Skip to content

Skip to table of contents

ਪਰਮੇਸ਼ੁਰ ਦੇ ਲੋਕਾਂ ਵਿਚ ਸੁਰੱਖਿਆ ਪਾਓ

ਪਰਮੇਸ਼ੁਰ ਦੇ ਲੋਕਾਂ ਵਿਚ ਸੁਰੱਖਿਆ ਪਾਓ

ਪਰਮੇਸ਼ੁਰ ਦੇ ਲੋਕਾਂ ਵਿਚ ਸੁਰੱਖਿਆ ਪਾਓ

‘ਮੈਂ ਮਹਾ ਸਭਾ ਵਿੱਚ ਤੇਰੀ ਉਸਤਤ ਕਰਾਂਗਾ।’—ਜ਼ਬੂ. 35:18.

1-3. (ੳ) ਕਿਹੜੀਆਂ ਗੱਲਾਂ ਕਾਰਨ ਕੁਝ ਮਸੀਹੀਆਂ ਦੀ ਨਿਹਚਾ ਖ਼ਤਰੇ ਵਿਚ ਪੈ ਸਕਦੀ ਹੈ? (ਅ) ਪਰਮੇਸ਼ੁਰ ਦੇ ਲੋਕ ਸੁਰੱਖਿਆ ਕਿੱਥੇ ਪਾ ਸਕਦੇ ਹਨ?

ਜੋਅ ਅਤੇ ਉਸ ਦੀ ਪਤਨੀ ਜਦੋਂ ਕਿਤੇ ਛੁੱਟੀਆਂ ਮਨਾਉਣ ਗਏ ਸਨ, ਤਾਂ ਉਹ ਸਮੁੰਦਰੀ ਪਾਣੀ ਦੇ ਥੱਲੇ ਜਾ ਕੇ ਤੈਰਨ ਲੱਗੇ। ਤੈਰਦੇ ਸਮੇਂ ਉਨ੍ਹਾਂ ਨੇ ਸਾਹ ਨਾਲੀ ਪਹਿਨੀ ਹੋਈ ਸੀ। ਪਾਣੀ ਦੇ ਥੱਲੇ ਉਨ੍ਹਾਂ ਨੇ ਦੇਖਿਆ ਕਿ ਰੰਗ-ਬਰੰਗੀਆਂ ਚਟਾਨਾਂ ਭਾਂਤ-ਭਾਂਤ ਦੇ ਆਕਾਰ ਅਤੇ ਰੰਗਾਂ ਦੀਆਂ ਮੱਛੀਆਂ ਨਾਲ ਭਰੀਆਂ ਪਈਆਂ ਸਨ। ਉਹ ਪਾਣੀ ਦੇ ਹੋਰ ਥੱਲੇ ਚਲੇ ਗਏ ਤਾਂਕਿ ਉਹ ਇੱਦਾਂ ਦੀਆਂ ਹੋਰ ਚਟਾਨਾਂ ਦਾ ਖੂਬਸੂਰਤ ਨਜ਼ਾਰਾ ਦੇਖ ਸਕਣ। ਕਾਫ਼ੀ ਥੱਲੇ ਜਾ ਕੇ ਜੋਅ ਦੀ ਪਤਨੀ ਨੇ ਕਿਹਾ: “ਮੈਨੂੰ ਲੱਗਦਾ ਕਿ ਅਸੀਂ ਬਹੁਤ ਥੱਲੇ ਆ ਗਏ ਹਾਂ।” ਜੋਅ ਨੇ ਕਿਹਾ: “ਕੁਝ ਨਹੀਂ ਹੁੰਦਾ ਡਰਦੀ ਕਾਹਨੂੰ ਆਂ, ਮੈਨੂੰ ਪਤਾ ਮੈਂ ਕੀ ਕਰ ਰਿਹਾ ਹਾਂ।” ਥੋੜ੍ਹੀ ਹੀ ਦੇਰ ਬਾਅਦ ਜੋਅ ਨੇ ਕਿਹਾ ਕਿ ‘ਸਾਰੀਆਂ ਮੱਛੀਆਂ ਕਿੱਥੇ ਚਲੇ ਗਈਆਂ?’ ਕਾਰਨ ਪਤਾ ਲੱਗਣ ਤੇ ਜੋਅ ਬੜਾ ਡਰ ਗਿਆ। ਫਿਰ ਉਸ ਨੇ ਦੇਖਿਆ ਕਿ ਡੂੰਘੇ ਪਾਣੀ ਵਿੱਚੋਂ ਦੀ ਇਕ ਸ਼ਾਰਕ ਮੱਛੀ ਸਿੱਧੀ ਉਸ ਵੱਲ ਆ ਰਹੀ ਸੀ। ਹੁਣ ਤਾਂ ਉਸ ਦੀ ਜਾਨ ਸ਼ਾਰਕ ਮੱਛੀ ਦੇ ਰਹਿਮੋ-ਕਰਮ ’ਤੇ ਹੀ ਬਚ ਸਕਦੀ ਸੀ। ਸ਼ਾਰਕ ਮੱਛੀ ਬਸ ਮੀਟਰ ਕੁ ਦੂਰ ਸੀ, ਪਰ ਫਿਰ ਅਚਾਨਕ ਇਹ ਇਕ ਪਾਸੇ ਨੂੰ ਮੁੜ ਗਈ ਤੇ ਅਲੋਪ ਹੋ ਗਈ।

2 ਇਕ ਮਸੀਹੀ ਵੀ ਸ਼ਤਾਨ ਦੀ ਦੁਨੀਆਂ ਦੀਆਂ ਆਕਰਸ਼ਕ ਚੀਜ਼ਾਂ—ਮਨੋਰੰਜਨ, ਕੰਮ ਅਤੇ ਧਨ-ਦੌਲਤ—ਦਾ ਮਜ਼ਾ ਲੈਣ ਵਿਚ ਇੰਨਾ ਮਗਨ ਹੋ ਸਕਦਾ ਹੈ ਕਿ ਉਸ ਨੂੰ ਪਤਾ ਵੀ ਨਹੀਂ ਲੱਗੇਗਾ ਕਿ ਉਹ ਕਿੰਨੇ ਖ਼ਤਰਨਾਕ ਪਾਣੀਆਂ ਵਿਚ ਜਾ ਰਿਹਾ ਹੈ। ਜੋਅ ਬਜ਼ੁਰਗ ਵਜੋਂ ਸੇਵਾ ਕਰਦਾ ਹੈ। ਉਹ ਦੱਸਦਾ ਹੈ: “ਮੈਨੂੰ ਆਪਣੇ ਤਜਰਬੇ ਨੇ ਇਹੀ ਸੋਚਣ ਲਈ ਉਕਸਾਇਆ ਕਿ ਮੈਂ ਕਿਨ੍ਹਾਂ ਲੋਕਾਂ ਨਾਲ ਮਿਲਦਾ-ਜੁਲਦਾ ਹਾਂ। ਸੋ ਉੱਥੇ ਤੈਰੋ ਜਿੱਥੇ ਤੁਸੀਂ ਸੁਰੱਖਿਅਤ ਤੇ ਖ਼ੁਸ਼ ਰਵੋਗੇ ਯਾਨੀ ਕਲੀਸਿਯਾ ਵਿਚ!” ਡੂੰਘੇ ਪਾਣੀ ਵਿਚ ਨਾ ਤੈਰੋ ਜਿੱਥੇ ਤੁਸੀਂ ਕਲੀਸਿਯਾ ਤੋਂ ਦੂਰ ਹੋ ਕੇ ਖ਼ਤਰੇ ਵਿਚ ਪੈ ਸਕਦੇ ਹੋ। ਜੇ ਤੁਸੀਂ ਕਦੇ ਇਸ ਖ਼ਤਰੇ ਵਿਚ ਪੈ ਜਾਂਦੇ ਹੋ, ਤਾਂ ਤੁਰੰਤ ‘ਸੁਰੱਖਿਅਤ ਪਾਣੀ’ ਕਲੀਸਿਯਾ ਵਿਚ ਮੁੜ ਆਓ। ਨਹੀਂ ਤਾਂ ਤੁਹਾਨੂੰ ਕੋਈ ਖਾ ਜਾਏਗਾ ਯਾਨੀ ਤੁਹਾਡੀ ਨਿਹਚਾ ਖ਼ਤਰੇ ਵਿਚ ਪੈ ਜਾਵੇਗੀ।

3 ਅੱਜ ਦੀ ਦੁਨੀਆਂ ਮਸੀਹੀਆਂ ਲਈ ਖ਼ਤਰਨਾਕ ਹੈ। (2 ਤਿਮੋ. 3:1-5) ਸ਼ਤਾਨ ਨੂੰ ਪਤਾ ਹੈ ਕਿ ਉਸ ਦੇ ਗਿਣੇ-ਚੁਣੇ ਦਿਨ ਹੀ ਰਹਿ ਗਏ ਹਨ, ਇਸ ਲਈ ਉਹ ਲਾਪਰਵਾਹ ਲੋਕਾਂ ਨੂੰ ਖਾ ਜਾਣਾ ਚਾਹੁੰਦਾ ਹੈ। (1 ਪਤ. 5:8; ਪਰ. 12:12, 17) ਪਰ ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਅਸੁਰੱਖਿਅਤ ਹਾਂ। ਯਹੋਵਾਹ ਨੇ ਸਾਨੂੰ ਅਜਿਹੀ ਥਾਂ ਦਿੱਤੀ ਹੈ ਜਿੱਥੇ ਅਸੀਂ ਸੁਰੱਖਿਆ ਪਾ ਸਕਦੇ ਹਾਂ। ਉਹ ਹੈ ਮਸੀਹੀ ਕਲੀਸਿਯਾ।

4, 5. ਬਹੁਤ ਸਾਰੇ ਲੋਕ ਆਪਣੇ ਭਵਿੱਖ ਬਾਰੇ ਕਿਵੇਂ ਮਹਿਸੂਸ ਕਰਦੇ ਹਨ ਅਤੇ ਕਿਉਂ?

4 ਦੁਨੀਆਂ ਸਾਨੂੰ ਸਰੀਰਕ ਤੇ ਜਜ਼ਬਾਤੀ ਤੌਰ ਤੇ ਮਾੜਾ-ਮੋਟਾ ਹੀ ਸੁਰੱਖਿਅਤ ਰੱਖ ਸਕਦੀ ਹੈ। ਜ਼ਿਆਦਾਤਰ ਲੋਕੀ ਸੋਚਦੇ ਹਨ ਕਿ ਉਹ ਅਪਰਾਧ, ਹਿੰਸਾ, ਮਹਿੰਗਾਈ ਅਤੇ ਖ਼ਰਾਬ ਵਾਤਾਵਰਣ ਕਾਰਨ ਸੁਰੱਖਿਅਤ ਨਹੀਂ ਹਨ। ਸਾਰਿਆਂ ਨੂੰ ਬੁਢਾਪਾ ਆਉਂਦਾ ਹੈ ਤੇ ਸਿਹਤ ਖ਼ਰਾਬ ਹੁੰਦੀ ਹੈ। ਜਿਨ੍ਹਾਂ ਕੋਲ ਨੌਕਰੀਆਂ, ਘਰ ਤੇ ਕਾਫ਼ੀ ਪੈਸਾ ਹੈ ਅਤੇ ਕੁਝ ਹੱਦ ਤਕ ਉਨ੍ਹਾਂ ਦੀ ਸਿਹਤ ਚੰਗੀ ਹੈ, ਉਹ ਵੀ ਸੋਚਦੇ ਹਨ ਕਿ ਇਹ ਚੀਜ਼ਾਂ ਕਿੰਨੀ ਦੇਰ ਤਕ ਰਹਿਣਗੀਆਂ।

5 ਜਜ਼ਬਾਤੀ ਤੌਰ ਤੇ ਵੀ ਕਈ ਲੋਕ ਸੁਰੱਖਿਅਤ ਮਹਿਸੂਸ ਨਹੀਂ ਕਰਦੇ। ਅਫ਼ਸੋਸ ਦੀ ਗੱਲ ਹੈ ਕਿ ਜਿਨ੍ਹਾਂ ਜ਼ਿਆਦਾਤਰ ਲੋਕਾਂ ਨੇ ਸੋਚਿਆ ਸੀ ਕਿ ਵਿਆਹ ਕਰਨ ਅਤੇ ਪਰਿਵਾਰ ਬਣਾਉਣ ਨਾਲ ਉਨ੍ਹਾਂ ਨੂੰ ਸ਼ਾਂਤੀ ਤੇ ਸੰਤੁਸ਼ਟੀ ਮਿਲੇਗੀ, ਉਨ੍ਹਾਂ ਦੀਆਂ ਉਮੀਦਾਂ ਅਧੂਰੀਆਂ ਰਹਿ ਗਈਆਂ। ਪਰਮੇਸ਼ੁਰ ਦੇ ਗਿਆਨ ਦੇ ਭੁੱਖੇ ਕਈ ਮਜ਼ਹਬਾਂ ਦੇ ਲੋਕ ਉਲਝਣ ਵਿਚ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਨਹੀਂ ਕਿ ਉਨ੍ਹਾਂ ਨੂੰ ਸਹੀ ਸਿੱਖਿਆ ਮਿਲ ਰਹੀ ਹੈ ਜਾਂ ਨਹੀਂ। ਉਹ ਖ਼ਾਸਕਰ ਆਪਣੇ ਧਾਰਮਿਕ ਆਗੂਆਂ ਦੇ ਗ਼ਲਤ ਚਾਲ-ਚਲਣ ਅਤੇ ਸਿੱਖਿਆਵਾਂ ਕਾਰਨ ਉਲਝਣ ਵਿਚ ਹਨ। ਇਸ ਲਈ, ਬਹੁਤ ਸਾਰੇ ਲੋਕ ਸੋਚਦੇ ਹਨ ਕਿ ਵਿਗਿਆਨ ਜਾਂ ਇਨਸਾਨੀਅਤ ’ਤੇ ਭਰੋਸਾ ਰੱਖਣਾ ਬਸ ਇੱਕੋ-ਇਕ ਚਾਰਾ ਰਹਿ ਗਿਆ ਹੈ। ਤਾਂ ਫਿਰ ਹੈਰਾਨੀ ਦੀ ਕੋਈ ਗੱਲ ਨਹੀਂ ਕਿ ਲੋਕ ਡਰੇ ਰਹਿੰਦੇ ਹਨ ਜਾਂ ਆਪਣੇ ਭਵਿੱਖ ਬਾਰੇ ਬਹੁਤਾ ਨਹੀਂ ਸੋਚਦੇ।

6, 7. (ੳ) ਕਿਹੜੀ ਗੱਲ ਕਾਰਨ ਯਹੋਵਾਹ ਦੇ ਸੇਵਕਾਂ ਦਾ ਨਜ਼ਰੀਆ ਦੁਨੀਆਂ ਦੇ ਲੋਕਾਂ ਤੋਂ ਵੱਖਰਾ ਹੈ? (ਅ) ਅਸੀਂ ਕਿਸ ਉੱਤੇ ਗੌਰ ਕਰਾਂਗੇ?

6 ਦੁਨੀਆਂ ਦੇ ਲੋਕਾਂ ਦੇ ਨਜ਼ਰੀਏ ਅਤੇ ਮਸੀਹੀ ਕਲੀਸਿਯਾ ਦੇ ਭੈਣਾਂ-ਭਰਾਵਾਂ ਦੇ ਨਜ਼ਰੀਏ ਵਿਚ ਕਿੰਨਾ ਫ਼ਰਕ ਹੈ! ਯਹੋਵਾਹ ਦੇ ਲੋਕਾਂ ਵਜੋਂ ਸਾਨੂੰ ਵੀ ਉਹੀ ਸਮੱਸਿਆਵਾਂ ਆਉਂਦੀਆਂ ਹਨ ਜੋ ਸਾਡੇ ਗੁਆਂਢੀਆਂ ਨੂੰ ਆਉਂਦੀਆਂ ਹਨ, ਪਰ ਅਸੀਂ ਉਨ੍ਹਾਂ ਵਾਂਗ ਨਹੀਂ ਸੋਚਦੇ। (ਯਸਾਯਾਹ 65:13, 14; ਮਲਾਕੀ 3:18 ਪੜ੍ਹੋ।) ਕਿਉਂ? ਕਿਉਂਕਿ ਬਾਈਬਲ ਸਾਨੂੰ ਤਸੱਲੀਬਖ਼ਸ਼ ਜਵਾਬ ਦਿੰਦੀ ਹੈ ਕਿ ਦੁਨੀਆਂ ਦੇ ਹਾਲਾਤ ਖ਼ਰਾਬ ਕਿਉਂ ਹਨ। ਨਾਲੇ ਅਸੀਂ ਜ਼ਿੰਦਗੀ ਦੀਆਂ ਚੁਣੌਤੀਆਂ ਤੇ ਸਮੱਸਿਆਵਾਂ ਨਾਲ ਨਜਿੱਠਣ ਲਈ ਤਿਆਰ ਹਾਂ। ਇਸ ਕਰਕੇ ਅਸੀਂ ਭਵਿੱਖ ਬਾਰੇ ਹੱਦੋਂ ਵੱਧ ਚਿੰਤਾ ਨਹੀਂ ਕਰਦੇ। ਯਹੋਵਾਹ ਦੀ ਸੇਵਾ ਕਰਨ ਕਰਕੇ ਅਸੀਂ ਗ਼ਲਤ ਸੋਚ, ਗੰਦੇ ਕੰਮਾਂ ਅਤੇ ਇਨ੍ਹਾਂ ਦੇ ਨਿਕਲਣ ਵਾਲੇ ਮਾੜੇ ਅੰਜਾਮਾਂ ਤੋਂ ਬਚੇ ਰਹਿੰਦੇ ਹਾਂ। ਇਸ ਤਰ੍ਹਾਂ ਕਲੀਸਿਯਾ ਦੇ ਮੈਂਬਰਾਂ ਨੂੰ ਉਹ ਸ਼ਾਂਤੀ ਮਿਲਦੀ ਹੈ ਜੋ ਦੂਸਰਿਆਂ ਨੂੰ ਨਹੀਂ ਮਿਲਦੀ।—ਯਸਾ. 48:17, 18; ਫ਼ਿਲਿ. 4:6, 7.

7 ਅਸੀਂ ਕੁਝ ਮਿਸਾਲਾਂ ਉੱਤੇ ਗੌਰ ਕਰ ਕੇ ਦੇਖ ਸਕਦੇ ਹਾਂ ਕਿ ਯਹੋਵਾਹ ਦੇ ਸੇਵਕ ਦੁਨੀਆਂ ਦੇ ਲੋਕਾਂ ਦੀ ਤੁਲਨਾ ਵਿਚ ਸੁਰੱਖਿਅਤ ਹਨ। ਇਨ੍ਹਾਂ ਮਿਸਾਲਾਂ ਦੀ ਮਦਦ ਨਾਲ ਅਸੀਂ ਆਪਣੀ ਸੋਚ ਅਤੇ ਕੰਮਾਂ ਦੀ ਜਾਂਚ ਕਰ ਸਕਦੇ ਹਾਂ। ਇਸ ਤੋਂ ਇਲਾਵਾ, ਅਸੀਂ ਦੇਖ ਸਕਦੇ ਹਾਂ ਕਿ ਸਾਨੂੰ ਪਰਮੇਸ਼ੁਰ ਦੀ ਸਲਾਹ ਹੋਰ ਚੰਗੀ ਤਰ੍ਹਾਂ ਲਾਗੂ ਕਰਨ ਦੀ ਲੋੜ ਹੈ ਜਿਸ ਨਾਲ ਸਾਡਾ ਬਚਾਅ ਹੋ ਸਕਦਾ ਹੈ।—ਯਸਾ. 30:21.

‘ਮੇਰੇ ਪੈਰ ਫਿਸਲਣ ਲੱਗੇ ਸਨ’

8. ਯਹੋਵਾਹ ਦੇ ਸੇਵਕਾਂ ਨੂੰ ਹਮੇਸ਼ਾ ਕੀ ਕਰਨਾ ਪਿਆ ਹੈ?

8 ਮਨੁੱਖੀ ਇਤਿਹਾਸ ਦੇ ਸ਼ੁਰੂ ਤੋਂ ਹੀ ਯਹੋਵਾਹ ਦੀ ਸੇਵਾ ਕਰਨ ਤੇ ਉਸ ਦੀ ਆਗਿਆ ਮੰਨਣ ਵਾਲਿਆਂ ਨੇ ਉਨ੍ਹਾਂ ਲੋਕਾਂ ਨਾਲ ਜ਼ਿਆਦਾ ਮੇਲ-ਜੋਲ ਨਹੀਂ ਰੱਖਿਆ ਜੋ ਯਹੋਵਾਹ ਦੀ ਸੇਵਾ ਨਹੀਂ ਕਰਦੇ। ਦਰਅਸਲ, ਯਹੋਵਾਹ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਉਸ ਦੀ ਭਗਤੀ ਕਰਨ ਵਾਲਿਆਂ ਅਤੇ ਸ਼ਤਾਨ ਦੇ ਪਿੱਛੇ ਲੱਗਣ ਵਾਲਿਆਂ ਵਿਚ ਦੁਸ਼ਮਣੀ ਹੋਵੇਗੀ। (ਉਤ. 3:15) ਪਰਮੇਸ਼ੁਰ ਦੇ ਲੋਕ ਉਸ ਦੇ ਅਸੂਲਾਂ ਉੱਤੇ ਦ੍ਰਿੜ੍ਹਤਾ ਨਾਲ ਚੱਲਦੇ ਹਨ, ਇਸ ਲਈ ਉਹ ਆਪਣੇ ਆਲੇ-ਦੁਆਲੇ ਦੇ ਲੋਕਾਂ ਵਰਗੇ ਕੰਮ ਨਹੀਂ ਕਰਦੇ। (ਯੂਹੰ. 17:15, 16; 1 ਯੂਹੰ. 2:15-17) ਪਰ ਉਨ੍ਹਾਂ ਲਈ ਇਸ ਤਰ੍ਹਾਂ ਕਰਨਾ ਹਮੇਸ਼ਾ ਆਸਾਨ ਨਹੀਂ ਰਿਹਾ। ਇਸੇ ਲਈ, ਯਹੋਵਾਹ ਦੇ ਕੁਝ ਸੇਵਕਾਂ ਨੇ ਕਦੇ-ਕਦੇ ਸੋਚਿਆ ਹੈ ਕਿ ਉਨ੍ਹਾਂ ਨੇ ਕੁਰਬਾਨੀਆਂ ਭਰੀ ਜ਼ਿੰਦਗੀ ਚੁਣ ਕੇ ਚੰਗਾ ਕੀਤਾ ਹੈ ਜਾਂ ਨਹੀਂ।

9. ਦੱਸੋ ਕਿ ਜ਼ਬੂਰ 73 ਦੇ ਲਿਖਾਰੀ ਨੂੰ ਕਿਹੜਾ ਸੰਘਰਸ਼ ਕਰਨਾ ਪਿਆ?

9 ਯਹੋਵਾਹ ਦੇ ਸੇਵਕਾਂ ਵਿੱਚੋਂ ਇਕ ਸੀ ਜ਼ਬੂਰ 73 ਦਾ ਲਿਖਾਰੀ ਜੋ ਆਸਾਫ਼ ਦੇ ਘਰਾਣੇ ਵਿੱਚੋਂ ਸੀ। ਉਹ ਵੀ ਸੋਚਣ ਲੱਗ ਪਿਆ ਸੀ ਕਿ ਪਰਮੇਸ਼ੁਰ ਦੀ ਸੇਵਾ ਕਰਨ ਦਾ ਉਸ ਦਾ ਫ਼ੈਸਲਾ ਸਹੀ ਸੀ ਜਾਂ ਨਹੀਂ। ਲਿਖਾਰੀ ਨੇ ਪੁੱਛਿਆ ਕਿ ਇੱਦਾਂ ਕਿਉਂ ਹੈ ਕਿ ਬੁਰੇ ਲੋਕ ਅਕਸਰ ਸਫ਼ਲ ਤੇ ਖ਼ੁਸ਼ ਰਹਿੰਦੇ ਤੇ ਵਧਦੇ-ਫੁੱਲਦੇ ਹਨ, ਜਦਕਿ ਜਿਹੜੇ ਪਰਮੇਸ਼ੁਰ ਦੀ ਸੇਵਾ ਕਰਨ ਦੀ ਕੋਸ਼ਿਸ਼ ਕਰਦੇ ਹਨ, ਉਹ ਅਜ਼ਮਾਇਸ਼ਾਂ ਅਤੇ ਕਠਿਨਾਈਆਂ ਸਹਿੰਦੇ ਹਨ।—ਜ਼ਬੂਰਾਂ ਦੀ ਪੋਥੀ 73:1-13 ਪੜ੍ਹੋ।

10. ਜ਼ਬੂਰ ਦੇ ਲਿਖਾਰੀ ਨੇ ਜੋ ਕੁਝ ਕਿਹਾ ਸੀ, ਉਹ ਤੁਹਾਡੇ ਲਈ ਕਿਉਂ ਮਾਅਨੇ ਰੱਖਦਾ ਹੈ?

10 ਕੀ ਤੁਸੀਂ ਵੀ ਕਦੇ ਆਪਣੇ ਤੋਂ ਇਹੋ ਜਿਹੇ ਸਵਾਲ ਪੁੱਛੇ ਹਨ ਜਿੱਦਾਂ ਦੇ ਜ਼ਬੂਰਾਂ ਦੇ ਲਿਖਾਰੀ ਨੇ ਪੁੱਛੇ ਸਨ? ਜੇ ਹਾਂ, ਤਾਂ ਆਪਣੇ ਆਪ ਨੂੰ ਜ਼ਿਆਦਾ ਦੋਸ਼ੀ ਨਾ ਸਮਝੋ ਜਾਂ ਇਹ ਨਾ ਸੋਚੋ ਕਿ ਤੁਹਾਡੀ ਨਿਹਚਾ ਕਮਜ਼ੋਰ ਪੈ ਰਹੀ ਹੈ। ਦਰਅਸਲ, ਯਹੋਵਾਹ ਦੇ ਕਈ ਸੇਵਕਾਂ ਨੇ ਇਸ ਤਰ੍ਹਾਂ ਸੋਚਿਆ ਸੀ, ਉਨ੍ਹਾਂ ਨੇ ਵੀ ਜਿਨ੍ਹਾਂ ਨੂੰ ਯਹੋਵਾਹ ਨੇ ਬਾਈਬਲ ਲਿਖਣ ਲਈ ਵਰਤਿਆ ਸੀ। (ਅੱਯੂ. 21:7-13; ਜ਼ਬੂ. 37:1; ਯਿਰ. 12:1; ਹਬ. 1:1-4, 13) ਹਾਂ, ਜਿਹੜੇ ਯਹੋਵਾਹ ਦੀ ਸੇਵਾ ਕਰਨੀ ਚਾਹੁੰਦੇ ਹਨ, ਉਨ੍ਹਾਂ ਸਾਰਿਆਂ ਨੂੰ ਗੰਭੀਰਤਾ ਨਾਲ ਇਸ ਸਵਾਲ ਬਾਰੇ ਸੋਚਣ ਤੇ ਇਸ ਸਵਾਲ ਦੇ ਜਵਾਬ ਨੂੰ ਕਬੂਲ ਕਰਨ ਦੀ ਲੋੜ ਹੈ: ਕੀ ਪਰਮੇਸ਼ੁਰ ਦੀ ਸੇਵਾ ਕਰਨੀ ਅਤੇ ਉਸ ਦੀ ਆਗਿਆ ਮੰਨਣੀ ਸਭ ਤੋਂ ਵਧੀਆ ਗੱਲ ਹੈ? ਇਸ ਸਵਾਲ ਦਾ ਸੰਬੰਧ ਅਦਨ ਦੇ ਬਾਗ਼ ਵਿਚ ਉੱਠੇ ਮਸਲੇ ਨਾਲ ਹੈ। ਇਹ ਇਸ ਗੱਲ ਨਾਲ ਜੁੜਿਆ ਹੈ ਕਿ ਯਹੋਵਾਹ ਨੂੰ ਦੁਨੀਆਂ ਉੱਤੇ ਰਾਜ ਕਰਨ ਦਾ ਹੱਕ ਹੈ ਜਾਂ ਨਹੀਂ। (ਉਤ. 3:4, 5) ਇਸ ਲਈ ਸਾਡੇ ਸਾਰਿਆਂ ਲਈ ਜ਼ਬੂਰ ਦੇ ਲਿਖਾਰੀ ਦੀ ਗੱਲ ਬਾਰੇ ਸੋਚਣਾ ਚੰਗਾ ਹੋਵੇਗਾ। ਕੀ ਸਾਨੂੰ ਬੁਰੇ ਲੋਕਾਂ ਤੋਂ ਜਲ਼ਣਾ ਚਾਹੀਦਾ ਹੈ ਜਿਨ੍ਹਾਂ ਨੂੰ ਦੇਖ ਕੇ ਲੱਗਦਾ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਵਿਚ ਕੋਈ ਦੁੱਖ ਨਹੀਂ? ਕੀ ਸਾਨੂੰ ਯਹੋਵਾਹ ਦੀ ਸੇਵਾ ਕਰਨ ਤੋਂ ‘ਫਿਸਲ’ ਯਾਨੀ ਹਟ ਜਾਣਾ ਚਾਹੀਦਾ ਅਤੇ ਉਨ੍ਹਾਂ ਲੋਕਾਂ ਦੀ ਰੀਸ ਕਰਨੀ ਚਾਹੀਦੀ ਹੈ? ਸ਼ਤਾਨ ਇਹੀ ਤਾਂ ਚਾਹੁੰਦਾ ਹੈ ਸਾਡੇ ਤੋਂ।

11, 12. (ੳ) ਜ਼ਬੂਰ ਦੇ ਲਿਖਾਰੀ ਨੇ ਆਪਣੇ ਸ਼ੱਕ ਕਿਵੇਂ ਦੂਰ ਕੀਤੇ ਅਤੇ ਅਸੀਂ ਇਸ ਤੋਂ ਕੀ ਸਿੱਖਦੇ ਹਾਂ? (ਅ) ਜ਼ਬੂਰ ਦੇ ਲਿਖਾਰੀ ਵਾਂਗ ਸਹੀ ਸਿੱਟੇ ਤੇ ਪਹੁੰਚਣ ਵਿਚ ਕਿਸ ਗੱਲ ਨੇ ਤੁਹਾਡੀ ਮਦਦ ਕੀਤੀ ਹੈ?

11 ਜ਼ਬੂਰ ਦੇ ਲਿਖਾਰੀ ਦੇ ਸ਼ੱਕ ਨੂੰ ਕਿਹੜੀ ਗੱਲ ਨੇ ਦੂਰ ਕੀਤਾ? ਹਾਲਾਂਕਿ ਉਸ ਨੇ ਮੰਨਿਆ ਸੀ ਕਿ ਉਹ ਧਰਮੀ ਰਾਹ ਤੋਂ ਭਟਕਣ ਹੀ ਵਾਲਾ ਸੀ, ਪਰ ਜਦ ਉਸ ਨੇ “ਪਰਮੇਸ਼ੁਰ ਦੇ ਪਵਿੱਤਰ ਅਸਥਾਨ” ਯਾਨੀ ਮੰਦਰ ਜਾ ਕੇ ਉਸ ਦੇ ਭਗਤਾਂ ਨਾਲ ਸੰਗਤ ਕੀਤੀ ਅਤੇ ਪਰਮੇਸ਼ੁਰ ਦੇ ਮਕਸਦ ਉੱਤੇ ਸੋਚ-ਵਿਚਾਰ ਕੀਤਾ, ਤਾਂ ਉਸ ਦਾ ਨਜ਼ਰੀਆ ਬਦਲ ਗਿਆ। ਉਸ ਨੂੰ ਪਤਾ ਲੱਗ ਗਿਆ ਕਿ ਉਹ ਉਸ ਅੰਜਾਮ ਨੂੰ ਨਹੀਂ ਭੁਗਤਣਾ ਚਾਹੁੰਦਾ ਸੀ ਜੋ ਬੁਰੇ ਲੋਕਾਂ ਦਾ ਹੋਣ ਵਾਲਾ ਸੀ। ਉਹ ਦੇਖ ਸਕਦਾ ਸੀ ਕਿ ਲੋਕ ਆਪਣੇ ਕੰਮਾਂ ਅਤੇ ਜ਼ਿੰਦਗੀ ਦੇ ਫ਼ੈਸਲਿਆਂ ਕਾਰਨ “ਤਿਲਕਣਿਆਂ ਥਾਂਵਾਂ” ’ਤੇ ਸਨ। ਉਹ ਸਮਝ ਗਿਆ ਸੀ ਕਿ ਜਿਹੜੇ ਯਹੋਵਾਹ ਨੂੰ ਛੱਡ ਕੇ ਗੰਦੇ ਕੰਮਾਂ ਵਿਚ ਪੈ ਜਾਂਦੇ ਹਨ, ਉਨ੍ਹਾਂ ਦਾ ਅਚਾਨਕ ਬੁਰਾ ਅੰਤ ਹੋ ਜਾਵੇਗਾ, ਪਰ ਯਹੋਵਾਹ ਆਪਣੀ ਸੇਵਾ ਕਰਨ ਵਾਲਿਆਂ ਦਾ ਸਾਥ ਦੇਵੇਗਾ। (ਜ਼ਬੂਰਾਂ ਦਾ ਪੋਥੀ 73:16-19, 27, 28 ਪੜ੍ਹੋ।) ਬਿਨਾਂ ਸ਼ੱਕ ਤੁਸੀਂ ਇਹ ਗੱਲ ਸੱਚ ਹੁੰਦੀ ਦੇਖੀ ਹੈ। ਆਪਣੇ ਲਈ ਜੀਣਾ ਅਤੇ ਯਹੋਵਾਹ ਦੇ ਮਿਆਰਾਂ ਦੀ ਕੋਈ ਕਦਰ ਨਾ ਕਰਨੀ ਸ਼ਾਇਦ ਕਈਆਂ ਨੂੰ ਚੰਗਾ ਲੱਗੇ, ਪਰ ਇਸ ਦੇ ਬੁਰੇ ਨਤੀਜਿਆਂ ਤੋਂ ਉਹ ਬਚ ਨਹੀਂ ਸਕਦੇ।—ਗਲਾ. 6:7-9.

12 ਅਸੀਂ ਜ਼ਬੂਰ ਦੇ ਲਿਖਾਰੀ ਦੇ ਤਜਰਬੇ ਤੋਂ ਹੋਰ ਕੀ ਕੁਝ ਸਿੱਖਦੇ ਹਾਂ? ਉਸ ਨੂੰ ਪਰਮੇਸ਼ੁਰ ਦੇ ਲੋਕਾਂ ਵਿਚ ਰਹਿ ਕੇ ਸੁਰੱਖਿਆ ਅਤੇ ਬੁੱਧ ਮਿਲੀ। ਜਦੋਂ ਉਹ ਯਹੋਵਾਹ ਦੇ ਮੰਦਰ ਵਿਚ ਗਿਆ, ਤਾਂ ਉਹ ਸਹੀ ਢੰਗ ਨਾਲ ਸੋਚਣ ਲੱਗ ਪਿਆ ਸੀ। ਇਸੇ ਤਰ੍ਹਾਂ ਅੱਜ ਸਾਨੂੰ ਵੀ ਮੀਟਿੰਗਾਂ ਤੇ ਜਾ ਕੇ ਵਧੀਆ ਸਲਾਹਕਾਰ ਅਤੇ ਪਰਮੇਸ਼ੁਰ ਬਾਰੇ ਸਹੀ ਗਿਆਨ ਮਿਲ ਸਕਦਾ ਹੈ। ਇਸੇ ਕਰਕੇ ਯਹੋਵਾਹ ਆਪਣੇ ਸੇਵਕਾਂ ਨੂੰ ਮੀਟਿੰਗਾਂ ਵਿਚ ਹਾਜ਼ਰ ਹੋਣ ਲਈ ਕਹਿੰਦਾ ਹੈ। ਉੱਥੇ ਜਾ ਕੇ ਉਨ੍ਹਾਂ ਨੂੰ ਹੌਸਲਾ ਮਿਲਦਾ ਹੈ ਅਤੇ ਉਹ ਚੰਗੇ ਕੰਮ ਕਰਨ ਲਈ ਉਤਸ਼ਾਹਿਤ ਹੁੰਦੇ ਹਨ।—ਯਸਾ. 32:1, 2; ਇਬ. 10:24, 25.

ਅਕਲਮੰਦੀ ਨਾਲ ਆਪਣੇ ਦੋਸਤ ਚੁਣੋ

13-15. (ੳ) ਦੀਨਾਹ ਨਾਲ ਜੋ ਹੋਇਆ, ਉਸ ਤੋਂ ਕੀ ਪਤਾ ਲੱਗਦਾ ਹੈ? (ਅ) ਭੈਣਾਂ-ਭਰਾਵਾਂ ਨਾਲ ਸੰਗਤ ਰੱਖ ਕੇ ਅਸੀਂ ਕਿਉਂ ਸੁਰੱਖਿਅਤ ਰਹਾਂਗੇ?

13 ਯਾਕੂਬ ਦੀ ਧੀ ਦੀਨਾਹ ਦੀ ਮਿਸਾਲ ਲੈ ਲਓ ਜੋ ਦੁਨਿਆਵੀ ਦੋਸਤਾਂ ਨਾਲ ਮਿਲਣ-ਵਰਤਣ ਕਰਕੇ ਮੁਸੀਬਤ ਵਿਚ ਪੈ ਗਈ ਸੀ। ਉਤਪਤ ਦਾ ਬਿਰਤਾਂਤ ਸਾਨੂੰ ਦੱਸਦਾ ਹੈ ਕਿ ਉਹ ਉਸ ਇਲਾਕੇ ਦੀਆਂ ਕਨਾਨੀ ਕੁੜੀਆਂ ਨੂੰ ਬਾਕਾਇਦਾ ਮਿਲਣ ਜਾਂਦੀ ਸੀ ਜਿੱਥੇ ਉਸ ਦਾ ਪਰਿਵਾਰ ਰਹਿੰਦਾ ਸੀ। ਕਨਾਨੀ ਲੋਕ ਯਹੋਵਾਹ ਦੇ ਭਗਤਾਂ ਵਾਂਗ ਉੱਚੇ-ਸੁੱਚੇ ਮਿਆਰਾਂ ’ਤੇ ਨਹੀਂ ਚੱਲਦੇ ਸਨ। ਇਸ ਦੇ ਉਲਟ, ਪੁਰਾਤੱਤਵ-ਵਿਗਿਆਨੀਆਂ ਨੂੰ ਮਿਲੀਆਂ ਚੀਜ਼ਾਂ ਤੋਂ ਪਤਾ ਲੱਗਦਾ ਹੈ ਕਿ ਕਨਾਨੀ ਇੰਨੇ ਘਟੀਆ ਸਨ ਕਿ ਉਨ੍ਹਾਂ ਦਾ ਪੂਰਾ ਦੇਸ਼ ਮੂਰਤੀ-ਪੂਜਾ, ਅਨੈਤਿਕਤਾ, ਸੈਕਸ ਪੂਜਾ ਅਤੇ ਹਿੰਸਾ ਨਾਲ ਭਰ ਗਿਆ ਸੀ। (ਕੂਚ 23:23; ਲੇਵੀ. 18:2-25; ਬਿਵ. 18:9-12) ਯਾਦ ਕਰੋ ਕਿ ਕਨਾਨੀ ਲੋਕਾਂ ਨਾਲ ਸੰਗਤ ਰੱਖ ਕੇ ਦੀਨਾਹ ਦਾ ਕੀ ਹਸ਼ਰ ਹੋਇਆ।

14 ਉਸੇ ਇਲਾਕੇ ਦਾ ਇਕ ਬੰਦਾ ਸ਼ਕਮ “ਆਪਣੇ ਪਿਤਾ ਦੇ ਸਾਰੇ ਘਰ ਵਿੱਚ ਵੱਡਾ ਪਤਵੰਤ ਸੀ।” ਉਸ ਨੇ ਜਦੋਂ ਦੀਨਾਹ ਨੂੰ ਦੇਖਿਆ, ਤਾਂ ਉਹ “ਉਹ ਨੂੰ ਲੈਕੇ ਉਹ ਦੇ ਨਾਲ ਲੇਟਿਆ ਅਤੇ ਉਹ ਦੀ ਬੇਪਤੀ ਕੀਤੀ।” (ਉਤ. 34:1, 2, 19) ਕਿੰਨੀ ਦੁੱਖ ਦੀ ਗੱਲ! ਤੁਹਾਨੂੰ ਕੀ ਲੱਗਦਾ ਕਿ ਦੀਨਾਹ ਨੇ ਸੋਚਿਆ ਸੀ ਕਿ ਉਸ ਨਾਲ ਕਦੇ ਇਸ ਤਰ੍ਹਾਂ ਹੋਵੇਗਾ? ਸ਼ਾਇਦ ਉਹ ਨੌਜਵਾਨਾਂ ਨਾਲ ਸਿਰਫ਼ ਦੋਸਤੀ ਕਰਨੀ ਚਾਹੁੰਦੀ ਸੀ ਕਿਉਂਕਿ ਉਸ ਦੇ ਭਾਣੇ ਉਸ ਨੂੰ ਉਨ੍ਹਾਂ ਤੋਂ ਕੋਈ ਖ਼ਤਰਾ ਨਹੀਂ ਸੀ। ਪਰ ਦੀਨਾਹ ਨਾਲ ਕਿੰਨਾ ਵੱਡਾ ਧੋਖਾ ਹੋਇਆ!

15 ਇਸ ਬਿਰਤਾਂਤ ਤੋਂ ਸਾਨੂੰ ਕੀ ਸਿੱਖਣ ਨੂੰ ਮਿਲਦਾ ਹੈ? ਸਾਨੂੰ ਇਸ ਭੁਲੇਖੇ ਵਿਚ ਨਹੀਂ ਰਹਿਣਾ ਚਾਹੀਦਾ ਕਿ ਅਸੀਂ ਯਹੋਵਾਹ ਨੂੰ ਨਾ ਮੰਨਣ ਵਾਲੇ ਲੋਕਾਂ ਨਾਲ ਘੁਲ-ਮਿਲ ਸਕਦੇ ਹਾਂ ਅਤੇ ਇਸ ਦੇ ਮਾੜੇ ਅੰਜਾਮ ਨਹੀਂ ਭੁਗਤਣੇ ਪੈਣਗੇ। ਬਾਈਬਲ ਸਾਨੂੰ ਦੱਸਦੀ ਹੈ: “ਬੁਰੀਆਂ ਸੰਗਤਾਂ ਚੰਗਿਆਂ ਚਲਣਾਂ ਨੂੰ ਵਿਗਾੜ ਦਿੰਦੀਆਂ ਹਨ।” (1 ਕੁਰਿੰ. 15:33) ਦੂਜੇ ਪਾਸੇ, ਉਨ੍ਹਾਂ ਲੋਕਾਂ ਨਾਲ ਘੁਲਣ-ਮਿਲਣ ਨਾਲ ਤੁਸੀਂ ਸੁਰੱਖਿਅਤ ਰਹੋਗੇ ਜੋ ਤੁਹਾਡੇ ਵਾਂਗ ਵਿਸ਼ਵਾਸ ਰੱਖਦੇ ਹਨ, ਉੱਚੇ-ਸੁੱਚੇ ਮਿਆਰਾਂ ਉੱਤੇ ਚੱਲਦੇ ਹਨ ਅਤੇ ਯਹੋਵਾਹ ਨੂੰ ਪਿਆਰ ਕਰਦੇ ਹਨ। ਇਹੋ ਜਿਹੀ ਸੰਗਤ ਤੋਂ ਤੁਹਾਨੂੰ ਸਹੀ ਕੰਮ ਕਰਨ ਦੀ ਹੱਲਾਸ਼ੇਰੀ ਮਿਲੇਗੀ।—ਕਹਾ. 13:20.

“ਤੁਸੀਂ ਧੋਤੇ ਗਏ”

16. ਪੌਲੁਸ ਨੇ ਕੁਰਿੰਥੁਸ ਦੀ ਕਲੀਸਿਯਾ ਦੇ ਕੁਝ ਮਸੀਹੀਆਂ ਬਾਰੇ ਕੀ ਕਿਹਾ?

16 ਮਸੀਹੀ ਕਲੀਸਿਯਾ ਨੇ ਗੰਦੇ ਕੰਮ ਛੱਡਣ ਵਿਚ ਬਹੁਤ ਸਾਰੇ ਲੋਕਾਂ ਦੀ ਮਦਦ ਕੀਤੀ ਹੈ। ਜਦੋਂ ਪੌਲੁਸ ਰਸੂਲ ਨੇ ਕੁਰਿੰਥੁਸ ਦੀ ਕਲੀਸਿਯਾ ਨੂੰ ਆਪਣੀ ਪਹਿਲੀ ਚਿੱਠੀ ਲਿਖੀ ਸੀ, ਤਾਂ ਉਸ ਨੇ ਉਨ੍ਹਾਂ ਤਬਦੀਲੀਆਂ ਦਾ ਜ਼ਿਕਰ ਕੀਤਾ ਜੋ ਮਸੀਹੀਆਂ ਨੇ ਪਰਮੇਸ਼ੁਰ ਦੇ ਮਿਆਰਾਂ ਅਨੁਸਾਰ ਜੀਣ ਲਈ ਕੀਤੀਆਂ ਸਨ। ਕੁਝ ਲੋਕ ਪਹਿਲਾਂ ਹਰਾਮਕਾਰ, ਮੂਰਤੀ-ਪੂਜਕ, ਜ਼ਨਾਹਕਾਰ, ਸ਼ਰਾਬੀ, ਸਮਲਿੰਗੀ ਕੰਮ ਤੇ ਚੋਰੀ ਕਰਨ ਦੇ ਨਾਲ-ਨਾਲ ਹੋਰ ਇਹੋ ਜਿਹੇ ਕੰਮ ਕਰਦੇ ਸਨ। ਪੌਲੁਸ ਨੇ ਕਿਹਾ: ‘ਪਰ ਤੁਸੀਂ ਧੋਤੇ ਗਏ।’—1 ਕੁਰਿੰਥੀਆਂ 6:9-11 ਪੜ੍ਹੋ।

17. ਬਾਈਬਲ ਦੇ ਅਸੂਲਾਂ ਅਨੁਸਾਰ ਜੀਣ ਨਾਲ ਕਈਆਂ ਦੀ ਜ਼ਿੰਦਗੀ ਕਿਵੇਂ ਸੁਧਰੀ ਹੈ?

17 ਜਿਹੜੇ ਲੋਕ ਨਿਹਚਾ ਨਹੀਂ ਕਰਦੇ, ਉਨ੍ਹਾਂ ਕੋਲ ਚੰਗੇ ਅਸੂਲਾਂ ਦੀ ਘਾਟ ਹੁੰਦੀ ਹੈ। ਉਨ੍ਹਾਂ ਦੇ ਆਪਣੇ ਹੀ ਅਸੂਲ ਹੁੰਦੇ ਹਨ ਜਾਂ ਉਹ ਦੂਜਿਆਂ ਦੇ ਪਿੱਛੇ ਲੱਗ ਕੇ ਬਦਚਲਣ ਕੰਮ ਕਰਨ ਲੱਗ ਪੈਂਦੇ ਹਨ ਜਿਵੇਂ ਪ੍ਰਾਚੀਨ ਕੁਰਿੰਥੁਸ ਦੇ ਕੁਝ ਮਸੀਹੀ ਸੱਚਾਈ ਵਿਚ ਆਉਣ ਤੋਂ ਪਹਿਲਾਂ ਕਰਦੇ ਹੁੰਦੇ ਸਨ। (ਅਫ਼. 4:14) ਪਰਮੇਸ਼ੁਰ ਦੇ ਬਚਨ ਅਤੇ ਉਸ ਦੇ ਮਕਸਦਾਂ ਬਾਰੇ ਸਹੀ ਗਿਆਨ ਲੈਣ ਵਾਲੇ ਲੋਕਾਂ ਦੀਆਂ ਜ਼ਿੰਦਗੀਆਂ ਬਦਲ ਜਾਂਦੀਆਂ ਹਨ ਜੋ ਬਾਈਬਲ ਅਨੁਸਾਰ ਜੀਣ ਦੀ ਕੋਸ਼ਿਸ਼ ਕਰਦੇ ਹਨ। (ਕੁਲੁ. 3:5-10; ਇਬ. 4:12) ਮਸੀਹੀ ਕਲੀਸਿਯਾ ਦੇ ਕਈ ਮੈਂਬਰ ਤੁਹਾਨੂੰ ਦੱਸ ਸਕਦੇ ਹਨ ਕਿ ਯਹੋਵਾਹ ਦੇ ਮਿਆਰਾਂ ਬਾਰੇ ਸਿੱਖਣ ਤੇ ਉਨ੍ਹਾਂ ਉੱਤੇ ਚੱਲਣ ਤੋਂ ਪਹਿਲਾਂ, ਉਹ ਆਪਣੀ ਮਰਜ਼ੀ ਨਾਲ ਜੀਉਂਦੇ ਸਨ। ਫਿਰ ਵੀ ਉਨ੍ਹਾਂ ਨੂੰ ਸੰਤੁਸ਼ਟੀ ਅਤੇ ਖ਼ੁਸ਼ੀ ਨਹੀਂ ਸੀ ਮਿਲਦੀ। ਉਨ੍ਹਾਂ ਨੂੰ ਉਦੋਂ ਹੀ ਸ਼ਾਂਤੀ ਮਿਲੀ ਜਦੋਂ ਉਨ੍ਹਾਂ ਨੇ ਪਰਮੇਸ਼ੁਰ ਦੇ ਲੋਕਾਂ ਨਾਲ ਘੁਲਣਾ-ਮਿਲਣਾ ਅਤੇ ਬਾਈਬਲ ਦੇ ਅਸੂਲਾਂ ਉੱਤੇ ਚੱਲਣਾ ਸ਼ੁਰੂ ਕੀਤਾ।

18. ਇਕ ਨੌਜਵਾਨ ਭੈਣ ਨਾਲ ਕੀ ਹੋਇਆ ਤੇ ਇਸ ਤੋਂ ਕੀ ਸਾਬਤ ਹੁੰਦਾ ਹੈ?

18 ਇਸ ਦੇ ਉਲਟ ਜਿਨ੍ਹਾਂ ਨੇ ਪਹਿਲਾਂ ਮਸੀਹੀ ਕਲੀਸਿਯਾ ਦੇ ‘ਸੁਰੱਖਿਅਤ ਪਾਣੀ’ ਨੂੰ ਛੱਡ ਦਿੱਤਾ ਸੀ, ਹੁਣ ਉਨ੍ਹਾਂ ਨੂੰ ਆਪਣੀ ਕੀਤੀ ਦਾ ਪਛਤਾਵਾ ਹੋ ਰਿਹਾ ਹੈ। ਤਾਨੀਆ ਨਾਂ ਦੀ ਇਕ ਭੈਣ ਦੱਸਦੀ ਹੈ ਕਿ ਉਸ ਨੂੰ “ਸੱਚਾਈ ਪਤਾ ਸੀ,” ਪਰ ਜਦੋਂ ਉਹ 16 ਸਾਲਾਂ ਦੀ ਹੋਈ, ਤਾਂ ਉਸ ਨੇ ਕਲੀਸਿਯਾ ਨੂੰ ਛੱਡ ਦਿੱਤਾ ਤਾਂਕਿ ਉਹ “ਦੁਨੀਆਂ ਦੀਆਂ ਚੀਜ਼ਾਂ ਦਾ ਮਜ਼ਾ ਲੈ ਸਕੇ।” ਨਤੀਜੇ ਵਜੋਂ, ਉਹ ਗਰਭਵਤੀ ਹੋ ਗਈ ਅਤੇ ਫਿਰ ਗਰਭਪਾਤ ਕਰਵਾਇਆ। ਉਹ ਹੁਣ ਕਹਿੰਦੀ ਹੈ: “ਕਲੀਸਿਯਾ ਤੋਂ ਤਿੰਨ ਸਾਲ ਦੂਰ ਰਹਿਣ ਨਾਲ ਮੈਨੂੰ ਜੋ ਜ਼ਖ਼ਮ ਮਿਲੇ ਹਨ, ਉਹ ਕਦੇ ਨਹੀਂ ਭਰਨਗੇ। ਇਕ ਗੱਲ ਜੋ ਮੈਨੂੰ ਸਤਾਉਂਦੀ ਹੈ, ਉਹ ਹੈ ਕਿ ਮੈਂ ਆਪਣੇ ਬੱਚੇ ਨੂੰ ਦੁਨੀਆਂ ਵਿਚ ਆਉਣ ਤੋਂ ਪਹਿਲਾਂ ਹੀ ਮਾਰ ਦਿੱਤਾ। . . . ਮੈਂ ਸਾਰੇ ਨੌਜਵਾਨਾਂ ਨੂੰ, ਜੋ ਪਲ-ਭਰ ਲਈ ਵੀ ਦੁਨੀਆਂ ਦਾ ਮਜ਼ਾ ਲੁੱਟਣਾ ਚਾਹੁੰਦੇ ਹਨ, ਦੱਸਣਾ ਚਾਹੁੰਦੀ ਹਾਂ: ‘ਧੋਖਾ ਨਾ ਖਾਓ!’ ਪਹਿਲਾਂ-ਪਹਿਲਾਂ ਤਾਂ ਇਹ ਦੁਨੀਆਂ ਚੰਗੀ ਲੱਗਦੀ ਹੈ, ਪਰ ਬਾਅਦ ਵਿਚ ਅੰਜਾਮ ਬੜਾ ਮਾੜਾ ਨਿਕਲਦਾ ਹੈ। ਦੁਨੀਆਂ ਤੁਹਾਨੂੰ ਦੁੱਖਾਂ ਤੋਂ ਸਿਵਾਇ ਹੋਰ ਕੁਝ ਨਹੀਂ ਦੇ ਸਕਦੀ। ਇਹ ਮੈਂ ਖ਼ੁਦ ਦੇਖ ਲਿਆ ਹੈ। ਯਹੋਵਾਹ ਦੇ ਸੰਗਠਨ ਵਿਚ ਰਹੋ! ਜ਼ਿੰਦਗੀ ਦੇ ਇਸ ਰਾਹ ’ਤੇ ਚੱਲ ਕੇ ਹੀ ਖ਼ੁਸ਼ੀ ਮਿਲਦੀ ਹੈ।”

19, 20. ਮਸੀਹੀ ਕਲੀਸਿਯਾ ਕਿਹੜੀ ਸੁਰੱਖਿਆ ਦਿੰਦੀ ਹੈ ਅਤੇ ਕਿਵੇਂ?

19 ਜ਼ਰਾ ਸੋਚੋ ਕਿ ਤੁਹਾਡਾ ਕੀ ਬਣੇਗਾ ਜੇ ਤੁਸੀਂ ਮਸੀਹੀ ਕਲੀਸਿਯਾ ਦੇ ਸੁਰੱਖਿਅਤ ਮਾਹੌਲ ਨੂੰ ਛੱਡ ਕੇ ਚਲੇ ਗਏ। ਕਈ ਦੱਸਦੇ ਹਨ ਕਿ ਸੱਚਾਈ ਵਿਚ ਆਉਣ ਤੋਂ ਪਹਿਲਾਂ ਉਹ ਬਿਨਾਂ ਮਕਸਦ ਦੇ ਜੀਉਂਦੇ ਸਨ ਜਿਸ ਬਾਰੇ ਉਹ ਹੁਣ ਸੋਚਣਾ ਵੀ ਨਹੀਂ ਚਾਹੁੰਦੇ। (ਯੂਹੰ. 6:68, 69) ਤੁਸੀਂ ਕਲੀਸਿਯਾ ਦੇ ਭੈਣਾਂ-ਭਰਾਵਾਂ ਨਾਲ ਮਿਲਣ-ਜੁਲਣ ਨਾਲ ਸ਼ਤਾਨ ਦੀ ਦੁਨੀਆਂ ਦੀਆਂ ਬੁਰਾਈਆਂ ਅਤੇ ਦੁੱਖਾਂ ਤੋਂ ਬਚੇ ਰਹਿ ਸਕਦੇ ਹੋ। ਭੈਣਾਂ-ਭਰਾਵਾਂ ਦੀ ਸੰਗਤ ਕਰਨ ਅਤੇ ਮੀਟਿੰਗਾਂ ਵਿਚ ਬਾਕਾਇਦਾ ਜਾਣ ਨਾਲ ਤੁਹਾਨੂੰ ਯਹੋਵਾਹ ਦੇ ਧਰਮੀ ਮਿਆਰਾਂ ਬਾਰੇ ਯਾਦ ਕਰਾਇਆ ਜਾਵੇਗਾ ਅਤੇ ਇਨ੍ਹਾਂ ਅਨੁਸਾਰ ਜੀਉਣ ਦੀ ਹੱਲਾਸ਼ੇਰੀ ਮਿਲੇਗੀ। ਸੋ ਜ਼ਬੂਰ ਦੇ ਲਿਖਾਰੀ ਵਾਂਗ ਤੁਹਾਡੇ ਕੋਲ ‘ਮਹਾ ਸਭਾ ਵਿੱਚ ਯਹੋਵਾਹ ਦੀ ਉਸਤਤ’ ਕਰਨ ਦਾ ਹਰ ਕਾਰਨ ਹੈ।—ਜ਼ਬੂ. 35:18.

20 ਬੇਸ਼ੱਕ ਕਈ ਕਾਰਨਾਂ ਕਰਕੇ ਸਾਰੇ ਮਸੀਹੀਆਂ ਦੀ ਜ਼ਿੰਦਗੀ ਵਿਚ ਅਜਿਹੇ ਮੁਕਾਮ ਆਉਂਦੇ ਹਨ ਜਦੋਂ ਉਨ੍ਹਾਂ ਨੂੰ ਵਫ਼ਾਦਾਰੀ ਬਣਾਈ ਰੱਖਣੀ ਔਖੀ ਲੱਗਦੀ ਹੈ। ਅਜਿਹਾ ਹੋਣ ਤੇ ਉਨ੍ਹਾਂ ਨੂੰ ਬਸ ਕੋਈ ਸਹੀ ਰਾਹ ਦੱਸਣ ਵਾਲਾ ਚਾਹੀਦਾ ਹੈ। ਤੁਸੀਂ ਅਤੇ ਕਲੀਸਿਯਾ ਦੇ ਬਾਕੀ ਭੈਣ-ਭਰਾ ਅਜਿਹੀਆਂ ਘੜੀਆਂ ਵਿਚ ਉਨ੍ਹਾਂ ਦੀ ਕਿਵੇਂ ਮਦਦ ਕਰ ਸਕਦੇ ਹੋ? ਅਗਲੇ ਲੇਖ ਵਿਚ ਦੱਸਿਆ ਜਾਵੇਗਾ ਕਿ ਤੁਸੀਂ ਆਪਣੇ ਭਰਾਵਾਂ ਨੂੰ ਕਿਵੇਂ “ਤਸੱਲੀ” ਦਿੰਦੇ ਰਹਿਣ ਦੇ ਨਾਲ-ਨਾਲ ਉਨ੍ਹਾਂ ਦੀ “ਉੱਨਤੀ” ਕਰਦੇ ਰਹਿ ਸਕਦੇ ਹੋ।—1 ਥੱਸ. 5:11.

ਤੁਸੀਂ ਕਿਵੇਂ ਜਵਾਬ ਦਿਓਗੇ?

• ਅਸੀਂ ਜ਼ਬੂਰ 73 ਦੇ ਲਿਖਾਰੀ ਦੇ ਤਜਰਬੇ ਤੋਂ ਕੀ ਸਿੱਖਦੇ ਹਾਂ?

• ਜੋ ਕੁਝ ਦੀਨਾਹ ਨਾਲ ਹੋਇਆ, ਅਸੀਂ ਉਸ ਤੋਂ ਕੀ ਸਿੱਖਦੇ ਹਾਂ?

• ਤੁਸੀਂ ਮਸੀਹੀ ਕਲੀਸਿਯਾ ਵਿਚ ਸੁਰੱਖਿਆ ਕਿਉਂ ਪਾ ਸਕਦੇ ਹੋ?

[ਸਵਾਲ]

[ਸਫ਼ਾ 7 ਉੱਤੇ ਤਸਵੀਰਾਂ]

ਉੱਥੇ ਤੈਰੋ ਜਿੱਥੇ ਸੁਰੱਖਿਅਤ ਹੈ ਯਾਨੀ ਕਲੀਸਿਯਾ ਵਿਚ ਰਹੋ!