋਂ ਕਿਸੇ ਨੂੰ ਬੁੱਧ ਦਾ ਘਾਟਾ ਹੋਵੇ ਤਾਂ ਉਹ ਪਰਮੇਸ਼ੁਰ ਕੋਲੋਂ ਮੰਗੇ ਜਿਹੜਾ ਸਭਨਾਂ ਨੂੰ ਖੁਲ੍ਹੇ ਦਿਲ ਨਾਲ ਬਿਨਾ ਉਲਾਂਭੇ ਦੇ ਦਿੰਦਾ ਹੈ, ਤਾਂ ਉਹ ਨੂੰ ਦਿੱਤੀ ਜਾਵੇਗੀ।” (ਯਾਕੂ. 1:5) ਕੀ ਤੁਸੀਂ ਇਸ ਗੱਲ ’ਤੇ ਵਿਸ਼ਵਾਸ ਕਰਦੇ ਹੋ? ਸੁਲੇਮਾਨ ਦੀ ਪ੍ਰਾਰਥਨਾ ਦਾ ਜਵਾਬ ਦਿੰਦੇ ਹੋਏ, ਪਰਮੇਸ਼ੁਰ ਨੇ ਉਸ ਨੂੰ “ਇੱਕ ਬੁੱਧਵਾਨ ਅਤੇ ਸਮਝ ਵਾਲਾ ਮਨ” ਦਿੱਤਾ ਤਾਂਕਿ ਉਹ ਨਿਆਂ ਕਰਦਿਆਂ ਸਹੀ ਅਤੇ ਗ਼ਲਤ ਵਿਚ ਫ਼ਰਕ ਦੇਖ ਸਕੇ। (1 ਰਾਜ. 3:7-14) ਇਹ ਸੱਚ ਹੈ ਕਿ ਸੁਲੇਮਾਨ ਦੀ ਗੱਲ ਵੱਖਰੀ ਸੀ। ਫਿਰ ਵੀ, ਅਸੀਂ ਯਕੀਨ ਰੱਖ ਸਕਦੇ ਹਾਂ ਕਿ ਕਲੀਸਿਯਾ ਵਿਚ ਜ਼ਿੰਮੇਵਾਰੀਆਂ ਨਿਭਾਉਣ ਵਾਲੇ ਭਰਾਵਾਂ ਨੂੰ ਪਰਮੇਸ਼ੁਰ ਬੁੱਧ ਦੇਵੇਗਾ ਤਾਂਕਿ ਉਹ ਉਸ ਦੇ ਲੋਕਾਂ ਦੀ ਚੰਗੀ ਤਰ੍ਹਾਂ ਦੇਖ-ਰੇਖ ਕਰ ਸਕਣ।—ਕਹਾ. 2:6.

13, 14. (ੳ) ਸਮਝਾਓ ਕਿ ‘ਮਸੀਹ ਦੇ ਪ੍ਰੇਮ’ ਦਾ ਪੌਲੁਸ ਉੱਤੇ ਕੀ ਅਸਰ ਪਿਆ? (ਅ) ‘ਮਸੀਹ ਦੇ ਪ੍ਰੇਮ’ ਦਾ ਸਾਡੇ ਉੱਤੇ ਕੀ ਅਸਰ ਪੈਣਾ ਚਾਹੀਦਾ ਹੈ?

13 ਇਕ ਹੋਰ ਗੱਲ ਦੀ ਮਦਦ ਨਾਲ ਅਸੀਂ ਆਪਣੇ ਅੰਦਰ ਦੂਜਿਆਂ ਦੀ ਸੇਵਾ ਕਰਨ ਦੀ ਇੱਛਾ ਪੈਦਾ ਕਰ ਸਕਦੇ ਹਾਂ। ਉਹ ਹੈ ਕਿ ਅਸੀਂ ਉਨ੍ਹਾਂ ਕੰਮਾਂ ਬਾਰੇ ਡੂੰਘਾਈ ਨਾਲ ਸੋਚੀਏ ਜੋ ਯਹੋਵਾਹ ਅਤੇ ਉਸ ਦੇ ਪੁੱਤਰ ਨੇ ਸਾਡੇ ਲਈ ਕੀਤੇ ਹਨ। ਮਿਸਾਲ ਲਈ, 2 ਕੁਰਿੰਥੀਆਂ 5:14, 15 (ਪੜ੍ਹੋ।) ਉੱਤੇ ਗੌਰ ਕਰੋ। ਕਿਸ ਅਰਥ ਵਿਚ “ਮਸੀਹ ਦਾ ਪ੍ਰੇਮ ਸਾਨੂੰ ਮਜਬੂਰ ਕਰ ਲੈਂਦਾ ਹੈ”? ਯਿਸੂ ਮਸੀਹ ਨੇ ਪਰਮੇਸ਼ੁਰ ਦੀ ਇੱਛਾ ਮੁਤਾਬਕ ਆਪਣੀ ਜਾਨ ਸਾਡੇ ਲਈ ਵਾਰ ਦਿੱਤੀ। ਉਸ ਦੇ ਇਸ ਪਿਆਰ ਦੀ ਗਹਿਰਾਈ ਨੂੰ ਜਦੋਂ ਅਸੀਂ ਸਮਝ ਜਾਂਦੇ ਹਾਂ, ਤਾਂ ਮੱਲੋ-ਮੱਲੀ ਸਾਡੇ ਦਿਲ ਕਦਰਦਾਨੀ ਨਾਲ ਭਰ ਜਾਂਦੇ ਹਨ। ਪੌਲੁਸ ਦੀ ਜ਼ਿੰਦਗੀ ਉੱਤੇ ਮਸੀਹ ਦੇ ਇਸ ਪਿਆਰ ਦਾ ਬਹੁਤ ਅਸਰ ਪਿਆ ਸੀ। ਇਸ ਪਿਆਰ ਨੇ ਉਸ ਨੂੰ ਸੁਆਰਥੀ ਬਣਨ ਤੋਂ ਰੋਕਿਆ ਅਤੇ ਉਸ ਨੇ ਆਪਣੀ ਜ਼ਿੰਦਗੀ ਦਾ ਇਹ ਮਕਸਦ ਬਣਾ ਲਿਆ ਕਿ ਉਹ ਪਰਮੇਸ਼ੁਰ, ਕਲੀਸਿਯਾ ਦੇ ਭੈਣਾਂ-ਭਰਾਵਾਂ ਅਤੇ ਹੋਰਨਾਂ ਲੋਕਾਂ ਦੀ ਸੇਵਾ ਕਰੇਗਾ।

14 ਲੋਕਾਂ ਲਈ ਮਸੀਹ ਦੇ ਪਿਆਰ ਉੱਤੇ ਸੋਚ-ਵਿਚਾਰ ਕਰਨ ਨਾਲ ਅਸੀਂ ਉਸ ਦੇ ਧੰਨਵਾਦੀ ਹੁੰਦੇ ਹਾਂ। ਨਤੀਜੇ ਵਜੋਂ, ਸਾਨੂੰ ਅਹਿਸਾਸ ਹੁੰਦਾ ਹੈ ਕਿ ਸੁਆਰਥੀ ਟੀਚੇ ਰੱਖਣੇ ਅਤੇ ਆਪਣੀਆਂ ਖ਼ਾਹਸ਼ਾਂ ਪੂਰੀਆਂ ਕਰਨ ਲਈ ਹੀ ਜੀਣਾ ਠੀਕ ਨਹੀਂ ਹੋਵੇਗਾ। ਇਸ ਤਰ੍ਹਾਂ ਕਰ ਕੇ ਅਸੀਂ ‘ਆਪਣੇ ਸਰੀਰ ਲਈ ਬੀਜਦੇ’ ਰਹਿਣਾ ਨਹੀਂ ਚਾਹੁੰਦੇ। ਇਸ ਦੀ ਬਜਾਇ, ਅਸੀਂ ਆਪਣੇ ਕੰਮਾਂ ਵਿਚ ਫੇਰ-ਬਦਲ ਕਰਦੇ ਹਾਂ ਤਾਂਕਿ ਅਸੀਂ ਪਰਮੇਸ਼ੁਰ ਦੇ ਦਿੱਤੇ ਕੰਮ ਨੂੰ ਪਹਿਲ ਦੇ ਸਕੀਏ। ਅਸੀਂ ਪਿਆਰ ਦੀ ਖ਼ਾਤਰ ਆਪਣੇ ਭਰਾਵਾਂ ਦੀ ‘ਟਹਿਲ ਸੇਵਾ ਕਰਨ’ ਲਈ ਪ੍ਰੇਰਿਤ ਹੁੰਦੇ ਹਾਂ। (ਗਲਾਤੀਆਂ 5:13 ਪੜ੍ਹੋ।) ਜੇ ਅਸੀਂ ਸਮਝੀਏ ਕਿ ਅਸੀਂ ਯਹੋਵਾਹ ਦੇ ਸੇਵਕਾਂ ਦੀ ਖ਼ਾਤਰ ਨਿਮਰਤਾ ਨਾਲ ਕੰਮ ਕਰਨ ਵਾਲੇ ਦਾਸ ਹਾਂ, ਤਾਂ ਅਸੀਂ ਉਨ੍ਹਾਂ ਨਾਲ ਆਦਰ ਨਾਲ ਪੇਸ਼ ਆਵਾਂਗੇ। ਅਸੀਂ ਸ਼ਤਾਨ ਦੀ ਚੁੱਕ ਵਿਚ ਆ ਕੇ ਕਿਸੇ ਦੀ ਨੁਕਤਾਚੀਨੀ ਨਹੀਂ ਕਰਾਂਗੇ ਜਾਂ ਕਿਸੇ ਉੱਤੇ ਉਂਗਲ ਨਹੀਂ ਉਠਾਵਾਂਗੇ।—ਪਰ. 12:10.

ਪੂਰੇ ਪਰਿਵਾਰ ਦਾ ਸਾਥ

15, 16. ਭਰਾ ਦੇ ਸਹਾਇਕ ਸੇਵਕ ਜਾਂ ਬਜ਼ੁਰਗ ਬਣਨ ਵਿਚ ਪਰਿਵਾਰ ਦੀ ਕੀ ਭੂਮਿਕਾ ਹੈ?

15 ਜੇ ਭਰਾ ਵਿਆਹਿਆ ਹੋਇਆ ਹੈ ਤੇ ਉਸ ਦੇ ਬੱਚੇ ਹਨ, ਤਾਂ ਉਸ ਦੇ ਪਰਿਵਾਰ ਦੇ ਮਾਹੌਲ ਨੂੰ ਧਿਆਨ ਵਿਚ ਰੱਖ ਕੇ ਤੈਅ ਕੀਤਾ ਜਾਂਦਾ ਹੈ ਕਿ ਭਰਾ ਸਹਾਇਕ ਸੇਵਕ ਜਾਂ ਬਜ਼ੁਰਗ ਬਣਨ ਦੇ ਲਾਇਕ ਹੈ ਜਾਂ ਨਹੀਂ। ਹਾਂ, ਉਸ ਵੇਲੇ ਦੇਖਿਆ ਜਾਂਦਾ ਹੈ ਕਿ ਉਸ ਦਾ ਪਰਿਵਾਰ ਨਿਹਚਾ ਵਿਚ ਕਿੰਨਾ ਕੁ ਤਕੜਾ ਹੈ ਤੇ ਉਸ ਦੀ ਕਿੰਨੀ ਕੁ ਨੇਕਨਾਮੀ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਜਦੋਂ ਕੋਈ ਭਰਾ ਕਲੀਸਿਯਾ ਵਿਚ ਸਹਾਇਕ ਸੇਵਕ ਜਾਂ ਬਜ਼ੁਰਗ ਵਜੋਂ ਸੇਵਾ ਕਰਨੀ ਚਾਹੁੰਦਾ ਹੈ, ਤਾਂ ਉਸ ਦੀ ਪਤਨੀ ਅਤੇ ਉਸ ਦੇ ਬੱਚਿਆਂ ਲਈ ਉਸ ਦਾ ਸਾਥ ਦੇਣਾ ਬਹੁਤ ਜ਼ਰੂਰੀ ਹੈ।—1 ਤਿਮੋਥਿਉਸ 3:4, 5, 12 ਪੜ੍ਹੋ।

16 ਯਹੋਵਾਹ ਖ਼ੁਸ਼ ਹੁੰਦਾ ਹੈ ਜਦੋਂ ਪਰਿਵਾਰ ਦੇ ਮਸੀਹੀ ਮੈਂਬਰ ਇਕ-ਦੂਜੇ ਦਾ ਸਾਥ ਦਿੰਦੇ ਹਨ। (ਅਫ਼. 3:14, 15) ਪਰਿਵਾਰ ਦੇ ਮੁਖੀ ਨੂੰ ਚਾਹੀਦਾ ਹੈ ਕਿ ਉਹ ਕਲੀਸਿਯਾ ਅਤੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ “ਚੰਗੀ ਤਰਾਂ” ਨਿਭਾਉਣ ਵਿਚ ਸੰਤੁਲਨ ਰੱਖੇ। ਇਸ ਲਈ ਜ਼ਰੂਰੀ ਹੈ ਕਿ ਬਜ਼ੁਰਗ ਜਾਂ ਸਹਾਇਕ ਸੇਵਕ ਹਰ ਹਫ਼ਤੇ ਪਰਿਵਾਰਕ ਸਟੱਡੀ ਦੌਰਾਨ ਆਪਣੀ ਪਤਨੀ ਅਤੇ ਬੱਚਿਆਂ ਨਾਲ ਮਿਲ ਕੇ ਬਾਈਬਲ ਪੜ੍ਹੇ ਤਾਂਕਿ ਸਾਰਿਆਂ ਨੂੰ ਫ਼ਾਇਦਾ ਹੋਵੇ। ਉਸ ਨੂੰ ਉਨ੍ਹਾਂ ਨਾਲ ਬਾਕਾਇਦਾ ਪ੍ਰਚਾਰ ’ਤੇ ਜਾਣਾ ਚਾਹੀਦਾ ਹੈ। ਇਸ ਮਾਮਲੇ ਵਿਚ ਵੀ ਪਰਿਵਾਰ ਦੇ ਮੈਂਬਰਾਂ ਲਈ ਘਰ ਦੇ ਮੁਖੀ ਦਾ ਸਾਥ ਦੇਣਾ ਜ਼ਰੂਰੀ ਹੈ।

ਕੀ ਤੁਸੀਂ ਫਿਰ ਤੋਂ ਸੇਵਾ ਕਰੋਗੇ?

17, 18. (ੳ) ਜੇ ਭਰਾ ਨੇ ਆਪਣਾ ਸਨਮਾਨ ਗੁਆ ਲਿਆ ਹੈ, ਤਾਂ ਸ਼ਾਇਦ ਉਸ ਨੂੰ ਕੀ ਕਰਨ ਦੀ ਲੋੜ ਹੈ? (ਅ) ਜਿਹੜਾ ਭਰਾ ਪਹਿਲਾਂ ਬਜ਼ੁਰਗ ਜਾਂ ਸਹਾਇਕ ਸੇਵਕ ਵਜੋਂ ਸੇਵਾ ਕਰਦਾ ਸੀ, ਉਸ ਨੂੰ ਹੁਣ ਕਿਹੋ ਜਿਹਾ ਰਵੱਈਆ ਰੱਖਣ ਦੀ ਲੋੜ ਹੈ?

17 ਤੁਸੀਂ ਪਹਿਲਾਂ ਸ਼ਾਇਦ ਬਜ਼ੁਰਗ ਜਾਂ ਸਹਾਇਕ ਸੇਵਕ ਵਜੋਂ ਸੇਵਾ ਕਰਦੇ ਹੁੰਦੇ ਸੀ, ਪਰ ਹੁਣ ਨਹੀਂ। ਤੁਸੀਂ ਯਹੋਵਾਹ ਨੂੰ ਪਿਆਰ ਕਰਦੇ ਹੋ ਅਤੇ ਯਕੀਨ ਕਰ ਸਕਦੇ ਹੋ ਕਿ ਉਹ ਵੀ ਤੁਹਾਡਾ ਫ਼ਿਕਰ ਕਰਦਾ ਹੈ। (1 ਪਤ. 5:6, 7) ਕੀ ਤੁਹਾਨੂੰ ਕਿਹਾ ਗਿਆ ਸੀ ਕਿ ਤੁਸੀਂ ਆਪਣੇ ਵਿਚ ਕੁਝ ਸੁਧਾਰ ਕਰੋ? ਆਪਣੀ ਗ਼ਲਤੀ ਨੂੰ ਮੰਨਣ ਲਈ ਤਿਆਰ ਰਹੋ ਅਤੇ ਪਰਮੇਸ਼ੁਰ ਦੀ ਮਦਦ ਨਾਲ ਇਸ ਗ਼ਲਤੀ ਨੂੰ ਸੁਧਾਰੋ। ਕੁੜੱਤਣ ਨਾਲ ਨਾ ਭਰ ਜਾਓ। ਅਕਲ ਤੋਂ ਕੰਮ ਲਓ ਤੇ ਸਹੀ ਰਵੱਈਆ ਦਿਖਾਓ। ਇਕ ਭਰਾ ਕਈ ਸਾਲਾਂ ਤੋਂ ਬਜ਼ੁਰਗ ਵਜੋਂ ਸੇਵਾ ਕਰ ਰਿਹਾ ਸੀ, ਪਰ ਫਿਰ ਉਸ ਨੇ ਇਹ ਸਨਮਾਨ ਗੁਆ ਲਿਆ। ਉਸ ਨੇ ਕਿਹਾ: “ਮੈਂ ਠਾਣ ਲਿਆ ਸੀ ਕਿ ਮੈਂ ਪਹਿਲਾਂ ਵਾਂਗ ਹੀ ਮੀਟਿੰਗਾਂ ਵਿਚ ਜਾਵਾਂਗਾ, ਪ੍ਰਚਾਰ ਕਰਾਂਗਾ ਅਤੇ ਬਾਈਬਲ ਪੜ੍ਹਾਂਗਾ ਜਿਵੇਂ ਮੈਂ ਬਜ਼ੁਰਗ ਵਜੋਂ ਸੇਵਾ ਕਰਦਿਆਂ ਕਰਦਾ ਹੁੰਦਾ ਸੀ। ਇਹ ਮੇਰਾ ਟੀਚਾ ਸੀ ਜੋ ਮੈਂ ਹਾਸਲ ਕਰ ਲਿਆ। ਮੈਂ ਧੀਰਜ ਤੋਂ ਕੰਮ ਲੈਣਾ ਸਿੱਖਿਆ ਕਿਉਂਕਿ ਮੈਂ ਸੋਚਿਆ ਸੀ ਕਿ ਇਕ-ਦੋ ਸਾਲਾਂ ਵਿਚ ਮੈਨੂੰ ਇਹ ਸਨਮਾਨ ਫਿਰ ਮਿਲ ਜਾਵੇਗਾ। ਪਰ ਤਕਰੀਬਨ ਸੱਤ ਸਾਲ ਲੰਘ ਗਏ ਜਦੋਂ ਮੈਂ ਫਿਰ ਤੋਂ ਬਜ਼ੁਰਗ ਵਜੋਂ ਸੇਵਾ ਕਰਨ ਲੱਗਾ। ਇਨ੍ਹਾਂ ਸਾਲਾਂ ਦੌਰਾਨ ਮਿਲੀ ਹੱਲਾਸ਼ੇਰੀ ਨਾਲ ਮੇਰੀ ਬਹੁਤ ਮਦਦ ਹੋਈ ਕਿ ਮੈਂ ਹਾਰ ਨਾ ਮੰਨਾਂ, ਸਗੋਂ ਅੱਗੇ ਵਧਦਾ ਜਾਵਾਂ।”

18 ਜੇ ਤੁਹਾਡੀ ਵੀ ਇਹੀ ਸਥਿਤੀ ਹੈ, ਤਾਂ ਹਾਰ ਨਾ ਮੰਨੋ। ਸੋਚੋ ਕਿ ਯਹੋਵਾਹ ਤੁਹਾਡੇ ਪ੍ਰਚਾਰ ਅਤੇ ਘਰਦਿਆਂ ਉੱਤੇ ਕਿਵੇਂ ਬਰਕਤਾਂ ਪਾ ਰਿਹਾ ਹੈ। ਆਪਣੇ ਪਰਿਵਾਰ ਦੀ ਨਿਹਚਾ ਨੂੰ ਤਕੜਿਆਂ ਕਰੋ, ਬੀਮਾਰਾਂ ਨੂੰ ਜਾ ਕੇ ਮਿਲੋ ਅਤੇ ਨਿਹਚਾ ਵਿਚ ਕਮਜ਼ੋਰ ਭੈਣਾਂ-ਭਰਾਵਾਂ ਦਾ ਹੌਸਲਾ ਵਧਾਓ। ਸਭ ਤੋਂ ਜ਼ਰੂਰੀ ਗੱਲ ਹੈ ਕਿ ਤੁਸੀਂ ਯਹੋਵਾਹ ਦੇ ਗਵਾਹ ਵਜੋਂ ਪਰਮੇਸ਼ੁਰ ਦੀ ਮਹਿਮਾ ਕਰਨ ਅਤੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣ ਦੇ ਆਪਣੇ ਸਨਮਾਨ ਨੂੰ ਬਹੁਮੁੱਲਾ ਸਮਝੋ। *ਜ਼ਬੂ. 145:1, 2; ਯਸਾ. 43:10-12.

ਨਵੇਂ ਸਿਰਿਓਂ ਜਾਂਚ ਕਰੋ

19, 20. (ੳ) ਸਾਰੇ ਬਪਤਿਸਮਾ-ਪ੍ਰਾਪਤ ਭਰਾਵਾਂ ਨੂੰ ਕੀ ਤਾਕੀਦ ਕੀਤੀ ਗਈ ਹੈ? (ਅ) ਅਗਲੇ ਲੇਖ ਵਿਚ ਅਸੀਂ ਕੀ ਦੇਖਾਂਗੇ?

19 ਅੱਜ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਬਜ਼ੁਰਗਾਂ ਅਤੇ ਸਹਾਇਕ ਸੇਵਕਾਂ ਦੀ ਲੋੜ ਹੈ। ਇਸ ਲਈ ਅਸੀਂ ਸਾਰੇ ਬਪਤਿਸਮਾ-ਪ੍ਰਾਪਤ ਭਰਾਵਾਂ ਨੂੰ ਤਾਕੀਦ ਕਰਦੇ ਹਾਂ ਕਿ ਤੁਸੀਂ ਆਪਣੇ ਹਾਲਾਤਾਂ ਨੂੰ ਨਵੇਂ ਸਿਰਿਓਂ ਜਾਂਚੋ ਅਤੇ ਆਪਣੇ ਤੋਂ ਇਹ ਸਵਾਲ ਪੁੱਛੋ: ‘ਜੇ ਮੈਂ ਸਹਾਇਕ ਸੇਵਕ ਜਾਂ ਬਜ਼ੁਰਗ ਨਹੀਂ ਹਾਂ, ਤਾਂ ਇਸ ਦੇ ਕੀ ਕਾਰਨ ਹੋ ਸਕਦੇ ਹਨ?’ ਪਰਮੇਸ਼ੁਰ ਦੀ ਸ਼ਕਤੀ ਦੀ ਮਦਦ ਨਾਲ ਤੁਸੀਂ ਇਸ ਜ਼ਰੂਰੀ ਮਾਮਲੇ ਬਾਰੇ ਸਹੀ ਨਜ਼ਰੀਆ ਅਪਣਾ ਸਕਦੇ ਹੋ।

20 ਆਪਣੇ ਭੈਣਾਂ-ਭਰਾਵਾਂ ਦੇ ਜੀ-ਜਾਨ ਨਾਲ ਕੀਤੇ ਜਤਨਾਂ ਤੋਂ ਕਲੀਸਿਯਾ ਦੇ ਸਾਰੇ ਮੈਂਬਰ ਫ਼ਾਇਦਾ ਉਠਾਉਂਦੇ ਹਨ। ਜਦੋਂ ਅਸੀਂ ਪਿਆਰ ਨਾਲ ਅਤੇ ਬਿਨਾਂ ਸੁਆਰਥ ਦੇ ਕੰਮ ਕਰਦੇ ਹਾਂ, ਤਾਂ ਸਾਨੂੰ ਉਹ ਖ਼ੁਸ਼ੀ ਮਿਲਦੀ ਹੈ ਜੋ ਦੂਜਿਆਂ ਦੀ ਸੇਵਾ ਕਰਨ ਅਤੇ ਸ਼ਕਤੀ ਲਈ ਬੀਜਣ ਨਾਲ ਮਿਲਦੀ ਹੈ। ਪਰ ਅਗਲੇ ਲੇਖ ਵਿਚ ਅਸੀਂ ਦੇਖਾਂਗੇ ਕਿ ਸਾਨੂੰ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਸੇਧ ਨੂੰ ਕਿਉਂ ਨਹੀਂ ਠੁਕਰਾਉਣ ਚਾਹੀਦਾ। ਅਸੀਂ ਇਸ ਤਰ੍ਹਾਂ ਕਰਨ ਤੋਂ ਕਿਵੇਂ ਬਚ ਸਕਦੇ ਹਾਂ?

[ਫੁਟਨੋਟ]

ਤੁਸੀਂ ਕਿਵੇਂ ਜਵਾਬ ਦਿਓਗੇ?

ਮੀਕਾਹ 5:5 ਵਿਚ ਦਰਜ ਭਵਿੱਖਬਾਣੀ ਸਾਨੂੰ ਕੀ ਯਕੀਨ ਦਿਵਾਉਂਦੀ ਹੈ?

• ਸਮਝਾਓ ਕਿ ਆਪਾ ਵਾਰਨ ਵਿਚ ਕੀ ਕੁਝ ਕਰਨਾ ਸ਼ਾਮਲ ਹੈ।

• ਹੋਰਨਾਂ ਦੀ ਸੇਵਾ ਕਰਨ ਦੀ ਇੱਛਾ ਕਿਵੇਂ ਪੈਦਾ ਕੀਤੀ ਜਾ ਸਕਦੀ ਹੈ?

• ਜੇ ਭਰਾ ਸਹਾਇਕ ਸੇਵਕ ਜਾਂ ਬਜ਼ੁਰਗ ਵਜੋਂ ਸੇਵਾ ਕਰਨੀ ਚਾਹੁੰਦਾ ਹੈ, ਤਾਂ ਉਸ ਲਈ ਪਰਿਵਾਰ ਦਾ ਸਾਥ ਕਿੰਨਾ ਕੁ ਜ਼ਰੂਰੀ ਹੈ?

[ਸਵਾਲ]

[ਸਫ਼ਾ 25 ਉੱਤੇ ਤਸਵੀਰਾਂ]

ਅੱਗੇ ਵਧਣ ਲਈ ਤੁਸੀਂ ਕੀ ਕਰ ਸਕਦੇ ਹੋ?