Skip to content

Skip to table of contents

ਕਲੀਸਿਯਾ ਦਾ ਹੌਸਲਾ ਵਧਾਉਂਦੇ ਰਹੋ

ਕਲੀਸਿਯਾ ਦਾ ਹੌਸਲਾ ਵਧਾਉਂਦੇ ਰਹੋ

ਕਲੀਸਿਯਾ ਦਾ ਹੌਸਲਾ ਵਧਾਉਂਦੇ ਰਹੋ

“ਤੁਸੀਂ ਇੱਕ ਦੂਏ ਨੂੰ ਤਸੱਲੀ ਦਿਓ ਅਤੇ ਇੱਕ ਦੂਏ ਦੀ ਉੱਨਤੀ ਕਰੋ।”—1 ਥੱਸ. 5:11.

1. ਮਸੀਹੀ ਕਲੀਸਿਯਾ ਵਿਚ ਹੋਣ ਨਾਲ ਕਿਹੜੀਆਂ ਬਰਕਤਾਂ ਮਿਲਦੀਆਂ ਹਨ, ਪਰ ਫਿਰ ਵੀ ਕਿਹੜੀਆਂ ਸਮੱਸਿਆਵਾਂ ਨਾਲ ਸਿੱਝਣਾ ਪੈਂਦਾ ਹੈ?

ਮਸੀਹੀ ਕਲੀਸਿਯਾ ਦਾ ਮੈਂਬਰ ਹੋਣਾ ਵਾਕਈ ਇਕ ਵੱਡੀ ਬਰਕਤ ਹੈ! ਤੁਹਾਡਾ ਯਹੋਵਾਹ ਨਾਲ ਚੰਗਾ ਰਿਸ਼ਤਾ ਹੈ। ਤੁਹਾਨੂੰ ਭਰੋਸਾ ਹੈ ਕਿ ਉਸ ਦੇ ਬਚਨ ਦੀ ਸੇਧੇ ਚੱਲ ਕੇ ਤੁਸੀਂ ਗ਼ਲਤ ਜੀਵਨ-ਸ਼ੈਲੀ ਦੇ ਮਾੜੇ ਅਸਰਾਂ ਤੋਂ ਬਚੇ ਰਹੋਗੇ। ਤੁਸੀਂ ਚੰਗੇ ਦੋਸਤਾਂ ਨਾਲ ਘਿਰੇ ਹੋਏ ਹੋ ਜੋ ਤੁਹਾਡਾ ਭਲਾ ਚਾਹੁੰਦੇ ਹਨ। ਹਾਂ, ਬਹੁਤ ਸਾਰੀਆਂ ਬਰਕਤਾਂ ਮਿਲਦੀਆਂ ਹਨ। ਪਰ ਜ਼ਿਆਦਾਤਰ ਮਸੀਹੀ ਤਰ੍ਹਾਂ-ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਸਿੱਝ ਰਹੇ ਹਨ। ਉਨ੍ਹਾਂ ਵਿੱਚੋਂ ਕੁਝ ਜਣਿਆਂ ਨੂੰ ਸ਼ਾਇਦ ਪਰਮੇਸ਼ੁਰ ਦੇ ਬਚਨ ਦੀਆਂ ਡੂੰਘੀਆਂ ਗੱਲਾਂ ਸਮਝਣ ਵਿਚ ਮਦਦ ਦੀ ਲੋੜ ਹੈ। ਕੁਝ ਹੋਰ ਬੀਮਾਰ ਜਾਂ ਨਿਰਾਸ਼ ਹਨ ਜਾਂ ਉਹ ਸ਼ਾਇਦ ਆਪਣੇ ਗ਼ਲਤ ਫ਼ੈਸਲਿਆਂ ਦੇ ਬੁਰੇ ਨਤੀਜੇ ਭੁਗਤ ਰਹੇ ਹਨ। ਸਾਨੂੰ ਸਾਰਿਆਂ ਨੂੰ ਅਜਿਹੀ ਦੁਨੀਆਂ ਵਿਚ ਰਹਿਣਾ ਪੈਂਦਾ ਹੈ ਜੋ ਪਰਮੇਸ਼ੁਰ ਤੋਂ ਦੂਰ ਹੋ ਚੁੱਕੀ ਹੈ।

2. ਜਦੋਂ ਸਾਡਾ ਕੋਈ ਭੈਣ-ਭਰਾ ਦੁਖੀ ਹੁੰਦਾ ਹੈ, ਤਾਂ ਸਾਨੂੰ ਕੀ ਕਰਨਾ ਚਾਹੀਦਾ ਅਤੇ ਕਿਉਂ?

2 ਸਾਡੇ ਵਿੱਚੋਂ ਕੋਈ ਵੀ ਭੈਣਾਂ-ਭਰਾਵਾਂ ਨੂੰ ਦੁਖੀ ਨਹੀਂ ਦੇਖਣਾ ਚਾਹੁੰਦਾ। ਪੌਲੁਸ ਰਸੂਲ ਨੇ ਕਲੀਸਿਯਾ ਦੀ ਤੁਲਨਾ ਸਰੀਰ ਨਾਲ ਕੀਤੀ ਅਤੇ ਕਿਹਾ: “ਜੇ ਇੱਕ ਅੰਗ ਨੂੰ ਦੁੱਖ ਲੱਗੇ ਤਾਂ ਸਾਰੇ ਅੰਗ ਉਸ ਦੇ ਨਾਲ ਦੁੱਖੀ ਹੁੰਦੇ ਹਨ।” (1 ਕੁਰਿੰ. 12:12, 26) ਦੁੱਖਾਂ ਵਿਚ ਸਾਨੂੰ ਆਪਣੇ ਭੈਣਾਂ-ਭਰਾਵਾਂ ਦਾ ਸਾਥ ਦੇਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਬਾਈਬਲ ਵਿਚ ਕਈ ਬਿਰਤਾਂਤ ਹਨ ਜਿਨ੍ਹਾਂ ਵਿਚ ਦੱਸਿਆ ਹੈ ਕਿ ਕਲੀਸਿਯਾ ਦੇ ਮੈਂਬਰਾਂ ਨੇ ਚੁਣੌਤੀਆਂ ਦਾ ਸਾਮ੍ਹਣਾ ਕਰਨ ਵਿਚ ਹੋਰਨਾਂ ਦੀ ਮਦਦ ਕੀਤੀ ਸੀ। ਆਪਾਂ ਜਿਉਂ-ਜਿਉਂ ਇਨ੍ਹਾਂ ਬਿਰਤਾਂਤਾਂ ’ਤੇ ਗੌਰ ਕਰਾਂਗੇ, ਤਿਉਂ-ਤਿਉਂ ਸੋਚੋ ਕਿ ਤੁਸੀਂ ਕਿਵੇਂ ਮਦਦ ਕਰ ਸਕਦੇ ਹੋ। ਤੁਸੀਂ ਕਿੱਦਾਂ ਆਪਣੇ ਭੈਣਾਂ-ਭਰਾਵਾਂ ਦੀ ਮਦਦ ਕਰ ਸਕਦੇ ਹੋ ਤਾਂਕਿ ਉਹ ਯਹੋਵਾਹ ਦੀ ਸੇਵਾ ਕਰਦੇ ਰਹਿਣ ਅਤੇ ਕਲੀਸਿਯਾ ਦਾ ਹੌਸਲਾ ਵਧਦਾ ਜਾਵੇ?

‘ਉਨ੍ਹਾਂ ਨੇ ਉਸ ਨੂੰ ਆਪਣੇ ਨਾਲ ਰਲਾ ਲਿਆ’

3, 4. ਅਕੂਲਾ ਅਤੇ ਪ੍ਰਿਸਕਿੱਲਾ ਨੇ ਅਪੁੱਲੋਸ ਦੀ ਕਿਵੇਂ ਮਦਦ ਕੀਤੀ?

3 ਅਪੁੱਲੋਸ ਅਫ਼ਸੁਸ ਸ਼ਹਿਰ ਵਿਚ ਆਉਣ ਤੋਂ ਪਹਿਲਾਂ ਹੀ ਜੋਸ਼ ਨਾਲ ਪ੍ਰਚਾਰ ਕਰ ਰਿਹਾ ਸੀ। ਰਸੂਲਾਂ ਦੇ ਕਰਤੱਬ ਦਾ ਬਿਰਤਾਂਤ ਦੱਸਦਾ ਹੈ ਕਿ ਉਹ “ਮਨ ਵਿੱਚ ਸਰਗਰਮ ਹੋ ਕੇ ਯਿਸੂ ਦੀਆਂ ਗੱਲਾਂ ਜਤਨ ਨਾਲ ਸੁਣਾਉਂਦਾ ਅਤੇ ਸਿਖਾਲਦਾ ਸੀ ਪਰ ਨਿਰਾ ਯੂਹੰਨਾ ਦਾ ਬਪਤਿਸਮਾ ਜਾਣਦਾ ਸੀ।” ਅਪੁੱਲੋਸ ‘ਪਿਤਾ ਅਤੇ ਪੁੱਤ੍ਰ ਅਤੇ ਪਵਿੱਤ੍ਰ ਸ਼ਕਤੀ ਦੇ ਨਾਮ ਵਿੱਚ’ ਬਪਤਿਸਮੇ ਤੋਂ ਅਣਜਾਣ ਸੀ। ਲੱਗਦਾ ਹੈ ਕਿ ਪੰਤੇਕੁਸਤ 33 ਈਸਵੀ ਤੋਂ ਪਹਿਲਾਂ ਉਸ ਨੂੰ ਜਾਂ ਤਾਂ ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਚੇਲਿਆਂ ਨੇ ਗਵਾਹੀ ਦਿੱਤੀ ਸੀ ਜਾਂ ਯਿਸੂ ਦੇ ਹੋਰਨਾਂ ਚੇਲਿਆਂ ਨੇ। ਭਾਵੇਂ ਅਪੁੱਲੋਸ ਜੋਸ਼ ਨਾਲ ਪ੍ਰਚਾਰ ਕਰਦਾ ਸੀ ਪਰ ਉਸ ਨੂੰ ਕੁਝ ਜ਼ਰੂਰੀ ਗੱਲਾਂ ਦੀ ਸਮਝ ਨਹੀਂ ਸੀ। ਹੋਰਨਾਂ ਭੈਣਾਂ-ਭਰਾਵਾਂ ਦੀ ਸੰਗਤ ਕਰਨ ਨਾਲ ਉਸ ਦੀ ਕਿਵੇਂ ਮਦਦ ਹੋਈ?—ਰਸੂ. 1:4, 5; 18:25; ਮੱਤੀ 28:19.

4 ਮਸੀਹੀ ਜੋੜਾ ਅਕੂਲਾ ਅਤੇ ਪ੍ਰਿਸਕਿੱਲਾ ਨੇ ਅਪੁੱਲੋਸ ਨੂੰ ਸਭਾ-ਘਰ ਵਿਚ ਜੋਸ਼ ਨਾਲ ਬੋਲਦਿਆਂ ਸੁਣਿਆ ਸੀ। ਉਹ ਉਸ ਨੂੰ ਆਪਣੇ ਨਾਲ ਲੈ ਗਏ ਅਤੇ ਉਸ ਨੂੰ ਅੱਗੋਂ ਗੱਲਾਂ ਸਿਖਾਈਆਂ। (ਰਸੂਲਾਂ ਦੇ ਕਰਤੱਬ 18:24-26 ਪੜ੍ਹੋ।) ਉਨ੍ਹਾਂ ਨੇ ਉਸ ਦੇ ਫ਼ਾਇਦੇ ਲਈ ਇੱਦਾਂ ਕੀਤਾ ਸੀ। ਅਕੂਲਾ ਅਤੇ ਪ੍ਰਿਸਕਿੱਲਾ ਨੇ ਸਮਝਦਾਰੀ ਨਾਲ ਅਪੁੱਲੋਸ ਨਾਲ ਗੱਲ ਕੀਤੀ ਹੋਣੀ ਤਾਂਕਿ ਉਹ ਉਸ ਦੀ ਮਦਦ ਕਰ ਸਕਣ, ਪਰ ਉਨ੍ਹਾਂ ਨੇ ਉਸ ਦੀ ਨੁਕਤਾਚੀਨੀ ਨਹੀਂ ਕੀਤੀ। ਉਸ ਨੂੰ ਬਸ ਮੁਢਲੀ ਮਸੀਹੀ ਕਲੀਸਿਯਾ ਦੀ ਸ਼ੁਰੂਆਤ ਬਾਰੇ ਨਹੀਂ ਪਤਾ ਸੀ। ਅਪੁੱਲੋਸ ਆਪਣੇ ਨਵੇਂ ਦੋਸਤਾਂ ਦਾ ਸ਼ੁਕਰਗੁਜ਼ਾਰ ਸੀ ਕਿ ਉਨ੍ਹਾਂ ਨੇ ਉਸ ਨਾਲ ਇਹ ਜ਼ਰੂਰੀ ਗੱਲਾਂ ਸਾਂਝੀਆਂ ਕੀਤੀਆਂ। ਇਹ ਗੱਲਾਂ ਜਾਣ ਕੇ ਅਪੁੱਲੋਸ ਨੇ ਅਖਾਯਾ ਦੇ ਭਰਾਵਾਂ ਦੀ “ਵੱਡੀ ਸਹਾਇਤਾ” ਕੀਤੀ ਅਤੇ ਜ਼ਬਰਦਸਤ ਗਵਾਹੀ ਦਿੱਤੀ।—ਰਸੂ. 18:27, 28.

5. ਰਾਜ ਦੇ ਹਜ਼ਾਰਾਂ ਹੀ ਪ੍ਰਚਾਰਕ ਕਿਹੜੀ ਮਦਦ ਦਿੰਦੇ ਹਨ ਅਤੇ ਇਸ ਦਾ ਨਤੀਜਾ ਕੀ ਨਿਕਲਦਾ ਹੈ?

5 ਅੱਜ ਵੀ ਕਲੀਸਿਯਾ ਵਿਚ ਕਈ ਭੈਣ-ਭਰਾ ਹਨ ਜੋ ਉਨ੍ਹਾਂ ਭੈਣਾਂ-ਭਰਾਵਾਂ ਦੇ ਸ਼ੁਕਰਗੁਜ਼ਾਰ ਹਨ ਜਿਨ੍ਹਾਂ ਨੇ ਬਾਈਬਲ ਸਮਝਣ ਵਿਚ ਉਨ੍ਹਾਂ ਦੀ ਮਦਦ ਕੀਤੀ ਸੀ। ਇਸ ਕਰਕੇ ਬਾਈਬਲ ਸਟੱਡੀ ਕਰਨ ਵਾਲਿਆਂ ਅਤੇ ਕਰਾਉਣ ਵਾਲਿਆਂ ਦੀ ਆਪਸ ਵਿਚ ਪੱਕੀ ਦੋਸਤੀ ਹੈ। ਜ਼ਿਆਦਾਤਰ ਹਾਲਾਤਾਂ ਵਿਚ ਇੱਦਾਂ ਹੁੰਦਾ ਹੈ ਕਿ ਸੱਚਾਈ ਨੂੰ ਸਮਝਣ ਵਿਚ ਲੋਕਾਂ ਦੀ ਮਦਦ ਕਰਨ ਲਈ ਕਈ ਮਹੀਨਿਆਂ ਤਾਈਂ ਬਾਕਾਇਦਾ ਉਨ੍ਹਾਂ ਨਾਲ ਗੱਲਬਾਤ ਕਰਨ ਲਈ ਜਾਣਾ ਪੈਂਦਾ ਹੈ। ਪਰ ਰਾਜ ਦੇ ਪ੍ਰਚਾਰਕ ਇਹ ਕੁਰਬਾਨੀ ਕਰਨ ਲਈ ਤਿਆਰ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਇਹ ਜ਼ਿੰਦਗੀ ਤੇ ਮੌਤ ਦਾ ਸਵਾਲ ਹੈ। (ਯੂਹੰ. 17:3) ਇਹ ਦੇਖ ਕੇ ਕਿੰਨੀ ਖ਼ੁਸ਼ੀ ਹੁੰਦੀ ਹੈ ਜਦੋਂ ਲੋਕ ਸੱਚਾਈ ਨੂੰ ਅਪਣਾਉਂਦੇ ਹਨ, ਉਸ ਅਨੁਸਾਰ ਜੀਉਂਦੇ ਹਨ ਅਤੇ ਯਹੋਵਾਹ ਦੀ ਮਰਜ਼ੀ ਪੂਰੀ ਕਰਨ ਵਿਚ ਆਪਣੀਆਂ ਜ਼ਿੰਦਗੀਆਂ ਲਾਉਂਦੇ ਹਨ!

ਉਸ ਦਾ “ਭਾਈਆਂ ਵਿੱਚ ਨੇਕਨਾਮ ਸੀ”

6, 7. (ੳ) ਪੌਲੁਸ ਨੇ ਤਿਮੋਥਿਉਸ ਨੂੰ ਆਪਣੇ ਨਾਲ ਸਫ਼ਰ ਕਰਨ ਲਈ ਕਿਉਂ ਚੁਣਿਆ ਸੀ? (ਅ) ਕਿਹੜੀ ਤਰੱਕੀ ਕਰਨ ਵਿਚ ਤਿਮੋਥਿਉਸ ਨੂੰ ਮਦਦ ਮਿਲੀ?

6 ਜਦੋਂ ਪੌਲੁਸ ਅਤੇ ਸੀਲਾਸ ਦੂਜੇ ਮਿਸ਼ਨਰੀ ਦੌਰੇ ’ਤੇ ਲੁਸਤ੍ਰਾ ਗਏ ਸਨ, ਤਾਂ ਉੱਥੇ ਉਨ੍ਹਾਂ ਨੂੰ 20 ਕੁ ਸਾਲਾਂ ਦਾ ਨੌਜਵਾਨ ਤਿਮੋਥਿਉਸ ਮਿਲਿਆ। ਉਸ ਦਾ “ਲੁਸਤ੍ਰਾ ਅਤੇ ਇਕੋਨਿਯੁਮ ਦੇ ਰਹਿਣ ਵਾਲੇ ਭਾਈਆਂ ਵਿੱਚ ਨੇਕਨਾਮ ਸੀ।” ਤਿਮੋਥਿਉਸ ਦੀ ਮਾਂ ਯੂਨੀਕਾ ਅਤੇ ਉਸ ਦੀ ਨਾਨੀ ਲੋਇਸ ਮਸੀਹੀ ਬਣ ਚੁੱਕੀਆਂ ਸਨ, ਪਰ ਉਸ ਦਾ ਪਿਤਾ ਮਸੀਹੀ ਨਹੀਂ ਸੀ। (2 ਤਿਮੋ. 1:5) ਪੌਲੁਸ ਸ਼ਾਇਦ ਦੋ ਸਾਲ ਪਹਿਲਾਂ ਇਸ ਪਰਿਵਾਰ ਨੂੰ ਮਿਲਿਆ ਸੀ ਜਦੋਂ ਉਹ ਪਹਿਲੀ ਵਾਰ ਇਸ ਇਲਾਕੇ ਵਿਚ ਆਇਆ ਸੀ। ਪਰ ਇਸ ਵਾਰ ਪੌਲੁਸ ਰਸੂਲ ਨੇ ਤਿਮੋਥਿਉਸ ਵਿਚ ਖ਼ਾਸ ਦਿਲਚਸਪੀ ਦਿਖਾਈ ਕਿਉਂਕਿ ਉਸ ਨੂੰ ਉਸ ਨੌਜਵਾਨ ਵਿਚ ਕੁਝ ਖ਼ਾਸ ਨਜ਼ਰ ਆਇਆ। ਇਸ ਲਈ, ਬਜ਼ੁਰਗਾਂ ਦੀ ਇਜਾਜ਼ਤ ਨਾਲ ਤਿਮੋਥਿਉਸ ਪੌਲੁਸ ਨਾਲ ਮਿਸ਼ਨਰੀ ਕੰਮ ਵਿਚ ਉਸ ਦਾ ਸਾਥ ਦੇਣ ਲੱਗਾ।—ਰਸੂਲਾਂ ਦੇ ਕਰਤੱਬ 16:1-3 ਪੜ੍ਹੋ।

7 ਤਿਮੋਥਿਉਸ ਨੂੰ ਆਪਣੇ ਤੋਂ ਵੱਡੇ ਇਸ ਸਾਥੀ ਤੋਂ ਕਾਫ਼ੀ ਕੁਝ ਸਿੱਖਣ ਦੀ ਲੋੜ ਸੀ। ਪਰ ਸਮੇਂ ਦੇ ਬੀਤਣ ਨਾਲ ਉਸ ਨੇ ਇੰਨਾ ਕੁਝ ਸਿੱਖ ਲਿਆ ਕਿ ਪੌਲੁਸ ਭਰੋਸੇ ਨਾਲ ਤਿਮੋਥਿਉਸ ਨੂੰ ਆਪਣੇ ਪ੍ਰਤਿਨਿਧ ਵਜੋਂ ਕਲੀਸਿਯਾਵਾਂ ਵਿਚ ਭੇਜ ਸਕਦਾ ਸੀ। ਪੌਲੁਸ ਨਾਲ 15 ਕੁ ਸਾਲ ਰਹਿਣ ਮਗਰੋਂ ਇਸ ਨਾਤਜਰਬੇਕਾਰ ਅਤੇ ਸ਼ਾਇਦ ਸ਼ਰਮੀਲੇ ਨੌਜਵਾਨ ਨੇ ਇੰਨੀ ਤਰੱਕੀ ਕਰ ਲਈ ਕਿ ਉਹ ਇਕ ਵਧੀਆ ਨਿਗਾਹਬਾਨ ਬਣ ਗਿਆ।—ਫ਼ਿਲਿ. 2:19-22; 1 ਤਿਮੋ. 1:3.

8, 9. ਕਲੀਸਿਯਾ ਦੇ ਭੈਣ-ਭਰਾ ਨੌਜਵਾਨਾਂ ਨੂੰ ਹੱਲਾਸ਼ੇਰੀ ਦੇਣ ਲਈ ਕੀ ਕਰ ਸਕਦੇ ਹਨ? ਮਿਸਾਲ ਦਿਓ।

8 ਅੱਜ ਕਲੀਸਿਯਾ ਵਿਚ ਕਈ ਨੌਜਵਾਨ ਮੁੰਡੇ-ਕੁੜੀਆਂ ਹਨ ਜਿਨ੍ਹਾਂ ਵਿਚ ਕਾਫ਼ੀ ਕੁਝ ਕਰਨ ਦੀ ਕਾਬਲੀਅਤ ਹੈ। ਜੇ ਨਿਹਚਾ ਵਿਚ ਤਕੜੇ ਭੈਣ-ਭਰਾਵਾਂ ਦੀ ਹੱਲਾਸ਼ੇਰੀ ਉਨ੍ਹਾਂ ਨੂੰ ਮਿਲੇ, ਤਾਂ ਇਹ ਨੌਜਵਾਨ ਯਹੋਵਾਹ ਦੀ ਸੇਵਾ ਸੰਬੰਧੀ ਹੋਰ ਵੀ ਵੱਡੀਆਂ ਜ਼ਿੰਮੇਵਾਰੀਆਂ ਉਠਾਉਣ ਲਈ ਮਿਹਨਤ ਕਰ ਸਕਦੇ ਹਨ। ਆਪਣੀ ਕਲੀਸਿਯਾ ਵਿਚ ਜ਼ਰਾ ਨਜ਼ਰ ਤਾਂ ਮਾਰੋ! ਕੀ ਤੁਹਾਨੂੰ ਅਜਿਹੇ ਨੌਜਵਾਨ ਨਜ਼ਰ ਆਉਂਦੇ ਹਨ ਜੋ ਤਿਮੋਥਿਉਸ ਵਾਂਗ ਅੱਗੇ ਆ ਸਕਣ? ਤੁਹਾਡੀ ਮਦਦ ਤੇ ਹੱਲਾਸ਼ੇਰੀ ਨਾਲ ਉਹ ਸ਼ਾਇਦ ਪਾਇਨੀਅਰ, ਮਿਸ਼ਨਰੀ ਜਾਂ ਸਫ਼ਰੀ ਨਿਗਾਹਬਾਨ ਬਣ ਜਾਣ ਜਾਂ ਬੈਥਲ ਚਲੇ ਜਾਣ। ਅਜਿਹੇ ਟੀਚੇ ਹਾਸਲ ਕਰਨ ਵਿਚ ਉਨ੍ਹਾਂ ਦੀ ਮਦਦ ਕਰਨ ਲਈ ਤੁਸੀਂ ਕੀ ਕਰ ਸਕਦੇ ਹੋ?

9 ਮਾਰਟਿਨ 20 ਸਾਲਾਂ ਤੋਂ ਬੈਥਲ ਵਿਚ ਕੰਮ ਕਰ ਰਿਹਾ ਹੈ। ਉਸ ਨੂੰ ਯਾਦ ਹੈ ਕਿ 30 ਸਾਲ ਪਹਿਲਾਂ ਇਕ ਸਰਕਟ ਓਵਰਸੀਅਰ ਨੇ ਉਸ ਵਿਚ ਕਿੰਨੀ ਦਿਲਚਸਪੀ ਲਈ ਸੀ ਜਦ ਉਹ ਦੋਵੇਂ ਪ੍ਰਚਾਰ ਕਰ ਰਹੇ ਸਨ। ਸਰਕਟ ਓਵਰਸੀਅਰ ਨੇ ਜੋਸ਼ ਨਾਲ ਦੱਸਿਆ ਕਿ ਜਵਾਨ ਹੁੰਦਿਆਂ ਬੈਥਲ ਵਿਚ ਸੇਵਾ ਕਰ ਕੇ ਉਸ ਨੂੰ ਕਿੰਨਾ ਚੰਗਾ ਲੱਗਾ। ਉਸ ਨੇ ਮਾਰਟਿਨ ਨੂੰ ਹੱਲਾਸ਼ੇਰੀ ਦਿੱਤੀ ਕਿ ਉਹ ਵੀ ਇਸੇ ਤਰ੍ਹਾਂ ਯਹੋਵਾਹ ਦੇ ਸੰਗਠਨ ਵਿਚ ਕੁਝ-ਨਾ-ਕੁਝ ਕਰਨ ਬਾਰੇ ਸੋਚੇ। ਮਾਰਟਿਨ ਨੂੰ ਲੱਗਦਾ ਹੈ ਕਿ ਬਾਅਦ ਵਿਚ ਕੀਤੇ ਉਸ ਦੇ ਫ਼ੈਸਲਿਆਂ ਉੱਤੇ ਇਸ ਗੱਲਬਾਤ ਦਾ ਬਹੁਤ ਅਸਰ ਪਿਆ। ਕੌਣ ਜਾਣਦਾ ਕਿ ਪਰਮੇਸ਼ੁਰ ਦੀ ਸੇਵਾ ਸੰਬੰਧੀ ਟੀਚਿਆਂ ਬਾਰੇ ਗੱਲ ਕਰਨ ਨਾਲ ਤੁਹਾਡਾ ਜਵਾਨ ਭੈਣਾਂ-ਭਰਾਵਾਂ ਉੱਤੇ ਕੀ ਅਸਰ ਪੈ ਸਕਦਾ ਹੈ?

“ਕਮਦਿਲਿਆਂ ਨੂੰ ਦਿਲਾਸਾ ਦਿਓ”

10. ਇਪਾਫ਼ਰੋਦੀਤੁਸ ਨੇ ਕਿਵੇਂ ਮਹਿਸੂਸ ਕੀਤਾ ਅਤੇ ਕਿਉਂ?

10 ਪੌਲੁਸ ਨਿਹਚਾ ਦੀ ਖ਼ਾਤਰ ਕੈਦ ਵਿਚ ਸੀ ਅਤੇ ਇਪਾਫ਼ਰੋਦੀਤੁਸ ਨੇ ਉਸ ਨੂੰ ਮਿਲਣ ਲਈ ਫ਼ਿਲਿੱਪੈ ਤੋਂ ਰੋਮ ਤਕ ਲੰਬਾ ਤੇ ਥਕਾ ਦੇਣ ਵਾਲਾ ਸਫ਼ਰ ਤੈਅ ਕੀਤਾ। ਉਸ ਨੂੰ ਫ਼ਿਲਿੱਪੈ ਦੇ ਭੈਣਾਂ-ਭਰਾਵਾਂ ਨੇ ਪੌਲੁਸ ਕੋਲ ਭੇਜਿਆ ਸੀ। ਉਹ ਉਨ੍ਹਾਂ ਤੋਂ ਨਾ ਸਿਰਫ਼ ਪੌਲੁਸ ਲਈ ਤੋਹਫ਼ਾ ਲੈ ਕੇ ਆਇਆ ਸੀ, ਸਗੋਂ ਉਹ ਮੁਸ਼ਕਲ ਘੜੀ ਵਿਚ ਪੌਲੁਸ ਦੀ ਮਦਦ ਕਰਨ ਲਈ ਉਸ ਕੋਲ ਠਹਿਰਨਾ ਵੀ ਚਾਹੁੰਦਾ ਸੀ। ਪਰ ਰੋਮ ਵਿਚ ਹੁੰਦਿਆਂ, ਇਪਾਫ਼ਰੋਦੀਤੁਸ ਇੰਨਾ ਬੀਮਾਰ ਹੋ ਗਿਆ ਕਿ ਉਹ ਮਰਨ ਕਿਨਾਰੇ ਪਹੁੰਚ ਗਿਆ ਸੀ। ਉਹ ਨਿਰਾਸ਼ ਹੋ ਗਿਆ ਕਿਉਂਕਿ ਉਸ ਨੂੰ ਲੱਗਦਾ ਸੀ ਕਿ ਉਹ ਆਪਣੇ ਕੰਮ ਵਿਚ ਕਾਮਯਾਬ ਨਹੀਂ ਹੋਇਆ।—ਫ਼ਿਲਿ. 2:25-27.

11. (ੳ) ਸਾਨੂੰ ਹੈਰਾਨ ਕਿਉਂ ਨਹੀਂ ਹੋਣਾ ਚਾਹੀਦਾ ਜੇ ਕਲੀਸਿਯਾ ਵਿਚ ਕੁਝ ਭੈਣ-ਭਰਾ ਡਿਪਰੈਸ਼ਨ ਦੇ ਸ਼ਿਕਾਰ ਹਨ? (ਅ) ਇਪਾਫ਼ਰੋਦੀਤੁਸ ਬਾਰੇ ਪੌਲੁਸ ਨੇ ਕੀ ਸਲਾਹ ਦਿੱਤੀ?

11 ਅੱਜ ਤਰ੍ਹਾਂ-ਤਰ੍ਹਾਂ ਦੇ ਦਬਾਵਾਂ ਕਾਰਨ ਲੋਕ ਡਿਪਰੈਸ਼ਨ ਦੇ ਸ਼ਿਕਾਰ ਹੋ ਜਾਂਦੇ ਹਨ। ਵਿਸ਼ਵ ਸਿਹਤ ਸੰਗਠਨ ਦੇ ਅੰਕੜੇ ਦਿਖਾਉਂਦੇ ਹਨ ਕਿ ਦੁਨੀਆਂ ਦੀ ਆਬਾਦੀ ਦੇ ਪੰਜ ਲੋਕਾਂ ਵਿੱਚੋਂ ਇਕ ਜਣਾ ਜ਼ਿੰਦਗੀ ਵਿਚ ਕਦੇ ਨਾ ਕਦੇ ਡਿਪਰੈਸ਼ਨ ਤੋਂ ਪੀੜਿਤ ਹੁੰਦਾ ਹੈ। ਯਹੋਵਾਹ ਦੇ ਲੋਕ ਵੀ ਇਸ ਤੋਂ ਬਚ ਨਹੀਂ ਸਕਦੇ। ਪਰਿਵਾਰ ਦਾ ਗੁਜ਼ਾਰਾ ਤੋਰਨ ਲਈ ਆਉਂਦੀਆਂ ਸਮੱਸਿਆਵਾਂ, ਮਾੜੀ ਸਿਹਤ, ਆਪਣੀ ਨਾਕਾਮਯਾਬੀ ਕਾਰਨ ਨਿਰਾਸ਼ਾ ਜਾਂ ਹੋਰ ਗੱਲਾਂ ਕਾਰਨ ਲੋਕ ਢਹਿੰਦੀਆਂ ਕਲਾਂ ਵਿਚ ਚਲੇ ਜਾਂਦੇ ਹਨ। ਫ਼ਿਲਿੱਪੈ ਦੇ ਭੈਣ-ਭਰਾ ਇਪਾਫ਼ਰੋਦੀਤੁਸ ਦੀ ਮਦਦ ਕਰਨ ਲਈ ਕੀ ਕੁਝ ਕਰ ਸਕਦੇ ਸੀ? ਪੌਲੁਸ ਨੇ ਲਿਖਿਆ: “ਤੁਸੀਂ ਉਹ ਨੂੰ ਪ੍ਰਭੁ ਵਿੱਚ ਪੂਰੇ ਅਨੰਦ ਨਾਲ ਕਬੂਲ ਕਰੋ ਅਤੇ ਏਹੋ ਜੇਹਿਆਂ ਦਾ ਆਦਰ ਕਰੋ। ਇਸ ਕਰਕੇ ਜੋ ਉਹ ਮਸੀਹ ਦੇ ਕੰਮ ਲਈ ਮੌਤ ਦੇ ਮੂੰਹ ਵਿੱਚ ਆਇਆ ਕਿਉਂ ਜੋ ਮੇਰੀ ਟਹਿਲ ਕਰਨ ਵਿੱਚ ਜੋ ਤੁਹਾਡੀ ਵੱਲੋਂ ਥੁੜ ਸੀ ਉਹ ਨੂੰ ਪੂਰਿਆਂ ਕਰਨ ਲਈ ਓਨ ਆਪਣੀ ਜਾਨ ਤਲੀ ਉੱਤੇ ਧਰੀ।”—ਫ਼ਿਲਿ. 2:29, 30.

12. ਨਿਰਾਸ਼ ਜਾਂ ਡਿਪਰੈਸ਼ਨ ਦੇ ਸ਼ਿਕਾਰ ਭੈਣਾਂ-ਭਰਾਵਾਂ ਨੂੰ ਕਿਨ੍ਹਾਂ ਗੱਲਾਂ ਤੋਂ ਹੌਸਲਾ ਮਿਲ ਸਕਦਾ ਹੈ?

12 ਸਾਨੂੰ ਵੀ ਨਿਰਾਸ਼ ਜਾਂ ਡਿਪਰੈਸ਼ਨ ਦੇ ਸ਼ਿਕਾਰ ਭੈਣਾਂ-ਭਰਾਵਾਂ ਨੂੰ ਹੌਸਲਾ ਦੇਣਾ ਚਾਹੀਦਾ ਹੈ। ਅਸੀਂ ਉਨ੍ਹਾਂ ਨਾਲ ਚੰਗੀਆਂ-ਚੰਗੀਆਂ ਗੱਲਾਂ ਕਰ ਸਕਦੇ ਹਾਂ ਕਿ ਉਨ੍ਹਾਂ ਨੇ ਯਹੋਵਾਹ ਦੀ ਸੇਵਾ ਵਿਚ ਕਿੰਨਾ ਕੁਝ ਕੀਤਾ ਹੈ। ਉਨ੍ਹਾਂ ਨੇ ਸ਼ਾਇਦ ਮਸੀਹੀ ਬਣਨ ਜਾਂ ਪਾਇਨੀਅਰਿੰਗ ਕਰਨ ਲਈ ਆਪਣੀ ਜ਼ਿੰਦਗੀ ਵਿਚ ਵੱਡੀਆਂ-ਵੱਡੀਆਂ ਤਬਦੀਲੀਆਂ ਕੀਤੀਆਂ ਹਨ। ਅਸੀਂ ਉਨ੍ਹਾਂ ਦੇ ਇਨ੍ਹਾਂ ਜਤਨਾਂ ਦੀ ਕਦਰ ਕਰਦੇ ਹਾਂ ਅਤੇ ਉਨ੍ਹਾਂ ਨੂੰ ਯਕੀਨ ਦਿਲਾ ਸਕਦੇ ਹਾਂ ਕਿ ਯਹੋਵਾਹ ਵੀ ਕਰਦਾ ਹੈ। ਜੇ ਬੁਢਾਪੇ ਜਾਂ ਮਾੜੀ ਸਿਹਤ ਕਰਕੇ ਕੁਝ ਵਫ਼ਾਦਾਰ ਭੈਣ-ਭਰਾ ਪਹਿਲਾਂ ਵਾਂਗ ਜ਼ਿਆਦਾ ਸੇਵਾ ਨਹੀਂ ਕਰ ਸਕਦੇ, ਫਿਰ ਵੀ ਸਾਨੂੰ ਉਨ੍ਹਾਂ ਦਾ ਆਦਰ ਕਰਨਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਨੇ ਸਾਲਾਂ ਤਾਈਂ ਸੇਵਾ ਕੀਤੀ ਹੈ। ਜੋ ਵੀ ਹੋਵੇ, ਯਹੋਵਾਹ ਆਪਣੇ ਸਾਰੇ ਵਫ਼ਾਦਾਰ ਸੇਵਕਾਂ ਨੂੰ ਇਹ ਸਲਾਹ ਦਿੰਦਾ ਹੈ: “ਕਮਦਿਲਿਆਂ ਨੂੰ ਦਿਲਾਸਾ ਦਿਓ, ਨਿਤਾਣਿਆਂ ਨੂੰ ਸਮ੍ਹਾਲੋ, ਸਭਨਾਂ ਨਾਲ ਧੀਰਜ ਕਰੋ।”—1 ਥੱਸ. 5:14.

“ਉਹ ਨੂੰ ਮਾਫ਼ ਕਰੋ ਅਤੇ ਦਿਲਾਸਾ ਦਿਓ”

13, 14. (ੳ) ਕੁਰਿੰਥੁਸ ਦੀ ਕਲੀਸਿਯਾ ਨੇ ਕਿਹੜਾ ਠੋਸ ਕਦਮ ਉਠਾਇਆ ਅਤੇ ਕਿਉਂ? (ਅ) ਆਦਮੀ ਨੂੰ ਕਲੀਸਿਯਾ ਵਿੱਚੋਂ ਕੱਢਣ ਦਾ ਕੀ ਅਸਰ ਪਿਆ?

13 ਪਹਿਲੀ ਸਦੀ ਵਿਚ ਕੁਰਿੰਥੁਸ ਦੀ ਕਲੀਸਿਯਾ ਵਿਚ ਇਕ ਆਦਮੀ ਬਿਨਾਂ ਪਛਤਾਏ ਹਰਾਮਕਾਰੀ ਕਰ ਰਿਹਾ ਸੀ। ਉਸ ਦੇ ਚਾਲ-ਚਲਣ ਕਾਰਨ ਕਲੀਸਿਯਾ ਦੀ ਸ਼ੁੱਧਤਾ ਖ਼ਤਰੇ ਵਿਚ ਸੀ ਅਤੇ ਬਾਹਰਲੇ ਲੋਕ ਵੀ ਉਸ ਦੇ ਚਾਲ-ਚਲਣ ਬਾਰੇ ਸੁਣ ਕੇ ਹੱਕੇ-ਬੱਕੇ ਰਹਿ ਗਏ ਸਨ। ਇਸ ਲਈ, ਪੌਲੁਸ ਨੇ ਕਿਹਾ ਕਿ ਇਸ ਆਦਮੀ ਨੂੰ ਕਲੀਸਿਯਾ ਵਿੱਚੋਂ ਕੱਢ ਦਿੱਤਾ ਜਾਵੇ।—1 ਕੁਰਿੰ. 5:1, 7, 11-13.

14 ਇਸ ਅਨੁਸ਼ਾਸਨ ਦਾ ਚੰਗਾ ਅਸਰ ਪਿਆ। ਕਲੀਸਿਯਾ ਨੂੰ ਮਾੜੇ ਅਸਰ ਤੋਂ ਬਚਾਇਆ ਗਿਆ ਅਤੇ ਪਾਪੀ ਨੂੰ ਸੁਰਤ ਵਿਚ ਲਿਆਂਦਾ ਗਿਆ ਜਿਸ ਨੇ ਦਿਲੋਂ ਤੋਬਾ ਕਰ ਲਈ। ਆਦਮੀ ਦੇ ਕੰਮਾਂ ਤੋਂ ਪਤਾ ਲੱਗਦਾ ਸੀ ਕਿ ਉਸ ਨੇ ਤੋਬਾ ਕਰ ਲਈ ਸੀ, ਇਸ ਲਈ ਪੌਲੁਸ ਨੇ ਆਪਣੀ ਦੂਜੀ ਚਿੱਠੀ ਵਿਚ ਕਲੀਸਿਯਾ ਨੂੰ ਕਿਹਾ ਕਿ ਇਸ ਆਦਮੀ ਨੂੰ ਕਲੀਸਿਯਾ ਦੇ ਮੈਂਬਰ ਵਜੋਂ ਮੁੜ ਸਵੀਕਾਰ ਕਰ ਲਿਆ ਜਾਵੇ। ਪਰ ਇੰਨਾ ਕਰਨਾ ਕਾਫ਼ੀ ਨਹੀਂ ਸੀ। ਪੌਲੁਸ ਨੇ ਇਹ ਵੀ ਕਿਹਾ ਕਿ ਕਲੀਸਿਯਾ ‘ਪਾਪੀ ਨੂੰ ਮਾਫ਼ ਕਰੇ ਅਤੇ ਦਿਲਾਸਾ ਦੇਵੇ ਮਤੇ ਬਹੁਤਾ ਗ਼ਮ ਏਹੋ ਜੇਹੇ ਮਨੁੱਖ ਨੂੰ ਖਾ ਜਾਵੇ।’—2 ਕੁਰਿੰਥੀਆਂ 2:5-8 ਪੜ੍ਹੋ।

15. ਉਨ੍ਹਾਂ ਬਾਰੇ ਸਾਡਾ ਕੀ ਨਜ਼ਰੀਆ ਹੋਣਾ ਚਾਹੀਦਾ ਹੈ ਜੋ ਤੋਬਾ ਕਰ ਕੇ ਕਲੀਸਿਯਾ ਵਿਚ ਮੁੜ ਆਉਂਦੇ ਹਨ?

15 ਅਸੀਂ ਇਸ ਬਿਰਤਾਂਤ ਤੋਂ ਕੀ ਸਿੱਖਦੇ ਹਾਂ? ਸਾਨੂੰ ਦੁੱਖ ਹੁੰਦਾ ਹੈ ਜਦੋਂ ਕਿਸੇ ਨੂੰ ਕਲੀਸਿਯਾ ਵਿੱਚੋਂ ਛੇਕ ਦਿੱਤਾ ਜਾਂਦਾ ਹੈ। ਹੋ ਸਕਦਾ ਹੈ ਕਿ ਅਜਿਹੇ ਲੋਕਾਂ ਨੇ ਪਰਮੇਸ਼ੁਰ ਅਤੇ ਕਲੀਸਿਯਾ ਦੇ ਨਾਂ ਉੱਤੇ ਬਦਨਾਮੀ ਲਿਆਂਦੀ ਹੋਵੇ। ਸ਼ਾਇਦ ਉਨ੍ਹਾਂ ਨੇ ਸਾਡੇ ਖ਼ਿਲਾਫ਼ ਵੀ ਪਾਪ ਕੀਤਾ ਹੈ। ਫਿਰ ਵੀ ਪਾਪੀ ਦੇ ਕੇਸ ਦੀ ਜਾਂਚ ਕਰ ਰਹੇ ਬਜ਼ੁਰਗ ਯਹੋਵਾਹ ਦੀ ਸੇਧ ਨਾਲ ਜਦੋਂ ਫ਼ੈਸਲਾ ਕਰਦੇ ਹਨ ਕਿ ਤੋਬਾ ਕਰਨ ਵਾਲੇ ਪਾਪੀ ਨੂੰ ਕਲੀਸਿਯਾ ਵਿਚ ਵਾਪਸ ਲਿਆਂਦਾ ਜਾਣਾ ਚਾਹੀਦਾ ਹੈ, ਤਾਂ ਇਸ ਦਾ ਮਤਲਬ ਹੈ ਕਿ ਯਹੋਵਾਹ ਨੇ ਉਸ ਨੂੰ ਮਾਫ਼ ਕਰ ਦਿੱਤਾ ਹੈ। (ਮੱਤੀ 18:17-20) ਤਾਂ ਫਿਰ ਕੀ ਸਾਨੂੰ ਯਹੋਵਾਹ ਦੀ ਰੀਸ ਨਹੀਂ ਕਰਨੀ ਚਾਹੀਦੀ? ਜੇ ਅਸੀਂ ਕਠੋਰ ਹਾਂ ਅਤੇ ਮਾਫ਼ ਨਹੀਂ ਕਰਦੇ, ਤਾਂ ਅਸੀਂ ਯਹੋਵਾਹ ਦੇ ਖ਼ਿਲਾਫ਼ ਜਾ ਰਹੇ ਹੋਵਾਂਗੇ। ਕਲੀਸਿਯਾ ਦੀ ਸ਼ਾਂਤੀ ਤੇ ਏਕਤਾ ਬਣਾਈ ਰੱਖਣ ਲਈ ਅਤੇ ਯਹੋਵਾਹ ਦੀ ਮਿਹਰ ਪਾਉਣ ਲਈ ਕੀ ਸਾਨੂੰ ਪਾਪੀਆਂ ਲਈ ‘ਆਪਣਾ ਪ੍ਰੇਮ ਜ਼ਾਹਰ ਨਹੀਂ ਕਰਨਾ’ ਚਾਹੀਦਾ ਜੋ ਦਿਲੋਂ ਤੋਬਾ ਕਰਦੇ ਹਨ ਤੇ ਕਲੀਸਿਯਾ ਵਿਚ ਦੁਬਾਰਾ ਆ ਜਾਂਦੇ ਹਨ?—ਮੱਤੀ 6:14, 15; ਲੂਕਾ 15:7.

‘ਉਹ ਮੇਰੇ ਕੰਮ ਦਾ ਹੈ’

16. ਪੌਲੁਸ ਮਰਕੁਸ ਕਾਰਨ ਕਿਉਂ ਨਿਰਾਸ਼ ਹੋਇਆ ਸੀ?

16 ਇਕ ਹੋਰ ਬਿਰਤਾਂਤ ਤੋਂ ਪਤਾ ਲੱਗਦਾ ਹੈ ਕਿ ਸਾਨੂੰ ਉਨ੍ਹਾਂ ਬਾਰੇ ਮਾੜਾ ਨਹੀਂ ਸੋਚਦੇ ਰਹਿਣਾ ਚਾਹੀਦਾ ਜਿਨ੍ਹਾਂ ਨੇ ਸਾਨੂੰ ਨਿਰਾਸ਼ ਕੀਤਾ ਹੈ। ਮਿਸਾਲ ਲਈ, ਯੂਹੰਨਾ ਮਰਕੁਸ ਨੇ ਪੌਲੁਸ ਰਸੂਲ ਨੂੰ ਬਹੁਤ ਨਿਰਾਸ਼ ਕਰ ਦਿੱਤਾ ਸੀ। ਕਿਵੇਂ? ਜਦ ਪੌਲੁਸ ਤੇ ਬਰਨਬਾਸ ਨੇ ਆਪਣਾ ਪਹਿਲਾ ਮਿਸ਼ਨਰੀ ਦੌਰਾ ਸ਼ੁਰੂ ਕੀਤਾ ਸੀ, ਤਾਂ ਉਨ੍ਹਾਂ ਦੀ ਮਦਦ ਕਰਨ ਵਾਸਤੇ ਮਰਕੁਸ ਵੀ ਉਨ੍ਹਾਂ ਦੇ ਨਾਲ ਗਿਆ। ਪਰ ਆਪਣੇ ਸਫ਼ਰ ਦੇ ਇਕ ਮੁਕਾਮ ਤੇ ਕਿਸੇ ਕਾਰਨ ਯੂਹੰਨਾ ਮਰਕੁਸ ਆਪਣੇ ਸਾਥੀਆਂ ਨੂੰ ਛੱਡ ਕੇ ਘਰ ਚਲਾ ਗਿਆ। ਪੌਲੁਸ ਉਸ ਦੇ ਇਸ ਫ਼ੈਸਲੇ ਤੋਂ ਇੰਨਾ ਨਿਰਾਸ਼ ਹੋਇਆ ਕਿ ਦੂਜੇ ਦੌਰੇ ਦੀ ਯੋਜਨਾ ਬਣਾਉਂਦੇ ਵੇਲੇ, ਉਸ ਦਾ ਬਰਨਬਾਸ ਨਾਲ ਝਗੜਾ ਹੋ ਗਿਆ ਕਿ ਮਰਕੁਸ ਨੂੰ ਦੁਬਾਰਾ ਨਾਲ ਲੈ ਜਾਣਾ ਚਾਹੀਦਾ ਸੀ ਜਾਂ ਨਹੀਂ। ਪਹਿਲੇ ਦੌਰੇ ਤੇ ਜੋ ਕੁਝ ਹੋਇਆ ਸੀ, ਉਸ ਕਾਰਨ ਪੌਲੁਸ ਮਰਕੁਸ ਨੂੰ ਨਾਲ ਨਹੀਂ ਸੀ ਲੈ ਜਾਣਾ ਚਾਹੁੰਦਾ।—ਰਸੂਲਾਂ ਦੇ ਕਰਤੱਬ 13:1-5, 13; 15:37, 38 ਪੜ੍ਹੋ।

17, 18. ਸਾਨੂੰ ਕਿਵੇਂ ਪਤਾ ਹੈ ਕਿ ਪੌਲੁਸ ਤੇ ਮਰਕੁਸ ਦੇ ਆਪਸੀ ਮਤਭੇਦ ਦੂਰ ਹੋ ਗਏ ਸਨ ਅਤੇ ਅਸੀਂ ਇਸ ਤੋਂ ਕੀ ਸਿੱਖ ਸਕਦੇ ਹਾਂ?

17 ਜ਼ਾਹਰ ਹੈ ਕਿ ਮਰਕੁਸ ਜ਼ਿਆਦਾ ਨਿਰਾਸ਼ ਨਹੀਂ ਸੀ ਹੋਇਆ ਜਦੋਂ ਪੌਲੁਸ ਨੇ ਉਸ ਨੂੰ ਨਕਾਰ ਦਿੱਤਾ ਸੀ ਕਿਉਂਕਿ ਉਸ ਨੇ ਇਕ ਹੋਰ ਇਲਾਕੇ ਵਿਚ ਬਰਨਬਾਸ ਨਾਲ ਆਪਣਾ ਮਿਸ਼ਨਰੀ ਕੰਮ ਜਾਰੀ ਰੱਖਿਆ। (ਰਸੂ. 15:39) ਕੁਝ ਸਾਲਾਂ ਬਾਅਦ ਪੌਲੁਸ ਨੇ ਉਸ ਬਾਰੇ ਜੋ ਕੁਝ ਲਿਖਿਆ, ਉਸ ਤੋਂ ਪਤਾ ਲੱਗਦਾ ਹੈ ਕਿ ਮਰਕੁਸ ਨੇ ਆਪਣੇ ਆਪ ਨੂੰ ਵਫ਼ਾਦਾਰ ਤੇ ਭਰੋਸੇਯੋਗ ਸਾਬਤ ਕਰ ਦਿੱਤਾ ਸੀ। ਪੌਲੁਸ ਰੋਮ ਵਿਚ ਕੈਦੀ ਸੀ ਜਦੋਂ ਉਸ ਨੇ ਚਿੱਠੀ ਰਾਹੀਂ ਤਿਮੋਥਿਉਸ ਨੂੰ ਆਪਣੇ ਕੋਲ ਬੁਲਾਇਆ ਸੀ। ਉਸੇ ਚਿੱਠੀ ਵਿਚ ਪੌਲੁਸ ਨੇ ਕਿਹਾ: “ਤੂੰ ਮਰਕੁਸ ਨੂੰ ਨਾਲ ਲੈ ਕੇ ਆਵੀਂ ਕਿਉਂ ਜੋ ਉਹ ਸੇਵਾ ਲਈ ਮੇਰੇ ਕੰਮ ਦਾ ਹੈ।” (2 ਤਿਮੋ. 4:11) ਹਾਂ, ਪੌਲੁਸ ਨੂੰ ਪਤਾ ਲੱਗ ਗਿਆ ਸੀ ਕਿ ਮਰਕੁਸ ਨੇ ਚੰਗੀ ਤਰੱਕੀ ਕਰ ਲਈ ਸੀ।

18 ਇਸ ਬਿਰਤਾਂਤ ਤੋਂ ਵੀ ਅਸੀਂ ਕਾਫ਼ੀ ਕੁਝ ਸਿੱਖ ਸਕਦੇ ਹਾਂ। ਮਰਕੁਸ ਨੇ ਆਪਣੇ ਵਿਚ ਅਜਿਹੇ ਗੁਣ ਪੈਦਾ ਕਰ ਲਏ ਸਨ ਜੋ ਚੰਗੇ ਮਿਸ਼ਨਰੀ ਵਿਚ ਹੋਣੇ ਚਾਹੀਦੇ ਸਨ। ਉਸ ਨੇ ਠੋਕਰ ਨਹੀਂ ਖਾਧੀ ਕਿ ਪੌਲੁਸ ਨੇ ਉਸ ਨੂੰ ਪਹਿਲਾਂ ਨਕਾਰ ਦਿੱਤਾ ਸੀ। ਮਰਕੁਸ ਅਤੇ ਪੌਲੁਸ ਦੀ ਨਿਹਚਾ ਮਜ਼ਬੂਤ ਸੀ ਜਿਸ ਕਰਕੇ ਉਨ੍ਹਾਂ ਵਿਚਕਾਰ ਕੋਈ ਗਿਲਾ-ਸ਼ਿਕਵਾ ਨਹੀਂ ਰਿਹਾ। ਇਸ ਦੇ ਉਲਟ, ਬਾਅਦ ਵਿਚ ਪੌਲੁਸ ਨੇ ਮਰਕੁਸ ਨੂੰ ਕੰਮ ਦਾ ਬੰਦਾ ਕਿਹਾ ਸੀ। ਸੋ ਜਦੋਂ ਭਰਾ ਆਪਸੀ ਮਤਭੇਦਾਂ ਨੂੰ ਦੂਰ ਕਰ ਲੈਂਦੇ ਹਨ, ਤਾਂ ਉਨ੍ਹਾਂ ਲਈ ਇਹੀ ਚੰਗਾ ਹੈ ਕਿ ਉਹ ਅੱਗੇ ਵਧਦੇ ਜਾਣ ਤੇ ਸੱਚਾਈ ਵਿਚ ਤਰੱਕੀ ਕਰਨ ਵਿਚ ਦੂਸਰਿਆਂ ਦੀ ਮਦਦ ਕਰਨ। ਦੂਸਰਿਆਂ ਵਿਚ ਚੰਗੇ ਗੁਣ ਦੇਖਣ ਨਾਲ ਕਲੀਸਿਯਾ ਦੀ ਉੱਨਤੀ ਹੁੰਦੀ ਹੈ।

ਕਲੀਸਿਯਾ ਅਤੇ ਤੁਸੀਂ

19. ਕਲੀਸਿਯਾ ਦੇ ਸਾਰੇ ਮੈਂਬਰ ਇਕ-ਦੂਜੇ ਦੀ ਕੀ ਮਦਦ ਕਰ ਸਕਦੇ ਹਨ?

19 ਇਨ੍ਹਾਂ ‘ਭੈੜਿਆਂ ਸਮਿਆਂ’ ਵਿਚ ਤੁਹਾਨੂੰ ਆਪਣੀ ਕਲੀਸਿਯਾ ਦੇ ਭੈਣਾਂ-ਭਰਾਵਾਂ ਦੀ ਮਦਦ ਦੀ ਲੋੜ ਹੈ ਅਤੇ ਉਨ੍ਹਾਂ ਨੂੰ ਤੁਹਾਡੀ ਮਦਦ ਦੀ ਲੋੜ ਹੈ। (2 ਤਿਮੋ. 3:1) ਇਕੱਲੇ-ਇਕੱਲੇ ਮਸੀਹੀ ਨੂੰ ਸ਼ਾਇਦ ਪਤਾ ਨਹੀਂ ਕਿ ਸਫ਼ਲਤਾ ਨਾਲ ਮੁਸ਼ਕਲ ਹਾਲਾਤਾਂ ਦਾ ਸਾਮ੍ਹਣਾ ਕਿਵੇਂ ਕੀਤਾ ਜਾਵੇ, ਪਰ ਯਹੋਵਾਹ ਜਾਣਦਾ ਹੈ। ਉਹ ਕਲੀਸਿਯਾ ਦੇ ਵੱਖੋ-ਵੱਖਰੇ ਭੈਣਾਂ-ਭਰਾਵਾਂ ਨੂੰ ਅਤੇ ਤੁਹਾਨੂੰ ਦੂਸਰਿਆਂ ਦੀ ਮਦਦ ਕਰਨ ਲਈ ਵਰਤ ਸਕਦਾ ਹੈ ਤਾਂਕਿ ਉਹ ਸਹੀ ਰਾਹ ’ਤੇ ਚੱਲਦੇ ਰਹਿਣ। (ਯਸਾ. 30:20, 21; 32:1, 2) ਤਾਂ ਫਿਰ, ਪੌਲੁਸ ਰਸੂਲ ਦੀ ਸਲਾਹ ’ਤੇ ਚੱਲੋ! ‘ਇੱਕ ਦੂਏ ਨੂੰ ਤਸੱਲੀ ਦਿੰਦੇ ਰਹੋ ਅਤੇ ਇੱਕ ਦੂਏ ਦੀ ਉੱਨਤੀ ਕਰਦੇ ਰਹੋ ਜਿਵੇਂ ਤੁਸੀਂ ਕਰਦੇ ਵੀ ਹੋ।’—1 ਥੱਸ. 5:11.

ਤੁਸੀਂ ਕਿਵੇਂ ਜਵਾਬ ਦਿਓਗੇ?

• ਮਸੀਹੀ ਕਲੀਸਿਯਾ ਵਿਚ ਇਕ-ਦੂਸਰੇ ਨੂੰ ਉਤਸ਼ਾਹ ਦੇਣਾ ਕਿਉਂ ਜ਼ਰੂਰੀ ਹੈ?

• ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਨਾਲ ਸਿੱਝਣ ਵਿਚ ਤੁਸੀਂ ਦੂਜਿਆਂ ਦੀ ਮਦਦ ਕਰ ਸਕਦੇ ਹੋ?

• ਸਾਨੂੰ ਕਲੀਸਿਯਾ ਦੇ ਭੈਣਾਂ-ਭਰਾਵਾਂ ਤੋਂ ਮਦਦ ਦੀ ਕਿਉਂ ਲੋੜ ਹੈ?

[ਸਵਾਲ]

[ਸਫ਼ਾ 11 ਉੱਤੇ ਤਸਵੀਰ]

ਜੇ ਕੋਈ ਭੈਣ-ਭਰਾ ਕਿਸੇ ਔਖੀ ਘੜੀ ਵਿੱਚੋਂ ਲੰਘ ਰਿਹਾ ਹੈ, ਤਾਂ ਅਸੀਂ ਉਸ ਦੀ ਮਦਦ ਕਰ ਸਕਦੇ ਹਾਂ

[ਸਫ਼ਾ 12 ਉੱਤੇ ਤਸਵੀਰ]

ਅੱਜ ਕਲੀਸਿਯਾ ਵਿਚ ਕਈ ਨੌਜਵਾਨ ਮੁੰਡੇ-ਕੁੜੀਆਂ ਹਨ ਜਿਨ੍ਹਾਂ ਵਿਚ ਕਾਫ਼ੀ ਕੁਝ ਕਰਨ ਦੀ ਕਾਬਲੀਅਤ ਹੈ