Skip to content

Skip to table of contents

ਖੁੱਲ੍ਹਾ ਸੱਦਾ!

ਖੁੱਲ੍ਹਾ ਸੱਦਾ!

ਖੁੱਲ੍ਹਾ ਸੱਦਾ!

ਕਿਸ ਵਾਸਤੇ ਖੁੱਲ੍ਹਾ ਸੱਦਾ? ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸਾਂ ਨੂੰ ਦੇਖਣ ਦਾ ਸੱਦਾ ਜਿਨ੍ਹਾਂ ਨੂੰ ਆਮ ਤੌਰ ਤੇ ਬੈਥਲ ਕਿਹਾ ਜਾਂਦਾ ਹੈ। ਵੱਖੋ-ਵੱਖਰੇ ਦੇਸ਼ਾਂ ਵਿਚ ਅਜਿਹੇ 118 ਕੇਂਦਰ ਹਨ। ਬੈਥਲ ਦੇਖਣ ਆਉਣ ਵਾਲੇ ਅਕਸਰ ਦਿਲੋਂ ਕਦਰਦਾਨੀ ਜ਼ਾਹਰ ਕਰਦੇ ਹਨ ਜਦੋਂ ਉਹ ਦੇਖਦੇ ਹਨ ਕਿ ਇੱਥੇ ਕਿੰਨਾ ਕੁਝ ਹੋ ਰਿਹਾ ਹੈ।

ਬਾਈਬਲ ਦਾ ਅਧਿਐਨ ਕਰ ਰਿਹਾ ਇਕ ਨੌਜਵਾਨ ਬਹੁਤ ਪ੍ਰਭਾਵਿਤ ਹੋਇਆ ਜਦੋਂ ਉਸ ਨੇ ਮੈਕਸੀਕੋ ਦੇ ਬ੍ਰਾਂਚ ਆਫ਼ਿਸ ਵਿਚ ਮਿਹਨਤੀ ਭੈਣਾਂ-ਭਰਾਵਾਂ ਨੂੰ ਖ਼ੁਸ਼ੀ-ਖ਼ੁਸ਼ੀ ਯਹੋਵਾਹ ਦੀ ਸੇਵਾ ਕਰਦਿਆਂ ਦੇਖਿਆ। ਇਸ ਲਈ ਉਸ ਨੇ ਪੁੱਛਿਆ: “ਇੱਥੇ ਰਹਿ ਕੇ ਕੰਮ ਕਰਨ ਲਈ ਮੈਨੂੰ ਕੀ ਕਰਨਾ ਪਵੇਗਾ?” ਉਸ ਨੂੰ ਕਿਹਾ ਗਿਆ: “ਪਹਿਲਾਂ ਤੁਹਾਨੂੰ ਬਪਤਿਸਮਾ ਲੈਣ ਦੀ ਲੋੜ ਹੈ। ਉਸ ਤੋਂ ਬਾਅਦ ਚੰਗਾ ਹੋਵੇਗਾ ਕਿ ਤੁਸੀਂ ਪਾਇਨੀਅਰਿੰਗ ਯਾਨੀ ਫੁੱਲ-ਟਾਈਮ ਪ੍ਰਚਾਰ ਕਰੋ।” ਉਸ ਨੌਜਵਾਨ ਨੇ ਇਸੇ ਤਰ੍ਹਾਂ ਕੀਤਾ ਅਤੇ ਦੋ ਸਾਲਾਂ ਬਾਅਦ ਉਸ ਨੂੰ ਮੈਕਸੀਕੋ ਬੈਥਲ ਆਉਣ ਦਾ ਸੱਦਾ ਮਿਲਿਆ ਜਿੱਥੇ ਉਹ ਹੁਣ 20 ਸਾਲਾਂ ਤੋਂ ਸੇਵਾ ਕਰ ਰਿਹਾ ਹੈ।

ਬੈਥਲ ਕੀ ਹੈ?

ਇਬਰਾਨੀ ਭਾਸ਼ਾ ਵਿਚ “ਬੈਤਏਲ” ਜਾਂ ਬੈਥਲ ਦਾ ਮਤਲਬ ਹੈ “ਪਰਮੇਸ਼ੁਰ ਦਾ ਘਰ।” (ਉਤ. 28:19) ਸੰਸਾਰ ਭਰ ਵਿਚ ਯਹੋਵਾਹ ਦੇ ਗਵਾਹਾਂ ਦੀਆਂ 1,00,000 ਤੋਂ ਵੀ ਜ਼ਿਆਦਾ ਕਲੀਸਿਯਾਵਾਂ ਨੂੰ ਪਰਮੇਸ਼ੁਰ ਦਾ ਗਿਆਨ ਮੁਹੱਈਆ ਕਰਾਉਣ ਲਈ ਬ੍ਰਾਂਚ ਆਫ਼ਿਸਾਂ ਵਿਚ ਬਾਈਬਲਾਂ ਅਤੇ ਬਾਈਬਲ-ਆਧਾਰਿਤ ਪ੍ਰਕਾਸ਼ਨ ਛਾਪੇ ਜਾਂਦੇ ਹਨ। ਵੱਖੋ-ਵੱਖਰੇ ਤਬਕਿਆਂ ਅਤੇ ਸਭਿਆਚਾਰਾਂ ਦੇ ਤਕਰੀਬਨ 20,000 ਆਦਮੀ-ਔਰਤਾਂ ਬੈਥਲ ਵਿਚ ਬਿਨਾਂ ਕਿਸੇ ਸੁਆਰਥ ਦੇ ਸਾਰਾ-ਸਾਰਾ ਦਿਨ ਤਨ-ਮਨ ਲਾ ਕੇ ਯਹੋਵਾਹ ਅਤੇ ਆਪਣੇ ਮਸੀਹੀ ਭੈਣਾਂ-ਭਰਾਵਾਂ ਦੀ ਸੇਵਾ ਕਰਦੇ ਹਨ। ਜਿਹੜੇ ਕਈ ਸਾਲਾਂ ਤੋਂ ਇਹ ਕੰਮ ਕਰ ਰਹੇ ਹਨ, ਉਹ ਫੁਰਤੀਲੇ ਨੌਜਵਾਨਾਂ ਨਾਲ ਮਿਲ ਕੇ ਸੇਵਾ ਕਰਦੇ ਹਨ। ਸ਼ਾਮਾਂ ਨੂੰ ਅਤੇ ਵੀਕ-ਐਂਡ ਤੇ ਬੈਥਲ ਪਰਿਵਾਰਾਂ ਦੇ ਮੈਂਬਰ ਯਹੋਵਾਹ ਦੇ ਗਵਾਹਾਂ ਦੀਆਂ ਨੇੜੇ-ਤੇੜੇ ਦੀਆਂ ਕਲੀਸਿਯਾਵਾਂ ਨਾਲ ਸੰਗਤ ਕਰਦੇ ਹਨ ਤੇ ਉਨ੍ਹਾਂ ਨਾਲ ਪ੍ਰਚਾਰ ਦਾ ਕੰਮ ਕਰਦੇ ਹਨ। ਉਹ ਵਿਹਲੇ ਸਮੇਂ ਵਿਚ ਬਾਈਬਲ ਦਾ ਅਧਿਐਨ, ਮਨੋਰੰਜਨ ਅਤੇ ਆਪਣੇ ਹੋਰ ਨਿੱਜੀ ਕੰਮ-ਕਾਰ ਕਰਦੇ ਹਨ।

ਬੈਥਲ ਪਰਿਵਾਰ ਦੇ ਮੈਂਬਰਾਂ ਨੂੰ ਜੇਬ-ਖ਼ਰਚ ਲਈ ਹਰ ਮਹੀਨੇ ਥੋੜ੍ਹੇ ਜਿਹੇ ਪੈਸੇ ਮਿਲਦੇ ਹਨ। ਉਹ ਸੁਆਦਲਾ ਅਤੇ ਪੌਸ਼ਟਿਕ ਭੋਜਨ ਖਾਂਦੇ ਹਨ ਤੇ ਸਾਫ਼-ਸੁਥਰੇ ਆਰਾਮਦਾਇਕ ਕਮਰਿਆਂ ਵਿਚ ਰਹਿੰਦੇ ਹਨ। ਬੈਥਲ ਕੋਈ ਸ਼ਾਹੀ ਠਾਠ-ਬਾਠ ਵਾਲਾ ਥਾਂ ਨਹੀਂ ਹੈ, ਪਰ ਬੜੇ ਕੰਮ ਦਾ ਥਾਂ ਹੈ। ਬੈਥਲ ਦੇਖਣ ਆਉਣ ਵਾਲੇ ਬਹੁਤ ਪ੍ਰਭਾਵਿਤ ਹੁੰਦੇ ਹਨ ਜਦੋਂ ਉਹ ਇਨ੍ਹਾਂ ਵਧੀਆ ਇਮਾਰਤਾਂ, ਬਗ਼ੀਚਿਆਂ ਅਤੇ ਸੰਸਥਾ ਵਿਚ ਠੀਕ ਢੰਗ ਨਾਲ ਹੋ ਰਹੇ ਕੰਮ ਨੂੰ ਦੇਖਦੇ ਹਨ। ਉਹ ਇਹ ਵੀ ਦੇਖ ਕੇ ਪ੍ਰਭਾਵਿਤ ਹੁੰਦੇ ਹਨ ਕਿ ਭੈਣ-ਭਰਾ ਆਪਸ ਵਿਚ ਕਿੱਦਾਂ ਪਿਆਰ ਨਾਲ ਮਿਲ-ਜੁਲ ਕੇ ਕੰਮ ਕਰਦੇ ਹਨ। ਸਾਰੇ ਜਣੇ ਲਗਨ ਨਾਲ ਕੰਮ ਕਰਦੇ ਹਨ, ਪਰ ਇੰਨੇ ਵੀ ਰੁੱਝੇ ਹੋਏ ਨਹੀਂ ਕਿ ਉਨ੍ਹਾਂ ਕੋਲ ਕਿਸੇ ਨਾਲ ਗੱਲ ਕਰਨ ਦਾ ਵਿਹਲ ਨਹੀਂ। ਬੈਥਲ ਵਿਚ ਊਚ-ਨੀਚ ਨਹੀਂ ਕੀਤੀ ਜਾਂਦੀ ਤੇ ਨਾ ਹੀ ਆਪਣੇ ਕੰਮ ਕਰਕੇ ਕੋਈ ਦੂਸਰਿਆਂ ਨਾਲੋਂ ਆਪਣੇ ਆਪ ਨੂੰ ਵੱਡਾ ਸਮਝਦਾ ਹੈ। ਸਾਰੇ ਕੰਮ ਬਹੁਤ ਅਹਿਮ ਹਨ ਭਾਵੇਂ ਉਹ ਸਫ਼ਾਈ, ਬਗ਼ੀਚੇ, ਰਸੋਈ ਜਾਂ ਕਾਰਖ਼ਾਨੇ ਜਾਂ ਦਫ਼ਤਰ ਦਾ ਕੰਮ ਹੋਵੇ। ਬੈਥਲ ਵਿਚ ਸੇਵਾ ਕਰਨ ਵਾਲਿਆਂ ਨੂੰ ਬੈਥਲਾਈਟਸ ਕਿਹਾ ਜਾਂਦਾ ਹੈ ਅਤੇ ਯਹੋਵਾਹ ਦੇ ਗਵਾਹਾਂ ਦੀ ਸੇਵਕਾਈ ਦਾ ਸਮਰਥਨ ਕਰਨ ਲਈ ਟੀਮ ਵਜੋਂ ਕੰਮ ਕਰਦੇ ਹਨ।—ਕੁਲੁ. 3:23.

ਆਓ ਬੈਥਲ ਦੇ ਕੁਝ ਭੈਣਾਂ-ਭਰਾਵਾਂ ਨੂੰ ਮਿਲੋ

ਆਓ ਆਪਾਂ ਇਸ ਅੰਤਰਰਾਸ਼ਟਰੀ ਪਰਿਵਾਰ ਦੇ ਕੁਝ ਮੈਂਬਰਾਂ ਨੂੰ ਮਿਲੀਏ। ਉਨ੍ਹਾਂ ਨੂੰ ਕਿਸ ਗੱਲ ਨੇ ਬੈਥਲ ਵਿਚ ਸੇਵਾ ਕਰਨ ਲਈ ਪ੍ਰੇਰਿਆ? ਮਾਰੀਓ ਨੂੰ ਮਿਲੋ। ਯਹੋਵਾਹ ਦਾ ਗਵਾਹ ਬਣਨ ਵੇਲੇ ਮਾਰੀਓ ਜਰਮਨ ਗੱਡੀਆਂ ਦੀ ਇਕ ਮਸ਼ਹੂਰ ਕੰਪਨੀ ਵਿਚ ਵਧੀਆ ਨੌਕਰੀ ਕਰਦਾ ਸੀ ਤੇ ਉਸ ਕੋਲ ਤਰੱਕੀ ਦੀਆਂ ਪੌੜੀਆਂ ਚੜ੍ਹਨ ਦਾ ਮੌਕਾ ਸੀ। ਬਪਤਿਸਮਾ ਲੈਣ ਤੋਂ ਥੋੜ੍ਹੀ ਹੀ ਦੇਰ ਬਾਅਦ ਉਸ ਨੇ ਜਰਮਨੀ ਦੇ ਬੈਥਲ ਵਿਚ ਇਕ ਹਫ਼ਤਾ ਕੰਮ ਕੀਤਾ। ਉਸ ਨੂੰ ਪ੍ਰਿੰਟਰੀ ਵਿਚ ਕੁਝ ਕੰਮ ਕਰਨ ਲਈ ਦਿੱਤਾ ਗਿਆ। ਮਾਰੀਓ ਨੇ ਦੇਖਿਆ ਕਿ ਬੈਥਲ ਵਿਚ ਕੰਮ ਕਰਨ ਵਾਲੇ ਭੈਣ-ਭਰਾਵਾਂ ਅਤੇ ਉਸ ਨਾਲ ਨੌਕਰੀ ਕਰਨ ਵਾਲਿਆਂ ਵਿਚ ਜ਼ਮੀਨ-ਆਸਮਾਨ ਦਾ ਫ਼ਰਕ ਸੀ। ਇਸ ਲਈ ਉਸ ਨੇ ਬੈਥਲ ਵਿਚ ਫੁੱਲ-ਟਾਈਮ ਸੇਵਾ ਕਰਨ ਲਈ ਅਰਜ਼ੀ ਭਰੀ। ਭਾਵੇਂ ਕਿ ਉਸ ਦੇ ਕਈ ਰਿਸ਼ਤੇਦਾਰਾਂ ਅਤੇ ਸਹਿਕਰਮੀਆਂ ਨੂੰ ਸਮਝ ਨਹੀਂ ਆਈ ਕਿ ਉਸ ਨੇ ਇਹ ਫ਼ੈਸਲਾ ਕਿਉਂ ਕੀਤਾ, ਪਰ ਮਾਰੀਓ ਹੁਣ ਖ਼ੁਸ਼ੀ-ਖ਼ੁਸ਼ੀ ਜਰਮਨੀ ਦੇ ਬੈਥਲ ਵਿਚ ਕੰਮ ਕਰ ਰਿਹਾ ਹੈ।

ਬੈਥਲ ਵਿਚ ਸੇਵਾ ਕਰਨ ਆਉਣ ਵਾਲੇ ਕਈ ਭੈਣ-ਭਰਾ ਜ਼ਿਆਦਾ ਪੜ੍ਹੇ-ਲਿਖੇ ਨਹੀਂ ਹੁੰਦੇ ਜਾਂ ਉਨ੍ਹਾਂ ਵਿਚ ਕੋਈ ਖ਼ਾਸ ਹੁਨਰ ਨਹੀਂ ਹੁੰਦੇ। ਏਬਲ ਬਾਰੇ ਇਹ ਗੱਲ ਸੱਚ ਸੀ ਜੋ ਮੈਕਸੀਕੋ ਦੇ ਬੈਥਲ ਵਿਚ 15 ਸਾਲਾਂ ਤੋਂ ਸੇਵਾ ਕਰ ਰਿਹਾ ਹੈ। ਉਸ ਨੇ ਕਿਹਾ ਕਿ “ਬੈਥਲ ਵਿਚ ਆ ਕੇ ਮੈਂ ਬਹੁਤ ਕੁਝ ਸਿੱਖਿਆ ਹੈ। ਮੈਂ ਇਕ ਬਹੁਤ ਹੀ ਗੁੰਝਲਦਾਰ ਪ੍ਰਿੰਟਿੰਗ ਪ੍ਰੈੱਸ ਚਲਾਉਣੀ ਸਿੱਖੀ ਹੈ। ਮੈਂ ਜਾਣਦਾ ਹਾਂ ਕਿ ਬੈਥਲ ਤੋਂ ਬਾਹਰ ਮੈਂ ਇਸ ਜਾਣਕਾਰੀ ਨਾਲ ਬਹੁਤ ਪੈਸਾ ਕਮਾ ਸਕਦਾ ਹਾਂ, ਪਰ ਮੈਨੂੰ ਇੱਥੇ ਮਨ ਦੀ ਸ਼ਾਂਤੀ ਮਿਲਦੀ ਹੈ, ਕਿਸੇ ਗੱਲ ਦੀ ਚਿੰਤਾ ਨਹੀਂ ਹੈ ਤੇ ਨਾ ਹੀ ਇੱਥੇ ਮੁਕਾਬਲੇਬਾਜ਼ੀ ਹੁੰਦੀ ਹੈ ਜਿਵੇਂ ਹੋਰ ਕਾਰੋਬਾਰੀ ਥਾਵਾਂ ਤੇ ਹੁੰਦੀ ਹੈ। ਇਹ ਸਭ ਕੁਝ ਮੈਨੂੰ ਹੋਰ ਕਿਤੇ ਨਹੀਂ ਮਿਲ ਸਕਦਾ। ਮੇਰੇ ਖ਼ਿਆਲ ਵਿਚ ਮੈਨੂੰ ਸਭ ਤੋਂ ਵਧੀਆ ਸਿੱਖਿਆ ਮਿਲੀ ਹੈ ਜਿਸ ਕਰਕੇ ਮੇਰੀ ਨਿਹਚਾ ਤਕੜੀ ਹੋਈ ਅਤੇ ਕੰਮ ਬਾਰੇ ਗਿਆਨ ਵੀ ਵਧਿਆ ਹੈ। ਇਹ ਲਾਭ ਮੈਨੂੰ ਸਭ ਤੋਂ ਵਧੀਆ ਯੂਨੀਵਰਸਿਟੀ ਵਿਚ ਵੀ ਨਹੀਂ ਮਿਲ ਸਕਦੇ ਸਨ।”

ਬੈਥਲ ਜਾ ਕੇ ਹੌਸਲਾ-ਅਫ਼ਜ਼ਾਈ ਹੋ ਸਕਦੀ

ਬੈਥਲ ਦੇਖ ਕੇ ਇਕ ਵਿਅਕਤੀ ਦਾ ਪਰਮੇਸ਼ੁਰ ਨਾਲ ਰਿਸ਼ਤਾ ਮਜ਼ਬੂਤ ਹੋ ਸਕਦਾ ਹੈ। ਮੈਕਸੀਕੋ ਵਿਚ ਓਮਾਰ ਨਾਲ ਇਸੇ ਤਰ੍ਹਾਂ ਹੋਇਆ। ਉਸ ਦੀ ਮਾਂ ਨੇ ਉਸ ਨੂੰ ਬਾਈਬਲ ਦੀਆਂ ਸੱਚਾਈਆਂ ਸਿਖਾਈਆਂ ਸਨ। ਪਰ 17 ਸਾਲ ਦੀ ਉਮਰ ਵਿਚ ਓਮਾਰ ਮਸੀਹੀ ਸਭਾਵਾਂ ਵਿਚ ਜਾਣ ਅਤੇ ਪ੍ਰਚਾਰ ਕਰਨ ਤੋਂ ਹਟ ਗਿਆ। ਫਿਰ ਉਹ ਬੁਰੇ ਕੰਮਾਂ ਵਿਚ ਪੈ ਗਿਆ ਅਤੇ ਪੈਸੇ ਦੇ ਮਗਰ ਲੱਗ ਗਿਆ। ਬਾਅਦ ਵਿਚ ਜਦੋਂ ਓਮਾਰ ਇਕ ਟੈਲੀਫ਼ੋਨ ਕੰਪਨੀ ਲਈ ਕੰਮ ਕਰ ਰਿਹਾ ਸੀ, ਤਾਂ ਉਹ ਕੰਪਨੀ ਵੱਲੋਂ ਇਕ ਗਰੁੱਪ ਨਾਲ ਮੈਕਸੀਕੋ ਦੇ ਬੈਥਲ ਵਿਚ ਕੁਝ ਸਾਮਾਨ ਦਿਖਾਉਣ ਗਿਆ। ਓਮਾਰ ਨੇ ਕਿਹਾ: “ਸਾਮਾਨ ਦੇਖਣ ਤੋਂ ਬਾਅਦ ਸਾਡੇ ਮੇਜ਼ਬਾਨ ਨੇ ਸਾਨੂੰ ਸਾਰਾ ਬੈਥਲ ਦਿਖਾਇਆ। ਮੈਂ ਜੋ ਕੁਝ ਦੇਖਿਆ ਤੇ ਜਿਸ ਤਰ੍ਹਾਂ ਲੋਕ ਮੇਰੇ ਨਾਲ ਪੇਸ਼ ਆਏ, ਉਸ ਕਾਰਨ ਮੈਂ ਸੋਚਣ ਲੱਗ ਪਿਆ ਕਿ ਮੈਂ ਯਹੋਵਾਹ ਤੋਂ ਦੂਰ ਹੋ ਕੇ ਕਿਸ ਤਰ੍ਹਾਂ ਦੀ ਜ਼ਿੰਦਗੀ ਜੀ ਰਿਹਾ ਸੀ। ਮੈਂ ਤੁਰੰਤ ਸਭਾਵਾਂ ਤੇ ਜਾਣ ਲੱਗ ਪਿਆ ਅਤੇ ਬਾਈਬਲ ਸਟੱਡੀ ਸ਼ੁਰੂ ਕਰ ਦਿੱਤੀ। ਬੈਥਲ ਦੇਖਣ ਤੋਂ ਛੇ ਮਹੀਨੇ ਬਾਅਦ ਮੈਂ ਬਪਤਿਸਮਾ ਲੈ ਲਿਆ। ਮੈਂ ਯਹੋਵਾਹ ਦਾ ਸ਼ੁਕਰ ਕਰਦਾ ਹਾਂ ਕਿ ਬੈਥਲ ਦੇ ਜ਼ਰੀਏ ਉਸ ਨੇ ਮੈਨੂੰ ਪ੍ਰੇਰਿਆ।”

ਜਪਾਨ ਵਿਚ ਮਾਸਾਹੀਕੋ ਨਾਂ ਦਾ ਭਰਾ ਵੀ ਇਕ ਗਵਾਹ ਪਰਿਵਾਰ ਵਿਚ ਜੰਮਿਆ-ਪਲਿਆ ਸੀ। ਪਰ ਉਹ ਸੋਚਣ ਲੱਗ ਪਿਆ ਕਿ ਮਸੀਹੀ ਜ਼ਿੰਦਗੀ ਜੀਣ ਕਾਰਨ ਅਸੀਂ ਕਈ ਕੰਮ ਨਹੀਂ ਕਰ ਸਕਦੇ। ਉਹ ਸਕੂਲ ਦੇ ਕੰਮਾਂ ਵਿਚ ਇੰਨਾ ਰੁੱਝ ਗਿਆ ਕਿ ਉਸ ਨੇ ਸਭਾਵਾਂ ਵਿਚ ਜਾਣਾ ਅਤੇ ਪ੍ਰਚਾਰ ਕਰਨਾ ਛੱਡ ਦਿੱਤਾ। ਮਾਸਾਹੀਕੋ ਨੇ ਕਿਹਾ: “ਇਕ ਦਿਨ ਮੇਰੇ ਪਰਿਵਾਰ ਅਤੇ ਕੁਝ ਮਸੀਹੀ ਦੋਸਤਾਂ ਨੇ ਬੈਥਲ ਦੇਖਣ ਜਾਣ ਦਾ ਫ਼ੈਸਲਾ ਕੀਤਾ। ਮੇਰੇ ਪਰਿਵਾਰ ਨੇ ਜ਼ੋਰ ਪਾਇਆ ਕਿ ਮੈਂ ਵੀ ਉਨ੍ਹਾਂ ਦੇ ਨਾਲ ਚੱਲਾਂ। ਬੈਥਲ ਦੇਖ ਕੇ ਮੈਨੂੰ ਬਹੁਤ ਹੌਸਲਾ ਮਿਲਿਆ। ਮਸੀਹੀ ਭੈਣਾਂ-ਭਰਾਵਾਂ ਨੂੰ ਮਿਲ ਕੇ ਮੈਨੂੰ ਜਿੰਨੀ ਖ਼ੁਸ਼ੀ ਮਿਲੀ, ਉੱਨੀ ਆਪਣੇ ਦੁਨਿਆਵੀ ਦੋਸਤਾਂ-ਮਿੱਤਰਾਂ ਤੋਂ ਕਦੀ ਨਹੀਂ ਮਿਲੀ। ਮਸੀਹੀ ਜ਼ਿੰਦਗੀ ਜੀਉਣ ਦੀ ਇੱਛਾ ਮੇਰੇ ਵਿਚ ਫਿਰ ਤੋਂ ਜਾਗ ਉੱਠੀ ਤੇ ਮੈਂ ਬਾਈਬਲ ਸਟੱਡੀ ਕਰਨ ਬਾਰੇ ਪੁੱਛਿਆ।” ਮਾਸਾਹੀਕੋ ਹੁਣ ਆਪਣੀ ਕਲੀਸਿਯਾ ਵਿਚ ਪਾਇਨੀਅਰ ਵਜੋਂ ਸੇਵਾ ਕਰਦਾ ਹੈ।

ਫਰਾਂਸ ਤੋਂ ਇਕ ਗਵਾਹ ਭੈਣ ਮਾਸਕੋ ਵਿਚ ਨੌਕਰੀ ਕਰਨ ਲਈ ਗਈ। ਉੱਥੇ ਜਾ ਕੇ ਉਸ ਨੇ ਯਹੋਵਾਹ ਦੇ ਲੋਕਾਂ ਨਾਲ ਕੋਈ ਮੇਲ-ਜੋਲ ਨਹੀਂ ਰੱਖਿਆ ਅਤੇ ਯਹੋਵਾਹ ਨਾਲ ਉਸ ਦਾ ਰਿਸ਼ਤਾ ਕਮਜ਼ੋਰ ਪੈ ਗਿਆ। ਉਹ ਗ਼ਲਤ ਕੰਮਾਂ ਵਿਚ ਪੈ ਗਈ ਤੇ ਅਖ਼ੀਰ ਵਿਚ ਸੱਚਾਈ ਤੋਂ ਬਾਹਰ ਇਕ ਬੰਦੇ ਨਾਲ ਵਿਆਹ ਕਰਾ ਲਿਆ। ਫਿਰ ਫਰਾਂਸ ਤੋਂ ਇਕ ਮਸੀਹੀ ਭੈਣ ਉਸ ਨੂੰ ਮਿਲਣ ਗਈ ਤੇ ਉਹ ਦੋਵੇਂ ਇਕੱਠੀਆਂ ਸੇਂਟ ਪੀਟਰਸਬਰਗ, ਰੂਸ ਵਿਚ ਬੈਥਲ ਦੇਖਣ ਗਈਆਂ। ਉਸ ਨੇ ਲਿਖਿਆ: “ਬੈਥਲ ਵਿਚ ਸਾਡਾ ਨਿੱਘਾ ਸੁਆਗਤ ਕੀਤਾ ਗਿਆ ਤੇ ਇਹ ਗੱਲ ਮੇਰੇ ਦਿਲ ਨੂੰ ਛੂਹ ਗਈ। ਉੱਥੇ ਦਾ ਮਾਹੌਲ ਬੜਾ ਸ਼ਾਂਤ ਸੀ। ਮੈਨੂੰ ਮਹਿਸੂਸ ਹੋਇਆ ਕਿ ਯਹੋਵਾਹ ਦੀ ਸ਼ਕਤੀ ਇੱਥੇ ਕੰਮ ਕਰ ਰਹੀ ਹੈ। ਮੈਂ ਯਹੋਵਾਹ ਦੀ ਸੰਸਥਾ ਤੋਂ ਦੂਰ ਹੋਣ ਦੀ ਗ਼ਲਤੀ ਕਿੱਦਾਂ ਕਰ ਬੈਠੀ? ਬੈਥਲ ਦੇਖਣ ਤੋਂ ਬਾਅਦ ਮੈਂ ਯਹੋਵਾਹ ਤੋਂ ਮਦਦ ਲਈ ਪ੍ਰਾਰਥਨਾ ਕੀਤੀ ਅਤੇ ਨਵੇਂ ਸਿਰਿਓਂ ਜੋਸ਼ੀਲੀ ਹੋ ਕੇ ਆਪਣੀਆਂ ਦੋ ਬੱਚੀਆਂ ਨੂੰ ਸੱਚਾਈ ਸਿਖਾਉਣੀ ਸ਼ੁਰੂ ਕਰ ਦਿੱਤੀ।” ਨਿਹਚਾ ਵਿਚ ਕਮਜ਼ੋਰ ਇਸ ਭੈਣ ਨੂੰ ਹੋਰ ਜਿਹੜੀ ਮਰਜ਼ੀ ਮਦਦ ਮਿਲੀ ਹੋਵੇ, ਪਰ ਬੈਥਲ ਦੇਖਣ ਤੋਂ ਬਾਅਦ ਉਸ ਨੂੰ ਬਹੁਤ ਹੌਸਲਾ ਮਿਲਿਆ ਤੇ ਫਿਰ ਉਸ ਨੇ ਕਾਫ਼ੀ ਤਰੱਕੀ ਕੀਤੀ।

ਪਰ ਜੋ ਲੋਕ ਯਹੋਵਾਹ ਦੇ ਗਵਾਹਾਂ ਬਾਰੇ ਨਹੀਂ ਜਾਣਦੇ, ਉਨ੍ਹਾਂ ਉੱਤੇ ਬੈਥਲ ਦੇਖਣ ਦਾ ਕੀ ਅਸਰ ਪੈਂਦਾ ਹੈ? 1988 ਵਿਚ ਐਲਬਰਥ, ਜੋ ਸਿਆਸਤ ਵਿਚ ਰੁੱਝਿਆ ਹੋਇਆ ਸੀ, ਬ੍ਰਾਜ਼ੀਲ ਵਿਚ ਬੈਥਲ ਦੇਖਣ ਗਿਆ। ਉਹ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਉੱਥੇ ਬਹੁਤ ਸਫ਼ਾਈ ਸੀ ਅਤੇ ਸਭ ਕੁਝ ਠੀਕ ਢੰਗ ਨਾਲ ਹੋ ਰਿਹਾ ਸੀ, ਖ਼ਾਸਕਰ ਉੱਥੇ ਹੋ ਰਿਹਾ ਕੰਮ ਕਿਸੇ ਤੋਂ ਲੁਕਿਆ ਹੋਇਆ ਨਹੀਂ ਸੀ। ਬੈਥਲ ਦੇਖਣ ਤੋਂ ਥੋੜ੍ਹਾ ਚਿਰ ਪਹਿਲਾਂ ਐਲਬਰਥ ਪਾਦਰੀਆਂ ਦਾ ਸਕੂਲ ਦੇਖਣ ਗਿਆ ਸੀ ਜਿੱਥੇ ਉਸ ਦਾ ਸਾਲਾ ਪਾਦਰੀ ਵਜੋਂ ਸੇਵਾ ਕਰਦਾ ਹੈ। ਐਲਬਰਥ ਨੇ ਦੋਵਾਂ ਥਾਵਾਂ ਵਿਚ ਫ਼ਰਕ ਦੇਖਿਆ। ਉਸ ਨੇ ਕਿਹਾ ਕਿ “ਇਸ ਸਕੂਲ ਵਿਚ ਸਭ ਕੁਝ ਹੋਰਨਾਂ ਦੀਆਂ ਨਜ਼ਰਾਂ ਤੋਂ ਓਹਲੇ ਕੀਤਾ ਜਾ ਰਿਹਾ ਸੀ।” ਬੈਥਲ ਦੇਖਣ ਤੋਂ ਥੋੜ੍ਹੀ ਦੇਰ ਬਾਅਦ ਐਲਬਰਥ ਨੇ ਬਾਈਬਲ ਸਟੱਡੀ ਸ਼ੁਰੂ ਕਰ ਦਿੱਤੀ, ਸਿਆਸਤ ਛੱਡ ਦਿੱਤੀ ਤੇ ਹੁਣ ਉਹ ਕਲੀਸਿਯਾ ਵਿਚ ਇਕ ਬਜ਼ੁਰਗ ਵਜੋਂ ਸੇਵਾ ਕਰਦਾ ਹੈ।

ਆਓ, ਤੁਸੀਂ ਵੀ ਬੈਥਲ ਦੇਖੋ!

ਕਈ ਆਪਣੇ ਦੇਸ਼ ਵਿਚ ਬ੍ਰਾਂਚ ਆਫ਼ਿਸ ਦੇਖਣ ਜਾਣ ਲਈ ਬਹੁਤ ਵੱਡਾ ਜਤਨ ਕਰਦੇ ਹਨ। ਮਿਸਾਲ ਲਈ, ਪਾਓਲ ਅਤੇ ਯੂਜੀਨਿਆ ਚਾਰ ਸਾਲਾਂ ਤਕ ਪੈਸੇ ਜੋੜਦੇ ਰਹੇ ਤਾਂਕਿ ਉਹ 3,000 ਕਿਲੋਮੀਟਰ ਦੂਰ ਬੱਸ ਵਿਚ ਦੋ ਦਿਨਾਂ ਦਾ ਸਫ਼ਰ ਕਰ ਕੇ ਬੈਥਲ ਦੇਖ ਸਕਣ। ਉਨ੍ਹਾਂ ਨੇ ਕਿਹਾ: “ਬੈਥਲ ਦੇਖਣ ਦਾ ਸਾਨੂੰ ਬਹੁਤ ਫ਼ਾਇਦਾ ਹੋਇਆ! ਸਾਨੂੰ ਹੁਣ ਹੋਰ ਵੀ ਚੰਗੀ ਤਰ੍ਹਾਂ ਪਤਾ ਲੱਗਾ ਹੈ ਕਿ ਯਹੋਵਾਹ ਦੀ ਸੰਸਥਾ ਕਿਵੇਂ ਕੰਮ ਕਰਦੀ ਹੈ। ਹੁਣ ਜਦੋਂ ਅਸੀਂ ਆਪਣੇ ਬਾਈਬਲ ਸਟੂਡੈਂਟਸ ਨੂੰ ਬੈਥਲ ਵਿਚ ਕੀਤੇ ਜਾਂਦੇ ਕੰਮ ਬਾਰੇ ਸਮਝਾਉਂਦੇ ਹਾਂ, ਤਾਂ ਉਹ ਕਦੇ-ਕਦੇ ਸਾਨੂੰ ਪੁੱਛਦੇ ਹਨ, ‘ਕੀ ਤੁਸੀਂ ਉੱਥੇ ਜਾ ਚੁੱਕੇ ਹੋ?’ ਅਸੀਂ ਹੁਣ ਕਹਿ ਸਕਦੇ ਹਾਂ, ਜੀ ਹਾਂ ਅਸੀਂ ਉੱਥੇ ਜਾ ਚੁੱਕੇ ਹਾਂ।”

ਕੀ ਤੁਹਾਡੇ ਦੇਸ਼ ਵਿਚ ਜਾਂ ਕਿਸੇ ਹੋਰ ਲਾਗਲੇ ਦੇਸ਼ ਵਿਚ ਬ੍ਰਾਂਚ ਆਫ਼ਿਸ ਜਾਂ ਬੈਥਲ ਹੈ? ਅਸੀਂ ਤੁਹਾਨੂੰ ਉੱਥੇ ਆਉਣ ਦਾ ਸੱਦਾ ਦਿੰਦੇ ਹਾਂ। ਤੁਹਾਡਾ ਉੱਥੇ ਜ਼ਰੂਰ ਨਿੱਘਾ ਸੁਆਗਤ ਕੀਤਾ ਜਾਵੇਗਾ ਅਤੇ ਬੈਥਲ ਦੇਖ ਕੇ ਯਹੋਵਾਹ ਦੀ ਸੇਵਾ ਕਰਨ ਦਾ ਤੁਹਾਡਾ ਇਰਾਦਾ ਹੋਰ ਵੀ ਪੱਕਾ ਹੋਵੇਗਾ।

[ਸਫ਼ਾ 18 ਉੱਤੇ ਤਸਵੀਰ]

ਮਾਰੀਓ

[ਸਫ਼ਾ 18 ਉੱਤੇ ਤਸਵੀਰ]

ਏਬਲ

[ਸਫ਼ਾ 18 ਉੱਤੇ ਤਸਵੀਰ]

ਜਰਮਨੀ

[ਸਫ਼ਾ 18 ਉੱਤੇ ਤਸਵੀਰ]

ਜਪਾਨ

[ਸਫ਼ਾ 18 ਉੱਤੇ ਤਸਵੀਰ]

ਬ੍ਰਾਜ਼ੀਲ