Skip to content

Skip to table of contents

“ਦਯਾ ਦੀ ਸਿੱਖਿਆ” ਨਾਲ ਜ਼ਬਾਨ ਨੂੰ ਲਗਾਮ ਦਿਓ

“ਦਯਾ ਦੀ ਸਿੱਖਿਆ” ਨਾਲ ਜ਼ਬਾਨ ਨੂੰ ਲਗਾਮ ਦਿਓ

“ਦਯਾ ਦੀ ਸਿੱਖਿਆ” ਨਾਲ ਜ਼ਬਾਨ ਨੂੰ ਲਗਾਮ ਦਿਓ

“ਉਹ ਬੁੱਧ ਨਾਲ ਆਪਣਾ ਮੁੱਖ ਖੋਲ੍ਹਦੀ ਹੈ, ਅਤੇ ਉਹ ਦੀ ਰਸਨਾ ਉੱਤੇ ਦਯਾ ਦੀ ਸਿੱਖਿਆ ਹੈ।”—ਕਹਾ. 31:26.

1, 2. (ੳ) ਯਹੋਵਾਹ ਦੇ ਸੇਵਕਾਂ ਨੂੰ ਕਿਹੜੇ ਗੁਣ ਪੈਦਾ ਕਰਨ ਦਾ ਉਤਸ਼ਾਹ ਦਿੱਤਾ ਗਿਆ ਹੈ? (ਅ) ਇਸ ਲੇਖ ਵਿਚ ਕੀ ਚਰਚਾ ਕੀਤੀ ਜਾਵੇਗੀ?

ਪੁਰਾਣੇ ਜ਼ਮਾਨੇ ਵਿਚ ਲਮੂਏਲ ਪਾਤਸ਼ਾਹ ਨੂੰ ਆਪਣੀ ਮਾਂ ਤੋਂ ਇਕ ਜ਼ਰੂਰੀ ਸੰਦੇਸ਼ ਮਿਲਿਆ ਜਿਸ ਵਿਚ ਇਹ ਵੀ ਦੱਸਿਆ ਸੀ ਕਿ ਚੰਗੀ ਪਤਨੀ ਵਿਚ ਕਿਹੜੇ ਗੁਣ ਹੋਣੇ ਜ਼ਰੂਰੀ ਹਨ। ਉਸ ਨੂੰ ਦੱਸਿਆ ਗਿਆ ਸੀ: “ਉਹ ਬੁੱਧ ਨਾਲ ਆਪਣਾ ਮੁੱਖ ਖੋਲ੍ਹਦੀ ਹੈ, ਅਤੇ ਉਹ ਦੀ ਰਸਨਾ ਉੱਤੇ ਦਯਾ ਦੀ ਸਿੱਖਿਆ ਹੈ।” (ਕਹਾ. 31:1, 10, 26) ਅਕਲਮੰਦ ਤੀਵੀਂ ਦਇਆਵਾਨ ਅਤੇ ਦਿਆਲੂ ਹੁੰਦੀ ਹੈ। ਦਰਅਸਲ ਉਨ੍ਹਾਂ ਸਾਰਿਆਂ ਲਈ ਦਇਆਵਾਨ ਅਤੇ ਦਿਆਲੂ ਹੋਣਾ ਜ਼ਰੂਰੀ ਹੈ ਜੋ ਯਹੋਵਾਹ ਪਰਮੇਸ਼ੁਰ ਨੂੰ ਖ਼ੁਸ਼ ਕਰਨਾ ਚਾਹੁੰਦੇ ਹਨ। (ਕਹਾਉਤਾਂ 19:22 ਪੜ੍ਹੋ।) ਇਹ ਗੁਣ ਸਾਰੇ ਸੱਚੇ ਭਗਤਾਂ ਦੀ ਬੋਲ-ਬਾਣੀ ਵਿਚ ਸਾਫ਼ ਨਜ਼ਰ ਹੋਣੇ ਚਾਹੀਦੇ ਹਨ।

2 ਦਇਆ ਕਰਨ ਦਾ ਕੀ ਮਤਲਬ ਹੈ? ਕਿਨ੍ਹਾਂ ’ਤੇ ਦਇਆ ਕਰਨ ਦੀ ਲੋੜ ਹੈ? ਆਪਣੀ ਜ਼ਬਾਨ ਨੂੰ “ਦਯਾ ਦੀ ਸਿੱਖਿਆ” ਦੇਣ ਵਿਚ ਕਿਹੜੀ ਗੱਲ ਸਾਡੀ ਮਦਦ ਕਰੇਗੀ? ਇੱਦਾਂ ਕਰਨ ਨਾਲ ਪਰਿਵਾਰ ਦੇ ਮੈਂਬਰਾਂ ਅਤੇ ਭੈਣਾਂ-ਭਰਾਵਾਂ ਨਾਲ ਸਾਡੀ ਗੱਲਬਾਤ ਉੱਤੇ ਕੀ ਅਸਰ ਪਵੇਗਾ?

ਸੱਚੇ ਪਿਆਰ ਖ਼ਾਤਰ ਦਇਆ

3, 4. (ੳ) ਸੱਚੀ ਦਇਆ ਕੀ ਹੈ? (ਅ) ਅਜਨਬੀਆਂ ਅਤੇ ਦੋਸਤਾਂ ਨਾਲ ਕੀਤੀ ਦਇਆ ਵਿਚ ਕੀ ਫ਼ਰਕ ਹੈ?

3 ਦਇਆ ਪਿਆਰ ਅਤੇ ਦਿਆਲਤਾ ਦੇ ਗੁਣਾਂ ਦਾ ਮਿਸ਼ਰਣ ਹੈ। ਜਦੋਂ ਅਸੀਂ ਦਇਆ ਕਰਦੇ ਹਾਂ, ਤਾਂ ਅਸੀਂ ਹੋਰਨਾਂ ਵਿਚ ਨਿੱਜੀ ਦਿਲਚਸਪੀ ਲੈਂਦੇ ਹਾਂ। ਇਸ ਦਾ ਸਬੂਤ ਦੇਣ ਲਈ ਅਸੀਂ ਉਨ੍ਹਾਂ ਲਈ ਚੰਗੇ ਕੰਮ ਕਰਦੇ ਹਾਂ ਤੇ ਚੰਗੇ ਬੋਲ ਬੋਲਦੇ ਹਾਂ। ਦਇਆ ਵਿਚ ਪਿਆਰ ਦਾ ਗੁਣ ਵੀ ਸਮਾਇਆ ਹੋਇਆ ਹੈ, ਇਸ ਲਈ ਜ਼ਰੂਰੀ ਹੈ ਕਿ ਅਸੀਂ ਪਿਆਰ ਦੀ ਖ਼ਾਤਰ ਦੂਜਿਆਂ ਦੀ ਭਲਾਈ ਵਿਚ ਰੁਚੀ ਲਈਏ। ਪਰ ਮੂਲ ਭਾਸ਼ਾ ਵਿਚ ਦਇਆ ਲਈ ਵਰਤੇ ਗਏ ਸ਼ਬਦ ਦਾ ਮਤਲਬ ਸਿਰਫ਼ ਇਹ ਨਹੀਂ ਕਿ ਅਸੀਂ ਪਿਆਰ ਦੀ ਖ਼ਾਤਰ ਦਇਆ ਕਰੀਏ, ਸਗੋਂ ਇਸ ਤੋਂ ਵੱਧ ਕੁਝ ਕਰਨ ਦੀ ਲੋੜ ਹੈ। ਹਾਂ, ਸੱਚੀ ਦਇਆ ਦਾ ਮਤਲਬ ਹੈ ਕਿ ਸਾਨੂੰ ਖ਼ੁਸ਼ੀ ਅਤੇ ਵਫ਼ਾਦਾਰੀ ਨਾਲ ਕਿਸੇ ਇਨਸਾਨ ਦਾ ਸਾਥ ਦਿੰਦੇ ਰਹਿਣ ਦੀ ਲੋੜ ਹੈ ਜਦ ਤਕ ਉਸ ਦੀਆਂ ਲੋੜਾਂ ਪੂਰੀਆਂ ਨਹੀਂ ਹੋ ਜਾਂਦੀਆਂ।

4 ਪਰ ਦਇਆ ਕਰਨ ਦਾ ਮਤਲਬ ਸਿਰਫ਼ ਇਹ ਨਹੀਂ ਕਿ ਤੁਹਾਨੂੰ ਚੰਗੇ ਇਨਸਾਨ ਹੋਣਾ ਚਾਹੀਦਾ ਹੈ। ਆਮ ਕਰਕੇ ਲੋਕ ਇਨਸਾਨੀਅਤ ਦੇ ਨਾਤੇ ਅਜਨਬੀਆਂ ਨਾਲ ਵੀ ਕੁਝ ਹੱਦ ਤਕ ਦਇਆ ਅਤੇ ਭਲਾਈ ਕਰਦੇ ਹਨ। ਮਿਸਾਲ ਲਈ, ਜਦੋਂ ਮਾਲਟਾ ਟਾਪੂ ਉੱਤੇ ਪੌਲੁਸ ਰਸੂਲ ਅਤੇ ਉਸ ਦੇ ਨਾਲ ਦੇ 275 ਲੋਕਾਂ ਦਾ ਜਹਾਜ਼ ਤਬਾਹ ਹੋ ਗਿਆ ਸੀ, ਤਾਂ ਮਾਲਟਾ ਦੇ ਲੋਕਾਂ ਨੇ ਉਨ੍ਹਾਂ ਦੀ ਮਦਦ ਕੀਤੀ ਸੀ। ਮਾਲਟਾ ਦੇ ਲੋਕ ਉਨ੍ਹਾਂ ਨੂੰ ਜਾਣਦੇ ਵੀ ਨਹੀਂ ਸੀ। (ਰਸੂ. 27:37–28:2) ਦੂਜੇ ਪਾਸੇ, ਸੱਚੀ ਦਇਆ ਜੋ ਪਿਆਰ ਅਤੇ ਵਫ਼ਾਦਾਰੀ ਦਾ ਮਿਸ਼ਰਣ ਹੈ, ਉਨ੍ਹਾਂ ਲੋਕਾਂ ਉੱਤੇ ਕੀਤੀ ਜਾਂਦੀ ਹੈ ਜਿਨ੍ਹਾਂ ਦਾ ਪਹਿਲਾਂ ਹੀ ਆਪਸ ਵਿਚ ਚੰਗਾ ਰਿਸ਼ਤਾ ਬਣ ਚੁੱਕਾ ਹੁੰਦਾ ਹੈ। * ਕੇਨੀਆਂ ਦੇ ਕਬੀਲੇ ਨੇ ਇਸੇ ਤਰ੍ਹਾਂ ਦੀ ਦਇਆ ‘ਸਾਰੇ ਇਸਰਾਏਲੀਆਂ ਉੱਤੇ ਕੀਤੀ ਸੀ ਜਿਸ ਵੇਲੇ ਓਹ ਮਿਸਰੋਂ ਨਿੱਕਲ ਆਏ ਸਨ।’—1 ਸਮੂ. 15:6.

ਮਨਨ ਅਤੇ ਪ੍ਰਾਰਥਨਾ ਕਰਨੀ ਜ਼ਰੂਰੀ

5. ਜੀਭ ਨੂੰ ਕੰਟ੍ਰੋਲ ਕਰਨ ਵਿਚ ਕਿਹੜੀ ਗੱਲ ਸਾਡੀ ਮਦਦ ਕਰੇਗੀ?

5 ਸਾਡੀ ਬੋਲ-ਬਾਣੀ ਤੋਂ ਸੱਚੀ ਦਇਆ ਝਲਕਣੀ ਚਾਹੀਦੀ ਹੈ। ਪਰ ਇੱਦਾਂ ਕਰਨਾ ਹਮੇਸ਼ਾ ਸੌਖਾ ਨਹੀਂ ਹੁੰਦਾ। ਜੀਭ ਦੀ ਗੱਲ ਕਰਦਿਆਂ ਯਾਕੂਬ ਚੇਲੇ ਨੇ ਲਿਖਿਆ: “ਜੀਭ ਨੂੰ ਕੋਈ ਮਨੁੱਖ ਵੱਸ ਵਿੱਚ ਨਹੀਂ ਕਰ ਸੱਕਦਾ। ਉਹ ਇੱਕ ਚੰਚਲ ਬਲਾ ਹੈ, ਉਹ ਨਾਸ ਕਰਨ ਵਾਲੀ ਵਿੱਸ ਨਾਲ ਭਰੀ ਹੋਈ ਹੈ।” (ਯਾਕੂ. 3:8) ਕਿਸ ਗੱਲ ਦੀ ਮਦਦ ਨਾਲ ਅਸੀਂ ਇਸ ਅੰਗ ਨੂੰ ਕੰਟ੍ਰੋਲ ਕਰ ਸਕਦੇ ਹਾਂ? ਧਾਰਮਿਕ ਆਗੂਆਂ ਨੂੰ ਕਹੇ ਯਿਸੂ ਦੇ ਸ਼ਬਦ ਇਸ ਗੱਲ ’ਤੇ ਰੌਸ਼ਨੀ ਪਾਉਂਦੇ ਹਨ। ਉਸ ਨੇ ਕਿਹਾ ਸੀ: “ਜੋ ਮਨ ਵਿੱਚ ਭਰਿਆ ਹੋਇਆ ਹੈ ਉਹੋ ਮੂੰਹ ਉੱਤੇ ਆਉਂਦਾ ਹੈ।” (ਮੱਤੀ 12:34) ਜੇ ਅਸੀਂ ਚਾਹੁੰਦੇ ਹਾਂ ਕਿ ਦਇਆ ਸਾਡੀ ਜ਼ਬਾਨ ਦੀ ਰਾਖੀ ਕਰੇ, ਤਾਂ ਸਾਨੂੰ ਆਪਣੇ ਦਿਲ ਵਿਚ ਇਹ ਗੁਣ ਪੈਦਾ ਕਰਨ ਦੀ ਲੋੜ ਹੈ। ਆਓ ਦੇਖੀਏ ਕਿ ਮਨਨ ਕਰਨ ਅਤੇ ਪ੍ਰਾਰਥਨਾ ਕਰਨ ਨਾਲ ਅਸੀਂ ਇਹ ਗੁਣ ਕਿਵੇਂ ਪੈਦਾ ਕਰ ਸਕਦੇ ਹਾਂ।

6. ਸਾਨੂੰ ਯਹੋਵਾਹ ਦੀ ਦਇਆ ਉੱਤੇ ਸ਼ੁਕਰਗੁਜ਼ਾਰੀ ਨਾਲ ਮਨਨ ਕਿਉਂ ਕਰਨਾ ਚਾਹੀਦਾ ਹੈ?

6 ਬਾਈਬਲ ਕਹਿੰਦੀ ਹੈ ਕਿ ਯਹੋਵਾਹ ਪਰਮੇਸ਼ੁਰ ਭਲਿਆਈ ਨਾਲ ਭਰਪੂਰ ਹੈ। ਜ਼ਬੂਰਾਂ ਦੇ ਲਿਖਾਰੀ ਨੇ ਗਾਇਆ: “ਹੇ ਯਹੋਵਾਹ, ਧਰਤੀ ਤੇਰੀ ਦਯਾ ਨਾਲ ਭਰੀ ਹੋਈ ਹੈ।” (ਜ਼ਬੂ. 119:64) ਬਾਈਬਲ ਵਿਚ ਪਾਏ ਜਾਂਦੇ ਢੇਰ ਸਾਰੇ ਬਿਰਤਾਂਤ ਦਿਖਾਉਂਦੇ ਹਨ ਕਿ ਯਹੋਵਾਹ ਨੇ ਕਿਵੇਂ ਆਪਣੇ ਸੇਵਕਾਂ ਉੱਤੇ ਦਇਆ ਕੀਤੀ ਸੀ। ਸੋ ਜੇ ਅਸੀਂ ‘ਯਹੋਵਾਹ ਦੇ ਕਾਰਜਾਂ’ ਉੱਤੇ ਸ਼ੁਕਰਗੁਜ਼ਾਰੀ ਨਾਲ ਮਨਨ ਕਰਾਂਗੇ, ਤਾਂ ਸਾਡੇ ਵਿਚ ਦਇਆ ਪੈਦਾ ਕਰਨ ਦੀ ਇੱਛਾ ਜਾਗ ਸਕਦੀ ਹੈ।—ਜ਼ਬੂਰਾਂ ਦੀ ਪੋਥੀ 77:12 ਪੜ੍ਹੋ।

7, 8. (ੳ) ਯਹੋਵਾਹ ਨੇ ਲੂਤ ਅਤੇ ਉਸ ਦੇ ਪਰਿਵਾਰ ਉੱਤੇ ਕਿਹੜੀ ਦਇਆ ਕੀਤੀ? (ਅ) ਦਾਊਦ ਨੇ ਕਿਵੇਂ ਮਹਿਸੂਸ ਕੀਤਾ ਜਦੋਂ ਯਹੋਵਾਹ ਨੇ ਉਸ ਉੱਤੇ ਦਇਆ ਕੀਤੀ?

7 ਮਿਸਾਲ ਲਈ ਸੋਚੋ ਕਿ ਯਹੋਵਾਹ ਨੇ ਅਬਰਾਹਾਮ ਦੇ ਭਤੀਜੇ ਲੂਤ ਅਤੇ ਉਸ ਦੇ ਪਰਿਵਾਰ ਨੂੰ ਸਦੂਮ ਸ਼ਹਿਰ ਦੇ ਨਾਸ਼ ਵਿੱਚੋਂ ਕਿਵੇਂ ਬਚਾਇਆ ਸੀ। ਜਿਉਂ ਹੀ ਸ਼ਹਿਰ ਨੂੰ ਨਾਸ਼ ਕਰਨ ਦਾ ਸਮਾਂ ਨੇੜੇ ਆਇਆ, ਦੂਤਾਂ ਨੇ ਲੂਤ ਕੋਲ ਆ ਕੇ ਤਾਕੀਦ ਕੀਤੀ ਕਿ ਉਹ ਆਪਣੇ ਪਰਿਵਾਰ ਨੂੰ ਲੈ ਕੇ ਫਟਾਫਟ ਸ਼ਹਿਰ ਵਿੱਚੋਂ ਨਿਕਲ ਜਾਵੇ। ਬਾਈਬਲ ਦੱਸਦੀ ਹੈ: “ਜਦ ਉਹ ਢਿੱਲ ਕਰ ਰਿਹਾ ਸੀ ਤਾਂ [ਦੂਤਾਂ] ਨੇ ਯਹੋਵਾਹ ਦੀ ਕਿਰਪਾ ਦੇ ਕਾਰਨ ਜੋ ਉਸ ਦੇ ਉੱਤੇ ਸੀ ਉਹ ਦੇ ਹੱਥ ਅਰ ਉਹ ਦੀ ਤੀਵੀਂ ਦੇ ਹੱਥ ਅਰ ਉਹ ਦੀਆਂ ਦੋਹਾਂ ਧੀਆਂ ਦੇ ਹੱਥਾਂ ਨੂੰ ਫੜਕੇ ਉਨ੍ਹਾਂ ਨੂੰ ਬਾਹਰ ਪੁਚਾ ਦਿੱਤਾ।” ਜਦੋਂ ਅਸੀਂ ਇਸ ਬਿਰਤਾਂਤ ਉੱਤੇ ਮਨਨ ਕਰਦੇ ਹਾਂ, ਤਾਂ ਕੀ ਇਹ ਗੱਲ ਸਾਡੇ ਦਿਲ ਨੂੰ ਛੂਹ ਨਹੀਂ ਜਾਂਦੀ ਕਿ ਯਹੋਵਾਹ ਨੇ ਉਨ੍ਹਾਂ ਉੱਤੇ ਕਿੰਨੀ ਦਇਆ ਕੀਤੀ ਸੀ?—ਉਤ. 19:16, 19.

8 ਪ੍ਰਾਚੀਨ ਇਸਰਾਏਲ ਦੇ ਰਾਜੇ ਦਾਊਦ ਦੀ ਮਿਸਾਲ ਉੱਤੇ ਵੀ ਗੌਰ ਕਰੋ ਜਿਸ ਨੇ ਗਾਇਆ ਸੀ: ‘ਯਹੋਵਾਹ ਤੇਰੀਆਂ ਸਾਰੀਆਂ ਬੁਰਿਆਈਆਂ ਨੂੰ ਖਿਮਾ ਕਰਦਾ ਹੈ, ਉਹ ਸਾਰੇ ਰੋਗਾਂ ਤੋਂ ਤੈਨੂੰ ਨਰੋਆ ਕਰਦਾ ਹੈ।’ ਦਾਊਦ ਕਿੰਨਾ ਸ਼ੁਕਰਗੁਜ਼ਾਰ ਹੋਇਆ ਹੋਣਾ ਕਿ ਯਹੋਵਾਹ ਨੇ ਬਥ-ਸ਼ਬਾ ਨਾਲ ਕੀਤੇ ਉਸ ਦੇ ਪਾਪ ਨੂੰ ਮਾਫ਼ ਕਰ ਦਿੱਤਾ ਸੀ! ਉਸ ਨੇ ਇਹ ਕਹਿੰਦੇ ਹੋਏ ਯਹੋਵਾਹ ਦੀ ਵਡਿਆਈ ਕੀਤੀ: “ਜਿੰਨਾ ਉੱਚਾ ਅਕਾਸ਼ ਧਰਤੀ ਉੱਤੋਂ ਹੈ, ਇੰਨੀ ਵੱਡੀ ਉਹ ਦੀ ਦਯਾ ਉਹ ਦੇ ਡਰਨ ਵਾਲਿਆਂ ਉੱਤੇ ਹੈ!” (ਜ਼ਬੂ. 103:3, 11) ਬਾਈਬਲ ਦੇ ਇਨ੍ਹਾਂ ਅਤੇ ਹੋਰ ਬਿਰਤਾਂਤਾਂ ਉੱਤੇ ਮਨਨ ਕਰਨ ਨਾਲ ਸਾਡੇ ਦਿਲ ਕਦਰਦਾਨੀ ਨਾਲ ਭਰ ਜਾਂਦੇ ਹਨ ਕਿ ਯਹੋਵਾਹ ਕਿੰਨਾ ਦਇਆਵਾਨ ਹੈ। ਇਸ ਲਈ ਅਸੀਂ ਉਸ ਦੀ ਵਡਿਆਈ ਅਤੇ ਧੰਨਵਾਦ ਕਰਨ ਲਈ ਪ੍ਰੇਰਿਤ ਹੁੰਦੇ ਹਾਂ। ਅਸੀਂ ਦਿਲੋਂ ਜਿੰਨਾ ਜ਼ਿਆਦਾ ਉਸ ਦਾ ਸ਼ੁਕਰ ਕਰਾਂਗੇ, ਉੱਨੀ ਹੀ ਜ਼ਿਆਦਾ ਅਸੀਂ ਸੱਚੇ ਪਰਮੇਸ਼ੁਰ ਦੀ ਰੀਸ ਕਰਨੀ ਚਾਹਾਂਗੇ।—ਅਫ਼. 5:1.

9. ਕਿਹੜੇ ਵੱਡੇ ਕਾਰਨ ਸਦਕਾ ਯਹੋਵਾਹ ਦੇ ਭਗਤਾਂ ਨੂੰ ਆਪਣੀ ਰੋਜ਼ਮੱਰਾ ਜ਼ਿੰਦਗੀ ਵਿਚ ਦਇਆ ਕਰਨੀ ਚਾਹੀਦੀ ਹੈ?

9 ਬਾਈਬਲ ਦੀਆਂ ਮਿਸਾਲਾਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਪਿਆਰ ਨਾਲ ਉਨ੍ਹਾਂ ’ਤੇ ਦਇਆ ਕਰਦਾ ਹੈ ਜਿਨ੍ਹਾਂ ਦਾ ਪਹਿਲਾਂ ਹੀ ਉਸ ਨਾਲ ਚੰਗਾ ਰਿਸ਼ਤਾ ਬਣਿਆ ਹੋਇਆ ਹੈ। ਪਰ ਉਨ੍ਹਾਂ ਬਾਰੇ ਕੀ ਜਿਨ੍ਹਾਂ ਦਾ ਪਰਮੇਸ਼ੁਰ ਨਾਲ ਇਹੋ ਜਿਹਾ ਰਿਸ਼ਤਾ ਨਹੀਂ ਹੈ? ਕੀ ਯਹੋਵਾਹ ਉਨ੍ਹਾਂ ਨਾਲ ਕਠੋਰ ਵਰਤਾਅ ਕਰਦਾ ਹੈ? ਬਿਲਕੁਲ ਨਹੀਂ। ਲੂਕਾ 6:35 ਵਿਚ ਦੱਸਿਆ ਗਿਆ ਹੈ: ‘ਪਰਮੇਸ਼ੁਰ ਨਾਸ਼ੁਕਰਿਆਂ ਅਤੇ ਦੁਸ਼ਟਾਂ ਉੱਤੇ ਕਿਰਪਾਲੂ ਹੈ।’ “ਉਹ ਆਪਣਾ ਸੂਰਜ ਬੁਰਿਆਂ ਅਤੇ ਭਲਿਆਂ ਉੱਤੇ ਚਾੜ੍ਹਦਾ ਹੈ ਅਤੇ ਧਰਮੀਆਂ ਅਤੇ ਕੁਧਰਮੀਆਂ ਉੱਤੇ ਮੀਂਹ ਵਰਸਾਉਂਦਾ ਹੈ।” (ਮੱਤੀ 5:45) ਸੱਚਾਈ ਸਿੱਖਣ ਅਤੇ ਇਸ ਮੁਤਾਬਕ ਚੱਲਣ ਤੋਂ ਪਹਿਲਾਂ, ਪਰਮੇਸ਼ੁਰ ਸਾਡੇ ਉੱਤੇ ਉਵੇਂ ਦਇਆ ਕਰਦਾ ਸੀ ਜਿਵੇਂ ਉਹ ਬਾਕੀ ਸਾਰੇ ਲੋਕਾਂ ਉੱਤੇ ਕਰਦਾ ਹੈ। ਪਰ ਹੁਣ ਉਹ ਵਫ਼ਾਦਾਰੀ ਨਾਲ ਸਾਡਾ ਸਾਥ ਨਿਭਾਉਂਦਾ ਹੈ ਕਿਉਂਕਿ ਅਸੀਂ ਉਸ ਦੇ ਭਗਤ ਬਣ ਗਏ ਹਾਂ। (ਯਸਾਯਾਹ 54:10 ਪੜ੍ਹੋ।) ਇਸ ਲਈ ਅਸੀਂ ਉਸ ਦੇ ਬਹੁਤ ਧੰਨਵਾਦੀ ਹਾਂ! ਇਸ ਵੱਡੇ ਕਾਰਨ ਸਦਕਾ ਜ਼ਰੂਰੀ ਹੈ ਕਿ ਅਸੀਂ ਵੀ ਆਪਣੀ ਬੋਲ-ਬਾਣੀ ਅਤੇ ਰੋਜ਼ਮੱਰਾ ਜ਼ਿੰਦਗੀ ਦੇ ਹੋਰਨਾਂ ਪਹਿਲੂਆਂ ਵਿਚ ਦਇਆ ਦਿਖਾਈਏ!

10. ਦਇਆ ਨੂੰ ਆਪਣੀ ਸ਼ਖ਼ਸੀਅਤ ਦਾ ਹਿੱਸਾ ਬਣਾਉਣ ਲਈ ਪ੍ਰਾਰਥਨਾ ਕਰਨੀ ਕਿਉਂ ਜ਼ਰੂਰੀ ਹੈ?

10 ਪਿਆਰ, ਦਇਆ ਅਤੇ ਦਿਆਲਗੀ ਦੇ ਗੁਣ ਪੈਦਾ ਕਰਨ ਲਈ ਪ੍ਰਾਰਥਨਾ ਕਰਨੀ ਬਹੁਤ ਜ਼ਰੂਰੀ ਹੈ। ਕਿਉਂ? ਕਿਉਂਕਿ ਦਇਆ ਕਰਨ ਲਈ ਸਾਡੇ ਵਿਚ ਪਿਆਰ ਅਤੇ ਦਿਆਲਗੀ ਦੇ ਗੁਣ ਹੋਣੇ ਜ਼ਰੂਰੀ ਹਨ ਜੋ ਯਹੋਵਾਹ ਦੀ ਪਵਿੱਤਰ ਸ਼ਕਤੀ ਦੇ ਫਲ ਦਾ ਹਿੱਸਾ ਹਨ। (ਗਲਾ. 5:22) ਇਹ ਗੁਣ ਅਸੀਂ ਤਾਂ ਹੀ ਆਪਣੇ ਵਿਚ ਪੈਦਾ ਕਰ ਸਕਦੇ ਹਾਂ ਜੇ ਅਸੀਂ ਇਸ ਸ਼ਕਤੀ ਦੀ ਸੇਧ ਅਨੁਸਾਰ ਚੱਲਾਂਗੇ। ਸੋ ਜੇ ਅਸੀਂ ਯਹੋਵਾਹ ਦੀ ਪਵਿੱਤਰ ਸ਼ਕਤੀ ਹਾਸਲ ਕਰਨੀ ਹੈ, ਤਾਂ ਸਾਨੂੰ ਪ੍ਰਾਰਥਨਾ ਵਿਚ ਇਸ ਨੂੰ ਮੰਗਣ ਦੀ ਲੋੜ ਹੈ। (ਲੂਕਾ 11:13) ਸਾਨੂੰ ਵਾਰ-ਵਾਰ ਪਰਮੇਸ਼ੁਰ ਦੀ ਸ਼ਕਤੀ ਲਈ ਪ੍ਰਾਰਥਨਾ ਕਰਦੇ ਰਹਿਣਾ ਚਾਹੀਦਾ ਅਤੇ ਇਸ ਦੀ ਸੇਧ ਲੈਣੀ ਚਾਹੀਦੀ ਹੈ। ਹਾਂ, ਜੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਬੋਲ-ਬਾਣੀ ਤੋਂ ਦਇਆ ਝਲਕੇ, ਤਾਂ ਮਨਨ ਅਤੇ ਪ੍ਰਾਰਥਨਾ ਕਰਨੀ ਬਹੁਤ ਜ਼ਰੂਰੀ ਹੈ।

ਵਿਆਹੁਤਾ-ਸਾਥੀਆਂ ਦੀ ਜ਼ਬਾਨ

11. (ੳ) ਅਸੀਂ ਕਿਵੇਂ ਜਾਣਦੇ ਹਾਂ ਕਿ ਯਹੋਵਾਹ ਚਾਹੁੰਦਾ ਹੈ ਕਿ ਪਤੀ ਆਪਣੀ ਪਤਨੀ ਨਾਲ ਪਿਆਰ ਅਤੇ ਦਿਆਲਗੀ ਨਾਲ ਪੇਸ਼ ਆਵੇ? (ਅ) ਦਿਆਲਗੀ ਤੇ ਪਿਆਰ ਦੀ ਮਦਦ ਨਾਲ ਪਤੀ ਕਿਵੇਂ ਆਪਣੀ ਜ਼ਬਾਨ ਨੂੰ ਕੰਟ੍ਰੋਲ ਵਿਚ ਰੱਖੇਗਾ?

11 ਪੌਲੁਸ ਰਸੂਲ ਪਤੀਆਂ ਨੂੰ ਸਲਾਹ ਦਿੰਦਾ ਹੈ: “ਆਪਣੀਆਂ ਪਤਨੀਆਂ ਨਾਲ ਪ੍ਰੇਮ ਰੱਖੋ ਜਿਵੇਂ ਮਸੀਹ ਨੇ ਵੀ ਕਲੀਸਿਯਾ ਨਾਲ ਪ੍ਰੇਮ ਕੀਤਾ ਅਤੇ ਆਪਣੇ ਆਪ ਨੂੰ ਉਸ ਦੇ ਲਈ ਦੇ ਦਿੱਤਾ।” (ਅਫ਼. 5:25) ਪੌਲੁਸ ਉਨ੍ਹਾਂ ਨੂੰ ਇਹ ਵੀ ਚੇਤੇ ਕਰਾਉਂਦਾ ਹੈ ਕਿ ਯਹੋਵਾਹ ਨੇ ਆਦਮ ਅਤੇ ਹੱਵਾਹ ਨੂੰ ਕੀ ਕਿਹਾ ਸੀ। ਉਹ ਲਿਖਦਾ ਹੈ: “ਮਨੁੱਖ ਆਪਣੇ ਮਾਪੇ ਛੱਡ ਕੇ ਆਪਣੀ ਪਤਨੀ ਨਾਲ ਮਿਲਿਆ ਰਹੇਗਾ ਅਤੇ ਓਹ ਦੋਵੇਂ ਇੱਕ ਸਰੀਰ ਹੋਣਗੇ।” (ਅਫ਼. 5:31) ਇਸ ਤੋਂ ਜ਼ਾਹਰ ਹੈ ਕਿ ਯਹੋਵਾਹ ਚਾਹੁੰਦਾ ਹੈ ਕਿ ਪਤੀ ਵਫ਼ਾਦਾਰੀ ਨਾਲ ਆਪਣੀ ਪਤਨੀ ਦਾ ਸਾਥ ਦੇਵੇ ਅਤੇ ਉਸ ਨਾਲ ਹਮੇਸ਼ਾ ਪਿਆਰ ਅਤੇ ਦਿਆਲਗੀ ਨਾਲ ਪੇਸ਼ ਆਵੇ। ਜਿਸ ਪਤੀ ਦੀ ਜ਼ਬਾਨ ਉੱਤੇ ਪਿਆਰ ਭਰੇ ਬੋਲ ਹੁੰਦੇ ਹਨ, ਉਹ ਲੋਕਾਂ ਸਾਮ੍ਹਣੇ ਆਪਣੀ ਪਤਨੀ ਦੀਆਂ ਕਮੀਆਂ-ਕਮਜ਼ੋਰੀਆਂ ਨਹੀਂ ਉਘਾੜੇਗਾ ਜਾਂ ਉਸ ਨੂੰ ਨੀਵਾਂ ਦਿਖਾਉਣ ਵਾਲੀਆਂ ਗੱਲਾਂ ਨਹੀਂ ਕਰੇਗਾ। ਉਹ ਉਸ ਦੀਆਂ ਤਾਰੀਫ਼ਾਂ ਕਰਦਾ ਹੈ। (ਕਹਾ. 31:28) ਜੇ ਕਿਸੇ ਵਜ੍ਹਾ ਕਰਕੇ ਉਨ੍ਹਾਂ ਵਿਚਕਾਰ ਸਮੱਸਿਆਵਾਂ ਖੜ੍ਹੀਆਂ ਹੋ ਜਾਂਦੀਆ ਹਨ, ਤਾਂ ਦਿਆਲੂ ਪਤੀ ਆਪਣੀ ਪਤਨੀ ਦੀ ਬੇਇੱਜ਼ਤੀ ਕਰਨ ਤੋਂ ਆਪਣੀ ਜ਼ਬਾਨ ਨੂੰ ਰੋਕੀ ਰੱਖੇਗਾ।

12. ਪਤਨੀ ਕਿਵੇਂ ਦਿਖਾ ਸਕਦੀ ਹੈ ਕਿ ਉਸ ਦੀ ਜ਼ਬਾਨ ਤੋਂ ਦਇਆ ਅਤੇ ਪਿਆਰ ਝਲਕਦਾ ਹੈ?

12 ਪਤਨੀ ਦੀ ਜ਼ਬਾਨ ਤੋਂ ਵੀ ਦਇਆ ਝਲਕਣੀ ਚਾਹੀਦੀ ਹੈ। ਉਸ ਦੀ ਜ਼ਬਾਨ ਤੋਂ ਦੁਨੀਆਂ ਦਾ ਅਸਰ ਨਹੀਂ ਝਲਕਣਾ ਚਾਹੀਦਾ। ਆਪਣੇ “ਪਤੀ ਦਾ ਮਾਨ” ਕਰਨ ਸਦਕਾ ਉਹ ਦੂਜਿਆਂ ਦੇ ਸਾਮ੍ਹਣੇ ਉਸ ਬਾਰੇ ਚੰਗੀਆਂ ਗੱਲਾਂ ਕਰਦੀ ਹੈ ਅਤੇ ਉਨ੍ਹਾਂ ਦੀਆਂ ਨਜ਼ਰਾਂ ਵਿਚ ਉਸ ਦੀ ਇੱਜ਼ਤ ਵਧਾਉਂਦੀ ਹੈ। (ਅਫ਼. 5:33) ਉਹ ਨਿਆਣਿਆਂ ਸਾਮ੍ਹਣੇ ਪਤੀ ਨਾਲ ਅਸਹਿਮਤ ਨਹੀਂ ਹੁੰਦੀ ਜਾਂ ਉਸ ਦੀ ਰਾਇ ਨੂੰ ਗ਼ਲਤ ਨਹੀਂ ਕਹਿੰਦੀ ਕਿਉਂਕਿ ਇਸ ਕਾਰਨ ਉਨ੍ਹਾਂ ਦੀਆਂ ਨਜ਼ਰਾਂ ਵਿਚ ਪਿਤਾ ਲਈ ਇੱਜ਼ਤ ਘੱਟ ਸਕਦੀ ਹੈ। ਅਜਿਹੀਆਂ ਗੱਲਾਂ ਉਹ ਇਕੱਲਿਆਂ ਵਿਚ ਸੁਲਝਾਉਂਦੀ ਹੈ। ਬਾਈਬਲ ਕਹਿੰਦੀ ਹੈ ਕਿ “ਬੁੱਧਵਾਨ ਤੀਵੀਂ ਤਾਂ ਆਪਣਾ ਘਰ ਬਣਾਉਂਦੀ ਹੈ।” (ਕਹਾ. 14:1) ਉਸ ਦੇ ਘਰ ਦਾ ਮਾਹੌਲ ਖ਼ੁਸ਼ਗਵਾਰ ਹੁੰਦਾ ਹੈ ਜਿੱਥੇ ਸਾਰਾ ਪਰਿਵਾਰ ਚੈਨ ਨਾਲ ਰਹਿੰਦਾ ਹੈ।

13. ਖ਼ਾਸਕਰ ਕਿੱਥੇ ਪਿਆਰ ਅਤੇ ਦਇਆ ਨਾਲ ਬੋਲਿਆ ਜਾਣਾ ਚਾਹੀਦਾ ਹੈ ਅਤੇ ਇੱਦਾਂ ਅਸੀਂ ਕਿਵੇਂ ਕਰ ਸਕਦੇ ਹਾਂ?

13 ਘਰ ਹੁੰਦਿਆਂ ਵੀ ਪਤੀ-ਪਤਨੀ ਨੂੰ ਇਸ ਢੰਗ ਨਾਲ ਬੋਲਣਾ ਚਾਹੀਦਾ ਹੈ ਜਿਸ ਤੋਂ ਜ਼ਾਹਰ ਹੋਵੇ ਕਿ ਉਹ ਇਕ-ਦੂਜੇ ਦਾ ਆਦਰ ਕਰਦੇ ਹਨ। ਪੌਲੁਸ ਨੇ ਲਿਖਿਆ: “ਤੁਸੀਂ ਇਨ੍ਹਾਂ ਸਾਰੀਆਂ ਗੱਲਾਂ ਨੂੰ ਅਰਥਾਤ ਕੋਪ, ਕ੍ਰੋਧ, ਬਦੀ, ਦੁਰਬਚਨ, ਅਤੇ ਆਪਣੇ ਮੂੰਹੋਂ ਗੰਦੀਆਂ ਗਾਲਾਂ ਕੱਢਣੀਆਂ ਛੱਡ ਦਿਓ।” ਅੱਗੋਂ ਉਸ ਨੇ ਕਿਹਾ: “ਰਹਿਮ ਦਿਲੀ, ਦਿਆਲਗੀ, ਅਧੀਨਗੀ, ਨਰਮਾਈ ਅਤੇ ਧੀਰਜ ਨੂੰ ਪਹਿਨ ਲਓ। . . . ਪ੍ਰੇਮ ਨੂੰ ਪਾ ਲਓ ਜਿਹੜਾ ਸੰਪੂਰਨਤਾਈ ਦਾ ਬੰਧ ਹੈ।” (ਕੁਲੁ. 3:8, 12-14) ਜਦੋਂ ਬੱਚੇ ਘਰ ਵਿਚ ਆਪਣੇ ਮਾਪਿਆਂ ਨੂੰ ਪਿਆਰ ਨਾਲ ਬੋਲਦਿਆਂ ਸੁਣਦੇ ਹਨ, ਤਾਂ ਉਹ ਨਾ ਸਿਰਫ਼ ਵਧਣ-ਫੁੱਲਣਗੇ, ਸਗੋਂ ਆਪਣੇ ਮਾਪਿਆਂ ਵਾਂਗ ਬੋਲਣਗੇ ਵੀ।

14. ਪਰਿਵਾਰ ਦੇ ਮੁਖੀ ਆਪਣੇ ਪਰਿਵਾਰ ਨੂੰ ਦਿਲਾਸਾ ਦੇਣ ਲਈ ਕਿਸ ਤਰੀਕੇ ਨਾਲ ਆਪਣੀ ਜ਼ਬਾਨ ਵਰਤ ਸਕਦੇ ਹਨ?

14 ਜ਼ਬੂਰਾਂ ਦੇ ਲਿਖਾਰੀ ਨੇ ਯਹੋਵਾਹ ਬਾਰੇ ਲਿਖਿਆ: ‘ਤੇਰੀ ਦਯਾ ਮੈਨੂੰ ਸ਼ਾਂਤੀ ਦੇਵੇ।’ (ਜ਼ਬੂ. 119:76) ਯਹੋਵਾਹ ਕਿਹੜੇ ਵਧੀਆ ਤਰੀਕੇ ਨਾਲ ਆਪਣੇ ਲੋਕਾਂ ਨੂੰ ਸ਼ਾਂਤੀ ਜਾਂ ਦਿਲਾਸਾ ਦਿੰਦਾ ਹੈ? ਉਨ੍ਹਾਂ ਨੂੰ ਹੌਸਲਾ ਅਤੇ ਸੇਧ ਦੇ ਕੇ। (ਜ਼ਬੂ. 119:105) ਪਰਿਵਾਰ ਦੇ ਮੁਖੀ ਆਪਣੇ ਸਵਰਗੀ ਪਿਤਾ ਦੀ ਮਿਸਾਲ ਤੋਂ ਕਿਵੇਂ ਫ਼ਾਇਦਾ ਉਠਾ ਸਕਦੇ ਹਨ ਅਤੇ ਆਪਣੇ ਪਰਿਵਾਰ ਨੂੰ ਹੌਸਲਾ ਦੇਣ ਲਈ ਆਪਣੀ ਜ਼ਬਾਨ ਵਰਤ ਸਕਦੇ ਹਨ? ਇਸ ਤਰ੍ਹਾਂ ਕਰਨ ਲਈ ਉਹ ਉਨ੍ਹਾਂ ਨੂੰ ਲੋੜੀਂਦੀ ਸੇਧ ਅਤੇ ਹੌਸਲਾ ਦੇ ਸਕਦੇ ਹਨ। ਪਰਿਵਾਰਕ ਸਟੱਡੀ ਬਾਈਬਲ ਵਿੱਚੋਂ ਗਿਆਨ ਦਾ ਖ਼ਜ਼ਾਨਾ ਹਾਸਲ ਕਰਨ ਦਾ ਚੰਗਾ ਮੌਕਾ ਹੈ!—ਕਹਾ. 24:4.

ਭੈਣਾਂ-ਭਰਾਵਾਂ ਨੂੰ ਸੱਚਾ ਪਿਆਰ ਕਰੋ

15. ਮਸੀਹੀ ਬਜ਼ੁਰਗ ਅਤੇ ਤਕੜੀ ਨਿਹਚਾ ਵਾਲੇ ਭੈਣ-ਭਰਾ ਕਲੀਸਿਯਾ ਵਿਚ ਹੋਰਨਾਂ ਦੀ ਰਾਖੀ ਲਈ ਕਿਵੇਂ ਆਪਣੀ ਜ਼ਬਾਨ ਦੀ ਵਰਤੋਂ ਕਰ ਸਕਦੇ ਹਨ?

15 ਰਾਜਾ ਦਾਊਦ ਨੇ ਪ੍ਰਾਰਥਨਾ ਕੀਤੀ: “ਤੇਰੀ ਦਯਾ ਅਤੇ ਤੇਰਾ ਸਤ ਹਰ ਵੇਲੇ ਮੇਰੀ ਰੱਛਿਆ ਕਰਨ।” (ਜ਼ਬੂ. 40:11) ਇਸ ਸੰਬੰਧੀ ਕਲੀਸਿਯਾ ਦੇ ਮਸੀਹੀ ਬਜ਼ੁਰਗ ਅਤੇ ਤਕੜੀ ਨਿਹਚਾ ਵਾਲੇ ਭੈਣ-ਭਰਾ ਯਹੋਵਾਹ ਦੀ ਕਿਵੇਂ ਨਕਲ ਕਰ ਸਕਦੇ ਹਨ? ਦਇਆ ਅਤੇ ਪਿਆਰ ਕਾਰਨ ਅਸੀਂ ਬਾਈਬਲ ਉੱਤੇ ਆਧਾਰਿਤ ਜਾਣਕਾਰੀ ਵੱਲ ਧਿਆਨ ਦਿਵਾਉਣ ਲਈ ਆਪਣੀ ਜ਼ਬਾਨ ਵਰਤਾਂਗੇ।—ਕਹਾ. 17:17.

16, 17. ਕਿਨ੍ਹਾਂ ਕੁਝ ਤਰੀਕਿਆਂ ਨਾਲ ਅਸੀਂ ਦਿਖਾ ਸਕਦੇ ਹਾਂ ਕਿ ਅਸੀਂ ਦਇਆ ਤੋਂ ਪ੍ਰੇਰਿਤ ਹੋ ਕੇ ਆਪਣੀ ਜ਼ਬਾਨ ਵਰਤਦੇ ਹਾਂ?

16 ਸਾਨੂੰ ਉਦੋਂ ਕੀ ਕਰਨਾ ਚਾਹੀਦਾ ਹੈ ਜਦੋਂ ਅਸੀਂ ਦੇਖਦੇ ਹਾਂ ਕਿ ਕੋਈ ਭੈਣ-ਭਰਾ ਬਾਈਬਲ ਦੇ ਅਸੂਲਾਂ ਖ਼ਿਲਾਫ਼ ਕੁਝ ਕਰ ਰਿਹਾ ਹੈ? ਕੀ ਅਸੀਂ ਦਇਆ ਦੀ ਖ਼ਾਤਰ ਉਸ ਨੂੰ ਸੁਧਾਰਨ ਲਈ ਆਪਣੀ ਜ਼ਬਾਨ ਨਹੀਂ ਵਰਤਾਂਗੇ? (ਜ਼ਬੂ. 141:5) ਜੇ ਸਾਨੂੰ ਪਤਾ ਲੱਗਦਾ ਹੈ ਕਿ ਕਿਸੇ ਭੈਣ ਜਾਂ ਭਰਾ ਨੇ ਕੋਈ ਗੰਭੀਰ ਪਾਪ ਕੀਤਾ ਹੈ, ਤਾਂ ਸੱਚੇ ਪਿਆਰ ਕਾਰਨ ਅਸੀਂ ਗ਼ਲਤੀ ਕਰਨ ਵਾਲੇ ਨੂੰ ਕਹਾਂਗੇ ਕਿ ਉਹ “ਕਲੀਸਿਯਾ ਦੇ ਬਜ਼ੁਰਗਾਂ ਨੂੰ ਸੱਦ ਘੱਲੇ” ਤਾਂਕਿ ਉਹ ‘ਯਹੋਵਾਹ ਦਾ ਨਾਮ ਲੈ ਕੇ ਉਹ ਨੂੰ ਤੇਲ ਝੱਸਣ ਅਤੇ ਉਹ ਦੇ ਲਈ ਪ੍ਰਾਰਥਨਾ ਕਰਨ।’ (ਯਾਕੂ. 5:14) ਜੇ ਉਹ ਬਜ਼ੁਰਗਾਂ ਕੋਲ ਜਾ ਕੇ ਗੱਲ ਨਹੀਂ ਕਰਦਾ, ਤਾਂ ਸਾਡੇ ਲਈ ਇਹ ਪਿਆਰ ਅਤੇ ਦਇਆ ਦੀ ਗੱਲ ਨਹੀਂ ਹੋਵੇਗੀ ਜੇ ਅਸੀਂ ਵੀ ਜਾ ਕੇ ਗੱਲ ਨਹੀਂ ਕਰਦੇ। ਸ਼ਾਇਦ ਸਾਡੇ ਵਿੱਚੋਂ ਕੁਝ ਹਿੰਮਤ ਹਾਰ ਚੁੱਕੇ ਹਨ, ਇਕੱਲੇ ਹਨ ਤੇ ਆਪਣੇ ਆਪ ਨੂੰ ਨਿਕੰਮੇ ਸਮਝਦੇ ਜਾਂ ਨਿਰਾਸ਼ਾ ਨਾਲ ਘਿਰੇ ਹੋਏ ਹਨ। ਸੋ ਸਾਡੇ ਵਾਸਤੇ ਪਿਆਰ ਅਤੇ ਦਇਆ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਅਸੀਂ ਇਹੋ ਜਿਹੇ ‘ਕਮਦਿਲਿਆਂ ਨੂੰ ਦਿਲਾਸਾ ਦੇਈਏ।’—1 ਥੱਸ. 5:14.

17 ਜਦੋਂ ਪਰਮੇਸ਼ੁਰ ਦੇ ਦੁਸ਼ਮਣ ਸਾਡੇ ਭੈਣਾਂ-ਭਰਾਵਾਂ ਬਾਰੇ ਝੂਠੀਆਂ ਗੱਲਾਂ ਫੈਲਾਉਂਦੇ ਹਨ, ਤਾਂ ਸਾਨੂੰ ਉਦੋਂ ਕੀ ਕਰਨਾ ਚਾਹੀਦਾ ਹੈ? ਆਪਣੇ ਭਰਾਵਾਂ ਦੀ ਵਫ਼ਾਦਾਰੀ ਉੱਤੇ ਸ਼ੱਕ ਕਰਨ ਦੀ ਬਜਾਇ, ਸਾਨੂੰ ਚੁੱਪ-ਚਾਪ ਇਹੋ ਜਿਹੀਆਂ ਗੱਲਾਂ ਤੋਂ ਮੂੰਹ ਮੋੜ ਲੈਣਾ ਚਾਹੀਦਾ ਹੈ। ਪਰ ਜੇ ਸਾਨੂੰ ਲੱਗਦਾ ਹੈ ਕਿ ਦੋਸ਼ ਲਾਉਣ ਵਾਲਾ ਸਾਡੀ ਗੱਲ ਸੁਣੇਗਾ, ਤਾਂ ਅਸੀਂ ਉਸ ਨੂੰ ਪੁੱਛ ਸਕਦੇ ਹਾਂ ਕਿ ਉਹ ਕਿਸ ਆਧਾਰ ’ਤੇ ਇਹ ਗੱਲਾਂ ਕਹਿ ਰਿਹਾ ਹੈ। ਜੇ ਪਰਮੇਸ਼ੁਰ ਦੇ ਲੋਕਾਂ ਦੇ ਦੁਸ਼ਮਣ ਸਾਡੇ ਮਸੀਹੀ ਭਰਾਵਾਂ ਨੂੰ ਨੁਕਸਾਨ ਪਹੁੰਚਾਉਣ ਲਈ ਉਨ੍ਹਾਂ ਦਾ ਅਤਾ-ਪਤਾ ਪੁੱਛਦੇ ਹਨ, ਤਾਂ ਅਸੀਂ ਦਇਆ ਦੀ ਖ਼ਾਤਰ ਭਰਾਵਾਂ ਬਾਰੇ ਕੋਈ ਜਾਣਕਾਰੀ ਨਹੀਂ ਦੇਵਾਂਗੇ।—ਕਹਾ. 18:24.

ਦਇਆ ਕਰਨ ਵਾਲਾ ‘ਜੀਉਣ ਪਾਵੇਗਾ’

18, 19. ਭੈਣਾਂ-ਭਰਾਵਾਂ ਨਾਲ ਪੇਸ਼ ਆਉਂਦੇ ਵੇਲੇ ਸਾਡੀ ਜ਼ਬਾਨ ਤੋਂ ਦਇਆ ਕਿਉਂ ਝਲਕਣੀ ਚਾਹੀਦੀ ਹੈ?

18 ਯਹੋਵਾਹ ਦੇ ਹੋਰਨਾਂ ਸੇਵਕਾਂ ਨਾਲ ਪੇਸ਼ ਆਉਂਦੇ ਵੇਲੇ ਇਹ ਨਜ਼ਰ ਆਉਣਾ ਚਾਹੀਦਾ ਹੈ ਕਿ ਅਸੀਂ ਦਇਆਵਾਨ ਹਾਂ। ਮੁਸ਼ਕਲ ਹਾਲਾਤਾਂ ਵਿਚ ਵੀ ਇਹ ਸਾਡੀ ਜ਼ਬਾਨ ਤੋਂ ਝਲਕਣਾ ਚਾਹੀਦਾ ਹੈ। ਯਹੋਵਾਹ ਨਾਰਾਜ਼ ਹੋਇਆ ਸੀ ਜਦੋਂ ਇਸਰਾਏਲੀਆਂ ਦਾ ਪਿਆਰ ਅਤੇ ਦਇਆ “ਤ੍ਰੇਲ ਵਾਂਙੁ” ਹੋ ਗਏ ਸਨ “ਜਿਹੜੀ ਸਵੇਰੇ ਹੀ ਉੱਡ ਜਾਂਦੀ ਹੈ।” (ਹੋਸ਼ੇ. 6:4, 6) ਦੂਜੇ ਪਾਸੇ, ਯਹੋਵਾਹ ਖ਼ੁਸ਼ ਹੁੰਦਾ ਹੈ ਜਦੋਂ ਅਸੀਂ ਪਿਆਰ ਅਤੇ ਦਇਆ ਦਿਖਾਉਣ ਦੇ ਆਦੀ ਹੋ ਜਾਂਦੇ ਹਾਂ। ਧਿਆਨ ਦਿਓ ਕਿ ਉਹ ਇੱਦਾਂ ਕਰਨ ਵਾਲਿਆਂ ਨੂੰ ਕਿਵੇਂ ਬਰਕਤਾਂ ਦਿੰਦਾ ਹੈ।

19ਕਹਾਉਤਾਂ 21:21 ਕਹਿੰਦਾ ਹੈ: “ਜਿਹੜਾ ਧਰਮ ਅਤੇ ਦਯਾ ਦਾ ਪਿੱਛਾ ਕਰਦਾ ਹੈ, ਉਹ ਜੀਉਣ, ਧਰਮ ਅਤੇ ਆਦਰ ਪਾਉਂਦਾ ਹੈ।” ਅਜਿਹੇ ਵਿਅਕਤੀ ਨੂੰ ਜ਼ਿੰਦਗੀ ਮਿਲੇਗੀ ਜੋ ਛੋਟੀ ਜਿਹੀ ਨਹੀਂ ਹੋਵੇਗੀ, ਸਗੋਂ ਲੰਬੀ ਹੋਵੇਗੀ ਜਿਸ ਦਾ ਕੋਈ ਅੰਤ ਨਹੀਂ। ਹਾਂ, ਯਹੋਵਾਹ ਇਹ ‘ਅਸਲ ਜੀਵਨ ਫੜ ਲੈਣ’ ਵਿਚ ਉਸ ਦੀ ਮਦਦ ਕਰਦਾ ਹੈ। (1 ਤਿਮੋ. 6:12, 19) ਤਾਂ ਫਿਰ ਆਓ ਸਾਡੇ ਵਿੱਚੋਂ “ਹਰ ਮਨੁੱਖ” ਹਰ ਤਰ੍ਹਾਂ ਨਾਲ “ਆਪਣੇ ਭਰਾ ਉੱਤੇ ਦਯਾ ਅਤੇ ਰਹਮ ਕਰੇ।”—ਜ਼ਕ. 7:9.

[ਫੁਟਨੋਟ]

^ ਪੈਰਾ 4 ਦਇਆ ਦਾ ਗੁਣ ਪਿਆਰ, ਵਫ਼ਾਦਾਰੀ ਅਤੇ ਦਿਆਲਗੀ ਤੋਂ ਕਿਵੇਂ ਵੱਖਰਾ ਹੈ, ਇਸ ਬਾਰੇ ਹੋਰ ਜਾਣਕਾਰੀ ਲਈ 15 ਮਈ 2002 ਦੇ ਪਹਿਰਾਬੁਰਜ ਦੇ ਸਫ਼ੇ 12-13, 18-19 ਦੇਖੋ।

ਕੀ ਤੁਸੀਂ ਸਮਝਾ ਸਕਦੇ ਹੋ?

• ਦਇਆ ਬਾਰੇ ਤੁਸੀਂ ਕਿਵੇਂ ਸਮਝਾਓਗੇ?

• ਕਿਨ੍ਹਾਂ ਗੱਲਾਂ ਦੀ ਮਦਦ ਨਾਲ ਅਸੀਂ ਦਿਖਾ ਸਕਦੇ ਹਾਂ ਕਿ ਸਾਡੀ ਜ਼ਬਾਨ ਤੋਂ ਦਇਆ ਝਲਕਦੀ ਹੈ?

• ਵਿਆਹੁਤਾ-ਸਾਥੀ ਆਪਣੀ ਬੋਲ-ਬਾਣੀ ਵਿਚ ਸੱਚੀ ਦਇਆ ਤੇ ਪਿਆਰ ਕਿਵੇਂ ਦਿਖਾ ਸਕਦੇ ਹਨ?

• ਕਿਨ੍ਹਾਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਭੈਣਾਂ-ਭਰਾਵਾਂ ਨਾਲ ਪੇਸ਼ ਆਉਂਦੇ ਵੇਲੇ ਸਾਡੀ ਜ਼ਬਾਨ ਤੋਂ ਦਇਆ ਝਲਕਦੀ ਹੈ?

[ਸਵਾਲ]

[ਸਫ਼ਾ 23 ਉੱਤੇ ਤਸਵੀਰ]

ਦਾਊਦ ਨੇ ਯਹੋਵਾਹ ਦੀ ਦਇਆ ਨੂੰ ਵਡਿਆਇਆ

[ਸਫ਼ਾ 24 ਉੱਤੇ ਤਸਵੀਰ]

ਕੀ ਤੁਸੀਂ ਬਾਕਾਇਦਾ ਪਰਿਵਾਰਕ ਸਟੱਡੀ ਕਰਦੇ ਹੋ?