Skip to content

Skip to table of contents

ਆਪਣੇ ਬੱਚਿਆਂ ਵਿਚ ਪੜ੍ਹਨ ਅਤੇ ਅਧਿਐਨ ਕਰਨ ਦਾ ਸ਼ੌਕ ਪੈਦਾ ਕਰੋ

ਆਪਣੇ ਬੱਚਿਆਂ ਵਿਚ ਪੜ੍ਹਨ ਅਤੇ ਅਧਿਐਨ ਕਰਨ ਦਾ ਸ਼ੌਕ ਪੈਦਾ ਕਰੋ

ਆਪਣੇ ਬੱਚਿਆਂ ਵਿਚ ਪੜ੍ਹਨ ਅਤੇ ਅਧਿਐਨ ਕਰਨ ਦਾ ਸ਼ੌਕ ਪੈਦਾ ਕਰੋ

ਆਪਣੇ ਬੱਚਿਆਂ ਵਿਚ ਪੜ੍ਹਨ ਤੇ ਅਧਿਐਨ ਕਰਨ ਦਾ ਸ਼ੌਕ ਪੈਦਾ ਕਰ ਕੇ ਤੁਸੀਂ ਉਨ੍ਹਾਂ ਦਾ ਭਵਿੱਖ ਸੁਨਹਿਰਾ ਬਣਾ ਸਕਦਾ ਹੋ। ਪੜ੍ਹਨਾ ਤੇ ਅਧਿਐਨ ਕਰਨਾ ਕਿੰਨਾ ਮਜ਼ੇਦਾਰ ਹੋ ਸਕਦਾ ਹੈ! ਕਈਆਂ ਨੂੰ ਯਾਦ ਹੈ ਕਿ ਕਿਵੇਂ ਬਚਪਨ ਵਿਚ ਉਨ੍ਹਾਂ ਦੇ ਮਾਪੇ ਉਨ੍ਹਾਂ ਨੂੰ ਆਪਣੀ ਗੋਦੀ ਵਿਚ ਬਿਠਾ ਕੇ ਕਹਾਣੀਆਂ ਪੜ੍ਹ ਕੇ ਸੁਣਾਉਂਦੇ ਸਨ। ਸੋ ਜਿੰਨਾ ਪੜ੍ਹਨ ਵਿਚ ਮਜ਼ਾ ਆਉਂਦਾ ਹੈ, ਉੱਨੇ ਹੀ ਮਜ਼ੇਦਾਰ ਇਸ ਦੇ ਫਲ ਹੋ ਸਕਦੇ ਹਨ! ਇਹ ਗੱਲ ਪਰਮੇਸ਼ੁਰ ਦੇ ਭਗਤਾਂ ’ਤੇ ਖ਼ਾਸ ਕਰਕੇ ਢੁਕਦੀ ਹੈ ਕਿਉਂਕਿ ਬਾਈਬਲ ਦਾ ਅਧਿਐਨ ਕਰ ਕੇ ਅਸੀਂ ਪਰਮੇਸ਼ੁਰ ਨਾਲ ਆਪਣਾ ਰਿਸ਼ਤਾ ਮਜ਼ਬੂਤ ਬਣਾ ਸਕਦੇ ਹਾਂ। ਇਕ ਮਸੀਹੀ ਪਿਤਾ ਨੇ ਕਿਹਾ: “ਜਿਨ੍ਹਾਂ ਗੱਲਾਂ ਦੀ ਅਸੀਂ ਸਭ ਤੋਂ ਜ਼ਿਆਦਾ ਕਦਰ ਕਰਦੇ ਹਾਂ, ਉਨ੍ਹਾਂ ਦਾ ਸੰਬੰਧ ਪੜ੍ਹਨ ਅਤੇ ਅਧਿਐਨ ਕਰਨ ਨਾਲ ਹੈ।”

ਅਧਿਐਨ ਕਰਨ ਦੀਆਂ ਚੰਗੀਆਂ ਆਦਤਾਂ ਅਪਣਾ ਕੇ ਤੁਹਾਡੇ ਬੱਚੇ ਪਰਮੇਸ਼ੁਰ ਨਾਲ ਨਜ਼ਦੀਕੀ ਰਿਸ਼ਤਾ ਜੋੜ ਸਕਦੇ ਹਨ। (ਜ਼ਬੂ. 1:1-3, 6) ਭਾਵੇਂ ਕਿ ਸਾਡੀ ਮੁਕਤੀ ਇਸ ਗੱਲ ’ਤੇ ਨਹੀਂ ਨਿਰਭਰ ਕਰਦੀ ਕਿ ਸਾਨੂੰ ਪੜ੍ਹਨਾ ਆਉਣਾ ਚਾਹੀਦਾ ਹੈ, ਪਰ ਬਾਈਬਲ ਕਹਿੰਦੀ ਹੈ ਕਿ ਪੜ੍ਹਨ ਨਾਲ ਬਹੁਤ ਲਾਭ ਹੁੰਦੇ ਹਨ। ਮਿਸਾਲ ਲਈ, ਪਰਕਾਸ਼ ਦੀ ਪੋਥੀ 1:3 ਵਿਚ ਲਿਖਿਆ ਹੈ: “ਧੰਨ ਉਹ ਜਿਹੜਾ ਇਸ ਅਗੰਮ ਵਾਕ ਦੀਆਂ ਬਾਣੀਆਂ ਨੂੰ ਪੜ੍ਹਦਾ ਹੈ, ਨਾਲੇ ਓਹ ਜਿਹੜੇ ਸੁਣਦੇ ਹਨ।” ਇਸ ਤੋਂ ਇਲਾਵਾ, ਮਨ ਲਾ ਕੇ ਅਧਿਐਨ ਕਰਨਾ ਬਹੁਤ ਅਹਿਮ ਗੱਲ ਹੈ ਜਿਵੇਂ ਪੌਲੁਸ ਦੇ ਤਿਮੋਥਿਉਸ ਨੂੰ ਲਿਖੇ ਪ੍ਰੇਰਿਤ ਸ਼ਬਦਾਂ ਤੋਂ ਦੇਖਿਆ ਜਾ ਸਕਦਾ ਹੈ: “ਇਨ੍ਹਾਂ ਗੱਲਾਂ ਦਾ ਉੱਦਮ ਕਰ। ਇਨ੍ਹਾਂ ਵਿੱਚ ਲੱਗਾ ਰਹੁ।” ਕਿਉਂ? “ਭਈ ਤੇਰੀ ਤਰੱਕੀ ਸਭਨਾਂ ਉੱਤੇ ਪਰਗਟ ਹੋਵੇ।”—1 ਤਿਮੋ. 4:15.

ਪਰ ਸਿਰਫ਼ ਪੜ੍ਹਨਾ ਜਾਂ ਅਧਿਐਨ ਕਰਨਾ ਇਸ ਗੱਲ ਦੀ ਗਾਰੰਟੀ ਨਹੀਂ ਹੈ ਕਿ ਸਾਨੂੰ ਫ਼ਾਇਦਾ ਹੋਵੇਗਾ। ਇਹ ਯੋਗਤਾਵਾਂ ਹੋਣ ਦੇ ਬਾਵਜੂਦ ਕਈ ਪੜ੍ਹਦੇ ਜਾਂ ਅਧਿਐਨ ਕਰਦੇ ਹੀ ਨਹੀਂ, ਸਗੋਂ ਉਹ ਘੱਟ ਜ਼ਰੂਰੀ ਕੰਮਾਂ ਵਿਚ ਆਪਣਾ ਸਮਾਂ ਬਰਬਾਦ ਕਰਦੇ ਹਨ। ਸੋ ਮਾਪੇ ਆਪਣੇ ਬੱਚਿਆਂ ਵਿਚ ਲਾਭਦਾਇਕ ਗਿਆਨ ਲੈਣ ਦੀ ਤਾਂਘ ਕਿੱਦਾਂ ਪੈਦਾ ਕਰ ਸਕਦੇ ਹਨ?

ਤੁਹਾਡੀ ਪ੍ਰੀਤ ਅਤੇ ਮਿਸਾਲ

ਬੱਚੇ ਪਿਆਰ ਭਰੇ ਮਾਹੌਲ ਵਿਚ ਪੜ੍ਹਨ ਦਾ ਮਜ਼ਾ ਲੈਂਦੇ ਹਨ। ਇਕ ਮਸੀਹੀ ਜੋੜੇ ਓਅਨ ਤੇ ਕਲਾਉਡੀਆ ਨੇ ਆਪਣੇ ਬੇਟੇ-ਬੇਟੀ ਬਾਰੇ ਕਿਹਾ: “ਉਹ ਅਧਿਐਨ ਲਈ ਰੱਖੇ ਸਮੇਂ ਦੀ ਉਡੀਕ ਵਿਚ ਰਹਿੰਦੇ ਸਨ ਕਿਉਂਕਿ ਉਹ ਸਮਾਂ ਉਨ੍ਹਾਂ ਲਈ ਖ਼ਾਸ ਹੁੰਦਾ ਸੀ। ਸਾਡੀ ਛਤਰ-ਛਾਇਆ ਹੇਠ ਉਨ੍ਹਾਂ ਨੂੰ ਕੋਈ ਡਰ ਨਹੀਂ ਸੀ। ਉਹ ਕਹਿੰਦੇ ਸਨ ਕਿ ਅਧਿਐਨ ਦਾ ਸਮਾਂ ਪਿਆਰ ਭਰਿਆ ਮਾਹੌਲ ਹੁੰਦਾ ਸੀ।” ਜਦੋਂ ਬੱਚੇ ਅੱਲ੍ਹੜ ਉਮਰ ਦੇ ਚੁਣੌਤੀ ਭਰੇ ਸਮੇਂ ਵਿੱਚੋਂ ਗੁਜ਼ਰਦੇ ਹਨ, ਫਿਰ ਵੀ ਪਰਿਵਾਰਕ ਅਧਿਐਨ ਵੇਲੇ ਪਿਆਰ ਭਰਿਆ ਮਾਹੌਲ ਰੱਖਣ ਨਾਲ ਅਧਿਐਨ ਬਾਰੇ ਉਨ੍ਹਾਂ ਦਾ ਨਜ਼ਰੀਆ ਸਹੀ ਹੋਵੇਗਾ। ਓਅਨ ਤੇ ਕਲਾਉਡੀਆ ਦੇ ਬੱਚੇ ਹੁਣ ਪਾਇਨੀਅਰਿੰਗ ਕਰਦੇ ਹਨ ਅਤੇ ਉਨ੍ਹਾਂ ਵਿਚ ਪੜ੍ਹਨ ਤੇ ਅਧਿਐਨ ਕਰਨ ਦਾ ਜੋ ਸ਼ੌਕ ਪੈਦਾ ਕੀਤਾ ਗਿਆ ਸੀ, ਉਸ ਤੋਂ ਉਹ ਹਾਲੇ ਵੀ ਫ਼ਾਇਦਾ ਉਠਾਉਂਦੇ ਹਨ।

ਸ਼ੌਕ ਪੈਦਾ ਕਰਨ ਦੇ ਨਾਲ-ਨਾਲ ਮਾਪਿਆਂ ਨੂੰ ਆਪ ਵੀ ਮਿਸਾਲੀ ਹੋਣਾ ਚਾਹੀਦਾ ਹੈ। ਜੋ ਬੱਚੇ ਮਾਪਿਆਂ ਨੂੰ ਪੜ੍ਹਦੇ ਅਤੇ ਅਧਿਐਨ ਕਰਦੇ ਦੇਖਦੇ ਹਨ, ਉਹ ਖ਼ੁਦ ਇਨ੍ਹਾਂ ਆਦਤਾਂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲੈਂਦੇ ਹਨ। ਪਰ ਤੁਸੀਂ ਮਾਪਿਆਂ ਵਜੋਂ ਇਕ ਚੰਗੀ ਮਿਸਾਲ ਕਿੱਦਾਂ ਬਣ ਸਕਦੇ ਹੋ ਜੇ ਤੁਹਾਨੂੰ ਪੜ੍ਹਨਾ ਚੰਗਾ ਨਹੀਂ ਲੱਗਦਾ? ਇਸ ਦੇ ਲਈ ਤੁਹਾਨੂੰ ਸ਼ਾਇਦ ਆਪਣੇ ਕੰਮਾਂ ਵਿਚ ਫੇਰ-ਬਦਲ ਕਰਨਾ ਪਵੇ ਜਾਂ ਪੜ੍ਹਨ ਬਾਰੇ ਆਪਣਾ ਰਵੱਈਆ ਬਦਲਣ ਦੀ ਲੋੜ ਹੋਵੇ। (ਰੋਮੀ. 2:21) ਪਰ ਜੇ ਰੋਜ਼ ਸਮਾਂ ਕੱਢ ਕੇ ਪੜ੍ਹਨ ਦੀ ਤੁਹਾਡੀ ਰੁਟੀਨ ਬਣੀ ਹੋਈ ਹੈ, ਤਾਂ ਇਸ ਦਾ ਤੁਹਾਡੇ ਬੱਚੇ ’ਤੇ ਗਹਿਰਾ ਅਸਰ ਪਵੇਗਾ। ਜੇ ਤੁਸੀਂ ਦਿਲ ਲਾ ਕੇ ਬਾਈਬਲ ਪੜ੍ਹੋਗੇ, ਸਭਾਵਾਂ ਅਤੇ ਪਰਿਵਾਰਕ ਅਧਿਐਨ ਦੀ ਤਿਆਰੀ ਕਰੋਗੇ, ਤਾਂ ਬੱਚਿਆਂ ਨੂੰ ਇਨ੍ਹਾਂ ਆਦਤਾਂ ਦੀ ਅਹਿਮੀਅਤ ਚੰਗੀ ਤਰ੍ਹਾਂ ਸਮਝ ਪਵੇਗੀ।

ਇਸ ਤਰ੍ਹਾਂ, ਆਪਣੇ ਬੱਚਿਆਂ ਵਿਚ ਪੜ੍ਹਨ ਦਾ ਸ਼ੌਕ ਪੈਦਾ ਕਰਨ ਲਈ ਤੁਹਾਡੀ ਆਪਣੀ ਪ੍ਰੀਤ ਅਤੇ ਮਿਸਾਲ ਬਹੁਤ ਜ਼ਰੂਰੀ ਹੈ। ਪਰ ਤੁਸੀਂ ਉਨ੍ਹਾਂ ਨੂੰ ਇਹ ਆਦਤਾਂ ਅਪਣਾਉਣ ਦਾ ਉਤਸ਼ਾਹ ਦੇਣ ਲਈ ਕਿਹੜੇ ਕਦਮ ਚੁੱਕ ਸਕਦੇ ਹੋ?

ਸ਼ੁਰੂ ਤੋਂ ਪੜ੍ਹਨ ਦਾ ਸ਼ੌਕ ਪੈਦਾ ਕਰੋ

ਆਪਣੇ ਬੱਚਿਆਂ ਦੇ ਦਿਲਾਂ ਵਿਚ ਪੜ੍ਹਨ ਦਾ ਸ਼ੌਕ ਪੈਦਾ ਕਰਨ ਲਈ ਤੁਸੀਂ ਕੀ ਕਰ ਸਕਦੇ ਹੋ? ਬਚਪਨ ਤੋਂ ਹੀ ਉਨ੍ਹਾਂ ਨੂੰ ਕਿਤਾਬਾਂ ਦਿਓ। ਇਕ ਮਸੀਹੀ ਬਜ਼ੁਰਗ, ਜਿਸ ਦੇ ਮਾਪਿਆਂ ਨੇ ਉਸ ਦੇ ਦਿਲ ਵਿਚ ਪੜ੍ਹਨ ਦਾ ਸ਼ੌਕ ਪੈਦਾ ਕੀਤਾ ਸੀ, ਨੇ ਕਿਹਾ: “ਆਪਣੇ ਬੱਚਿਆਂ ਨੂੰ ਕਿਤਾਬਾਂ ਫੜਨ ਦੇ ਆਦੀ ਬਣਾਓ। ਇਵੇਂ ਕਰਨ ਨਾਲ ਕਿਤਾਬਾਂ ਉਨ੍ਹਾਂ ਦੀਆਂ ਦੋਸਤ ਹੀ ਨਹੀਂ, ਸਗੋਂ ਜ਼ਿੰਦਗੀ ਦਾ ਮੁੱਖ ਹਿੱਸਾ ਬਣ ਜਾਂਦੀਆਂ ਹਨ।” ਮਹਾਨ ਸਿੱਖਿਅਕ ਤੋਂ ਸਿੱਖੋ (ਅੰਗ੍ਰੇਜ਼ੀ) ਅਤੇ ਬਾਈਬਲ ਕਹਾਣੀਆਂ ਦੀ ਕਿਤਾਬ ਵਰਗੀਆਂ ਕਿਤਾਬਾਂ ਕਈ ਬੱਚਿਆਂ ਦੇ ਨਾਲ ਉਦੋਂ ਤੋਂ ਹੀ ਰਹਿੰਦੀਆਂ ਹਨ ਜਦੋਂ ਹਾਲੇ ਉਨ੍ਹਾਂ ਨੂੰ ਪੜ੍ਹਨਾ ਵੀ ਨਹੀਂ ਆਉਂਦਾ ਹੁੰਦਾ। ਜਦੋਂ ਤੁਸੀਂ ਅਜਿਹੀਆਂ ਕਿਤਾਬਾਂ ਆਪਣੇ ਬੱਚਿਆਂ ਨਾਲ ਪੜ੍ਹਦੇ ਹੋ, ਤਾਂ ਉਨ੍ਹਾਂ ਨੂੰ ਭਾਸ਼ਾ ਨਾਲ ਹੀ ਨਹੀਂ, ਸਗੋਂ ‘ਸ਼ਕਤੀ ਦਿਆਂ ਦੱਸਿਆਂ ਹੋਇਆਂ ਸ਼ਬਦਾਂ’ ਅਤੇ ਪਰਮੇਸ਼ੁਰ ਦੀਆਂ ਗੱਲਾਂ ਨਾਲ ਵੀ ਵਾਕਫ਼ ਹੋਣ ਦਾ ਮੌਕਾ ਦਿੰਦੇ ਹੋ।—1 ਕੁਰਿੰ. 2:13.

ਬਾਕਾਇਦਾ ਉੱਚੀ ਪੜ੍ਹੋ। ਆਪਣੇ ਬੱਚਿਆਂ ਨਾਲ ਰੋਜ਼ ਬੈਠ ਕੇ ਪੜ੍ਹਨ ਦੀ ਰੁਟੀਨ ਬਣਾਓ। ਇਸ ਤਰ੍ਹਾਂ ਕਰਨ ਨਾਲ ਉਹ ਸ਼ਬਦਾਂ ਨੂੰ ਉਚਾਰਨਾ ਸਿੱਖਦੇ ਹਨ ਤੇ ਉਨ੍ਹਾਂ ਵਿਚ ਪੜ੍ਹਨ ਦਾ ਸ਼ੌਕ ਵੀ ਵਧਦਾ ਹੈ। ਤੁਹਾਡੇ ਪੜ੍ਹਨ ਦਾ ਤੌਰ-ਤਰੀਕਾ ਵੀ ਅਹਿਮ ਹੈ। ਜੋਸ਼ ਨਾਲ ਪੜ੍ਹੋ ਤੇ ਉਹ ਵੀ ਜੋਸ਼ ਨਾਲ ਪੜ੍ਹਨਗੇ। ਹੋ ਸਕਦਾ ਹੈ ਕਿ ਉਹ ਤੁਹਾਨੂੰ ਇੱਕੋ ਕਹਾਣੀ ਵਾਰ-ਵਾਰ ਪੜ੍ਹ ਕੇ ਸੁਣਾਉਣ ਲਈ ਕਹਿਣ। ਉਨ੍ਹਾਂ ਨੂੰ ਪੜ੍ਹ ਕੇ ਸੁਣਾਓ! ਸਮਾਂ ਬੀਤਣ ਨਾਲ ਉਹ ਵੱਖਰੇ-ਵੱਖਰੇ ਵਿਸ਼ਿਆਂ ਬਾਰੇ ਜਾਣਨਾ ਚਾਹੁਣਗੇ। ਪਰ ਧਿਆਨ ਰੱਖੋ ਕਿ ਉਨ੍ਹਾਂ ਨੂੰ ਇਵੇਂ ਨਾ ਲੱਗੇ ਕਿ ਤੁਸੀਂ ਪੜ੍ਹਨ ਲਈ ਉਨ੍ਹਾਂ ਨੂੰ ਬੰਨ੍ਹ ਕੇ ਬਿਠਾਇਆ ਹੋਇਆ ਹੈ। ਇਸ ਮਾਮਲੇ ਵਿਚ ਯਿਸੂ ਨੇ ਵਧੀਆ ਮਿਸਾਲ ਕਾਇਮ ਕੀਤੀ ਸੀ, ਯਾਨੀ ਉਸ ਨੇ ਆਪਣੇ ਸੁਣਨ ਵਾਲਿਆਂ ਨੂੰ ਸਿਰਫ਼ ਉਸ ਹੱਦ ਤਕ ਸਿੱਖਿਆ ਦਿੱਤੀ ਜਿਸ ਹੱਦ ਤਕ “ਓਹ ਸੁਣ ਸੱਕਦੇ ਸਨ।” (ਮਰ. 4:33) ਜੇ ਤੁਸੀਂ ਆਪਣੇ ਬੱਚਿਆਂ ਨੂੰ ਮਜਬੂਰ ਨਾ ਕਰੋ, ਤਾਂ ਉਹ ਅਗਲੀ ਵਾਰ ਪੜ੍ਹਨ ਲਈ ਉਤਾਵਲੇ ਹੋਣਗੇ ਅਤੇ ਤੁਸੀਂ ਉਨ੍ਹਾਂ ਵਿਚ ਪੜ੍ਹਨ ਦਾ ਸ਼ੌਕ ਪੈਦਾ ਕਰ ਸਕੋਗੇ।

ਹਿੱਸਾ ਲੈਣ ਲਈ ਉਤਸ਼ਾਹਿਤ ਕਰੋ ਅਤੇ ਪੜ੍ਹੀਆਂ ਗੱਲਾਂ ਉੱਤੇ ਚਰਚਾ ਕਰੋ। ਤੁਸੀਂ ਇਹ ਦੇਖ ਕੇ ਬਹੁਤ ਖ਼ੁਸ਼ ਹੋਵੋਗੇ ਕਿ ਤੁਹਾਡੇ ਬੱਚੇ ਜਲਦੀ ਹੀ ਕਈਆਂ ਸ਼ਬਦਾਂ ਨੂੰ ਪਛਾਣਨ, ਉਚਾਰਣ ਤੇ ਉਨ੍ਹਾਂ ਦੇ ਮਾਅਨੇ ਸਮਝਣ ਲੱਗ ਪਏ ਹਨ। ਪੜ੍ਹੀਆਂ ਗੱਲਾਂ ਦੀ ਚਰਚਾ ਕਰਨ ਨਾਲ ਉਹ ਜਲਦੀ ਹੀ ਤਰੱਕੀ ਕਰ ਸਕਦੇ ਹਨ। ਬੱਚਿਆਂ ਨੂੰ ਵਧੀਆ ਪਾਠਕ ਬਣਾਉਣ ਸੰਬੰਧੀ ਇਕ ਕਿਤਾਬ ਕਹਿੰਦੀ ਹੈ ਕਿ ਗੱਲਾਂ-ਬਾਤਾਂ ਕਰਨ ਨਾਲ ਬੱਚੇ “ਉਹ ਲਫ਼ਜ਼ ਸਿੱਖਦੇ ਹਨ ਜੋ ਉਨ੍ਹਾਂ ਨੂੰ ਬਾਅਦ ਵਿਚ ਪੜ੍ਹਨ ਲੱਗਿਆਂ ਪਛਾਣਨ ਤੇ ਸਮਝਣ ਦੀ ਲੋੜ ਹੁੰਦੀ ਹੈ।” ਉਹੀ ਕਿਤਾਬ ਅੱਗੇ ਕਹਿੰਦੀ ਹੈ: “ਉਨ੍ਹਾਂ ਨਿਆਣਿਆਂ ਨਾਲ, ਜਿਨ੍ਹਾਂ ਦੇ ਵਿਕਸਿਤ ਹੋ ਰਹੇ ਦਿਮਾਗ਼ ਅਜੇ ਸਿੱਖਣ ਦੀ ਕੋਸ਼ਿਸ਼ ਕਰ ਰਹੇ ਹਨ, ਤੁਸੀਂ ਜਿੰਨੀਆਂ ਚੰਗੀਆਂ ਗੱਲਾਂ ਕਰੋਗੇ, ਉੱਨਾ ਹੀ ਜ਼ਿਆਦਾ ਫ਼ਾਇਦਾ ਹੋਵੇਗਾ।”

ਬੱਚਿਆਂ ਨੂੰ ਪੜ੍ਹ ਕੇ ਸੁਣਾਉਣ ਅਤੇ ਉਨ੍ਹਾਂ ਨੂੰ ਸਵਾਲ ਪੁੱਛਣ ਲਈ ਕਹੋ। ਤੁਸੀਂ ਸ਼ਾਇਦ ਉਨ੍ਹਾਂ ਤੋਂ ਸਵਾਲ ਪੁੱਛੋ ਅਤੇ ਫਿਰ ਖ਼ੁਦ ਦੋ-ਤਿੰਨ ਜਵਾਬ ਦੇਣ ਤੋਂ ਬਾਅਦ ਪੁੱਛੋ ਕਿ ਕਿਹੜਾ ਸਹੀ ਹੈ। ਇਸ ਤਰ੍ਹਾਂ ਬੱਚੇ ਸਿੱਖਦੇ ਹਨ ਕਿ ਜਾਣਕਾਰੀ ਕਿਤਾਬਾਂ ਤੋਂ ਮਿਲਦੀ ਹੈ ਤੇ ਪੜ੍ਹੇ ਸ਼ਬਦਾਂ ਦਾ ਕੋਈ-ਨਾ-ਕੋਈ ਮਤਲਬ ਹੈ। ਇਹ ਤਰੀਕਾ ਖ਼ਾਸ ਤੌਰ ਤੇ ਮਦਦਗਾਰ ਹੈ ਜਦੋਂ ਤੁਸੀਂ ਉਨ੍ਹਾਂ ਕਿਤਾਬਾਂ ਤੋਂ ਪੜ੍ਹਦੇ ਹੋ ਜੋ ਸਭ ਤੋਂ ਮਹੱਤਵਪੂਰਣ ਕਿਤਾਬ ਬਾਈਬਲ ’ਤੇ ਆਧਾਰਿਤ ਹਨ।—ਇਬ. 4:12.

ਪਰ ਇਹ ਗੱਲ ਕਦੇ ਨਾ ਭੁੱਲੋ ਕਿ ਪੜ੍ਹਨਾ ਕੋਈ ਸੌਖੀ ਗੱਲ ਨਹੀਂ ਹੈ। ਚੰਗੀ ਤਰ੍ਹਾਂ ਪੜ੍ਹਨ ਲਈ ਸਮੇਂ ਅਤੇ ਅਭਿਆਸ ਦੀ ਲੋੜ ਹੁੰਦੀ ਹੈ। * ਇਸ ਲਈ ਉਨ੍ਹਾਂ ਨੂੰ ਸ਼ਾਬਾਸ਼ ਦਿਓ ਕਿ ਪੜ੍ਹਨ ਲਈ ਉਨ੍ਹਾਂ ਦਾ ਸ਼ੌਕ ਵਧ ਰਿਹਾ ਹੈ। ਇਸ ਤਰ੍ਹਾਂ ਤਾਰੀਫ਼ ਕਰ ਕੇ ਤੁਸੀਂ ਬੱਚਿਆਂ ਦੇ ਦਿਲਾਂ ਵਿਚ ਪੜ੍ਹਨ ਦੀ ਲਗਨ ਪੈਦਾ ਕਰੋਗੇ।

ਫ਼ਾਇਦੇਮੰਦ ਅਤੇ ਮਜ਼ੇਦਾਰ

ਆਪਣੇ ਬੱਚਿਆਂ ਨੂੰ ਅਧਿਐਨ ਕਰਨ ਦੇ ਤਰੀਕੇ ਸਿਖਾ ਕੇ ਤੁਸੀਂ ਉਨ੍ਹਾਂ ਨੂੰ ਪੜ੍ਹਨ ਦੀ ਅਹਿਮੀਅਤ ਬਾਰੇ ਦੱਸਦੇ ਹੋ। ਅਧਿਐਨ ਕਰ ਕੇ ਅਸੀਂ ਤੱਥਾਂ ਨੂੰ ਜਾਣ ਸਕਦੇ ਹਾਂ ਤੇ ਇਨ੍ਹਾਂ ਦਾ ਇਕ-ਦੂਜੇ ਨਾਲ ਸੰਬੰਧ ਸਮਝ ਸਕਦੇ ਹਾਂ। ਅਧਿਐਨ ਕਰਨ ਨਾਲ ਅਸੀਂ ਜਾਣਕਾਰੀ ਨੂੰ ਤਰਤੀਬ ਦੇ ਸਕਦੇ ਹਾਂ, ਇਸ ਨੂੰ ਯਾਦ ਰੱਖ ਸਕਦੇ ਹਾਂ ਅਤੇ ਫਿਰ ਇਸ ਨੂੰ ਵਰਤ ਸਕਦੇ ਹਾਂ। ਜਦੋਂ ਬੱਚਾ ਅਧਿਐਨ ਕਰਨਾ ਸਿੱਖ ਲੈਂਦਾ ਹੈ ਅਤੇ ਦੇਖਦਾ ਹੈ ਕਿ ਜਾਣਕਾਰੀ ਉਸ ਦੇ ਕਿੰਨੇ ਕੰਮ ਆਉਂਦੀ ਹੈ, ਤਾਂ ਅਧਿਐਨ ਉਸ ਲਈ ਫ਼ਾਇਦੇਮੰਦ ਅਤੇ ਮਜ਼ੇਦਾਰ ਬਣ ਜਾਂਦਾ ਹੈ।—ਉਪ. 10:10.

ਅਧਿਐਨ ਲਈ ਜ਼ਰੂਰੀ ਗੱਲਾਂ ਸਮਝਾਓ। ਪਰਿਵਾਰਕ ਸਟੱਡੀ, ਹਰ ਰੋਜ਼ ਬਾਈਬਲ ਦੀ ਜਾਂਚ ਕਰੋ ਉੱਤੇ ਚਰਚਾ ਕਰਨ ਵੇਲੇ ਅਤੇ ਇਸ ਤਰ੍ਹਾਂ ਦੇ ਹੋਰ ਮੌਕਿਆਂ ਤੇ ਆਪਣੇ ਬੱਚਿਆਂ ਨੂੰ ਅਧਿਐਨ ਕਰਨਾ ਸਿਖਾਇਆ ਜਾ ਸਕਦਾ ਹੈ। ਆਰਾਮ ਨਾਲ ਥੋੜ੍ਹਾ ਚਿਰ ਬੈਠ ਕੇ ਕਿਸੇ ਇਕ ਵਿਸ਼ੇ ਬਾਰੇ ਗੱਲਬਾਤ ਕਰਨ ਨਾਲ ਉਹ ਧਿਆਨ ਲਾਉਣਾ ਸਿੱਖਣਗੇ ਜੋ ਅਧਿਐਨ ਕਰਨ ਲਈ ਜ਼ਰੂਰੀ ਹੈ। ਇਸ ਤੋਂ ਇਲਾਵਾ, ਤੁਸੀਂ ਆਪਣੇ ਪੁੱਤਰ ਨੂੰ ਇਹ ਦੱਸਣ ਲਈ ਹੱਲਾਸ਼ੇਰੀ ਦੇ ਸਕਦੇ ਹੋ ਕਿ ਹੁਣੇ-ਹੁਣੇ ਸਿੱਖੀਆਂ ਗੱਲਾਂ ਦਾ ਉਨ੍ਹਾਂ ਗੱਲਾਂ ਨਾਲ ਕੀ ਸੰਬੰਧ ਹੈ ਜੋ ਉਹ ਪਹਿਲਾਂ ਹੀ ਜਾਣਦਾ ਹੈ। ਇਵੇਂ ਉਹ ਤੁਲਨਾ ਕਰਨੀ ਸਿੱਖਦਾ ਹੈ। ਕੀ ਤੁਸੀਂ ਆਪਣੀ ਧੀ ਨੂੰ ਪੜ੍ਹੀਆਂ ਗਈਆਂ ਗੱਲਾਂ ਦਾ ਆਪਣੇ ਸ਼ਬਦਾਂ ਵਿਚ ਸਾਰ ਦੇਣ ਲਈ ਕਹਿ ਸਕਦੇ ਹੋ? ਇਸ ਤਰ੍ਹਾਂ ਉਸ ਨੂੰ ਗੱਲਾਂ ਦਾ ਮਤਲਬ ਸਮਝ ਆਵੇਗਾ ਤੇ ਉਹ ਇਨ੍ਹਾਂ ਨੂੰ ਯਾਦ ਰੱਖ ਸਕੇਗੀ। ਲੇਖ ਪੜ੍ਹ ਕੇ ਉਸ ਦਾ ਰਿਵਿਊ ਕਰਨ ਯਾਨੀ ਉਸ ਦੀਆਂ ਮੁੱਖ ਗੱਲਾਂ ਨੂੰ ਦੁਹਰਾਉਣ ਨਾਲ ਤੁਸੀਂ ਬੱਚਿਆਂ ਨੂੰ ਯਾਦ ਰੱਖਣ ਦਾ ਇਕ ਹੋਰ ਵਧੀਆ ਤਰੀਕਾ ਦੱਸ ਸਕਦੇ ਹੋ। ਛੋਟੇ ਬੱਚਿਆਂ ਨੂੰ ਵੀ ਅਧਿਐਨ ਜਾਂ ਕਲੀਸਿਯਾ ਦੀਆਂ ਸਭਾਵਾਂ ਦੌਰਾਨ ਛੋਟੇ-ਮੋਟੇ ਨੋਟਸ ਲੈਣਾ ਸਿਖਾਇਆ ਜਾ ਸਕਦਾ ਹੈ। ਧਿਆਨ ਲਾਉਣ ਲਈ ਇਹ ਗੱਲਾਂ ਕਿੰਨੀਆਂ ਫ਼ਾਇਦੇਮੰਦ ਸਾਬਤ ਹੋ ਸਕਦੀਆਂ ਹਨ! ਅਧਿਐਨ ਕਰਨ ਦੇ ਇਹ ਸੌਖੇ ਤਰੀਕੇ ਅਪਣਾ ਕੇ ਮਾਪਿਆਂ ਅਤੇ ਬੱਚਿਆਂ ਦੋਹਾਂ ਨੂੰ ਮਜ਼ਾ ਆਉਂਦਾ ਹੈ ਅਤੇ ਫ਼ਾਇਦਾ ਹੁੰਦਾ ਹੈ।

ਅਧਿਐਨ ਵਾਸਤੇ ਮਾਹੌਲ ਨੂੰ ਵਧੀਆ ਬਣਾਓ। ਮਨ ਲਾ ਕੇ ਅਧਿਐਨ ਕਰਨ ਲਈ ਜ਼ਰੂਰੀ ਹੈ ਕਿ ਕਮਰੇ ਵਿਚ ਹਵਾ ਆਉਂਦੀ-ਜਾਂਦੀ ਹੋਵੇ, ਚੰਗੀ ਰੌਸ਼ਨੀ ਹੋਵੇ, ਮਾਹੌਲ ਸ਼ਾਂਤ ਤੇ ਆਰਾਮਦਾਇਕ ਹੋਵੇ। ਅਧਿਐਨ ਕਰਨ ਬਾਰੇ ਮਾਪਿਆਂ ਦਾ ਆਪਣਾ ਨਜ਼ਰੀਆ ਵੀ ਅਹਿਮ ਹੈ। ਇਕ ਮਾਂ ਨੇ ਕਿਹਾ: “ਬਾਕਾਇਦਾ ਪੜ੍ਹਨ ਤੇ ਅਧਿਐਨ ਕਰਨ ਲਈ ਸਮਾਂ ਕੱਢਣਾ ਬਹੁਤ ਜ਼ਰੂਰੀ ਹੈ। ਇਸ ਦੀ ਮਦਦ ਨਾਲ ਬੱਚੇ ਸਿੱਖ ਜਾਂਦੇ ਹਨ ਕਿ ਕਿਹੜਾ ਕੰਮ ਕਦੋਂ ਕਰਨਾ ਚਾਹੀਦਾ ਹੈ।” ਕਈ ਮਾਪੇ ਅਧਿਐਨ ਦੇ ਸਮੇਂ ਬੱਚਿਆਂ ਨੂੰ ਹੋਰ ਕੋਈ ਕੰਮ ਕਰਨ ਦੀ ਇਜਾਜ਼ਤ ਨਹੀਂ ਦਿੰਦੇ। ਇਕ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਤਰੀਕੇ ਨਾਲ ਬੱਚਿਆਂ ਨੂੰ ਅਧਿਐਨ ਕਰਨ ਦੀਆਂ ਚੰਗੀਆਂ ਆਦਤਾਂ ਪਾਈਆਂ ਜਾ ਸਕਦੀਆਂ ਹਨ।

ਅਧਿਐਨ ਕਰਨ ਦੀ ਅਹਿਮੀਅਤ ਸਮਝਾਓ। ਆਪਣੇ ਬੱਚਿਆਂ ਦੀ ਇਹ ਦੇਖਣ ਵਿਚ ਮਦਦ ਕਰੋ ਕਿ ਅਧਿਐਨ ਕਰਨ ਨਾਲ ਲਾਭ ਹੁੰਦੇ ਹਨ। ਸਿੱਖੀਆਂ ਗੱਲਾਂ ’ਤੇ ਚੱਲਣ ਨਾਲ ਉਹ ਦੇਖ ਸਕਦੇ ਹਨ ਕਿ ਅਧਿਐਨ ਕਰਨ ਦਾ ਅਸਲੀ ਮਕਸਦ ਕੀ ਹੈ। ਇਕ ਨੌਜਵਾਨ ਭਰਾ ਨੇ ਕਿਹਾ: “ਜੇ ਕਿਸੇ ਵਿਸ਼ੇ ਬਾਰੇ ਅਧਿਐਨ ਕਰਨ ਦਾ ਮੈਨੂੰ ਕੋਈ ਫ਼ਾਇਦਾ ਨਜ਼ਰ ਨਹੀਂ ਆਉਂਦਾ, ਤਾਂ ਅੱਗੋਂ ਉਸ ਬਾਰੇ ਪੜ੍ਹਨ ਦਾ ਮੇਰਾ ਦਿਲ ਨਹੀਂ ਕਰਦਾ। ਪਰ ਜੇ ਮੈਂ ਉਸ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰਾਂ, ਤਾਂ ਮੈਨੂੰ ਗੱਲਾਂ ਸਮਝ ਆ ਜਾਂਦੀਆਂ ਹਨ ਜੋ ਮੈਂ ਸਮਝਣਾ ਚਾਹੁੰਦਾ ਹਾਂ।” ਜਦੋਂ ਬੱਚਿਆਂ ਨੂੰ ਪਤਾ ਲੱਗ ਜਾਂਦਾ ਹੈ ਕਿ ਅਧਿਐਨ ਕਰਨਾ ਉਨ੍ਹਾਂ ਦੇ ਹੀ ਕੰਮ ਆਵੇਗਾ, ਤਾਂ ਉਹ ਉਸ ਵਿਚ ਰੁੱਝ ਜਾਣਗੇ। ਉਹ ਅਧਿਐਨ ਕਰਨਾ ਉੱਨਾ ਹੀ ਪਸੰਦ ਕਰਨਗੇ ਜਿੰਨਾ ਉਹ ਪੜ੍ਹਨਾ ਪਸੰਦ ਕਰਦੇ ਹਨ।

ਸਭ ਤੋਂ ਵਧੀਆ ਨਤੀਜਾ

ਆਪਣੇ ਬੱਚਿਆਂ ਵਿਚ ਪੜ੍ਹਨ ਦਾ ਸ਼ੌਕ ਪੈਦਾ ਕਰਨ ਦੇ ਬੇਅੰਤ ਫ਼ਾਇਦੇ ਹਨ। ਉਹ ਸਕੂਲ ਵਿਚ ਅਤੇ ਕੰਮ ਦੀ ਥਾਂ ਤੇ ਤਰੱਕੀ ਕਰ ਸਕਣਗੇ। ਉਹ ਹੋਰਨਾਂ ਨਾਲ ਮਿਲਣ-ਵਰਤਣ ਦੇ ਨਾਲ-ਨਾਲ ਦੁਨੀਆਂ ਨੂੰ ਸਮਝ ਸਕਣਗੇ ਅਤੇ ਮਾਪਿਆਂ ਤੇ ਬੱਚਿਆਂ ਦਾ ਆਪਸੀ ਪਿਆਰ ਵਧੇਗਾ। ਇਨ੍ਹਾਂ ਗੱਲਾਂ ਤੋਂ ਇਲਾਵਾ ਪੜ੍ਹਨ ਅਤੇ ਅਧਿਐਨ ਕਰਨ ਨਾਲ ਬਹੁਤ ਖ਼ੁਸ਼ੀ ਮਿਲਦੀ ਹੈ।

ਸਭ ਤੋਂ ਵੱਡੀ ਗੱਲ ਇਹ ਹੈ ਕਿ ਸ਼ੌਕ ਨਾਲ ਅਧਿਐਨ ਕਰਨ ਨਾਲ ਤੁਹਾਡੇ ਬੱਚੇ ਯਹੋਵਾਹ ਦੇ ਭਗਤ ਬਣ ਸਕਦੇ ਹਨ। ਅਧਿਐਨ ਕਰਨ ਦਾ ਸ਼ੌਕ ਇਕ ਚਾਬੀ ਦੀ ਤਰ੍ਹਾਂ ਉਨ੍ਹਾਂ ਦੇ ਦਿਲਾਂ-ਦਿਮਾਗ਼ਾਂ ਨੂੰ ਖੋਲ੍ਹ ਸਕਦਾ ਹੈ ਤਾਂਕਿ ਉਹ ਸੱਚਾਈ ਦੀ “ਚੁੜਾਈ, ਲੰਬਾਈ, ਉਚਾਈ ਅਤੇ ਡੁੰਘਾਈ” ਸਮਝ ਸਕਣ। (ਅਫ਼. 3:18) ਪਰ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਬਹੁਤ ਕੁਝ ਸਿਖਾਉਣ ਦੀ ਲੋੜ ਹੈ। ਮਾਪੇ ਆਪਣੇ ਬੱਚਿਆਂ ਦੀ ਪਰਵਰਿਸ਼ ਕਰਨ ਵਿਚ ਸਮਾਂ ਅਤੇ ਧਿਆਨ ਲਾਉਣ ਦੇ ਨਾਲ-ਨਾਲ ਉਹ ਸਭ ਕੁਝ ਕਰਦੇ ਹਨ ਜੋ ਬੱਚਿਆਂ ਦੇ ਜ਼ਿੰਦਗੀ ਵਿਚ ਸਫ਼ਲ ਹੋਣ ਲਈ ਜ਼ਰੂਰੀ ਹੈ। ਉਹ ਉਮੀਦ ਰੱਖਦੇ ਹਨ ਕਿ ਉਨ੍ਹਾਂ ਦੇ ਬੱਚੇ ਵੱਡੇ ਹੋ ਕੇ ਯਹੋਵਾਹ ਦੀ ਸੇਵਾ ਕਰਨਗੇ। ਬੱਚਿਆਂ ਨੂੰ ਅਧਿਐਨ ਕਰਨ ਦੀਆਂ ਚੰਗੀਆਂ ਆਦਤਾਂ ਪਾਉਣ ਨਾਲ ਤੁਸੀਂ ਪਰਮੇਸ਼ੁਰ ਨਾਲ ਚੰਗਾ ਰਿਸ਼ਤਾ ਬਣਾਉਣ ਵਿਚ ਉਨ੍ਹਾਂ ਦੀ ਮਦਦ ਕਰਦੇ ਹੋ। ਤਾਂ ਫਿਰ ਯਹੋਵਾਹ ਨੂੰ ਪ੍ਰਾਰਥਨਾ ਕਰੋ ਕਿ ਉਹ ਤੁਹਾਡੇ ਜਤਨਾਂ ਉੱਤੇ ਬਰਕਤ ਪਾਵੇ ਜਿਉਂ-ਜਿਉਂ ਤੁਸੀਂ ਆਪਣੇ ਬੱਚਿਆਂ ਵਿਚ ਪੜ੍ਹਨ ਤੇ ਅਧਿਐਨ ਕਰਨ ਦਾ ਸ਼ੌਕ ਪੈਦਾ ਕਰਦੇ ਹੋ।—ਕਹਾ. 22:6.

[ਫੁਟਨੋਟ]

^ ਪੈਰਾ 14 ਪੜ੍ਹਾਈ-ਲਿਖਾਈ ਵਿਚ ਕਮਜ਼ੋਰ ਬੱਚੇ ਖ਼ਾਸ ਚੁਣੌਤੀਆਂ ਦਾ ਸਾਮ੍ਹਣਾ ਕਰਦੇ ਹਨ। ਉਨ੍ਹਾਂ ਦੀ ਮਦਦ ਕਰਨ ਲਈ ਮਾਪੇ ਅਪ੍ਰੈਲ-ਜੂਨ 2009 ਦੇ ਜਾਗਰੂਕ ਬਣੋ! ਰਸਾਲੇ ਦੇ ਸਫ਼ੇ 25-26 ਦੇਖ ਸਕਦੇ ਹਨ।

[ਸਫ਼ਾ 26 ਉੱਤੇ ਡੱਬੀ/ਤਸਵੀਰਾਂ]

ਪੜ੍ਹਾਈ . . .

• ਕਿਤਾਬਾਂ ਦਿਓ

• ਉੱਚੀ ਪੜ੍ਹੋ

• ਹਿੱਸਾ ਲੈਣ ਦਾ ਉਤਸ਼ਾਹ ਦਿਓ

• ਪੜ੍ਹੀਆਂ ਗੱਲਾਂ ਉੱਤੇ ਚਰਚਾ ਕਰੋ

• ਬੱਚਿਆਂ ਨੂੰ ਪੜ੍ਹ ਕੇ ਸੁਣਾਉਣ ਲਈ ਕਹੋ

• ਬੱਚਿਆਂ ਨੂੰ ਸਵਾਲ ਪੁੱਛਣ ਲਈ ਕਹੋ

ਅਧਿਐਨ ਕਰਨਾ . . .

• ਮਾਪਿਆਂ ਵਜੋਂ ਚੰਗੀ ਮਿਸਾਲ ਕਾਇਮ ਕਰੋ

• ਬੱਚਿਆਂ ਨੂੰ . . .

○ ਧਿਆਨ ਲਾਉਣਾ ਸਿਖਾਓ

○ ਤੁਲਨਾ ਕਰਨੀ ਸਿਖਾਓ

○ ਸਾਰ ਦੇਣਾ ਸਿਖਾਓ

○ ਰਿਵਿਊ ਕਰਨਾ ਸਿਖਾਓ

○ ਨੋਟਸ ਲਿਖਣੇ ਸਿਖਾਓ

• ਅਧਿਐਨ ਵਾਸਤੇ ਮਾਹੌਲ ਨੂੰ ਵਧੀਆ ਬਣਾਓ

• ਅਧਿਐਨ ਕਰਨ ਦੀ ਅਹਿਮੀਅਤ ਸਮਝਾਓ