Skip to content

Skip to table of contents

“ਨਾ ਡਰ, ਮੈਂ ਤੇਰੀ ਸਹਾਇਤਾ ਕਰਾਂਗਾ”

“ਨਾ ਡਰ, ਮੈਂ ਤੇਰੀ ਸਹਾਇਤਾ ਕਰਾਂਗਾ”

“ਨਾ ਡਰ, ਮੈਂ ਤੇਰੀ ਸਹਾਇਤਾ ਕਰਾਂਗਾ”

ਯਿਸੂ ਨੇ ਆਪਣੇ ਪੈਰੋਕਾਰਾਂ ਨੂੰ ਚੇਤਾਵਨੀ ਦਿੱਤੀ ਸੀ: “ਸ਼ਤਾਨ ਤੁਹਾਡੇ ਵਿੱਚੋਂ ਕਈਆਂ ਨੂੰ ਕੈਦ ਵਿੱਚ ਪਾ ਸੁੱਟੇਗਾ ਭਈ ਤੁਸੀਂ ਪਰਤਾਏ ਜਾਓ।” ਪਰ ਇਹ ਚੇਤਾਵਨੀ ਦੇਣ ਤੋਂ ਪਹਿਲਾਂ ਯਿਸੂ ਨੇ ਕਿਹਾ ਸੀ: “ਜਿਹੜੇ ਦੁਖ ਤੈਂ ਭੋਗਣੇ ਹਨ ਤੂੰ ਓਹਨਾਂ ਤੋਂ ਨਾ ਡਰੀਂ।” ਰਾਜ ਦੇ ਪ੍ਰਚਾਰ ਨੂੰ ਰੋਕਣ ਲਈ ਸ਼ਤਾਨ ਪਰਮੇਸ਼ੁਰ ਦੇ ਲੋਕਾਂ ਨੂੰ ਡਰਾਵਾ ਦਿੰਦਾ ਆਇਆ ਹੈ ਕਿ ਉਨ੍ਹਾਂ ਨੂੰ ਕੈਦ ਕਰ ਲਿਆ ਜਾਵੇਗਾ। ਇਸ ਦਾ ਮਤਲਬ ਹੈ ਕਿ ਕੁਝ ਸਰਕਾਰਾਂ ਸੱਚੇ ਮਸੀਹੀਆਂ ਨੂੰ ਸਤਾਉਣਗੀਆਂ। (ਪਰ. 2:10; 12:17) ਇਸ ਲਈ ਕਿਹੜੀ ਗੱਲ ਸ਼ਤਾਨ ਦੀਆਂ ਚਾਲਾਂ ਤੋਂ ਬਚਣ ਲਈ ਸਾਨੂੰ ਤਿਆਰ ਕਰੇਗੀ ਤਾਂਕਿ ਅਸੀਂ ‘ਡਰੀਏ ਨਾ’ ਜਿਵੇਂ ਯਿਸੂ ਨੇ ਕਿਹਾ ਸੀ?

ਹਾਂ, ਇਹ ਸੱਚ ਹੈ ਕਿ ਸਾਡੇ ਸਾਰਿਆਂ ਦੇ ਅੰਦਰ ਕਦੇ-ਨਾ-ਕਦੇ ਕੁਝ ਹੱਦ ਤਕ ਡਰ ਪੈਦਾ ਹੋਇਆ ਹੈ। ਫਿਰ ਵੀ ਪਰਮੇਸ਼ੁਰ ਦਾ ਬਚਨ ਸਾਨੂੰ ਯਕੀਨ ਦਿਵਾਉਂਦਾ ਹੈ ਕਿ ਯਹੋਵਾਹ ਦੀ ਮਦਦ ਨਾਲ ਅਸੀਂ ਡਰ ’ਤੇ ਕਾਬੂ ਪਾ ਸਕਦੇ ਹਾਂ। ਉਹ ਕਿਵੇਂ? ਯਹੋਵਾਹ ਸਾਨੂੰ ਸ਼ਤਾਨ ਅਤੇ ਉਸ ਦੇ ਪਿੱਛੇ ਲੱਗੇ ਦੂਤਾਂ ਤੇ ਲੋਕਾਂ ਦੀਆਂ ਚਾਲਾਂ ਤੋਂ ਜਾਣੂ ਕਰਵਾਉਂਦਾ ਹੈ ਤਾਂਕਿ ਅਸੀਂ ਵਿਰੋਧ ਦਾ ਸਾਮ੍ਹਣਾ ਕਰਨ ਵਾਸਤੇ ਤਿਆਰ ਹੋਈਏ। (2 ਕੁਰਿੰ. 2:11) ਇਹ ਗੱਲ ਸਮਝਾਉਣ ਲਈ ਆਓ ਆਪਾਂ ਬਾਈਬਲ ਸਮਿਆਂ ਵਿਚ ਘਟੀ ਇਕ ਘਟਨਾ ਉੱਤੇ ਗੌਰ ਕਰੀਏ। ਆਪਾਂ ਅੱਜ ਦੇ ਜ਼ਮਾਨੇ ਦੇ ਕੁਝ ਵਫ਼ਾਦਾਰ ਭੈਣਾਂ-ਭਰਾਵਾਂ ਦੀਆਂ ਮਿਸਾਲਾਂ ਵੀ ਦੇਖਾਂਗੇ ਜੋ ‘ਸ਼ਤਾਨ ਦੇ ਛਲ ਛਿੱਦ੍ਰਾਂ ਦੇ ਸਾਹਮਣੇ ਖਲੋ ਸੱਕੇ।’—ਅਫ਼. 6:11-13.

ਪਰਮੇਸ਼ੁਰ ਦਾ ਭੈ ਰੱਖਣ ਵਾਲੇ ਰਾਜੇ ਦਾ ਇਕ ਬੁਰੇ ਹਾਕਮ ਨਾਲ ਸਾਮ੍ਹਣਾ

ਅੱਠਵੀਂ ਸਦੀ ਈ. ਪੂ. ਵਿਚ ਅੱਸ਼ੂਰ ਦੇ ਇਕ ਬੁਰੇ ਰਾਜੇ ਸਨਹੇਰੀਬ ਨੇ ਕਈ ਕੌਮਾਂ ਉੱਤੇ ਇਕ ਤੋਂ ਬਾਅਦ ਇਕ ਜਿੱਤ ਹਾਸਲ ਕੀਤੀ। ਇਸ ਕਾਰਨ ਉਸ ਨੂੰ ਆਪਣੇ ਉੱਤੇ ਕੁਝ ਜ਼ਿਆਦਾ ਹੀ ਭਰੋਸਾ ਸੀ। ਫਿਰ ਉਸ ਨੇ ਆਪਣੀਆਂ ਨਜ਼ਰਾਂ ਯਹੋਵਾਹ ਦੇ ਲੋਕਾਂ ਅਤੇ ਰਾਜਧਾਨੀ ਯਰੂਸ਼ਲਮ ਉੱਤੇ ਟਿਕਾ ਲਈਆਂ ਜਿੱਥੇ ਪਰਮੇਸ਼ੁਰ ਦਾ ਭੈ ਰੱਖਣ ਵਾਲਾ ਰਾਜਾ ਹਿਜ਼ਕੀਯਾਹ ਰਾਜ ਕਰਦਾ ਸੀ। (2 ਰਾਜ. 18:1-3, 13) ਬਿਨਾਂ ਸ਼ੱਕ, ਸ਼ਤਾਨ ਇਸ ਸਥਿਤੀ ਦਾ ਫ਼ਾਇਦਾ ਉਠਾ ਰਿਹਾ ਸੀ ਤੇ ਆਪਣੇ ਮਨਸੂਬੇ ਪੂਰੇ ਕਰਨ ਲਈ ਸਨਹੇਰੀਬ ਨੂੰ ਉਕਸਾ ਰਿਹਾ ਸੀ ਤਾਂਕਿ ਧਰਤੀ ਉੱਤੋਂ ਸੱਚੀ ਭਗਤੀ ਦਾ ਖੁਰਾ-ਖੋਜ ਮਿਟਾਇਆ ਜਾ ਸਕੇ।—ਉਤ. 3:15.

ਸਨਹੇਰੀਬ ਨੇ ਆਪਣੇ ਬੰਦਿਆਂ ਨੂੰ ਯਰੂਸ਼ਲਮ ਭੇਜ ਕੇ ਮੰਗ ਕੀਤੀ ਕਿ ਸ਼ਹਿਰ ਆਪਣੇ ਆਪ ਨੂੰ ਉਸ ਦੇ ਹਵਾਲੇ ਕਰ ਦੇਵੇ। ਉਨ੍ਹਾਂ ਬੰਦਿਆਂ ਵਿਚ ਰਬਸ਼ਾਕੇਹ ਮੁੱਖ ਸੀ ਜੋ ਰਾਜੇ ਵੱਲੋਂ ਗੱਲ ਕਰਨ ਆਇਆ ਸੀ। * (2 ਰਾਜ. 18:17) ਰਬਸ਼ਾਕੇਹ ਦਾ ਮਕਸਦ ਯਹੂਦੀਆਂ ਦਾ ਹੌਸਲਾ ਢਾਹੁਣਾ ਸੀ ਤਾਂਕਿ ਉਹ ਲੜੇ ਬਿਨਾਂ ਹਾਰ ਮੰਨ ਲੈਣ। ਰਬਸ਼ਾਕੇਹ ਨੇ ਯਹੂਦੀਆਂ ਦੇ ਮਨਾਂ ਵਿਚ ਡਰ ਪੈਦਾ ਕਰਨ ਲਈ ਕਿਹੜੇ ਹੱਥਕੰਡੇ ਅਪਣਾਏ?

ਇਕੱਲੇ ਹੋਣ ਦੇ ਬਾਵਜੂਦ ਵਫ਼ਾਦਾਰ

ਰਬਸ਼ਾਕੇਹ ਨੇ ਹਿਜ਼ਕੀਯਾਹ ਦੇ ਪ੍ਰਤਿਨਿਧੀਆਂ ਨੂੰ ਕਿਹਾ: “ਅੱਸ਼ੂਰ ਦਾ ਮਾਹਰਾਜਾ ਐਉਂ ਫਰਮਾਉਂਦਾ ਹੈ, ਤੂੰ ਕਿਹੜੀ ਸ਼ਰਧਾ ਉੱਤੇ ਭਰੋਸਾ ਕੀਤਾ ਹੈ? . . . ਹੁਣ ਵੇਖ ਤੈਨੂੰ ਏਸ ਦਰੜੇ ਹੋਏ ਕਾਨੇ ਅਰਥਾਤ ਮਿਸਰ ਦੇ ਸਹਾਰੇ ਦਾ ਭਰੋਸਾ ਹੈ। ਜੇ ਕੋਈ ਮਨੁੱਖ ਉਹ ਦੇ ਨਾਲ ਢਾਸਣਾ ਲਾਵੇ ਤਾਂ ਉਹ ਉਸ ਦੇ ਹੱਥ ਵਿੱਚ ਖੁੱਭ ਕੇ ਉਸ ਨੂੰ ਪਾੜ ਛੱਡੇਗਾ।” (2 ਰਾਜ. 18:19, 21) ਰਬਸ਼ਾਕੇਹ ਨੇ ਝੂਠਾ ਇਲਜ਼ਾਮ ਲਾਇਆ ਸੀ ਕਿਉਂਕਿ ਹਿਜ਼ਕੀਯਾਹ ਨੇ ਮਿਸਰ ਨਾਲ ਕੋਈ ਮੇਲ-ਮਿਲਾਪ ਨਹੀਂ ਕੀਤਾ ਸੀ। ਫਿਰ ਵੀ ਇਸ ਇਲਜ਼ਾਮ ਤੋਂ ਪਤਾ ਲੱਗਦਾ ਹੈ ਕਿ ਰਬਸ਼ਾਕੇਹ ਯਹੂਦੀਆਂ ਨੂੰ ਇਹ ਗੱਲ ਸਾਫ਼-ਸਾਫ਼ ਯਾਦ ਰੱਖਣ ਲਈ ਕਹਿ ਰਿਹਾ ਸੀ: ‘ਕੋਈ ਵੀ ਤੁਹਾਡੀ ਮਦਦ ਕਰਨ ਲਈ ਅੱਗੇ ਨਹੀਂ ਆਵੇਗਾ। ਤੁਸੀਂ ਬਿਲਕੁਲ ਇਕੱਲੇ ਹੋ।’

ਹਾਲ ਹੀ ਦੇ ਸਮਿਆਂ ਵਿਚ ਸੱਚੀ ਭਗਤੀ ਦੇ ਵਿਰੋਧੀਆਂ ਨੇ ਸੱਚੇ ਮਸੀਹੀਆਂ ਦੇ ਮਨਾਂ ਵਿਚ ਡਰ ਪੈਦਾ ਕਰਨ ਲਈ ਉਨ੍ਹਾਂ ਨੂੰ ਕਿਹਾ ਹੈ ਕਿ ਉਹ ਇਕੱਲੇ ਹਨ। ਇਕ ਭੈਣ ਨੂੰ ਆਪਣੀ ਨਿਹਚਾ ਖ਼ਾਤਰ ਜੇਲ੍ਹ ਹੋ ਗਈ ਤੇ ਸਾਲਾਂ ਤਾਈਂ ਭੈਣਾਂ-ਭਰਾਵਾਂ ਤੋਂ ਦੂਰ ਰਹੀ। ਬਾਅਦ ਵਿਚ ਉਸ ਨੇ ਦੱਸਿਆ ਕਿ ਕਿਹੜੀ ਗੱਲ ਨੇ ਡਰ ਅੱਗੇ ਨਾ ਝੁਕਣ ਵਿਚ ਉਸ ਦੀ ਮਦਦ ਕੀਤੀ। ਉਸ ਨੇ ਕਿਹਾ: “ਯਹੋਵਾਹ ਦੇ ਨੇੜੇ ਹੋਣ ਵਿਚ ਪ੍ਰਾਰਥਨਾ ਨੇ ਮੇਰੀ ਮਦਦ ਕੀਤੀ . . . ਮੈਂ ਯਸਾਯਾਹ 66:2 ਵਿਚ ਦਿੱਤੇ ਭਰੋਸੇ ਨੂੰ ਯਾਦ ਰੱਖਿਆ ਕਿ ਪਰਮੇਸ਼ੁਰ “ਅਧੀਨ ਉੱਤੇ ਅਤੇ ਨਿਮਰ [ਦਿਲ] ਵਾਲੇ ਉੱਤੇ” ਨਿਗਾਹ ਰੱਖਦਾ ਹੈ। ਇਨ੍ਹਾਂ ਲਫ਼ਜ਼ਾਂ ਤੋਂ ਹਮੇਸ਼ਾ ਮੈਨੂੰ ਤਾਕਤ ਤੇ ਬਹੁਤ ਹੌਸਲਾ ਮਿਲਿਆ ਹੈ।” ਇਸੇ ਤਰ੍ਹਾਂ ਇਕ ਭਰਾ, ਜਿਸ ਨੇ ਕਾਲ ਕੋਠੜੀ ਵਿਚ ਕਈ ਸਾਲ ਬਿਤਾਏ, ਨੇ ਕਿਹਾ: “ਮੈਨੂੰ ਅਹਿਸਾਸ ਹੋਇਆ ਕਿ ਜੇ ਯਹੋਵਾਹ ਨਾਲ ਤੁਹਾਡਾ ਗੂੜ੍ਹਾ ਰਿਸ਼ਤਾ ਹੈ, ਤਾਂ ਤੁਹਾਨੂੰ ਇਕ ਛੋਟੀ ਜਿਹੀ ਕਾਲ ਕੋਠੜੀ ਵੀ ਬ੍ਰਹਿਮੰਡ ਵਾਂਗ ਲੱਗੇਗੀ।” ਹਾਂ, ਯਹੋਵਾਹ ਨਾਲ ਗੂੜ੍ਹਾ ਰਿਸ਼ਤਾ ਹੋਣ ਕਰਕੇ ਇਨ੍ਹਾਂ ਦੋਹਾਂ ਮਸੀਹੀਆਂ ਨੂੰ ਕੈਦ ਵਿਚ ਹੁੰਦਿਆਂ ਇਕੱਲੇਪਣ ਨਾਲ ਸਿੱਝਣ ਦੀ ਤਾਕਤ ਮਿਲੀ। (ਜ਼ਬੂ. 9:9, 10) ਗਵਾਹਾਂ ਨੂੰ ਸਤਾਉਣ ਵਾਲੇ ਉਨ੍ਹਾਂ ਨੂੰ ਪਰਿਵਾਰਾਂ, ਦੋਸਤਾਂ ਅਤੇ ਕਲੀਸਿਯਾ ਦੇ ਭੈਣਾਂ-ਭਰਾਵਾਂ ਤੋਂ ਦੂਰ ਕਰ ਸਕਦੇ ਸਨ, ਪਰ ਜੇਲ੍ਹਾਂ ਵਿਚ ਬੰਦ ਗਵਾਹ ਜਾਣਦੇ ਸਨ ਕਿ ਵਿਰੋਧੀ ਉਨ੍ਹਾਂ ਨੂੰ ਯਹੋਵਾਹ ਤੋਂ ਦੂਰ ਨਹੀਂ ਕਰ ਸਕਦੇ।—ਰੋਮੀ. 8:35-39.

ਤਾਂ ਫਿਰ ਕਿੰਨਾ ਜ਼ਰੂਰੀ ਹੈ ਕਿ ਅਸੀਂ ਯਹੋਵਾਹ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਰਨ ਲਈ ਹਰ ਮੌਕੇ ਦਾ ਫ਼ਾਇਦਾ ਉਠਾਈਏ! (ਯਾਕੂ. 4:8) ਸਾਨੂੰ ਆਪਣੇ ਤੋਂ ਪੁੱਛਦੇ ਰਹਿਣਾ ਚਾਹੀਦਾ ਹੈ: ‘ਯਹੋਵਾਹ ਮੇਰੇ ਲਈ ਕਿੰਨਾ ਕੁ ਅਸਲੀ ਹੈ? ਕੀ ਉਸ ਦੇ ਲਫ਼ਜ਼ ਮੇਰੇ ਉੱਤੇ ਗਹਿਰਾ ਅਸਰ ਕਰਦੇ ਹਨ ਜਦੋਂ ਮੈਂ ਰੋਜ਼ਮੱਰਾ ਦੀ ਜ਼ਿੰਦਗੀ ਦੇ ਛੋਟੇ-ਵੱਡੇ ਫ਼ੈਸਲੇ ਕਰਦਾ ਹਾਂ?’ (ਲੂਕਾ 16:10) ਜੇ ਅਸੀਂ ਪਰਮੇਸ਼ੁਰ ਨਾਲ ਆਪਣਾ ਨਜ਼ਦੀਕੀ ਰਿਸ਼ਤਾ ਬਣਾਈ ਰੱਖਣ ਲਈ ਸਖ਼ਤ ਮਿਹਨਤ ਕਰਦੇ ਹਾਂ, ਤਾਂ ਸਾਨੂੰ ਕਿਸੇ ਵੀ ਕਾਰਨ ਡਰਨ ਦੀ ਲੋੜ ਨਹੀਂ ਹੈ। ਯਿਰਮਿਯਾਹ ਨਬੀ ਨੇ ਦੁਖੀ ਯਹੂਦੀਆਂ ਦੀ ਤਰਫ਼ੋਂ ਬੋਲਦੇ ਹੋਏ ਕਿਹਾ: “ਹੇ ਯਹੋਵਾਹ, ਮੈਂ ਤੇਰੇ ਨਾਮ ਦੀ ਦੁਹਾਈ ਦਿੱਤੀ, ਭੋਹਰੇ ਦੀਆਂ ਡੁੰਘਿਆਈਆਂ ਤੋਂ, . . . ਜਿਸ ਵੇਲੇ ਮੈਂ ਤੈਨੂੰ ਪੁਕਾਰਿਆ ਤੂੰ ਨੇੜੇ ਆਇਆ, ਤੂੰ ਆਖਿਆ, ਨਾ ਡਰ!”—ਵਿਰ. 3:55-57.

ਸ਼ੱਕ ਦੇ ਬੀ ਬੀਜਣ ਵਿਚ ਅਸਫ਼ਲ

ਲੋਕਾਂ ਦੇ ਮਨਾਂ ਵਿਚ ਸ਼ੱਕ ਦੇ ਬੀ ਬੀਜਣ ਲਈ ਰਬਸ਼ਾਕੇਹ ਨੇ ਚਲਾਕੀ ਭਰੀਆਂ ਗੱਲਾਂ ਕੀਤੀਆਂ। ਉਸ ਨੇ ਕਿਹਾ: ‘ਕੀ ਯਹੋਵਾਹ ਉਹੀਓ ਨਹੀਂ ਹੈ ਜਿਹ ਦਿਆਂ ਉੱਚਿਆਂ ਥਾਵਾਂ ਅਰ ਜਗਵੇਦੀਆਂ ਨੂੰ ਹਿਜ਼ਕੀਯਾਹ ਨੇ ਹਟਾ ਦਿੱਤਾ? ਯਹੋਵਾਹ ਨੇ ਆਪੇ ਮੈਨੂੰ ਆਖਿਆ ਭਈ ਏਸ ਦੇਸ ਤੇ ਚੜ੍ਹਾਈ ਕਰ ਕੇ ਏਸ ਨੂੰ ਨਾਸ ਕਰ ਦੇਹ!’ (2 ਰਾਜ. 18:22, 25) ਇਸ ਤਰ੍ਹਾਂ ਰਬਸ਼ਾਕੇਹ ਨੇ ਕਿਹਾ ਕਿ ਯਹੋਵਾਹ ਆਪਣੇ ਲੋਕਾਂ ਲਈ ਨਹੀਂ ਲੜੇਗਾ ਕਿਉਂਕਿ ਉਹ ਉਨ੍ਹਾਂ ਤੋਂ ਨਾਰਾਜ਼ ਸੀ। ਪਰ ਇਹ ਸੱਚ ਨਹੀਂ ਸੀ। ਯਹੋਵਾਹ ਹਿਜ਼ਕੀਯਾਹ ਅਤੇ ਯਹੂਦੀਆਂ ਤੋਂ ਖ਼ੁਸ਼ ਸੀ ਜਿਹੜੇ ਸੱਚੀ ਭਗਤੀ ਕਰਨ ਲੱਗ ਪਏ ਸਨ।—2 ਰਾਜ. 18:3-7.

ਅੱਜ ਚਲਾਕ ਅਤਿਆਚਾਰੀ ਮਾੜੀ-ਮੋਟੀ ਸੱਚੀ ਜਾਣਕਾਰੀ ਦੇ ਕੇ ਭੈਣਾਂ-ਭਰਾਵਾਂ ਨੂੰ ਆਪਣੇ ਵੱਲ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਦੇ ਮਨਾਂ ਵਿਚ ਸ਼ੱਕ ਦੇ ਬੀ ਬੀਜਣ ਲਈ ਉਹ ਚਲਾਕੀ ਨਾਲ ਸੱਚੀਆਂ-ਝੂਠੀਆਂ ਗੱਲਾਂ ਰਲਾ-ਮਿਲਾ ਕੇ ਦੱਸਦੇ ਹਨ। ਮਿਸਾਲ ਲਈ, ਕੈਦੀ ਭੈਣਾਂ-ਭਰਾਵਾਂ ਨੂੰ ਕਦੇ-ਕਦੇ ਕਿਹਾ ਗਿਆ ਕਿ ਉਨ੍ਹਾਂ ਦੇ ਦੇਸ਼ ਵਿਚ ਕਿਸੇ ਮੋਹਰੀ ਭਰਾ ਨੇ ਆਪਣੀ ਨਿਹਚਾ ਨੂੰ ਤਿਆਗ ਦਿੱਤਾ ਹੈ, ਇਸ ਲਈ ਜੇ ਉਹ ਵੀ ਆਪਣੀ ਨਿਹਚਾ ਅਤੇ ਵਿਸ਼ਵਾਸਾਂ ਨੂੰ ਛੱਡ ਦੇਣ, ਤਾਂ ਇਸ ਵਿਚ ਕੋਈ ਹਰਜ਼ ਨਹੀਂ ਹੈ। ਪਰ ਇਹੋ ਜਿਹੀਆਂ ਗੱਲਾਂ ਸਮਝਦਾਰ ਮਸੀਹੀਆਂ ਦੇ ਮਨਾਂ ਵਿਚ ਸ਼ੱਕ ਪੈਦਾ ਨਹੀਂ ਕਰ ਸਕੀਆਂ।

ਧਿਆਨ ਦਿਓ ਕਿ ਦੂਜੇ ਵਿਸ਼ਵ ਯੁੱਧ ਦੌਰਾਨ ਇਕ ਭੈਣ ਨਾਲ ਕੀ ਹੋਇਆ। ਜਦ ਉਹ ਜੇਲ੍ਹ ਵਿਚ ਸੀ, ਤਾਂ ਉਸ ਨੂੰ ਲਿਖਤੀ ਬਿਆਨ ਦਿਖਾਏ ਗਏ ਕਿ ਇਕ ਜ਼ਿੰਮੇਵਾਰ ਭਰਾ ਨੇ ਨਿਹਚਾ ਕਰਨੀ ਛੱਡ ਦਿੱਤੀ ਹੈ। ਇਕ ਪੁੱਛ-ਗਿੱਛ ਕਰਨ ਵਾਲੇ ਆਦਮੀ ਨੇ ਪੁੱਛਿਆ ਕਿ ਕੀ ਇਹ ਭੈਣ ਉਸ ਗਵਾਹ ’ਤੇ ਯਕੀਨ ਰੱਖਦੀ ਹੈ? ਭੈਣ ਨੇ ਜਵਾਬ ਦਿੱਤਾ: “[ਉਹ] ਬਸ ਇਕ ਨਾਮੁਕੰਮਲ ਇਨਸਾਨ ਹੈ।” ਉਸ ਨੇ ਅੱਗੋਂ ਕਿਹਾ ਕਿ ਜਿੰਨਾ ਚਿਰ ਉਹ ਬਾਈਬਲ ਦੇ ਅਸੂਲਾਂ ਉੱਤੇ ਚੱਲਦਾ ਰਿਹਾ, ਪਰਮੇਸ਼ੁਰ ਉਸ ਨੂੰ ਵਰਤਦਾ ਰਿਹਾ। “ਪਰ ਉਸ ਦੇ ਬਿਆਨ ਬਾਈਬਲ ਦੇ ਅਨੁਸਾਰ ਨਹੀਂ ਹਨ, ਇਸ ਲਈ ਹੁਣ ਉਹ ਮੇਰਾ ਭਰਾ ਨਹੀਂ ਹੈ।” ਇਸ ਵਫ਼ਾਦਾਰ ਭੈਣ ਨੇ ਸਮਝਦਾਰੀ ਨਾਲ ਬਾਈਬਲ ਦੀ ਇਹ ਸਲਾਹ ਮੰਨੀ: “ਹਾਕਮਾਂ ਦੇ ਉੱਤੇ ਭਰੋਸਾ ਨਾ ਰੱਖੋ, ਨਾ ਆਦਮ ਵੰਸ ਉੱਤੇ, ਜਿਹ ਦੇ ਕੋਲ ਬਚਾਓ ਹੈ ਨਹੀਂ।”—ਜ਼ਬੂ. 146:3.

ਪਰਮੇਸ਼ੁਰ ਦੇ ਬਚਨ ਦਾ ਸਹੀ ਗਿਆਨ ਲੈਣ ਅਤੇ ਇਸ ਦੀ ਸਲਾਹ ਲਾਗੂ ਕਰਨ ਨਾਲ ਅਸੀਂ ਧੋਖੇ ਭਰੀਆਂ ਗੱਲਾਂ ਤੋਂ ਬਚ ਸਕਾਂਗੇ ਜੋ ਵਫ਼ਾਦਾਰ ਰਹਿਣ ਦੇ ਸਾਡੇ ਇਰਾਦੇ ਨੂੰ ਕਮਜ਼ੋਰ ਕਰ ਸਕਦੀਆਂ ਹਨ। (ਅਫ਼. 4:13, 14; ਇਬ. 6:19) ਜੇ ਅਸੀਂ ਦਬਾਅ ਹੇਠ ਸਹੀ ਫ਼ੈਸਲੇ ਕਰਨ ਲਈ ਤਿਆਰ ਹੋਣਾ ਚਾਹੁੰਦੇ ਹਾਂ, ਤਾਂ ਜ਼ਰੂਰੀ ਹੈ ਕਿ ਅਸੀਂ ਹਰ ਰੋਜ਼ ਬਾਈਬਲ ਪੜ੍ਹੀਏ ਤੇ ਇਸ ਦਾ ਅਧਿਐਨ ਕਰੀਏ। (ਇਬ. 4:12) ਹੁਣੇ ਸਮਾਂ ਹੈ ਕਿ ਅਸੀਂ ਆਪਣਾ ਗਿਆਨ ਵਧਾਈਏ ਤੇ ਆਪਣੀ ਨਿਹਚਾ ਪੱਕੀ ਕਰੀਏ। ਇਕ ਭਰਾ, ਜੋ ਕਈ ਸਾਲਾਂ ਤੋਂ ਕਾਲ ਕੋਠੜੀ ਵਿਚ ਕੈਦ ਸੀ, ਨੇ ਕਿਹਾ: “ਮੈਂ ਸਾਰਿਆਂ ਨੂੰ ਇਹ ਹੱਲਾਸ਼ੇਰੀ ਦੇਣੀ ਚਾਹੁੰਦਾ ਹਾਂ ਕਿ ਸਾਨੂੰ ਪਰਮੇਸ਼ੁਰ ਦਾ ਜੋ ਵੀ ਗਿਆਨ ਮਿਲਦਾ ਹੈ, ਅਸੀਂ ਉਸ ਦੀ ਅਹਿਮੀਅਤ ਨੂੰ ਸਮਝੀਏ ਕਿਉਂਕਿ ਸਾਨੂੰ ਪਤਾ ਨਹੀਂ ਕਿ ਇਹ ਕਿਹੜੇ ਵੇਲੇ ਸਾਡੇ ਕੰਮ ਆਵੇਗਾ।” ਜੇ ਅਸੀਂ ਧਿਆਨ ਨਾਲ ਪਰਮੇਸ਼ੁਰ ਦੇ ਬਚਨ ਅਤੇ ਮਾਤਬਰ ਨੌਕਰ ਤੋਂ ਮਿਲੇ ਪ੍ਰਕਾਸ਼ਨਾਂ ਨੂੰ ਪੜ੍ਹੀਏ, ਤਾਂ ਜ਼ਿੰਦਗੀ ਵਿਚ ਮੁਸ਼ਕਲ ਘੜੀਆਂ ਆਉਣ ਵੇਲੇ ਪਵਿੱਤਰ ਸ਼ਕਤੀ ਸਿੱਖੀਆਂ ਗੱਲਾਂ ‘ਸਾਨੂੰ ਚੇਤੇ ਕਰਾਵੇਗੀ।’—ਯੂਹੰ. 14:26.

ਡਰਾਵਿਆਂ ਤੋਂ ਬਚਾਅ

ਰਬਸ਼ਾਕੇਹ ਨੇ ਯਹੂਦੀਆਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ। ਉਸ ਨੇ ਕਿਹਾ: “ਮੇਰੇ ਸੁਆਮੀ ਅੱਸ਼ੂਰ ਦੇ ਪਾਤਸ਼ਾਹ ਦੇ ਨਾਲ ਸ਼ਰਤ ਲਾ। ਮੈਂ ਤੈਨੂੰ ਦੋ ਹਜ਼ਾਰ ਘੋੜੇ ਦਿੰਦਾ ਹਾਂ ਜੇ ਤੂੰ ਓਹਨਾਂ ਉੱਤੇ ਆਪਣੀ ਵੱਲੋਂ ਸਵਾਰ ਬਿਠਾ ਸੱਕੇਂ। ਫੇਰ ਤੂੰ ਮੇਰੇ ਸੁਆਮੀ ਦੇ ਤੁੱਛ ਤੋਂ ਤੁੱਛ ਚਾਕਰਾਂ ਵਿੱਚੋਂ ਕਿਵੇਂ ਇੱਕ ਕਪਤਾਨ ਦਾ ਭੀ ਮੂੰਹ ਫੇਰ ਸੱਕੇਂਗਾ?” (2 ਰਾਜ. 18:23, 24) ਇਨਸਾਨੀ ਨਜ਼ਰੀਏ ਤੋਂ ਦੇਖਿਆ ਜਾਏ, ਤਾਂ ਹਿਜ਼ਕੀਯਾਹ ਅਤੇ ਉਸ ਦੇ ਲੋਕ ਤਾਕਤਵਰ ਅੱਸ਼ੂਰੀ ਫ਼ੌਜ ਦੇ ਸਾਮ੍ਹਣੇ ਖਲੋ ਨਹੀਂ ਸਕਦੇ ਸਨ।

ਵਿਰੋਧ ਕਰਨ ਵਾਲੇ ਅੱਜ ਵੀ ਬਹੁਤ ਤਾਕਤਵਰ ਲੱਗ ਸਕਦੇ ਹਨ, ਖ਼ਾਸਕਰ ਉਦੋਂ ਜਦ ਉਨ੍ਹਾਂ ਉੱਤੇ ਸਰਕਾਰ ਦਾ ਹੱਥ ਹੁੰਦਾ ਹੈ। ਦੂਜੇ ਵਿਸ਼ਵ ਯੁੱਧ ਦੌਰਾਨ ਜ਼ੁਲਮ ਢਾਹੁਣ ਵਾਲੇ ਨਾਜ਼ੀ ਵਿਰੋਧੀਆਂ ਬਾਰੇ ਇਹ ਗੱਲ ਸੱਚ ਸੀ। ਉਨ੍ਹਾਂ ਨੇ ਪਰਮੇਸ਼ੁਰ ਦੇ ਸੇਵਕਾਂ ਨੂੰ ਡਰਾਉਣ-ਧਮਕਾਉਣ ਦੀ ਕੋਸ਼ਿਸ਼ ਕੀਤੀ। ਇਕ ਭਰਾ, ਜਿਸ ਨੇ ਕਈ ਸਾਲ ਜੇਲ੍ਹ ਵਿਚ ਗੁਜ਼ਾਰੇ, ਦੱਸਦਾ ਹੈ ਕਿ ਉਸ ਨੂੰ ਕਿਵੇਂ ਧਮਕਾਇਆ ਗਿਆ। ਇਕ ਮੌਕੇ ਤੇ ਇਕ ਅਫ਼ਸਰ ਨੇ ਉਸ ਨੂੰ ਪੱਛਿਆ: “ਕੀ ਤੂੰ ਦੇਖਿਆ ਕਿ ਤੇਰੇ ਛੋਟੇ ਭਰਾ ਨੂੰ ਕਿੱਦਾਂ ਗੋਲੀਆਂ ਨਾਲ ਉਡਾਇਆ ਗਿਆ? ਤੂੰ ਇਸ ਤੋਂ ਕੀ ਸਬਕ ਸਿੱਖਿਆ?” ਭਰਾ ਨੇ ਜਵਾਬ ਦਿੱਤਾ: “ਮੈਂ ਯਹੋਵਾਹ ਲਈ ਗਵਾਹ ਹਾਂ ਅਤੇ ਰਹਾਂਗਾ।” ਅਫ਼ਸਰ ਨੇ ਧਮਕੀ ਦਿੱਤੀ: “ਤਾਂ ਫਿਰ ਤੈਨੂੰ ਵੀ ਗੋਲੀਆਂ ਨਾਲ ਉਡਾ ਦਿੱਤਾ ਜਾਵੇਗਾ।” ਪਰ ਸਾਡਾ ਭਰਾ ਦ੍ਰਿੜ੍ਹ ਰਿਹਾ ਅਤੇ ਦੁਸ਼ਮਣ ਉਸ ਨੂੰ ਧਮਕਾਉਣੋਂ ਹਟ ਗਿਆ। ਇਨ੍ਹਾਂ ਧਮਕੀਆਂ ਦੇ ਬਾਵਜੂਦ ਸਾਡਾ ਭਰਾ ਦ੍ਰਿੜ੍ਹ ਕਿਵੇਂ ਰਹਿ ਸਕਿਆ? ਉਸ ਨੇ ਜਵਾਬ ਦਿੱਤਾ: “ਮੈਂ ਯਹੋਵਾਹ ਦੇ ਨਾਂ ’ਤੇ ਭਰੋਸਾ ਰੱਖਿਆ।”—ਕਹਾ. 18:10

ਜਦ ਅਸੀਂ ਯਹੋਵਾਹ ’ਤੇ ਭਰੋਸਾ ਰੱਖਦੇ ਹਾਂ, ਤਾਂ ਮਾਨੋ ਅਸੀਂ ਇਕ ਵੱਡੀ ਢਾਲ ਨਾਲ ਆਪਣੀ ਨਿਹਚਾ ਉੱਤੇ ਕੀਤੇ ਸ਼ਤਾਨ ਦੇ ਸਾਰੇ ਹਮਲਿਆਂ ਤੋਂ ਆਪਣਾ ਬਚਾਅ ਕਰਦੇ ਹਾਂ। (ਅਫ਼. 6:16) ਇਸ ਲਈ ਚੰਗਾ ਹੋਵੇਗਾ ਕਿ ਅਸੀਂ ਪ੍ਰਾਰਥਨਾ ਵਿਚ ਯਹੋਵਾਹ ਨੂੰ ਕਹੀਏ ਕਿ ਉਹ ਨਿਹਚਾ ਮਜ਼ਬੂਤ ਕਰਨ ਵਿਚ ਸਾਡੀ ਮਦਦ ਕਰੇ। (ਲੂਕਾ 17:5) ਸਾਨੂੰ ਵਫ਼ਾਦਾਰ ਨੌਕਰ ਦੇ ਸਾਰੇ ਪ੍ਰਬੰਧਾਂ ਦਾ ਫ਼ਾਇਦਾ ਉਠਾਉਣਾ ਚਾਹੀਦਾ ਹੈ ਜੋ ਸਾਡੀ ਨਿਹਚਾ ਪੱਕੀ ਕਰਦੇ ਹਨ। ਜਦ ਸਾਨੂੰ ਡਰਾਇਆ-ਧਮਕਾਇਆ ਜਾਂਦਾ ਹੈ, ਤਾਂ ਸਾਨੂੰ ਯਹੋਵਾਹ ਦੇ ਭਰੋਸੇ ਨੂੰ ਯਾਦ ਕਰ ਕੇ ਹਿੰਮਤ ਮਿਲਦੀ ਹੈ ਜਿੱਦਾਂ ਨਬੀ ਹਿਜ਼ਕੀਏਲ ਨੂੰ ਮਿਲੀ ਸੀ ਜਦੋਂ ਉਸ ਨੂੰ ਜ਼ਿੱਦੀ ਲੋਕਾਂ ਨੂੰ ਸੰਦੇਸ਼ ਸੁਣਾਉਣ ਲਈ ਘੱਲਿਆ ਸੀ। ਯਹੋਵਾਹ ਨੇ ਉਸ ਨੂੰ ਕਿਹਾ: “ਮੈਂ ਉਨ੍ਹਾਂ ਦੇ ਚਿਹਰਿਆਂ ਦੇ ਵਿਰੁੱਧ ਤੇਰਾ ਚਿਹਰਾ ਕਠੋਰ ਅਤੇ ਤੇਰਾ ਮੱਥਾ ਉਨ੍ਹਾਂ ਦੇ ਮੱਥਿਆਂ ਦੇ ਵਿਰੁੱਧ ਕਠੋਰ ਕਰ ਦਿੱਤਾ ਹੈ। ਮੈਂ ਤੇਰੇ ਮੱਥੇ ਨੂੰ ਹੀਰੇ ਵਾਂਗਰ ਚਕਮਕ ਤੋਂ ਵੀ ਵਧੀਕ ਕਰੜਾ ਕਰ ਦਿੱਤਾ ਹੈ।” (ਹਿਜ਼. 3:8, 9) ਲੋੜ ਪੈਣ ਤੇ ਯਹੋਵਾਹ ਹਿਜ਼ਕੀਏਲ ਵਾਂਗ ਹੀਰੇ ਦੀ ਤਰ੍ਹਾਂ ਸਖ਼ਤ ਬਣਨ ਵਿਚ ਸਾਡੀ ਵੀ ਮਦਦ ਕਰ ਸਕਦਾ ਹੈ।

ਲਾਲਚ ਵਿਚ ਆਉਣ ਤੋਂ ਬਚਣਾ

ਵਿਰੋਧੀਆਂ ਨੇ ਦੇਖਿਆ ਹੈ ਕਿ ਜਦ ਉਨ੍ਹਾਂ ਦੇ ਸਾਰੇ ਤਰੀਕੇ ਨਾਕਾਮ ਹੋ ਜਾਂਦੇ ਹਨ, ਤਾਂ ਲਾਲਚ ਦੇ ਕੇ ਕਿਸੇ ਨੂੰ ਪਰਮੇਸ਼ੁਰ ਤੋਂ ਬੇਮੁਖ ਕੀਤਾ ਜਾ ਸਕਦਾ ਹੈ। ਰਬਸ਼ਾਕੇਹ ਨੇ ਵੀ ਇਹੀ ਹੱਥਕੰਡਾ ਅਪਣਾਇਆ ਸੀ। ਉਸ ਨੇ ਯਰੂਸ਼ਲਮ ਦੇ ਲੋਕਾਂ ਨੂੰ ਕਿਹਾ: ‘ਅੱਸ਼ੂਰ ਦਾ ਪਾਤਸ਼ਾਹ ਐਉਂ ਫਰਮਾਉਂਦਾ ਹੈ ਕਿ ਮੇਰੇ ਨਾਲ ਸੁਲਾਹ ਕਰੋ ਅਤੇ ਨਿੱਕਲ ਕੇ ਮੇਰੇ ਕੋਲ ਆਓ। ਜਦ ਤਾਈਂ ਮੈਂ ਆ ਕੇ ਤੁਹਾਨੂੰ ਇੱਕ ਅਜੇਹੇ ਦੇਸ ਵਿੱਚ ਨਾ ਲੈ ਜਾਵਾਂ ਜੋ ਤੁਹਾਡੇ ਦੇਸ ਵਾਂਙੁ ਅਨਾਜ ਤੇ ਨਵੀਂ ਮੈ ਦਾ ਦੇਸ, ਰੋਟੀ ਤੇ ਅੰਗੂਰੀ ਬਾਗਾਂ ਦਾ ਦੇਸ, ਜ਼ੈਤੂਨ ਦੇ ਤੇਲ ਅਰ ਸ਼ਹਿਤ ਦਾ ਦੇਸ ਹੈ ਤਾਂ ਜੋ ਤੁਸੀਂ ਜੀਉਂਦੇ ਰਹੋ ਅਰ ਮਰ ਨਾ ਜਾਓ।’ (2 ਰਾਜ. 18:31, 32) ਫ਼ੌਜ ਨਾਲ ਘਿਰੀਆਂ ਸ਼ਹਿਰ ਦੀਆਂ ਕੰਧਾਂ ਪਿੱਛੇ ਲੋਕਾਂ ਨੂੰ ਤਾਜ਼ੀ ਰੋਟੀ ਖਾਣ ਅਤੇ ਨਵੀਂ ਮੈ ਪੀਣ ਬਾਰੇ ਸੁਣ ਕੇ ਬਹੁਤ ਚੰਗਾ ਲੱਗਾ ਹੋਵੇਗਾ!

ਇਸੇ ਤਰ੍ਹਾਂ ਦਾ ਲਾਲਚ ਜੇਲ੍ਹ ਵਿਚ ਬੰਦ ਇਕ ਮਿਸ਼ਨਰੀ ਦੇ ਇਰਾਦੇ ਨੂੰ ਕਮਜ਼ੋਰ ਕਰਨ ਲਈ ਦਿੱਤਾ ਗਿਆ ਸੀ। ਉਸ ਨੂੰ ਕਿਹਾ ਗਿਆ ਕਿ ਉਸ ਨੂੰ ਛੇ ਮਹੀਨਿਆਂ ਵਾਸਤੇ “ਇਕ ਖੂਬਸੂਰਤ ਬਾਗ਼” ਵਿਚ ਬਣੇ ਇਕ “ਸੁਹਾਵਣੇ ਘਰ” ਲੈ ਜਾਇਆ ਜਾਵੇਗਾ ਤਾਂਕਿ ਉਹ ਚੰਗੀ ਤਰ੍ਹਾਂ ਸੋਚ ਸਕੇ। ਪਰ ਭਰਾ ਵਫ਼ਾਦਾਰ ਰਿਹਾ ਅਤੇ ਉਸ ਨੇ ਮਸੀਹੀ ਅਸੂਲਾਂ ਨੂੰ ਨਹੀਂ ਛੱਡਿਆ। ਕਿਸ ਗੱਲ ਦੀ ਮਦਦ ਨਾਲ ਉਹ ਇਵੇਂ ਕਰ ਸਕਿਆ? ਬਾਅਦ ਵਿਚ ਉਸ ਨੇ ਦੱਸਿਆ: “ਮੈਂ ਰਾਜ ਦੀ ਉਮੀਦ ਨੂੰ ਅਸਲੀ ਸਮਝਦਾ ਹੁੰਦਾ ਸੀ। . . . ਪਰਮੇਸ਼ੁਰ ਦੇ ਰਾਜ ਦੇ ਗਿਆਨ ਨੇ ਮੈਨੂੰ ਮਜ਼ਬੂਤ ਕੀਤਾ, ਮੈਨੂੰ ਯਕੀਨ ਸੀ ਕਿ ਇਹ ਜ਼ਰੂਰ ਆਵੇਗਾ। ਮੈਂ ਇਕ ਪਲ ਲਈ ਵੀ ਸ਼ੱਕ ਨਹੀਂ ਕੀਤਾ, ਇਸ ਲਈ ਮੈਂ ਉਨ੍ਹਾਂ ਦੀਆਂ ਗੱਲਾਂ ਵਿਚ ਨਹੀਂ ਆਇਆ।”

ਪਰਮੇਸ਼ੁਰ ਦਾ ਰਾਜ ਸਾਡੇ ਲਈ ਕਿੰਨਾ ਕੁ ਅਸਲੀ ਹੈ? ਅਬਰਾਹਾਮ, ਪੌਲੁਸ ਰਸੂਲ ਅਤੇ ਯਿਸੂ ਸਖ਼ਤ ਅਜ਼ਮਾਇਸ਼ਾਂ ਨੂੰ ਤਾਹੀਓਂ ਸਹਿ ਸਕੇ ਕਿਉਂਕਿ ਉਹ ਰਾਜ ਨੂੰ ਹਕੀਕਤ ਮੰਨਦੇ ਸਨ। (ਫ਼ਿਲਿ. 3:13, 14; ਇਬ. 11:8-10; 12:2) ਜੇ ਅਸੀਂ ਜ਼ਿੰਦਗੀ ਵਿਚ ਰਾਜ ਨੂੰ ਤਰਜੀਹ ਦੇਵਾਂਗੇ ਅਤੇ ਇਸ ਵਿਚ ਮਿਲਣ ਵਾਲੀਆਂ ਬਰਕਤਾਂ ਨੂੰ ਧਿਆਨ ਵਿਚ ਰੱਖਾਂਗੇ, ਤਾਂ ਅਸੀਂ ਵੀ ਅਜਿਹੀਆਂ ਚੀਜ਼ਾਂ ਦੇ ਲਾਲਚ ਵਿਚ ਨਹੀਂ ਆਵਾਂਗੇ ਜੋ ਥੋੜ੍ਹੇ ਚਿਰ ਲਈ ਸਾਨੂੰ ਅਜ਼ਮਾਇਸ਼ਾਂ ਤੋਂ ਰਾਹਤ ਦਿਵਾ ਸਕਦੀਆਂ ਹਨ।—2 ਕੁਰਿੰ. 4:16-18.

ਯਹੋਵਾਹ ਸਾਨੂੰ ਤਿਆਗੇਗਾ ਨਹੀਂ

ਰਬਸ਼ਾਕੇਹ ਨੇ ਯਹੂਦੀਆਂ ਨੂੰ ਡਰਾਉਣ ਦੀਆਂ ਲੱਖ ਕੋਸ਼ਿਸ਼ਾਂ ਕੀਤੀਆਂ, ਇਸ ਦੇ ਬਾਵਜੂਦ ਹਿਜ਼ਕੀਯਾਹ ਅਤੇ ਉਸ ਦੀ ਪਰਜਾ ਨੇ ਯਹੋਵਾਹ ਉੱਤੇ ਪੂਰਾ ਭਰੋਸਾ ਰੱਖਿਆ। (2 ਰਾਜ. 19:15, 19; ਯਸਾ. 37:5-7) ਬਦਲੇ ਵਿਚ ਯਹੋਵਾਹ ਨੇ ਮਦਦ ਲਈ ਕੀਤੀਆਂ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਸੁਣੀਆਂ। ਉਸ ਨੇ ਇਕ ਦੂਤ ਘੱਲਿਆ ਜਿਸ ਨੇ ਇੱਕੋ ਰਾਤ ਵਿਚ ਅੱਸ਼ੂਰੀਆਂ ਦੇ ਡੇਹਰੇ ਵਿੱਚ 1,85,000 ਯੋਧਿਆਂ ਨੂੰ ਮਾਰ ਮੁਕਾਇਆ। ਅਗਲੇ ਦਿਨ ਸਨਹੇਰੀਬ ਬੇਇੱਜ਼ਤ ਹੋ ਕੇ ਆਪਣੀ ਬਚੀ-ਖੁਚੀ ਫ਼ੌਜ ਲੈ ਕੇ ਰਾਜਧਾਨੀ ਨੀਨਵਾਹ ਭੱਜ ਗਿਆ।—2 ਰਾਜ. 19:35, 36.

ਸਪੱਸ਼ਟ ਹੈ ਕਿ ਯਹੋਵਾਹ ਉਨ੍ਹਾਂ ਨੂੰ ਨਹੀਂ ਤਿਆਗਦਾ ਜੋ ਉਸ ਉੱਤੇ ਭਰੋਸਾ ਰੱਖਦੇ ਹਨ। ਅੱਜ ਸਖ਼ਤ ਅਜ਼ਮਾਇਸ਼ਾਂ ਅਧੀਨ ਦ੍ਰਿੜ੍ਹ ਰਹਿਣ ਵਾਲੇ ਭੈਣਾਂ-ਭਰਾਵਾਂ ਦੀਆਂ ਮਿਸਾਲਾਂ ਦਿਖਾਉਂਦੀਆਂ ਹਨ ਕਿ ਯਹੋਵਾਹ ਅੱਜ ਵੀ ਆਪਣੇ ਇਹੋ ਜਿਹੇ ਭਗਤਾਂ ਨੂੰ ਛੱਡਦਾ ਨਹੀਂ। ਤਾਂ ਫਿਰ ਚੰਗੇ ਕਾਰਨ ਕਰਕੇ ਸਾਡਾ ਸਵਰਗੀ ਪਿਤਾ ਸਾਨੂੰ ਯਕੀਨ ਦਿਵਾਉਂਦਾ ਹੈ: “ਮੈਂ ਯਹੋਵਾਹ ਤੇਰਾ ਪਰਮੇਸ਼ੁਰ ਤਾਂ ਤੇਰਾ ਸੱਜਾ ਹੱਥ ਫੜੀ ਬੈਠਾ ਹਾਂ, ਮੈਂ ਤੈਨੂੰ ਆਖਦਾ ਹਾਂ, ਨਾ ਡਰ, ਮੈਂ ਤੇਰੀ ਸਹਾਇਤਾ ਕਰਾਂਗਾ।”—ਯਸਾ. 41:13.

[ਫੁਟਨੋਟ]

^ ਪੈਰਾ 6 “ਰਬਸ਼ਾਕੇਹ” ਅੱਸ਼ੂਰ ਦੇ ਮੁੱਖ ਅਧਿਕਾਰੀ ਦਾ ਖ਼ਿਤਾਬ ਸੀ। ਬਿਰਤਾਂਤ ਵਿਚ ਇਸ ਆਦਮੀ ਦਾ ਨਾਂ ਨਹੀਂ ਦੱਸਿਆ ਗਿਆ।

[ਸਫ਼ਾ 13 ਉੱਤੇ ਸੁਰਖੀ]

ਯਹੋਵਾਹ ਆਪਣੇ ਬਚਨ ਵਿਚ 30 ਤੋਂ ਜ਼ਿਆਦਾ ਵਾਰ ਆਪਣੇ ਸੇਵਕਾਂ ਨੂੰ ਭਰੋਸਾ ਦਿੰਦਾ ਹੈ ਕਿ “ਨਾ ਡਰ”

[ਸਫ਼ਾ 12 ਉੱਤੇ ਤਸਵੀਰ]

ਰਬਸ਼ਾਕੇਹ ਦੀਆਂ ਚਾਲਾਂ ਅੱਜ ਪਰਮੇਸ਼ੁਰ ਦੇ ਲੋਕਾਂ ਦੇ ਦੁਸ਼ਮਣਾਂ ਦੀਆਂ ਚਾਲਾਂ ਵਰਗੀਆਂ ਕਿਵੇਂ ਸਨ?

[ਸਫ਼ਾ 15 ਉੱਤੇ ਤਸਵੀਰਾਂ]

ਯਹੋਵਾਹ ਨਾਲ ਨਜ਼ਦੀਕੀ ਰਿਸ਼ਤਾ ਹੋਣ ਕਾਰਨ ਅਸੀਂ ਅਜ਼ਮਾਇਸ਼ਾਂ ਅਧੀਨ ਵਫ਼ਾਦਾਰ ਰਹਿ ਸਕਦੇ ਹਾਂ