Skip to content

Skip to table of contents

ਪ੍ਰੇਮ ਨਾਲ ਏਕਤਾ ਵਿਚ ਬੱਝੇ—ਸਾਲਾਨਾ ਮੀਟਿੰਗ ਦੀ ਰਿਪੋਰਟ

ਪ੍ਰੇਮ ਨਾਲ ਏਕਤਾ ਵਿਚ ਬੱਝੇ—ਸਾਲਾਨਾ ਮੀਟਿੰਗ ਦੀ ਰਿਪੋਰਟ

ਪ੍ਰੇਮ ਨਾਲ ਏਕਤਾ ਵਿਚ ਬੱਝੇ​—ਸਾਲਾਨਾ ਮੀਟਿੰਗ ਦੀ ਰਿਪੋਰਟ

ਅਮਰੀਕਾ, ਨਿਊ ਜਰਜ਼ੀ ਵਿਚ ਯਹੋਵਾਹ ਦੇ ਗਵਾਹਾਂ ਦੇ ਅਸੈਂਬਲੀ ਹਾਲ ਦਾ ਮਾਹੌਲ ਬੜਾ ਖ਼ੁਸ਼ਗਵਾਰ ਸੀ। 3 ਅਕਤੂਬਰ 2009 ਦੀ ਸਵੇਰ ਨੂੰ 5,000 ਤੋਂ ਜ਼ਿਆਦਾ ਭੈਣ-ਭਰਾ ਵਾਚ ਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਆਫ਼ ਪੈਨਸਿਲਵੇਨੀਆ ਦੀ 125ਵੀਂ ਸਾਲਾਨਾ ਮੀਟਿੰਗ ਲਈ ਇਕੱਠੇ ਹੋਏ ਸਨ। ਹਜ਼ਾਰਾਂ ਹੀ ਹੋਰ ਭੈਣ-ਭਰਾ ਅਮਰੀਕਾ ਬੈਥਲ ਦੀਆਂ ਤਿੰਨ ਥਾਵਾਂ ’ਤੇ ਅਤੇ ਕੈਨੇਡਾ ਦੇ ਬੈਥਲ ਵਿਚ ਹਾਜ਼ਰ ਸਨ ਜਿਨ੍ਹਾਂ ਨੇ ਆਡੀਓ/ਵਿਡਿਓ ਰਾਹੀਂ ਪ੍ਰਸਾਰਿਤ ਕੀਤੇ ਜਾ ਰਹੇ ਪ੍ਰੋਗ੍ਰਾਮ ਨੂੰ ਦੇਖਿਆ ਤੇ ਸੁਣਿਆ। ਯਹੋਵਾਹ ਨੂੰ ਦਿਲੋਂ ਪ੍ਰੇਮ ਕਰਦੇ ਕੁੱਲ 13,235 ਭੈਣਾਂ-ਭਰਾਵਾਂ ਨੇ ਤਿੰਨ ਘੰਟਿਆਂ ਦੇ ਪ੍ਰੋਗ੍ਰਾਮ ਦਾ ਆਨੰਦ ਮਾਣਿਆ।

ਪ੍ਰਬੰਧਕ ਸਭਾ ਦੇ ਮੈਂਬਰ ਭਰਾ ਜੈਫ਼ਰੀ ਜੈਕਸਨ ਇਸ ਸਭਾ ਦੇ ਚੇਅਰਮੈਨ ਸਨ। ਉਨ੍ਹਾਂ ਨੇ ਪ੍ਰੋਗ੍ਰਾਮ ਨੂੰ ਬੈਥਲ ਦੇ ਭੈਣਾਂ-ਭਰਾਵਾਂ ਦੀ ਇਕ ਟੋਲੀ ਨਾਲ ਸ਼ੁਰੂ ਕੀਤਾ ਜਿਨ੍ਹਾਂ ਨੇ ਨਵੀਂ ਗੀਤ ਪੁਸਤਕ ਵਿੱਚੋਂ ਗੀਤ ਗਾ ਕੇ ਸੁਣਾਏ। ਇਸ ਟੋਲੀ ਦੀ ਅਗਵਾਈ ਪ੍ਰਬੰਧਕ ਸਭਾ ਦੇ ਇਕ ਹੋਰ ਮੈਂਬਰ ਭਰਾ ਡੇਵਿਡ ਸਪਲੇਨ ਕਰ ਰਹੇ ਸਨ ਜਿਨ੍ਹਾਂ ਨੇ ਸੰਖੇਪ ਵਿਚ ਦੱਸਿਆ ਕਿ ਸੱਚੀ ਭਗਤੀ ਵਿਚ ਸੰਗੀਤ ਦੀ ਕਿੰਨੀ ਅਹਿਮੀਅਤ ਹੈ। ਹਾਜ਼ਰੀਨ ਨੂੰ ਤਿੰਨ ਨਵੇਂ ਗੀਤ ਗਾਉਣ ਲਈ ਕਿਹਾ ਗਿਆ ਸੀ। ਪਰ ਉਨ੍ਹਾਂ ਤੋਂ ਪਹਿਲਾਂ ਬੈਥਲ ਦੇ ਭੈਣਾਂ-ਭਰਾਵਾਂ ਦੀ ਟੋਲੀ ਨੇ ਇਹ ਗੀਤ ਗਾ ਕੇ ਸੁਣਾਏ ਤੇ ਫਿਰ ਇਸ ਟੋਲੀ ਅਤੇ ਹਾਜ਼ਰੀਨ ਨੇ ਮਿਲ ਕੇ ਇਹ ਗੀਤ ਗਾਏ। ਸਿਰਫ਼ ਇਸ ਖ਼ਾਸ ਮੌਕੇ ਉੱਤੇ ਇਸ ਤਰੀਕੇ ਨਾਲ ਗਾਇਆ ਗਿਆ ਸੀ ਤੇ ਇਸ ਨੂੰ ਕਲੀਸਿਯਾਵਾਂ, ਸਰਕਟ ਜਾਂ ਜ਼ਿਲ੍ਹਾ ਸੰਮੇਲਨਾਂ ਵਿਚ ਭਵਿੱਖ ਵਿਚ ਗਾਏ ਜਾਣ ਵਾਲੇ ਗੀਤਾਂ ਵਾਸਤੇ ਨਮੂਨਾ ਨਹੀਂ ਸਮਝਿਆ ਜਾਣਾ ਚਾਹੀਦਾ।

ਬ੍ਰਾਂਚਾਂ ਤੋਂ ਰਿਪੋਰਟਾਂ

ਪੰਜਾਂ ਬ੍ਰਾਂਚਾਂ ਤੋਂ ਆਏ ਹੋਏ ਬ੍ਰਾਂਚ ਕਮੇਟੀਆਂ ਦੇ ਮੈਂਬਰਾਂ ਨੇ ਰਿਪੋਰਟਾਂ ਦਿੱਤੀਆਂ। ਕੈਨੱਥ ਲਿਟਲ ਨੇ ਕਿਹਾ ਕਿ ਕੈਨੇਡਾ ਹੁਣ ਜਲਦੀ ਹੀ ਅਮਰੀਕਾ ਤੇ ਕੈਨੇਡਾ ਵਾਸਤੇ ਤਕਰੀਬਨ ਸਾਰੇ ਰਸਾਲੇ ਛਾਪਿਆ ਕਰੇਗਾ ਜਿਸ ਦਾ ਮਤਲਬ ਹੈ ਉਸ ਬ੍ਰਾਂਚ ਲਈ ਦਸ ਗੁਣਾ ਜ਼ਿਆਦਾ ਕੰਮ। ਇਹ ਕੰਮ ਕਰਨ ਲਈ ਭਰਾ ਨਵੀਂ ਪ੍ਰਿੰਟਿੰਗ ਪ੍ਰੈੱਸ ’ਤੇ ਹਰ ਰੋਜ਼ ਅੱਠ-ਅੱਠ ਘੰਟਿਆਂ ਦੀਆਂ ਦੋ ਸ਼ਿਫ਼ਟਾਂ ਲਾਇਆ ਕਰਨਗੇ।

ਰੇਨਰ ਟੌਮਸਨ ਨੇ ਡਮਿਨੀਕਨ ਗਣਰਾਜ ਵਿਚ ਕੀਤੇ ਜਾ ਰਹੇ ਪ੍ਰਚਾਰ ਦੇ ਕੰਮ ਦੀ ਰਿਪੋਰਟ ਦਿੱਤੀ ਤੇ ਐਲਬਰਟ ਓਲੀ ਨੇ ਨਾਈਜੀਰੀਆ ਦੀ ਰਿਪੋਰਟ ਦਿੱਤੀ। ਮੋਜ਼ਾਮਬੀਕ ਤੋਂ ਆਏ ਐਮੀਲ ਕ੍ਰਿਟਜ਼ਿੰਗਰ ਨੇ ਸਮਝਾਇਆ ਕਿ ਕਈ ਦਹਾਕਿਆਂ ਤਾਈਂ ਸਤਾਹਟਾਂ ਸਹਿਣ ਤੋਂ ਬਾਅਦ ਉੱਥੇ ਦੇ ਯਹੋਵਾਹ ਦੇ ਗਵਾਹਾਂ ਨੂੰ 1992 ਵਿਚ ਕਾਨੂੰਨੀ ਮਾਨਤਾ ਮਿਲੀ ਸੀ। ਹਾਲ ਹੀ ਦੇ ਸਮੇਂ ਇਨ੍ਹਾਂ ਤਿੰਨਾਂ ਦੇਸ਼ਾਂ ਵਿਚ ਪਬਲੀਸ਼ਰਾਂ ਦੀ ਗਿਣਤੀ ਵਿਚ ਕਾਫ਼ੀ ਵਾਧਾ ਹੋਇਆ ਹੈ। ਆਸਟ੍ਰੇਲੀਆ ਤੋਂ ਆਏ ਭਰਾ ਵਿਵ ਮੌਰਿਟਜ਼ ਨੇ ਦੱਸਿਆ ਕਿ ਪੂਰਬੀ ਟਿਮੋਰ ਵਿਚ ਕਿੰਨੀ ਤਰੱਕੀ ਹੋ ਰਹੀ ਹੈ। ਇਸ ਟਾਪੂ ਦੀ ਦੇਖ-ਭਾਲ ਆਸਟ੍ਰੇਲੀਆ ਬ੍ਰਾਂਚ ਕਰਦੀ ਹੈ।

ਪ੍ਰਬੰਧਕ ਸਭਾ ਦੀਆਂ ਕਮੇਟੀਆਂ

1976 ਵਿਚ ਯਹੋਵਾਹ ਦੇ ਗਵਾਹਾਂ ਦੇ ਸਾਰੇ ਕੰਮਾਂ-ਕਾਰਾਂ ਦੀ ਨਿਗਰਾਨੀ ਪ੍ਰਬੰਧਕ ਸਭਾ ਦੀਆਂ ਛੇ ਕਮੇਟੀਆਂ ਕਰਨ ਲੱਗ ਪਈਆਂ। ਬਾਅਦ ਵਿਚ ਹੋਰ ਭੇਡਾਂ ਯਾਨੀ ਵੱਡੀ ਭੀੜ ਦੇ ਮੈਂਬਰਾਂ ਨੂੰ ਉਨ੍ਹਾਂ ਦੇ ਮਦਦਗਾਰਾਂ ਵਜੋਂ ਨਿਯੁਕਤ ਕੀਤਾ ਗਿਆ ਸੀ। ਹੁਣ 23 ਭਰਾ ਹਨ ਜੋ ਕੰਮ ਵਿਚ ਉਨ੍ਹਾਂ ਦੀ ਮਦਦ ਕਰਦੇ ਹਨ। ਉਨ੍ਹਾਂ ਵਿੱਚੋਂ ਛੇ ਜਣਿਆਂ ਦੀ ਇੰਟਰਵਿਊ ਲਈ ਗਈ ਸੀ। ਕੁੱਲ ਮਿਲਾ ਕੇ ਉਹ 341 ਸਾਲ ਫੁੱਲ-ਟਾਈਮ ਸੇਵਾ ਕਰ ਚੁੱਕੇ ਹਨ, ਯਾਨੀ ਉਨ੍ਹਾਂ ਵਿੱਚੋਂ ਹਰੇਕ ਨੇ ਔਸਤਨ 57 ਸਾਲ ਸੇਵਾ ਕੀਤੀ ਹੈ।

1943 ਤੋਂ ਬੈਥਲ ਵਿਚ ਸੇਵਾ ਕਰ ਰਹੇ ਭਰਾ ਡੌਨ ਐਡਮਜ਼ ਨੇ ਸਮਝਾਇਆ ਕਿ ਕੋਆਰਡੀਨੇਟਰਾਂ ਦੀ ਕਮੇਟੀ ਦੂਸਰੀਆਂ ਪੰਜ ਕਮੇਟੀਆਂ ਦੇ ਕੋਆਰਡੀਨੇਟਰ ਭਰਾਵਾਂ ਦੀ ਬਣੀ ਹੁੰਦੀ ਹੈ। ਇਸ ਤਰ੍ਹਾਂ ਇਹ ਪੰਜ ਕਮੇਟੀਆਂ ਮਿਲ ਕੇ ਕੰਮ ਕਰਦੀਆਂ ਹਨ। ਕੋਆਰਡੀਨੇਟਰਾਂ ਦੀ ਕਮੇਟੀ ਵੱਡੀਆਂ ਐਮਰਜੈਂਸੀਆਂ, ਸਤਾਹਟਾਂ, ਕਚਹਿਰੀਆਂ ਵਿਚ ਕੇਸਾਂ, ਕੁਦਰਤੀ ਬਿਪਤਾਵਾਂ ਤੇ ਸੰਸਾਰ ਭਰ ਵਿਚ ਯਹੋਵਾਹ ਦੇ ਗਵਾਹਾਂ ਨੂੰ ਪ੍ਰਭਾਵਿਤ ਕਰਨ ਵਾਲੇ ਹੋਰ ਜ਼ਰੂਰੀ ਮਾਮਲਿਆਂ ਨਾਲ ਨਜਿੱਠਣ ਲਈ ਜ਼ਰੂਰੀ ਕਦਮ ਚੁੱਕਦੀ ਹੈ।

ਡੈਨ ਮੌਲਕਨ ਨੇ ਪ੍ਰਸਨੈੱਲ ਕਮੇਟੀ ਦਾ ਕੰਮ ਸਮਝਾਇਆ ਕਿ ਇਹ ਸੰਸਾਰ ਭਰ ਵਿਚ ਬੈਥਲ ਘਰਾਂ ਵਿਚ ਕੰਮ ਕਰਦੇ 19,851 ਭੈਣਾਂ-ਭਰਾਵਾਂ ਦੀ ਨਿਹਚਾ ਤਕੜੀ ਰੱਖਣ ਵਿਚ ਮਦਦ ਕਰਨ ਦੇ ਨਾਲ ਉਨ੍ਹਾਂ ਦੀਆਂ ਰੋਜ਼ਮੱਰਾ ਦੀਆਂ ਲੋੜਾਂ ਪੂਰੀਆਂ ਕਰਦੀ ਹੈ। ਡੇਵਿਡ ਸਿੰਕਲੈਅਰ ਨੇ ਸਮਝਾਇਆ ਕਿ ਪਬਲਿਸ਼ਿੰਗ ਕਮੇਟੀ ਬ੍ਰਾਂਚਾਂ ਲਈ ਤਰ੍ਹਾਂ-ਤਰ੍ਹਾਂ ਦਾ ਸਾਮਾਨ ਖ਼ਰੀਦਣ ਦੀ ਜ਼ਿੰਮੇਵਾਰੀ ਕਿੱਦਾਂ ਨਿਭਾਉਂਦੀ ਹੈ। ਫਿਰ ਬੈਥਲ ਵਿਚ ਤਕਰੀਬਨ 60 ਸਾਲਾਂ ਤੋਂ ਸੇਵਾ ਕਰਦੇ ਭਰਾ ਰੌਬਰਟ ਵੌਲਨ ਨੇ ਦੱਸਿਆ ਕਿ ਸਰਵਿਸ ਕਮੇਟੀ ਯਹੋਵਾਹ ਦੇ ਲੋਕਾਂ ਦੇ ਪ੍ਰਚਾਰ ਦੇ ਕੰਮ ਅਤੇ ਕਲੀਸਿਯਾਵਾਂ ਦੇ ਕੰਮਾਂ ਦੀ ਕਿੱਦਾਂ ਨਿਗਰਾਨੀ ਕਰਦੀ ਹੈ। ਵਿਲੀਅਮ ਮੇਲਨਫੌਂਟ ਨੇ ਸਮਝਾਇਆ ਕਿ ਟੀਚਿੰਗ ਕਮੇਟੀ ਸੰਮੇਲਨਾਂ ਦਾ ਪ੍ਰੋਗ੍ਰਾਮ ਤਿਆਰ ਕਰਨ ਵਿਚ ਕਿੰਨੀ ਮਿਹਨਤ ਕਰਦੀ ਹੈ। ਅਖ਼ੀਰ ਵਿਚ ਜੌਨ ਵਿਸ਼ਚੱਕ ਨੇ ਸਮਝਾਇਆ ਕਿ ਸਾਡੇ ਪ੍ਰਕਾਸ਼ਨਾਂ ਵਿਚ ਪਾਈ ਜਾਂਦੀ ਜਾਣਕਾਰੀ ਨੂੰ ਚੰਗੀ ਤਰ੍ਹਾਂ ਲਿਖਣ ਤੇ ਛਾਪਣ ਦੀ ਤਿਆਰੀ ਲਈ ਰਾਇਟਿੰਗ ਕਮੇਟੀ ਕੀ ਕੁਝ ਕਰਦੀ ਹੈ। *

ਸਾਲ 2010 ਦਾ ਮੁੱਖ ਹਵਾਲਾ ਪ੍ਰੇਮ ’ਤੇ ਜ਼ੋਰ ਦਿੰਦਾ ਹੈ

ਅਗਲੇ ਤਿੰਨ ਭਾਸ਼ਣ ਪ੍ਰਬੰਧਕ ਸਭਾ ਦੇ ਮੈਂਬਰਾਂ ਨੇ ਦਿੱਤੇ। ਗੇਰਟ ਲੋਸ਼ ਨੇ ਇਹ ਸਵਾਲ ਪੁੱਛ ਕੇ ਆਪਣਾ ਭਾਸ਼ਣ ਸ਼ੁਰੂ ਕੀਤਾ: “ਕੀ ਤੁਸੀਂ ਚਾਹੁੰਦੇ ਹੋ ਕਿ ਦੂਸਰੇ ਤੁਹਾਡੇ ਨਾਲ ਪ੍ਰੇਮ ਕਰਨ?” ਉਸ ਨੇ ਸਮਝਾਇਆ ਕਿ ਪ੍ਰੇਮ ਇਨਸਾਨ ਦੀ ਬੁਨਿਆਦੀ ਲੋੜ ਹੈ ਤੇ ਅਸੀਂ ਸਾਰੇ ਪਿਆਰ ਪਾ ਕੇ ਖ਼ੁਸ਼ ਹੁੰਦੇ ਹਾਂ। ਅਸੀਂ ਪਿਆਰ ਕਰਕੇ ਜੀਉਂਦੇ ਹਾਂ ਕਿਉਂਕਿ ਯਹੋਵਾਹ ਨੇ ਸਾਡੇ ਨਾਲ ਨਿਰਸੁਆਰਥ ਪ੍ਰੇਮ ਕਰਕੇ ਸਾਨੂੰ ਸ੍ਰਿਸ਼ਟ ਕੀਤਾ। ਅਸੀਂ ਯਹੋਵਾਹ ਨਾਲ ਪ੍ਰੇਮ ਕਰਕੇ ਹੀ ਪ੍ਰਚਾਰ ਅਤੇ ਸਿੱਖਿਆ ਦੇਣ ਦਾ ਕੰਮ ਕਰਦੇ ਹਾਂ।

ਅਸੂਲਾਂ ’ਤੇ ਆਧਾਰਿਤ ਪ੍ਰੇਮ ਨਾ ਸਿਰਫ਼ ਆਪਣੇ ‘ਗੁਆਂਢੀਆਂ’ ਨੂੰ ਦਿਖਾਇਆ ਜਾਂਦਾ ਹੈ, ਸਗੋਂ ਵੈਰੀਆਂ ਨੂੰ ਵੀ ਦਿਖਾਇਆ ਜਾਂਦਾ ਹੈ। (ਮੱਤੀ 5:43-45) ਭੈਣਾਂ-ਭਰਾਵਾਂ ਨੂੰ ਕਿਹਾ ਗਿਆ ਕਿ ਸੋਚੋ ਯਿਸੂ ਨੇ ਸਾਡੇ ਲਈ ਕਿੰਨਾ ਕੁਝ ਸਹਾਰਿਆ, ਉਸ ਨੂੰ ਕੁੱਟਿਆ-ਮਾਰਿਆ ਗਿਆ, ਉਸ ਦਾ ਮਖੌਲ ਉਡਾਇਆ ਗਿਆ, ਉਸ ’ਤੇ ਥੁੱਕਿਆ ਗਿਆ ਤੇ ਉਸ ਨੂੰ ਵਿੰਨ੍ਹਿਆ ਗਿਆ। ਇਸ ਦੇ ਬਾਵਜੂਦ, ਉਸ ਨੇ ਸਿਪਾਹੀਆਂ ਲਈ ਪ੍ਰਾਰਥਨਾ ਕੀਤੀ ਜਿਨ੍ਹਾਂ ਨੇ ਉਸ ਨੂੰ ਸੂਲ਼ੀ ਉੱਤੇ ਚੜ੍ਹਾਇਆ ਸੀ। ਕੀ ਇਸ ਕਰਕੇ ਅਸੀਂ ਉਸ ਨੂੰ ਹੋਰ ਪ੍ਰੇਮ ਨਹੀਂ ਕਰਦੇ? ਫਿਰ ਭਰਾ ਲੋਸ਼ ਨੇ ਸਾਲ 2010 ਦਾ ਮੁੱਖ ਹਵਾਲਾ ਐਲਾਨਿਆ: 1 ਕੁਰਿੰਥੀਆਂ 13:7, 8, ‘ਪ੍ਰੇਮ ਸਭ ਕੁਝ ਝੱਲ ਲੈਂਦਾ, ਪ੍ਰੇਮ ਕਦੇ ਟਲਦਾ ਨਹੀਂ।’ ਸਾਡੇ ਕੋਲ ਨਾ ਸਿਰਫ਼ ਹਮੇਸ਼ਾ ਲਈ ਜੀਣ ਦੀ ਉਮੀਦ ਹੈ, ਸਗੋਂ ਅਸੀਂ ਹਮੇਸ਼ਾ ਲਈ ਪ੍ਰੇਮ ਕਰ ਸਕਾਂਗੇ ਤੇ ਦੂਸਰਿਆਂ ਦਾ ਪ੍ਰੇਮ ਪਾ ਸਕਾਂਗੇ।

ਕੀ ਤੁਸੀਂ ਖਾਲੀ ਟੈਂਕੀ ਨਾਲ ਗੱਡੀ ਚਲਾਈ ਫਿਰਦੇ ਹੋ?

ਸੈਮੂਏਲ ਹਰਡ ਨੇ ਇਕ ਉਦਾਹਰਣ ਨਾਲ ਆਪਣਾ ਭਾਸ਼ਣ ਸ਼ੁਰੂ ਕੀਤਾ। ਫ਼ਰਜ਼ ਕਰੋ ਕਿ ਤੁਹਾਡਾ ਦੋਸਤ ਤੁਹਾਨੂੰ ਆਪਣੀ ਗੱਡੀ ਵਿਚ 50 ਕਿਲੋਮੀਟਰ ਦੇ ਸਫ਼ਰ ’ਤੇ ਲੈ ਜਾ ਰਿਹਾ ਹੈ। ਤੁਸੀਂ ਉਸ ਦੇ ਨਾਲ ਬੈਠੇ ਹੋ ਤੇ ਦੇਖਦੇ ਹੋ ਕਿ ਪਟਰੋਲ ਮੀਟਰ ਦੀ ਸੂਈ ਟੈਂਕੀ ਖਾਲੀ ਦਿਖਾ ਰਹੀ ਹੈ। ਤੁਸੀਂ ਉਸ ਨੂੰ ਕਹਿੰਦੇ ਹੋ ਕਿ ਪਟਰੋਲ ਖ਼ਤਮ ਹੋਣ ਵਾਲਾ ਹੈ। ਉਹ ਕਹਿੰਦਾ ਹੈ ਫ਼ਿਕਰ ਕਰਨ ਦੀ ਕੋਈ ਗੱਲ ਨਹੀਂ ਕਿਉਂਕਿ ਟੈਂਕੀ ਵਿਚ ਅਜੇ ਚਾਰ ਕੁ ਲੀਟਰ ਪਟਰੋਲ ਹੈ। ਪਰ ਜਲਦੀ ਹੀ ਪਟਰੋਲ ਮੁੱਕ ਜਾਂਦਾ ਹੈ। ਕੀ ‘ਖਾਲੀ ਟੈਂਕੀ’ ਨਾਲ ਗੱਡੀ ਚਲਾਉਣ ਦਾ ਕੋਈ ਫ਼ਾਇਦਾ ਹੋਇਆ, ਤੁਸੀਂ ਤਾਂ ਰਾਹ ਵਿਚ ਹੀ ਫਸ ਗਏ? ਕਿੰਨਾ ਚੰਗਾ ਹੁੰਦਾ ਜੇ ਟੈਂਕੀ ਭਰੀ ਹੋਈ ਹੁੰਦੀ! ਇਸੇ ਤਰ੍ਹਾਂ ਸਾਨੂੰ ਵੀ ਪਟਰੋਲ ਯਾਨੀ ਯਹੋਵਾਹ ਦੇ ਗਿਆਨ ਨਾਲ ਆਪਣੀ ਟੈਂਕੀ ਭਰੀ ਰੱਖਣੀ ਚਾਹੀਦੀ ਹੈ।

ਇਹ ਕਰਨ ਲਈ ਸਾਨੂੰ ਆਪਣੀ ਗਿਆਨ ਦੀ ਟੈਂਕੀ ਭਰਦੇ ਰਹਿਣਾ ਚਾਹੀਦਾ ਹੈ। ਇੱਦਾਂ ਕਰਨ ਦੇ ਚਾਰ ਤਰੀਕੇ ਹਨ। ਪਹਿਲਾ, ਅਧਿਐਨ ਕਰਨਾ, ਯਾਨੀ ਰੋਜ਼ ਬਾਈਬਲ ਪੜ੍ਹ ਕੇ ਇਸ ਤੋਂ ਚੰਗੀ ਤਰ੍ਹਾਂ ਵਾਕਫ਼ ਹੋਣਾ। ਸਾਨੂੰ ਸਿਰਫ਼ ਸ਼ਬਦਾਂ ਨੂੰ ਪੜ੍ਹਨ ਦੀ ਬਜਾਇ ਇਨ੍ਹਾਂ ਨੂੰ ਸਮਝਣਾ ਵੀ ਚਾਹੀਦਾ ਹੈ। ਦੂਸਰਾ, ਸਾਨੂੰ ਪਰਿਵਾਰਕ ਸਟੱਡੀ ਤੋਂ ਪੂਰਾ ਫ਼ਾਇਦਾ ਉਠਾਉਣਾ ਚਾਹੀਦਾ ਹੈ। ਕੀ ਅਸੀਂ ਹਰ ਹਫ਼ਤੇ ਆਪਣੀ ਟੈਂਕੀ ਭਰਦੇ ਹਾਂ ਜਾਂ ਕਦੀ-ਕਦਾਈਂ ਥੋੜ੍ਹਾ-ਬਹੁਤਾ ਆਪਣੀ ਟੈਂਕੀ ਵਿਚ ਗਿਆਨ ਪਾਉਂਦੇ ਹਾਂ? ਤੀਜਾ, ਕਲੀਸਿਯਾ ਦੀ ਬਾਈਬਲ ਸਟੱਡੀ ਅਤੇ ਪਹਿਰਾਬੁਰਜ ਅਧਿਐਨ ਸਮੇਤ ਕਲੀਸਿਯਾ ਦੀਆਂ ਸਾਰੀਆਂ ਸਭਾਵਾਂ ਵਿਚ ਹਾਜ਼ਰ ਹੋਣਾ। ਚੌਥਾ, ਸ਼ਾਂਤੀ ਨਾਲ ਬੈਠ ਕੇ ਯਹੋਵਾਹ ਦੇ ਰਾਹਾਂ ’ਤੇ ਮਨਨ ਕਰਨਾ। ਜ਼ਬੂਰਾਂ ਦੀ ਪੋਥੀ 143:5 ਕਹਿੰਦਾ ਹੈ: “ਮੈਂ ਪੁਰਾਣਿਆਂ ਸਮਿਆਂ ਨੂੰ ਯਾਦ ਕਰਦਾ ਹਾਂ, ਮੈਂ ਤੇਰੀਆਂ ਸਾਰੀਆਂ ਕਰਨੀਆਂ ਦਾ ਵਿਚਾਰ ਕਰਦਾ ਹਾਂ।”

‘ਧਰਮੀ ਲੋਕ ਸੂਰਜ ਵਾਂਙੁ ਚਮਕਣਗੇ’

ਤੀਜਾ ਯਾਨੀ ਅਖ਼ੀਰਲਾ ਭਾਸ਼ਣ ਜੌਨ ਬਾਰ ਨੇ ਦਿੱਤਾ ਜਿਸ ਵਿਚ ਉਸ ਨੇ ਕਣਕ ਤੇ ਜੰਗਲੀ ਬੂਟੀ ਬਾਰੇ ਯਿਸੂ ਦਾ ਦ੍ਰਿਸ਼ਟਾਂਤ ਸਮਝਾਇਆ। (ਮੱਤੀ 13:24-30, 38, 43) ਇਹ ਦ੍ਰਿਸ਼ਟਾਂਤ “ਵਾਢੀ” ਦਾ ਜ਼ਿਕਰ ਕਰਦਾ ਹੈ ਜਿਸ ਦੌਰਾਨ “ਰਾਜ ਦੇ ਪੁੱਤ੍ਰ” ਇਕੱਠੇ ਕੀਤੇ ਜਾਣਗੇ ਤੇ ਜੰਗਲੀ ਬੂਟੀ ਵੱਖਰੀ ਕਰ ਕੇ ਫੂਕੀ ਜਾਵੇਗੀ।

ਭਰਾ ਬਾਰ ਨੇ ਚੰਗੀ ਤਰ੍ਹਾਂ ਸਮਝਾਇਆ ਕਿ ਇਕੱਠਾ ਕਰਨ ਦਾ ਕੰਮ ਹਮੇਸ਼ਾ ਨਹੀਂ ਚੱਲਦਾ ਰਹੇਗਾ। ਉਸ ਨੇ ਮੱਤੀ 24:34 ਦਾ ਜ਼ਿਕਰ ਕੀਤਾ ਜਿੱਥੇ ਲਿਖਿਆ ਹੈ: “ਇਸ ਪੀੜ੍ਹੀ ਦੇ ਖ਼ਤਮ ਹੋਣ ਤੋਂ ਪਹਿਲਾਂ-ਪਹਿਲਾਂ ਇਹ ਸਾਰੀਆਂ ਘਟਨਾਵਾਂ ਜ਼ਰੂਰ ਵਾਪਰਨਗੀਆਂ।” ਉਸ ਨੇ ਦੋ ਵਾਰ ਇਹ ਟਿੱਪਣੀ ਪੜ੍ਹੀ: “ਯਿਸੂ ਦੇ ਕਹਿਣ ਦਾ ਮਤਲਬ ਸੀ ਕਿ ਜਿਹੜੇ ਮਸਹ ਕੀਤੇ ਹੋਏ ਮਸੀਹੀ 1914 ਵਿਚ ਆਖ਼ਰੀ ਦਿਨਾਂ ਦੀਆਂ ਨਿਸ਼ਾਨੀਆਂ ਸ਼ੁਰੂ ਹੋਣ ਵੇਲੇ ਜੀਉਂਦੇ ਸਨ, ਉਹ ਉਨ੍ਹਾਂ ਮਸਹ ਕੀਤੇ ਹੋਏ ਮਸੀਹੀਆਂ ਨਾਲ ਮਿਲ ਕੇ ਕੁਝ ਸਾਲ ਸੇਵਾ ਕਰਨਗੇ ਜਿਹੜੇ ਵੱਡੀ ਬਿਪਤਾ ਦੀ ਸ਼ੁਰੂਆਤ ਦੇਖਣਗੇ।” ਅਸੀਂ ਇਹ ਨਹੀਂ ਜਾਣਦੇ ਕਿ “ਇਹ ਪੀਹੜੀ” ਕਿੰਨਾ ਚਿਰ ਚੱਲਦੀ ਰਹੇਗੀ, ਪਰ ਇਸ ਪੀੜ੍ਹੀ ਵਿਚ ਦੋ ਗਰੁੱਪ ਹਨ ਜਿਨ੍ਹਾਂ ਦੀ ਜ਼ਿੰਦਗੀ ਦੇ ਕੁਝ ਸਾਲ ਸਾਂਝੇ ਹਨ। ਭਾਵੇਂ ਕਿ ਮਸਹ ਕੀਤੇ ਹੋਏ ਭਰਾਵਾਂ ਦੀ ਉਮਰ ਵੱਖਰੋ-ਵੱਖਰੀ ਹੈ, ਪਰ ਇਨ੍ਹਾਂ ਦੋਵਾਂ ਗਰੁੱਪਾਂ ਦੇ ਭਰਾ ਇਨ੍ਹਾਂ ਅੰਤ ਦਿਆਂ ਦਿਨਾਂ ਵਿਚ ਇੱਕੋ ਸਮੇਂ ਤੇ ਜੀ ਰਹੇ ਹਨ। ਇਹ ਕਿੰਨੀ ਦਿਲਾਸਾ ਦੇਣ ਵਾਲੀ ਗੱਲ ਹੈ ਕਿ ਜਿਨ੍ਹਾਂ ਮਸਹ ਕੀਤੇ ਹੋਏ ਬਿਰਧ ਭਰਾਵਾਂ ਨੇ 1914 ਵਿਚ ਅੰਤ ਦੇ ਦਿਨਾਂ ਦੀਆਂ ਨਿਸ਼ਾਨੀਆਂ ਦੀ ਸ਼ੁਰੂਆਤ ਦੇਖੀ ਸੀ, ਉਹ ਆਪਣੇ ਤੋਂ ਛੋਟੀ ਉਮਰ ਦੇ ਮਸਹ ਕੀਤੇ ਹੋਏ ਭਰਾਵਾਂ ਨਾਲ ਮਿਲ ਕੇ ਸੇਵਾ ਕਰ ਰਹੇ ਹਨ ਅਤੇ ਇਹ ਛੋਟੇ ਭਰਾ ਵੱਡੀ ਬਿਪਤਾ ਸ਼ੁਰੂ ਹੋਣ ਤੋਂ ਪਹਿਲਾਂ ਨਹੀਂ ਮਰਨਗੇ!

“ਰਾਜ ਦੇ ਪੁੱਤ੍ਰ” ਉਤਸੁਕਤਾ ਨਾਲ ਸਵਰਗੀ ਇਨਾਮ ਪਾਉਣ ਦੀ ਉਡੀਕ ਕਰ ਰਹੇ ਹਨ, ਪਰ ਸਾਨੂੰ ਸਾਰਿਆਂ ਨੂੰ ਵਫ਼ਾਦਾਰ ਰਹਿ ਕੇ ਅੰਤ ਤਕ ਸੂਰਜ ਵਾਂਗ ਚਮਕਦੇ ਰਹਿਣ ਦੀ ਲੋੜ ਹੈ। ਅਸੀਂ ਕਿੰਨੇ ਖ਼ੁਸ਼ ਹਾਂ ਕਿ ਅਸੀਂ ਆਪਣੇ ਜ਼ਮਾਨੇ ਵਿਚ “ਕਣਕ” ਇਕੱਠੀ ਹੁੰਦੀ ਦੇਖ ਰਹੇ ਹਾਂ।

ਸਮਾਪਤੀ ਗੀਤ ਤੋਂ ਬਾਅਦ, ਪ੍ਰਬੰਧਕ ਸਭਾ ਦੇ ਮੈਂਬਰ ਭਰਾ ਥੀਓਡੋਰ ਜੈਰਸ ਨੇ ਪ੍ਰਾਰਥਨਾ ਕੀਤੀ। ਸਾਰਿਆਂ ਨੂੰ ਸਾਲਾਨਾ ਮੀਟਿੰਗ ਦੇ ਪ੍ਰੋਗ੍ਰਾਮ ਤੋਂ ਕਿੰਨਾ ਹੌਸਲਾ ਮਿਲਿਆ!

[ਫੁਟਨੋਟ]

^ ਪੈਰਾ 10 ਪ੍ਰਬੰਧਕ ਸਭਾ ਦੀਆਂ ਛੇ ਕਮੇਟੀਆਂ ਦੇ ਕੰਮ ਬਾਰੇ ਹੋਰ ਜਾਣਕਾਰੀ ਲਈ 15 ਮਈ 2008 ਦੇ ਪਹਿਰਾਬੁਰਜ ਦਾ ਸਫ਼ਾ 29 ਦੇਖੋ।

[ਸਫ਼ਾ 5 ਉੱਤੇ ਡੱਬੀ]

ਬਜ਼ੁਰਗਾਂ ਲਈ ਸਕੂਲ

ਸਾਲਾਨਾ ਮੀਟਿੰਗ ਤੇ ਪ੍ਰਬੰਧਕ ਸਭਾ ਦੇ ਮੈਂਬਰ ਐਂਟਨੀ ਮੌਰਿਸ ਨੇ ਐਲਾਨ ਕੀਤਾ ਕਿ ਕਲੀਸਿਯਾਵਾਂ ਦੇ ਬਜ਼ੁਰਗਾਂ ਨੂੰ ਸਿਖਲਾਈ ਦਿੱਤੀ ਜਾਂਦੀ ਰਹੇਗੀ। ਅਮਰੀਕਾ ਦੇ ਬਜ਼ੁਰਗਾਂ ਲਈ ਇਕ ਸਕੂਲ 2008 ਦੇ ਸ਼ੁਰੂ ਵਿਚ ਪੈਟਰਸਨ, ਨਿਊਯਾਰਕ ਵਿਖੇ ਸਿੱਖਿਆ ਕੇਂਦਰ ਵਿਚ ਸ਼ੁਰੂ ਹੋਇਆ। 72ਵੀਂ ਕਲਾਸ ਹੁਣੇ-ਹੁਣੇ ਸਮਾਪਤ ਹੋਈ ਸੀ ਤੇ ਕੁੱਲ ਮਿਲਾ ਕੇ ਹੁਣ ਤਕ 6,720 ਬਜ਼ੁਰਗਾਂ ਨੂੰ ਸਿਖਲਾਈ ਮਿਲ ਚੁੱਕੀ ਹੈ। ਹਾਲੇ ਬਹੁਤ ਸਾਰਾ ਕੰਮ ਕਰਨ ਨੂੰ ਪਿਆ ਹੈ। ਇਕੱਲੇ ਅਮਰੀਕਾ ਵਿਚ ਹੀ 86,000 ਬਜ਼ੁਰਗ ਹਨ। ਇਸ ਕਰਕੇ ਪ੍ਰਬੰਧਕ ਸਭਾ ਨੇ ਬਰੁਕਲਿਨ, ਨਿਊਯਾਰਕ ਵਿਚ ਇਕ ਵਾਧੂ ਸਕੂਲ ਚਲਾਉਣ ਦੀ ਇਜਾਜ਼ਤ ਦਿੱਤੀ ਹੈ ਜੋ 7 ਦਸੰਬਰ 2009 ਨੂੰ ਸ਼ੁਰੂ ਹੋਇਆ।

ਦੋ ਮਹੀਨਿਆਂ ਲਈ ਚਾਰ ਸਫ਼ਰੀ ਨਿਗਾਹਬਾਨਾਂ ਨੂੰ ਪੈਟਰਸਨ ਵਿਚ ਇੰਸਟ੍ਰਕਟਰਾਂ ਵਜੋਂ ਸਿਖਲਾਈ ਦਿੱਤੀ ਜਾਣੀ ਸੀ। ਫਿਰ ਉਨ੍ਹਾਂ ਨੂੰ ਬਰੁਕਲਿਨ ਸਿੱਖਿਆ ਦੇਣ ਲਈ ਭੇਜਿਆ ਜਾਣਾ ਸੀ ਤੇ ਚਾਰ ਹੋਰ ਭਰਾਵਾਂ ਨੂੰ ਸਿਖਲਾਈ ਦਿੱਤੀ ਜਾਣੀ ਸੀ। ਫਿਰ ਇਨ੍ਹਾਂ ਚਾਰਾਂ ਭਰਾਵਾਂ ਨੇ ਸਿੱਖਿਆ ਦੇਣ ਲਈ ਬਰੁਕਲਿਨ ਜਾਣਾ ਸੀ ਤੇ ਮੁਢਲੇ ਚਾਰ ਭਰਾਵਾਂ ਨੇ ਅਸੈਂਬਲੀ ਹਾਲਾਂ ਤੇ ਕਿੰਗਡਮ ਹਾਲਾਂ ਵਿਚ ਸਕੂਲਾਂ ਵਿਚ ਸਿੱਖਿਆ ਦੇਣ ਲਈ ਜਾਣਾ ਸੀ। ਇੱਦਾਂ ਤਦ ਤਕ ਚੱਲਦਾ ਰਹਿਣਾ ਸੀ ਜਦ ਤਕ 12 ਇੰਸਟ੍ਰਕਟਰ ਨਹੀਂ ਬਣ ਜਾਂਦੇ ਜੋ ਅਮਰੀਕਾ ਵਿਚ ਛੇ ਸਕੂਲਾਂ ਵਿਚ ਅੰਗ੍ਰੇਜ਼ੀ ਭਾਸ਼ਾ ਵਿਚ ਸਿਖਲਾਈ ਦੇਣਗੇ। ਫਿਰ ਚਾਰ ਇੰਸਟ੍ਰਕਟਰਾਂ ਨੂੰ ਸਪੇਨੀ ਭਾਸ਼ਾ ਵਿਚ ਸਿਖਲਾਈ ਦਿੱਤੀ ਜਾਣੀ ਸੀ। ਇਹ ਸਕੂਲ ਕਿੰਗਡਮ ਮਿਨਿਸਟਰੀ ਸਕੂਲ ਦੀ ਥਾਂ ਨਹੀਂ ਲਵੇਗਾ। ਇਹ ਸਕੂਲ ਇਸ ਮਕਸਦ ਲਈ ਚਲਾਇਆ ਗਿਆ ਹੈ ਤਾਂਕਿ ਬਜ਼ੁਰਗ ਸੱਚਾਈ ਵਿਚ ਅੱਗੇ ਵਧਦੇ ਜਾਣ। ਸੰਸਾਰ ਭਰ ਵਿਚ ਸੇਵਾ ਸਾਲ 2011 ਦੌਰਾਨ ਬ੍ਰਾਂਚਾਂ ਅਸੈਂਬਲੀ ਹਾਲਾਂ ਤੇ ਕਿੰਗਡਮ ਹਾਲਾਂ ਵਿਚ ਇਹ ਸਕੂਲ ਸ਼ੁਰੂ ਕਰਨਗੀਆਂ।

[ਸਫ਼ਾ 4 ਉੱਤੇ ਤਸਵੀਰਾਂ]

ਸਾਲਾਨਾ ਮੀਟਿੰਗ “ਯਹੋਵਾਹ ਲਈ ਗੀਤ ਗਾਓ” ਨਵੀਂ ਗੀਤ ਪੁਸਤਕ ਤੋਂ ਗਾਉਣ ਨਾਲ ਸ਼ੁਰੂ ਹੋਈ