Skip to content

Skip to table of contents

ਜੀਵਨ-ਸਾਥੀ ਦੀ ਬੇਵਫ਼ਾਈ ਨਾਲ ਕਿਵੇਂ ਸਿੱਝਿਆ ਜਾਵੇ

ਜੀਵਨ-ਸਾਥੀ ਦੀ ਬੇਵਫ਼ਾਈ ਨਾਲ ਕਿਵੇਂ ਸਿੱਝਿਆ ਜਾਵੇ

ਜੀਵਨ-ਸਾਥੀ ਦੀ ਬੇਵਫ਼ਾਈ ਨਾਲ ਕਿਵੇਂ ਸਿੱਝਿਆ ਜਾਵੇ

ਮਾਰਗ੍ਰੇਤਾ ਅਤੇ ਉਸ ਦਾ ਪਤੀ ਰਾਉਲ ਦੋਵੇਂ ਕਈ ਸਾਲਾਂ ਤੋਂ ਯਹੋਵਾਹ ਦੀ ਫੁੱਲ-ਟਾਈਮ ਸੇਵਾ ਕਰਦੇ ਸਨ। * ਪਰ ਉਨ੍ਹਾਂ ਦੇ ਪਹਿਲੇ ਬੱਚੇ ਦੇ ਜਨਮ ਤੋਂ ਥੋੜ੍ਹੀ ਹੀ ਦੇਰ ਬਾਅਦ, ਰਾਉਲ ਹੌਲੀ-ਹੌਲੀ ਯਹੋਵਾਹ ਤੋਂ ਦੂਰ ਹੋਣ ਲੱਗ ਪਿਆ। ਅਖ਼ੀਰ ਵਿਚ ਰਾਉਲ ਬਦਚਲਣ ਕੰਮ ਕਰਨ ਲੱਗ ਪਿਆ ਜਿਸ ਕਰਕੇ ਉਸ ਨੂੰ ਮਸੀਹੀ ਕਲੀਸਿਯਾ ਵਿੱਚੋਂ ਛੇਕ ਦਿੱਤਾ ਗਿਆ। ਮਾਰਗ੍ਰੇਤਾ ਨੇ ਕਿਹਾ ਕਿ “ਜਦੋਂ ਇਹ ਸਭ ਕੁਝ ਹੋਇਆ, ਤਾਂ ਮੈਨੂੰ ਇੱਦਾਂ ਲੱਗਾ ਜਿੱਦਾਂ ਕਿ ਮੈਂ ਮਰ ਚੱਲੀ ਹੋਵਾਂ। ਮੇਰਾ ਤਾਂ ਦਿਲ ਹੀ ਟੁੱਟ ਗਿਆ ਤੇ ਪਤਾ ਨਹੀਂ ਲੱਗ ਰਿਹਾ ਸੀ ਕਿ ਮੈਂ ਕੀ ਕਰਾਂ।”

ਜੇਨ ਦੇ ਵਿਆਹ ਤੋਂ ਥੋੜ੍ਹੀ ਹੀ ਦੇਰ ਬਾਅਦ, ਉਸ ਦੇ ਪਤੀ ਨੇ ਉਸ ਦੀ ਮੁਹੱਬਤ ਤੇ ਵਿਸ਼ਵਾਸ ਦਾ ਇਕ ਹੋਰ ਤਰੀਕੇ ਨਾਲ ਘਾਤ ਕੀਤਾ। ਉਹ ਉਸ ਨੂੰ ਮਾਰਨ-ਕੁੱਟਣ ਲੱਗ ਪਿਆ। ਜੇਨ ਨੇ ਦੱਸਿਆ ਕਿ “ਪਹਿਲੀ ਵਾਰੀ ਜਦੋਂ ਉਸ ਨੇ ਮੇਰੇ ਮੁੱਕਾ ਮਾਰਿਆ, ਤਾਂ ਮੈਂ ਹੈਰਾਨ ਹੀ ਰਹਿ ਗਈ ਕਿ ਉਸ ਨੇ ਮੇਰਾ ਇੰਨਾ ਨਿਰਾਦਰ ਕੀਤਾ। ਮੈਨੂੰ ਬਹੁਤ ਸ਼ਰਮ ਆਈ। ਮੈਨੂੰ ਮਾਰਨ ਦੀ ਉਸ ਦੀ ਆਦਤ ਬਣ ਗਈ, ਪਰ ਬਾਅਦ ਵਿਚ ਉਹ ਗਿੜਗਿੜਾ ਕੇ ਮਾਫ਼ੀ ਮੰਗ ਲੈਂਦਾ ਸੀ। ਮੈਂ ਸੋਚਿਆ ਕਿ ਮਸੀਹੀ ਹੋਣ ਕਾਰਨ ਉਸ ਨੂੰ ਮਾਫ਼ ਕਰ ਕੇ ਸਭ ਕੁਝ ਭੁਲਾ ਦੇਣਾ ਮੇਰਾ ਫ਼ਰਜ਼ ਸੀ। ਮੈਂ ਸੋਚਿਆ ਕਿ ਘਰ ਦੀ ਗੱਲ ਕਿਸੇ ਨੂੰ ਨਹੀਂ ਦੱਸਣੀ ਚਾਹੀਦੀ, ਇੱਥੋਂ ਤਕ ਕਿ ਕਲੀਸਿਯਾ ਦੇ ਬਜ਼ੁਰਗਾਂ ਨੂੰ ਵੀ ਨਹੀਂ। ਉਸ ਦੀ ਮਾਰਨ-ਕੁੱਟਣ ਦੀ ਆਦਤ ਅਤੇ ਮਾਫ਼ ਦਾ ਸਿਲਸਿਲਾ ਕਈ ਸਾਲਾਂ ਤਕ ਚੱਲਦਾ ਰਿਹਾ। ਇਨ੍ਹਾਂ ਸਾਲਾਂ ਦੌਰਾਨ ਮੈਂ ਸੋਚਿਆ ਕਿ ਆਪਣੇ ਪਤੀ ਦਾ ਪਿਆਰ ਪਾਉਣ ਲਈ ਮੈਨੂੰ ਕੁਝ ਹੋਰ ਕਰਨ ਦੀ ਲੋੜ ਹੈ। ਅਖ਼ੀਰ ਵਿਚ ਜਦੋਂ ਉਹ ਸਾਨੂੰ ਮਾਂ-ਧੀ ਦੋਵਾਂ ਨੂੰ ਛੱਡ ਕੇ ਚਲਾ ਗਿਆ, ਤਾਂ ਮੈਂ ਸੋਚਿਆ ਕਿ ਮੇਰੀ ਗ਼ਲਤੀ ਕਰਕੇ ਇੱਦਾਂ ਹੋਇਆ। ਮੈਨੂੰ ਆਪਣੇ ਵਿਆਹੁਤਾ-ਬੰਧਨ ਨੂੰ ਬਚਾਉਣ ਲਈ ਜ਼ਿਆਦਾ ਕੁਝ ਕਹਿਣਾ ਜਾਂ ਕਰਨਾ ਚਾਹੀਦਾ ਸੀ।”

ਮਾਰਗ੍ਰੇਤਾ ਅਤੇ ਜੇਨ ਦੀ ਤਰ੍ਹਾਂ ਸ਼ਾਇਦ ਤੁਸੀਂ ਵੀ ਮਨੋਂ ਦੁਖੀ ਹੋਵੋ ਤੇ ਤੁਹਾਨੂੰ ਸ਼ਾਇਦ ਪੈਸੇ ਦੀ ਵੀ ਤੰਗੀ ਹੋਵੇ। ਤੁਹਾਡੇ ਪਤੀ ਦੀ ਬੇਵਫ਼ਾਈ ਕਾਰਨ ਸ਼ਾਇਦ ਯਹੋਵਾਹ ਨਾਲ ਤੁਹਾਡੇ ਰਿਸ਼ਤੇ ’ਤੇ ਵੀ ਅਸਰ ਪਿਆ ਹੋਵੇ। ਜਾਂ ਸ਼ਾਇਦ ਤੁਸੀਂ ਇਕ ਪਤੀ ਹੋ ਤੇ ਆਪਣੀ ਪਤਨੀ ਦੀ ਬੇਵਫ਼ਾਈ ਕਾਰਨ ਦੁਖੀ ਹੋ ਅਤੇ ਮੁਸ਼ਕਲਾਂ ਦਾ ਸਾਮ੍ਹਣਾ ਕਰ ਰਹੇ ਹੋ। ਇਸ ਵਿਚ ਕੋਈ ਸ਼ੱਕ ਨਹੀਂ ਕਿ ਬਾਈਬਲ ਦੀ ਭਵਿੱਖਬਾਣੀ ਅਨੁਸਾਰ ਅਸੀਂ ‘ਭੈੜੇ ਸਮਿਆਂ’ ਵਿਚ ਰਹਿ ਰਹੇ ਹਾਂ। ਇਹ ਭਵਿੱਖਬਾਣੀ ਕਹਿੰਦੀ ਹੈ ਕਿ “ਅੰਤ ਦਿਆਂ ਦਿਨਾਂ” ਦੌਰਾਨ ਪਰਿਵਾਰਾਂ ਵਿਚ ਸਮੱਸਿਆਵਾਂ ਆਉਣਗੀਆਂ ਤੇ ਕਈ ਪਰਿਵਾਰਾਂ ਵਿਚ ਤਾਂ ਕੁਦਰਤੀ ਮੋਹ ਵੀ ਨਹੀਂ ਹੋਵੇਗਾ। ਪਰਮੇਸ਼ੁਰ ਦੀ ਸੇਵਾ ਕਰਨ ਦਾ ਕਈਆਂ ਦਾ ਦਾਅਵਾ ਝੂਠਾ ਹੀ ਹੋਵੇਗਾ। (2 ਤਿਮੋ. 3:1-5) ਸੱਚੇ ਮਸੀਹੀ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਮੁਕਤ ਨਹੀਂ ਹਨ, ਇਸ ਕਰਕੇ ਜੇ ਤੁਹਾਡੇ ਨਾਲ ਬੇਵਫ਼ਾਈ ਹੋਈ ਹੈ, ਤਾਂ ਤੁਸੀਂ ਇਸ ਨਾਲ ਕਿਵੇਂ ਸਿੱਝ ਸਕਦੇ ਹੋ?

ਆਪਣੇ ਆਪ ਨੂੰ ਯਹੋਵਾਹ ਦੀਆਂ ਨਜ਼ਰਾਂ ਤੋਂ ਦੇਖੋ

ਪਹਿਲਾਂ-ਪਹਿਲ ਤੁਹਾਨੂੰ ਸ਼ਾਇਦ ਯਕੀਨ ਨਾ ਆਵੇ ਕਿ ਤੁਹਾਡਾ ਅਜ਼ੀਜ਼ ਤੁਹਾਨੂੰ ਇੰਨਾ ਦੁੱਖ ਪਹੁੰਚਾ ਸਕਦਾ ਹੈ। ਤੁਸੀਂ ਉਸ ਦੇ ਗ਼ਲਤ ਚਾਲ-ਚਲਣ ਲਈ ਸ਼ਾਇਦ ਆਪਣੇ ਆਪ ਨੂੰ ਕਸੂਰਵਾਰ ਮੰਨਦੇ ਹੋ।

ਪਰ ਯਾਦ ਰੱਖੋ ਕਿ ਸੰਪੂਰਣ ਮਨੁੱਖ ਯਿਸੂ ਨਾਲ ਵੀ ਉਸ ਦੇ ਪਿਆਰੇ ਮਿੱਤਰ ਨੇ ਦਗ਼ਾ ਕੀਤਾ ਸੀ ਜਿਸ ’ਤੇ ਉਹ ਵਿਸ਼ਵਾਸ ਕਰਦਾ ਸੀ। ਯਿਸੂ ਨੇ ਬਹੁਤ ਪ੍ਰਾਰਥਨਾ ਕਰਨ ਤੋਂ ਬਾਅਦ ਹੀ ਆਪਣੇ ਸਭ ਤੋਂ ਨਜ਼ਦੀਕੀ ਸਾਥੀਆਂ ਯਾਨੀ ਆਪਣੇ ਰਸੂਲਾਂ ਨੂੰ ਚੁਣਿਆ ਸੀ। ਉਸ ਸਮੇਂ ਉਹ 12 ਚੇਲੇ ਯਹੋਵਾਹ ਦੇ ਵਿਸ਼ਵਾਸਯੋਗ ਸੇਵਕ ਸਨ। ਇਸ ਕਰਕੇ ਯਿਸੂ ਨੂੰ ਬਹੁਤ ਦੁੱਖ ਹੋਇਆ ਸੀ ਜਦੋਂ ਯਹੂਦਾਹ ਨੇ ਉਸ ਨੂੰ ‘ਫੜਵਾ’ ਦਿੱਤਾ। (ਲੂਕਾ 6:12-16) ਪਰ ਯਹੋਵਾਹ ਨੇ ਯਹੂਦਾਹ ਦੀ ਬੇਵਫ਼ਾਈ ਦਾ ਕਸੂਰਵਾਰ ਯਿਸੂ ਨੂੰ ਨਹੀਂ ਮੰਨਿਆ।

ਇਹ ਗੱਲ ਸੱਚ ਹੈ ਕਿ ਇਸ ਵੇਲੇ ਕੋਈ ਵੀ ਵਿਆਹੁਤਾ-ਸਾਥੀ ਸੰਪੂਰਣ ਨਹੀਂ ਹੈ। ਦੋਵੇਂ ਗ਼ਲਤੀਆਂ ਕਰਨਗੇ। ਜ਼ਬੂਰਾਂ ਦੇ ਲਿਖਾਰੀ ਨੇ ਪਰਮੇਸ਼ੁਰ ਦੀ ਪ੍ਰੇਰਣਾ ਅਧੀਨ ਠੀਕ ਹੀ ਲਿਖਿਆ ਸੀ: “ਹੇ ਯਹੋਵਾਹ, ਜੇ ਤੂੰ ਬਦੀਆਂ ਦਾ ਲੇਖਾ ਕਰਦਾ, ਤਾਂ ਪ੍ਰਭੁ ਜੀ, ਕੌਣ ਖੜਾ ਰਹਿ ਸੱਕਦਾ?” (ਜ਼ਬੂ. 130:3) ਯਹੋਵਾਹ ਦੀ ਰੀਸ ਕਰਦਿਆਂ ਪਤੀ-ਪਤਨੀ ਨੂੰ ਇਕ-ਦੂਜੇ ਦੀਆਂ ਗ਼ਲਤੀਆਂ ਮਾਫ਼ ਕਰ ਦੇਣੀਆਂ ਚਾਹੀਦੀਆਂ ਹਨ।—1 ਪਤ. 4:8.

ਪਰ “ਸਾਡੇ ਵਿੱਚੋਂ ਹਰੇਕ ਨੇ ਪਰਮੇਸ਼ੁਰ ਨੂੰ ਆਪੋ ਆਪਣਾ ਲੇਖਾ ਦੇਣਾ ਹੈ।” (ਰੋਮੀ. 14:12) ਜੇ ਪਤਨੀ ਜਾਂ ਪਤੀ ਆਦਤ ਅਨੁਸਾਰ ਗਾਲ੍ਹਾਂ ਕੱਢਦਾ ਜਾਂ ਮਾਰਦਾ-ਕੁੱਟਦਾ ਰਹਿੰਦਾ ਹੈ, ਤਾਂ ਉਸ ਨੂੰ ਯਹੋਵਾਹ ਨੂੰ ਲੇਖਾ ਦੇਣਾ ਪਵੇਗਾ। ਯਹੋਵਾਹ ਹਿੰਸਾ ਅਤੇ ਬਦਸਲੂਕੀ ਨੂੰ ਨਿੰਦਦਾ ਹੈ, ਇਸ ਲਈ ਆਪਣੇ ਸਾਥੀ ਦਾ ਨਿਰਾਦਰ ਕਰਨਾ ਜਾਂ ਉਸ ਨਾਲ ਪਿਆਰ ਨਾਲ ਪੇਸ਼ ਨਾ ਆਉਣਾ ਕਦੇ ਵੀ ਜਾਇਜ਼ ਨਹੀਂ ਹੋ ਸਕਦਾ। (ਜ਼ਬੂ. 11:5; ਅਫ਼. 5:33; ਕੁਲੁ. 3:6-8) ਅਸਲ ਵਿਚ, ਜੇ ਇਕ ਮਸੀਹੀ ਬਿਨਾਂ ਪਛਤਾਏ ਵਾਰ-ਵਾਰ ਗੁੱਸੇ ਨਾਲ ਭੜਕ ਉੱਠਦਾ ਹੈ ਅਤੇ ਆਪਣਾ ਰਵੱਈਆ ਨਹੀਂ ਬਦਲਦਾ, ਤਾਂ ਉਸ ਨੂੰ ਮਸੀਹੀ ਕਲੀਸਿਯਾ ਵਿੱਚੋਂ ਕੱਢ ਦਿੱਤਾ ਜਾਵੇਗਾ। (ਗਲਾ. 5:19-21; 2 ਯੂਹੰ. 9, 10) ਪਤੀ ਜਾਂ ਪਤਨੀ ਨੂੰ ਆਪਣੇ ਨਾਲ ਹੋ ਰਹੇ ਬੁਰੇ ਸਲੂਕ ਬਾਰੇ ਬਜ਼ੁਰਗਾਂ ਨੂੰ ਦੱਸਣਾ ਚਾਹੀਦਾ ਹੈ ਤੇ ਇਸ ਦੇ ਕਸੂਰਵਾਰ ਆਪਣੇ ਆਪ ਨੂੰ ਨਹੀਂ ਸਮਝਣਾ ਚਾਹੀਦਾ। ਹਾਂ, ਯਹੋਵਾਹ ਨੂੰ ਬਦਸਲੂਕੀ ਦੇ ਸ਼ਿਕਾਰ ਭੈਣਾਂ-ਭਰਾਵਾਂ ਨਾਲ ਹਮਦਰਦੀ ਹੈ।

ਜਦੋਂ ਪਤੀ-ਪਤਨੀ ਵਿੱਚੋਂ ਇਕ ਜਣਾ ਵਿਭਚਾਰ ਕਰਦਾ ਹੈ, ਤਾਂ ਉਹ ਆਪਣੇ ਬੇਕਸੂਰ ਸਾਥੀ ਦੇ ਵਿਰੁੱਧ ਹੀ ਨਹੀਂ, ਸਗੋਂ ਯਹੋਵਾਹ ਦੇ ਵਿਰੁੱਧ ਵੀ ਪਾਪ ਕਰਦਾ ਹੈ। (ਮੱਤੀ 19:4-9; ਇਬ. 13:4) ਜੇ ਬੇਕਸੂਰ ਸਾਥੀ ਬਾਈਬਲ ਦੇ ਅਸੂਲਾਂ ਅਨੁਸਾਰ ਜੀਉਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ, ਤਾਂ ਉਸ ਨੂੰ ਆਪਣੇ ਆਪ ਨੂੰ ਕਸੂਰਵਾਰ ਸਮਝਣ ਦੀ ਲੋੜ ਨਹੀਂ ਹੈ ਕਿ ਉਸ ਦੇ ਕਾਰਨ ਹੀ ਉਸ ਦੇ ਦਗ਼ਾਬਾਜ਼ ਜੀਵਨ-ਸਾਥੀ ਨੇ ਜ਼ਨਾਹ ਕੀਤਾ ਹੈ।

ਯਾਦ ਰੱਖੋ ਕਿ ਯਹੋਵਾਹ ਜਾਣਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ। ਉਹ ਕਹਿੰਦਾ ਹੈ ਕਿ ਉਹ ਇਸਰਾਏਲ ਕੌਮ ਦਾ ਪਤੀ ਹੈ। ਉਸ ਦੇ ਬਚਨ ਵਿਚ ਉਹ ਦਰਦ-ਭਰੇ ਬਿਆਨ ਪਾਏ ਜਾਂਦੇ ਹਨ ਜਿਨ੍ਹਾਂ ਤੋਂ ਪਤਾ ਚੱਲਦਾ ਹੈ ਕਿ ਜਦੋਂ ਉਸ ਦੀ ਕੌਮ ਨੇ ਦੂਸਰੇ ਦੇਵੀ-ਦੇਵਤਿਆਂ ਦੇ ਮਗਰ ਲੱਗ ਕੇ ਜ਼ਨਾਹ ਕੀਤਾ, ਤਾਂ ਉਹ ਕਿੰਨਾ ਦੁਖੀ ਹੋਇਆ ਸੀ। (ਯਸਾ. 54:5, 6; ਯਿਰ. 3:1, 6-10) ਯਕੀਨ ਕਰੋ ਕਿ ਯਹੋਵਾਹ ਚੰਗੀ ਤਰ੍ਹਾਂ ਜਾਣਦਾ ਹੈ ਕਿ ਤੁਸੀਂ ਆਪਣੇ ਬੇਵਫ਼ਾ ਸਾਥੀ ਦੇ ਕਾਰਨ ਕਿੰਨੇ ਹੰਝੂ ਵਹਾਏ ਹਨ। (ਮਲਾ. 2:13, 14) ਉਹ ਜਾਣਦਾ ਹੈ ਕਿ ਤੁਹਾਨੂੰ ਕਿੰਨੇ ਦਿਲਾਸੇ ਅਤੇ ਹੌਸਲੇ ਦੀ ਲੋੜ ਹੈ।

ਯਹੋਵਾਹ ਕਿੱਦਾਂ ਦਿਲਾਸਾ ਦਿੰਦਾ ਹੈ

ਮਸੀਹੀ ਕਲੀਸਿਯਾ ਇਕ ਜ਼ਰੀਆ ਹੈ ਜਿਸ ਦੁਆਰਾ ਯਹੋਵਾਹ ਦਿਲਾਸਾ ਦਿੰਦਾ ਹੈ। ਜੇਨ ਨੂੰ ਅਜਿਹਾ ਦਿਲਾਸਾ ਮਿਲਿਆ। ਉਸ ਨੇ ਕਿਹਾ: “ਜਦੋਂ ਮੈਂ ਬਹੁਤ ਹੀ ਨਿਰਾਸ਼ ਸੀ, ਉਸ ਵੇਲੇ ਸਾਡੀ ਕਲੀਸਿਯਾ ਵਿਚ ਸਰਕਟ ਨਿਗਾਹਬਾਨ ਦਾ ਦੌਰਾ ਸ਼ੁਰੂ ਹੋਇਆ। ਉਹ ਭਰਾ ਜਾਣਦਾ ਸੀ ਕਿ ਮੇਰਾ ਪਤੀ ਮੈਨੂੰ ਤਲਾਕ ਦੇਣ ਦੀ ਕਾਰਵਾਈ ਸ਼ੁਰੂ ਕਰ ਚੁੱਕਾ ਸੀ ਜਿਸ ਕਰਕੇ ਮੈਂ ਬਹੁਤ ਦੁਖੀ ਸੀ। ਉਸ ਨੇ ਸਮਾਂ ਕੱਢ ਕੇ ਕਈ ਹਵਾਲਿਆਂ ਉੱਤੇ ਸੋਚ-ਵਿਚਾਰ ਕਰਨ ਵਿਚ ਮੇਰੀ ਮਦਦ ਕੀਤੀ ਜਿਨ੍ਹਾਂ ਵਿੱਚੋਂ ਇਕ ਸੀ 1 ਕੁਰਿੰਥੀਆਂ 7:15. ਬਾਈਬਲ ਦੀਆਂ ਆਇਤਾਂ ਅਤੇ ਉਸ ਦੀਆਂ ਪਿਆਰ-ਭਰੀਆਂ ਟਿੱਪਣੀਆਂ ਦੀ ਮਦਦ ਨਾਲ ਮੈਂ ਦੋਸ਼ੀ ਭਾਵਨਾਵਾਂ ਤੋਂ ਮੁਕਤ ਹੋ ਗਈ ਤੇ ਮੈਨੂੰ ਕੁਝ ਹੱਦ ਤਕ ਮਨ ਦੀ ਸ਼ਾਂਤੀ ਮਿਲੀ।” *

ਪਹਿਲਾਂ ਜ਼ਿਕਰ ਕੀਤੀ ਗਈ ਮਾਰਗ੍ਰੇਤਾ ਨੇ ਇਹ ਵੀ ਦੇਖਿਆ ਕਿ ਯਹੋਵਾਹ ਮਸੀਹੀ ਕਲੀਸਿਯਾ ਦੇ ਜ਼ਰੀਏ ਮਦਦ ਦਿੰਦਾ ਹੈ। ਉਸ ਨੇ ਕਿਹਾ ਕਿ “ਜਦੋਂ ਇਹ ਜ਼ਾਹਰ ਹੋ ਗਿਆ ਕਿ ਮੇਰੇ ਪਤੀ ਨੂੰ ਆਪਣੀਆਂ ਗ਼ਲਤੀਆਂ ਦਾ ਕੋਈ ਪਛਤਾਵਾ ਨਹੀਂ ਹੈ, ਤਾਂ ਮੈਂ ਆਪਣੇ ਮੁੰਡਿਆਂ ਨੂੰ ਲੈ ਕੇ ਇਕ ਹੋਰ ਸ਼ਹਿਰ ਵਿਚ ਰਹਿਣ ਚਲੀ ਗਈ। ਉੱਥੇ ਪਹੁੰਚ ਕੇ ਮੈਂ ਦੋ ਕਮਰੇ ਕਿਰਾਏ ਤੇ ਲੈ ਲਏ। ਅਗਲੇ ਦਿਨ ਮੈਂ ਬਹੁਤ ਹੀ ਉਦਾਸ ਸੀ ਅਤੇ ਆਪਣਾ ਸਾਮਾਨ ਖੋਲ੍ਹ ਰਹੀ ਸੀ ਜਦੋਂ ਕਿਸੇ ਨੇ ਸਾਡਾ ਦਰਵਾਜ਼ਾ ਖੜਕਾਇਆ। ਮੈਂ ਸੋਚਿਆ ਕਿ ਘਰ ਦੀ ਮਾਲਕਣ ਹੋਣੀ ਜੋ ਨਾਲ ਦੇ ਘਰ ਰਹਿੰਦੀ ਸੀ। ਮੈਂ ਇਹ ਦੇਖ ਕੇ ਬਹੁਤ ਹੈਰਾਨ ਹੋਈ ਕਿ ਇਹ ਤਾਂ ਉਹ ਭੈਣ ਸੀ ਜਿਸ ਨੇ ਮੇਰੀ ਮਾਂ ਨਾਲ ਸਟੱਡੀ ਕੀਤੀ ਸੀ ਤੇ ਸੱਚਾਈ ਅਪਣਾਉਣ ਵਿਚ ਸਾਡੇ ਪਰਿਵਾਰ ਦੀ ਮਦਦ ਕੀਤੀ ਸੀ। ਉਹ ਮੈਨੂੰ ਮਿਲਣ ਨਹੀਂ ਆਈ ਸੀ, ਬਲਕਿ ਘਰ ਦੀ ਮਾਲਕਣ ਨੂੰ ਮਿਲਣ ਆਈ ਸੀ ਜਿਸ ਨਾਲ ਉਹ ਬਾਈਬਲ ਸਟੱਡੀ ਕਰਦੀ ਸੀ। ਮੈਨੂੰ ਕਿੰਨੀ ਰਾਹਤ ਮਿਲੀ ਤੇ ਮੇਰਾ ਦਿਲ ਭਰ ਆਇਆ। ਮੈਂ ਉਸ ਨੂੰ ਆਪਣਾ ਸਾਰਾ ਹਾਲ ਸੁਣਾਇਆ ਤੇ ਅਸੀਂ ਦੋਵੇਂ ਰੋਣ ਲੱਗ ਪਈਆਂ। ਉਸ ਨੇ ਝੱਟ ਸਾਡੇ ਲਈ ਉਸੇ ਦਿਨ ਮੀਟਿੰਗ ’ਤੇ ਜਾਣ ਦਾ ਪ੍ਰਬੰਧ ਕੀਤਾ। ਕਲੀਸਿਯਾ ਨੇ ਸਾਡਾ ਸੁਆਗਤ ਕੀਤਾ ਤੇ ਬਜ਼ੁਰਗਾਂ ਨੇ ਕੁਝ ਪ੍ਰਬੰਧ ਕੀਤੇ ਤਾਂਕਿ ਮੇਰੇ ਪਰਿਵਾਰ ਦੀ ਨਿਹਚਾ ਮਜ਼ਬੂਤ ਹੋਵੇ।”

ਦੂਜੇ ਕਿੱਦਾਂ ਮਦਦ ਕਰ ਸਕਦੇ ਹਨ

ਮਸੀਹੀ ਕਲੀਸਿਯਾ ਦੇ ਮੈਂਬਰ ਕਈ ਤਰੀਕਿਆਂ ਨਾਲ ਮਦਦ ਕਰ ਸਕਦੇ ਹਨ। ਮਿਸਾਲ ਲਈ, ਮਾਰਗ੍ਰੇਤਾ ਨੂੰ ਹੁਣ ਨੌਕਰੀ ਲੱਭਣ ਦੀ ਲੋੜ ਸੀ। ਕਲੀਸਿਯਾ ਵਿਚ ਇਕ ਪਰਿਵਾਰ ਨੇ ਕਿਹਾ ਕਿ ਉਹ ਲੋੜ ਪੈਣ ਤੇ ਬੱਚਿਆਂ ਦੇ ਸਕੂਲੋਂ ਆਉਣ ਤੋਂ ਬਾਅਦ ਉਨ੍ਹਾਂ ਦੀ ਦੇਖ-ਭਾਲ ਕਰਨਗੇ।

ਮਾਰਗ੍ਰੇਤਾ ਨੇ ਕਿਹਾ ਕਿ “ਮੈਨੂੰ ਬਹੁਤ ਚੰਗਾ ਲੱਗਦਾ ਹੈ ਜਦੋਂ ਭੈਣ-ਭਰਾ ਪੁੱਛਦੇ ਹਨ ਕਿ ਮੈਂ ਤੇ ਮੇਰੇ ਬੱਚੇ ਉਨ੍ਹਾਂ ਨਾਲ ਪ੍ਰਚਾਰ ਕਰਨ ਜਾਈਏ।” ਇਸ ਤਰ੍ਹਾਂ ਦੀ ਮਦਦ ਦੇਣ ਨਾਲ ਕਲੀਸਿਯਾ ਦੇ ਮੈਂਬਰ ‘ਇਕ ਦੂਏ ਦਾ ਭਾਰ ਚੁੱਕਦੇ’ ਹਨ ਤੇ “ਮਸੀਹ ਦੀ ਸ਼ਰਾ ਨੂੰ” ਪੂਰਿਆਂ ਕਰਦੇ ਹਨ।—ਗਲਾ. 6:2.

ਜਿਹੜੇ ਭੈਣ-ਭਰਾ ਦੂਸਰਿਆਂ ਦੇ ਪਾਪਾਂ ਕਰਕੇ ਦੁਖੀ ਹਨ, ਉਹ ਸੱਚ-ਮੁੱਚ ਅਜਿਹੀ ਮਦਦ ਦੀ ਕਦਰ ਕਰਦੇ ਹਨ। ਮੌਨੀਕ ਦਾ ਪਤੀ ਉਸ ਦੇ ਸਿਰ ਤੇ 15,000 ਡਾਲਰ (6,90,000 ਰੁਪਏ) ਦੇ ਕਰਜ਼ੇ ਦਾ ਬੋਝ ਅਤੇ ਚਾਰ ਬੱਚਿਆਂ ਨੂੰ ਛੱਡ ਕੇ ਚਲਾ ਗਿਆ। ਉਸ ਨੇ ਕਿਹਾ: “ਕਲੀਸਿਯਾ ਦੇ ਭੈਣ-ਭਰਾ ਬਹੁਤ ਚੰਗੇ ਹਨ। ਉਨ੍ਹਾਂ ਦੀ ਮਦਦ ਤੋਂ ਬਿਨਾਂ ਪਤਾ ਨਹੀਂ ਮੇਰਾ ਕੀ ਬਣਨਾ ਸੀ। ਯਹੋਵਾਹ ਨੇ ਮੈਨੂੰ ਇੰਨੇ ਪਿਆਰੇ ਭੈਣ-ਭਰਾ ਦਿੱਤੇ ਜਿਨ੍ਹਾਂ ਨੇ ਬੱਚਿਆਂ ਨਾਲ ਆਪਣਾ ਕੀਮਤੀ ਸਮਾਂ ਗੁਜ਼ਾਰਿਆ। ਉਨ੍ਹਾਂ ਦੀ ਮਦਦ ਨਾਲ ਆਪਣੇ ਬੱਚਿਆਂ ਨੂੰ ਸੱਚਾਈ ਵਿਚ ਤਰੱਕੀ ਕਰਦੇ ਦੇਖਣਾ ਮੇਰੇ ਲਈ ਖ਼ੁਸ਼ੀ ਦੀ ਗੱਲ ਹੈ। ਜੇ ਮੈਨੂੰ ਸਲਾਹ ਦੀ ਲੋੜ ਸੀ, ਤਾਂ ਬਜ਼ੁਰਗ ਮੇਰੀ ਮਦਦ ਕਰਦੇ ਸਨ। ਜੇ ਮੈਨੂੰ ਕਿਸੇ ਨਾਲ ਗੱਲ ਕਰਨ ਦੀ ਲੋੜ ਸੀ, ਤਾਂ ਉਹ ਹਮੇਸ਼ਾ ਧਿਆਨ ਨਾਲ ਸੁਣਦੇ ਸਨ।”—ਮਰ. 10:29, 30.

ਪਰ ਇਕ ਸੱਚਾ ਦੋਸਤ ਜਾਣਦਾ ਹੈ ਕਿ ਉਸ ਨੂੰ ਕਿਸੇ ਨਾਲ ਉਸ ਵਿਸ਼ੇ ਤੇ ਗੱਲ ਨਹੀਂ ਛੇੜਨੀ ਚਾਹੀਦੀ ਜਿਸ ਨਾਲ ਉਸ ਨੂੰ ਦੁੱਖ ਪਹੁੰਚੇ। (ਉਪ. 3:7) ਮਾਰਗ੍ਰੇਤਾ ਨੇ ਕਿਹਾ: “ਮੈਂ ਆਪਣੀ ਨਵੀਂ ਕਲੀਸਿਯਾ ਵਿਚ ਭੈਣਾਂ-ਭਰਾਵਾਂ ਨਾਲ ਆਪਣੇ ਦੁੱਖਾਂ ਬਾਰੇ ਗੱਲ ਕਰਨ ਦੀ ਬਜਾਇ ਪ੍ਰਚਾਰ ਦੇ ਕੰਮ, ਬਾਈਬਲ ਸਟੱਡੀਆਂ ਤੇ ਆਪਣੇ ਬੱਚਿਆਂ ਬਾਰੇ ਗੱਲਾਂ ਕਰਨੀਆਂ ਪਸੰਦ ਕਰਦੀ ਸੀ। ਮੈਂ ਇਸ ਗੱਲ ਦੀ ਕਦਰ ਕਰਦੀ ਹਾਂ ਕਿ ਉਨ੍ਹਾਂ ਨੇ ਮੈਨੂੰ ਆਪਣਾ ਅਤੀਤ ਭੁਲਾਉਣ ਅਤੇ ਨਵੇਂ ਸਿਰਿਓਂ ਜ਼ਿੰਦਗੀ ਜੀਉਣ ਵਿਚ ਮਦਦ ਦਿੱਤੀ।”

ਬਦਲਾ ਲੈਣ ਤੋਂ ਪਰਹੇਜ਼ ਕਰੋ

ਹੋ ਸਕਦਾ ਹੈ ਕਿ ਆਪਣੇ ਵਿਆਹੁਤਾ-ਸਾਥੀ ਦੇ ਪਾਪਾਂ ਲਈ ਖ਼ੁਦ ਨੂੰ ਜ਼ਿੰਮੇਵਾਰ ਸਮਝਣ ਦੀ ਬਜਾਇ ਤੁਹਾਨੂੰ ਕਦੇ-ਕਦੇ ਗੁੱਸਾ ਆਵੇ ਕਿ ਉਸ ਦੀਆਂ ਗ਼ਲਤੀਆਂ ਕਰਕੇ ਹੀ ਤੁਸੀਂ ਇੰਨੇ ਦੁਖੀ ਹੋ। ਜੇ ਤੁਸੀਂ ਇਸ ਗੁੱਸੇ ਨੂੰ ਛੱਡਦੇ ਨਹੀਂ, ਤਾਂ ਯਹੋਵਾਹ ਪ੍ਰਤਿ ਵਫ਼ਾਦਾਰ ਰਹਿਣ ਦਾ ਤੁਹਾਡਾ ਇਰਾਦਾ ਕਮਜ਼ੋਰ ਪੈ ਸਕਦਾ ਹੈ। ਮਿਸਾਲ ਲਈ, ਤੁਸੀਂ ਸ਼ਾਇਦ ਉਸ ਬੇਵਫ਼ਾ ਸਾਥੀ ਤੋਂ ਬਦਲਾ ਲੈਣ ਦੇ ਮੌਕੇ ਭਾਲਣ ਲੱਗ ਪਓ।

ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਅੰਦਰ ਬਦਲੇ ਦੀ ਅੱਗ ਬਲ਼ ਰਹੀ ਹੈ, ਤਾਂ ਤੁਹਾਨੂੰ ਯਹੋਸ਼ੁਆ ਅਤੇ ਕਾਲੇਬ ਦੀ ਮਿਸਾਲ ’ਤੇ ਗੌਰ ਕਰਨਾ ਚਾਹੀਦਾ ਹੈ। ਇਨ੍ਹਾਂ ਵਫ਼ਾਦਾਰ ਮਨੁੱਖਾਂ ਨੇ ਆਪਣੀਆਂ ਜਾਨਾਂ ਖ਼ਤਰੇ ਵਿਚ ਪਾ ਕੇ ਵਾਅਦਾ ਕੀਤੇ ਹੋਏ ਦੇਸ਼ ਦੀ ਜਾਸੂਸੀ ਕੀਤੀ ਸੀ। ਦੂਜੇ ਜਾਸੂਸਾਂ ਦੀ ਨਿਹਚਾ ਕਮਜ਼ੋਰ ਸੀ ਤੇ ਉਨ੍ਹਾਂ ਨੇ ਲੋਕਾਂ ਨੂੰ ਯਹੋਵਾਹ ਦਾ ਕਹਿਣਾ ਨਾ ਮੰਨਣ ਤੋਂ ਰੋਕਿਆ ਸੀ। ਕੁਝ ਇਸਰਾਏਲੀ ਯਹੋਸ਼ੁਆ ਤੇ ਕਾਲੇਬ ਨੂੰ ਪੱਥਰ ਮਾਰ ਕੇ ਜਾਨੋਂ ਮਾਰਨਾ ਚਾਹੁੰਦੇ ਸਨ ਜਦੋਂ ਉਨ੍ਹਾਂ ਨੇ ਕੌਮ ਨੂੰ ਯਹੋਵਾਹ ਦੇ ਵਫ਼ਾਦਾਰ ਰਹਿਣ ਦੀ ਹੱਲਾਸ਼ੇਰੀ ਦੇਣ ਦੀ ਕੋਸ਼ਿਸ਼ ਕੀਤੀ। (ਗਿਣ. 13:25–14:10) ਨਤੀਜੇ ਵਜੋਂ, ਯਹੋਸ਼ੁਆ ਤੇ ਕਾਲੇਬ ਨੂੰ ਆਪਣੀਆਂ ਗ਼ਲਤੀਆਂ ਕਰਕੇ ਨਹੀਂ, ਸਗੋਂ ਇਸਰਾਏਲੀਆਂ ਦੀਆਂ ਗ਼ਲਤੀਆਂ ਕਰਕੇ 40 ਸਾਲਾਂ ਤਕ ਉਜਾੜ ਵਿਚ ਘੁੰਮਣਾ ਪਿਆ ਸੀ।

ਯਹੋਸ਼ੁਆ ਤੇ ਕਾਲੇਬ ਸ਼ਾਇਦ ਨਿਰਾਸ਼ ਹੋਏ ਹੋਣੇ, ਪਰ ਉਹ ਆਪਣੇ ਭਰਾਵਾਂ ਦੇ ਪਾਪਾਂ ਕਰਕੇ ਗੁੱਸੇ ਦੀ ਅੱਗ ਨਾਲ ਸੜੇ-ਬਲ਼ੇ ਨਹੀਂ। ਉਹ ਪਰਮੇਸ਼ੁਰ ਦੇ ਰਾਹ ’ਤੇ ਡਟ ਕੇ ਚੱਲਦੇ ਰਹੇ। ਉਜਾੜ ਵਿਚ 40 ਸਾਲ ਕੱਟਣ ਤੋਂ ਬਾਅਦ, ਉਨ੍ਹਾਂ ਦੋਵਾਂ ਨੂੰ ਲੇਵੀਆਂ ਅਤੇ ਆਪਣੀ ਪੀੜ੍ਹੀ ਦੇ ਬਾਕੀ ਲੋਕਾਂ ਨਾਲ ਵਾਅਦਾ ਕੀਤੇ ਹੋਏ ਦੇਸ਼ ਵਿਚ ਜਾਣ ਦਾ ਸਨਮਾਨ ਮਿਲਿਆ।—ਗਿਣ. 14:28-30; ਯਹੋ. 14:6-12.

ਤੁਹਾਨੂੰ ਸ਼ਾਇਦ ਕਾਫ਼ੀ ਸਮੇਂ ਤਕ ਆਪਣੇ ਬੇਵਫ਼ਾ ਸਾਥੀ ਕਰਕੇ ਦੁੱਖ ਝੱਲਣੇ ਪੈਣ। ਭਾਵੇਂ ਤੁਹਾਡਾ ਵਿਆਹੁਤਾ-ਬੰਧਨ ਟੁੱਟ ਚੁੱਕਾ ਹੈ, ਪਰ ਤੁਹਾਡੇ ਜ਼ਖ਼ਮ ਸ਼ਾਇਦ ਹਾਲੇ ਵੀ ਤਾਜ਼ੇ ਹੋਣ ਤੇ ਬਾਅਦ ਵਿਚ ਤੁਹਾਨੂੰ ਸ਼ਾਇਦ ਪੈਸਿਆਂ ਦੀ ਵੀ ਤੰਗੀ ਆਵੇ। ਪਰ ਨਿਰਾਸ਼ਾ ਦੇ ਕਾਲੇ ਬੱਦਲਾਂ ਹੇਠ ਰਹਿਣ ਦੀ ਬਜਾਇ, ਯਾਦ ਰੱਖੋ ਕਿ ਯਹੋਵਾਹ ਉਨ੍ਹਾਂ ਨਾਲ ਸਿੱਝਣਾ ਜਾਣਦਾ ਹੈ ਜੋ ਜਾਣ-ਬੁੱਝ ਕੇ ਉਸ ਦੇ ਅਸੂਲ ਤੋੜਦੇ ਹਨ ਜਿਵੇਂ ਅਸੀਂ ਉਜਾੜ ਵਿਚ ਬੇਵਫ਼ਾ ਇਸਰਾਏਲੀਆਂ ਦੀ ਮਿਸਾਲ ਤੋਂ ਦੇਖ ਸਕਦੇ ਹਾਂ।—ਇਬ. 10:30, 31; 13:4.

ਤੁਸੀਂ ਕਾਮਯਾਬ ਹੋ ਸਕਦੇ ਹੋ!

ਨਿਰਾਸ਼ਾ ਵਿਚ ਡੁੱਬੇ ਰਹਿਣ ਦੀ ਬਜਾਇ, ਆਪਣਾ ਮਨ ਯਹੋਵਾਹ ਦੇ ਖ਼ਿਆਲਾਂ ਨਾਲ ਭਰੋ। ਜੇਨ ਨੇ ਕਿਹਾ: “ਮੈਨੂੰ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲਿਆਂ ਦੀਆਂ ਕੈਸਟਾਂ ਸੁਣਨ ਨਾਲ ਬਹੁਤ ਫ਼ਾਇਦਾ ਹੋਇਆ। ਸਭਾਵਾਂ ਵਿਚ ਹਾਜ਼ਰ ਹੋ ਕੇ ਵੀ ਮੈਨੂੰ ਬਹੁਤ ਤਾਕਤ ਮਿਲੀ। ਸਭਾਵਾਂ ਵਿਚ ਹਿੱਸਾ ਲੈਣ ਨਾਲ ਮੈਂ ਆਪਣੀਆਂ ਮੁਸ਼ਕਲਾਂ ਬਾਰੇ ਭੁੱਲ ਜਾਂਦੀ ਸੀ। ਪ੍ਰਚਾਰ ਕਰ ਕੇ ਵੀ ਮੈਨੂੰ ਇਸੇ ਤਰ੍ਹਾਂ ਦੀ ਮਦਦ ਮਿਲੀ। ਯਹੋਵਾਹ ਵਿਚ ਦੂਸਰਿਆਂ ਦੀ ਨਿਹਚਾ ਮਜ਼ਬੂਤ ਕਰਨ ਦੇ ਨਾਲ-ਨਾਲ ਮੇਰੀ ਆਪਣੀ ਨਿਹਚਾ ਵੀ ਮਜ਼ਬੂਤ ਹੋਈ। ਨਾਲੇ ਬਾਈਬਲ ਸਟੱਡੀਆਂ ਦੀ ਦੇਖ-ਭਾਲ ਕਰ ਕੇ ਮੈਨੂੰ ਜ਼ਿਆਦਾ ਜ਼ਰੂਰੀ ਗੱਲਾਂ ’ਤੇ ਧਿਆਨ ਲਾਈ ਰੱਖਣ ਵਿਚ ਮਦਦ ਮਿਲੀ ਹੈ।”

ਪਹਿਲਾਂ ਜ਼ਿਕਰ ਕੀਤੀ ਮੌਨੀਕ ਨੇ ਕਿਹਾ: “ਸਭਾਵਾਂ ਵਿਚ ਹਮੇਸ਼ਾ ਹਾਜ਼ਰ ਹੋ ਕੇ ਤੇ ਜਿੰਨਾ ਮੇਰੇ ਤੋਂ ਹੋ ਸਕੇ, ਉੱਨਾ ਪ੍ਰਚਾਰ ਕਰ ਕੇ ਮੈਂ ਆਪਣੇ ਦੁੱਖ ਨੂੰ ਸਹਾਰ ਸਕੀ ਹਾਂ। ਮੇਰੇ ਪਰਿਵਾਰ ਦਾ ਆਪਸ ਵਿਚ ਅਤੇ ਕਲੀਸਿਯਾ ਨਾਲ ਪਿਆਰ ਵਧਿਆ ਹੈ। ਮੇਰੇ ਦੁੱਖ ਨੇ ਮੈਨੂੰ ਆਪਣੀਆਂ ਕਮਜ਼ੋਰੀਆਂ ਦਾ ਅਹਿਸਾਸ ਦਿਲਾਇਆ ਹੈ। ਮੇਰੇ ਉੱਤੇ ਦੁੱਖ ਤਾਂ ਆਏ ਹਨ, ਪਰ ਯਹੋਵਾਹ ਦੀ ਮਦਦ ਨਾਲ ਮੈਂ ਇਨ੍ਹਾਂ ਨਾਲ ਸਿੱਝ ਸਕੀ ਹਾਂ।”

ਤੁਸੀਂ ਵੀ ਅਜਿਹੇ ਦੁੱਖਾਂ ਨਾਲ ਸਿੱਝ ਸਕਦੇ ਹੋ। ਭਾਵੇਂ ਤੁਸੀਂ ਆਪਣੇ ਜੀਵਨ-ਸਾਥੀ ਦੀ ਬੇਵਫ਼ਾਈ ਕਰਕੇ ਦੁਖੀ ਹੋ, ਫਿਰ ਵੀ ਪੌਲੁਸ ਰਸੂਲ ਦੀ ਇਸ ਪ੍ਰੇਰਿਤ ਸਲਾਹ ’ਤੇ ਚੱਲਣ ਦੀ ਕੋਸ਼ਿਸ਼ ਕਰੋ: “ਭਲਿਆਈ ਕਰਦਿਆਂ ਅਸੀਂ ਅੱਕ ਨਾਂ ਜਾਈਏ ਕਿਉਂਕਿ ਜੇ ਹੌਸਲਾ ਨਾ ਹਾਰੀਏ ਤਾਂ ਵੇਲੇ ਸਿਰ ਵੱਢਾਂਗੇ।”—ਗਲਾ. 6:9.

[ਫੁਟਨੋਟ]

^ ਪੈਰਾ 2 ਕੁਝ ਨਾਂ ਬਦਲੇ ਗਏ ਹਨ।

^ ਪੈਰਾ 13 ਤਲਾਕ ਲੈਣ ਅਤੇ ਜੀਵਨ-ਸਾਥੀ ਤੋਂ ਵੱਖ ਹੋਣ ਸੰਬੰਧੀ ਬਾਈਬਲ ਦੇ ਨਜ਼ਰੀਏ ਬਾਰੇ ਹੋਰ ਜਾਣਕਾਰੀ ਲਈ ਪਰਮੇਸ਼ੁਰ ਨਾਲ ਆਪਣਾ ਪਿਆਰ ਬਰਕਰਾਰ ਰੱਖੋ ਕਿਤਾਬ ਦੇ ਸਫ਼ੇ 125-130, 219-221 ਦੇਖੋ।

[ਸਫ਼ਾ 31 ਉੱਤੇ ਤਸਵੀਰ]

ਜਿਨ੍ਹਾਂ ਨਾਲ ਬੇਵਫ਼ਾਈ ਹੋਈ ਹੈ, ਉਹ ਪ੍ਰਚਾਰ ਵਿਚ ਮਦਦ ਦੇਣ ਵਾਲਿਆਂ ਦੀ ਕਦਰ ਕਰਦੇ ਹਨ