ਪਰਮੇਸ਼ੁਰ ਦੇ ਕੰਮ ਕਰ ਕੇ ਤਰੋਤਾਜ਼ਾ ਹੋਵੋ
ਪਰਮੇਸ਼ੁਰ ਦੇ ਕੰਮ ਕਰ ਕੇ ਤਰੋਤਾਜ਼ਾ ਹੋਵੋ
“ਮੇਰਾ ਜੂਲਾ ਆਪਣੇ ਉੱਤੇ ਲੈ ਲਵੋ . . . ਅਤੇ ਤੁਸੀਂ ਆਪਣਿਆਂ ਜੀਆਂ ਵਿੱਚ ਅਰਾਮ ਪਾਓਗੇ।”—ਮੱਤੀ 11:29.
1. ਪਰਮੇਸ਼ੁਰ ਨੇ ਸੀਨਈ ਪਹਾੜ ਉੱਤੇ ਕਿਹੜਾ ਬੰਦੋਬਸਤ ਕੀਤਾ ਤੇ ਕਿਉਂ?
ਜਦੋਂ ਸੀਨਈ ਪਹਾੜ ਉੱਤੇ ਬਿਵਸਥਾ ਦਿੱਤੀ ਗਈ ਸੀ, ਤਾਂ ਇਸ ਵਿਚ ਹਰ ਹਫ਼ਤੇ ਸਬਤ ਮਨਾਉਣ ਦਾ ਹੁਕਮ ਵੀ ਸ਼ਾਮਲ ਸੀ। ਯਹੋਵਾਹ ਨੇ ਆਪਣੇ ਬੁਲਾਰੇ ਮੂਸਾ ਦੇ ਜ਼ਰੀਏ ਇਸਰਾਏਲ ਕੌਮ ਨੂੰ ਹੁਕਮ ਦਿੱਤਾ: “ਛੇ ਦਿਨ ਤੂੰ ਆਪਣਾ ਕੰਮ ਕਰ ਪਰ ਸੱਤਵੇਂ ਦਿਨ ਤੂੰ ਵਿਸਰਾਮ ਕਰ ਤਾਂ ਜੋ ਤੇਰਾ ਬਲਦ ਅਤੇ ਤੇਰਾ ਖੋਤਾ ਸਸਤਾਉਣ ਅਰ ਤੇਰੀ ਗੋੱਲੀ ਦਾ ਪੁੱਤ੍ਰ ਅਤੇ ਪਰਦੇਸੀ [ਆਰਾਮ ਪਾਉਣ]।” (ਕੂਚ 23:12) ਹਾਂ, ਯਹੋਵਾਹ ਬਿਵਸਥਾ ਦੇ ਅਧੀਨ ਲੋਕਾਂ ਦੀ ਪਰਵਾਹ ਕਰਦਾ ਸੀ ਜਿਸ ਕਾਰਨ ਉਸ ਨੇ ਉਨ੍ਹਾਂ ਲਈ ਇਕ ਦਿਨ ਆਰਾਮ ਕਰਨ ਲਈ ਰੱਖਿਆ।
2. ਸਬਤ ਰੱਖਣ ਨਾਲ ਇਸਰਾਏਲੀਆਂ ਨੂੰ ਕਿਵੇਂ ਫ਼ਾਇਦਾ ਹੋਇਆ?
2 ਕੀ ਸਬਤ ਦਾ ਦਿਨ ਸਿਰਫ਼ ਆਰਾਮ ਕਰਨ ਵਾਸਤੇ ਸੀ? ਨਹੀਂ, ਇਹ ਦਿਨ ਇਸਰਾਏਲੀਆਂ ਲਈ ਯਹੋਵਾਹ ਦੀ ਭਗਤੀ ਦਾ ਅਹਿਮ ਹਿੱਸਾ ਸੀ। ਸਬਤ ਮਨਾਉਣ ਨਾਲ ਪਰਿਵਾਰ ਦੇ ਮੁਖੀਆਂ ਨੂੰ ਆਪਣੇ ਪਰਿਵਾਰਾਂ ਨੂੰ ਸਿੱਖਿਆ ਦੇਣ ਦਾ ਮੌਕਾ ਮਿਲਦਾ ਸੀ ਤਾਂਕਿ ਉਹ “ਯਹੋਵਾਹ ਦੇ ਰਾਹ ਦੀ ਪਾਲਨਾ ਕਰਨ।” (ਉਤ. 18:19) ਨਾਲੇ ਇਸ ਦਿਨ ਪਰਿਵਾਰ ਅਤੇ ਦੋਸਤ ਇਕੱਠੇ ਹੋ ਕੇ ਯਹੋਵਾਹ ਦੇ ਕੰਮਾਂ ਉੱਤੇ ਮਨਨ ਕਰਦੇ ਸਨ ਅਤੇ ਇਕ-ਦੂਜੇ ਦੀ ਸੰਗਤ ਦਾ ਆਨੰਦ ਮਾਣਦੇ ਸਨ। (ਯਸਾ. 58:13, 14) ਜ਼ਰੂਰੀ ਗੱਲ ਤਾਂ ਇਹ ਹੈ ਕਿ ਸਬਤ ਉਸ ਸਮੇਂ ਨੂੰ ਦਰਸਾਉਂਦੀ ਸੀ ਜਦੋਂ ਮਸੀਹ ਦੇ ਹਜ਼ਾਰ ਸਾਲ ਦੌਰਾਨ ਲੋਕਾਂ ਨੂੰ ਸੱਚ-ਮੁੱਚ ਆਰਾਮ ਮਿਲੇਗਾ। (ਰੋਮੀ. 8:21) ਪਰ ਸਾਡੇ ਜ਼ਮਾਨੇ ਬਾਰੇ ਕੀ? ਜਿਹੜੇ ਸੱਚੇ ਮਸੀਹੀ ਯਹੋਵਾਹ ਦੇ ਰਾਹਾਂ ਉੱਤੇ ਚੱਲਣਾ ਚਾਹੁੰਦੇ ਹਨ, ਉਹ ਕਿੱਥੋਂ ਤੇ ਕਿਵੇਂ ਆਰਾਮ ਜਾਂ ਤਾਜ਼ਗੀ ਪਾ ਸਕਦੇ ਹਨ?
ਮਸੀਹੀਆਂ ਨਾਲ ਸੰਗਤ ਕਰ ਕੇ ਤਰੋਤਾਜ਼ਾ ਹੋਵੋ
3. ਪਹਿਲੀ ਸਦੀ ਦੇ ਮਸੀਹੀਆਂ ਨੇ ਕਿਸ ਤਰੀਕੇ ਨਾਲ ਇਕ-ਦੂਜੇ ਦਾ ਸਾਥ ਦਿੱਤਾ ਤੇ ਨਤੀਜਾ ਕੀ ਨਿਕਲਿਆ?
3 ਪੌਲੁਸ ਰਸੂਲ ਨੇ ਮਸੀਹੀ ਕਲੀਸਿਯਾ ਨੂੰ “ਸਚਿਆਈ ਦਾ ਥੰਮ੍ਹ ਅਤੇ ਨੀਂਹ” ਕਿਹਾ ਸੀ। (1 ਤਿਮੋ. 3:15) ਮੁਢਲੇ ਮਸੀਹੀਆਂ ਨੇ ਪਿਆਰ ਨਾਲ ਇਕ-ਦੂਜੇ ਨੂੰ ਹੌਸਲਾ ਦੇ ਕੇ ਇਕ-ਦੂਜੇ ਦਾ ਸਾਥ ਦਿੱਤਾ। (ਅਫ਼. 4:11, 12, 16) ਪੌਲੁਸ ਜਦੋਂ ਅਫ਼ਸੁਸ ਵਿਚ ਸੀ, ਤਾਂ ਉਸ ਨੂੰ ਕੁਰਿੰਥੁਸ ਦੀ ਕਲੀਸਿਯਾ ਦੇ ਮੈਂਬਰ ਮਿਲਣ ਆਏ। ਧਿਆਨ ਦਿਓ ਕਿ ਉਨ੍ਹਾਂ ਦੇ ਆਉਣ ਦਾ ਕੀ ਅਸਰ ਪਿਆ: “ਮੈਂ ਸਤਫ਼ਨਾਸ ਅਤੇ ਫ਼ੁਰਤੂਨਾਤੁਸ ਅਤੇ ਅਖਾਇਕੁਸ ਦੇ ਆਉਣ ਕਰਕੇ ਅਨੰਦ ਹਾਂ . . . ਕਿਉਂ ਜੋ ਉਨ੍ਹਾਂ ਨੇ ਮੇਰੇ . . . [ਜੀ] ਨੂੰ ਤ੍ਰਿਪਤ ਕੀਤਾ।” (1 ਕੁਰਿੰ. 16:17, 18) ਇਸੇ ਤਰ੍ਹਾਂ, ਤੀਤੁਸ ਜਦੋਂ ਕੁਰਿੰਥੁਸ ਦੇ ਭਰਾਵਾਂ ਦੀ ਸੇਵਾ ਕਰਨ ਗਿਆ ਸੀ, ਤਾਂ ਪੌਲੁਸ ਨੇ ਉਸ ਕਲੀਸਿਯਾ ਨੂੰ ਲਿਖਿਆ: “ਉਹ ਦਾ [ਦਿਲ] ਤੁਸਾਂ ਸਭਨਾਂ ਤੋਂ ਤਾਜ਼ਾ ਹੋਇਆ ਹੈ।” (2 ਕੁਰਿੰ. 7:13) ਅੱਜ ਵੀ ਯਹੋਵਾਹ ਦੇ ਗਵਾਹ ਇਕ-ਦੂਜੇ ਦੀ ਸੰਗਤ ਕਰ ਕੇ ਹੌਸਲਾ ਤੇ ਅਸਲੀ ਤਾਜ਼ਗੀ ਪਾਉਂਦੇ ਹਨ।
4. ਕਲੀਸਿਯਾ ਦੀਆਂ ਮੀਟਿੰਗਾਂ ਤੇ ਜਾ ਕੇ ਸਾਨੂੰ ਕਿਵੇਂ ਤਾਜ਼ਗੀ ਮਿਲਦੀ ਹੈ?
4 ਅਸੀਂ ਆਪਣੇ ਤਜਰਬੇ ਤੋਂ ਜਾਣਦੇ ਹਾਂ ਕਿ ਕਲੀਸਿਯਾ ਦੀਆਂ ਮੀਟਿੰਗਾਂ ਵਿਚ ਜਾ ਕੇ ਸਾਨੂੰ ਕਿੰਨੀ ਖ਼ੁਸ਼ੀ ਮਿਲਦੀ ਹੈ। ਉੱਥੇ ਇਕ-ਦੂਜੇ ਦੇ ਵਿਸ਼ਵਾਸ ਤੋਂ ਅਸੀਂ ‘ਦੋਵੇਂ ਧਿਰਾਂ ਉਤਸ਼ਾਹ ਪ੍ਰਾਪਤ ਕਰਦੀਆਂ ਹਾਂ।’ (ਰੋਮ 1:12, CL) ਸਾਡੇ ਮਸੀਹੀ ਭੈਣ-ਭਰਾ ਸਾਡੇ ਵਾਕਫ਼ਕਾਰ ਨਹੀਂ ਹਨ ਜਿਨ੍ਹਾਂ ਨੂੰ ਅਸੀਂ ਕਦੇ-ਕਦਾਈਂ ਹੀ ਮਿਲਦੇ ਹਾਂ, ਬਲਕਿ ਉਹ ਸਾਡੇ ਸੱਚੇ ਦੋਸਤ ਹਨ ਜਿਨ੍ਹਾਂ ਨੂੰ ਅਸੀਂ ਪਿਆਰ ਕਰਦੇ ਹਾਂ ਤੇ ਉਨ੍ਹਾਂ ਦਾ ਆਦਰ ਕਰਦੇ ਹਾਂ। ਮੀਟਿੰਗਾਂ ਵਿਚ ਬਾਕਾਇਦਾ ਉਨ੍ਹਾਂ ਨਾਲ ਇਕੱਠੇ ਹੋ ਕੇ ਸਾਨੂੰ ਬਹੁਤ ਖ਼ੁਸ਼ੀ ਤੇ ਦਿਲਾਸਾ ਮਿਲਦਾ ਹੈ।—ਫਿਲੇ. 7.
5. ਅਸੀਂ ਜ਼ਿਲ੍ਹਾ ਸੰਮੇਲਨਾਂ ਅਤੇ ਅਸੈਂਬਲੀਆਂ ਵਿਚ ਇਕ-ਦੂਜੇ ਨੂੰ ਕਿਵੇਂ ਤਰੋਤਾਜ਼ਾ ਕਰ ਸਕਦੇ ਹਾਂ?
5 ਤਾਜ਼ਗੀ ਦਾ ਇਕ ਹੋਰ ਸੋਮਾ ਹੈ ਸਾਡੇ ਜ਼ਿਲ੍ਹਾ ਸੰਮੇਲਨ ਅਤੇ ਅਸੈਂਬਲੀਆਂ। ਇਨ੍ਹਾਂ ਵਿਚ ਨਾ ਸਿਰਫ਼ ਸਾਨੂੰ ਪਰਮੇਸ਼ੁਰ ਦੇ 2 ਕੁਰਿੰ. 6:12, 13) ਪਰ ਉਦੋਂ ਕੀ ਕਰੀਏ ਜੇ ਅਸੀਂ ਸ਼ਰਮਾਉਂਦੇ ਹਾਂ ਤੇ ਸਾਨੂੰ ਲੋਕਾਂ ਨੂੰ ਮਿਲਣਾ ਔਖਾ ਲੱਗਦਾ ਹੈ? ਭੈਣਾਂ-ਭਰਾਵਾਂ ਨੂੰ ਜਾਣਨ ਦਾ ਇਕ ਤਰੀਕਾ ਹੈ ਕਿ ਅਸੀਂ ਸੰਮੇਲਨ ਵਿਚ ਕਿਸੇ ਨਾ ਕਿਸੇ ਕੰਮ ਵਿਚ ਹੱਥ ਵਟਾਈਏ। ਇਕ ਅੰਤਰ-ਰਾਸ਼ਟਰੀ ਸੰਮੇਲਨ ਵਿਚ ਇਕ ਭੈਣ ਨੇ ਸਫ਼ਾਈ ਕਰਨ ਵਿਚ ਹੱਥ ਵਟਾਇਆ ਸੀ। ਬਾਅਦ ਵਿਚ ਉਸ ਨੇ ਕਿਹਾ: “ਆਪਣੇ ਪਰਿਵਾਰ ਅਤੇ ਕੁਝ ਦੋਸਤਾਂ ਤੋਂ ਸਿਵਾਇ ਮੈਂ ਉੱਥੇ ਜ਼ਿਆਦਾਤਰ ਭੈਣਾਂ-ਭਰਾਵਾਂ ਨੂੰ ਨਹੀਂ ਜਾਣਦੀ ਸੀ। ਪਰ ਜਦ ਮੈਂ ਸਫ਼ਾਈ ਕਰਨ ਵਿਚ ਹੱਥ ਵਟਾਇਆ, ਤਾਂ ਮੈਂ ਬਹੁਤ ਸਾਰੇ ਭੈਣ-ਭਰਾਵਾਂ ਨੂੰ ਮਿਲੀ ਤੇ ਮੈਨੂੰ ਬਹੁਤ ਮਜ਼ਾ ਆਇਆ!”
ਬਚਨ ਬਾਈਬਲ ਤੋਂ ਸੱਚਾਈ ਦਾ ਜੀਵਨਦਾਇਕ ਪਾਣੀ ਮਿਲਦਾ ਹੈ, ਸਗੋਂ ਸਾਨੂੰ ਭੈਣ-ਭਰਾਵਾਂ ਨਾਲ ਮਿਲਣ-ਜੁਲਣ ਦਾ ਖੁੱਲ੍ਹਾ ਮੌਕਾ ਵੀ ਮਿਲਦਾ ਹੈ। (6. ਛੁੱਟੀਆਂ ਦੌਰਾਨ ਤਾਜ਼ਗੀ ਪਾਉਣ ਦਾ ਕਿਹੜਾ ਇਕ ਤਰੀਕਾ ਹੈ?
6 ਇਸਰਾਏਲੀ ਸਾਲ ਵਿਚ ਤਿੰਨ ਤਿਉਹਾਰ ਮਨਾਉਣ ਲਈ ਯਰੂਸ਼ਲਮ ਜਾਂਦੇ ਸਨ। (ਕੂਚ 34:23) ਇਸ ਦਾ ਮਤਲਬ ਸੀ ਕਿ ਉਨ੍ਹਾਂ ਨੂੰ ਆਪਣੇ ਖੇਤ ਅਤੇ ਦੁਕਾਨਾਂ ਪਿੱਛੇ ਛੱਡ ਕੇ ਜਾਣਾ ਪੈਂਦਾ ਸੀ ਅਤੇ ਮਿੱਟੀ-ਘੱਟੇ ਨਾਲ ਭਰੇ ਰਾਹਾਂ ’ਤੇ ਕਈ-ਕਈ ਦਿਨ ਪੈਦਲ ਸਫ਼ਰ ਕਰਨਾ ਪੈਂਦਾ ਸੀ। ਫਿਰ ਵੀ ਮੰਦਰ ਜਾ ਕੇ ਉਨ੍ਹਾਂ ਨੂੰ “ਵੱਡੀ ਖੁਸ਼ੀ” ਮਿਲਦੀ ਸੀ ਜਦੋਂ ਉਹ ਉੱਥੇ ਮੌਜੂਦ ਲੋਕਾਂ ਨੂੰ “ਯਹੋਵਾਹ ਦੀ ਉਸਤਤ ਕਰਦੇ” ਦੇਖਦੇ ਸਨ। (2 ਇਤ. 30:21) ਇਸੇ ਤਰ੍ਹਾਂ ਅੱਜ ਯਹੋਵਾਹ ਦੇ ਕਈ ਸੇਵਕ ਆਪਣੇ ਪਰਿਵਾਰ ਨਾਲ ਬੈਥਲ ਦੇਖਣ ਜਾਂਦੇ ਹਨ ਤੇ ਬਹੁਤ ਖ਼ੁਸ਼ ਹੁੰਦੇ ਹਨ। ਕੀ ਤੁਸੀਂ ਅਗਲੀ ਵਾਰ ਛੁੱਟੀਆਂ ਵਿਚ ਬੈਥਲ ਦੇਖਣ ਜਾ ਸਕਦੇ ਹੋ?
7. (ੳ) ਭੈਣਾਂ-ਭਰਾਵਾਂ ਨਾਲ ਸਮਾਂ ਗੁਜ਼ਾਰਨਾ ਕਿਵੇਂ ਲਾਭਦਾਇਕ ਹੋ ਸਕਦਾ ਹੈ? (ਅ) ਕਿਹੜੀਆਂ ਗੱਲਾਂ ਦੀ ਮਦਦ ਨਾਲ ਮੌਕੇ ਨੂੰ ਇਕ ਯਾਦ ਬਣਾਇਆ ਜਾ ਸਕਦਾ ਹੈ ਅਤੇ ਸਾਰਿਆਂ ਨੂੰ ਹੌਸਲਾ ਵੀ ਮਿਲ ਸਕਦਾ ਹੈ?
7 ਪਰਿਵਾਰ ਅਤੇ ਦੋਸਤਾਂ-ਮਿੱਤਰਾਂ ਨਾਲ ਸਮਾਂ ਗੁਜ਼ਾਰਨ ਨਾਲ ਵੀ ਸਾਨੂੰ ਉਤਸ਼ਾਹ ਮਿਲ ਸਕਦਾ ਹੈ। ਬੁੱਧੀਮਾਨ ਰਾਜਾ ਸੁਲੇਮਾਨ ਨੇ ਕਿਹਾ: “ਮਨੁੱਖ ਦੇ ਲਈ ਇਸ ਨਾਲੋਂ ਹੋਰ ਕੁਝ ਚੰਗਾ ਨਹੀਂ ਜੋ ਖਾਵੇ ਪੀਵੇ ਅਤੇ ਆਪਣੇ ਸਾਰੇ ਧੰਦੇ ਦੇ ਵਿੱਚ ਆਪਣਾ ਜੀ ਪਰਚਾਵੇ।” (ਉਪ. 2:24) ਜਦੋਂ ਅਸੀਂ ਭੈਣਾਂ-ਭਰਾਵਾਂ ਨਾਲ ਇਕੱਠੇ ਹੋ ਕੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਜਾਣਨ ਲੱਗਦੇ ਹਾਂ, ਤਾਂ ਸਾਨੂੰ ਤਾਜ਼ਗੀ ਮਿਲਦੀ ਹੈ ਤੇ ਉਨ੍ਹਾਂ ਨਾਲ ਸਾਡਾ ਪਿਆਰ ਵੀ ਵਧਦਾ ਹੈ। ਜੇ ਅਸੀਂ ਚਾਹੁੰਦੇ ਹਾਂ ਕਿ ਇਹ ਮੌਕਾ ਇਕ ਯਾਦ ਬਣ ਜਾਵੇ ਅਤੇ ਸਾਰਿਆਂ ਨੂੰ ਹੌਸਲਾ ਮਿਲੇ, ਤਾਂ ਚੰਗੀ ਗੱਲ ਹੋਵੇਗੀ ਕਿ ਅਸੀਂ ਥੋੜ੍ਹੇ ਜਿਹੇ ਭੈਣਾਂ-ਭਰਾਵਾਂ ਨੂੰ ਬੁਲਾਈਏ। ਉਸ ਵੇਲੇ ਕੋਈ ਨਾ ਕੋਈ ਨਿਗਰਾਨੀ ਰੱਖਣ ਵਾਲਾ ਮੌਜੂਦ ਹੋਣਾ ਚਾਹੀਦਾ ਹੈ, ਖ਼ਾਸਕਰ ਜੇ ਸ਼ਰਾਬ ਵਰਤਾਈ ਜਾਣੀ ਹੈ।
ਪ੍ਰਚਾਰ ਕਰ ਕੇ ਤਰੋਤਾਜ਼ਾ ਹੋਵੋ
8, 9. (ੳ) ਯਿਸੂ ਦੇ ਸੰਦੇਸ਼ ਦੀ ਤੁਲਨਾ ਗ੍ਰੰਥੀਆਂ ਅਤੇ ਫ਼ਰੀਸੀਆਂ ਦੇ ਸੰਦੇਸ਼ ਨਾਲ ਕਰੋ। (ਅ) ਬਾਈਬਲ ਵਿੱਚੋਂ ਗੱਲਾਂ ਸਾਂਝੀਆਂ ਕਰਨ ਦਾ ਸਾਨੂੰ ਕਿਵੇਂ ਫ਼ਾਇਦਾ ਹੁੰਦਾ ਹੈ?
8 ਯਿਸੂ ਜੋਸ਼ ਨਾਲ ਪ੍ਰਚਾਰ ਕਰਦਾ ਸੀ ਅਤੇ ਉਸ ਨੇ ਆਪਣੇ ਚੇਲਿਆਂ ਨੂੰ ਵੀ ਇੰਜ ਕਰਨ ਦਾ ਉਤਸ਼ਾਹ ਦਿੱਤਾ। ਇਹ ਉਸ ਦੇ ਸ਼ਬਦਾਂ ਤੋਂ ਸਪੱਸ਼ਟ ਹੈ: “ਖੇਤੀ ਪੱਕੀ ਹੋਈ ਤਾਂ ਬਹੁਤ ਹੈ ਪਰ ਵਾਢੇ ਥੋੜੇ ਹਨ। ਇਸ ਲਈ ਤੁਸੀਂ ਖੇਤੀ ਦੇ ਮਾਲਕ ਦੇ ਅੱਗੇ ਬੇਨਤੀ ਕਰੋ ਜੋ ਉਹ ਆਪਣੀ ਖੇਤੀ ਵੱਢਣ ਨੂੰ ਵਾਢੇ ਘੱਲ ਦੇਵੇ।” (ਮੱਤੀ 9:37, 38) ਯਿਸੂ ਦੇ ਸੰਦੇਸ਼ ਤੋਂ ਸੱਚ-ਮੁੱਚ ਤਾਜ਼ਗੀ ਮਿਲਦੀ ਸੀ ਕਿਉਂਕਿ ਇਹ “ਖ਼ੁਸ਼ ਖ਼ਬਰੀ” ਸੀ। (ਮੱਤੀ 4:23; 24:14) ਇਹ ਉਨ੍ਹਾਂ ਭਾਰੇ ਹੁਕਮਾਂ ਤੋਂ ਕਿੰਨੀ ਵੱਖਰੀ ਸੀ ਜੋ ਫ਼ਰੀਸੀ ਲੋਕਾਂ ਉੱਤੇ ਠੋਸ ਦਿੰਦੇ ਸਨ!—ਮੱਤੀ 23:4, 23, 24 ਪੜ੍ਹੋ।
9 ਜਦੋਂ ਅਸੀਂ ਲੋਕਾਂ ਨਾਲ ਰਾਜ ਦਾ ਸੰਦੇਸ਼ ਸਾਂਝਾ ਕਰਦੇ ਹਾਂ, ਤਾਂ ਅਸੀਂ ਉਨ੍ਹਾਂ ਨੂੰ ਪਰਮੇਸ਼ੁਰ ਦਾ ਗਿਆਨ ਦੇ ਕੇ ਤਰੋਤਾਜ਼ਾ ਕਰਦੇ ਹਾਂ। ਇਸ ਦੇ ਨਾਲ-ਨਾਲ ਬਾਈਬਲ ਵਿੱਚੋਂ ਅਸੀਂ ਜੋ ਅਨਮੋਲ ਗੱਲਾਂ ਸਿਖਾਉਂਦੇ ਹਾਂ, ਉਹ ਸਾਡੇ ਦਿਲਾਂ-ਦਿਮਾਗ਼ਾਂ ਵਿਚ ਵੀ ਬੈਠ ਜਾਂਦੀਆਂ ਹਨ। ਜ਼ਬੂਰਾਂ ਦੇ ਲਿਖਾਰੀ ਨੇ ਠੀਕ ਹੀ ਕਿਹਾ ਸੀ: “ਹਲਲੂਯਾਹ! ਸਾਡੇ ਪਰਮੇਸ਼ੁਰ ਦਾ ਭਜਨ ਗਾਉਣਾ ਤਾਂ ਭਲਾ ਹੈ, ਉਸਤਤ ਕਰਨਾ ਮਨ ਭਾਉਣਾ ਤੇ ਸੋਹਣਾ ਹੈ!” (ਜ਼ਬੂ. 147:1) ਤੁਹਾਨੂੰ ਦੂਜਿਆਂ ਅੱਗੇ ਯਹੋਵਾਹ ਦੀ ਉਸਤਤ ਕਰ ਕੇ ਜੋ ਖ਼ੁਸ਼ੀ ਮਿਲਦੀ ਹੈ, ਕੀ ਤੁਸੀਂ ਉਸ ਖ਼ੁਸ਼ੀ ਨੂੰ ਹੋਰ ਵਧਾ ਸਕਦੇ ਹੋ?
10. ਕੀ ਸਾਡੀ ਸਫ਼ਲਤਾ ਇਸ ਗੱਲ ’ਤੇ ਨਿਰਭਰ ਕਰਦੀ ਹੈ ਕਿ ਲੋਕ ਸਾਡਾ ਸੰਦੇਸ਼ ਸੁਣਦੇ ਹਨ? ਸਮਝਾਓ।
10 ਇਹ ਸੱਚ ਹੈ ਕਿ ਕੁਝ ਇਲਾਕਿਆਂ ਵਿਚ ਲੋਕ ਖ਼ੁਸ਼ ਖ਼ਬਰੀ ਜ਼ਿਆਦਾ ਸੁਣਦੇ ਹਨ ਤੇ ਕੁਝ ਇਲਾਕਿਆਂ ਵਿਚ ਘੱਟ। (ਰਸੂਲਾਂ ਦੇ ਕਰਤੱਬ 18:1, 5-8 ਪੜ੍ਹੋ।) ਜੇ ਤੁਸੀਂ ਅਜਿਹੇ ਇਲਾਕੇ ਵਿਚ ਰਹਿੰਦੇ ਹੋ ਜਿੱਥੇ ਲੋਕ ਰਾਜ ਦਾ ਸੰਦੇਸ਼ ਘੱਟ ਸੁਣਦੇ ਹਨ, ਤਾਂ ਤੁਸੀਂ ਇਸ ਗੱਲ ’ਤੇ ਧਿਆਨ ਲਗਾਈ ਰੱਖੋ ਕਿ ਤੁਸੀਂ ਪ੍ਰਚਾਰ ਕਰ ਕੇ ਚੰਗਾ ਕੰਮ ਕਰ ਰਹੇ ਹੋ। ਯਾਦ ਰੱਖੋ ਕਿ ਯਹੋਵਾਹ ਦੇ ਨਾਂ ਦਾ ਐਲਾਨ ਕਰਨ ਦੀਆਂ ਤੁਹਾਡੀਆਂ ਕੋਸ਼ਿਸ਼ਾਂ ਵਿਅਰਥ ਨਹੀਂ ਹਨ। (1 ਕੁਰਿੰ. 15:58) ਇਸ ਤੋਂ ਇਲਾਵਾ, ਸਾਡੀ ਸਫ਼ਲਤਾ ਇਸ ਗੱਲ ’ਤੇ ਨਿਰਭਰ ਨਹੀਂ ਕਰਦੀ ਕਿ ਲੋਕ ਖ਼ੁਸ਼ ਖ਼ਬਰੀ ਕਿੰਨੀ ਕੁ ਸੁਣਦੇ ਹਨ। ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਨੇਕਦਿਲ ਲੋਕਾਂ ਨੂੰ ਰਾਜ ਦਾ ਸੰਦੇਸ਼ ਸਵੀਕਾਰ ਕਰਨ ਦਾ ਮੌਕਾ ਦੇਵੇਗਾ।—ਯੂਹੰ. 6:44.
ਪਰਿਵਾਰਕ ਸਟੱਡੀ ਕਰ ਕੇ ਤਰੋਤਾਜ਼ਾ ਹੋਵੋ
11. ਯਹੋਵਾਹ ਨੇ ਮਾਪਿਆਂ ਨੂੰ ਕਿਹੜੀ ਜ਼ਿੰਮੇਵਾਰੀ ਦਿੱਤੀ ਹੈ ਅਤੇ ਉਹ ਇਸ ਨੂੰ ਕਿਵੇਂ ਪੂਰਾ ਕਰ ਸਕਦੇ ਹਨ?
11 ਪਰਮੇਸ਼ੁਰ ਦੀ ਸੇਵਾ ਕਰਨ ਵਾਲੇ ਮਾਪਿਆਂ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਯਹੋਵਾਹ ਅਤੇ ਉਸ ਦੇ ਰਾਹਾਂ ਬਾਰੇ ਸਿਖਾਉਣ। (ਬਿਵ. 11:18, 19) ਜੇ ਤੁਸੀਂ ਮਾਪੇ ਹੋ, ਤਾਂ ਕੀ ਤੁਸੀਂ ਆਪਣੇ ਬੱਚਿਆਂ ਨੂੰ ਆਪਣੇ ਪਿਆਰੇ ਸਵਰਗੀ ਪਿਤਾ ਬਾਰੇ ਸਿੱਖਿਆ ਦੇਣ ਲਈ ਸਮਾਂ ਤੈਅ ਕੀਤਾ ਹੈ? ਇਸ ਗੰਭੀਰ ਜ਼ਿੰਮੇਵਾਰੀ ਦੇ ਨਾਲ-ਨਾਲ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨ ਵਿਚ ਮਦਦ ਵਾਸਤੇ ਯਹੋਵਾਹ ਨੇ ਕਿਤਾਬਾਂ, ਰਸਾਲਿਆਂ, ਵਿਡਿਓ ਅਤੇ ਆਡੀਓ ਰਿਕਾਰਡਿੰਗਜ਼ ਦੇ ਰਾਹੀਂ ਆਪਣਾ ਬਹੁਤ ਸਾਰਾ ਗਿਆਨ ਮੁਹੱਈਆ ਕਰਵਾਇਆ ਹੈ।
12, 13. (ੳ) ਪਰਿਵਾਰਕ ਸਟੱਡੀ ਤੋਂ ਪਰਿਵਾਰਾਂ ਨੂੰ ਕਿਵੇਂ ਫ਼ਾਇਦਾ ਹੁੰਦਾ ਹੈ? (ਅ) ਮਾਪੇ ਕਿਵੇਂ ਯਕੀਨੀ ਬਣਾ ਸਕਦੇ ਹਨ ਕਿ ਉਨ੍ਹਾਂ ਦੀ ਪਰਿਵਾਰਕ ਸਟੱਡੀ ਤਾਜ਼ਗੀ ਦਾ ਸੋਮਾ ਹੈ?
12 ਮਾਤਬਰ ਅਤੇ ਬੁੱਧਵਾਨ ਨੌਕਰ ਨੇ ਪਰਿਵਾਰਕ ਸਟੱਡੀ ਦੀ ਸ਼ਾਮ ਲਈ ਵੀ ਇੰਤਜ਼ਾਮ ਕੀਤੇ ਹਨ। ਹਰ ਹਫ਼ਤੇ ਇਹ ਸ਼ਾਮ ਪਰਿਵਾਰਕ ਸਟੱਡੀ ਲਈ ਵੱਖਰੀ ਰੱਖੀ ਜਾਂਦੀ ਹੈ। ਕਈਆਂ ਨੇ ਦੇਖਿਆ ਹੈ ਕਿ ਇਸ ਇੰਤਜ਼ਾਮ ਕਾਰਨ ਉਨ੍ਹਾਂ ਦਾ ਆਪਸੀ ਪਿਆਰ ਵਧਿਆ ਹੈ ਅਤੇ ਯਹੋਵਾਹ ਨਾਲ ਉਨ੍ਹਾਂ ਦਾ ਰਿਸ਼ਤਾ ਹੋਰ ਵੀ ਮਜ਼ਬੂਤ ਹੋਇਆ ਹੈ। ਪਰ ਮਾਪੇ ਕਿਵੇਂ ਯਕੀਨੀ ਬਣਾ ਸਕਦੇ ਹਨ ਕਿ ਉਨ੍ਹਾਂ ਦੀ ਪਰਿਵਾਰਕ ਸਟੱਡੀ ਤਾਜ਼ਗੀ ਦਾ ਸੋਮਾ ਹੈ?
13 ਪਰਿਵਾਰਕ ਸਟੱਡੀ ਦੀ ਸ਼ਾਮ ਨਾ ਤਾਂ ਬੋਰਿੰਗ ਹੋਣੀ ਚਾਹੀਦੀ ਹੈ ਤੇ ਨਾ ਹੀ ਇਸ ਨੂੰ ਹੱਦੋਂ ਵੱਧ ਗੰਭੀਰ ਬਣਾਓ। ਅਸੀਂ ਖ਼ੁਸ਼ ਪਰਮੇਸ਼ੁਰ ਦੀ ਭਗਤੀ ਕਰਦੇ ਹਾਂ ਅਤੇ ਉਹ ਚਾਹੁੰਦਾ ਹੈ ਕਿ ਅਸੀਂ ਖ਼ੁਸ਼ੀ ਨਾਲ ਉਸ ਦੀ ਭਗਤੀ ਕਰੀਏ। (1 ਤਿਮੋ. 1:11; ਫ਼ਿਲਿ. 4:4) ਬਾਈਬਲ ਦੀਆਂ ਅਨਮੋਲ ਗੱਲਾਂ ਉੱਤੇ ਚਰਚਾ ਕਰਨ ਲਈ ਇਕ ਵਾਧੂ ਸ਼ਾਮ ਮਿਲਣੀ ਸੱਚ-ਮੁੱਚ ਇਕ ਬਰਕਤ ਹੈ। ਮਾਪੇ ਆਪਣੇ ਸਿਖਾਉਣ ਦੇ ਤਰੀਕਿਆਂ ਵਿਚ ਫੇਰ-ਬਦਲ ਕਰ ਸਕਦੇ ਹਨ। ਨਵੀਆਂ-ਨਵੀਆਂ ਗੱਲਾਂ ਦੀ ਕਲਪਨਾ ਕਰੋ ਜਿਨ੍ਹਾਂ ਵਿਚ ਬੱਚਿਆਂ ਨੂੰ ਮਜ਼ਾ ਆਵੇਗਾ। ਮਿਸਾਲ ਲਈ, ਇਕ ਪਰਿਵਾਰ ਨੇ ਆਪਣੇ 10 ਸਾਲਾਂ ਦੇ ਮੁੰਡੇ ਬਰੈਂਡਨ ਨੂੰ ਰਿਪੋਰਟ ਲਿਖਣ ਦੀ ਇਜਾਜ਼ਤ ਦੇ ਦਿੱਤੀ ਜਿਸ ਦਾ ਵਿਸ਼ਾ ਸੀ “ਸ਼ਤਾਨ ਨੂੰ ਦਰਸਾਉਣ ਵਾਸਤੇ ਯਹੋਵਾਹ ਨੇ ਸੱਪ ਨੂੰ ਕਿਉਂ ਵਰਤਿਆ?” ਬਰੈਂਡਨ ਪਹਿਲਾਂ ਤੋਂ ਹੀ ਇਸ ਵਿਸ਼ੇ ਤੋਂ ਪਰੇਸ਼ਾਨ ਸੀ ਕਿਉਂਕਿ ਉਸ ਨੂੰ ਸੱਪ ਬਹੁਤ ਪਸੰਦ ਹਨ ਅਤੇ ਉਹ ਉਦਾਸ ਹੋ ਗਿਆ ਕਿ ਸੱਪਾਂ ਦਾ ਸੰਬੰਧ ਸ਼ਤਾਨ ਨਾਲ ਸੀ। ਕੁਝ ਪਰਿਵਾਰ ਕਦੇ-ਕਦੇ ਬਾਈਬਲ ਡਰਾਮੇ ਕਰਦੇ ਹਨ ਤੇ ਪਰਿਵਾਰ ਦਾ ਹਰ ਮੈਂਬਰ ਇਕ-ਇਕ ਪਾਤਰ ਦਾ ਕਿਰਦਾਰ ਅਦਾ ਕਰਦਾ ਹੈ ਅਤੇ ਬਾਈਬਲ ਵਿੱਚੋਂ ਆਪਣਾ-ਆਪਣਾ ਹਿੱਸਾ ਪੜ੍ਹਦਾ ਹੈ ਜਾਂ ਪਰਿਵਾਰ ਸ਼ਾਇਦ ਕਿਸੇ ਇਕ ਘਟਨਾ ਦਾ ਨਾਟਕ ਖੇਡ ਸਕਦਾ ਹੈ। ਇਸ ਤਰ੍ਹਾਂ ਸਿਖਾਉਣ ਨਾਲ ਬੱਚਿਆਂ ਨੂੰ ਮਜ਼ਾ ਤਾਂ ਆਉਂਦਾ ਹੀ ਹੈ, ਸਗੋਂ ਇਹ ਸਭ ਕਰਨ ਵਿਚ ਉਨ੍ਹਾਂ ਦਾ ਧਿਆਨ ਵੀ ਲੱਗਾ ਰਹਿੰਦਾ ਹੈ ਜਿਸ ਕਰਕੇ ਬਾਈਬਲ ਦੇ ਸਿਧਾਂਤ ਉਨ੍ਹਾਂ ਦੇ ਦਿਲਾਂ ਵਿਚ ਬੈਠ ਸਕਦੇ ਹਨ। *
ਉਨ੍ਹਾਂ ਗੱਲਾਂ ਤੋਂ ਬਚੋ ਜੋ ਤੁਹਾਨੂੰ ਦਬਾ ਸਕਦੀਆਂ ਹਨ
14, 15. (ੳ) ਇਸ ਬੁਰੀ ਦੁਨੀਆਂ ਦੇ ਅੰਤਿਮ ਦਿਨਾਂ ਵਿਚ ਤਣਾਅ ਅਤੇ ਅਸੁਰੱਖਿਆ ਕਿਵੇਂ ਵਧੇ ਹਨ? (ਅ) ਅੱਜ ਸਾਡੇ ਉੱਤੇ ਕਿਹੜਾ ਵਾਧੂ ਦਬਾਅ ਆ ਸਕਦਾ ਹੈ?
14 ਇਸ ਬੁਰੀ ਦੁਨੀਆਂ ਦੇ ਅੰਤਿਮ ਦਿਨਾਂ ਵਿਚ ਤਣਾਅ ਅਤੇ ਅਸੁਰੱਖਿਆ ਕਾਫ਼ੀ ਵਧ ਚੁੱਕੀ ਹੈ। ਬੇਰੋਜ਼ਗਾਰੀ ਅਤੇ ਪੈਸੇ ਦੀ ਤੰਗੀ ਦਾ ਲੱਖਾਂ ਲੋਕਾਂ ਉੱਤੇ ਅਸਰ ਪੈਂਦਾ ਹੈ। ਨੌਕਰੀ ਕਰਨ ਵਾਲਿਆਂ ਨੂੰ ਵੀ ਪਤਾ ਨਹੀਂ ਲੱਗਦਾ ਕਿ ਉਨ੍ਹਾਂ ਦੀ ਤਨਖ਼ਾਹ ਕਿੱਥੇ ਚਲੀ ਜਾਂਦੀ ਹੈ ਕਿਉਂਕਿ ਇਹ ਪਰਿਵਾਰ ਦੇ ਗੁਜ਼ਾਰੇ ਲਈ ਕਾਫ਼ੀ ਨਹੀਂ ਹੁੰਦੀ। (ਹੱਜਈ 1:4-6 ਦੇਖੋ।) ਸਿਆਸੀ ਨੇਤਾ ਅਤੇ ਹੋਰ ਆਗੂ ਬੇਵੱਸ ਜਾਪਦੇ ਹਨ ਜਿਉਂ-ਜਿਉਂ ਉਹ ਅੱਤਵਾਦ ਅਤੇ ਹੋਰ ਬੁਰਾਈਆਂ ਨਾਲ ਸਿੱਝਣ ਲਈ ਜੱਦੋ-ਜਹਿਦ ਕਰਦੇ ਹਨ। ਕਈ ਲੋਕ ਆਪਣੀਆਂ ਕਮੀਆਂ-ਕਮਜ਼ੋਰੀਆਂ ਤੋਂ ਦੁਖੀ ਹਨ।—ਜ਼ਬੂ. 38:4.
15 ਸੱਚੇ ਮਸੀਹੀ ਵੀ ਸ਼ਤਾਨ ਦੀ ਦੁਨੀਆਂ ਵੱਲੋਂ ਆਉਂਦੀਆਂ ਸਮੱਸਿਆਵਾਂ ਅਤੇ ਦਬਾਵਾਂ ਤੋਂ ਬਚੇ ਹੋਏ ਨਹੀਂ ਹਨ। (1 ਯੂਹੰ. 5:19) ਕੁਝ ਹਾਲਾਤਾਂ ਵਿਚ ਮਸੀਹ ਦੇ ਚੇਲਿਆਂ ਉੱਤੇ ਵਾਧੂ ਦਬਾਅ ਆ ਸਕਦਾ ਹੈ ਜਦੋਂ ਉਹ ਯਹੋਵਾਹ ਪ੍ਰਤਿ ਵਫ਼ਾਦਾਰ ਰਹਿਣ ਦੀ ਕੋਸ਼ਿਸ਼ ਕਰਦੇ ਹਨ। ਯਿਸੂ ਨੇ ਕਿਹਾ ਸੀ: “ਜੇ ਉਨ੍ਹਾਂ ਮੈਨੂੰ ਸਤਾਇਆ ਤਾਂ ਓਹ ਤੁਹਾਨੂੰ ਵੀ ਸਤਾਉਣਗੇ।” (ਯੂਹੰ. 15:20) ਪਰ ਜਦੋਂ ਅਸੀਂ “ਸਤਾਏ ਜਾਂਦੇ ਹਾਂ,” ਤਾਂ ਅਸੀਂ “ਇਕੱਲੇ ਨਹੀਂ ਛੱਡੇ ਜਾਂਦੇ।” (2 ਕੁਰਿੰ. 4:9) ਅਸੀਂ ਇਹ ਕਿਉਂ ਕਹਿ ਸਕਦੇ ਹਾਂ?
16. ਆਪਣੀ ਖ਼ੁਸ਼ੀ ਬਰਕਰਾਰ ਰੱਖਣ ਵਿਚ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ?
16 ਯਿਸੂ ਨੇ ਕਿਹਾ: “ਹੇ ਸਾਰੇ ਥੱਕੇ ਹੋਇਓ ਅਤੇ ਭਾਰ ਹੇਠ ਦੱਬੇ ਹੋਇਓ, ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਅਰਾਮ ਦਿਆਂਗਾ।” (ਮੱਤੀ 11:28) ਮਸੀਹ ਦੀ ਕੁਰਬਾਨੀ ਵਿਚ ਪੂਰੀ ਨਿਹਚਾ ਰੱਖ ਕੇ ਅਸੀਂ ਆਪਣੇ ਆਪ ਨੂੰ ਯਹੋਵਾਹ ਦੇ ਹੱਥਾਂ ਵਿਚ ਸੌਂਪ ਦਿੰਦੇ ਹਾਂ। ਇਸ ਤਰ੍ਹਾਂ ਕਰ ਕੇ ਸਾਨੂੰ “ਮਹਾ-ਸ਼ਕਤੀ” ਮਿਲਦੀ ਹੈ। (2 ਕੁਰਿੰਥੁਸ 4:7, CL) “ਸਹਾਇਕ” ਯਾਨੀ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਸਾਡੀ ਨਿਹਚਾ ਮਜ਼ਬੂਤ ਕਰਦੀ ਹੈ ਤਾਂਕਿ ਅਸੀਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨ ਦੇ ਨਾਲ-ਨਾਲ ਆਪਣੀ ਖ਼ੁਸ਼ੀ ਬਰਕਰਾਰ ਰੱਖ ਸਕੀਏ।—ਯੂਹੰ. 14:26; ਯਾਕੂ. 1:2-4.
17, 18. (ੳ) ਸਾਨੂੰ ਕਿਹੜੇ ਰਵੱਈਏ ਤੋਂ ਬਚਣਾ ਚਾਹੀਦਾ ਹੈ? (ਅ) ਘੱਟ ਜ਼ਰੂਰੀ ਕੰਮਾਂ ’ਤੇ ਜ਼ਿਆਦਾ ਜ਼ੋਰ ਦੇਣ ਦਾ ਕੀ ਨਤੀਜਾ ਨਿਕਲ ਸਕਦਾ ਹੈ?
17 ਅੱਜ-ਕੱਲ੍ਹ ਲੋਕ ਹਰ ਕੀਮਤ ਤੇ ਮਜ਼ਾ ਉਠਾਉਣਾ ਚਾਹੁੰਦੇ ਹਨ, ਪਰ ਸੱਚੇ ਮਸੀਹੀਆਂ ਨੂੰ ਅਜਿਹੇ ਰਵੱਈਏ ਤੋਂ ਬਚ ਕੇ ਰਹਿਣਾ ਚਾਹੀਦਾ ਹੈ। (ਅਫ਼ਸੀਆਂ 2:2-5 ਪੜ੍ਹੋ।) ਜੇ ਅਸੀਂ ਇਸ ਤਰ੍ਹਾਂ ਨਹੀਂ ਕਰਦੇ, ਤਾਂ ਅਸੀਂ ‘ਸਰੀਰ ਦੀ ਕਾਮਨਾ ਅਤੇ ਨੇਤਰਾਂ ਦੀ ਕਾਮਨਾ ਅਤੇ ਜੀਵਨ ਦੇ ਅਭਮਾਨ’ ਦੇ ਫੰਦੇ ਵਿਚ ਪੈ ਸਕਦੇ ਹਾਂ। (1 ਯੂਹੰ. 2:16) ਜਾਂ ਅਸੀਂ ਸ਼ਾਇਦ ਇਸ ਭੁਲੇਖੇ ਵਿਚ ਪੈ ਜਾਈਏ ਕਿ ਸਰੀਰ ਦੀਆਂ ਇੱਛਾਵਾਂ ਮੁਤਾਬਕ ਚੱਲਣ ਨਾਲ ਸਾਨੂੰ ਤਾਜ਼ਗੀ ਮਿਲੇਗੀ। (ਰੋਮੀ. 8:6) ਮਿਸਾਲ ਲਈ, ਕੁਝ ਲੋਕਾਂ ਨੇ ਡ੍ਰੱਗਜ਼ ਅਤੇ ਸ਼ਰਾਬ ਦੀ ਕੁਵਰਤੋਂ, ਪੋਰਨੋਗ੍ਰਾਫੀ, ਖ਼ਤਰੇ ਭਰੀਆਂ ਖੇਡਾਂ ਜਾਂ ਹੋਰ ਤਰ੍ਹਾਂ ਦੇ ਨਾਜਾਇਜ਼ ਕੰਮ ਕਰ ਕੇ ਮਜ਼ਾ ਲੁੱਟਣ ਦੀ ਕੋਸ਼ਿਸ਼ ਕੀਤੀ ਹੈ। ਸ਼ਤਾਨ ਦੇ “ਛਲ ਛਿੱਦ੍ਰਾਂ” ਯਾਨੀ ਉਸ ਦੀਆਂ ਚਾਲਾਂ ਵਿਚ ਆ ਕੇ ਇਨਸਾਨ ਵਿਸ਼ਵਾਸ ਕਰਨ ਲੱਗ ਪੈਂਦੇ ਹਨ ਕਿ ਉਨ੍ਹਾਂ ਨੂੰ ਤਾਜ਼ਗੀ ਮਿਲ ਰਹੀ ਹੈ।—ਅਫ਼. 6:11.
18 ਹਾਂ, ਇਹ ਸੱਚ ਹੈ ਕਿ ਹਿਸਾਬ ਨਾਲ ਖਾਣ-ਪੀਣ ਅਤੇ ਚੰਗਾ ਮਨੋਰੰਜਨ ਕਰਨ ਵਿਚ ਕੋਈ ਹਰਜ਼ ਨਹੀਂ। ਪਰ ਅਸੀਂ ਇਨ੍ਹਾਂ ਕੰਮਾਂ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਨਹੀਂ ਦਿੰਦੇ। ਸਮੇਂ ਦੀ ਨਜ਼ਾਕਤ ਨੂੰ ਧਿਆਨ ਵਿਚ ਰੱਖਦੇ ਹੋਏ ਸਾਨੂੰ ਸੰਜਮ ਅਤੇ ਸੰਤੁਲਨ ਰੱਖਣ ਦੀ ਲੋੜ ਹੈ। ਇਹ ਚੀਜ਼ਾਂ ਸਾਨੂੰ ਇਸ ਹੱਦ ਤਕ ਦਬਾ ਸਕਦੀਆਂ ਹਨ ਕਿ ਅਸੀਂ ‘ਪ੍ਰਭੁ ਯਿਸੂ ਮਸੀਹ ਦੇ ਗਿਆਨ ਵਿੱਚ ਆਲਸੀ ਅਤੇ ਨਿਸਫਲ’ ਹੋ ਸਕਦੇ ਹਾਂ।—2 ਪਤ. 1:8.
19, 20. ਸੱਚੀ ਤਾਜ਼ਗੀ ਕਿਵੇਂ ਮਿਲ ਸਕਦੀ ਹੈ?
19 ਜਦੋਂ ਅਸੀਂ ਆਪਣੀ ਸੋਚ ਨੂੰ ਯਹੋਵਾਹ ਦੇ ਨਿਯਮਾਂ ਮੁਤਾਬਕ ਢਾਲ਼ ਲੈਂਦੇ ਹਾਂ, ਤਾਂ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਦੁਨੀਆਂ ਜੋ ਮਜ਼ੇਦਾਰ ਚੀਜ਼ਾਂ ਪੇਸ਼ ਕਰਦੀ ਹੈ, ਇਹ ਥੋੜ੍ਹੇ ਚਿਰ ਲਈ ਹੀ ਹਨ। ਮੂਸਾ ਨੂੰ ਇਹ ਪਤਾ ਸੀ ਅਤੇ ਅਸੀਂ ਵੀ ਜਾਣਦੇ ਹਾਂ। (ਇਬ. 11:25) ਸੱਚ ਤਾਂ ਇਹ ਹੈ ਕਿ ਆਪਣੇ ਸਵਰਗੀ ਪਿਤਾ ਦੀ ਇੱਛਾ ਪੂਰੀ ਕਰ ਕੇ ਹੀ ਅਸਲੀ ਤਾਜ਼ਗੀ ਮਿਲਦੀ ਹੈ ਜਿਸ ਕਾਰਨ ਸਾਨੂੰ ਗਹਿਰੀ ਖ਼ੁਸ਼ੀ ਅਤੇ ਸੰਤੁਸ਼ਟੀ ਮਿਲਦੀ ਹੈ।—ਮੱਤੀ 5:6.
20 ਆਓ ਆਪਾਂ ਪਰਮੇਸ਼ੁਰ ਦੇ ਕੰਮਾਂ ਵਿਚ ਤਾਜ਼ਗੀ ਪਾਉਂਦੇ ਰਹੀਏ। ਇਸ ਤਰ੍ਹਾਂ ਕਰ ਕੇ ਅਸੀਂ ‘ਅਭਗਤੀ ਅਤੇ ਸੰਸਾਰੀ ਵਿਸ਼ਿਆਂ ਤੋਂ ਮਨ ਫੇਰ ਕੇ ਸ਼ੁਭ ਆਸ ਦੀ ਅਤੇ ਆਪਣੇ ਮਹਾਂ ਪਰਮੇਸ਼ੁਰ ਅਤੇ ਮੁਕਤੀ ਦਾਤਾ ਯਿਸੂ ਮਸੀਹ ਦੇ ਤੇਜ ਦੇ ਪਰਗਟ ਹੋਣ ਦੀ ਉਡੀਕ ਰੱਖਦੇ ਹਾਂ।’ (ਤੀਤੁ. 2:12, 13) ਇਸ ਲਈ ਆਓ ਆਪਾਂ ਯਿਸੂ ਦੇ ਅਧਿਕਾਰ ਅਤੇ ਉਸ ਦੀ ਸੇਧ ਅਨੁਸਾਰ ਚੱਲ ਕੇ ਉਸ ਦੇ ਜੂਲੇ ਹੇਠ ਰਹਿਣ ਦੀ ਠਾਣ ਲਈਏ। ਫਿਰ ਸਾਨੂੰ ਸੱਚੀ ਖ਼ੁਸ਼ੀ ਅਤੇ ਤਾਜ਼ਗੀ ਮਿਲੇਗੀ!
[ਫੁਟਨੋਟ]
^ ਪੈਰਾ 13 ਪਰਿਵਾਰਕ ਸਟੱਡੀ ਦਿਲਚਸਪ ਅਤੇ ਸਿੱਖਿਆਦਾਇਕ ਬਣਾਉਣ ਬਾਰੇ ਹੋਰ ਜਾਣਕਾਰੀ ਲਈ ਅਕਤੂਬਰ 2008 ਦੀ ਸਾਡੀ ਰਾਜ ਸੇਵਕਾਈ ਦਾ ਸਫ਼ਾ 8 ਦੇਖੋ।
ਤੁਸੀਂ ਕਿਵੇਂ ਜਵਾਬ ਦਿਓਗੇ?
• ਯਹੋਵਾਹ ਦੇ ਲੋਕ ਅੱਜ ਕਿਵੇਂ ਤਾਜ਼ਗੀ ਪਾਉਂਦੇ ਹਨ?
• ਪ੍ਰਚਾਰ ਕਰਨ ਨਾਲ ਸਾਨੂੰ ਅਤੇ ਲੋਕਾਂ ਨੂੰ ਕਿਵੇਂ ਤਾਜ਼ਗੀ ਮਿਲਦੀ ਹੈ?
• ਪਰਿਵਾਰ ਦੇ ਮੁਖੀ ਕੀ ਕਰ ਸਕਦੇ ਹਨ ਤਾਂਕਿ ਉਨ੍ਹਾਂ ਦੀ ਪਰਿਵਾਰਕ ਸਟੱਡੀ ਤੋਂ ਤਾਜ਼ਗੀ ਮਿਲੇ?
• ਕਿਹੜੀਆਂ ਚੀਜ਼ਾਂ ਸਾਨੂੰ ਦਬਾਅ ਸਕਦੀਆਂ ਹਨ?
[ਸਵਾਲ]
[ਸਫ਼ਾ 26 ਉੱਤੇ ਤਸਵੀਰਾਂ]
ਯਿਸੂ ਦੇ ਜੂਲੇ ਹੇਠ ਰਹਿ ਕੇ ਅਸੀਂ ਕਈ ਸੋਮਿਆਂ ਤੋਂ ਤਾਜ਼ਗੀ ਪਾਉਂਦੇ ਹਾਂ