Skip to content

Skip to table of contents

ਵਧ-ਚੜ੍ਹ ਕੇ ਵਾਢੀ ਦਾ ਵੱਡਾ ਕੰਮ ਕਰੋ

ਵਧ-ਚੜ੍ਹ ਕੇ ਵਾਢੀ ਦਾ ਵੱਡਾ ਕੰਮ ਕਰੋ

ਵਧ-ਚੜ੍ਹ ਕੇ ਵਾਢੀ ਦਾ ਵੱਡਾ ਕੰਮ ਕਰੋ

“ਪ੍ਰਭੁ ਦੇ ਕੰਮ ਵਿੱਚ ਸਦਾ ਵਧਦੇ ਜਾਓ।”—1 ਕੁਰਿੰ. 15:58.

1. ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹੜਾ ਸੱਦਾ ਦਿੱਤਾ?

ਯਿਸੂ 30 ਈਸਵੀ ਦੇ ਅਖ਼ੀਰ ਵਿਚ ਜਦੋਂ ਸਾਮਰਿਯਾ ਵਿੱਚੋਂ ਦੀ ਲੰਘ ਰਿਹਾ ਸੀ, ਤਾਂ ਉਹ ਸੁਖਾਰ ਕਸਬੇ ਨੇੜੇ ਇਕ ਖੂਹ ’ਤੇ ਆਰਾਮ ਕਰਨ ਲਈ ਰੁਕਿਆ। ਉੱਥੇ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ: “ਆਪਣੀਆਂ ਅੱਖਾਂ ਚੁੱਕੋ ਅਤੇ ਪੈਲੀਆਂ ਨੂੰ ਵੇਖੋ ਜੋ ਓਹ ਵਾਢੀ ਦੇ ਲਈ ਪੱਕ ਕੇ ਪੀਲੀਆਂ ਹੋ ਗਈਆਂ।” (ਯੂਹੰ. 4:35) ਯਿਸੂ ਸੱਚੀ-ਮੁੱਚੀ ਦੀ ਵਾਢੀ ਦੀ ਗੱਲ ਨਹੀਂ ਕਰ ਰਿਹਾ ਸੀ। ਉਹ ਨੇਕਦਿਲ ਲੋਕਾਂ ਨੂੰ ਇਕੱਠੇ ਕਰਨ ਦੀ ਗੱਲ ਕਰ ਰਿਹਾ ਸੀ ਜੋ ਉਸ ਦੇ ਚੇਲੇ ਬਣਨਗੇ। ਉਹ ਆਪਣੇ ਚੇਲਿਆਂ ਨੂੰ ਇਹ ਵਾਢੀ ਕਰਨ ਦਾ ਸੱਦਾ ਦੇ ਰਿਹਾ ਸੀ। ਉਸ ਵੇਲੇ ਬਹੁਤ ਸਾਰਾ ਕੰਮ ਕਰਨ ਨੂੰ ਪਿਆ ਸੀ, ਪਰ ਸਮਾਂ ਬਹੁਤ ਘੱਟ ਸੀ!

2, 3. (ੳ) ਕਿਸ ਗੱਲ ਤੋਂ ਪਤਾ ਲੱਗਦਾ ਹੈ ਕਿ ਅਸੀਂ ਵਾਢੀ ਦੇ ਸਮੇਂ ਵਿਚ ਜੀ ਰਹੇ ਹਾਂ? (ਅ) ਇਸ ਲੇਖ ਵਿਚ ਅਸੀਂ ਕੀ ਦੇਖਾਂਗੇ?

2 ਵਾਢੀ ਬਾਰੇ ਕਹੀ ਯਿਸੂ ਦੀ ਗੱਲ ਅੱਜ ਸਾਡੇ ਵਾਸਤੇ ਬਹੁਤ ਮਾਅਨੇ ਰੱਖਦੀ ਹੈ। ਅਸੀਂ ਉਸ ਸਮੇਂ ਵਿਚ ਜੀ ਰਹੇ ਹਾਂ ਜਦ ਦੁਨਿਆਵੀ ਖੇਤ ‘ਵਾਢੀ ਦੇ ਲਈ ਪੱਕ ਕੇ ਪੀਲਾ ਹੋ ਗਿਆ’ ਹੈ। ਹਰ ਸਾਲ ਲੱਖਾਂ ਹੀ ਲੋਕਾਂ ਨੂੰ ਜੀਵਨਦਾਇਕ ਸੱਚਾਈਆਂ ਸਿੱਖਣ ਦਾ ਸੱਦਾ ਮਿਲਦਾ ਹੈ ਅਤੇ ਹਜ਼ਾਰਾਂ ਹੀ ਨਵੇਂ ਚੇਲੇ ਬਪਤਿਸਮਾ ਲੈਂਦੇ ਹਨ। ਸਾਨੂੰ ਸਨਮਾਨ ਮਿਲਿਆ ਹੈ ਕਿ ਅਸੀਂ ਫ਼ਸਲ ਦੇ ਮਾਲਕ ਯਹੋਵਾਹ ਪਰਮੇਸ਼ੁਰ ਦੀ ਨਿਗਰਾਨੀ ਹੇਠ ਵਾਢੀ ਦੇ ਇਸ ਵੱਡੇ ਕੰਮ ਵਿਚ ਹਿੱਸਾ ਲਈਏ। ਕੀ ਤੁਸੀਂ ਇਸ ਕੰਮ ਵਿਚ ਅੱਗੇ ‘ਵਧਦੇ’ ਜਾ ਰਹੇ ਹੋ?—1 ਕੁਰਿੰ. 15:58.

3 ਧਰਤੀ ਉੱਤੇ ਸਾਢੇ ਤਿੰਨ ਸਾਲ ਪ੍ਰਚਾਰ ਕਰਨ ਦੌਰਾਨ ਯਿਸੂ ਨੇ ਆਪਣੇ ਚੇਲਿਆਂ ਨੂੰ ਵਾਢਿਆਂ ਵਜੋਂ ਤਿਆਰ ਕੀਤਾ। ਇਸ ਲੇਖ ਵਿਚ ਅਸੀਂ ਤਿੰਨ ਜ਼ਰੂਰੀ ਗੱਲਾਂ ਉੱਤੇ ਗੌਰ ਕਰਾਂਗੇ ਜੋ ਯਿਸੂ ਨੇ ਆਪਣੇ ਚੇਲਿਆਂ ਨੂੰ ਸਿਖਾਈਆਂ ਸਨ। ਹਰ ਗੱਲ ਇਕ ਗੁਣ ਉੱਤੇ ਜ਼ੋਰ ਦਿੰਦੀ ਹੈ ਜੋ ਸਾਡੇ ਲਈ ਬਹੁਤ ਮਹੱਤਵਪੂਰਣ ਹੈ ਜਿਉਂ-ਜਿਉਂ ਅਸੀਂ ਚੇਲਿਆਂ ਨੂੰ ਇਕੱਠੇ ਕਰਨ ਦੇ ਕੰਮ ਵਿਚ ਆਪਣੀ ਪੂਰੀ ਵਾਹ ਲਾਉਣ ਦੀ ਕੋਸ਼ਿਸ਼ ਕਰਦੇ ਹਾਂ। ਆਓ ਆਪਾਂ ਇਕ-ਇਕ ਕਰ ਕੇ ਇਨ੍ਹਾਂ ਗੁਣਾਂ ਬਾਰੇ ਗੱਲ ਕਰੀਏ।

ਨਿਮਰ ਹੋਣਾ ਜ਼ਰੂਰੀ ਹੈ

4. ਯਿਸੂ ਨੇ ਨਿਮਰਤਾ ਦੀ ਅਹਿਮੀਅਤ ਬਾਰੇ ਕਿਵੇਂ ਸਮਝਾਇਆ?

4 ਇਸ ਵਾਕਿਆ ਦੀ ਕਲਪਨਾ ਕਰੋ: ਚੇਲੇ ਹੁਣੇ-ਹੁਣੇ ਬਹਿਸ ਕਰ ਕੇ ਹਟੇ ਹਨ ਕਿ ਉਨ੍ਹਾਂ ਵਿੱਚੋਂ ਕੌਣ ਵੱਡਾ ਹੈ। ਬੇਇਤਬਾਰੀ ਅਤੇ ਨਫ਼ਰਤ ਦੀਆਂ ਭਾਵਨਾਵਾਂ ਉਨ੍ਹਾਂ ਦੇ ਚਿਹਰਿਆਂ ’ਤੇ ਸਾਫ਼ ਨਜ਼ਰ ਆਉਂਦੀਆਂ ਹਨ। ਇਸ ਲਈ ਯਿਸੂ ਇਕ ਬੱਚੇ ਨੂੰ ਬੁਲਾ ਕੇ ਉਨ੍ਹਾਂ ਦੇ ਵਿਚਕਾਰ ਖੜ੍ਹਾ ਕਰ ਦਿੰਦਾ ਹੈ। ਬੱਚੇ ਵੱਲ ਦੇਖਦੇ ਹੋਏ ਉਹ ਕਹਿੰਦਾ ਹੈ: “ਜੋ ਕੋਈ ਆਪਣੇ ਆਪ ਨੂੰ ਇਸ ਬਾਲਕ ਵਾਂਙੁ ਛੋਟਾ ਜਾਣੇ ਸੋਈ ਸੁਰਗ ਦੇ ਰਾਜ ਵਿੱਚ ਸਭਨਾਂ ਨਾਲੋਂ ਵੱਡਾ ਹੈ।” (ਮੱਤੀ 18:1-4 ਪੜ੍ਹੋ।) ਦੁਨੀਆਂ ਇਨਸਾਨ ਦੀ ਹੈਸੀਅਤ ਜਾਣਨ ਵਾਸਤੇ ਦੇਖਦੀ ਹੈ ਕਿ ਉਸ ਕੋਲ ਕਿੰਨੀ ਕੁ ਤਾਕਤ ਤੇ ਧਨ-ਦੌਲਤ ਹੈ ਅਤੇ ਉਸ ਕੋਲ ਕਿੰਨਾ ਕੁ ਵੱਡਾ ਅਹੁਦਾ ਹੈ। ਪਰ ਚੇਲਿਆਂ ਨੂੰ ਦੁਨੀਆਂ ਵਾਂਗ ਸੋਚਣ ਦੀ ਬਜਾਇ ਇਹ ਗੱਲ ਸਮਝਣ ਦੀ ਲੋੜ ਸੀ ਕਿ ਉਹ ਤਾਂ ਹੀ ਮਹਾਨ ਹੋ ਸਕਦੇ ਸਨ ਜੇ ਉਹ ਦੂਜਿਆਂ ਦੀ ਨਜ਼ਰਾਂ ਵਿਚ ‘ਆਪਣੇ ਆਪ ਨੂੰ ਛੋਟਾ’ ਬਣਾਉਂਦੇ। ਜੇ ਉਹ ਨਿਮਰ ਹੁੰਦੇ, ਤਾਹੀਓਂ ਯਹੋਵਾਹ ਨੇ ਉਨ੍ਹਾਂ ਨੂੰ ਬਰਕਤਾਂ ਦੇਣੀਆਂ ਸਨ ਤੇ ਉਨ੍ਹਾਂ ਨੂੰ ਵਰਤਣਾ ਸੀ।

5, 6. ਵਾਢੀ ਦੇ ਕੰਮ ਵਿਚ ਵਧ-ਚੜ੍ਹ ਕੇ ਹਿੱਸਾ ਲੈਣ ਲਈ ਤੁਹਾਨੂੰ ਨਿਮਰ ਹੋਣ ਦੀ ਕਿਉਂ ਲੋੜ ਹੈ? ਸਮਝਾਓ।

5 ਅੱਜ ਦੁਨੀਆਂ ਦੇ ਬਹੁਤ ਸਾਰੇ ਲੋਕ ਤਾਕਤ, ਧਨ-ਦੌਲਤ ਅਤੇ ਪਦਵੀ ਹਾਸਲ ਕਰਨ ਵਿਚ ਸਾਰੀ ਜ਼ਿੰਦਗੀ ਲਾ ਦਿੰਦੇ ਹਨ। ਨਤੀਜਾ ਇਹ ਹੁੰਦਾ ਹੈ ਕਿ ਉਨ੍ਹਾਂ ਕੋਲ ਪਰਮੇਸ਼ੁਰ ਬਾਰੇ ਸਿੱਖਣ ਤੇ ਉਸ ਦੀ ਸੇਵਾ ਕਰਨ ਲਈ ਜਾਂ ਤਾਂ ਬਹੁਤ ਘੱਟ ਸਮਾਂ ਬਚਦਾ ਹੈ ਜਾਂ ਬਿਲਕੁਲ ਬਚਦਾ ਹੀ ਨਹੀਂ ਹੈ। (ਮੱਤੀ 13:22) ਪਰ ਯਹੋਵਾਹ ਦੇ ਲੋਕ ਖ਼ੁਸ਼ੀ-ਖ਼ੁਸ਼ੀ ਦੂਜਿਆਂ ਦੀ ਨਜ਼ਰਾਂ ਵਿਚ ‘ਆਪਣੇ ਆਪ ਨੂੰ ਛੋਟਾ’ ਬਣਾਉਂਦੇ ਹਨ ਤਾਂਕਿ ਉਹ ਫ਼ਸਲ ਦੇ ਮਾਲਕ ਤੋਂ ਬਰਕਤਾਂ ਅਤੇ ਉਸ ਦੀ ਮਿਹਰ ਪਾ ਸਕਣ।—ਮੱਤੀ 6:24; 2 ਕੁਰਿੰ. 11:7; ਫ਼ਿਲਿ. 3:8.

6 ਫਰਾਂਸੀਸਕੋ ਦੀ ਮਿਸਾਲ ਲੈ ਲਓ ਜੋ ਦੱਖਣੀ ਅਮਰੀਕਾ ਵਿਚ ਬਜ਼ੁਰਗ ਵਜੋਂ ਸੇਵਾ ਕਰਦਾ ਹੈ। ਜਵਾਨ ਹੁੰਦਿਆਂ ਉਸ ਨੇ ਯੂਨੀਵਰਸਿਟੀ ਛੱਡ ਦਿੱਤੀ ਕਿਉਂਕਿ ਉਹ ਪਾਇਨੀਅਰਿੰਗ ਕਰਨੀ ਚਾਹੁੰਦਾ ਸੀ। ਉਹ ਕਹਿੰਦਾ ਹੈ: “ਕੁੜਮਾਈ ਹੋਣ ਤੋਂ ਬਾਅਦ ਮੈਂ ਨੌਕਰੀ ਲੱਭ ਸਕਦਾ ਸੀ ਤਾਂਕਿ ਸਾਡੇ ਕੋਲ ਕਾਫ਼ੀ ਪੈਸੇ ਹੋਣ। ਪਰ ਅਸੀਂ ਸਾਦੀ ਜ਼ਿੰਦਗੀ ਜੀਉਣ ਦਾ ਫ਼ੈਸਲਾ ਕੀਤਾ ਅਤੇ ਪਾਇਨੀਅਰਿੰਗ ਕਰਦੇ ਰਹੇ। ਬਾਅਦ ਵਿਚ ਸਾਡੇ ਬੱਚੇ ਹੋ ਗਏ ਤੇ ਜ਼ਿੰਦਗੀ ਥੋੜ੍ਹੀ ਔਖੀ ਹੋ ਗਈ। ਪਰ ਯਹੋਵਾਹ ਦੀ ਮਦਦ ਨਾਲ ਅਸੀਂ ਆਪਣੇ ਫ਼ੈਸਲੇ ’ਤੇ ਅਟੱਲ ਰਹੇ।” ਅਖ਼ੀਰ ਵਿਚ ਫਰਾਂਸੀਸਕੋ ਕਹਿੰਦਾ ਹੈ: “30 ਤੋਂ ਜ਼ਿਆਦਾ ਸਾਲਾਂ ਤਾਈਂ ਬਜ਼ੁਰਗ ਵਜੋਂ ਸੇਵਾ ਕਰਨ ਦੇ ਨਾਲ-ਨਾਲ ਮੈਨੂੰ ਹੋਰ ਖ਼ਾਸ ਜ਼ਿੰਮੇਵਾਰੀਆਂ ਨਿਭਾਉਣ ਦਾ ਸਨਮਾਨ ਮਿਲਿਆ ਹੈ। ਸਾਦੀ ਜ਼ਿੰਦਗੀ ਜੀਣ ਦਾ ਸਾਨੂੰ ਇਕ ਪਲ ਵੀ ਪਛਤਾਵਾ ਨਹੀਂ ਹੈ।”

7. ਤੁਸੀਂ ਰੋਮੀਆਂ 12:16 ਵਿਚ ਪਾਈ ਜਾਂਦੀ ਸਲਾਹ ’ਤੇ ਚੱਲਣ ਦੀ ਕਿਵੇਂ ਕੋਸ਼ਿਸ਼ ਕੀਤੀ ਹੈ?

7 ਜੇ ਅਸੀਂ ਦੁਨੀਆਂ ਦੀਆਂ “ਉੱਚੀਆਂ ਗੱਲਾਂ” ਜਾਂ ਚੀਜ਼ਾਂ ਤੋਂ ਧਿਆਨ ਹਟਾ ਕੇ ‘ਨੀਵੀਆਂ’ ਚੀਜ਼ਾਂ ਉੱਤੇ ਧਿਆਨ ਲਾਈਏ, ਤਾਂ ਸਾਨੂੰ ਵੀ ਵਾਢੀ ਦੇ ਕੰਮ ਵਿਚ ਕਈ ਵਾਧੂ ਬਰਕਤਾਂ ਅਤੇ ਸਨਮਾਨ ਮਿਲ ਸਕਦੇ ਹਨ।—ਰੋਮੀ. 12:16; ਮੱਤੀ 4:19, 20; ਲੂਕਾ 18:28-30.

ਸਖ਼ਤ ਮਿਹਨਤ ਕਰਨ ਨਾਲ ਬਰਕਤਾਂ ਮਿਲਦੀਆਂ ਹਨ

8, 9. (ੳ) ਸੰਖੇਪ ਵਿਚ ਯਿਸੂ ਦੇ ਤੋੜਿਆਂ ਦੇ ਬਿਰਤਾਂਤ ਦਾ ਸਾਰ ਦਿਓ। (ਅ) ਇਸ ਬਿਰਤਾਂਤ ਤੋਂ ਖ਼ਾਸ ਕਰਕੇ ਕਿਨ੍ਹਾਂ ਨੂੰ ਹੌਸਲਾ ਮਿਲ ਸਕਦਾ ਹੈ?

8 ਵਾਢੀ ਦੇ ਕੰਮ ਵਿਚ ਪੂਰਾ-ਪੂਰਾ ਹਿੱਸਾ ਲੈਣ ਲਈ ਸਖ਼ਤ ਮਿਹਨਤ ਕਰਨ ਦੀ ਵੀ ਬਹੁਤ ਜ਼ਰੂਰਤ ਹੈ। ਇਹ ਗੱਲ ਯਿਸੂ ਨੇ ਤੋੜਿਆਂ ਦਾ ਬਿਰਤਾਂਤ ਦੇ ਕੇ ਸਮਝਾਈ ਸੀ। * ਇਹ ਬਿਰਤਾਂਤ ਇਕ ਆਦਮੀ ਬਾਰੇ ਹੈ ਜਿਸ ਨੇ ਪਰਦੇਸ ਜਾਣ ਲੱਗਿਆਂ ਆਪਣਾ ਸਾਰਾ ਮਾਲ ਤਿੰਨ ਨੌਕਰਾਂ ਦੇ ਹੱਥਾਂ ਵਿਚ ਸੌਂਪ ਦਿੱਤਾ। ਪਹਿਲੇ ਨੌਕਰ ਨੂੰ ਪੰਜ ਤੋੜੇ ਅਤੇ ਦੂਜੇ ਨੌਕਰ ਨੂੰ ਦੋ ਅਤੇ ਤੀਜੇ ਨੂੰ ਇਕ ਤੋੜਾ ਮਿਲਿਆ। ਮਾਲਕ ਦੇ ਜਾਣ ਤੋਂ ਬਾਅਦ ਪਹਿਲੇ ਦੋ ਨੌਕਰਾਂ ਨੇ ਸਖ਼ਤ ਮਿਹਨਤ ਕੀਤੀ ਅਤੇ ਫ਼ੌਰਨ ਆਪਣੇ ਤੋੜਿਆਂ ਨਾਲ “ਬਣਜ ਬੁਪਾਰ” ਕਰਨ ਲੱਗ ਪਏ। ਪਰ ਤੀਜਾ ਨੌਕਰ “ਆਲਸੀ” ਸੀ। ਉਸ ਨੇ ਜ਼ਮੀਨ ਵਿਚ ਆਪਣਾ ਤੋੜਾ ਦੱਬ ਦਿੱਤਾ। ਮਾਲਕ ਜਦੋਂ ਵਾਪਸ ਆਇਆ, ਤਾਂ ਉਸ ਨੇ ਪਹਿਲੇ ਦੋ ਨੌਕਰਾਂ ਨੂੰ ਇਨਾਮ ਵਜੋਂ ‘ਬਹੁਤ ਸਾਰੀਆਂ’ ਚੀਜ਼ਾਂ ਦਾ ਮੁਖ਼ਤਿਆਰ ਬਣਾ ਦਿੱਤਾ। ਪਰ ਉਸ ਨੇ ਤੀਜੇ ਨੌਕਰ ਨੂੰ ਦਿੱਤਾ ਤੋੜਾ ਵਾਪਸ ਲੈ ਲਿਆ ਅਤੇ ਉਸ ਨੂੰ ਘਰੋਂ ਕੱਢ ਦਿੱਤਾ।—ਮੱਤੀ 25:14-30.

9 ਬਿਨਾਂ ਸ਼ੱਕ ਤੁਸੀਂ ਯਿਸੂ ਦੇ ਬਿਰਤਾਂਤ ਵਿਚਲੇ ਮਿਹਨਤੀ ਨੌਕਰਾਂ ਦੀ ਨਕਲ ਕਰਨੀ ਚਾਹੁੰਦੇ ਹੋ ਅਤੇ ਚੇਲੇ ਬਣਾਉਣ ਦੇ ਕੰਮ ਵਿਚ ਜ਼ਿਆਦਾ ਤੋਂ ਜ਼ਿਆਦਾ ਹਿੱਸਾ ਲੈਣਾ ਚਾਹੁੰਦੇ ਹੋ। ਪਰ ਫੇਰ ਕੀ ਜੇ ਤੁਸੀਂ ਆਪਣੇ ਹਾਲਾਤਾਂ ਕਾਰਨ ਜ਼ਿਆਦਾ ਨਹੀਂ ਕਰ ਪਾ ਰਹੇ ਹੋ? ਸ਼ਾਇਦ ਪੈਸੇ ਦੀ ਤੰਗੀ ਕਰਕੇ ਤੁਹਾਨੂੰ ਜ਼ਿਆਦਾ ਘੰਟੇ ਕੰਮ ਕਰਨਾ ਪੈਂਦਾ ਹੈ ਤਾਂਕਿ ਤੁਸੀਂ ਆਪਣੇ ਪਰਿਵਾਰ ਦਾ ਗੁਜ਼ਾਰਾ ਤੋਰ ਸਕੋ। ਜਾਂ ਸ਼ਾਇਦ ਵਧਦੀ ਉਮਰ ਕਰਕੇ ਤੁਹਾਡੇ ਵਿਚ ਜ਼ਿਆਦਾ ਤਾਕਤ ਨਹੀਂ ਰਹੀ ਤੇ ਸਿਹਤ ਖ਼ਰਾਬ ਰਹਿੰਦੀ ਹੈ। ਜੇ ਇੱਦਾਂ ਹੈ, ਤਾਂ ਤੁਸੀਂ ਤੋੜਿਆਂ ਦੇ ਬਿਰਤਾਂਤ ਤੋਂ ਹੌਸਲਾ ਪਾ ਸਕਦੇ ਹੋ।

10. ਤੋੜਿਆਂ ਦੇ ਬਿਰਤਾਂਤ ਵਿਚਲੇ ਮਾਲਕ ਨੇ ਸਮਝਦਾਰੀ ਕਿਵੇਂ ਦਿਖਾਈ ਅਤੇ ਤੁਹਾਨੂੰ ਕਿਉਂ ਇਸ ਤੋਂ ਹੌਸਲਾ ਮਿਲਦਾ ਹੈ?

10 ਧਿਆਨ ਦਿਓ ਕਿ ਬਿਰਤਾਂਤ ਵਿਚਲੇ ਮਾਲਕ ਨੂੰ ਪਤਾ ਸੀ ਕਿ ਉਸ ਦੇ ਹਰ ਨੌਕਰ ਦੀ ਵੱਖੋ-ਵੱਖਰੀ ਕਾਬਲੀਅਤ ਸੀ। ਉਸ ਨੇ ਇਹ ਸੰਕੇਤ ਉਦੋਂ ਕੀਤਾ ਜਦ ਉਸ ਨੇ “ਹਰੇਕ ਨੂੰ ਉਹ ਦੇ ਗੁਣ [ਕਾਬਲੀਅਤ] ਦੇ ਅਨੁਸਾਰ” ਤੋੜੇ ਦਿੱਤੇ। (ਮੱਤੀ 25:15) ਜਿਵੇਂ ਮਾਲਕ ਨੂੰ ਉਮੀਦ ਸੀ ਪਹਿਲੇ ਨੌਕਰ ਨੇ ਦੂਜੇ ਨਾਲੋਂ ਜ਼ਿਆਦਾ ਕਮਾਈ ਕੀਤੀ। ਪਰ ਮਾਲਕ ਨੇ ਦੋਹਾਂ ਨੌਕਰਾਂ ਦੇ ਜਤਨਾਂ ਨੂੰ ਦੇਖਿਆ ਤੇ ਉਨ੍ਹਾਂ ਨੂੰ “ਚੰਗੇ ਅਤੇ ਮਾਤਬਰ” ਨੌਕਰ ਕਿਹਾ ਅਤੇ ਉਨ੍ਹਾਂ ਨੂੰ ਇੱਕੋ ਜਿਹੇ ਇਨਾਮ ਦਿੱਤੇ। (ਮੱਤੀ 25:21, 23) ਇਸੇ ਤਰ੍ਹਾਂ, ਫ਼ਸਲ ਦਾ ਮਾਲਕ ਯਹੋਵਾਹ ਪਰਮੇਸ਼ੁਰ ਜਾਣਦਾ ਹੈ ਕਿ ਇਹ ਤੁਹਾਡੇ ਹਾਲਾਤਾਂ ਉੱਤੇ ਨਿਰਭਰ ਕਰਦਾ ਹੈ ਕਿ ਤੁਸੀਂ ਉਸ ਦੀ ਸੇਵਾ ਵਿਚ ਕੀ ਕਰ ਸਕਦੇ ਹੋ। ਉਹ ਉਸ ਦੀ ਸੇਵਾ ਵਿਚ ਕੀਤੀ ਤੁਹਾਡੀ ਮਿਹਨਤ ਨੂੰ ਨਜ਼ਰਅੰਦਾਜ਼ ਨਹੀਂ ਕਰੇਗਾ ਅਤੇ ਤੁਹਾਡੀ ਮਿਹਨਤ ਦਾ ਫਲ ਵੀ ਦੇਵੇਗਾ।—ਮਰ. 14:3-9; ਲੂਕਾ 21:1-4 ਪੜ੍ਹੋ।

11. ਸਮਝਾਓ ਕਿ ਔਖੇ ਹਾਲਾਤਾਂ ਵਿਚ ਮਿਹਨਤੀ ਹੋਣ ਕਾਰਨ ਕਿਵੇਂ ਭਰਪੂਰ ਬਰਕਤਾਂ ਮਿਲਦੀਆਂ ਹਨ।

11 ਬ੍ਰਾਜ਼ੀਲ ਵਿਚ ਰਹਿੰਦੀ ਮਸੀਹੀ ਭੈਣ ਸਲਮੀਰਾ ਦੀ ਮਿਸਾਲ ਲੈ ਲਓ। ਉਸ ਦੀ ਮਿਸਾਲ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਦੀ ਸੇਵਾ ਵਿਚ ਮਿਹਨਤੀ ਹੋਣਾ ਇਸ ਗੱਲ ਉੱਤੇ ਨਿਰਭਰ ਨਹੀਂ ਕਰਦਾ ਕਿ ਜ਼ਿੰਦਗੀ ਵਿਚ ਤੁਹਾਡੇ ਹਾਲਾਤ ਠੀਕ-ਠਾਕ ਹੋਣ। ਵੀਹ ਸਾਲ ਪਹਿਲਾਂ, ਸਲਮੀਰਾ ਦਾ ਪਤੀ ਗੋਲੀ ਲੱਗਣ ਨਾਲ ਮਾਰਿਆ ਗਿਆ ਜਦੋਂ ਕੁਝ ਆਦਮੀ ਡਾਕਾ ਮਾਰ ਰਹੇ ਸਨ। ਹੁਣ ਸਲਮੀਰਾ ਇਕੱਲੀ ਨੂੰ ਆਪਣੀਆਂ ਤਿੰਨ ਛੋਟੀਆਂ-ਛੋਟੀਆਂ ਧੀਆਂ ਦੀ ਪਰਵਰਿਸ਼ ਕਰਨੀ ਪੈਣੀ ਸੀ। ਉਸ ਨੂੰ ਕਿਸੇ ਦੇ ਘਰ ਕਈ-ਕਈ ਘੰਟੇ ਕੰਮ ਕਰਨਾ ਪੈਂਦਾ ਸੀ ਅਤੇ ਉਸ ਨੂੰ ਖਚਾਖਚ ਭਰੀ ਬੱਸ ਵਿਚ ਆਉਣ-ਜਾਣਾ ਪੈਂਦਾ ਸੀ। ਇਨ੍ਹਾਂ ਔਖੇ ਹਾਲਾਤਾਂ ਦੇ ਬਾਵਜੂਦ ਉਸ ਨੇ ਆਪਣੇ ਕੰਮਾਂ ਵਿਚ ਫੇਰ-ਬਦਲ ਕੀਤਾ ਤਾਂਕਿ ਉਹ ਰੈਗੂਲਰ ਪਾਇਨੀਅਰਿੰਗ ਕਰ ਸਕੇ। ਬਾਅਦ ਵਿਚ ਉਸ ਦੀਆਂ ਦੋ ਧੀਆਂ ਵੀ ਉਸ ਨਾਲ ਪਾਇਨੀਅਰਿੰਗ ਕਰਨ ਲੱਗ ਪਈਆਂ। ਸਲਮੀਰਾ ਦੱਸਦੀ ਹੈ: “ਸਾਲਾਂ ਦੌਰਾਨ ਮੈਂ 20 ਤੋਂ ਜ਼ਿਆਦਾ ਲੋਕਾਂ ਨੂੰ ਬਾਈਬਲ ਸਟੱਡੀ ਕਰਾਈ ਅਤੇ ਉਹ ਮੇਰੇ ‘ਪਰਿਵਾਰ’ ਦੇ ਮੈਂਬਰ ਬਣ ਗਏ। ਹੁਣ ਤਕ ਉਨ੍ਹਾਂ ਦਾ ਪਿਆਰ ਅਤੇ ਦੋਸਤੀ ਪਾ ਕੇ ਮੈਂ ਬਹੁਤ ਖ਼ੁਸ਼ ਹਾਂ। ਇਹ ਉਹ ਖ਼ਜ਼ਾਨਾ ਹੈ ਜੋ ਕਿਸੇ ਵੀ ਕੀਮਤ ’ਤੇ ਨਹੀਂ ਖ਼ਰੀਦਿਆ ਜਾ ਸਕਦਾ।” ਸੱਚ-ਮੁੱਚ ਫ਼ਸਲ ਦੇ ਮਾਲਕ ਨੇ ਸਲਮੀਰਾ ਨੂੰ ਉਸ ਦੀ ਮਿਹਨਤ ਦਾ ਫਲ ਦਿੱਤਾ ਹੈ!

12. ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਪ੍ਰਚਾਰ ਵਿਚ ਮਿਹਨਤੀ ਹਾਂ?

12 ਜੇ ਤੁਸੀਂ ਜ਼ਿੰਦਗੀ ਦੇ ਮੌਜੂਦਾ ਹਾਲਾਤਾਂ ਕਾਰਨ ਪ੍ਰਚਾਰ ਵਿਚ ਜ਼ਿਆਦਾ ਸਮਾਂ ਨਹੀਂ ਬਿਤਾ ਪਾ ਰਹੇ ਹੋ, ਤਾਂ ਵੀ ਤੁਸੀਂ ਆਪਣੇ ਪ੍ਰਚਾਰ ਦੇ ਕੰਮ ਨੂੰ ਹੋਰ ਅਸਰਕਾਰੀ ਬਣਾ ਕੇ ਵਾਢੀ ਦੇ ਕੰਮ ਵਿਚ ਜ਼ਿਆਦਾ ਹਿੱਸਾ ਪਾ ਸਕਦੇ ਹੋ। ਜਦੋਂ ਤੁਸੀਂ ਹਰ ਹਫ਼ਤੇ ਦੀ ਸੇਵਾ ਸਭਾ ਵਿਚ ਦਿੱਤੇ ਸੁਝਾਵਾਂ ਨੂੰ ਧਿਆਨ ਨਾਲ ਲਾਗੂ ਕਰਦੇ ਹੋ, ਤਾਂ ਤੁਸੀਂ ਪ੍ਰਚਾਰ ਕਰਨ ਦੀ ਆਪਣੀ ਕਾਬਲੀਅਤ ਨੂੰ ਸੁਧਾਰੋਗੇ ਅਤੇ ਪ੍ਰਚਾਰ ਕਰਨ ਦੇ ਨਵੇਂ-ਨਵੇਂ ਮੌਕੇ ਭਾਲੋਗੇ। (2 ਤਿਮੋ. 2:15) ਨਾਲੇ ਜੇ ਹੋ ਸਕੇ, ਗ਼ੈਰ-ਜ਼ਰੂਰੀ ਕੰਮਾਂ ਲਈ ਕੋਈ ਹੋਰ ਸਮਾਂ ਰੱਖੋ ਜਾਂ ਇਹ ਕੰਮ ਨਾ ਹੀ ਕਰੋ ਤਾਂਕਿ ਤੁਸੀਂ ਕਲੀਸਿਯਾ ਦੇ ਪ੍ਰਬੰਧਾਂ ਅਨੁਸਾਰ ਬਾਕਾਇਦਾ ਪ੍ਰਚਾਰ ਵਿਚ ਹਿੱਸਾ ਲੈ ਸਕੋ।—ਕੁਲੁ. 4:5.

13. ਪਰਮੇਸ਼ੁਰ ਦੀ ਸੇਵਾ ਵਿਚ ਮਿਹਨਤੀ ਬਣਨ ਅਤੇ ਬਣੇ ਰਹਿਣ ਲਈ ਸਾਡੇ ਦਿਲ ਵਿਚ ਕੀ ਹੋਣਾ ਸਭ ਤੋਂ ਜ਼ਰੂਰੀ ਹੈ?

13 ਯਾਦ ਰੱਖੋ ਕਿ ਅਸੀਂ ਤਾਂ ਹੀ ਮਿਹਨਤ ਕਰਾਂਗੇ ਜੇ ਸਾਡੇ ਦਿਲ ਵਿਚ ਪਰਮੇਸ਼ੁਰ ਲਈ ਪਿਆਰ ਅਤੇ ਕਦਰ ਹੈ। (ਜ਼ਬੂ. 40:8) ਯਿਸੂ ਦੇ ਬਿਰਤਾਂਤ ਵਿਚਲਾ ਤੀਜਾ ਨੌਕਰ ਆਪਣੇ ਮਾਲਕ ਤੋਂ ਡਰਦਾ ਸੀ ਕਿਉਂਕਿ ਉਸ ਦੇ ਭਾਣੇ ਉਹ ਸਖ਼ਤ ਆਦਮੀ ਸੀ ਜੋ ਉਸ ਤੋਂ ਜ਼ਿਆਦਾ ਕਰਨ ਦੀ ਉਮੀਦ ਰੱਖਦਾ ਸੀ। ਨਤੀਜੇ ਵਜੋਂ, ਨੌਕਰ ਨੇ ਆਪਣੇ ਮਾਲਕ ਦੇ ਤੋੜੇ ਨੂੰ ਵਧਾਉਣ ਦੀ ਬਜਾਇ, ਇਸ ਨੂੰ ਜ਼ਮੀਨ ਵਿਚ ਦੱਬ ਦਿੱਤਾ। ਇਸ ਤਰ੍ਹਾਂ ਦੀ ਲਾਪਰਵਾਹੀ ਤੋਂ ਬਚਣ ਲਈ ਸਾਨੂੰ ਫ਼ਸਲ ਦੇ ਮਾਲਕ ਯਹੋਵਾਹ ਨਾਲ ਚੰਗਾ ਰਿਸ਼ਤਾ ਜੋੜਨ ਅਤੇ ਇਸ ਨੂੰ ਬਰਕਰਾਰ ਰੱਖਣ ਦੀ ਲੋੜ ਹੈ। ਯਹੋਵਾਹ ਦੇ ਮਨ ਭਾਉਂਦੇ ਗੁਣ ਜਿਵੇਂ ਪਿਆਰ, ਧੀਰਜ ਅਤੇ ਦਇਆ ਆਦਿ ਬਾਰੇ ਧਿਆਨ ਨਾਲ ਪੜ੍ਹਨ ਅਤੇ ਇਨ੍ਹਾਂ ਉੱਤੇ ਮਨਨ ਕਰਨ ਲਈ ਸਮਾਂ ਤੈਅ ਕਰੋ। ਇੱਦਾਂ ਕਰਨ ਨਾਲ, ਤੁਸੀਂ ਦਿਲੋਂ ਉਸ ਦੀ ਸੇਵਾ ਵਿਚ ਮਿਹਨਤ ਕਰਨ ਲਈ ਪ੍ਰੇਰਿਤ ਹੋਵੋਗੇ।—ਲੂਕਾ 6:45; ਫ਼ਿਲਿ. 1:9-11.

“ਤੁਸੀਂ ਪਵਿੱਤਰ ਬਣੋ”

14. ਜਿਹੜੇ ਵਾਢੀ ਦੇ ਕਾਮੇ ਬਣਨਾ ਚਾਹੁੰਦੇ ਹਨ, ਉਨ੍ਹਾਂ ਨੂੰ ਕਿਹੜੀ ਮੰਗ ਪੂਰੀ ਕਰਨ ਦੀ ਲੋੜ ਹੈ?

14 ਇਬਰਾਨੀ ਸ਼ਾਸਤਰਾਂ ਦਾ ਹਵਾਲਾ ਦਿੰਦੇ ਹੋਏ ਪਤਰਸ ਰਸੂਲ ਨੇ ਦੱਸਿਆ ਕਿ ਪਰਮੇਸ਼ੁਰ ਧਰਤੀ ਉੱਤੇ ਰਹਿੰਦੇ ਆਪਣੇ ਸੇਵਕਾਂ ਤੋਂ ਕੀ ਚਾਹੁੰਦਾ ਹੈ। ਉਸ ਨੇ ਕਿਹਾ: “ਜਿਵੇਂ ਤੁਹਾਡਾ ਸੱਦਣ ਵਾਲਾ ਪਵਿੱਤਰ ਹੈ ਤੁਸੀਂ ਆਪ ਭੀ ਤਿਵੇਂ ਹੀ ਆਪਣੀ ਸਾਰੀ ਚਾਲ ਵਿੱਚ ਪਵਿੱਤਰ ਬਣੋ। ਕਿਉਂ ਜੋ ਇਹ ਲਿਖਿਆ ਹੋਇਆ ਹੈ ਭਈ ਤੁਸੀਂ ਪਵਿੱਤਰ ਬਣੋ ਇਸ ਲਈ ਜੋ ਮੈਂ ਪਵਿੱਤਰ ਹਾਂ।” (1 ਪਤ. 1:15, 16; ਲੇਵੀ. 19:2; ਬਿਵ. 18:13) ਇਸ ਤੋਂ ਪਤਾ ਲੱਗਦਾ ਹੈ ਕਿ ਵਾਢੀ ਦੇ ਕਾਮਿਆਂ ਨੂੰ ਆਪਣਾ ਚਾਲ-ਚਲਣ ਨੇਕ ਰੱਖਣ ਅਤੇ ਸ਼ੁੱਧ ਭਗਤੀ ਕਰਨ ਦੀ ਲੋੜ ਹੈ। ਇਹ ਮੰਗ ਪੂਰੀ ਕਰਨ ਲਈ ਸਾਨੂੰ ਕੁਝ ਕਦਮ ਚੁੱਕਣ ਦੀ ਲੋੜ ਹੈ ਤਾਂਕਿ ਅਸੀਂ ਸ਼ੁੱਧ ਹੋ ਸਕੀਏ। ਅਸੀਂ ਕਿਵੇਂ ਸ਼ੁੱਧ ਹੋ ਸਕਦੇ ਹਾਂ? ਪਰਮੇਸ਼ੁਰ ਦੇ ਸੱਚੇ ਬਚਨ ਦੀ ਮਦਦ ਨਾਲ।

15. ਪਰਮੇਸ਼ੁਰ ਦੇ ਸੱਚੇ ਬਚਨ ਵਿਚ ਸਾਡੇ ਲਈ ਕੀ ਕਰਨ ਦੀ ਤਾਕਤ ਹੈ?

15 ਪਰਮੇਸ਼ੁਰ ਦੇ ਸੱਚੇ ਬਚਨ ਦੀ ਤੁਲਨਾ ਪਾਣੀ ਨਾਲ ਕੀਤੀ ਗਈ ਹੈ ਜੋ ਸ਼ੁੱਧ ਕਰਦਾ ਹੈ। ਮਿਸਾਲ ਲਈ, ਪੌਲੁਸ ਰਸੂਲ ਨੇ ਲਿਖਿਆ ਕਿ ਪਰਮੇਸ਼ੁਰ ਮਸਹ ਕੀਤੇ ਹੋਏ ਮਸੀਹੀਆਂ ਦੀ ਕਲੀਸਿਯਾ ਨੂੰ ਮਸੀਹ ਦੀ ਪਵਿੱਤਰ ਲਾੜੀ ਵਾਂਗ ਸ਼ੁੱਧ ਸਮਝਦਾ ਹੈ ਜਿਸ ਨੂੰ ਉਸ ਨੇ “ਜਲ ਦੇ ਅਸ਼ਨਾਨ ਤੋਂ ਬਾਣੀ” ਨਾਲ ਸ਼ੁੱਧ ਕੀਤਾ ਤਾਂਕਿ ਉਹ “ਪਵਿੱਤਰ ਅਤੇ ਨਿਰਮਲ ਹੋਵੇ।” (ਅਫ਼. 5:25-27) ਇਸ ਤੋਂ ਪਹਿਲਾਂ ਯਿਸੂ ਨੇ ਵੀ ਕਿਹਾ ਸੀ ਕਿ ਪਰਮੇਸ਼ੁਰ ਦੇ ਬਚਨ ਵਿਚ ਸ਼ੁੱਧ ਕਰਨ ਦੀ ਤਾਕਤ ਹੈ। ਆਪਣੇ ਚੇਲਿਆਂ ਨਾਲ ਗੱਲ ਕਰਦੇ ਹੋਏ ਯਿਸੂ ਨੇ ਕਿਹਾ ਸੀ: “ਤੁਸੀਂ ਤਾਂ ਉਸ ਬਚਨ ਕਰਕੇ ਜੋ ਮੈਂ ਤੁਹਾਨੂੰ ਕਿਹਾ ਹੈ ਸਾਫ਼ ਹੋ ਚੁੱਕੇ।” (ਯੂਹੰ. 15:3) ਇਸ ਲਈ ਪਰਮੇਸ਼ੁਰ ਦੇ ਬਚਨ ਵਿਚ ਐਨੀ ਤਾਕਤ ਹੈ ਕਿ ਇਹ ਨੈਤਿਕ ਤੌਰ ਤੇ ਸ਼ੁੱਧ ਰਹਿਣ ਅਤੇ ਗ਼ਲਤ ਸਿੱਖਿਆਵਾਂ ਤੋਂ ਦੂਰ ਰਹਿਣ ਵਿਚ ਸਾਡੀ ਮਦਦ ਕਰ ਸਕਦਾ ਹੈ। ਜੇ ਅਸੀਂ ਇਸ ਤਰੀਕੇ ਨਾਲ ਪਰਮੇਸ਼ੁਰ ਦੀ ਸੱਚਾਈ ਨਾਲ ਸ਼ੁੱਧ ਹੋਵਾਂਗੇ, ਤਾਂ ਪਰਮੇਸ਼ੁਰ ਸਾਡੀ ਭਗਤੀ ਮਨਜ਼ੂਰ ਕਰੇਗਾ।

16. ਅਸੀਂ ਉਨ੍ਹਾਂ ਕੰਮਾਂ ਨੂੰ ਕਿਵੇਂ ਛੱਡ ਸਕਦੇ ਹਾਂ ਜਿਨ੍ਹਾਂ ਨੂੰ ਪਰਮੇਸ਼ੁਰ ਅਸ਼ੁੱਧ ਸਮਝਦਾ ਹੈ?

16 ਪਰਮੇਸ਼ੁਰ ਦੀ ਫ਼ਸਲ ਦੀ ਵਾਢੀ ਕਰਨ ਵਾਲੇ ਕਾਮੇ ਬਣਨ ਲਈ ਅਸੀਂ ਪਹਿਲਾਂ ਉਨ੍ਹਾਂ ਕੰਮਾਂ ਨੂੰ ਛੱਡਦੇ ਹਾਂ ਜਿਨ੍ਹਾਂ ਨੂੰ ਪਰਮੇਸ਼ੁਰ ਅਸ਼ੁੱਧ ਸਮਝਦਾ ਹੈ। ਹਾਂ, ਇਸ ਸਨਮਾਨ ਦੇ ਲਾਇਕ ਬਣੇ ਰਹਿਣ ਲਈ ਸਾਨੂੰ ਯਹੋਵਾਹ ਦੇ ਉੱਚੇ-ਸੁੱਚੇ ਮਿਆਰਾਂ ਅਨੁਸਾਰ ਚੱਲਣ ਵਿਚ ਮਿਸਾਲੀ ਹੋਣਾ ਚਾਹੀਦਾ ਹੈ। (1 ਪਤਰਸ 1:14-16 ਪੜ੍ਹੋ।) ਅਸੀਂ ਜਿਵੇਂ ਸਰੀਰ ਦੀ ਸਫ਼ਾਈ ਰੱਖਣ ਵੱਲ ਬਾਕਾਇਦਾ ਧਿਆਨ ਦਿੰਦੇ ਹਾਂ, ਉਸੇ ਤਰ੍ਹਾਂ ਸਾਨੂੰ ਆਪਣੇ ਉੱਤੇ ਪਰਮੇਸ਼ੁਰ ਦੇ ਸੱਚੇ ਬਚਨ ਦਾ ਸ਼ੁੱਧ ਅਸਰ ਪੈਣ ਦੇਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਲਈ ਸਾਨੂੰ ਬਾਈਬਲ ਪੜ੍ਹਨ ਅਤੇ ਮਸੀਹੀ ਮੀਟਿੰਗਾਂ ਵਿਚ ਜਾਣ ਦੀ ਲੋੜ ਹੈ। ਇਸ ਦਾ ਇਹ ਵੀ ਮਤਲਬ ਹੈ ਕਿ ਅਸੀਂ ਯਾਦ ਕਰਾਈਆਂ ਜਾਂਦੀਆਂ ਪਰਮੇਸ਼ੁਰ ਦੀਆਂ ਗੱਲਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰੀਏ। ਜੇ ਅਸੀਂ ਇਸ ਤਰ੍ਹਾਂ ਕਰਾਂਗੇ, ਤਾਂ ਅਸੀਂ ਆਪਣੇ ਪਾਪੀ ਝੁਕਾਵਾਂ ਅਤੇ ਇਸ ਦੁਨੀਆਂ ਦੇ ਮਾੜੇ ਅਸਰਾਂ ਦਾ ਸਾਮ੍ਹਣਾ ਕਰ ਸਕਾਂਗੇ। (ਜ਼ਬੂ. 119:9; ਯਾਕੂ. 1:21-25) ਹਾਂ, ਇਹ ਕਿੰਨੇ ਹੌਸਲੇ ਦੇਣ ਵਾਲੀ ਗੱਲ ਹੈ ਕਿ ਅਸੀਂ ਪਰਮੇਸ਼ੁਰ ਦੇ ਸੱਚੇ ਬਚਨ ਦੀ ਮਦਦ ਨਾਲ ਗੰਭੀਰ ਪਾਪਾਂ ਤੋਂ ਵੀ “ਧੋਤੇ” ਜਾ ਸਕਦੇ ਹਾਂ!—1 ਕੁਰਿੰ. 6:9-11.

17. ਸ਼ੁੱਧ ਰਹਿਣ ਲਈ ਸਾਨੂੰ ਬਾਈਬਲ ਦੀ ਕਿਹੜੀ ਸਲਾਹ ਲਾਗੂ ਕਰਨੀ ਚਾਹੀਦੀ ਹੈ?

17 ਕੀ ਤੁਸੀਂ ਪਰਮੇਸ਼ੁਰ ਦੇ ਸੱਚੇ ਬਚਨ ਨੂੰ ਆਪਣੀ ਜ਼ਿੰਦਗੀ ਉੱਤੇ ਅਸਰ ਕਰਨ ਦਿੰਦੇ ਹੋ? ਮਿਸਾਲ ਲਈ, ਤੁਸੀਂ ਕੀ ਕਰਦੇ ਹੋ ਜਦੋਂ ਤੁਹਾਨੂੰ ਇਸ ਦੁਨੀਆਂ ਦੇ ਮਾੜੇ ਮਨੋਰੰਜਨ ਦੇ ਖ਼ਤਰੇ ਤੋਂ ਚੌਕਸ ਰਹਿਣ ਲਈ ਕਿਹਾ ਜਾਂਦਾ ਹੈ? (ਜ਼ਬੂ. 101:3) ਕੀ ਤੁਸੀਂ ਆਪਣੇ ਨਾਲ ਪੜ੍ਹਨ ਵਾਲਿਆਂ ਅਤੇ ਕੰਮ ਕਰਨ ਵਾਲਿਆਂ ਨਾਲ ਬਿਨਾਂ ਮਤਲਬ ਦੇ ਮਿਲਣ-ਜੁਲਣ ਤੋਂ ਪਰਹੇਜ਼ ਕਰਦੇ ਹੋ ਜੋ ਤੁਹਾਡੇ ਵਾਂਗ ਵਿਸ਼ਵਾਸ ਨਹੀਂ ਕਰਦੇ? (1 ਕੁਰਿੰ. 15:33) ਕੀ ਤੁਸੀਂ ਆਪਣੀਆਂ ਊਣਤਾਈਆਂ ਨੂੰ ਦੂਰ ਕਰਨ ਦੀ ਦਿਲੋਂ ਕੋਸ਼ਿਸ਼ ਕਰਦੇ ਹੋ ਜਿਨ੍ਹਾਂ ਕਾਰਨ ਤੁਸੀਂ ਯਹੋਵਾਹ ਦੀਆਂ ਨਜ਼ਰਾਂ ਵਿਚ ਅਸ਼ੁੱਧ ਹੋ ਸਕਦੇ ਹੋ? (ਕੁਲੁ. 3:5) ਕੀ ਤੁਸੀਂ ਇਸ ਦੁਨੀਆਂ ਦੇ ਸਿਆਸੀ ਵਾਦ-ਵਿਵਾਦਾਂ ਅਤੇ ਦੇਸ਼ਭਗਤੀ ਦੀ ਭਾਵਨਾ ਤੋਂ ਦੂਰ ਰਹਿੰਦੇ ਹੋ ਜੋ ਖੇਡ-ਮੁਕਾਬਲਿਆਂ ਵਿਚ ਸਾਫ਼ ਨਜ਼ਰ ਆਉਂਦੀ ਹੈ?—ਯਾਕੂ. 4:4.

18. ਨੈਤਿਕ ਤੌਰ ਤੇ ਅਤੇ ਝੂਠੀਆਂ ਸਿੱਖਿਆਵਾਂ ਤੋਂ ਸ਼ੁੱਧ ਰਹਿਣ ਨਾਲ ਸਾਨੂੰ ਕਿਵੇਂ ਫਲਦਾਇਕ ਕਾਮੇ ਬਣਨ ਵਿਚ ਮਦਦ ਮਿਲੇਗੀ?

18 ਇਨ੍ਹਾਂ ਮਾਮਲਿਆਂ ਵਿਚ ਵਫ਼ਾਦਾਰ ਰਹਿਣ ਨਾਲ ਚੰਗੇ ਨਤੀਜੇ ਨਿਕਲਣਗੇ। ਆਪਣੇ ਮਸਹ ਕੀਤੇ ਹੋਏ ਚੇਲਿਆਂ ਦੀ ਤੁਲਨਾ ਅੰਗੂਰੀ ਵੇਲ ਦੀਆਂ ਟਹਿਣੀਆਂ ਨਾਲ ਕਰਦੇ ਹੋਏ ਯਿਸੂ ਨੇ ਕਿਹਾ: ‘ਹਰੇਕ ਟਹਿਣੀ ਜਿਹੜੀ ਮੇਰੇ ਵਿੱਚ ਹੈ ਅਰ ਫਲ ਨਹੀਂ ਦਿੰਦੀ ਮੇਰਾ ਪਿਤਾ ਉਸ ਨੂੰ ਲਾਹ ਸੁੱਟਦਾ ਹੈ ਅਤੇ ਹਰੇਕ ਜੋ ਫਲ ਦਿੰਦੀ ਹੈ ਉਹ ਉਸ ਨੂੰ ਛਾਂਗਦਾ ਹੈ ਤਾਂ ਜੋ ਹੋਰ ਵੀ ਫਲ ਦੇਵੇ।’ (ਯੂਹੰ. 15:2) ਜਦੋਂ ਅਸੀਂ ਬਾਈਬਲ ਦੀ ਸੱਚਾਈ ਦੇ ਸ਼ੁੱਧ ਪਾਣੀ ਨਾਲ ਆਪਣੇ ਆਪ ਨੂੰ ਸਾਫ਼ ਕਰਦੇ ਹਾਂ, ਤਾਂ ਅਸੀਂ ਪਹਿਲਾਂ ਨਾਲੋਂ ਜ਼ਿਆਦਾ ਫਲ ਪੈਦਾ ਕਰਾਂਗੇ।

ਹੁਣ ਅਤੇ ਭਵਿੱਖ ਵਿਚ ਬਰਕਤਾਂ

19. ਵਾਢੀ ਦੇ ਕਾਮਿਆਂ ਵਜੋਂ ਯਿਸੂ ਦੇ ਚੇਲਿਆਂ ਨੂੰ ਕਿਹੜੀਆਂ ਬਰਕਤਾਂ ਮਿਲੀਆਂ?

19 ਜਿਹੜੇ ਵਫ਼ਾਦਾਰ ਚੇਲਿਆਂ ਨੇ ਯਿਸੂ ਤੋਂ ਸਿੱਖਿਆ ਲਈ ਸੀ, ਉਨ੍ਹਾਂ ਨੂੰ ਪੰਤੇਕੁਸਤ 33 ਈਸਵੀ ਨੂੰ ਪਵਿੱਤਰ ਸ਼ਕਤੀ ਦੇ ਜ਼ਰੀਏ ਤਾਕਤ ਮਿਲੀ ਤਾਂਕਿ ਉਹ “ਧਰਤੀ ਦੇ ਬੰਨੇ ਤੀਕੁਰ” ਗਵਾਹ ਹੋਣ। (ਰਸੂ. 1:8) ਬਾਅਦ ਵਿਚ ਉਹ ਪ੍ਰਬੰਧਕ ਸਭਾ ਦੇ ਮੈਂਬਰਾਂ, ਮਿਸ਼ਨਰੀਆਂ ਅਤੇ ਸਫ਼ਰੀ ਨਿਗਾਹਬਾਨਾਂ ਵਜੋਂ ਸੇਵਾ ਕਰਨ ਲੱਗ ਪਏ ਅਤੇ ਉਨ੍ਹਾਂ ਨੇ “ਅਕਾਸ਼ ਹੇਠਲੀ ਸਾਰੀ ਸਰਿਸ਼ਟ ਵਿੱਚ” ਖ਼ੁਸ਼ ਖ਼ਬਰੀ ਫੈਲਾਉਣ ਵਿਚ ਅਹਿਮ ਰੋਲ ਅਦਾ ਕੀਤਾ। (ਕੁਲੁ. 1:23) ਉਨ੍ਹਾਂ ਨੂੰ ਕਿੰਨੀਆਂ ਬਰਕਤਾਂ ਮਿਲੀਆਂ ਅਤੇ ਉਨ੍ਹਾਂ ਨੇ ਹੋਰਨਾਂ ਨੂੰ ਕਿੰਨਾ ਖ਼ੁਸ਼ ਕੀਤਾ!

20. (ੳ) ਵਾਢੀ ਦੇ ਕੰਮ ਵਿਚ ਪੂਰਾ-ਪੂਰਾ ਹਿੱਸਾ ਪਾਉਣ ਨਾਲ ਤੁਹਾਨੂੰ ਕਿਹੜੀਆਂ ਬਰਕਤਾਂ ਮਿਲੀਆਂ ਹਨ? (ਅ) ਤੁਸੀਂ ਕੀ ਕਰਨ ਦੀ ਠਾਣੀ ਹੈ?

20 ਜੀ ਹਾਂ, ਨਿਮਰ ਹੋਣ, ਮਿਹਨਤੀ ਹੋਣ ਅਤੇ ਪਰਮੇਸ਼ੁਰ ਦੇ ਬਚਨ ਦੇ ਉੱਚੇ-ਸੁੱਚੇ ਮਿਆਰਾਂ ਉੱਤੇ ਚੱਲਣ ਨਾਲ ਅਸੀਂ ਵਾਢੀ ਦੇ ਵੱਡੇ ਕੰਮ ਵਿਚ ਪੂਰਾ-ਪੂਰਾ ਹਿੱਸਾ ਲੈਂਦੇ ਰਹਾਂਗੇ। ਅੱਜ ਦੁਨੀਆਂ ਵਿਚ ਕਈ ਲੋਕ ਪੈਸੇ ਤੇ ਮੌਜ-ਮਸਤੀ ਭਰੀ ਜ਼ਿੰਦਗੀ ਜੀਉਣ ਕਾਰਨ ਦੁਖੀ ਅਤੇ ਮਾਯੂਸ ਹਨ, ਪਰ ਅਸੀਂ ਖ਼ੁਸ਼ ਅਤੇ ਸੰਤੁਸ਼ਟ ਹਾਂ। (ਜ਼ਬੂ. 126:6) ਸਭ ਤੋਂ ਜ਼ਰੂਰੀ ਗੱਲ ਤਾਂ ਇਹ ਹੈ ਕਿ ‘ਪ੍ਰਭੁ ਵਿੱਚ ਸਾਡੀ ਮਿਹਨਤ ਥੋਥੀ ਨਹੀਂ ਹੈ।’ (1 ਕੁਰਿੰ. 15:58) ਫ਼ਸਲ ਦਾ ਮਾਲਕ ਯਹੋਵਾਹ ਪਰਮੇਸ਼ੁਰ ‘ਸਾਡੇ ਕੰਮ ਅਤੇ ਉਸ ਪ੍ਰੇਮ’ ਕਾਰਨ ਸਾਨੂੰ ਹਮੇਸ਼ਾ ਬਰਕਤਾਂ ਦਿੰਦਾ ਰਹੇਗਾ ‘ਜਿਹੜਾ ਅਸਾਂ ਉਹ ਦੇ ਨਾਮ ਨਾਲ ਵਿਖਾਉਂਦੇ ਹਾਂ।’—ਇਬ. 6:10-12.

[ਫੁਟਨੋਟ]

^ ਪੈਰਾ 8 ਤੋੜਿਆਂ ਦਾ ਬਿਰਤਾਂਤ ਮੁੱਖ ਤੌਰ ਤੇ ਯਿਸੂ ਦੇ ਮਸਹ ਕੀਤੇ ਹੋਏ ਚੇਲਿਆਂ ਬਾਰੇ ਹੈ ਕਿ ਉਹ ਉਨ੍ਹਾਂ ਨਾਲ ਕਿਵੇਂ ਪੇਸ਼ ਆਉਂਦਾ ਹੈ, ਪਰ ਇਸ ਵਿਚਲੇ ਸਿਧਾਂਤ ਸਾਰੇ ਮਸੀਹੀਆਂ ਉੱਤੇ ਲਾਗੂ ਹੁੰਦੇ ਹਨ।

ਕੀ ਤੁਹਾਨੂੰ ਯਾਦ ਹੈ?

ਜਿਉਂ-ਜਿਉਂ ਤੁਸੀਂ ਵਾਢੀ ਦੇ ਕੰਮ ਵਿਚ ਪੂਰਾ ਹਿੱਸਾ ਪਾਉਣ ਦੀ ਕੋਸ਼ਿਸ਼ ਕਰਦੇ ਹੋ . . .

• ਨਿਮਰਤਾ ਦਿਖਾਉਣੀ ਕਿਉਂ ਜ਼ਰੂਰੀ ਹੈ?

• ਤੁਸੀਂ ਮਿਹਨਤੀ ਕਿਵੇਂ ਬਣ ਸਕਦੇ ਹੋ ਅਤੇ ਬਣੇ ਰਹਿ ਸਕਦੇ ਹੋ?

• ਨੈਤਿਕ ਤੌਰ ਤੇ ਸ਼ੁੱਧ ਅਤੇ ਝੂਠੀਆਂ ਸਿੱਖਿਆਵਾਂ ਤੋਂ ਦੂਰ ਰਹਿਣਾ ਕਿਉਂ ਜ਼ਰੂਰੀ ਹੈ?

[ਸਵਾਲ]

[ਸਫ਼ਾ 17 ਉੱਤੇ ਤਸਵੀਰ]

ਨਿਮਰਤਾ ਸਾਦੀ ਜ਼ਿੰਦਗੀ ਜੀਉਣ ਵਿਚ ਮਦਦ ਕਰ ਸਕਦੀ ਹੈ ਜਿਸ ਵਿਚ ਰਾਜ ਦੇ ਕੰਮ ਪਹਿਲਾਂ ਆਉਂਦੇ ਹਨ