Skip to content

Skip to table of contents

ਦੁਹਾਈ ਦੇਣ ਵਾਲਿਆਂ ਨੂੰ ਕੌਣ ਬਚਾ ਸਕਦਾ ਹੈ?

ਦੁਹਾਈ ਦੇਣ ਵਾਲਿਆਂ ਨੂੰ ਕੌਣ ਬਚਾ ਸਕਦਾ ਹੈ?

ਦੁਹਾਈ ਦੇਣ ਵਾਲਿਆਂ ਨੂੰ ਕੌਣ ਬਚਾ ਸਕਦਾ ਹੈ?

‘ਹੇ ਪਰਮੇਸ਼ੁਰ, ਪਾਤਸ਼ਾਹ ਨੂੰ ਆਪਣਾ ਨਿਆਉਂ ਦੇਹ। ਉਹ ਤਾਂ ਦੁਹਾਈ ਦੇਣ ਵਾਲੇ ਕੰਗਾਲ ਨੂੰ ਬਚਾਵੇਗਾ।’—ਜ਼ਬੂ. 72:1, 12.

1. ਦਾਊਦ ਦੇ ਮਾਮਲੇ ਵਿਚ ਅਸੀਂ ਪਰਮੇਸ਼ੁਰ ਦੀ ਦਇਆ ਬਾਰੇ ਕੀ ਸਿੱਖਦੇ ਹਾਂ?

ਇਹ ਕਿੰਨੇ ਹੌਸਲਾ ਭਰੇ ਲਫ਼ਜ਼ ਹਨ ਜੋ ਸ਼ਾਇਦ ਪ੍ਰਾਚੀਨ ਇਸਰਾਏਲ ਦੇ ਰਾਜਾ ਦਾਊਦ ਨੇ ਲਿਖੇ ਸਨ। ਇਹ ਸ਼ਬਦ ਲਿਖਣ ਤੋਂ ਕਈ ਸਾਲ ਪਹਿਲਾਂ, ਦਾਊਦ ਨੂੰ ਇਸ ਗੱਲ ਦਾ ਪਛਤਾਵਾ ਸੀ ਕਿ ਉਸ ਨੇ ਬਥ-ਸ਼ਬਾ ਨਾਲ ਨਾਜਾਇਜ਼ ਸੰਬੰਧ ਕਾਇਮ ਕੀਤੇ। ਉਸ ਵੇਲੇ ਦਾਊਦ ਨੇ ਪਰਮੇਸ਼ੁਰ ਅੱਗੇ ਤਰਲੇ ਕੀਤੇ: ‘ਆਪਣੀਆਂ ਰਹਮਤਾਂ ਦੀ ਰੇਲ ਪੇਲ ਅਨੁਸਾਰ ਮੇਰੇ ਅਪਰਾਧ ਮਿਟਾ ਦੇਹ! ਮੇਰਾ ਪਾਪ ਸਦਾ ਮੇਰੇ ਸਾਹਮਣੇ ਹੈ। ਵੇਖ, ਮੈਂ ਬਦੀ ਵਿੱਚ ਜੰਮਿਆ, ਅਤੇ ਪਾਪ ਵਿੱਚ ਮੇਰੀ ਮਾਤਾ ਨੇ ਮੈਨੂੰ ਕੁੱਖ ਵਿੱਚ ਲਿਆ।’ (ਜ਼ਬੂ. 51:1-5) ਹਾਂ, ਯਹੋਵਾਹ ਦਇਆ ਕਾਰਨ ਚੇਤੇ ਰੱਖਦਾ ਹੈ ਕਿ ਅਸੀਂ ਪਾਪੀ ਹਾਂ।

2. ਜ਼ਬੂਰ 72 ਸਾਡੀ ਕਿਵੇਂ ਮਦਦ ਕਰ ਸਕਦਾ ਹੈ?

2 ਯਹੋਵਾਹ ਸਾਡੀ ਦੁਖਦਾਈ ਹਾਲਤ ਨੂੰ ਸਮਝਦਾ ਹੈ। ਇਸ ਲਈ ਭਵਿੱਖਬਾਣੀ ਕੀਤੀ ਗਈ ਸੀ ਕਿ ਪਰਮੇਸ਼ੁਰ ਦਾ ਚੁਣਿਆ ਹੋਇਆ ਰਾਜਾ “ਦੁਹਾਈ ਦੇਣ ਵਾਲੇ ਕੰਗਾਲ ਨੂੰ ਅਤੇ ਮਸਕੀਨ ਤੇ ਅਨਾਥ ਨੂੰ ਬਚਾਵੇਗਾ। ਉਹ ਗਰੀਬ ਅਤੇ ਕੰਗਾਲ ਉੱਤੇ ਤਰਸ ਖਾਵੇਗਾ, ਅਤੇ ਕੰਗਾਲ ਦੀਆਂ ਜਾਨਾਂ ਨੂੰ ਬਚਾਵੇਗਾ।” (ਜ਼ਬੂ. 72:12, 13) ਇਹ ਰਾਹਤ ਉਨ੍ਹਾਂ ਨੂੰ ਕਿਵੇਂ ਮਿਲੇਗੀ? ਜ਼ਬੂਰ 72 ਤੋਂ ਇਸ ਬਾਰੇ ਪਤਾ ਲੱਗਦਾ ਹੈ। ਇਹ ਭਜਨ ਦਾਊਦ ਦੇ ਪੁੱਤਰ ਸੁਲੇਮਾਨ ਦੀ ਪਾਤਸ਼ਾਹੀ ਬਾਰੇ ਲਿਖਿਆ ਗਿਆ ਸੀ। ਇਸ ਤੋਂ ਸਾਨੂੰ ਇਕ ਝਲਕ ਮਿਲਦੀ ਹੈ ਕਿ ਪਰਮੇਸ਼ੁਰ ਦੇ ਪੁੱਤਰ ਯਿਸੂ ਮਸੀਹ ਦਾ ਰਾਜ ਕਿਵੇਂ ਮਨੁੱਖਜਾਤੀ ਨੂੰ ਦੁੱਖਾਂ ਤੋਂ ਰਾਹਤ ਦਿਵਾਏਗਾ।

ਮਸੀਹ ਦੇ ਰਾਜ ਦੀ ਝਲਕ

3. ਸੁਲੇਮਾਨ ਨੇ ਕੀ ਮੰਗਿਆ ਅਤੇ ਪਰਮੇਸ਼ੁਰ ਨੇ ਉਸ ਨੂੰ ਕੀ ਦਿੱਤਾ?

3 ਸੁਲੇਮਾਨ ਨੂੰ ਰਾਜਾ ਬਣਾਉਣ ਦਾ ਆਦੇਸ਼ ਦੇਣ ਤੋਂ ਬਾਅਦ, ਬਿਰਧ ਦਾਊਦ ਨੇ ਉਸ ਨੂੰ ਖ਼ਾਸ ਹਿਦਾਇਤਾਂ ਦਿੱਤੀਆਂ ਜਿਨ੍ਹਾਂ ਦੀ ਸੁਲੇਮਾਨ ਨੇ ਵਫ਼ਾਦਾਰੀ ਨਾਲ ਪਾਲਣਾ ਕੀਤੀ। (1 ਰਾਜ. 1:32-35; 2:1-3) ਬਾਅਦ ਵਿਚ ਯਹੋਵਾਹ ਨੇ ਸੁਲੇਮਾਨ ਦੇ ਸੁਪਨੇ ਵਿਚ ਆ ਕੇ ਕਿਹਾ: “ਮੰਗ ਮੈਂ ਤੈਨੂੰ ਕੀ ਦੇਵਾਂ?” ਸੁਲੇਮਾਨ ਨੇ ਸਿਰਫ਼ ਇੱਕੋ ਮੰਗ ਕੀਤੀ: “ਆਪਣੇ ਦਾਸ ਨੂੰ ਸੁਣਨ ਵਾਲਾ ਮਨ ਦੇਹ ਭਈ ਉਹ ਤੇਰੀ ਪਰਜਾ ਦਾ ਨਿਆਉਂ ਕਰ ਸੱਕੇ ਏਸ ਲਈ ਭਈ ਮੈਂ ਅੱਛੇ ਅਤੇ ਬੁਰੇ ਨੂੰ ਸਮਝਾਂ।”—1 ਰਾਜ. 3:5, 9-13.

4. ਸੁਲੇਮਾਨ ਦੇ ਜ਼ਮਾਨੇ ਦੀ ਰਾਣੀ ਨੇ ਸੁਲੇਮਾਨ ਦੇ ਰਾਜ ਬਾਰੇ ਕੀ ਕਿਹਾ?

4 ਯਹੋਵਾਹ ਦੀ ਬਰਕਤ ਨਾਲ ਸੁਲੇਮਾਨ ਦੇ ਰਾਜ ਵਿਚ ਅਮਨ-ਚੈਨ ਤੇ ਖ਼ੁਸ਼ਹਾਲੀ ਦਾ ਬੋਲਬਾਲਾ ਸੀ ਜੋ ਕਿਸੇ ਹੋਰ ਮਨੁੱਖੀ ਸਰਕਾਰ ਅਧੀਨ ਦੇਖਣ ਨੂੰ ਨਹੀਂ ਮਿਲਿਆ। (1 ਰਾਜ. 4:25) ਕਈ ਲੋਕ ਦੇਖਣ ਆਏ ਸਨ ਕਿ ਸੁਲੇਮਾਨ ਦਾ ਰਾਜ ਕਿਹੋ ਜਿਹਾ ਸੀ। ਉਨ੍ਹਾਂ ਵਿੱਚੋਂ ਇਕ ਸੀ ਸ਼ਬਾ ਦੀ ਰਾਣੀ ਜੋ ਆਪਣੇ ਨੌਕਰਾਂ-ਚਾਕਰਾਂ ਤੇ ਹੋਰਨਾਂ ਲੋਕਾਂ ਸਮੇਤ ਆਈ ਸੀ। ਉਸ ਨੇ ਸੁਲੇਮਾਨ ਨੂੰ ਕਿਹਾ: ‘ਏਹ ਸੱਚੀ ਗੱਲ ਸੀ ਜੋ ਮੈਂ ਆਪਣੇ ਦੇਸ ਵਿੱਚ ਸੁਣੀ। ਓਹ ਮੈਨੂੰ ਅੱਧੀਆਂ ਭੀ ਨਹੀਂ ਦੱਸੀਆਂ ਗਈਆਂ। ਤੈਂ ਆਪਣੀ ਬੁੱਧੀ ਤੇ ਨੇਕੀ ਨੂੰ ਜਿਹੜੀ ਮੈਂ ਸੁਣੀ ਆਪਣੀ ਧੁੰਮ ਨਾਲੋਂ ਵਧਾਇਆ ਹੋਇਆ ਹੈ।’ (1 ਰਾਜ. 10:1, 6, 7) ਪਰ ਯਿਸੂ ਤਾਂ ਉਸ ਨਾਲੋਂ ਵੀ ਬੁੱਧਵਾਨ ਸੀ ਜਿਸ ਨੇ ਆਪਣੇ ਬਾਰੇ ਠੀਕ ਹੀ ਕਿਹਾ ਸੀ: “ਵੇਖੋ ਐਥੇ ਸੁਲੇਮਾਨ ਨਾਲੋਂ ਵੀ ਇੱਕ ਵੱਡਾ ਹੈ।”—ਮੱਤੀ 12:42.

ਸੁਲੇਮਾਨ ਤੋਂ ਵੱਡੇ ਸ਼ਖ਼ਸ ਅਧੀਨ ਰਾਹਤ

5. ਜ਼ਬੂਰ 72 ਤੋਂ ਕੀ ਪਤਾ ਲੱਗਦਾ ਹੈ ਅਤੇ ਇਹ ਕਿਸ ਗੱਲ ਦੀ ਝਲਕ ਦਿੰਦਾ ਹੈ?

5 ਆਓ ਆਪਾਂ ਇਹ ਜਾਣਨ ਲਈ ਜ਼ਬੂਰ 72 ਵਿਚਲੀਆਂ ਗੱਲਾਂ ਉੱਤੇ ਗੌਰ ਕਰੀਏ ਕਿ ਸੁਲੇਮਾਨ ਤੋਂ ਵੱਡੇ ਸ਼ਖ਼ਸ ਯਿਸੂ ਮਸੀਹ ਦੇ ਰਾਜ ਅਧੀਨ ਕਿਹੜੀਆਂ ਬਰਕਤਾਂ ਮਿਲਣਗੀਆਂ। (ਜ਼ਬੂਰਾਂ ਦੀ ਪੋਥੀ 72:1-4 ਪੜ੍ਹੋ।) ਇਸ ਜ਼ਬੂਰ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ‘ਸ਼ਾਂਤੀ ਦੇ ਰਾਜ ਕੁਮਾਰ’ ਯਾਨੀ ਆਪਣੇ ਪੁੱਤਰ ਯਿਸੂ ਮਸੀਹ ਦੇ “ਰਾਜ” ਬਾਰੇ ਕਿਵੇਂ ਮਹਿਸੂਸ ਕਰਦਾ ਹੈ। (ਯਸਾ. 9:6, 7) ਸੁਲੇਮਾਨ ਤੋਂ ਮਹਾਨ ਯਿਸੂ ਪਰਮੇਸ਼ੁਰ ਦੀ ਸੇਧ ਨਾਲ ‘ਮਸਕੀਨਾਂ ਦਾ ਨਿਆਉਂ ਕਰੇਗਾ ਤੇ ਕੰਗਾਲਾਂ ਦੇ ਬੱਚਿਆਂ ਨੂੰ ਬਚਾਵੇਗਾ।’ ਉਸ ਦੇ ਰਾਜ ਵਿਚ ਸ਼ਾਂਤੀ ਤੇ ਧਰਮ ਦਾ ਬੋਲਬਾਲਾ ਹੋਵੇਗਾ। ਯਿਸੂ ਜਦੋਂ ਧਰਤੀ ਉੱਤੇ ਹੁੰਦਾ ਸੀ, ਉਦੋਂ ਉਸ ਨੇ ਦਿਖਾਇਆ ਸੀ ਕਿ ਉਹ ਭਵਿੱਖ ਵਿਚ ਹਜ਼ਾਰ ਸਾਲ ਦੇ ਰਾਜ ਦੌਰਾਨ ਕੀ ਕੁਝ ਕਰੇਗਾ।—ਪਰ. 20:4.

6. ਯਿਸੂ ਨੇ ਆਪਣੇ ਰਾਜ ਅਧੀਨ ਮਿਲਣ ਵਾਲੀਆਂ ਕਿਹੜੀਆਂ ਬਰਕਤਾਂ ਦੀ ਝਲਕ ਦਿਖਾਈ?

6 ਯਿਸੂ ਮਸੀਹ ਦੇ ਕੁਝ ਕੰਮਾਂ ਬਾਰੇ ਸੋਚੋ ਜੋ ਇਸ ਗੱਲ ਦੀ ਝਲਕ ਸਨ ਕਿ ਉਹ ਜ਼ਬੂਰ 72 ਦੀ ਭਵਿੱਖਬਾਣੀ ਪੂਰੀ ਕਰਦੇ ਹੋਏ ਮਨੁੱਖਜਾਤੀ ਲਈ ਕੀ ਕੁਝ ਕਰੇਗਾ। ਅਸੀਂ ਇਹ ਜਾਣ ਕੇ ਪ੍ਰਭਾਵਿਤ ਹੋ ਜਾਂਦੇ ਹਾਂ ਕਿ ਯਿਸੂ ਨੂੰ ਦੁਖੀਆਂ ਉੱਤੇ ਕਿੰਨਾ ਤਰਸ ਆਉਂਦਾ ਸੀ। (ਮੱਤੀ 9:35, 36; 15:29-31) ਮਿਸਾਲ ਲਈ, ਇਕ ਕੋੜ੍ਹੀ ਨੇ ਯਿਸੂ ਕੋਲ ਆ ਕੇ ਕਿਹਾ: “ਜੇ ਤੂੰ ਚਾਹੇਂ ਤਾਂ ਮੈਨੂੰ ਸ਼ੁੱਧ ਕਰ ਸੱਕਦਾ ਹੈਂ।” ਯਿਸੂ ਨੇ ਉੱਤਰ ਦਿੱਤਾ: “ਮੈਂ ਚਾਹੁੰਦਾ ਹਾਂ, ਤੂੰ ਸ਼ੁੱਧ ਹੋ ਜਾਹ।” ਅਤੇ ਉਹ ਆਦਮੀ ਠੀਕ ਹੋ ਗਿਆ! (ਮਰ. 1:40-42) ਬਾਅਦ ਵਿਚ ਯਿਸੂ ਇਕ ਵਿਧਵਾ ਨੂੰ ਮਿਲਿਆ ਜਿਸ ਦਾ ਇਕਲੌਤਾ ਪੁੱਤਰ ਮਰ ਗਿਆ ਸੀ। ‘ਤਰਸ ਖਾ ਕੇ’ ਯਿਸੂ ਨੇ ਕਿਹਾ: “ਉੱਠ!” ਅਤੇ ਵਿਧਵਾ ਦਾ ਪੁੱਤਰ ਉੱਠ ਖੜ੍ਹਾ ਹੋਇਆ। ਉਹ ਦੁਬਾਰਾ ਜੀਉਂਦਾ ਹੋ ਗਿਆ!—ਲੂਕਾ 7:11-15.

7, 8. ਯਿਸੂ ਨੇ ਕਿਹੜੇ ਕੁਝ ਚਮਤਕਾਰ ਕੀਤੇ ਸਨ?

7 ਯਿਸੂ ਨੂੰ ਚਮਤਕਾਰ ਕਰਨ ਦੀ ਤਾਕਤ ਯਹੋਵਾਹ ਨੇ ਦਿੱਤੀ ਸੀ। ਇਸ ਦਾ ਸਬੂਤ ਅਸੀਂ ਉਸ ਜਨਾਨੀ ਦੀ ਮਿਸਾਲ ਤੋਂ ਦੇਖਦੇ ਹਾਂ “ਜਿਹ ਨੂੰ ਬਾਰਾਂ ਵਰਿਹਾਂ ਤੋਂ ਲਹੂ ਆਉਂਦਾ ਸੀ।” ਹਾਲਾਂਕਿ ਉਸ ਨੇ “ਬਹੁਤ ਹਕੀਮਾਂ ਦੇ ਹੱਥੋਂ ਵੱਡਾ ਦੁਖ ਪਾਇਆ ਅਤੇ ਆਪਣਾ ਸਭ ਕੁਝ ਖਰਚ ਕਰ ਦਿੱਤਾ ਸੀ,” ਪਰ ਉਸ ਦਾ ਹੋਰ ਵੀ ਮਾੜਾ ਹਾਲ ਹੋ ਗਿਆ ਸੀ। ਇਸ ਲਈ ਉਹ ਤੀਵੀਂ ਭੀੜ ਵਿਚ ਰਲ ਗਈ ਤੇ ਯਿਸੂ ਨੂੰ ਛੋਹ ਲਿਆ। ਇੱਦਾਂ ਕਰ ਕੇ ਉਸ ਨੇ ‘ਲਹੂ ਦੇ ਪ੍ਰਮੇਹ’ ਬਾਰੇ ਬਿਵਸਥਾ ਦਾ ਨਿਯਮ ਤੋੜਿਆ ਸੀ। (ਲੇਵੀ. 15:19, 25) ਯਿਸੂ ਨੂੰ ਅਹਿਸਾਸ ਹੋਇਆ ਕਿ ਉਸ ਵਿੱਚੋਂ ਸ਼ਕਤੀ ਨਿਕਲੀ ਹੈ, ਇਸ ਲਈ ਉਸ ਨੇ ਪੁੱਛਿਆ ਕਿ ਉਸ ਨੂੰ ਕਿਸ ਨੇ ਛੋਹਿਆ ਹੈ। “ਡਰਦੀ ਅਤੇ ਕੰਬਦੀ” ਹੋਈ ਤੀਵੀਂ ਨੇ “ਉਹ ਦੇ ਚਰਨਾਂ ਉੱਤੇ ਡਿੱਗ ਕੇ ਸਾਰੀ ਹਕੀਕਤ ਉਹ ਨੂੰ ਦੱਸ ਦਿੱਤੀ।” ਯਿਸੂ ਸਮਝ ਗਿਆ ਕਿ ਯਹੋਵਾਹ ਨੇ ਤੀਵੀਂ ਨੂੰ ਚੰਗਾ ਕੀਤਾ ਸੀ, ਇਸ ਲਈ ਯਿਸੂ ਨੇ ਪਿਆਰ ਨਾਲ ਉਸ ਨੂੰ ਕਿਹਾ: “ਹੇ ਬੇਟੀ ਤੇਰੀ ਨਿਹਚਾ ਨੇ ਤੈਨੂੰ ਚੰਗਾ ਕੀਤਾ ਹੈ, ਸਲਾਮਤ ਚਲੀ ਜਾਹ ਅਤੇ ਆਪਣੀ ਬਲਾ ਤੋਂ ਬਚੀ ਰਹੁ।”—ਮਰ. 5:25-27, 30, 33, 34.

8 ਪਰਮੇਸ਼ੁਰ ਤੋਂ ਮਿਲੀ ਸ਼ਕਤੀ ਨਾਲ ਯਿਸੂ ਨੇ ਬੀਮਾਰਾਂ ਨੂੰ ਤਾਂ ਚੰਗਾ ਕੀਤਾ ਹੀ ਸੀ, ਪਰ ਚਮਤਕਾਰ ਦੇਖਣ ਵਾਲਿਆਂ ਉੱਤੇ ਵੀ ਜ਼ਬਰਦਸਤ ਅਸਰ ਪਿਆ ਸੀ। ਮਿਸਾਲ ਲਈ, ਬਹੁਤ ਸਾਰੇ ਲੋਕ ਦੰਗ ਰਹਿ ਗਏ ਸਨ ਜਦੋਂ ਉਨ੍ਹਾਂ ਨੇ ਮਸ਼ਹੂਰ ਪਹਾੜੀ ਉਪਦੇਸ਼ ਤੋਂ ਪਹਿਲਾਂ ਯਿਸੂ ਨੂੰ ਲੋਕਾਂ ਨੂੰ ਠੀਕ ਕਰਦਿਆਂ ਦੇਖਿਆ। (ਲੂਕਾ 6:17-19) ਜਦੋਂ ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਇਹ ਪਤਾ ਕਰਨ ਲਈ ਦੋ ਆਦਮੀ ਭੇਜੇ ਕਿ ਯਿਸੂ ਮਸੀਹਾ ਸੀ ਜਾਂ ਨਹੀਂ, ਤਾਂ ਉਨ੍ਹਾਂ ਨੇ ਦੇਖਿਆ ਕਿ ਯਿਸੂ ‘ਬਹੁਤਿਆਂ ਨੂੰ ਰੋਗਾਂ ਅਰ ਬਲਾਈਆਂ ਅਤੇ ਬਦ ਰੂਹਾਂ ਤੋਂ ਚੰਗਾ ਕਰ ਰਿਹਾ ਸੀ ਅਤੇ ਬਹੁਤਿਆਂ ਅੰਨ੍ਹਿਆਂ ਨੂੰ ਸੁਜਾਖਾ ਕਰ ਰਿਹਾ ਸੀ।’ ਫਿਰ ਯਿਸੂ ਨੇ ਦੋਹਾਂ ਨੂੰ ਕਿਹਾ: “ਜੋ ਕੁਝ ਤੁਸਾਂ ਵੇਖਿਆ ਅਤੇ ਸੁਣਿਆ ਹੈ ਯੂਹੰਨਾ ਨੂੰ ਜਾ ਦੱਸਿਓ ਕਿ ਅੰਨ੍ਹੇ ਸੁਜਾਖੇ ਹੁੰਦੇ ਹਨ, ਅਤੇ ਲੰਙੇ ਤੁਰਦੇ ਹਨ, ਕੋੜ੍ਹੀ ਸ਼ੁੱਧ ਕੀਤੇ ਜਾਂਦੇ ਹਨ, ਅਤੇ ਬੋਲੇ ਸੁਣਦੇ ਹਨ, ਮੁਰਦੇ ਜਿਵਾਲੇ ਜਾਂਦੇ ਹਨ, ਗਰੀਬਾਂ ਨੂੰ ਖੁਸ਼ ਖਬਰੀ ਸੁਣਾਈ ਜਾਂਦੀ ਹੈ।” (ਲੂਕਾ 7:19-22) ਇਸ ਸੁਨੇਹੇ ਤੋਂ ਯੂਹੰਨਾ ਨੂੰ ਕਿੰਨਾ ਹੌਸਲਾ ਮਿਲਿਆ ਹੋਣਾ!

9. ਯਿਸੂ ਦੇ ਚਮਤਕਾਰ ਕਿਸ ਗੱਲ ਦੀ ਝਲਕ ਸਨ?

9 ਇਹ ਸੱਚ ਹੈ ਕਿ ਧਰਤੀ ਉੱਤੇ ਆਪਣੀ ਸੇਵਕਾਈ ਦੌਰਾਨ ਯਿਸੂ ਨੇ ਲੋਕਾਂ ਨੂੰ ਥੋੜ੍ਹੇ ਚਿਰ ਵਾਸਤੇ ਦੁੱਖਾਂ ਤੋਂ ਰਾਹਤ ਦਿਵਾਈ ਸੀ। ਜਿਨ੍ਹਾਂ ਲੋਕਾਂ ਨੂੰ ਉਸ ਨੇ ਠੀਕ ਜਾਂ ਜੀਉਂਦੇ ਕੀਤਾ ਸੀ, ਅਖ਼ੀਰ ਉਹ ਮਰ ਗਏ। ਪਰ ਉਸ ਵੇਲੇ ਕੀਤੇ ਯਿਸੂ ਦੇ ਚਮਤਕਾਰ ਇਸ ਗੱਲ ਦੀ ਝਲਕ ਸਨ ਕਿ ਉਸ ਦੇ ਮਸੀਹਾਈ ਰਾਜ ਅਧੀਨ ਮਨੁੱਖਜਾਤੀ ਨੂੰ ਹਮੇਸ਼ਾ ਲਈ ਦੁੱਖਾਂ ਤੋਂ ਰਾਹਤ ਮਿਲੇਗੀ।

ਸਾਰੀ ਧਰਤੀ ਉੱਤੇ ਸੋਹਣੇ ਹਾਲਾਤ ਹੋਣ ਵਾਲੇ ਹਨ!

10, 11. (ੳ) ਯਿਸੂ ਦੇ ਰਾਜ ਵਿਚ ਮਿਲਣ ਵਾਲੀਆਂ ਬਰਕਤਾਂ ਕਿੰਨੇ ਚਿਰ ਲਈ ਰਹਿਣਗੀਆਂ ਅਤੇ ਉਸ ਦਾ ਰਾਜ ਕਿਹੋ ਜਿਹਾ ਹੋਵੇਗਾ? (ਅ) ਨਵੀਂ ਦੁਨੀਆਂ ਵਿਚ ਯਿਸੂ ਨਾਲ ਕੌਣ ਹੋਵੇਗਾ ਅਤੇ ਉਹ ਹਮੇਸ਼ਾ ਲਈ ਕਿਵੇਂ ਜੀ ਸਕੇਗਾ?

10 ਜ਼ਰਾ ਕਲਪਨਾ ਕਰੋ ਕਿ ਉਸ ਵੇਲੇ ਜ਼ਿੰਦਗੀ ਕਿਹੋ ਜਿਹੀ ਹੋਵੇਗੀ ਜਦੋਂ ਸਾਰੀ ਧਰਤੀ ਸੁੰਦਰ ਬਣ ਜਾਵੇਗੀ। (ਜ਼ਬੂਰਾਂ ਦੀ ਪੋਥੀ 72:5-9 ਪੜ੍ਹੋ।) ਸੱਚੇ ਪਰਮੇਸ਼ੁਰ ਦੇ ਭਗਤ ਨਵੀਂ ਦੁਨੀਆਂ ਵਿਚ ਤਦ ਤਕ ਜ਼ਿੰਦਗੀ ਦਾ ਆਨੰਦ ਮਾਣਦੇ ਰਹਿਣਗੇ ਜਦ ਤਕ ਸੂਰਜ ਤੇ ਚੰਦਰਮਾ ਰਹੇਗਾ—ਹਾਂ ਹਮੇਸ਼ਾ ਲਈ! ਰਾਜਾ ਯਿਸੂ ਮਸੀਹ ਸਭਨਾਂ ਨੂੰ ਤਰੋਤਾਜ਼ਾ ਕਰੇਗਾ ਜਿਵੇਂ ‘ਵਰਖਾ ਜਿਹੜੀ ਘਾਹ ਦੇ ਵੱਢ ਉੱਤੇ ਪਵੇ, ਅਤੇ ਝੜੀਆਂ ਜੋ ਧਰਤੀ ਨੂੰ ਸਿੰਜਦੀਆਂ ਹਨ।’

11 ਜਦੋਂ ਤੁਸੀਂ ਇਸ ਜ਼ਬੂਰ ਵਿਚਲੀਆਂ ਪੂਰੀਆਂ ਹੋਣ ਵਾਲੀਆਂ ਗੱਲਾਂ ਦੀ ਕਲਪਨਾ ਕਰਦੇ ਹੋ, ਤਾਂ ਕੀ ਤੁਹਾਡਾ ਦਿਲ ਸੋਹਣੀ ਧਰਤੀ ਉੱਤੇ ਹਮੇਸ਼ਾ ਰਹਿਣ ਲਈ ਨਹੀਂ ਕਰਦਾ? ਸੂਲ਼ੀ ਉੱਤੇ ਟੰਗੇ ਅਪਰਾਧੀ ਨੂੰ ਬਹੁਤ ਚੰਗਾ ਲੱਗਾ ਜਦੋਂ ਯਿਸੂ ਨੇ ਉਸ ਨੂੰ ਕਿਹਾ ਕਿ ਉਹ ਉਸ ਨਾਲ ਨਵੀਂ ਦੁਨੀਆਂ ਵਿਚ ਹੋਵੇਗਾ। ਉਸ ਆਦਮੀ ਨੂੰ ਯਿਸੂ ਦੇ ਹਜ਼ਾਰ ਸਾਲ ਦੇ ਰਾਜ ਦੌਰਾਨ ਮੁੜ ਜ਼ਿੰਦਗੀ ਬਖ਼ਸ਼ੀ ਜਾਵੇਗੀ। ਜੇ ਉਹ ਮਸੀਹ ਦੀ ਹਕੂਮਤ ਦੇ ਅਧੀਨ ਰਿਹਾ, ਤਾਂ ਉਹ ਹਮੇਸ਼ਾ ਲਈ ਧਰਤੀ ਉੱਤੇ ਜੀਉਂਦਾ ਰਹੇਗਾ ਅਤੇ ਪੂਰੀ ਤਰ੍ਹਾਂ ਤੰਦਰੁਸਤ ਤੇ ਖ਼ੁਸ਼ ਰਹੇਗਾ।

12. ਮਸੀਹ ਦੇ ਹਜ਼ਾਰ ਸਾਲ ਦੇ ਰਾਜ ਦੌਰਾਨ ਮੁੜ ਜੀਉਂਦੇ ਹੋਣ ਵਾਲੇ ਕੁਧਰਮੀ ਲੋਕਾਂ ਨੂੰ ਕਿਹੜਾ ਮੌਕਾ ਦਿੱਤਾ ਜਾਵੇਗਾ?

12 ਸੁਲੇਮਾਨ ਤੋਂ ਮਹਾਨ ਯਿਸੂ ਮਸੀਹ ਦੇ ਰਾਜ ਵਿਚ “ਧਰਮੀ ਲਹਿ ਲਹਾਉਣਗੇ।” (ਜ਼ਬੂ. 72:7) ਉਸ ਵੇਲੇ ਮਸੀਹ ਲੋਕਾਂ ਦੀ ਉੱਨੇ ਪਿਆਰ ਨਾਲ ਪਰਵਾਹ ਕਰੇਗਾ ਜਿੰਨਾ ਉਹ ਧਰਤੀ ਉੱਤੇ ਹੁੰਦਿਆਂ ਕਰਦਾ ਸੀ। ਇੱਥੋਂ ਤਕ ਕਿ ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ ਮੁੜ ਜੀ ਉਠਾਏ ‘ਕੁਧਰਮੀਆਂ’ ਨੂੰ ਵੀ ਯਹੋਵਾਹ ਦੇ ਮਿਆਰਾਂ ਉੱਤੇ ਚੱਲਣ ਅਤੇ ਜੀਣ ਦਾ ਮੌਕਾ ਦਿੱਤਾ ਜਾਵੇਗਾ। (ਰਸੂ. 24:15) ਪਰ ਜਿਹੜੇ ਪਰਮੇਸ਼ੁਰ ਦੀਆਂ ਮੰਗਾਂ ਅਨੁਸਾਰ ਖਰੇ ਨਹੀਂ ਉਤਰਨਗੇ, ਉਨ੍ਹਾਂ ਨੂੰ ਸਦਾ ਲਈ ਨਹੀਂ ਜੀਣ ਦਿੱਤਾ ਜਾਵੇਗਾ। ਇਸ ਤਰ੍ਹਾਂ ਨਵੀਂ ਦੁਨੀਆਂ ਦੀ ਸੁੱਖ-ਸ਼ਾਂਤੀ ਭੰਗ ਨਹੀਂ ਹੋਵੇਗੀ।

13. ਯਿਸੂ ਦਾ ਰਾਜ ਕਿੱਥੇ ਤਕ ਫੈਲਿਆ ਹੋਵੇਗਾ ਅਤੇ ਇਸ ਦੀ ਸੁੱਖ-ਸ਼ਾਂਤੀ ਕਿਉਂ ਭੰਗ ਨਹੀਂ ਹੋਵੇਗੀ?

13 ਸੁਲੇਮਾਨ ਤੋਂ ਮਹਾਨ ਯਿਸੂ ਦਾ ਰਾਜ ਧਰਤੀ ਉੱਤੇ ਕਿੱਥੇ ਤਕ ਫੈਲਿਆ ਹੋਵੇਗਾ, ਇਸ ਬਾਰੇ ਇਨ੍ਹਾਂ ਸ਼ਬਦਾਂ ਤੋਂ ਪਤਾ ਲੱਗਦਾ ਹੈ: “ਉਹ ਸਮੁੰਦਰੋਂ ਲੈ ਕੇ ਸਮੁੰਦਰ ਤੀਕ ਅਤੇ [ਫਰਾਤ] ਦਰਿਆ ਤੋਂ ਲੈ ਕੇ ਧਰਤੀ ਦੇ ਬੰਨੇ ਤੀਕ ਰਾਜ ਕਰੇਗਾ। ਜੰਗਲ ਦੇ ਰਹਿਣ ਵਾਲੇ ਉਹ ਦੇ ਅੱਗੇ ਗੋਡੇ ਨਿਵਾਉਣਗੇ, ਅਤੇ ਉਹ ਦੇ ਵੈਰੀ ਖ਼ਾਕ ਚੱਟਣਗੇ!” (ਜ਼ਬੂ. 72:8, 9) ਹਾਂ, ਯਿਸੂ ਮਸੀਹ ਸਾਰੀ ਧਰਤੀ ਉੱਤੇ ਰਾਜ ਕਰੇਗਾ। (ਜ਼ਕ. 9:9, 10) ਉਸ ਦੀ ਪਾਤਸ਼ਾਹੀ ਅਤੇ ਬਰਕਤਾਂ ਦੀ ਕਦਰ ਪਾਉਣ ਵਾਲੇ ਉਸ ਅੱਗੇ “ਗੋਡੇ ਨਿਵਾਉਣਗੇ।” ਪਰ ਤੋਬਾ ਨਾ ਕਰਨ ਵਾਲੇ ਪਾਪੀਆਂ ਨੂੰ ਨਾਸ਼ ਕਰ ਦਿੱਤਾ ਜਾਵੇਗਾ ਭਾਵੇਂ ਉਹ ਉਸ ਵੇਲੇ “ਸੌ ਵਰਹੇ ਦੀ ਉਮਰ” ਦੇ ਨਿਆਣੇ ਕਿਉਂ ਨਾ ਹੋਣ। (ਯਸਾ. 65:20) ਉਹ “ਖ਼ਾਕ ਚੱਟਣਗੇ!”

ਯਿਸੂ ਸਾਡਾ ਹਮਦਰਦ ਹੈ

14, 15. ਅਸੀਂ ਕਿਵੇਂ ਜਾਣਦੇ ਹਾਂ ਕਿ ਯਿਸੂ ਇਨਸਾਨਾਂ ਦੇ ਜਜ਼ਬਾਤਾਂ ਨੂੰ ਸਮਝਦਾ ਹੈ ਅਤੇ ‘ਦੁਹਾਈ ਦੇਣ ਵਾਲੇ ਕੰਗਾਲ ਨੂੰ ਬਚਾਵੇਗਾ’?

14 ਪਾਪੀ ਇਨਸਾਨਾਂ ਦੀ ਹਾਲਤ ਤਰਸਯੋਗ ਹੈ ਤੇ ਉਨ੍ਹਾਂ ਨੂੰ ਮਦਦ ਦੀ ਸਖ਼ਤ ਲੋੜ ਹੈ। ਪਰ ਸਾਨੂੰ ਉਮੀਦ ਦੀ ਕਿਰਨ ਮਿਲੀ ਹੈ। (ਜ਼ਬੂਰਾਂ ਦੀ ਪੋਥੀ 72:12-14 ਪੜ੍ਹੋ।) ਸੁਲੇਮਾਨ ਤੋਂ ਮਹਾਨ ਯਿਸੂ ਨੂੰ ਸਾਡੇ ਨਾਲ ਹਮਦਰਦੀ ਹੈ ਕਿਉਂਕਿ ਉਹ ਸਾਡੀ ਮਾੜੀ ਹਾਲਤ ਸਮਝਦਾ ਹੈ। ਇਸ ਤੋਂ ਇਲਾਵਾ, ਯਿਸੂ ਨੇ ਧਰਮ ਦੀ ਖ਼ਾਤਰ ਦੁੱਖ ਝੱਲੇ ਅਤੇ ਪਰਮੇਸ਼ੁਰ ਨੇ ਉਸ ਨੂੰ ਆਪਣੇ ਹੀ ਬਲ ਤੇ ਅਜ਼ਮਾਇਸ਼ਾਂ ਸਹਿਣ ਦਿੱਤੀਆਂ। ਉਹ ਇੰਨੇ ਤਣਾਅ ਵਿਚ ਸੀ ਕਿ “ਉਹ ਦਾ ਮੁੜ੍ਹਕਾ ਲਹੂ ਦੀਆਂ ਬੂੰਦਾਂ ਵਾਂਙੁ ਭੁੰਞੇਂ ਡਿਗਦਾ ਸੀ।” (ਲੂਕਾ 22:44) ਬਾਅਦ ਵਿਚ ਜਦੋਂ ਉਹ ਸੂਲ਼ੀ ਉੱਤੇ ਟੰਗਿਆ ਹੋਇਆ ਸੀ, ਤਾਂ ਉਸ ਨੇ ਉੱਚੀ ਆਵਾਜ਼ ਵਿਚ ਕਿਹਾ: “ਹੇ ਮੇਰੇ ਪਰਮੇਸ਼ੁਰ, ਹੇ ਮੇਰੇ ਪਰਮੇਸ਼ੁਰ, ਤੈਂ ਮੈਨੂੰ ਕਿਉਂ ਛੱਡ ਦਿੱਤਾ?” (ਮੱਤੀ 27:45, 46) ਉਸ ਨੇ ਐਨਾ ਕੁਝ ਸਹਿਆ ਅਤੇ ਸ਼ਤਾਨ ਨੇ ਉਸ ਨੂੰ ਯਹੋਵਾਹ ਤੋਂ ਦੂਰ ਕਰਨ ਦੀਆਂ ਲੱਖ ਕੋਸ਼ਿਸ਼ਾਂ ਕੀਤੀਆਂ, ਪਰ ਫਿਰ ਵੀ ਯਿਸੂ ਯਹੋਵਾਹ ਪਰਮੇਸ਼ੁਰ ਪ੍ਰਤਿ ਵਫ਼ਾਦਾਰ ਰਿਹਾ।

15 ਅਸੀਂ ਯਕੀਨ ਕਰ ਸਕਦੇ ਹਾਂ ਕਿ ਯਿਸੂ ਸਾਡੇ ਦੁੱਖ-ਦਰਦ ਦੇਖਦਾ ਹੈ ਅਤੇ ਉਹ “ਦੁਹਾਈ ਦੇਣ ਵਾਲੇ ਕੰਗਾਲ ਨੂੰ ਅਤੇ ਮਸਕੀਨ ਤੇ ਅਨਾਥ ਨੂੰ ਬਚਾਵੇਗਾ।” ਯਿਸੂ ਆਪਣੇ ਪਿਤਾ ਵਾਂਗ ਪਰਵਾਹ ਕਰਦਾ ਹੈ, ਇਸ ਲਈ ਉਹ ‘ਕੰਗਾਲਾਂ ਦੀ ਸੁਣੇਗਾ’ ਅਤੇ ‘ਟੁੱਟੇ ਦਿਲਾਂ ਨੂੰ ਚੰਗਾ ਕਰੇਗਾ, ਅਤੇ ਉਨ੍ਹਾਂ ਦੇ ਸੋਗਾਂ ਉੱਤੇ ਪੱਟੀ ਬੰਨ੍ਹੇਗਾ।’ (ਜ਼ਬੂ. 69:33; 147:3) ਯਿਸੂ “ਸਾਡੀਆਂ ਦੁਰਬਲਤਾਈਆਂ ਵਿੱਚ ਸਾਡਾ ਦਰਦੀ” ਬਣ ਸਕਦਾ ਹੈ ਕਿਉਂਕਿ ਉਹ “ਸਾਰੀਆਂ ਗੱਲਾਂ ਵਿੱਚ ਸਾਡੇ ਵਾਂਙੁ ਪਰਤਾਇਆ ਗਿਆ।” (ਇਬ. 4:15) ਇਹ ਜਾਣ ਕੇ ਸਾਨੂੰ ਕਿੰਨਾ ਚੰਗਾ ਲੱਗਦਾ ਹੈ ਕਿ ਰਾਜਾ ਯਿਸੂ ਮਸੀਹ ਹੁਣ ਸਵਰਗ ਵਿਚ ਰਾਜ ਕਰ ਰਿਹਾ ਹੈ ਅਤੇ ਮਨੁੱਖਾਂ ਨੂੰ ਦੁੱਖਾਂ ਤੋਂ ਰਾਹਤ ਦਿਵਾਉਣ ਲਈ ਬਹੁਤ ਉਤਾਵਲਾ ਹੈ!

16. ਸੁਲੇਮਾਨ ਆਪਣੀ ਪਰਜਾ ਨਾਲ ਹਮਦਰਦੀ ਕਿਉਂ ਰੱਖ ਸਕਿਆ?

16 ਬੁੱਧੀ ਤੇ ਸੂਝ-ਬੂਝ ਤੋਂ ਕੰਮ ਲੈਣ ਕਰਕੇ ਸੁਲੇਮਾਨ ‘ਗਰੀਬ ਉੱਤੇ ਤਰਸ ਖਾਂਦਾ’ ਸੀ। ਇਸ ਤੋਂ ਇਲਾਵਾ ਉਸ ਦੀ ਆਪਣੀ ਜ਼ਿੰਦਗੀ ਵਿਚ ਕਈ ਘਟਨਾਵਾਂ ਘਟੀਆਂ ਸਨ ਜਿਨ੍ਹਾਂ ਕਾਰਨ ਉਸ ਨੂੰ ਸਦਮਾ ਲੱਗਾ ਹੋਵੇਗਾ। ਉਸ ਦੇ ਭਰਾ ਅਮਨੋਨ ਨੇ ਉਸ ਦੀ ਭੈਣ ਤਾਮਾਰ ਨਾਲ ਬਲਾਤਕਾਰ ਕੀਤਾ ਸੀ, ਫਿਰ ਉਸ ਦੇ ਭਰਾ ਅਬਸ਼ਾਲੋਮ ਨੇ ਇਸ ਅਪਰਾਧ ਕਾਰਨ ਅਮਨੋਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ। (2 ਸਮੂ. 13:1, 14, 28, 29) ਫਿਰ ਅਬਸ਼ਾਲੋਮ ਨੇ ਦਾਊਦ ਦੇ ਸਿੰਘਾਸਣ ਨੂੰ ਹੜੱਪਣ ਦੀ ਕੋਸ਼ਿਸ਼ ਕੀਤੀ, ਪਰ ਉਸ ਦੀ ਸਕੀਮ ਸਿਰੇ ਨਹੀਂ ਚੜ੍ਹੀ ਤੇ ਯੋਆਬ ਨੇ ਉਸ ਦਾ ਕਤਲ ਕਰ ਦਿੱਤਾ। (2 ਸਮੂ. 15:10, 14; 18:9, 14) ਬਾਅਦ ਵਿਚ ਸੁਲੇਮਾਨ ਦੇ ਭਰਾ ਅਦੋਨੀਯਾਹ ਨੇ ਰਾਜ-ਗੱਦੀ ਹਥਿਆਉਣ ਦੀ ਕੋਸ਼ਿਸ਼ ਕੀਤੀ। ਜੇ ਉਹ ਕਾਮਯਾਬ ਹੋ ਜਾਂਦਾ, ਤਾਂ ਸੁਲੇਮਾਨ ਦੀ ਮੌਤ ਤੈਅ ਸੀ। (1 ਰਾਜ. 1:5) ਸੋ ਸੁਲੇਮਾਨ ਇਨਸਾਨਾਂ ਦੇ ਦੁੱਖ ਸਮਝਦਾ ਸੀ। ਇਸ ਗੱਲ ਦਾ ਪਤਾ ਸਾਨੂੰ ਉਸ ਦੀ ਪ੍ਰਾਰਥਨਾ ਤੋਂ ਲੱਗਦਾ ਹੈ ਜੋ ਉਸ ਨੇ ਯਹੋਵਾਹ ਦੇ ਭਵਨ ਦੇ ਉਦਘਾਟਨ ਵੇਲੇ ਕੀਤੀ ਸੀ। ਰਾਜਾ ਸੁਲੇਮਾਨ ਨੇ ਆਪਣੀ ਪਰਜਾ ਲਈ ਪ੍ਰਾਰਥਨਾ ਕੀਤੀ ਸੀ: ‘ਹਰ ਇੱਕ ਮਨੁੱਖ ਆਪਣੇ ਦੁੱਖ ਅਤੇ ਰੰਜ ਨੂੰ ਜਾਣਦਾ ਹੈ। ਤੂੰ ਯਹੋਵਾਹ ਸੁਣ ਕੇ ਖਿਮਾ ਕਰੀਂ ਅਤੇ ਹਰ ਮਨੁੱਖ ਨੂੰ ਉਸ ਦੀ ਚਾਲ ਅਨੁਸਾਰ ਬਦਲਾ ਦੇਈਂ।’—2 ਇਤ. 6:29, 30.

17, 18. ਪਰਮੇਸ਼ੁਰ ਦੇ ਕੁਝ ਸੇਵਕਾਂ ਨੂੰ ਕਿਹੜਾ ਦੁੱਖ ਝੱਲਣਾ ਪਿਆ ਤੇ ਕਿਸ ਦੀ ਮਦਦ ਨਾਲ ਉਹ ਦੁੱਖ ਝੱਲ ਸਕੇ ਹਨ?

17 ‘ਸਾਡਾ ਆਪਣਾ ਦੁੱਖ’ ਸ਼ਾਇਦ ਅਤੀਤ ਵਿਚ ਜ਼ਿੰਦਗੀ ਦੇ ਕੁਝ ਤਜਰਬਿਆਂ ਦੇ ਅਸਰਾਂ ਦਾ ਅੰਜਾਮ ਹੋਵੇ। 30 ਕੁ ਸਾਲਾਂ ਦੀ ਮੈਰੀ, * ਜੋ ਯਹੋਵਾਹ ਦੀ ਗਵਾਹ ਹੈ, ਲਿਖਦੀ ਹੈ: “ਮੇਰੇ ਕੋਲ ਖ਼ੁਸ਼ ਹੋਣ ਦਾ ਹਰ ਕਾਰਨ ਹੈ, ਪਰ ਜਦ ਮੈਨੂੰ ਆਪਣਾ ਅਤੀਤ ਚੇਤੇ ਆਉਂਦਾ ਹੈ, ਤਾਂ ਮੈਂ ਸ਼ਰਮਸਾਰ ਹੋ ਜਾਂਦੀ ਹਾਂ ਤੇ ਆਪਣੇ ਤੋਂ ਨਫ਼ਰਤ ਕਰਨ ਲੱਗਦੀ ਹਾਂ। ਮੈਂ ਬਹੁਤ ਉਦਾਸ ਹੋ ਜਾਂਦੀ ਹਾਂ ਤੇ ਰੋਣ ਲੱਗ ਪੈਂਦੀ ਹਾਂ ਜਿਵੇਂ ਕਿ ਸਭ ਕੁਝ ਕੱਲ੍ਹ ਹੀ ਹੋਇਆ ਹੋਵੇ। ਹਾਲੇ ਵੀ ਉਨ੍ਹਾਂ ਯਾਦਾਂ ਕਾਰਨ ਮੈਂ ਆਪਣੇ ਆਪ ਨੂੰ ਫ਼ਜ਼ੂਲ ਤੇ ਦੋਸ਼ੀ ਸਮਝਣ ਲੱਗ ਪੈਂਦੀ ਹਾਂ।”

18 ਪਰਮੇਸ਼ੁਰ ਦੇ ਕਈ ਸੇਵਕ ਇਸ ਤਰ੍ਹਾਂ ਸੋਚਦੇ ਹਨ, ਪਰ ਉਨ੍ਹਾਂ ਨੂੰ ਸਹਿਣ ਦੀ ਤਾਕਤ ਕਿੱਥੋਂ ਮਿਲ ਸਕਦੀ ਹੈ? ਮੈਰੀ ਕਹਿੰਦੀ ਹੈ: “ਹੁਣ ਮੈਂ ਆਪਣੇ ਸੱਚੇ ਦੋਸਤਾਂ ਅਤੇ ਕਲੀਸਿਯਾ ਦੇ ਭੈਣਾਂ-ਭਰਾਵਾਂ ਕਾਰਨ ਖ਼ੁਸ਼ ਹਾਂ। ਮੈਂ ਭਵਿੱਖ ਬਾਰੇ ਕੀਤੇ ਯਹੋਵਾਹ ਦੇ ਵਾਅਦਿਆਂ ਉੱਤੇ ਵੀ ਧਿਆਨ ਲਾਉਣ ਦੀ ਕੋਸ਼ਿਸ਼ ਕਰਦੀ ਹਾਂ ਤੇ ਮੈਨੂੰ ਯਕੀਨ ਹੈ ਕਿ ਮਦਦ ਲਈ ਮੇਰੀ ਪੁਕਾਰ ਖ਼ੁਸ਼ੀਆਂ-ਖੇੜਿਆਂ ਵਿਚ ਬਦਲ ਜਾਵੇਗੀ।” (ਜ਼ਬੂ. 126:5) ਸਾਨੂੰ ਪਰਮੇਸ਼ੁਰ ਦੇ ਪੁੱਤਰ ਯਾਨੀ ਉਸ ਦੇ ਨਿਯੁਕਤ ਕੀਤੇ ਹਾਕਮ ਉੱਤੇ ਆਸ ਰੱਖਣ ਦੀ ਲੋੜ ਹੈ। ਉਸ ਬਾਰੇ ਭਵਿੱਖਬਾਣੀ ਕੀਤੀ ਗਈ ਸੀ: “ਉਹ ਗਰੀਬ ਅਤੇ ਕੰਗਾਲ ਉੱਤੇ ਤਰਸ ਖਾਵੇਗਾ, ਅਤੇ ਕੰਗਾਲ ਦੀਆਂ ਜਾਨਾਂ ਨੂੰ ਬਚਾਵੇਗਾ। ਉਹ ਉਨ੍ਹਾਂ ਦੀ ਜਾਨ ਨੂੰ ਛਲ ਤੇ ਅਨ੍ਹੇਰ ਤੋਂ ਨਿਸਤਾਰਾ ਦੇਵੇਗਾ, ਅਤੇ ਉਨ੍ਹਾਂ ਦਾ ਲਹੂ ਉਹ ਦੀ ਨਿਗਾਹ ਵਿੱਚ ਬਹੁਮੁੱਲਾ ਹੋਵੇਗਾ।” (ਜ਼ਬੂ. 72:13, 14) ਇਹ ਜਾਣ ਕੇ ਕਿੰਨਾ ਦਿਲਾਸਾ ਮਿਲਦਾ ਹੈ!

ਨਵੀਂ ਦੁਨੀਆਂ ਵਿਚ ਸਾਡੇ ਲਈ ਭਰਪੂਰ ਖਾਣਾ ਹੋਵੇਗਾ

19, 20. (ੳ) ਜ਼ਬੂਰ 72 ਅਨੁਸਾਰ ਮਸੀਹ ਦਾ ਰਾਜ ਕਿਹੜੀ ਸਮੱਸਿਆ ਦਾ ਹੱਲ ਕਰੇਗਾ? (ਅ) ਮਸੀਹ ਦੇ ਰਾਜ ਦਾ ਸਿਹਰਾ ਮੁੱਖ ਤੌਰ ਤੇ ਕਿਸ ਨੂੰ ਜਾਣਾ ਚਾਹੀਦਾ ਹੈ ਅਤੇ ਇਹ ਰਾਜ ਜੋ ਕੁਝ ਕਰੇਗਾ, ਉਸ ਬਾਰੇ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ?

19 ਦੁਬਾਰਾ ਕਲਪਨਾ ਕਰੋ ਕਿ ਸੁਲੇਮਾਨ ਤੋਂ ਮਹਾਨ ਯਿਸੂ ਦੇ ਰਾਜ ਅਧੀਨ ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ ਧਰਮੀ ਲੋਕਾਂ ਦਾ ਭਵਿੱਖ ਕਿਹੋ ਜਿਹਾ ਹੋਵੇਗਾ। ਸਾਡੇ ਨਾਲ ਵਾਅਦਾ ਕੀਤਾ ਗਿਆ ਹੈ: ‘ਧਰਤੀ ਵਿੱਚ ਪਹਾੜਾਂ ਦੀ ਟੀਸੀ ਉੱਤੇ ਬਹੁਤਾ ਅੰਨ ਹੋਵੇਗਾ।’ (ਜ਼ਬੂ. 72:16) ਅੰਨ ਆਮ ਤੌਰ ਤੇ ਪਹਾੜਾਂ ਦੀਆਂ ਟੀਸੀਆਂ ਉੱਤੇ ਨਹੀਂ ਉਗਾਇਆ ਜਾਂਦਾ। ਪਰ ਇਹ ਲਫ਼ਜ਼ ਇਸ ਗੱਲ ’ਤੇ ਜ਼ੋਰ ਦਿੰਦੇ ਹਨ ਕਿ ਧਰਤੀ ਕਿੰਨੀ ਉਪਜਾਊ ਹੋਵੇਗੀ। ਇਸ ਦੀ ਉਪਜ ‘ਲਬਾਨੋਨ ਵਾਂਙੁ ਝੂਮੇਗੀ।’ ਸੁਲੇਮਾਨ ਦੇ ਜ਼ਮਾਨੇ ਵਿਚ ਇਸ ਇਲਾਕੇ ਵਿਚ ਬਹੁਤ ਜ਼ਿਆਦਾ ਫ਼ਸਲ ਹੁੰਦੀ ਸੀ। ਜ਼ਰਾ ਸੋਚੋ! ਭੋਜਨ ਦੀ ਕਮੀ ਨਹੀਂ ਹੋਵੇਗੀ, ਕਿਸੇ ਨੂੰ ਕੁਪੋਸ਼ਣ ਦਾ ਸ਼ਿਕਾਰ ਨਹੀਂ ਹੋਣਾ ਪਵੇਗਾ ਤੇ ਕੋਈ ਭੁੱਖਾ ਨਹੀਂ ਮਰੇਗਾ! ਉਸ ਵੇਲੇ ਸਾਰੇ ਹੀ “ਮੋਟੀਆਂ ਵਸਤਾਂ ਦੀ ਦਾਉਤ” ਦਾ ਆਨੰਦ ਮਾਣਨਗੇ।—ਯਸਾ. 25:6-8; 35:1, 2.

20 ਇਨ੍ਹਾਂ ਸਾਰੀਆਂ ਬਰਕਤਾਂ ਦਾ ਸਿਹਰਾ ਕਿਸ ਨੂੰ ਜਾਂਦਾ ਹੈ? ਮੁੱਖ ਤੌਰ ਤੇ ਸਦਾ ਦੇ ਰਾਜਾ ਅਤੇ ਸਾਰੇ ਵਿਸ਼ਵ ਦੇ ਹਾਕਮ ਯਹੋਵਾਹ ਪਰਮੇਸ਼ੁਰ ਨੂੰ। ਉਸ ਵੇਲੇ ਅਸੀਂ ਸਾਰੇ ਹੀ ਖ਼ੁਸ਼ੀ ਨਾਲ ਇਸ ਸੋਹਣੇ ਤੇ ਦਿਲ ਨੂੰ ਛੂਹ ਜਾਣ ਵਾਲੇ ਜ਼ਬੂਰ ਦੇ ਆਖ਼ਰੀ ਲਫ਼ਜ਼ ਦੁਹਰਾਵਾਂਗੇ: “ਉਹ ਦਾ [ਰਾਜੇ ਯਿਸੂ ਮਸੀਹ ਦਾ] ਨਾਮ ਸਦਾ ਰਹੇ, ਜਿੰਨਾ ਚਿਰ ਸੂਰਜ ਰਹੇ ਉਹ ਦਾ ਨਾਮ ਵਧੇ, ਅਤੇ ਲੋਕ ਉਸ ਵਿੱਚ ਬਰਕਤ ਪਾਉਣ, ਸਾਰੀਆਂ ਕੌਮਾਂ ਉਹ ਨੂੰ ਧੰਨ ਆਖਣ! ਮੁਬਾਰਕ ਹੋਵੇ ਯਹੋਵਾਹ ਪਰਮੇਸ਼ੁਰ, ਇਸਰਾਏਲ ਦਾ ਪਰਮੇਸ਼ੁਰ, ਉਹ ਇਕੱਲਾ ਹੀ ਅਚਰਜ ਦੇ ਕੰਮ ਕਰਦਾ ਹੈ, ਅਤੇ ਉਹ ਦਾ ਤੇਜਵਾਨ ਨਾਮ ਸਦਾ ਤੀਕੁਰ ਮੁਬਾਰਕ ਹੋਵੇ, ਅਤੇ ਸਾਰੀ ਧਰਤੀ ਉਹ ਦੇ ਤੇਜ ਨਾਲ ਭਰਪੂਰ ਹੋਵੇ! ਆਮੀਨ ਤੇ ਆਮੀਨ!”—ਜ਼ਬੂ. 72:17-19.

[ਫੁਟਨੋਟ]

^ ਪੈਰਾ 17 ਨਾਂ ਬਦਲਿਆ ਗਿਆ ਹੈ।

ਤੁਸੀਂ ਕੀ ਜਵਾਬ ਦਿਓਗੇ?

ਜ਼ਬੂਰ 72 ਵਿਚ ਭਵਿੱਖ ਬਾਰੇ ਕਿਹੜੀ ਝਲਕ ਦਿੱਤੀ ਗਈ ਹੈ?

• ਸੁਲੇਮਾਨ ਤੋਂ ਮਹਾਨ ਕੌਣ ਹੈ ਅਤੇ ਉਸ ਦੀ ਹਕੂਮਤ ਕਿੱਥੇ ਤਕ ਫੈਲੀ ਹੋਵੇਗੀ?

ਜ਼ਬੂਰ 72 ਵਿਚ ਦੱਸੀਆਂ ਬਰਕਤਾਂ ਬਾਰੇ ਤੁਹਾਨੂੰ ਕਿਹੜੀ ਗੱਲ ਚੰਗੀ ਲੱਗਦੀ ਹੈ?

[ਸਵਾਲ]

[ਸਫ਼ਾ 29 ਉੱਤੇ ਤਸਵੀਰ]

ਸੁਲੇਮਾਨ ਦੇ ਰਾਜ ਦੌਰਾਨ ਖ਼ੁਸ਼ਹਾਲੀ ਕਿਸ ਗੱਲ ਦੀ ਝਲਕ ਸੀ?

[ਸਫ਼ਾ 32 ਉੱਤੇ ਤਸਵੀਰ]

ਸੁਲੇਮਾਨ ਤੋਂ ਮਹਾਨ ਯਿਸੂ ਦੇ ਰਾਜ ਅਧੀਨ ਨਵੀਂ ਦੁਨੀਆਂ ਵਿਚ ਜ਼ਿੰਦਗੀ ਪਾਉਣ ਦੀ ਪੂਰੀ ਕੋਸ਼ਿਸ਼ ਕਰੋ