Skip to content

Skip to table of contents

ਤਿਆਰ ਰਹਿਣ ਨਾਲ ਚੰਗੇ ਨਤੀਜੇ ਨਿਕਲਦੇ

ਤਿਆਰ ਰਹਿਣ ਨਾਲ ਚੰਗੇ ਨਤੀਜੇ ਨਿਕਲਦੇ

ਤਿਆਰ ਰਹਿਣ ਨਾਲ ਚੰਗੇ ਨਤੀਜੇ ਨਿਕਲਦੇ

ਕੀ ਤੁਸੀਂ ਆਪਣੀ ਕਲੀਸਿਯਾ ਦੇ ਇਲਾਕੇ ਵਿਚ ਅਚਾਨਕ ਮੌਕਾ ਮਿਲਣ ’ਤੇ ਪ੍ਰਚਾਰ ਕਰਨ ਲਈ ਤਿਆਰ ਹੋ? ਫਿਨਲੈਂਡ ਦੇ ਇਤਿਹਾਸਕ ਬੰਦਰਗਾਹ ਸ਼ਹਿਰ ਟੂਰਕੂ ਦੇ ਭਰਾ ਤਿਆਰ ਸਨ ਅਤੇ ਉਨ੍ਹਾਂ ਨੇ ਇਸ ਦੇ ਚੰਗੇ ਨਤੀਜੇ ਦੇਖੇ।

ਕੁਝ ਸਮਾਂ ਪਹਿਲਾਂ, ਜਦੋਂ ਟੂਰਕੂ ਵਿਚ ਇਕ ਵੱਡਾ ਸਾਰਾ ਜਹਾਜ਼ ਬਣਾਇਆ ਜਾ ਰਿਹਾ ਸੀ, ਤਾਂ ਭਰਾਵਾਂ ਨੇ ਦੇਖਿਆ ਕਿ ਏਸ਼ੀਅਨ ਆਦਮੀਆਂ ਦਾ ਇਕ ਗਰੁੱਪ ਜਹਾਜ਼ ਦਾ ਕੰਮ ਪੂਰਾ ਕਰਨ ਲਈ ਆਇਆ। ਬਾਅਦ ਵਿਚ ਇਕ ਭਰਾ ਨੇ ਪਤਾ ਕੀਤਾ ਕਿ ਵਿਦੇਸ਼ੀ ਕਾਮੇ ਕਿਹੜੇ ਹੋਟਲਾਂ ਵਿਚ ਰਹਿ ਰਹੇ ਸਨ। ਉਸ ਨੂੰ ਇਹ ਵੀ ਪਤਾ ਲੱਗਾ ਕਿ ਇਨ੍ਹਾਂ ਆਦਮੀਆਂ ਨੂੰ ਸਵੇਰੇ-ਸਵੇਰੇ ਹੋਟਲਾਂ ਤੋਂ ਬੱਸਾਂ ਵਿਚ ਬੰਦਰਗਾਹ ’ਤੇ ਲੈ ਜਾਇਆ ਜਾਂਦਾ ਹੈ। ਉਸ ਨੇ ਫਟਾਫਟ ਟੂਰਕੂ ਦੀ ਅੰਗ੍ਰੇਜ਼ੀ ਕਲੀਸਿਯਾ ਦੇ ਭਰਾਵਾਂ ਨੂੰ ਦੱਸਿਆ।

ਉਸ ਕਲੀਸਿਯਾ ਦੇ ਬਜ਼ੁਰਗਾਂ ਨੇ ਦੇਖਿਆ ਕਿ ਇੰਨੇ ਸਾਰੇ ਵਿਦੇਸ਼ੀਆਂ ਦੇ ਆ ਜਾਣ ਨਾਲ ਉਨ੍ਹਾਂ ਨੂੰ ਰਾਜ ਜਾ ਸੰਦੇਸ਼ ਸੁਣਾਉਣ ਦਾ ਅਚਾਨਕ ਮੌਕਾ ਮਿਲਿਆ ਹੈ, ਇਸ ਲਈ ਉਨ੍ਹਾਂ ਨੇ ਫਟਾਫਟ ਇਕ ਖ਼ਾਸ ਮੁਹਿੰਮ ਦਾ ਪ੍ਰਬੰਧ ਕੀਤਾ। ਉਸ ਹਫ਼ਤੇ ਦੇ ਐਤਵਾਰ ਸਵੇਰ ਨੂੰ 7:00 ਵਜੇ ਬੱਸ ਸਟੈਂਡ ਨੇੜੇ 10 ਪਬਲੀਸ਼ਰ ਇਕੱਠੇ ਹੋਏ। ਪਹਿਲਾਂ-ਪਹਿਲਾਂ ਕੋਈ ਕਾਮਾ ਨਜ਼ਰ ਨਹੀਂ ਆਇਆ। ਭਰਾਵਾਂ ਨੇ ਸੋਚਿਆ: ‘ਕੀ ਅਸੀਂ ਬਹੁਤ ਦੇਰ ਨਾਲ ਪਹੁੰਚੇ ਹਾਂ? ਕੀ ਉਹ ਟੂਰਕੂ ਤੋਂ ਚਲੇ ਗਏ ਹਨ?’ ਪਰ ਫਿਰ ਇਕ ਕਾਮਾ ਕੰਮ ਵਾਲੇ ਕੱਪੜੇ ਪਾਈ ਮੋੜ ’ਤੇ ਆਇਆ। ਉਸ ਦੇ ਪਿੱਛੇ ਇਕ ਹੋਰ ਕਾਮਾ ਆ ਗਿਆ ਤੇ ਉਸ ਦੇ ਪਿੱਛੇ ਹੋਰ ਕਾਮੇ ਨਜ਼ਰ ਆਏ। ਦੇਖਦੇ ਹੀ ਦੇਖਦੇ ਉੱਥੇ ਕਾਮਿਆਂ ਦੀ ਭੀੜ ਲੱਗ ਗਈ। ਪਬਲੀਸ਼ਰਾਂ ਨੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ ਨੂੰ ਅੰਗ੍ਰੇਜ਼ੀ ਵਿਚ ਪ੍ਰਕਾਸ਼ਨ ਦਿੱਤੇ। ਚੰਗੀ ਗੱਲ ਸੀ ਕਿ ਕਾਮਿਆਂ ਨੂੰ ਬੱਸਾਂ ਵਿਚ ਆਪਣੀਆਂ ਸੀਟਾਂ ਲੱਭਣ ਵਿਚ ਇਕ ਘੰਟਾ ਲੱਗ ਗਿਆ ਜਿਸ ਕਰਕੇ ਭਰਾਵਾਂ ਕੋਲ ਉਨ੍ਹਾਂ ਸਾਰਿਆਂ ਨਾਲ ਗੱਲ ਕਰਨ ਲਈ ਕਾਫ਼ੀ ਸਮਾਂ ਸੀ। ਜਦੋਂ ਬੱਸਾਂ ਚੱਲੀਆਂ, ਤਾਂ ਕਾਮੇ ਆਪਣੇ ਨਾਲ 126 ਪੁਸਤਿਕਾਵਾਂ ਅਤੇ 329 ਰਸਾਲੇ ਲੈ ਕੇ ਗਏ!

ਇਨ੍ਹਾਂ ਚੰਗੇ ਨਤੀਜਿਆਂ ਕਾਰਨ ਭਰਾਵਾਂ ਨੇ ਅਗਲੇ ਹਫ਼ਤੇ ਸਰਕਟ ਨਿਗਾਹਬਾਨ ਦੇ ਦੌਰੇ ਦੌਰਾਨ ਇਹੀ ਮੁਹਿੰਮ ਚਲਾਈ। ਸਰਕਟ ਨਿਗਾਹਬਾਨ ਨੇ ਸਵੇਰੇ 6:30 ਵਜੇ ਪ੍ਰਚਾਰ ਵਾਸਤੇ ਮੀਟਿੰਗ ਕੀਤੀ ਅਤੇ 24 ਪਬਲੀਸ਼ਰ ਬੱਸ ਸਟੈਂਡ ਲਈ ਰਵਾਨਾ ਹੋਏ ਭਾਵੇਂ ਉਸ ਦਿਨ ਮੀਂਹ ਪੈ ਰਿਹਾ ਸੀ। ਇਸ ਵਾਰ ਉਹ ਆਪਣੇ ਨਾਲ ਟਾਗਾਲੋਗ ਭਾਸ਼ਾ ਵਿਚ ਸਾਹਿੱਤ ਲੈ ਕੇ ਗਏ ਕਿਉਂਕਿ ਉਨ੍ਹਾਂ ਨੂੰ ਪਤਾ ਲੱਗਾ ਸੀ ਕਿ ਬਹੁਤ ਸਾਰੇ ਕਾਮੇ ਫ਼ਿਲਪੀਨ ਤੋਂ ਸਨ। ਉਸ ਸਵੇਰ ਜਦੋਂ ਬੰਦਰਗਾਹ ’ਤੇ ਜਾਣ ਲਈ ਬੱਸਾਂ ਚੱਲੀਆਂ, ਤਾਂ ਕਾਮੇ ਆਪਣੇ ਨਾਲ 7 ਕਿਤਾਬਾਂ, 69 ਪੁਸਤਿਕਾਵਾਂ ਅਤੇ 479 ਰਸਾਲੇ ਲੈ ਕੇ ਗਏ। ਕਲਪਨਾ ਕਰੋ ਕਿ ਉਹ ਭੈਣ-ਭਰਾ ਕਿੰਨੇ ਖ਼ੁਸ਼ ਤੇ ਉਤਸੁਕ ਹੋਣੇ ਜਿਨ੍ਹਾਂ ਨੇ ਮੁਹਿੰਮ ਵਿਚ ਹਿੱਸਾ ਲਿਆ!

ਕਾਮਿਆਂ ਦੇ ਆਪਣੇ ਦੇਸ਼ਾਂ ਨੂੰ ਮੁੜਨ ਤੋਂ ਪਹਿਲਾਂ, ਭਰਾ ਉਨ੍ਹਾਂ ਵਿੱਚੋਂ ਕਈਆਂ ਨੂੰ ਹੋਟਲਾਂ ਵਿਚ ਮਿਲਣ ਗਏ ਅਤੇ ਰਾਜ ਦਾ ਸੰਦੇਸ਼ ਹੋਰ ਵੀ ਚੰਗੀ ਤਰ੍ਹਾਂ ਸਮਝਾਇਆ। ਕੁਝ ਕਾਮਿਆਂ ਨੇ ਕਿਹਾ ਕਿ ਦੁਨੀਆਂ ਦੇ ਹੋਰਨਾਂ ਹਿੱਸਿਆਂ ਵਿਚ ਗਵਾਹਾਂ ਨੇ ਪਹਿਲਾਂ ਵੀ ਉਨ੍ਹਾਂ ਨਾਲ ਗੱਲ ਕੀਤੀ ਸੀ। ਕਾਮੇ ਭਰਾਵਾਂ ਦੇ ਬਹੁਤ ਸ਼ੁਕਰਗੁਜ਼ਾਰ ਸਨ ਕਿ ਉਨ੍ਹਾਂ ਨੇ ਫਿਨਲੈਂਡ ਵਿਚ ਉਨ੍ਹਾਂ ਨਾਲ ਗੱਲ ਕਰਨ ਵਿਚ ਪਹਿਲ ਕੀਤੀ।

ਕੀ ਤੁਸੀਂ ਆਪਣੀ ਕਲੀਸਿਯਾ ਦੇ ਇਲਾਕੇ ਵਿਚ ਅਚਾਨਕ ਮੌਕਾ ਮਿਲਣ ਤੇ ਪ੍ਰਚਾਰ ਕਰਨ ਲਈ ਤਿਆਰ ਹੋ? ਕੀ ਤੁਸੀਂ ਵੱਖੋ-ਵੱਖਰੇ ਪਿਛੋਕੜਾਂ ਦੇ ਲੋਕਾਂ ਨਾਲ ਗੱਲ ਕਰਨ ਵਿਚ ਪਹਿਲ ਕਰਦੇ ਹੋ? ਜੇ ਹਾਂ, ਤਾਂ ਤੁਹਾਨੂੰ ਵੀ ਉਹੋ ਜਿਹਾ ਤਜਰਬਾ ਹੋਇਆ ਹੋਵੇਗਾ ਜਿਹੜਾ ਟੂਰਕੂ ਦੇ ਭੈਣਾਂ-ਭਰਾਵਾਂ ਨੂੰ ਹੋਇਆ ਹੈ।

[ਸਫ਼ਾ 32 ਉੱਤੇ ਨਕਸ਼ਾ/ਤਸਵੀਰਾਂ]

(ਪੂਰੀ ਤਰ੍ਹਾਂ ਫੋਰਮੈਟ ਤੇ ਹੋਏ ਟੈਕਸਟ ਲਈ, ਪ੍ਰਕਾਸ਼ਨ ਦੇਖੋ)

ਫਿਨਲੈਂਡ

ਟੂਰਕੂ

ਹੇਲਸਿੰਕੀ