Skip to content

Skip to table of contents

ਹਾਰਾਨ—ਭੀੜ-ਭੜੱਕੇ ਵਾਲਾ ਪ੍ਰਾਚੀਨ ਸ਼ਹਿਰ

ਹਾਰਾਨ—ਭੀੜ-ਭੜੱਕੇ ਵਾਲਾ ਪ੍ਰਾਚੀਨ ਸ਼ਹਿਰ

ਹਾਰਾਨ​—ਭੀੜ-ਭੜੱਕੇ ਵਾਲਾ ਪ੍ਰਾਚੀਨ ਸ਼ਹਿਰ

ਹਾਰਾਨ ਨਾਂ ਸੁਣ ਕੇ ਹੀ ਬਾਈਬਲ ਦੀ ਜਾਣਕਾਰੀ ਰੱਖਣ ਵਾਲੇ ਲੋਕ ਵਫ਼ਾਦਾਰ ਪੂਰਵਜ ਅਬਰਾਹਾਮ ਬਾਰੇ ਸੋਚਦੇ ਹਨ। ਅਬਰਾਹਾਮ, ਉਸ ਦੀ ਪਤਨੀ ਸਾਰਈ, ਉਸ ਦਾ ਪਿਤਾ ਤਾਰਹ ਅਤੇ ਉਸ ਦਾ ਭਤੀਜਾ ਲੂਤ ਊਰ ਤੋਂ ਕਨਾਨ ਦੇਸ਼ ਨੂੰ ਜਾਂਦਿਆਂ ਇਸ ਸ਼ਹਿਰ ਵਿਚ ਠਹਿਰੇ ਸਨ। ਉੱਥੇ ਅਬਰਾਹਾਮ ਬਹੁਤ ਮਾਲ-ਧਨ ਦਾ ਮਾਲਕ ਬਣ ਗਿਆ। ਉਸ ਦੇ ਪਿਤਾ ਦੇ ਗੁਜ਼ਰ ਜਾਣ ਤੋਂ ਬਾਅਦ, ਅਬਰਾਹਾਮ ਉਸ ਦੇਸ਼ ਨੂੰ ਜਾਣ ਲਈ ਸਫ਼ਰ ਕਰਦਾ ਗਿਆ ਜਿਸ ਦਾ ਸੱਚੇ ਪਰਮੇਸ਼ੁਰ ਨੇ ਉਸ ਨਾਲ ਵਾਅਦਾ ਕੀਤਾ ਸੀ। (ਉਤ. 11:31, 32; 12:4, 5; ਰਸੂ. 7:2-4) ਬਾਅਦ ਵਿਚ ਅਬਰਾਹਾਮ ਨੇ ਆਪਣੇ ਸਭ ਤੋਂ ਪੁਰਾਣੇ ਨੌਕਰ ਨੂੰ ਹਾਰਾਨ ਜਾਂ ਉਸ ਦੇ ਲਾਗਲੇ ਇਲਾਕੇ ਤੋਂ ਇਸਹਾਕ ਲਈ ਪਤਨੀ ਲੱਭ ਕੇ ਲਿਆਉਣ ਲਈ ਭੇਜਿਆ ਸੀ। ਅਬਰਾਹਾਮ ਦਾ ਪੋਤਾ ਯਾਕੂਬ ਵੀ ਕਾਫ਼ੀ ਸਾਲਾਂ ਤੋਂ ਉਸ ਸ਼ਹਿਰ ਵਿਚ ਰਿਹਾ ਸੀ।—ਉਤ. 24:1-4, 10; 27:42-45; 28:1, 2, 10.

ਇਕ ਵਾਰ ਅੱਸ਼ੂਰੀ ਪਾਤਸ਼ਾਹ ਸਨਹੇਰੀਬ ਨੇ ਯਹੂਦਾਹ ਦੇ ਪਾਤਸ਼ਾਹ ਹਿਜ਼ਕੀਯਾਹ ਉੱਤੇ ਚੜ੍ਹਾਈ ਕਰਨ ਦੀ ਧਮਕੀ ਦਿੱਤੀ ਸੀ। ਉਦੋਂ ਉਸ ਨੇ ਅੱਸ਼ੂਰੀ ਪਾਤਸ਼ਾਹਾਂ ਦੁਆਰਾ ਜਿੱਤੀਆਂ “ਕੌਮਾਂ” ਦੇ ਨਾਂ ਦੱਸਦੇ ਸਮੇਂ ਹਾਰਾਨ ਦਾ ਨਾਂ ਵੀ ਲਿਆ ਸੀ। ਇੱਥੇ “ਹਾਰਾਨ” ਸਿਰਫ਼ ਸ਼ਹਿਰ ਦਾ ਹੀ ਨਾਂ ਨਹੀਂ ਸੀ, ਸਗੋਂ ਇਸ ਦੇ ਆਲੇ-ਦੁਆਲੇ ਦੇ ਜ਼ਿਲ੍ਹੇ ਦਾ ਵੀ ਨਾਂ ਸੀ। (2 ਰਾਜ. 19:11, 12) ਹਿਜ਼ਕੀਏਲ ਦੀ ਭਵਿੱਖਬਾਣੀ ਤੋਂ ਪਤਾ ਚੱਲਦਾ ਹੈ ਕਿ ਸੂਰ ਯਾਨੀ ਟਾਇਰ ਸ਼ਹਿਰ ਅਤੇ ਹਾਰਾਨ ਸ਼ਹਿਰ ਵਿਚਕਾਰ ਕਾਫ਼ੀ ਵਪਾਰ ਚੱਲਦਾ ਸੀ ਜਿਸ ਤੋਂ ਸਬੂਤ ਮਿਲਦਾ ਹੈ ਕਿ ਹਾਰਾਨ ਇਕ ਵੱਡਾ ਵਪਾਰਕ ਕੇਂਦਰ ਸੀ।—ਹਿਜ਼. 27:1, 2, 23.

ਹੁਣ ਹਾਰਾਨ ਤੁਰਕੀ ਵਿਚ ਸ਼ਾਨਲਉਰਫ਼ਾ ਦੇ ਲਾਗੇ ਇਕ ਮਾਮੂਲੀ ਜਿਹਾ ਕਸਬਾ ਹੈ। ਪਰ ਇਕ ਜ਼ਮਾਨੇ ਵਿਚ ਪ੍ਰਾਚੀਨ ਹਾਰਾਨ ਬਹੁਤ ਭੀੜ-ਭੜੱਕੇ ਵਾਲਾ ਸ਼ਹਿਰ ਹੁੰਦਾ ਸੀ। ਹਾਰਾਨ ਉਨ੍ਹਾਂ ਸ਼ਹਿਰਾਂ ਵਿੱਚੋਂ ਇਕ ਹੈ ਜਿਸ ਨੂੰ ਉਸੇ ਨਾਂ ਤੋਂ ਜਾਣਿਆ ਜਾਂਦਾ ਹੈ ਜੋ ਨਾਂ ਬਾਈਬਲ ਵਿਚ ਪਾਇਆ ਜਾਂਦਾ ਹੈ। ਅੱਸ਼ੂਰੀ ਭਾਸ਼ਾ ਵਿਚ ਇਸ ਨੂੰ ਹਾਰਾਨੂੰ ਕਹਿੰਦੇ ਸਨ ਜਿਸ ਦਾ ਅਰਥ ਹੈ “ਸੜਕ” ਜਾਂ ਉਹ “ਸੜਕ ਜਿੱਥੋਂ ਦੀ ਲੋਕਾਂ ਦਾ ਆਉਣਾ-ਜਾਣਾ ਲੱਗਾ ਰਹਿੰਦਾ ਸੀ।” ਇਸ ਤੋਂ ਪਤਾ ਚੱਲਦਾ ਹੈ ਕਿ ਹਾਰਾਨ ਵੱਡੇ ਸ਼ਹਿਰਾਂ ਦੇ ਵਿਚਕਾਰ ਪੈਂਦੇ ਵਪਾਰਕ ਰਾਹਾਂ ’ਤੇ ਸਥਿਤ ਸੀ। ਹਾਰਾਨ ਵਿਚ ਖੋਦੇ ਗਏ ਸ਼ਿਲਾ-ਲੇਖਾਂ ਅਨੁਸਾਰ ਬੈਬੀਲੋਨ ਦੇ ਬਾਦਸ਼ਾਹ ਨਬੋਨਾਈਡਸ ਦੀ ਮਾਂ ਸਿੰਨ ਦੇ ਮੰਦਰ ਦੀ ਪ੍ਰਧਾਨ ਪੁਜਾਰਨ ਹੁੰਦੀ ਸੀ। ਸਿੰਨ ਹਾਰਾਨ ਸ਼ਹਿਰ ਦਾ ਚੰਦਰਮਾ ਦੇਵਤਾ ਮੰਨਿਆ ਜਾਂਦਾ ਸੀ। ਕਿਹਾ ਜਾਂਦਾ ਹੈ ਕਿ ਨਬੋਨਾਈਡਸ ਨੇ ਹੀ ਇਸ ਮੰਦਰ ਦੀ ਮੁਰੰਮਤ ਕਰਾਈ ਸੀ। ਇਸ ਤੋਂ ਬਾਅਦ, ਹਾਰਾਨ ਸ਼ਹਿਰ ਨੇ ਕਈ ਸਾਮਰਾਜਾਂ ਨੂੰ ਉੱਠਦੇ ਅਤੇ ਡਿੱਗਦੇ ਦੇਖਿਆ, ਪਰ ਇਹ ਆਪ ਜਿਉਂ ਦਾ ਤਿਉਂ ਖੜ੍ਹਾ ਰਿਹਾ।

ਅੱਜ ਦਾ ਹਾਰਾਨ ਪੁਰਾਣੇ ਜ਼ਮਾਨੇ ਦੇ ਹਾਰਾਨ ਤੋਂ ਬਹੁਤ ਵੱਖਰਾ ਹੈ। ਪੁਰਾਣਾ ਹਾਰਾਨ ਖ਼ਾਸਕਰ ਕੁਝ ਸਮਿਆਂ ਦੌਰਾਨ ਵਧੀਆ ਸਹੂਲਤਾਂ ਵਾਲਾ ਅਹਿਮ ਸ਼ਹਿਰ ਸੀ। ਅੱਜ ਹਾਰਾਨ ਵਿਚ ਸਿਰਫ਼ ਅਜਿਹੇ ਹੀ ਘਰ ਰਹਿ ਗਏ ਹਨ ਜਿਨ੍ਹਾਂ ਦੀਆਂ ਗੁੰਬਦ ਰੂਪੀ ਛੱਤਾਂ ਹਨ। ਇਸ ਦੇ ਆਲੇ-ਦੁਆਲੇ ਪ੍ਰਾਚੀਨ ਸਭਿਅਤਾਵਾਂ ਦੇ ਖੰਡਰਾਤ ਨਜ਼ਰ ਆਉਂਦੇ ਹਨ। ਪਰਮੇਸ਼ੁਰ ਦੇ ਨਵੇਂ ਸੰਸਾਰ ਵਿਚ ਕਈ ਲੋਕ ਜੋ ਪਹਿਲਾਂ ਹਾਰਾਨ ਵਿਚ ਰਹਿੰਦੇ ਸਨ ਜਿਵੇਂ ਕਿ ਅਬਰਾਹਾਮ, ਸਾਰਾਹ ਤੇ ਲੂਤ ਮੁੜ ਕੇ ਜੀਉਂਦੇ ਕੀਤੇ ਜਾਣਗੇ। ਸੰਭਵ ਹੈ ਕਿ ਉਹ ਸਾਨੂੰ ਭੀੜ-ਭੜੱਕੇ ਵਾਲੇ ਇਸ ਪ੍ਰਾਚੀਨ ਸ਼ਹਿਰ ਹਾਰਾਨ ਬਾਰੇ ਜ਼ਰੂਰ ਹੋਰ ਬਹੁਤ ਕੁਝ ਦੱਸ ਸਕਣਗੇ।

[ਸਫ਼ਾ 20 ਉੱਤੇ ਤਸਵੀਰ]

ਹਾਰਾਨ ਦੇ ਖੰਡਰਾਤ

[ਸਫ਼ਾ 20 ਉੱਤੇ ਤਸਵੀਰ]

ਗੁੰਬਦ ਰੂਪੀ ਛੱਤਾਂ ਵਾਲੇ ਘਰ

[ਸਫ਼ਾ 20 ਉੱਤੇ ਤਸਵੀਰ]

ਅੱਜ ਦੇ ਹਾਰਾਨ ਦਾ ਦ੍ਰਿਸ਼