Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਯਿਸੂ ਇਕ ਪਾਪਣ ਨੂੰ ਕਿਉਂ ਕਹਿ ਸਕਦਾ ਸੀ ਕਿ ਉਸ ਦੇ ਪਾਪ ਮਾਫ਼ ਕੀਤੇ ਗਏ ਸਨ?—ਲੂਕਾ 7:37, 48.

ਯਿਸੂ ਜਦੋਂ ਸ਼ਮਊਨ ਨਾਂ ਦੇ ਫ਼ਰੀਸੀ ਦੇ ਘਰ ਰੋਟੀ ਖਾਣ ਬੈਠਾ ਸੀ, ਤਾਂ ਇਕ ਤੀਵੀਂ ਉਸ ਦੇ ‘ਪਿਛਲੀ ਵੱਲ ਉਸ ਦੇ ਚਰਨਾਂ ਦੇ ਕੋਲ ਖਲੋ ਗਈ।’ ਉਸ ਨੇ ਆਪਣੇ ਹੰਝੂਆਂ ਨਾਲ ਉਹ ਦੇ ਚਰਨ ਭਿਓਂ ਕੇ ਆਪਣੇ ਸਿਰ ਦੇ ਵਾਲਾਂ ਨਾਲ ਪੂੰਝੇ। ਫਿਰ ਉਸ ਨੇ ਉਸ ਦੇ ਚਰਨਾਂ ਨੂੰ ਚੁੰਮਿਆ ਅਤੇ ਉਨ੍ਹਾਂ ’ਤੇ ਅਤਰ ਮਲ਼ਿਆ। ਇੰਜੀਲ ਵਿਚ ਲਿਖਿਆ ਹੈ ਕਿ ਇਹ ਤੀਵੀਂ ‘ਉਸ ਨਗਰ ਵਿੱਚ ਪਾਪਣ’ ਵਜੋਂ ਜਾਣੀ ਜਾਂਦੀ ਸੀ। ਇਹ ਤਾਂ ਅਸੀਂ ਜਾਣਦੇ ਹਾਂ ਕਿ ਰੱਬ ਦੀਆਂ ਨਜ਼ਰਾਂ ਵਿਚ ਹਰੇਕ ਨਾਮੁਕੰਮਲ ਇਨਸਾਨ ਪਾਪੀ ਹੈ, ਪਰ ਬਾਈਬਲ ਵਿਚ ਇਹ ਸ਼ਬਦ ਆਮ ਤੌਰ ਤੇ ਉਸ ਵਿਅਕਤੀ ਲਈ ਵਰਤਿਆ ਜਾਂਦਾ ਹੈ ਜਿਸ ਦੇ ਪਾਪ ਜਗ ਜ਼ਾਹਰ ਹੁੰਦੇ ਹਨ ਜਾਂ ਜੋ ਪਾਪ ਕਰਨ ਤੋਂ ਬਾਜ਼ ਨਹੀਂ ਆਉਂਦਾ। ਹੋ ਸਕਦਾ ਕਿ ਉਹ ਤੀਵੀਂ ਵੇਸਵਾ ਸੀ। ਯਿਸੂ ਨੇ ਅਜਿਹੀ ਤੀਵੀਂ ਨੂੰ ਕਿਹਾ ਸੀ: “ਤੇਰੇ ਪਾਪ ਮਾਫ਼ ਕੀਤੇ ਗਏ।” (ਲੂਕਾ 7:36-38, 48) ਯਿਸੂ ਦਾ ਕੀ ਮਤਲਬ ਸੀ? ਯਿਸੂ ਨੇ ਹਾਲੇ ਆਪਣੀ ਕੁਰਬਾਨੀ ਨਹੀਂ ਦਿੱਤੀ ਸੀ, ਤਾਂ ਫਿਰ ਇਹ ਮਾਫ਼ੀ ਕਿੱਦਾਂ ਦਿੱਤੀ ਜਾ ਸਕਦੀ ਸੀ?

ਜਦੋਂ ਤੀਵੀਂ ਨੇ ਯਿਸੂ ਦੇ ਚਰਨਾਂ ਨੂੰ ਧੋ ਕੇ ਉਨ੍ਹਾਂ ’ਤੇ ਤੇਲ ਮਲ਼ਿਆ ਸੀ, ਤਾਂ ਉਸ ਨੂੰ ਮਾਫ਼ੀ ਦੇਣ ਤੋਂ ਪਹਿਲਾਂ ਯਿਸੂ ਨੇ ਆਪਣੇ ਮੇਜ਼ਬਾਨ ਸ਼ਮਊਨ ਨੂੰ ਇਕ ਜ਼ਰੂਰੀ ਗੱਲ ਸਮਝਾਉਣ ਲਈ ਇਕ ਉਦਾਹਰਣ ਦਿੱਤੀ। ਯਿਸੂ ਨੇ ਪਾਪ ਦੀ ਤੁਲਨਾ ਭਾਰੇ ਕਰਜ਼ੇ ਨਾਲ ਕੀਤੀ ਜੋ ਲਾਉਣਾ ਔਖਾ ਹੈ। ਫਿਰ ਉਸ ਨੇ ਸ਼ਮਊਨ ਨੂੰ ਕਿਹਾ: “ਕਿਸੇ ਸ਼ਾਹੂਕਾਰ ਦੇ ਦੋ ਕਰਜਾਈ ਸਨ, ਇੱਕ ਢਾਈ ਸੋ ਰੁਪਏ ਅਤੇ ਦੂਆ ਪੰਜਾਹਾਂ ਦਾ। ਜਾਂ ਉਨ੍ਹਾਂ ਦੇ ਕੋਲ ਦੇਣ ਨੂੰ ਕੁਝ ਨਾ ਸੀ ਤਾਂ ਉਹ ਨੇ ਦੋਹਾਂ ਨੂੰ ਬਖ਼ਸ਼ ਦਿੱਤਾ ਸੋ ਉਨ੍ਹਾਂ ਵਿੱਚੋਂ ਉਸ ਨਾਲ ਕਿਹੜਾ ਵਧੀਕ ਪਿਆਰ ਕਰੇਗਾ?” ਸ਼ਮਊਨ ਨੇ ਉੱਤਰ ਦਿੱਤਾ: “ਮੇਰੀ ਜਾਚ ਵਿੱਚ ਉਹ ਜਿਹ ਨੂੰ ਉਸ ਨੇ ਵਧੀਕ ਬਖ਼ਸ਼ਿਆ।” ਯਿਸੂ ਨੇ ਉਸ ਨੂੰ ਆਖਿਆ: “ਤੈਂ ਠੀਕ ਨਿਬੇੜਾ ਕੀਤਾ।” (ਲੂਕਾ 7:41-43) ਆਗਿਆਕਾਰ ਰਹਿਣ ਦੇ ਸੰਬੰਧ ਵਿਚ ਅਸੀਂ ਸਾਰੇ ਪਰਮੇਸ਼ੁਰ ਦੇ ਕਰਜ਼ਦਾਰ ਹਾਂ, ਇਸ ਕਰਕੇ ਜਦੋਂ ਅਸੀਂ ਉਸ ਦੇ ਕਹਿਣੇ ਨਹੀਂ ਲੱਗਦੇ ਤੇ ਪਾਪ ਕਰਦੇ ਹਾਂ, ਤਾਂ ਅਸੀਂ ਪਰਮੇਸ਼ੁਰ ਦਾ ਜੋ ਕੁਝ ਬਣਦਾ ਹੈ ਉਸ ਨੂੰ ਦੇ ਨਹੀਂ ਪਾਉਂਦੇ। ਇਵੇਂ ਸਾਡੇ ਸਿਰ ਕਰਜ਼ਾ ਚੜ੍ਹਦਾ ਰਹਿੰਦਾ ਹੈ। ਪਰ ਯਹੋਵਾਹ ਅਜਿਹਾ ਸ਼ਾਹੂਕਾਰ ਹੈ ਜੋ ਕਰਜ਼ਾ ਮਾਫ਼ ਕਰਨ ਲਈ ਤਿਆਰ ਰਹਿੰਦਾ ਹੈ। ਇਸੇ ਕਰਕੇ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ ਕਿ ਉਹ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਨ ਤੇ ਕਹਿਣ: “ਸਾਡੇ ਕਰਜ਼ ਸਾਨੂੰ ਮਾਫ਼ ਕਰ, ਜਿਵੇਂ ਅਸਾਂ ਵੀ ਆਪਣੇ ਕਰਜਾਈਆਂ ਨੂੰ ਮਾਫ਼ ਕੀਤਾ ਹੈ।” (ਮੱਤੀ 6:12) ਲੂਕਾ 11:4 ਵਿਚ ਇਸ ਕਰਜ਼ੇ ਨੂੰ ਪਾਪ ਕਿਹਾ ਗਿਆ ਹੈ।

ਪੁਰਾਣੇ ਜ਼ਮਾਨੇ ਵਿਚ ਪਰਮੇਸ਼ੁਰ ਕਿਸ ਸ਼ਰਤ ’ਤੇ ਪਾਪ ਮਾਫ਼ ਕਰਦਾ ਸੀ? ਉਸ ਦੇ ਖਰੇ ਨਿਆਂ ਅਨੁਸਾਰ ਪਾਪ ਦੀ ਸਜ਼ਾ ਮੌਤ ਸੀ। ਇਸ ਕਰਕੇ ਆਦਮ ਨੂੰ ਪਾਪ ਦੇ ਬਦਲੇ ਮੌਤ ਦੀ ਸਜ਼ਾ ਮਿਲੀ। ਇਸਰਾਏਲ ਕੌਮ ਨੂੰ ਦਿੱਤੀ ਬਿਵਸਥਾ ਅਨੁਸਾਰ ਪਾਪੀ ਦੇ ਪਾਪ ਮਾਫ਼ ਹੋ ਸਕਦੇ ਸਨ ਜਦੋਂ ਉਹ ਯਹੋਵਾਹ ਨੂੰ ਇਕ ਪਸ਼ੂ ਦੀ ਬਲੀ ਚੜ੍ਹਾਉਂਦਾ ਸੀ। ਪੌਲੁਸ ਰਸੂਲ ਨੇ ਕਿਹਾ: “ਸ਼ਰਾ ਦੇ ਅਨੁਸਾਰ ਲਗ ਭਗ ਸਾਰੀਆਂ ਵਸਤਾਂ ਲਹੂ ਨਾਲ ਸ਼ੁੱਧ ਕੀਤੀਆਂ ਜਾਂਦੀਆਂ ਹਨ ਅਤੇ ਬਿਨਾ ਲਹੂ ਵਹਾਏ ਮਾਫ਼ੀ ਹੁੰਦੀ ਹੀ ਨਹੀਂ।” (ਇਬ. 9:22) ਯਹੂਦੀ ਹੋਰ ਕਿਸੇ ਪ੍ਰਬੰਧ ਬਾਰੇ ਨਹੀਂ ਜਾਣਦੇ ਸਨ ਜਿਸ ਰਾਹੀਂ ਉਨ੍ਹਾਂ ਨੂੰ ਪਰਮੇਸ਼ੁਰ ਤੋਂ ਆਪਣੇ ਪਾਪਾਂ ਦੀ ਮਾਫ਼ੀ ਮਿਲ ਸਕਦੀ ਸੀ। ਇਸ ਕਰਕੇ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਲੋਕਾਂ ਨੇ ਉਸ ਤੀਵੀਂ ਨੂੰ ਕਹੀ ਯਿਸੂ ਦੀ ਗੱਲ ਉੱਤੇ ਇਤਰਾਜ਼ ਕੀਤਾ। ਯਿਸੂ ਦੇ ਨਾਲ ਖਾਣਾ ਖਾਣ ਬੈਠੇ ਆਪਣੇ ਮਨ ਵਿਚ ਕਹਿਣ ਲੱਗੇ: “ਭਈ ਇਹ ਕੌਣ ਹੈ ਜੋ ਪਾਪ ਭੀ ਮਾਫ਼ ਕਰਦਾ ਹੈ?” (ਲੂਕਾ 7:49) ਤਾਂ ਫਿਰ ਪਾਪਾਂ ਦੇ ਬੋਝ ਥੱਲੇ ਦੱਬੀ ਉਸ ਤੀਵੀਂ ਨੂੰ ਕਿਸ ਆਧਾਰ ਤੇ ਮਾਫ਼ ਕੀਤਾ ਜਾ ਸਕਦਾ ਸੀ?

ਪਹਿਲੇ ਜੋੜੇ ਦੇ ਪਾਪ ਕਰਨ ਤੋਂ ਬਾਅਦ ਪਰਮੇਸ਼ੁਰ ਨੇ ਆਪਣੀ ਸਭ ਤੋਂ ਪਹਿਲੀ ਭਵਿੱਖਬਾਣੀ ਵਿਚ ਇਕ “ਸੰਤਾਨ” ਪੈਦਾ ਕਰਨ ਦਾ ਜ਼ਿਕਰ ਕੀਤਾ ਜਿਸ ਦੀ ਅੱਡੀ ਨੂੰ ਸ਼ਤਾਨ ਅਤੇ ਉਸ ਦੀ “ਸੰਤਾਨ” ਡੰਗ ਮਾਰਨਗੇ। (ਉਤ. 3:15) ਇਹ ਡੰਗ ਉਦੋਂ ਮਾਰਿਆ ਗਿਆ ਜਦੋਂ ਪਰਮੇਸ਼ੁਰ ਦੇ ਦੁਸ਼ਮਣਾਂ ਨੇ ਯਿਸੂ ਨੂੰ ਕਤਲ ਕੀਤਾ ਸੀ। (ਗਲਾ. 3:13, 16) ਮਸੀਹ ਦੇ ਵਹਾਏ ਲਹੂ ਸਦਕਾ ਅਸੀਂ ਪਾਪ ਅਤੇ ਮੌਤ ਦੇ ਸ਼ਿਕੰਜੇ ਤੋਂ ਛੁਡਾਏ ਜਾ ਸਕਦੇ ਹਾਂ। ਪਰ ਜਿਸ ਘੜੀ ਪਰਮੇਸ਼ੁਰ ਨੇ ਉਤਪਤ 3:15 ਦੇ ਵਾਕ ਕਹੇ ਸਨ, ਉਸ ਵੇਲੇ ਮਾਨੋ ਉਸ ਦੀਆਂ ਨਜ਼ਰਾਂ ਵਿਚ ਯਿਸੂ ਦੀ ਕੁਰਬਾਨੀ ਦਿੱਤੀ ਜਾ ਚੁੱਕੀ ਸੀ ਕਿਉਂਕਿ ਕੋਈ ਵੀ ਚੀਜ਼ ਯਹੋਵਾਹ ਨੂੰ ਆਪਣਾ ਮਕਸਦ ਪੂਰਾ ਕਰਨ ਤੋਂ ਨਹੀਂ ਰੋਕ ਸਕਦੀ। ਇਸ ਲਈ ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਮਾਫ਼ ਕਰ ਸਕਦਾ ਸੀ ਜੋ ਉਸ ਦੇ ਵਾਅਦਿਆਂ ਵਿਚ ਵਿਸ਼ਵਾਸ ਕਰਦੇ ਸਨ।

ਯਿਸੂ ਦੇ ਧਰਤੀ ਉੱਤੇ ਆਉਣ ਤੋਂ ਪਹਿਲਾਂ ਯਹੋਵਾਹ ਨੇ ਕਈ ਵਿਅਕਤੀਆਂ ਨੂੰ ਧਰਮੀ ਠਹਿਰਾਇਆ ਸੀ। ਉਨ੍ਹਾਂ ਵਿੱਚੋਂ ਸਨ ਹਨੋਕ, ਨੂਹ, ਅਬਰਾਹਾਮ, ਰਾਹਾਬ ਅਤੇ ਅੱਯੂਬ। ਉਹ ਨਿਹਚਾ ਨਾਲ ਪਰਮੇਸ਼ੁਰ ਦੇ ਵਾਅਦੇ ਪੂਰੇ ਹੋਣ ਦੀ ਉਡੀਕ ਕਰਦੇ ਸਨ। ਯਾਕੂਬ ਚੇਲੇ ਨੇ ਲਿਖਿਆ ਕਿ “ਅਬਰਾਹਾਮ ਨੇ ਪਰਮੇਸ਼ੁਰ ਦੀ ਪਰਤੀਤ ਕੀਤੀ ਅਤੇ ਇਹ ਉਹ ਦੇ ਲਈ ਧਰਮ ਗਿਣੀ ਗਈ।” ਰਾਹਾਬ ਦੇ ਬਾਰੇ ਯਾਕੂਬ ਨੇ ਕਿਹਾ: “ਓਸੇ ਪਰਕਾਰ ਕੀ ਰਹਾਬ ਵੇਸਵਾ ਭੀ ਅਮਲਾਂ ਹੀ ਨਾਲ ਧਰਮੀ ਨਾ ਠਹਿਰਾਈ ਗਈ?”—ਯਾਕੂ. 2:21-25.

ਪ੍ਰਾਚੀਨ ਇਸਰਾਏਲ ਦੇ ਰਾਜਾ ਦਾਊਦ ਨੇ ਕਈ ਗੰਭੀਰ ਪਾਪ ਕੀਤੇ ਸਨ, ਪਰ ਹਰ ਵਾਰ ਦਿਲੋਂ ਪਛਤਾਵਾ ਕੀਤਾ ਕਿਉਂਕਿ ਉਹ ਸੱਚੇ ਪਰਮੇਸ਼ੁਰ ਵਿਚ ਪੱਕੀ ਨਿਹਚਾ ਰੱਖਦਾ ਸੀ। ਇਸ ਤੋਂ ਇਲਾਵਾ ਬਾਈਬਲ ਕਹਿੰਦੀ ਹੈ ਕਿ “[ਯਿਸੂ] ਨੂੰ ਪਰਮੇਸ਼ੁਰ ਨੇ ਉਹ ਦੇ ਲਹੂ ਉੱਤੇ ਨਿਹਚਾ ਕਰਨ ਨਾਲ ਪ੍ਰਾਸਚਿੱਤ ਠਹਿਰਾਇਆ ਤਾਂ ਜੋ ਪਰਮੇਸ਼ੁਰ ਆਪਣੇ ਧਰਮ ਨੂੰ ਪਰਗਟ ਕਰੇ ਇਸ ਲਈ ਜੋ ਉਹ ਨੇ ਆਪਣੀ ਖਿਮਾ ਨਾਲ ਪਿੱਛਲੇ ਸਮੇਂ ਦੇ ਕੀਤੇ ਹੋਏ ਪਾਪਾਂ ਤੋਂ ਅੱਖੀਆਂ ਫੇਰ ਲਈਆਂ। ਹਾਂ, ਇਸ ਵਰਤਮਾਨ ਸਮੇਂ ਵਿੱਚ ਭੀ ਆਪਣੇ ਧਰਮ ਨੂੰ ਪਰਗਟ ਕਰੇ ਤਾਂ ਜੋ ਉਹ ਆਪ ਧਰਮੀ ਰਹੇ ਅਤੇ ਨਾਲੇ ਉਹ ਨੂੰ ਧਰਮੀ ਠਹਿਰਾਵੇ ਜਿਹੜਾ ਯਿਸੂ ਉੱਤੇ ਨਿਹਚਾ ਕਰੇ।” (ਰੋਮੀ. 3:25, 26) ਭਵਿੱਖ ਵਿਚ ਦਿੱਤੀ ਜਾਣ ਵਾਲੀ ਯਿਸੂ ਦੀ ਕੁਰਬਾਨੀ ਦੇ ਆਧਾਰ ਤੇ ਯਹੋਵਾਹ ਆਪਣੇ ਨਿਆਂ ਦੀਆਂ ਮੰਗਾਂ ਦੀ ਉਲੰਘਣਾ ਕੀਤੇ ਬਿਨਾਂ ਦਾਊਦ ਦੇ ਪਾਪ ਮਾਫ਼ ਕਰ ਸਕਦਾ ਸੀ।

ਜ਼ਾਹਰ ਹੈ ਕਿ ਯਿਸੂ ਦੇ ਚਰਨਾਂ ਨੂੰ ਧੋਣ ਵਾਲੀ ਤੀਵੀਂ ਦੀ ਹਾਲਤ ਵੀ ਦਾਊਦ ਵਰਗੀ ਸੀ। ਉਹ ਬਦਚਲਣ ਜ਼ਿੰਦਗੀ ਬਤੀਤ ਕਰਦੀ ਸੀ, ਪਰ ਫਿਰ ਉਸ ਨੇ ਆਪਣੇ ਮਾੜੇ ਕੰਮਾਂ ਤੋਂ ਤੋਬਾ ਕਰ ਲਈ। ਉਸ ਨੇ ਸਵੀਕਾਰ ਕਰ ਲਿਆ ਸੀ ਕਿ ਉਸ ਨੂੰ ਪਾਪ ਤੋਂ ਮੁਕਤੀ ਦੀ ਲੋੜ ਸੀ ਅਤੇ ਉਸ ਨੇ ਕੰਮਾਂ ਰਾਹੀਂ ਦਿਖਾਇਆ ਕਿ ਉਹ ਉਸ ਸ਼ਖ਼ਸ ਦੀ ਸੱਚ-ਮੁੱਚ ਕਦਰ ਕਰਦੀ ਸੀ ਜਿਸ ਦੇ ਜ਼ਰੀਏ ਯਹੋਵਾਹ ਨੇ ਮੁਕਤੀ ਦਿਵਾਈ। ਭਾਵੇਂ ਕਿ ਯਿਸੂ ਦੀ ਕੁਰਬਾਨੀ ਹਾਲੇ ਦਿੱਤੀ ਨਹੀਂ ਗਈ ਸੀ, ਪਰ ਇਹ ਕੁਰਬਾਨੀ ਇੰਨੀ ਅਟੱਲ ਸੀ ਕਿ ਇਸ ਦੇ ਫ਼ਾਇਦਿਆਂ ਨੂੰ ਪਹਿਲਾਂ ਹੀ ਉਸ ਤੀਵੀਂ ਵਰਗੇ ਲੋਕਾਂ ’ਤੇ ਲਾਗੂ ਕੀਤਾ ਜਾ ਸਕਦਾ ਸੀ। ਇਸ ਕਰਕੇ ਯਿਸੂ ਨੇ ਉਸ ਨੂੰ ਕਿਹਾ: “ਤੇਰੇ ਪਾਪ ਮਾਫ਼ ਕੀਤੇ ਗਏ।”

ਇਸ ਬਿਰਤਾਂਤ ਤੋਂ ਅਸੀਂ ਸਾਫ਼-ਸਾਫ਼ ਦੇਖ ਸਕਦੇ ਹਾਂ ਕਿ ਯਿਸੂ ਪਾਪੀ ਲੋਕਾਂ ਤੋਂ ਪਰੇ-ਪਰੇ ਨਹੀਂ ਰਹਿੰਦਾ ਸੀ। ਉਹ ਉਨ੍ਹਾਂ ਦਾ ਭਲਾ ਕਰਦਾ ਸੀ। ਇਸ ਤੋਂ ਇਲਾਵਾ, ਯਹੋਵਾਹ ਉਨ੍ਹਾਂ ਲੋਕਾਂ ਨੂੰ ਮਾਫ਼ ਕਰਨ ਲਈ ਤਿਆਰ ਹੈ ਜੋ ਆਪਣੇ ਪਾਪਾਂ ਤੋਂ ਤੋਬਾ ਕਰ ਲੈਂਦੇ ਹਨ। ਇਸ ਤੋਂ ਸਾਨੂੰ ਪਾਪੀ ਇਨਸਾਨਾਂ ਨੂੰ ਕਿੰਨਾ ਹੌਸਲਾ ਤੇ ਤਸੱਲੀ ਮਿਲਦੀ ਹੈ!

[ਸਫ਼ਾ 7 ਉੱਤੇ ਤਸਵੀਰ]

ਉਹ ਧਰਮੀ ਗਿਣੇ ਗਏ ਸਨ