Skip to content

Skip to table of contents

ਭੈਣੋ, ਆਪਣੇ ਸਿਰ ਦੇ ਅਧੀਨ ਕਿਉਂ ਹੋਈਏ?

ਭੈਣੋ, ਆਪਣੇ ਸਿਰ ਦੇ ਅਧੀਨ ਕਿਉਂ ਹੋਈਏ?

ਭੈਣੋ, ਆਪਣੇ ਸਿਰ ਦੇ ਅਧੀਨ ਕਿਉਂ ਹੋਈਏ?

“ਇਸਤ੍ਰੀ ਦਾ ਸਿਰ ਪੁਰਖ ਹੈ।”—1 ਕੁਰਿੰ. 11:3.

1, 2. (ੳ) ਪੌਲੁਸ ਰਸੂਲ ਨੇ ਯਹੋਵਾਹ ਦੇ ਪ੍ਰਬੰਧ ਬਾਰੇ ਕੀ ਲਿਖਿਆ ਸੀ? (ਅ) ਇਸ ਲੇਖ ਵਿਚ ਅਸੀਂ ਕਿਹੜੇ ਸਵਾਲਾਂ ਉੱਤੇ ਗੌਰ ਕਰਾਂਗੇ?

ਯਹੋਵਾਹ ਨੇ ਹਰ ਕਿਸੇ ਉੱਤੇ ਕਿਸੇ-ਨ-ਕਿਸੇ ਨੂੰ ਠਹਿਰਾਇਆ ਹੈ ਜਿਵੇਂ ਪੌਲੁਸ ਨੇ ਲਿਖਿਆ ਸੀ: ‘ਹਰੇਕ ਪੁਰਖ ਦਾ ਸਿਰ ਮਸੀਹ ਹੈ ਅਤੇ ਮਸੀਹ ਦਾ ਸਿਰ ਪਰਮੇਸ਼ੁਰ ਹੈ।’ (1 ਕੁਰਿੰ. 11:3) ਪਹਿਲੇ ਲੇਖ ਵਿਚ ਅਸੀਂ ਇਕ ਤਾਂ ਦੇਖਿਆ ਸੀ ਕਿ ਯਿਸੂ ਲਈ ਆਪਣੇ ਸਿਰ ਯਹੋਵਾਹ ਪਰਮੇਸ਼ੁਰ ਦੇ ਅਧੀਨ ਹੋਣਾ ਮਾਣ ਅਤੇ ਖ਼ੁਸ਼ੀ ਦੀ ਗੱਲ ਸੀ ਅਤੇ ਦੂਜਾ ਇਹ ਕਿ ਮਸੀਹੀ ਆਦਮੀਆਂ ਦਾ ਸਿਰ ਮਸੀਹ ਹੈ। ਮਸੀਹ ਲੋਕਾਂ ਨਾਲ ਕੋਮਲਤਾ ਤੇ ਹਮਦਰਦੀ ਨਾਲ ਪੇਸ਼ ਆਉਂਦਾ ਸੀ ਤੇ ਆਪਣਾ ਸੁਆਰਥ ਨਹੀਂ ਸੀ ਦੇਖਦਾ। ਕਲੀਸਿਯਾ ਦੇ ਭਰਾਵਾਂ ਨੂੰ ਵੀ ਦੂਸਰਿਆਂ ਨਾਲ, ਖ਼ਾਸਕਰ ਆਪਣੀਆਂ ਪਤਨੀਆਂ ਨਾਲ ਇਸੇ ਤਰ੍ਹਾਂ ਪੇਸ਼ ਆਉਣਾ ਚਾਹੀਦਾ ਹੈ।

2 ਪਰ ਔਰਤਾਂ ਬਾਰੇ ਕੀ? ਉਨ੍ਹਾਂ ਦਾ ਸਿਰ ਕੌਣ ਹੈ? ਪੌਲੁਸ ਨੇ ਲਿਖਿਆ ਸੀ: “ਇਸਤ੍ਰੀ ਦਾ ਸਿਰ ਪੁਰਖ ਹੈ।” ਪਰਮੇਸ਼ੁਰ ਦੀ ਪ੍ਰੇਰਣਾ ਨਾਲ ਲਿਖੀ ਇਸ ਗੱਲ ਬਾਰੇ ਔਰਤਾਂ ਦਾ ਕੀ ਖ਼ਿਆਲ ਹੋਣਾ ਚਾਹੀਦਾ ਹੈ? ਜੇ ਪਤੀ ਯਹੋਵਾਹ ਨੂੰ ਨਹੀਂ ਮੰਨਦਾ, ਤਾਂ ਕੀ ਪਤਨੀ ਨੂੰ ਇਸ ਅਸੂਲ ’ਤੇ ਚੱਲਣਾ ਚਾਹੀਦਾ ਹੈ? ਕੀ ਪਤੀ ਦੇ ਅਧੀਨ ਹੋਣ ਦਾ ਇਹ ਮਤਲਬ ਹੈ ਕਿ ਪਤਨੀ ਨੂੰ ਚੁੱਪ ਰਹਿਣਾ ਚਾਹੀਦਾ ਹੈ ਜਦੋਂ ਪਤੀ ਕੋਈ ਫ਼ੈਸਲਾ ਕਰਦਾ ਹੈ? ਪਤਨੀ ਕਿਸ ਤਰੀਕੇ ਨਾਲ ਆਪਣੀ ਤਾਰੀਫ਼ ਕਰਾ ਸਕਦੀ ਹੈ?

‘ਮੈਂ ਉਹ ਦੇ ਲਈ ਇੱਕ ਸਹਾਇਕਣ ਬਣਾਵਾਂਗਾ’

3, 4. ਪਤੀ ਦੇ ਅਧੀਨ ਰਹਿਣਾ ਵਿਆਹੁਤਾ ਜ਼ਿੰਦਗੀ ਲਈ ਕਿਉਂ ਫ਼ਾਇਦੇਮੰਦ ਹੈ?

3 ਇਹ ਯਹੋਵਾਹ ਦਾ ਫ਼ੈਸਲਾ ਹੈ ਕਿ ਕੌਣ ਕਿਸ ਦਾ ਸਿਰ ਹੋਵੇਗਾ। ਆਦਮ ਨੂੰ ਰਚਣ ਤੋਂ ਬਾਅਦ ਯਹੋਵਾਹ ਪਰਮੇਸ਼ੁਰ ਨੇ ਕਿਹਾ: “ਚੰਗਾ ਨਹੀਂ ਕਿ ਆਦਮੀ ਇਕੱਲਾ ਰਹੇ ਸੋ ਮੈਂ ਉਹ ਦੇ ਲਈ ਉਹ ਦੇ ਵਾਂਙੁ ਇੱਕ ਸਹਾਇਕਣ ਬਣਾਵਾਂਗਾ।” ਯਹੋਵਾਹ ਨੇ ਹੱਵਾਹ ਨੂੰ ਬਣਾਇਆ। ਆਪਣੀ ਸਾਥਣ ਹੱਵਾਹ ਨੂੰ ਦੇਖ ਕੇ ਆਦਮ ਨੇ ਖ਼ੁਸ਼ ਹੋ ਕੇ ਕਿਹਾ: “ਇਹ ਹੁਣ ਮੇਰੀਆਂ ਹੱਡੀਆਂ ਵਿੱਚੋਂ ਹੱਡੀ ਹੈ ਅਰ ਮੇਰੇ ਮਾਸ ਵਿੱਚੋਂ ਮਾਸ ਹੈ।” (ਉਤ. 2:18-24) ਆਦਮ ਅਤੇ ਹੱਵਾਹ ਕੋਲ ਸਾਰੀ ਮੁਕੰਮਲ ਮਨੁੱਖਜਾਤੀ ਦੇ ਮਾਤਾ-ਪਿਤਾ ਬਣਨ ਦਾ ਕਿੰਨਾ ਵੱਡਾ ਸਨਮਾਨ ਸੀ ਜੋ ਸੋਹਣੀ ਧਰਤੀ ’ਤੇ ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀ ਸਕਦੀ ਸੀ।

4 ਪਰ ਜਦੋਂ ਸਾਡੇ ਪਹਿਲੇ ਮਾਂ-ਬਾਪ ਨੇ ਪਰਮੇਸ਼ੁਰ ਖ਼ਿਲਾਫ਼ ਬਗਾਵਤ ਕੀਤੀ, ਤਾਂ ਉਨ੍ਹਾਂ ਨੇ ਉਹ ਸਾਰਾ ਕੁਝ ਗੁਆ ਦਿੱਤਾ ਜੋ ਅਦਨ ਦੇ ਬਾਗ਼ ਵਿਚ ਮਿਲਿਆ ਸੀ। (ਰੋਮੀਆਂ 5:12 ਪੜ੍ਹੋ।) ਪਰ ਪਰਮੇਸ਼ੁਰ ਦਾ ਇਹ ਇੰਤਜ਼ਾਮ ਬਰਕਰਾਰ ਰਿਹਾ ਕਿ ਪਤਨੀ ਨੂੰ ਪਤੀ ਦੇ ਅਧੀਨ ਹੋਣਾ ਚਾਹੀਦਾ ਹੈ। ਜਦੋਂ ਪਤੀ-ਪਤਨੀ ਇਸ ਇੰਤਜ਼ਾਮ ਅਨੁਸਾਰ ਚੱਲਦੇ ਹਨ, ਤਾਂ ਉਨ੍ਹਾਂ ਨੂੰ ਬਹੁਤ ਫ਼ਾਇਦਾ ਮਿਲਦਾ ਹੈ ਅਤੇ ਉਨ੍ਹਾਂ ਦੀ ਵਿਆਹੁਤਾ ਜ਼ਿੰਦਗੀ ਵਿਚ ਖ਼ੁਸ਼ੀਆਂ ਦੀ ਬਹਾਰ ਆਉਂਦੀ ਹੈ। ਉਨ੍ਹਾਂ ਨੂੰ ਉਹ ਖ਼ੁਸ਼ੀ ਮਿਲਦੀ ਹੈ ਜੋ ਯਿਸੂ ਨੂੰ ਆਪਣੇ ਸਿਰ ਯਹੋਵਾਹ ਦੇ ਅਧੀਨ ਰਹਿ ਕੇ ਮਿਲੀ ਸੀ। ਧਰਤੀ ’ਤੇ ਆਉਣ ਤੋਂ ਪਹਿਲਾਂ, ਯਿਸੂ ਯਹੋਵਾਹ ਨੂੰ ‘ਹਮੇਸ਼ਾਂ ਖੁਸ਼ ਰੱਖਦਾ ਸੀ।’ (ਕਹਾ. 8:30, CL) ਆਦਮੀ ਨਾਮੁਕੰਮਲ ਹੋਣ ਕਰਕੇ ਮੁਕੰਮਲ ਤਰੀਕੇ ਨਾਲ ਆਪਣਾ ਅਧਿਕਾਰ ਨਹੀਂ ਚਲਾ ਪਾਉਂਦੇ ਅਤੇ ਨਾ ਹੀ ਔਰਤਾਂ ਮੁਕੰਮਲ ਅਧੀਨਗੀ ਦਿਖਾ ਪਾਉਂਦੀਆਂ ਹਨ। ਜਦੋਂ ਪਤੀ-ਪਤਨੀ ਦੋਵੇਂ ਇਸ ਇੰਤਜ਼ਾਮ ਅਨੁਸਾਰ ਚੱਲਣ ਦੀ ਪੂਰੀ-ਪੂਰੀ ਕੋਸ਼ਿਸ਼ ਕਰਦੇ ਹਨ, ਤਾਂ ਉਨ੍ਹਾਂ ਦਾ ਵਿਆਹੁਤਾ-ਜੀਵਨ ਸੁਖੀ ਹੁੰਦਾ ਹੈ।

5. ਪਤੀ-ਪਤਨੀ ਨੂੰ ਰੋਮੀਆਂ 12:10 ਵਿਚਲੀ ਸਲਾਹ ਕਿਉਂ ਮੰਨਣੀ ਚਾਹੀਦੀ ਹੈ?

5 ਵਿਆਹੁਤਾ-ਜੀਵਨ ਸਫ਼ਲ ਬਣਾਉਣ ਲਈ ਪਤੀ-ਪਤਨੀ ਬਾਈਬਲ ਦੀ ਇਸ ਸਲਾਹ ’ਤੇ ਚੱਲਦੇ ਹਨ ਜੋ ਸਾਰੇ ਮਸੀਹੀਆਂ ਲਈ ਹੈ: ‘ਭਰੱਪਣ ਦੇ ਪ੍ਰੇਮ ਵਿੱਚ ਇੱਕ ਦੂਏ ਨਾਲ ਗੂੜ੍ਹਾ ਹਿਤ ਰੱਖੋ, ਆਦਰ ਵਿੱਚ ਦੂਏ ਨੂੰ ਚੰਗਾ ਸਮਝੋ।’ (ਰੋਮੀ. 12:10) ਇਸ ਦੇ ਨਾਲ-ਨਾਲ ਪਤੀ-ਪਤਨੀ ਨੂੰ ‘ਇੱਕ ਦੂਏ ਉੱਤੇ ਕਿਰਪਾਵਾਨ ਅਤੇ ਤਰਸਵਾਨ ਹੋਣ ਅਤੇ ਇੱਕ ਦੂਏ ਨੂੰ ਮਾਫ਼ ਕਰਨ’ ਦਾ ਸਖ਼ਤ ਜਤਨ ਕਰਨਾ ਚਾਹੀਦਾ ਹੈ।—ਅਫ਼. 4:32.

ਜੇ ਤੁਹਾਡਾ ਜੀਵਨ-ਸਾਥੀ ਯਹੋਵਾਹ ਨੂੰ ਨਹੀਂ ਮੰਨਦਾ

6, 7. ਸ਼ਾਇਦ ਕਿਹੜਾ ਨਤੀਜਾ ਨਿਕਲੇ ਜੇ ਪਤਨੀ ਪਤੀ ਦੇ ਅਧੀਨ ਰਹਿੰਦੀ ਹੈ ਜੋ ਯਹੋਵਾਹ ਨੂੰ ਨਹੀਂ ਮੰਨਦਾ?

6 ਉਦੋਂ ਕੀ ਜੇ ਤੁਹਾਡਾ ਜੀਵਨ-ਸਾਥੀ ਯਹੋਵਾਹ ਦਾ ਸੇਵਕ ਨਹੀਂ? ਅਕਸਰ ਦੇਖਿਆ ਜਾਂਦਾ ਹੈ ਕਿ ਪਤੀ ਸੱਚਾਈ ਵਿਚ ਨਹੀਂ ਹੁੰਦਾ। ਜੇ ਇਸ ਤਰ੍ਹਾਂ ਹੈ, ਤਾਂ ਪਤਨੀ ਨੂੰ ਉਸ ਨਾਲ ਕਿਹੋ ਜਿਹਾ ਸਲੂਕ ਕਰਨਾ ਚਾਹੀਦਾ ਹੈ? ਇਸ ਦਾ ਜਵਾਬ ਬਾਈਬਲ ਦਿੰਦੀ ਹੈ: “ਹੇ ਪਤਨੀਓ, ਆਪਣਿਆਂ ਪਤੀਆਂ ਦੇ ਅਧੀਨ ਹੋਵੋ ਭਈ ਜੇ ਕੋਈ ਬਚਨ ਨਾ ਵੀ ਮੰਨਦੇ ਹੋਣ ਤਾਂ ਓਹ ਬਚਨ ਤੋਂ ਬਿਨਾ ਆਪਣੀਆਂ ਪਤਨੀਆਂ ਦੀ ਚਾਲ ਢਾਲ ਦੇ ਕਾਰਨ ਖਿੱਚੇ ਜਾਣ। ਜਿਸ ਵੇਲੇ ਓਹ ਤੁਹਾਡੀ ਪਵਿੱਤਰ ਚਾਲ ਢਾਲ ਨੂੰ ਜੋ ਅਦਬ ਦੇ ਨਾਲ ਹੋਵੇ ਵੇਖ ਲੈਣ।”—1 ਪਤ. 3:1, 2.

7 ਪਰਮੇਸ਼ੁਰ ਦਾ ਬਚਨ ਕਹਿੰਦਾ ਹੈ ਕਿ ਪਤਨੀ ਨੂੰ ਪਤੀ ਦੇ ਅਧੀਨ ਰਹਿਣਾ ਚਾਹੀਦਾ ਹੈ, ਭਾਵੇਂ ਉਹ ਯਹੋਵਾਹ ਨੂੰ ਨਹੀਂ ਵੀ ਮੰਨਦਾ। ਪਤਨੀ ਦੇ ਚੰਗੇ ਚਾਲ-ਚਲਣ ਨੂੰ ਦੇਖ ਕੇ ਪਤੀ ਸੋਚੇਗਾ ਕਿ ਉਹ ਕਿਸ ਵਜ੍ਹਾ ਕਾਰਨ ਚੰਗਾ ਸਲੂਕ ਕਰਦੀ ਹੈ। ਨਤੀਜੇ ਵਜੋਂ, ਪਤੀ ਸ਼ਾਇਦ ਆਪਣੀ ਪਤਨੀ ਦੇ ਵਿਸ਼ਵਾਸਾਂ ਨੂੰ ਜਾਣੇ ਤੇ ਅਖ਼ੀਰ ਵਿਚ ਸੱਚਾਈ ਵਿਚ ਆ ਜਾਵੇ।

8, 9. ਮਸੀਹੀ ਪਤਨੀ ਕੀ ਕਰ ਸਕਦੀ ਹੈ ਜੇ ਉਸ ਦਾ ਪਤੀ ਉਸ ਦੇ ਨੇਕ ਚਾਲ-ਚਲਣ ਨੂੰ ਦੇਖ ਕੇ ਚੰਗਾ ਹੁੰਗਾਰਾ ਨਹੀਂ ਭਰਦਾ?

8 ਉਦੋਂ ਕੀ ਜੇ ਪਤੀ ਚੰਗਾ ਹੁੰਗਾਰਾ ਨਹੀਂ ਭਰਦਾ? ਬਾਈਬਲ ਕਹਿੰਦੀ ਹੈ ਕਿ ਹਰ ਹਾਲ ਵਿਚ ਪਤਨੀ ਨੂੰ ਚੰਗੇ ਗੁਣ ਦਿਖਾਉਣੇ ਚਾਹੀਦੇ ਹਨ, ਭਾਵੇਂ ਇੱਦਾਂ ਕਰਨਾ ਕਿੰਨਾ ਹੀ ਔਖਾ ਕਿਉਂ ਨਾ ਹੋਵੇ। ਮਿਸਾਲ ਲਈ ਅਸੀਂ 1 ਕੁਰਿੰਥੀਆਂ 13:4 ਵਿਚ ਪੜ੍ਹਦੇ ਹਾਂ: ‘ਪ੍ਰੇਮ ਧੀਰਜਵਾਨ ਹੈ।’ ਤਾਂ ਫਿਰ ਪਤਨੀ ਲਈ ਚੰਗੀ ਗੱਲ ਹੈ ਕਿ ਉਹ “ਪੂਰਨ ਅਧੀਨਗੀ, ਨਰਮਾਈ, ਅਤੇ ਧੀਰਜ” ਨਾਲ ਪੇਸ਼ ਆਵੇ ਅਤੇ ਪਿਆਰ ਨਾਲ ਹਾਲਾਤ ਦਾ ਸਾਮ੍ਹਣਾ ਕਰੇ। (ਅਫ਼. 4:2) ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਮਦਦ ਨਾਲ ਤੁਸੀਂ ਔਖੇ ਹਾਲਾਤਾਂ ਵਿਚ ਵੀ ਚੰਗੇ ਗੁਣ ਦਿਖਾਉਂਦੀਆਂ ਰਹਿ ਸਕਦੀਆਂ ਹੋ।

9 ਪੌਲੁਸ ਨੇ ਲਿਖਿਆ: “ਉਹ ਦੇ ਵਿੱਚ ਜੋ ਮੈਨੂੰ ਬਲ ਦਿੰਦਾ ਹੈ ਮੈਂ ਸੱਭੋ ਕੁਝ ਕਰ ਸੱਕਦਾ ਹਾਂ।” (ਫ਼ਿਲਿ. 4:13) ਪਰਮੇਸ਼ੁਰ ਦੀ ਸ਼ਕਤੀ ਨਾਲ ਪਤਨੀ ਜਾਂ ਪਤੀ ਉਹ ਕੰਮ ਕਰ ਸਕਦਾ ਹੈ ਜੋ ਉਹ ਆਪਣੀ ਤਾਕਤ ਨਾਲ ਨਹੀਂ ਕਰ ਸਕਦਾ। ਮਿਸਾਲ ਲਈ, ਜੇ ਤੁਹਾਡਾ ਜੀਵਨ-ਸਾਥੀ ਤੁਹਾਡੇ ਨਾਲ ਮਾੜਾ ਸਲੂਕ ਕਰਦਾ ਹੈ, ਤਾਂ ਤੁਸੀਂ ਵੀ ਸ਼ਾਇਦ ਇੱਦਾਂ ਕਰਨਾ ਚਾਹੋ। ਪਰ ਬਾਈਬਲ ਸਾਰੇ ਮਸੀਹੀਆਂ ਨੂੰ ਕਹਿੰਦੀ ਹੈ: “ਕਿਉਂ ਜੋ ਲਿਖਿਆ ਹੋਇਆ ਹੈ ਕਿ ਪ੍ਰਭੁ [ਯਹੋਵਾਹ] ਆਖਦਾ ਹੈ ਭਈ ਬਦਲਾ ਲੈਣਾ ਮੇਰਾ ਕੰਮ ਹੈ, ਮੈਂ ਹੀ ਵੱਟਾ ਲਾਹਵਾਂਗਾ।” (ਰੋਮੀ. 12:17-19) ਇਸੇ ਤਰ੍ਹਾਂ, 1 ਥੱਸਲੁਨੀਕੀਆਂ 5:15 ਸਾਨੂੰ ਸਲਾਹ ਦਿੰਦਾ ਹੈ: “ਵੇਖਣਾ ਭਈ ਕੋਈ ਕਿਸੇ ਨਾਲ ਬੁਰੇ ਦੇ ਵੱਟੇ ਬੁਰਾ ਨਾ ਕਰੇ ਸਗੋਂ ਇੱਕ ਦੂਏ ਲਈ ਅਤੇ ਸਭਨਾਂ ਲਈ ਸਦਾ ਭਲਿਆਈ ਦੇ ਪਿੱਛੇ ਲੱਗੇ ਰਹੋ।” ਜੀ ਹਾਂ, ਅਸੀਂ ਯਹੋਵਾਹ ਦੀ ਪਵਿੱਤਰ ਸ਼ਕਤੀ ਨਾਲ ਨਾਮੁਮਕਿਨ ਗੱਲਾਂ ਨੂੰ ਮੁਮਕਿਨ ਬਣਾ ਸਕਦੇ ਹਾਂ। ਸੋ ਕਿੰਨਾ ਜ਼ਰੂਰੀ ਹੈ ਕਿ ਅਸੀਂ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਲਈ ਉਸ ਨੂੰ ਪ੍ਰਾਰਥਨਾ ਕਰੀਏ ਤਾਂਕਿ ਸਾਡੇ ਵਿਚ ਜੋ ਕਮੀ ਹੈ, ਉਸ ਨੂੰ ਉਹ ਪੂਰਾ ਕਰੇ!

10. ਯਿਸੂ ਨੇ ਦੂਜਿਆਂ ਦੀਆਂ ਬੁਰੀਆਂ ਗੱਲਾਂ ਜਾਂ ਮਾੜੇ ਸਲੂਕ ਦਾ ਕਿੱਦਾਂ ਸਾਮ੍ਹਣਾ ਕੀਤਾ?

10 ਯਿਸੂ ਨੇ ਉਨ੍ਹਾਂ ਲੋਕਾਂ ਨਾਲ ਪੇਸ਼ ਆਉਂਦਿਆਂ ਸਭ ਤੋਂ ਵਧੀਆ ਮਿਸਾਲ ਕਾਇਮ ਕੀਤੀ ਜਿਨ੍ਹਾਂ ਨੇ ਉਸ ਨੂੰ ਬੁਰਾ-ਭਲਾ ਕਿਹਾ ਜਾਂ ਮਾੜਾ ਸਲੂਕ ਕੀਤਾ। 1 ਪਤਰਸ 2:23 ਕਹਿੰਦਾ ਹੈ: “ਉਹ ਗਾਲੀਆਂ ਖਾ ਕੇ ਗਾਲੀ ਨਾ ਦਿੰਦਾ ਸੀ ਅਤੇ ਦੁਖ ਪਾ ਕੇ ਦਬਕਾ ਨਾ ਦਿੰਦਾ ਸੀ ਸਗੋਂ ਆਪਣੇ ਆਪ ਨੂੰ ਉਹ ਦੇ ਹੱਥ ਸੌਂਪਦਾ ਸੀ ਜਿਹੜਾ ਜਥਾਰਥ ਨਿਆਉਂ ਕਰਦਾ ਹੈ।” ਸਾਨੂੰ ਉਸ ਦੀ ਮਿਸਾਲ ’ਤੇ ਚੱਲਣ ਦਾ ਉਤਸ਼ਾਹ ਦਿੱਤਾ ਜਾਂਦਾ ਹੈ। ਜਦ ਦੂਸਰੇ ਤੁਹਾਡੇ ਨਾਲ ਮਾੜਾ ਸਲੂਕ ਕਰਦੇ ਹਨ, ਤਾਂ ਗੁੱਸੇ ਨਾ ਹੋਵੋ। ਜਿਵੇਂ ਸਾਰੇ ਮਸੀਹੀਆਂ ਨੂੰ ਕਿਹਾ ਗਿਆ ਹੈ, ਤੁਸੀਂ ਵੀ “ਤਰਸਵਾਨ ਅਤੇ ਮਨ ਦੇ ਹਲੀਮ ਹੋਵੋ। ਬੁਰਿਆਈ ਦੇ ਬਦਲੇ ਬੁਰਿਆਈ ਨਾ ਕਰੋ ਅਤੇ ਗਾਲ ਦੇ ਬਦਲੇ ਗਾਲ ਨਾ ਕੱਢੋ।”—1 ਪਤ. 3:8, 9.

ਕੀ ਪਤਨੀਆਂ ਨੂੰ ਚੁੱਪ ਰਹਿਣਾ ਚਾਹੀਦਾ ਹੈ?

11. ਕੁਝ ਮਸੀਹੀ ਔਰਤਾਂ ਨੂੰ ਕਿਹੜਾ ਵੱਡਾ ਸਨਮਾਨ ਮਿਲੇਗਾ?

11 ਕੀ ਪਤੀ ਦੇ ਅਧੀਨ ਹੋਣ ਦਾ ਮਤਲਬ ਹੈ ਕਿ ਪਤਨੀ ਨੂੰ ਚੁੱਪ ਰਹਿਣਾ ਚਾਹੀਦਾ ਹੈ ਤੇ ਪਰਿਵਾਰ ਦੇ ਮਾਮਲਿਆਂ ਜਾਂ ਹੋਰਨਾਂ ਗੱਲਾਂ ਦੇ ਸੰਬੰਧ ਵਿਚ ਕੋਈ ਰਾਇ ਨਹੀਂ ਦੇਣੀ ਚਾਹੀਦੀ? ਨਹੀਂ, ਇਸ ਤਰ੍ਹਾਂ ਨਹੀਂ ਹੈ। ਯਹੋਵਾਹ ਨੇ ਆਦਮੀਆਂ ਦੇ ਨਾਲ-ਨਾਲ ਔਰਤਾਂ ਨੂੰ ਵੀ ਕਈ ਸਨਮਾਨ ਦਿੱਤੇ ਹਨ। ਜ਼ਰਾ ਸੋਚੋ ਕਿ ਯਿਸੂ ਜਦੋਂ ਧਰਤੀ ਉੱਤੇ ਰਾਜ ਕਰੇਗਾ, ਤਾਂ ਉਦੋਂ 1,44,000 ਮਸੀਹੀਆਂ ਕੋਲ ਰਾਜਿਆਂ ਅਤੇ ਜਾਜਕਾਂ ਵਜੋਂ ਸੇਵਾ ਕਰਨ ਦਾ ਕਿੰਨਾ ਵੱਡਾ ਸਨਮਾਨ ਹੋਵੇਗਾ! ਇਨ੍ਹਾਂ ਮਸੀਹੀਆਂ ਵਿਚ ਔਰਤਾਂ ਵੀ ਸ਼ਾਮਲ ਹਨ। (ਗਲਾ. 3:26-29) ਇਸ ਤੋਂ ਸਪੱਸ਼ਟ ਹੈ ਕਿ ਯਹੋਵਾਹ ਨੇ ਆਪਣੇ ਸੰਗਠਨ ਵਿਚ ਔਰਤਾਂ ਨੂੰ ਕੰਮ ਦਿੱਤੇ ਹਨ।

12, 13. ਇਕ ਮਿਸਾਲ ਦਿਓ ਜਿਸ ਤੋਂ ਪਤਾ ਲੱਗਦਾ ਹੈ ਕਿ ਔਰਤਾਂ ਨੇ ਭਵਿੱਖਬਾਣੀ ਕੀਤੀ ਸੀ।

12 ਮਿਸਾਲ ਲਈ ਬਾਈਬਲ ਦੇ ਜ਼ਮਾਨੇ ਵਿਚ ਔਰਤਾਂ ਭਵਿੱਖਬਾਣੀ ਕਰਦੀਆਂ ਸਨ। ਯੋਏਲ 2:28, 29 ਵਿਚ ਭਵਿੱਖਬਾਣੀ ਕੀਤੀ ਗਈ ਸੀ: “ਮੈਂ [ਆਪਣੀ ਪਵਿੱਤਰ ਸ਼ਕਤੀ] ਸਾਰੇ ਸਰੀਰਾਂ ਉੱਤੇ ਵਹਾਵਾਂਗਾ, ਅਤੇ ਤੁਹਾਡੇ ਪੁੱਤ੍ਰ ਅਰ ਤੁਹਾਡੀਆਂ ਧੀਆਂ ਅਗੰਮ ਵਾਕ ਕਰਨਗੇ, . . . ਨਾਲੇ ਮੈਂ ਦਾਸਾਂ ਅਰ ਦਾਸੀਆਂ ਉੱਤੇ, ਉਨ੍ਹੀਂ ਦਿਨੀਂ [ਆਪਣੀ ਸ਼ਕਤੀ] ਵਹਾਵਾਂਗਾ।”

13 ਯਰੂਸ਼ਲਮ ਵਿਚ ਪੰਤੇਕੁਸਤ 33 ਈਸਵੀ ਨੂੰ ਚੁਬਾਰੇ ਵਿਚ ਯਿਸੂ ਦੇ 120 ਚੇਲੇ ਇਕੱਠੇ ਹੋਏ ਸਨ ਜਿਨ੍ਹਾਂ ਵਿਚ ਔਰਤਾਂ ਵੀ ਸਨ। ਪਰਮੇਸ਼ੁਰ ਨੇ ਇਨ੍ਹਾਂ ਸਾਰਿਆਂ ਉੱਤੇ ਆਪਣੀ ਪਵਿੱਤਰ ਸ਼ਕਤੀ ਵਹਾਈ ਸੀ। ਇਸੇ ਲਈ ਪਤਰਸ ਨੇ ਨਬੀ ਯੋਏਲ ਦੀ ਭਵਿੱਖਬਾਣੀ ਦਾ ਹਵਾਲਾ ਦਿੱਤਾ ਤੇ ਇਸ ਨੂੰ ਆਦਮੀਆਂ ਤੇ ਔਰਤਾਂ, ਦੋਹਾਂ ਉੱਤੇ ਲਾਗੂ ਕੀਤਾ। ਪਤਰਸ ਨੇ ਕਿਹਾ: “ਏਹ ਉਹ ਗੱਲ ਹੈ ਜੋ ਯੋਏਲ ਨਬੀ ਦੀ ਜਬਾਨੀ ਕਹੀ ਗਈ ਸੀ, ਪਰਮੇਸ਼ੁਰ ਆਖਦਾ ਹੈ ਕਿ ਅੰਤ ਦੇ ਦਿਨਾਂ ਵਿੱਚ ਐਉਂ ਹੋਵੇਗਾ, ਜੋ ਮੈਂ [ਆਪਣੀ ਪਵਿੱਤਰ ਸ਼ਕਤੀ] ਵਿੱਚੋਂ ਸਾਰੇ ਸਰੀਰਾਂ ਉੱਤੇ ਵਹਾ ਦਿਆਂਗਾ, ਅਤੇ ਤੁਹਾਡੇ ਪੁੱਤ੍ਰ ਅਰ ਤੁਹਾਡੀਆਂ ਧੀਆਂ ਅਗੰਮ ਵਾਕ ਕਰਨਗੇ, . . . ਹਾਂ, ਮੈਂ ਆਪਣੇ ਦਾਸਾਂ ਅਤੇ ਆਪਣੀਆਂ ਦਾਸੀਆਂ ਉੱਤੇ ਉਨ੍ਹੀਂ ਦਿਨੀਂ [ਆਪਣੀ ਸ਼ਕਤੀ] ਵਿੱਚੋਂ ਵਹਾ ਦਿਆਂਗਾ, ਅਰ ਓਹ ਅਗੰਮ ਵਾਕ ਕਰਨਗੇ।”—ਰਸੂ. 2:16-18.

14. ਪਹਿਲੀ ਸਦੀ ਵਿਚ ਮਸੀਹੀ ਧਰਮ ਫੈਲਾਉਣ ਵਿਚ ਔਰਤਾਂ ਦਾ ਕਿੰਨਾ ਕੁ ਵੱਡਾ ਹੱਥ ਸੀ?

14 ਪਹਿਲੀ ਸਦੀ ਵਿਚ ਮਸੀਹੀ ਧਰਮ ਫੈਲਾਉਣ ਵਿਚ ਔਰਤਾਂ ਦਾ ਵੱਡਾ ਹੱਥ ਸੀ। ਉਨ੍ਹਾਂ ਨੇ ਹੋਰਨਾਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਦੱਸਿਆ ਅਤੇ ਪ੍ਰਚਾਰ ਸੰਬੰਧੀ ਕੰਮ ਵੀ ਕੀਤੇ। (ਲੂਕਾ 8:1-3) ਮਿਸਾਲ ਲਈ, ਪੌਲੁਸ ਨੇ ਫ਼ੀਬੀ ਬਾਰੇ ਕਿਹਾ ਕਿ ਉਹ “ਕਲੀਸਿਯਾ ਦੀ ਸੇਵਕਾ ਹੈ ਜੋ ਕੰਖਰਿਯਾ ਵਿੱਚ ਹੈ।” ਮਸੀਹੀਆਂ ਨੂੰ ਪਿਆਰ ਭੇਜਦੇ ਸਮੇਂ ਪੌਲੁਸ ਨੇ ਕਈ ਵਫ਼ਾਦਾਰ ਔਰਤਾਂ ਦਾ ਜ਼ਿਕਰ ਕੀਤਾ। ਇਨ੍ਹਾਂ ਵਿਚ ਸਨ “ਤਰੁਫ਼ੈਨਾ ਅਤੇ ਤਰੁਫ਼ੋਸਾ ਨੂੰ ਜੋ ਪ੍ਰਭੁ ਵਿੱਚ ਮਿਹਨਤ ਕਰਦੀਆਂ ਹਨ।” ਉਸ ਨੇ ਇਕ ਹੋਰ ਨਾਂ ਲੈਂਦੇ ਹੋਏ ਕਿਹਾ: “ਪਿਆਰੀ ਪਰਸੀਸ ਨੂੰ ਜਿਨ੍ਹ ਪ੍ਰਭੁ ਵਿੱਚ ਬਾਹਲੀ ਮਿਹਨਤ ਕੀਤੀ।”—ਰੋਮੀ. 16:1, 12.

15. ਸਾਡੇ ਜ਼ਮਾਨੇ ਵਿਚ ਮਸੀਹੀ ਧਰਮ ਫੈਲਾਉਣ ਵਿਚ ਔਰਤਾਂ ਕਿੰਨਾ ਕੁ ਯੋਗਦਾਨ ਪਾਉਂਦੀਆਂ ਹਨ?

15 ਸਾਡੇ ਜ਼ਮਾਨੇ ਵਿਚ ਸੱਤ ਲੱਖ ਤੋਂ ਜ਼ਿਆਦਾ ਲੋਕ ਦੁਨੀਆਂ ਭਰ ਵਿਚ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਰਹੇ ਹਨ ਜਿਨ੍ਹਾਂ ਵਿਚ ਹਰ ਉਮਰ ਦੀਆਂ ਔਰਤਾਂ ਵੀ ਹਨ। (ਮੱਤੀ 24:14) ਇਨ੍ਹਾਂ ਵਿੱਚੋਂ ਕਈ ਪਾਇਨੀਅਰਿੰਗ ਕਰਦੀਆਂ ਹਨ, ਮਿਸ਼ਨਰੀ ਹਨ ਅਤੇ ਬੈਥਲ ਵਿਚ ਵੀ ਕੰਮ ਕਰਦੀਆਂ ਹਨ। ਜ਼ਬੂਰਾਂ ਦੇ ਲਿਖਾਰੀ ਦਾਊਦ ਨੇ ਗਾਇਆ ਸੀ: “ਪ੍ਰਭੁ ਹੁਕਮ ਦਿੰਦਾ ਹੈ, ਖਬਰ ਦੇਣ ਵਾਲਿਆਂ ਦਾ ਵੱਡਾ ਦਲ ਹੈ” ਜਿਸ ਵਿਚ ਔਰਤਾਂ ਦੀ ਗਿਣਤੀ ਜ਼ਿਆਦਾ ਹੈ। (ਜ਼ਬੂ. 68:11) ਇਹ ਗੱਲ ਸੋਲਾਂ ਆਨੇ ਸਹੀ ਹੈ! ਯਹੋਵਾਹ ਇਨ੍ਹਾਂ ਔਰਤਾਂ ਦੀ ਕਦਰ ਕਰਦਾ ਹੈ ਜੋ ਖ਼ੁਸ਼ ਖ਼ਬਰੀ ਸੁਣਾਉਣ ਅਤੇ ਉਸ ਦਾ ਮਕਸਦ ਪੂਰਾ ਕਰਨ ਵਿਚ ਵੱਡਾ ਯੋਗਦਾਨ ਪਾਉਂਦੀਆਂ ਹਨ। ਸੋ ਭਾਵੇਂ ਮਸੀਹੀ ਔਰਤਾਂ ਨੂੰ ਅਧੀਨ ਰਹਿਣ ਲਈ ਕਿਹਾ ਗਿਆ ਹੈ, ਪਰ ਇਸ ਦਾ ਇਹ ਮਤਲਬ ਨਹੀਂ ਕਿ ਉਹ ਚੁੱਪ ਰਹਿਣ।

ਦੋ ਔਰਤਾਂ ਜੋ ਚੁੱਪ ਨਹੀਂ ਰਹੀਆਂ

16, 17. ਸਾਰਾਹ ਦੀ ਮਿਸਾਲ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਪਤਨੀਆਂ ਆਪਣੀ ਗੱਲ ਕਹਿ ਸਕਦੀਆਂ ਹਨ?

16 ਜੇ ਯਹੋਵਾਹ ਨੇ ਔਰਤਾਂ ਨੂੰ ਕਈ ਸਨਮਾਨ ਦਿੱਤੇ ਹਨ, ਤਾਂ ਕੀ ਪਤੀਆਂ ਨੂੰ ਨਹੀਂ ਚਾਹੀਦਾ ਕਿ ਉਹ ਵੱਡੇ-ਵੱਡੇ ਫ਼ੈਸਲੇ ਕਰਨ ਤੋਂ ਪਹਿਲਾਂ ਆਪਣੀਆਂ ਪਤਨੀਆਂ ਦੀ ਰਾਇ ਲੈਣ? ਉਨ੍ਹਾਂ ਲਈ ਇਹ ਅਕਲਮੰਦੀ ਦੀ ਗੱਲ ਹੋਵੇਗੀ। ਇਸ ਤਰ੍ਹਾਂ ਦੀਆਂ ਬਾਈਬਲ ਵਿਚ ਕਈ ਉਦਾਹਰਣਾਂ ਹਨ ਜਦੋਂ ਪਤਨੀਆਂ ਨੇ ਆਪਣੇ ਪਤੀਆਂ ਤੋਂ ਪੁੱਛੇ ਬਗੈਰ ਕੁਝ ਕੀਤਾ ਜਾਂ ਕਿਹਾ ਸੀ। ਆਓ ਆਪਾਂ ਦੋ ਉਦਾਹਰਣਾਂ ਦੇਖੀਏ।

17 ਅਬਰਾਹਾਮ ਦੀ ਪਤਨੀ ਸਾਰਾਹ ਵਾਰ-ਵਾਰ ਅਬਰਾਹਾਮ ਨੂੰ ਕਹਿੰਦੀ ਸੀ ਕਿ ਉਹ ਆਪਣੀ ਦੂਜੀ ਪਤਨੀ ਤੇ ਉਸ ਦੇ ਮੁੰਡੇ ਨੂੰ ਘਰੋਂ ਕੱਢ ਦੇਵੇ ਕਿਉਂਕਿ ਉਹ ਉਸ ਦੀ ਇੱਜ਼ਤ ਨਹੀਂ ਸੀ ਕਰਦੇ। “ਅਬਰਾਹਾਮ ਦੀ ਨਿਗਾਹ ਵਿੱਚ ਇਹ ਗੱਲ ਅੱਤ ਬੁਰੀ ਸੀ” ਪਰ ਯਹੋਵਾਹ ਦੀਆਂ ਨਜ਼ਰਾਂ ਵਿਚ ਨਹੀਂ। ਇਸ ਲਈ ਯਹੋਵਾਹ ਨੇ ਅਬਰਾਹਾਮ ਨੂੰ ਕਿਹਾ: “ਏਹ ਗੱਲ ਏਸ ਮੁੰਡੇ ਅਤੇ ਤੇਰੀ ਗੋੱਲੀ ਦੇ ਵਿਖੇ ਤੇਰੀ ਨਿਗਾਹ ਵਿੱਚ ਬੁਰੀ ਨਾ ਲੱਗੇ। ਜੋ ਕੁਝ ਸਾਰਾਹ ਨੇ ਤੈਨੂੰ ਆਖਿਆ ਹੈ ਤੂੰ ਉਹ ਦੀ ਅਵਾਜ਼ ਸੁਣ।” (ਉਤ. 21:8-12) ਅਬਰਾਹਾਮ ਨੇ ਯਹੋਵਾਹ ਦੀ ਆਗਿਆ ਮੁਤਾਬਕ ਸਾਰਾਹ ਦੀ ਸੁਣੀ ਅਤੇ ਉਹੀ ਕੀਤਾ ਜੋ ਸਾਰਾਹ ਨੇ ਕਿਹਾ ਸੀ।

18. ਅਬੀਗੈਲ ਨੇ ਕੀ ਕਰਨ ਵਿਚ ਪਹਿਲ-ਕਦਮੀ ਕੀਤੀ?

18 ਨਾਬਾਲ ਦੀ ਪਤਨੀ ਅਬੀਗੈਲ ਬਾਰੇ ਵੀ ਸੋਚੋ। ਰਾਜਾ ਸ਼ਾਊਲ ਦਾਊਦ ਨਾਲ ਈਰਖਾ ਕਰਦਾ ਸੀ ਅਤੇ ਉਸ ਤੋਂ ਬਚਣ ਲਈ ਦਾਊਦ ਨੂੰ ਥਾਂ-ਥਾਂ ਭਟਕਣਾ ਪਿਆ। ਉਸ ਨੇ ਨਾਬਾਲ ਦੇ ਇੱਜੜ ਨੇੜੇ ਆਪਣਾ ਡੇਰਾ ਲਾ ਲਿਆ ਸੀ। ਦਾਊਦ ਅਤੇ ਉਸ ਦੇ ਆਦਮੀਆਂ ਨੇ ਇਸ ਦੌਲਤਮੰਦ ਆਦਮੀ ਦੀ ਕੋਈ ਚੀਜ਼ ਨਹੀਂ ਚੁਰਾਈ, ਸਗੋਂ ਉਸ ਦੀ ਜਾਇਦਾਦ ਦੀ ਰਖਵਾਲੀ ਕੀਤੀ। ਪਰ ਨਾਬਾਲ ਸੁਭਾਅ ਦਾ ਮਾੜਾ ਅਤੇ “ਖੋਟਾ” ਬੰਦਾ ਸੀ ਅਤੇ ਉਸ ਨੇ ਦਾਊਦ ਦੇ ਆਦਮੀਆਂ ਨੂੰ “ਝਿੜਕਿਆ।” ਉਹ ‘ਬੁਰਾ ਆਦਮੀ ਸੀ’ ਅਤੇ ‘ਮੂਰਖਤਾਈ ਉਹ ਦੇ ਨਾਲ ਸੀ।’ ਦਾਊਦ ਦੇ ਆਦਮੀਆਂ ਨੇ ਜਦੋਂ ਉਸ ਕੋਲੋਂ ਕੁਝ ਖਾਣ ਵਾਲੀਆਂ ਚੀਜ਼ਾਂ ਮੰਗੀਆਂ ਸਨ, ਤਾਂ ਨਾਬਾਲ ਨੇ ਇਨਕਾਰ ਕਰ ਦਿੱਤਾ ਸੀ। ਪਰ ਅਬੀਗੈਲ ਨੇ ਕੀ ਕੀਤਾ ਜਦ ਉਸ ਨੂੰ ਇਸ ਬਾਰੇ ਪਤਾ ਲੱਗਾ? ਨਾਬਾਲ ਨੂੰ ਦੱਸੇ ਬਗੈਰ ਉਹ “ਕਾਹਲੀ ਨਾਲ ਉੱਠੀ ਅਤੇ ਦੋ ਸੌ ਰੋਟੀਆਂ ਅਤੇ ਦੋ ਮਸ਼ਕਾਂ ਮੈ ਦੀਆਂ ਅਤੇ ਪੰਜ ਭੇਡਾਂ ਰਿੰਨ੍ਹੀਆਂ ਹੋਈਆਂ ਅਤੇ ਪੰਜ ਟੋਪੇ ਭੁੰਨੇ ਹੋਏ ਦਾਣੇ ਅਤੇ ਇੱਕ ਸੌ ਗੁੱਛਾ ਸੌਗੀ ਦਾ ਅਤੇ ਦੋ ਸੌ ਪਿੰਨੀ ਹਜੀਰਾਂ ਦੀ ਲੈ ਕੇ” ਗਈ ਅਤੇ ਇਹ ਸਾਰਾ ਕੁਝ ਦਾਊਦ ਤੇ ਉਸ ਦੇ ਆਦਮੀਆਂ ਨੂੰ ਦੇ ਦਿੱਤਾ। ਕੀ ਅਬੀਗੈਲ ਨੇ ਇਹ ਸਹੀ ਕੀਤਾ ਸੀ? ਬਾਈਬਲ ਕਹਿੰਦੀ ਹੈ ਕਿ “ਯਹੋਵਾਹ ਨੇ ਨਾਬਾਲ ਨੂੰ ਅਜਿਹਾ ਮਾਰਿਆ ਜੋ ਉਹ ਮਰ ਗਿਆ।” ਬਾਅਦ ਵਿਚ ਦਾਊਦ ਨੇ ਅਬੀਗੈਲ ਨਾਲ ਵਿਆਹ ਕਰਾ ਲਿਆ।—1 ਸਮੂ. 25:3, 14-19, 23-25, 38-42.

‘ਔਰਤ ਜਿਸ ਦੀ ਸਲਾਹੁਤ ਹੁੰਦੀ ਹੈ’

19, 20. ਕਿਹੜੀ ਗੱਲ ਕਾਰਨ ਔਰਤ ਤਾਰੀਫ਼ ਦੇ ਲਾਇਕ ਹੈ?

19 ਬਾਈਬਲ ਉਨ੍ਹਾਂ ਪਤਨੀਆਂ ਦੀ ਤਾਰੀਫ਼ ਕਰਦੀ ਹੈ ਜੋ ਉਸ ਤਰੀਕੇ ਨਾਲ ਕੰਮ ਕਰਦੀਆਂ ਹਨ ਜੋ ਯਹੋਵਾਹ ਨੂੰ ਪਸੰਦ ਹੈ। ਕਹਾਉਤਾਂ ਦੀ ਕਿਤਾਬ ਇਹੋ ਜਿਹੀ ਪਤਨੀ ਨੂੰ “ਪਤਵੰਤੀ ਇਸਤ੍ਰੀ” ਕਹਿੰਦੀ ਹੈ। ਅੱਗੋਂ ਉਸ ਬਾਰੇ ਕਿਹਾ ਗਿਆ ਹੈ: “ਉਹ ਦੀ ਕਦਰ ਲਾਲਾਂ ਨਾਲੋਂ ਬਹੁਤ ਵਧੇਰੇ ਹੈ। ਉਹ ਦੇ ਭਰਤਾ ਦਾ ਮਨ ਉਹ ਦੇ ਉੱਤੇ ਭਰੋਸਾ ਰੱਖਦਾ ਹੈ, ਅਤੇ ਉਹ ਨੂੰ ਲਾਭ ਦੀ ਕੁਝ ਥੁੜ ਨਹੀਂ ਹੁੰਦੀ। ਉਮਰ ਭਰ ਉਹ ਉਸ ਦੇ ਨਾਲ ਭਲਿਆਈ ਹੀ ਕਰੇਗੀ, ਬੁਰਿਆਈ ਨਹੀਂ।” ਇਸ ਤੋਂ ਇਲਾਵਾ, “ਉਹ ਬੁੱਧ ਨਾਲ ਆਪਣਾ ਮੁੱਖ ਖੋਲ੍ਹਦੀ ਹੈ, ਅਤੇ ਉਹ ਦੀ ਰਸਨਾ ਉੱਤੇ ਦਯਾ ਦੀ ਸਿੱਖਿਆ ਹੈ। ਉਹ ਆਪਣੇ ਟੱਬਰ ਦੀ ਚਾਲ ਨੂੰ ਧਿਆਨ ਨਾਲ ਵੇਖਦੀ ਹੈ, ਅਤੇ ਆਲਸ ਦੀ ਰੋਟੀ ਨਹੀਂ ਖਾਂਦੀ। ਉਹ ਦੇ ਬੱਚੇ ਉੱਠ ਕੇ ਉਹ ਨੂੰ ਧੰਨ ਧੰਨ ਆਖਦੇ ਹਨ, ਅਤੇ ਉਹ ਦਾ ਪਤੀ ਵੀ, ਅਤੇ ਉਹ ਉਹ ਦੀ ਸਲਾਹੁਤ ਕਰਦਾ ਹੈ।”—ਕਹਾ. 31:10-12, 26-28.

20 ਕਿਹੜੀ ਗੱਲ ਕਾਰਨ ਔਰਤ ਤਾਰੀਫ਼ ਦੇ ਲਾਇਕ ਹੈ? ਕਹਾਉਤਾਂ 31:30 ਦੱਸਦਾ ਹੈ: “ਸੁੰਦਰਤਾ ਛਲ ਹੈ ਤੇ ਸੁਹੱਪਣ ਮਿੱਥਿਆ, ਪਰ ਉਹ ਇਸਤ੍ਰੀ ਜੋ ਯਹੋਵਾਹ ਦਾ ਭੈ ਮੰਨਦੀ ਹੈ ਸਲਾਹੀ ਜਾਵੇਗੀ।” ਯਹੋਵਾਹ ਦਾ ਭੈ ਰੱਖਣ ਦੇ ਨਾਲ-ਨਾਲ ਔਰਤਾਂ ਨੂੰ ਖ਼ੁਸ਼ੀ-ਖ਼ੁਸ਼ੀ ਉਨ੍ਹਾਂ ਦੇ ਅਧੀਨ ਰਹਿਣਾ ਚਾਹੀਦਾ ਹੈ ਜਿਨ੍ਹਾਂ ਨੂੰ ਯਹੋਵਾਹ ਨੇ ਸਿਰ ਵਜੋਂ ਉਨ੍ਹਾਂ ’ਤੇ ਠਹਿਰਾਇਆ ਹੈ। “ਇਸਤ੍ਰੀ ਦਾ ਸਿਰ ਪੁਰਖ ਹੈ” ਜਿਵੇਂ “ਹਰੇਕ ਪੁਰਖ ਦਾ ਸਿਰ ਮਸੀਹ ਹੈ” ਅਤੇ “ਮਸੀਹ ਦਾ ਸਿਰ ਪਰਮੇਸ਼ੁਰ ਹੈ।”—1 ਕੁਰਿੰ. 11:3.

ਤੋਹਫ਼ੇ ਲਈ ਯਹੋਵਾਹ ਪਰਮੇਸ਼ੁਰ ਦੇ ਸ਼ੁਕਰਗੁਜ਼ਾਰ ਹੋਵੋ

21, 22. (ੳ) ਕਿਨ੍ਹਾਂ ਕਾਰਨਾਂ ਕਰਕੇ ਵਿਆਹੇ ਮਸੀਹੀ ਵਿਆਹ ਦੇ ਤੋਹਫ਼ੇ ਲਈ ਪਰਮੇਸ਼ੁਰ ਦੇ ਸ਼ੁਕਰਗੁਜ਼ਾਰ ਹੋ ਸਕਦੇ ਹਨ? (ਅ) ਯਹੋਵਾਹ ਨੇ ਸਾਡੇ ਉੱਤੇ ਸਿਰ ਵਜੋਂ ਜਿਨ੍ਹਾਂ ਨੂੰ ਅਧਿਕਾਰ ਦਿੱਤਾ ਹੈ, ਸਾਨੂੰ ਉਨ੍ਹਾਂ ਦਾ ਆਦਰ ਕਿਉਂ ਕਰਨਾ ਚਾਹੀਦਾ ਹੈ? (17ਵੇਂ ਸਫ਼ੇ ’ਤੇ ਡੱਬੀ ਦੇਖੋ।)

21 ਵਿਆਹੇ ਮਸੀਹੀਆਂ ਕੋਲ ਪਰਮੇਸ਼ੁਰ ਦੇ ਸ਼ੁਕਰਗੁਜ਼ਾਰ ਹੋਣ ਦੇ ਕਈ ਕਾਰਨ ਹਨ! ਉਹ ਇਕ-ਦੂਜੇ ਦਾ ਸਾਥ ਪਾ ਕੇ ਖ਼ੁਸ਼ ਹੋ ਸਕਦੇ ਹਨ। ਉਹ ਖ਼ਾਸਕਰ ਵਿਆਹ ਦੇ ਬੰਧਨ ਲਈ ਪਰਮੇਸ਼ੁਰ ਦੇ ਸ਼ੁਕਰਗੁਜ਼ਾਰ ਹੋ ਸਕਦੇ ਹਨ ਜੋ ਕਿ ਇਕ ਤੋਹਫ਼ਾ ਹੈ। ਵਿਆਹ ਕਾਰਨ ਉਹ ਇਕ-ਦੂਸਰੇ ਦਾ ਸਾਥ ਮਾਣ ਸਕਦੇ ਹਨ ਅਤੇ ਮਿਲ ਕੇ ਯਹੋਵਾਹ ਦੀ ਸੇਵਾ ਕਰ ਸਕਦੇ ਹਨ। (ਰੂਥ 1:9; ਮੀਕਾ. 6:8) ਵਿਆਹ ਦਾ ਇੰਤਜ਼ਾਮ ਕਰਨ ਵਾਲਾ ਚੰਗੀ ਤਰ੍ਹਾਂ ਜਾਣਦਾ ਹੈ ਕਿ ਵਿਆਹੁਤਾ-ਜੀਵਨ ਨੂੰ ਕਿਵੇਂ ਖ਼ੁਸ਼ਹਾਲ ਬਣਾਇਆ ਜਾ ਸਕਦਾ ਹੈ। ਹਮੇਸ਼ਾ ਉਸੇ ਤਰੀਕੇ ਨਾਲ ਕੰਮ ਕਰੋ ਜੋ ਯਹੋਵਾਹ ਨੂੰ ਪਸੰਦ ਹੈ। ਫਿਰ ਇਸ ਦੁੱਖਾਂ ਭਰੀ ਦੁਨੀਆਂ ਵਿਚ ਵੀ ‘ਯਹੋਵਾਹ ਦਾ ਅਨੰਦ ਤੁਹਾਡਾ ਬਲ ਹੋਵੇਗਾ।’—ਨਹ. 8:10.

22 ਜਿਹੜਾ ਮਸੀਹੀ ਪਤੀ ਆਪਣੇ ਸਰੀਰ ਵਾਂਗ ਆਪਣੀ ਪਤਨੀ ਨੂੰ ਪਿਆਰ ਕਰਦਾ ਹੈ, ਉਹ ਪਿਆਰ ਨਾਲ ਆਪਣਾ ਅਧਿਕਾਰ ਚਲਾਵੇਗਾ। ਪਰਮੇਸ਼ੁਰ ਦਾ ਭੈ ਮੰਨਣ ਵਾਲੀ ਪਤਨੀ ਤਾਹੀਓਂ ਆਪਣੇ ਪਤੀ ਦਾ ਪਿਆਰ ਪਾ ਸਕੇਗੀ ਜੇ ਉਹ ਆਪਣੇ ਪਤੀ ਦਾ ਸਾਥ ਦੇਵੇਗੀ ਤੇ ਉਸ ਦਾ ਗਹਿਰਾ ਆਦਰ ਕਰੇਗੀ। ਸਭ ਤੋਂ ਮਹੱਤਵਪੂਰਣ ਗੱਲ ਹੈ ਕਿ ਜੇ ਉਹ ਪਤੀ-ਪਤਨੀ ਵਜੋਂ ਚੰਗੀ ਮਿਸਾਲ ਕਾਇਮ ਕਰਦੇ ਹਨ, ਤਾਂ ਇਸ ਨਾਲ ਸਾਡੇ ਪਰਮੇਸ਼ੁਰ ਯਹੋਵਾਹ ਦੀ ਵਡਿਆਈ ਹੋਵੇਗੀ।

ਕੀ ਤੁਹਾਨੂੰ ਯਾਦ ਹੈ?

• ਅਧਿਕਾਰ ਚਲਾਉਣ ਅਤੇ ਅਧੀਨ ਹੋਣ ਬਾਰੇ ਯਹੋਵਾਹ ਨੇ ਕਿਹੜਾ ਇੰਤਜ਼ਾਮ ਕੀਤਾ ਹੈ?

• ਪਤੀ-ਪਤਨੀ ਨੂੰ ਇਕ-ਦੂਸਰੇ ਦਾ ਕਿਉਂ ਆਦਰ ਕਰਨਾ ਚਾਹੀਦਾ ਹੈ?

• ਮਸੀਹੀ ਪਤਨੀ ਨੂੰ ਆਪਣੇ ਪਤੀ ਨਾਲ ਕਿਸ ਤਰ੍ਹਾਂ ਦਾ ਸਲੂਕ ਕਰਨਾ ਚਾਹੀਦਾ ਹੈ ਜੋ ਯਹੋਵਾਹ ਨੂੰ ਨਹੀਂ ਮੰਨਦਾ?

• ਪਤੀਆਂ ਨੂੰ ਵੱਡੇ-ਵੱਡੇ ਫ਼ੈਸਲੇ ਕਰਨ ਤੋਂ ਪਹਿਲਾਂ ਆਪਣੀਆਂ ਪਤਨੀਆਂ ਦੀ ਰਾਇ ਕਿਉਂ ਲੈਣੀ ਚਾਹੀਦੀ ਹੈ?

[ਸਵਾਲ]

[ਸਫ਼ਾ 17 ਉੱਤੇ ਡੱਬੀ]

ਅਧਿਕਾਰ ਰੱਖਣ ਵਾਲਿਆਂ ਦਾ ਆਦਰ ਕਿਉਂ ਕਰੀਏ?

ਯਹੋਵਾਹ ਨੇ ਦੂਤਾਂ ਅਤੇ ਇਨਸਾਨਾਂ ਉੱਤੇ ਕਿਸੇ-ਨਾ-ਕਿਸੇ ਨੂੰ ਸਿਰ ਵਜੋਂ ਠਹਿਰਾਇਆ ਹੈ। ਇਹ ਇੰਤਜ਼ਾਮ ਦੋਵਾਂ ਵਾਸਤੇ ਫ਼ਾਇਦੇਮੰਦ ਹੈ। ਉਹ ਆਪਣੀ ਮਰਜ਼ੀ ਨਾਲ ਇਸ ਇੰਤਜ਼ਾਮ ਅਨੁਸਾਰ ਚੱਲ ਸਕਦੇ ਹਨ ਅਤੇ ਮਿਲ ਕੇ ਸੇਵਾ ਕਰਨ ਨਾਲ ਪਰਮੇਸ਼ੁਰ ਦਾ ਆਦਰ ਕਰ ਸਕਦੇ ਹਨ।—ਜ਼ਬੂ. 133:1.

ਮਸਹ ਕੀਤੇ ਹੋਏ ਮਸੀਹੀ ਯਿਸੂ ਮਸੀਹ ਦੇ ਅਧਿਕਾਰ ਨੂੰ ਸਵੀਕਾਰਦੇ ਹਨ ਤੇ ਉਸ ਦੇ ਅਧੀਨ ਹੁੰਦੇ ਹਨ। (ਅਫ਼. 1:22, 23) ਯਹੋਵਾਹ ਦੇ ਅਧਿਕਾਰ ਨੂੰ ਮੰਨਦੇ ਹੋਏ, ਅਖ਼ੀਰ ਵਿਚ “ਪੁੱਤ੍ਰ ਆਪ ਵੀ ਉਸ ਦੇ ਅਧੀਨ ਹੋਵੇਗਾ ਜਿਹ ਨੇ ਸੱਭੋ ਕੁਝ ਉਹ ਦੇ ਅਧੀਨ ਕਰ ਦਿੱਤਾ ਭਈ ਪਰਮੇਸ਼ੁਰ ਸਭਨਾਂ ਵਿੱਚ ਸਭ ਕੁਝ ਹੋਵੇ।” (1 ਕੁਰਿੰ. 15:27, 28) ਤਾਂ ਫਿਰ ਕਿੰਨਾ ਜ਼ਰੂਰੀ ਹੈ ਕਿ ਪਰਮੇਸ਼ੁਰ ਨੂੰ ਸਮਰਪਿਤ ਇਨਸਾਨ ਕਲੀਸਿਯਾ ਵਿਚ ਅਤੇ ਪਰਿਵਾਰ ਵਿਚ ਇਸ ਇੰਤਜ਼ਾਮ ਅਨੁਸਾਰ ਚੱਲਣ! (1 ਕੁਰਿੰ. 11:3; ਇਬ. 13:17) ਇੱਦਾਂ ਕਰਨ ਨਾਲ ਸਾਡੇ ਉੱਤੇ ਯਹੋਵਾਹ ਦੀ ਮਿਹਰ ਹੋਵੇਗੀ ਅਤੇ ਸਾਨੂੰ ਬਰਕਤਾਂ ਮਿਲਣਗੀਆਂ।—ਯਸਾ. 48:17.

[ਸਫ਼ਾ 13 ਉੱਤੇ ਤਸਵੀਰ]

ਪ੍ਰਾਰਥਨਾ ਦੀ ਮਦਦ ਨਾਲ ਮਸੀਹੀ ਪਤਨੀ ਚੰਗੇ ਗੁਣ ਦਿਖਾ ਸਕਦੀ ਹੈ

[ਸਫ਼ਾ 15 ਉੱਤੇ ਤਸਵੀਰਾਂ]

ਯਹੋਵਾਹ ਉਨ੍ਹਾਂ ਔਰਤਾਂ ਦੀ ਕਦਰ ਕਰਦਾ ਹੈ ਜੋ ਉਸ ਦੇ ਰਾਜ ਨਾਲ ਸੰਬੰਧਿਤ ਕੰਮ ਕਰਦੀਆਂ ਹਨ