Skip to content

Skip to table of contents

ਮੁਢਲੀ ਮਸੀਹੀਅਤ ਤੇ ਰੋਮ ਦੇ ਦੇਵੀ-ਦੇਵਤੇ

ਮੁਢਲੀ ਮਸੀਹੀਅਤ ਤੇ ਰੋਮ ਦੇ ਦੇਵੀ-ਦੇਵਤੇ

ਮੁਢਲੀ ਮਸੀਹੀਅਤ ਤੇ ਰੋਮ ਦੇ ਦੇਵੀ-ਦੇਵਤੇ

ਬਿਥੁਨਿਯਾ ਦੇ ਗਵਰਨਰ, ਪਲੀਨੀ ਛੋਟੇ ਨੇ ਇਕ ਵਾਰ ਰੋਮੀ ਸਮਰਾਟ ਟ੍ਰੇਜਨ ਨੂੰ ਚਿੱਠੀ ਵਿਚ ਲਿਖਿਆ ਸੀ: “ਜੋ ਲੋਕ ਮਸੀਹੀ ਹੋਣ ਦੇ ਦੋਸ਼ ਵਿਚ ਮੇਰੇ ਸਾਮ੍ਹਣੇ ਪੇਸ਼ ਕੀਤੇ ਗਏ ਸਨ, ਮੈਂ ਉਨ੍ਹਾਂ ਨਾਲ ਇਸ ਤਰ੍ਹਾਂ ਪੇਸ਼ ਆਇਆ। ਪਹਿਲਾਂ ਮੈਂ ਉਨ੍ਹਾਂ ਨੂੰ ਪੁੱਛਿਆ ਕਿ ਕੀ ਉਹ ਮਸੀਹੀ ਹਨ, ਤੇ ਜੇ ਉਹ ਇਹ ਗੱਲ ਕਬੂਲ ਕਰਦੇ ਸਨ, ਤਾਂ ਮੈਂ ਉਨ੍ਹਾਂ ਨੂੰ ਸਜ਼ਾ ਦੀ ਧਮਕੀ ਦੇ ਕੇ ਦੂਜੀ ਤੇ ਤੀਜੀ ਵਾਰ ਇਹੀ ਸਵਾਲ ਪੁੱਛਿਆ। ਜਿਹੜੇ ਫਿਰ ਵੀ ਆਪਣੀ ਗੱਲ ’ਤੇ ਅੜੇ ਰਹੇ, ਮੈਂ ਉਨ੍ਹਾਂ ਨੂੰ ਕਤਲ ਕਰ ਦੇਣ ਦਾ ਹੁਕਮ ਦੇ ਦਿੱਤਾ।” ਪਰ ਜਿਹੜੇ ਲੋਕ ਮਸੀਹ ਨੂੰ ਫਿਟਕਾਰ ਕੇ ਮਸੀਹੀਅਤ ਨੂੰ ਤਿਆਗ ਦਿੰਦੇ ਸਨ ਤੇ ਪਲੀਨੀ ਦੁਆਰਾ ਕਚਹਿਰੀ ਵਿਚ ਲਿਆਂਦੇ ਸਮਰਾਟ ਦੇ ਬੁੱਤ ਅਤੇ ਦੇਵੀ-ਦੇਵਤਿਆਂ ਦੀਆਂ ਮੂਰਤਾਂ ਦੀ ਪੂਜਾ ਕਰਨ ਲੱਗ ਪੈਂਦੇ ਸਨ, ਉਨ੍ਹਾਂ ਬਾਰੇ ਉਸ ਨੇ ਲਿਖਿਆ: “ਮੈਂ ਉਨ੍ਹਾਂ ਨੂੰ ਰਿਹਾ ਕਰ ਦਿੱਤਾ।”

ਮੁਢਲੇ ਮਸੀਹੀਆਂ ਨੂੰ ਸਮਰਾਟ ਅਤੇ ਹੋਰ ਕਈ ਦੇਵੀ-ਦੇਵਤਿਆਂ ਦੀਆਂ ਮੂਰਤਾਂ ਦੀ ਪੂਜਾ ਨਾ ਕਰਨ ਕਰਕੇ ਜ਼ੁਲਮ ਸਹਿਣੇ ਪੈਂਦੇ ਸਨ। ਪਰ ਪੂਰੇ ਰੋਮੀ ਸਾਮਰਾਜ ਵਿਚ ਹੋਰਨਾਂ ਧਰਮਾਂ ਬਾਰੇ ਕੀ ਕਿਹਾ ਜਾ ਸਕਦਾ ਹੈ? ਉੱਥੇ ਕਿਹੜੇ ਦੇਵੀ-ਦੇਵਤੇ ਪੂਜੇ ਜਾਂਦੇ ਸਨ ਅਤੇ ਰੋਮੀ ਲੋਕਾਂ ਦਾ ਉਨ੍ਹਾਂ ਬਾਰੇ ਕੀ ਨਜ਼ਰੀਆ ਸੀ? ਮਸੀਹੀਆਂ ਨੂੰ ਰੋਮ ਦੇ ਦੇਵੀ-ਦੇਵਤਿਆਂ ਨੂੰ ਬਲੀਆਂ ਚੜ੍ਹਾਉਣ ਤੋਂ ਇਨਕਾਰ ਕਰਨ ਕਰਕੇ ਕਿਉਂ ਸਤਾਇਆ ਜਾਂਦਾ ਸੀ? ਇਨ੍ਹਾਂ ਸਵਾਲਾਂ ਦੇ ਜਵਾਬ ਸਾਨੂੰ ਅਜਿਹੀਆਂ ਸਥਿਤੀਆਂ ਦਾ ਸਾਮ੍ਹਣਾ ਕਰਨ ਵਿਚ ਮਦਦ ਦੇਣਗੇ ਜਿਨ੍ਹਾਂ ਵਿਚ ਯਹੋਵਾਹ ਪ੍ਰਤਿ ਸਾਡੀ ਵਫ਼ਾਦਾਰੀ ਦੀ ਪਰਖ ਹੁੰਦੀ ਹੈ।

ਸਾਮਰਾਜ ਵਿਚ ਵੱਖੋ-ਵੱਖਰੇ ਧਰਮ

ਰੋਮੀ ਸਾਮਰਾਜ ਵਿਚ ਵੱਖੋ-ਵੱਖਰੀਆਂ ਭਾਸ਼ਾਵਾਂ ਤੇ ਸਭਿਆਚਾਰ ਹੋਣ ਦੇ ਨਾਲ-ਨਾਲ ਵੱਖੋ-ਵੱਖਰੇ ਦੇਵੀ-ਦੇਵਤਿਆਂ ਨੂੰ ਵੀ ਪੂਜਿਆ ਜਾਂਦਾ ਸੀ। ਰੋਮੀਆਂ ਨੂੰ ਯਹੂਦੀ ਧਰਮ ਚਾਹੇ ਬਹੁਤ ਅਜੀਬ ਲੱਗਦਾ ਸੀ, ਫਿਰ ਵੀ ਉਨ੍ਹਾਂ ਨੇ ਇਸ ਨੂੰ ਮਾਨਤਾ ਦਿੱਤੀ ਹੋਈ ਸੀ ਤੇ ਇਸ ਦੀ ਰੱਖਿਆ ਕਰਦੇ ਸਨ। ਯਰੂਸ਼ਲਮ ਦੇ ਮੰਦਰ ਵਿਚ ਸਮਰਾਟ ਤੇ ਰੋਮੀ ਕੌਮ ਦੀ ਖ਼ੁਸ਼ਹਾਲੀ ਲਈ ਦਿਨ ਵਿਚ ਦੋ ਵਾਰ ਦੋ ਲੇਲਿਆਂ ਅਤੇ ਇਕ ਬਲਦ ਦੀ ਬਲੀ ਚੜ੍ਹਾਈ ਜਾਂਦੀ ਸੀ। ਰੋਮੀ ਲੋਕਾਂ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਸੀ ਕਿ ਇਹ ਬਲੀਆਂ ਇਕ ਦੇਵਤੇ ਲਈ ਜਾਂ ਕਈ ਦੇਵਤਿਆਂ ਲਈ ਚੜ੍ਹਾਈਆਂ ਜਾਂਦੀਆਂ ਸਨ। ਰੋਮੀ ਲੋਕ ਯਹੂਦੀਆਂ ਦੇ ਇਨ੍ਹਾਂ ਚੜ੍ਹਾਵਿਆਂ ਨੂੰ ਰੋਮ ਪ੍ਰਤਿ ਉਨ੍ਹਾਂ ਦੀ ਵਫ਼ਾਦਾਰੀ ਦਾ ਸਬੂਤ ਮੰਨਦੇ ਸਨ।

ਹਰ ਜਗ੍ਹਾ ਲੋਕ ਆਪੋ-ਆਪਣੇ ਪੰਥਾਂ ਤੇ ਧਰਮਾਂ ਅਨੁਸਾਰ ਭਗਤੀ ਕਰਦੇ ਸਨ। ਲੋਕ ਯੂਨਾਨੀ ਮਿਥਿਹਾਸ ਵਿਚ ਵਿਸ਼ਵਾਸ ਰੱਖਦੇ ਸਨ ਤੇ ਜਾਦੂ-ਟੂਣਾ ਪ੍ਰਚਲਿਤ ਸੀ। ਪੂਰਬੀ ਰਹੱਸਵਾਦੀ ਧਰਮ ਵਾਅਦਾ ਕਰਦੇ ਸਨ ਕਿ ਸ਼ਰਧਾਲੂ ਅਮਰਤਾ ਪਾ ਸਕਦੇ ਸਨ, ਰੱਬ ਦੇ ਦਰਸ਼ਣ ਕਰ ਸਕਦੇ ਸਨ ਤੇ ਹੋਰ ਰਹੱਸਮਈ ਰੀਤਾਂ ਦੁਆਰਾ ਦੇਵਤਿਆਂ ਤਕ ਪਹੁੰਚ ਸਕਦੇ ਸਨ। ਅਜਿਹੇ ਧਰਮ ਪੂਰੇ ਸਾਮਰਾਜ ਵਿਚ ਫੈਲੇ ਹੋਏ ਸਨ। ਈਸਾ ਯੁਗ ਦੀਆਂ ਪਹਿਲੀਆਂ ਸਦੀਆਂ ਵਿਚ ਸਰੈਪਿਸ ਨਾਂ ਦਾ ਮਿਸਰੀ ਦੇਵਤਾ ਅਤੇ ਆਈਸਿਸ ਦੇਵੀ, ਆਟਰਗਾਟਿਸ ਨਾਂ ਦੀ ਸੀਰੀਆਈ ਮੱਛੀ-ਦੇਵੀ ਅਤੇ ਮਿੱਥਰਾ ਨਾਂ ਦਾ ਫਾਰਸੀ ਸੂਰਜ-ਦੇਵਤਾ ਕਾਫ਼ੀ ਮਸ਼ਹੂਰ ਸਨ।

ਰਸੂਲਾਂ ਦੇ ਕਰਤੱਬ ਦੀ ਪੋਥੀ ਤੋਂ ਸਾਫ਼-ਸਾਫ਼ ਪਤਾ ਚੱਲਦਾ ਹੈ ਕਿ ਮੁਢਲੀ ਮਸੀਹੀਅਤ ਦੇ ਸਮੇਂ ਦੌਰਾਨ ਮੂਰਤੀ-ਪੂਜਾ ਦਾ ਕਿੰਨਾ ਬੋਲਬਾਲਾ ਸੀ। ਮਿਸਾਲ ਲਈ, ਕੁਪਰੁਸ ਦੇ ਰੋਮੀ ਡਿਪਟੀ ਦੀ ਇਕ ਯਹੂਦੀ ਜਾਦੂਗਰ ਨਾਲ ਬਹਿਣੀ-ਉੱਠਣੀ ਸੀ। (ਰਸੂ. 13:6, 7) ਲੁਸਤ੍ਰਾ ਸ਼ਹਿਰ ਦੇ ਲੋਕ ਪੌਲੁਸ ਅਤੇ ਬਰਨਬਾਸ ਨੂੰ ਹਰਮੇਸ ਅਤੇ ਦਿਔਸ (ਯਾਨੀ ਜ਼ੂਸ) ਨਾਂ ਦੇ ਯੂਨਾਨੀ ਦੇਵਤੇ ਸਮਝ ਬੈਠੇ। (ਰਸੂ. 14:11-13) ਫ਼ਿਲਿੱਪੈ ਸ਼ਹਿਰ ਵਿਚ ਪੌਲੁਸ ਦਾ ਟੇਵੇ ਲਾਉਣ ਵਾਲੀ ਇਕ ਦਾਸੀ ਨਾਲ ਵਾਹ ਪਿਆ ਸੀ। (ਰਸੂ. 16:16-18) ਅਥੇਨੈ ਸ਼ਹਿਰ ਵਿਚ ਪੌਲੁਸ ਨੇ ਕਿਹਾ ਕਿ ਉੱਥੋਂ ਦੇ ਲੋਕ ਦੂਜੇ ਲੋਕਾਂ ਨਾਲੋਂ ‘ਹਰ ਤਰਾਂ ਵੱਡੇ ਪੂਜਣ ਵਾਲੇ ਸਨ।’ ਉਸੇ ਸ਼ਹਿਰ ਵਿਚ ਉਸ ਨੇ ਇਕ ਵੇਦੀ ਵੀ ਦੇਖੀ ਜਿਸ ’ਤੇ ਲਿਖਿਆ ਸੀ “ਅਣਜਾਤੇ ਦੇਵ ਲਈ।” (ਰਸੂ. 17:22, 23) ਅਫ਼ਸੁਸ ਦੇ ਲੋਕ ਅਰਤਿਮਿਸ ਦੇਵੀ ਦੀ ਪੂਜਾ ਕਰਦੇ ਸਨ। (ਰਸੂ. 19:1, 23, 24, 34) ਮਾਲਟਾ ਟਾਪੂ ’ਤੇ ਪੌਲੁਸ ਉੱਤੇ ਇਕ ਸੱਪ ਦੇ ਡੰਗਣ ਦਾ ਕੋਈ ਅਸਰ ਨਹੀਂ ਹੋਇਆ ਸੀ, ਇਹ ਦੇਖ ਕੇ ਲੋਕ ਉਸ ਨੂੰ ਦੇਵਤਾ ਸਮਝਣ ਲੱਗ ਪਏ। (ਰਸੂ. 28:3-6) ਅਜਿਹੇ ਮਾਹੌਲ ਵਿਚ ਮਸੀਹੀਆਂ ਨੂੰ ਸਾਵਧਾਨ ਰਹਿਣ ਦੀ ਲੋੜ ਸੀ ਕਿ ਉਨ੍ਹਾਂ ਦੀ ਸ਼ੁੱਧ ਭਗਤੀ ਕਿਸੇ ਤਰ੍ਹਾਂ ਭ੍ਰਿਸ਼ਟ ਨਾ ਹੋ ਜਾਵੇ।

ਰੋਮੀ ਧਰਮ

ਰੋਮੀ ਸਾਮਰਾਜ ਦੇ ਵੱਡਾ ਹੋਣ ਨਾਲ ਰੋਮੀ ਲੋਕਾਂ ਨੂੰ ਨਵੇਂ ਤੋਂ ਨਵੇਂ ਦੇਵਤਿਆਂ ਬਾਰੇ ਪਤਾ ਲੱਗਾ ਤੇ ਉਨ੍ਹਾਂ ਨੇ ਇਨ੍ਹਾਂ ਨੂੰ ਆਪਣੇ ਹੀ ਦੇਵਤਿਆਂ ਦਾ ਵੱਖਰਾ ਰੂਪ ਮੰਨ ਕੇ ਅਪਣਾ ਲਿਆ। ਵਿਦੇਸ਼ੀ ਪੰਥਾਂ ਨੂੰ ਖ਼ਤਮ ਕਰਨ ਦੀ ਬਜਾਇ, ਰੋਮੀਆਂ ਨੇ ਉਨ੍ਹਾਂ ਨੂੰ ਸਵੀਕਾਰ ਕਰ ਲਿਆ। ਇਸ ਤਰ੍ਹਾਂ ਰੋਮੀ ਧਰਮ ਵਿਚ ਹਰ ਸਭਿਆਚਾਰ ਦੇ ਧਰਮਾਂ ਨੂੰ ਸ਼ਾਮਲ ਕਰ ਲਿਆ ਗਿਆ। ਰੋਮੀ ਧਰਮ ਅਨੁਸਾਰ ਲੋਕਾਂ ਨੂੰ ਇੱਕੋ ਰੱਬ ਦੀ ਪੂਜਾ ਕਰਨ ਦੀ ਪਾਬੰਦੀ ਨਹੀਂ ਸੀ, ਸਗੋਂ ਉਹ ਕਈ ਈਸ਼ਵਰਾਂ ਨੂੰ ਪੂਜ ਸਕਦੇ ਸਨ।

ਰੋਮ ਦੇ ਆਪਣੇ ਦੇਵੀ-ਦੇਵਤਿਆਂ ਵਿਚ ਜੁਪੀਟਰ ਨਾਂ ਦਾ ਦੇਵਤਾ ਸਭ ਤੋਂ ਵੱਡਾ ਤੇ ਮਹਾਨ ਦੇਵਤਾ ਮੰਨਿਆ ਜਾਂਦਾ ਸੀ ਜਿਸ ਨੂੰ ਔਪਟੀਮੱਸ ਮੈਕਸੀਮਸ ਵੀ ਕਿਹਾ ਜਾਂਦਾ ਹੈ। ਮੰਨਿਆ ਜਾਂਦਾ ਸੀ ਕਿ ਉਹ ਹਵਾ, ਬਰਸਾਤ, ਆਸਮਾਨੀ ਬਿਜਲੀ ਤੇ ਬੱਦਲਾਂ ਦੀ ਗਰਜ ਵਿਚ ਪ੍ਰਗਟ ਹੁੰਦਾ ਸੀ। ਕਿਹਾ ਜਾਂਦਾ ਸੀ ਕਿ ਜੁਪੀਟਰ ਦੀ ਭੈਣ ਤੇ ਪਤਨੀ ਜੁਨੋ, ਜਿਸ ਦਾ ਸੰਬੰਧ ਚੰਦ ਨਾਲ ਸੀ, ਤੀਵੀਆਂ ਦੇ ਸਾਰੇ ਮਾਮਲਿਆਂ ਦੀ ਨਿਗਰਾਨੀ ਕਰਦੀ ਸੀ। ਉਸ ਦੀ ਧੀ ਮਿਨਰਵਾ ਦਸਤਕਾਰੀ, ਪੇਸ਼ਿਆਂ, ਕਲਾ ਅਤੇ ਯੁੱਧ ਦੀ ਦੇਵੀ ਸੀ।

ਰੋਮੀ ਅਣਗਿਣਤ ਦੇਵੀ-ਦੇਵਤਿਆਂ ਨੂੰ ਮੰਨਦੇ ਸਨ। ਲਾਰਸ ਤੇ ਪੈਨੇਟਸ ਨਾਂ ਦੇ ਦੇਵਤੇ ਪਰਿਵਾਰ ਦੇ ਦੇਵਤੇ ਮੰਨੇ ਜਾਂਦੇ ਸਨ। ਵੈਸਟਾ ਚੁੱਲ੍ਹਿਆਂ ਦਾ ਦੇਵਤਾ ਮੰਨਿਆ ਜਾਂਦਾ ਸੀ। ਦੋ ਚਿਹਰਿਆਂ ਵਾਲੇ ਜੇਨਸ ਨੂੰ ਹਰ ਚੀਜ਼ ਦੀ ਸ਼ੁਰੂਆਤ ਦਾ ਦੇਵਤਾ ਮੰਨਿਆ ਜਾਂਦਾ ਸੀ। ਹਰ ਧੰਦੇ ਦਾ ਆਪਣਾ ਸਰਪਰਸਤ ਦੇਵਤਾ ਹੁੰਦਾ ਸੀ। ਰੋਮ ਦੇ ਲੋਕਾਂ ਨੇ ਛੋਹੀਆਂ ਜਾਂ ਦੇਖੀਆਂ ਨਾ ਸਕਣ ਵਾਲੀਆਂ ਚੀਜ਼ਾਂ ਨੂੰ ਵੀ ਦੇਵੀ-ਦੇਵਤਿਆਂ ਦਾ ਰੂਪ ਦਿੱਤਾ ਸੀ। ਪੈਕਸ ਸ਼ਾਂਤੀ ਦਾ ਦੇਵਤਾ ਸੀ, ਸਾਲੁਸ ਸਿਹਤ ਦਾ, ਪੁਡਿੱਕਟੀਆ ਨਰਮਾਈ ਤੇ ਨੈਤਿਕ ਸ਼ੁੱਧਤਾ ਦਾ, ਫਾਇਡਸ ਵਫ਼ਾਦਾਰੀ ਦਾ, ਵਰਚੂਅਸ ਹਿੰਮਤ ਦਾ ਤੇ ਵੋਲੱਪਟਾਸ ਅਯਾਸ਼ੀ ਦਾ ਦੇਵਤਾ ਸੀ। ਰੋਮ ਵਿਚ ਹਰ ਕੰਮ, ਭਾਵੇਂ ਉਹ ਪਬਲਿਕ ਹੋਵੇ ਭਾਵੇਂ ਪ੍ਰਾਈਵੇਟ, ਦੇਵੀ-ਦੇਵਤਿਆਂ ਦੀ ਇੱਛਾ ਨੂੰ ਧਿਆਨ ਵਿਚ ਰੱਖ ਕੇ ਹੀ ਕੀਤਾ ਜਾਂਦਾ ਸੀ। ਇਸ ਲਈ ਕਿਸੇ ਵੀ ਕੰਮ-ਕਾਰ ਉੱਤੇ ਮਿਹਰ ਪਾਉਣ ਲਈ ਢੁਕਵੇਂ ਦੇਵੀ-ਦੇਵਤੇ ਨੂੰ ਖ਼ੁਸ਼ ਕਰਨ ਵਾਸਤੇ ਉਨ੍ਹਾਂ ਮੋਹਰੇ ਬੇਨਤੀਆਂ ਕੀਤੀਆਂ ਜਾਂਦੀਆਂ ਸਨ, ਬਲੀਆਂ ਚੜ੍ਹਾਈਆਂ ਜਾਂਦੀਆਂ ਸਨ ਤੇ ਤਿਉਹਾਰ ਮਨਾਏ ਜਾਂਦੇ ਸਨ।

ਦੇਵਤਿਆਂ ਦੀ ਇੱਛਾ ਜਾਣਨ ਦਾ ਇਕ ਤਰੀਕਾ ਸੀ ਫਾਲ ਪਾਉਣਾ। ਫਾਲ ਪਾਉਣ ਦਾ ਇਕ ਮੁੱਖ ਤਰੀਕਾ ਸੀ ਬਲੀ ਦੇਣ ਤੋਂ ਬਾਅਦ ਪਸ਼ੂਆਂ ਦੀਆਂ ਆਂਦਰਾਂ ਨੂੰ ਜਾਂਚਣਾ। ਇਹ ਮੰਨਿਆ ਜਾਂਦਾ ਸੀ ਕਿ ਆਂਦਰਾਂ ਦੀ ਹਾਲਤ ਦੇਖ ਕੇ ਕਿਸੇ ਮਾਮਲੇ ਦੇ ਸੰਬੰਧ ਵਿਚ ਦੇਵਤਿਆਂ ਦੀ ਮਨਜ਼ੂਰੀ ਜਾਂ ਨਾਮਨਜ਼ੂਰੀ ਦਾ ਪਤਾ ਲੱਗ ਜਾਂਦਾ ਸੀ।

ਈਸਾ ਪੂਰਵ ਦੀ ਦੂਜੀ ਸਦੀ ਤਕ ਰੋਮੀ ਲੋਕ ਮੰਨਣ ਲੱਗ ਪਏ ਕਿ ਉਨ੍ਹਾਂ ਦੇ ਅਤੇ ਯੂਨਾਨ ਦੇ ਦੇਵਤੇ ਇੱਕੋ ਹੀ ਸਨ, ਅਰਥਾਤ ਜੁਪੀਟਰ ਜ਼ੂਸ ਸੀ ਅਤੇ ਜੁਨੋ ਹੈਰਾ ਸੀ, ਵਗੈਰਾ-ਵਗੈਰਾ। ਰੋਮੀਆਂ ਨੇ ਯੂਨਾਨੀ ਦੇਵਤਿਆਂ ਦਾ ਮਿਥਿਹਾਸ ਵੀ ਅਪਣਾ ਲਿਆ ਸੀ। ਮਿਥਿਹਾਸਕ ਲੋਕ-ਕਥਾਵਾਂ ਵਿਚ ਦੇਵਤਿਆਂ ਦੀ ਵਡਿਆਈ ਨਹੀਂ ਕੀਤੀ ਗਈ ਸੀ ਜਿਨ੍ਹਾਂ ਵਿਚ ਮਨੁੱਖਾਂ ਵਰਗੀਆਂ ਕਮੀਆਂ-ਕਮਜ਼ੋਰੀਆਂ ਸਨ। ਮਿਸਾਲ ਲਈ, ਜ਼ੂਸ ਨੂੰ ਬਲਾਤਕਾਰੀ ਅਤੇ ਬੱਚਿਆਂ ਨਾਲ ਬਦਫ਼ੈਲੀ ਕਰਨ ਵਾਲਾ ਦਿਖਾਇਆ ਗਿਆ ਸੀ ਜੋ ਇਨਸਾਨਾਂ ਤੇ ਦੇਵਤਿਆਂ ਨਾਲ ਜਿਨਸੀ ਸੰਬੰਧ ਰੱਖਦਾ ਸੀ। ਪ੍ਰਾਚੀਨ ਥੀਏਟਰਾਂ ਵਿਚ ਦੇਵਤਿਆਂ ਦੇ ਬੇਸ਼ਰਮੀ ਭਰੇ ਕਾਰਨਾਮਿਆਂ ਨੂੰ ਅਕਸਰ ਵਧਾ-ਚੜ੍ਹਾ ਕੇ ਦਿਖਾਇਆ ਜਾਂਦਾ ਸੀ ਤੇ ਇਸ ਕਰਕੇ ਉਨ੍ਹਾਂ ਦੇ ਸ਼ਰਧਾਲੂ ਵੀ ਆਪਣੀ ਹਵਸ ਪੂਰੀ ਕਰਨ ਤੋਂ ਨਹੀਂ ਝਿਜਕਦੇ ਸਨ।

ਘੱਟ ਹੀ ਪੜ੍ਹੇ-ਲਿਖੇ ਲੋਕ ਇਨ੍ਹਾਂ ਲੋਕ-ਕਥਾਵਾਂ ਨੂੰ ਅਸਲੀ ਮੰਨਦੇ ਸਨ। ਕਈ ਸਮਝਦੇ ਸਨ ਕਿ ਇਹ ਕਥਾਵਾਂ ਕੁਝ ਸੱਚਾਈਆਂ ਨੂੰ ਉਭਾਰਨ ਲਈ ਹੀ ਲਿਖੀਆਂ ਗਈਆਂ ਸਨ। ਇਸ ਕਰਕੇ ਕਈਆਂ ਨੇ ਪੁੰਤਿਯੁਸ ਪਿਲਾਤੁਸ ਦੁਆਰਾ ਪੁੱਛੇ ਗਏ ਇਸ ਮਸ਼ਹੂਰ ਸਵਾਲ ਕਿ “ਸਚਿਆਈ ਹੁੰਦੀ ਕੀ ਹੈ?” ਦਾ ਇਹ ਮਤਲਬ ਕੱਢਿਆ: “ਪੜ੍ਹੇ-ਲਿਖੇ ਬੰਦੇ ਮੰਨਦੇ ਹਨ ਕਿ ਇਨ੍ਹਾਂ ਮਾਮਲਿਆਂ ਬਾਰੇ ਸੱਚਾਈ ਜਾਣਨ ਦੀ ਕੋਸ਼ਿਸ਼ ਕਰਨੀ ਬਿਲਕੁਲ ਵਿਅਰਥ ਹੈ।”—ਯੂਹੰ. 18:38.

ਸਮਰਾਟ ਪੂਜਾ

ਸਮਰਾਟ ਪੂਜਾ ਅਗਸਟਸ (27 ਈ. ਪੂ.-14 ਈ.) ਦੀ ਹਕੂਮਤ ਦੌਰਾਨ ਸ਼ੁਰੂ ਹੋਈ ਸੀ। ਖ਼ਾਸ ਕਰਕੇ ਪੂਰਬ ਵਿਚ ਯੂਨਾਨੀ ਬੋਲਣ ਵਾਲੇ ਸੂਬਿਆਂ ਦੇ ਲੋਕ ਅਗਸਟਸ ਦੇ ਬਹੁਤ ਅਹਿਸਾਨਮੰਦ ਸਨ ਕਿਉਂਕਿ ਉਸ ਨੇ ਚਿਰਾਂ ਤੋਂ ਚੱਲ ਰਹੀ ਲੜਾਈ ਤੋਂ ਬਾਅਦ ਸ਼ਾਂਤੀ ਤੇ ਖ਼ੁਸ਼ਹਾਲੀ ਲਿਆਂਦੀ ਸੀ। ਲੋਕੀ ਅਜਿਹੀ ਕਿਸੇ ਤਾਕਤਵਰ ਹਕੂਮਤ ਦੇ ਅਧੀਨ ਸੁਰੱਖਿਆ ਪਾਉਣੀ ਚਾਹੁੰਦੇ ਸਨ ਜਿਸ ਨੂੰ ਉਹ ਦੇਖ ਸਕਣ। ਉਹ ਅਜਿਹੀ ਹਕੂਮਤ ਚਾਹੁੰਦੇ ਸਨ ਜੋ ਵੱਖੋ-ਵੱਖਰੇ ਧਰਮਾਂ ਵਿਚਲੇ ਮਤਭੇਦਾਂ ਨੂੰ ਖ਼ਤਮ ਕਰ ਸਕੇ, ਦੇਸ਼ਭਗਤੀ ਨੂੰ ਹੱਲਾਸ਼ੇਰੀ ਦੇ ਸਕੇ ਅਤੇ ਆਪਣੇ “ਮੁਕਤੀਦਾਤੇ” ਦੀ ਅਗਵਾਈ ਹੇਠ ਸੰਸਾਰ ਨੂੰ ਇਕਜੁੱਟ ਕਰ ਸਕੇ। ਨਤੀਜੇ ਵਜੋਂ, ਸਮਰਾਟ ਨੂੰ ਦੇਵਤਾ ਮੰਨਿਆ ਜਾਣ ਲੱਗ ਪਿਆ।

ਭਾਵੇਂ ਕਿ ਅਗਸਟਸ ਨੇ ਜੀਉਂਦੇ ਜੀ ਆਪਣੇ ਆਪ ਨੂੰ ਦੇਵਤਾ ਕਹਾਏ ਜਾਣ ਤੋਂ ਇਨਕਾਰ ਕੀਤਾ, ਪਰ ਉਸ ਨੇ ਇਸ ਗੱਲ ਉੱਤੇ ਜ਼ੋਰ ਪਾਇਆ ਕਿ ਰੋਮ ਸ਼ਹਿਰ ਦੀ ਦੇਵੀ ਰੋਮਾ ਡੀਆ ਦੀ ਜ਼ਰੂਰ ਪੂਜਾ ਕੀਤੀ ਜਾਵੇ। ਅਗਸਟਸ ਦੀ ਮੌਤ ਤੋਂ ਬਾਅਦ ਉਸ ਨੂੰ ਦੇਵਤੇ ਦਾ ਦਰਜਾ ਦਿੱਤਾ ਗਿਆ। ਇਸ ਤਰ੍ਹਾਂ ਰੋਮੀ ਸੂਬਿਆਂ ਦੇ ਲੋਕ ਸਾਮਰਾਜ ਦੇ ਕੇਂਦਰ ਅਤੇ ਉਸ ਦੇ ਸਮਰਾਟ ਦੋਵਾਂ ਦੀ ਪੂਜਾ ਅਤੇ ਦੇਸ਼ਭਗਤੀ ਕਰਨ ਲੱਗ ਪਏ। ਛੇਤੀ ਹੀ ਸਮਰਾਟ ਦੀ ਪੂਜਾ ਸਾਰੇ ਸੂਬਿਆਂ ਵਿਚ ਹੋਣ ਲੱਗ ਪਈ ਤੇ ਇਕ ਹਕੂਮਤ ਪ੍ਰਤਿ ਆਦਰ ਤੇ ਵਫ਼ਾਦਾਰੀ ਦਾ ਸਬੂਤ ਦੇਣ ਦਾ ਜ਼ਰੀਆ ਬਣ ਗਈ।

ਡੋਮਿਸ਼ਨ ਸਮਰਾਟ, ਜਿਸ ਨੇ 81 ਤੋਂ 96 ਈ. ਪੂ. ਤਕ ਹਕੂਮਤ ਕੀਤੀ, ਪਹਿਲਾ ਸਮਰਾਟ ਸੀ ਜਿਸ ਨੇ ਲੋਕਾਂ ਤੋਂ ਦੇਵਤੇ ਵਜੋਂ ਆਪਣੀ ਪੂਜਾ ਕਰਵਾਈ ਸੀ। ਉਦੋਂ ਤਕ ਰੋਮੀ ਲੋਕ ਮਸੀਹੀਆਂ ਅਤੇ ਯਹੂਦੀਆਂ ਵਿਚ ਫ਼ਰਕ ਸਮਝ ਚੁੱਕੇ ਸਨ ਤੇ ਉਹ ਇਸ ਨਵੇਂ ਪੰਥ ਯਾਨੀ ਮਸੀਹੀਅਤ ਦਾ ਵਿਰੋਧ ਕਰਨ ਲੱਗ ਪਏ। ਡੋਮਿਸ਼ਨ ਦੀ ਹਕੂਮਤ ਦੌਰਾਨ ਹੀ ਸ਼ਾਇਦ ਯੂਹੰਨਾ ਰਸੂਲ ਨੂੰ “ਯਿਸੂ ਦੀ ਸਾਖੀ” ਭਰਨ ਕਰਕੇ ਪਾਤਮੁਸ ਟਾਪੂ ’ਤੇ ਕੈਦ ਕੀਤਾ ਗਿਆ ਸੀ।—ਪਰ. 1:9.

ਯੂਹੰਨਾ ਨੇ ਪਰਕਾਸ਼ ਦੀ ਪੋਥੀ ਆਪਣੀ ਕੈਦ ਦੌਰਾਨ ਲਿਖੀ ਸੀ। ਪੋਥੀ ਵਿਚ ਉਸ ਨੇ ਅੰਤਿਪਾਸ ਨਾਂ ਦੇ ਮਸੀਹੀ ਦਾ ਜ਼ਿਕਰ ਕੀਤਾ ਸੀ ਜਿਸ ਨੂੰ ਪਰਗਮੁਮ ਵਿਚ ਕਤਲ ਕੀਤਾ ਗਿਆ ਸੀ। ਪਰਗਮੁਮ ਸ਼ਹਿਰ ਸਮਰਾਟ ਪੂਜਾ ਦਾ ਇਕ ਮੁੱਖ ਕੇਂਦਰ ਸੀ। (ਪਰ. 2:12, 13) ਉਸ ਸਮੇਂ ਤਕ ਰੋਮੀ ਸਰਕਾਰ ਸ਼ਾਇਦ ਮਸੀਹੀਆਂ ਨੂੰ ਹਕੂਮਤ ਵੱਲੋਂ ਪ੍ਰਵਾਨਿਤ ਧਰਮ ਦੀਆਂ ਰੀਤਾਂ-ਰਸਮਾਂ ਵਿਚ ਹਿੱਸਾ ਲੈਣ ਲਈ ਮਜਬੂਰ ਕਰਨ ਲੱਗ ਪਈ ਸੀ। ਭਾਵੇਂ ਇਹ ਸੱਚ ਹੈ ਜਾਂ ਨਹੀਂ, ਪਰ 112 ਈ. ਤਕ ਪਲੀਨੀ ਬਿਥੁਨਿਯਾ ਦੇ ਰਹਿਣ ਵਾਲੇ ਮਸੀਹੀਆਂ ਨੂੰ ਅਜਿਹੀਆਂ ਰੀਤਾਂ-ਰਸਮਾਂ ਵਿਚ ਹਿੱਸਾ ਲੈਣ ਲਈ ਮਜਬੂਰ ਕਰ ਰਿਹਾ ਸੀ, ਜਿਵੇਂ ਲੇਖ ਦੇ ਸ਼ੁਰੂ ਵਿਚ ਜ਼ਿਕਰ ਕੀਤੀ ਚਿੱਠੀ ਵਿਚ ਉਸ ਨੇ ਟ੍ਰੇਜਨ ਨੂੰ ਲਿਖਿਆ ਸੀ।

ਮਸੀਹੀਆਂ ਉੱਤੇ ਜ਼ੁਲਮ ਕਰਨ ਕਰਕੇ ਪਲੀਨੀ ਦੀ ਸ਼ਲਾਘਾ ਕਰਦੇ ਹੋਏ ਟ੍ਰੇਜਨ ਨੇ ਕਿਹਾ ਕਿ ਰੋਮੀ ਦੇਵਤਿਆਂ ਦੀ ਪੂਜਾ ਕਰਨ ਤੋਂ ਇਨਕਾਰ ਕਰਨ ਵਾਲਿਆਂ ਨੂੰ ਕਤਲ ਕਰ ਦਿੱਤਾ ਜਾਵੇ। ਟ੍ਰੇਜਨ ਨੇ ਲਿਖਿਆ: “ਪਰ ਜਿਹੜਾ ਬੰਦਾ ਸਾਡੇ ਦੇਵਤਿਆਂ ਅੱਗੇ ਪ੍ਰਾਰਥਨਾ ਕਰ ਕੇ ਮਸੀਹੀ ਹੋਣ ਤੋਂ ਇਨਕਾਰ ਕਰ ਦੇਵੇ, ਤਾਂ ਉਸ ਨੂੰ ਆਪਣਾ ਗੁਨਾਹ ਕਬੂਲ ਕਰਨ ਕਰਕੇ ਮਾਫ਼ ਕਰ ਦਿੱਤਾ ਜਾਵੇ (ਤੇ ਉਸ ਉੱਤੇ ਕੋਈ ਸ਼ੱਕ ਨਾ ਕੀਤਾ ਜਾਵੇ)।”

ਰੋਮੀ ਸੋਚਣੀ ਅਨੁਸਾਰ ਅਜਿਹਾ ਕੋਈ ਧਰਮ ਹੋ ਹੀ ਨਹੀਂ ਸਕਦਾ ਸੀ ਜੋ ਆਪਣੇ ਪੈਰੋਕਾਰਾਂ ਤੋਂ ਮੰਗ ਕਰੇ ਕਿ ਉਹ ਇਕ ਰੱਬ ਤੋਂ ਸਿਵਾਇ ਹੋਰ ਕਿਸੇ ਦੇਵਤੇ ਦੀ ਪੂਜਾ ਨਾ ਕਰਨ। ਰੋਮੀ ਦੇਵਤੇ ਇਹ ਮੰਗ ਨਹੀਂ ਕਰਦੇ ਸਨ, ਤਾਂ ਫਿਰ ਮਸੀਹੀਆਂ ਦਾ ਰੱਬ ਕਿਉਂ ਇਹ ਮੰਗ ਕਰਦਾ ਸੀ? ਇਸ ਤਰ੍ਹਾਂ ਮੰਨਿਆ ਜਾਂਦਾ ਸੀ ਕਿ ਜਿਹੜਾ ਹਕੂਮਤ ਦੇ ਧਰਮ ਦੇ ਦੇਵਤਿਆਂ ਦੀ ਪੂਜਾ ਕਰਦਾ ਸੀ, ਉਹ ਰਾਜਨੀਤਿਕ ਪ੍ਰਬੰਧਾਂ ਨੂੰ ਸਵੀਕਾਰ ਕਰਦਾ ਸੀ। ਇਸ ਕਰਕੇ ਦੇਵਤਿਆਂ ਦੀ ਪੂਜਾ ਕਰਨ ਤੋਂ ਇਨਕਾਰ ਕਰਨਾ ਰਾਜਧਰੋਹ ਸਮਝਿਆ ਜਾਂਦਾ ਸੀ। ਪਰ ਜਿਵੇਂ ਪਲੀਨੀ ਨੇ ਦੇਖਿਆ, ਜ਼ਿਆਦਾਤਰ ਮਸੀਹੀਆਂ ਨੂੰ ਕਿਸੇ ਹੋਰ ਦੀ ਪੂਜਾ ਕਰਨ ਲਈ ਕੋਈ ਮਜਬੂਰ ਨਹੀਂ ਕਰ ਸਕਿਆ। ਉਨ੍ਹਾਂ ਲਈ ਅਜਿਹਾ ਕਰਨਾ ਯਹੋਵਾਹ ਪ੍ਰਤਿ ਬੇਵਫ਼ਾ ਹੋਣ ਦੇ ਬਰਾਬਰ ਸੀ ਤੇ ਬਹੁਤ ਸਾਰੇ ਮਸੀਹੀ ਸਮਰਾਟ ਦੀ ਪੂਜਾ ਕਰਨ ਦੀ ਬਜਾਇ ਆਪਣੀ ਜਾਨ ਕੁਰਬਾਨ ਕਰਨ ਲਈ ਤਿਆਰ ਸਨ।

ਅਸੀਂ ਇਨ੍ਹਾਂ ਗੱਲਾਂ ’ਤੇ ਕਿਉਂ ਗੌਰ ਕੀਤਾ ਹੈ? ਕੁਝ ਦੇਸ਼ਾਂ ਵਿਚ ਨਾਗਰਿਕਾਂ ਤੋਂ ਕੌਮੀ ਚਿੰਨ੍ਹਾਂ ਨੂੰ ਪੂਜਣ ਦੀ ਉਮੀਦ ਰੱਖੀ ਜਾਂਦੀ ਹੈ। ਮਸੀਹੀ ਹੋਣ ਕਰਕੇ ਅਸੀਂ ਹਕੂਮਤਾਂ ਦੇ ਅਧੀਨ ਹਾਂ। (ਰੋਮੀ. 13:1) ਪਰ ਝੰਡੇ ਨੂੰ ਸਲਾਮੀ ਦੇਣ ਦੇ ਮਾਮਲੇ ਵਿਚ ਅਸੀਂ ਯਹੋਵਾਹ ਪਰਮੇਸ਼ੁਰ ਦੀ ਮੰਗ ਚੇਤੇ ਰੱਖਦੇ ਹਾਂ ਕਿ ਅਸੀਂ ਉਸ ਤੋਂ ਸਿਵਾਇ ਹੋਰ ਕਿਸੇ ਦੀ ਭਗਤੀ ਨਹੀਂ ਕਰ ਸਕਦੇ। ਉਸ ਦੇ ਬਚਨ ਵਿਚ ਕਿਹਾ ਗਿਆ ਹੈ, “ਤੁਸੀਂ ਮੂਰਤੀ ਪੂਜਾ ਤੋਂ ਭੱਜੋ” ਅਤੇ “ਆਪਣੇ ਆਪ ਨੂੰ ਮੂਰਤੀਆਂ ਤੋਂ ਬਚਾਈ ਰੱਖੋ।” (1 ਕੁਰਿੰ. 10:14; 1 ਯੂਹੰ. 5:21; ਨਹੂ. 1:2) ਯਿਸੂ ਨੇ ਕਿਹਾ ਸੀ: “ਤੂੰ ਪ੍ਰਭੁ ਆਪਣੇ ਪਰਮੇਸ਼ੁਰ ਨੂੰ ਮੱਥਾ ਟੇਕ ਅਤੇ ਉਸੇ ਇਕੱਲੇ ਦੀ ਉਪਾਸਨਾ ਕਰ।” (ਲੂਕਾ 4:8) ਇਸ ਕਰਕੇ ਆਓ ਆਪਾਂ ਹਮੇਸ਼ਾ ਆਪਣੇ ਪਰਮੇਸ਼ੁਰ ਯਹੋਵਾਹ ਦੇ ਵਫ਼ਾਦਾਰ ਰਹੀਏ।

[ਸਫ਼ਾ 5 ਉੱਤੇ ਸੁਰਖੀ]

ਸੱਚੇ ਮਸੀਹੀ ਯਹੋਵਾਹ ਤੋਂ ਸਿਵਾਇ ਹੋਰ ਕਿਸੇ ਦੀ ਭਗਤੀ ਨਹੀਂ ਕਰਦੇ

[ਸਫ਼ਾ 3 ਉੱਤੇ ਤਸਵੀਰਾਂ]

ਮੁਢਲੇ ਮਸੀਹੀਆਂ ਨੇ ਸਮਰਾਟ ਜਾਂ ਦੇਵਤਿਆਂ ਦੀਆਂ ਮੂਰਤਾਂ ਦੀ ਪੂਜਾ ਕਰਨ ਤੋਂ ਇਨਕਾਰ ਕੀਤਾ

ਸਮਰਾਟ ਡੋਮਿਸ਼ਨ

ਜ਼ੂਸ

[ਤਸਵੀਰਾਂ ਦੀਆਂ ਕ੍ਰੈਡਿਟ ਲਾਈਨਾਂ]

Emperor Domitian: Todd Bolen/Bible Places.com; Zeus: Photograph by Todd Bolen/Bible Places.com, taken at Archaeological Museum of Istanbul

[ਸਫ਼ਾ 4 ਉੱਤੇ ਤਸਵੀਰ]

ਅਫ਼ਸੁਸ ਦੇ ਮਸੀਹੀਆਂ ਨੇ ਮਸ਼ਹੂਰ ਦੇਵੀ ਅਰਤਿਮਿਸ ਦੀ ਪੂਜਾ ਕਰਨ ਤੋਂ ਇਨਕਾਰ ਕੀਤਾ ਸੀ।—ਰਸੂ. 19:23-41.