Skip to content

Skip to table of contents

ਯਿਸੂ ਪਰਮੇਸ਼ੁਰ ਦੀ ਧਾਰਮਿਕਤਾ ਨੂੰ ਕਿਵੇਂ ਵਡਿਆਉਂਦਾ ਹੈ

ਯਿਸੂ ਪਰਮੇਸ਼ੁਰ ਦੀ ਧਾਰਮਿਕਤਾ ਨੂੰ ਕਿਵੇਂ ਵਡਿਆਉਂਦਾ ਹੈ

ਯਿਸੂ ਪਰਮੇਸ਼ੁਰ ਦੀ ਧਾਰਮਿਕਤਾ ਨੂੰ ਕਿਵੇਂ ਵਡਿਆਉਂਦਾ ਹੈ

“ਪਰਮੇਸ਼ੁਰ ਨੇ [ਮਸੀਹ] ਦੇ ਲਹੂ ਉੱਤੇ ਨਿਹਚਾ ਕਰਨ ਨਾਲ ਪ੍ਰਾਸਚਿੱਤ ਠਹਿਰਾਇਆ ਤਾਂ ਜੋ ਪਰਮੇਸ਼ੁਰ ਆਪਣੇ ਧਰਮ ਨੂੰ ਪਰਗਟ ਕਰੇ।”—ਰੋਮੀ. 3:25.

1, 2. (ੳ) ਇਨਸਾਨਾਂ ਦੀ ਹਾਲਤ ਬਾਰੇ ਬਾਈਬਲ ਕੀ ਸਿਖਾਉਂਦੀ ਹੈ? (ਅ) ਇਸ ਲੇਖ ਵਿਚ ਕਿਨ੍ਹਾਂ ਸਵਾਲਾਂ ਉੱਤੇ ਚਰਚਾ ਕੀਤੀ ਜਾਵੇਗੀ?

ਅਦਨ ਦੇ ਬਾਗ਼ ਵਿਚ ਹੋਈ ਬਗਾਵਤ ਦੇ ਬਿਰਤਾਂਤ ਬਾਰੇ ਸਾਰਿਆਂ ਨੂੰ ਪਤਾ ਹੈ। ਸਾਡੇ ਸਾਰਿਆਂ ਉੱਤੇ ਆਦਮ ਦੇ ਪਾਪ ਦਾ ਅਸਰ ਹੈ ਜਿਵੇਂ ਇਨ੍ਹਾਂ ਸ਼ਬਦਾਂ ਤੋਂ ਪਤਾ ਲੱਗਦਾ ਹੈ: “ਇੱਕ ਮਨੁੱਖ ਤੋਂ ਪਾਪ ਸੰਸਾਰ ਵਿੱਚ ਆਇਆ ਅਤੇ ਪਾਪ ਤੋਂ ਮੌਤ ਆਈ ਅਤੇ ਇਸੇ ਤਰਾਂ ਮੌਤ ਸਭਨਾਂ ਮਨੁੱਖਾਂ ਵਿੱਚ ਫੈਲਰ ਗਈ ਏਸ ਲਈ ਜੋ ਸਭਨਾਂ ਨੇ ਪਾਪ ਕੀਤਾ।” (ਰੋਮੀ. 5:12) ਅਸੀਂ ਸਹੀ ਕੰਮ ਕਰਨ ਦੀਆਂ ਭਾਵੇਂ ਲੱਖ ਕੋਸ਼ਿਸ਼ਾਂ ਕਰ ਲਈਏ, ਪਰ ਸਾਡੇ ਤੋਂ ਗ਼ਲਤੀਆਂ ਹੋ ਹੀ ਜਾਂਦੀਆਂ ਹਨ। ਇਸ ਕਾਰਨ ਸਾਨੂੰ ਪਰਮੇਸ਼ੁਰ ਤੋਂ ਮਾਫ਼ੀ ਦੀ ਲੋੜ ਹੈ। ਪੌਲੁਸ ਰਸੂਲ ਨੇ ਵੀ ਦੁਖੀ ਹੋ ਕੇ ਕਿਹਾ: “ਜਿਹੜੀ ਭਲਿਆਈ ਮੈਂ ਕਰਨਾ ਚਾਹੁੰਦਾ ਹਾਂ ਉਹ ਮੈਂ ਨਹੀਂ ਕਰਦਾ ਸਗੋਂ ਜਿਹੜੀ ਬੁਰਿਆਈ ਮੈਂ ਨਹੀਂ ਚਾਹੁੰਦਾ ਸੋਈ ਕਰਦਾ ਹਾਂ।”—ਰੋਮੀ. 7:19, 24.

2 ਪਾਪੀ ਸੁਭਾਅ ਦੇ ਹੋਣ ਕਰਕੇ ਅਸੀਂ ਆਪਣੇ ਤੋਂ ਇਹ ਅਹਿਮ ਸਵਾਲ ਪੁੱਛ ਸਕਦੇ ਹਾਂ: ਇਹ ਕਿਵੇਂ ਮੁਮਕਿਨ ਸੀ ਕਿ ਯਿਸੂ ਪਾਪ ਤੋਂ ਰਹਿਤ ਪੈਦਾ ਹੋਇਆ ਸੀ ਅਤੇ ਉਸ ਨੇ ਬਪਤਿਸਮਾ ਕਿਉਂ ਲਿਆ ਸੀ? ਜਿਸ ਢੰਗ ਨਾਲ ਯਿਸੂ ਨੇ ਜ਼ਿੰਦਗੀ ਬਤੀਤ ਕੀਤੀ, ਉਸ ਕਾਰਨ ਯਹੋਵਾਹ ਦੀ ਧਾਰਮਿਕਤਾ ਦੀ ਵਡਿਆਈ ਕਿਵੇਂ ਹੋਈ? ਸਭ ਤੋਂ ਜ਼ਰੂਰੀ ਸਵਾਲ ਹੈ ਕਿ ਮਸੀਹ ਦੀ ਮੌਤ ਨਾਲ ਕੀ ਕੁਝ ਪੂਰਾ ਹੋਇਆ?

ਪਰਮੇਸ਼ੁਰ ਦੀ ਧਾਰਮਿਕਤਾ ਉੱਤੇ ਸਵਾਲ ਖੜ੍ਹਾ ਹੋਇਆ

3. ਸ਼ਤਾਨ ਨੇ ਹੱਵਾਹ ਨੂੰ ਕਿਵੇਂ ਧੋਖਾ ਦਿੱਤਾ?

3 ਸਾਡੇ ਪਹਿਲੇ ਮਾਪਿਆਂ ਆਦਮ ਅਤੇ ਹੱਵਾਹ ਨੇ ਪਰਮੇਸ਼ੁਰ ਦੀ ਹਕੂਮਤ ਨੂੰ ਠੁਕਰਾਉਣ ਦੀ ਬੇਵਕੂਫ਼ੀ ਕੀਤੀ ਜਿਸ ਕਰਕੇ ਉਹ ‘ਪੁਰਾਣੇ ਸੱਪ ਜਿਹੜਾ ਇਬਲੀਸ ਅਤੇ ਸ਼ਤਾਨ ਕਰਕੇ ਸਦਾਉਂਦਾ ਹੈ’ ਦੀ ਹਕੂਮਤ ਅਧੀਨ ਹੋ ਗਏ। (ਪਰ. 12:9) ਧਿਆਨ ਦਿਓ ਕਿ ਇਹ ਕਿਵੇਂ ਹੋਇਆ। ਸ਼ਤਾਨ ਨੇ ਸਵਾਲ ਖੜ੍ਹਾ ਕੀਤਾ ਕਿ ਯਹੋਵਾਹ ਪਰਮੇਸ਼ੁਰ ਧਰਮੀ ਹਾਕਮ ਹੈ ਜਾਂ ਨਹੀਂ। ਇੱਦਾਂ ਕਰਨ ਲਈ ਉਸ ਨੇ ਹੱਵਾਹ ਨੂੰ ਪੁੱਛਿਆ: “ਭਲਾ, ਪਰਮੇਸ਼ੁਰ ਨੇ ਸੱਚ ਮੁੱਚ ਆਖਿਆ ਹੈ ਕਿ ਬਾਗ ਦੇ ਕਿਸੇ ਬਿਰਛ ਤੋਂ ਤੁਸੀਂ ਨਾ ਖਾਓ?” ਹੱਵਾਹ ਨੇ ਪਰਮੇਸ਼ੁਰ ਦੇ ਸਾਫ਼ ਹੁਕਮ ਨੂੰ ਦੁਹਰਾਉਂਦਿਆਂ ਕਿਹਾ ਕਿ ਅਸੀਂ ਇਕ ਦਰਖ਼ਤ ਨੂੰ ਹੱਥ ਨਹੀਂ ਲਾ ਸਕਦੇ, ਨਹੀਂ ਤਾਂ ਅਸੀਂ ਮਰ ਜਾਵਾਂਗੇ। ਫਿਰ ਸ਼ਤਾਨ ਨੇ ਦੋਸ਼ ਲਾਇਆ ਕਿ ਪਰਮੇਸ਼ੁਰ ਝੂਠ ਬੋਲ ਰਿਹਾ ਹੈ। ਸ਼ਤਾਨ ਨੇ ਕਿਹਾ: “ਤੁਸੀਂ ਕਦੀ ਨਾ ਮਰੋਗੇ।” ਉਸ ਨੇ ਧੋਖਾ ਦੇਣ ਲਈ ਹੱਵਾਹ ਨੂੰ ਇਹ ਮੰਨਣ ਲਈ ਕਿਹਾ ਕਿ ਪਰਮੇਸ਼ੁਰ ਉਸ ਤੋਂ ਕੋਈ ਚੰਗੀ ਚੀਜ਼ ਲੁਕੋ ਰਿਹਾ ਸੀ, ਇਸ ਲਈ ਜੇ ਉਹ ਫਲ ਖਾ ਲਵੇ, ਤਾਂ ਉਹ ਪਰਮੇਸ਼ੁਰ ਵਰਗੀ ਬਣ ਜਾਵੇਗੀ ਤੇ ਆਪਣਾ ਭਲਾ-ਬੁਰਾ ਖ਼ੁਦ ਸੋਚ ਸਕੇਗੀ।—ਉਤ. 3:1-5.

4. ਇਨਸਾਨ ਸ਼ਤਾਨ ਦੀ ਹਕੂਮਤ ਅਧੀਨ ਕਿਵੇਂ ਹੋ ਗਏ?

4 ਦਰਅਸਲ ਸ਼ਤਾਨ ਦੇ ਕਹਿਣ ਦਾ ਭਾਵ ਸੀ ਕਿ ਇਨਸਾਨ ਪਰਮੇਸ਼ੁਰ ਤੋਂ ਆਜ਼ਾਦ ਹੋ ਕੇ ਜ਼ਿਆਦਾ ਖ਼ੁਸ਼ ਰਹਿਣਗੇ। ਪਰਮੇਸ਼ੁਰ ਦੀ ਧਰਮੀ ਹਕੂਮਤ ਦਾ ਪੱਖ ਲੈਣ ਦੀ ਬਜਾਇ, ਆਦਮ ਨੇ ਆਪਣੀ ਤੀਵੀਂ ਦੀ ਸੁਣੀ ਅਤੇ ਉਸ ਨਾਲ ਰਲ਼ ਕੇ ਮਨ੍ਹਾ ਕੀਤਾ ਹੋਇਆ ਫਲ ਖਾ ਲਿਆ। ਇਸ ਤਰ੍ਹਾਂ ਆਦਮ ਨੇ ਯਹੋਵਾਹ ਨਾਲੋਂ ਆਪਣਾ ਚੰਗਾ ਰਿਸ਼ਤਾ ਤੋੜ ਲਿਆ ਅਤੇ ਸਾਨੂੰ ਸਾਰਿਆਂ ਨੂੰ ਪਾਪ ਅਤੇ ਮੌਤ ਦੇ ਗ਼ੁਲਾਮ ਬਣਾ ਦਿੱਤਾ। ਇਸ ਦੇ ਨਾਲ-ਨਾਲ ਇਨਸਾਨ “ਜੁੱਗ ਦੇ ਈਸ਼ੁਰ” ਸ਼ਤਾਨ ਦੀ ਹਕੂਮਤ ਅਧੀਨ ਹੋ ਗਏ।—2 ਕੁਰਿੰ. 4:4; ਰੋਮੀ. 7:14.

5. (ੳ) ਯਹੋਵਾਹ ਆਪਣੇ ਬਚਨ ਦਾ ਪੱਕਾ ਕਿਵੇਂ ਰਿਹਾ? (ਅ) ਪਰਮੇਸ਼ੁਰ ਨੇ ਆਦਮ ਅਤੇ ਹੱਵਾਹ ਦੀ ਹੋਣ ਵਾਲੀ ਔਲਾਦ ਨੂੰ ਕਿਹੜੀ ਉਮੀਦ ਦਿੱਤੀ?

5 ਯਹੋਵਾਹ ਨੇ ਜਿਸ ਤਰ੍ਹਾਂ ਕਿਹਾ ਸੀ, ਉਸੇ ਤਰ੍ਹਾਂ ਹੋਇਆ। ਉਸ ਨੇ ਆਦਮ ਤੇ ਹੱਵਾਹ ਨੂੰ ਮੌਤ ਦੀ ਸਜ਼ਾ ਸੁਣਾਈ। (ਉਤ. 3:16-19) ਪਰ ਇਸ ਦਾ ਇਹ ਮਤਲਬ ਨਹੀਂ ਸੀ ਕਿ ਪਰਮੇਸ਼ੁਰ ਦਾ ਮਕਸਦ ਅਧੂਰਾ ਰਹਿ ਗਿਆ। ਇਹ ਪੂਰਾ ਹੋ ਕੇ ਰਹੇਗਾ! ਆਦਮ ਤੇ ਹੱਵਾਹ ਨੂੰ ਸਜ਼ਾ ਦਿੰਦਿਆਂ, ਯਹੋਵਾਹ ਨੇ ਉਨ੍ਹਾਂ ਦੀ ਹੋਣ ਵਾਲੀ ਔਲਾਦ ਨੂੰ ਉਮੀਦ ਦੀ ਕਿਰਨ ਦਿੱਤੀ। ਇਸ ਤਰ੍ਹਾਂ ਕਰਨ ਲਈ ਉਸ ਨੇ ਇਕ “ਸੰਤਾਨ” ਪੈਦਾ ਕਰਨ ਦਾ ਐਲਾਨ ਕੀਤਾ ਜਿਸ ਦੀ ਅੱਡੀ ਨੂੰ ਸ਼ਤਾਨ ਨੇ ਡੰਗਣਾ ਸੀ। ਪਰ ਇਸ ਵਾਅਦਾ ਕੀਤੀ ਹੋਈ ਸੰਤਾਨ ਦਾ ਜ਼ਖ਼ਮ ਠੀਕ ਹੋ ਜਾਣਾ ਸੀ ਅਤੇ ਉਸ ਨੇ ਸ਼ਤਾਨ ਦੇ ‘ਸਿਰ ਨੂੰ ਫੇਹਣਾ’ ਸੀ। (ਉਤ. 3:15) ਬਾਈਬਲ ਇਸ ਬਾਰੇ ਹੋਰ ਜਾਣਕਾਰੀ ਦਿੰਦੀ ਹੋਈ ਯਿਸੂ ਮਸੀਹ ਬਾਰੇ ਕਹਿੰਦੀ ਹੈ: “ਪਰਮੇਸ਼ੁਰ ਦਾ ਪੁੱਤ੍ਰ ਇਸੇ ਲਈ ਪਰਗਟ ਹੋਇਆ ਭਈ ਸ਼ਤਾਨ ਦੇ ਕੰਮਾਂ ਨੂੰ ਨਸ਼ਟ ਕਰੇ।” (1 ਯੂਹੰ. 3:8) ਪਰ ਯਿਸੂ ਦੇ ਚਾਲ-ਚਲਣ ਅਤੇ ਉਸ ਦੀ ਮੌਤ ਨਾਲ ਪਰਮੇਸ਼ੁਰ ਦੀ ਧਾਰਮਿਕਤਾ ਦੀ ਕਿਵੇਂ ਵਡਿਆਈ ਹੋਈ?

ਯਿਸੂ ਦੇ ਬਪਤਿਸਮੇ ਦਾ ਅਰਥ

6. ਸਾਨੂੰ ਕਿਵੇਂ ਪਤਾ ਹੈ ਕਿ ਯਿਸੂ ਨੂੰ ਵਿਰਸੇ ਵਿਚ ਆਦਮ ਤੋਂ ਪਾਪ ਨਹੀਂ ਮਿਲਿਆ ਸੀ?

6 ਯਿਸੂ ਨੇ ਵੱਡਾ ਹੋ ਕੇ ਆਦਮ ਵਾਂਗ ਹੋਣਾ ਸੀ ਜਿਸ ਵਿਚ ਕੋਈ ਕਮੀ-ਕਮਜ਼ੋਰੀ ਨਹੀਂ ਸੀ। (ਰੋਮੀ. 5:14; 1 ਕੁਰਿੰ. 15:45) ਇਸ ਦਾ ਮਤਲਬ ਸੀ ਕਿ ਇਨਸਾਨ ਦੇ ਰੂਪ ਵਿਚ ਜਨਮ ਲੈਣ ਵੇਲੇ ਯਿਸੂ ਦਾ ਪਾਪ ਤੋਂ ਰਹਿਤ ਹੋਣਾ ਜ਼ਰੂਰੀ ਸੀ। ਇਹ ਕਿਵੇਂ ਮੁਮਕਿਨ ਸੀ? ਜਿਬਰਾਏਲ ਦੂਤ ਨੇ ਯਿਸੂ ਦੀ ਮਾਤਾ ਮਰਿਯਮ ਨੂੰ ਸਾਫ਼-ਸਾਫ਼ ਸਮਝਾਇਆ: ‘ਪਵਿੱਤ੍ਰ ਸ਼ਕਤੀ ਤੇਰੇ ਉੱਪਰ ਆਵੇਗੀ ਅਰ ਅੱਤ ਮਹਾਨ ਦੀ ਕੁਦਰਤ ਤੇਰੇ ਉੱਤੇ ਛਾਇਆ ਕਰੇਗੀ ਇਸ ਕਰਕੇ ਜਿਹੜਾ ਜੰਮੇਗਾ ਉਹ ਪਵਿੱਤ੍ਰ ਅਤੇ ਪਰਮੇਸ਼ੁਰ ਦਾ ਪੁੱਤ੍ਰ ਕਹਾਵੇਗਾ।’ (ਲੂਕਾ 1:35) ਯਿਸੂ ਜਦ ਛੋਟਾ ਹੁੰਦਾ ਸੀ, ਤਾਂ ਮਰਿਯਮ ਨੇ ਸ਼ਾਇਦ ਯਿਸੂ ਨੂੰ ਉਸ ਦੇ ਜਨਮ ਬਾਰੇ ਕੁਝ ਗੱਲਾਂ ਦੱਸੀਆਂ ਹੋਣਗੀਆਂ। ਇਸ ਲਈ ਇਕ ਮੌਕੇ ਤੇ ਜਦ ਮਰਿਯਮ ਅਤੇ ਯਿਸੂ ਦੇ ਇਨਸਾਨੀ ਪਿਤਾ ਯੂਸੁਫ਼ ਨੇ ਯਿਸੂ ਨੂੰ ਪਰਮੇਸ਼ੁਰ ਦੇ ਮੰਦਰ ਵਿਚ ਲੱਭ ਲਿਆ, ਤਾਂ ਬੱਚੇ ਨੇ ਪੁੱਛਿਆ: “ਭਲਾ, ਤੁਸੀਂ ਨਹੀਂ ਜਾਣਦੇ ਸਾਓ ਭਈ ਮੈਨੂੰ ਚਾਹੀਦਾ ਹੈ ਜੋ ਆਪਣੇ ਪਿਤਾ ਦੇ ਕੰਮਾਂ ਵਿੱਚ ਲੱਗਾ ਰਹਾਂ?” (ਲੂਕਾ 2:49) ਇਸ ਤੋਂ ਪਤਾ ਲੱਗਦਾ ਹੈ ਕਿ ਯਿਸੂ ਬਚਪਨ ਤੋਂ ਹੀ ਜਾਣਦਾ ਸੀ ਕਿ ਉਹ ਪਰਮੇਸ਼ੁਰ ਦਾ ਪੁੱਤਰ ਸੀ। ਇਸ ਲਈ ਪਰਮੇਸ਼ੁਰ ਦੀ ਧਾਰਮਿਕਤਾ ਨੂੰ ਵਡਿਆਉਣਾ ਉਸ ਲਈ ਬਹੁਤ ਅਹਿਮੀਅਤ ਰੱਖਦਾ ਸੀ।

7. ਯਿਸੂ ਕੋਲ ਕਿਹੜੀਆਂ ਬਹੁਮੁੱਲੀਆਂ ਚੀਜ਼ਾਂ ਸਨ?

7 ਯਿਸੂ ਨੇ ਭਗਤੀ ਲਈ ਕੀਤੀਆਂ ਜਾਂਦੀਆਂ ਸਭਾਵਾਂ ਵਿਚ ਬਾਕਾਇਦਾ ਜਾ ਕੇ ਪਰਮੇਸ਼ੁਰੀ ਗੱਲਾਂ ਵਿਚ ਗਹਿਰੀ ਰੁਚੀ ਦਿਖਾਈ। ਆਪਣਾ ਮੁਕੰਮਲ ਦਿਮਾਗ਼ ਹੋਣ ਕਰਕੇ ਉਸ ਨੇ ਇਬਰਾਨੀ ਸ਼ਾਸਤਰਾਂ ਵਿੱਚੋਂ ਸੁਣੀ ਤੇ ਪੜ੍ਹੀ ਹਰ ਗੱਲ ਸਮਝ ਲਈ ਹੋਣੀ। (ਲੂਕਾ 4:16) ਉਸ ਕੋਲ ਇਕ ਹੋਰ ਬਹੁਮੁੱਲੀ ਚੀਜ਼ ਸੀ—ਪਾਪ ਤੋਂ ਰਹਿਤ ਉਸ ਦਾ ਸਰੀਰ ਜੋ ਮਨੁੱਖਜਾਤੀ ਲਈ ਕੁਰਬਾਨ ਕੀਤਾ ਜਾ ਸਕਦਾ ਸੀ। ਜਦ ਯਿਸੂ ਦਾ ਬਪਤਿਸਮਾ ਹੋਇਆ, ਤਾਂ ਉਹ ਪ੍ਰਾਰਥਨਾ ਕਰ ਰਿਹਾ ਸੀ ਅਤੇ ਉਸ ਵੇਲੇ ਉਹ ਸ਼ਾਇਦ ਜ਼ਬੂਰਾਂ ਦੀ ਪੋਥੀ 40:6-8 ਵਿਚਲੇ ਸ਼ਬਦਾਂ ਬਾਰੇ ਵੀ ਸੋਚ ਰਿਹਾ ਸੀ ਜੋ ਉਸ ਉੱਤੇ ਪੂਰੇ ਹੋਣੇ ਸਨ।—ਲੂਕਾ 3:21; ਇਬਰਾਨੀਆਂ 10:5-10 ਪੜ੍ਹੋ। *

8. ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਯਿਸੂ ਨੂੰ ਬਪਤਿਸਮਾ ਲੈਣ ਤੋਂ ਰੋਕਣ ਦੀ ਕੋਸ਼ਿਸ਼ ਕਿਉਂ ਕੀਤੀ?

8 ਪਹਿਲਾਂ-ਪਹਿਲਾਂ ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਯਿਸੂ ਨੂੰ ਬਪਤਿਸਮਾ ਲੈਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਕਿਉਂ? ਕਿਉਂਕਿ ਯੂਹੰਨਾ ਬਿਵਸਥਾ ਖ਼ਿਲਾਫ਼ ਕੀਤੇ ਪਾਪਾਂ ਤੋਂ ਤੋਬਾ ਕਰਨ ਵਾਲੇ ਯਹੂਦੀਆਂ ਨੂੰ ਬਪਤਿਸਮਾ ਦੇ ਰਿਹਾ ਸੀ। ਯਿਸੂ ਦਾ ਨਜ਼ਦੀਕੀ ਰਿਸ਼ਤੇਦਾਰ ਹੋਣ ਕਰਕੇ ਯੂਹੰਨਾ ਜਾਣਦਾ ਹੋਣਾ ਕਿ ਯਿਸੂ ਧਰਮੀ ਸੀ ਤੇ ਉਸ ਨੂੰ ਤੋਬਾ ਕਰਨ ਦੀ ਲੋੜ ਨਹੀਂ ਸੀ। ਯਿਸੂ ਨੇ ਯੂਹੰਨਾ ਨੂੰ ਭਰੋਸਾ ਦਿੱਤਾ ਕਿ ਉਸ ਲਈ ਬਪਤਿਸਮਾ ਲੈਣਾ ਢੁਕਵਾਂ ਸੀ। ਯਿਸੂ ਨੇ ਸਮਝਾਇਆ: “ਸਾਨੂੰ ਜੋਗ ਹੈ ਜੋ ਸਾਰੇ ਧਰਮ ਨੂੰ ਇਸੇ ਤਰਾਂ ਪੂਰਾ ਕਰੀਏ।”—ਮੱਤੀ 3:15.

9. ਯਿਸੂ ਦੇ ਬਪਤਿਸਮੇ ਦਾ ਕੀ ਮਤਲਬ ਸੀ?

9 ਪਾਪ ਤੋਂ ਰਹਿਤ ਹੋਣ ਕਰਕੇ ਯਿਸੂ ਸੋਚ ਸਕਦਾ ਸੀ ਕਿ ਉਹ ਆਦਮ ਵਾਂਗ ਕਮੀਆਂ ਤੋਂ ਬਗੈਰ ਔਲਾਦ ਪੈਦਾ ਕਰ ਸਕਦਾ ਸੀ। ਪਰੰਤੂ ਯਿਸੂ ਨੇ ਕਦੇ ਵੀ ਇਸ ਤਰ੍ਹਾਂ ਨਹੀਂ ਚਾਹਿਆ ਕਿਉਂਕਿ ਇਹ ਯਹੋਵਾਹ ਦੀ ਇੱਛਾ ਨਹੀਂ ਸੀ। ਪਰਮੇਸ਼ੁਰ ਨੇ ਯਿਸੂ ਨੂੰ ਇਸ ਲਈ ਧਰਤੀ ਉੱਤੇ ਭੇਜਿਆ ਸੀ ਤਾਂਕਿ ਉਹ ਵਾਅਦਾ ਕੀਤੀ ਹੋਈ ਸੰਤਾਨ ਜਾਂ ਮਸੀਹਾ ਵਜੋਂ ਆਪਣੀ ਜ਼ਿੰਮੇਵਾਰੀ ਪੂਰੀ ਕਰ ਸਕੇ। ਇਸ ਦਾ ਮਤਲਬ ਸੀ ਕਿ ਯਿਸੂ ਨੂੰ ਮੁਕੰਮਲ ਜੀਵਨ ਦੀ ਕੁਰਬਾਨੀ ਦੇਣੀ ਪੈਣੀ ਸੀ। (ਯਸਾਯਾਹ 53:5, 6, 12 ਪੜ੍ਹੋ।) ਇਹ ਸੱਚ ਹੈ ਕਿ ਯਿਸੂ ਦਾ ਬਪਤਿਸਮਾ ਸਾਡੇ ਬਪਤਿਸਮੇ ਤੋਂ ਵੱਖਰਾ ਸੀ। ਪਰ ਉਸ ਲਈ ਯਹੋਵਾਹ ਨੂੰ ਆਪਣਾ ਸਮਰਪਣ ਕਰਨਾ ਜ਼ਰੂਰੀ ਨਹੀਂ ਸੀ ਕਿਉਂਕਿ ਉਹ ਇਸਰਾਏਲ ਕੌਮ ਵਿਚ ਪੈਦਾ ਹੋਇਆ ਸੀ ਜੋ ਪਹਿਲਾਂ ਹੀ ਯਹੋਵਾਹ ਨੂੰ ਸਮਰਪਿਤ ਸੀ। ਇਸ ਦੀ ਬਜਾਇ, ਯਿਸੂ ਦੇ ਬਪਤਿਸਮੇ ਦਾ ਮਤਲਬ ਸੀ ਕਿ ਉਹ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਲਈ ਆਪਣੇ ਆਪ ਨੂੰ ਪੇਸ਼ ਕਰ ਰਿਹਾ ਸੀ ਜਿਵੇਂ ਮਸੀਹਾ ਬਾਰੇ ਸ਼ਾਸਤਰਾਂ ਵਿਚ ਲਿਖਿਆ ਸੀ।

10. ਮਸੀਹਾ ਵਜੋਂ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਵਿਚ ਕੀ ਕੁਝ ਸ਼ਾਮਲ ਸੀ ਅਤੇ ਯਿਸੂ ਨੇ ਇਸ ਬਾਰੇ ਕਿਵੇਂ ਮਹਿਸੂਸ ਕੀਤਾ?

10 ਯਹੋਵਾਹ ਦੀ ਇੱਛਾ ਪੂਰੀ ਕਰਨ ਲਈ ਯਿਸੂ ਨੇ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਸੀ, ਚੇਲੇ ਬਣਾਉਣੇ ਸੀ ਅਤੇ ਉਨ੍ਹਾਂ ਚੇਲਿਆਂ ਨੂੰ ਭਵਿੱਖ ਵਿਚ ਚੇਲੇ ਬਣਾਉਣ ਦੇ ਕੰਮ ਲਈ ਤਿਆਰ ਕਰਨਾ ਸੀ। ਯਿਸੂ ਨੇ ਆਪਣੇ ਆਪ ਨੂੰ ਪੇਸ਼ ਕਰ ਕੇ ਇਹ ਵੀ ਜ਼ਾਹਰ ਕੀਤਾ ਕਿ ਉਹ ਸਤਾਹਟਾਂ ਸਹਿਣ ਅਤੇ ਜ਼ਾਲਮਾਨਾ ਮੌਤ ਮਰਨ ਲਈ ਤਿਆਰ ਸੀ। ਇਹ ਸਭ ਕਰ ਕੇ ਉਸ ਨੇ ਪਰਮੇਸ਼ੁਰ ਦੀ ਧਰਮੀ ਸਰਕਾਰ ਦਾ ਪੱਖ ਲਿਆ। ਯਿਸੂ ਸੱਚ-ਮੁੱਚ ਆਪਣੇ ਸਵਰਗੀ ਪਿਤਾ ਨਾਲ ਪਿਆਰ ਕਰਦਾ ਸੀ, ਇਸ ਲਈ ਉਹ ਬਹੁਤ ਖ਼ੁਸ਼ ਸੀ ਕਿ ਉਹ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਦੇ ਨਾਲ-ਨਾਲ ਆਪਣੇ ਸਰੀਰ ਦੀ ਬਲੀ ਦੇਣ ਜਾ ਰਿਹਾ ਸੀ। (ਯੂਹੰ. 14:31) ਉਹ ਇਸ ਲਈ ਵੀ ਖ਼ੁਸ਼ ਸੀ ਕਿ ਉਹ ਪਰਮੇਸ਼ੁਰ ਅੱਗੇ ਆਪਣੇ ਮੁਕੰਮਲ ਜੀਵਨ ਨੂੰ ਰਿਹਾਈ-ਕੀਮਤ ਵਜੋਂ ਦੇ ਸਕਦਾ ਸੀ ਤਾਂਕਿ ਸਾਨੂੰ ਪਾਪ ਅਤੇ ਮੌਤ ਦੀ ਗ਼ੁਲਾਮੀ ਵਿੱਚੋਂ ਖ਼ਰੀਦ ਸਕੇ। ਜਦ ਯਿਸੂ ਨੇ ਇਹ ਵੱਡੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨ ਲਈ ਆਪਣੇ ਆਪ ਨੂੰ ਪੇਸ਼ ਕੀਤਾ, ਤਾਂ ਕੀ ਪਰਮੇਸ਼ੁਰ ਨੇ ਉਸ ਨੂੰ ਮਨਜ਼ੂਰ ਕੀਤਾ? ਹਾਂ, ਜ਼ਰੂਰ ਕੀਤਾ ਸੀ!

11. ਯਹੋਵਾਹ ਨੇ ਕਿਵੇਂ ਦਿਖਾਇਆ ਕਿ ਉਸ ਨੇ ਯਿਸੂ ਨੂੰ ਵਾਅਦਾ ਕੀਤੇ ਹੋਏ ਮਸੀਹਾ ਜਾਂ ਮਸੀਹ ਵਜੋਂ ਕਬੂਲ ਕੀਤਾ ਸੀ?

11 ਇੰਜੀਲਾਂ ਦੇ ਚਾਰਾਂ ਲਿਖਾਰੀਆਂ ਨੇ ਇਸ ਗੱਲ ਦੀ ਸਾਖੀ ਭਰੀ ਕਿ ਯਿਸੂ ਜਿਉਂ ਹੀ ਯਰਦਨ ਦਰਿਆ ਦੇ ਪਾਣੀ ਵਿੱਚੋਂ ਬਾਹਰ ਆਇਆ, ਯਹੋਵਾਹ ਪਰਮੇਸ਼ੁਰ ਨੇ ਸਾਫ਼ ਸ਼ਬਦਾਂ ਵਿਚ ਉਸ ਉੱਤੇ ਆਪਣੀ ਮਿਹਰ ਪ੍ਰਗਟਾਈ। ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਵੀ ਸਾਖੀ ਭਰੀ: ‘ਮੈਂ ਸ਼ਕਤੀ ਨੂੰ ਕਬੂਤਰ ਦੀ ਨਿਆਈਂ ਅਕਾਸ਼ੋ ਉੱਤਰਦੀ ਵੇਖਿਆ ਅਤੇ ਉਹ ਯਿਸੂ ਉੱਤੇ ਠਹਿਰੀ। ਸੋ ਮੈਂ ਵੇਖਿਆ ਅਤੇ ਸਾਖੀ ਦਿੱਤੀ ਹੈ ਜੋ ਇਹ ਪਰਮੇਸ਼ੁਰ ਦਾ ਪੁੱਤ੍ਰ ਹੈਗਾ।’ (ਯੂਹੰ. 1:32-34) ਇਸ ਤੋਂ ਇਲਾਵਾ, ਉਸੇ ਮੌਕੇ ਤੇ ਯਹੋਵਾਹ ਨੇ ਕਿਹਾ: “ਇਹ ਮੇਰਾ ਪਿਆਰਾ ਪੁੱਤ੍ਰ ਹੈ ਜਿਸ ਤੋਂ ਮੈਂ ਪਰਸਿੰਨ ਹਾਂ।”—ਮੱਤੀ 3:17; ਮਰ. 1:11; ਲੂਕਾ 3:22.

ਮੌਤ ਤਾਈਂ ਵਫ਼ਾਦਾਰ

12. ਆਪਣੇ ਬਪਤਿਸਮੇ ਤੋਂ ਬਾਅਦ ਯਿਸੂ ਨੇ ਸਾਢੇ ਤਿੰਨ ਸਾਲਾਂ ਵਾਸਤੇ ਕੀ ਕੀਤਾ?

12 ਅਗਲੇ ਸਾਢੇ ਤਿੰਨ ਸਾਲਾਂ ਤਾਈਂ ਯਿਸੂ ਲੋਕਾਂ ਨੂੰ ਆਪਣੇ ਪਿਤਾ ਬਾਰੇ ਅਤੇ ਉਸ ਦੀ ਧਰਮੀ ਹਕੂਮਤ ਬਾਰੇ ਸਿਖਾਉਣ ਵਿਚ ਪੂਰੀ ਤਰ੍ਹਾਂ ਰੁੱਝ ਗਿਆ। ਵਾਅਦਾ ਕੀਤੇ ਹੋਏ ਦੇਸ਼ ਦੇ ਕੋਨੇ-ਕੋਨੇ ਤਕ ਜਾਣ ਲਈ ਸਫ਼ਰ ਕਰ ਕੇ ਉਹ ਥੱਕ ਜਾਂਦਾ ਸੀ, ਪਰ ਸੱਚਾਈ ਉੱਤੇ ਸਾਖੀ ਦੇਣ ਤੋਂ ਉਸ ਨੂੰ ਕੋਈ ਚੀਜ਼ ਨਹੀਂ ਰੋਕ ਸਕੀ। (ਯੂਹੰ. 4:6, 34; 18:37) ਯਿਸੂ ਨੇ ਹੋਰਨਾਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਸਿਖਾਇਆ। ਚਮਤਕਾਰੀ ਤਰੀਕੇ ਨਾਲ ਬੀਮਾਰਾਂ ਨੂੰ ਠੀਕ ਕਰ ਕੇ, ਭੀੜਾਂ ਨੂੰ ਰੋਟੀ ਖੁਆ ਕੇ ਅਤੇ ਮੁਰਦਿਆਂ ਨੂੰ ਜੀਉਂਦਾ ਕਰ ਕੇ ਉਸ ਨੇ ਦਿਖਾਇਆ ਕਿ ਲੋਕਾਂ ਵਾਸਤੇ ਇਹ ਰਾਜ ਕੀ ਕੁਝ ਕਰੇਗਾ।—ਮੱਤੀ 11:4, 5.

13. ਯਿਸੂ ਨੇ ਪ੍ਰਾਰਥਨਾ ਬਾਰੇ ਕੀ ਸਿਖਾਇਆ?

13 ਆਪਣੀ ਸਿੱਖਿਆ ਅਤੇ ਲੋਕਾਂ ਨੂੰ ਠੀਕ ਕਰਨ ਦੇ ਕੰਮਾਂ ਦਾ ਸਿਹਰਾ ਖ਼ੁਦ ਲੈਣ ਦੀ ਬਜਾਇ, ਯਿਸੂ ਨੇ ਨਿਮਰਤਾ ਨਾਲ ਯਹੋਵਾਹ ਦੀ ਵਡਿਆਈ ਕਰ ਕੇ ਵਧੀਆ ਮਿਸਾਲ ਕਾਇਮ ਕੀਤੀ। (ਯੂਹੰ. 5:19; 11:41-44) ਯਿਸੂ ਨੇ ਇਹ ਵੀ ਦੱਸਿਆ ਕਿ ਸਾਨੂੰ ਕਿਹੜੀਆਂ ਅਹਿਮ ਗੱਲਾਂ ਬਾਰੇ ਪ੍ਰਾਰਥਨਾ ਕਰਨੀ ਚਾਹੀਦੀ ਹੈ। ਸਾਨੂੰ ਆਪਣੀਆਂ ਪ੍ਰਾਰਥਨਾਵਾਂ ਵਿਚ ਬੇਨਤੀ ਕਰਨੀ ਚਾਹੀਦੀ ਹੈ ਕਿ ਪਰਮੇਸ਼ੁਰ ਦਾ ਨਾਂ ਯਹੋਵਾਹ “ਪਾਕ ਮੰਨਿਆ ਜਾਵੇ” ਅਤੇ ਸ਼ਤਾਨ ਦੀ ਬੁਰੀ ਦੁਨੀਆਂ ਦੇ ਥਾਂ ਯਹੋਵਾਹ ਦਾ ਧਰਮੀ ਰਾਜ ਆਵੇ ਤਾਂਕਿ ਉਸ ਦੀ “ਮਰਜ਼ੀ ਜਿਹੀ ਸੁਰਗ ਵਿੱਚ ਪੂਰੀ ਹੁੰਦੀ ਹੈ ਜਮੀਨ ਉੱਤੇ ਵੀ ਹੋਵੇ।” (ਮੱਤੀ 6:9, 10) ਯਿਸੂ ਨੇ ਸਾਨੂੰ ਇਹ ਵੀ ਤਾਕੀਦ ਕੀਤੀ ਕਿ ਅਸੀਂ ‘ਪਹਿਲਾਂ ਰਾਜ ਅਤੇ ਪਰਮੇਸ਼ੁਰ ਦੇ ਧਰਮ ਨੂੰ ਭਾਲਣ’ ਦੁਆਰਾ ਇਹੋ ਜਿਹੀਆਂ ਬੇਨਤੀਆਂ ਅਨੁਸਾਰ ਚੱਲੀਏ।—ਮੱਤੀ 6:33.

14. ਭਾਵੇਂ ਯਿਸੂ ਮੁਕੰਮਲ ਸੀ, ਫਿਰ ਵੀ ਪਰਮੇਸ਼ੁਰ ਦੇ ਮਕਸਦ ਵਿਚ ਆਪਣਾ ਰੋਲ ਨਿਭਾਉਣ ਲਈ ਉਸ ਨੂੰ ਜਤਨ ਕਰਨ ਦੀ ਕਿਉਂ ਲੋੜ ਸੀ?

14 ਜਿਉਂ ਹੀ ਕੁਰਬਾਨੀ ਦੇਣ ਦਾ ਸਮਾਂ ਨੇੜੇ ਆਇਆ, ਯਿਸੂ ਨੂੰ ਆਪਣੀ ਭਾਰੀ ਜ਼ਿੰਮੇਵਾਰੀ ਦਾ ਹੋਰ ਵੀ ਅਹਿਸਾਸ ਹੋਇਆ। ਉਸ ਦੇ ਪਿਤਾ ਦਾ ਮਕਸਦ ਅਤੇ ਨੇਕਨਾਮੀ ਇਸ ਗੱਲ ’ਤੇ ਨਿਰਭਰ ਕਰਦੀ ਸੀ ਕਿ ਯਿਸੂ ਅਜ਼ਮਾਇਸ਼ਾਂ ਸਹੇ ਅਤੇ ਬੇਰਹਿਮ ਮੌਤ ਮਰੇ। ਯਿਸੂ ਨੇ ਆਪਣੀ ਮੌਤ ਤੋਂ ਪੰਜ ਦਿਨ ਪਹਿਲਾਂ ਪ੍ਰਾਰਥਨਾ ਕੀਤੀ: “ਹੁਣ ਮੇਰਾ ਜੀ ਘਬਰਾਉਂਦਾ ਹੈ ਅਤੇ ਮੈਂ ਕੀ ਆਖਾਂ? ਹੇ ਪਿਤਾ ਮੈਨੂੰ ਇਸ ਘੜੀ ਤੋਂ ਬਚਾ? ਪਰ ਇਸੇ ਲਈ ਮੈਂ ਇਸ ਘੜੀ ਤੀਕੁ ਆਇਆ ਹਾਂ।” ਯਿਸੂ ਦੇ ਇਨ੍ਹਾਂ ਜਜ਼ਬਾਤਾਂ ਤੋਂ ਅਸੀਂ ਦੇਖ ਸਕਦੇ ਹਾਂ ਕਿ ਉਹ ਵੀ ਇਕ ਇਨਸਾਨ ਸੀ। ਫਿਰ ਵੀ ਉਸ ਨੇ ਨਿਰਸੁਆਰਥ ਹੋ ਕੇ ਸਭ ਤੋਂ ਜ਼ਰੂਰੀ ਗੱਲ ਵੱਲ ਧਿਆਨ ਦਿੱਤਾ ਅਤੇ ਪ੍ਰਾਰਥਨਾ ਕੀਤੀ: “ਹੇ ਪਿਤਾ ਆਪਣੇ ਨਾਮ ਨੂੰ ਵਡਿਆਈ ਦੇਹ।” ਯਹੋਵਾਹ ਨੇ ਤੁਰੰਤ ਜਵਾਬ ਦਿੱਤਾ: “ਮੈਂ ਉਹ ਨੂੰ ਵਡਿਆਈ ਦਿੱਤੀ ਹੈ ਅਰ ਫੇਰ ਵੀ ਦਿਆਂਗਾ।” (ਯੂਹੰ. 12:27, 28) ਜੀ ਹਾਂ, ਯਿਸੂ ਨਿਹਚਾ ਦੀ ਸਭ ਤੋਂ ਵੱਡੀ ਅਜ਼ਮਾਇਸ਼ ਸਹਿਣ ਲਈ ਤਿਆਰ ਸੀ ਜੋ ਪਹਿਲਾਂ ਕਦੇ ਕਿਸੇ ਇਨਸਾਨ ਨੇ ਨਹੀਂ ਸਹੀ। ਪਰ ਆਪਣੇ ਪਿਤਾ ਦੇ ਇਹ ਸ਼ਬਦ ਸੁਣ ਕੇ ਯਿਸੂ ਦਾ ਹੌਸਲਾ ਵਧਿਆ ਕਿ ਉਹ ਯਹੋਵਾਹ ਦੀ ਹਕੂਮਤ ਵਡਿਆਉਣ ਵਿਚ ਕਾਮਯਾਬ ਹੋਵੇਗਾ ਅਤੇ ਉਹ ਹੋਇਆ ਵੀ!

ਯਿਸੂ ਦੀ ਮੌਤ ਨਾਲ ਕੀ ਪੂਰਾ ਹੋਇਆ

15. ਮਰਨ ਤੋਂ ਪਹਿਲਾਂ ਯਿਸੂ ਨੇ ਕਿਉਂ ਕਿਹਾ: “ਪੂਰਾ ਹੋਇਆ ਹੈ”?

15 ਯਿਸੂ ਜਦੋਂ ਸੂਲ਼ੀ ਉੱਤੇ ਆਖ਼ਰੀ ਸਾਹ ਲੈਣ ਹੀ ਵਾਲਾ ਸੀ, ਤਾਂ ਉਸ ਨੇ ਕਿਹਾ: “ਪੂਰਾ ਹੋਇਆ ਹੈ।” (ਯੂਹੰ. 19:30) ਪਰਮੇਸ਼ੁਰ ਦੀ ਮਦਦ ਨਾਲ ਯਿਸੂ ਨੇ ਆਪਣੇ ਬਪਤਿਸਮੇ ਤੋਂ ਲੈ ਕੇ ਆਪਣੀ ਮੌਤ ਤਕ ਸਾਢੇ ਤਿੰਨ ਸਾਲਾਂ ਤਾਈਂ ਕਿੰਨੇ ਵੱਡੇ-ਵੱਡੇ ਕੰਮ ਪੂਰੇ ਕੀਤੇ! ਜਦ ਯਿਸੂ ਨੇ ਦਮ ਤੋੜਿਆ, ਤਾਂ ਇਕ ਵੱਡਾ ਭੁਚਾਲ ਆਇਆ ਅਤੇ ਅਪਰਾਧੀ ਨੂੰ ਮੁਰਦਾ ਜਾਂ ਜ਼ਿੰਦਾ ਕਰਾਰ ਦੇਣ ਵਾਲਾ ਰੋਮੀ ਸੂਬੇਦਾਰ ਕਹਿ ਉੱਠਿਆ: “ਇਹ ਸੱਚ ਮੁੱਚ ਪਰਮੇਸ਼ੁਰ ਦਾ ਪੁੱਤ੍ਰ ਸੀ!” (ਮੱਤੀ 27:54) ਇਸ ਸੂਬੇਦਾਰ ਨੇ ਲੋਕਾਂ ਨੂੰ ਯਿਸੂ ਦਾ ਮਖੌਲ ਉਡਾਉਂਦੇ ਹੋਏ ਦੇਖਿਆ ਸੀ ਜਦ ਉਸ ਨੇ ਪਰਮੇਸ਼ੁਰ ਦਾ ਪੁੱਤਰ ਹੋਣ ਦਾ ਦਾਅਵਾ ਕੀਤਾ ਸੀ। ਇਹ ਸਭ ਕੁਝ ਸਹਿਣ ਦੇ ਬਾਵਜੂਦ, ਯਿਸੂ ਵਫ਼ਾਦਾਰ ਰਿਹਾ ਅਤੇ ਸਾਬਤ ਕੀਤਾ ਕਿ ਸ਼ਤਾਨ ਸਰਾਸਰ ਝੂਠਾ ਹੈ। ਜਿਹੜੇ ਵੀ ਪਰਮੇਸ਼ੁਰ ਦੀ ਹਕੂਮਤ ਦਾ ਪੱਖ ਲੈਂਦੇ ਹਨ, ਉਨ੍ਹਾਂ ਸਾਰਿਆਂ ਬਾਰੇ ਸ਼ਤਾਨ ਨੇ ਕਿਹਾ ਹੈ: “ਮਨੁੱਖ ਆਪਣਾ ਸਭ ਕੁਝ ਆਪਣੇ ਪ੍ਰਾਣਾਂ ਲਈ ਦੇ ਦੇਵੇਗਾ।” (ਅੱਯੂ. 2:4) ਯਿਸੂ ਨੇ ਵਫ਼ਾਦਾਰ ਰਹਿ ਕੇ ਦਿਖਾਇਆ ਕਿ ਆਦਮ ਅਤੇ ਹੱਵਾਹ ਆਪਣਾ ਸੌਖਾ ਜਿਹਾ ਇਮਤਿਹਾਨ ਪਾਸ ਕਰ ਕੇ ਵਫ਼ਾਦਾਰ ਰਹਿ ਸਕਦੇ ਸਨ। ਸਭ ਤੋਂ ਮਹੱਤਵਪੂਰਣ ਗੱਲ ਇਹ ਸੀ ਕਿ ਯਿਸੂ ਦੀ ਜ਼ਿੰਦਗੀ ਅਤੇ ਮੌਤ ਨਾਲ ਯਹੋਵਾਹ ਦੀ ਧਰਮੀ ਹਕੂਮਤ ਦੀ ਵਡਿਆਈ ਹੋਈ। (ਕਹਾਉਤਾਂ 27:11 ਪੜ੍ਹੋ।) ਕੀ ਯਿਸੂ ਦੀ ਮੌਤ ਨਾਲ ਕੁਝ ਹੋਰ ਵੀ ਪੂਰਾ ਹੋਇਆ? ਹਾਂ, ਹੋਇਆ ਹੈ!

16, 17. (ੳ) ਯਿਸੂ ਦੇ ਧਰਤੀ ’ਤੇ ਆਉਣ ਤੋਂ ਪਹਿਲਾਂ ਦੇ ਗਵਾਹਾਂ ਲਈ ਯਹੋਵਾਹ ਦੀਆਂ ਨਜ਼ਰਾਂ ਵਿਚ ਧਰਮੀ ਬਣਨਾ ਕਿਉਂ ਮੁਮਕਿਨ ਸੀ? (ਅ) ਯਹੋਵਾਹ ਨੇ ਆਪਣੇ ਪੁੱਤਰ ਦੀ ਵਫ਼ਾਦਾਰੀ ਦਾ ਕੀ ਇਨਾਮ ਦਿੱਤਾ ਅਤੇ ਪ੍ਰਭੂ ਯਿਸੂ ਮਸੀਹ ਹੁਣ ਕੀ ਕਰ ਰਿਹਾ ਹੈ?

16 ਯਿਸੂ ਦੇ ਧਰਤੀ ’ਤੇ ਆਉਣ ਤੋਂ ਪਹਿਲਾਂ, ਯਹੋਵਾਹ ਦੇ ਬਹੁਤ ਸਾਰੇ ਸੇਵਕ ਹੁੰਦੇ ਸਨ। ਉਹ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਧਰਮੀ ਸਨ ਅਤੇ ਉਨ੍ਹਾਂ ਨੂੰ ਮੁੜ ਜੀਉਣ ਦੀ ਉਮੀਦ ਦਿੱਤੀ ਗਈ ਸੀ। (ਯਸਾ. 25:8; ਦਾਨੀ. 12:13) ਪਰ ਪਵਿੱਤਰ ਪਰਮੇਸ਼ੁਰ ਯਹੋਵਾਹ ਕਿਹੜੇ ਕਾਨੂੰਨੀ ਆਧਾਰ ਤੇ ਪਾਪੀ ਮਨੁੱਖਾਂ ਨੂੰ ਧਰਮੀ ਠਹਿਰਾ ਸਕਦਾ ਸੀ ਅਤੇ ਜੀਉਂਦਾ ਕਰੇਗਾ? ਬਾਈਬਲ ਸਮਝਾਉਂਦੀ ਹੈ: “ਪਰਮੇਸ਼ੁਰ ਨੇ [ਯਿਸੂ ਮਸੀਹ] ਦੇ ਲਹੂ ਉੱਤੇ ਨਿਹਚਾ ਕਰਨ ਨਾਲ ਪ੍ਰਾਸਚਿੱਤ ਠਹਿਰਾਇਆ ਤਾਂ ਜੋ ਪਰਮੇਸ਼ੁਰ ਆਪਣੇ ਧਰਮ ਨੂੰ ਪਰਗਟ ਕਰੇ ਇਸ ਲਈ ਜੋ ਉਹ ਨੇ ਆਪਣੀ ਖਿਮਾ ਨਾਲ ਪਿੱਛਲੇ ਸਮੇਂ ਦੇ ਕੀਤੇ ਹੋਏ ਪਾਪਾਂ ਤੋਂ ਅੱਖੀਆਂ ਫੇਰ ਲਈਆਂ। ਹਾਂ, ਇਸ ਵਰਤਮਾਨ ਸਮੇਂ ਵਿੱਚ ਭੀ ਆਪਣੇ ਧਰਮ ਨੂੰ ਪਰਗਟ ਕਰੇ ਤਾਂ ਜੋ ਉਹ ਆਪ ਧਰਮੀ ਰਹੇ ਅਤੇ ਨਾਲੇ ਉਹ ਨੂੰ ਧਰਮੀ ਠਹਿਰਾਵੇ ਜਿਹੜਾ ਯਿਸੂ ਉੱਤੇ ਨਿਹਚਾ ਕਰੇ।”—ਰੋਮੀ. 3:25, 26. *

17 ਯਹੋਵਾਹ ਨੇ ਯਿਸੂ ਨੂੰ ਜੀਉਂਦਾ ਕਰ ਕੇ ਉਸ ਨੂੰ ਉੱਚੀ ਪਦਵੀ ਦਾ ਇਨਾਮ ਦਿੱਤਾ। ਇਹ ਪਦਵੀ ਉਸ ਪਦਵੀ ਨਾਲੋਂ ਉੱਚੀ ਸੀ ਜੋ ਉਸ ਕੋਲ ਧਰਤੀ ਉੱਤੇ ਆਉਣ ਤੋਂ ਪਹਿਲਾਂ ਸੀ। ਯਿਸੂ ਹੁਣ ਸਵਰਗ ਵਿਚ ਇਕ ਮਹਾਨ ਦੂਤ ਵਜੋਂ ਅਮਰ ਜੀਵਨ ਦਾ ਆਨੰਦ ਮਾਣ ਰਿਹਾ ਹੈ। (ਇਬ. 1:3) ਪ੍ਰਭੂ ਯਿਸੂ ਮਸੀਹ ਪ੍ਰਧਾਨ ਜਾਜਕ ਅਤੇ ਰਾਜੇ ਵਜੋਂ ਆਪਣੇ ਪੈਰੋਕਾਰਾਂ ਦੀ ਮਦਦ ਕਰ ਰਿਹਾ ਹੈ ਤਾਂਕਿ ਉਹ ਪਰਮੇਸ਼ੁਰ ਦੀ ਧਾਰਮਿਕਤਾ ਦੀ ਵਡਿਆਈ ਕਰ ਸਕਣ। ਅਸੀਂ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਸਾਡਾ ਸਵਰਗੀ ਪਿਤਾ ਯਹੋਵਾਹ ਉਨ੍ਹਾਂ ਸਾਰਿਆਂ ਨੂੰ ਫਲ ਦਿੰਦਾ ਹੈ ਜੋ ਉਸ ਦੇ ਪੁੱਤਰ ਦੀ ਨਕਲ ਕਰ ਕੇ ਉਸ ਦੀ ਧਾਰਮਿਕਤਾ ਨੂੰ ਵਡਿਆਉਂਦੇ ਅਤੇ ਵਫ਼ਾਦਾਰੀ ਨਾਲ ਉਸ ਦੀ ਸੇਵਾ ਕਰਦੇ ਹਨ।—ਜ਼ਬੂਰਾਂ ਦੀ ਪੋਥੀ 34:3; ਇਬਰਾਨੀਆਂ 11:6 ਪੜ੍ਹੋ।

18. ਅਗਲੇ ਲੇਖ ਵਿਚ ਕੀ ਦੱਸਿਆ ਜਾਵੇਗਾ?

18 ਹਾਬਲ ਦੇ ਜ਼ਮਾਨੇ ਤੋਂ ਹੀ ਵਫ਼ਾਦਾਰ ਇਨਸਾਨਾਂ ਦਾ ਯਹੋਵਾਹ ਨਾਲ ਗੂੜ੍ਹਾ ਰਿਸ਼ਤਾ ਰਿਹਾ ਕਿਉਂਕਿ ਉਨ੍ਹਾਂ ਨੂੰ ਵਾਅਦਾ ਕੀਤੀ ਹੋਈ ਸੰਤਾਨ ਵਿਚ ਨਿਹਚਾ ਸੀ। ਯਹੋਵਾਹ ਜਾਣਦਾ ਸੀ ਕਿ ਉਸ ਦਾ ਪੁੱਤਰ ਪੂਰੀ ਤਰ੍ਹਾਂ ਵਫ਼ਾਦਾਰ ਰਹੇਗਾ ਅਤੇ ਉਸ ਦੀ ਮੌਤ ‘ਜਗਤ ਦੇ ਪਾਪ’ ਨੂੰ ਪੂਰੀ ਤਰ੍ਹਾਂ ਢਕ ਲਵੇਗੀ। (ਯੂਹੰ. 1:29) ਯਿਸੂ ਦੀ ਮੌਤ ਦਾ ਅੱਜ ਜੀਉਂਦੇ ਲੋਕਾਂ ਨੂੰ ਵੀ ਫ਼ਾਇਦਾ ਹੁੰਦਾ ਹੈ। (ਰੋਮੀ. 3:26) ਤਾਂ ਫਿਰ ਯਿਸੂ ਦੀ ਕੁਰਬਾਨੀ ਸਦਕਾ ਤੁਹਾਨੂੰ ਕਿਹੜੀਆਂ ਬਰਕਤਾਂ ਮਿਲ ਸਕਦੀਆਂ ਹਨ? ਇਸ ਬਾਰੇ ਅਗਲੇ ਲੇਖ ਵਿਚ ਦੱਸਿਆ ਜਾਵੇਗਾ।

[ਫੁਟਨੋਟ]

^ ਪੈਰਾ 7 ਯੂਨਾਨੀ ਸੈਪਟੁਜਿੰਟ ਅਨੁਵਾਦ ਅਨੁਸਾਰ ਪੌਲੁਸ ਰਸੂਲ ਇੱਥੇ ਜ਼ਬੂਰਾਂ ਦੀ ਪੋਥੀ 40:6-8 ਦਾ ਹਵਾਲਾ ਦਿੰਦਾ ਹੈ। ਇਸ ਅਨੁਵਾਦ ਵਿਚ ਇਹ ਸ਼ਬਦ ਪਾਏ ਜਾਂਦੇ ਹਨ: “[ਤੂੰ] ਮੇਰੇ ਲਈ ਦੇਹੀ ਤਿਆਰ ਕੀਤੀ।” ਇਹ ਸ਼ਬਦ ਪੁਰਾਣੀਆਂ ਉਪਲਬਧ ਇਬਰਾਨੀ ਲਿਖਤਾਂ ਵਿਚ ਨਹੀਂ ਪਾਏ ਜਾਂਦੇ।

ਤੁਸੀਂ ਕਿਵੇਂ ਜਵਾਬ ਦਿਓਗੇ?

• ਪਰਮੇਸ਼ੁਰ ਦੀ ਧਾਰਮਿਕਤਾ ਉੱਤੇ ਕਿਵੇਂ ਸਵਾਲ ਖੜ੍ਹਾ ਹੋਇਆ?

• ਯਿਸੂ ਦੇ ਬਪਤਿਸਮੇ ਦਾ ਕੀ ਮਤਲਬ ਸੀ?

• ਯਿਸੂ ਦੀ ਮੌਤ ਨਾਲ ਕੀ ਕੁਝ ਪੂਰਾ ਹੋਇਆ?

[ਸਵਾਲ]

[ਸਫ਼ਾ 9 ਉੱਤੇ ਤਸਵੀਰ]

ਕੀ ਤੁਹਾਨੂੰ ਪਤਾ ਹੈ ਕਿ ਯਿਸੂ ਦੇ ਬਪਤਿਸਮੇ ਦਾ ਕੀ ਮਤਲਬ ਸੀ?